ਅਸਟਪਦੀ - 8
ਅਸਟਪਦੀ - 8
ਸਲੋਕੁ ।।
ਮਨਿ ਸਾਚਾ ਮੁਖਿ ਸਾਚਾ ਸੋਇ ।। ਅਵਰੁ ਨ ਪੇਖੈ
ਏਕਸੁ ਬਿਨੁ ਕੋਇ ।।
ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਇ ।।
ਸਾਚਾ - ਸਦਾ ਸਥਾਈ ਰਹਿਣ ਵਾਲ਼ੇ ਪ੍ਰਮਾਤਮਾ ਦਾ ਨਾਂ । ਸੋਇ - ਉਹ । ਨ ਪੇਖੈ - ਵੇਖਦਾ ਨਹੀਂ । ਅਵਰੁ - ਹੋਰ । ਲੱਛਣ - ਨਿਸ਼ਨੀਆਂ ।
ਜਿਸ ਦੇ ਮਨ ਵਿੱਚ ਵੀ ਸੱਚੇ ਦਾ, ਅਰਥਾਤ ਪ੍ਰਮਾਤਮਾ ਦਾ ਨਾਮ ਹੋਵੇ ਅਤੇ
ਜ਼ਬਾਨ ਉੱਤੇ ਵੀ ਪ੍ਰਮਾਤਮਾ ਦਾ ਹੀ ਨਾਮ ਹੋਵੇ, ਜਿਸ ਨੂੰ ਇੱਕ ਪ੍ਰਮਾਤਮਾ ਤੋਂ ਬਿਨਾਂ ਸ੍ਰਿਸ਼ਟੀ
ਵਿੱਚ ਹੋਰ ਕੁੱਝ ਵੀ ਦਿਖਾਈ ਨਾ ਦਿੰਦਾ ਹੋਵੇ, ਸ੍ਰਿਸ਼ਟੀ ਦੀ ਹਰ ਇੱਕ ਸ਼ੈ ਵਿੱਚ ਪ੍ਰਮਾਤਮਾ ਦਾ ਰੂਪ
ਦਿਖਾਈ ਦਿੰਦਾ ਹੋਵੇ, ਉਹ ਇਨਸਾਨ ਹੀ ਬ੍ਰਹਮ ਗਿਆਨੀ ਹੁੰਦਾ ਹੈ। ਬ੍ਰਹਮ ਗਿਆਨੀ ਹਰ ਚੀਜ਼ ਵਿੱਚ
ਪ੍ਰਮਾਤਮਾ ਨੂੰ ਵੇਖਦਾ ਹੈ ਅਤੇ ਉਸ ਤੋਂ ਇਲਾਵਾ ਹੋਰ ਕਿਸੇ ਸ਼ਕਤੀ ਵਿੱਚ ਵਿਸ਼ਵਾਸ਼ ਨਹੀਂ ਕਰਦਾ। ਇੱਕ
ਪ੍ਰਮਾਤਮਾ ਵਿੱਚ ਵਿਸ਼ਵਾਸ਼ ਅਤੇ ਹਰ ਸ਼ੈ ਵਿੱਚ ਉਸ ਦੀ ਮੌਜੂਦਗੀ ਮਹਿਸੂਸ ਕਰਨਾ ਬ੍ਰਹਮ ਗਿਆਨੀ ਹੋਣ
ਦੀਆਂ ਨਿਸ਼ਾਨੀਆਂ ਹਨ।
ਅਸਟਪਦੀ ।।
ਬ੍ਰਹਮ ਗਿਆਨੀ ਸਦਾ ਨਿਰਲੇਪ ।। ਜੈਸੇ ਜਲ ਮਹਿ
ਕਮਲ ਅਲੇਪ ।।
ਨਿਹਲੇਪ - ਬੇਲਾਗ । ਅਲੇਪ - ਬੇਲਾਗ, ਅਣਛੋਹਿਆ । ਮਹਿ - ਵਿੱਚ ।
ਬ੍ਰਹਮ ਗਿਆਨੀ ਮਾਇਆ ਵਿੱਚ ਰਹਿੰਦਾ ਹੋਇਆ ਵੀ ਸਦਾ ਹੀ ਮਾਇਆ ਤੋਂ ਇਸ
ਤਰਾਂ ਨਿਰਲੇਪ ਰਹਿੰਦਾ ਹੈ ਜਿਸ ਤਰਾਂ ਕਮਲ ਦਾ ਫੁੱਲ ਚਿੱਕੜ ਵਿੱਚ ਰਹਿੰਦਾ ਹੋਇਆ ਵੀ ਚਿੱਕੜ ਤੋਂ
ਦੂਰ ਰਹਿੰਦਾ ਹੈ। ਕਮਲ ਦਾ ਫੁੱਲ ਚਿੱਕੜ ਨੂੰ ਅਪਣੇ ਨੇੜੇ ਨਹੀਂ ਲੱਗਣ ਦਿੰਦਾ, ਗੰਦਾ ਨਹੀਂ ਹੁੰਦਾ
ਅਤੇ ਨਾ ਹੀ ਪਾਣੀ ਨਾਲ਼ ਗਿੱਲਾ ਹੁੰਦਾ ਹੈ। ਬ੍ਰਹਮ ਗਿਆਨੀ ਵੀ ਮਾਇਆ ਦੇ ਵਿੱਚ ਰਹਿੰਦਾ ਹੈ ਪਰ ਮਾਇਆ ਦੇ
ਪ੍ਰਭਾਵ ਨੂੰ ਅਪਣੇ ਨੇੜੇ ਨਹੀਂ ਢੁੱਕਣ ਦਿੰਦਾ, ਮਾਇਆ ਦੇ ਜਾਲ਼ ਵਿੱਚ ਨਹੀਂ ਫਸਦਾ, ਇਸ ਨਾਲ਼ ਮੋਹ
ਨਹੀਂ ਪਾਉਂਦਾ।
ਬ੍ਰਹਮ ਗਿਆਨੀ ਸਦਾ ਨਿਰਦੋਖ ।। ਜੈਸੇ ਸੂਰੁ ਸਰਬ
ਕਉ ਸੋਖ ।।
ਨਿਰਦੋਖ - ਦੁਖ ਨਾ ਦੇਣ ਵਾਲ਼ਾ ਜਾਂ ਦੋਸ਼ ਤੋਂ ਰਹਿਤ । ਸੂਰੁ - ਸੂਰਜ । ਸਰਬ ਕਉ - ਸਭ ਨੂੰ । ਸੋਖ - ਸੁਖ ਦਿੰਦਾ ਹੈ, ਜਾਂ ਸੁਕਾਉਂਦਾ ਹੈ ਪਰ ਆਪ ਪ੍ਰਭਾਵਿਤ ਨਹੀਂ ਹੁੰਦਾ ।
ਬ੍ਰਹਮ ਗਿਆਨੀ ਕਦੇ ਕਿਸੇ ਨੂੰ ਦੁੱਖ ਨਹੀਂ ਦਿੰਦਾ। ਜਿਸ ਤਰਾਂ ਸੂਰਜ
ਸਦਾ ਹੀ ਸਭ ਨੂੰ ਸੁਖ ਵੰਡਦਾ ਹੈ ਉਸੇ ਤਰਾਂ
ਬ੍ਰਹਮ ਗਿਆਨੀ ਸਦਾ ਸਭ ਨੂੰ ਸੁਖ ਪਹੁੰਚਾਉਣ ਦਾ ਯਤਨ ਕਰਦਾ ਹੈ। ਜਾਂ
ਬ੍ਰਹਮ ਗਿਆਨੀ ਬੁਰਾਈ ਦੇ
ਵਿਚਕਾਰ ਰਹਿੰਦਾ ਹੋਇਆ ਵੀ ਕਿਸੇ ਬੁਰੇ ਗੁਣ ਨੂੰ ਅਪਣੇ ਅੰਦਰ ਪ੍ਰਵੇਸ਼ ਨਹੀਂ ਕਰਨ ਦਿੰਦਾ।
ਉਹ ਕਦੇ ਵੀ ਕਿਸੇ ਔਗੁਣ ਦਾ ਕਲੰਕ ਅਪਣੇ ਮੱਥੇ ਤੇ ਨਹੀਂ ਲੱਗਣ ਦਿੰਦਾ। ਜਿਸ ਤਰਾਂ ਸੂਰਜ ਹਰ ਤਰਾਂ ਦੇ ਚੰਗੇ ਅਤੇ ਬੁਰੇ ਰਸਾਂ ਨੂੰ
ਸੁਕਾਉਂਦਾ ਹੈ ਪਰ ਆਪ ਕਲੰਕਿਤ ਨਹੀਂ ਹੁੰਦਾ, ਬ੍ਰਹਮ ਗਿਆਨੀ ਵੀ ਹਰ ਤਰਾਂ ਦੇ ਦੋਸ਼ਾਂ ਤੋਂ ਮੁਕਤ
ਰਹਿੰਦਾ ਹੈ।
ਬ੍ਰਹਮ ਗਿਆਨੀ ਕੈ ਦ੍ਰਿਸਟਿ ਸਮਾਨਿ ।। ਜੈਸੇ ਰਾਜ
ਰੰਕ ਕਉ ਲਾਗੈ ਤੁਲਿ ਪਵਾਨ ।।
ਦ੍ਰਿਸਟਿ - ਨਜ਼ਰ । ਸਮਾਨਿ - ਬਰਾਬਰ । ਰਾਜ - ਰਾਜਾ । ਰੰਕ - ਗਰੀਬ । ਤੁਲਿ - ਬਰਾਬਰ, ਇੱਕੋ ਜਿਹੀ । ਪਵਾਨ - ਹਵਾ, ਪੌਣ ।
ਬ੍ਰਹਮ ਗਿਆਨੀ ਦਾ ਸੁਭਾਅ ਹਵਾ ਦੀ ਤਰਾਂ ਹੁੰਦਾ ਹੈ। ਜਿਸ ਤਰਾਂ ਹਵਾ
ਰਾਜੇ ਅਤੇ ਰੰਕ ਵਿੱਚ, ਅਮੀਰ ਅਤੇ ਗਰੀਬ ਵਿੱਚ ਕਦੇ ਕੋਈ ਭੇਦ ਭਾਵ ਨਹੀਂ ਕਰਦੀ, ਸਭ ਨੂੰ ਬਰਾਬਰ
ਸੁਖ ਦਿੰਦੀ ਹੈ, ਉਸੇ ਤਰਾਂ ਬ੍ਰਹਮ ਗਿਆਨੀ ਸਭ ਨੂੰ ਇੱਕੋ ਨਜ਼ਰ ਨਾਲ਼ ਵੇਖਦਾ ਹੈ ਭਾਂਵੇ ਕੋਈ ਵੱਡਾ
ਹੋਵੇ ਜਾਂ ਛੋਟਾ।
ਬ੍ਰਹਮ ਗਿਆਨੀ ਕੈ ਧੀਰਜੁ ਏਕ ।। ਜਿਉ ਬਸੁਧਾ ਕੋਊ
ਖੋਦੈ ਕੋਊ ਚੰਦਨ ਲੇਪ ।।
ਏਕ - ਲਗਾਤਾਰ ਇੱਕੋ ਜਿਹਾ ਬਣਿਆਂ ਰਹਿਣ ਵਾਲ਼ਾ, ਵਕਤ ਨਾਲ਼ ਨਾ ਬਦਲਣ ਵਾਲ਼ਾ । ਬਸੁਧਾ - ਧਰਤੀ । ਖੋਦੈ - ਪੁੱਟਦਾ ਹੈ । ਲੇਪ - ਲਿੱਪਦਾ ਹੈ ।
ਬ੍ਰਹਮ ਗਿਆਨੀ ਦਾ ਸਬਰ, ਧੀਰਜ ਜਾਂ ਸਹਿਣ ਸ਼ਕਤੀ ਬਰਾਬਰ ਬਣੀ ਰਹਿੰਦੀ
ਹੈ। ਉਹ ਕਿਸੇ ਦੇ ਚੰਗੇ ਜਾਂ ਮਾੜੇ ਵਿਵਹਾਰ ਦੀ ਪ੍ਰਵਾਹ ਕੀਤੇ ਬਿਨਾਂ ਸਭ ਨੂੰ ਇੱਕ ਸਾਰ ਅਪਣਾ
ਪਿਆਰ ਵੰਡਦਾ ਰਹਿੰਦਾ ਹੈ। ਇਸ ਪੱਖ ਤੋਂ ਉਸ ਦੀ ਤੁਲਨਾ ਧਰਤੀ ਨਾਲ਼ ਕੀਤੀ ਜਾ ਸਕਦੀ ਹੈ। ਜਿਸ ਤਰਾਂ
ਧਰਤੀ ਨੂੰ ਭਾਂਵੇਂ ਕੋਈ ਪੁੱਟੇ ਤੇ ਭਾਂਵੇਂ ਉਸ ਨੂੰ ਚੰਦਨ ਨਾਲ਼ ਲਿੱਪੇ, ਉਹ ਅਪਣੀਆਂ ਦਾਤਾਂ
ਦੋਹਾਂ ਨੂੰ ਬਰਾਬਰ ਵੰਡਦੀ ਰਹਿੰਦੀ ਹੈ, ਉਸੇ ਤਰਾਂ ਬ੍ਰਹਮ ਗਿਆਨੀ ਵੀ ਕਿਸੇ ਦੇ ਚੰਗੇ ਜਾਂ ਮਾੜੇ
ਵਤੀਰੇ ਦੇ ਆਧਾਰ ਤੇ ਦੋਹਾਂ ਵਿੱਚ ਕੋਈ ਭੇਦ ਭਾਵ ਨਹੀਂ ਕਰਦਾ, ਦੋਹਾਂ ਦਾ ਭਲਾ ਮੰਗਦਾ ਹੈ। ਕਿਸੇ ਦੇ ਬੁਰੇ ਵਰਤਾਵ ਨੂੰ ਵੀ ਉਹ ਬਿਨਾਂ
ਗੁੱਸਾ ਕਰੇ ਬਰਦਾਸ਼ਤ ਕਰ ਲੈਂਦਾ ਹੈ, ਅਪਣਾ ਸਬਰ, ਅਪਣਾ ਧੀਰਜ ਨਹੀਂ ਖੋਂਦਾ। ਉਹ ਬੁਰਾ ਕਰਨ ਵਾਲ਼ੇ ਦਾ ਵੀ
ਭਲਾ ਮੰਗਦਾ ਹੈ।
ਬ੍ਰਹਮ ਗਿਆਨੀ ਕਾ ਇਹੈ ਗੁਨਾਉ ।। ਨਾਨਕ ਜਿਉ
ਪਾਵਕ ਕਾ ਸਹਜ ਸੁਭਾਉ ।। 1 ।।
ਗੁਨਾਉ - ਗੁਣ । ਪਾਵਕ - ਅੱਗ । ਸਹਜ - ਸਧਾਰਨ, ਨਾ ਬਦਲਣ ਵਾਲ਼ਾ, ਕਿਸੇ ਚੀਜ਼ ਤੋਂ ਪ੍ਰਭਾਵਿਤ ਨਾ ਹੋਣ ਵਾਲ਼ਾ ।
ਬ੍ਰਹਮ ਗਿਆਨੀ ਦਾ ਇਹ ਹੀ ਗੁਣ ਹੈ ਕਿ ਉਹ
ਅਪਣੇ ਅਕੀਦੇ ਵਿੱਚ ਸਥਿਰ ਰਹਿੰਦਾ ਹੈ, ਉਸੇ ਤਰਾਂ ਜਿਵੇਂ ਅਗਨੀ ਅਪਣਾ ਸੁਭਾਅ ਨਹੀਂ ਬਦਲਦੀ, ਅਪਣੇ
ਬੁਰਾਈ ਨੂੰ ਸਾੜਨ ਅਤੇ ਸਾਰੇ ਸੰਸਾਰ ਨੂੰ ਨਿੱਘ ਦੇਣ ਦੇ ਸੁਭਅ ਨੂੰ ਸਦਾ ਕਾਇਮ ਰੱਖਦੀ ਹੈ।
ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ।। ਜੈਸੇ ਮੈਲੁ
ਨ ਲਾਗੈ ਜਲਾ ।।
ਨਿਰਮਲ - ਪਵਿੱਤਰ, ਸਾਫ, ਪਾਕ । ਜਲਾ - ਪਾਣੀ ਨੂੰ ।
ਬ੍ਰਹਮ ਗਿਆਨੀ ਦਾ ਮਨ ਅਤੇ ਆਤਮਾ ਪੂਰਨ ਤੌਰ ਤੇ ਸਾਫ ਹੁੰਦੇ ਹਨ। ਜਿਸ
ਤਰਾਂ ਪਾਣੀ ਨੂੰ ਮੈਲ਼ ਨਹੀਂ ਲੱਗ ਸਕਦੀ, ਉਸੇ ਤਰਾਂ ਉਸ ਦੇ ਮਨ ਨੂੰ ਵਿਕਾਰਾਂ ਦੀ ਮੈਲ਼ ਛੋਂਹਦੀ
ਤੱਕ ਨਹੀਂ।
ਬ੍ਰਹਮ ਗਿਆਨੀ ਕੈ ਮਨਿ ਹੋਇ ਪ੍ਰਗਾਸੁ ।। ਜੈਸੇ
ਧਰ ਊਪਰਿ ਆਕਾਸੁ ।।
ਪ੍ਰਗਾਸੁ - ਰੋਸ਼ਨ, ਚਾਨਣ ਨਾਲ਼ ਭਰਿਆ ਹੋਇਆ । ਧਰ - ਧਰਤੀ । ਆਕਾਸੁ - ਅਕਾਸ਼ ਵਿਚਲਾ ਸੂਰਜ ।
ਬ੍ਰਹਮ ਗਿਆਨੀ ਦਾ ਮਨ ਬ੍ਰਹਮ ਦੇ ਗਿਆਨ ਨਾਲ਼ ਸਦਾ ਹੀ ਪ੍ਰਕਾਸ਼ਮਾਨ ਹੋਇਆ
ਰਹਿੰਦਾ ਹੈ ਜਿਸ ਤਰਾਂ ਧਰਤੀ ਉੱਤੇ ਸੂਰਜ ਦੀ ਰੋਸ਼ਨੀ ਦੇ ਨਾਲ਼ ਚਾਨਣ ਹੋਇਆ ਰਹਿੰਦਾ ਹੈ। ਉਹ ਕਦੇ
ਵੀ ਅਗਿਆਨਤਾ ਦੇ ਹਨ੍ਹੇਰੇ ਵਿੱਚ ਨਹੀਂ ਭਟਕਦਾ।
ਬ੍ਰਹਮ ਗਿਆਨੀ ਕੈ ਮਿਤ੍ਰ ਸਤ੍ਰ ਸਮਾਨਿ ।। ਬ੍ਰਹਮ
ਗਿਆਨੀ ਕੈ ਨਾਹੀ ਅਭਿਮਾਨ ।।
ਸਤ੍ਰ - ਦੁਸ਼ਮਣ । ਸਮਾਨਿ - ਬਰਾਬਰ । ਅਭਿਮਾਨ - ਹੰਕਾਰ ।
ਬ੍ਰਹਮ ਗਿਆਨੀ ਸਭ ਨੂੰ ਇੱਕ ਹੀ ਨਜ਼ਰ ਨਾਲ਼ ਦੇਖਦਾ ਹੈ। ਉਸ ਲਈ ਦੋਸਤ ਅਤੇ
ਦੁਸ਼ਮਣ ਬਰਾਬਰ ਹੁੰਦੇ ਹਨ। ਉਹ ਕਦੇ ਵੀ ਦੋਸਤ ਦਾ ਭਲਾ ਅਤੇ ਦੁਸ਼ਮਣ ਦਾ ਬੁਰਾ ਨਹੀਂ ਚਾਹੁੰਦਾ, ਸਭ
ਦਾ ਬਰਾਬਰ ਭਲਾ ਮੰਗਦਾ ਹੈ। ਬ੍ਰਹਮ ਗਿਆਨੀ ਹਲੀਮੀ ਦੀ ਮਿਸਾਲ ਹੁੰਦਾ ਹੈ। ਉਸ ਦੇ ਮਨ ਤੇ ਅਹੰਕਾਰ
ਦਾ ਪ੍ਰਛਾਂਵਾਂ ਤੱਕ ਵੀ ਨਹੀਂ ਪੈਂਦਾ।
ਬ੍ਰਹਮ ਗਿਆਨੀ ਊਚ ਤੇ ਊਚਾ ।। ਮਨਿ ਅਪਨੈ ਹੈ ਸਭ ਤੇ ਨੀਚਾ ।।
ਊਚ ਤੇ ਊਚਾ - ਮਹਾਨ ਤੋਂ ਵੀ ਮਹਾਨ ।
ਬ੍ਰਹਮ ਗਿਆਨੀ ਦਾ ਰੁਤਬਾ ਸਭ ਤੋਂ ਮਹਾਨ ਇਨਸਾਨ ਨਾਲ਼ੋਂ ਵੀ ਵੱਧ ਮਹਾਨ
ਹੁੰਦਾ ਹੈ। ਪਰ ਫਿਰ ਵੀ ਉਸ ਦੇ ਮਨ ਵਿੱਚ ਏਨੀ ਨਿਮਰਤਾ ਹੁੰਦੀ ਹੈ ਕਿ ਉਹ ਅਪਣੇ ਆਪ ਨੂੰ ਸਭ ਤੋਂ
ਛੋਟਾ ਸਮਝਦਾ ਹੈ।
ਬ੍ਰਹਮ ਗਿਆਨੀ ਸੇ ਜਨ ਭਏ ।। ਨਾਨਕ ਜਿਨ ਪ੍ਰਭੁ
ਆਪਿ ਕਰੇਇ ।। 2 ।।
ਭਏ - ਬਣਦੇ ਹਨ । ਜਿਨ - ਜਿਨ੍ਹਾਂ ਨੂੰ । ਕਰੇਇ - ਕਰਦਾ ਹੈ, ਬਣਾਉਂਦਾ ਹੈ ।
ਪ੍ਰੰਤੂ ਬ੍ਰਹਮ ਗਿਆਨੀ ਉਹ ਇਨਸਾਨ ਹੀ ਬਣ ਸਕਦਾ ਹੈ ਜਿਸ ਨੂੰ ਵਾਹਿਗੁਰੂ
ਆਪ ਕਿਰਪਾ ਕਰ ਕੇ ਬ੍ਰਹਮ ਗਿਆਨ ਨਾਲ਼ ਨਿਵਾਜਦਾ ਹੈ। ਕੋਈ ਵੀ ਇਨਸਾਨ ਅਪਣੀ ਕੋਸ਼ਿਸ਼ ਨਾਲ਼ ਬ੍ਰਹਮ
ਗਿਆਨੀ ਨਹੀਂ ਬਣ ਸਕਦਾ।
ਬ੍ਰਹਮ ਗਿਆਨੀ ਸਗਲ ਕੀ ਰੀਨਾ ।। ਆਤਮ ਰਸੁ ਬ੍ਰਹਮ
ਗਿਆਨੀ ਚੀਨਾ ।।
ਰੀਨਾ - ਪੋਰਾਂ ਦੀ ਧੂੜ । ਆਤਮ ਰਸੁ - ਆਤਮਿਕ ਆਨੰਦ । ਚੀਨਾ - ਚੁਣਦਾ ਹੈ, ਇਕੱਠਾ ਕਰਦਾ ਹੈ, ਮਾਣਦਾ ਹੈ ।
ਬ੍ਰਹਮ ਗਿਆਨੀ ਦਾ ਮਨ ਨਿਮਰਤਾ ਨਾਲ਼ ਏਨਾ ਭਰਿਆ ਹੁੰਦਾ ਹੈ ਕਿ ਉਹ ਅਪਣੇ
ਆਪ ਨੂੰ ਸਭ ਦੇ ਪੈਰਾਂ ਦੀ ਧੂੜ ਸਮਝਦਾ ਹੈ। ਉਹ ਹਰ ਵੇਲ਼ੇ ਪ੍ਰਭੂ ਦੇ ਚਰਨਾਂ ਨਾਲ਼ ਜੁੜ ਕੇ, ਉਸ ਦੇ
ਨਾਮ ਦਾ ਸਿਮਰਨ ਕਰਦਾ ਹੋਇਆ, ਆਤਮਿਕ ਆਨੰਦ ਮਾਣਦਾ ਰਹਿੰਦਾ ਹੈ।
ਬ੍ਰਹਮ ਗਿਆਨੀ ਕੀ ਸਭ ਊਪਰਿ ਮਇਆ ।। ਬ੍ਰਹਮ
ਗਿਆਨੀ ਤੇ ਕਛੁ ਬੁਰਾ ਨ ਭਇਆ ।।
ਮਇਆ - ਮਿਹਰ, ਦਇਆ । ਨ ਭਇਆ - ਨਹੀਂ ਹੁੰਦਾ । ਕਛੁ - ਕੁੱਝ ਵੀ ।
ਬ੍ਰਹਮ ਗਿਆਨੀ ਦਾ ਸੁਭਾਅ ਅਤਿਅੰਤ ਦਿਆਲੂ ਹੁੰਦਾ ਹੈ। ਉਸ ਦਾ ਵਤੀਰਾ ਸਭ
ਦੇ ਨਾਲ਼ ਦਯਾ ਭਰਪੂਰ ਹੁੰਦਾ ਹੈ। ਬ੍ਰਹਮ ਗਿਆਨੀ ਦੇ ਕਰਮ ਵੀ ਹਮੇਸ਼ਾ ਨੇਕ ਅਤੇ ਪਵਿੱਤਰ ਹੁੰਦੇ ਹਨ।
ਉਹ ਭੁੱਲ ਕੇ ਵੀ ਕਦੇ ਕਿਸੇ ਦਾ ਬੁਰਾ ਨਹੀਂ ਕਰਦਾ। ਕੋਈ ਬੁਰਾ ਕਰਮ ਕਰਨ ਦਾ ਖਿਆਲ ਉਸ ਦੇ ਮਨ
ਵਿੱਚ ਆਉਂਦਾ ਹੀ ਨਹੀਂ।
ਬ੍ਰਹਮ ਗਿਆਨੀ ਸਦਾ ਸਮਦਰਸੀ ।। ਬ੍ਰਹਮ ਗਿਆਨੀ ਕੀ ਦ੍ਰਿਸਟਿ ਅੰਮ੍ਰਿਤੁ ਬਰਸੀ ।।
ਸਮਦਰਸੀ - ਇੱਕੋ ਨਜ਼ਰ ਨਾਲ਼ ਦੇਖਣ ਵਾਲ਼ਾ, ਸਮ ਦ੍ਰਿਸ਼ਟ । ਦ੍ਰਿਸਟਿ - ਨਜ਼ਰਾਂ ਤੋਂ । ਬਰਸੀ - ਬਰਸਦਾ ਹੈ ।
ਬ੍ਰਹਮ ਗਿਆਨੀ ਸਦਾ ਹੀ ਸਮ ਦਰਿਸ਼ਟ ਹੁੰਦਾ ਹੈ। ਉਹ ਸਮੁੱਚੀ ਇਨਸਾਨੀਅਤ
ਨੂੰ ਇੱਕ ਹੀ ਨਜ਼ਰ ਨਾਲ਼ ਵੇਖਦਾ ਹੈ। ਉਸ ਦੇ ਲਈ ਕੋਈ ਵੀ ਉੱਚਾ ਜਾਂ ਨੀਂਵਾਂ, ਚੰਗਾ ਜਾਂ ਮੰਦਾ,
ਗਰੀਬ ਜਾਂ ਅਮੀਰ ਨਹੀਂ ਹੁੰਦਾ। ਉਸ ਦੀ ਦ੍ਰਿਸ਼ਟੀ ਵਿੱਚੋਂ ਸਦਾ ਹੀ ਅੰਮ੍ਰਿਤ ਬਰਸਦਾ ਹੈ। ਉਹ ਹਰ ਵੇਲ਼ੇ ਹਰ ਜੀਵ ਨੂੰ ਪਿਆਰ ਭਰੀ ਨਜ਼ਰ
ਨਾਲ਼ ਵੇਖਦਾ ਹੈ।
ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ।। ਬ੍ਰਹਮ ਗਿਆਨੀ
ਕੀ ਨਿਰਮਲ ਜੁਗਤਾ ।।
ਮੁਕਤਾ - ਆਜ਼ਾਦ । ਨਿਰਮਲ - ਪਾਕ, ਪਵਿੱਤਰ । ਜੁਗਤਾ - ਜ਼ਿੰਦਗੀ ਜੀਣ ਦਾ ਢੰਗ ਤਰੀਕਾ ।
ਬ੍ਰਹਮ ਗਿਆਨੀ ਇਸ ਮਾਇਆਵੀ ਸੰਸਾਰ ਦੇ ਸਾਰੇ ਬੰਧਨਾ ਤੋਂ ਮੁਕਤ ਹੁੰਦਾ
ਹੈ। ਸਮਾਜਿਕ ਜਾਂ ਧਾਰਮਿਕ ਰੀਤੀ ਰਿਵਾਜ ਜਾਂ ਆਡੰਬਰ ਅਤੇ ਮਾਇਆ ਦਾ ਮੋਹ ਉਸ ਲਈ ਕੋਈ ਅਰਥ ਨਹੀਂ
ਰੱਖਦੇ। ਉਹ ਇਨ੍ਹਾਂ ਦੇ ਜਾਲ਼ ਵਿੱਚ ਨਹੀਂ ਫਸਦਾ। ਉਹ ਕੇਵਲ ਪ੍ਰਮਾਤਮਾ ਦੇ ਭਾਣੇ ਨੂੰ ਮਾਨਤਾ
ਦਿੰਦਾ ਹੈ। ਬ੍ਰਹਮ ਗਿਆਨੀ ਦਾ ਜੀਵਨ ਢੰਗ ਪੂਰਨ ਤੌਰ ਤੇ ਸਾਫ, ਪਾਕ ਅਤੇ ਪਵਿੱਤਰ ਹੁੰਦਾ ਹੈ। ਉਹ
ਕਦੇ ਵੀ ਕੋਈ ਬੁਰਾ ਕੰਮ ਨਹੀਂ ਕਰਦਾ ਜਿਸ ਨਾਲ਼ ਸਮਾਜ ਦੇ ਕਿਸੇ ਵੀ ਜੀਵ ਨੂੰ ਕੋਈ ਨੁਕਸਾਨ ਜਾਂ
ਦੁੱਖ ਪਹੁੰਚੇ।
ਬ੍ਰਹਮ ਗਿਆਨੀ ਕਾ ਭੋਜਨੁ ਗਿਆਨ ।। ਨਾਨਕ ਬ੍ਰਹਮ
ਗਿਆਨੀ ਕਾ ਬ੍ਰਹਮ ਧਿਆਨੁ ।। 3 ।।
ਭੋਜਨੁ - ਖੁਰਾਕ । ਬ੍ਰਹਮ - ਪ੍ਰਮਾਤਮਾ ।
ਬ੍ਰਹਮ ਗਿਆਨੀ ਦੀ ਖੁਰਾਕ ਗਿਆਨ ਹੁੰਦਾ
ਹੈ। ਉਹ ਹਰ ਵੇਲ਼ੇ ਗਿਆਨ ਦੀ ਭਾਲ਼ ਵਿੱਚ ਰਹਿੰਦਾ ਹੈ ਅਤੇ ਗਿਆਨ ਪ੍ਰਾਪਤ ਕਰ ਕੇ ਉਸ ਨੂੰ ਖੁਸ਼ੀ ਅਤੇ
ਸੰਤੁਸ਼ਟੀ ਮਿਲਦੀ ਹੈ। ਉਸ ਦਾ ਧਿਆਨ ਹਰ ਸਮੇ ਪ੍ਰਮਾਤਮਾ ਨਾਲ਼ ਜੁੜਿਆ ਰਹਿੰਦਾ ਹੈ। ਇੱਕ ਛਿਣ ਲਈ ਵੀ
ਉਸ ਨੂੰ ਪ੍ਰਮਾਤਮਾ ਨਹੀਂ ਵਿਸਰਦਾ।
ਬ੍ਰਹਮ ਗਿਆਨੀ ਏਕ ਊਪਰਿ ਆਸ ।। ਬ੍ਰਹਮ ਗਿਆਨੀ ਕਾ
ਨਹੀ ਬਿਨਾਸ ।।
ਏਕ - ਇੱਕ ਵਾਹਿਗੁਰੂ । ਬਿਨਾਸ - ਤਬਾਹੀ, ਵਿਨਾਸ਼ ।
ਬ੍ਰਹਮ ਗਿਆਨੀ ਕੇਵਲ ਇੱਕ ਪ੍ਰਮਾਤਮਾ ਤੇ ਟੇਕ ਰੱਖਦਾ ਹੈ। ਉਹ ਕਦੇ ਵੀ
ਕਿਸੇ ਹੋਰ ਤਾਕਤ ਦਾ ਆਸਰਾ ਨਹੀਂ ਤੱਕਦਾ। ਪ੍ਰਮਾਤਮਾ ਵੀ ਹਰ ਵੇਲ਼ੇ ਬ੍ਰਹਮ ਗਿਆਨੀ ਦੇ ਨਾਲ਼ ਖੜ੍ਹਦਾ
ਹੈ। ਇਸ ਲਈ ਬ੍ਰਹਮ ਗਿਆਨੀ ਦਾ ਕਦੇ ਵੀ ਬਿਨਾਸ ਨਹੀਂ ਹੁੰਦਾ। ਉਸ ਦਾ ਕਦੇ ਵੀ ਕੋਈ ਕੁੱਝ ਨਹੀਂ
ਵਿਗਾੜ ਸਕਦਾ।
ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ ।। ਬ੍ਰਹਮ
ਗਿਆਨੀ ਪਰਉਪਕਾਰ ਉਮਾਹਾ ।।
ਗਰੀਬੀ - ਨਿਮਰਤਾ, ਹਲੀਮੀ । ਸਮਾਹਾ - ਸਮਾਈ ਰਹਿੰਦੀ ਹੈ । ਪਰਉਪਕਾਰ - ਦੂਜਿਆਂ ਦੀ ਭਲਾਈ । ਉਮਾਹਾ - ਚਾਉ, ਉਤਸ਼ਾਹ ।
ਬ੍ਰਹਮ ਗਿਆਨੀ ਦੇ ਮਨ ਵਿੱਚ ਹਮੇਸ਼ਾ ਹਲੀਮੀ ਸਮਾਈ ਰਹਿੰਦੀ ਹੈ। ਉਹ ਕਦੇ
ਵੀ ਹਉਮੈ ਦਾ ਸ਼ਿਕਾਰ ਨਹੀਂ ਹੁੰਦਾ। ਉਸ ਨੂੰ ਪਰਉਪਕਾਰ ਕਰ ਕੇ ਸਦਾ ਹੀ ਖੁਸ਼ੀ ਮਿਲਦੀ ਹੈ। ਇਸ ਲਈ ਉਸ ਨੂੰ ਦੂਜਿਆਂ ਦੀ ਭਲਾਈ ਕਰਨ ਦਾ
ਇੱਕ ਤਰਾਂ ਨਾਲ਼ ਚਾਅ ਚੜ੍ਹਿਆ ਰਹਿੰਦਾ ਹੈ, ਉਹ ਨਿਰ-ਸਵਾਰਥ ਹੋ ਕੇ ਦੂਜਿਆਂ ਦੀ ਸਹਾਇਤਾ ਕਰਨ ਲਈ ਸਦਾ ਤਤਪਰ
ਰਹਿੰਦਾ ਹੈ।
ਬ੍ਰਹਮ ਗਿਆਨੀ ਕੈ ਨਾਹੀ ਧੰਧਾ ।। ਬ੍ਰਹਮ ਗਿਆਨੀ
ਲੇ ਧਾਵਤੁ ਬੰਧਾ ।।
ਕੈ - ਦੇ ਜੀਵਨ ਵਿੱਚ । ਧੰਧਾ - ਸੰਸਾਰਿਕ ਝਮੇਲੇ । ਧਾਵਤੁ - ਦੌੜਦੇ ਹੋਏ ਮਨ ਨੂੰ । ਲੇ ... ਬੰਧਾ - ਵਸ ਵਿੱਚ ਕਰ ਲੈਂਦਾ ਹੈ, ਬੰਨ੍ਹ ਲੈਂਦਾ ਹੈ ।
ਬ੍ਰਹਮ ਗਿਆਨੀ ਮੋਹ ਮਾਇਆ ਦੇ ਬੰਧਨਾਂ ਤੋਂ
ਉੱਪਰ ਉੱਠ ਜਾਂਦਾ ਹੈ। ਇਸ ਲਈ ਉਹ ਕਦੇ ਵੀ ਕਿਸੇ ਉਲ਼ਝਣ ਦਾ ਸ਼ਿਕਾਰ ਨਹੀਂ ਹੁੰਦਾ। ਉਸ ਦੀ ਹਰ
ਪਰੇਸ਼ਾਨੀ ਪ੍ਰਮਾਤਮਾ ਦੀ ਮਿਹਰ ਨਾਲ਼ ਸਹਿਜੇ ਹੀ ਦੂਰ ਹੋ ਜਾਂਦੀ ਹੈ। ਉਹ ਅਪਣੇ ਵਿਕਾਰਾਂ ਵੱਲ
ਦੌੜਦੇ ਮਨ ਨੂੰ ਸੌਖਿਆਂ ਹੀ ਵਸ ਵਿੱਚ ਕਰ ਲੈਂਦਾ ਹੈ। ਉਸ ਦਾ ਮਨ ਕਦੇ ਵੀ ਮਾਇਆ ਦੇ ਮੋਹ ਵਿੱਚ ਫਸ
ਕੇ ਬੇਕਾਬੂ ਨਹੀਂ ਹੁੰਦਾ।
ਬ੍ਰਹਮ ਗਿਆਨੀ ਕੈ ਹੋਇ ਸੁ ਭਲਾ ।। ਬ੍ਰਹਮ ਗਿਆਨੀ
ਸੁਫਲ ਫਲਾ ।।
ਕੈ - ਦੇ ਹੱਥੋਂ । ਹੋਇ - ਹੁੰਦਾ ਹੈ । ਸੁ - ਉਹ । ਭਲਾ - ਚੰਗਾ, ਨੇਕ । ਸੁਫਲ ਫਲਾ - ਚੰਗਾ ਫਲ਼ ਲੱਗਦਾ ਹੈ ।
ਬ੍ਰਹਮ ਗਿਆਨੀ ਜੋ ਵੀ ਕਰੇ ਉਹ ਭਲਾ ਹੀ ਹੁੰਦਾ ਹੈ। ਉਹ ਕਦੇ ਕੁੱਝ ਬੁਰਾ
ਕਰਨ ਬਾਰੇ ਸੋਚ ਵੀ ਨਹੀਂ ਸਕਦਾ। ਇਹੋ ਹੀ ਕਾਰਨ ਹੈ ਕਿ ਉਹ ਜੋ ਕੰਮ ਵੀ ਕਰੇ ਉਸ ਦਾ ਫਲ਼ ਮਿੱਠਾ ਹੀ
ਹੁੰਦਾ ਹੈ। ਜਦੋਂ ਉਹ ਕਦੇ ਬੁਰਾ ਸੋਚਦਾ ਹੀ ਨਹੀਂ, ਬੁਰਾ ਕਰਦਾ ਹੀ ਨਹੀਂ ਤਾਂ ਉਸ ਦੇ ਕਿਸੇ ਵੀ
ਕੰਮ ਦਾ ਨਤੀਜਾ ਬੁਰਾ ਕਿਵੇਂ ਹੋ ਸਕਦਾ ਹੈ? ਇਹ ਵੀ ਕਹਿ ਸਕਦੇ ਹਾਂ ਕਿ ਬ੍ਰਹਮ ਗਿਆਨੀ ਲਈ ਦੁੱਖ
ਸੁਖ ਸਮਾਨ ਹੁੰਦੇ ਹਨ। ਇਸ ਲਈ ਜੋ ਵੀ ਹੁੰਦਾ ਹੈ, ਉਹ ਉਸ ਨੂੰ ਭਲਾ ਹੀ ਸਮਝਦਾ ਹੈ। ਉਹ
ਦੁੱਖ ਨੂੰ ਵੀ ਦਾਰੂ ਸਮਝਦਾ ਹੈ ਜੋ ਉਸ ਦੇ ਹਉਮੈ ਰੋਗ ਦਾ ਨਿਵਾਰਣ ਕਰਦਾ ਹੈ। ਉਸ ਦੀ ਨਜ਼ਰ ਵਿੱਚ
ਜੋ ਹੁੰਦਾ ਹੈ, ਚੰਗਾ ਹੀ ਹੁੰਦਾ ਹੈ।
ਬ੍ਰਹਮ ਗਿਆਨੀ ਸੰਗਿ ਸਗਲ ਉਧਾਰੁ ।। ਨਾਨਕ ਬ੍ਰਹਮ
ਗਿਆਨੀ ਜਪੈ ਸਗਲ ਸੰਸਾਰੁ ।। 4 ।।
ਸੰਗਿ - ਸੰਗਤ ਕਰ ਕੇ । ਸਗਲ - ਸਭ ਦਾ । ਉਧਾਰੁ - ਭਲਾ ਹੁੰਦਾ ਹੈ। ਜਪੈ - ਜੱਪਦਾ ਹੈ ।
ਬ੍ਰਹਮ ਗਿਆਨੀ ਦੀ ਸੰਗਤ ਕਰਨ ਵਾਲ਼ੇ ਹਰ ਜੀਵ ਦਾ ਭਲਾ ਹੀ ਹੁੰਦਾ ਹੈ
ਕਿਉਂਕਿ ਉਸ ਦੀ ਸੰਗਤ ਕਰ ਕੇ ਇਨਸਾਨ ਕੋਈ ਚੰਗੀ ਸਿੱਖਿਆ ਹੀ ਲੈਂਦਾ ਹੈ। ਗੁਰੂ ਜੀ ਇਸ ਕਰਕੇ ਇਹ
ਫੈਸਲਾ ਦਿੰਦੇ ਹਨ ਕਿ ਬ੍ਰਹਮ ਗਿਆਨੀ ਦੀ ਸਾਰਾ ਸੰਸਾਰ ਹੀ ਇੱਜ਼ਤ ਕਰਦਾ ਹੈ, ਉਸ ਨੂੰ ਸਨਮਾਨ ਦਿੰਦਾ
ਹੈ। ਪਰਮੇਸ਼ਰ ਵਿੱਚ ਅਭੇਦ ਹੋਣ ਕਰਕੇ ਅਤੇ ਸਭ ਦਾ ਭਲਾ ਕਰਨ ਕਰਕੇ ਸਾਰਾ
ਸੰਸਾਰ ਉਸ ਦਾ ਨਾਮ ਜੱਪਦਾ ਹੈ।
ਬ੍ਰਹਮ ਗਿਆਨੀ ਕੈ ਏਕੈ ਰੰਗ ।। ਬ੍ਰਹਮ
ਗਿਆਨੀ ਕੈ ਬਸੈ ਪ੍ਰਭੁ ਸੰਗ ।।
ਕੈ - ਨੂੰ । ਏਕੈ - ਇੱਕ ਨਾਲ਼ ਹੀ । ਰੰਗ - ਪਿਆਰ । ਕੈ - ਦੇ । ਬਸੈ - ਵਸਦਾ ਹੈ । ਸੰਗ - ਨਾਲ਼ ।
ਬ੍ਰਹਮ ਗਿਆਨੀ ਹਰ ਵੇਲ਼ੇ ਕੇਵਲ ਇੱਕ ਪ੍ਰਮਾਤਮਾ ਦੇ ਪਿਆਰ ਵਿੱਚ ਹੀ
ਰੰਗਿਆ ਰਹਿੰਦਾ ਹੈ, ਮਾਇਆ ਨਾਲ਼ ਪਿਆਰ ਕਰਨ ਬਾਰੇ ਤਾਂ ਉਹ ਕਦੇ ਸੋਚਦਾ ਵੀ ਨਹੀਂ। ਹੋਰ ਹਰ ਤਰਾਂ
ਦੀ ਮੋਹ ਮਮਤਾ ਤੋਂ ਉਸ ਦਾ ਮਨ ਉੱਪਰ ਉੱਠਿਆ ਹੁੰਦਾ ਹੈ। ਪ੍ਰਮਾਤਮਾ ਇੱਕ ਤਰਾਂ ਨਾਲ਼ ਬ੍ਰਹਮ ਗਿਆਨੀ
ਦੀ ਹੋਂਦ ਦਾ ਹਿੱਸਾ ਹੁੰਦਾ ਹੈ। ਇੱਕ ਛਿਣ ਲਈ ਵੀ ਪ੍ਰਮਾਤਮਾ ਦਾ ਚੇਤਾ ਉਸ ਨੂੰ ਨਹੀਂ ਵਿਸਰਦਾ। ਪ੍ਰਮਾਤਮਾ
ਆਪ ਹਰ ਵੇਲ਼ੇ ਬ੍ਰਹਮ ਗਿਆਨੀ ਦੇ ਨਾਲ਼ ਵਸਦਾ ਹੈ, ਉਸ ਦੇ ਅੰਗ ਸੰਗ ਰਹਿੰਦਾ ਹੈ, ਉਸ ਦੀ ਸਹਾਇਤਾ
ਕਰਦਾ ਹੈ।
ਬ੍ਰਹਮ ਗਿਆਨੀ ਕੈ ਨਾਮੁ ਆਧਾਰੁ ।। ਬ੍ਰਹਮ ਗਿਆਨੀ
ਕੈ ਨਾਮੁ ਪਰਵਾਰੁ ।।
ਕੈ - ਨੂੰ । ਨਾਮੁ - ਪ੍ਰਮਾਤਮਾ ਦੇ ਨਾਮ ਦਾ । ਆਧਾਰੁ - ਸਹਾਰਾ, ਆਸਰਾ । ਕੈ - ਦਾ ।
ਪ੍ਰਮਾਤਮਾ ਦਾ ਨਾਮ ਹੀ ਬ੍ਰਹਮ ਗਿਆਨੀ ਦਾ ਇੱਕੋ ਇੱਕ ਆਸਰਾ ਹੁੰਦਾ ਹੈ,
ਉਹ ਹੋਰ ਕਿਸੇ ਦਾ ਕਦੇ ਆਸਰਾ ਨਹੀਂ ਤੱਕਦਾ। ਪ੍ਰਭੂ ਦਾ ਨਾਮ
ਹੀ ਬ੍ਰਹਮ ਗਿਆਨੀ ਦਾ ਪਰਿਵਾਰ ਹੁੰਦਾ ਹੈ, ਉਸ ਨੂੰ ਹੋਰ ਕਿਸੇ ਨਾਲ਼ ਮੋਹ ਨਹੀਂ ਹੁੰਦਾ। ਉਸ ਦੇ ਲਈ
ਮਾਤਾ, ਪਿਤਾ, ਭੈਣ, ਭਾਈ, ਧੀ, ਪੁੱਤਰ ਸਭ ਪ੍ਰਭੂ ਦਾ ਨਾਮ ਹੀ ਹੁੰਦਾ ਹੈ।
ਬ੍ਰਹਮ ਗਿਆਨੀ ਸਦਾ ਸਦ ਜਾਗਤ ।। ਬ੍ਰਹਮ ਗਿਆਨੀ
ਅਹੰਬੁਧਿ ਤਿਆਗਤ ।।
ਜਾਗਤ - ਜਾਗਦਾ ਰਹਿੰਦਾ ਹੈ, ਸਾਵਧਾਨ ਰਹਿੰਦਾ ਹੈ। ਅਹੰਬੁਧਿ - ਹੰਕਾਰ, ਹਉਮੈ। ਤਿਆਗਤ - ਤਿਆਗ ਦਿੰਦਾ ਹੈ।
ਬ੍ਰਹਮ ਗਿਆਨੀ ਸਦਾ ਹੀ ਸਾਵਧਾਨ ਅਵਸਥਾ ਵਿੱਚ ਰਹਿੰਦਾ ਹੈ। ਉਹ ਹਰ ਵੇਲ਼ੇ
ਚੇਤਨ ਤੌਰ ਤੇ ਵਾਹਿਗੁਰੂ ਨਾਲ਼ ਜੁੜਿਆ ਰਹਿੰਦਾ
ਹੈ। ਉਹ ਦੁਨਿਆਵੀ ਪਦਾਰਥਾਂ ਦੇ ਮੋਹ ਦੀ ਨੀਂਦ ਦਾ ਕਦੇ ਸ਼ਿਕਾਰ ਨਹੀਂ ਹੁੰਦਾ। ਬ੍ਰਹਮ ਗਿਆਨੀ ਹਉਮੈ
ਤੋ ਉਪਰ ਉੱਠ ਜਾਂਦਾ ਹੈ, ਹੰਕਾਰ ਕਰਨ ਵਾਲ਼ੀ ਪ੍ਰਵਿਰਤੀ ਨੂੰ ਤਿਆਗ ਦਿੰਦਾ ਹੈ।
ਬ੍ਰਹਮ ਗਿਆਨੀ ਕੈ ਮਨਿ ਪਰਮਾਨੰਦ ।। ਬ੍ਰਹਮ
ਗਿਆਨੀ ਕੈ ਘਰਿ ਸਦਾ ਅਨੰਦ ।।
ਕੈ - ਦੇ। ਮਨਿ - ਮਨ ਵਿੱਚ। ਪਰਮਾਨੰਦ - ਪਰਮ (ਸਭ ਤੋਂ ਉੱਤਮ ਅਨੰਦ) ਦਾ ਸੋਮਾ ਅਰਥਾਤ ਪ੍ਰਮਾਤਮਾ। ਘਰਿ - ਹਿਰਦੇ ਵਿੱਚ।
ਬ੍ਰਹਮ ਗਿਆਨੀ ਦੇ ਮਨ ਵਿੱਚ ਸਦਾ ਪੂਰਨ ਆਨੰਦ ਦਾ ਸੋਮਾ ਪ੍ਰਮਾਤਮਾ
(ਪਰਮਾਨੰਦ) ਵਸਿਆ ਰਹਿੰਦਾ ਹੈ। ਇਸ ਲਈ ਉਸ ਦਾ ਹਿਰਦਾ ਘਰ ਸਦਾ ਹੀ ਖੁਸ਼ੀ ਨਾਲ਼ ਭਰਪੂਰ ਰਹਿੰਦਾ ਹੈ।
ਉਸ ਦਾ ਮਨ ਕਦੇ ਵੀ ਢਹਿੰਦੀ ਕਲਾ ਵਿੱਚ ਨਹੀਂ ਜਾਂਦਾ।
ਬ੍ਰਹਮ ਗਿਆਨੀ ਸੁਖ ਸਹਜ ਨਿਵਾਸ ।। ਨਾਨਕ ਬ੍ਰਹਮ
ਗਿਆਨੀ ਕਾ ਨਹੀ ਬਿਨਾਸ ।। 5 ।।
ਸਹਜ - ਆਤਮਿਕ ਅਡੋਲਤਾ ਦੀ ਅਵਸਥਾ। ਨਿਵਾਸ - ਵਸਦਾ ਹੈ।
ਬ੍ਰਹਮ ਗਿਆਨੀ ਸਦਾ ਹੀ ਆਤਮਿਕ ਸੁਖ ਦੀ ਅਵਸਥਾ ਨੂੰ ਮਾਣਦਾ ਹੈ, ਉਹ
ਹਮੇਸ਼ਾ ਸਹਿਜ ਅਵਸਥਾ ਵਿੱਚ ਵਿਚਰਦਾ ਹੈ, ਕਦੇ ਵੀ ਪਰੇਸ਼ਾਨੀ ਦਾ ਸ਼ਿਕਾਰ ਨਹੀਂ ਹੁੰਦਾ। ਨਾ ਉਹ ਕਦੀ
ਖੁਸ਼ੀ ਵਿੱਚ ਆ ਕੇ ਅਸਮਾਨ ਵਿੱਚ ਉਡਦਾ ਹੈ ਅਤੇ ਨਾ ਗ਼ਮ ਦੀ ਦਲਦਲ ਵਿੱਚ ਧਸਦਾ ਹੈ। ਗੁਰੂ ਜੀ ਸਾਨੂੰ
ਇਹ ਸਬਕ ਦ੍ਰਿੜ੍ਹ ਕਰਵਾਉਂਦੇ ਹਨ ਕਿ ਬ੍ਰਹਮ ਗਿਆਨੀ ਦਾ ਕਦੇ ਵੀ ਨਾਸ ਨਹੀਂ ਹੁੰਦਾ, ਉਸ ਦਾ ਸਦਾ
ਹੀ ਭਲਾ ਹੁੰਦਾ ਹੈ।
ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ।। ਬ੍ਰਹਮ ਗਿਆਨੀ
ਏਕ ਸੰਗਿ ਹੇਤਾ ।।
ਬ੍ਰਹਮ - ਪ੍ਰਮਾਤਮਾ । ਬੇਤਾ - ਸੋਝੀ (ਗਿਆਨ) ਰੱਖਣ ਵਾਲ਼ਾ। ਸੰਗਿ - ਨਾਲ਼। ਹੇਤਾ - ਪਿਆਰ।
ਬ੍ਰਹਮ ਗਿਆਨੀ ਨੂੰ ਬ੍ਰਹਮ ਦੀ ਸੋਝੀ ਹੁੰਦੀ ਹੈ। ਉਸ ਨੂੰ ਪ੍ਰਮਾਤਮਾ ਦਾ
ਪੂਰਨ ਗਿਆਨ ਹੁੰਦਾ ਹੈ। ਉਹ ਪ੍ਰਮਾਤਮਾ ਦੇ ਸੁਭਾਅ ਨੂੰ, ਉਸ ਦੀ ਸ਼ਕਤੀ ਨੂੰ, ਉਸ ਦੇ ਸਰੂਪ ਨੂੰ ਚੰਗੀ
ਤਰਾਂ ਸਮਝਦਾ ਤੇ ਜਾਣਦਾ ਹੈ। ਬ੍ਰਹਮ ਗਿਆਨੀ ਨੂੰ ਕੇਵਲ ਇੱਕ ਪ੍ਰਮਾਤਮਾ ਨਾਲ਼ ਪਿਆਰ ਹੁੰਦਾ ਹੈ।
ਦੁਨੀਆਂ ਦੀ ਕਿਸੇ ਹੋਰ ਚੀਜ਼ ਨਾਲ਼ ਉਸ ਨੂੰ ਪਿਆਰ ਨਹੀਂ ਹੁੰਦਾ।
ਬ੍ਰਹਮ ਗਿਆਨੀ ਕੈ ਹੋਇ ਅਚਿੰਤ ।। ਬ੍ਰਹਮ ਗਿਆਨੀ ਕਾ
ਨਿਰਮਲ ਮੰਤ ।।
ਕੈ - ਦੇ ਜੀਵਨ ਵਿੱਚ। ਹੋਇ - ਬਣੀ ਰਹਿੰਦੀ ਹੈ। ਅਚਿੰਤ - ਚਿੰਤਾ ਰਹਿਤ ਅਵਸਥਾ। ਨਿਰਮਲ - ਪਵਿੱਕਰ। ਮੰਤ - ਵਿਚਾਰ, ਭਾਵ।
ਬ੍ਰਹਮ ਗਿਆਨੀ ਸਦਾ ਹੀ ਬੇ-ਫਿਕਰੀ ਦਾ ਜੀਵਨ ਬਤੀਤ ਕਰਦਾ ਹੈ। ਵਾਹਿਗੁਰੂ
ਤੇ ਪੂਰਨ ਵਿਸ਼ਵਾਸ਼ ਹੋਣ ਕਰਕੇ ਉਹ ਸਭ ਕੁੱਝ ਉਸ ਉੱਤੇ ਛੱਡ ਦਿੰਦਾ ਹੈ ਅਤੇ ਜੋ ਉਹ ਕਰੇ ਉਸ ਨੂੰ
ਭਲਾ ਸਮਝਦਾ ਹੈ। ਇਸ ਲਈ ਉਹ ਹਮੇਸ਼ਾਂ ਚਿੰਤਾ ਤੋਂ ਮੁਕਤ ਰਹਿੰਦਾ ਹੈ। ਬ੍ਰਹਮ ਗਿਆਨੀ ਦੇ ਮਨ ਅੰਦਰਲੇ
ਭਾਵ ਸਦਾ ਹੀ ਨਿਰਮਲ ਹੁੰਦੇ ਹਨ। ਇਸ ਲਈ ਉਸ ਦਾ ਉਪਦੇਸ਼ ਸਦਾ ਪਵਿੱਤਰ ਹੁੰਦਾ ਹੈ. ਉਹ ਕਦੇ ਕਿਸੇ
ਨੂੰ ਭੈੜੀ ਸਿੱਖਿਆ ਨਹੀਂ ਦਿੰਦਾ।
ਬ੍ਰਹਮ ਗਿਆਨੀ ਜਿਸੁ ਕਰੈ ਪ੍ਰਭੁ ਆਪਿ ।। ਬ੍ਰਹਮ
ਗਿਆਨੀ ਕਾ ਬਡ ਪਰਤਾਪ ।।
ਕਰੈ - ਕਰਦਾ ਹੈ, ਮਿਹਰ ਕਰ ਕੇ ਬਣਾਉਂਦਾ ਹੈ। ਬਡ - ਉੱਚਾ - ਮਹਾਨ। ਪਰਤਾਪ - ਸ਼ੋਭਾ
ਬ੍ਰਹਮ ਗਿਆਨੀ ਦੇ ਰੁਤਬੇ ਨੂੰ ਉਹ ਇਨਸਾਨ ਹੀ ਪ੍ਰਾਪਤ ਕਰ ਸਕਦਾ ਹੈ ਜਿਸ
ਉੱਤੇ ਆਪ ਪ੍ਰਮਾਤਮਾ ਮਿਹਰ ਕਰਦਾ ਹੈ। ਬ੍ਰਹਮ ਗਿਆਨ ਪ੍ਰਾਪਤ ਕਰਨ ਦੇ ਮਾਰਗ ਤੇ ਉਹ ਹੀ ਕਦਮ ਰੱਖਦਾ
ਹੈ ਜਿਸ ਨੂੰ ਪ੍ਰਭੂ ਆਪ ਕਿਰਪਾ ਕਰ ਕੇ ਇਹ ਰਸਤਾ ਦਿਖਾਉਂਦਾ ਹੈ। ਜੋ ਜੀਵ ਇਸ ਉੱਚ ਅਵਸਥਾ ਨੂੰ
ਪ੍ਰਾਪਤ ਕਰ ਲਵੇ ਉਸ ਦੀ ਸਾਰਾ ਸੰਸਾਰ ਇੱਜ਼ਤ ਕਰਦਾ ਹੈ, ਹਰ ਪਾਸੇ ਉਸ ਦੀ ਸ਼ੋਭਾ ਹੁੰਦੀ ਹੈ, ਉਸ
ਨੂੰ ਸਤਿਕਾਰ ਮਿਲਦਾ ਹੈ ਕਿਉਂਕਿ ਉਹ ਪ੍ਰਮਾਤਮਾ ਵੱਲੋਂ ਬਖ਼ਸ਼ਿਸ਼ ਹੋਈ ਅਪਣੀ ਤਾਕਤ ਦੀ ਵਰਤੋਂ ਸਦਾ
ਹੀ ਸਭ ਦੇ ਭਲੇ ਲਈ ਕਰਦਾ ਹੈ।
ਬ੍ਰਹਮ ਗਿਆਨੀ ਕਾ ਦਰਸੁ ਬਡਭਾਗੀ ਪਾਈਐ ।। ਬ੍ਰਹਮ
ਗਿਆਨੀ ਕਉ ਬਲਿ ਬਲਿ ਜਾਈਐ ।।
ਦਰਸ - ਦਰਸ਼ਨ। ਕਉ - ਤੋਂ। ਬਲਿ ਬਲਿ - ਵਾਰੇ ਵਾਰੇ, ਕੁਰਬਾਨ।
ਬ੍ਰਹਮ ਗਿਆਨੀ ਦੇ ਦਰਸ਼ਨ ਬਹੁਤ ਚੰਗੀ ਕਿਸਮਤ ਨਾਲ਼ ਹੀ ਨਸੀਬ ਹੁੰਦੇ ਹਨ।
ਜੇ ਕਿਸੇ ਅਜਿਹੇ ਪਹੁੰਚੇ ਹੋਏ ਮਹਾਂ ਪੁਰਖ ਦੇ ਦਰਸ਼ਨ ਹੋ ਜਾਣ ਤਾਂ ਉਸ ਤੋਂ ਵਾਰੇ ਵਾਰੇ ਜਾਣਾ
ਚਾਹੀਦਾ ਹੈ। ਉਸ ਦੇ ਲਈ ਕੁੱਝ ਵੀ ਕੁਰਬਾਨ ਕਰਨ ਤੋਂ ਪਰਹੇਜ਼ ਨਹੀਂ ਕਰਨਾ ਚਾਹੀਦਾ।
ਬ੍ਰਹਮ ਗਿਆਨੀ ਕਉ ਖੋਜਹਿ ਮਹੇਸੁਰ ।। ਨਾਨਕ ਬ੍ਰਹਮ
ਗਿਆਨੀ ਆਪਿ ਪਰਮੇਸੁਰ ।। 6 ।।
ਕਉ - ਨੂੰ। ਖੋਜਹਿ - ਲੱਭਦਾ ਫਿਰਦਾ ਹੈ (ਦਰਸ਼ਨ ਕਰਨ ਲਈ)। ਮਹੇਸੁਰ - ਸ਼ਿਵ ਜੀ।
ਬ੍ਰਹਮ ਗਿਆਨੀ ਏਨਾ ਮਹਾਨ ਹੁੰਦਾ ਹੈ ਕਿ ਉਸ ਦੇ ਦਰਸ਼ਨ ਕਰਨ ਲਈ ਸ਼ਿਵ ਜੀ
ਵਰਗੇ ਦੇਵਤੇ ਵੀ ਉਸ ਨੂੰ ਲੱਭਦੇ ਫਿਰਦੇ ਹਨ। ਬ੍ਰਹਮ ਗਿਆਨੀ ਦਾ ਰੁਤਬਾ ਖ਼ੁਦ ਪ੍ਰਮਾਤਮਾ ਦੇ ਬਰਾਬਰ
ਹੁੰਦਾ ਹੈ। ਉਹ ਪ੍ਰਮਾਤਮਾ ਦਾ ਹੀ ਦੂਜਾ ਰੂਪ ਹੁੰਦਾ ਹੈ। ਉਸ ਨੂੰ ਪਰਮੇਸ਼ਰ ਹੀ ਕਹਿ ਦਈਏ ਤਾਂ ਇਸ
ਵਿੱਚ ਕੋਈ ਗਲਤ ਬਿਆਨੀ ਨਹੀਂ ਹੋਵੇਗੀ।
ਬ੍ਰਹਮ ਗਿਆਨੀ ਕੀ ਕੀਮਤਿ ਨਾਹਿ ।। ਬ੍ਰਹਮ ਗਿਆਨੀ
ਕੈ ਸਗਲ ਮਨ ਮਾਹਿ ।।
ਕੀਮਤਿ ਨਾਹਿ - ਮੁੱਲ ਨਹੀਂ ਪਾਇਆ ਜਾ ਸਕਦਾ। ਸਗਲ - ਸਭ ਕੁੱਝ, ਸਾਰੀ ਸ੍ਰਿਸ਼ਟੀ। ਮਾਹਿ - ਅੰਦਰ।
ਬ੍ਰਹਮ ਗਿਆਨੀ ਦੀ ਮਹਾਨਤਾ ਅਮੁੱਲ ਹੁੰਦੀ ਹੈ। ਉਸ ਦੀ ਕੀਮਤ ਪਾਈ ਹੀ
ਨਹੀਂ ਜਾ ਸਕਦੀ। ਬ੍ਰਹਮ ਗਿਆਨੀ ਸਰਬ ਗਿਆਤਾ ਹੁੰਦਾ ਹੈ, ਉਹ ਸਭ ਕੁੱਝ ਜਾਣਦਾ ਹੈ। ਉਸ ਦੀ ਦਿੱਬ
ਦ੍ਰਿਸ਼ਟੀ ਸਮੁੱਚੇ ਬ੍ਰਹਿਮੰਡ ਨੂੰ ਦੇਖ ਸਕਦੀ ਹੈ।
ਬ੍ਰਹਮ ਗਿਆਨੀ ਕਾ ਕਉਨ ਜਾਨੈ ਭੇਦੁ ।। ਬ੍ਰਹਮ
ਗਿਆਨੀ ਕਉ ਸਦਾ ਅਦੇਸੁ ।।
ਭੇਦੁ - ਰਹੱਸ, ਮਨ ਦੀ ਅਵਸਥਾ। ਅਦੇਸੁ - ਨਮਸ਼ਕਾਰ।
ਬ੍ਰਹਮ ਗਿਆਨੀ ਦੇ ਅੰਦਰ ਦੇ ਰਹੱਸ ਨੂੰ ਕੋਈ ਨਹੀਂ ਸਮਝ ਸਕਦਾ। ਉਸ ਦੇ
ਮਨ ਦੀ ਅਵਸਥਾ ਨੂੰ, ਉਸ ਦੀ ਸੋਚ ਨੂੰ ਸਮਝਣਾ ਸਾਡੇ ਲਈ ਅਸੰਭਵ ਹੈ। ਉਸ ਦੀ ਮਹਾਨਤਾ ਨੂੰ ਸਮਝਦੇ
ਹੋਏ ਉਸ ਨੂੰ ਸਦਾ ਹੀ ਨਮਸ਼ਕਾਰ ਕਰਨਾ ਚਾਹੀਦਾ ਹੈ।
ਬ੍ਰਹਮ ਗਿਆਨੀ ਕਾ ਕਥਿਆ ਨ ਜਾਇ ਅਧਾਖਰੁ ।। ਬ੍ਰਹਮ
ਗਿਆਨੀ ਸਰਬ ਕਾ ਠਾਕੁਰੁ ।।
ਕਥਿਆ - ਆਖਿਆ ਹੋਇਆ। ਨ ਜਾਇ - ਗਲਤ ਨਹੀਂ ਹੁੰਦਾ। ਅਧਾਖਰੁ - ਅੱਧਾ ਅੱਖਰ ਵੀ। ਸਰਬ ਕਾ - ਸਾਰੀ ਸ੍ਰਿਸ਼ਟੀ ਦਾ। ਠਾਕੁਰੁ - ਮਾਲਕ।
ਬ੍ਰਹਮ ਗਿਆਨੀ ਜੋ ਮੁਖ ਤੋਂ ਬੋਲ ਦੇਵੇ
ਪੂਰਾ ਹੁੰਦਾ ਹੈ, ਉਸ ਦਾ ਬੋਲਿਆ ਅੱਧਾ ਅੱਖਰ ਵੀ ਕਦੇ ਗਲਤ ਨਹੀਂ ਨਿਕਲ਼ਦਾ। ਇਹ ਅਰਥ ਵੀ ਕਰਦੇ ਹਨ
ਕਿ ਬ੍ਰਹਮ ਗਿਆਨੀ ਦੀ ਮਹਿਮਾ ਏਨੀ ਉੱਚੀ ਹੁੰਦੀ ਹੈ ਕਿ ਉਸ ਦਾ ਮਾਮੂਲੀ ਜਿਹਾ ਹਿੱਸਾ (ਅੱਧਾ
ਅੱਖਰ) ਵੀ ਬਿਆਨ ਨਹੀਂ ਕੀਤਾ ਜਾ ਸਕਦਾ। ਬ੍ਰਹਮ
ਗਿਆਨੀ ਸਮਸਤ ਸ੍ਰਿਸ਼ਟੀ ਦਾ ਮਾਲਕ ਹੁੰਦਾ ਹੈ। ਪ੍ਰਮਾਤਮਾ ਦੀ ਤਰਾਂ ਹੀ ਉਹ ਸਾਰੇ ਸੰਸਾਰ ਦਾ ਧਿਆਨ ਰੱਖਦਾ ਹੈ। ਇਸ ਲਈ ਉਹ ਸਾਰੇ ਜਗਤ ਦੇ ਲਈ ਪੂਜਣ ਯੋਗ ਹੁੰਦਾ ਹੈ।
ਬ੍ਰਹਮ ਗਿਆਨੀ ਕੀ ਮਿਤਿ ਕਉਨੁ ਬਖਾਨੈ ।। ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ
।।
ਮਿਤਿ - ਉੱਚ ਅਵਸਥਾ। ਕਉਨ - ਕੈਣ (ਕੋਈ ਨਹੀਂ)। ਬਖਾਨੈ - ਬਿਆਨ ਕਰਨਾ। ਗਤਿ - ਅਵਸਥਾ। ਜਾਨੈ - ਸਮਝ ਸਕਦਾ ਹੈ।
ਬ੍ਰਹਮ ਗਿਆਨੀ ਦੀ ਮਹਾਨਤਾ ਨੂੰ, ਉਸ ਦੀ
ਸੋਚ ਦੀ ਉੱਚਤਾ ਨੂੰ, ਉਸ ਦੇ ਮਨ ਦੀ ਅਵਸਥਾ ਨੂੰ, ਕੋਈ ਵੀ ਬਿਆਨ ਨਹੀਂ ਕਰ ਸਕਦਾ। ਬ੍ਰਹਮ ਗਿਆਨੀ ਦੇ
ਮਨ ਦੀ ਉੱਚ ਅਵਸਥਾ ਨੂੰ ਕੋਈ ਬ੍ਰਹਮ ਗਿਆਨੀ ਹੀ ਸਮਝ ਸਕਦਾ ਹੈ।
ਬ੍ਰਹਮ ਗਿਆਨੀ ਕਾ ਅੰਤੁ ਨ ਪਾਰੁ ।। ਨਾਨਕ ਬ੍ਰਹਮ
ਗਿਆਨੀ ਕਉ ਸਦਾ ਨਮਸਕਾਰੁ ।। 7 ।।
ਪਾਰੁ - ਪਾਰਲਾ ਕਿਨਾਰਾ, ਸੀਮਾ। ਕਉ - ਨੂੰ।
ਬ੍ਰਹਮ ਗਿਆਨੀ ਦੀ ਮਹਾਨਤਾ ਦੀ ਕੋਈ ਸੀਮਾ ਨਹੀਂ ਹੁੰਦੀ। ਉਸ ਨੂੰ ਜਿੰਨਾ
ਮਹਾਨ ਕਹਿ ਦੇਈਏ ਓਨਾ ਹੀ ਥੋੜਾ ਹੈ। ਇਸ ਲਈ ਗੁਰੂ ਜੀ ਕਹਿੰਦੇ ਹਨ ਕਿ ਉਹ ਬ੍ਰਹਮ ਗਿਆਨੀ ਨੂੰ ਸਦਾ
ਹੀ ਨਮਸ਼ਕਾਰ ਕਰਦੇ ਹਨ।
ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ ।। ਬ੍ਰਹਮ
ਗਿਆਨੀ ਸਦ ਜੀਵੈ ਨਹੀ ਮਰਤਾ ।।
ਕਰਤਾ - ਬਣਾਉਣ ਅਤੇ ਚਲਾਉਣ ਵਾਲ਼ਾ।
ਬ੍ਰਹਮ ਗਿਆਨੀ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਇਸ ਨੂੰ ਬਣਾਉਣ ਅਤੇ
ਚਲਾਉਣ ਵਾਲ਼ਾ ਹੈ ਕਿਉਂਕਿ ਬ੍ਰਹਮ ਗਿਆਨੀ ਵਿੱਚ ਅਤੇ ਪ੍ਰਮਾਤਮਾ ਵਿੱਚ ਕੋਈ ਫ਼ਰਕ ਨਹੀਂ, ਪ੍ਰਮਾਤਮਾ
ਦੇ ਨਾਲ਼ ਅਭੇਦ ਹੋ ਕੇ ਉਹ ਉਸ ਦਾ ਰੂਪ ਹੀ ਬਣ ਚੁੱਕਾ ਹੁੰਦਾ ਹੈ। ਬ੍ਰਹਮ ਗਿਆਨੀ ਸਦਾ ਜਿਉਂਦਾ ਰਹਿੰਦਾ ਹੈ, ਉਸ ਨੂੰ ਕਦੇ ਮੌਤ ਨਹੀਂ ਆਉਂਦੀ ਕਿਉਂਕਿ ਉਹ ਈਸ਼ਵਰ ਦਾ ਹੀ ਰੂਪ ਬਣ ਗਿਆ ਹੁੰਦਾ
ਹੈ। ਉਹ ਸਰੀਰਕ ਤੌਰ ਤੇ ਭਾਵੇਂ ਮਰ ਜਾਵੇ ਪ੍ਰੰਤੂ ਉਸ ਦਾ ਨਾਂ ਸਦਾ ਦੁਨੀਆਂ ਤੇ ਰਹਿੰਦਾ ਹੈ, ਉਸ
ਨੂੰ ਦੁਨੀਆਂ ਸਦਾ ਯਾਦ ਕਰਦੀ ਹੈ।
ਬ੍ਰਹਮ ਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ ।। ਬ੍ਰਹਮ
ਗਿਆਨੀ ਪੂਰਨ ਪੁਰਖੁ ਬਿਧਾਤਾ ।।
ਮੁਕਤਿ - ਮੁਕਤੀ, ਕਲਿਆਣ। ਜੁਗਤਿ - ਤਰੀਕਾ। ਜੀਅ - ਜੀਵਨ। ਦਾਤਾ - ਦੇਣ ਵਾਲ਼ਾ।
ਬ੍ਰਹਮ ਗਿਆਨੀ ਮੁਕਤੀ ਪ੍ਰਾਪਤ ਕਰਨ ਦਾ ਤਰੀਕਾ ਸਾਨੂੰ ਸਮਝਾ ਸਕਦਾ ਹੈ।
ਉਹ ਸਾਨੂੰ ਚੰਗਾ ਜੀਵਨ ਜਿਉਣ ਦਾ ਢੰਗ ਦੱਸਦਾ ਹੈ। ਇਸ ਤਰਾਂ ਅਸੀਂ ਉਸ ਨੂੰ ਜੀਵਨ ਦਾਤਾ ਵੀ ਕਹਿ
ਸਕਦੇ ਹਾਂ। ਉਹ ਇੱਕ ਪੂਰਨ ਪੁਰਖ ਹੁੰਦਾ ਹੈ ਜਿਹੜਾ ਰੱਬ ਦਾ ਹੀ ਦੂਜਾ ਰੂਪ ਹੁੰਦਾ ਹੈ। ਇਸ ਲਈ ਉਹ ਇਨਸਾਨ ਦੀ ਕਿਸਮਤ ਨੂੰ ਘੜਨ ਦੇ
ਸਮਰਥ ਹੁੰਦਾ ਹੈ।
ਬ੍ਰਹਮ ਗਿਆਨੀ ਅਨਾਥ ਕਾ ਨਾਥੁ ।। ਬ੍ਰਹਮ ਗਿਆਨੀ ਕਾ
ਸਭ ਊਪਰਿ ਹਾਥ ।।
ਅਨਾਥ - ਬੇਸਹਾਰਾ ਜੀਵ। ਨਾਥ - ਮਾਲਕ, ਸੰਭਾਲ਼ ਕਰਨ ਵਾਲ਼ਾ। ਹਾਥ - ਮਿਹਰ ਭਰਿਆ ਹੱਥ, ਅਸ਼ੀਰਵਾਦ।
ਬ੍ਰਹਮ ਗਿਆਨੀ ਅਨਾਥਾਂ ਦਾ ਨਾਥ ਹੁੰਦਾ ਹੈ, ਬੇ ਸਹਾਰਿਆਂ ਦਾ ਸਹਾਰਾ
ਹੁੰਦਾ ਹੈ। ਜਿਸ ਦਾ ਧਿਆਨ ਰੱਖਣ ਵਾਲ਼ਾ ਇਸ ਦੁਨੀਆਂ ਵਿੱਚ ਹੋਰ ਕੋਈ ਨਹੀਂ, ਉਸ ਦਾ ਧਿਆਨ ਰੱਖਣ ਵਾਲ਼ਾ ਬ੍ਰਹਮ ਗਿਆਨੀ ਹੁੰਦਾ ਹੈ। ਉਸ ਦਾ ਮਿਹਰ ਭਰਿਆ
ਹੱਥ ਸਦਾ ਸਭ ਦੇ ਸਿਰ ਤੇ ਰਹਿੰਦਾ ਹੈ।
ਬ੍ਰਹਮ ਗਿਆਨੀ ਕਾ ਸਗਲ ਅਕਾਰੁ ।। ਬ੍ਰਹਮ ਗਿਆਨੀ ਆਪਿ ਨਿਰੰਕਾਰੁ ।।
ਸਗਲ ਅਕਾਰੁ - ਪ੍ਰਮਾਤਮਾ ਦੀ ਰਚੀ ਸਾਰੀ ਸ੍ਰਿਸ਼ਟੀ।
ਬ੍ਰਹਮ ਗਿਆਨੀ ਇਸ ਸਾਰੀ ਦੁਨੀਆਂ ਨੂੰ, ਜੋ ਸਾਨੂੰ ਦਿਖਾਈ ਦਿੰਦੀ ਹੈ,
ਅਪਣੀ ਹੀ ਸਮਝਦਾ ਹੈ। ਉਸ ਲਈ ਕੋਈ ਵੀ ਬੇਗਾਨਾ ਨਹੀਂ ਹੁੰਦਾ। ਅਸਲ ਵਿੱਚ ਸਾਰੀ ਸ੍ਰਿਸ਼ਟੀ ਉਸ ਨੂੰ
ਅਪਣੇ ਆਪ ਦਾ ਹੀ ਪਸਾਰਾ ਭਾਸਦੀ ਹੈ ਕਿਉਂਕਿ ਬ੍ਰਹਮ ਗਿਆਨੀ ਖ਼ੁਦ ਨਿਰੰਕਾਰ ਦਾ, ਪ੍ਰਮਾਤਮਾ ਦਾ ਹੀ
ਰੂਪ ਹੁੰਦਾ ਹੈ।
ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ ।।
ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ।। 8 ।। 8 ।।
ਬਨੀ - ਸੋਭਦੀ ਹੈ। ਸਰਬ - ਸਾਰੀਆਂ ਸ਼ਕਤੀਆਂ। ਧਨੀ - ਮਾਲਕ
ਬ੍ਰਹਮ ਗਿਆਨੀ ਦੀ ਵਡਿਆਈ ਬ੍ਰਹਮ ਗਿਆਨੀ ਨੂੰ ਹੀ ਸੋਭਾ ਦਿੰਦੀ ਹੈ। ਹੋਰ ਕੋਈ ਵੀ ਉਸ ਵਡਿਆਈ ਦੇ ਲਾਇਕ ਨਹੀਂ। ਗੁਰੂ ਜੀ ਦਾ ਕਥਨ ਹੈ ਕਿ ਬ੍ਰਹਮ ਗਿਆਨੀ ਸਾਰੀ ਦੁਨੀਆਂ ਦਾ ਅਤੇ ਸਾਰੀਆਂ ਸ਼ਕਤੀਆਂ ਦਾ ਮਾਲਕ ਹੁੰਦਾ ਹੈ। ਪ੍ਰਮਾਤਮਾ ਕੋਈ ਵੀ ਸ਼ਕਤੀ ਉਸ ਤੋਂ ਲੁਕਾ ਕੇ ਨਹੀਂ ਰੱਖਦਾ। ਉਹ ਜੋ ਚਾਹੇ ਕਰ ਸਕਦਾ ਹੈ।
Comments
Post a Comment