ਅਸਟਪਦੀ - 24
ਅਸਟਪਦੀ - 24 ਸਲੋਕ ।। ਪੂਰਾ ਪ੍ਰਭੁ ਆਰਾਧਿਆ ਪੂਰਾ ਜਾ ਕਾ ਨਾਉ ।। ਨਾਨਕ ਪੂਰਾ ਪਾਇਆ ਪੂਰੇ ਕੇ ਗੁਨ ਗਾਉ ।। 1 ।। ਪ੍ਰਮਾਤਮਾ ਸੰਪੂਰਨ ਜੋਤ ਹੈ। ਉਸ ਵਿੱਚ ਕੋਈ ਕਮੀ, ਕੋਈ ਦੋਸ਼, ਕੋਈ ਘਾਟ ਨਹੀਂ। ਉਸ ਪ੍ਰਭੂ ਦਾ ਨਾਮ ਵੀ ਸੰਪੂਰਨ ਹੈ। ਉਸ ਸੰਪੂਰਨ ਪ੍ਰਭੂ ਦੇ ਸੰਪੂਰਨ ਨਾਮ ਦੀ ਮੈਂ ਆਰਾਧਨਾ ਕੀਤੀ ਹੈ, ਉਸ ਦਾ ਨਾਮ ਜੱਪਿਆ ਹੈ, ਧਿਆਇਆ ਹੈ। ਉਸ ਦੇ ਨਾਮ ਦਾ ਸਿਮਰਨ ਕਰ ਕਰ ਕੇ ਮੈਂ ਉਸ ਪੂਰੇ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ। ਮੇਰਾ ਹੁਣ ਉਸ ਨਾਲ਼ ਮਿਲਾਪ ਹੋ ਗਿਆ ਹੈ। ਹੁਣ ਮੈਂ ਨਾਮ ਰਸ ਦੇ ਅਨੰਦ ਨਾਲ਼ ਸਰਸ਼ਾਰ ਹੋਇਆ ਹਰ ਸਮੇ ਉਸ ਪੂਰਨ ਪ੍ਰਭੂ ਦੇ ਗੁਣ ਗਾਉਂਦਾ ਰਹਿੰਦਾ ਹਾਂ। ਅਸਟਪਦੀ ।। ਪੂਰੇ ਗੁਰ ਕਾ ਸੁਨਿ ਉਪਦੇਸੁ ।। ਪਾਰਬ੍ਰਹਮੁ ਨਿਕਟਿ ਕਰਿ ਪੇਖੁ ।। ਐ ਮੇਰੇ ਮਿੱਤਰ, ਜੇ ਤੂੰ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈਂ ਤਾਂ ਪੂਰੇ ਗੁਰੂ ਦੇ ਉਪਦੇਸ਼ ਨੂੰ ਸੁਣ ਅਤੇ ਉਸ ਤੇ ਅਮਲ ਕਰ। ਇਸ ਨਾਲ਼ ਤੈਨੂੰ ਇਸ ਗੱਲ ਦੀ ਸਮਝ ਆ ਜਾਏਗੀ ਕਿ ਪ੍ਰਮਾਤਮਾ ਤੇਰੇ ਨੇੜੇ ਹੈ, ਤੇਰੇ ਅੰਦਰ ਵਸਦਾ ਹੈ। ਉਸ ਨੂੰ ਕਿਤੇ ਦੂਰ ਭਾਲ਼ਣ ਦੀ ਲੋੜ ਨਹੀਂ। ਫਿਰ ਤੈਨੂੰ ਅਪਣੇ ਅੰਦਰ ਬਾਹਰ ਹਰ ਥਾਂ ਉਸ ਦੇ ਦਰਸ਼ਨ ਹੋਣ ਲੱਗ ਪੈਣਗੇ। ਸਾਸਿ ਸਾਸਿ ਸਿਮਰਹੁ ਗੋਬਿੰਦ ।। ਮਨ ਅੰਤਰ ਕੀ ਉਤਰੈ ਚਿੰਦ ।। ਹਰ ਸਾਹ ਦੇ ਨਾਲ਼ ਧਰਤੀ ਦੇ ਸਮਸਤ ਜੀਵਾਂ ਦੀ ਪਾਲਣਾ ਕਰਨ ਵਾਲ਼ੇ ਸ੍ਰਿਸ਼ਟੀ ਦੇ ਮਾਲਕ ਦਾ ਨਾਮ ਸਿਮਰਨ ਕਰ। ਇਸ ਨਾਲ਼ ਤੇਰੇ ਮਨ ਨੂੰ ਪ੍ਰੇਸ਼ਾਨ ਕਰਨ ਵਾਲ਼ੀਆਂ ਸਾਰੀਆਂ ਚਿੰਤਾਵਾ...