ਅਸਟਪਦੀ - 13

 ਅਸਟਪਦੀ - 13

ਸਲੋਕ ।।

ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਉਧਰਨਹਾਰ ।।

ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ 1 ।।

ਜਿਹੜਾ ਵੀ ਸੰਤ ਪੁਰਖਾਂ ਦੀ ਸ਼ਰਨ ਵਿੱਚ ਆ ਜਾਂਦਾ ਹੈ ਉਸ ਦਾ ਕਲਿਆਣ ਹੋ ਜਾਂਦਾ ਹੈ, ਉਹ ਇਸ ਭਵ ਸਾਗਰ ਨੂੰ ਤਰ ਜਾਂਦਾ ਹੈ, ਉਸ ਨੂੰ ਮੁਕਤੀ ਮਿਲ ਜਾਂਦੀ ਹੈ। ਪਰ ਜਿਹੜਾ ਇਨਸਾਨ ਸੰਤ ਪੁਰਖਾਂ ਦੀ ਨਿੰਦਾ ਕਰਦਾ ਹੈ, ਉਨ੍ਹਾਂ ਬਾਰੇ ਬੁਰਾ ਭਲਾ ਕਹਿੰਦਾ ਹੈ, ਉਹ ਸਦਾ ਹੀ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ, ਮੁੜ ਮੁੜ ਕੇ ਜੰਮਦਾ ਮਰਦਾ ਰਹਿੰਦਾ ਹੈ

ਅਸਟਪਦੀ ।।

ਸੰਤ ਕੈ ਦੂਖਨਿ ਆਰਜਾ ਘਟੈ ।। ਸੰਤ ਕੈ ਦੂਖਨਿ ਜਮ ਤੇ ਨਹੀ ਛੁਟੈ ।।

ਸੰਤ ਪੁਰਖਾਂ ਤੇ ਦੋਸ਼ ਲਾਉਣ ਨਾਲ਼ ਇਨਸਾਨ ਦੀ ਉਮਰ ਘਟਦੀ ਹੈ। ਸੰਤਾਂ ਤੇ ਦੋਸ਼ ਲਾਉਣ ਵਾਲ਼ਾ ਬੰਦਾ ਕਦੇ ਵੀ ਲੰਮੀ ਉਮਰ ਨਹੀਂ ਪਾਉਂਦਾ। ਸੰਤਾਂ ਤੇ ਦੋਸ਼ ਲਾਉਣ ਵਾਲ਼ਾ ਜਮਾਂ ਦੀ ਮਾਰ ਤੋਂ ਨਹੀਂ ਬਚ ਸਕਦਾ। ਉਸ ਦੇ ਮਾੜੇ ਕਰਮਾਂ ਦੀ ਸਜ਼ਾ ਉਸ ਨੂੰ ਭੁਗਤਣੀ ਹੀ ਪੈਂਦੀ ਹੈ।

ਸੰਤ ਕੈ ਦੂਖਨਿ ਸੁਖੁ ਸਭ ਜਾਇ ।। ਸੰਤ ਕੈ ਦੂਖਨਿ ਨਰਕ ਮਹਿ ਪਾਇ ।।

ਸੰਤਾਂ ਤੇ ਦੋਸ਼ ਲਾਉਣ ਵਾਲ਼ੇ ਜੀਵ ਦੀ ਜ਼ਿੰਦਗੀ ਵਿੱਚੋਂ ਸਾਰੇ ਸੁਖ ਅਲੋਪ ਹੋ ਜਾਂਦੀ ਹਨ। ਉਹ ਸਦਾ ਹੀ ਦੁੱਖਾਂ ਨਾਲ਼ ਘਿਰਿਆ ਰਹਿੰਦਾ ਹੈ। ਸੰਤ ਦੋਖੀ ਨੂੰ ਕਦੇ ਸੁਰਗ ਨਸੀਬ ਨਹੀਂ ਹੁੰਦਾ। ਉਸ ਨੂੰ ਨਰਕ ਦੇ ਕਸ਼ਟ ਭੋਗਣੇ ਪੈਂਦੇ ਹਨ।

ਸੰਤ ਕੈ ਦੂਖਨਿ ਮਤਿ ਹੋਇ ਮਲੀਨ ।। ਸੰਤ ਕੈ ਦੂਖਨਿ ਸੋਭਾ ਤੇ ਹੀਨ ।।

ਸੰਤਾਂ ਤੇ ਦੋਸ਼ ਲਾਉਣ ਨਾਲ਼ ਇਨਸਾਨ ਦੀ ਬੁੱਧ ਭ੍ਰਿਸ਼ਟ ਹੋ ਜਾਂਦੀ ਹੈ। ਉਹ ਕਦੇ ਵੀ ਚੰਗਾ ਸੋਚ ਨਹੀਂ ਸਕਦਾ। ਸ਼ੁਭ ਵਿਚਾਰ ਉਸ ਦੇ ਮਨ ਵਿੱਚ ਆਉਂਦੇ ਹੀ ਨਹੀਂ। ਉਹ ਹਮੇਸ਼ਾ ਬੁਰੇ ਵਿਚਾਰਾਂ ਵਿੱਚ ਘਿਰਿਆ ਰਹਿੰਦਾ ਹੈ। ਨਤੀਜੇ  ਵਜੋਂ ਉਸ ਨੂੰ ਜੱਗ ਵਿੱਚ ਕਦੇ ਵੀ ਸੋਭਾ ਨਹੀਂ ਮਿਲਦੀ। ਉਸ ਦੇ ਪੱਲੇ ਕੇਵਲ ਬਦਨਾਮੀ ਹੀ ਪੈਂਦੀ ਹੈ। ਉਸ ਦੀ ਕੋਈ ਇੱਜ਼ਤ ਨਹੀਂ ਕਰਦਾ, ਸਤਿਕਾਰ ਨਹੀਂ ਦਿੰਦਾ।

ਸੰਤ ਕੇ ਹਤੇ ਕਉ ਰਖੈ ਨ ਕੋਇ ।। ਸੰਤ ਕੈ ਦੂਖਨਿ ਥਾਨ ਭ੍ਰਸ਼ਟੁ ਹੋਇ ।।

ਜਿਸ ਜੀਵ ਨੂੰ ਸੰਤ ਬਦ ਦੁਆ ਦੇ ਦੇਣ ਉਸ ਨੂੰ ਕੋਈ ਨਹੀਂ ਬਚਾ ਸਕਦਾ। ਸੰਤਾਂ ਦੀ ਬਦ ਦੁਆ ਦਾ ਕੋਈ ਤੋੜ ਨਹੀਂ। ਸੰਤਾਂ ਤੇ ਦੋਸ਼ ਲਾਉਣ ਨਾਲ਼ ਇਨਸਾਨ ਦਾ ਹਿਰਦਾ ਗੰਦਾ ਹੋ ਜਾਂਦਾ ਹੈ, ਮਨ ਅਪਵਿੱਤਰ ਹੋ ਜਾਂਦਾ ਹੈ, ਸੋਚ ਭ੍ਰਿਸ਼ਟੀ ਜਾਂਦੀ ਹੈ

ਸੰਤ ਕ੍ਰਿਪਾਲ ਕ੍ਰਿਪਾ ਜੇ ਕਰੈ । ਨਾਨਕ ਸੰਤਸੰਗਿ ਨਿੰਦਕੁ ਭੀ ਤਰੈ ।। 1 ।।

ਪਰ ਗੁਰੂ ਜੀ ਇਹ ਵੀ ਸਮਝਾਉਂਦੇ ਹਨ ਕਿ ਸੰਤਾਂ ਵੱਲੋਂ ਸਰਾਪੇ ਹੋਏ ਜੀਵ ਨੂੰ ਸੰਤ ਹੀ ਬਚਾ ਸਕਦੇ ਹਨ। ਜੇ ਸੰਤ ਤਰਸ ਕਰ ਕੇ ਉਸ ਦੇ ਗੁਨਾਹ ਮਾਫ ਕਰ ਦੇਣ ਤਾਂ ਸੰਤਾਂ ਦੇ ਨਾਲ਼ ਨਾਲ਼ ਉਨ੍ਹਾਂ ਦੀ ਨਿੰਦਾ ਕਰਨ ਵਾਲ਼ਾ ਵੀ ਤਰ ਜਾਂਦਾ ਹੈ।

ਸੰਤ ਕੈ ਦੂਖਨ ਤੇ ਮੁਖੁ ਭਵੈ ।। ਸੰਤ ਕੈ ਦੂਖਨਿ ਕਾਗ ਜਿਉ ਲਵੈ ।।

ਸੰਤਾਂ ਤੇ ਦੋਸ਼ ਲਾਉਣ ਨਾਲ਼ ਮੂੰਹ ਵਿੰਗਾ ਹੋ ਜਾਂਦਾ ਹੈ। ਇਸ ਦਾ ਅਰਥ ਇਹ ਹੈ ਕਿ ਸੰਤਾਂ ਤੇ ਦੋਸ਼ ਲਾਉਣ ਵਾਲ਼ਾ ਕਦੇ ਚੰਗਾ ਸ਼ਬਦ ਮੂੰਹ ਤੋਂ ਬੋਲ ਹੀ ਨਹੀਂ ਸਕਦਾ, ਜੋ ਬੋਲਦਾ ਹੈ, ਬੁਰਾ ਹੀ ਬੋਲਦਾ ਹੈ। ਉਸ ਦਾ ਸੁਭਾਅ ਕਾਂ ਵਰਗਾ ਬਣ ਜਾਂਦਾ ਹੈ। ਕਿਸੇ ਦੇ ਦਿਲ ਨੂੰ ਸਕੂਨ ਦੇਣ ਵਾਲ਼ੇ ਮਿੱਠੇ ਬੋਲ ਉਸ ਦੀ ਜ਼ਬਾਨ ਤੇ ਆਉਂਦੇ ਹੀ ਨਹੀਂ।

ਸੰਤ ਕੈ ਦੂਖਨਿ ਸਰਪ ਜੋਨਿ ਪਾਇ ।। ਸੰਤ ਕੈ ਦੂਖਨਿ ਤ੍ਰਿਗਦ ਜੋਨਿ ਕਿਰਮਾਇ ।।

ਸੰਤਾਂ ਤੇ ਦੋਸ਼ ਲਾਉਣ ਵਾਲ਼ੇ ਨੂੰ ਸੱਪ ਦੀ ਜੂਨ ਹੰਢਾਉਣੀ ਪੈਂਦੀ ਹੈ। ਉਸ ਦੇ ਅੰਦਰ ਭਰੀ ਜ਼ਹਿਰ ਦੀ ਇਹ ਹੀ ਸਜ਼ਾ ਹੈ। ਉਸ ਨੂੰ ਕੀੜਿਆਂ ਵਰਗੀਆਂ ਅਜਿਹੀਆਂ ਜੂਨਾਂ ਵਿੱਚ ਪੈਣਾ ਪੈਂਦਾ ਹੈ ਜਿਨ੍ਹਾਂ ਵਿੱਚ ਉਹ ਸਿੱਧਾ ਖੜ੍ਹਾ ਹੋ ਕੇ ਤੁਰ  ਵੀ ਨਹੀਂ ਸਕਦਾ, ਉਸ ਨੂੰ ਵਿੰਗਾ ਟੇਢਾ ਹੋ ਕੇ ਤੁਰਨਾ ਪੈਂਦਾ ਹੈ। ਅਜਿਹੇ ਜੀਵ ਦੇ ਸਰੀਰ ਵਿੱਚ ਕੀੜੇ ਪੈਂਦੇ ਹਨ, ਉਸ ਨੂੰ ਕੁਸ਼ਟ ਵਰਗੇ ਰੋਗ ਹੰਢਾਉਣੇ ਪੈਂਦੇ ਹਨ।

ਸੰਤ ਕੈ ਦੂਖਨਿ ਤ੍ਰਿਸਨਾ ਮਹਿ ਜਲੈ ।। ਸੰਤ ਕੈ ਦੂਖਨਿ ਸਭ ਕੋ ਛਲੈ ।।

ਸੰਤਾਂ ਤੇ ਦੋਸ਼ ਲਾਉਣ ਵਾਲ਼ੇ ਇਨਸਾਨ ਨੂੰ ਕਦੇ ਸਬਰ ਸੰਤੋਖ ਨਸੀਬ ਨਹੀਂ ਹੁੰਦਾ, ਉਹ ਸਦਾ ਹੀ ਤ੍ਰਿਸ਼ਨਾ ਦੀ ਅੱਗ ਵਿੱਚ ਜਲ਼ਦਾ ਰਹਿੰਦਾ ਹੈ। ਸੰਤਾਂ ਤੇ ਦੋਸ਼ ਲਾਉਣ ਵਾਲ਼ਾ ਸਾਰੇ ਸੰਸਾਰ ਨੂੰ ਠਗਣ ਵਿੱਚ ਲੱਗਿਆ ਰਹਿੰਦਾ ਹੈ। ਉਹ ਹਰ ਇੱਕ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਦਾ ਹੈ। 

ਸੰਤ ਕੈ ਦੂਖਨਿ ਤੇਜੁ ਸਭੁ ਜਾਇ ।। ਸੰਤ ਕੈ ਦੂਖਨਿ ਨੀਚੁ ਨੀਚਾਇ ।।

ਸੰਤਾਂ ਤੇ ਦੋਸ਼ ਲਾਉਣ ਵਾਲ਼ਾ ਅਪਣਾ ਸਾਰਾ ਤੇਜ ਪਰਤਾਪ ਖੋ ਬੈਠਦਾ ਹੈ। ਉਸ ਨੂੰ ਕੋਈ ਚੰਗਾ ਨਹੀਂ  ਸਮਝਦਾ। ਸਭ ਉਸ ਨੂੰ ਨਫਰਤ ਕਰਨ ਲੱਗ ਪੈਂਦੇ ਹਨ। ਸੰਤ ਦੋਖੀ ਦੀ ਬਿਰਤੀ ਨੀਚ ਤੋਂ ਵੀ ਨੀਚ ਹੋ ਜਾਂਦੀ ਹੈ। ਉਸ ਦਾ ਸੋਚਣ ਦਾ ਢੰਗ ਹੀ ਦੂਸ਼ਿਤ ਹੋ ਜਾਂਦਾ ਹੈ। ਉਸ ਦੇ ਮਨ ਵਿੱਚ ਸਦਾ ਕਮੀਣੇ ਵਿਚਾਰ ਹੀ ਆਉਂਦੇ ਹਨ।

ਸੰਤ ਦੋਖੀ ਕਾ ਥਾਉ ਕੋ ਨਾਹਿ ।। ਨਾਨਕ ਸੰਤ ਭਾਵੈ ਤਾ ਓਇ ਭੀ ਗਤਿ ਪਾਹਿ ।। 2 ।।

ਸੰਤ ਦੋਖੀ ਦਾ ਜੱਗ ਵਿੱਚ ਕੋਈ ਟਿਕਾਣਾ ਨਹੀਂ  ਰਹਿੰਦਾ। ਉਸ ਨੂੰ ਕੋਈ ਅਪਣੇ ਕੋਲ਼ ਬਿਠਾ ਕੇ ਖੁਸ਼ ਨਹੀਂ ਹੁੰਦਾ। ਪਰ ਗੁਰੂ ਜੀ ਦਾ ਕਥਨ ਹੈ ਕਿ ਜੇ ਸੰਤ ਉਸ ਤੇ ਦਯਾ ਕਰ ਕੇ ਉਸ ਨੂੰ ਮਾਫ ਕਰ ਦੇਣ ਅਤੇ ਉਸ ਦੀ ਮੁਕਤੀ ਲਈ ਦੁਆ ਕਰਨ ਤਾਂ ਉਸ ਨੂੰ ਵੀ ਮੁਕਤੀ ਮਿਲ ਜਾਂਦੀ ਹੈ।

ਸੰਤ ਕਾ ਨਿੰਦਕੁ ਮਹਾ ਅਤਤਾਈ ।। ਸੰਤ ਕਾ ਨਿੰਦਕੁ ਖਿਨੁ ਟਿਕਨੁ ਨ ਪਾਈ ।।

ਸੰਤਾਂ ਦੀ ਨਿੰਦਾ ਕਰਨ ਵਾਲ਼ਾ ਮਹਾਂ ਪਾਪੀ ਹੁੰਦਾ ਹੈ। ਸੰਤ ਨਿੰਦਾ ਤੋਂ ਵੱਡਾ ਹੋਰ ਕੋਈ ਪਾਪ ਨਹੀਂ। ਸੰਤਾਂ ਦੇ ਨਿੰਦਕ ਨੂੰ ਇੱਕ ਪਲ ਲਈ ਵੀ ਚੈਨ ਨਸੀਬ ਨਹੀਂ ਹੁੰਦਾ। ਉਹ ਸਦਾ ਦੁੱਖਾਂ ਵਿੱਚ ਹੀ ਭਟਕਦਾ ਰਹਿੰਦਾ ਹੈ।

ਸੰਤ ਕਾ ਨਿੰਦਕੁ ਮਹਾ ਹਤਿਆਰਾ ।। ਸੰਤ ਕਾ ਨਿੰਦਕੁ ਪਰਮੇਸੁਰਿ ਮਾਰਾ ।।

ਸੰਤ ਦਾ ਨਿੰਦਕ ਮਹਾਂ ਕਾਤਲ ਹੁੰਦਾ ਹੈ ਕਿਉਂਕਿ ਕਿਸੇ ਨੇਕ ਇਨਸਾਨ ਦੇ ਆਚਰਣ ਦੇ ਕਤਲ ਤੋਂ ਵੱਡਾ ਹੋਰ ਕੋਈ ਕਤਲ ਨਹੀਂ। ਸੰਤਾਂ ਦੀ ਨਿੰਦਾ ਕਰਨ ਵਾਲ਼ਾ ਪ੍ਰਮਾਤਮਾ ਵੱਲੋਂ ਹੀ ਸਰਾਪਿਆ ਹੋਇਆ ਹੁੰਦਾ ਹੈ। ਉਸ ਨੂੰ ਤਾਂ ਸਰਾਪ ਦੇਣ ਦੀ ਵੀ ਲੋੜ ਨਹੀਂ ਪੈਂਦੀ। ਰੱਬ ਆਪ ਹੀ ਉਸ ਨੂੰ ਉਸ ਦੇ ਕੀਤੇ ਦੀ ਸਜ਼ਾ ਦੇ ਦਿੰਦਾ ਹੈ।

ਸੰਤ ਕਾ ਨਿੰਦਕੁ ਰਾਜ ਤੇ ਹੀਨੁ ।। ਸੰਤ ਕਾ ਨਿੰਦਕੁ ਦੁਖੀਆ ਅਰੁ ਦੀਨੁ ।।

ਸੰਤ ਦੇ ਨਿੰਦਕ ਨੂੰ ਨਾ ਕਦੀ ਦੁਨਿਆਵੀ ਤਾਕਤ ਹਾਸਲ ਹੁੰਦੀ ਹੈ ਅਤੇ ਨਾ ਆਤਮਿਕਰਾਜ ਕਰਨਾ ਉਸ ਦੀ ਕਿਸਮਤ ਵਿੱਚ ਨਹੀਂ ਹੁੰਦਾ। ਉਹ ਹਮੇਸ਼ਾ ਦੁਖੀ ਰਹਿੰਦਾ ਹੈ ਅਤੇ ਹਰ ਪੱਖ ਤੋੰ ਗਰੀਬੀ ਵਿੱਚ ਅਪਣੇ ਦਿਨ ਕੱਟਦਾ ਹੈ।

ਸੰਤ ਕੇ ਨਿੰਦਕ ਕਉ ਸਰਬ ਰੋਗ ।। ਸੰਤ ਕੇ ਨਿੰਦਕ ਕਉ ਸਦਾ ਬਿਜੋਗ ।।

ਸੰਤ ਦੀ ਨਿੰਦਾ ਕਰਨ ਵਾਲ਼ਾ ਸੰਸਾਰ ਦੀਆਂ ਸਾਰੀਆਂ ਬੀਮਾਰੀਆਂ ਦਾ ਸ਼ਿਕਾਰ ਹੁੰਦਾ ਹੈ। ਦੁਨੀਆਂ ਦੀ ਹਰ ਬੀਮਾਰੀ ਉਸ ਨੂੰ ਆ ਜਕੜਦੀ ਹੈ। ਉਹ ਹਮੇਸ਼ਾ ਹੀ ਵਿਛੋੜੇ ਦਾ ਦੁੱਖ ਹੰਢਾਉਂਦਾ ਹੈ। ਈਸ਼ਵਰ ਨਾਲ਼ ਮਿਲਾਪ ਦਾ ਸੁਖ ਉਸ ਨੂੰ ਕਦੇ ਵੀ ਨਸੀਬ ਨਹੀਂ ਹੁੰਦਾ।

ਸੰਤ ਕੀ ਨਿੰਦਾ ਦੋਖ ਮਹਿ ਦੋਖੁ ।। ਨਾਨਕ ਸੰਤ ਭਾਵੈ ਤਾ ਉਸ ਕਾ ਭੀ ਹੋਇ ਮੋਖੁ ।।

ਸੰਤਾਂ ਦੀ ਨਿੰਦਾ ਕਰਨਾ ਅਪਣੇ ਆਪ ਵਿੱਚ ਹੀ ਸਾਰੇ ਪਾਪਾਂ ਤੋਂ ਵੱਡਾ ਪਾਪ ਹੈ, ਸਾਰੇ ਦੁੱਖਾਂ ਤੋਂ ਵੱਡਾ ਦੁੱਖ ਹੈ। ਪ੍ਰੰਤੂ ਗੁਰੂ ਜੀ ਦਾ ਕਹਿਣਾ ਹੈ ਕਿ ਜੇ ਸੰਤ ਚਾਹੁਣ ਤਾਂ ਉਸ ਨੂੰ ਵੀ ਮੁਕਤੀ ਮਿਲ ਸਕਦੀ ਹੈ। ਸੰਤਾਂ ਦੀ ਕਮਾਈ ਏਨੀ ਮਹਾਨ ਹੁੰਦੀ ਹੈ ਕਿ ਜਿਸ ਗੁਨਾਹ ਨੂੰ ਦੁਨੀਆਂ ਦੀ ਕੋਈ ਤਾਕਤ ਮਾਫ ਨਹੀਂ ਕਰ ਸਕਦੀ, ਉਹ ਚਾਹੁਣ ਤਾਂ ਉਸ ਨੂੰ ਵੀ ਮਾਫ ਕਰ ਸਕਦੇ ਹਨ।

ਸੰਤ ਕਾ ਦੋਖੀ ਸਦਾ ਅਪਵਿਤੁ ।। ਸੰਤ ਕਾ ਦੋਖੀ ਕਿਸੇ ਕਾ ਨਹੀ ਮਿਤੁ ।।

ਸੰਤਾਂ ਤੇ ਦੋਸ਼ ਲਾਉਣ ਵਾਲ਼ਾ ਸਦਾ ਹੀ ਮਨ ਦਾ ਮੈਲ਼ਾ ਹੁੰਦਾ ਹੈ। ਨੇਕ ਵਿਚਾਰ ਕਦੇ ਉਸ ਦੇ ਮਨ ਵਿੱਚ ਆਉਂਦੇ ਹੀ ਨਹੀਂ। ਨਿੰਦਾ ਕਰ ਕਰ ਕੇ ਉਹ ਸੰਤਾਂ ਦੀ ਮੈਲ਼ ਧੋ ਦਿੰਦਾ ਹੈ ਪਰ ਉਹ ਮੈਲ਼ ਉਸ ਨੂੰ ਆਪ ਨੂੰ ਚੜ੍ਹਦੀ ਜਾਂਦੀ ਹੈ। ਜਿਹੜਾ ਬੰਦਾ ਸੰਤਾਂ ਦਾ ਦੋਖੀ ਹੋਵੇ, ਉਹ ਦੁਨੀਆਂ ਵਿੱਚ ਕਿਸੇ ਦਾ ਵੀ ਮਿੱਤਰ ਨਹੀਂ ਬਣ ਸਕਦਾ। ਸੰਤ ਨਿਰਵੈਰ ਹੁੰਦੇ ਹਨ। ਜਿਹੜਾ ਇਨਸਾਨ ਨਿਰਵੈਰਾਂ ਨਾਲ਼ ਵੈਰ ਕਮਾਵੇ, ਉਹ ਹੋਰ ਕਿਸੇ ਦਾ ਮਿੱਤਰ ਕਿਵੇਂ ਹੋ ਸਕਦਾ ਹੈ?

ਸੰਤ ਕੇ ਦੋਖੀ ਕਉ ਡਾਨੁ ਲਾਗੈ ।। ਸੰਤ ਕੇ ਦੋਖੀ ਕਉ ਸਭ ਤਿਆਗੈ ।।

ਸੰਤਾਂ ਤੇ ਦੋਸ਼ ਲਾਉਣ ਵਾਲ਼ਾ ਸਦਾ ਹੀ ਸਜ਼ਾ ਦਾ ਅਧਿਕਾਰੀ ਬਣਦਾ ਹੈ। ਉਸ ਨੂੰ ਧਰਮ ਰਾਜ ਜ਼ਰੂਰ ਸਜ਼ਾ ਦਿੰਦਾ ਹੈ। ਉਸ ਨੂੰ ਸਭ ਤਿਆਗ ਦਿੰਦੇ ਹਨ। ਉਸ ਨਾਲ਼ੋਂ ਸਭ ਅਪਣਾ ਰਿਸ਼ਤਾ ਤੋੜ ਲੈਂਦੇ ਹਨ । ਕੋਈ ਉਸ ਨੂੰ ਮੂੰਹ ਨਹੀਂ ਲਾਉਂਦਾਕੋਈ ਉਸ ਦਾ ਭਲਾ ਨਹੀਂ ਚਾਹੁੰਦਾ।

ਸੰਤ ਕਾ ਦੋਖੀ ਮਹਾ ਅਹੰਕਾਰੀ ।।  ਸੰਤ ਕਾ ਦੋਖੀ ਸਦਾ ਬਿਕਾਰੀ ।।

ਸੰਤ ਦਾ ਬੁਰਾ ਚਾਹੁਣ ਵਾਲ਼ਾ ਅਤਿ ਦਰਜੇ ਦਾ ਹੰਕਾਰੀ ਹੁੰਦਾ ਹੈ। ਸੰਤ ਦੋਖੀ ਸਦਾ ਹੀ ਵਿਕਾਰਾਂ ਦਾ ਸ਼ਿਕਾਰ ਹੋਇਆ ਰਹਿੰਦਾ ਹੈ। ਉਹ ਵਿਸ਼ੇ ਵਿਕਾਰਾਂ ਦੇ ਜਾਲ਼ ਵਿੱਚੋਂ ਨਿੱਕਲ਼ ਨਹੀਂ ਸਕਦਾ। ਇਸ ਕਰਕੇ ਉਸ ਦੀ ਸੋਚ ਕਦੇ ਨਿਰਮਲ ਨਹੀਂ ਹੋ ਸਕਦੀ।

ਸੰਤ ਕਾ ਦੋਖੀ ਜਨਮੈ ਮਰੈ ।। ਸੰਤ ਕੀ ਦੂਖਨਾ ਸੁਖ ਤੇ ਟਰੈ ।।

ਸੰਤਾਂ ਤੇ ਦੋਸ਼ ਲਾਉਣ ਵਾਲ਼ਾ ਆਵਾ ਗਮਨ ਦੇ ਚੱਕਰ ਵਿੱਚ ਉਲ਼ਝਿਆ ਰਹਿੰਦਾ ਹੈ ਉਹ ਵਾਰ ਵਾਰ ਜੰਮਦਾ ਹੈ ਅਤੇ ਮਰਦਾ ਹੈ। ਸੰਤਾਂ ਨਾਲ਼ ਦੁਸ਼ਮਣੀ ਕਰਨ ਵਾਲ਼ੇ ਨੂੰ ਕਦੇ ਸੁਖ ਨਸੀਬ ਨਹੀਂ ਹੁੰਦਾ। ਉਹ ਸਦਾ ਹੀ ਦੁੱਖ ਪਾਉਂਦਾ ਹੈ।

ਸੰਤ ਕੇ ਦੋਖੀ ਕਉ ਨਾਹੀ ਠਾਉ ।। ਨਾਨਕ ਸੰਤ ਭਾਵੈ ਤਾ ਲਏ ਮਿਲਾਇ ।। 4 ।।

ਪ੍ਰਮਾਤਮਾ ਦੀ ਦਰਗਾਹ ਵਿੱਚ ਸੰਤਾਂ ਦੇ ਦੋਖੀ ਲਈ ਕੋਈ ਥਾਂ ਨਹੀਂ ਹੁੰਦੀ। ਪਰ ਗੁਰੂ ਜੀ ਫੁਰਮਾਉਂਦੇ ਹਨ ਕਿ ਜੇ ਸੰਤ ਚਾਹੁਣ ਤਾਂ ਉਸ ਦੇ ਸਾਰੇ ਗੁਨਾਹ ਮਾਫ ਕਰ ਕੇ ਉਸ ਨੂੰ ਵੀ ਪ੍ਰਮਾਤਮਾ ਨਾਲ਼ ਮਿਲਾ ਸਕਦੇ ਹਨ।

ਸੰਤ ਕਾ ਦੋਖੀ ਅਧ ਬੀਚ ਤੇ ਟੂਟੈ ।। ਸੰਤ ਕਾ ਦੋਖੀ ਕਿਤੈ ਕਾਜਿ ਨ ਪਹੂਚੈ ।।

ਭਾਈ ਵੀਰ ਸਿੰਘ ਇਸ ਦਾ ਅਰਥ ਕਰਦੇ ਕਹਿੰਦੇ ਹਨ ਕਿ ਸੰਤ ਦਾ ਦੋਖੀ ਭਰ ਜਵਾਨੀ ਵਿੱਚ ਮਰਦਾ ਹੈ। ਇਹ ਵੀ ਕਹਿ ਸਕਦੇ ਹਾਂ ਕਿ ਸੰਤ ਦੇ ਦੋਖੀ ਦਾ ਕੋਈ ਵੀ ਮਨਸੂਬਾ ਸਿਰੇ ਨਹੀਂ ਚੜ੍ਹਦਾ। ਉਸ ਦੀ ਹਰ ਤਦਬੀਰ ਸਫਲਤਾ ਵੱਲ ਨੂੰ ਜਾਂਦੀ ਜਾਂਦੀ ਅੰਤ ਨੂੰ ਅਸਫਲ ਹੋ ਜਾਂਦੀ ਹੈ। ਅੱਧ ਵਿਚਕਾਰ ਜਾ ਕੇ ਉਸ ਦੀਆਂ ਸਾਰੀਆਂ ਵਿਉਂਤਾਂ ਟੁੱਟ ਕੇ ਧਰਤੀ ਤੇ ਡਿਗ ਪੈਂਦੀਆਂ ਹਨ। ਉਸ ਦਾ ਵਿੱਢਿਆ ਕੋਈ ਵੀ ਕਾਰਜ ਸਿਰੇ ਨਹੀਂ ਚੜ੍ਹਦਾ।

ਸੰਤ ਕੇ ਦੋਖੀ ਕਉ ਉਦਿਆਨ ਭ੍ਰਮਾਈਐ ।। ਸੰਤ ਕਾ ਦੋਖੀ ਉਝੜਿ ਪਾਈਐ ।।

ਸੰਤ ਦਾ ਦੋਖੀ ਜ਼ਿੰਦਗੀ ਵਿੱਚ ਇੰਝ ਭਟਕਦਾ ਰਹਿਂਦਾ ਹੈ ਜਿਸ ਤਰਾਂ ਕੋਈ ਮੁਸਾਫਰ ਜੰਗਲ਼ ਵਿੱਚ ਰਸਤਾ ਭੁੱਲ ਜਾਣ ਤੇ ਭਟਕਦਾ ਰਹਿੰਦਾ ਹੈ। ਉਹ ਗਲਤ ਰਸਤੇ ਤੇ ਪੈ ਜਾਂਦਾ ਹੈ  ਇਸ ਕਰਕੇ ਉਹ ਸਦਾ ਉਲ਼ਝਣਾ ਵਿੱਚ ਫਸਿਆ ਰਹਿੰਦਾ ਹੈ। ਉਹ ਕਦੇ ਵੀ ਅਪਣੀ ਮੰਜ਼ਲ ਤੇ ਨਹੀਂ ਪਹੁੰਚ ਸਕਦਾ।

ਸੰਤ ਕਾ ਦੋਖੀ ਅੰਤਰ ਤੇ ਥੋਥਾ ।। ਜਿਉ ਸਾਸ ਬਿਨਾ ਮਿਰਤਕ ਕੀ ਲੋਥਾ ।।

ਸੰਤਾਂ ਦਾ ਦੋਖੀ ਅੰਦਰ ਤੋਂ ਖਾਲੀ ਹੁੰਦਾ ਹੈ। ਉਸ ਦੀ ਜ਼ਿੰਦਗੀ ਸਾਹ ਤੋਂ ਬਿਨਾਂ ਮੁਰਦੇ ਦੀ ਲਾਸ਼ ਵਰਗੀ ਹੁੰਦੀ ਹੈ। ਉਸ ਦੀ ਜ਼ਿੰਦਗੀ ਦੀ ਕੋਈ  ਮੰਜ਼ਿਲ ਨਹੀਂ ਹੁੰਦੀ, ਕੋਈ ਮਨੋਰਥ ਨਹੀਂ ਹੁੰਦਾ। ਉਹ ਸਾਰਥਿਕਤਾ ਤੋਂ ਰਹਿਤ ਜੀਵਨ ਬਤੀਤ ਕਰਦਾ ਹੈ। ਮਾਨਵਤਾ ਨੂੰ ਕੋਈ ਦੇਣ ਉਹ ਨਹੀਂ ਦੇ ਸਕਦਾ। 

ਸੰਤ ਕੇ ਦੋਖੀ ਕੀ ਜੜ ਕਿਛੁ ਨਾਹਿ ।। ਆਪਨ ਬੀਜਿ ਆਪੇ ਹੀ ਖਾਹਿ ।।

ਸੰਤ ਦੇ ਦੋਖੀ ਦੀ ਕੋਈ ਜੜ ਨਹੀਂ ਹੁੰਦੀ। ਉਸ ਦੀ ਆਤਮਿਕ ਜ਼ਿੰਦਗੀ ਨੂੰ ਸਹਾਰਾ ਦੇਣ ਵਾਲ਼ਾ, ਖੁਰਾਕ ਦੇਣ ਵਾਲ਼ਾ, ਕੋਈ ਸੋਮਾ ਨਹੀਂ ਹੁੰਦਾ। ਉਹ ਅਪਣੇ ਕਰਮਾਂ ਦਾ ਫਲ਼ ਹੀ ਖਾਂਦਾ ਹੈ, ਜੋ ਬੀਜਦਾ ਹੈ ਉਹ ਹੀ ਵੱਢਦਾ ਹੈ। ਜਾਂ ਇੰਝ ਵੀ ਕਹਿ ਸਕਦੇ ਹਾਂ ਕਿ ਉਹ ਅਪਣੀ ਕੁਲ ਦਾ, ਅਪਣੇ ਬੀਜ ਦਾ, ਆਪ ਹੀ ਵਿਨਾਸ਼ ਕਰਦਾ ਰਹਿੰਦਾ ਹੈ।

ਸੰਤ ਕੇ ਦੋਖੀ ਕਉ ਅਵਰੁ ਨ ਰਾਖਨਹਾਰੁ ।ਨਾਨਕ ਸੰਤ ਭਾਵੈ ਤਾ ਲਏ ਉਬਾਰਿ ।। 5 ।।

ਸੰਤਾਂ ਦੇ ਦੋਖੀ ਨੂੰ ਸੰਤਾਂ ਤੋਂ ਬਿਨਾ ਹੋਰ ਕੋਈ ਨਹੀਂ  ਬਚਾ ਸਕਦਾ। ਗੁਰੂ ਜੀ ਦਾ ਕਹਿਣਾ ਹੈ ਕਿ ਕੇਵਲ ਸੰਤ ਹੀ ਉਸ ਨੂੰ ਬਚਾ ਸਕਦੇ ਹਨ। ਸੰਤ ਜੇ ਮਿਹਰਬਾਨ ਹੋ ਜਾਣ ਤਾਂ ਉਸ ਦਾ ਵੀ ਪਾਰ ਉਤਾਰਾ ਕਰ ਸਕਦੇ ਹਨ।

ਸੰਤ ਕਾ ਦੋਖੀ ਇਉ ਬਿਲਲਾਇ ।। ਜਿਉ ਜਲ ਬਿਹੂਨ ਮਛੁਲੀ ਤੜਫੜਾਇ ।।

ਸੰਤ ਦਾ ਦੋਖੀ ਸਦਾ ਹੀ ਆਤਮਿਕ ਪੀੜ ਦਾ ਸ਼ਿਕਾਰ ਹੋਇਆ ਰਹਿੰਦਾ ਹੈਉਸ ਨੂੰ ਆਤਮਿਕ ਸੁਖ ਕਦੇ ਨਹੀਂ ਮਿਲਦਾ। ਉਹ ਆਤਮਿਕ ਦਰਦ ਨਾਲ਼ ਇਸ ਤਰਾਂ ਕੁਰਲਾਉਂਦਾ ਅਤੇ ਤੜਫਦਾ ਰਹਿੰਦਾ ਹੈ ਜਿਵੇਂ ਮੱਛੀ ਪਾਣੀ ਤੋਂ ਬਿਨਾ ਤੜਫਦੀ ਹੈ। ਉਸ ਦੀ ਮਾਨਸਿਕ ਅਤੇ ਆਤਮਿਕ ਪੀੜ ਅਸਹਿ ਹੁੰਦੀ ਹੈ।

ਸੰਤ ਕਾ ਦੋਖੀ ਭੂਖਾ ਨਹੀ ਰਾਜੈ ।। ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ।।

ਸੰਤ ਦੇ ਦੋਖੀ ਦੀ ਤ੍ਰਿਸ਼ਨਾ ਭੁੱਖ ਕਦੇ ਵੀ ਪੂਰੀ ਨਹੀਂ ਹੁੰਦੀ। ਉਹ ਜੀਵਨ ਭਰ ਇੱਛਾਵਾਂ ਦੇ ਪਿੱਛੇ ਭੱਜਦਾ ਰਹਿੰਦਾ ਹੈ। ਉਸ ਦੀਆਂ ਇੱਛਾਵਾਂ ਕਦੀ ਮੁੱਕਦੀਆਂ ਹੀ ਨਹੀਂਜਿਸ ਤਰਾਂ ਅੱਗ ਦੀ ਬਾਲਣ ਦੀ ਭੁੱਖ ਕਦੇ ਵੀ ਪੂਰੀ ਨਹੀਂ ਹੁੰਦੀ, ਜਿੰਨਾ ਵੱਧ ਬਾਲਣ ਮਿਲਦਾ ਹੈ, ਓਨੀ ਹੀ ਉਸ ਦੀ ਬਾਲਣ ਦੀ ਭੁੱਖ ਵਧਦੀ ਜਾਂਦੀ ਹੈ, ਉਸੇ ਤਰਾਂ ਸੰਤ ਦੋਖੀ ਦੀਆਂ ਇੱਛਾਵਾਂ ਵੀ ਵਧਦੀਆਂ ਹੀ ਜਾਂਦੀਆਂ ਹਨ। ਉਸ ਨੂੰ ਕਦੇ  ਸਬਰ ਨਹੀਂ ਆਉਂਦਾ।

ਸੰਤ ਕਾ ਦੋਖੀ ਛੁਟੈ ਇਕੇਲਾ ।। ਜਿਉ ਬੂਆੜੁ ਤਿਲੁ ਖੇਤ ਮਾਹਿ ਦੁਹੇਲਾ ।

ਸੰਤ ਦੇ ਦੋਖੀ ਦਾ ਕੋਈ ਸਾਥ ਨਹੀਂ ਦਿੰਦਾ। ਉਸ ਦੇ ਕੋਈ ਨਾਲ਼ ਨਹੀਂ ਖੜ੍ਹਦਾ। ਜਿਵੇਂ ਤਿਲਾਂ ਦੇ ਖੇਤ ਵਿੱਚ ਬੂਆੜ (ਇੱਕ ਨਦੀਨ ਜੋ ਵਿਸ਼ੇਸ਼ ਤੌਰ ਤੇ ਤਿਲਾਂ ਦੇ ਖੇਤ ਵਿੱਚ ਹੁੰਦਾ ਹੈ) ਇਕੱਲਾ ਹੀ  ਰਹਿ ਜਾਂਦਾ ਹੈ ਅਤੇ ਚਾਰੇ ਪਾਸੇ ਤੋਂ ਤਿਲਾਂ ਨਾਲ਼ ਘਿਰੇ ਦਾ ਉਸ ਦਾ ਜੀਣਾ ਦੁੱਭਰ ਹੋ ਜਾਂਦਾ ਹੈ, ਉਸੇ ਤਰਾਂ ਸੰਤ ਦੋਖੀ ਵੀ ਸਮਾਜ ਵਿੱਚ ਇਕੱਲਾ ਰਹਿ ਜਾਂਦਾ ਹੈ ਅਤੇ ਉਸ ਲਈ ਜਿਉਣਾ ਮੁਸ਼ਕਲ ਹੋ ਜਾਂਦਾ ਹੈ।

ਸੰਤ ਕਾ ਦੋਖੀ ਧਰਮ ਤੇ ਰਹਤ ।। ਸੰਤ ਕਾ ਦੋਖੀ ਸਦ ਮਿਥਿਆ ਕਹਤ ।।

ਸੰਤ ਦਾ ਦੋਖੀ ਧਰਮ ਤੋਂ ਸੱਖਣਾ ਹੁੰਦਾ ਹੈ। ਉਹ ਧਾਰਮਿਕ ਹੋਣ ਦਾ ਪਾਖੰਡ ਤਾਂ ਭਾਵੇਂ ਕਰੇ ਪਰ ਅਸਲ ਵਿੱਚ ਧਾਰਮਿਕਤਾ ਨਾਲ਼ ਉਸ ਦਾ ਕੋਈ ਦੂਰ ਦਾ ਵੀ ਸੰਬੰਧ ਨਹੀਂ ਹੁੰਦਾ। ਉਹ ਹਮੇਸ਼ਾ ਝੂਠ ਬੋਲਦਾ ਹੈ, ਇਸ ਕਰਕੇ ਉਸ ਦੇ ਕਹੇ ਦਾ ਕੋਈ ਇਤਬਾਰ ਨਹੀਂ ਹੁੰਦਾ।

ਕਿਰਤੁ ਨਿੰਦਕ ਕਾ ਧੁਰਿ ਹੀ ਪਇਆ ।ਨਾਨਕ ਜੋ ਤਿਸੁ ਭਾਵੈ ਸੋਈ ਥਿਆ ।। 6 ।।

ਸੰਤਾਂ ਦੇ ਨਿੰਦਕ ਦੀ ਕਿਸਮਤ ਵਿੱਚ ਧੁਰ ਤੋਂ ਹੀ ਨਿੰਦਾ ਕਰਨੀ ਲਿਖੀ ਹੁੰਦੀ ਹੈ। ਜੋ ਕਰਮ ਉਸ ਦੀ ਕਿਸਮਤ ਵਿੱਚ ਲਿਖਿਆ ਹੈ, ਉਸ ਨੇ ਕਰਨਾ ਹੀ ਕਰਨਾ ਹੈ। ਗੁਰੂ ਜੀ ਦਾ ਫੁਰਮਾਨ ਹੈ ਕਿ ਅਸਲ ਵਿੱਚ ਈਸ਼ਵਰ ਦੀ ਮਰਜ਼ੀ ਹੀ ਇਹ ਹੁੰਦੀ ਹੈ ਅਤੇ ਹੁੰਦਾ ਉਹ ਹੀ ਹੈ ਜੋ ਮਾਲਕ ਦੀ ਮਰਜ਼ੀ ਹੁੰਦੀ ਹੈ, ਜੋ ਉਸ ਨੂੰ ਭਾਉਂਦਾ ਹੈ।

ਸੰਤ ਕਾ ਦੋਖੀ ਬਿਗੜ ਰੂਪੁ ਹੋਇ ਜਾਇ ।। ਸੰਤ ਕੇ ਦੋਖੀ ਕਉ ਦਰਗਹ ਮਿਲੈ ਸਜਾਇ ।।

ਸੰਤ ਦਾ ਦੋਖੀ ਉਹ ਨਹੀਂ ਰਹਿੰਦਾ ਜੋ ਪ੍ਰਮਾਤਮਾ ਨੇ ਉਸ ਨੂੰ ਬਣਾਇਆ ਹੈ। ਜਿਵੇਂ ਕਣਕ ਦੇ ਬੂਟੇ ਵਿੱਚ  ਤਬਦੀਲੀ ਆ ਕੇ ਬਿਗੜ ਦਾ ਬੂਟਾ ਬਣ ਜਾਂਦਾ ਹੈ ਜਿਹੜਾ ਦੇਖਮ ਨੂੰ ਕਣਕ ਵਰਗਾ ਹੀ ਲੱਗਦਾ ਹੈ ਪਰ ਹੁੰਦਾ ਨਿਕੰਮਾ ਹੈ ਉਸੇ ਤਰਾਂ ਉਸ ਦੇ ਸੁਭਾਅ ਵਿੱਚ ਕੋਈ ਨਾਂਹ ਪੱਖੀ ਤਬਦੀਲੀ ਹੋ ਜਾਂਦੀ ਹੈ ਜਿਸ ਕਰਕੇ ਉਸ ਦਾ ਰੂਪ ਵਿਗੜ ਜਾਂਦਾ ਹੈ। ਬੁਰਾਈ ਵੱਲ ਝੁਕਾਅ ਹੋ ਜਾਣ ਕਾਰਨ ਉਹ ਬੁਰੇ ਕੰਮ ਕਰਦਾ ਹੈਇਸ ਕਰਕੇ ਪ੍ਰਮਾਤਮਾ ਦੇ ਦਰਬਾਰ ਵਿੱਚ ਉਸ ਨੂੰ ਸਜ਼ਾ ਮਿਲਦੀ ਹੈ।

ਸੰਤ ਕਾ ਦੋਖੀ ਸਦਾ ਸਹਕਾਈਐ ।। ਸੰਤ ਕਾ ਦੋਖੀ ਨ ਮਰੈ ਨ ਜੀਵਾਇਐ ।।

ਸੰਤ ਤੇ ਦੋਸ਼ ਲਾਉਣ ਵਾਲ਼ਾ ਸਦਾ ਸਹਿਕਦਾ ਹੀ ਰਹਿੰਦਾ ਹੈ, ਉਹ ਕਦੇ ਵੀ ਖੁਲ੍ਹ ਕੇ ਸੁਚੱਜੀ ਜ਼ਿੰਦਗੀ ਨਹੀਂ ਜੀ ਸਕਦਾ। ਉਹ ਨਾ ਮਰਦਾ ਹੈ, ਨਾ ਜਿਉਂਦਾ ਹੈ, ਜੀਵਨ ਅਤੇ ਮੌਤ ਦੇ ਵਿਚਕਾਰ ਲਟਕਦਾ ਰਹਿੰਦਾ ਹੈ।

ਸੰਤ ਕੇ ਦੋਖੀ ਕੀ ਪੁਜੈ ਨ ਆਸਾ ।। ਸੰਤ ਕਾ ਦੋਖੀ ਉਠਿ ਚਲੈ ਨਿਰਾਸਾ ।।

ਸੰਤਾਂ ਤੇ ਦੋਸ਼ ਲਾਉਣ ਵਾਲ਼ੇ ਦੀ ਕੋਈ ਵੀ ਆਸ ਕਦੇ ਵੀ ਪੂਰੀ ਨਹੀਂ ਹੁੰਦੀ। ਉਹ ਨਿਰਾਸਾ ਹੀ ਇਸ ਦੁਨੀਆਂ ਤੋਂ ਉੱਠ ਜਾਂਦਾ ਹੈ।

ਸੰਤ ਕੈ ਦੋਖਿ ਨ ਤ੍ਰਿਸਟੈ ਕੋਇ ।। ਜੈਸਾ ਭਾਵੇ ਤੈਸਾ ਕੋਈ ਹੋਇ ।।

ਸੰਤਾਂ ਤੇ ਦੋਸ਼ ਲਾ ਕੇ, ਉਨ੍ਹਾਂ ਨੂੰ ਦੁੱਖ ਦੇ ਕੇ, ਕੋਈ ਵੀ ਸੰਤੁਸ਼ਟੀ ਪ੍ਰਾਪਤ ਨਹੀਂ ਕਰ ਸਕਦਾ। ਪਰ ਉਸ ਨੂੰ ਇਸ ਕੰਮ ਤੋਂ ਕੌਣ ਰੋਕ ਸਕਦਾ ਹੈ? ਜਿਸ ਤਰਾਂ ਦੇ ਕੰਮ ਕਰਨਾ ਕਿਸੇ ਨੂੰ ਚੰਗਾ ਲੱਗਦਾ ਹੈ, ਉਸ ਤਰਾਂ ਦੇ  ਕੰਮ ਉਹ ਕਰਦਾ ਰਹਿੰਦਾ ਹੈ। ਜਾਂ ਜਿਸ ਤਰਾਂ ਦਾ ਪ੍ਰਮਾਤਮਾ ਨੂੰ ਭਾਉਂਦਾ ਹੈ, ਉਸ ਤਰਾਂ ਦਾ ਇਨਸਾਨ ਬਣ ਜਾਂਦਾ ਹੈ।

ਪਇਆ ਕਿਰਤੁ ਨ ਮੇਟੈ ਕੋਇ ।। ਨਾਨਕ ਜਾਨੈ ਸਚਾ ਸੋਇ ।। 7 ।।

ਜੋ ਕਰਨਾ ਕਿਸੇ ਦੇ ਲੇਖਾਂ ਵਿੱਚ ਲਿਖਿਆ ਹੈ, ਉਸ ਨੂੰ ਕੋਈ ਨਹੀਂ ਮੇਟ ਸਕਦਾ। ਗੁਰੂ ਜੀ ਕਹਿੰਦੇ ਹਨ ਕਿ ਅਜਿਹਾ ਕਿਉਂ ਹੁੰਦਾ ਹੈ, ਇਹ ਪ੍ਰਮਾਤਮਾ ਹੀ ਜਾਣਦਾ ਹੈ। ਇਸ ਦਾ ਭੇਦ ਪਾਉਣਾ ਇਨਸਾਨ ਦੇ ਵਸ ਦੀ ਗੱਲ ਨਹੀਂ।

ਸਭ ਘਟ ਤਿਸ ਕੇ ਓਹੁ ਕਰਨੈਹਾਰੁ ।। ਸਦਾ ਸਦਾ ਤਿਸ ਕਉ ਨਮਸਕਾਰੁ ।।

ਸਾਰੇ ਜੀਵ ਉਸ ਪ੍ਰਮਾਤਮਾ ਦੇ ਸਿਰਜੇ ਹੋਏ ਹਨ, ਉਸ ਇੱਕ ਈਸ਼ਵਰ ਦੇ ਹੀ ਬੱਚੇ ਹਨ। ਉਹ ਪ੍ਰਭੂ ਆਪ ਹੀ ਸਭ ਕੁੱਝ ਕਰਨ ਕਰਾਉਣ ਵਾਲ਼ਾ ਹੈ। ਇਸ ਕਰਕੇ ਉਸ ਨੂੰ ਸਦਾ ਹੀ ਨਮਸ਼ਕਾਰ ਕਰਨੀ ਚਾਹੀਦੀ ਹੈ।

ਪ੍ਰਭ ਕੀ ਉਸਤਤਿ ਕਰਹੁ ਦਿਨੁ ਰਾਤਿ ।।ਤਿਸਹਿ ਧਿਆਵਹੁ ਸਾਸਿ ਗਿਰਾਸਿ ।।

ਐ ਦੁਨੀਆਂ ਦੇ ਜੀਵੋ, ਦਿਨ ਰਾਤ, ਹਰ ਵੇਲ਼ੇ, ਉਸ ਪ੍ਰਮਾਤਮਾ ਦੀ ਵਡਿਆਈ ਕਰਦੇ ਰਿਹਾ ਕਰੋ। ਹਰ ਸਾਹ ਦੇ ਨਾਲ਼, ਹਰ ਗ੍ਰਾਹੀ (ਬੁਰਕੀ) ਦੇ ਨਾਲ਼ ਉਸ ਪ੍ਰਭੂ ਦਾ ਧਿਆਨ ਧਰਿਆ ਕਰੋ, ਉਸ ਨੂੰ ਯਾਦ ਕਰਿਆ ਕਰੋ।

ਸਭ ਕਛੁ ਵਰਤੈ ਤਿਸ ਕਾ ਕੀਆ ।। ਜੈਸਾ ਕਰੇ ਤੈਸੈ ਕੋ ਥੀਆ ।।

ਸੰਸਾਰ ਵਿੱਚ ਸਭ ਕੁੱਝ ਉਸ ਦਾ ਕੀਤਾ ਹੀ ਹੁੰਦਾ ਹੈ। ਜਿਸ ਤਰਾਂ ਦਾ ਉਹ ਕਿਸੇ ਨੂੰ ਬਣਾਉਂਦਾ ਹੈ, ਉਸ ਤਰਾਂ ਦਾ ਉਹ ਬਣ ਜਾਂਦਾ ਹੈ। ਇਨਸਾਨ ਦੇ ਅਪਣੇ ਵਸ ਕੁੱਝ ਨਹੀਂ।

ਅਪਨਾ ਖੇਲੁ ਆਪ ਕਰਨੈਹਾਰੁ ।। ਦੂਸਰ ਕਉਨੁ ਕਹੈ ਬੀਚਾਰੁ ।।

ਇਹ ਸੰਸਾਰ ਉਸੇ ਦਾ ਰਚਿਆ ਹੋਇਆ ਨਾਟਕ ਹੈ। ਉਹ ਹੀ ਇਸ ਵਿਚਲੇ ਘਟਨਾ ਕ੍ਰਮ ਦਾ ਫੈਸਲਾ ਕਰਦਾ ਹੈ। ਜੋ ਦਿਸ਼ਾ ਉਹ ਇਸ ਨਾਟਕ ਨੂੰ ਦੇਣਾ ਚਾਹੁੰਦਾ ਹੈ, ਦੇ ਦਿੰਦਾ ਹੈ। ਕੋਈ ਹੋਰ ਤਾਕਤ ਨਹੀਂ ਜੋ ਉਸ ਦੇ ਕੀਤੇ ਤੇ ਕਿੰਤੂ ਕਰ ਸਕੇ। ਜੋ ਉਹ ਕਰਦਾ ਹੈ ਉਸ ਨੂੰ ਠੀਕ ਜਾਂ ਗਲਤ ਕਹਿਣ ਦਾ ਹੱਕ ਕਿਸੇ ਨੂੰ ਨਹੀਂ।

ਜਿਸ ਨੋ ਕ੍ਰਿਪਾ ਕਰੈ ਤਿਸੁ ਆਪਨ ਨਾਮੁ ਦੇਇ ।। ਬਡਭਾਗੀ ਨਾਨਕ ਜਨ ਸੇਇ ।। 8 ।। 13 ।।

ਜਿਸ ਤੇ ਉਹ ਕਿਰਪਾ ਕਰਦਾ ਹੈ, ਉਸ ਨੂੰ ਅਪਣੇ ਨਾਮ ਦੀ ਦਾਤ ਬਖਸ਼ ਦਿੰਦਾ ਹੈ। ਗੁਰੂ ਜੀ ਕਹਿੰਦੇ ਹਨ ਕਿ ਜਿਸ ਇਨਸਾਨ ਤੇ ਪ੍ਰਮਾਤਮਾ ਇਹ ਬਖਸ਼ਿਸ਼ ਕਰ ਦੇਵੇ, ਉਹ ਅਤਿਅੰਤ ਭਾਗਸ਼ਾਲੀ ਹੁੰਦਾ ਹੈ, ਉਸ ਵਰਗੀ ਚੰਗੀ ਕਿਸਮਤ ਹੋਰ ਕਿਸੇ ਦੀ ਨਹੀਂ ਹੁੰਦੀ


Comments

Popular posts from this blog

ਅਸਟਪਦੀ - 20

ਅਸਟਪਦੀ - 23

ਅਸਟਪਦੀ - 9