ਅਸਟਪਦੀ - 14

 ਅਸਟਪਦੀ - 14

ਸਲੋਕ ।

ਤਜਹੁ ਸਿਆਨਪ ਸੁਰਿਜਨਹੁ ਸਿਮਰਹੁ ਹਰਿ ਹਰਿ ਰਾਇ ।।

ਏਕ ਆਸ ਹਰਿ ਮਨਿ ਰਖਹੁ ਨਾਨਕ ਦੂਖੁ ਭਰਮੁ ਭਉ ਜਾਇ ।। 1 ।।

ਐ ਨੇਕ ਦਿਲ ਇਨਸਾਨੋ, ਅਪਣੀ ਸਿਆਣਪ, ਅਪਣੀ ਅਕਲ ਵਰਤਣੀ ਛੱਡ ਦੇਵੋ ਅਤੇ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਲੱਗ ਪਉ। ਕੇਵਲ ਇੱਕ ਪ੍ਰਮਾਤਮਾ ਤੇ ਭਰੋਸਾ ਰੱਖੋ। ਇਸ ਨਾਲ਼ ਤੁਹਾਡੇ ਸਾਰੇ ਦੁੱਖ, ਸ਼ੰਕੇ, ਅਵਿਸ਼ਵਾਸ਼, ਗਲਤ ਫਹਿਮੀਆਂ ਅਤੇ ਡਰ ਦੂਰ ਹੋ ਜਾਣਗੇ।

ਅਸਟਪਦੀ ।।

ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ ।। ਦੇਵਨ ਕਉ ਏਕੈ ਭਗਵਾਨੁ ।।

ਮਨੁੱਖ ਮਨੁੱਖ ਦਾ ਸਹਾਰਾ ਨਹੀਂ ਬਣ ਸਕਦਾ। ਕਿਸੇ ਇਨਸਾਨ ਤੋਂ ਸਹਾਇਤਾ ਦੀ ਉਮੀਦ ਰੱਖਣੀ ਬੇਅਰਥ ਹੈ ਕਿਉਂਕਿ ਇਨਸਾਨ ਇਨਸਾਨ ਨੂੰ ਸਹਾਰਾ ਦੇ ਸਕਣ ਦੇ ਸਮਰੱਥ ਹੈ ਹੀ ਨਹੀਂ। ਜੀਵ ਨੂੰ ਦਾਤਾਂ ਦੇਣ ਅਤੇ ਉਸ ਦਾ ਸਹਾਰਾ ਬਣਨ ਦੀ ਸਮਰੱਥਾ ਕੇਵਲ ਭਗਵਾਨ ਵਿੱਚ ਹੀ ਹੈ।

ਜਿਸ ਕੈ ਦੀਐ ਰਹੈ ਅਘਾਇ ।। ਬਹੁਰਿ ਨ ਤ੍ਰਿਸਨਾ ਲਾਗੈ ਆਇ ।।

ਪ੍ਮਾਤਮਾ ਉਹ ਦਾਤਾ ਹੈ ਜਿਸ ਤੋਂ ਦਾਤ ਪ੍ਰਾਪਤ ਕਰ ਕੇ ਜੀਵ ਸੰਤੁਸਟ ਹੋ ਜਾਂਦਾ ਹੈ ਅਤੇ ਮੁੜ ਕੇ ਕੋਈ ਤ੍ਰਿਸ਼ਨਾ ਉਸ ਦੇ ਨੇੜੇ ਨਹੀਂ ਆਉਂਦੀ। ਉਸ ਨੂੰ ਵਾਰ ਵਾਰ ਇੱਛਾਵਾਂ ਨਹੀਂ ਸਤਾਉਂਦੀਆਂ। ਵਾਰ ਵਾਰ ਉਸ ਨੂੰ ਕਿਸੇ ਦੇ ਅੱਗੇ ਹੱਥ ਅੱਡਣੇ ਨਹੀਂ ਪੈਂਦੇ।

ਮਾਰੈ ਰਾਖੈ ਏਕੋ ਆਪਿ ।। ਮਾਨੁਖ ਕੈ ਕਿਛੁ ਨਾਹੀ ਹਾਥਿ ।।

ਜੀਵ ਨੂੰ ਮਾਰਨ ਵਾਲ਼ਾ ਅਤੇ ਬਚਾਉਣ ਵਾਲਾ ਕੇਵਲ ਪ੍ਰਮਾਤਮਾ ਹੀ ਹੈ। ਹੋਰ ਕੋਈ ਸ਼ਕਤੀ ਨਾ ਉਸ ਨੂੰ ਮੌਤ ਤੋਂ ਬਚਾ ਸਕਦੀ ਹੈ ਅਤੇ ਨਾ ਮਾਰ ਸਕਦੀ ਹੈ। ਇਨਸਾਨ ਦੇ ਅਪਣੇ ਹੱਥ ਵਿੱਚ ਤਾਂ ਕੁੱਝ ਵੀ ਨਹੀਂ। ਉਹ ਨਾ ਕਿਸੇ ਨੂੰ ਮਾਰ ਜਾਂ ਬਚਾ ਸਕਦਾ ਹੈ ਅਤੇ ਨਾ ਹੀ ਅਪਣੀ ਰੱਖਿਆ ਕਰ ਸਕਦਾ ਹੈ।

ਤਿਸ ਕਾ ਹੁਕਮੁ ਬੂਝਿ ਸੁਖੁ ਹੋਇ ।। ਤਿਸੁ ਕਾ ਨਾਮੁ ਰਖੁ ਕੰਠਿ ਪਰੋਇ ।।

ਪ੍ਰਮਾਤਮਾ ਦੇ ਹੁਕਮ ਨੂੰ ਸਮਝ ਕੇ ਹੀ ਇਨਸਾਨ ਸੁਖ ਦੀ ਪ੍ਰਾਪਤੀ ਕਰ ਸਕਦਾ ਹੈ। ਜੇ ਇਨਸਾਨ ਉਸ ਦੇ ਹੁਕਮ ਨੂੰ, ਉਸ ਦੀ ਇੱਛਾ ਨੂੰ ਨਹੀਂ ਸਮਝਦਾ ਜਾਂ ਪ੍ਰਵਾਨ ਨਹੀਂ ਕਰਦਾ ਤਾਂ ਉਸ ਨੂੰ  ਦੁੱਖ ਹੀ ਦੁੱਖ ਪ੍ਰਾਪਤ  ਹੁੰਦੇ ਹਨ। ਇਸ ਕਰਕੇ ਉਸ ਦੇ ਨਾਮ ਨੂੰ ਸਦਾ ਅਪਣੇ ਗਲ਼ੇ ਵਿੱਚ ਪ੍ਰੋ ਕੇ ਰੱਖਣਾ ਚਾਹੀਦਾ ਹੈ। ਸਦਾ ਉਸ ਦੇ ਨਾਮ ਦਾ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ।

 ਸਿਮਰਿ ਸਿਮਰਿ ਸਿਮਰਿ ਪ੍ਰਭੁ ਸੋਇ ।। ਨਾਨਕ ਬਿਘਨੁ ਨ ਲਾਗੈ ਕੋਇ ।। 1 ।।

ਗੁਰੂ ਜੀ ਸਮਝਾਉਂਦੇ ਹਨ ਕਿ ਸਾਨੂੰ ਸਦਾ ਹੀ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਰਹੀਣਾ ਚਾਹੀਦਾ ਹੈ। ਉਸ ਦੇ ਨਾਮ ਦਾ ਸਿਮਰਨ ਕਰਦੇ ਰਹਿਣ ਨਾਲ਼ ਸਾਡੇ ਕਿਸੇ ਕੰਮ ਵਿੱਚ ਕਦੇ ਵੀ ਕੋਈ ਰੁਕਾਵਟ ਨਹੀਂ ਆਉਂਦੀ।

ਉਸਤਤਿ ਮਨ ਮਹਿ ਕਰਿ ਨਿਰੰਕਾਰ ।। ਕਰਿ ਮਨ ਮੇਰੇ ਸਤਿ ਬਿਉਹਾਰ ।।

ਗੁਰੂ ਜੀ ਅਪਣੇ ਆਪ ਨੂੰ ਸੰਬੋਧਨ ਕਰਦੇ ਹੋਏ ਸਾਨੂੰ ਸਮਝਾਉਂਦੇ ਹਨ ਕਿ ਸਾਨੂੰ ਅਪਣੇ ਮਨ ਦੇ ਅੰਦਰ ਸਦਾ ਹੀ ਉਸ ਨਿਰੰਕਾਰ, ਅਦ੍ਰਿਸ਼ਟ ਪ੍ਰਮਾਤਮਾ ਦੇ ਨਾਮ ਦੀ ਵਡਿਆਈ ਕਰਦੇ ਰਹਿਣਾ ਚਾਹੀਦਾ ਹੈ। ਸਾਨੂੰ ਦੂਜੇ ਇਨਸਾਨਾਂ ਪ੍ਰਤੀ ਅਪਣਾ ਵਿਹਾਰ ਨੇਕ ਅਤੇ ਸਚਾਈ ਤੇ ਆਧਾਰਿਤ ਬਣਾ ਕੇ ਰੱਖਣਾ ਚਾਹੀਦਾ ਹੈ, ਕਦੇ ਵੀ ਝੂਠ ਅਤੇ ਬੇਈਮਾਨੀ ਦਾ ਸਹਾਰਾ ਨਹੀਂ ਲੈਣਾ ਚਾਹੀਦਾ

ਨਿਰਮਲ ਰਸਨਾ ਅੰਮ੍ਰਿਤੁ ਪੀਉ ।। ਸਦਾ ਸੁਹੇਲਾ ਕਰਿ ਲੇਹਿ ਜੀਉ ।।

ਸਾਨੂੰ ਅਪਣੀ ਜੀਭ ਦੇ ਨਾਲ਼ ਸਦਾ ਪ੍ਰਮਾਤਮਾ ਦੇ ਨਾਮ ਸਿਮਰਨ ਦਾ ਅੰਮ੍ਰਿਤ ਪੀਂਦੇ ਰਹਿਣਾ ਚਾਹੀਦਾ ਹੈ। ਇਸ ਤਰਾਂ ਕਰਨ ਨਾਲ਼ ਸਾਡਾ ਮਨ ਸਦਾ ਹੀ ਸੁਖੀ ਰਹੇਗਾ।

ਨੈਨਹੁ ਪੇਖੁ ਠਾਕੁਰ ਕਾ ਰੰਗੁ ।। ਸਾਧਸੰਗਿ ਬਿਨਸੈ ਸਭ ਸੰਗੁ ।।

ਅਪਣੀਆਂ ਅੱਖਾਂ ਦੇ ਨਾਲ਼ ਸਾਨੂੰ ਸਦਾ ਉਸ ਪ੍ਰਮਾਤਮਾ ਦੀ ਖੂਬਸੂਰਤੀ ਹੀ ਦੇਖਣੀ ਚਾਹੀਦੀ ਹੈ, ਦੁਨੀਆਂ ਦੇ ਰੰਗਾਂ ਰਸਾਂ ਵਿੱਚ ਨਹੀਂ ਉਲ਼ਝਣਾ ਚਾਹੀਦਾਸੰਤਾਂ ਦੀ ਸੰਗਤ ਕਰਨ ਨਾਲ਼ ਉਹ ਸਾਰੀ ਸੰਗ ਸ਼ਰਮ, ਜੋ ਅਜਿਹਾ ਕਰਨ ਦੇ ਰਸਤੇ ਵਿੱਚ ਰੁਕਾਵਟ ਬਣਦੀ ਹੈ, ਖਤਮ ਹੋ ਜਾਂਦੀ ਹੈ।

ਚਰਨ ਚਲਉ ਮਾਰਗਿ ਗੋਬਿੰਦ ।। ਮਿਟੈ ਪਾਪ ਜਪੀਐ ਹਰਿ ਬਿੰਦ ।।

ਸਾਨੂੰ ਅਪਣੇ ਪੈਰਾਂ ਨੂੰ ਪ੍ਰਮਾਤਮਾ ਦੇ ਦੱਸੇ ਰਸਤੇ ਤੇ ਹੀ ਅੱਗੇ ਵਧਾਉਣਾ ਚਾਹੀਦਾ ਹੈ, ਅਜਿਹਾ ਕੋਈ ਕੰਮ ਨਹੀਂ ਕਰਨਾ ਚਾਹੀਦਾ ਜੋ ਉਸ ਪ੍ਰਭੂ ਨੂੰ ਨਾ ਭਾਉਂਦਾ ਹੋਵੇ। ਇੱਕ ਪਲ ਭਰ ਵੀ ਜੇ ਅਸੀਂ ਪ੍ਰਮਾਤਮਾ ਦਾ ਨਾਮ ਜੱਪ ਲਈਏ ਤਾਂ ਸਾਡੇ ਸਾਰੇ ਪਾਪ ਦੂਰ ਹੋ ਜਾਂਦੇ ਹਨ।

ਕਰ ਹਰਿ ਕਰਮ ਸ੍ਰਵਨਿ ਹਰਿ ਕਥਾ ।। ਹਰਿ ਦਰਗਹ ਨਾਨਕ ਊਜਲ ਮਥਾ ।। 2 ।।

ਸਾਨੂੰ ਇਸ ਤਰਾਂ ਦੇ ਕੰਮ ਕਰਨੇ ਚਾਹੀਦੇ ਹਨ ਜਿਹੜੇ ਉਸ ਵਾਹਿਗੁਰੂ ਦੀ ਸ਼ੋਭਾ ਵਧਾਉਣ, ਉਸ ਦੇ ਨਾਮ ਨੂੰ ਚਾਰ ਚੰਦ ਲਾਉਣ। ਅਪਣੇ ਕੰਨਾਂ ਨਾਲ਼ ਸਾਨੂੰ ਉਸ ਪ੍ਰਮਾਤਮਾ ਦੇ ਨਾਮ ਦੀ ਕਥਾ ਵਿਚਾਰ ਹੀ ਸੁਣਨਾ ਚਾਹੀਦਾ ਹੈ। ਇਸ ਤਰਾਂ ਕਰਨ ਨਾਲ਼ ਸਾਨੂੰ ਪ੍ਰਮਾਤਮਾ ਦੇ ਦਰਬਾਰ ਵਿੱਚ ਪਿਆਰ ਅਤੇ ਸਤਿਕਾਰ ਮਿਲੇਗਾ, ਮਾਲਕ ਸਾਡੇ ਉੱਤੇ ਖੁਸ਼ ਹੋਵੇਗਾ ਅਸੀਂ ਅਪਣੇ ਮੱਥੇ ਤੇ ਖੁਸ਼ੀ ਅਤੇ ਵਿਸ਼ਵਾਸ਼ ਦੀ ਰੋਸ਼ਨ ਚਮਕ ਲੈ ਕੇ ਉਸ ਦੇ ਦਰਬਾਰ ਵਿੱਚ ਪੇਸ਼ ਹੋ ਸਕਾਂਗੇ।

ਬਡਭਾਗੀ ਤੇ ਜਨ ਜਗ ਮਾਹਿ ।। ਸਦਾ ਸਦਾ ਹਰਿ ਕੇ ਗੁਨ ਗਾਹਿ ।।

ਸੰਸਾਰ ਦੇ ਵਿੱਚ ਉਹ ਇਨਸਾਨ ਬਹੁਤ ਹੀ ਖੁਸ਼ਕਿਸਮਤ ਹੁੰਦਾ ਹੈ ਜਿਹੜਾ ਹਰ ਵੇਲ਼ੇ ਈਸ਼ਵਰ ਦੇ ਗੁਣ ਗਾਉਂਦਾ ਰਹਿੰਦਾ ਹੈ

ਰਾਮ ਨਾਮ ਜੋ ਕਰਹਿ ਬੀਚਾਰ ।। ਸੇ ਧਨਵੰਤ ਗਨੀ ਸੰਸਾਰ ।।

ਅਮੀਰ ਉਹ ਨਹੀਂ ਹੁੰਦਾ ਜਿਸ ਕੋਲ਼ ਬੇਹਿਸਾਬ ਪੈਸਾ ਹੋਵੇ। ਜਿਹੜਾ ਜੀਵ ਅਪਣੇ ਮਨ ਅੰਦਰ ਰਾਮ ਨਾਮ ਨੂੰ ਬਿਠਾਉਂਦਾ ਹੈ ਅਤੇ ਵਿਚਾਰਦਾ ਹੈ, ਉਸ ਨੂੰ ਹੀ ਇਸ ਸੰਸਾਰ ਵਿੱਚ ਸਹੀ ਅਰਥਾਂ ਵਿੱਚ ਧਨਵਾਨ ਮੰਨਿਆਂ ਜਾਂਦਾ ਹੈ।

ਮਨਿ ਤਨਿ ਮੁਖਿ ਬੋਲਹਿ ਹਰਿ ਮੁਖੀ ।। ਸਦਾ ਸਦਾ ਜਾਨਹੁ ਤੇ ਸੁਖੀ ।।

ਸਾਨੂੰ ਇਹ ਗੱਲ ਸਮਝ ਲੈਣੀ ਚਹੀਦੀ ਹੈ ਕਿ ਜਿਸ ਇਨਸਾਨ ਦਾ ਮਨ, ਤਨ ਅਤੇ ਮੂੰਹ ਹਰ ਵਕਤ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਰਹਿੰਦਾ ਹੋਵੇ, ਉਹ ਸਦਾ ਹੀ ਸੁਖੀ ਰਹਿੰਦਾ ਹੈ, ਉਸ ਨੂੰ ਕਦੇ ਕੋਈ ਦੁੱਖ ਨਹੀਂ ਦੇਖਣਾ ਪੈਂਦਾ।

ਏਕੋ ਏਕੁ ਏਕੁ ਪਛਾਨੈ ।। ਇਤ ਉਤ ਕੀ ਓਹੁ ਸੋਝੀ ਜਾਨੈ ।।

ਜਿਹੜਾ ਇਨਸਾਨ ਇਹ ਸਮਝ ਲੈਂਦਾ ਹੈ ਕਿ ਪ੍ਰਮਾਤਮਾ ਸਿਰਫ ਇੱਕ ਹੈ, ਉਸ ਦਾ ਕੋਈ ਰਕੀਬ ਨਹੀਂ ਅਤੇ ਉਹ ਪਰਮਾਤਮਾ ਹਰ ਸ਼ੈ ਵਿੱਚ ਵਸਦਾ ਹੈ, ਉਸ ਨੂੰ ਇਸ ਲੋਕ ਅਤੇ ਪ੍ਰਲੋਕ ਦੋਹਾਂ ਦੀ ਸਮਝ ਆ ਜਾਂਦੀ ਹੈ

ਨਾਮ ਸੰਗਿ ਜਿਸ ਕਾ ਮਨੁ ਮਾਨਿਆ ।। ਨਾਨਕ ਤਿਨਹਿ ਨਿਰੰਜਨੁ ਜਾਨਿਆ ।3 ।।

ਗੁਰੂ ਜੀ ਸਮਝਾਉਂਦੇ ਹਨ ਕਿ ਜਿਸ ਇਨਸਾਨ ਨੂੰ ਪ੍ਰਮਾਤਮਾ ਦੇ ਨਾਮ ਨਾਲ਼ ਪਿਆਰ ਹੋ ਜਾਵੇ, ਸਮਝ ਲਵੋ ਕਿ ਉਸ ਇਨਸਾਨ ਨੇ ਨਿਰੰਜਨ, ਬੇਦਾਗ, ਕਲੰਕ ਰਹਿਤ ਪ੍ਰਮਾਤਮਾ ਨੂੰ, ਉਸ ਪ੍ਰਭੂ ਨੂੰ ਜਿਸ ਵਿੱਚ ਕੋਈ ਵੀ ਕਮਜ਼ੋਰੀ ਨਹੀਂ, ਜਾਣ ਲਿਆ ਹੈ, ਸਮਝ ਲਿਆ ਹੈ। ਪ੍ਰਮਾਤਮਾ ਨਾਲ਼ ਪਿਆਰ ਕਰਨਾ ਹੀ ਉਸ ਨੂੰ ਸਮਝ ਲੈਣ ਦਾ ਦੂਜਾ ਨਾਂ ਹੈ।

ਗੁਰਪ੍ਰਸਾਦਿ ਆਪਨਿ ਆਪੁ ਸੁਝੈ ।। ਤਿਸ ਕੀ ਜਾਨਹੁ ਤ੍ਰਿਸਨਾ ਬੁਝੈ ।।

ਗੁਰੂ ਦੀ ਕਿਰਪਾ ਨਾਲ਼ ਜਿਸ ਇਨਸਾਨ ਨੂੰ ਅਪਣੇ ਆਪ ਦਾ ਗਿਆਨ ਹੋ ਜਾਵੇ, ਜਿਹੜਾ ਅਪਣੇ ਆਪ ਨੂੰ ਸਮਝ ਲਵੇ, ਉਸ ਦੀ ਸਾਰੀ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ, ਉਸ ਨੂੰ ਪਦਾਰਥਾਂ ਦੀ ਕੋਈ ਭੁੱਖ ਨਹੀਂ ਰਹਿੰਦੀ।

ਸਾਧਸੰਗਿ ਹਰਿ ਹਰਿ ਜਸੁ ਕਹਤ ।। ਸਰਬ ਰੋਗ ਤੇ ਓਹੁ ਹਰਿ ਜਨੁ ਰਹਤ ।।

ਜਿਹੜਾ ਇਨਸਾਨ ਸੰਤ ਪੁਰਖਾਂ ਦੇ ਨਾਲ਼ ਰਲ਼ ਕੇ ਹਰ ਵਕਤ ਹਰੀ ਦਾ ਜਸ, ਪ੍ਰਮਾਤਮਾ ਦੀ ਵਡਿਆਈ ਦੇ, ਗੀਤ ਗਾਉਂਦਾ ਰਹਿੰਦਾ ਹੈ, ਉਹ ਸਾਰੇ ਰੋਗਾਂ ਤੋਂ ਮੁਕਤ ਹੋ ਜਾਂਦਾ ਹੈ, ਉਸ ਦੇ ਕੋਈ ਵੀ ਸਰੀਰਕ ਜਾਂ ਆਤਮਿਕ ਬੀਮਾਰੀ ਨੇੜੇ ਨਹੀਂ ਆਉਂਦੀ।

ਅਨਦਿਨੁ ਕੀਰਤਨੁ ਕੇਵਲ ਬਖ੍ਯਾਨੁ ।। ਗ੍ਰਿਹਸਤ ਮਹਿ ਸੋਈ ਨਿਰਬਾਨੁ ।।

ਜਿਹੜਾ ਇਨਸਾਨ ਹਰ ਰੋਜ਼, ਹਰ ਵੇਲ਼ੇ ਪ੍ਰਮਾਤਮਾ ਦੇ ਗੁਣਾਂ ਦੇ ਗੀਤ ਗਾਉਂਦਾ ਰਹਿੰਦਾ ਹੈ ਉਹ ਗ੍ਰਿਹਸਤ ਜੀਵਨ ਦੇ ਵਿੱਚ ਵਿਚਰਦਾ ਹੋਇਆ ਹੀ ਮੁਕਤੀ ਪ੍ਰਾਪਤ ਕਰ ਲੈਂਦਾ ਹੈ, ਉਸ ਨੂੰ ਮੁਕਤੀ ਪ੍ਰਾਪਤ ਕਰਨ ਲਈ ਘਰ ਬਾਰ ਅਤੇ ਪਰਿਵਾਰ ਤਿਆਗ ਕੇ, ਬੈਰਾਗ ਧਾਰਨ ਕਰ ਕੇ, ਜੰਗਲ਼ਾਂ ਵਿੱਚ ਜਾਣ ਦੀ ਲੋੜ ਨਹੀਂ ਪੈਂਦੀ।

ਏਕ ਊਪਰਿ ਜਿਸੁ ਜਨ ਕੀ ਆਸਾ ।। ਤਿਸ ਕੀ ਕਟੀਐ ਜਮ ਕੀ ਫਾਸਾ ।।

ਜਿਹੜਾ ਇਨਸਾਨ ਈਸ਼ਵਰ ਤੋਂ ਬਿਨਾ ਹੋਰ ਕਿਸੇ ਦਾ ਸਹਾਰਾ ਨਹੀਂ ਤਕਾਉਂਦਾ, ਕੇਵਲ ਇੱਕ ਪ੍ਰਮਾਤਮਾ ਉੱਤੇ ਭਰੋਸਾ ਰੱਖਦਾ ਹੈ, ਸਮਝ ਲਉ ਕਿ ਉਸ ਦੀ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ, ਜਮ ਉਸ ਦਾ ਕੁੱਝ ਨਹੀਂ ਵਿਗਾੜ ਸਕਦੇ, ਉਸ ਨੂੰ ਕੋਈ ਸਜ਼ਾ ਨਹੀਂ ਦੇ ਸਕਦੇ।

ਪਾਰਬ੍ਰਹਮ ਕੀ ਜਿਸੁ ਮਨਿ ਭੂਖ ।। ਨਾਨਕ ਤਿਸਹਿ ਨ ਲਾਗਹਿ ਦੂਖ ।। 4 ।।

ਗੁਰੂ ਜੀ ਦਾ ਦਾਅਵਾ ਹੈ ਕਿ ਜਿਸ ਇਨਸਾਨ ਦੇ ਮਨ ਅੰਦਰ ਪ੍ਰਮਾਤਮਾ ਦੇ ਮਿਲਾਪ ਦੀ ਤਾਂਘ ਹੋਵੇ, ਕੋਈ ਵੀ ਦੁੱਖ ਉਸ ਦੇ ਨੇੜੇ ਨਹੀਂ ਢੁੱਕਦਾ, ਉਹ ਸਦਾ ਸੁਖੀ ਰਹਿੰਦਾ ਹੈ।

ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ ।। ਸੋ ਸੰਤੁ ਸੁਹੇਲਾ ਨਹੀ ਡੁਲਾਵੈ ।।

ਜਿਹੜਾ ਵਿਅਕਤੀ ਅਪਣੇ ਮਨ ਵਿੱਚ ਹਰ ਵਕਤ ਪ੍ਰਮਾਤਮਾ ਨੂੰ ਯਾਦ ਰੱਖਦਾ ਹੈ, ਕਦੇ ਇੱਕ ਪਲ ਲਈ ਵੀ ਉਸ ਨੂੰ ਮਨ ਵਿੱਚੋਂ ਨਹੀਂ ਵਿਸਾਰਦਾ, ਉਹ ਸੰਤ ਦੀ ਪਦਵੀ ਪ੍ਰਾਪਤ ਕਰ ਲੈਂਦਾ ਹੈ, ਉਸ ਦਾ ਜੀਵਨ ਸੁਖੀ ਹੋ ਜਾਂਦਾ ਹੈ, ਉਹ ਅਪਣੇ ਜੀਵਨ ਵਿੱਚ ਕਦੇ ਨਹੀਂ ਡੋਲਦਾ, ਕਦੇ ਵੀ ਦੁਬਿਧਾ ਦਾ ਸ਼ਿਕਾਰ ਨਹੀਂ ਹੁੰਦਾ

ਜਿਸੁ ਪ੍ਰਭੁ ਅਪੁਨਾ ਕਿਰਪਾ ਕਰੈ ।। ਸੋ ਸੇਵਕੁ ਕਹੁ ਕਿਸ ਤੇ ਡਰੈ ।।

ਜਿਸ ਵਿਅਕਤੀ ਦੇ ਉੱਤੇ ਪਰਮੇਸ਼ਰ ਅਪਣੀ ਦਯਾ ਕਰ ਦੇਵੇ, ਉਸ ਨੂੰ ਨਾ ਕਿਸੇ ਤੋਂ ਡਰਨ ਦੀ ਲੋੜ ਹੈ ਅਤੇ ਨਾ ਉਹ ਕਿਸੇ ਤੋਂ ਡਰਦਾ ਹੈ। ਈਸ਼ਵਰ ਦੇ ਪਿਆਰੇ ਕਦੇ ਕਿਸੇ ਤੋਂ ਨਹੀਂ ਡਰਦੇ।

ਜੈਸਾ ਸਾ ਤੈਸਾ ਦ੍ਰਿਸਟਾਇਆ ।। ਅਪੁਨੇ ਕਾਰਜ ਮਹਿ ਆਪਿ ਸਮਾਇਆ ।।

ਜਿਨ੍ਹਾਂ ਤੇ ਪ੍ਰਮਾਤਮਾ ਦੀ ਮਿਹਰ ਹੋ ਜਾਂਦੀ ਹੈ, ਉਨ੍ਹਾਂ ਨੂੰ ਈਸ਼ਵਰ ਦੇ ਅਸਲੀ ਸਰੂਪ ਦੀ ਸਮਝ ਆ ਜਾਂਦੀ ਹੈ, ਉਹ ਰੱਬ ਨੂੰ ਪਹਿਚਾਨਣ ਦੇ ਸਮਰੱਥ ਹੋ ਜਾਂਦੇ ਹਨ। ਉਹ ਸਮਝ ਜਾਂਦੇ ਹਨ ਕਿ ਪ੍ਰਮਾਤਮਾ ਅਪਣੀ ਸਾਜੀ ਹੋਈ ਸ੍ਰਿਸ਼ਟੀ ਤੋਂ ਵੱਖਰਾ ਨਹੀਂ। ਉਹ ਕਿਤੇ ਸੱਤਵੇਂ ਅਸਮਾਨ ਤੇ ਨਹੀਂ ਬੈਠਾ। ਉਹ ਅਪਣੀ ਸਿਰਜੀ ਹੋਈ ਸ੍ਰਿਸ਼ਟੀ ਦੇ ਕਣ ਕਣ ਵਿੱਚ ਵਸਦਾ ਹੈ।

ਸੋਧਤ ਸੋਧਤ ਸੋਧਤ ਸੀਝਿਆ ।। ਗੁਰਪ੍ਰਸਾਦਿ ਤਤੁ ਸਭੁ ਬੂਝਿਆ ।।

ਅਜਿਹਾ ਇਨਸਾਨ ਪ੍ਰਮਾਤਮਾ ਨੂੰ ਖੋਜਦੇ ਖੋਜਦੇ ਅਪਣੀ ਉਸ ਮੰਜ਼ਿਲ ਤੇ ਪਹੁੰਚ ਚੁੱਕਾ ਹੁੰਦਾ ਹੈ, ਜਿਸ ਦੀ ਉਸ ਨੂੰ ਤਲਾਸ਼ ਸੀਗੁਰੂ ਦੀ ਕਿਰਪਾ ਨਾਲ਼ ਉਹ ਸੱਚ ਨੂੰ ਸਮਝ ਲੈਂਦਾ ਹੈ, ਉਸ ਨੂੰ ਆਤਮਿਕਤਾ ਦੇ ਅਸਲ ਸਿਧਾਂਤ ਦੀ ਸਮਝ ਆ ਜਾਂਦੀ ਹੈ 

ਜਬ ਦੇਖਉ ਤਬ ਸਭੁ ਕਿਛੁ ਮੂਲੁ ।। ਨਾਨਕ ਸੋ ਸੂਖਮੁ ਸੋਈ ਅਸਥੂਲੁ ।। 5 ।।

ਗੁਰੂ ਜੀ ਫੁਰਮਾਉਂਦੇ ਹਨ ਕਿ ਉਹ ਜਦ ਵੀ ਦੇਖਦਾ ਹੈ, ਉਸ ਨੂੰ ਹਰ ਵਸਤ ਵਿੱਚ ਸ੍ਰਿਸ਼ਟੀ ਦਾ ਮੂਲ ਈਸ਼ਵਰ ਹੀ ਦਿਖਾਈ ਦਿੰਦਾ ਹੈ। ਉਹ ਸਮਝ ਜਾਂਦਾ ਹੈ ਕਿ ਦ੍ਰਿਸ਼ਟਮਾਨ ਸੰਸਾਰ ਅਤੇ ਅਦ੍ਰਿਸ਼ਟ ਈਸ਼ਵਰ ਵਿੱਚ ਕੋਈ ਅੰਤਰ ਨਹੀਂ, ਅਦ੍ਰਿਸ਼ਟ ਪ੍ਰਭੂ (ਸੂਖਮ) ਅਤੇ ਦ੍ਰਿਸ਼ਟਮਾਨ ਸੰਸਾਰ (ਅਸਥੂਲੁ) ਇੱਕ ਹੀ ਹਨ।

ਨਹ ਕਿਛੁ ਜਨਮੈ ਨਹ ਕਿਛੁ ਮਰੈ ।। ਆਪਨ ਚਲਿਤੁ ਆਪ ਹੀ ਕਰੈ ।।

ਨਾ ਕੋਈ ਕਦੇ ਜੰਮਦਾ ਹੈ ਅਤੇ ਨਾ ਮਰਦਾ ਹੈ। ਇਹ ਸੰਸਾਰ ਤਾਂ ਈਸ਼ਵਰ ਦਾ ਰਚਿਆ ਹੋਇਆ ਇੱਕ ਖੇਲ੍ਹ ਹੈ। ਉਹ ਜਿਵੇਂ ਚਾਹੁੰਦਾ ਹੈ, ਇਸ ਖੇਲ੍ਹ ਨੂੰ ਚਲਾਈ ਜਾ ਰਿਹਾ ਹੈ। ਸੰਸਾਰ ਦਾ ਸਾਰਾ ਵਰਤਾਰਾ ਉਸ ਦੇ ਨਿਰਦੇਸ਼ਨ ਅਧੀਨ ਚੱਲਦਾ ਹੈ।

ਆਵਨੁ ਜਾਵਨੁ ਦ੍ਰਿਸਟਿ ਅਨਦ੍ਰਿਸਟਿ ।। ਆਗਿਆਕਾਰੀ ਧਾਰੀ ਸਭ ਸ੍ਰਿਸਟਿ ।।

ਆਉਣਾ (ਜੰਮਣਾ), ਜਾਣਾ (ਮਰਨਾ) ਸਭ ਉਸ ਦੇ ਹੁਕਮ ਅਨੁਸਾਰ ਹੁੰਦਾ ਹੈ। ਦ੍ਰਿਸ਼ਟਮਾਨ ਅਤੇ ਅਦ੍ਰਿਸ਼ਟਮਾਨ (ਨਿਰਗੁਣ ਅਤੇ ਸਰਗੁਣ) ਸ੍ਰਿਸ਼ਟੀ ਦੇ ਸਭ ਅੰਸ਼ ਉਸ ਦੇ  ਹੁਕਮ ਦੇ ਪਾਬੰਦ ਹਨ। ਸਾਰੀ ਸ੍ਰਿਸ਼ਟੀ ਉਸ ਨੇ ਅਪਣੇ ਸਹਾਰੇ ਤੇ ਟਿਕਾਈ ਹੋਈ ਹੈ ਅਤੇ ਇਸ ਵਿਚਲੀ ਹਰ ਇਕਾਈ ਉਸ ਦੇ ਆਦੇਸ਼ ਨੂੰ ਮੰਨਦੀ ਹੈ।

ਆਪੇ ਆਪਿ ਸਗਲ ਮਹਿ ਆਪਿ ।। ਅਨਿਕ ਜੁਗਤਿ ਰਚਿ ਥਾਪਿ ਉਥਾਪਿ ।।

ਪ੍ਰਮਾਤਮਾ ਆਪ ਅਪਣੀ ਹੋਂਦ ਲਈ ਕਿਸੇ ਦਾ ਰਿਣੀ ਨਹੀਂ। ਅਪਣਾ ਸਿਰਜਕ ਉਹ ਆਪ ਹੀ ਹੈ ਅਤੇ ਅਪਣੀ ਮਰਜ਼ੀ ਮੁਤਾਬਿਕ ਜੋ ਚਾਹੁੰਦਾ ਹੈ ਸੋ ਕਰਦਾ ਹੈ। ਪਰ ਇਸ ਦੇ ਨਾਲ਼ ਨਾਲ਼ ਉਹ ਅਪਣੀ ਸਿਰਜੀ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਹੈ, ਇਸ ਦੀ ਹਰ ਸ਼ੈ ਵਿੱਚ ਵਸਿਆ ਹੋਇਆ ਹੈ। ਅਨੇਕਾਂ ਤਰੀਕਿਆਂ ਨਾਲ਼ ਉਹ ਸ੍ਰਿਸ਼ਟੀ ਦੀ ਰਚਨਾ ਕਰ ਕੇ ਅਪਣੇ ਆਪ ਨੂੰ ਅਨੇਕਾਂ ਰੂਪਾਂ ਵਿੱਚ ਪ੍ਰਕਾਸ਼ਮਾਨ  ਕਰਦਾ ਹੈ ਅਤੇ ਫਿਰ ਆਪ ਹੀ ਇਨ੍ਹਾਂ ਆਕਾਰਾਂ ਨੂੰ ਵਿਖੰਡਿਤ ਕਰ ਦਿੰਦਾ ਹੈ , ਤੋੜ ਦਿੰਦਾ ਹੈ।

ਅਬਿਨਾਸ਼ੀ ਨਾਹੀ ਕਿਛੁ ਖੰਡ ।। ਧਾਰਨ ਧਾਰਿ ਰਹਿਓ ਬ੍ਰਹਮੰਡ ।।

ਪਰ ਉਹ ਆਪ ਨਾਸ਼ ਰਹਿਤ ਹੈ। ਉਸ ਦੇ ਟੁੱਟ ਕੇ ਟੋਟੇ ਨਹੀਂ ਹੋ ਸਕਦੇ। ਨਾ ਹੀ ਉਸ ਨੂੰ ਖੰਡਾਂ ਜਾਂ ਇਲਾਕਿਆਂ ਦੇ ਆਧਾਰ ਤੇ ਵੰਡਿਆ ਜਾ ਸਕਦਾ ਹੈ। ਇਹ ਨਹੀਂ ਕਿ ਇੱਕ ਇਲਾਕੇ ਵਿੱਚ ਇੱਕ ਰੱਬ ਹੈ ਅਤੇ ਦੂਜੇ ਵਿੱਚ ਕੋਈ ਹੋਰ। ਸਮੁੱਚੇ ਬ੍ਰਹਮੰਡ ਵਿੱਚ ਇੱਕ ਹੀ ਰੱਬ ਹੈ। ਉਹ ਇੱਕ ਪ੍ਰਭੂ ਹੀ ਸਮੁੱਚੇ ਬ੍ਰਹਮੰਡ ਵਿੱਚ ਸਿਰਜੇ ਹੋਏ ਜੀਵਾਂ ਨੂੰ ਸਹਾਰਾ ਦੇ ਰਿਹਾ ਹੈ, ਉਨ੍ਹਾਂ ਦੇ ਜੀਵਨ ਦਾ ਆਧਾਰ ਹੈ। 

ਅਲਖ ਅਭੇਵ ਪੁਰਖ ਪਰਤਾਪ ।। ਆਪਿ ਜਪਾਏ ਤ ਨਾਨਕ ਜਾਪ ।। 6 ।।

ਈਸ਼ਵਰ ਅਲਖ ਹੈ। ਉਸ ਦੇ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਅਭੇਵ ਹੈ। ਉਸ ਦਾ ਭੇਦ ਨਹੀਂ ਪਾਇਆ ਜਾ ਸਕਦਾ। ਉਸ ਸਰਬ ਵਿਆਪਕ ਸ਼ਕਤੀ ਦਾ ਤੇਜ ਪ੍ਰਤਾਪ, ਸ਼ਾਨ ਸ਼ੌਕਤ ਅਤੇ ਤਾਕਤ ਏਨੇ ਹਨ ਕਿ ਉਨ੍ਹਾਂ ਦੀ ਵਿਆਖਿਆ ਕਰਨਾ ਸਾਡੇ ਲਈ ਸੰਭਵ ਨਹੀਂ। ਉਸ ਦਾ ਨਾਮ ਇਨਸਾਨ ਤਾਂ ਹੀ ਜੱਪ ਸਕਦਾ ਹੈ ਜੇ ਉਹ ਆਪ ਕਿਰਪਾ ਕਰ ਕੇ ਉਸ ਨੂੰ ਅਜਿਹਾ ਕਰਨ ਦੀ ਸਮਝ ਅਤੇ ਸ਼ਕਤੀ ਬਖਸ਼ਿਸ਼ ਕਰੇ।

ਜਿਨ ਪ੍ਰਭੁ ਜਾਤਾ ਸੁ ਸੋਭਾਵੰਤ ।। ਸਗਲ ਸੰਸਾਰੁ ਉਧਰੈ ਤਿਨ ਮੰਤ ।।

ਉਹ ਗੁਰਮੁਖ ਪੁਰਖ ਜਿਨ੍ਹਾਂ ਨੇ ਉਸ ਪ੍ਰਭੂ ਨੂੰ ਜਾਣ ਲਿਆ ਹੈ, ਪਹਿਚਾਣ ਲਿਆ ਹੈ, ਸਚਮੁਚ ਸ਼ੋਭਾ ਦੇ, ਵਡਿਆਈ ਦੇ ਪਾਤਰ ਹਨ ਦੁਨੀਆਂ ਉਨ੍ਹਾਂ ਨੂੰ ਸਲਾਹੁੰਦੀ ਹੈ। ਉਹ ਗੁਰਮੁਖ ਸਾਰੇ ਸੰਸਾਰ ਨੂੰ ਗੁਰ ਮੰਤਰ ਦੇ ਕੇ, ਪ੍ਰਭੂ ਨੂੰ ਮਿਲਣ ਦਾ ਰਸਤਾ ਦਿਖਾ ਕੇ ਸਾਰੇ ਜੀਵਾਂ ਦਾ ਕਲਿਆਣ ਕਰਦੇ ਹਨ।

ਪ੍ਰਭ ਕੇ ਸੇਵਕ ਸਗਲ ਉਧਾਰਨ ।। ਪ੍ਰਭ ਕੇ ਸੇਵਕ ਦੂਖ ਬਿਸਾਰਨ ।।

ਅਜਿਹੇ ਗੁਰਮੁਖ ਪਿਆਰੇ ਪ੍ਰਭੂ ਦੇ ਸੇਵਕ ਸਾਰੀ ਸ੍ਰਿਸ਼ਟੀ ਦਾ ਪਾਰ ਉਤਾਰਾ ਕਰਦੇ ਹਨ, ਸਾਰੇ ਲੋਕਾਂ ਦੇ ਦੁੱਖ ਦੂਰ ਕਰਦੇ ਹਨ

ਆਪੇ ਮੇਲਿ ਲਏ ਕਿਰਪਾਲ ।। ਗੁਰ ਕਾ ਸਬਦੁ ਜਪਿ ਭਏ ਨਿਹਾਲ ।।

ਇਨ੍ਹਾਂ ਅਪਣੇ ਸੇਵਕ ਗੁਰਮੁਖ ਪਿਆਰਿਆਂ ਨੂੰ ਦਿਆਲੂ ਪ੍ਰਮਾਤਮਾ ਆਪ ਹੀ ਮਿਹਰਬਾਨ ਹੋ ਕੇ ਅਪਣੇ ਨਾਲ਼ ਮਿਲਾ ਲੈਂਦਾ ਹੈ ਅਤੇ ਉਹ ਗੁਰਮੁਖ ਗੁਰੂ ਦਾ ਬਖਸ਼ਿਆ ਹੋਇਆ ਸ਼ਬਦ ਜੱਪ ਜੱਪ ਕੇ ਪੂਰਨ ਅਨੰਦ ਦੀ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਹਨ।

ਉਨ ਕੀ ਸੇਵਾ ਸੋਈ ਲਾਗੈ ।। ਜਿਸ ਨੋ ਕ੍ਰਿਪਾ ਕਰਹਿ ਬਡਭਾਗੈ ।।

ਇਨ੍ਹਾਂ ਪ੍ਰਭੂ ਦੇ ਪਿਆਰਿਆਂ ਦੀ ਸੇਵਾ ਵਿੱਚ ਉਹ ਅਤਿ ਖੁਸ਼ਕਿਸਮਤ ਜੀਵ ਹੀ ਲੱਗਦੇ ਹਨ ਜਿਨ੍ਹਾਂ ਤੇ ਮਿਹਰ ਦੀ ਦ੍ਰਿਸ਼ਟੀ ਕਰ ਕੇ ਪ੍ਰਭੂ ਆਪ ਉਨ੍ਹਾਂ ਨੂੰ ਅਜਿਹਾ ਕਰਨ ਦੀ ਸੁਮੱਤ ਬਖਸ਼ਦਾ ਹੈ।

ਨਾਮੁ ਜਪਤ ਪਾਵਹਿ ਬਿਸ੍ਰਾਮੁ ।। ਨਾਨਕ ਤਿਨ ਪੁਰਖ ਕਉ ਊਤਮ ਕਰਿ ਮਾਨੁ ।। 7 ।।

ਪ੍ਰਭੂ ਦੇ ਨਾਮ ਦਾ ਸਿਮਰਨ ਕਰ ਕਰ ਕੇ ਇਹ ਗੁਰਮੁਖ ਪਿਆਰੇ ਆਤਮਿਕ ਟਿਕਾਓ ਅਤੇ ਸਥਿਰਤਾ ਦੀ ਅਵਸਥਾ ਪ੍ਰਾਪਤ ਕਰ ਲੈਂਦੇ ਹਨ। ਗੁਰੂ ਜੀ ਸਿੱਖਿਆ ਦਿੰਦੇ ਹਨ ਕਿ ਅਜਿਹੇ ਗੁਰਮੁਖ ਪਿਆਰਿਆਂ ਨੂੰ ਸਾਨੂੰ ਸਰਬ ਸ੍ਰੇਸ਼ਟ ਇਨਸਾਨ ਕਰ ਕੇ ਮੰਨਣਾ ਚਾਹੀਦਾ ਹੈ।

ਜੋ ਕਿਛੁ ਕਰੈ ਸੁ ਪ੍ਰਭ ਕੈ ਰੰਗਿ ।ਸਦਾ ਸਦਾ ਬਸੈ ਹਰਿ ਸੰਗਿ ।।

ਇਹ ਗੁਰਮੁਖ ਪਿਆਰੇ ਹਮੇਸ਼ਾ ਪ੍ਰਭੂ ਦੇ ਨਾਲ਼ ਇੱਕ ਮਿੱਕ ਹੋਏ ਰਹਿੰਦੇ ਹਨ, ਅਪਣੇ ਜੀਵਨ ਦਾ ਹਰ ਪਲ ਉਸ ਦੀ ਸੰਗਤ ਵਿੱਚ ਗੁਜ਼ਾਰਦੇ ਹਨ ਅਤੇ ਜੋ ਕੁੱਝ ਵੀ ਕਰਦੇ ਹਨ ਉਸ ਦੇ ਪ੍ਰੇਮ ਵਿੱਚ ਭਿੱਜ ਕੇ, ਉਸ ਦੀ ਆਗਿਆ ਵਿੱਚ ਰਹਿ ਕੇ ਕਰਦੇ ਹਨ।

ਸਹਜ ਸੁਭਾਇ ਹੋਵੈ ਸੋ ਹੋਇ ।। ਕਰਣੈਹਾਰੁ ਪਛਾਣੈ ਸੋਇ ।।

ਜੋ ਕੁੱਝ ਵੀ ਸੰਸਾਰ ਵਿੱਚ ਹੁੰਦਾ ਹੈ, ਉਹ ਉਸ ਨੂੰ ਪ੍ਰਮਾਤਮਾ ਦਾ ਹੁਕਮ ਮੰਨਦੇ ਹੋਏ ਸਹਿਜ ਸੁਭਾਅ ਹੀ ਪ੍ਰਵਾਨ ਕਰ ਲੈਂਦੇ ਹਨ। ਨਾ ਉਹ ਕਿਸੇ ਗੱਲ ਤੇ ਹੱਦ ਤੋਂ ਵੱਧ ਖੁਸ਼ੀ ਮਹਿਸੂਸ ਕਰਦੇ ਹਨ ਅਤੇ ਨਾ ਦੁੱਖਸੰਸਾਰ ਵਿੱਚ ਵਾਪਰਨ ਵਾਲ਼ੀ ਹਰ ਘਟਨਾ ਉਨ੍ਹਾਂ ਨੂੰ ਉਸ ਪ੍ਰਭੂ ਦੀ ਇੱਛਾ ਅਨੁਸਾਰ ਹੋ ਰਹੀ ਪਰਤੀਤ ਹੁੰਦੀ ਹੈ।

ਪ੍ਰਭ ਕਾ ਕੀਆ ਜਨ ਮੀਠ ਲਗਾਨਾ ।। ਜੈਸਾ ਸਾ ਤੈਸਾ ਦ੍ਰਿਸਟਾਨਾ ।।

ਪ੍ਰਭੂ ਦਾ ਕੀਤਾ ਹਰ ਕੰਮ ਉਨ੍ਹਾਂ ਨੂੰ ਚੰਗਾ ਲੱਗਦਾ ਹੈ, ਮਿੱਠਾ ਲੱਗਦਾ ਹੈ ਕਿਉਂਕਿ ਉਨ੍ਹਾਂ ਨੇ ਪ੍ਰਭੂ ਦੇ ਅਸਲ ਰੂਪ ਨੂੰ, ਉਸ ਦੇ ਅਸਲੀ ਸੁਭਾਅ ਨੂੰ ਜਾਣ ਲਿਆ ਹੁੰਦਾ ਹੈ, ਪਹਿਚਾਣ ਲਿਆ ਹੁੰਦਾ ਹੈ। ਉਹ ਜਾਣਦੇ ਹਨ ਕਿ ਪ੍ਰਮਾਤਮਾ ਜੋ ਕਰਦਾ ਹੈ ਚੰਗਾ ਹੀ ਕਰਦਾ ਹੈ। ਉਨ੍ਹਾਂ ਦੇ ਮਨ ਵਿੱਚ ਪ੍ਰਮਾਤਮਾ ਦੇ ਬਾਰੇ ਕੋਈ ਭੁਲੇਖਾ, ਕੋਈ ਗਲਤ ਫਹਿਮੀ ਨਹੀਂ ਹੁੰਦੀ।

ਜਿਸ ਤੇ ਉਪਜੇ ਤਿਸੁ ਮਾਹਿ ਸਮਾਏ ।। ਓਇ ਸੁਖ ਨਿਧਾਨ ਉਨਹੂ ਬਨਿ ਆਏ ।।

ਜਿਸ ਪ੍ਰਮਾਤਮਾ ਤੋਂ ਉਹ ਪੈਦਾ ਹੋਏ ਹੁੰਦੇ ਹਨ ਓਸੇ ਦੇ ਅੰਦਰ ਉਹ ਸਮਾਏ ਰਹਿੰਦੇ ਹਨ। ਪ੍ਰਮਾਤਮਾ ਨਾਲ਼ ਇਹ ਮਿਲਾਪ ਸੁਖਾਂ ਦਾ ਅਥਾਹ ਭੰਡਾਰ ਹੈ ਅਤੇ ਇਸ ਖ਼ਜ਼ਾਨੇ ਦੀ ਦੌਲਤ ਨੂੰ ਮਾਣਨ ਦੇ ਪਾਤਰ ਕੇਵਲ ਉਹ ਹੀ ਹੁੰਦੇ ਹਨ।

ਆਪਸ ਕਉ ਆਪਿ ਦੀਨੋ ਮਾਨੁ ।। ਨਾਨਕ ਪ੍ਰਭ ਜਨੁ ਏਕੋ ਜਾਨੁ ।। 8 ।। 14 ।।

ਗੁਰੂ ਜੀ ਸਾਨੂੰ ਇਹ ਗੱਲ ਸਮਝਾਉਂਦੇ ਹਨ ਕਿ ਸੁਖ ਦੇ ਇਸ ਖ਼ਜ਼ਾਨੇ ਦੀ ਦਾਤ ਉਨ੍ਹਾਂ ਨੂੰ ਬਖਸ਼ਿਸ਼ ਕਰ ਕੇ ਪ੍ਰਭੂ ਅਸਲ ਵਿੱਚ ਅਪਣਾ ਸਨਮਾਨ ਆਪ ਕਰ ਰਿਹਾ ਹੁੰਦਾ ਹੈ ਕਿਉਂਕਿ ਇਨ੍ਹਾਂ ਪ੍ਰਭੂ ਦੇ ਪਿਆਰਿਆਂ ਵਿੱਚ ਅਤੇ ਆਪ ਪ੍ਰਭੂ ਵਿੱਚ ਕੋਈ ਅੰਤਰ ਨਹੀਂ ਹੁੰਦਾ। ਪ੍ਰਭੂ ਅਤੇ ਉਸ ਦੇ ਪਿਆਰੇ ਇੱਕ ਹੀ ਹੁੰਦੇ ਹਨ।


Comments

Popular posts from this blog

ਅਸਟਪਦੀ - 20

ਅਸਟਪਦੀ - 23

ਅਸਟਪਦੀ - 9