ਅਸਟਪਦੀ - 17
ਅਸਟਪਦੀ - 17
ਸਲੋਕ ।।
ਆਦਿ ਸਚੁ ਜੁਗਾਦਿ ਸਚੁ ।।
ਹੈ ਭਿ ਸਚੁ ਨਾਨਕ ਹੋਸੀ ਭਿ ਸਚੁ ।।
ਉਸ ਸਦਾ ਸਥਿਰ ਰਹਿਣ ਵਾਲ਼ੇ ਅਕਾਲ ਪੁਰਖ ਦੀ ਹੋਂਦ ਸ੍ਰਿਸ਼ਟੀ ਦੇ ਹੋਂਦ
ਵਿੱਚ ਆਉਣ ਤੋਂ ਪਹਿਲਾਂ ਵੀ ਸੀ, ਸ਼੍ਰਿਸ਼ਟੀ ਦੀ ਸਿਰਜਣਾ ਹੋਣ ਤੇ ਯੁਗਾਂ ਦੇ ਆਰੰਭ ਹੋਣ ਵੇਲ਼ੇ ਵੀ
ਸੀ, ਅੱਜ ਵੀ ਹੈ ਅਤੇ ਆਉਣ ਵਾਲ਼ੇ ਸਮੇ ਵਿੱਚ ਵੀ ਹਮੇਸ਼ਾ ਬਣੀ ਰਹੇਗੀ।
ਅਸਟਪਦੀ ।।
ਚਰਨ ਸਤਿ ਸਤਿ ਪਰਸਨਹਾਰ ।। ਪੂਜਾ ਸਤਿ ਸਤਿ ਸੇਵਦਾਰ ।।
ਉਸ ਸਦਾ ਸਥਿਰ ਰਹਿਣ ਵਾਲ਼ੇ ਪ੍ਰਭੂ ਦੇ ਚਰਨ ਉੱਤਮ ਹਨ, ਮਹਾਨ ਹਨ ਅਤੇ
ਉਨ੍ਹਾਂ ਚਰਨਾ ਨੂੰ ਪਰਸਣ ਵਾਲ਼ੇ (ਛੂਹਣ ਵਾਲ਼ੇ) ਜੀਵ ਵੀ ਧੰਨ ਹਨ, ਉੱਤਮ ਹਨ। ਉਸ ਪ੍ਰਭੂ ਦੀ ਪੂਜਾ
ਉੱਤਮ ਹੈ ਅਤੇ ਉਸ ਦੀ ਸੇਵਾ ਕਰਨ ਵਾਲ਼ੇ ਸੇਵਕ ਵੀ ਧੰਨ ਹਨ।
ਦਰਸਨ ਸਤਿ ਸਤਿ ਪੇਖਨਹਾਰ ।। ਨਾਮੁ ਸਤਿ ਸਤਿ
ਧਿਆਵਨਹਾਰ ।।
ਉਸ ਪ੍ਰਭੂ ਦੇ ਦਰਸ਼ਨ ਕਰਨਾ ਵੀ ਉੱਤਮ ਕਾਰਜ ਹੈ ਅਤੇ ਦਰਸ਼ਨ ਕਰਨ ਵਾਲ਼ੇ
ਜੀਵ ਵੀ ਧੰਨ ਹਨ। ਉਸ ਈਸ਼ਵਰ ਦਾ ਨਾਮ ਉੱਤਮ ਹੈ, ਮਹਾਨ ਹੈ ਅਤੇ ਉਸ ਨੂੰ ਧਿਆਉਣ ਵਾਲ਼ੇ, ਉਸ ਦਾ
ਸਿਮਰਨ ਕਰਨ ਵਾਲ਼ੇ ਵੀ ਧੰਨ ਹਨ।
ਆਪਿ ਸਤਿ ਸਤਿ ਸਭ ਧਾਰੀ ।। ਆਪੇ ਗੁਣ ਆਪੇ
ਗੁਣਕਾਰੀ ।।
ਪ੍ਰਭੂ ਆਪ ਧੰਨ ਹੈ ਅਤੇ ਉਹ ਸ੍ਰਿਸ਼ਟੀ ਵੀ ਧੰਨ ਹੈ ਜਿਹੜੀ ਉਸ ਨੇ ਸਿਰਜੀ
ਹੈ ਅਤੇ ਉਸ ਦੇ ਸਹਾਰੇ ਕਾਇਮ ਹੈ। ਸਦਾ ਸਥਿਰ ਰਹਿਣਾ ਉਸ ਪ੍ਰਭੂ ਦਾ ਗੁਣ ਹੈ ਅਤੇ ਅਪਣਾ ਇਹ ਗੁਣ
ਉਹ ਅਪਣੀ ਸਿਰਜੀ ਸ੍ਰਿਸ਼ਟੀ ਨੂੰ ਵੀ ਬਖਸਿਸ਼ ਕਰ ਕੇ ਉਸ ਨੂੰ ਕਾਇਮ ਰੱਖ ਰਿਹਾ ਹੈ। ਗੁਣਾ ਦਾ ਪੁਤਲਾ ਵੀ ਉਹ ਆਪ ਹੈ ਅਤੇ ਲੋਕਾਈ ਨੂੰ ਗੁਣ ਵੰਡਣ ਵਾਲ਼ਾ ਵੀ ਉਹ
ਆਪ ਹੀ ਹੈ।
ਸਬਦੁ ਸਤਿ ਸਤਿ ਪ੍ਰਭੁ ਬਕਤਾ ।। ਸੁਰਤਿ ਸਤਿ ਸਤਿ
ਜਸੁ ਸੁਨਤਾ ।।
ਈਸ਼ਵਰ ਦਾ ਸ਼ਬਦ, ਉਸ ਦਾ ਹੁਕਮ ਉੱਤਮ ਹੈ, ਮਹਾਨ ਹੈ ਕਿਉਂਕਿ ਉਸ ਨੂੰ ਉਸ
ਪ੍ਰਭੂ ਨੇ ਉਚਾਰਿਆ ਹੈ ਜਿਹੜਾ ਆਪ ਮਹਾਨ ਹੈ, ਉੱਤਮ ਹੈ। ਉਹ ਕੰਨ ਵੀ ਧੰਨ ਹਨ ਜੋ ਸ਼ਬਦ ਨੂੰ ਸੁਣਦੇ
ਹਨ ਅਤੇ ਉਸ ਪ੍ਰਭੂ ਦੀ ਵਡਿਆਈ ਨੂੰ ਸੁਣਨ ਵਾਲ਼ੇ ਜੀਵ ਵੀ ਧੰਨ ਹਨ, ਮਹਾਨ ਹਨ।
ਬੁਝਨਹਾਰ ਕਉ ਸਤਿ ਸਭ ਹੋਇ ।। ਨਾਨਕ ਸਤਿ ਸਤਿ
ਪ੍ਰਭੁ ਸੋਇ ।। 1 ।।
ਜਿਹੜਾ ਜੀਵ ਪ੍ਰਭੂ ਦੀ ਅਤੇ ਉਸ ਦੀ ਸਮੁੱਚੀ ਰਚਨਾ ਦੀ ਧੰਨਤਾ ਨੂੰ ਸਮਝ
ਲੈਂਦਾ ਹੈ, ਉਹ ਗਿਆਨਵਾਨ
ਬਣ ਜਾਂਦਾ ਹੈ ਅਤੇ ਫਿਰ ਉਸ ਨੂੰ ਹਰ ਪਾਸੇ, ਹਰ ਵਸਤ ਅੰਦਰ ਉਸ ਪ੍ਰਭੂ ਦਾ ਰੂਪ ਹੀ ਦਿਖਾਈ ਦਿੰਦਾ
ਹੈ। ਪ੍ਰਭੂ ਦੀ ਪੂਜਾ ਕਰਦਿਆਂ, ਜਸ ਗਾਉਂਦਿਆਂ, ਨਾਮ ਸੁਣਦਿਆਂ ਅਤੇ ਜੱਪਦਿਆਂ ਉਹ ਜੀਵ ਆਪ ਵੀ ਉਸੇ
ਦਾ ਰੂਪ ਬਣ ਜਾਂਦਾ ਹੈ ਅਤੇ ਉਸ ਨੂੰ ਹਰ ਪਾਸੇ ਉਹ ਪ੍ਰਮਾਤਮਾ ਹੀ ਨਜ਼ਰ ਆਉਂਦਾ ਹੈ।
ਸਤਿ ਸਰੂਪੁ ਰਿਦੈ ਜਿਨਿ ਮਾਨਿਆ ।। ਕਰਨ ਕਰਾਵਨ
ਤਿਨਿ ਮੂਲੁ ਪਛਾਨਿਆ ।।
ਜਿਹੜਾ ਜੀਵ ਇਹ ਸਮਝ ਲੈਂਦਾ ਹੈ, ਅਨੁਭਵ ਕਰ ਲੈਂਦਾ ਹੈ ਅਤੇ ਪ੍ਰਵਾਨ ਕਰ
ਲੈਂਦਾ ਹੈ ਕਿ ਪ੍ਰਮਾਤਮਾ ਸਤਿ ਸਰੂਪ ਹੈ, ਸਤਿ ਦੀ ਮੂਰਤ ਹੈ, ਉਸ ਨੂੰ ਇਹ ਗੱਲ ਸਮਝ ਆ ਜਾਂਦੀ ਹੈ
ਕਿ ਸ੍ਰਿਸ਼ਟੀ ਵਿੱਚ ਜੋ ਹੋ ਰਿਹਾ ਹੈ, ਉਸ ਦਾ ਕਰਨ ਵਾਲ਼ਾ ਜਾਂ ਜੀਵਾਂ ਤੋਂ ਕਰਵਾਉਣ ਵਾਲ਼ਾ ਕੌਣ ਹੈ।
ਜਾ ਕੈ ਰਿਦੈ ਬਿਸ੍ਵਾਸੁ ਪ੍ਰਭ ਆਇਆ ।। ਤਤੁ
ਗਿਆਨੁ ਤਿਸੁ ਮਨਿ ਪ੍ਰਗਟਾਇਆ ।।
ਜਿਸ ਦੇ ਮਨ ਵਿੱਚ ਇਹ ਵਿਸ਼ਵਾਸ਼ ਪੱਕਾ ਹੋ ਜਾਵੇ ਕਿ ਪ੍ਰਮਾਤਮਾ ਹੀ ਸਤਿ
ਸਰੂਪ ਹੈ, ਉਸ ਦੇ ਮਨ ਵਿੱਚ ਸਮਸਤ ਗਿਆਨ ਦੇ ਤੱਤ ਦਾ, ਸਾਰੇ ਗਿਆਨ ਦੇ ਨਚੋੜ ਦਾ ਪ੍ਰਕਾਸ਼ ਹੋ
ਜਾਂਦਾ ਹੈ। ਉਹ ਬ੍ਰਹਮ ਗਿਆਨੀ ਬਣ ਜਾਂਦਾ ਹੈ।
ਭੈ ਤੇ ਨਿਰਭਉ ਹੋਇ ਬਸਾਨਾ ।। ਜਿਸ ਤੇ ਉਪਜਿਆ
ਤਿਸੁ ਮਾਹਿ ਸਮਾਨਾ ।।
ਉਹ ਜੀਵ ਡਰ ਤੋਂ ਮੁਕਤ ਹੋ ਕੇ, ਨਿਰਭਉ ਹੋ ਕੇ ਜਿਉਣ ਲੱਗ ਪੈਂਦਾ ਹੈ।
ਅਜਿਹਾ ਜੀਵ ਅਪਣੇ ਸਿਰਜਣਹਾਰੇ ਨਾਲ਼, ਉਸ ਪ੍ਰਮਾਤਮਾ ਨਾਲ਼ ਜੋ ਉਸ
ਦਾ ਮੂਲ ਹੈ, ਇੱਕ ਮਿੱਕ ਹੋ ਜਾਂਦਾ ਹੈ, ਉਸ ਦੇ ਵਿੱਚ ਹੀ ਲੀਨ ਹੋ ਜਾਂਦਾ ਹੈ।
ਬਸਤੁ ਮਾਹਿ ਲੇ ਬਸਤੁ ਗਡਾਈ ।। ਤਾ ਕਉ ਭਿੰਨ ਨ
ਕਹਨਾ ਜਾਈ ।।
ਜਦੋਂ ਕੋਈ ਵਸਤੂ ਉਸੇ ਵਸਤੂ ਵਿੱਚ ਮੁੜ ਰਲ਼ਾ ਦਿੱਤੀ ਜਾਵੇ ਜਿਸ ਵਿੱਚੋਂ
ਉਹ ਨਿੱਕਲ਼ੀ ਸੀ ਅਤੇ ਉਹ ਉਸ ਵਿੱਚ ਪੂਰੀ ਤਰਾਂ ਰਲ਼ ਜਾਵੇ ਜਿਵੇਂ ਪਾਣੀ ਪਾਣੀ ਵਿੱਚ ਰਲ਼ ਜਾਂਦਾ ਹੈ ਤਾਂ
ਉਸ ਨੂੰ ਵੱਖਰੀ ਨਹੀਂ ਕਿਹਾ ਜਾ ਸਕਦਾ। ਸੋ ਜਦੋਂ ਕੋਈ ਜੀਵ ਪ੍ਰਭੂ ਦੇ ਨਾਲ਼ ਇੱਕ ਮਿੱਕ ਹੋ ਜਾਵੇ,
ਫਿਰ ਉਹ ਪ੍ਭੂ ਰੂਪ ਹੀ ਬਣ ਜਾਂਦਾ ਹੈ, ਉਸ ਦੀ ਵੱਖਰੀ ਹੋਂਦ ਨਹੀਂ ਰਹਿੰਦੀ।
ਬੂਝੈ ਬੂਝਨਹਾਰੁ ਬਿਬੇਕ ।। ਨਾਰਾਇਨ ਮਿਲੇ ਨਾਨਕ
ਏਕ ।। 2 ।।
ਪਰ ਗੁਰੂ ਜੀ ਸਮਝਾਉਂਦੇ ਹਨ ਕਿ ਇਸ ਸਚਾਈ ਨੂੰ ਹਰ ਵਿਅਕਤੀ ਨਹੀਂ ਸਮਝ
ਸਕਦਾ। ਇਸ ਨੂੰ ਕੇਵਲ ਉਹ ਹੀ ਸਮਝ ਸਕਦਾ ਹੈ ਜਿਸ ਅੰਦਰ ਵਿਵੇਕ ਬੁੱਧ ਦੀ ਵਰਤੋਂ ਕਰ ਕੇ ਇਹ ਸਮਝਣ
ਦੀ ਸਮਰਥਾ ਹੋਵੇ ਕਿ ਜੋ ਜੀਵ ਅਪਣੇ ਗਿਆਨ ਅਤੇ ਵਿਸ਼ਵਾਸ਼ ਦੇ ਸਹਾਰੇ ਈਸ਼ਵਰ ਨਾਲ਼ ਇੱਕ ਮਿੱਕ ਹੋ ਜਾਵੇ,
ਉਹ ਈਸ਼ਵਰ ਦਾ ਹੀ ਰੂਪ ਬਣ ਜਾਂਦਾ ਹੈ, ਈਸ਼ਵਰ ਹੀ ਬਣ ਜਾਂਦਾ ਹੈ, ਉਸ ਵਿੱਚ ਅਤੇ ਈਸ਼ਵਰ ਵਿੱਚ ਕੋਈ
ਫਰਕ ਨਹੀਂ ਰਹਿੰਦਾ।
ਠਾਕੁਰ ਕਾ ਸੇਵਕੁ ਆਗਿਆਕਾਰੀ ।। ਠਾਕੁਰ ਕਾ
ਸੇਵਕੁ ਸਦਾ ਪੂਜਾਰੀ ।।
ਅਪਣੇ ਮਾਲਕ ਈਸ਼ਵਰ ਦਾ ਸੇਵਕ ਉਸ ਦੇ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ
ਕਰਦਾ ਹੈ, ਉਸ ਤੇ ਕਿੰਤੂ ਪ੍ਰੰਤੂ ਨਹੀਂ ਕਰਦਾ। ਉਸ ਦੇ ਅੰਦਰੋਂ ਹਉਮੈ ਖਤਮ ਹੋ ਜਾਂਦੀ ਹੈ ਅਤੇ ਉਹ
ਉਸ ਮਾਲਕ ਦੇ ਹੁਕਮ ਨਾਲ਼ ਇੱਕ ਸੁਰ ਹੋ ਜਾਂਦਾ ਹੈ, ਉਸ ਦੀ ਪਾਲਣਾ ਕਰ ਕੇ ਖੁਸ਼ੀ ਮਹਿਸੂਸ ਕਰਦਾ ਹੈ।
ਉਹ ਸਦਾ ਅਪਣੇ ਮਾਲਕ ਪ੍ਰਤੀ ਪੂਰਨ ਸਤਿਕਾਰ ਅਤੇ ਸ਼ਰਧਾ ਦਾ ਭਾਵ ਰੱਖਦਾ ਹੈ, ਉਸ ਦੀ ਪੂਜਾ ਕਰਦਾ
ਰਹਿੰਦਾ ਹੈ।
ਠਾਕੁਰ ਕੇ ਸੇਵਕੁ ਕੈ ਮਨਿ ਪਰਤੀਤਿ ।। ਠਾਕੁਰ ਕੇ
ਸੇਵਕੁ ਕੀ ਨਿਰਮਲ ਰੀਤਿ ।।
ਪ੍ਰਭੂ ਦੇ ਸੇਵਕ ਨੂੰ ਅਪਣੇ ਮਾਲਕ ਉੱਤੇ ਪੂਰਨ ਭਰੋਸਾ ਹੁੰਦਾ ਹੈ। ਇਸ
ਲਈ ਉਹ ਸਦਾ ਉਸ ਦੇ ਕੀਤੇ ਨੂੰ ਠੀਕ ਸਮਝਦਾ ਹੈ। ਕਦੇ ਕੋਈ ਗਿਲਾ ਸ਼ਿਕਵਾ ਨਹੀਂ ਕਰਦਾ। ਉਸ ਮਾਲਕ ਦੇ ਸੇਵਕ ਦੀ ਰਹਿਤ ਬਹਿਤ. ਉਸ ਦਾ ਜੀਵਨ ਢੰਗ, ਉਸ ਦੀ ਸੋਚ ਸਦਾ ਹੀ ਪਵਿੱਤਰ ਹੁੰਦੇ ਹਨ। ਉਹ ਕਦੇ
ਕੋਈ ਬੁਰਾ ਕੰਮ ਨਹੀਂ ਕਰਦਾ।
ਠਾਕੁਰ ਕਉ ਸੇਵਕੁ ਜਾਨੈ ਸੰਗਿ ।। ਪ੍ਰਭ ਕਾ
ਸੇਵਕੁ ਨਾਮ ਕੈ ਰੰਗਿ ।।
ਇਸ ਤਰਾਂ ਦਾ ਪਰਮ ਸੇਵਕ ਸਦਾ ਇਹ ਮਹਿਸੂਸ ਕਰਦਾ ਹੈ ਕਿ ਮਾਲਕ ਹਰ ਵਕਤ
ਉਸ ਦੇ ਅੰਗ ਸੰਗ ਹੈ, ਕਦੇ ਉਸਦਾ ਸਾਥ ਨਹੀਂ ਛੱਡਦਾ। ਉਹ ਸਦਾ ਹੀ ਪ੍ਰਮਾਤਮਾ ਦੇ ਨਾਮ ਦੇ ਪਿਆਰ ਦੇ
ਰੰਗ ਵਿੱਚ ਰੰਗਿਆ ਰਹਿੰਦਾ ਹੈ।
ਸੇਵਕ ਕਉ ਪ੍ਰਭ ਪਾਲਨਹਾਰਾ ।। ਸੇਵਕ ਕੀ ਰਾਖੈ
ਨਿਰੰਕਾਰਾ ।।
ਅਜਿਹੇ ਸੇਵਕ ਦੀ ਦੇਖ ਭਾਲ਼, ਸਾਂਭ ਸੰਭਾਲ਼ ਪ੍ਰਭੂ ਆਪ ਕਰਦਾ ਹੈ। ਉਸ
ਦੀਆਂ ਲੋੜਾਂ ਦਾ, ਉਸ ਦੇ ਬੁਰੇ ਭਲੇ ਦਾ, ਧਿਆਨ ਉਹ ਆਪ ਰੱਖਦਾ ਹੈ। ਮਾਤਾ ਪਿਤਾ ਦੀ ਤਰਾਂ ਉਸ ਦਾ
ਪਾਲਣ ਕਰਦਾ ਹੈ। ਉਹ ਨਿਰੰਕਾਰ ਪ੍ਰਭੂ ਸਦਾ ਅਪਣੇ ਸੇਵਕ ਦੀ ਪਤਿ ਰੱਖਦਾ ਹੈ, ਕਦੇ ਉਸ ਨੂੰ
ਸ਼ਰਮਿੰਦਗੀ ਦਾ ਮੂੰਹ ਨਹੀਂ ਦੇਖਣ ਦਿੰਦਾ।
ਸੋ ਸੇਵਕੁ ਜਿਸੁ ਦਇਆ ਪ੍ਰਭੁ ਧਾਰੈ ।। ਨਾਨਕ ਸੋ
ਸੇਵਕੁ ਸਾਸਿ ਸਾਸਿ ਸਮਾਰੈ ।। 3 ।।
ਪਰ ਗੁਰੂ ਜੀ ਸਪਸ਼ਟ ਕਰਦੇ ਹਨ ਕਿ ਅਜਿਹਾ ਅਨਿੰਨ ਸੇਵਕ ਹੋਣ ਦਾ ਸੁਭਾਗ
ਉਸ ਜੀਵ ਨੂੰ ਹੀ ਪ੍ਰਾਪਤ ਹੁੰਦਾ ਹੈ ਜਿਸ ਤੇ ਪ੍ਰਭੂ ਆਪ ਅਪਣੀ ਦਯਾ ਦ੍ਰਿਸ਼ਟੀ ਕਰ ਦੇਵੇ। ਉਹ ਸੇਵਕ
ਫਿਰ ਅਪਣੇ ਹਰ ਸਾਹ ਦੇ ਨਾਲ਼ ਪ੍ਰਮਾਤਮਾ ਨੂੰ ਯਾਦ ਕਰਦਾ ਰਹਿੰਦਾ ਹੈ, ਉਸ ਦੇ ਨਾਮ ਦਾ ਸਿਮਰਣ ਕਰਦਾ
ਰਹਿੰਦਾ ਹੈ, ਕਦੇ ਇੱਕ ਪਲ ਲਈ ਵੀ ਉਸ ਨੂੰ ਨਹੀਂ ਭੁੱਲਦਾ।
ਅਪੁਨੇ ਜਨ ਕਾ ਪਰਦਾ ਢਾਕੈ ।। ਅਪਨੇ ਸੇਵਕ ਕੀ
ਸਰਪਰ ਰਾਖੈ ।।
ਵਾਹਿਗੁਰੂ ਆਪ ਅਪਣੇ ਸੇਵਕਾ ਦੇ ਪਰਦੇ ਕੱਜਦਾ ਹੈ। ਉਹ ਅਪਣੇ ਸੇਵਕ ਦੀ
ਕਦੇ ਬੇਪਤੀ ਨਹੀਂ ਹੋਣ ਦਿੰਦਾ, ਉਸ ਨੂੰ ਕਦੇ ਵੀ ਸ਼ਰਮਿੰਦਾ ਨਹੀਂ ਹੋਣ ਦਿੰਦਾ। ਸੇਵਕ ਦੀ ਪਤਿ ਉਹ
ਯਕੀਨਨ ਰੱਖਦਾ ਹੈ।
ਅਪਨੇ ਦਾਸ ਕਉ ਦੇਇ ਵਡਾਈ ।। ਆਪਨੇ ਸੇਵਕ ਕਉ
ਨਾਮੁ ਜਪਾਈ ।।
ਵਾਹਿਗੁਰੂ ਅਪਣੇ ਸੇਵਕ ਨੂੰ ਵਡਿਆਈ ਬਖਸ਼ਦਾ ਹੈ ਜਿਸ ਦੇ ਸਿੱਟੇ ਵਜੋਂ
ਲੋਕ ਉਸ ਦੀ ਇੱਜ਼ਤ ਕਰਦੇ ਹਨ। ਅਪਣੇ ਸੇਵਕ ਤੇ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦੀ ਦਾਤ ਦੀ
ਬਖਸ਼ਿਸ਼ ਕਰਦਾ ਹੈ। ਉਸ ਦੀ ਕਿਰਪਾ ਸਦਕਾ ਉਸ ਦੇ ਸੇਵਕ ਅਪਣਾ ਵੱਧ ਤੋਂ ਵੱਧ ਸਮਾਂ ਨਾਮ ਸਿਮਰਨ ਵਿੱਚ
ਲਗਾਉਂਦੇ ਹਨ।
ਅਪਨੇ ਸੇਵਕ ਕੀ ਆਪਿ ਪਤਿ ਰਾਖੈ ।। ਤਾ ਕੀ ਗਤਿ
ਮਿਤਿ ਕੋਇ ਨ ਲਾਖੈ ।।
ਪ੍ਰਮਾਤਮਾ ਅਪਣੇ ਸੇਵਕ ਦੀ ਆਪ ਪਤਿ ਰੱਖਦਾ ਹੈ। ਈਸ਼ਵਰ ਦੇ ਸੇਵਕ ਦੀ ਆਤਮਿਕ ਅਵਸਥਾ ਅਤੇ
ਸੋਚ ਏਨੀ ਉੱਚੀ ਹੁੰਦੀ ਹੈ ਕਿ ਕੋਈ ਵੀ ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ।
ਪ੍ਰਭ ਕੇ ਸੇਵਕ ਕਉ ਕੋ ਨ ਪਹੂਚੈ ।। ਪ੍ਰਭ ਕੇ ਸੇਵਕ ਊਚ ਤੇ ਊਚੇ ।।
ਪ੍ਰਭੂ ਦੇ ਸੇਵਕ ਦਾ ਰੁਤਬਾ ਏਨਾ ਉੱਚਾ ਹੁੰਦਾ ਹੈ ਕਿ ਉਸ ਤੱਕ ਕੋਈ
ਨਹੀਂ ਪਹੁੰਚ ਸਕਦਾ, ਉਸ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਉਸ ਦੇ ਸੇਵਕ ਤਾਂ ਮਹਾਨ ਤੋਂ ਵੀ ਮਹਾਨ
ਹੁੰਦੇ ਹਨ। ਉਨ੍ਹਾਂ ਜਿੰਨਾ ਮਹਾਨ ਬਣਨਾ ਕਿਸੇ ਹੋਰ ਦੇ ਵਸ ਦੀ ਗੱਲ ਨਹੀਂ।
ਜੋ ਪ੍ਰਭਿ ਅਪਨੀ ਸੇਵਾ ਲਾਇਆ ।। ਨਾਨਕ ਸੋ ਸੇਵਕੁ
ਦਹ ਦਿਸਿ ਪ੍ਰਗਟਾਇਆ ।। 4 ।।
ਗੁਰੂ ਜੀ ਦਾ ਕਥਨ ਹੈ ਕਿ ਜਿਸ ਜੀਵ ਨੂੰ ਪ੍ਰਭੂ ਅਪਣੀ ਕਿਰਪਾ ਕਰ ਕੇ
ਅਪਣੀ ਸੇਵਾ ਵਿੱਚ ਲਾ ਲਵੇ, ਉਸ ਦਾ ਜਸ ਦਸਾਂ ਦਿਸ਼ਾਵਾਂ ਵਿੱਚ ਆਰਥਾਤ ਸਾਰੇ ਸੰਸਾਰ ਵਿੱਚ ਫੈਲ
ਜਾਂਦਾ ਹੈ। ਦੁਨੀਆਂ ਦੇ ਹਰ ਹਿੱਸੇ ਦੇ ਲੋਕ ਉਸ ਦੀ ਪ੍ਰਸ਼ੰਸਾ ਕਰਦੇ ਹਨ। ਉਸ ਦੀ ਸੋਭਾ ਪੂਰੀ ਦੁਨੀਆਂ ਵਿੱਚ ਫੈਲ
ਜਾਂਦੀ ਹੈ। ਉਹ ਜਗਤ ਭਰ ਵਿੱਚ ਜਾਣਿਆਂ ਜਾਣ ਲੱਗ ਪੈਂਦਾ ਹੈ।
ਨੀਕੀ ਕੀਰੀ ਮਹਿ ਕਲ ਰਾਖੈ ।। ਭਸਮ ਕਰੈ ਲਸਕਰ
ਕੋਟਿ ਲਾਖੈ ।।
ਵਾਹਿਗੁਰੂ ਜੇ ਚਾਹੇ ਤਾਂ ਇੱਕ ਛੋਟੀ ਜਿਹੀ ਕੀੜੀ ਨੂੰ ਏਨੀ ਤਕਤ ਬਖਸ਼
ਸਕਦਾ ਹੈ ਕਿ ਉਹ ਲੱਖਾਂ ਕ੍ਰੋੜਾਂ ਦੀ ਫੌਜ ਨੂੰ ਤਬਾਹ ਕਰ ਸਕਦੀ ਹੈ, ਮਿੱਟੀ ਵਿੱਚ ਮਿਲਾ ਸਕਦੀ
ਹੈ, ਸਾੜ ਕੇ ਸੁਆਹ ਕਰ ਸਕਦੀ ਹੈ।।
ਜਿਸ ਕਾ ਸਾਸੁ ਨ ਕਾਢਤ ਆਪਿ ।। ਤਾ ਕਉ ਰਾਖਤ ਦੇ
ਕਰਿ ਹਾਥ ।।
ਜਿਸ ਜੀਵ ਦੇ ਸਾਹ ਈਸ਼ਵਰ ਆਪ ਕੱਢਣੇ ਨਾ ਚਾਹੁੰਦਾ ਹੋਵੇ, ਜਿਸ ਦੀ ਮੌਤ
ਉਹ ਨਾ ਚਾਹੁੰਦਾ ਹੋਵੇ, ਉਸ ਨੂੰ ਉਹ ਆਪ ਅਪਣਾ ਹੱਥ ਦੇ ਕੇ ਮੌਤ ਦੇ ਮੂੰਹ ਵਿੱਚੋ ਵੀ ਕੱਢ ਕੇ ਬਚਾ ਲੈਂਦਾ ਹੈ।
ਮਾਨਸ ਜਤਨ ਕਰਤ ਬਹੁ ਭਾਤਿ ।। ਤਿਸ ਕੇ ਕਰਤਬ
ਬਿਰਥੇ ਜਾਤਿ ।।
ਇਨਸਾਨ ਵੱਡਾ ਬਣਨ ਲਈ, ਨਾਮ ਕਮਾਉਣ ਲਈ, ਜਸ ਖੱਟਣ ਲਈ ਅਨੇਕਾਂ ਕਿਸਮ ਦੇ
ਯਤਨ ਕਰਦਾ ਹੈ ਪਰ ਜੇ ਪ੍ਰਮਾਤਮਾ ਦੀ ਮਿਹਰ ਦੀ ਨਜ਼ਰ ਉਸ ਤੇ ਨਾ ਹੋਵੇ ਤਾਂ ਉਸ ਦੇ ਕੀਤੇ ਸਾਰੇ ਯਤਨ
ਨਿਹਫਲ਼ ਜਾਂਦੇ ਹਨ। ਜੀਵ ਦੇ ਕੀਤੇ ਯਤਨਾਂ ਨੂੰ ਫਲ ਲਾਉਣਾ ਜਾਂ ਨਾ ਲਾਉਣਾ ਪ੍ਰਮਾਤਮਾ ਦੇ ਹੱਥ ਹੈ।
ਮਾਰੈ ਨ ਰਾਖੈ ਅਵਰੁ ਨ ਕੋਇ ।। ਸਰਬ ਜੀਆ ਕਾ
ਰਾਖਾ ਸੋਇ ।।
ਸੰਸਾਰ ਦੀ ਹੋਰ ਕੋਈ ਵੀ ਤਾਕਤ ਜੀਵ ਨੂੰ ਮਾਰਨ ਦੇ ਜਾਂ ਮੌਤ ਤੋਂ ਬਚਾਉਣ
ਦੇ ਸਮਰਥ ਨਹੀਂ। ਸਾਰੇ ਜੀਵਾਂ ਦੀ ਰੱਖਿਆ ਕਰਨ ਵਾਲ਼ਾ ਵਾਹਿਗੁਰੂ ਆਪ ਹੀ ਹੈ।
ਕਾਹਿ ਸੋਚ ਕਰਹਿ ਰੇ ਪ੍ਰਾਣੀ ।। ਜਪਿ ਨਾਨਕ ਪ੍ਰਭ
ਅਲਖ ਵਿਡਾਣੀ ।। 5 ।।
ਗੁਰੂ ਜੀ ਜੀਵ ਨੂੰ ਉਪਦੇਸ਼ ਦਿੰਦੇ ਹਨ ਕਿ ਤੈਨੂੰ ਚਿੰਤਾ ਗ੍ਰਸਤ ਹੋਣ ਦੀ
ਕੋਈ ਲੋੜ ਨਹੀਂ। ਸਭ ਦੀ ਚਿੰਤਾ ਉਸ ਸਿਰਜਣਹਾਰ ਨੂੰ ਹੈ। ਚਿੰਤਾ ਕਰਨੀ ਛੱਡ ਦੇ ਅਤੇ ਉਸ ਅਲੌਕਿਕ
ਸ਼ਕਤੀਆਂ ਦੇ ਮਾਲਕ ਦਾ ਨਾਮ ਜੱਪਣਾ ਸ਼ੁਰੂ ਕਰ ਦੇ ਜਿਸ ਦੇ ਗੁਣਾਂ ਅਤੇ ਸ਼ਕਤੀਆਂ ਨੂੰ ਬਿਆਨ ਕਰਨਾ
ਸੰਭਵ ਨਹੀਂ। ਬੱਸ ਉਸ ਤੇ ਭਰੋਸਾ ਰੱਖ ਕੇ ਉਸ ਦਾ ਨਾਮ ਜੱਪਦਾ ਰਹਿ। ਉਹ ਸਭ ਕੁੱਝ ਆਪੇ ਸੰਭਾਲ਼
ਲਵੇਗਾ।
ਬਾਰੰ ਬਾਰ ਬਾਰ ਪ੍ਰਭੁ ਜਪੀਐ ।। ਪੀ ਅੰਮ੍ਰਿਤੁ
ਇਹੁ ਮਨੁ ਤਨੁ ਧ੍ਰਪੀਐ ।।
ਗੁਰੂ ਜੀ ਜੀਵ ਨੂੰ ਸਿੱਖਿਆ ਦਿੰਦੇ ਹਨ ਕਿ ਉਹ ਹਰ ਪਲ, ਹਰ ਘੜੀ, ਦਿਨ
ਰਾਤ, ਹਰੀ ਨਾਮ ਦੇ ਸਿਮਰਨ ਵਿੱਚ ਜੁੜਿਆ ਰਹੇ, ਵਾਰ ਵਾਰ ਉਸ ਦਾ ਨਾਮ ਜੱਪਦਾ ਰਹੇ। ਇਸ ਤਰਾਂ ਕਰਨ ਨਾਲ਼ ਉਸ ਦਾ ਮਨ ਅਤੇ ਤਨ
ਦੋਵੇਂ ਹੀ ਤ੍ਰਿਪਤ ਹੋ ਜਾਣਗੇ, ਉਸ ਦੀਆਂ ਸਾਰੀਆਂ ਭੁੱਖਾਂ ਮਿਟ ਜਾਣਗੀਆਂ, ਉਸ ਦੀ
ਤ੍ਰਿਸ਼ਨਾ ਦਾ ਖਾਤਮਾ ਹੋ ਜਾਵੇਗਾ।
ਨਾਮ ਰਤਨੁ ਜਿਨਿ ਗੁਰਮੁਖਿ ਪਾਇਆ ।। ਤਿਸੁ ਕਿਛੁ
ਅਵਰੁ ਨਾਹੀ ਦ੍ਰਿਸਟਾਇਆ ।।
ਜਿਸ ਜੀਵ ਨੂੰ ਗੁਰੂ ਦੀ ਆਗਿਆ ਦਾ ਪਾਲਣ ਕਰਨ ਸਦਕਾ ਹਰੀ ਨਾਮ ਰੂਪੀ ਰਤਨ
ਦੀ ਪ੍ਰਾਪਤੀ ਹੋ ਜਾਂਦੀ ਹੈ, ਉਸ ਦੀ ਨਿਗਾਹ ਫਿਰ ਹੋਰ ਕਿਸੇ ਜੀਜ਼ ਉੱਤੇ ਨਹੀਂ ਟਿਕਦੀ। ਉਸ ਦਾ ਹਰੀ
ਨਾਮ ਨਾਲ਼ ਏਨਾ ਪਿਆਰ ਬਣ ਜਾਂਦਾ ਹੈ ਕਿ ਉਸ ਨੂੰ ਫਿਰ ਦੁਨੀਆਂ ਦੀ ਹੋਰ ਕੋਈ ਵਸਤ ਚੰਗੀ ਨਹੀਂ
ਲੱਗਦੀ।
ਨਾਮੁ ਧਨੁ ਨਾਮੋ ਰੂਪੁ ਰੰਗੁ ।। ਨਾਮੋ ਸੁਖੁ ਹਰਿ
ਨਾਮ ਕਾ ਸੰਗੁ ।।
ਨਾਮ ਦਾ ਸਿਮਰਨ ਹੀ ਉਸ ਲਈ ਧਨ ਦੌਲਤ ਬਣ ਜਾਂਦਾ ਹੈ ਅਤੇ ਨਾਮ ਦਾ ਸਿਮਰਨ
ਹੀ ਖੂਬਸੂਰਤੀ ਦਾ ਸੋਮਾ। ਉਸ ਦੇ ਮਨ ਵਿੱਚ ਨਾ ਧਨ ਪ੍ਰਾਪਤੀ ਦੀ ਇੱਛਾ ਰਹਿੰਦੀ ਹੈ ਅਤੇ ਨਾ ਸੁੰਦਰ
ਦਿਸਣ ਦੀ। ਨਾਮ ਦਾ ਸਿਮਰਨ ਹੀ ਉਸ ਲਈ ਸਭ ਸੁਖਾਂ ਦਾ ਸੋਮਾ ਬਣ ਜਾਂਦਾ ਹੈ, ਨਾਮ ਦਾ ਸਿਮਰਨ ਹੀ
ਸਤਿਸੰਗ। ਨਾਮ ਸਿਮਰਨ ਤੋਂ ਬਿਨਾ ਉਸ ਦੇ ਮਨ ਵਿੱਚ ਹੋਰ ਕੋਈ ਤਮੰਨਾ ਨਹੀਂ ਰਹਿੰਦੀ।
ਨਾਮ ਰਸਿ ਜੋ ਜਨ ਤ੍ਰਿਪਤਾਨੇ ।। ਮਨ ਤਨ ਨਾਮਹਿ
ਨਾਮਿ ਸਮਾਨੇ ।।
ਨਾਮ ਸਿਮਰਨ ਦਾ ਰਸ ਮਾਣ ਮਾਣ ਕੇ ਜਿਹੜੇ ਜੀਵ ਤ੍ਰਿਪਤ ਹੋ ਜਾਂਦੇ ਹਨ
ਉਨ੍ਹਾਂ ਦਾ ਮਨ ਅਤੇ ਤਨ ਹਰ ਵਕਤ ਨਾਮ ਸਿਮਰਨ ਦੇ ਵਿੱਚ ਡੁੱਬੇ ਰਹਿੰਦੇ ਹਨ। ਉਨ੍ਹਾਂ ਦੀ ਹੋਰ
ਕਿਸੇ ਚੀਜ਼ ਵਿੱਚ ਕੋਈ ਦਿਲਚਸਪੀ ਨਹੀਂ ਰਹਿੰਦੀ।
ਊਠਤ ਬੈਠਤ ਸੋਵਤ ਨਾਮ ।।ਕਹੁ ਨਾਨਕ ਜਨ ਕੈ ਸਦ
ਕਾਮ ।। 6 ।।
ਉੱਠਦੇ ਬੈਠਦੇ ਸੌਂਦੇ ਜਾਗਦੇ ਹਰ ਵੇਲ਼ੇ ਉਹ ਵਾਹਿਗੁਰੂ ਦਾ ਨਾਮ ਜੱਪਣ
ਵਿੱਚ ਮਸਤ ਰਹਿੰਦੇ ਹਨ। ਗੁਰੂ ਜੀ ਦਾ ਕਥਨ ਹੈ ਕਿ ਉਨ੍ਹਾਂ ਜੀਵਾਂ ਨੂੰ ਕੇਵਲ ਇੱਕ ਹੀ ਕੰਮ ਯਾਦ ਰਹਿ
ਜਾਂਦਾ ਹੈ, ਨਾਮ ਸਿਮਰਨ। ਬਾਕੀ ਸਾਰੇ ਕੰਮ ਉਹ ਭੁੱਲ ਜਾਂਦੇ ਹਨ।
ਬੋਲਹੁ ਜਸੁ ਜਿਹਬਾ ਦਿਨੁ ਰਾਤਿ ।। ਪ੍ਰਭਿ ਅਪਨੈ
ਜਨ ਕੀਨੀ ਦਾਤਿ ।।
ਇਸ ਲਈ ਗੁਰੂ ਜੀ ਨਸੀਹਤ ਕਰਦੇ ਹਨ ਕਿ ਪਿਆਰਿਓ, ਦਿਨ ਰਾਤ, ਹਰ ਵਕਤ
ਅਪਣੀ ਜੀਭ ਨਾਲ਼ ਵਾਹਿਗੁਰੂ ਦੀ ਵਡਿਆਈ ਦੇ ਗੀਤ ਗਾਉਂਦੇ ਰਿਹਾ ਕਰੋ। ਨਾਮ ਸਿਮਰਨ ਸਭ ਤੋਂ ਵੱਡੀ ਦਾਤ
ਹੈ ਜੋ ਪ੍ਰਭੂ ਨੇ ਅਪਣੇ ਦਾਸਾਂ ਨੂੰ ਬਖਸ਼ੀ ਹੈ। ਇੱਕ ਪਲ ਲਈ ਵੀ ਇਸ ਤੋਂ ਵਾਂਝੇ ਨਾ ਰਹੋ।
ਕਰਹਿ ਭਗਤਿ ਆਤਮ ਕੈ ਚਾਇ ।। ਪ੍ਰਭ ਅਪਨੇ ਸਿਉ ਰਹਹਿ ਸਮਾਇ ।।
ਇਸ ਤਰਾਂ ਕਰਨ ਵਾਲ਼ੇ ਜੀਵ ਅਪਣੇ ਮਨ ਦੀ ਗਹਿਰਾਈ ਤੋਂ ਖੁਸ਼ ਹੋ ਕੇ ਚਾਈਂ
ਚਾਈਂ ਪ੍ਰਭੂ ਦੀ ਭਗਤੀ ਕਰਦੇ ਹਨ ਅਤੇ ਅਪਣੇ ਪ੍ਰਭੂ ਦੇ ਨਾਲ਼ ਮਿਲਾਪ ਨੂੰ ਮਾਣਦੇ ਰਹਿੰਦੇ ਹਨ।
ਪ੍ਰਭੂ ਨਾਲ਼ ਮਿਲਾਪ ਉਨ੍ਹਾਂ ਲਈ ਸਭ ਖੁਸ਼ੀਆਂ ਦਾ ਸ੍ਰੋਤ ਬਣ ਜਾਂਦਾ ਹੈ।
ਜੋ ਹੋਆ ਹੋਵਤ ਸੋ ਜਾਨੈ ।। ਪ੍ਰਭ ਅਪਨੇ ਕਾ
ਹੁਕਮੁ ਪਛਾਨੈ ।।
ਉਨ੍ਹਾਂ ਨੂੰ ਭੂਤ, ਵਰਤਮਾਨ ਅਤੇ ਭਵਿੱਖ ਦੀਆਂ ਸਾਰੀਆਂ ਘਟਨਾਵਾਂ ਦਾ
ਗਿਆਨ ਹੋ ਜਾਂਦਾ ਹੈ। ਕੀ ਹੋਇਆ, ਕੀ ਹੋ ਰਿਹਾ ਹੈ ਅਤੇ ਕੀ ਹੋਣ ਵਾਲ਼ਾ ਹੈ, ਸਭ ਉਹ ਜਾਣਦੇ ਹਨ।
ਕੇਵਲ ਇਹ ਹੀ ਨਹੀਂ, ਉਹ ਇਹ ਵੀ ਸਮਝਦੇ ਹਨ ਕਿ ਇਹ ਸਭ ਕੁੱਝ ਪ੍ਰਭੂ ਦੇ ਹੁਕਮ ਅਨੁਸਾਰ ਹੋ ਰਿਹਾ
ਹੈ।
ਤਿਸ ਕੀ ਮਹਿਮਾ ਕਉਨ ਬਖਾਨਉ ।। ਤਿਸ ਕਾ ਗੁਨੁ
ਕਹਿ ਏਕ ਨ ਜਾਨਉ ।।
ਇਸ ਤਰਾਂ ਦੇ ਗੁਰਮੁਖ ਪਿਆਰੇ ਦੀ ਵਡਿਆਈ ਕਰ ਸਕਣਾ ਕਿਸੇ ਦੇ ਵਸ ਦੀ ਗੱਲ
ਨਹੀਂ ਕਿਉਂਕਿ ਉਨ੍ਹਾਂ ਦੀ ਮਹਿਮਾ ਏਨੀ ਉੱਚੀ ਹੁੰਦੀ ਹੈ ਕਿ ਇਸ ਨੂੰ ਬਿਆਨ ਕਰਨਾ ਮੁਮਕਿਨ ਹੀ
ਨਹੀਂ। ਗੁਰੂ ਜੀ ਕਹਿੰਦੇ ਹਨ ਕਿ ਅਜਿਹੇ ਗੁਰਮੁਖ
ਪਿਆਰੇ ਦਾ ਇੱਕ ਗੁਣ ਵੀ ਮੈਂ ਬਿਆਨ ਨਹੀਂ ਕਰ ਸਕਦਾ।
ਆਠ ਪਹਰ ਪ੍ਰਭ ਬਸਹਿ ਹਜੂਰੇ ।। ਕਹੁ ਨਾਨਕ ਸੇਈ ਜਨ ਪੂਰੇ ।। 7 ।।
ਜੋ ਗੁਰਮੁਖ ਪਿਆਰੇ ਇਸ ਤਰਾਂ ਅੱਠੇ ਪਹਿਰ ਹਰੀ ਪ੍ਰਭੂ ਦੀ ਹਜ਼ੂਰੀ ਵਿੱਚ
ਵਿਚਰਦੇ ਹਨ, ਉਸ ਨੂੰ ਹਰ ਵਕਤ ਅਪਣੇ ਪਾਸ ਹਾਜ਼ਰ ਨਾਜ਼ਰ ਸਮਝਦੇ ਹਨ, ਉਹ ਹੀ ਪੂਰਨ ਜਾਂ ਆਦਰਸ਼ ਇਨਸਾਨ
ਹੁੰਦੇ ਹਨ।
ਮਨ ਮੇਰੇ ਤਿਨ ਕੀ ਓਟ ਲੇਹਿ ।। ਮਨੁ ਤਨੁ ਅਪਨਾ
ਤਿਨ ਜਨ ਦੇਹਿ ।।
ਹੇ ਮੇਰੇ ਮਨ, ਤੂੰ ਇਹੋ ਜਿਹੇ ਗੁਰਮੁਖ ਪਿਆਰਿਆਂ ਦੀ ਸ਼ਰਨ ਲੈ। ਅਪਣਾ ਮਨ
ਅਤੇ ਤਨ ਉਨ੍ਹਾਂ ਦੇ ਹਵਾਲੇ ਕਰ ਦੇ। ਉਨ੍ਹਾਂ ਦੀ ਦਿੱਤੀ ਸਿੱਖਿਆ ਤੇ ਚੱਲ ਕੇ ਤੂੰ ਵੀ ਅਪਣਾ ਜੀਵਨ
ਸਫਲ ਕਰ ਸਕਦਾ ਹੈਂ।
ਜਿਨਿ ਜਨਿ ਅਪਨਾ ਪ੍ਰਭੂ ਪਛਾਤਾ ।। ਸੋ ਜਨੁ ਸਰਬ
ਥੋਕ ਕਾ ਦਾਤਾ ।।
ਜਿਸ ਦਾਸ ਨੇ ਅਪਣੇ ਮਾਲਕ ਨੂੰ ਪਹਿਚਾਣ ਲਿਆ ਹੈ, ਜਾਣ ਲਿਆ ਹੈ, ਸਮਝ
ਲਿਆ ਹੈ ਅਤੇ ਉਸ ਦਾ ਸੇਵਕ ਬਣ ਗਿਆ ਹੈ, ਉਹ ਦੂਜੇ ਜੀਵਾਂ ਨੂੰ ਸਾਰੀਆਂ ਦਾਤਾਂ ਦੇਣ ਦੇ ਸਮਰਥ ਹੋ
ਜਾਂਦਾ ਹੈ।
ਤਿਸ ਕੀ ਸਰਨਿ ਸਰਬ ਸੁਖ ਪਾਵਹਿ ।। ਤਿਸ ਕੈ ਦਰਸਿ
ਸਭ ਪਾਪ ਮਿਟਾਵਹਿ ।।
ਉਸ ਦੀ ਸ਼ਰਨ ਵਿੱਚ ਆ ਕੇ ਜੀਵ ਨੂੰ ਸਾਰੇ ਸੁਖਾਂ ਦੀ ਪ੍ਰਾਪਤੀ ਹੋ ਜਾਂਦੀ
ਹੈ। ਉਸ ਦਾ ਦਰਸ਼ਨ ਕਰਨ ਨਾਲ਼ ਜੀਵ ਦੇ ਸਾਰੇ ਪਾਪ ਮਿਟ ਜਾਂਦੇ ਹਨ।
ਅਵਰ ਸਿਆਨਪ ਸਗਲੀ ਛਾਡੁ ।। ਤਿਸੁ ਜਨ ਕੀ ਤੂ
ਸੇਵਾ ਲਾਗੁ ।।
ਹੋਰ ਜੋ ਕੁੱਝ ਤੂੰ ਅਪਣੀ ਸਿਆਣਪ ਨਾਲ਼ ਕਰਦਾ ਫਿਰ ਰਿਹਾ ਹੈਂ, ਛੱਡ ਦੇ।
ਅਪਣੀ ਅਕਲ ਵਰਤ ਕੇ ਤੈਨੂੰ ਕੁੱਝ ਹਾਸਲ ਨਹੀਂ ਹੋ ਸਕਦਾ। ਸੋ ਅਪਣੀ ਅਕਲ ਵਰਤਣੀ ਛੱਡ ਕੇ ਤੂੰ ਉਸ
ਮਹਾਂ ਪੁਰਖ ਦੀ ਸੇਵਾ ਵਿੱਚ ਲੱਗ ਜਾ।
ਆਵਨੁ ਜਾਨੁ ਨ ਹੋਵੀ ਤੇਰਾ ।। ਨਾਨਕ ਤਿਸੁ ਜਨ ਕੇ
ਪੂਜਹੁ ਸਦ ਪੈਰਾ ।। 8 ।। 17 ।।
ਉਸ ਦੀ ਸੇਵਾ ਦੇ ਫਲ਼ ਵਜੋਂ ਤੈਨੂੰ ਮੁਕਤੀ ਪ੍ਰਾਪਤ ਹੋ ਜਾਵੇਗੀ ਅਤੇ
ਤੇਰਾ ਆਵਾ ਗਮਨ ਦਾ ਚੱਕਰ ਖਤਮ ਹੋ ਜਾਵੇਗਾ। ਪ੍ਰਭੂ ਦਾ ਉਹ ਦਾਸ ਪੂਜਣ ਯੋਗ ਹੈ। ਬਾਕੀ ਸਾਰੀਆਂ
ਤਦਬੀਰਾਂ ਤਿਆਗ ਕੇ ਸਦਾ ਉਸ ਦੇ ਪੈਰਾਂ ਨੂੰ ਪੂਜਿਆ ਕਰ। ਇਸ ਨਾਲ਼ ਤੇਰੇ ਮਨ ਦੀਆਂ ਸਾਰੀਆਂ ਮੁਰਾਦਾਂ
ਪੂਰੀਆਂ ਹੋ ਜਾਣਗੀਆਂ।
Comments
Post a Comment