ਅਸਟਪਦੀ - 23

 ਅਸਟਪਦੀ - 23

ਸਲੋਕ ।।

ਗਿਆਨੁ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ ।।

ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ ।। 1 ।।

ਮੇਰੇ ਪੂਰੇ ਗੁਰੂ ਨੇ ਮੈਨੂੰ ਗਿਆਨ ਰੂਪੀ ਸੁਰਮਾ ਬਖਸ਼ਿਸ਼ ਕਰ ਦਿੱਤਾ ਹੈ। ਉਹ ਸੁਰਮਾ ਮੈਂ ਅਪਣੀਆਂ ਅੱਖਾਂ ਵਿੱਚ ਪਾ ਲਿਆ ਹੈ। ਉਸ ਦਾ ਅਸਰ ਇਹ ਹੋਇਆ ਹੈ ਕਿ ਮੇਰੇ ਅੰਦਰੋਂ ਅਗਿਆਨ ਦਾ ਹਨ੍ਹੇਰਾ ਦੂਰ ਹੋ ਗਿਆ ਹੈ ਅਤੇ ਉਸ ਦੀ ਥਾਂ ਪ੍ਰਕਾਸ਼ ਨੇ ਲੈ ਲਈ ਹੈ। ਮੇਰੇ ਤੇ ਇਹ ਕਿਰਪਾ ਪੂਰਨ ਸੰਤ ਪੁਰਖ (ਮੇਰੇ ਗੁਰੂ) ਨਾਲ਼ ਮੇਰਾ ਮਿਲਾਪ ਹੋਣ ਦੇ ਸਿੱਟੇ ਵਜੋਂ ਹੋਈ ਹੈ ਅਤੇ ਗੁਰੂ ਨਾਲ਼ ਮਿਲਾਪ ਉਸ ਵਾਹਿਗੁਰੂ ਦੀ ਮਿਹਰ ਸਦਕਾ ਹੋਇਆ ਹੈ। ਹੁਣ ਮੇਰੇ ਮਨ ਵਿੱਚ ਕੋਈ ਹਨ੍ਹੇਰਾ ਨਹੀਂ, ਰੋਸ਼ਨੀ ਹੀ ਰੋਸ਼ਨੀ ਹੈ।

ਅਸਟਪਦੀ

ਸੰਤਸੰਗਿ ਅੰਤਰਿ ਪ੍ਰਭੁ ਡੀਠਾ ।। ਨਾਮੁ ਪ੍ਰਭੂ ਕਾ ਲਾਗਾ ਮੀਠਾ ।।

ਸੰਤਾਂ ਦੀ ਸੰਗਤ ਵਿੱਚ ਜਾਣ ਨਾਲ਼ ਮੈਨੂੰ ਇਹ ਲਾਭ ਹੋਇਆ ਹੈ ਕਿ ਮੈਂ ਅਪਣੇ ਅੰਦਰ ਹੀ ਉਸ ਵਾਹਿਗੁਰੂ ਨੂੰ ਵੇਖਣ ਦੇ ਸਮਰਥ ਹੋ ਗਿਆ ਹਾਂ। ਵਾਹਿਗੁਰੂ ਦੀ ਹੋਂਦ ਅਪਣੇ ਅੰਦਰ ਹੀ ਮਹਿਸੂਸ ਕਰਨ ਦੇ ਸਿੱਟੇ ਵਜੋਂ ਮੈਨੂੰ ਵਾਹਿਗੁਰੂ ਦਾ ਨਾਮ ਮਿੱਠਾ ਲੱਗਣ ਲੱਗ ਪਿਆ ਹੈ, ਵਾਹਿਗੁਰੂ ਨਾਮ ਦਾ ਸਿਮਰਨ ਕਰ ਕੇ ਮੈਨੂੰ ਰਸ ਆਉਣ ਲੱਗ ਪਿਆ ਹੈ।

ਸਗਲ ਸਮਿਗ੍ਰੀ ਏਕਸੁ ਘਟ ਮਾਹਿ ।। ਅਨਿਕ  ਰੰਗ ਨਾਨਾ ਦ੍ਰਿਸਟਾਹਿ ।।

ਹੁਣ ਮੈਨੂੰ ਇਹ ਸਮਝ ਆ ਗਈ ਹੈ ਕਿ ਜੋ ਕੁੱਝ ਵੀ ਇਸ ਦ੍ਰਿਸ਼ਟਮਾਨ ਸੰਸਾਰ ਵਿੱਚ ਮੈਨੂੰ ਦਿਖਾਈ ਦੇ ਰਿਹਾ ਹੈ, ਉਹ ਸਭ ਉਸ ਇੱਕ ਵਾਹਿਗੁਰੂ ਦਾ ਹੀ ਰੂਪ ਹੈ, ਉਸ ਦੇ ਅਪਣੇ ਅੰਦਰੋਂ ਹੀ ਹੋਂਦ ਵਿੱਚ ਆਇਆ ਹੈ। ਇਸ ਸੰਸਾਰ ਦੀਆਂ ਸਭ ਵਸਤਾਂ ਉਸ ਦਾ ਹੀ ਪਸਾਰਾ ਹਨ। ਇਨ੍ਹਾਂ ਦੇ ਰਾਹੀਂ ਉਹ ਅਪਣੇ ਆਪ ਨੂੰ ਭਾਂਤ ਭਾਂਤ ਦੇ ਰੰਗਾਂ ਅਤੇ ਆਕਾਰਾਂ ਵਿੱਚ ਸਾਕਾਰ ਕਰ ਕੇ ਸਾਡੇ ਸਾਹਮਣੇ ਆਉਂਦਾ ਹੈ, ਦ੍ਰਿਸ਼ਟਮਾਨ ਹੁੰਦਾ ਹੈ।

ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ ।। ਦੇਹੀ ਮਹਿ ਇਸ ਕਾ ਬਿਸ੍ਰਾਮੁ ।।

ਉਸ ਪ੍ਰਭੂ ਦਾ ਨਾਮ ਅੰਮ੍ਰਿਤ ਦਾ ਰੂਪ ਹੈ ਜੋ ਮੋਇਆਂ ਵਿੱਚ ਜਾਨ ਪਾ ਦਿੰਦਾ ਹੈਉਸ ਦੇ ਨਾਮ ਵਿੱਚ ਸੰਸਾਰ ਦੇ ਨੌਂ ਦੇ ਨੌਂ ਖ਼ਜ਼ਾਨੇ ਛੁਪੇ ਹੋਏ ਹਨ। ਸਭ ਤੋਂ ਵੱਡੀ ਗੱਲ ਇਹ ਕਿ ਇਹ ਨਾਮ ਅਤੇ ਇਸ ਨਾਮ ਦਾ ਧਾਰਕ ਸਾਡੇ ਸਰੀਰ ਦੇ ਅੰਦਰ ਹੀ ਵਸਦਾ ਹੈ।

ਸੁੰਨ ਸਮਾਧਿ ਅਨਹਤ ਤਹ ਨਾਦ ।। ਕਹਨੁ ਨ ਜਾਈ ਅਚਰਜ ਬਿਸਮਾਦ ।।

ਉਹ ਪ੍ਰਭੂ ਸਾਡੇ ਸਰੀਰ ਦੇ ਉਸ ਹਿੱਸੇ ਵਿੱਚ ਵਸ ਰਿਹਾ ਹੈ ਜਿੱਥੇ ਬਾਹਰ ਦੇ ਰੌਲ਼ੇ ਰੱਪੇ ਦਾ ਕੋਈ ਅਸਰ ਨਹੀਂ ਹੁੰਦਾ, ਜਿੱਥੇ ਸੁਰਤ ਇਕਾਗਰ ਕਰ ਕੇ ਆਵਾਜ਼ ਰਹਿਤ ਦੈਵੀ ਸੰਗੀਤ (ਅਨਹਤ ਨਾਦ) ਸੁਣਾਈ ਦਿੰਦਾ ਹੈ। (ਇਸ ਹਿੱਸੇ ਨੂੰ ਦਸਵਾਂ ਦੁਆਰ ਕਿਹਾ ਜਾਂਦਾ ਹੈ) ਉਸ ਦੀ ਮੌਜੂਦਗੀ ਦਾ ਇਹ ਅਨੁਭਵ ਇੱਕ ਅਜਿਹਾ ਅਸਚਰਜ-ਜਨਕ ਅਨੁਭਵ ਹੈ ਜੋ ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ, ਬਿਆਨ ਨਹੀਂ ਕੀਤਾ ਜਾ ਸਕਦਾ ਅਤੇ ਜੋ ਸਾਡੇ ਮਨ ਨੂੰ ਅਨੰਦ ਨਾਲ਼ ਭਰ ਦਿੰਦਾ ਹੈ।

ਤਿਨਿ ਦੇਖਿਆ ਜਿਸੁ ਆਪਿ ਦਿਖਾਏ ।। ਨਾਨਕ ਤਿਸੁ ਜਨ ਸੋਝੀ ਪਾਏ ।। 1 ।।

ਗੁਰੂ ਜੀ ਦਾ ਕਥਨ ਹੈ ਕਿ ਅਪਣੇ ਅੰਦਰ ਉਸ ਅਕਾਲ ਪੁਰਖ ਦੀ ਹੋਂਦ ਨੂੰ ਹਰ ਕੋਈ ਅਨੁਭਵ ਨਹੀਂ ਕਰ ਸਕਦਾ। ਉਹ ਪ੍ਰਾਣੀ ਹੀ ਇਸ ਅਨੁਭਵ ਨੂੰ ਮਾਣ ਸਕਦਾ ਹੈ ਜਿਸ ਨੂੰ ਉਹ ਪ੍ਰਭੂ ਆਪ ਮਿਹਰਬਾਨ ਹੋ ਕੇ ਅਜਿਹਾ ਕਰਨ ਦੀ ਸਮਰਥਾ ਬਖਸ਼ਿਸ਼ ਕਰ ਦੇਵੇ। ਜਿਸ ਜੀਵ ਨੂੰ ਉਹ ਦਿਆਲ ਹੋ ਕੇ ਅਪਣਾ ਆਪ ਦਿਖਾਉਣਾ ਚਾਹੁੰਦਾ ਹੈ, ਉਸ ਨੂੰ ਅਜਿਹੀ ਸਮਝ ਦੀ ਦਾਤ ਦੇ ਦਿੰਦਾ ਹੈ ਜਿਸ ਦੀ ਸਹਾਇਤਾ ਨਾਲ਼ ਉਹ ਉਸ ਨੂੰ ਅਪਣੇ ਅੰਦਰ ਹੀ ਦੇਖ ਸਕੇ 

ਸੋ ਅੰਤਰਿ ਸੋ ਬਾਹਰਿ ਅਨੰਤ ।। ਘਟਿ ਘਟਿ ਬਿਆਪਿ ਰਹਿਆ ਭਗਵੰਤ ।।

ਜਦੋਂ ਕਿਸੇ ਪ੍ਰਾਣੀ ਨੂੰ ਇਹ ਸਮਝ ਆ ਜਾਂਦੀ ਹੈ ਤਾਂ ਉਸ ਨੂੰ ਅਪਣੇ ਅੰਦਰ ਅਤੇ ਬਾਹਰ ਹਰ ਥਾਂ ਉਹ ਅਨੰਤ ਪ੍ਭੂ ਹੀ ਦਿਖਾਈ ਦਿੰਦਾ ਹੈ। ਉਹ ਪ੍ਰਾਣੀ ਫਿਰ ਇਹ ਤੱਤ ਗਿਆਨ ਦੀ ਗੱਲ ਸਮਝ ਜਾਂਦਾ ਹੈ ਕਿ ਘਟ ਘਟ ਦੇ ਅੰਦਰ (ਹਰ ਵਸਤ ਦੇ ਅੰਦਰ) ਉਹ ਪ੍ਰਭੂ ਵਿਆਪ ਰਿਹਾ ਹੈ, ਹਰ ਜੜ੍ਹ ਅਤੇ ਚੇਤਨ ਵਸਤ ਦੇ ਅੰਦਰ ਸਮਾਇਆ ਹੋਇਆ ਹੈ। 

ਧਰਨਿ ਮਾਹਿ ਆਕਾਸ ਪਇਆਲ ।। ਸਰਬ ਲੋਕ ਪੂਰਨ ਪ੍ਰਤਿਪਾਲ ।।

ਧਰਤੀ ਉੱਤੇ, ਆਕਾਸ਼ ਵਿੱਚ ਅਤੇ ਪਾਤਾਲ਼ ਵਿੱਚ ਜਿੰਨੇ ਵੀ ਜੀਵ ਵਸਦੇ ਹਨ, ਉਨ੍ਹਾਂ ਸਭ ਦੀ ਪਾਲਣਾ ਅਤੇ ਸਾਂਭ ਸੰਭਾਲ਼ ਪੂਰਨ ਤੌਰ ਤੇ ਉਹ ਪ੍ਰਭੂ ਆਪ ਹੀ ਕਰਦਾ ਹੈ।

ਬਨਿ ਤਿਨਿ ਪਰਬਤਿ ਹੈ ਪਾਰਬ੍ਰਹਮੁ ।। ਜੈਸੀ ਆਗਿਆ ਤੈਸਾ ਕਰਮੁ ।।

ਪਹਾੜਾਂ ਵਿੱਚ, ਜੰਗਲ਼ ਦੇ ਰੁੱਖਾਂ ਵਿੱਚ ਅਤੇ ਘਾਹ ਫੂਸ ਦੇ ਤਿਣਕਿਆਂ ਵਿੱਚ ਹਰ ਥਾਂ ਉਹ ਪਾਰਬ੍ਰਹਮ ਆਪ ਵਸਦਾ ਹੈ। ਉਹ ਹੀ ਸਭ ਕੁੱਝ ਕਰਨ ਅਤੇ ਕਰਵਾਉਣ ਵਾਲ਼ਾ ਹੈ। ਸ੍ਰਿਸ਼ਟੀ ਦੇ ਸਾਰੇ ਜੀਵ ਉਹੋ ਕੁੱਝ ਕਰਦੇ ਹਨ ਜੋ ਉਸ ਦਾ ਹੁਕਮ ਹੁੰਦਾ ਹੈ। ਹੁਕਮੈ ਅੰਦਰਿ ਸਭ ਕੋ ਬਾਹਰਿ ਹੁਕਮ ਨ ਕੋਇ।

ਪਉਣ ਪਾਣੀ ਬੈਸੰਤਰ ਮਾਹਿ ।। ਚਾਰਿ ਕੁੰਟ ਦਹ ਦਿਸੇ ਸਮਾਹਿ ।।

ਹਵਾ, ਪਾਣੀ ਅਤੇ ਅਗਨੀ ਸਭ ਦੇ ਅੰਦਰ ਉਹ ਪਾਰਬ੍ਰਹਮ ਆਪ ਵਸਿਆ ਹੋਇਆ ਹੈ। ਚਹੁੰਆਂ ਕੁੰਟਾਂ ਵਿੱਚ ਅਤੇ ਦਸਾਂ ਹੀ ਦਿਸ਼ਾਵਾਂ ਵਿੱਚ ਹਰ ਸ਼ੈ ਵਿੱਚ ਉਹ ਸਮਾਇਆ ਹੋਇਆ ਹੈ।

ਤਿਸ ਤੇ ਭਿੰਨ ਨਹੀ ਕੋ ਠਾਉ ।। ਗੁਰਪ੍ਰਸਾਦਿ ਨਾਨਕ ਸੁਖੁ ਪਾਉ ।। 2 ।।

ਸਮੁੱਚੀ ਸ੍ਰਿਸ਼ਟੀ ਵਿੱਚ ਕੋਈ ਥਾਂ ਅਜਿਹੀ ਨਹੀਂ ਜਿੱਥੇ ਉਹ ਮੌਜੂਦ ਨਾ ਹੋਵੇ, ਜਿਹੜੀ ਉਸ ਤੋਂ ਵੱਖ ਹੋਵੇ। ਪਰ ਗੁਰੂ ਜੀ ਸਪਸ਼ਟ ਕਰਦੇ ਹਨ ਕਿ ਇਸ ਤੱਤ ਨੂੰ ਸਮਝਣ ਅਤੇ ਇਸ ਦਾ ਅਨੰਦ ਮਾਣਨ ਦਾ ਸੁਖ ਉਸ ਜੀਵ ਨੂੰ ਹੀ ਨਸੀਬ ਹੁਂਦਾ ਹੈ ਜਿਸਦੇ ਉੱਤੇ ਗੁਰੂ ਦੀ ਕਿਰਪਾ ਹੋ ਜਾਵੇ।

ਬੇਦ ਪੁਰਾਨ ਸਿੰਮ੍ਰਿਤਿ ਮਹਿ ਦੇਖੁ ।। ਸਸੀਅਰ ਸੂਰ ਨਖ੍ਯਤ੍ਰ ਮਹਿ ਏਕੁ ।

ਵੇਦਾਂ, ਪੁਰਾਣਾਂ ਅਤੇ ਸਿੰਮ੍ਰਿਤੀਆਂ ਆਦਿ ਸਾਰੇ ਧਰਮ ਗ੍ਰੰਥਾਂ ਦੇ ਗਿਆਨ ਵਿੱਚ ਉਸ ਪਾਰਬ੍ਰਹਮ ਦੇ ਹੀ ਦਰਸ਼ਨ ਹੁੰਦੇ ਹਨ। ਸੂਰਜ, ਚੰਦ, ਤਾਰਿਆਂ ਅਤੇ ਨਛੱਤਰਾਂ (ਗ੍ਰਹਿਆਂ) ਸਭ ਦੇ ਵਿੱਚ ਇੱਕੋ ਇੱਕ ਪ੍ਰਮਾਤਮਾ ਹੀ ਵਸਿਆ ਹੋਇਆ ਹੈ।

ਬਾਣੀ ਪ੍ਰਭ ਕੀ ਸਭੁ ਕਉ ਬੋਲੈ ।। ਆਪਿ ਅਡੋਲੁ ਨ ਕਬਹੂ ਡੋਲੈ ।।

ਇਹ ਸਾਰੇ ਉਸ ਪ੍ਰਭੂ ਦੀ ਬਾਣੀ ਹੀ ਬੋਲਦੇ ਹਨ, ਉਸ ਦੀ ਸਰਬ ਵਿਆਪਕਤਾ ਦਾ ਬੋਧ ਹੀ ਕਰਵਾਉਂਦੇ ਹਨ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਬਾਵਜੂਦ ਇਸ ਗੱਲ ਦੇ ਕਿ ਇਹ ਸਾਰੀਆਂ ਖੇਡ੍ਹਾਂ ਉਹ ਆਪ ਹੀ ਖੇਡ੍ਹ ਰਿਹਾ ਹੈ, ਉਹ ਆਪ ਅਡੋਲ ਰਹਿੰਦਾ ਹੈ, ਕਦੇ ਡੋਲਦਾ ਨਹੀਂ, ਉਸ ਵਿੱਚ ਕਦੇ ਕੋਈ ਬਦਲਾਵ ਨਹੀਂ ਆਉਂਦਾ ਜਦ ਕਿ ਉਸ ਨੂੰ ਦ੍ਰਿਸ਼ਟਮਾਨ ਕਰਨ ਵਾਲ਼ੇ ਇਹ ਸਭ ਬਦਲਦੇ ਰਹਿੰਦੇ ਹਨ।

ਸਰਬ ਕਲਾ ਕਰਿ ਖੇਲੈ ਖੇਲ ।। ਮੋਲਿ ਨ ਪਾਈਐ ਗੁਣਹ ਅਮੋਲ ।।

ਉਹ ਅਕਾਲ ਪੁਰਖ ਹਰ ਤਰਾਂ ਦੀ ਵਿੱਦਿਆ, ਹੁਨਰ, ਗਿਆਨ ਅਤੇ ਸ਼ਕਤੀ ਦਾ ਮਾਲਕ ਹੈ, ਸਰਬ ਕਲਾ ਪ੍ਰਬੀਨ ਹੈ। ਅਪਣੇ ਇਸ ਸਾਰੇ ਗਿਆਨ, ਹੁਨਰ ਅਤੇ ਸ਼ਕਤੀ ਦਾ ਪ੍ਰਯੋਗ ਕਰਦਾ ਹੋਇਆ ਉਹ ਇਸ ਸਾਰੀ ਖੇਡ੍ਹ ਨੂੰ ਚਲਾਉਂਦਾ ਰਹਿੰਦਾ ਹੈ। ਉਸ ਦੇ ਗੁਣ ਐਨੇ ਹਨ ਕਿ ਉਨ੍ਹਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਉਸ ਦੇ ਗੁਣਾਂ ਬਾਰੇ ਸੋਚ ਸੋਚ ਕੇ ਸਾਡੀ ਸਮਝ ਥੱਕ ਜਾਂਦੀ ਹੈ, ਹਾਰ ਮੰਨ ਜਾਂਦੀ ਹੈ ਪਰ ਉਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ।

ਸਰਬ ਜੋਤਿ ਮਹਿ ਜਾ ਕੀ ਜੋਤਿ ।। ਧਾਰਿ ਰਹਿਓ ਸੁਆਮੀ ਓਤਿ ਪੋਤਿ ।।

ਹਰ ਇੱਕ ਪ੍ਰਕਾਸ਼ਮਾਨ (ਦ੍ਰਿਸ਼ਟਮਾਨ) ਪਦਾਰਥ ਦੇ ਅੰਦਰ ਉਸ ਪ੍ਰਭੂ ਦਾ ਹੀ ਪ੍ਰਕਾਸ਼ ਵਸਦਾ ਹੈ। ਉਹ ਮਾਲਕ ਤਾਣੇ ਪੇਟੇ ਵਾਂਗ ਹਰ ਵਸਤ ਦਾ ਹਿੱਸਾ ਬਣ ਕੇ ਉਸ ਨੂੰ ਸਹਾਰਾ ਦੇ ਰਿਹਾ ਹੈ।

ਗੁਰਪਰਸਾਦਿ ਭਰਮ ਕਾ ਨਾਸੁ ।। ਨਾਨਕ ਤਿਨ ਮਹਿ ਏਹੁ ਬਿਸਾਸੁ ।। 3 ।।

ਪਰ ਗੁਰੂ ਜੀ ਦ੍ਰਿੜ੍ਹ ਕਰਵਾਉਂਦੇ ਹਨ ਕਿ ਜੀਵਾਂ ਦੇ ਅੰਦਰ ਪ੍ਰਮਾਤਮਾ ਬਾਰੇ ਪਾਏ ਜਾਣ ਵਾਲ਼ੇ ਭਰਮਾਂ, ਭੁਲੇਖਿਆਂ ਦਾ ਹਨ੍ਹੇਰਾ ਗੁਰੂ ਦੀ ਕਿਰਪਾ ਨਾਲ਼ ਹੀ ਦੂਰ ਹੁੰਦਾ ਹੈ। ਜਿਨ੍ਹਾਂ ਜੀਵਾਂ ਦੇ ਅੰਦਰੋਂ ਇਹ ਹਨ੍ਹੇਰਾ ਦੂਰ ਹੋ ਜਾਵੇ, ਉਨ੍ਹਾਂ ਦੇ ਮਨ ਅੰਦਰ ਹੀ ਇਹ ਵਿਸ਼ਵਾਸ਼ ਪੱਕਾ ਹੁੰਦਾ ਹੈ ਕਿ ਉਹ ਪ੍ਰਭੂ ਸਰਬ-ਵਿਆਪਕ ਹੈ।

ਸੰਤ ਜਨਾ ਕਾ ਪੇਖਨੁ ਸਭੁ ਬ੍ਰਹਮ ।। ਸੰਤ ਜਨਾ ਕੈ ਹਿਰਦੈ ਸਭਿ ਧਰਮ ।।

ਸੰਤ ਪੁਰਖਾਂ ਨੂੰ ਹਰ ਵਸਤ ਦੇ ਅੰਦਰ ਕੇਵਲ ਪਾਰਬ੍ਰਹਮ ਪਰਮੇਸ਼ਰ ਹੀ ਨਜ਼ਰ ਆਉਂਦਾ ਹੈ, ਹੋਰ ਕੁੱਝ ਦਿਖਾਈ ਨਹੀਂ ਦਿੰਦਾ। ਉਨ੍ਹਾਂ ਦੇ ਹਿਰਦੇ ਵਿੱਚ ਕੇਵਲ ਉਹ ਅਸੂਲ ਹੀ ਵਸੇ ਹੁੰਦੇ ਹਨ ਜਿਨ੍ਹਾਂ ਦੇ ਸਹਾਰੇ ਸ੍ਰਿਸ਼ਟੀ ਚੱਲਦੀ ਹੈ। ਇਨ੍ਹਾਂ ਅਸੂਲਾਂ ਨੂੰ ਹੀ ਧਰਮ ਦਾ ਨਾਂ ਦਿੱਤਾ ਜਾਂਦਾ ਹੈ।

ਸੰਤ ਜਨਾ ਸੁਨਹਿ ਸੁਭ ਬਚਨ ।। ਸਰਬ ਬਿਆਪੀ ਰਾਮ ਸੰਗਿ ਰਚਨ ।।

ਸੰਤ ਜਨ ਜੋ ਵੀ ਸੁਣਦੇ ਹਨ, ਉਸ ਵਿੱਚੋਂ ਉਨ੍ਹਾਂ ਨੂੰ ਪ੍ਰਮਾਤਮਾ ਦੇ ਸ਼ੁਭ ਬਚਨ ਹੀ ਸੁਣਾਈ ਦਿੰਦੇ ਹਨ। ਇਸ ਕਰਕੇ ਉਹ ਕਿਸੇ ਵੀ ਗੱਲ ਦਾ ਬੁਰਾ ਨਹੀਂ ਮਨਾਉਂਦੇ। ਇਹ ਸਭ ਇਸ ਲਈ ਹੁੰਦਾ ਹੈ ਕਿਉਂਕਿ ਉਹ ਹਰ ਵੇਲ਼ੇ ਸਰਬ ਵਿਆਪਕ ਪ੍ਰਮਾਤਮਾ ਨਾਲ਼ ਹੀ ਜੁੜੇ ਰਹਿੰਦੇ ਹਨ, ਉਸ ਦੇ ਪਿਆਰ ਵਿੱਚ ਹੀ ਮਗਨ ਰਹਿੰਦੇ ਹਨ।

ਜਿਨਿ ਜਾਤਾ ਤਿਸ ਕੀ ਇਹ ਰਹਤ ।। ਸਤਿ ਬਚਨ ਸਾਧੂ ਸਭਿ ਕਹਤ ।।

ਜਿਹੜੇ ਜੀਵ ਪ੍ਰਮਾਤਮਾ ਨੂੰ ਜਾਣ ਅਤੇ ਸਮਝ ਲੈਂਦੇ ਹਨ ਉਨ੍ਹਾਂ ਦਾ ਜੀਵਨ ਢੰਗ ਇਸ ਤਰਾਂ ਦਾ ਬਣ ਜਾਂਦਾ ਹੈ ਜਿਸ ਤਰਾਂ ਦਾ ਉੱਪਰ ਦੱਸਿਆ ਹੈ। ਸੰਤ ਪੁਰਖ ਜੋ ਵੀ ਕਹਿੰਦੇ ਹਨ ਉਹ ਸੱਚ ਹੀ ਹੁੰਦਾ ਹੈ ਕਿਉਂਕਿ ਇਹ ਉਨ੍ਹਾਂ ਦੇ ਅੰਦਰ ਵਸਦੇ ਪ੍ਰਮਾਤਮਾ ਦੀ ਆਵਾਜ਼ ਹੁੰਦੀ ਹੈ।

ਜੋ ਜੋ ਹੋਇ ਸੋਈ ਸੁਖੁ ਮਾਨੈ ।। ਕਰਨ ਕਰਾਵਨਹਾਰੁ ਪ੍ਰਭੁ ਜਾਨੈ ।

ਜੋ ਕੁੱਝ ਵੀ ਉਨ੍ਹਾਂ ਨਾਲ਼ ਹੁੰਦਾ ਹੈ, ਉਹ ਉਸ ਨੂੰ ਭਲਾ ਹੀ ਜਾਣਦੇ ਹਨ। ਜੋ ਮਰਜ਼ੀ ਹੋ ਜਾਵੇ, ਦੁੱਖ ਹੋਵੇ, ਸੁਖ ਹੋਵੇ, ਨਫ਼ਾ ਹੋਵੇ, ਨੁਕਸਾਨ ਹੋਵੇ, ਉਹ ਕਦੇ ਇਹ ਨਹੀਂ ਕਹਿੰਦੇ ਕਿ ਬੁਰਾ ਹੋਇਆ ਹੈ। ਦੁੱਖ ਨੂੰ ਵੀ ਸੁਖ ਕਰ ਕੇ ਪ੍ਰਵਾਨ ਕਰਦੇ ਹਨ। ਇਹ ਸਮਝ ਉਨ੍ਹਾਂ ਨੂੰ ਇਸ ਕਰਕੇ ਆ ਜਾਂਦੀ ਹੈ ਕਿਉਂਕਿ ਉਹ ਜਾਣਦੇ ਹਨ ਕਿ ਸਭ ਕੁੱਝ ਦਾ ਕਰਨ ਕਰਾਉਣ ਵਾਲ਼ਾ ਆਪ ਪ੍ਰਮਾਤਮਾ ਹੀ ਹੈ, ਜੋ ਹੋ ਰਿਹਾ ਹੈ ਸਭ ਉਸ ਦੇ ਹੁਕਮ ਅੰਦਰ ਹੋ ਰਿਹਾ ਹੈ।

ਅੰਤਰਿ ਬਸੇ ਬਾਹਰਿ ਭੀ ਓਹੀ ।। ਨਾਨਕ ਦਰਸਨੁ ਦੇਖਿ ਸਭ ਮੋਹੀ ।। 4 ।।

ਸੰਤ ਪੁਰਖਾਂ ਨੂੰ ਇਹ ਮਹਿਸੂਸ ਹੋਣ ਲੱਗ ਪੈਂਦਾ ਹੈ ਕਿ ਉਨ੍ਹਾਂ ਦੇ ਅੰਦਰ ਅਤੇ ਬਾਹਰ ਹਰ ਥਾਂ ਅਕਾਲ ਪੁਰਖ ਆਪ ਹੀ ਵਸਦਾ ਹੈ, ਜੋ ਪ੍ਰਮਾਤਮਾ ਉਨ੍ਹਾਂ ਦੇ ਅੰਦਰ ਬਿਰਾਜਮਾਨ ਹੈ, ਉਹ ਹੀ ਬਾਕੀ ਸਾਰੇ ਜੀਵਾਂ ਅੰਦਰ ਬਿਰਾਜਮਾਨ ਹੈ। ਗੁਰੂ ਜੀ ਦਾ ਕਥਨ ਹੈ ਕਿ ਉਸ ਕਣ ਕਣ ਅੰਦਰ ਵਸਣ ਵਾਲ਼ੇ ਮਾਲਕ ਦੇ ਦਰਸ਼ਨ ਜਿਨ੍ਹਾਂ ਨੂੰ ਹੋ ਜਾਂਦੇ ਹਨ, ਉਹ ਸਭ ਉਸ ਦੀ ਸੁੰਦਰਤਾ ਤੇ ਮੋਹਿਤ ਹੋ ਜਾਂਦੇ ਹਨ, ਉਸ ਨੂੰ ਪਿਆਰ ਕਰਨ ਲੱਗ ਪੈਂਦੇ ਹਨ।

ਆਪਿ ਸਤਿ ਕੀਆ ਸਭੁ ਸਤਿ ।। ਤਿਸੁ ਪ੍ਰਭ ਤੇ ਸਗਲੀ ਉਤਪਤਿ ।।

ਉਹ ਪ੍ਰਭੂ ਆਪ ਵੀ ਸੱਚਾ ਹੈ, ਸਦੀਵੀ ਰਹਿਣ ਵਾਲ਼ਾ ਹੈ ਅਤੇ ਜੋ ਸ੍ਰਿਸ਼ਟੀ ਉਸ ਨੇ ਸਿਰਜੀ ਹੈ, ਉਹ ਵੀ ਸੱਚ ਹੈ, ਛਲਾਵਾ ਜਾਂ ਫਰੇਬ ਨਹੀਂ। ਜੋ ਵੀ ਦ੍ਰਿਸ਼ਟਮਾਨ ਸੰਸਾਰ ਅਸੀਂ ਦੇਖਦੇ ਹਾਂ, ਸਭ ਉਸ ਈਸ਼ਵਰ ਦੇ ਅਪਣੇ ਆਪ ਤੋਂ ਹੀ ਪੈਦਾ ਹੋਇਆ ਹੈ, ਸਭ ਉਸ ਦਾ ਹੀ ਵਿਸਥਾਰ ਹੈ।

ਤਿਸੁ ਭਾਵੈ ਤਾ ਕਰੇ ਬਿਸਥਾਰੁ ।। ਤਿਸੁ ਭਾਵੈ ਤਾ ਏਕੰਕਾਰੁ ।।

ਜਦੋਂ ਉਸ ਨੂੰ ਭਾਉਂਦਾ ਹੈ, ਉਸ ਦਾ ਮਨ ਕਰਦਾ ਹੈ. ਉਹ ਅਪਣਾ ਫੈਲਾਓ ਕਰ ਕੇ ਜਗਤ ਦੀ ਰਚਨਾ ਕਰ ਦਿੰਦਾ ਹੈ, ਇੱਕ ਰੂਪ ਤੋਂ ਅਨੇਕ ਸਰੂਪ ਬਣ ਜਾਂਦਾ ਹੈ ਅਤੇ ਜਦੋਂ ਚਾਹੇ ਇਸ ਸਾਰੇ ਪਸਾਰੇ ਨੂੰ ਸਮੇਟ ਕੇ ਮੁੜ ਇੱਕ ਰੂਪ ਬਣ ਜਾਂਦਾ ਹੈ।

ਅਨਿਕ ਕਲਾ ਲਖੀ ਨਹ ਜਾਇ ।। ਜਿਸੁ ਭਾਵੈ ਤਿਸੁ ਲਏ ਮਿਲਾਇ ।।

ਉਹ ਪ੍ਰਭੂ ਏਨੇ ਹੁਨਰਾਂ ਵਿੱਚ ਮਾਹਰ ਹੈ, ਏਨੀ ਸ਼ਕਤੀ ਦਾ ਮਾਲਕ ਹੈ ਕਿ ਬਿਆਨ ਨਹੀਂ ਕੀਤਾ ਜਾ ਸਕਦਾ। ਜਿਸ ਨੂੰ ਉਹ ਚਾਹੁੰਦਾ ਹੈ, ਅਪਣੇ ਨਾਲ਼ ਮਿਲਾ ਲੈਂਦਾ ਹੈ, ਜਿਸ ਤੋਂ ਚਾਹੇ ਦੂਰੀ ਬਣਾਈ ਰੱਖਦਾ ਹੈ।

ਕਵਨ ਨਿਕਟਿ ਕਵਨ ਕਹੀਐ ਦੂਰਿ ।। ਆਪੇ ਆਪਿ ਆਪ ਭਰਪੂਰਿ ।।

ਇਹ ਕਹਿਣਾ ਸੰਭਵ ਨਹੀਂ ਕਿ ਕੌਣ ਉਸ ਦੇ ਨੇੜੇ ਹੈ ਅਤੇ ਕੌਣ ਉਸ ਤੋਂ ਦੂਰ ਹੈ। ਇਹ ਨੇੜੇ ਦੂਰ ਹੋਣ ਦੀ ਗੱਲ ਤਾਂ ਉਸ ਨੂੰ ਭਾ ਜਾਣ ਤੇ ਨਿਰਭਰ ਹੈ। ਕਿਸੇ ਨੂੰ ਨੇੜੇ ਜਾਂ ਦੂਰ ਕਿਵੇਂ ਕਹਿ ਸਕਦੇ ਹਾਂ ਜਦ ਕਿ ਸਭਨਾਂ ਦੇ ਅੰਦਰ ਉਹ ਆਪ ਹੀ ਤਾਂ ਥਾਂ ਮੱਲੀ ਬੈਠਾ ਹੈ।

ਅੰਤਰਗਤਿ ਜਿਸੁ ਆਪਿ ਜਨਾਏ ।। ਨਾਨਕ ਤਿਸੁ ਜਨ ਆਪਿ ਬੁਝਾਏ ।। 5 ।।

ਗੁਰੂ ਜੀ ਅੱਗੇ ਸਪਸ਼ਟ ਕਰਦੇ ਹਨ ਕਿ ਜਿਸ ਜੀਵ ਨੂੰ ਉਸ ਪ੍ਰਭੂ ਦੀ ਮਿਹਰ ਸਦਕਾ ਇਹ ਸਮਝ ਆ ਜਾਂਦੀ ਹੈ ਕਿ ਪ੍ਰਮਾਤਮਾ ਉਸ ਦੇ ਅੰਦਰ ਵਸਦਾ ਹੈ, ਉਸੇ ਨੂੰ ਹੀ ਅਗਲੀ ਗੱਲ ਸਮਝ ਆਉਂਦੀ ਹੈ ਕਿ ਸਭ ਦੇ ਅੰਦਰ ਹੀ ਉਹ ਆਪ ਬਿਰਾਜਮਾਨ ਹੈ। ਪਰ ਯਾਦ ਰੱਖਣ ਵਾਲ਼ੀ ਗੱਲ ਇਹ ਹੈ ਕਿ ਇਨ੍ਹਾਂ ਦੋਵਾਂ ਗੱਲਾਂ ਦੀ ਸੋਝੀ ਪ੍ਰਭੂ ਦੀ ਦਯਾ ਨਾਲ਼ ਹੀ ਆਉਂਦੀ ਹੈ।

ਸਰਬ ਭੂਤ ਆਪਿ ਵਰਤਾਰਾ ।। ਸਰਬ ਨੈਨ ਆਪਿ ਪੇਖਨਹਾਰਾ ।।

ਸੰਸਾਰ ਦੇ ਸਭ ਪ੍ਰਾਣੀਆਂ ਦੇ ਅੰਦਰ ਉਹ ਪ੍ਰਭੂ ਆਪ ਹੀ ਵਰਤਦਾ ਹੈ। ਪ੍ਰਮਾਤਮਾ ਕਣ ਕਣ ਦੇ ਅੰਦਰ ਵਸਿਆ ਹੋਇਆ ਹੈ। ਸੰਸਾਰ ਦੇ ਸਾਰੇ ਜੀਵਾਂ ਦੀਆਂ ਅੱਖਾਂ ਉਸ ਦੀਆਂ ਹੀ ਅੱਖਾਂ ਹਨ ਅਤੇ ਇਨ੍ਹਾਂ ਸਭ ਅੱਖਾਂ ਦੇ ਵਿੱਚੋ ਦੀ ਉਹ ਆਪ ਹੀ ਸੰਸਾਰ ਨੂੰ ਦੇਖਦਾ ਹੈ।

ਸਗਲ ਸਮਗ੍ਰੀ ਜਾ ਕਾ ਤਨਾ ।। ਆਪਨ ਜਸੁ ਆਪ ਹੀ ਸੁਨਾ ।।

ਸੰਸਾਰ ਦੇ ਸਾਰੇ ਪਦਾਰਥ ਉਸ ਪ੍ਰਭੂ ਦਾ ਸਰੀਰ ਹਨ। ਇਨ੍ਹਾਂ ਸਰੀਰਾਂ ਦੇ ਵਿੱਚ ਉਹ ਵਸਦਾ ਹੈ ਪ੍ਰਾਣੀਆਂ ਦੇ ਮੁਖ ਨੂੰ ਜ਼ਰੀਆ ਬਣਾ ਕੇ ਉਨ੍ਹਾਂ ਦੇ ਮੂੰਹੋਂ ਅਪਣੇ ਜਸ ਦੇ, ਵਡਿਆਈ ਦੇ ਗੀਤ ਗਾਉਣ ਵਾਲ਼ਾ ਵੀ ਉਹ ਆਪ ਹੈ ਅਤੇ ਸੁਣਨ ਵਾਲ਼ਾ ਵੀ ਆਪ ਹੈ।

ਆਵਨ ਜਾਨੁ ਇਕੁ ਖੇਲੁ ਬਨਾਇਆ ।। ਆਗਿਆਕਾਰੀ ਕੀਨੀ ਮਾਇਆ ।।

ਆਉਣਾ ਅਤੇ ਜਾਣਾ, ਜੰਮਣਾ ਅਤੇ ਮਰਨਾ, ਉਸ ਨੇ ਇੱਕ ਖੇਡ੍ਹ ਬਣਾ ਰੱਖੀ ਹੈ। ਇਸ ਖੇਡ੍ਹ ਨੂੰ ਚੱਲਦਿਆਂ ਰੱਖਣ ਲਈ ਉਸ ਨੇ ਮਾਇਆ ਦੀ ਰਚਨਾ ਕੀਤੀ ਹੋਈ ਹੈ ਜਿਹੜੀ ਉਸ ਦੇ ਹੁਕਮ ਦੀ ਪਾਬੰਦ ਹੈ ਅਤੇ ਓਹੋ ਕਰਦੀ ਹੈ ਜੋ ਉਹ ਚਾਹੁੰਦਾ ਹੈ।

ਸਭ ਕੈ ਮਧਿ ਅਲਿਪਤੋ ਰਹੈ ।। ਜੋ ਕਿਛੁ ਕਹਣਾ ਸੁ ਆਪੇ ਕਹੈ ।।

ਮਾਇਆ ਦੇ ਇਸ ਸਾਰੇ ਖਿਲਾਰੇ ਦੇ ਅੰਦਰ ਉਹ ਆਪ ਨਿਵਾਸ ਕਰ ਰਿਹਾ ਹੈ। ਪਰ ਮਹੱਤਵ ਪੂਰਨ ਸਚਾਈ ਇਹ ਵੀ ਹੈ ਕਿ ਇਸ ਸਾਰੇ ਪਸਾਰੇ ਦੇ ਦਰਮਿਆਨ ਰਹਿੰਦਾ ਹੋਇਆ ਵੀ ਉਹ ਇਸ ਸਭ ਕੁੱਝ ਤੋਂ ਬੇਲਾਗ ਹੈ, ਨਾ ਕਿਸੇ ਗੱਲ ਤੇ ਖੁਸ਼ ਹੁੰਦਾ ਹੈ, ਨਾ ਉਦਾਸ। ਇਸ ਖੇਡ੍ਹ ਨੂੰ ਖੇਡ੍ਹ ਰਹੇ ਖਿਡ੍ਹਾਰੀ ਜੋ ਕੁੱਝ ਕਹਿੰਦੇ ਹਨ, ਉਹ ਉਸ ਦੀ ਆਵਾਜ਼ ਹੁੰਦੀ ਹੈ। ਉਸ ਨੇ ਜੋ ਕੁੱਝ ਕਹਿਣਾ ਹੁੰਦਾ ਹੈ, ਉਨ੍ਹਾਂ ਨੂੰ ਮਾਧਿਅਮ ਬਣਾ ਕੇ ਉਨ੍ਹਾਂ ਦੇ ਮੂੰਹ ਤੋਂ ਅਖਵਾ ਦਿੰਦਾ ਹੈ।

ਆਗਿਆ ਆਵੈ ਆਗਿਆ ਜਾਇ ।। ਨਾਨਕ ਜਾ ਭਾਵੈ ਤਾ ਲਏ ਸਮਾਇ ।। 6 ।।

ਸਾਰੇ ਜੀਵ ਉਸ ਦੇ ਹੁਕਮ ਦੇ ਬੱਧੇ ਆਉਂਦੇ ਹਨ ਅਤੇ ਹੁਕਮ ਦੇ ਬੱਧੇ ਚਲੇ ਜਾਂਦੇ ਹਨ। ਜੀਵਾਂ ਦਾ ਜੰਮਣਾ ਅਤੇ ਮਰਨਾ ਉਸ ਦੇ ਹੀ ਹੁਕਮ ਵਿੱਚ ਹੁੰਦਾ ਹੈ। ਗੁਰੂ ਜੀ ਸਮਝਾਉਂਦੇ ਹਨ ਕਿ ਜਿੰਨਾ ਚਿਰ ਉਸ ਦਾ ਦਿਲ ਕਰਦਾ ਹੈ, ਉਹ ਇਸ ਖੇਡ੍ਹ ਨੂੰ ਚੱਲਦਾ ਰੱਖਦਾ ਹੈ ਅਤੇ ਜਦੋਂ ਜੀ ਕਰਦਾ ਹੈ, ਖੇਡ੍ਹ ਖਤਮ ਕਰ ਕੇ ਸਭ ਕੁੱਝ ਅਪਣੇ ਅੰਦਰ ਮਿਲਾ ਲੈਂਦਾ ਹੈ, ਲੀਨ ਕਰ ਲੈਂਦਾ ਹੈ ਅਤੇ ਇੱਕ ਸਰੂਪ ਹੋ ਬਹਿੰਦਾ ਹੈ।

ਇਸ ਤੇ ਹੋਇ ਸੁ ਨਾਹੀ ਬੁਰਾ ।। ਓਰੈ ਕਹਹੁ ਕਿਨੈ ਕਛੁ ਕਰਾ ।।

ਜੋ ਕੁੱਝ ਪ੍ਰਮਾਤਮਾ ਅਪਣੀ ਇੱਛਾ ਅਨੁਸਾਰ ਕਰਦਾ ਹੈ, ਉਹ ਕਦੇ ਵੀ ਬੁਰਾ ਨਹੀਂ ਹੋ ਸਕਦਾ। ਉਹ ਬੁਰਾ ਕਰ ਹੀ ਨਹੀਂ ਸਕਦਾ। ਹੋਰ ਕੋਈ ਤਾਕਤ ਹੈ ਹੀ ਨਹੀਂ ਜੋ ਕੁੱਝ ਕਰ ਸਕੇ। ਜੋ ਕੁੱਝ ਕਰਦਾ ਹੈ, ਉਹ ਹੀ ਕਰਦਾ ਹੈ, ਹੋਰ ਕੋਈ ਨਹੀਂ। ਜਦ ਹੋਰ ਕੋਈ ਕਰਨ ਵਾਲ਼ਾ ਹੈ ਹੀ ਨਹੀਂ ਤਾਂ ਕਰੇਗਾ ਕਿਵੇਂ? ਜੋ ਵੀ ਹੁੰਦਾ ਹੈ ਉਸੇ ਦਾ ਕੀਤਾ ਹੁੰਦਾ ਹੈ ਕੀ ਕੋਈ ਚੀਜ਼ ਹੈ ਜਿਹੜੀ ਉਸ ਤੋਂ ਬਿਨਾਂ ਕਿਸੇ ਹੋਰ ਨੇ ਬਣਾਈ ਹੈ, ਕੀ ਕਦੀ ਕੁੱਝ ਹੋਇਆ ਹੈ ਜੋ ਉਸ ਤੋਂ ਬਿਨਾਂ ਕਿਸੇ ਹੋਰ ਨੇ ਕੀਤਾ ਹੈ?

ਆਪਿ ਭਲਾ ਕਰਤੂਤਿ ਅਤਿ ਨੀਕੀ ।। ਆਪੇ ਜਾਨੈ ਆਪਨੇ ਜੀ ਕੀ ।।

ਪ੍ਰਮਾਤਮਾ ਆਪ ਚੰਗਾ ਹੈ, ਨੇਕ ਹੈ। ਇਸ ਕਰਕੇ ਜੋ ਉਹ ਕਰਦਾ ਹੈ, ਉਹ ਵੀ ਚੰਗਾ ਹੀ ਹੈ। ਪਰ ਉਸ ਦੇ ਮਨ ਵਿੱਚ ਕੀ ਹੈ, ਉਹ ਕੀ ਕਰਨਾ ਚਾਹੁੰਦਾ ਹੈ, ਇਹ ਉਹ ਆਪ ਹੀ ਜਾਣਦਾ ਹੈ। ਉਹ ਸਭ ਦੇ ਦਿਲਾਂ ਦੀਆਂ ਜਾਣਨ ਵਾਲ਼ਾ ਹੈ ਪਰ ਉਸ ਦੇ ਦਿਲ ਦੀ ਕੋਈ ਨਹੀਂ ਜਾਣਦਾ।

ਆਪਿ ਸਾਚੁ ਧਾਰੀ ਸਭ ਸਾਚੁ ।। ਓਤਿ ਪੋਤਿ ਆਪਨ ਸੰਗਿ ਰਾਚੁ ।।

ਸ੍ਰਿਸ਼ਟੀ ਦਾ ਰਚਣਹਾਰਾ ਆਪ ਸੱਚਾ ਹੈ, ਸਦੀਵੀ ਅਤੇ ਕਦੇ ਨਾ ਬਦਲਣ ਵਾਲ਼ਾ ਹੈਇਸ ਲਈ ਉਸ ਦੀ ਬਣਾਈ ਸ੍ਰਿਸ਼ਟੀ, ਜੋ ਉਸ ਦੇ ਸਹਾਰੇ ਕਾਇਮ ਹੈ, ਵੀ ਸੱਚ ਹੈ। ਉਹ ਤਾਣੇ ਅਤੇ ਪੇਟੇ ਦੀ ਤਰਾਂ ਇਸ ਦੇ ਨਾਲ਼ ਇੱਕ ਮਿੱਕ, ਓਤ ਪ੍ਰੋਤ ਹੋ ਕੇ ਇਸ ਦੇ ਵਿੱਚ ਸਮਾਇਆ ਹੋਇਆ ਹੈ। ਉਸ ਮਾਲਕ ਦੀਆਂ ਤੰਦਾਂ ਅਤੇ ਸ੍ਰਿਸ਼ਟੀ ਦੀਆਂ ਤੰਦਾਂ ਤਾਣੇ ਅਤੇ ਪੇਟੇ ਵਾਂਗ ਇੱਕ ਦੂਜੇ ਨਾਲ਼ ਮਿਲੀਆਂ ਹੋਈਆਂ ਹਨ।

ਤਾ ਕੀ ਗਤਿ ਮਿਤਿ ਕਹੀ ਨ ਜਾਇ ।। ਦੂਸਰ ਹੋਇ ਤ ਸੋਝੀ ਪਾਇ ।।

ਉਸ ਦੀ ਗਤਿ ਮਿਤਿ ਕੋਈ ਨਹੀਂ ਸਮਝ ਸਕਦਾ, ਕੋਈ ਨਹੀਂ ਬਿਆਨ ਕਰ ਸਕਦਾ। ਉਹ ਕਿੰਨਾ ਵੱਡਾ ਹੈ, ਕਿੰਨਾ ਸ਼ਕਤੀਸ਼ਾਲੀ ਹੈ, ਕੀ ਕਰਦਾ ਹੈ, ਕਿਉਂ ਕਰਦਾ ਹੈ, ਸ੍ਰਿਸ਼ਟੀ ਦੀ ਰਚਨਾ ਪਿੱਛੇ ਉਸ ਦਾ ਕੀ ਮਕਸਦ ਹੈ, ਇਹ ਸਭ ਗੱਲਾਂ ਸਾਡੀ ਸਮਝ ਤੋਂ ਬਾਹਰ ਹਨ। ਜੇ ਕੋਈ ਦੂਜਾ ਉਸ ਵਰਗਾ ਜਾਂ ਉਸ ਤੋਂ ਵੱਡਾ ਹੋਵੇ ਤਾਂ ਉਹ ਇਨ੍ਹਾਂ ਗੱਲਾਂ  ਨੂੰ ਸਮਝੇ। ਅਸੀਂ ਉਸ ਦੇ ਰਚੇ ਜੀਵ ਇੱਥੋਂ ਤੱਕ ਕਿਵੇਂ ਪਹੁੰਚ ਸਕਦੇ ਹਾਂ।

ਤਿਸ ਕਾ ਕੀਆ ਸਭੁ ਪਰਵਾਨੁ ।। ਗੁਰਪ੍ਰਸਾਦਿ ਨਾਨਕ ਇਹੁ ਜਾਨੁ ।। 7 ।।

ਜੋ ਉਹ ਕਰਦਾ ਹੈ, ਜੋ ਉਸ ਨੇ ਕੀਤਾ ਹੈ, ਉਸ ਤੇ ਸਵਾਲ ਖੜ੍ਹੇ ਕਰਨਾ ਸਾਨੂੰ ਸ਼ੋਭਾ ਨਹੀਂ ਦਿੰਦਾ। ਗੁਰੂ ਜੀ ਸਮਝਾਉਂਦੇ ਹਨ ਕਿ ਉਹ ਜੋ ਕਰਦਾ ਕਰਾਉਂਦਾ ਹੈ, ਉਸ ਨੂੰ ਬਿਨਾਂ ਕਿਸੇ ਕਿੰਤੂ ਪ੍ਰੰਤੂ ਤੋਂ ਸਵੀਕਾਰ ਕਰ ਲੈਣਾ ਚਾਹੀਦਾ ਹੈ। ਪਰ ਇਹ ਗੱਲ ਗੁਰੂ ਦੀ ਕਿਰਪਾ ਨਾਲ਼ ਹੀ, ਉਸ ਦੇ ਉਪਦੇਸ਼ ਰਾਹੀਂ ਹੀ ਸਮਝ ਆਉਂਦੀ ਹੈ

ਜੋ ਜਾਨੈ ਤਿਸੁ ਸਦਾ ਸੁਖੁ ਹੋਇ ।। ਆਪਿ ਮਿਲਾਇ ਲਏ ਪ੍ਰਭੁ ਸੋਇ ।।

ਜਿਹੜਾ ਪ੍ਰਾਣੀ ਇਨ੍ਹਾਂ ਉੱਪਰ ਬਿਆਨ ਕੀਤੀਆਂ ਸਚਾਈਆਂ ਨੂੰ ਸਮਝ ਲੈਂਦਾ ਹੈ ਅਤੇ ਸਮਝ ਕੇ ਸਵੀਕਾਰ ਲੈਂਦਾ ਹੈ, ਉਹ ਸਦਾ ਸੁਖੀ ਰਹਿੰਦਾ ਹੈ ਕਿਉਂਕਿ ਉਸ ਦੇ ਮਨ ਤੋਂ ਸ਼ੰਕਿਆਂ ਦਾ ਭਾਰ ਲਹਿ ਜਾਂਦਾ ਹੈ। ਉਸ ਤੇ ਪ੍ਰਭੂ ਦੀ ਅਜਿਹੀ ਕਿਰਪਾ ਹੁੰਦੀ ਹੈ ਕਿ ਉਹ ਖੁਸ਼ ਹੋ ਕੇ ਉਸ ਨੂੰ ਅਪਣੇ ਨਾਲ਼ ਹੀ ਮਿਲਾ ਲੈਂਦਾ ਹੈ, ਅਪਣੇ ਵਿੱਚ ਹੀ ਸਮਾ ਲੈਂਦਾ ਹੈ।

ਓਹੁ ਧਨਵੰਤੁ ਕੁਲਵੰਤੁ ਪਤਿਵੰਤੁ ।। ਜੀਵਨ ਮੁਕਤਿ ਜਿਸੁ ਰਿਦੈ ਭਗਵੰਤੁ ।।

ਇਸ ਤਰਾਂ ਦਾ ਪ੍ਰਭੂ ਦਾ ਸੇਵਕ, ਜਿਸ ਦੇ ਹਿਰਦੇ ਵਿੱਚ ਭਗਵਾਨ ਆਪ ਵਸ ਗਿਆ ਹੋਵੇ, ਸਭ ਤੋਂ ਵੱਧ ਧਨਵਾਨ, ਸਭ ਤੋਂ ਵੱਧ ਕੁਲੀਨ (ਉੱਚੀ ਕੁਲ ਵਾਲ਼ਾ) ਅਤੇ ਸਭ ਤੋਂ ਵੱਧ ਆਦਰ ਯੋਗ ਹੁੰਦਾ ਹੈ। ਅਜਿਹਾ ਜੀਵ ਜਿਸ ਦੇ ਦਿਲ ਦੇ ਅੰਦਰ ਪ੍ਰਮਾਤਮਾ ਆਪ ਵਸਦਾ ਹੈ, ਅਪਣੇ ਜੀਵਨ ਦੌਰਾਨ ਹੀ ਮੁਕਤੀ ਪ੍ਰਾਪਤ ਕਰ ਲੈਂਦਾ ਹੈ ਕਿਉਂਕਿ ਉਹ ਸਾਰੇ ਫ਼ਜ਼ੂਲ ਦੇ ਪ੍ਰਸ਼ਨਾਂ ਤੋਂ ਉੱਪਰ ਉੱਠ ਜਾਂਦਾ ਹੈ।   

ਧੰਨੁ ਧੰਨੁ ਧੰਨੁ ਜਨੁ ਆਇਆ ।। ਜਿਸੁ ਪ੍ਰਸਾਦਿ ਸਭੁ ਜਗਤੁ ਤਰਾਇਆ ।।

ਅਜਿਹੇ ਮਹਾਂ ਪੁਰਖ ਦਾ ਸੰਸਾਰ ਤੇ ਜਨਮ ਲੈਣਾ ਧੰਨ ਹੈ, ਸਫਲ ਹੈ, ਕਿਉਂਕਿ ਉਹ ਕੇਵਲ ਆਪ ਹੀ ਮੁਕਤੀ ਨਹੀਂ ਪਾਉਂਦਾ ਬਲਕਿ ਹੋਰ ਵੀ ਜੋ ਜੀਵ ਉਸ ਦੀ ਸੰਗਤ ਵਿੱਚ ਆਉਂਦੇ ਹਨ, ਉਨ੍ਹਾਂ ਉੱਤੇ ਕਿਰਪਾ ਕਰ ਕੇ, ਉਨ੍ਹਾਂ ਨੂੰ ਅਪਣੇ ਬਚਨਾਂ ਰਾਹੀਂ ਸ਼ੁਭ ਸਿੱਖਿਆ ਦੇ ਕੇ, ਤਾਰ ਦਿੰਦਾ ਹੈ, ਮੁਕਤੀ ਦੇ ਅਧਿਕਾਰੀ ਬਣਾ ਦਿੰਦਾ ਹੈ।

ਜਨ ਆਵਨ ਕਾ ਇਹੈ ਸੁਆਉ ।। ਜਨ ਕੈ ਸੰਗਿ ਚਿਤਿ ਆਵੈ ਨਾਉ ।।

ਇਸ ਤਰਾਂ ਦੇ ਪ੍ਰਭੂ ਦੇ ਦਾਸ, ਮਨੁੱਖਤਾ ਦੇ ਸੇਵਕ, ਦੇ ਜਗਤ ਵਿੱਚ ਜਨਮ ਲੈਣ ਦਾ, ਪ੍ਰਮਾਤਮਾ ਵੱਲੋਂ ਉਸ ਨੂੰ ਸੰਸਾਰ ਵਿੱਚ ਭੇਜੇ ਜਾਣ ਦਾ, ਇਹ ਹੀ ਮਨੋਰਥ ਹੁੰਦਾ ਹੈ ਕਿ ਉਸ ਦੀ ਸੰਗਤ ਵਿੱਚ ਆ ਕੇ, ਉਸ ਦੀ ਸਿੱਖਿਆ ਦੇ ਪ੍ਰਭਾਵ ਅਧੀਨ, ਦੂਜੇ ਜੀਵਾਂ ਦੇ ਮਨ ਵਿੱਚ ਵੀ ਹਰੀ ਦਾ ਨਾਮ ਵਸ ਜਾਵੇ, ਉਹ ਵੀ ਨਾਮ ਸਿਮਰਨ ਦੇ ਰਸਤੇ ਤੇ ਤੁਰ ਪੈਣ ਅਤੇ ਦੁੱਖਾਂ ਕਲੇਸ਼ਾਂ ਤੋਂ ਨਿਜਾਤ ਹਾਸਲ ਕਰ ਲੈਣ।

ਆਪਿ ਮੁਕਤੁ ਮੁਕਤੁ ਕਰੈ ਸੰਸਾਰੁ ।। ਨਾਨਕ ਤਿਸੁ ਜਨ ਕਉ ਸਦਾ ਨਮਸਕਾਰੁ ।8 ।। 23 ।।

ਇਸ ਤਰਾਂ ਦੇ ਮਹਾਨ ਗੁਰਮੁਖ ਪਿਆਰੇ ਆਪ ਵੀ ਮੁਕਤੀ ਪ੍ਰਾਪਤ ਕਰ ਲੈਂਦੇ ਹਨ ਅਤੇ ਦੂਜਿਆਂ ਨੂੰ ਵੀ ਮੁਕਤੀ ਦਾ ਰਸਤਾ ਦਿਖਾ ਕੇ ਜੰਮਣ ਮਰਨ ਦੇ ਗੇੜ ਤੋਂ ਮੁਕਤੀ ਦਿਵਾ ਦਿੰਦੇ ਹਨ। ਗੁਰੂ ਜੀ ਅਜਿਹੇ ਮਹਾਂ ਪੁਰਖਾਂ ਨੂੰ ਸਤਿਕਾਰ ਸਹਿਤ ਨਮਸ਼ਕਾਰ ਕਰਦੇ ਹਨ, ਉਨ੍ਹਾਂ ਅੱਗੇ ਸਿਰ ਝੁਕਾਉਂਦੇ ਹਨ।


Comments

Popular posts from this blog

ਅਸਟਪਦੀ - 20

ਅਸਟਪਦੀ - 9