ਅਸਟਪਦੀ - 24

 ਅਸਟਪਦੀ - 24

ਸਲੋਕ ।।

ਪੂਰਾ ਪ੍ਰਭੁ ਆਰਾਧਿਆ ਪੂਰਾ ਜਾ ਕਾ ਨਾਉ ।।

ਨਾਨਕ ਪੂਰਾ ਪਾਇਆ ਪੂਰੇ ਕੇ ਗੁਨ ਗਾਉ ।। 1 ।।

ਪ੍ਰਮਾਤਮਾ ਸੰਪੂਰਨ ਜੋਤ ਹੈ। ਉਸ ਵਿੱਚ ਕੋਈ ਕਮੀ, ਕੋਈ ਦੋਸ਼, ਕੋਈ ਘਾਟ ਨਹੀਂ। ਉਸ ਪ੍ਰਭੂ ਦਾ ਨਾਮ ਵੀ ਸੰਪੂਰਨ ਹੈ। ਉਸ ਸੰਪੂਰਨ ਪ੍ਰਭੂ ਦੇ ਸੰਪੂਰਨ ਨਾਮ ਦੀ ਮੈਂ ਆਰਾਧਨਾ ਕੀਤੀ ਹੈ, ਉਸ ਦਾ ਨਾਮ ਜੱਪਿਆ ਹੈ, ਧਿਆਇਆ ਹੈ। ਉਸ ਦੇ ਨਾਮ ਦਾ ਸਿਮਰਨ ਕਰ ਕਰ ਕੇ ਮੈਂ ਉਸ ਪੂਰੇ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ। ਮੇਰਾ ਹੁਣ ਉਸ ਨਾਲ਼ ਮਿਲਾਪ ਹੋ ਗਿਆ ਹੈ। ਹੁਣ ਮੈਂ ਨਾਮ ਰਸ ਦੇ ਅਨੰਦ ਨਾਲ਼ ਸਰਸ਼ਾਰ ਹੋਇਆ ਹਰ ਸਮੇ ਉਸ ਪੂਰਨ ਪ੍ਰਭੂ ਦੇ ਗੁਣ ਗਾਉਂਦਾ ਰਹਿੰਦਾ ਹਾਂ।

ਅਸਟਪਦੀ ।।

ਪੂਰੇ ਗੁਰ ਕਾ ਸੁਨਿ ਉਪਦੇਸੁ ।। ਪਾਰਬ੍ਰਹਮੁ ਨਿਕਟਿ ਕਰਿ ਪੇਖੁ ।।

ਐ ਮੇਰੇ ਮਿੱਤਰ, ਜੇ ਤੂੰ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈਂ ਤਾਂ ਪੂਰੇ ਗੁਰੂ ਦੇ ਉਪਦੇਸ਼ ਨੂੰ ਸੁਣ ਅਤੇ ਉਸ ਤੇ ਅਮਲ ਕਰ। ਇਸ ਨਾਲ਼ ਤੈਨੂੰ ਇਸ ਗੱਲ ਦੀ ਸਮਝ ਆ ਜਾਏਗੀ ਕਿ ਪ੍ਰਮਾਤਮਾ ਤੇਰੇ ਨੇੜੇ ਹੈ, ਤੇਰੇ ਅੰਦਰ ਵਸਦਾ ਹੈ। ਉਸ ਨੂੰ ਕਿਤੇ ਦੂਰ ਭਾਲ਼ਣ ਦੀ  ਲੋੜ ਨਹੀਂ। ਫਿਰ ਤੈਨੂੰ ਅਪਣੇ ਅੰਦਰ ਬਾਹਰ ਹਰ ਥਾਂ ਉਸ ਦੇ ਦਰਸ਼ਨ ਹੋਣ ਲੱਗ ਪੈਣਗੇ।

ਸਾਸਿ ਸਾਸਿ ਸਿਮਰਹੁ ਗੋਬਿੰਦ ।। ਮਨ ਅੰਤਰ ਕੀ ਉਤਰੈ ਚਿੰਦ ।।

ਹਰ ਸਾਹ ਦੇ ਨਾਲ਼ ਧਰਤੀ ਦੇ ਸਮਸਤ ਜੀਵਾਂ ਦੀ ਪਾਲਣਾ ਕਰਨ ਵਾਲ਼ੇ ਸ੍ਰਿਸ਼ਟੀ ਦੇ ਮਾਲਕ ਦਾ ਨਾਮ ਸਿਮਰਨ ਕਰ। ਇਸ ਨਾਲ਼ ਤੇਰੇ ਮਨ ਨੂੰ ਪ੍ਰੇਸ਼ਾਨ ਕਰਨ ਵਾਲ਼ੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਣਗੀਆਂ।

ਆਸ ਅਨਿਤ ਤਿਆਗਹੁ ਤਰੰਗ ।। ਸੰਤ ਜਨਾ ਕੀ ਧੂਰਿ ਮਨ ਮੰਗ ।।

ਅਪਣੀਆਂ ਸਾਰੀਆਂ ਤ੍ਰਿਸ਼ਨਾਵਾਂ ਦੀਆਂ, ਆਸਾਂ ਉਮੀਦਾਂ ਦੀਆਂ, ਲਹਿਰਾਂ ਨੂੰ, ਜੋ ਤੇਰੇ ਮਨ ਨੂੰ ਭਟਕਣਾ ਵਿੱਚ ਪਾਈ ਰੱਖਦੀਆਂ ਹਨ, ਮਨ ਵਿੱਚੋਂ ਬਾਹਰ ਕੱਢ ਦੇ, ਤਿਆਗ ਦੇਅਪਣੀਆਂ ਇੱਛਾਵਾਂ ਦੀ ਪੂਰਤੀ ਲਈ ਅਰਦਾਸ ਕਰਨ ਦੀ ਥਾਂ ਪ੍ਰਭੂ ਅੱਗੇ ਇਹ ਅਰਦਾਸ ਕਰਿਆ ਕਰ ਕਿ ਉਹ ਸੰਤਾਂ ਦੇ ਚਰਨਾਂ ਦੀ ਧੂੜ ਤੇਰੀ ਝੋਲ਼ੀ ਵਿੱਚ ਪਾ ਦੇਵੇ।

ਆਪਿ ਛੋਡਿ ਬੇਨਤੀ ਕਰਹੁ ।। ਸਾਧਸੰਗਿ ਅਗਨਿ ਸਾਗਰੁ ਤਰਹੁ ।।

ਅਪਣੀ ਹਉਮੈ ਦੀ ਭਾਵਨਾ ਨੂੰ ਤਿਆਗ ਦੇ। ਇਹ ਸੋਚਣਾ ਛੱਡ ਦੇ ਕਿ ਤੂੰ ਅਪਣੀ ਤਾਕਤ ਦੇ ਬਲ ਬੂਤੇ ਤੇ ਕੁੱਝ ਕਰ ਸਕਦਾ ਹੈਂ। ਅਪਣੇ ਆਪ ਨੂੰ ਨਿਮਾਣਾ ਸਮਝਣ ਲੱਗ ਪੈ। ਨਿਮਰਤਾ ਧਾਰਨ ਕਰ ਕੇ ਪ੍ਰਭੂ ਅੱਗੇ ਇਹ ਬੇਨਤੀ ਕਰ ਕਿ ਉਹ ਤੈਨੂੰ ਸੁਮੱਤ ਬਖਸ਼ਣ ਜਿਸ ਨਾਲ਼ ਤੂੰ ਸੰਤਾਂ ਦੀ ਸੰਗਤ ਕਰਨ ਲੱਗ ਪਵੇਂ ਅਤੇ ਉਨ੍ਹਾਂ ਦੇ ਉਪਦੇਸ਼ ਤੇ ਅਮਲ ਕਰ ਕੇ ਜਗਤ ਦੇ ਅਗਨ ਵਾਂਗ ਤਪਦੇ ਭਵ ਸਾਗਰ ਨੂੰ ਪਾਰ ਕਰ ਸਕੇਂ, ਮੁਕਤੀ ਪ੍ਰਾਪਤ ਕਰ ਸਕੇਂ।

ਹਰਿ ਧਨ ਕੇ ਭਰਿ ਲੇਹੁ ਭੰਡਾਰ ।। ਨਾਨਕ ਗੁਰ ਪੂਰੇ ਨਮਸਕਾਰ ।। 1 ।।

ਦੁਨਿਆਵੀ ਧਨ ਦੀ ਦੌੜ ਤਿਆਗ ਦੇ ਅਤੇ ਨਾਮ ਸਿਮਰਨ ਕਰ ਕੇ ਹਰੀ ਨਾਮ ਦੇ ਧਨ ਨਾਲ਼ ਅਪਣਾ ਖ਼ਜ਼ਾਨਾ ਭਰਪੂਰ ਕਰ ਲੈ ਜਿਹੜਾ ਪ੍ਰਲੋਕ ਵਿੱਚ ਤੇਰੇ ਨਾਲ਼ ਜਾ ਸਕੇ, ਤੇਰੇ ਕੰਮ ਆਵੇ। ਇਹ ਧਨ ਪੂਰੇ ਗੁਰੂ ਦੀ ਦਯਾ ਨਾਲ਼ ਪ੍ਰਾਪਤ ਹੁੰਦਾ ਹੈ। ਇਸ ਲਈ ਪੂਰੇ ਗੁਰੂ ਦੀ ਸੰਗਤ ਕਰਿਆ ਕਰ, ਉਸ ਦਾ ਸਤਿਕਾਰ ਕਰਿਆ ਕਰ, ਉਸ ਨੂੰ ਨਮਸ਼ਕਾਰ ਕਰਿਆ ਕਰ।

ਖੇਮ ਕੁਸਲ ਸਹਜ ਆਨੰਦ ।। ਸਾਧਸੰਗਿ ਭਜੁ ਪਰਮਾਨੰਦ ।।

ਸੰਤਾਂ ਦੀ ਸੰਗਤ ਵਿੱਚ ਜਾ ਕੇ ਸਰਬ ਉੱਤਮ ਅਨੰਦ ਦੇ ਸੋਮੇ ਪ੍ਰਮਾਤਮਾ ਦੇ ਨਾਮ ਦਾ ਭਜਨ ਕਰਿਆ ਕਰ। ਇਸ ਨਾਲ਼ ਤੈਨੂੰ ਖੇੜਾ ਪ੍ਰਾਪਤ ਹੋਵੇਗਾ, ਸਰੀਰਕ ਤੰਦਰੁਸਤੀ, ਮਨ ਦੀ ਸ਼ਾਂਤੀ ਅਤੇ ਆਤਮਿਕ ਅਨੰਦ ਮਿਲਣਗੇ ਅਤੇ ਤੇਰਾ ਕਲਿਆਣ ਹੇ ਜਾਵੇਗਾ।

ਨਰਕ ਨਿਵਾਰਿ ਉਧਾਰਹੁ ਜੀਉ ।। ਗੁਨ ਗੋਬਿੰਦ ਅੰਮ੍ਰਿਤ ਰਸੁ ਪੀਉ ।।

ਉਸ ਧਰਤੀ ਦੇ ਮਾਲਕ ਦੇ ਗੁਣ ਗਾਇਆ ਕਰ। ਉਸ ਦੇ ਗੁਣਾਂ ਦਾ ਗਾਇਨ ਅੰਮ੍ਰਿਤ ਪੀਣ ਦੀ ਤਰਾਂ ਹੈ। ਇਸ ਨੂੰ ਪੀ ਕੇ ਬਹੁਤ ਅਨੰਦ ਆਉਂਦਾ ਹੈ। ਇਸ ਰਸ ਨੂੰ ਪੀ ਕੇ ਨਰਕ ਦਾ ਡਰ ਦੂਰ ਹੋ ਜਾਵੇਗਾ ਅਤੇ ਤੇਰੀ ਆਤਮਾ ਦਾ ਕਲਿਆਣ ਹੋ ਜਾਵੇਗਾ, ਤੈਨੂੰ ਮੁਕਤੀ ਮਿਲ ਜਾਵੇਗੀ।

ਚਿਤਿ ਚਿਤਵਹੁ ਨਾਰਾਇਣ ਏਕ ।। ਏਕ ਰੂਪ ਜਾ ਕੇ ਰੰਗ ਅਨੇਕ ।।

ਉਸ ਇੱਕੋ ਇੱਕ ਨਾਰਾਇਣ ਨੂੰ ਸਦਾ ਅਪਣੇ ਮਨ ਵਿੱਚ ਯਾਦ ਰੱਖਿਆ ਕਰ ਜਿਸ ਦਾ ਕੇਵਲ ਇੱਕ ਹੀ ਰੂਪ ਹੈ ਪਰ ਜਿਹੜਾ ਇੱਕ ਹੋਣ ਦੇ ਬਾਵਜੂਦ ਵੀ ਅਨੇਕਾਂ ਰੰਗਾਂ ਅਤੇ ਅਕਾਰਾਂ ਰਾਹੀਂ ਅਪਣੇ ਆਪ ਨੂੰ ਪ੍ਰਗਟ ਕਰਦਾ ਹੈ। ਕਦੇ ਇੱਕ ਪਲ ਲਈ ਵੀ ਉਸ ਨੂੰ ਮਨ ਤੋਂ ਵਿਸਾਰਿਆ ਨਾ ਕਰ।

ਗੋਪਾਲ ਦਾਮੋਦਰ ਦੀਨ ਦਇਆਲ ।। ਦੁਖ ਭੰਜਨ ਪੂਰਨ ਕਿਰਪਾਲ ।।

ਉਹ ਨਾਰਾਇਣ ਦਾਮੋਦਰ ਅਰਥਾਤ ਜੀਵਾਂ ਨੂੰ ਪੇਟ ਲਾਉਣ ਵਾਲ਼ਾ ਹੈ, ਗੋਪਾਲ ਅਰਥਾਤ ਧਰਤੀ ਦੇ ਜੀਵਾਂ ਦੀ ਪਾਲਣਾ ਕਰਨ ਵਾਲ਼ਾ ਹੈ ਅਤੇ ਦੀਨ ਦਇਆਲ ਅਰਥਾਤ ਗਰੀਬਾਂ ਅਤੇ ਕਮਜ਼ੋਰਾਂ ਤੇ ਦਯਾ ਕਰਨ ਵਾਲ਼ਾ ਹੈ। ਉਹ ਦੁੱਖਾਂ ਦਾ ਨਾਸ਼ ਕਰਨ ਵਾਲ਼ਾ ਹੈ ਅਤੇ ਪਰਮ ਕ੍ਰਿਪਾਲੂ ਹੈ, ਸਭ ਤੇ ਤਰਸ ਖਾਂਦਾ ਹੈ।

ਸਿਮਰਿ ਸਿਮਰਿ ਨਾਮੁ ਬਾਰੰ ਬਾਰ ।। ਨਾਨਕ ਜੀਅ ਕਾ ਇਹੈ ਅਧਾਰ ।। 2 ।।

ਗੁਰੂ ਜੀ ਤਾਕੀਦ ਕਰਦੇ ਹਨ ਕਿ ਐ ਜੀਵ, ਉਸ ਪ੍ਰਭੂ ਦੇ ਨਾਮ ਨੂੰ ਵਾਰ ਵਾਰ ਸਿਮਰਦਾ ਰਿਹਾ ਕਰਉਸ ਦਾ ਨਾਮ ਹੀ ਤੇਰੇ ਜੀਵਨ ਦਾ ਇੱਕੋ ਇੱਕ ਸਹਾਰਾ ਹੈ। ਹੋਰ ਕੋਈ ਸ਼ਕਤੀ ਤੈਨੂੰ ਸਹਾਰਾ ਨਹੀਂ ਦੇ ਸਕਦੀ।

ਉਤਮ ਸਲੋਕ ਸਾਧ ਕੇ ਬਚਨ ।। ਅਮੁਲੀਕ ਲਾਲ ਏਹਿ ਰਤਨ ।।

ਸੰਤਾਂ ਦੇ ਕਹੇ ਬੋਲ ਬਹੁਤ ਉੱਤਮ ਹੁੰਦੇ ਹਨ ਕਿਉਂਕਿ ਉਨ੍ਹਾਂ ਵਿੱਚ ਪ੍ਰਮਾਤਮਾ ਦੇ ਜਸ ਦਾ ਗਾਇਨ ਹੁੰਦਾ ਹੈ। ਸੰਤਾਂ ਦੇ ਬਚਨ ਪ੍ਰਭੂ ਦੀ ਕੀਰਤੀ ਦੇ ਗੀਤ ਹੁੰਦੇ ਹਨ। ਇਹ ਉਨ੍ਹਾਂ ਕੀਮਤੀ ਹੀਰੇ ਜਵਾਹਰਾਤ ਦੀ ਤਰਾਂ ਹੁੰਦੇ ਹਨ ਜਿਹੜੇ ਅਨਮੋਲ ਹੁੰਦੇ ਹਨ, ਜਿਨ੍ਹਾਂ ਦੀ ਕੀਮਤ ਕੋਈ ਤਾਰ ਨਹੀਂ ਸਕਦਾ

ਸੁਨਤ ਕਮਾਵਤ ਹੋਤ ਉਧਾਰ ।। ਆਪਿ ਤਰੈ ਲੋਕਹ ਨਿਸਤਾਰ ।।

ਸੰਤਾਂ ਦੇ ਕਹੇ ਬੋਲਾਂ ਨੂੰ ਸੁਣ ਕੇ ਅਤੇ ਉਨ੍ਹਾਂ ਨੂੰ ਕਮਾ ਕੇ, ਉਨ੍ਹਾਂ ਉੱਤੇ ਅਮਲ ਕਰ ਕੇ, ਜੀਵ ਦਾ ਕਲਿਆਣ ਹੋ ਜਾਂਦਾ ਹੈ। ਉਹ ਆਪ ਵੀ ਤਰ ਜਾਂਦੇ ਹਨ ਅਤੇ ਦੂਜਿਆਂ ਨੂੰ ਵੀ ਤਾਰ ਦਿੰਦੇ ਹਨ।

ਸਫਲ ਜੀਵਨੁ ਸਫਲੁ ਤਾ ਕਾ ਸੰਗੁ ।। ਜਾ ਕੈ ਮਨਿ ਲਾਗਾ ਹਰਿ ਰੰਗੁ ।।

ਜਿਹੜੇ ਜੀਵਾਂ ਦੇ ਮਨ ਵਿੱਚ ਹਰੀ ਦਾ ਪਿਆਰ ਵਸ ਗਿਆ ਹੋਵੇ, ਜਿਨ੍ਹਾਂ ਦਾ ਪੋਟਾ ਪੋਟਾ ਹਰੀ ਦੇ  ਰੰਗ ਵਿੱਚ ਰੰਗਿਆ ਹੋਇਆ ਹੋਵੇ, ਉਨ੍ਹਾਂ ਦਾ ਜੀਵਨ ਸਫਲ ਹੁੰਦਾ ਹੈ ਕਿਉਂਕਿ ਉਹ ਜੀਵਨ ਦੇ ਉਦੇਸ਼ ਨੂੰ ਪ੍ਰਾਪਤ ਕਰ ਲੈਂਦੇ ਹਨ। ਕੇਵਲ ਉਨ੍ਹਾਂ ਦਾ ਅਪਣਾ ਜੀਵਨ ਹੀ ਸਫਲ ਨਹੀਂ ਹੁੰਦਾ ਬਲਕਿ ਜਿਹੜੇ ਲੋਕ ਉਨ੍ਹਾਂ ਦੀ ਸੰਗਤ ਕਰਦੇ ਹਨ ਉਨ੍ਹਾਂ ਦਾ ਜੀਵਨ ਵੀ ਸਫਲ ਹੋ ਜਾਂਦਾ ਹੈ। ਇਸ ਕਰਕੇ ਉਨ੍ਹਾਂ ਦੀ ਸੰਗਤ ਕਰਨਾ ਵੀ ਸਫਲ ਹੁੰਦਾ ਹੈ।

ਜੈ ਜੈ ਸਬਦੁ ਅਨਾਹਦੁ ਵਾਜੈ ।। ਸੁਨਿ ਸੁਨਿ ਅਨਦ ਕਰੇ ਪ੍ਰਭੁ ਗਾਜੈ ।।

ਈਸ਼ਵਰ ਦੀ ਜੈ ਜੈ ਕਾਰ ਦੇ ਧ੍ਵਨੀ ਰਹਿਤ ਸੰਗੀਤ ਦੀ ਆਵਾਜ਼ ਉਨ੍ਹਾਂ ਨੂੰ ਬ੍ਰਹਿਮੰਡ ਵਿੱਚ ਗੂੰਜਦੀ ਸੁਣਾਈ ਦੇਣ ਲੱਗ ਪੈਂਦੀ ਹੈ। ਉਸ  ਨੂੰ ਸੁਣ ਸੁਣ ਕੇ ਉਹ ਆਪ ਵੀ ਅਨੰਦ ਦੀ ਮਸਤੀ ਵਿੱਚ ਆ ਜਾਂਦੇ ਹਨ ਅਤੇ ਉਸ ਪ੍ਰਭੂ ਦੀ ਜੈ ਜੈ ਕਾਰ ਦੇ ਗੀਤ ਗਾਉਣ ਲੱਗ ਪੈਂਦੇ ਹਨ।

ਪ੍ਰਗਟੇ ਗੁਪਾਲ ਮਹਾਂਤ ਕੈ ਮਾਥੇ ।ਨਾਨਕ ਉਧਰੇ ਤਿਨ ਕੈ ਸਾਥੇ ।। 3 ।।

ਗੁਰੂ ਜੀ ਦੱਸਦੇ ਹਨ ਕਿ ਪ੍ਰਭੂ ਦੀ ਜੈ ਜੈ ਕਾਰ ਦੇ ਗੀਤ ਗਾਉਂਦਿਆਂ ਉਨ੍ਹਾਂ ਦੇ ਮਸਤਕ ਉੱਤੇ ਪ੍ਰਭੂ ਦੇ ਪ੍ਰਕਾਸ਼ ਦਾ ਜਲੌਅ (ਚਮਕ) ਦਿਖਾਈ ਦੇਣ ਲੱਗ ਪੈਂਦਾ ਹੈ। ਜੋ ਜੋ ਵੀ ਉਨ੍ਹਾਂ ਦੀ ਸੰਗਤ ਵਿੱਚ ਆਉਂਦਾ ਹੈ, ਉਸ ਦਾ ਵੀ ਕਲਿਆਣ ਹੋ ਜਾਂਦਾ ਹੈ, ਉਹ ਵੀ ਭਵ ਸਾਗਰ ਨੂੰ ਪਾਰ ਕਰ ਜਾਂਦਾ ਹੈ।

ਸਰਨਿ ਜੋਗ ਸੁਨਿ ਸਰਨੀ ਆਏ ।। ਕਰਿ ਕਿਰਪਾ ਪ੍ਰਭ ਆਪ ਮਿਲਾਏ ।।

ਇਹ ਸੁਣ ਕੇ ਕਿ ਪ੍ਰਭੂ ਬੇਸਹਾਰਿਆਂ ਨੂੰ ਸਹਾਰਾ ਦੇਣ ਦੇ ਸਮਰਥ ਹੈ, ਅਸੀਂ ਵੀ ਉਸ ਦੀ ਸ਼ਰਨ ਵਿੱਚ ਆ ਗਏ ਹਾਂਅਸਲ ਵਿੱਚ ਅਸੀਂ ਆਪ ਕੁੱਝ ਨਹੀਂ ਕੀਤਾ। ਪ੍ਰਭੂ ਨੇ ਸਾਡੇ ਤੇ ਕਿਰਪਾ ਕਰ ਕੇ ਆਪ ਹੀ ਸਾਨੂੰ ਅਪਣੇ ਨਾਲ਼ ਮਿਲਾ ਲਿਆ ਹੈ।

ਮਿਟਿ ਗਏ ਬੈਰ ਭਏ ਸਭ ਰੇਨ ।। ਅੰਮ੍ਰਿਤ ਨਾਮੁ ਸਾਧਸੰਗਿ ਲੈਨ ।।

ਜਦੋਂ ਤੋਂ ਅਸੀਂ ਉਸ ਪ੍ਰਭੂ ਦੀ ਸ਼ਰਨ ਵਿੱਚ ਆਏ ਹਾਂ, ਸਾਡੇ ਮਨ ਵਿੱਚ ਕਿਸੇ ਲਈ ਵੀ ਵੈਰ ਦੀ ਭਾਵਨਾ ਨਹੀਂ ਰਹੀ। ਸਾਰਾ ਸੰਸਾਰ ਮਿੱਤਰ ਜਾਪਣ ਲੱਗ ਗਿਆ ਹੈ। ਹੁਣ ਸਾਨੂੰ ਕੋਈ ਵੀ ਅਪਣਾ ਵੈਰੀ ਨਹੀਂ ਲੱਗਦਾ। ਸਾਡੇ ਅੰਦਰੋਂ ਹਉਮੈ ਅਲੋਪ ਹੋ ਗਈ ਹੈ ਅਤੇ ਉਸ ਦੀ ਥਾਂ ਨਿਮਰਤਾ ਵਸ ਗਈ ਹੈਅਸੀਂ ਸਭ ਦੇ ਚਰਨਾਂ ਦੀ ਧੂੜ ਬਣ ਗਏ ਹਾਂ। ਇਹ ਚਮਤਕਾਰ ਸੰਤਾਂ ਦੀ ਸੰਗਤ ਵਿੱਚ ਆ ਕੇ ਪ੍ਰਭੂ ਦਾ ਅੰਮ੍ਰਿਤ ਵਰਗਾ ਨਾਮ ਜੱਪਣ ਦੀ ਬਰਕਤ ਦਾ ਸਦਕਾ ਹੋਇਆ ਹੈ।

ਸੁਪ੍ਰਸੰਨ ਭਏ ਗੁਰਦੇਵ ।। ਪੂਰਨ ਹੋਈ ਸੇਵਕ ਕੀ ਸੇਵ ।।

ਸਾਡੇ ਅੰਦਰ ਆਈ ਤਬਦੀਲ਼ੀ ਨੂੰ ਦੇਖ ਕੇ, ਸਾਡੇ ਨਿਮਰਤਾ ਭਰੇ, ਵੈਰ ਮੁਕਤ ਵਿਵਹਾਰ ਨੂੰ ਦੇਖ ਕੇ ਸਾਡੇ ਗੁਰਦੇਵ ਪ੍ਰਸੰਨ ਹੋ ਗਏ ਹਨ ਅਤੇ ਸਾਨੂੰ ਇੰਝ ਮਹਿਸੂਸ ਹੋਣ ਲੱਗ ਪਿਆ ਹੈ ਕਿ ਸਾਡੀ ਸੇਵਾ ਸਫਲ ਹੋ ਗਈ ਹੈ, ਉਸ ਨੂੰ ਫਲ਼ ਲੱਗ ਗਿਆ ਹੈ।

ਆਲ ਜੰਜਾਲ ਬਿਕਾਰ ਤੇ ਰਹਤੇ ।। ਰਾਮ ਨਾਮ ਸੁਨਿ ਰਸਨਾ ਕਹਤੇ ।।

ਹੁਣ ਅਸੀਂ ਸਾਰੇ ਝਮੇਲਿਆਂ ਤੋਂ, ਪ੍ਰੇਸ਼ਾਨੀਆਂ ਤੋਂ, ਫਾਲਤੂ ਰੁਝੇਵਿਆਂ ਤੋਂ ਅਤੇ ਸਾਰੇ ਵਿਕਾਰਾਂ ਤੋਂ ਮੁਕਤ ਹੋ ਗਏ ਹਾਂ। ਸੰਤਾਂ ਦੀ ਸੰਗਤ ਵਿੱਚ ਰਾਮ ਨਾਮ ਦਾ ਜਾਪ ਸੁਣਦੇ ਰਹਿੰਦੇ ਹਾਂ ਅਤੇ ਸੁਣ ਸੁਣ ਕੇ ਆਪ ਵੀ ਅਪਣੀ ਰਸਨਾ (ਜੀਭ) ਤੋਂ ਰਾਮ ਨਾਮ ਦਾ ਸਿਮਰਨ ਕਰਦੇ ਰਹਿੰਦੇ ਹਾਂ।

ਕਰਿ ਪ੍ਰਸਾਦੁ ਦਇਆ ਪ੍ਰਭਿ ਧਾਰੀ ।। ਨਾਨਕ ਨਿਬਹੀ ਖੇਪ ਹਮਾਰੀ ।। 4।।

ਗੁਰੂ ਜੀ ਖੁਸ਼ੀ ਵਿੱਚ ਗਦਗਦ ਹੋਏ ਸਾਨੂੰ ਦੱਸਦੇ ਹਨ ਕਿ ਪ੍ਰਭੂ ਨੇ ਸਾਡੇ ਤੇ ਕ੍ਰਿਪਾਲ ਹੋ ਕੇ ਸਾਡੇ ਉੱਤੇ ਅਪਣੀ ਮਿਹਰ ਦੀ ਨਜ਼ਰ ਕਰ ਦਿੱਤੀ ਹੈਉਸ ਦੀ ਦਯਾ ਨਾਲ਼ ਅਸੀਂ ਨਾਮ ਧਨ ਦੀ ਦੌਲਤ ਇਕੱਠੀ ਕਰ ਲਈ ਹੈ ਜਿਹੜੀ ਪ੍ਰਲੋਕ ਵਿੱਚ ਸਾਡਾ ਸਾਥ ਦੇਵੇਗੀ।

ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ ।ਸਾਵਧਾਨ ਏਕਾਗਰਚੀਤ ।।

ਸਾਡੇ ਉੱਤੇ ਮਿਹਰਬਾਨ ਹੇ ਕੇ ਗੁਰੂ ਜੀ ਸਾਨੂੰ ਅਪਣੇ ਮਿੱਤਰ ਕਹਿ ਕੇ ਸੰਬੋਧਨ ਕਰਦੇ ਹੋਏ ਉਪਦੇਸ਼ ਕਰਦੇ ਹਨ ਕਿ ਗੁਰਮੁਖ ਪਿਆਰਿਓ, ਤੁਸੀਂ ਵੀ ਆਲਸ ਤਿਆਗ ਕੇ ਅਤੇ ਇੱਕ ਮਨ ਇੱਕ ਚਿੱਤ ਹੋ ਕੇ ਪ੍ਰਭੂ ਦੀ ਵਡਿਆਈ ਦੇ, ਉਸ ਦੀ ਉਸਤਤਿ ਦੇ ਗੀਤ ਗਾਇਆ ਕਰੋ।

ਸੁਖਮਨੀ ਸਹਜ ਗੋਬਿੰਦ ਗੁਨ ਨਾਮ ।। ਜਿਸੁ ਮਨਿ ਬਸੈ ਸੁ ਹੋਤ ਨਿਧਾਨ ।।

ਗੁਰੂ ਜੀ ਹੁਣ ਦੱਸਦੇ ਹਨ ਕਿ ਸੁਖਮਨੀ ਸਿਰਲੇਖ ਵਾਲ਼ੀ ਇਸ ਬਾਣੀ ਵਿੱਚ ਬਿਨਾ ਅਤਿਕਥਨੀ ਤੋਂ ਧਰਤੀ ਦੇ ਜੀਵਾਂ ਦੀ ਪਾਲਣਾ ਕਰਨ ਵਾਲ਼ੇ ਪਰਮਾਤਮਾ ਦਾ ਗਿਆਨ ਅੰਕਿਤ ਕੀਤਾ ਗਿਆ ਹੈ, ਉਸ ਦੇ ਗੁਣਾਂ ਦਾ ਵਰਨਣ ਕੀਤਾ ਗਿਆ ਹੈ ਅਤੇ ਉਸ ਦੇ ਨਾਮ ਦੀ ਮਹਿਮਾ ਦਰਸਾਈ ਗਈ ਹੈ। ਜਿਸ ਦੇ ਮਨ ਵਿੱਚ ਇਹ ਗਿਆਨ ਵਸ ਜਾਵੇ, ਉਹ ਨਿਹਾਲ ਹੋ ਜਾਂਦਾ ਹੈ, ਗੁਣਾਂ ਦਾ ਖ਼ਜ਼ਾਨਾ ਬਣ ਜਾਂਦਾ ਹੈ।

ਸਰਬ ਇਛਾ ਤਾ ਕੀ ਪੂਰਨ ਹੋਇ ।। ਪ੍ਰਧਾਨ ਪੁਰਖੁ ਪ੍ਰਗਟੁ ਸਭ ਲੋਇ ।।

ਉਸ ਜੀਵ ਦੀਆਂ ਸਾਰੀਆਂ ਮਨੋ-ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ। ਉਹ ਸਮਸਤ ਸੰਸਾਰ ਵਿੱਚ ਹੀ ਨਹੀਂ, ਸਾਰੇ ਲੋਕਾਂ (ਤਿੰਨਾ ਹੀ ਲੋਕਾਂ – ਮਾਤ ਲੋਕ, ਸ੍ਵਰਗ ਲੋਕ ਅਤੇ ਪਾਤਾਲ਼ ਲੋਕ) ਵਿੱਚ ਇੱਕ ਉੱਤਮ ਇਨਸਾਨ ਦੇ ਤੌਰ ਤੇ ਜਾਣਿਆਂ ਜਾਣ ਲੱਗ ਪੈਂਦਾ ਹੈ।

ਸਭ ਤੇ ਊਚ ਪਾਏ ਅਸਥਾਨੁ ।। ਬਹੁਰਿ ਨ ਹੋਵੈ ਆਵਨ ਜਾਨੁ ।।

ਉਸ ਇਨਸਾਨ ਨੂੰ ਸਭ ਤੋਂ ਉੱਚੀ ਪਦਵੀ ਪ੍ਰਾਪਤ ਹੋ ਜਾਂਦੀ ਹੈ ਅਤੇ ਉਹ ਆਵਾਗਮਨ ਦੇ ਚੱਕਰ ਤੋਂ ਮੁਕਤ ਹੋ ਜਾਂਦਾ ਹੈ। ਉਹ ਨਾ ਮੁੜ ਕੇ ਜੰਮਦਾ ਹੈ, ਨਾ ਮਰਦਾ ਹੈ।

ਹਰਿ ਧਨੁ ਖਾਟਿ ਚਲੈ ਜਨੁ ਸੋਇ ।। ਨਾਨਕ ਜਿਸਹਿ ਪਰਾਪਤਿ ਹੋਇ ।। 5 ।।

ਗੁਰੂ ਜੀ ਦ੍ਰਿੜ੍ਹ ਕਰਵਾਉਂਦੇ ਹਨ ਕਿ ਹਰੀ ਦੇ ਨਾਮ ਦਾ ਇਹ ਧਨ ਉਹ ਜੀਵ ਹੀ ਇਕੱਠਾ ਕਰ ਕੇ ਲੈ ਕੇ ਜਾਂਦਾ ਹੈ ਜਿਸ ਤੇ ਖੁਸ਼ ਹੋ ਕੇ ਪ੍ਰਭੂ ਉਸ ਨੂੰ ਹਰੀ ਨਾਮ ਦੇ ਇਸ ਧਨ ਦੀ ਮਹੱਤਤਾ ਦਾ, ਇਸ ਦੇ ਵਡਮੁੱਲੇ ਹੋਣ ਦਾ, ਗਿਆਨ ਬਖ਼ਸ਼ਿਸ਼ ਕਰ ਦੇਵੇਇਸ ਗਿਆਨ ਤੋਂ ਵਿਹੂਣਾ ਜੀਵ ਤਾਂ ਬੱਸ ਦੁਨਿਆਵੀ ਝਮੇਲਿਆਂ ਵਿੱਚ ਹੀ ਉਲ਼ਝਿਆ ਰਹਿੰਦਾ ਹੈ।

ਖੇਮ ਸਾਂਤਿ ਰਿਧਿ ਨਵ ਨਿਧਿ ।। ਬੁਧਿ ਗਿਆਨੁ ਸਰਬ ਤਹ ਸਿਧਿ ।।

ਹੁਣ ਗੁਰੂ ਜੀ ਸੁਖਮਨੀ ਸਾਹਿਬ ਵਿੱਚ ਅੰਕਿਤ ਕੀਤੇ ਗਏ ਈਸ਼ਵਰ ਦੇ ਗਿਆਨ ਅਤੇ ਨਾਮ ਦੀ ਮਹੱਤਤਾ ਨੂੰ ਮਨ ਵਿੱਚ ਵਸਾਉਣ ਦੇ ਲਾਭਾਂ ਦਾ ਵਰਨਣ ਕਰਦੇ ਹਨ। ਜੋ ਜੀਵ ਇਸ ਉਪਦੇਸ਼ ਨੂੰ ਮਨ ਵਿੱਚ ਵਸਾ ਕੇ ਇਸ ਉੱਤੇ ਅਮਲ ਕਰਦਾ ਹੈ ਉਸ ਨੂੰ ਅਟੱਲ ਸਦੀਵੀ ਸੁਖ (ਮੁਕਤੀ), ਮਾਨਸਿਕ ਅਤੇ ਆਤਮਿਕ ਸ਼ਾਂਤੀ, ਜੀਵਨ ਗੁਜ਼ਰਾਨ ਲਈ ਲੋੜੀਂਦੀਆਂ ਸਭ ਵਸਤਾਂ ਅਤੇ ਨੌਂ ਦੇ ਨੌਂ ਖ਼ਜ਼ਾਨੇ ਹਾਸਲ ਹੋ ਜਾਂਦੇ ਹਨ । ਸ੍ਰੇਸ਼ਟ ਬੁੱਧੀ, ਉੱਤਮ ਗਿਆਨ ਅਤੇ ਜੋਗੀਆਂ ਵਾਲ਼ੀਆਂ ਸਾਰੀਆਂ ਚਮਤਕਾਰੀ ਸ਼ਕਤੀਆਂ ਉਸ ਦੀ ਝੋਲ਼ੀ ਵਿੱਚ ਪੈ ਜਾਂਦੀਆਂ ਹਨ।

ਬਿਦਿਆ ਤਪੁ ਜੋਗੁ ਪ੍ਰਭ ਧਿਆਨੁ ।। ਗਿਆਨੁ ਸ੍ਰੇਸਟ ਊਤਮ ਇਸਨਾਨੁ ।।

ਉੱਤਮ ਵਿੱਦਿਆ ਦਾ ਫਲ਼, ਤਪੱਸਿਆ ਦਾ ਫਲ਼, ਪ੍ਰਭੂ ਦੇ ਨਾਲ਼ ਮਿਲਾਪ ਅਤੇ ਪ੍ਭੂ ਦਾ ਧਿਆਨ ਧਰਨ ਦੀ ਸਮਰਥਾ, ਇਹ ਸਭ ਉਸ ਨੂੰ ਅਪਣੇ ਆਪ ਮਿਲ ਜਾਂਦੇ ਹਨ। ਵਧੀਆ ਤੋਂ ਵਧੀਆ ਆਤਮਿਕ ਗਿਆਨ ਅਤੇ ਪਵਿੱਤਰ ਤੋਂ ਪਵਿੱਤਰ ਤੀਰਥਾਂ ਦੇ ਇਸ਼ਨਾਨ ਦਾ ਫਲ਼ ਵਾਹਿਗੁਰੂ ਉਸ ਨੂੰ ਬਖਸ਼ਿਸ਼ ਕਰ ਦਿੰਦੇ ਹਨ।

ਚਾਰਿ ਪਦਾਰਥ ਕਮਲ ਪ੍ਰਗਾਸ ।। ਸਭ ਕੈ ਮਧਿ ਸਗਲ ਤੇ ਉਦਾਸ ।।

ਧਰਮ, ਅਰਥ, ਕਾਮ ਅਤੇ ਮੋਕਸ਼ ਚਾਰੇ ਪਦਾਰਥਾਂ ਦੀ ਦਾਤ, ਜਿਸ ਦੀ ਹਰ ਇਨਸਾਨ ਕਾਮਨਾ ਕਰਦਾ ਹੈ, ਉਸ ਨੂੰ ਪ੍ਰਾਪਤ ਹੋ ਜਾਂਦੀ ਹੈ। ਉਸ ਦਾ ਹਿਰਦਾ ਕਮਲ ਦੇ ਫੁੱਲ ਦੀ ਤਰਾਂ ਖੇੜੇ ਵਿੱਚ ਆ ਜਾਂਦਾ ਹੈ। ਉਹ ਸਾਰੇ ਸੰਸਾਰਕ ਪਦਾਰਥਾਂ ਅਤੇ ਝਮੇਲਿਆਂ ਦੇ ਵਿੱਚ ਰਹਿਂਦਾ ਹੋਇਆ ਵੀ ਉਨ੍ਹਾਂ ਤੋਂ ਨਿਰਲੇਪ ਰਹਿਣ ਦੇ ਸਮਰਥ ਹੋ ਜਾਂਦਾ ਹੈ, ਗ੍ਰਹਿਸਤ ਦੇ ਵਿੱਚ ਰਹਿੰਦਾ ਹੋਇਆ ਵੀ ਵੈਰਾਗਮਈ ਜੀਵਨ ਬਤੀਤ ਕਰ ਸਕਦਾ ਹੈ।

ਸੁੰਦਰੁ ਚਤੁਰੁ ਤਤ ਕਾ ਬੇਤਾ ।। ਸਮਦਰਸੀ ਏਕ ਦ੍ਰਿਸਟੇਤਾ ।

ਮਾਨਸਿਕ ਖੇੜੇ ਦੇ ਸਿੱਟੇ ਵਜੋਂ ਉਸ ਤੇ ਸਰੀਰਕ ਸੁੰਦਰਤਾ ਦੀ ਬਖਸ਼ਿਸ਼ ਵੀ ਹੋ ਜਾਂਦੀ ਹੈ, ਉਸ ਦਾ ਚਿਹਰਾ ਮੋਹਰਾ ਸੋਹਣਾ ਲੱਗਣ ਲੱਗ ਪੈਂਦਾ ਹੈ। ਉਹ ਸਿਆਣਾ, ਸਮਝਦਾਰ ਅਤੇ ਤੱਤ ਗਿਆਨ ਦਾ ਧਾਰਨੀ ਬਣ ਜਾਂਦਾ ਹੈ। ਉਹ ਸਾਰੇ ਜੀਵਾਂ ਨੂੰ ਇੱਕ ਨਜ਼ਰ ਨਾਲ਼ ਦੇਖਣ ਲੱਗ ਪੈਂਦਾ ਹੈ, ਬਰਾਬਰ ਸਮਝਣ ਲੱਗ ਪੈਂਦਾ ਹੈਉਸ ਨੂੰ ਸ੍ਰਿਸ਼ਟੀ ਦੇ ਸਾਰੇ ਜੀਵਾਂ ਦੇ ਅੰਦਰ ਉਸ ਇੱਕ ਪ੍ਰਭੂ ਦੇ ਦਰਸ਼ਨ ਹੋਣ ਲੱਗ ਪੈਂਦੇ ਹਨ।

ਇਹ ਫਲ ਤਿਸੁ ਜਨ ਕੈ ਮੁਖਿ ਭਨੇ ।। ਗੁਰ ਨਾਨਕ ਨਾਮ ਬਚਨ ਮਨਿ ਸੁਨੇ ।। 6 ।।

ਪਰ ਗੁਰੂ ਜੀ ਸਪਸ਼ਟ ਕਰਦੇ ਹਨ ਕਿ ਇਹ ਫਲ਼ ਉਸ ਪ੍ਰਾਣੀ ਨੂੰ ਪ੍ਰਾਪਤ ਹੁੰਦੇ ਹਨ ਜਿਹੜਾ ਸਤਿਗੁਰਾਂ ਦੀ ਇਸ ਬਾਣੀ (ਸੁਖਮਨੀ) ਵਿੱਚ ਕਹੇ ਗਏ ਬਚਨਾਂ ਨੂੰ ਮਨ ਲਾ ਕੇ ਸੁਣਦਾ ਹੈ, ਸਮਝਦਾ ਹੈ ਅਤੇ ਉਨ੍ਹਾਂ ਤੇ ਅਮਲ ਕਰਦਾ ਹੈ।

ਇਹੁ ਨਿਧਾਨੁ ਜਪੈ ਮਨਿ ਕੋਇ ।। ਸਭ ਜੁਗ ਮਹਿ ਤਾ ਕੀ ਗਤਿ ਹੋਇ ।।

ਜੋ ਵੀ ਜੀਵ ਗੁਣਾਂ ਦੇ ਇਸ ਖ਼ਜ਼ਾਨੇ ਦਾ ਮਨ ਇਕਾਗਰ ਕਰ ਕੇ, ਪੂਰੇ ਧਿਆਨ ਨਾਲ਼, ਪਾਠ ਕਰੇਗਾ ਉਸ ਦਾ ਕੇਵਲ ਇਸ ਜੁਗ ਵਿੱਚ ਹੀ ਨਹੀਂ, ਹਰ ਜੁਗ ਵਿੱਚ ਕਲਿਆਣ ਹੋਵੇਗਾ। ਇਹ ਖ਼ਜ਼ਾਨਾ ਉਸ ਤੋਂ ਬਾਦ ਸਦਾ ਲਈ ਉਸ ਦੇ ਨਾਲ਼ ਰਹੇਗਾ।  

ਗੁਣ ਗੋਬਿੰਦ ਨਾਮ ਧੁਨਿ ਬਾਣੀ ।। ਸਿਮ੍ਰਿਤਿ ਸਾਸਤ੍ਰ ਬੇਦ ਬਖਾਣੀ ।।

ਇਸ ਬਾਣੀ ਦਾ ਪਾਠ ਕਰਨ ਨਾਲ਼ ਗੋਬਿੰਦ ਦੇ ਗੁਣ ਗਾਉਣ ਦਾ ਅਤੇ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਦਾ ਸੰਗੀਤ ਦੀ ਤਰਾਂ ਰਸ ਆਉਣ ਲੱਗ ਪੈਂਦਾ ਹੈ। ਇਸ ਵਿੱਚ ਪਰਮ ਪਿਤਾ ਪ੍ਰਮਾਤਮਾ ਬਾਰੇ ਉਹ ਹੀ ਗੱਲਾਂ ਅੰਕਿਤ ਕੀਤੀਆਂ ਗਈਆਂ ਹਨ ਜਿਨ੍ਹਾਂ ਦਾ ਵਰਨਣ ਸਿੰਮ੍ਰਿਤੀਆਂ, ਸ਼ਾਸ਼ਤਰਾਂ ਅਤੇ ਵੇਦਾਂ ਵਿੱਚ ਵੀ ਕੀਤਾ ਗਿਆ ਹੈ। ਪ੍ਰਭੂ ਦੇ ਨਾਮ ਦੀ ਮਹਾਨਤਾ ਅਤੇ ਇਸ ਦੇ ਸਿਮਰਨ ਦਾ ਮਹੱਤਵ ਇਸ ਬਾਣੀ ਵਿੱਚ ਬਿਆਨ ਕੀਤਾ ਗਿਆ ਹੈ।

ਸਗਲ ਮਤਾਂਤ ਕੇਵਲ ਹਰਿ ਨਾਮ ।। ਗੋਬਿੰਦ ਭਗਤ ਕੈ ਮਨਿ ਬਿਸ੍ਰਾਮ ।।

ਸਾਰੇ ਹੀ ਮਤਾਂ ਮਤਾਂਤਰਾਂ ਵਿੱਚ ਕੇਵਲ ਹਰੀ ਦੇ ਨਾਮ ਨੂੰ ਹੀ ਉੱਤਮ ਮੰਨਿਆਂ ਗਿਆ ਹੈ। ਇਹ ਹਰੀ ਦਾ ਨਾਮ ਹਰੀ ਦੇ ਭਗਤ ਦੇ ਮਨ ਵਿੱਚ ਹਮੇਸ਼ਾ ਟਿਕਿਆ ਰਹਿੰਦਾ ਹੈ। ਕਦੇ ਇੱਕ ਪਲ ਲਈ ਵੀ ਪ੍ਰਭੂ ਦਾ ਨਾਮ ਭਗਤ ਦੇ ਮਨ ਤੋਂ ਨਹੀਂ ਵਿਸਰਦਾ।  

ਕੋਟਿ ਅਪ੍ਰਾਧ ਸਾਧਸੰਗਿ ਮਿਟੈ ।। ਸੰਤ ਕ੍ਰਿਪਾ ਤੇ ਜਮ ਤੇ ਛੁਟੈ ।।

ਗੋਬਿੰਦ ਦੇ ਐਸੇ ਅਨਿੰਨ ਭਗਤ ਦੀ ਸੰਗਤ ਕਰਨ ਦੇ ਸਿੱਟੇ ਵਜੋਂ ਜੀਵ ਦੇ ਕੀਤੇ ਹੋਏ ਕ੍ਰੋੜਾਂ ਪਾਪ ਦੂਰ ਹੋ ਜਾਂਦੇ ਹਨ। ਜੇ ਇਸ ਤਰਾਂ ਦੇ ਪਹੁੰਚੇ ਹੋਏ ਸੰਤ ਪੁਰਖ ਦੀ ਮਿਹਰ ਦੀ ਨਿਗਾਹ ਹੋ ਜਾਵੇ ਤਾਂ ਜੀਵ ਜਮਾਂ ਦੇ ਡਰ ਤੋਂ ਵੀ ਛੁਟਕਾਰਾ ਪਾ ਲੈਂਦਾ ਹੈ ਉਸ ਨੂੰ ਮੌਤ ਦਾ ਅਤੇ ਜਮਾਂ ਦੀ ਮਾਰ ਦਾ ਕੋਈ ਡਰ ਨਹੀਂ ਰਹਿੰਦਾ ਇੱਕ ਤਰਾਂ ਉਹ ਮੌਤ ਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ।

ਜਾ ਕੈ ਮਸਤਕਿ ਕਰਮ ਪ੍ਰਭਿ ਪਾਏ ।। ਸਾਧਿ ਸਰਣਿ ਨਾਨਕ ਤੇ ਆਏ ।। 7 ।।

ਪਰ ਅਜਿਹੇ ਸੰਤ ਪੁਰਖਾਂ ਦੀ ਸ਼ਰਨ ਵਿੱਚ ਉਹ ਜੀਵ ਹੀ ਆਉਂਦਾ ਹੈ ਜਿਸ ਦੇ ਮੱਥੇ ਤੇ ਪ੍ਰਮਾਤਮਾ ਨੇ ਚੰਗੀ ਕਿਸਮਤ ਨਾਲ਼ ਅਜਿਹਾ ਕਰਨਾ ਲਿਖਿਆ ਹੋਵੇ। ਹਰ ਕੋਈ ਏਨਾ ਭਾਗਸ਼ਾਲੀ ਨਹੀਂ ਹੁੰਦਾ ਕਿ ਉਹ ਸੰਤਾਂ ਦੀ ਸੰਗਤ ਵਿੱਚ ਆ ਕੇ ਉਨ੍ਹਾਂ ਦੀ ਸ਼ਰਨ ਲੈ ਸਕੇ ਅਤੇ ਉਨ੍ਹਾਂ ਦੀ ਸਿੱਖਿਆ ਦਾ ਲਾਹਾ ਲੈ ਸਕੇ।

ਜਿਸੁ ਮਨਿ ਬਸੈ ਸੁਨੈ ਲਾਇ ਪ੍ਰੀਤਿ ।। ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ ।।

ਜਿਹੜਾ ਜੀਵ ਹਰੀ ਦੀ ਮਹਿਮਾ ਕਰਨ ਵਾਲ਼ੀ ਇਸ ਬਾਣੀ ਨੂੰ ਪਿਆਰ ਨਾਲ਼ ਸ੍ਰਵਣ ਕਰਦਾ ਹੈ ਅਤੇ ਜਿਸ ਦੇ ਮਨ ਵਿੱਚ ਇਸ ਵਿਚਲਾ ਉਪਦੇਸ਼ ਵਸ ਜਾਂਦਾ ਹੈ, ਉਸ ਦੇ ਮਨ ਵਿੱਚ ਪ੍ਰਭੂ ਆਪ ਵਸ ਜਾਂਦਾ ਹੈ, ਉਹ ਉਸ ਦੇ ਨਾਮ ਦਾ ਸਿਮਰਨ ਕਰ ਲੱਗ ਪੈਂਦਾ ਹੈਪਾਪ ਹਰਨ ਵਾਲ਼ੇ ਹਰੀ ਦਾ ਨਾਮ ਉਸ ਜੀਵ ਦੇ ਮਨ ਵਿੱਚ ਹੀ ਵਸਦਾ ਹੈ ਜਿਹੜਾ ਇਸ ਰੱਬੀ ਬਾਣੀ ਨੂੰ ਪਿਆਰ ਨਾਲ਼ ਸੁਣਦਾ ਹੈ, ਸਮਝਦਾ ਹੈ ਅਤੇ ਇਸ ਵਿੱਚ ਦਿੱਤੀ ਗਈ ਸਿੱਖਿਆ ਤੇ ਅਮਲ ਕਰਦਾ ਹੈ

ਜਨਮ ਮਰਨ ਤਾ ਕਾ ਦੂਖੁ ਨਿਵਾਰੈ ।। ਦੁਲਭ ਦੇਹ ਤਤਕਾਲ ਉਧਾਰੈ ।।

ਪ੍ਰਮਾਤਮਾ ਦੀ ਉਸ ਜੀਵ ਤੇ ਕਿਰਪਾ ਹੋ ਜਾਂਦੀ ਹੈ ਅਤੇ ਉਹ ਉਸ ਜੀਵ ਦਾ ਜਨਮ ਮਰਨ ਦਾ ਦੁੱਖ ਮਿਟਾ ਦਿੰਦਾ ਹੈ ਅਤੇ ਬੜੀ ਮੁਸ਼ਕਲ ਨਾਲ਼ ਮਿਲਣ ਵਾਲ਼ੀ ਉਸ ਦੀ ਇਸ ਮਨੁੱਖਾ ਦੇਹੀ ਦਾ ਝੱਟ ਪੱਟ ਉਧਾਰ ਕਰ ਦਿੰਦਾ ਹੈ

ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਨੀ ।। ਏਕੁ ਨਾਮੁ ਮਨਿ ਮਾਹਿ ਸਮਾਨੀ ।।

ਸੁਖਮਨੀ ਦੇ ਪ੍ਰਭਾਵ ਦੇ ਨਤੀਜੇ ਵਜੋਂ ਉਸ ਜੀਵ ਦੀ ਨੇਕ ਜੀਵ  ਦੇ ਤੌਰ ਤੇ ਸ਼ੋਭਾ ਬਣ ਜਾਂਦੀ ਹੈ, ਲੋਕ ਭਲਾ ਪੁਰਖ ਜਾਣ ਕੇ ਉਸ ਨੂੰ ਸਤਿਕਾਰ ਦੇਣ ਲੱਗ ਪੈਂਦੇ ਹਨ ਅਤੇ ਉਸ ਦੀ ਬੋਲ ਚਾਲ ਅੰਮ੍ਰਿਤ ਵਰਗੀ ਮਿੱਠੀ ਹੋ ਜਾਂਦੀ ਹੈਕੇਵਲ ਇੱਕ ਪ੍ਰਮਾਤਮਾ ਦਾ ਨਾਮ ਹਰ ਵਕਤ ਉਸ ਦੇ ਮਨ ਵਿੱਚ ਵਸਿਆ ਰਹਿੰਦਾ ਹੈ

ਦੂਖ ਰੋਗ ਬਿਨਸੇ ਭੈ ਭਰਮ ।। ਸਾਧ ਨਾਮ ਨਿਰਮਲ ਤਾ ਕੇ ਕਰਮ ।।

ਉਸ ਦੇ ਸਾਰੇ ਦੁੱਖਾਂ ਅਤੇ ਰੋਗਾਂ ਦਾ ਨਾਸ਼ ਹੋ ਜਾਂਦਾ ਹੈ ਅਤੇ ਉਸ ਦੇ ਮਨ ਵਿੱਚ ਵਸੇ ਸਾਰੇ ਡਰ ਅਤੇ ਭੁਲੇਖੇ ਦੂਰ ਹੋ ਜਾਂਦੇ ਹਨ ਜਿਨ੍ਹਾਂ ਦੀ ਵਜ੍ਹਾ ਕਰਕੇ ਇਹ ਦੁੱਖ ਅਤੇ ਰੋਗ ਆਉਂਦੇ ਹਨ। ਉਸ ਦੀ ਮਹਿਮਾ ਇੱਕ ਸੰਤ ਪੁਰਖ ਵਾਲ਼ੀ ਬਣ ਜਾਂਦੀ ਹੈ ਕਿਉਂਕਿ ਉਸ ਦੇ ਕਰਮ(ਅਮਲ) ਪਵਿੱਤਰ ਹੋ ਜਾਂਦੇ ਹਨ ਉਹ ਬੁਰੇ ਕਰਮਾਂ ਤੋਂ ਦੂਰ ਹੋ ਜਾਂਦਾ ਹੈਉਹ ਸ਼ੈਤਾਨ ਉੱਤੇ ਜਿੱਤ ਪਾ ਲੈਂਦਾ ਹੈ ਅਤੇ ਉਸ ਦੇ ਸਾਰੇ ਕਰਮ ਨਿਰਮਲ ਹੋ ਜਾਂਦੇ ਹਨ। ਉਹ ਮੁਕੰਮਲ ਤੌਰ ਤੇ ਅਤੇ ਸਹੀ ਅਰਥਾਂ ਵਿੱਚ ਇੱਕ ਸੰਤ, ਇੱਕ ਨੇਕ ਇਨਸਾਨ, ਬਣ ਜਾਂਦਾ ਹੈ।

ਸਭ ਤੇ ਊਚ ਤਾ ਕੀ ਸੋਭਾ ਬਨੀ ।। ਨਾਨਕ ਇਹ ਗੁਣਿ ਨਾਮੁ ਸੁਖਮਨੀ ।। 8 ।। 24 ।।

ਸੁਖਮਨੀ ਸਾਹਿਬ ਨਾਂ ਦੀ ਬਾਣੀ ਦਾ ਇਹ ਗੁਣ ਹੈ, ਇਹ ਵਡਿਆਈ ਹੈ, ਕਿ ਇਸ ਦੇ ਉਪਦੇਸ਼ ਤੇ ਅਮਲ ਕਰਨ ਨਾਲ਼ ਉਸ ਜੀਵ ਦੀ ਸ਼ੋਭਾ ਸਭ ਤੋਂ ਉੱਚੀ ਬਣ ਜਾਂਦੀ ਹੈ, ਉਸ ਦਾ ਸਮਾਜ ਵਿੱਚ ਸਭ ਤੋਂ ਵੱਧ ਸਤਿਕਾਰ ਹੋਣ ਲੱਗ ਪੈਂਦਾ ਹੈ। 

Comments

Popular posts from this blog

ਅਸਟਪਦੀ - 20

ਅਸਟਪਦੀ - 23

ਅਸਟਪਦੀ - 9