ਅਸਟਪਦੀ - 10

 ਅਸਟਪਦੀ - 10

ਸਲੋਕੁ ।।

ਉਸਤਤਿ ਕਰਹਿ ਅਨੇਕ ਜਨ ਅੰਤੁ ਨ ਪਾਰਾਵਾਰ ।।

ਨਾਨਕ ਰਚਨਾ ਪ੍ਰਭਿ ਰਚੀ ਬਹੁ ਬਿਧਿ ਅਨਿਕ ਪ੍ਰਕਾਰ ।। 1 ।।

ਉਸਤਤਿ - ਤਾਰੀਫ਼, ਪ੍ਰਸ਼ੰਸਾ, ਗੁਣ ਗਾਇਨ। ਕਰਹਿ - ਕਰਦੇ ਹਨ। ਜਨ - ਸੇਵਕ, ਦਾਸ। 

ਪਾਰਾਵਾਰ - ਉਰਲਾ ਤੇ ਪਰਲਾ ਕਿਨਾਰਾ। ਬਿਧਿ - ਤਰੀਕਿਆਂ ਨਾਲ਼।

ਅਣਗਿਣਤ ਪ੍ਰਭੂ ਦੇ ਦਾਸ ਉਸ ਦੀ ਵਡਿਆਈ ਕਰਨ ਵਿੱਚ ਲੱਗੇ ਰਹਿੰਦੇ ਹਨ ਪਰ ਇਸ ਦੇ ਬਾਵਜੂਦ ਉਸ ਈਸ਼ਵਰ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਸ ਨੂੰ ਅਤੇ ਉਸ ਦੀ ਵਡਿਆਈ ਨੂੰ ਸੰਪੂਰਨ ਰੂਪ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਉਸ ਪ੍ਰਭੂ ਨੇ ਇਹ ਜੋ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਇਸ ਨੂੰ ਵੇਖ ਕੇ ਉਸ ਦੀ ਵਡਿਆਈ ਹੀ ਕੀਤੀ ਜਾ ਸਕਦੀ ਹੈ ਪਰ ਇਸ ਨੂੰ ਸਮਝ ਸਕਣਾ, ਇਸ ਦੀ ਵਿਉਂਤਬੰਦੀ ਦੀ ਤਹਿ ਤੱਕ ਪਹੁੰਚ ਸਕਣਾ ਸੰਭਵ ਨਹੀਂ। ਈਸ਼ਵਰ ਨੇ ਇਸ ਸ੍ਰਿਸ਼ਟੀ ਦੀ ਰਚਨਾ ਕਰਦਿਆਂ ਇਸ ਵਿੱਚ ਅਥਾਹ ਵਿਭਿੰਨਤਾ ਭਰ ਦਿੱਤੀ ਹੈ, ਏਨੀ ਕਿਸਮ ਦੇ ਜੀਵ ਅਤੇ ਆਕਾਰ ਸਿਰਜੇ ਹਨ ਜਿਨ੍ਹਾਂ ਨੂੰ ਵੇਖ ਕੇ ਕੇਵਲ ਵਾਹ ਵਾਹ ਹੀ ਕਿਹਾ ਜਾ ਸਕਦਾ ਹੈ, ਕੋਈ ਤਰਕ ਕਰਨਾ ਜਾਂ ਇਸ ਦੀ ਤਹਿ ਤੱਕ ਪਹੁੰਚਣਾ ਮੁਮਕਿਨ ਨਹੀਂ।

ਅਸਟਪਦੀ ।।

ਕਈ ਕੋਟਿ ਹੋਏ ਪੂਜਾਰੀ ।। ਕਈ ਕੋਟਿ ਆਚਾਰ ਬਿਉਹਾਰੀ ।।

ਕੋਟਿ - ਕ੍ਰੋੜ। ਪੂਜਾਰੀ - ਪੂਜਾ ਕਰਨ ਵਾਲ਼ੇ, ਭਗਤ। ਆਚਾਰ ਬਿਉਹਾਰੀ - ਉੱਚੇ ਆਚਰਣ ਵਾਲ਼ੇ ਮਹਾਨ ਇਨਸਾਨ।

ਇਸ ਸੰਸਾਰ ਵਿੱਚ ਕ੍ਰੋੜਾਂ ਦੀ ਗਿਣਤੀ ਵਿੱਚ ਈਸ਼ਵਰ ਦੀ ਪੂਜਾ ਕਰਨ ਵਾਲ਼ੇ ਭਗਤ ਜਨ ਹਨ। ਕ੍ਰੋੜਾਂ ਹੀ ਉੱਚੇ ਆਚਰਣ ਵਾਲ਼ੇ, ਉੱਤਮ ਵਿਉਹਾਰ ਵਾਲ਼ੇ ਮਹਾਂ ਪੁਰਖ ਹਨ।

ਕਈ ਕੋਟਿ ਭਏ ਤੀਰਥ ਵਾਸੀ ।। ਕਈ ਕੋਟਿ ਬਨ ਭ੍ਰਮਹਿ ਉਦਾਸੀ ।।

ਭਏ - ਹੋਏ ਹਨ। ਤੀਰਥ ਵਾਸੀ - ਤੀਰਥ ਸਥਾਨਾਂ ਤੇ ਰਹਿ ਕੇ ਪ੍ਰਮਾਤਮਾ ਦੀ ਭਾਲ਼ ਕਰਨ ਵਾਲ਼ੇ। ਬਨ - ਜੰਗਲ਼ਾਂ ਵਿੱਚ। 

ਭ੍ਰਮਹਿ  - ਘੁੰਮਦੇ ਹਨ। ਉਦਾਸੀ - ਤਿਆਗੀ, ਉਹ ਲੋਕ ਜਿਨ੍ਹਾਂ ਨੇ ਸੰਸਾਰ ਦੇ ਮੋਹ ਮਾਇਆ ਵੱਲੋਂ ਮੂੰਹ ਮੋੜ ਲਿਆ ਹੈ।

ਸੰਸਾਰ ਵਿੱਚ ਕ੍ਰੋੜਾਂ ਹੀ ਵਿਅਕਤੀ ਅਜਿਹੇ ਹਨ ਜੋ ਤੀਰਥ ਸਥਾਨਾਂ ਤੇ ਜਾ ਕੇ ਅਤੇ ਉੱਥੇ ਨਿਵਾਸ ਕਰ ਕੇ ਈਸ਼ਵਰ ਦੀ ਭਾਲ਼ ਕਰਦੇ ਹਨ। ਕ੍ਰੋੜਾਂ ਦੀ ਗਿਣਤੀ ਵਿੱਚ ਲੋਕ ਸੰਸਾਰ ਨੂੰ ਤਿਆਗ ਕੇ, ਉਦਾਸੀ ਧਾਰਨ ਕਰਕੇ, ਜੰਗਲ਼ਾਂ ਵਿੱਚ ਜਾ ਕੇ, ਉਸ ਨੂੰ ਲੱਭਦੇ ਹਨ।

ਕਈ ਕੋਟਿ ਬੇਦ ਕੇ ਸ੍ਰੋਤੇ ।। ਕਈ ਕੋਟਿ ਤਪੀਸੁਰ ਹੋਤੇ ।।

ਸ੍ਰੋਤੇ - ਸੁਣਨ ਵਾਲ਼ੇ। ਤਪੀਸੁਰ - ਤਪੱਸਵੀ, ਤਪ ਕਰਨ ਵਾਲ਼ੇ।

ਕ੍ਰੋੜਾਂ ਹੀ ਲੋਕ ਵੇਦਾਂ ਦੇ ਪਾਠ ਨੂੰ ਸੁਣ ਸੁਣ ਕੇ ਅਤੇ ਵਿਚਾਰ ਵਿਚਾਰ ਕੇ ਉਸ ਨੂੰ ਪਾਉਣ ਦੀ ਕੋਸ਼ਿਸ਼ ਕਰਦੇ ਹਨਕ੍ਰੋੜਾਂ ਹੀ ਲੋਕ ਤਰਾਂ ਤਰਾਂ ਦੀ ਤਪੱਸਿਆ ਕਰ ਕਰ ਕੇ ਉਸ ਨੂੰ ਪਾਉਣ ਦਾ ਯਤਨ ਕਰਦੇ ਹਨ।

ਕਈ ਕੋਟਿ ਆਤਮ ਧਿਆਨੁ ਧਾਰਹਿ ।। ਕਈ ਕੋਟਿ ਕਬਿ ਕਾਬਿ ਬੀਚਾਰਹਿ ।।

ਆਤਮ - ਅਪਣੇ ਅੰਦਰ। ਧਾਰਹਿ - ਧਰਦੇ ਹਨ। ਕਬਿ ਕਾਬ - ਕਵਿਤਾ ਰੂਪ ਵਿੱਚ ਗਾਇਨ ਕਰ ਕੇ।

 ਬੀਚਾਰਹਿ - ਵਿਚਾਰਦੇ ਹਨ, ਸਮਝਣ ਦਾ ਯਤਨ ਕਰਦੇ ਹਨ।

ਕ੍ਰੋੜਾਂ ਹੀ ਲੋਕ ਅੰਤਰ ਧਿਆਨ ਹੋ ਕੇ, ਸਮਾਧੀ ਲਾ ਲਾ ਕੇ, ਉਸ ਪ੍ਰਭੂ ਨੂੰ ਪਾਉਣ ਦੀ, ਉਸ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ। ਕ੍ਰੋੜਾਂ ਲੋਕ ਅਜਿਹੇ ਵੀ ਹਨ ਜਿਹੜੇ ਕਵਿਤਾ ਦੇ ਰਾਹੀਂ ਉਸ ਦੇ ਗੁਣਾਂ ਦਾ ਗਾਇਨ ਕਰ ਕਰ ਕੇ ਉਸ ਦੀ ਖੁਸ਼ੀ ਪ੍ਰਾਪਤ ਕਰਨ ਦਾ, ਉਸ ਨੂੰ ਜਾਣਨ ਦਾ, ਯਤਨ ਕਰਦੇ ਹਨ।

ਕਈ ਕੋਟਿ ਨਵਤਨ ਨਾਮ ਧਿਆਵਹਿ ।। ਨਾਨਕ ਕਰਤੇ ਕਾ ਅੰਤੁ ਨ ਪਾਵਹਿ ।। 1 ।।

ਨਵਤਨ - ਨਵੇਂ ਨਵੇਂ। ਧਿਆਵਹਿ - ਧਿਆਉਂਦੇ ਹਨ, ਯਾਦ ਕਰਦੇ ਹਨ। ਕਰਤੇ ਕਾ - ਕਰਤਾਰ ਦਾ, ਸ੍ਰਿਸ਼ਟੀ ਦੇ ਰਚਣਹਾਰ ਦਾ

 ਅੰਤੁ ਨ ਪਾਵਹਿ - ਅੰਤ ਨਹੀਂ ਪਾ ਸਕਦੇ, ਪੂਰੀ ਤਰਾਂ ਸਮਝ ਨਹੀਂ ਸਕਦੇ। 

ਕ੍ਰੋੜਾਂ ਲੋਕ ਨਿੱਤ ਨਵੇਂ ਨਵੇਂ ਨਾਂਵਾਂ ਨਾਲ਼ ਉਸ ਨੂੰ ਧਿਆ ਕੇ, ਉਸ ਦਾ ਸਿਮਰਨ ਕਰ ਕੇ, ਉਸ ਤੱਕ ਪਹੁੰਚਣ ਦੀ ਦੌੜ ਵਿੱਚ ਲੱਗੇ ਰਹਿੰਦੇ ਹਨ। ਪਰ ਇਨ੍ਹਾਂ ਸਭ ਦੇ ਯਤਨਾਂ ਦੇ ਬਾਵਜੂਦ ਕੋਈ ਵੀ ਉਸ ਦਾ ਅੰਤ ਨਹੀਂ ਪਾ ਸਕਦਾ

ਕਈ ਕੋਟਿ ਭਏ ਅਭਿਮਾਨੀ ।। ਕਈ ਕੋਟਿ ਅੰਧ ਅਗਿਆਨੀ ।।

ਭਏ ਅਭਿਮਾਨੀ - ਹੰਕਾਰ ਦਾ ਸ਼ਿਕਾਰ ਹੋਏ ਹੋਏ ਹਨ। ਅੰਧ - ਅੰਨ੍ਹੇ। ਅਗਿਆਨੀ - ਗਿਆਨ ਤੋਂ ਵਿਹੂਣੇ।

ਕ੍ਰੋੜਾਂ ਲੋਕ ਸੰਸਾਰ ਵਿੱਚ ਅਜਿਹੇ ਹਨ ਜਿਹੜੇ ਅਪਣੇ ਵਿਸ਼ਾਲ ਗਿਆਨ ਦੇ ਕਾਰਨ ਹਉਮੈ ਦਾ ਸ਼ਿਕਾਰ ਹੋ ਜਾਂਦੇ ਹਨ। ਦੂਜੇ ਪਾਸੇ ਕ੍ਰੋੜਾਂ ਹੀ ਲੋਕ ਅਜਿਹੇ ਵੀ ਹਨ ਜਿਹੜੇ ਅਗਿਆਨਤਾ ਦੇ ਹਨ੍ਹੇਰੇ ਵਿੱਚ ਵਸਦੇ ਹਨ, ਜਿਨ੍ਹਾਂ ਨੂੰ ਪ੍ਰਮਾਤਮਾ ਦੀ ਉੱਕਾ ਹੀ ਕੋਈ ਸਮਝ ਨਹੀਂ।

ਕਈ ਕੋਟਿ ਕਿਰਪਨ ਕਠੋਰ ।। ਕਈ ਕੋਟਿ ਅਭਿਗ ਆਤਮ ਨਿਕੋਰ ।।

ਕਿਰਪਨ - ਕੰਜੂਸ। ਕਠੋਰ - ਹੱਦ ਦਰਜ਼ੇ ਦੇ। ਅਭਿਗ - ਨਾ ਭਿੱਜਣ ਵਾਲ਼ੇ, ਜਿਨ੍ਹਾਂ ਤੇ ਕੋਈ ਅਸਰ ਨਹੀਂ ਹੁੰਦਾ। ਆਤਮ - ਮਨ

ਨਿਕੋਰ - ਕੋਰੇ ਕਾਗਜ਼ ਵਰਗੇ।

ਕ੍ਰੋੜਾਂ ਲੋਕ ਅਜਿਹੇ ਹਨ ਜੋ ਅਤਿ ਦਰਜੇ ਦੇ ਕੰਜੂਸ ਹਨ, ਅਪਣਾ ਕੀਮਤੀ ਸਮਾਂ ਈਸ਼ਵਰ ਦੀ ਖੋਜ ਵਿੱਚ ਖਰਚ ਕਰਨਾ ਹੀ ਨਹੀਂ ਚਾਹੁੰਦੇ। ਕ੍ਰੋੜਾਂ ਲੋਕ ਸੰਸਾਰ ਅਤੇ ਪ੍ਰਮਾਤਮਾ ਦੋਹਾਂ ਤੋ ਹੀ ਪੂਰੀ ਤਰਾਂ ਅਭਿੱਜ ਹਨ। ਉਨ੍ਹਾਂ ਦੇ ਮਨ ਵਿੱਚ ਨਾ ਤਾਂ ਸੰਸਾਰਿਕ ਪਦਾਰਥਾਂ ਨਾਲ਼ ਪਿਆਰ ਹੁੰਦਾ ਹੈ ਅਤੇ ਨਾ ਹੀ ਪ੍ਰਮਾਤਮਾ ਨੂੰ ਪਾਉਣ ਦੀ ਇੱਛਾ। ਉਹ ਕੋਰੇ ਕਾਗਜ਼ ਵਾਂਗ ਹੁੰਦੇ ਹਨ ਜਿਸ ਤੇ ਕੁੱਝ ਵੀ ਲਿਖਿਆ ਨਹੀਂ ਹੁੰਦਾ।

ਕਈ ਕੋਟਿ ਪਰ ਦਰਬ ਕਉ ਹਿਰਹਿ ।। ਕਈ ਕੋਟਿ ਪਰਿ ਦੂਖਨਾ ਕਰਹਿ ।।

ਪਰ - ਪ੍ਰਾਇਆ। ਦਰਬ - ਧਨ। ਹਿਰਹਿ - ਹਥਿਆਉਣ ਦੀ ਕੋਸ਼ਿਸ਼ ਕਰਦੇ ਹਨ। ਪਰਿ - ਦੂਜਿਆਂ ਨੂੰ। 

ਦੂਖਨਾ ਕਰਹਿ - ਦੁੱਖ ਦੇ ਕੇ ਖੁਸ਼ ਹੁੰਦੇ ਹਨ।

ਕ੍ਰੋੜਾਂ ਲੋਕ ਅਜਿਹੇ ਹਨ ਜੋ ਧਨ ਇਕੱਠਾ ਕਰਨਾ ਹੀ ਜੀਵਨ ਦਾ ਮਨੋਰਥ ਸਮਝਦੇ ਹਨ ਅਤੇ ਸਦਾ ਹੀ ਪਰਾਏ ਧਨ ਨੂੰ ਹਥਿਆਉਣ ਦੀ ਦੌੜ ਵਿੱਚ ਲੱਗੇ ਰਹਿੰਦੇ ਹਨ। ਕ੍ਰੋੜਾਂ ਲੋਕ ਅਜਿਹੇ ਵੀ ਹਨ ਜਿਨ੍ਹਾਂ ਦਾ ਇੱਕੋ ਇੱਕ ਮਨੋਰਥ ਦੂਜਿਆਂ ਨੂੰ ਦੁੱਖ ਦੇਣਾ ਹੁੰਦਾ ਹੈ, ਜਿਨ੍ਹਾਂ ਨੂੰ ਦੂਜਿਆਂ ਨੂੰ ਦੁਖੀ ਦੇਖ ਕੇ ਹੀ ਖੁਸ਼ੀ ਹੁੰਦੀ ਹੈ।

ਕਈ ਕੋਟਿ ਮਾਇਆ ਸ੍ਰਮ ਮਾਹਿ ।। ਕਈ ਕੋਟਿ ਪਰਦੇਸ ਭ੍ਰਮਾਹਿ ।।

ਮਾਇਆ ਸ੍ਰਮ - ਮਾਇਆ ਇਕੱਠੀ ਕਰਨ ਦੇ ਯਤਨ.। ਸ੍ਰਮ - ਮਿਹਨਤ। ਭ੍ਰਮਾਹਿ - ਘੁੰਮਦੇ ਰਹਿੰਦੇ ਹਨ।

ਕ੍ਰੋੜਾਂ ਲੋਕ ਸਾਰੀ ਉਮਰ ਧਨ ਪ੍ਰਾਪਤ ਕਰਨ ਦੀ ਦੌੜ ਵਿੱਚ ਹੀ ਲੱਗੇ ਰਹਿੰਦੇ ਹਨ। ਇਹ ਲੋਕ ਸਾਰੀ ਉਮਰ ਵੱਧ ਤੋਂ ਵੱਧ ਧਨ ਇਕੱਠਾ ਕਰਨ ਦੇ ਲਈ ਸਿਰਤੋੜ ਮਿਹਨਤ ਕਰਦੇ ਹਨ। ਕ੍ਰੋੜਾਂ ਲੋਕ ਖੁਸ਼ੀ ਪ੍ਰਾਪਤ ਕਰਨ ਦੇ ਲਈ ਘਰ ਛੱਡ ਕੇ ਦੂਰ ਦੁਰਾਡੇ ਦੇਸ਼ਾਂ ਵਿੱਚ ਘੁੰਮਦੇ ਰਹਿੰਦੇ ਹਨ।

ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਨਾ ।। ਨਾਨਕ ਕਰਤੇ ਕੀ ਜਾਨੈ ਕਰਤਾ ਰਚਨਾ ।। 2 ।।

ਜਿਤੁ ਜਿਤੁ - ਜਿਸ ਜਿਸ ਪਾਸੇ। ਤਿਤੁ ਤਿਤੁ - ਉਸ ਉਸ ਪਾਸੇ। ਕਰਤੇ ਕੀ - ਰਚਣਹਾਰੇ ਦੀ। ਜਾਣਹਿ - ਜਾਣਦਾ ਹੈ। ਜਾਨੈ - ਜਾਣਦਾ ਹੈ। ਰਚਨਾ - ਸਿਰਜੀ ਹੋਈ ਸ੍ਰਿਸ਼ਟੀ।

ਅਸਲ ਵਿੱਚ ਇਨ੍ਹਾਂ ਵਿੱਚੋਂ ਕੋਈ ਵੀ ਅਪਣੀ ਮਰਜ਼ੀ ਦਾ ਮਾਲਕ ਨਹੀਂ ਹੁੰਦਾ। ਉਨ੍ਹਾਂ ਨੂੰ ਇਨ੍ਹਾਂ ਵੱਖ ਵੱਖ ਰਸਤਿਆਂ ਤੇ ਤੋਰਨ ਵਾਲ਼ੀ ਸ਼ਕਤੀ ਉਸ ਮਾਲਕ ਦੀ ਹੁੰਦੀ ਹੈਜੀਵ ਉਸ ਪਾਸੇ ਹੀ ਲੱਗਦਾ ਹੈ ਜਿਸ ਪਾਸੇ ਮਾਲਕ ਉਸ ਨੂੰ ਲਾਉਂਦਾ ਹੈ। ਗੁਰੂ ਜੀ ਕਹਿੰਦੇ ਹਨ ਕਿ ਸਿਰਜਣਹਾਰ ਪ੍ਰਮਾਤਮਾ ਅਪਣੀ ਬਣਾਈ ਇਸ ਰਚਨਾ ਨੂੰ ਆਪ ਹੀ ਸਮਝ ਸਕਦਾ ਹੈ, ਕਿਸੇ ਜੀਵ ਵਿੱਚ ਏਨੀ ਸਿਆਣਪ ਨਹੀਂ ਕਿ ਉਹ ਇਸ ਰਚਨਾ ਨੂੰ ਸਮਝ ਸਕੇ। ਬੇਅੰਤ ਦਾਰਸ਼ਨਿਕ ਇਹ ਸਮਝਣ ਲਈ ਸਿਰਖਪਾਈ ਕਰਦੇ ਰਹੇ ਹਨ ਕਿ ਕਰਤੇ ਨੇ ਇਹ ਸ੍ਰਿਸ਼ਟੀ ਕਿਉਂ ਸਾਜੀ, ਉਸ ਦਾ ਮਨੋਰਥ ਕੀ ਸੀ, ਜੋ ਕੁੱਝ ਇਸ ਵਿੱਚ ਹੋ ਰਿਹਾ ਹੈ ਉਹ ਕਿਉਂ ਹੋ ਰਿਹਾ ਹੈ, ਜੀਵਾਂ ਦੇ ਸੁਭਾਅ ਵੱਖੋ ਵੱਖਰੇ ਕਿਉਂ ਹਨ ਪਰ ਉਨ੍ਹਾਂ ਵਿੱਚੋਂ ਕੋਈ ਵੀ ਇਨ੍ਹਾਂ ਸਵਾਲਾਂ ਦੇ ਸੰਤੋਸ਼ਜਨਕ ਉੱਤਰ ਨਹੀਂ ਲੱਭ ਸਕਿਆ। ਹਰ ਇੱਕ ਦਾ ਆਪੋ ਅਪਣਾ ਮਤ ਹੈ ਪਰ ਕੋਈ ਵੀ ਮਤ ਸਰਬ ਪ੍ਰਵਾਣਿਤ ਨਹੀਂ। ਬੱਸ ਇਹ ਹੀ ਕਹਿ ਸਕਦੇ ਹਾਂ – ਸੋਈ ਜਾਣੈ ਜਿਸ ਕਾਰਣ ਕੀਆ। ਅਪਣੀ ਇਸ ਰਚਨਾ ਦੇ ਉਦੇਸ਼ ਅਤੇ ਵਿਉਂਤਬੰਦੀ ਨੂੰ ਕੇਵਲ ਉਹ ਕਰਤਾ ਹੀ ਜਾਣਦਾ ਅਤੇ ਸਮਝਦਾ ਹੈ ਜਿਸ ਨੇ ਇਹ ਰਚਨਾ ਰਚੀ ਹੈ।

ਕਈ ਕੋਟਿ ਸਿਧ ਜਤੀ ਜੋਗੀ ।। ਕਈ ਕੋਟਿ ਰਾਜੇ ਰਸ ਭੋਗੀ ।।

ਸਿੱਧ - ਜੋ ਲੋਕ ਸਾਧਨਾ ਕਰ ਕੇ ਚਮਤਕਾਰੀ ਸ਼ਕਤੀਆਂ ਪ੍ਰਾਪਤ ਕਰ ਲੈਂਦੇ ਹਨ।

 ਜਤੀ - ਜੋ ਲੋਕ ਅਪਣੇ ਇੰਦ੍ਰਿਆਂ ਤੇ ਕਾਬੂ ਪਾ ਲੈਂਦੇ ਹਨ। 

ਜੋਗੀ - ਜਿਨ੍ਹਾਂ ਨੇ ਘਰ ਬਾਰ ਛੱਡ ਕੇ ਪ੍ਰਮਾਤਮਾ ਦੀ ਪ੍ਰਾਪਤੀ ਲਈ ਯੋਗ ਆਸਨਾਂ ਦਾ ਰਸਤਾ ਅਪਣਾ ਲਿਆ ਹੈ।

ਰਸ - ਸੁਆਦ, ਖੁਸ਼ੀ ਦੇਣ ਵਾਲ਼ੇ ਸਾਧਨ। ਭੋਗੀ - ਅਨੰਦ ਮਾਣਨ ਵਾਲ਼ੇ।

ਦੁਨੀਆਂ ਵਿੱਚ ਕ੍ਰੋੜਾਂ ਲੋਕ ਹਨ ਜਿਨ੍ਹਾਂ ਨੇ ਸਾਧਨਾ ਕਰ ਕਰ ਕੇ ਤਰਾਂ ਤਰਾਂ ਦੀਆਂ ਚਮਤਕਾਰੀ ਸ਼ਕਤੀਆਂ ਹਾਸਲ ਕਰ ਲਈਆਂ ਹਨ। ਕ੍ਰੋੜਾਂ ਜਤੀ ਲੋਕ ਹਨ ਜੋ ਅਪਣੇ ਇੰਦ੍ਰਿਆਂ ਤੇ ਨਿਯੰਤਰਣ ਰੱਖ ਕੇ ਸੰਜਮ ਜਾ ਜੀਵਨ ਬਤੀਤ ਕਰਦੇ ਹਨ. ਕ੍ਰੋੜਾਂ ਹੀ ਘਰ ਬਾਰ ਤਿਆਗ ਕੇ ਜੋਗੀ ਬਣ ਗਏ ਹਨ ਅਤੇ ਮੰਗ ਖਾ ਕੇ ਗੁਜ਼ਾਰਾ ਕਰਦੇ ਹਨ। ਕ੍ਰੋੜਾਂ ਹੀ ਰਾਜੇ ਹਨ ਜੋ ਅਥਾਹ ਤਾਕਤ ਦੇ ਮਾਲਕ ਹਨ ਅਤੇ ਜੀਵਨ ਦੇ ਹਰ ਰਸ ਨੂੰ ਭੋਗ ਕੇ ਖੁਸ਼ੀ ਪ੍ਰਾਪਤ ਕਰਨਾ ਚਾਹੁੰਦੇ ਹਨ।

ਕਈ ਕੋਟਿ ਪੰਖੀ ਸਰਪ ਉਪਾਏ ।। ਕਈ ਕੋਟਿ ਪਾਥਰ ਬਿਰਖ ਨਿਪਜਾਏ ।।

ਪੰਖੀ - ਪੰਛੀ। ਸਰਪ - ਸੱਪਾਂ ਵਾਂ ਰੀਂਗਣ ਵਾਲ਼ੇ ਕੀੜੇ। ਉਪਾਏ - ਪੈਦਾ ਕੀਤੇ ਹਨ। ਪਾਥਰ - ਪੱਥਰ। ਬਿਰਖ - ਦਰਖਤ। 

ਨਿਪਜਾਏ - ਸਿਰਜੇ ਹੋਏ ਹਨ।

ਕ੍ਰੋੜਾਂ ਕਿਸਮ ਦੇ ਜੀਵ ਜੰਤੂ ਇਸ ਸੰਸਾਰ ਵਿੱਚ ਹਨ, ਤਰਾਂ ਤਰਾਂ ਦੇ ਆਕਾਸ਼ ਵਿੱਚ ਉਡਣ ਵਾਲ਼ੇ ਪੰਛੀ ਹਨ, ਧਰਤੀ ਤੇ ਰੀਂਗਣ ਵਾਲ਼ੇ ਸੱਪਾਂ ਵਰਗੇ ਜਾਨਵਰ ਹਨ। ਅਨੇਕਾਂ ਹੀ ਕਿਸਮਾਂ ਪੱਥਰਾਂ ਅਤੇ ਪੇੜ ਪੌਦਿਆਂ ਦੀਆਂ ਕਰਤੇ ਨੇ ਸਿਰਜੀਆਂ ਹੋਈਆਂ ਹਨ।

ਕਈ ਕੋਟਿ ਪਵਣ ਪਾਣੀ ਬੈਸੰਤਰ ।। ਕਈ ਕੋਟਿ ਦੇਸ ਭੂ ਮੰਡਲ ।।

ਪਵਣ - ਹਵਾ। ਬੈਸੰਤਰ - ਅੱਗ। ਦੇਸ ਭੂ ਮੰਡਲ - ਸੂਰਜ ਮੰਡਲ।

ਕ੍ਰੋੜਾਂ ਕਿਸਮ ਦੀ ਹਵਾ, ਕ੍ਰੋੜਾਂ ਤਰਾਂ ਦਾ ਪਾਣੀ, ਕ੍ਰੋੜਾਂ ਭਾਂਤ ਦੀ ਅੱਗ ਇਸ ਸ੍ਰਿਸ਼ਟੀ ਵਿੱਚ ਪਾਏ ਜਾਂਦੇ ਹਨ। ਸਾਡਾ ਇਹ ਸੌਰ ਮੰਡਲ ਹੀ ਇੱਕੋ ਇੱਕ ਭੂ ਮੰਡਲ ਨਹੀਂ। ਇਸ ਤਰਾਂ ਦੇ ਹੋਰ ਪਤਾ ਨਹੀਂ ਕਿੰਨੇ ਕੁ ਭੂ ਮੰਡਲ ਕਰਤੇ ਨੇ ਸਿਰਜੇ ਹੋਏ ਹਨ।

ਕਈ ਕੋਟਿ ਸਸੀਅਰ ਸੂਰ ਨਖ੍ਯਤ੍ਰ ।। ਕਈ ਕੋਟਿ ਦੇਵ ਦਾਨਵ ਇੰਦ੍ਰ ਸਿਰਿ ਛਤ੍ਰ ।।

ਸਸੀਅਰ - ਚੰਦ। ਸੂਰ - ਸੂਰਜ। ਨਖ੍ਯਤਰ - ਨਛੱਤਰ, ਸਿਤਾਰੇ ਤੇ ਗ੍ਰਹਿ। ਦੇਵ - ਦੇਵਤੇ। ਦਾਨਵ - ਦੈਂਤ, ਰਾਖਸ਼। 

ਇੰਦ੍ਰ - ਦੇਵਤਿਆਂ ਦੇ ਰਾਜਾ ਇੰਦਰ ਵਰਗੇ ਦੇਵਤੇ। ਸਿਰਿ ਛਤ੍ਰ - ਜਿਨ੍ਹਾਂ ਦੇ ਸਿਰ ਤੇ ਛਤਰ ਹੈ।

ਸਾਨੂੰ ਕੇਵਲ ਇੱਕ ਸੂਰਜ, ਇੱਕ ਚੰਦ ਅਤੇ ਕੁੱਝ ਕੁ ਗ੍ਰਹਿਆਂ ਦਾ ਪਤਾ ਹੈ। ਪਰ ਗੁਰੂ ਜੀ ਦੱਸਦੇ ਹਨ ਕਿ ਇਸ ਤਰਾਂ ਦੇ ਕ੍ਰੋੜਾਂ ਹੀ ਸੂਰਜ, ਚੰਦ ਅਤੇ ਗ੍ਰਹਿ ਸ੍ਰਿਸ਼ਟੀ ਦਾ ਹਿੱਸਾ ਹਨ। ਸਾਡਾ ਗਿਆਨ ਕੁੱਝ ਕੁ ਦੇਵੀ ਦੇਵਤਿਆਂ, ਦੈਂਤਾਂ ਅਤੇ ਦੇਵ-ਰਾਜ ਇੰਦਰ ਤੱਕ ਸੀਮਤ ਹੈ। ਪਰ ਅਸਲ ਵਿੱਚ ਇਨ੍ਹਾਂ ਦੇਵੀ ਦੇਵਤਿਆਂ, ਦੈਂਤਾਂ ਅਤੇ ਛਤ੍ਰਧਾਰੀ ਇੰਦਰ ਦੇਵਤਿਆਂ ਦੀ ਗਿਣਤੀ ਕ੍ਰੋੜਾਂ ਵਿੱਚ ਹੈ।

ਸਗਲ ਸਮਗ੍ਰੀ ਅਪਨੈ ਸੂਤਿ ਧਾਰੈ ।। ਨਾਨਕ ਜਿਸੁ ਜਿਸੁ ਭਾਵੈ ਤਿਸੁ ਤਿਸੁ ਨਿਸਤਾਰੈ ।। 3 ।।

ਸਗਲ - ਸਾਰੀ। ਸਮਗ੍ਰੀ - ਸ੍ਰਿਸ਼ਟੀ, ਸਿਰਜੀ ਹੋਈ ਦੁਨੀਆਂ। ਅਪਨੈ - ਅਪਣੇ। ਸੂਤਿ - ਨਿਯਮਾਂ ਵਿੱਚ। 

ਧਾਰੈ - ਬੰਨ੍ਹਿਆਂ ਹੋਇਆ ਹੈ। ਭਾਵੈ - ਚਾਹੁੰਦਾ ਹੈ। ਤਿਸੁ ਤਿਸੁ - ਉਸ ਉਸ ਦਾ। ਨਿਸਤਾਰੈ - ਕਲਿਆਣ (ਉਧਾਰ) ਕਰ ਦਿੰਦਾ ਹੈ।

ਇਸ ਸਾਰੀ ਸ੍ਰਿਸ਼ਟੀ ਨੂੰ ਪ੍ਰਮਾਤਮਾ ਨੇ ਅਪਣੇ ਹੁਕਮ ਵਿੱਚ ਰੱਖਿਆ ਹੋਇਆ ਹੈ, ਅਪਣੇ ਨਿਯਮਾਂ ਵਿੱਚ ਬੰਨ੍ਹਿਆਂ ਹੋਇਆ ਹੈ। ਇਹ ਸਾਰੇ ਉਸ ਦੇ ਬਣਾਏ ਅਸੂਲਾਂ ਦਾ ਪਾਲਣ ਕਰਦੇ ਹਨ। ਗੁਰੂ ਜੀ ਦਾ ਫੁਰਮਾਨ ਹੈ ਕਿ ਸਰਬ-ਸ਼ਕਤੀਮਾਨ ਈਸ਼ਵਰ ਜਿਸ ਜਿਸ ਦਾ ਚਾਹੁੰਦਾ ਹੈ ਕਲਿਆਣ ਕਰ ਦਿੰਦਾ ਹੈ। ਜਿਨ੍ਹਾਂ ਉੱਤੇ ਉਸ ਦੀ ਮਿਹਰ ਹੋ ਜਾਂਦੀ ਹੈ ਉਨ੍ਹਾਂ ਦਾ ਬੇੜਾ ਪਾਰ ਲੱਗ ਜਾੰਦਾ ਹੈ। ਅਪਣੀ ਅਕਲ ਅਤੇ ਸਿਆਣਪ ਨਾਲ਼ ਕੋਈ ਕੁੱਝ ਹਾਸਲ ਨਹੀਂ ਕਰ ਸਕਦਾ।

ਕਈ ਕੋਟਿ ਰਾਜਸ ਤਾਮਸ ਸਾਤਕ ।। ਕਈ ਕੋਟਿ ਬੇਦ ਪੁਰਾਨ ਸਿਮ੍ਰਿਤਿ ਅਰੁ ਸਾਸਤ ।।

ਰਾਜਸ - ਰਜੋ ਗੁਣ ਵਾਲ਼ੇ ਇਨਸਾਨ। ਤਾਮਸ - ਤਮੋ ਗੁਣ ਦੇ ਧਾਰਨੀ। ਸਾਤਕ - ਸਤੋ ਗੁਣ ਦੇ ਧਾਰਨੀ।

ਸਤੋ - ਸ਼ਾਂਤੀ, ਦਯਾ, ਦਾਨ, ਖਿਮਾ, ਪ੍ਰਸੰਨਤਾ         ਰਜੋ – ਮੋਹ ਅਹੰਕਾਰ                ਤਮੋ – ਅੰਧਕਾਰ, ਅਗਿਆਨ,  ਕ੍ਰੋਧ

ਪੁਰਾਨ - ਪੁਰਾਣ। ਸਿਮ੍ਰਿਤ - ਸਿਮ੍ਰਤੀਆਂ। ਸਾਸਤ - ਸ਼ਾਸ਼ਤਰ।

ਕ੍ਰੋੜਾਂ ਹੀ ਜੀਵ ਸਤੋ ਗੁਣ ਦੇ ਮਾਲਕ ਹਨ ਜੋ ਸ਼ਾਂਤੀ, ਦਯਾ, ਦਾਨ, ਖਿਮਾ ਅਤੇ ਪ੍ਰਸੰਨਤਾ ਦੇਣ ਵਿੱਚ ਵਿਸ਼ਵਾਸ਼ ਰੱਖਦੇ ਹਨ, ਕ੍ਰੋੜਾਂ ਜੀਵ ਰਜੋ ਗੁਣ ਦੇ ਧਾਰਨੀ ਹਨ ਜੋ ਮੋਹ ਅਤੇ ਅਹੰਕਾਰ ਵੱਲ ਝੁਕਾ ਰੱਖਦੇ ਹਨ ਅਤੇ ਕ੍ਰੋੜਾਂ ਜੀਵ ਤਮੋ ਗੁਣ ਵਾਲ਼ੇ ਹਨ ਜਿਨ੍ਹਾਂ ਤੇ ਅਗਿਆਨ ਅਤੇ ਕ੍ਰੋਧ ਭਾਰੂ ਹੁੰਦੇ ਹਨ। ਸੰਸਾਰ ਵਿੱਚ ਕ੍ਰੋੜਾਂ ਹੀ ਵੇਦ ਹਨ, ਕ੍ਰੋੜਾਂ ਪੁਰਾਨ ਹਨ ਅਤੇ ਕ੍ਰੋੜਾਂ ਸਿਮ੍ਰਤੀਆਂ ਅਤੇ ਸ਼ਾਸ਼ਤਰ ਹਨ।

ਕਈ ਕੋਟਿ ਕੀਏ ਰਤਨ ਸਮੁੰਦ ।। ਕਈ ਕੋਟਿ ਨਾਨਾ ਪ੍ਰਕਾਰ ਜੰਤ ।।

ਰਤਨ - ਕੀਮਤੀ ਪੱਥਰ ਆਦਿ। ਸਮੁੰਦ - ਸਮੰਦਰ। ਨਾਨਾ ਪ੍ਰਕਾਰ - ਭਾਂਤ ਭਾਂਤ ਦੇ, ਵੱਖ ਵੱਖ ਕਿਸਮ ਦੇ। ਜੰਤ - ਜੀਵ ਜੰਤੂ।

ਦੁਨੀਆਂ ਵਿੱਚ ਕ੍ਰੋੜਾਂ ਕਿਸਮ ਦੇ ਰਤਨ ਹਨ ਅਤੇ ਕ੍ਰੋੜਾਂ ਹੀ ਸਮੁੰਦਰ ਹਨ। ਕ੍ਰੋੜਾਂ ਹੀ ਕਿਸਮ ਦੇ ਤਰਾਂ ਤਰਾਂ ਦੇ ਜੀਵ ਜੰਤੂ ਇਸ ਸੰਸਾਰ ਵਿੱਚ ਪਾਏ ਜਾਂਦੇ ਹਨ।

ਕਈ ਕੋਟਿ ਕੀਏ ਚਿਰ ਜੀਵੇ ।। ਕਈ ਕੋਟਿ ਗਿਰੀ ਮੇਰ ਸੁਵਰਨ ਥੀਵੇ ।।

ਕੀਏ - ਪੈਦਾ ਕੀਤੇ ਹਨ। ਚਿਰ ਜੀਵੇ - ਲੰਮੀ ਉਮਰ ਪਾਉਣ ਵਾਲ਼ੇ ਜੀਵ। ਗਿਰੀ ਮੇਰ- ਸੁਮੇਰ ਪਰਬਤ ਵਰਗੇ ਸੋਨੇ ਦੇ ਪਹਾੜ।

ਥੀਵੇ - ਪਾਏ ਜਾਂਦੇ ਹਨ। 

ਕ੍ਰੋੜਾਂ ਹੀ ਇਸ ਤਰਾਂ ਦੇ ਜੀਵ ਹਨ ਜਿਹੜੇ ਬਹੁਤ ਲੰਮੀ ਉਮਰ ਪਾਉਂਦੇ ਹਨ। ਕ੍ਰੋੜਾਂ ਹੀ ਸੁਮੇਰ ਪਰਬਤ ਵਰਗੇ ਸੋਨੇ ਦੇ ਪਹਾੜ ਇਸ ਸੰਸਾਰ ਵਿੱਚ ਪਾਏ ਜਾਂਦੇ ਹਨ।

ਕਈ ਕੋਟਿ ਜਖ੍ਯ ਕਿੰਨਰ ਪਿਸਾਚ ।। ਕਈ ਕੋਟਿ  ਭੂਤ ਪ੍ਰੇਤ ਸੂਕਰ ਮ੍ਰਿਗਾਚ ।।

ਜਖ੍ਯ - ਯਕਸ਼, ਦੈਂਤ, ਕੁਬੇਰ ਦੇ ਸੇਵਕ ਦੇਵਤੇ। 

ਕਿੰਨਰ - ਆਦਮੀ ਦੇ ਸਿਰ ਅਤੇ ਘੋੜੇ ਦੇ ਮੂੰਹ ਵਾਲ਼ੇ ਬਦਸੂਰਤ ਦੇਵਤੇ ਜੋ ਦੇਵਤਿਆਂ ਦੀਆਂ ਸਭਾਵਾਂ ਵਿੱਚ ਨੱਚਦੇ ਹਨ।

 ਪਿਸਾਚ - ਯਕਸਾਂ ਨਾਲ਼ੋਂ ਨੀਂਵੀਂ ਸ਼੍ਰੇਣੀ ਦੇ ਦੇਵਤੇ ਜੋ ਮਾਸ ਖਾਂਦੇ ਹਨ। ਸੂਕਰ - ਸੂਰ ਵਰਗੇ ਗੰਦਗੀ ਕਾਣ ਵਾਲ਼ੇ ਜੀਵ।

ਮ੍ਰਿਗਾਚ - ਸ਼ੇਰਾਂ ਵਰਗੇ ਮਾਸ ਖਾਣ ਵਾਲ਼ੇ ਜੀਵ। 

ਕ੍ਰੋੜਾਂ ਦੀ ਗਿਣਤੀ ਵਿੱਚ ਵੱਖ ਵੱਖ ਤਰਾਂ ਦੇ ਦੇਵਤੇ - ਯਕ੍ਸ਼ (ਕੁਬੇਰ ਦੇ ਸੇਵਕ ਦੇਵਤੇ), ਕਿੰਨਰ (ਆਦਮੀ ਦੇ ਧੜ ਅਤੇ ਘੋੜੇ ਦੇ ਮੂੰਹ ਵਾਲ਼ੇ ਬਦਸੂਰਤ ਦੇਵਤੇ) ਜੋ ਦੇਵਤਿਆਂ ਦੀਆਂ ਸਭਾਵਾਂ ਵਿੱਚ ਨਾਚ ਕਰਦੇ ਹਨ ਅਤੇ ਕਰੋੜਾਂ ਹੀ ਪਿਸਾਚ (ਯਕਸ਼ਾਂ ਨਾਲ਼ੋਂ ਨੀਂਵੀਂ ਸ਼੍ਰੇਣੀ ਦੇ ਦੇਵਤੇ) ਇਸ ਸ੍ਰਿਸ਼ਟੀ ਵਿੱਚ ਈਸ਼ਵਰ ਨੇ ਸਿਰਜੇ ਹੋਏ ਹਨ। ਕ੍ਰੋੜਾਂ ਹੀ ਭੂਤ ਅਤੇ ਪ੍ਰੇਤ, ਸੂਰ ਦੀ ਸ਼੍ਰੇਣੀ ਦੇ ਗੰਦ ਖਾਣ ਵਾਲ਼ੇ ਜੀਵ ਅਤੇ ਸ਼ੇਰਾਂ ਵਰਗੇ ਮਾਂਸਾਹਾਰੀ ਜੀਵ ਸ੍ਰਿਸ਼ਟੀ ਦੇ ਵਿੱਚ ਵੇਖਣ ਨੂੰ ਮਿਲਦੇ ਹਨ।

ਸਭ ਤੇ ਨੇਰੈ ਸਭਹੂ ਤੇ ਦੂਰਿ ।। ਨਾਨਕ ਆਪਿ ਅਲਿਪਤੁ ਰਹਿਆ ਭਰਪੂਰਿ ।। 4 ।।

ਤੇ - ਦੇ। ਨੇਰੇ - ਨੇੜੇ। ਸਭਹੂ ਤੇ - ਸਭ ਤੋਂ, ਸਾਰਿਆਂ ਤੋਂ। ਅਲਿਪਤ - ਨਿਰਲੇਪ, ਜੋ ਕਿਸੇ ਚੀਜ਼ ਨਾਲ਼ ਮੋਹ ਨਹੀਂ ਰੱਖਦਾ।

ਰਹਿਆ ਭਰਪੂਰਿ - ਅੰਦਰ ਵਸਿਆ ਹੋਇਆ ਹੈ।

ਕਰਤਾ ਪੁਰਖ ਅਪਣੇ ਸਿਰਜੇ ਇਨ੍ਹਾਂ ਸਾਰੇ ਜੀਵਾਂ ਦੇ ਨੇੜੇ ਹੈ, ਉਨ੍ਹਾਂ ਦੇ ਅੰਦਰ ਵਸਦਾ ਹੈ। ਉਹ ਸਭ ਤੋਂ ਹੀ ਦੂਰ ਵੀ ਹੈ ਕਿਉਂਕਿ ਉਹ ਕਿਸੇ ਵਿੱਚ ਵੀ ਅਤੇ ਕਿਸੇ ਨੂੰ ਵੀ ਦਿਖਾਈ ਨਹੀਂ ਦਿੰਦਾ। ਉਹ ਸਭ ਦੇ ਅੰਦਰ ਹੈ ਪਰ ਅੰਦਰ ਹੁੰਦਾ ਹੋਇਆ ਵੀ ਸਭ ਤੋਂ ਨਿਰਲੇਪ ਰਹਿੰਦਾ ਹੈ।

ਕਈ ਕੋਟਿ ਪਾਤਾਲ ਕੇ ਵਾਸੀ ।। ਕਈ ਕੋਟਿ ਨਰਕ ਸੁਰਗ ਨਿਵਾਸੀ ।।

ਕ੍ਰੋੜਾਂ ਹੀ ਜੀਵ ਪਾਤਾਲ਼ ਲੋਕ ਵਿੱਚ ਵਸਦੇ ਹਨ ਅਤੇ ਕ੍ਰੋੜਾਂ ਹੀ ਜੀਵ ਨਰਕ ਵਿੱਚ ਵਸਦੇ ਹਨ ਅਤੇ ਕ੍ਰੋੜਾਂ ਹੀ ਜੀਵ ਸੁਰਗ ਲੋਕ ਵਿੱਚ ਨਿਵਾਸ ਕਰ ਰਹੇ ਹਨ

ਕਈ ਕੋਟਿ ਜਨਮਹਿ ਜੀਵਹਿ ਮਰਹਿ ।। ਕਈ ਕੋਟਿ ਬਹੁ ਜੋਨੀ ਫਿਰਹਿ ।।

ਬਹੁ - ਬਹੁਤ ਸਾਰੀਆਂ।ਜੋਨੀ - ਜੂਨਾਂ। ਫਿਰਹਿ - ਚੱਕਰ ਕੱਟਦੀਆਂ ਰਹਿੰਦੀਆਂ ਹਨ।

ਕ੍ਰੋੜਾਂ ਜੀਵ ਹਰ ਰੋਜ਼ ਜਨਮ ਲੈਂਦੇ ਹਨ ਅਤੇ ਕ੍ਰੋੜਾਂ ਹੀ ਮਰਦੇ ਹਨ ਅਤੇ ਇਸ ਤਰਾਂ ਸਦਾ ਲਈ ਜਨਮ ਮਰਨ ਦੇ ਚੱਕਰ ਵਿੱਚ ਪਏ ਰਹਿੰਦੇ ਹਨਕ੍ਰੋੜਾਂ ਹੀ ਆਤਮਾਵਾਂ ਅਨੇਕਾਂ ਕਿਸਮ ਦੀਆਂ ਜੂਨਾਂ ਵਿੱਚ ਚੱਕਰ ਕੱਟਦੀਆਂ ਰਹਿੰਦੀਆਂ ਹਨ। ਕਦੇ ਇੱਕ ਜੂਨ ਵਿੱਚ ਪੈਂਦੀਆਂ ਹਨ ਅਤੇ ਕਦੇ ਦੂਜੀ ਵਿੱਚ ਅਤੇ ਇਸ ਤਰਾਂ ਇਹ ਚੱਕਰ ਲਗਾਤਾਰ ਚੱਲਦਾ ਰਹਿੰਦਾ ਹੈ।

ਕਈ ਕੋਟਿ ਬੈਠਤ ਹੀ ਖਾਹਿ ।। ਕਈ ਕੋਟਿ ਘਾਲਹਿ ਥਕਿ ਪਾਹਿ ।।

ਬੈਠਤ - ਬੈਠੇ ਹੀ, ਬਿਨਾਂ ਕੋਈ ਕੰਮ ਕਾਜ ਕੀਤੇ। ਖਾਹਿ - ਖਾਂਦੇ ਹਨ। ਘਾਲਹਿ - ਮਿਹਨਤ ਕਰ ਕਰ ਕੇ। 

ਥਕ ਪਾਹਿ - ਥੱਕ ਜਾਂਦੇ ਹਨ।

ਕ੍ਰੋੜਾਂ ਲੋਕ ਹਨ ਜੋ ਡੱਕਾ ਭੰਨ ਕੇ ਦੂਹਰਾ ਨਹੀਂ ਕਰਦੇ, ਵਿਹਲੇ ਬੈਠ ਕੇ ਆਰਾਮ ਦੀ ਰੋਟੀ ਖਾਂਦੇ ਹਨ। ਦੂਜੇ ਪਾਸੇ ਕ੍ਰੋੜਾਂ ਹੀ ਲੋਕ ਅਜਿਹੇ ਹਨ ਜੋ ਬੇਹੱਦ ਮਿਹਨਤ ਕਰਦੇ ਹਨ, ਸਾਰਾ  ਦਿਨ ਕੰਮ ਕਰ ਕਰ ਕੇ ਥੱਕ ਜਾਂਦੇ ਹਨ, ਤਾਂ ਜਾ ਕੇ ਦੋ ਵਕਤ ਦੀ ਰੋਟੀ ਉਨ੍ਹਾਂ ਨੂੰ ਨਸੀਬ ਹੁੰਦੀ ਹੈ।

ਕਈ ਕੋਟਿ ਕੀਏ ਧਨਵੰਤ ।। ਕਈ ਕੋਟਿ ਮਾਇਆ ਮਹਿ ਚਿੰਤ ।।

ਕੀਏ - ਬਣਾ ਦਿਤੇ ਹਨ। ਧਨਵੰਤ - ਅਮੀਰ। ਮਾਇਆ ਮਹਿ - ਧਨ ਨਾ ਹੋਣ ਕਰਕੇ, ਗਰੀਬੀ ਕਾਰਨ। 

ਚਿੰਤ - ਫਿਕਰਾਂ ਵਿੱਚ ਫਸੇ ਰਹਿੰਦੇ ਹਨ।

ਕ੍ਰੋੜਾਂ ਲੋਕ ਹਨ ਜੋ  ਬੇਅੰਤ ਧਨ ਦੇ ਮਾਲਕ ਹਨ। ਦੂਜੇ ਪਾਸੇ ਕ੍ਰੋੜਾਂ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਹਰ ਵੇਲ਼ੇ ਗੁਜ਼ਾਰੇ ਜੋਗਾ ਧਨ ਕਮਾਉਣ ਦੀ ਚਿੰਤਾ ਲੱਗੀ ਰਹਿੰਦੀ ਹੈ।

ਜਹ ਜਹ ਭਾਣਾ ਤਹ ਤਹ ਰਾਖੇ ।। ਨਾਨਕ ਸਭ ਕਿਛੁ ਪ੍ਰਭ ਕੈ ਹਾਥੇ ।। 5 ।।

ਜਹ ਜਹ - ਜਿਵੇਂ ਜਿਵੇਂ, ਜਿਸ ਜਿਸ ਹਾਲਤ ਵਿੱਚ। ਭਾਣਾ - ਭਾਉਂਦਾ ਹੈ, ਚੰਗਾ ਲੱਗਦਾ ਹੈ। ਤਹ ਤਹ - ਉਸ ਉਸ ਹਾਲਤ ਵਿੱਚ। ਰਾਖੇ - ਰੱਖਦਾ ਹੈ। ਕੈ - ਦੇ। ਹਾਥੇ - ਹੱਥ ਵਿੱਚ ਹੈ।

ਜਿਸ ਜਿਸ ਹਾਲਤ ਵਿੱਚ ਉਹ ਪ੍ਰਮਾਤਮਾ ਕਿਸੇ ਨੂੰ ਰੱਖਣਾ ਚਾਹੁੰਦਾ ਹੈ ਓਸੇ ਹਾਲਤ ਵਿੱਚ ਰੱਖਦਾ ਹੈ। ਸੰਸਾਰਿਕ ਜੀਵਾਂ ਉੱਤੇ ਬਖ਼ਸ਼ਿਸ਼ਾਂ ਕਰਨ ਦੀ ਸਾਰੀ ਸ਼ਕਤੀ ਉਸ ਮਾਲਕ ਦੇ ਹੱਥ ਵਿੱਚ ਹੈ।

ਕਈ ਕੋਟਿ ਭਏ ਬੈਰਾਗੀ ।। ਰਾਮ ਨਾਮ ਸੰਗਿ ਤਿਨਿ ਲਿਵ ਲਾਗੀ ।।

ਭਏ - ਬਣ ਜਾਂਦੇ ਹਨ, ਦੁਨਿਆਵੀ ਮੋਹ ਨੂੰ ਤਿਆਗ ਦਿੰਦੇ ਹਨ। ਸੰਗਿ - ਨਾਲ਼। ਲਿਵ - ਧਿਆਨ। ਲਾਗੀ - ਜੁੜ ਜਾਂਦਾ ਹੈ।

ਕ੍ਰੋੜਾਂ ਲੋਕ ਹਨ ਜੋ ਘਰ ਬਾਰ ਤਿਆਗ ਕੇ ਬੈਰਾਗੀ ਬਣ ਜਾਂਦੇ ਹਨ ਅਤੇ ਉਨ੍ਹਾਂ ਦਾ ਧਿਆਨ ਰਾਮ ਨਾਮ ਨਾਲ਼ ਜੁੜ ਜਾਂਦਾ ਹੈ। ਉਹ ਸਾਰੀਆਂ ਸੰਸਾਰਿਕ ਵਸਤਾਂ ਦਾ ਮੋਹ ਤਿਆਗ ਕੇ ਕੇਵਲ ਇੱਕ ਪ੍ਰਮਾਤਮਾ ਨਾਲ਼ ਪਿਆਰ ਕਰਨ ਲੱਗ ਪੈਂਦੇ ਹਨ।

ਕਈ ਕੋਟਿ ਪ੍ਰਭ ਕਉ ਖੋਜੰਤੇ ।। ਆਤਮ ਮਹਿ ਪਾਰਬ੍ਰਹਮੁ ਲਹੰਤੇ ।।

ਕਉ - ਨੂੰ। ਖੋਜੰਤੇ - ਖੋਜਦੇ ਰਹਿੰਦੇ ਹਨ। ਆਤਮ ਮਹਿ - ਅਪਣੇ ਅੰਦਰ ਹੀ। ਲਹੰਤੇ - ਲੱਭ ਲੈਂਦੇ ਹਨ, ਪਾ ਲੈਂਦੇ ਹਨ।

ਕ੍ਰੋੜਾਂ ਇਨਸਾਨ ਪ੍ਰਮਾਤਮਾ ਦੀ ਖੋਜ ਵਿੱਚ ਲੱਗੇ ਰਹਿੰਦੇ ਹਨ ਅਤੇ ਅਪਣੀ ਖੋਜ ਦੇ ਸਿੱਟੇ ਵਜੋਂ ਉਸ ਸਰਬ ਗਿਆਤਾ, ਸਰਬ ਸ਼ਕਤੀਮਾਨ ਨੂੰ ਅਪਣੇ ਅੰਦਰ ਹੀ ਪਾ ਲੈਂਦੇ ਹਨ।

ਕਈ ਕੋਟਿ ਦਰਸਨ ਪ੍ਰਭ ਪਿਆਸ ।। ਤਿਨ ਕਉ ਮਿਲਿਓ ਪ੍ਰਭ ਅਬਿਨਾਸ ।।

ਦਰਸਨ ਪ੍ਰਭ - ਪ੍ਰਭੂ ਦੇ ਦਰਸ਼ਨਾਂ ਦੀ। ਕਉ - ਨੂੰ। ਮਿਲਿਓ - ਮਿਲ ਜਾਂਦਾ ਹੈ। ਅਬਿਨਾਸ - ਜਿਸ ਦਾ ਨਾਸ ਨਹੀਂ ਹੁੰਦਾ।

ਕ੍ਰੋੜਾਂ ਲੋਕ ਹਨ ਜਿਨ੍ਹਾਂ ਨੂੰ ਹਰ ਵੇਲ਼ੇ ਈਸ਼ਵਰ ਦੇ ਦਰਸ਼ਨਾਂ ਦੀ ਤਾਂਘ ਵਿਆਕੁਲ ਕਰੀ ਰੱਖਦੀ ਹੈ ਅਤੇ ਅੰਤ ਉਹ ਚੱਲਦੇ ਚੱਲਦੇ ਉਸ ਤੱਕ ਪਹੁੰਚ ਜਾਂਦੇ ਹਨ। ਉਨ੍ਹਾਂ ਦੇ ਯਤਨ ਸਫਲ ਹੋ ਜਾਂਦੇ ਹਨ ਅਤੇ ਸਦਾ ਅਮਰ ਰਹਿਣ ਵਾਲ਼ਾ, ਕਦੇ ਨਾਸ ਨਾ ਹੋਣ ਵਾਲ਼ਾ ਪ੍ਰਮਾਤਮਾ ਉਨ੍ਹਾਂ ਨੂੰ ਮਿਲ ਜਾਂਦਾ ਹੈ।

ਕਈ ਕੋਟਿ ਮਾਗਹਿ ਸਤਸੰਗੁ ।। ਪਾਰਬ੍ਰਹਮ ਤਿਨ ਲਾਗਾ ਰੰਗੁ ।।

ਮਾਗਹਿ - ਮੰਗਦੇ ਹਨ। ਤਿਨ - ਉਨ੍ਹਾਂ ਨੂੰ। ਪਾਰਬ੍ਰਹਮ - ਪ੍ਰਮਾਤਮਾ ਨਾਲ਼। ਲਾਗਾ - ਹੋ ਜਾਂਦਾ ਹੈ। ਰੰਗੁ - ਪਿਆਰ।

ਕ੍ਰੋੜਾਂ ਹਨ ਜਿਹੜੇ ਪਾਰਬ੍ਰਹਮ ਪ੍ਰਮਾਤਮਾ ਦੇ ਪਿਆਰ ਦੇ ਰੰਗ ਵਿੱਚ ਰੰਗੇ ਹੋਏ ਹਨ ਅਤੇ ਜਿਨ੍ਹਾਂ ਨੂੰ ਹਰ ਵਕਤ ਸਤਿਸੰਗ ਕਰਨ ਦੀ ਤਾਂਘ ਰਹਿੰਦੀ ਹੈ। ਉਹ ਸਤਸੰਗ ਤੋਂ ਬਿਨਾਂ ਹੋਰ ਕੁੱਝ ਨਹੀਂ ਮੰਗਦੇ।

ਜਿਨ ਕਉ ਹੋਏ ਆਪਿ ਸੁਪ੍ਰਸੰਨ ।। ਨਾਨਕ ਤੇ ਜਨ ਸਦਾ ਧਨਿ ਧੰਨਿ ।। 6 ।।

ਜਿਨ ਕਉ - ਜਿਨ੍ਹਾਂ ਤੇ। ਸੁਪ੍ਰਸੰਨ - ਖੁਸ਼। ਤਿਹ ਜਨ - ਉਹ ਜੀਵ, ਉਹ ਲੋਕ। 

ਧਨਿ ਧੰਨਿ - ਧੰਨ ਹੋ ਜਾਂਦੇ ਹਨ, ਕਮਾਈ ਸਫਲ ਹੋ ਜਾਂਦੀ ਹੈ।। 

ਗੁਰੂ ਜੀ ਆਖਦੇ ਹਨ ਕਿ ਜਿਨ੍ਹਾਂ ਜੀਵਾਂ ਤੇ ਉਹ ਕਰਤਾ ਪੁਰਖ ਆਪ ਮਿਹਰਬਾਨ ਹੋ ਜਾਂਦਾ ਹੈ, ਉਹ ਜੀਵ ਧੰਨ ਹੋ ਜਾਂਦੇ ਹਨ। ਉਹ ਆਤਮਿਕ ਉਚਾਈਆਂ ਨੂੰ ਛੋਹ ਲੈਂਦੇ ਹਨ, ਉਨ੍ਹਾਂ ਦਾ ਉਸ ਪ੍ਰਭੂ ਦੇ ਨਾਲ਼ ਮਿਲਾਪ ਹੋ ਜਾਂਦਾ ਹੈ ਅਤੇ ਉਨ੍ਹਾਂ ਦਾ ਜੀਵਨ ਸਫਲ ਹੋ ਜਾਂਦਾ ਹੈ।

ਕਈ ਕੋਟਿ ਖਾਣੀ ਅਰੁ ਖੰਡ ।। ਕਈ ਕੋਟਿ ਅਕਾਸ ਬ੍ਰਹਮੰਡ ।

ਖਾਣੀ - ਜੀਵਾਂ ਦੀਆਂ ਸ਼੍ਰੇਣੀਆਂ। ਖੰਡ - ਬ੍ਰਹਿਮੰਡ ਦੇ ਭਾਗ। 

ਆਮ ਤੌਰ ਤੇ ਸੰਤਾਨ ਉਤਪਤੀ ਦੀ ਵਿਧੀ ਦੇ ਆਧਾਰ ਤੇ ਜੀਵਾਂ ਨੂੰ ਚਾਰ ਸ਼੍ਰੇਣੀਆਂ (ਚਾਰ ਖਾਣੀਆਂ) ਵਿੱਚ ਵੰਡਿਆ ਜਾਂਦਾ ਹੈ – ਅੰਡਜ, ਜੇਰਜ, ਸੇਤਜ ਅਤੇ ਉਤਭੁਜ। ਪਰ ਗੁਰੂ ਜੀ ਇੱਥੇ ਕਹਿੰਦੇ ਹਨ ਕਿ ਇਸ ਬ੍ਰਹਿਮੰਡ ਵਿੱਚ ਜੀਵਾਂ ਦੀਆਂ ਕ੍ਰੋੜਾਂ ਹੀ ਖਾਣੀਆਂ ਹਨ ਅਤੇ ਬ੍ਰਹਿਮੰਡ ਦੇ ਕ੍ਰੋੜਾਂ ਹੀ ਖੰਡ ਹਨ। ਬ੍ਰਹਿਮੰਡ ਵੀ ਇੱਕ ਨਹੀਂ, ਕ੍ਰੋੜਾਂ ਬ੍ਰਹਿਮੰਡ ਹਨ ਅਤੇ ਕ੍ਰੋੜਾਂ ਆਕਾਸ਼ ਹਨ। ਇਹ ਸ੍ਰਿਸ਼ਟੀ ਏਨੀ ਵਿਸ਼ਾਲ ਹੈ ਕਿ ਅਸੀਂ ਇਸ ਦਾ ਅੰਦਾਜ਼ਾ ਵੀ ਨਹੀਂ ਲਗਾ ਸਕਦੇ।

ਕਈ ਕੋਟਿ ਹੋਏ ਅਵਤਾਰ ।। ਕਈ ਜੁਗਤਿ ਕੀਨੋ ਬਿਸਥਾਰ ।।

ਜੁਗਤਿ - ਤਰੀਕਿਆਂ ਨਾਲ਼। ਕੀਨੋ - ਕੀਤਾ ਹੋਇਆ ਹੈ। ਬਿਸਥਾਰ - ਪਸਾਰਾ, ਫੈਲਾਓ।

ਕ੍ਰੋੜਾਂ ਹੀ ਅਵਤਾਰ ਇਸ ਦੁਨੀਆਂ ਵਿੱਚ ਹੋਏ ਹਨ ਜਿਨ੍ਹਾਂ ਨੇ ਸੰਸਾਰ ਦੇ ਜੀਵਾਂ ਨੂੰ ਜੀਵਨ ਦਾ ਸਹੀ ਰਸਤਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਕਈ ਤਰੀਕਿਆਂ ਨਾਲ਼ ਅਪਣੇ ਆਪ ਦਾ ਪਸਾਰਾ ਕਰ ਕੇ ਵਿਧਾਤਾ ਨੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਹੋਈ ਹੈ।

ਕਈ ਬਾਰ ਪਸਰਿਓ ਪਾਸਾਰ ।। ਸਦਾ ਸਦਾ ਇਕੁ ਏਕੰਕਾਰ ।।

ਬਾਰ - ਵਾਰੀ। ਪਸਰਿਓ ਪਾਸਾਰ - ਪਸਾਰਾ ਹੋਇਆ ਹੈ, ਦੁਨੀਆਂ ਦੀ ਸਿਰਜਣਾ ਹੋਈ ਹੈ। ਸਦਾ ਸਦਾ - ਹਮੇਸ਼ਾ ਰਹਿਣ ਵਾਲ਼ਾ।

ਇਕੁ - ਕੇਵਲ ਇੱਕ। ਏਕੰਕਾਰ - ਇਕ ਓਅੰਕਾਰ, ਪ੍ਰਮਾਤਮਾ, ਕਰਤਾਰ।

ਇਹ ਸ੍ਰਿਸ਼ਟੀ ਕੇਵਲ ਇੱਕ ਵਾਰ ਹੀ ਹੋਂਦ ਵਿੱਚ ਨਹੀਂ ਆਈ। ਇਹ ਅਨੇਕਾਂ ਵਾਰ ਸਿਰਜੀ ਗਈ ਹੈ, ਅਨੇਕਾਂ ਵਾਰ ਸਮੇਟੀ ਗਈ ਹੈ ਅਤੇ ਅਨੇਕਾਂ ਵਾਰ ਮੁੜ ਇਸ ਦੀ ਸਿਰਜਣਾ ਹੋਈ ਹੈ। ਪਰ ਇਸ ਦੀ ਸਿਰਜਣਾ ਕਰਨ ਵਾਲ਼ਾ ਕਰਤਾਰ ਇੱਕ ਹੀ ਹੈ ਅਤੇ ਉਹ ਸਦਾ ਹੀ ਸੀ, ਸਦਾ ਹੀ ਹੈ ਅਤੇ ਸਦਾ ਹੀ ਰਹੇਗਾ। ਉਸ ਦੀ ਅਪਣੀ ਹੋਂਦ ਨਾ ਕਦੀ ਮਿਟੀ ਹੈ ਨਾ ਮਿਟੇਗੀ। ਉਸ ਦਾ ਕੋਈ ਦੂਜਾ ਸ਼ਰੀਕ ਨਾ ਹੋਇਆ ਹੈ ਅਤੇ ਨਾ ਕਦੀ ਹੋਏਗਾ

ਕਈ ਕੋਟਿ ਕੀਨੇ ਬਹੁ ਭਾਤਿ ।। ਪ੍ਰਭ ਤੇ ਹੋਏ ਪ੍ਰਭ ਮਾਹਿ ਸਮਾਤਿ ।।

ਕਈ ਕੋਟਿ - ਕ੍ਰੋੜਾਂ ਹੀ। ਕੀਨੇ - ਪੈਦਾ ਕੀਤੇ ਹਨ, ਸਿਰਜੇ ਹਨ। ਬਹੁ ਭਾਤਿ - ਬਹੁਤ ਸਾਰੇ ਵੱਖ ਵੱਖ ਤਰੀਕਿਆਂ ਨਾਲ਼।

ਤੇ - ਤੋਂ। ਹੋਏ - ਪੈਦਾ ਹੋਏਹਨ। ਮਾਹਿ - ਵਿੱਚ। ਸਮਾਤਿ - ਸਮਾ ਜਾਂਦੇ ਹਨ।

ਜਬ ਉਦਕਰਖ ਕਰਾ ਕਰਤਾਰਾ ।। ਪ੍ਰਜਾ ਧਰਤ ਤਬ ਦੇਹਿ ਅਪਾਰਾ ।। ਇਹ ਹੀ ਗੱਲ ਗੁਰੂ ਅਰਜਨ ਦੇਵ ਜੀ ਇੱਥੇ ਕਹਿ ਰਹੇ ਹਨ। ਕ੍ਰੋੜਾਂ ਜੀਵ ਕਰਤਾ ਪੁਰਖ ਨੇ ਵੱਖ ਵੱਖ ਤਰੀਕਿਆਂ ਨਾਲ਼ ਇਸ ਸੰਸਾਰ ਵਿੱਚ ਪੈਦਾ ਕੀਤੇ ਹਨ। ਇਹ ਸਾਰੇ ਜੀਵ ਪ੍ਰਭੂ ਦੇ ਅਪਣੇ ਵਿੱਚੋਂ ਹੀ ਪੈਦਾ ਹੁੰਦੇ ਹਨ ਅਤੇ ਅੰਤ ਨੂੰ ਉਸ ਦੇ ਵਿੱਚ ਹੀ ਸਮਾ ਜਾਂਦੇ ਹਨ। ਜਬ ਆਕਰਖ ਕਰਤ ਹੋ ਕਬਹੂੰ ।। ਤੁਮ ਮਹਿ ਮਿਲਤ ਦੇਹ ਧਰ ਸਬਹੂੰ । ਇਹ ਸਮੁੱਚੀ ਸ੍ਰਿਸ਼ਟੀ ਪਾਰਬ੍ਰਹਮ ਦਾ ਅਪਣਾ ਹੀ ਪਸਾਰਾ ਹੈ। ਜਦੋਂ ਉਸ ਦਾ ਦਿਲ ਕਰਦਾ ਹੈ, ਉਹ ਅਪਣੇ ਆਪ ਦੇ ਵਿੱਚੋਂ ਇਸ ਦੀ ਰਚਨਾ ਕਰ ਦਿੰਦਾ ਹੈ ਅਤੇ ਜਦੋਂ ਦਿਲ ਕਰਦਾ ਹੈ ਮੁੜ ਇਸ ਨੂੰ ਅਪਣੇ ਅੰਦਰ ਸਮੇਟ ਲੈਂਦਾ ਹੈ।

ਤਾ ਕਾ ਅੰਤੁ ਨ ਜਾਨੈ ਕੋਇ ।। ਆਪੇ ਆਪਿ ਨਾਨਕ ਪ੍ਰਭੁ ਸੋਇ ।। 7 ।।

ਤਾ ਕਾ - ਉਸ ਪ੍ਰਮਾਤਮਾ ਦਾ। ਅੰਤ - ਪਾਰਾਵਾਰ। ਨ ਜਾਨੈ ਕੋਇ - ਕੋਈ ਨਹੀਂ ਜਾਣਦਾ। ਆਪੇ ਆਪਿ - ਪ੍ਰਮਾਤਮਾ ਜਿਸ ਨੇ  ਉਪਣੇ ਆਪ ਨੂੰ ਆਪ ਹੀ ਸਿਰਜਿਆ ਹੈ, ਜਿਹੜਾ ਅਪਣੀ ਹੋਂਦ ਲਈ ਕਿਸੇ ਹੋਰ ਸ਼ਕਤੀ ਦਾ ਮੁਹਥਾਜ ਨਹੀਂ। ਸੋਇ- ਉਹ।

ਗੁਰੂ ਜੀ ਦੱਸਦੇ ਹਨ ਕਿ ਉਸ ਪ੍ਰਮਾਤਮਾ ਦਾ ਕੋਈ ਅੰਤ ਨਹੀਂ ਪਾ ਸਕਿਆ, ਉਸ ਨੂੰ ਸਮਝ ਨਹੀਂ ਸਕਿਆਉਸ ਦੇ ਸਰੂਪ ਅਤੇ ਉਸ ਦੀ ਸ਼ਕਤੀ ਦਾ ਗਿਆਨ ਕਿਸੇ ਨੂੰ ਨਹੀਂ। ਉਹ ਅਪਣੀ ਹੋਂਦ ਲਈ ਕਿਸੇ ਹੋਰ ਸ਼ਕਤੀ ਦਾ ਮੁਥਾਜ ਨਹੀਂ। ਉਸ ਨੂੰ ਕਿਸੇ ਦੂਜੀ ਤਾਕਤ ਨੇ ਨਹੀਂ ਬਣਾਇਆ। ਉਹ ਅਪਣਾ ਕਰਤਾ ਆਪ ਹੈ।

ਕਈ ਕੋਟਿ ਪਾਰਬ੍ਰਹਮ ਕੇ ਦਾਸ ।। ਤਿਨ ਹੋਵਤ ਆਤਮ ਪਰਗਾਸ ।।

ਦਾਸ - ਸੇਵਕ। ਹੋਵਤ - ਹੋ ਜਾਂਦਾ ਹੈ। ਤਿਨ - ਉਨ੍ਹਾਂ ਨੂੰ। ਆਤਮ ਪਰਗਾਸ - ਅਪਣੇ ਆਪ ਬਾਰੇ ਗਿਆਨ।

ਕ੍ਰੋੜਾਂ ਹੀ ਪਾਰਬ੍ਰਹਮ ਪ੍ਰਮਾਤਮਾ ਦੇ ਸੇਵਕ ਅਜਿਹੇ ਹਨ ਜਿਨ੍ਹਾਂ ਨੇ ਅਪਣੇ ਆਪ ਨੂੰ ਪੂਰੀ ਤਰਾਂ ਉਸ ਦੀ ਸੇਵਾ ਵਿੱਚ ਸਮਰਪਤ ਕੀਤਾ ਹੋਇਆ ਹੈ। ਅਜਿਹੇ ਸੇਵਕਾਂ ਨੂੰ ਅਪਣੇ ਆਪ ਦਾ ਗਿਆਨ ਹੋ ਜਾਂਦਾ ਹੈ, ਉਹ ਅਪਣੇ ਆਪ ਨੂੰ ਪਛਾਣ ਲੈਂਦੇ ਹਨ, ਉਹ ਸਮਝ ਜਾਂਦੇ ਹਨ ਕਿ ਉਹ ਪ੍ਰਮਾਤਮਾ ਦੀ ਹੀ ਅੰਸ਼ ਹਨ ਅਤੇ ਉਨ੍ਹਾਂ ਦੇ ਜੀਵਨ ਦਾ ਉਦੇਸ਼ ਉਸ ਨੂੰ ਯਾਦ ਕਰਨਾ ਹੈ।

ਕਈ ਕੋਟਿ ਤਤ ਕੇ ਬੇਤੇ ।। ਸਦਾ ਨਿਹਾਰਹਿ ਏਕੋ ਨੇਤ੍ਰੇ ।।

ਤਤ - ਸਚਾਈ। ਕੇ - ਦੇ। ਬੇਤੇ - ਗਿਆਨੀ, ਜਾਣਨ ਵਾਲ਼ੇ। ਨਿਹਾਰਹਿ - ਦੇਖਦੇ ਹਨ। ਏਕੋ ਨੇਤ੍ਰੇ - ਇੱਕੋ ਨਜ਼ਰ ਨਾਲ਼।

ਪ੍ਰਭੂ ਦੇ ਕ੍ਰੋੜਾਂ ਦਾਸ ਇਸ ਸਚਾਈ ਦਾ ਗਿਆਨ ਪ੍ਰਾਪਤ ਕਰ ਲੈਂਦੇ ਹਨ ਕਿ ਇਹ ਸ੍ਰਿਸ਼ਟੀ ਪ੍ਰਮਾਤਮਾ ਦਾ ਹੀ ਪਸਾਰਾ ਹੈ ਅਤੇ ਉਹ ਸਭ ਜੀਵਾਂ ਦੇ ਅੰਦਰ ਵਸਦਾ ਹੈ ਇਹ ਗਿਆਨਵਾਨ ਇਨਸਾਨ ਸਦਾ ਅਪਣੀਆਂ ਅੱਖਾਂ ਨਾਲ਼ ਹਰ ਇੱਕ ਜੀਵ ਦੇ ਅੰਦਰ ਉਸ ਇੱਕ ਈਸ਼ਵਰ ਨੂੰ ਹੀ ਵੇਖਦੇ ਹਨ। ਉਨ੍ਹਾਂ ਨੂੰ ਸ੍ਰਿਸ਼ਟੀ ਦੀ ਹਰ ਸ਼ੈ ਵਿੱਚ ਉਸ ਪ੍ਰਮਾਤਮਾ ਦੀ ਹੀ ਝਲਕ ਦਿਖਾਈ ਦਿੰਦੀ ਹੈ। ਇਹ ਵੀ ਕਹਿ ਸਕਦੇ ਹਾਂ ਕਿ ਉਹ ਗਿਆਨੀ ਪੁਰਖ ਸ੍ਰਿਸ਼ਟੀ ਦੇ ਸਭ ਜੀਵਾਂ ਨੂੰ ਇੱਕ ਹੀ ਨਜ਼ਰ ਨਾਲ਼ ਦੇਖਦੇ ਹਨ, ਬਰਾਬਰ ਸਮਝਦੇ ਹਨ ਕਿਉਂਕਿ ਉਨ੍ਹਾਂ ਨੂੰ ਹਰ ਸ਼ੈ ਵਿੱਚ ਉਸ ਕਰਤੇ ਦੀ ਝਲਕ ਦਿਖਾਈ ਪੈਂਦੀ ਹੈ।

ਕਈ ਕੋਟਿ ਨਾਮ ਰਸੁ ਪੀਵਹਿ ।। ਅਮਰ ਭਏ ਸਦ ਸਦ ਹੀ ਜੀਵਹਿ ।।

ਨਾਮ ਰਸੁ - ਨਾਮ ਦਾ ਰਸ। ਪੀਵਹਿ - ਪੀਂਦੇ ਹਨ। ਭਏ - ਹੋ ਜਾਂਦੇ ਹਨ। ਜੀਵਹਿ - ਜਿਉਂਦੇ ਰਹਿੰਦੇ ਹਨ।

ਕ੍ਰੋੜਾਂ ਹੀ ਅਜਿਹੇ ਜੀਵ ਹਨ ਜਿਹੜੇ ਹਰ ਵਕਤ ਹਰੀ ਦੇ ਨਾਮ ਦਾ ਰਸ ਮਾਣਦੇ ਰਹਿੰਦੇ ਹਨ। ਉਸ ਦੇ ਨਾਮ ਨੂੰ ਸਿਮਰ ਸਿਮਰ ਕੇ ਉਹ ਮੌਤ ਤੇ ਜਿੱਤ ਪ੍ਰਾਪਤ ਕਰ ਲੈਂਦੇ ਹਨ, ਅਮਰ ਹੋ ਜਾਂਦੇ ਹਨ ਅਤੇ ਫਿਰ ਸਦਾ ਲਈ ਜ਼ਿੰਦਾ ਰਹਿੰਦੇ ਹਨ।

ਕਈ ਕੋਟਿ ਨਾਮ ਗੁਨ ਗਾਵਹਿ ।। ਆਤਮ ਰਸਿ ਸੁਖਿ ਸਹਜਿ ਸਮਾਵਹਿ ।।

ਨਾਮ - ਨਾਮ ਦੇ। ਗੁਨ ਗਾਵਹਿ - ਗੁਣ ਗਾਉਂਦੇ ਹਨ। ਆਤਮ ਰਸਿ - ਆਤਮਿਕ ਆਨੰਦ ਵਿੱਚ।

 ਸੁਖ ਸਹਿਜ - ਸਹਿਜ ਸੁਭਅ ਹੀ, ਬਿਨਾਂ ਕਿਸੇ ਤਰਾਂ ਦਾ ਵਿਸ਼ੇਸ਼ ਉਪਰਾਲਾ ਕਰੇ। 

ਸਮਾਵਹਿ - ਸਮਾ ਜਾਂਦੇ ਹਨ, ਲੀਨ ਹੋ ਜਾਂਦੇ ਹਨ।

ਕ੍ਰੋੜਾਂ ਜੀਵ ਹਨ ਜੋ ਹਰ ਵਕਤ ਉਸ ਕਰਤਾ ਪੁਰਖ ਦੇ ਨਾਮ ਦੇ ਗੁਣ ਗਾਉਂਦੇ ਰਹਿੰਦੇ ਹਨ । ਅਜਿਹੇ ਜੀਵਾਂ ਨੂੰ ਸਹਿਜ ਸੁਭਅ ਹੀ ਆਤਮਿਕ ਸੁਖ ਦਾ ਅਨੁਭਵ ਹੋਣ ਲੱਗ ਪੈਂਦਾ ਹੈ, ਅਨੰਦ ਆਉਣ ਲੱਗ ਪੈਂਦਾ ਹੈ। ਉਹ ਸਹਿਜ ਸੁਭਅ ਹੀ ਉਸ ਪ੍ਰਭੂ ਨਾਲ਼ ਜੁੜ ਜਾਂਦੇ ਹਨ ਅਤੇ ਇਸ ਮਿਲਾਪ ਵਿੱਚੋਂ ਉਨ੍ਹਾਂ ਨੂੰ ਸੁਆਦ ਆਉਣ ਲੱਗ ਪੈਂਦਾ ਹੈ।

ਅਪੁਨੇ ਜਨ ਕਉ ਸਾਸਿ ਸਾਸਿ ਸਮਾਰੇ ।। ਨਾਨਕ ਓਇ ਪਰਮੇਸੁਰ ਕੇ ਪਿਆਰੇ ।8 ।। 10 ।।

ਜਨ - ਸੇਵਕ ਨੂੰ। ਸਾਸਿ ਸਾਸਿ - ਹਰ ਸਾਹ ਨਾਲ਼। ਸਮਾਰੇ - ਸੰਭਾਲ਼ਦਾ ਹੈ, ਪਾਲਣਾ ਕਰਦਾ ਹੈ।

ਓਇ - ਉਹ ਸੇਵਕ। ਪਰਮੇਸੁਰ ਕੇ ਪਿਆਰੇ - ਪ੍ਰਮਾਤਮਾ ਨੂੰ ਪਿਆਰੇ ਹੁੰਦੇ ਹਨ। 

ਗੁਰੂ ਜੀ ਸਮਝਾਉਂਦੇ ਹਨ ਕਿ ਇਸ ਤਰਾਂ ਦੇ ਜੀਵ ਜੋ ਸਦਾ ਉਸ ਕਰਤੇ ਨੂੰ ਯਾਦ ਰੱਖਦੇ ਹਨ ਅਤੇ ਉਸ ਦੇ ਸਿਰਜੇ ਸੰਸਾਰ ਵਿੱਚ ਉਸ ਦੇ ਦਰਸ਼ਨ ਕਰ ਸਕਦੇ ਹਨ ਈਸ਼ਵਰ ਨੂੰ ਪਿਆਰੇ ਲੱਗਦੇ ਹਨ। ਪ੍ਰਮਾਤਮਾ ਹਰ ਇੱਕ ਸਾਹ ਨਾਲ਼ ਉਨ੍ਹਾਂ ਦੀ ਪ੍ਰਤਿਪਾਲਣਾ ਕਰਦਾ ਹੈ।


Comments

Popular posts from this blog

ਅਸਟਪਦੀ - 20

ਅਸਟਪਦੀ - 23

ਅਸਟਪਦੀ - 9