ਅਸਟਪਦੀ - 16
ਅਸਟਪਦੀ - 16
ਸਲੋਕ ।।
ਰੂਪ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ
ਭਿੰਨ ।।
ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ ।।
1 ।।
ਪ੍ਰਮਾਤਮਾ ਦੀ ਕੋਈ ਸ਼ਕਲ ਨਹੀਂ, ਕੋਈ ਚਿੰਨ੍ਹ ਜਾਂ ਨੈਣ ਨਕਸ਼ ਨਹੀਂ, ਕੋਈ
ਰੰਗ ਨਹੀਂ। ਉਹ ਨਿਰਗੁਣ ਹੈ, ਤਿੰਨਾਂ ਹੀ ਗੁਣਾਂ ਤੋਂ ਬਾਹਰ ਹੈ। ਇਸ ਲਈ ਉਸ ਦੀ ਹੋਂਦ ਨੂੰ ਗਿਆਨ
ਇੰਦਰੀਆਂ ਨਾਲ਼ ਮਹਿਸੂਸ ਨਹੀਂ ਕੀਤਾ ਜਾ ਸਕਦਾ। ਉਸ ਨੂੰ ਦੇਖਣ ਲਈ ਦਿਬ ਦ੍ਰਿਸ਼ਟੀ ਦੀ ਲੋੜ ਹੈ। ਉਸ ਨੂੰ ਸਮਝਣ ਦੀ ਸਮਰਥਾ ਉਸ ਵਿਅਕਤੀ ਨੂੰ ਹੀ
ਪ੍ਰਾਪਤ ਹੁੰਦੀ ਹੈ ਜਿਸ ਤੇ ਉਹ ਆਪ ਪ੍ਰਸੰਨ ਹੋ ਜਾਵੇ। ਉਸ ਦੇ ਦਰਸ਼ਨ ਉਸ ਜੀਵ ਨੂੰ ਹੀ ਨਸੀਬ
ਹੁੰਦੇ ਹਨ ਜਿਸ ਤੇ ਉਹ ਆਪ ਤ੍ਰੁੱਠ ਜਾਵੇ।
ਅਸਟਪਦੀ ।।
ਅਬਿਨਾਸੀ ਪ੍ਰਭੁ ਮਨ ਮਹਿ ਰਾਖੁ ।। ਮਾਨੁਖ ਕੀ ਤੂ
ਪ੍ਰੀਤਿ ਤਿਆਗੁ ।।
ਐ ਜੀਵ, ਪ੍ਰਮਾਤਮਾ ਸਦਾ ਰਹਿਣ ਵਾਲ਼ਾ ਹੈ। ਉਸ ਦਾ ਕਦੇ ਨਾਸ ਨਹੀਂ
ਹੁੰਦਾ। ਉਸ ਅਬਿਨਾਸੀ ਮਾਲਕ ਨੂੰ ਸਦਾ ਹੀ ਅਪਣੇ ਮਨ ਵਿੱਚ ਵਸਾ ਕੇ ਰੱਖਿਆ ਕਰ। ਉਸ ਨੂੰ ਭੁੱਲ ਕੇ
ਇਨਸਾਨਾਂ ਨਾਲ਼ ਪਿਆਰ ਕਰਨਾ ਛੱਡ ਦੇ ਕਿਉਂਕਿ ਇਸ ਪਿਆਰ ਤੋਂ ਕੁੱਝ ਹਾਸਲ ਨਹੀਂ ਹੋ ਸਕਦਾ।
ਤਿਸ ਤੇ ਪਰੈ ਨਾਹੀ ਕਿਛੁ ਕੋਇ ।। ਸਰਬ ਨਿਰੰਤਰਿ
ਏਕੋ ਸੋਇ ।।
ਉਸ ਪ੍ਰਭੂ ਤੋਂ ਵੱਡੀ ਨਾ ਕੋਈ ਹੋਰ ਸ਼ਕਤੀ ਹੈ ਤੇ ਨਾ ਹੀ ਕੋਈ ਹੋਰ
ਪਦਾਰਥ । ਕੇਵਲ ਇੱਕ ਪ੍ਰਮਾਤਮਾ ਹੀ ਹੈ ਜੋ ਸਰਬ ਵਿਆਪਕ ਹੈ ਅਤੇ ਸਦਾ ਰਹਿਣ ਵਾਲ਼ਾ ਹੈ। ਉਸ ਦੀ ਹੋਂਦ ਅੰਤਰ ਤੋਂ ਰਹਿਤ ਹੈ, ਲਗਾਤਾਰ ਹੈ। ਇਹ ਨਹੀਂ ਕਿ ਉਹ
ਇੱਕ ਪਲ ਹੈ ਅਤੇ ਦੂਜੇ ਪਲ ਨਹੀਂ ਹੈ। ਕੋਈ ਪਲ ਨਹੀਂ ਹੁੰਦਾ ਜਦੋਂ ਉਹ ਹਰ ਥਾਂ ਹਾਜ਼ਰ ਨਾਜ਼ਰ ਨਾ
ਹੋਵੇ।
ਆਪੇ ਬੀਨਾ ਆਪੇ ਦਾਨਾ ।। ਗਹਿਰ ਗੰਭੀਰੁ ਗਹੀਰੁ
ਸੁਜਾਨਾ ।।
ਉਹ ਆਪ ਹੀ ਸਭ ਕੁੱਝ ਦੇਖਦਾ ਹੈ ਅਤੇ ਜਾਣਦਾ ਹੈ। ਜਾਣਨ ਵਾਲ਼ਾ ਵੀ ਉਹ
ਕੋਈ ਸਧਾਰਨ ਨਹੀਂ। ਉਸ ਦੀ ਸਮਝ ਸਮੁੰਦਰ ਦੇ ਪਾਣੀ ਦੀ ਤਰਾਂ ਗਹਿਰੀ ਹੈ ਜਿਸ ਦੀ ਡੂੰਘਾਈ ਉੱਪਰੋਂ
ਦਿਖਾਈ ਨਹੀਂ ਦਿੰਦੀ ਪਰ ਅਥਾਹ ਹੈ। ਉਸ ਦੀ ਸਮਝ ਪਰਬਤ ਵਾਂਗ ਉੱਚੀ ਹੈ। ਉਹ ਬਹੁਤ ਹੀ ਸਿਆਣਾ ਅਤੇ
ਸੂਝਵਾਨ ਦੇਖਣ ਅਤੇ ਜਾਣਨ ਵਾਲ਼ਾ ਹੈ ਜਿਹੜਾ ਹਰ ਚੀਜ਼ ਨੂੰ ਬਹੁਤ ਸੰਜੀਦਗੀ ਨਾਲ਼ ਦੇਖਦਾ ਹੈ ਅਤੇ ਹਰ
ਬਾਰੀਕੀ ਦੇਖ ਅਤੇ ਭਾਂਪ ਸਕਦਾ ਹੈ।
ਪਾਰਬ੍ਰਹਮ ਪਰਮੇਸੁਰ ਗੋਬਿੰਦ ।। ਕ੍ਰਿਪਾ ਨਿਧਾਨ
ਦਇਆਲ ਬਖਸੰਦ ।।
ਈਸ਼ਵਰ ਸਭ ਚੀਜ਼ਾਂ ਨੂੰ ਅੰਦਰ ਤੱਕ ਦੇਖ ਸਕਣ ਦੀ ਸ਼ਕਤੀ ਰੱਖਦਾ ਹੈ, ਸਭ ਦਾ
ਮਾਲਕ ਹੈ ਅਤੇ ਧਰਤੀ ਦਾ ਪਾਲਣ ਕਰਨ ਵਾਲ਼ਾ ਹੈ। ਉਹ ਦਯਾ ਦਾ ਭੰਡਾਰ ਹੈ, ਕ੍ਰਿਪਾਲੂ ਹੈ ਅਤੇ
ਗੁਨਾਹਾਂ ਨੂੰ ਬਖਸ਼ਣ ਵਾਲ਼ਾ ਹੈ।
ਸਾਧ ਤੇਰੇ ਕੀ ਚਰਨੀ ਪਾਉ ।। ਨਾਨਕ ਕੇ ਮਨਿ ਇਹੁ
ਅਨੁਰਾਉ ।। 1 ।।
ਅਜਿਹੇ ਦਯਾਵਾਨ ਅਤੇ ਬਖਸ਼ਣਹਾਰ ਪ੍ਰਭੂ ਨੂੰ ਸੰਬੋਧਨ ਕਰਦੇ ਹੋਏ ਗੁਰੂ ਜੀ
ਬੇਨਤੀ ਕਰਦੇ ਹਨ ਕਿ ਮੇਰੇ ਮਨ ਵਿੱਚ ਇਹ ਚਾਉ ਹੈ, ਇਹ ਉਮਾਹ ਹੈ, ਇਹ ਇੱਛਾ ਹੈ ਕਿ ਮੈਂ ਤੇਰੇ
ਸੰਤਾਂ ਦੇ ਪੈਰਾਂ ਨੂੰ ਛੂਹ ਕੇ ਉਨ੍ਹਾਂ ਦੀ ਖੁਸ਼ੀ ਪ੍ਰਾਪਤ ਕਰ ਸਕਾਂ। ਮੇਰੀ ਇਹ ਚਾਹ ਪੂਰੀ ਕਰ
ਦੇਵੋ।
ਮਨਸਾ ਪੂਰਨ ਸਰਨਾ ਜੋਗ ।। ਜੋ ਕਰਿ ਪਾਇਆ ਸੋਈ
ਹੋਗੁ ।।
ਉਹ ਪ੍ਰਭੂ ਇੱਛਾਵਾਂ ਪੂਰੀਆਂ ਕਰਨ ਦੇ ਸਮਰਥ ਹੈ ਅਤੇ ਜੀਵਾਂ ਨੂੰ ਅਪਣੀ
ਸ਼ਰਨ ਵਿੱਚ ਲੈ ਸਕਦਾ ਹੈ। ਇਸ ਸੰਸਾਰ ਵਿੱਚ ਉਹ ਹੀ ਹੁੰਦਾ ਹੈ ਜੋ ਉਸ ਨੇ ਪਹਿਲਾਂ ਤੋਂ ਫੈਸਲਾ
ਕੀਤਾ ਹੋਇਆ ਹੈ। ਉਸ ਦਾ ਹੁਕਮ ਹੀ ਦੁਨੀਆਂ ਵਿੱਚ ਵਰਤਦਾ ਹੈ।
ਹਰਨ ਭਰਨ ਜਾ ਕਾ ਨੇਤ੍ਰ ਫੋਰੁ ।। ਤਿਸ ਕਾ ਮੰਤ੍ਰ
ਨ ਜਾਨੈ ਹੋਰੁ ।।
ਸ੍ਰਿਸ਼ਟੀ ਨੂੰ ਸਿਰਜਣਾ ਜਾਂ ਖ਼ਤਮ ਕਰਨਾ ਉਸ ਪ੍ਰਮਾਤਮਾ ਦੇ ਲਈ ਬਹੁਤ
ਸੌਖਾ ਕੰਮ ਹੈ। ਉਹ ਅੱਖ ਝਪਕਣ ਜਿੰਨੇ ਸਮੇ ਵਿੱਚ ਸੰਸਾਰ ਦੀ ਉਤਪਤੀ ਜਾਂ ਵਿਨਾਸ਼ ਕਰਨ ਦੇ ਸਮਰਥ
ਹੈ। ਉਸ ਦੀ ਵਿਉਂਤ ਨੂੰ ਕੋਈ ਨਹੀਂ ਜਾਣ ਸਕਦਾ। ਕਿਸੇ ਨੂੰ ਨਹੀਂ ਪਤਾ ਕਿ ਉਸ ਦੇ ਮਨ ਵਿੱਚ ਕੀ
ਹੈ। ਕੇਵਲ ਉਸ ਨੂੰ ਹੀ ਪਤਾ ਹੈ ਕਿ ਉਸ ਦਾ ਨਿਸ਼ਾਨਾ ਕੀ ਹੈ ਅਤੇ ਉਸ ਨਿਸ਼ਾਨੇ ਨੂੰ ਉਸ ਨੇ ਕਿਵੇਂ
ਪ੍ਰਾਪਤ ਕਰਨਾ ਹੈ।
ਅਨਦ ਰੂਪ ਮੰਗਲ ਸਦ ਜਾ ਕੈ ।। ਸਰਬ ਥੋਕ ਸੁਨੀਅਹਿ
ਘਰਿ ਤਾ ਕੈ ।।
ਉਹ ਪ੍ਰਮੇਸ਼ਰ ਅਨੰਦ ਦੀ ਮੂਰਤ ਹੈ। ਉਸ ਦੇ ਘਰ ਸਦਾ ਖੁਸ਼ੀਆਂ ਹੀ ਖੁਸ਼ੀਆਂ
ਹਨ। ਉਸ ਕੋਲ਼ ਕਿਸੇ ਚੀਜ਼ ਦੀ ਘਾਟ ਨਹੀਂ। ਸਾਰੇ ਪਦਾਰਥ ਉਸ ਦੇ ਘਰ ਵਿੱਚ ਮੌਜੂਦ ਹਨ।
ਰਾਜ ਮਹਿ ਰਾਜੁ ਜੋਗ ਮਹਿ ਜੋਗੀ ।। ਤਪ ਮਹਿ
ਤਪੀਸਰੁ ਗ੍ਰਿਹਸਤ ਮਹਿ ਭੋਗੀ ।।
ਰਾਜਿਆਂ ਵਿੱਚ ਉਹ ਸਭ ਤੋਂ ਵੱਡਾ ਰਾਜਾ ਹੈ, ਜੋਗੀਆਂ ਵਿੱਚ ਸਭ ਤੋਂ
ਵੱਡਾ ਜੋਗੀ ਹੈ, ਤਪੱਸਵੀਆਂ ਵਿੱਚ ਸਭ ਤੋਂ ਵੱਡਾ ਤਪੱਸਵੀ ਹੈ ਅਤੇ ਗ੍ਰਿਹਸਥੀਆਂ ਅੰਦਰ ਸਭ ਤੋਂ
ਉੱਤਮ ਗ੍ਰਿਹਸਥੀ ਹੈ।
ਧਿਆਇ ਧਿਆਇ ਭਗਤਹ ਸੁਖੁ ਪਾਇਆ ।। ਨਾਨਕ ਤਿਸੁ ਪੁਰਖ ਕਾ ਕਿਨੈ ਅੰਤੁ ਨ ਪਾਇਆ ।। 2 ।।
ਉਸ ਸਰਬਸ਼ਕਤੀਮਾਨ ਪ੍ਰਭੂ ਨੂੰ ਧਿਆ ਧਿਆ ਕੇ, ਉਸ ਦਾ ਨਾਮ ਸਿਮਰ ਸਿਮਰ ਕੇ,
ਭਗਤਾਂ ਨੂੰ ਸੁਖ ਦੀ ਪ੍ਰਾਪਤੀ ਹੋਈ ਹੈ। ਕੋਈ ਜੀਵ ਅੱਜ ਤੱਕ ਉਸ ਦਾ ਅੰਤ ਨਹੀਂ ਪਾ ਸਕਿਆ, ਉਸ ਪਰਮ
ਸ਼ਕਤੀ ਨੂੰ ਪੂਰੀ ਤਰਾਂ ਜਾਣ ਨਹੀਂ ਸਕਿਆ।
ਜਾ ਕੀ ਲੀਲਾ ਕੀ ਮਿਤਿ ਨਾਹਿ ।। ਸਗਲ ਦੇਵ ਹਾਰੇ
ਅਵਗਾਹਿ ।।
ਉਸ ਪਰਮ ਸ਼ਕਤੀ ਦੇ ਰਚੇ ਇਸ ਜਗਤ ਤਮਾਸ਼ੇ ਦੀ ਕੋਈ ਸੀਮਾ ਨਹੀਂ। ਇਹ ਸਭ ਗਿਣਤੀਆਂ ਮਿਣਤੀਆਂ ਤੋਂ ਬਾਹਰ ਹੈ।
ਇਨਸਾਨ ਤਾਂ ਕੀ, ਦੇਵਤੇ ਵੀ ਇਸ ਖੇਲ੍ਹ ਨੂੰ ਸਮਝਣ ਦੀ ਕੋਸ਼ਿਸ਼ ਕਰ ਕਰ ਕੇ ਥੱਕ ਗਏ ਹਨ,
ਹਾਰ ਗਏ ਹਨ ਪਰ ਇਸ ਦਾ ਅੰਤ ਵਾਰਾ ਨਹੀਂ ਪਾ ਸਕੇ।
ਪਿਤਾ ਕਾ ਜਨਮੁ ਕਿ ਜਾਨੈ ਪੂਤੁ ।। ਸਗਲ ਪਰੋਈ
ਅਪੁਨੈ ਸੂਤਿ ।।
ਪੁੱਤਰ ਨੂੰ ਪਿਤਾ ਦੇ ਜਨਮ ਬਾਰੇ ਕੀ ਪਤਾ ਹੋ ਸਕਦਾ ਹੈ, ਉਹ ਤਾਂ ਉਸ
ਵੇਲ਼ੇ ਪੈਦਾ ਵੀ ਨਹੀਂ ਸੀ ਹੋਇਆ? ਪ੍ਰਮਾਤਮਾ ਸ੍ਰਿਸ਼ਟੀ ਦਾ ਪਿਤਾ ਹੈ। ਸਾਰੇ ਜੀਵ ਉਸ ਦੇ ਬੱਚੇ ਹਨ।
ਪ੍ਰਮਾਤਮਾ ਦੇ ਸਿਰਜੇ ਇਨ੍ਹਾਂ ਜੀਵਾਂ ਨੂੰ ਉਸ ਦੇ ਹੋਂਦ ਵਿੱਚ ਆਉਣ ਜਾਂ ਉਸ ਦੇ ਸ੍ਰਿਸ਼ਟੀ ਦੀ
ਸਿਰਜਣਾ ਕਰਨ ਬਾਰੇ ਕੋਈ ਜਾਣਕਾਰੀ ਨਹੀਂ ਹੋ ਸਕਦੀ
ਕਿਉਂਕਿ ਉਹ ਤਾਂ ਉਸ ਵੇਲ਼ੇ ਪੈਦਾ ਹੀ ਨਹੀਂ ਸਨ ਹੋਏ। ਸਾਰੀ ਸ੍ਰਿਸ਼ਟੀ ਨੂੰ ਸਿਰਜਣਹਾਰੇ ਪਿਤਾ ਨੇ
ਅਪਣੇ ਬਣਾਏ ਨਿਯਮਾਂ ਵਿੱਚ ਬੰਨ੍ਹਿਆਂ ਹੋਇਆ ਹੈ। ਉਸ ਦੇ ਹੁਕਮ ਤੋਂ ਬਾਹਰ ਇਸ ਸੰਸਾਰ ਵਿੱਚ ਕੁੱਝ
ਨਹੀਂ ਹੁੰਦਾ।
ਸੁਮਤਿ ਗਿਆਨੁ ਧਿਆਨੁ ਜਿਨ ਦੇਇ ।। ਜਨ ਦਾਸ ਨਾਮੁ
ਧਿਆਵਹਿ ਸੇਇ ।।
ਜਿਨ੍ਹਾਂ ਜੀਵਾਂ ਤੇ ਈਸ਼ਵਰ ਆਪ ਨੇਕ ਬੁੱਧ, ਗਿਆਨ ਦੇ ਪ੍ਰਕਾਸ਼ ਅਤੇ ਧਿਆਨ
ਲਗਾਉਣ ਦੀ ਸ਼ਕਤੀ ਦੀ ਬਖਸ਼ਿਸ਼ ਕਰਦਾ ਹੈ, ਉਹ ਹੀ ਉਸ ਦੇ ਸੇਵਕ ਬਣ ਕੇ ਸੰਸਾਰ ਵਿੱਚ ਵਿਚਰਦੇ ਹਨ ਅਤੇ
ਉਸ ਦਾ ਨਾਮ ਧਿਆਉਂਦੇ ਹਨ।
ਤਿਹੁ ਗੁਣ ਮਹਿ ਜਾ ਕਉ ਭਰਮਾਏ ।। ਜਨਮਿ ਮਰੈ ਫਿਰਿ ਆਵੈ ਜਾਏ ।।
ਜਿਨ੍ਹਾਂ ਤੇ ਇਹ ਬਖਸ਼ਿਸ਼ ਨਹੀਂ ਹੁੰਦੀ
ਉਨ੍ਹਾਂ ਨੂੰ ਉਹ ਤਿੰਨਾਂ ਗੁਣਾ - ਸਤੋ, ਰਜੋ ਅਤੇ ਤਮੋ – ਦੇ ਚੱਕਰ ਵਿੱਚ ਪਾ ਕੇ ਆਵਾ ਗਮਨ ਦੇ ਗੇੜ
ਵਿੱਚ ਪਾਈ ਰੱਖਦਾ ਹੈ ਅਤੇ ਉਹ ਵਾਰ ਵਾਰ ਜੰਮਦੇ ਅਤੇ ਮਰਦੇ ਰਹਿੰਦੇ ਹਨ।
ਊਚ ਨੀਚ ਤਿਸ ਕੇ ਅਸਥਾਨ ।। ਜੈਸਾ ਜਨਾਵੈ ਤੈਸਾ
ਨਾਨਕ ਜਾਨ ।। 3 ।।
ਸੰਸਾਰ ਵਿੱਚ ਕੋਈ ਅਪਣੇ ਗਿਆਨ ਦੇ ਬਲ ਤੇ ਵੱਡਾ ਬਣਿਆਂ ਬੈਠਾ ਹੈ ਅਤੇ
ਕੋਈ ਗਿਆਨ ਦੀ ਕਮੀ ਕਰਕੇ ਛੋਟਾ ਹੈ। ਇਹ ਉੱਚੇ ਅਤੇ ਨੀਂਵੇਂ ਸਥਾਨ ਉਸ ਪ੍ਰਮਾਤਮਾ ਦੇ ਹੀ ਬਣਾਏ ਹੋਏ
ਹਨ।
ਜਿੰਨਾ ਗਿਆਨ ਅਤੇ ਸਮਝ ਉਹ ਕਿਸੇ ਨੂੰ ਦਿੰਦਾ ਹੈ, ਓਨਾ ਹੀ ਗਿਆਨ ਉਹ
ਪ੍ਰਾਪਤ ਕਰ ਸਕਦਾ ਹੈ। ਜਾਂ ਇਹ ਵੀ ਕਹਿ ਸਕਦੇ ਹਾਂ ਕਿ ਗੁਰੂ ਜੀ ਆਖ ਰਹੇ ਹਨ ਕਿ ਉਹ ਅਪਣੇ ਕੋਲ਼ੋਂ
ਕੁੱਝ ਨਹੀਂ ਕਹਿ ਰਹੇ। ਜੋ ਸਮਝ ਉਨ੍ਹਾਂ ਨੂੰ ਈਸ਼ਵਰ ਨੇ ਬਖਸ਼ੀ ਹੈ ਉਸ ਦੇ ਮੁਤਾਬਿਕ ਹੀ ਇਹ ਸਭ
ਕੁੱਝ ਕਹਿ ਰਹੇ ਹਨ।
ਨਾਨਾ ਰੂਪ ਨਾਨਾ ਜਾ ਕੈ ਰੰਗ ।। ਨਾਨਾ ਭੇਖ ਕਰਹਿ
ਇਕ ਰੰਗ ।।
ਉਸ ਪ੍ਰਭੂ ਦੇ ਅਨੇਕਾਂ ਹੀ ਰੂਪ ਹਨ ਅਤੇ ਅਨੇਕਾਂ ਰੰਗ ਹਨ। ਉਹ ਤਰਾਂ
ਤਰਾਂ ਦੀਆਂ ਸ਼ਕਲਾਂ ਅਖਤਿਆਰ ਕਰ ਕੇ, ਕਦੇ ਸੁੰਦਰ ਬਣ ਕੇ ਅਤੇ ਕਦੇ ਕੋਝਾ ਬਣ ਕੇ, ਇਸ ਸੰਸਾਰ ਵਿੱਚ
ਅਪਣਾ ਪਰਗਾਸ ਕਰਦਾ ਹੈ। ਤਰਾਂ ਤਰਾਂ ਦੇ ਰੂਪਾਂ ਅਤੇ ਰੰਗਾਂ ਵਿੱਚ ਪ੍ਰਗਟ ਹੋਣ ਦੇ ਬਾਵਜੂਦ ਉਹ
ਇੱਕ ਹੀ ਰਹਿੰਦਾ ਹੈ। ਉਹ ਇੱਕ ਵੀ ਹੈ ਅਤੇ ਅਨੇਕ ਵੀ।
ਨਾਨਾ ਬਿਧਿ ਕੀਨੋ ਬਿਸਥਾਰੁ ।। ਪ੍ਰਭੁ ਅਬਿਨਾਸੀ
ਏਕੰਕਾਰੁ ।।
ਅਨੇਕਾਂ ਤਰੀਕਿਆਂ ਨਾਲ਼ ਉਹ ਇਸ ਸ੍ਰਿਸ਼ਟੀ ਵਿੱਚ ਅਪਣਾ ਫੈਲਾਓ ਕਰਦਾ ਹੈ,
ਨਵੇਂ ਨਵੇਂ ਅਤੇ ਭਾਂਤ ਭਾਂਤ ਦੇ ਜੀਵਾਂ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ। ਪਰ ਫਿਰ ਵੀ ਇੱਕ ਵਿਨਾਸ਼ ਰਹਿਤ ਪਰਮੇਸ਼ਰ ਹੀ
ਬਣਿਆਂ ਰਹਿੰਦਾ ਹੈ।
ਨਾਨਾ ਚਲਿਤ ਕਰੇ ਖਿਨ ਮਾਹਿ ।। ਪੂਰਿ ਰਹਿਓ
ਪੂਰਨੁ ਸਭ ਠਾਇ ।।
ਅੱਖ ਦੇ ਫੋਰ ਵਿੱਚ ਉਹ ਤਰਾਂ ਤਰਾਂ ਦੇ ਕੌਤਕ ਕਰ ਕੇ ਵਿਖਾ ਦਿੰਦਾ ਹੈ।
ਉਹ ਸਰਬ ਸਮਰਥ ਪੂਰਨ ਪ੍ਰਮਾਤਮਾ ਹਰ ਥਾਂ ਤੇ ਮੌਜੂਦ ਹੈ, ਸਰਬ ਵਿਆਪਕ ਹੈ। ਕੋਈ ਇਹੋ ਜਿਹੀ ਥਾਂ
ਨਹੀਂ ਜਿਥੇ ਉਹ ਵਿਦਯਮਾਨ ਨਾ ਹੋਵੇ।
ਨਾਨਾ ਬਿਧਿ ਕਰਿ ਬਨਤ ਬਨਾਈ ।। ਅਪਨੀ ਕੀਮਤਿ ਆਪੇ
ਪਾਈ ।।
ਅਨੇਕਾਂ ਤਰੀਕਿਆਂ ਨਾਲ਼ ਉਸ ਨੇ ਇਸ ਸੰਸਾਰ ਨੂੰ ਸਾਜਿਆ ਹੈ। ਵੱਖ ਵੱਖ
ਜੀਵਾਂ ਦਾ ਉਤਪਤੀ ਦਾ ਤਰੀਕਾ, ਖਾਣ ਪੀਣ ਅਤੇ ਸੁਭਾਅ ਵੱਖ ਵੱਖ ਬਣਾਇਆ ਹੈ। ਪਰ ਉਹ ਅਪਣੀ ਕੀਮਤ ਆਪ
ਹੀ ਪਾ ਸਕਦਾ ਹੈ। ਅਸੀਂ ਉਸ ਦੀ ਖੇਡ੍ਹ ਨੂੰ ਨਹੀਂ ਸਮਝ ਸਕਦੇ। ਉਸ ਨੇ ਕੀ ਕਿਉਂ ਕੀਤਾ, ਇਹ ਉਹ ਆਪ
ਹੀ ਜਾਣਦਾ ਹੈ। ਜੋ ਉਸ ਨੇ ਕੀਤਾ ਹੈ ਉਸ ਦਾ ਮਹੱਤਵ ਕੀ ਹੈ, ਇਹ ਉਹ ਹੀ ਜਾਣਦਾ ਹੈ।
ਸਭ ਘਟ ਤਿਸ ਕੇ ਸਭ ਤਿਸ ਕੇ ਠਾਉ ।। ਜਪਿ ਜਪਿ
ਜੀਵੈ ਨਾਨਕ ਹਰਿ ਨਾਉ ।। 4 ।।
ਸੰਸਾਰ ਦੇ ਸਾਰੇ ਜੀਵ ਉਸ ਦੇ ਹੀ ਬੱਚੇ ਹਨ ਅਤੇ ਉਹ ਸਭ ਨੂੰ ਇੱਕੋ ਜਿਹਾ
ਪਿਆਰ ਕਰਦਾ ਹੈ। ਸਭ ਸਥਾਨ ਉਸ ਦੇ ਹਨ। ਉਹ ਹਰ ਥਾਂ ਤੇ ਹਾਜ਼ਰ ਹਜ਼ੂਰ ਹੈ। ਸ੍ਰਿਸ਼ਟੀ ਦਾ ਕੋਈ ਕੋਨਾ
ਨਹੀਂ ਜਿਸ ਉੱਤੇ ਕਿਸੇ ਹੋਰ ਸ਼ਕਤੀ ਦਾ ਹੁਕਮ ਚੱਲਦਾ ਹੋਵੇ। ਗੁਰੂ ਜੀ ਕਹਿੰਦੇ ਹਨ ਕਿ ਉਹ ਤਾਂ ਉਸ
ਸਰਬ ਸਮਰਥ ਹਰੀ ਦਾ ਨਾਮ ਜੱਪ ਜੱਪ ਕੇ ਜਿਉਂਦੇ ਹਨ, ਸਦਾ ਉਸ ਦਾ ਸਹਾਰਾ ਤੱਕਦੇ ਹਨ।
ਨਾਮ ਕੇ ਧਾਰੇ ਸਗਲੇ ਜੰਤ ।। ਨਾਮ ਕੇ ਧਾਰੇ ਖੰਡ
ਬ੍ਰਹਮੰਡ ।।
ਸੰਸਾਰ ਦੇ ਸਾਰੇ ਜੀਵ ਜੰਤ ਉਸ ਪ੍ਰਮਾਤਮਾ ਦੇ ਨਾਮ ਦੇ ਸਹਾਰੇ ਹੀ
ਜਿਉਂਦੇ ਹਨ। ਸੰਸਾਰ ਦੇ ਅਨੰਕਾਂ ਹੀ ਖੰਡ ਹਨ। ਇਸ ਵਿੱਚ ਅਣਗਿਣਤ ਬ੍ਰਹਮੰਡ ਹਨ। ਪਰ ਉਨ੍ਹਾਂ ਸਭ
ਦੀ ਹੋਂਦ ਦਾ ਸਹਾਰਾ ਉਸ ਇੱਕ ਪਰਮੇਸ਼ਰ ਦਾ ਨਾਮ ਹੀ ਹੈ।
ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ ।। ਨਾਮ ਕੇ
ਧਾਰੇ ਸੁਨਨ ਗਿਆਨ ਧਿਆਨ ।।
ਵੇਦਾਂ, ਪੁਰਾਨਾਂ ਅਤੇ ਸਿਮ੍ਰਿਤੀਆਂ ਦੀ ਹੋਂਦ ਦਾ ਆਧਾਰ ਵੀ ਹਰੀ ਦਾ ਨਾਮ
ਹੀ ਹੈ। ਉਹ ਸਾਰੇ ਉਸੇ ਦੇ ਗੁਣਾਂ ਦੀ ਗੱਲ ਕਰਦੇ ਹਨ। ਕੰਨਾਂ ਨਾਲ਼ ਉਸ ਦੀ ਸਿਫਤ ਸੁਣਨਾ, ਸੁਣ ਕੇ
ਜਾਂ ਪੜ੍ਹ ਕੇ ਗਿਆਨ ਪ੍ਰਾਪਤ ਕਰਨਾ ਅਤੇ ਉਸ ਪ੍ਰਭੂ ਨਾਲ ਮਿਲਾਪ ਦੀ ਤਾਂਘ ਲੈ ਕੇ ਉਸ ਦਾ ਧਿਆਨ
ਧਰਨਾ, ਸਭ ਉਸ ਦੇ ਸਹਾਰੇ ਨਾਲ਼ ਹੀ ਹੁੰਦਾ ਹੈ, ਉਸ ਦਾ ਕਰਵਾਇਆ ਹੀ ਹੁੰਦਾ ਹੈ।
ਨਾਮ ਕੇ ਧਾਰੇ ਆਗਾਸ ਪਾਤਾਲ ।। ਨਾਮ ਕੇ ਧਾਰੇ
ਸਗਲ ਆਕਾਰ ।।
ਆਕਾਸ਼ ਅਤੇ ਪਤਾਲ਼ ਵੀ ਹਰੀ ਨਾਮ ਦੇ ਸਹਾਰੇ ਹੀ
ਅਪਣੀ ਅਪਣੀ ਥਾਂ ਤੇ ਟਿਕੇ ਹੋਏ ਹਨ। ਉਨ੍ਹਾਂ ਵਿੱਚ ਪਾਏ ਜਾਣ ਵਾਲ਼ੇ ਸਾਰੇ ਜੀਵਾਂ ਦੀ ਹੋਂਦ ਵੀ
ਹਰੀ ਦੇ ਨਾਮ ਦੇ ਸਹਾਰੇ ਹੀ ਕਾਇਮ ਹੈ।
ਨਾਮ ਕੇ ਧਾਰੇ ਪੁਰੀਆ ਸਭ ਭਵਨ ।। ਨਾਮ ਕੈ ਸੰਗਿ
ਉਧਰੇ ਸੁਨਿ ਸ੍ਰਵਨ ।।
ਸਾਰੀਆਂ ਪੁਰੀਆਂ (ਨਗਰੀਆਂ, ਦੇਵਪੁਰੀ, ਪਤਾਲ਼ਪੁਰੀ ਆਦਿ) ਅਤੇ ਸਾਰੇ ਭਵਨ
ਵੀ ਉਸ ਹਰੀ ਦੇ ਸਹਾਰੇ ਹੀ ਕਾਇਮ ਹਨ। ਕੰਨਾਂ ਦੇ ਨਾਲ਼ ਹਰੀ ਦਾ ਨਾਮ ਸੁਣ ਸੁਣ ਕੇ ਅਤੇ ਨਾਮ ਜੱਪਣ
ਵਾਲ਼ਿਆਂ ਦੀ ਸੰਗਤ ਕਰ ਕੇ ਅਨੇਕਾਂ ਹੀ ਲੋਕ ਤਰ ਗਏ ਹਨ।
ਕਰਿ ਕਿਰਪਾ ਜਿਸੁ ਆਪਨੈ ਨਾਮਿ ਲਾਏ ।।ਨਾਨਕ ਚਉਥੇ
ਪਦ ਮਹਿ ਸੋ ਜਨੁ ਗਤਿ ਪਾਏ ।। 5 ।।
ਗੁਰੂ ਜੀ ਦਾ ਕਥਨ ਹੈ ਕਿ ਅਪਣੀ ਮਿਹਰ ਕਰ ਕੇ ਪ੍ਰਮਾਤਮਾ ਜਿਸ ਜੀਵ ਨੂੰ
ਅਪਣੇ ਨਾਮ ਨਾਲ਼ ਜੋੜ ਲੈਂਦਾ ਹੈ ਉਹ ਲੋਕ ਪਦਾਰਥਕ ਮੋਹ ਤੋਂ ਉੱਪਰ ਉੱਠ ਕੇ, ਚੌਥੇ ਪਦ ਵਿੱਚ ਪਹੁੰਚ
ਕੇ, ਮੁਕਤੀ ਪ੍ਰਾਪਤ ਕਰ ਲੈਂਦੇ ਹਨ।
ਰੂਪੁ ਸਤਿ ਜਾ ਕਾ ਸਤਿ ਅਸਥਾਨੁ ।। ਪੁਰਖੁ ਸਤਿ
ਕੇਵਲ ਪਰਧਾਨੁ ।।
ਪ੍ਰਮਾਤਮਾ ਦੀ ਰਚਨਾ, ਜਿਸ ਰਾਹੀਂ ਉਹ ਅਪਣੇ ਆਪ ਨੂੰ ਸਾਕਾਰ ਕਰਦਾ ਹੈ,
ਅਤੇ ਉਹ ਸੰਸਾਰ ਜਿਹੜਾ ਉਸ ਦਾ ਟਿਕਾਣਾ ਹੈ, ਦੋਵੇਂ ਹੀ ਸਤਿ ਹਨ, ਅਡੋਲ ਅਤੇ ਕਦੇ ਨਾ ਬਦਲਣ ਵਾਲ਼ੇ
ਹਨ, ਸਦਾ ਸਥਿਰ ਹਨ। ਸੱਚ ਰੂਪ (ਸਦਾ ਸਥਿਰ ਰਹਿਣ ਵਾਲ਼ਾ) ਪ੍ਰਮਾਤਮਾ ਹੀ ਬ੍ਰਹਮੰਡ ਦਾ ਮੁੱਖ ਤੱਤ
ਹੈ ਕਿਉਂਕਿ ਉਹ ਆਪ ਹੀ ਕਰਤਾ ਹੈ ਅਤੇ ਆਪ ਹੀ ਕਾਰਣ (ਸਿਰਜੀ ਹੋਈ ਵਸਤ), ਕਿਉਂਕਿ ਉਸ ਨੇ ਅਪਣੇ ਆਪ
ਤੋਂ ਹੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ।
ਕਰਤੂਤਿ ਸਤਿ ਸਤਿ ਜਾ ਕੀ ਬਾਣੀ ।। ਸਤਿ ਪੁਰਖ ਸਭ
ਮਾਹਿ ਸਮਾਣੀ ।।
ਜੋ ਕੁੱਝ ਉਹ ਕਰਦਾ ਹੈ, ਉਹ ਵੀ ਸੱਚ ਹੈ, ਸਦਾ ਸਥਾਈ ਹੈ ਅਤੇ ਜੋ ਬੋਲਦਾ
ਹੈ, ਉਹ ਵੀ ਸੱਚ ਹੈ, ਮਿਥਿਆ ਨਹੀਂ। ਉਹ ਸੱਚੀ ਰੂਹ (ਪਾਰਬ੍ਰਹਮ) ਸਾਰੀ ਸ੍ਰਿਸ਼ਟੀ ਦੇ ਅੰਦਰ ਵਸੀ
ਹੋਈ ਹੈ, ਹਰ ਵਸਤ ਦੇ ਅੰਦਰ ਮੌਜੂਦ ਹੈ, ਕੇਵਲ ਕੁੱਝ ਜੀਵਾਂ ਵਿੱਚ ਨਹੀਂ।
ਸਤਿ ਕਰਮੁ ਜਾ ਕੀ ਰਚਨਾ ਸਤਿ ।। ਮੂਲੁ ਸਤਿ ਸਤਿ
ਉਤਪਤਿ ।।
ਜੋ ਕੁੱਝ ਉਹ ਕਰਦਾ ਹੈ, ਉਹ ਸਭ ਸੱਚ ਹੈ ਅਤੇ ਜੋ ਉਸ ਨੇ ਸਿਰਜਿਆ ਹੈ,
ਉਹ ਵੀ ਸੱਚ ਹੈ, ਕੁੱਝ ਵੀ ਮਿਥਿਆ ਨਹੀਂ, ਝੂਠ ਨਹੀਂ। ਜਦੋਂ ਪ੍ਰਮਾਤਮਾ, ਸ੍ਰਿਸ਼ਟੀ ਦਾ ਮੂਲ, ਉਹ
ਸੋਮਾ ਜਿਸ ਤੋਂ ਸ੍ਰਿਸ਼ਟੀ ਪੈਦਾ ਹੋਈ ਹੈ, ਸੱਚ ਹੈ ਤਾਂ ਇਹ ਸ੍ਰਿਸ਼ਟੀ, ਜੋ ਉਸ ਤੋਂ ਪੈਦਾ ਹੋਈ ਹੈ,
ਮਿਥਿਆ ਕਿਵੇਂ ਹੋ ਸਕਦੀ ਹੈ। ਪਾਰਬ੍ਰਹਮ ਆਪ ਵੀ ਸੱਚ ਹੈ ਅਤੇ ਉਸ ਤੋਂ ਪੈਦਾ ਹੋਈ ਸ੍ਰਿਸ਼ਟੀ ਵੀ
ਸੱਚ ਹੈ।
ਸਤਿ ਕਰਣੀ ਨਿਰਮਲ ਨਿਰਮਲੀ ।। ਜਿਸਹਿ ਬੁਝਾਏ
ਤਿਸਹਿ ਸਭ ਭਲੀ ।।
ਸੱਚੇ ਪ੍ਰਮਾਤਮਾ ਦੀ ਬਣਾਈ ਇਹ ਸ੍ਰਿਸ਼ਟੀ ਨਿਰਮਲ ਤੋਂ ਵੀ ਨਿਰਮਲ,
ਪਵਿੱਤਰ ਤੋਂ ਵੀ ਪਵਿੱਤਰ ਹੈ। ਪਰ ਇਹ ਗੱਲ ਉਸ ਇਨਸਾਨ ਨੂੰ ਹੀ ਸਮਝ ਆਉਂਦੀ ਹੈ ਜਿਸ ਨੂੰ ਉਹ ਹਰੀ ਆਪ
ਸਮਝਣ ਦੀ ਸਮਰਥਾ ਦਿੰਦਾ ਹੈ।
ਸਤਿਨਾਮੁ ਪ੍ਰਭ ਕਾ ਸੁਖਦਾਈ ।। ਬਿਸ੍ਵਾਸੁ ਸਤਿ
ਨਾਨਕ ਗੁਰ ਤੇ ਪਾਈ ।। 6 ।।
ਉਸ ਪ੍ਰਭੂ ਦਾ ਸਦਾ ਰਹਿਣ ਵਾਲ਼ਾ ਨਾਮ ਸੁਖ ਦੇਣ ਵਾਲ਼ਾ ਹੈ, ਸੁਖਾਂ ਦਾ
ਖ਼ਜ਼ਾਨਾ ਹੈ। ਪਰ ਉਸ ਦੇ ਸੱਚੇ (ਸਦਾ ਸਥਿਰ ਰਹਿਣ ਵਾਲ਼ੇ) ਨਾਮ ਤੇ ਵਿਸ਼ਵਾਸ਼ ਕਰਨ ਦੀ ਸਮਝ ਗੁਰੂ ਦੀ
ਸਿੱਖਿਆ ਨਾਲ਼ ਪ੍ਰਾਪਤ ਹੁੰਦੀ ਹੈ।
ਸਤਿ ਬਚਨ ਸਾਧੂ ਉਪਦੇਸ ।। ਸਤਿ ਤੇ ਜਨ ਜਾ
ਕੇ ਰਿਦੈ ਪ੍ਰਵੇਸ ।।
ਇੱਕ ਸੱਚਾ ਸਾਧੂ ਜੋ ਕਹਿੰਦਾ ਹੈ, ਜੋ
ਸਿੱਖਿਆ ਦਿੰਦਾ ਹੈ, ਉਹ ਸਦਾ ਠੀਕ ਹੁੰਦੀ ਹੈ। ਸਾਧੂ ਦੇ ਮੁਖ ਤੋਂ ਨਿਕਲ਼ੇ ਹੋਏ ਬਚਨ ਸਦਾ ਸੱਚ
ਹੁੰਦੇ ਹਨ। ਜਿਸ ਵਿਅਕਤੀ ਦੇ ਦਿਲ ਵਿੱਚ ਉਹ ਬਚਨ ਵਸ ਜਾਣ, ਉਹ ਵਿਅਕਤੀ ਵੀ ਮਹਾਨ ਹੁੰਦਾ ਹੈ, ਉਹ
ਵੀ ਸਤਿ ਸਰੂਪ ਬਣ ਜਾਂਦਾ ਹੈ।
ਸਤਿ ਨਿਰਤਿ ਬੂਝੈ ਜੇ ਕੋਇ ।। ਨਾਮੁ ਜਪਤ ਤਾ
ਕੀ ਗਤਿ ਹੋਇ ।।
ਜੇ ਕੋਈ ਪਿਆਰ ਨਾਲ਼ ਸਭ ਕੁੱਝ ਵਾਚ ਕੇ ਸਤਿ ਅਤੇ ਅਸਤਿ ਦਾ ਫਰਕ ਪਛਾਣ
ਲਵੇ, ਅਪਣੀ ਵਿਵੇਕ ਬੁਧੀ ਨੂੰ ਵਰਤ ਕੇ ਸਤਿ ਨੂੰ ਅਸਤਿ ਨਾਲ਼ੋਂ ਨਿਖੇੜਨ ਦੀ ਸਮਰਥਾ ਪ੍ਰਾਪਤ ਕਰ
ਲਵੇ ਤਾਂ ਉਹ ਨਾਮ ਸਿਮਰਨ ਨਾਲ਼ ਜੁੜ ਜਾਂਦਾ ਹੈ ਅਤੇ ਮੁਕਤੀ ਪ੍ਰਾਪਤ ਕਰ ਲੈਂਦਾ ਹੈ।
ਆਪਿ ਸਤਿ ਕੀਆ ਸਭੁ ਸਤਿ ।। ਆਪੇ ਜਾਨੈ ਅਪਨੀ
ਮਿਤਿ ਗਤਿ ।।
ਉਹ ਪ੍ਰਭੂ ਆਪ ਸਤਿ ਹੈ ਅਤੇ ਉਸ ਨੇ ਜੋ ਰਚਨਾ ਕੀਤੀ ਹੈ ਉਹ ਵੀ ਸਤਿ ਹੈ।
ਜਿਵੇਂ ਜਪੁਜੀ ਸਾਹਿਬ ਵਿੱਚ ਦਰਜ ਹੈ – ਨਾਨਕ ਸਚੇ ਕੀ ਸਾਚੀ ਕਾਰ - ਪ੍ਰਮਾਤਮਾ ਦਾ ਸਿਰਜਿਆ ਇਹ
ਸੰਸਾਰ ਮਿਥਿਆ ਨਹੀਂ, ਸੱਚ ਹੈ। ਅਪਣੀ ਵਿਉਂਤਬੰਦੀ ਨੂੰ ਉਹ ਆਪ ਹੀ ਸਮਝ ਸਕਦਾ ਹੈ। ਕਈ ਵਾਰ ਕੀ
ਅਤੇ ਕਿਉਂ ਦੇ ਚੱਕਰਾਂ ਵਿੱਚ ਪੈ ਕੇ ਅਸੀਂ ਉਲ਼ਝ ਜਾਂਦੇ ਹਾਂ ਅਤੇ ਕਿੰਤੂ ਪ੍ਰੰਤੂ ਕਰਨ ਲੱਗ ਪੈਂਦੇ ਹਾਂ, ਨੁਕਸ ਕੱਢਣ ਲੱਗ
ਪੈਂਦੇ ਹਾਂ। ਕੇਵਲ ਪ੍ਰਮਾਤਮਾ ਹੀ ਜਾਣਦਾ ਹੈ ਕਿ ਜੋ ਰਚਨਾ ਉਸ ਨੇ ਰਚੀ ਹੈ ਉਸ ਦੇ ਪਿੱਛੇ ਉਸ ਦਾ
ਕੀ ਉਦੇਸ਼ ਹੈ। ਉਸ ਦੀ ਬਣਾਈ ਹਰ ਚੀਜ਼ ਪਿੱਛੇ ਕੋਈ ਮੰਤਵ ਹੈ ਜੋ ਸਾਡੀ ਸਮਝ ਵਿੱਚ ਨਹੀਂ ਆ ਸਕਦਾ।
ਜਿਸ ਕੀ ਸ੍ਰਿਸਟਿ ਸੁ ਕਰਣੈਹਾਰੁ ।। ਅਵਰ ਨ ਬੂਝਿ
ਕਰਤ ਬੀਚਾਰੁ ।।
ਜੋ ਇਸ ਸ੍ਰਿਸ਼ਟੀ ਦਾ ਮਾਲਕ ਹੈ, ਉਹ ਹੀ ਇਸ ਦਾ ਸਿਰਜਣਹਾਰ ਹੈ। ਉਹ ਇਸ
ਦੀ ਰਚਨਾ ਅਪਣੀ ਵਿਉਂਤ ਦੇ ਅਨੁਸਾਰ ਕਰਦਾ ਹੈ। ਉਸ ਨੂੰ ਕਿਸੇ ਦੀ ਸਲਾਹ ਲੈਣ ਦੀ ਲੋੜ ਨਹੀਂ। ਅਤੇ
ਨਾ ਹੀ ਕੋਈ ਹੋਰ ਉਸ ਦੀ ਵਿਉਂਤ ਨੂੰ ਸਮਝ ਸਕਦਾ
ਹੈ ਭਾਵੇਂ ਜਿੰਨੀ ਮਰਜ਼ੀ ਮਗਜ਼ ਖਪਾਈ ਕਰ ਲਵੇ।
ਕਰਤੇ ਕੀ
ਮਿਤਿ ਨ ਜਾਨੈ ਕੀਆ ।। ਨਾਨਕ ਜੋ ਤਿਸੁ ਭਾਵੈ ਸੋ ਵਰਤੀਆ ।। 7 ।।
ਸਿਰਜਣਹਾਰੇ ਦੀ ਵਿਉਂਤ ਨੂੰ ਉਸ ਦੇ ਸਿਰਜੇ ਹੋਏ ਜੀਵ ਨਹੀਂ ਸਮਝ ਸਕਦੇ।
ਗੁਰੂ ਜੀ ਦਾ ਕਥਨ ਹੈ ਕਿ ਉਸ ਦੀ ਯੋਜਨਾਬੰਦੀ ਮੁਤਾਬਿਕ ਜੋ ਉਸ ਨੂੰ ਠੀਕ ਲੱਗਦਾ ਹੈ, ਉਹ ਉਹ ਹੀ
ਕਰਦਾ ਹੈ। ਉਸ ਨੂੰ ਜੋ ਚੰਗਾ ਲੱਗਦਾ ਹੈ, ਉਹ ਹੀ ਇਸ ਸੰਸਾਰ ਵਿੱਚ ਹੁੰਦਾ ਹੈ।
ਬਿਸਮਨ ਬਿਸਮ ਭਏ ਬਿਸਮਾਦ ।। ਜਿਨਿ ਬੂਝਿਆ ਤਿਸੁ ਆਇਆ ਸ੍ਵਾਦ ।।
ਉਹ ਕਰਤਾ ਪੁਰਖ ਅਸਚਰਜ ਹੈ ਅਤੇ ਉਸ ਦੀ ਇਹ ਰਚਨਾ ਵੀ ਅਸਚਰਜਮਈ ਹੈ। ਇਸ
ਨੂੰ ਦੇਖ ਕੇ ਅਸੀਂ ਹੈਰਾਨ ਪ੍ਰੇਸ਼ਾਨ ਰਹਿ ਜਾਂਦੇ ਹਾਂ । ਪ੍ਰੰਤੂ ਜਿਹੜੇ ਜੀਵ ਗੁਰੂ ਦੀ ਸਿੱਖਿਆ
ਤੇ ਅਮਲ ਕਰ ਕੇ, ਹਰੀ ਨਾਮ ਨੂੰ ਸਿਮਰ ਸਿਮਰ ਕੇ,
ਇਸ ਅਸਚਰਜਤਾ ਦਾ ਰਹੱਸ ਸਮਝ ਲੈਂਦੇ ਹਨ, ਉਹ ਇਸ ਅਸਚਰਜਤਾ ਦੇ ਰਸ ਵਿੱਚ ਐਨੇ ਗੜੂੰਦ ਹੋ ਜਾਂਦੇ ਹਨ,
ਉਨ੍ਹਾਂ ਨੂੰ ਏਨਾ ਸੁਆਦ ਆਉਣ ਲੱਗ ਪੈਂਦਾ ਹੈ ਕਿ ਇਸ ਨੂੰ ਮਾਣਦੇ ਮਾਣਦੇ ਉਹ ਉਸ ਅਸਚਰਜ ਦੇ ਵਿੱਚ
ਹੀ ਅਭੇਦ ਹੋ ਜਾਂਦੇ ਹਨ।
ਪ੍ਰਭ ਕੈ ਰੰਗਿ ਰਾਚਿ ਜਨ ਰਹੇ ।। ਗੁਰ ਕੈ ਬਚਨਿ
ਪਦਾਰਥ ਲਹੇ ।।
ਇਸ ਤਰਾਂ ਦੇ ਇਨਸਾਨ ਸਦਾ ਈਸ਼ਵਰ ਦੇ ਪਿਆਰ ਦੇ ਰੰਗ ਵਿੱਚ ਰੰਗੇ ਰਹਿੰਦੇ
ਹਨ। ਉਨ੍ਹਾਂ ਨੂੰ ਇਹ ਸਮਰਥਾ ਅਤੇ ਸਮਝ ਨਾਮੀ ਪਦਾਰਥ ਗੁਰੂ
ਦੀ ਸਿੱਖਿਆ ਤੋਂ ਹੀ ਪ੍ਰਾਪਤ ਹੁੰਦੇ ਹਨ। ਉਹ ਗੁਰੂ ਦੀ ਸਿੱਖਿਆ ਨੂੰ ਸੁਣਦੇ ਹਨ ਅਤੇ ਉਸ ਤੇ ਅਮਲ
ਕਰਦੇ ਹਨ ਜਿਸ ਦੇ ਸਿੱਟੇ ਵਜੋਂ ਉਨ੍ਹਾਂ ਨੂੰ ਇਹ ਸਾਰੇ ਪਦਾਰਥ ਮਿਲ ਜਾਂਦੇ ਹਨ।
ਓਇ ਦਾਤੇ ਦੁੱਖ ਕਾਟਨਹਾਰ ।। ਜਾ ਕੈ ਸੰਗਿ ਤਰੈ
ਸੰਸਾਰ ।।
ਇਹੋ ਜਿਹੇ ਮਹਾਂ ਪੁਰਖ ਉਹ ਦਾਤੇ ਹੁੰਦੇ ਹਨ ਜਿਹੜੇ ਅਪਣੇ ਗੁਰੂ ਦੀ
ਦਿੱਤੀ ਦਾਤ ਨੂੰ ਲੋਕਾਂ ਵਿੱਚ ਵੰਡ ਕੇ ਉਨ੍ਹਾਂ ਦਾ ਕਲਿਆਣ ਕਰਦੇ ਹਨ। ਉਹ ਸੰਸਾਰ ਦੇ ਦੁੱਖ ਦੂਰ
ਕਰਨ ਦੇ ਸਮਰਥ ਹੁੰਦੇ ਹਨ। ਉਨ੍ਹਾਂ ਦੀ ਸੰਗਤ ਕਰ ਕੇ ਸੰਸਾਰ ਦੇ ਲੋਕ ਤਰ ਜਾਂਦੇ ਹਨ। ਉਨ੍ਹਾਂ ਦੀ
ਸੰਗਤ ਲੋਕਾਂ ਨੂੰ ਤਾਰਨ ਦੇ ਲਈ ਕਿਸ਼ਤੀ ਦਾ ਕੰਮ ਕਰਦੀ ਹੈ। ਜੋ ਸਮਝ ਉਨ੍ਹਾਂ ਨੇ ਗੁਰੂ ਤੋਂ
ਪ੍ਰਾਪਤ ਕੀਤੀ ਹੁੰਦੀ ਹੈ, ਉਹ ਦੂਜਿਆਂ ਨੂੰ ਵੰਡਦੇ ਹਨ।
ਜਨ ਕਾ ਸੇਵਕੁ ਸੋ ਵਡਭਾਗੀ ।। ਜਨ ਕੈ ਸੰਗਿ ਏਕ
ਲਿਵ ਲਾਗੀ ।।
ਅਜਿਹੇ ਮਹਾਂ ਪੁਰਖਾਂ ਦੀ ਸੰਗਤ ਕਰਨ ਵਾਲ਼ੇ ਉਨ੍ਹਾਂ ਦੇ ਸੇਵਕ ਵੱਡੇ
ਭਾਗਾਂ ਵਾਲ਼ੇ ਹੁੰਦੇ ਹਨ। ਉਨ੍ਹਾਂ ਦੀ ਸੰਗਤ ਕਰ ਕੇ ਇਨ੍ਹਾਂ ਸੇਵਕਾਂ ਦੀ ਲਿਵ ਇੱਕ ਪ੍ਰਮਾਤਮਾ ਨਾਲ਼
ਜੁੜ ਜਾਂਦੀ ਹੈ, ਉਹ ਸਿਮਰਨ ਕਰਨ ਲੱਗ ਪੈਂਦੇ ਹਨ।
ਗੁਨ ਗੋਬਿਦ ਕੀਰਤਨੁ ਜਨੁ ਗਾਵੈ ।। ਗੁਰਪ੍ਰਸਾਦਿ
ਨਾਨਕ ਫਲੁ ਪਾਵੈ ।। 8 ।। 16 ।।
ਗੁਰੂ ਜੀ ਦ੍ਰਿੜ੍ਹ ਕਰਵਾਉਂਦੇ ਹਨ ਕਿ
ਜਿਹੜਾ ਜੀਵ ਇਸ ਧਰਤੀ ਦੇ ਪਾਲਕ ਪ੍ਰਭੂ ਦਾ ਜਸ ਗਾਉਂਦਾ ਹੈ, ਗੁਰੂ ਦੀ ਕਿਰਪਾ ਨਾਲ਼ ਉਸ ਨੂੰ ਉਸ ਦੀ
ਸੇਵਾ ਦਾ ਫਲ਼ ਜ਼ਰੂਰ ਮਿਲਦਾ ਹੈ। ਉਸ ਨੂੰ ਵਾਹਿਗੁਰੂ ਦੀ ਪ੍ਰਾਪਤੀ ਜ਼ਰੂਰ ਹੁੰਦੀ ਹੈ।
Comments
Post a Comment