ਅਸਟਪਦੀ - 18

 ਅਸਟਪਦੀ - 18

ਸਲੋਕ ।।

ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ ।।

ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ ।। 1 ।।

ਜਿਸ ਇਨਸਾਨ ਨੇ ਸਤਿ ਪੁਰਖ ਨੂੰ (ਵਾਹਿਗੁਰੂ ਨੂੰ) ਜਾਣ ਲਿਆ ਹੈ, ਸਮਝ ਲਿਆ ਹੈ ਅਤੇ ਪੂਰੀ ਤਰਾਂ ਉਸ ਨੂੰ ਸਮਰਪਿਤ ਹੋ ਗਿਆ ਹੈ, ਉਸ ਨੂੰ ਹੀ ਸਤਿਗੁਰ ਭਾਵ ਸੱਚਾ ਗੁਰੂ ਕਰ ਕੇ ਜਾਣਿਆਂ ਜਾਂਦਾ ਹੈ। ਉਸ ਦੀ ਸੰਗਤ ਕਰਨ ਨਾਲ਼, ਉਸ ਨਾਲ਼ ਰਲ਼ ਕੇ ਹਰੀ ਦੇ ਗੁਣ ਗਾਉਣ ਨਾਲ਼, ਜੀਵ ਦਾ ਉਧਾਰ ਹੋ ਜਾਂਦਾ ਹੈ, ਉਸ ਨੂੰ ਮੁਕਤੀ ਮਿਲ ਜਾਂਦੀ ਹੈ। ਇਸ ਕਰਕੇ, ਐ ਜੀਵ, ਤੂੰ ਵੀ ਅਜਿਹੇ  ਸਤਿਗੁਰ ਦੀ ਸੰਗਤ ਵਿੱਚ ਜਾ ਕੇ ਹਰੀ ਪ੍ਰਭੂ ਦੇ ਗੁਣ ਗਾਇਆ ਕਰ ਤਾਂ ਕਿ ਤੇਰਾ ਵੀ ਪਾਰ ਉਤਾਰਾ ਹੋ ਜਾਵੇ।

ਅਸਟਪਦੀ ।।

ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ ।। ਸੇਵਕ ਕਉ ਗੁਰੁ ਸਦਾ ਦਇਆਲ

ਸੱਚਾ ਗੁਰੂ ਅਪਣੇ ਸ਼ਿਸ਼ ਦੀ ਸਦਾ ਹੀ ਪ੍ਰਤਿਪਾਲ ਕਰਦਾ ਹੈ, ਉਸ ਨੂੰ ਆਤਮਿਕ ਖੁਰਾਕ ਦਿੰਦਾ ਹੈ। ਗੁਰੂ ਅਪਣੇ ਸੇਵਕ ਉੱਤੇ ਸਦਾ ਹੀ ਕਿਰਪਾ ਕਰਦਾ ਹੈ, ਉਸ ਤੇ ਦਯਾ ਕਰ ਕੇ ਉਸ ਨੂੰ ਸਹੀ ਰਸਤਾ ਦਿਖਾ ਕੇ ਉਸ ਨੂੰ ਮੁਕਤੀ ਦੇ ਰਸਤੇ ਤੇ ਤੋਰਦਾ ਹੈ।

ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ ।। ਗੁਰ ਬਚਨੀ ਹਰਿ ਨਾਮੁ ਉਚਰੈ ।।

ਸੱਚਾ ਗੁਰੂ ਅਪਣੇ ਸੇਵਕ ਦੀ ਬੁਰੀ ਮੱਤ ਦੂਰ ਕਰ ਕੇ ਉਸ ਨੂੰ ਚੰਗੀ ਮੱਤ ਦੇ ਕੇ ਉਸ ਨੂੰ ਨੇਕ ਇਨਸਾਨ ਬਣਾਉਂਦਾ ਹੈ। ਗੁਰੂ ਦੇ ਬਚਨ ਮੰਨ ਕੇ, ਉਸ ਦੀ ਸਿੱਖਿਆ ਤੇ ਅਮਲ ਕਰ ਕੇ, ਜੀਵ ਹਰੀ ਦੇ ਨਾਮ ਦਾ ਸਿਮਰਨ ਕਰਨ ਲੱਗ ਪੈਂਦਾ ਹੈ ਜਿਸ ਨਾਲ਼ ਉਸ ਦਾ ਆਤਮਿਕ ਵਿਕਾਸ ਹੁੰਦਾ ਹੈ ਅਤੇ ਉਸ ਦੇ ਪਾਪ ਦੂਰ ਹੋ ਜਾਂਦੇ ਹਨ।

ਸਤਿਗੁਰੁ ਸਿਖ ਕੇ ਬੰਧਨ ਕਾਟੈ ।। ਗੁਰ ਕਾ ਸਿਖੁ ਬਿਕਾਰ ਤੇ ਹਾਟੈ ।।

ਸੱਚਾ ਗੁਰੂ ਅਪਣੇ ਸੇਵਕ ਦੀਆਂ ਉਹ ਜ਼ੰਜੀਰਾਂ ਕੱਟ ਦਿੰਦਾ ਹੈ ਜਿਹੜੀਆਂ ਉਸ ਨੂੰ ਮੁਕਤੀ ਦੇ ਰਾਹ ਤੇ ਚੱਲਣ ਤੋਂ ਰੋਕਦੀਆਂ ਹਨ। ਗੁਰੂ ਅਪਣੇ ਸੇਵਕ ਦੀ ਬੁਰੇ ਕਰਮ ਕਰਨ ਦੀ ਪ੍ਰਵਿਰਤੀ ਨੂੰ ਹਟਾ ਕੇ ਉਸ ਦੀ ਥਾਂ ਸ਼ੁਭ ਕਰਮ ਕਰਨ ਦੀ ਪ੍ਰਵਿਰਤੀ ਪੈਦਾ ਕਰ ਦਿੰਦਾ ਹੈ। ਨਤੀਜੇ ਵਜੋਂ ਸੇਵਕ ਸਾਰੇ ਵਿਕਾਰਾਂ ਤੋਂ ਛੁਟਕਾਰਾ ਪਾ ਲੈਂਦਾ ਹੈ ਅਤੇ ਨੇਕੀ ਦੇ ਰਸਤੇ ਤੇ ਚੱਲ ਪੈਂਦਾ ਹੈ ਅਤੇ ਮੁਕਤੀ ਪ੍ਰਾਪਤ ਕਰ ਲੈਂਦਾ ਹੈ।

ਸਤਿਗੁਰੁ ਸਿਖ ਕਉ ਨਾਮ ਧਨੁ ਦੇਇ ।। ਗੁਰ ਕਾ ਸਿਖੁ ਵਡਭਾਗੀ ਹੇ ।।

ਸੱਚਾ ਗੁਰੂ ਅਪਣੇ ਸੇਵਕ ਤੇ ਨਾਮ ਧਨ ਦੀ ਬਖਸ਼ਿਸ਼ ਕਰ ਦਿੰਦਾ ਹੈ, ਉਸ ਨੂੰ ਨਾਮ ਸਿਮਰਨ ਦੀ ਦਾਤ ਬਖਸ਼ ਦਿੰਦਾ ਹੈ। ਨਾਮ ਸਿਮਰਨ ਜੀਵ ਦਾ ਆਤਮਿਕ ਵਿਕਾਸ ਕਰ ਕੇ ਉਸ ਦੀ ਸੁਖ, ਸ਼ਾਂਤੀ ਅਤੇ ਮੁਕਤੀ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਦਾ ਹੈ। ਇਸ ਲਈ ਸੱਚੇ ਗੁਰੂ ਦਾ ਸੇਵਕ ਵੱਡੇ ਭਾਗਾਂ ਵਾਲ਼ਾ ਹੁੰਦਾ ਹੈ।

ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ ।। ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਵਾਰੈ ।। 1 ।।

ਗੁਰੂ  ਜੀ ਦਾਅਵਾ ਕਰਦੇ ਹਨ ਕਿ ਸੱਚਾ ਗੁਰੂ ਅਪਣੇ ਸੇਵਕ ਦਾ ਲੋਕ ਅਤੇ ਪ੍ਰਲੋਕ ਦੋਵੇਂ ਸੰਵਾਰ ਦਿੰਦਾ ਹੈ। ਉਹ ਸੇਵਕ ਨੂੰ ਨੇਕੀ ਦੇ ਰਸਤੇ ਤੇ ਤੋਰ ਕੇ, ਉਸ ਨੂੰ ਨੇਕ ਇਨਸਾਨ ਬਣਾ ਕੇ, ਉਸ ਦੀ ਇਸ ਜ਼ਿੰਦਗੀ ਨੂੰ ਸੁਖ ਅਤੇ ਸ਼ਾਂਤੀ ਨਾਲ਼ ਭਰਪੂਰ ਕਰ ਦਿੰਦਾ ਹੈ, ਇਸ ਨੂੰ ਸਵਰਗ ਬਣਾ ਦਿੰਦਾ ਹੈ। ਉਸ ਦੀ ਨੇਕੀ ਮੌਤ ਤੋਂ ਬਾਦ ਵੀ ਉਸ ਨੂੰ ਸਹਾਈ ਹੁੰਦੀ ਹੈ, ਉਸ ਦੇ ਜਨਮ ਮਰਨ ਦੇ ਚੱਕਰ ਨੂੰ ਕੱਟ ਕੇ ਉਸ ਨੂੰ ਸਦਾ ਲਈ ਪ੍ਭੂ ਦੇ ਚਰਨਾਂ ਵਿੱਚ ਨਿਵਾਸ ਬਖਸ਼ ਦਿੰਦੀ ਹੈ। ਸੱਚਾ ਗੁਰੂ ਪੂਰੀ ਰੀਝ ਨਾਲ਼ ਅਪਣੇ ਸੇਵਕ ਨੂੰ ਸ਼ੁਭ ਗੁਣਾਂ ਨਾਲ਼ ਸ਼ਿੰਗਾਰ ਦਿੰਦਾ ਹੈ, ਉਸ ਨੂੰ ਸਧਾਰਨ ਮਨੁੱਖ ਤੋਂ ਆਦਰਸ਼ ਮਨੁੱਖ ਬਣਾ ਦਿੰਦਾ ਹੈ।

ਗੁਰ ਕੈ ਗ੍ਰਿਹਿ ਸੇਵਕੁ ਜੋ ਰਹੈ ।। ਗੁਰ ਕੀ ਆਗਿਆ ਮਨ ਮਹਿ ਸਹੈ ।।

ਜਿਹੜਾ ਸੇਵਕ ਗੁਰੂ ਦੇ ਘਰ ਵਿੱਚ ਆ ਕੇ ਵਸ ਜਾਂਦਾ ਹੈ, ਭਾਵ ਅਪਣੇ ਜੀਵਨ ਨੂੰ ਗੁਰੂ ਦੀ ਸਿੱਖਿਆ ਅਨੁਸਾਰ ਢਾਲ਼ ਲੈਂਦਾ ਹੈ, ਗੁਰੂ ਦੀ ਸਿੱਖਿਆ ਨੂੰ ਮਨ ਵਿੱਚ ਵਸਾ ਕੇ ਉਸ ਤੇ ਅਮਲ ਕਰਨ ਲੱਗ ਪੈਂਦਾ ਹੈ,

ਆਪਸ ਕਉ ਕਰਿ ਕਛੁ ਨ ਜਨਾਵੈ ।। ਹਰਿ ਹਰਿ ਨਾਮੁ ਰਿਦੈ ਸਦ ਧਿਆਵੈ ।।

ਜਿਹੜਾ ਸਿੱਖ ਗੁਰੂ ਦੀ ਸਿੱਖਿਆ ਨੂੰ ਮੰਨਦਾ ਹੋਇਆ ਅਪਣੀ ਹਉਮੈ ਨੂੰ ਤਿਆਗ ਕੇ ਜੀਵਨ ਵਿੱਚ ਨਿਮਰਤਾ ਧਾਰਨ ਕਰ ਲੈਂਦਾ ਹੈ, ਅਪਣੇ ਆਪ ਨੂੰ ਵੱਡਾ ਜਾਂ ਤਾਕਤਵਰ ਸਮਝਣਾ ਛੱਡ ਦਿੰਦਾ ਹੈ, ਅਤੇ ਸਦਾ ਹੀ ਅਪਣੇ ਮਨ ਵਿੱਚ ਹਰੀ ਨਾਮ ਦਾ ਸਿਮਰਨ ਕਰਦਾ ਰਹਿੰਦਾ ਹੈ,

ਮਨੁ ਬੇਚੈ ਸਤਿਗੁਰ ਕੈ ਪਾਸਿ ।। ਤਿਸੁ ਸੇਵਕ ਕੇ ਕਾਰਜ ਰਾਸਿ ।।

ਜਿਹੜਾ ਸੇਵਕ ਅਪਣਾ ਮਨ ਪੂਰੀ ਤਰਾਂ ਗੁਰੂ ਦੇ ਹਵਾਲੇ ਕਰ ਦਿੰਦਾ ਹੈ, ਅਪਣੀ ਮੱਤ ਨੂੰ ਤਿਆਗ ਕੇ ਗੁਰੂ ਦੀ ਦਿੱਤੀ ਮੱਤ ਦੇ ਅਨੁਸਾਰ ਜਿਉਣ ਲੱਗ ਪੈਂਦਾ ਹੈ, ਉਸ ਦੇ ਸਾਰੇ ਕਾਰਜ ਸਫਲ ਹੋ ਜਾਂਦੇ ਹਨ, ਉਸ ਦੇ ਕਿਸੇ ਕੰਮ ਵਿੱਚ ਕਦੇ ਵੀ ਕੋਈ ਰੁਕਾਵਟ ਨਹੀਂ ਪੈਂਦੀ

ਸੇਵਾ ਕਰਤ ਹੋਇ ਨਿਹਕਾਮੀ ।। ਤਿਸ ਕਉ ਹੋਤ ਪਰਾਪਤਿ ਸੁਆਮੀ ।।

ਜਿਹੜਾ ਸੇਵਕ ਸਵਾਰਥ ਰਹਿਤ ਹੋ ਕੇ ਅਪਣੇ ਆਪ ਨੂੰ ਗੁਰੂ ਦੀ ਅਤੇ ਇਨਸਾਨੀਅਤ ਦੀ ਸੇਵਾ ਨੂੰ ਸਮਰਪਿਤ ਕਰ ਦਿੰਦਾ ਹੈ, ਉਸ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ, ਉਸ ਦਾ ਪ੍ਰਭੂ ਨਾਲ਼ ਮਿਲਾਪ ਹੋ ਜਾਂਦਾ ਹੈ। 

ਅਪਨੀ ਕ੍ਰਿਪਾ ਜਿਸੁ ਆਪਿ ਕਰੇਇ ।। ਨਾਨਕ ਸੋ ਸੇਵਕੁ ਗੁਰ ਕੀ ਮਤਿ ਲੇਇ ।। 2 ।।

ਪਰ ਗੁਰੂ ਜੀ ਨਾਲ਼ ਹੀ ਇਹ ਵੀ ਕਹਿੰਦੇ ਹਨ ਕਿ ਗੁਰੂ ਦੀ ਦਿੱਤੀ ਮੱਤ ਨੂੰ ਉਹ ਸੇਵਕ ਹੀ ਅਪਣਾਉਂਦਾ ਹੈ ਜਿਸ ਤੇ ਪ੍ਰਮਾਤਮਾ ਆਪ ਅਪਣੀ ਕਿਰਪਾ ਕਰ ਦਿੰਦਾ ਹੈ। ਪ੍ਰਮਾਤਮਾ ਦੀ ਕਿਰਪਾ ਤੋਂ ਬਿਨਾਂ ਗੁਰੂ ਦੇ ਦੱਸੇ ਰਾਹ ਤੇ ਚੱਲਣਾ ਸੰਭਵ ਨਹੀਂ।

ਬੀਸ ਬਿਸਵੇ ਗੁਰ ਕਾ ਮਨੁ ਮਾਨੈ ।। ਸੋ ਸੇਵਕੁ ਪਰਮੇਸੁਰ ਕੀ ਗਤਿ ਜਾਨੈ ।।

ਪ੍ਰਮਾਤਮਾ ਦੀ ਸਮਝ ਉਸ ਸੇਵਕ ਨੂੰ ਹੀ ਆਉਂਦੀ ਹੈ, ਉਸ ਪ੍ਰਭੂ ਨਾਲ਼ ਮਿਲਾਪ ਉਸ ਸੇਵਕ ਦਾ ਹੀ ਹੁੰਦਾ ਹੈ ਜਿਹੜਾ ਗੁਰੂ ਦੀ ਸਿੱਖਿਆ ਨੂੰ ਪੂਰੀ ਤਰਾਂ ਮਨ ਵਿੱਚ ਵਸਾ ਲੈਂਦਾ ਹੈ ਅਤੇ ਉਸ ਤੇ ਸੌ ਫੀ ਸਦੀ ਅਮਲ ਕਰਦਾ ਹੈ। ਮਨ ਵਿੱਚ ਸ਼ੰਕਾ ਰੱਖ ਕੇ ਅੱਧ ਪਚੱਧ ਜਾਂ ਕੇਵਲ ਉੱਪਰਲੇ ਮਨੋ ਗੁਰੂ ਦੀ ਸਿੱਖਿਆ ਤੇ ਚੱਲਣ ਨਾਲ਼ ਕੋਈ ਪ੍ਰਾਪਤੀ ਨਹੀਂ ਹੋ ਸਕਦੀ। ਜਦੋਂ ਸੱਚਾ ਗੁਰੂ ਪੂਰਨ ਤੌਰ ਤੇ ਕਿਸੇ ਸੇਵਕ ਦੀ ਸਾਧਨਾ ਤੇ ਖੁਸ਼ ਹੋ ਜਾਵੇ ਅਤੇ ਉਸ ਦਾ ਹਿਰਦਾ ਪੂਰੀ ਤਰਾਂ ਉਸ ਤੇ ਪਤੀਜ ਜਾਵੇ, ਤਦ ਹੀ ਉਸ ਦਾ ਹਰੀ ਦੇ ਨਾਲ਼ ਮਿਲਾਪ ਹੁੰਦਾ ਹੈ।

ਸੋ ਸਤਿਗੁਰੁ ਜਿਸੁ ਰਿਦੈ ਹਰਿ ਨਾਉ ।। ਅਨਿਕ ਬਾਰ ਗੁਰ ਕਉ ਬਲਿ ਜਾਉ ।।

ਸੱਚਾ ਗੁਰੂ ਉਹ ਹੁੰਦਾ ਹੈ ਜਿਸ ਦੇ ਮਨ ਵਿੱਚ ਹਰ ਪਲ, ਹਰ ਘੜੀ, ਹਰੀ ਪ੍ਰਭੂ ਦਾ ਨਾਮ ਵਸਦਾ ਹੋਵੇ, ਜਿਹੜਾ ਇੱਕ ਛਿਣ ਲਈ ਵੀ ਉਸ ਪ੍ਰਭੂ ਨਾ ਭੁੱਲੇ। ਗੁਰੂ ਜੀ ਕਹਿੰਦੇ ਹਨ ਕਿ ਉਹ ਅਜਿਹੇ ਗੁਰੂ ਤੋਂ ਇੱਕ ਵਾਰ ਨਹੀਂ, ਵਾਰ ਵਾਰ ਕੁਰਬਾਨ ਜਾਂਦੇ ਹਨ।

ਸਰਬ ਨਿਧਾਨ ਜੀਅ ਕਾ ਦਾਤਾ ।। ਆਠ ਪਹਰ ਪਾਰਬ੍ਰਹਮ ਰੰਗਿ ਰਾਤਾ ।।

ਅਜਿਹਾ ਸੱਚਾ ਗੁਰੂ ਸਾਰੇ ਖ਼ਜ਼ਾਨਿਆਂ ਦੀ ਬਖਸ਼ਿਸ਼ ਕਰਨ ਦੇ ਸਮਰਥ ਹੁੰਦਾ ਹੈ ਅਤੇ ਸੇਵਕ ਨੂੰ ਪਹਿਲਾਂ ਨਾਲ਼ੋਂ ਵੱਖਰੀ ਕਿਸਮ ਦੇ, ਇੱਕ ਨਵੇਂ ਕਿਸਮ ਦੇ, ਜੀਵਨ ਦੀ ਦਾਤ ਬਖ਼ਸ਼ਿਸ਼ ਕਰ ਦਿੰਦਾ ਹੈ। ਅਜਿਹਾ ਗੁਰੂ ਆਪ ਵੀ ਅੱਠੇ ਪਹਿਰ ਪਾਰਬ੍ਰਹਮ ਪਰਮੇਸ਼ਰ ਦੇ ਨਾਲ਼ ਜੁੜਿਆ ਰਹਿੰਦਾ ਹੈ, ਉਸ ਦੇ ਪਿਆਰ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ।

ਬ੍ਰਹਮ ਮਹਿ ਜਨੁ ਜਨ ਮਹਿ ਪਾਰਬ੍ਰਹਮੁ ।। ਏਕਹਿ ਆਪਿ ਨਹੀ ਕਛੁ ਭਰਮੁ ।।

ਉਸ ਗੁਰੂ ਵਿੱਚ ਅਤੇ ਪਾਰਬ੍ਰਹਮ ਪਰਮੇਸ਼ਰ ਵਿੱਚ ਕੋਈ ਅੰਤਰ ਨਹੀਂ ਹੁੰਦਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂ ਓਤੇ ਪ੍ਰਮਾਤਮਾ ਦੋਵੇਂ ਇੱਕ ਰੂਪ ਹੁੰਦੇ ਹਨ। ਗੁਰੂ ਪਰਮੇਸ਼ਰ ਅਤੇ ਪਰਮੇਸ਼ਰ ਗੁਰੂ ਹੁੰਦਾ ਹੈ। ਅਰਥਾਤ ਗੁਰੂ ਪਰਮੇਸ਼ਰ ਦਾ ਹੀ ਦੂਜਾ ਰੂਪ ਹੁੰਦਾ ਹੈ।

ਸਹਸ ਸਿਆਨਪ ਲਇਆ ਨ ਜਾਈਐ ।। ਨਾਨਕ ਐਸਾ ਗੁਰੁ ਬਡਭਾਗੀ ਪਾਈਐ ।। 3 ।।

ਇਸ ਤਰਾਂ ਦੇ ਗੁਰੂ ਨੂੰ ਇਨਸਾਨ ਅਪਣੀ ਸਿਆਣਪ ਨਾਲ਼ ਨਹੀਂ ਲੱਭ ਸਕਦਾ ਭਾਵੇਂ ਉਹ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ। ਗੁਰੂ ਜੀ ਸਪਸ਼ਟ ਕਰਦੇ ਹਨ ਕਿ ਅਜਿਹਾ ਗੁਰੂ ਚੰਗੀ ਕਿਸਮਤ ਦੇ ਸਿੱਟੇ ਵਜੋਂ ਹੀ ਮਿਲਦਾ ਹੈ।

ਸਫਲ ਦਰਸਨੁ ਪੇਖਤ ਪੁਨੀਤ ।। ਪਰਸਤ ਚਰਨ ਗਤਿ ਨਿਰਮਲ ਰੀਤਿ ।।

ਅਜਿਹੇ ਗੁਰੂ ਦੇ ਦਰਸ਼ਨ ਸਫਲ ਹੁੰਦੇ ਹਨ। ਉਸ ਦੇ ਦਰਸ਼ਨ ਕਰਨ ਨਾਲ਼ ਹੀ ਜੀਵਨ ਸਫਲ ਹੋ ਜਾਂਦਾ ਹੈ, ਮਨ ਪਵਿੱਤਰ ਹੋ ਜਾਂਦਾ ਹੈਉਸ ਦੇ ਪੈਰ ਛੂਹਣ ਨਾਲ਼ ਇਨਸਾਨ ਦਾ ਜੀਵਨ ਤਰੀਕਾ ਪਵਿੱਤਰ ਹੋ ਜਾਂਦਾ ਹੈ ਅਤੇ ਉਹ ਮੁਕਤੀ ਦਾ ਪਾਤਰ ਬਣ ਜਾਂਦਾ ਹੈ।

ਭੇਟਤ ਸੰਗਿ ਰਾਮ ਗੁਨ ਰਵੇ ।। ਪਾਰਬ੍ਰਹਮ ਕੀ ਦਰਗਹ ਗਵੇ।।

ਉਸ ਗੁਰੂ ਨੂੰ ਮਿਲ ਕੇ, ਉਸ ਦੀ ਸੰਗਤ ਕਰ ਕੇ, ਇਨਸਾਨ ਪ੍ਰਮਾਤਮਾ ਦੇ ਗੁਣ ਗਾਉਣੇ ਸਿੱਖ ਲੈਂਦਾ ਹੈ ਜਿਸ ਦੇ ਸਿੱਟੇ ਵਜੋਂ ਉਸ ਲਈ ਪਾਰਬ੍ਰਹਮ ਦੀ ਦਰਗਾਹ ਦਾ ਰਸਤਾ ਖੁੱਲ੍ਹ ਜਾਂਦਾ ਹੈ, ਉਹ ਪ੍ਮਾਤਮਾ ਨਾਲ਼ ਮਿਲਾਪ ਦਾ ਪਾਤਰ ਬਣ ਜਾਂਦਾ ਹੈ।

ਸੁਨਿ ਕਰਿ ਬਚਨ ਕਰਨ ਆਘਾਨੇ ।। ਮਨਿ ਸੰਤੋਖੁ ਆਤਮ ਪਤੀਆਨੇ ।।

ਉਸ ਗੁਰੂ ਦਾ ਉਪਦੇਸ਼ ਸੁਣ ਕੇ ਕੰਨ ਤ੍ਰਿਪਤ ਹੋ ਜਾਂਦੇ ਹਨ, ਮਨ ਨੂੰ ਸੰਤੋਖ ਆ ਜਾਂਦਾ ਹੈ ਅਤੇ ਆਤਮਾ ਰੱਜ ਜਾਂਦੀ ਹੈ ਅਤੇ ਮਨ ਉਸ ਹਰੀ ਦੇ ਪਿਆਰ ਨਾਲ਼ ਭਰ ਜਾਂਦਾ ਹੈਉਸ ਨੂੰ ਮਿਲ ਕੇ ਜੀਵ ਦੀਆਂ ਸਾਰੀਆਂ ਤ੍ਰਿਸ਼ਨਾਵਾਂ ਖਤਮ ਹੋ ਜਾਂਦੀਆਂ ਹਨ, ਸਿਰਫ ਪ੍ਰਭੂ ਦਾ ਪਿਆਰ ਬਾਕੀ ਰਹਿ ਜਾਂਦਾ ਹੈ।

ਪੂਰਾ ਗੁਰੁ ਅਖ੍ਯਓ ਜਾ ਕਾ ਮੰਤ੍ਰ ।। ਅੰਮ੍ਰਿਤ ਦ੍ਰਿਸਟਿ ਪੇਖੈ ਹੋਇ ਸੰਤ ।।

ਹਾਂ, ਪੂਰੇ ਗੁਰੂ ਦਾ ਬਖਸ਼ਿਸ਼ ਕੀਤਾ ਗੁਰਮੰਤਰ ਅਖਯ ਹੈ, ਕਦੇ ਨਸ਼ਟ ਨਾ ਹੋਣ ਵਾਲ਼ਾ ਹੈ। ਉਹ ਕਦੇ ਵੀ ਅਪਣਾ ਨਿਸ਼ਾਨਾ ਪ੍ਰਾਪਤ ਕਰਨ ਵਿੱਚ ਅਸਫਲ ਨਹੀਂ ਹੁੰਦਾ। ਪੂਰੇ ਗੁਰੂ ਦੀ ਦ੍ਰਿਸ਼ਟੀ ਅੰਮ੍ਰਿਤ ਦਾ ਰੂਪ ਹੁੰਦੀ ਹੈ। ਜਿਸ ਜੀਵ ਨੂੰ ਉਹ ਮਿਹਰ ਭਰੀ ਨਜ਼ਰ ਨਾਲ਼ ਦੇਖ ਲਵੇ ਉਹ ਜੀਵ ਸੰਤ ਬਣ ਜਾਂਦਾ ਹੈ।

ਗੁਣ ਬਿਅੰਤ ਕੀਮਤਿ ਨਹੀ ਪਾਇ ।। ਨਾਨਕ ਜਿਸੁ ਭਾਵੈ ਤਿਸੁ ਲਏ ਮਿਲਾਇ ।। 4 ।।

ਇਹੋ ਜਿਹਾ ਗੁਰੂ ਬੇਅੰਤ ਗੁਣਾਂ ਦਾ ਮਾਲਕ ਹੁੰਦਾ ਹੈ। ਉਸ ਦੇ ਗੁਣਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ।  ਗੁਰੂ ਜੀ ਦੇ ਬਚਨ ਹਨ ਕਿ ਜੀਵ ਨੂੰ ਇਸ ਤਰਾਂ ਦਾ ਪੂਰਾ ਗੁਰੂ ਪ੍ਰਮਾਤਮਾ ਦੀ ਦਯਾ ਨਾਲ਼ ਹੀ ਪ੍ਰਾਪਤ ਹੁੰਦਾ ਹੈ। ਜਿਸ ਨੂੰ ਵਾਹਿਗੁਰੂ ਚਾਹੇ, ਅਜਿਹਾ ਪੂਰਾ ਗੁਰੂ ਮਿਲਾ ਦਿੰਦਾ ਹੈ।

ਜਿਹਬਾ ਏਕ ਉਸਤਤਿ ਅਨੇਕ ।। ਸਤਿ ਪੁਰਖ ਪੂਰਨ ਬਿਬੇਕ ।।

ਮੇਰੀ ਜੀਭ ਇੱਕ ਹੈ ਅਤੇ ਉਸ ਪ੍ਰਭੂ ਦੇ ਗੁਣ ਅਨੇਕ ਹਨ। ਇਸ ਲਈ ਮੇਰੇ ਲਈ ਉਸ ਦੇ ਸਾਰੇ ਗੁਣਾਂ ਦਾ ਗਾਇਨ ਕਰਨਾ ਸੰਭਵ ਨਹੀਂ। ਉਹ ਪ੍ਰਭੂ ਸਤਿ ਸਰੂਪ ਹੈ, ਸਦੀਵੀ ਹੈ। ਉਸ ਵਿੱਚ ਕੋਈ ਕਮੀ ਨਹੀਂ। ਉਹ ਗਿਆਨ ਸਰੂਪ ਹੈ, ਗਿਆਨ ਦੀ ਮੂਰਤ ਹੈ, ਸੰਪੂਰਨ ਗਿਆਨ ਦਾ ਮਾਲਕ ਹੈ।

ਕਾਹੂ ਬੋਲ ਨ ਪਹੁਚਤ ਪ੍ਰਾਨੀ ।। ਅਗਮ ਅਗੋਚਰ ਪ੍ਰਭ ਨਿਰਬਾਨੀ ।।

ਇਨਸਾਨ ਲਈ ਅਪਣੇ ਬੋਲਾਂ ਰਾਹੀਂ ਉਸ ਦੇ ਸਾਰੇ ਗੁਣਾਂ ਨੂੰ ਬਿਆਨ ਕਰਨਾ ਸੰਭਵ ਨਹੀਂ। ਉਹ ਮਨੁੱਖੀ ਭਾਸ਼ਾ ਦੀ ਸਮਰਥਾ ਤੋਂ ਬਾਹਰ ਹੈ। ਉਹ ਪ੍ਰਭੂ ਨਿਰਗੁਣ ਹੈ। ਇਸ ਲਈ ਉਹ ਸਾਡੇ ਗਿਆਨ ਇੰਦਰਿਆਂ, ਸਾਡੀ ਬੁੱਧੀ ਅਤੇ ਕਲਪਨਾ ਦੀ ਪਹੁੰਚ ਤੋਂ ਬਾਹਰ ਹੈ। ਅਸੀਂ ਨਾ ਉਸ ਨੂੰ ਵੇਖ ਸਕਦੇ ਹਾਂ, ਨਾ ਸੁਣ ਸਕਦੇ ਹਾਂ, ਨਾ ਸੁੰਘ ਸਕਦੇ ਹਾਂ, ਨਾ ਸਪਰਸ਼ ਕਰ ਸਕਦੇ ਹਾਂ ਅਤੇ ਨਾ ਚਖ ਕੇ ਉਸ ਦੇ ਸੁਆਦ ਦਾ ਅਨੁਭਵ ਕਰ ਸਕਦੇ ਹਾਂ।

ਨਿਰਾਹਾਰ ਨਿਰਵੈਰ ਸੁਖਦਾਈ ।। ਤਾ ਕੀ ਕੀਮਤਿ ਕਿਨੈ ਨ ਪਾਈ ।।

ਉਹ ਨਿਰਾਹਾਰ ਹੈ। ਅਪਣੀ ਹੋਂਦ ਨੂੰ ਕਾਇਮ ਰੱਖਣ ਲਈ ਉਸ ਨੂੰ ਸਾਡੇ ਵਾਂਗ ਕੁੱਝ ਖਾਣ ਪੀਣ ਦੀ ਲੋੜ ਨਹੀਂ ਪੈਂਦੀ। ਉਹ ਕਿਸੇ ਨਾਲ਼ ਵੈਰ ਨਹੀਂ ਰੱਖਦਾ। ਨਿਰਵੈਰ ਹੋਣ ਕਰਕੇ ਉਹ ਕਦੇ ਕਿਸੇ ਨੂੰ ਦੁੱਖ ਨਹੀਂ ਦਿੰਦਾ। ਉਹ ਤਾਂ ਸਗੋਂ ਸਭ ਨੂੰ ਸਦਾ ਸੁਖ ਦੇਣ ਵਾਲ਼ਾ ਹੈ। ਉਸ ਦੀਆਂ ਦਾਤਾਂ ਦੀ ਅਤੇ ਉਸ ਦੇ ਗੁਣਾਂ ਦੀ ਅੱਜ ਤੱਕ ਕੋਈ ਵੀ ਕੀਮਤ ਨਹੀਂ ਪਾ ਸਕਿਆ। ਜੀਵ ਉਸ ਦੀਆਂ ਦਿੱਤੀਆਂ ਦਾਤਾਂ ਦੇ ਮਹੱਤਵ ਨੂੰ ਨਹੀਂ ਸਮਝਦਾ। ਏਨਾ ਕੁੱਝ ਪ੍ਰਾਪਤ ਕਰਨ ਦੇ ਬਾਵਜੂਦ ਵੀ ਉਹ ਅਸੰਤੁਸ਼ਟ ਹੀ ਰਹਿੰਦਾ ਹੈ। ਜੀਵ ਦੀ ਬੁੱਧੀ ਵੀ ਉਸ ਦਾਤੇ ਦੇ ਗੁਣਾਂ ਦੀ ਮਹਾਨਤਾ ਨੂੰ ਸਮਝਣ ਦੇ ਸਮਰਥ ਨਹੀਂ।

ਅਨਿਕ ਭਗਤ ਬੰਦਨ ਨਿਤ ਕਰਹਿ ।। ਚਰਨ ਕਮਲ ਹਿਰਦੈ ਸਿਮਰਹਿ ।।

ਅਣਗਿਣਤ ਭਗਤ ਹਨ ਜਿਹੜੇ ਹਰ ਰੋਜ਼ ਉਸ ਅੱਗੇ ਸਿਰ ਨਿਵਾਉਂਦੇ ਹਨ, ਉਸ ਨੂੰ ਮੱਥਾ ਟੇਕਦੇ ਹਨ ਅਤੇ ਉਸ ਦੇ ਚਰਨਾ ਕਮਲਾਂ ਦਾ ਧਿਆਨ ਅਪਣੇ ਹਿਰਦੇ ਵਿੱਚ ਵਸਾਈ ਰੱਖਦੇ ਹਨ, ਸਦਾ ਉਸ ਦੇ ਨਾਮ ਦਾ ਸਿਮਰਨ ਕਰਦੇ ਰਹਿੰਦੇ ਹਨ।

ਸਦ ਬਲਿਹਾਰੀ ਸਤਿਗੁਰ ਅਪਨੇ ।। ਨਾਨਕ ਜਿਸੁ ਪ੍ਰਸਾਦਿ ਐਸਾ ਪ੍ਰਭ ਜਪਨੇ ।। 5 ।।

ਗੁਰੂ ਜੀ ਅਪਣੇ ਗੁਰੂ ਤੋਂ ਕੁਰਬਾਨ ਜਾਂਦੇ ਹਨ ਜਿਸ ਦੀ ਕਿਰਪਾ ਨਾਲ਼ ਉਹ ਏਹੋ ਜਿਹੇ ਸਰਬ ਵਿਆਪਕ, ਸਰਬ ਦਾਤਾ ਅਤੇ ਸਰਬ ਕ੍ਰਿਪਾਲੂ ਪ੍ਰਭੂ ਦਾ ਨਾਮ ਜੱਪਣ ਦੀ ਸਮਝ ਹਾਸਲ ਕਰ ਸਕੇ ਹਨ

ਇਹੁ ਹਰਿ ਰਸੁ ਪਾਵੈ ਜਨ ਜਨੁ ਕੋਇ ।। ਅੰਮ੍ਰਿਤੁ ਪੀਵੈ ਅਮਰੁ ਸੋ ਹੋਇ ।।

ਹਰੀ ਦੇ ਨਾਮ ਨੂੰ ਜੱਪਣ ਦਾ ਅਤੇ ਉਸ ਦਾ ਅਨੰਦ ਮਾਨਣ ਦਾ ਇਹ ਸੁਭਾਗ ਕਿਸੇ ਕਿਸੇ ਨੂੰ ਹੀ ਪ੍ਰਾਪਤ ਹੁੰਦਾ ਹੈ। ਪਰ ਜਿਹੜਾ ਇਸ ਅੰਮ੍ਰਿਤ ਨੂੰ ਪੀ ਲੈਂਦਾ ਹੈ, ਉਹ ਅਮਰ ਹੋ ਜਾਂਦਾ ਹੈ।

ਉਸੁ ਪੁਰਖ ਕਾ ਨਾਹੀ ਕਦੇ ਬਿਨਾਸ ।। ਜਾ ਕੈ ਮਨਿ ਪ੍ਰਗਟੇ ਗੁਨਤਾਸ ।।

ਜਿਸ ਜੀਵ ਦੇ ਮਨ ਵਿੱਚ ਗੁਣਾਂ ਦਾ ਇਹ ਖ਼ਜ਼ਾਨਾ (ਹਰੀ ਦਾ ਨਾਮ) ਆ ਵਸਦਾ ਹੈ, ਉਸ ਦਾ ਕਦੇ ਵਿਨਾਸ ਨਹੀਂ ਹੋ ਸਕਦਾ।

ਆਠ ਪਹਰ ਹਰਿ ਕਾ ਨਾਮੁ ਲੇਇ ।। ਸਚੁ ਉਪਦੇਸੁ ਸੇਵਕ ਕਉ ਦੇਇ ।।

ਜਿਹੜਾ ਗੁਰੂ ਆਪ ਦਿਨ ਰਾਤ (ਅੱਠੇ ਪਹਿਰ) ਹਰੀ ਦੇ ਨਾਮ ਦਾ ਸਿਮਰਨ ਕਰਦਾ ਰਹਿੰਦਾ ਹੈ ਅਤੇ ਅਪਣੇ ਸੇਵਕ ਨੂੰ ਸਦੀਵ ਕਾਲ਼ ਰਹਿਣ ਵਾਲ਼ੇ ਪ੍ਰਮਾਤਮਾ ਦਾ ਨਾਮ ਸਿਮਰਨ ਦਾ (ਸਚੁ ਦਾ) ਉਪਦੇਸ਼ ਦਿੰਦਾ ਹੈ,

ਮੋਹ ਮਾਇਆ ਕੈ ਸੰਗਿ ਨ ਲੇਪੁ ।। ਮਨ ਮਹਿ ਰਾਖੈ ਹਰਿ ਹਰਿ ਏਕੁ ।।

ਜਿਹੜਾ ਗੁਰੂ ਮੋਹ ਮਾਇਆ ਦੀ ਲਪੇਟ ਵਿੱਚ ਨਹੀਂ ਆਉਂਦਾ ਅਤੇ ਕੇਵਲ ਹਰੀ ਦੇ ਨਾਮ ਨੂੰ ਹੀ ਅਪਣੇ ਮਨ ਵਿੱਚ ਵਸਾ ਕੋ ਰੱਖਦਾ ਹੈ,

ਅੰਧਕਾਰ ਦੀਪਕ ਪਰਗਾਸੇ ।ਨਾਨਕ ਭਰਮ ਮੋਹ ਦੁੱਖ ਤਹ ਤੇ ਨਾਸੇ ।। 6 ।।

ਅਜਿਹਾ ਗੁਰੂ ਹਨ੍ਹੇਰੇ ਵਿੱਚ ਬਲ਼ ਰਹੇ ਦੀਵੇ ਦੀ ਤਰਾਂ ਹੁੰਦਾ ਹੈ। ਉਹ ਅਗਿਆਨਤਾ ਵਿੱਚ ਭਟਕਦੀ ਮਨੁੱਖਤਾ ਨੂੰ ਗਿਆਨ ਦਾ ਚਾਨਣ ਪ੍ਰਦਾਨ ਕਰਦਾ ਹੈ ਅਤੇ ਮਨਾਂ ਵਿੱਚ ਵਸੇ ਹਨ੍ਹੇਰੇ ਨੂੰ ਦੂਰ ਕਰਦਾ ਹੈ। ਉਸ ਗੁਰੂ ਦੇ ਉਪਦੇਸ਼ ਤੇ ਅਮਲ ਕਰਨ ਵਾਲ਼ਾ ਜੀਵ ਕਦੇ ਵੀ ਨਿਰਾਧਾਰ ਭੁਲੇਖਿਆਂ ਦਾ ਅਤੇ ਪਦਾਰਥਿਕ ਮੋਹ ਦਾ ਸ਼ਿਕਾਰ ਨਹੀਂ ਹੁੰਦਾ। ਉਸ ਦੇ ਜੀਵਨ ਵਿੱਚ ਦੁੱਖ ਕਦੇ ਪੈਰ ਨਹੀਂ ਧਰਦੇ, ਉਸ ਨੂੰ ਦੇਖ ਕੇ ਹੀ ਦੂਰ ਨੱਸ ਜਾਂਦੇ ਹਨ।

ਤਪਤਿ ਮਾਹਿ ਠਾਢਿ ਵਰਤਾਈ ।। ਅਨਦੁ ਭਇਆ ਦੁਖ ਨਾਠੇ ਭਾਈ ।।

ਹੇ ਭਾਈ, ਅਜਿਹੇ ਪਰਮ ਪੁਰਖ ਸਤਿਗੁਰੂ ਨੇ ਅਪਣੀ ਸਿੱਖਿਆ ਨਾਲ ਸਾਡੇ ਤਪਦੇ ਅੰਦਰ ਨੂੰ ਸ਼ਾਂਤ ਕਰ ਦਿੱਤਾ ਹੈ, ਠੰਢ ਵਰਤਾ ਦਿੱਤੀ ਹੈ। ਸਾਡੇ ਸਾਰੇ ਦੁੱਖ ਦੂਰ ਹੋ ਗਏ ਹਨ, ਦੌੜ ਗਏ ਹਨ ਅਤੇ ਮਨ ਵਿੱਚ ਅਨੰਦ ਹੀ ਅਨੰਦ ਛਾ ਗਿਆ ਹੈ।

ਜਨਮ ਮਰਨ ਕੇ ਮਿਟੇ ਅੰਦੇਸੇ ।। ਸਾਧੂ ਕੇ ਪੂਰਨ ਉਪਦੇਸੇ ।।

ਅਜਿਹੇ ਸਤਿਗੁਰੂ ਦੇ ਉਪਦੇਸ਼ ਨਾਲ਼ ਸਾਡੇ ਜਨਮ ਮਰਨ ਦੇ ਸਾਰੇ ਡਰ ਦੂਰ ਹੋ ਗਏ ਹਨ। ਯਕੀਨ ਹੋ ਗਿਆ ਹੈ ਕਿ ਜੋ ਹੋਣਾ ਹੈ ਉਸ ਪ੍ਰਭੂ ਦੀ ਇੱਛਾ ਅਨੁਸਾਰ ਹੋਣਾ ਹੈ। ਉਸ ਨੂੰ ਕੋਈ ਰੋਕ ਨਹੀਂ ਸਕਦਾ। ਉਸ ਨੂੰ ਕੇਵਲ ਹਸ ਕੇ ਪ੍ਰਵਾਨ ਕਰਨਾ ਹੈ।

ਭਉ ਚੂਕਾ ਨਿਰਭਉ ਹੋਇ ਬਸੇ ।। ਸਗਲ ਬਿਆਧਿ ਮਨ ਤੇ ਖੈ ਨਸੇ ।।

ਡਰ ਖਤਮ ਹੋ ਗਿਆ ਹੈ। ਹੁਣ ਜੀਵਨ ਸੌਖਾ, ਡਰ ਰਹਿਤ ਹੋ ਗਿਆ ਹੈ। ਕਿਸੇ ਵੀ ਸੰਭਾਵਨਾ ਤੋਂ ਡਰ ਨਹੀਂ ਲੱਗਦਾ। ਸਾਰੇ ਦੁੱਖ ਨਸ਼ਟ ਹੋ ਗਏ ਹਨ, ਜੀਵਨ ਵਿੱਚੋਂ ਨਿਕਲ਼ ਗਏ ਹਨ, ਮਨ ਤੋਂ ਉਨ੍ਹਾਂ ਦਾ ਡਰ ਦੂਰ ਹੋ ਗਿਆ ਹੈ।

ਜਿਸ ਕਾ ਸਾ ਤਿਨਿ ਕਿਰਪਾ ਧਾਰੀ ।। ਸਾਧਸੰਗਿ ਜਪਿ ਨਾਮੁ ਮੁਰਾਰੀ ।।

ਜਿਸ ਪਿਤਾ ਦੇ ਅਸੀਂ ਬੱਚੇ ਹਾਂ, ਉਸ ਨੇ ਸਾਡੇ ਤੇ ਕਿਰਪਾ ਕਰ ਦਿੱਤੀ ਹੈ ਜਿਸ ਦੇ ਫਲ਼ਸਰੂਪ ਅਸੀਂ ਸੰਤਾਂ ਦੀ ਸੰਗਤ ਵਿੱਚ ਆ ਕੇ ਵਾਹਿਗੁਰੂ ਦਾ ਨਾਮ ਸਿਮਰਨ ਕਰਨ ਲੱਗ ਪਏ ਹਾਂ।

ਥਿਤਿ ਪਾਈ ਚੂਕੇ ਭ੍ਰਮ ਗਵਨ ।। ਸੁਨਿ ਨਾਨਕ ਹਰਿ ਹਰਿ ਜਸੁ ਸ੍ਰਵਨ ।। 7 ।।

ਸੰਤਾਂ ਦੀ ਸੰਗਤ ਵਿੱਚ ਕੰਨਾਂ ਨਾਲ਼ ਹਰੀ ਦਾ ਜਸ ਸੁਣਨ ਨਾਲ਼ ਅਤੇ ਉਨ੍ਹਾਂ ਦੀ ਸੰਗਤ ਸਦਕਾ ਨਾਮ ਜੱਪਣ ਨਾਲ਼ ਸਾਡੇ ਸਾਰੇ ਭਰਮ ਭੁਲੇਖੇ ਦੂਰ  ਹੋ ਗਏ ਹਨ, ਆਉਣ ਜਾਣ ਦਾ ਡਰ ਨਹੀਂ ਰਿਹਾ ਅਤੇ ਸਾਡਾ ਮਨ ਅਡੋਲ ਅਵਸਥਾ ਵਿੱਚ ਪਹੁੰਚ ਗਿਆ ਹੈਇਸ ਤਰਾਂ ਗੁਰੂ ਜੀ ਪੂਰਨ ਸਤਿਗੁਰ ਦੀ ਸੰਗਤ ਦਾ ਜੀਵ ਦੇ ਜੀਵਨ ਉੱਤੇ ਸ਼ੁਭ ਪ੍ਰਭਾਵ ਬਿਆਨ ਕਰਦੇ ਹਨ।

ਨਿਰਗੁਨੁ ਆਪਿ ਸਰਗੁਨੁ ਭੀ ਓਹੀ ।। ਕਲਾ ਧਾਰਿ ਜਿਨਿ ਸਗਲੀ ਮੋਹੀ ।।

ਪ੍ਰਮਾਤਮਾ ਹੀ ਨਿਰਗੁਣ ਹੈ ਤੇ ਉਹ ਹੀ ਸਰਗੁਣ ਹੈ। ਨਿਰਗੁਣ ਰੂਪ ਵਿੱਚ ਉਹ ਸਾਡੇ ਗਿਆਨ ਇੰਦਰਿਆਂ ਦੀ ਪਹੁੰਚ ਤੋਂ ਬਾਹਰ ਹੈ। ਸਰਗੁਣ ਰੂਪ ਵਿੱਚ ਸੰਸਾਰ ਦੇ ਸਾਰੇ ਜੀਵਾਂ ਅਤੇ ਜੜ੍ਹ ਪਦਾਰਥਾਂ ਵਿੱਚ ਵੱਸਿਆ ਹੋਇਆ ਹੈ। ਜੋ ਕੁੱਝ ਸਾਨੂੰ ਦਿਖਾਈ ਦਿੰਦਾ ਹੈ, ਉਸੇ ਦਾ ਰੂਪ ਹੈ। ਉਸ ਨੇ ਅਪਣੀ ਸ਼ਕਤੀ ਦੀ ਵਰਤੋਂ ਕਰਦੇ ਹੋਏ ਸਰਗੁਣ ਰੂਪ ਧਾਰਨ ਕਰ ਲਿਆ ਹੈ ਅਤੇ ਇਸ ਰੂਪ ਵਿੱਚ ਸਭ ਜੀਵਾਂ ਨੂੰ ਮੋਹਿਤ ਕਰ ਲਿਆ ਹੈ

ਅਪਨੇ ਚਰਿਤ ਪ੍ਰਭਿ ਆਪਿ ਬਨਾਏ ।। ਅਪੁਨੀ ਕੀਮਤਿ ਆਪੇ ਪਾਏ ।।

ਇਹ ਸਾਰਾ ਖੇਲ੍ਹ ਤਮਾਸ਼ਾ ਵਾਹਿਗੁਰੂ ਦਾ ਅਪਣਾ ਹੀ ਰਚਿਆ ਹੋਇਆ ਹੈ। ਇਸ ਦੀ ਸਾਰੀ ਵਿਉਂਤ ਉਸ ਨੇ ਅਪਣੀ ਖੁਸ਼ੀ ਨਾਲ਼ ਅਪਣੀ ਇੱਛਾ ਅਨੁਸਾਰ ਬਣਾਈ ਹੈ। ਆਪ ਹੀ ਸਰਗੁਣ ਰੂਪ ਧਾਰ ਕੇ ਉਹ ਅਪਣੀ ਰਚਨਾ ਦੀ ਕੀਮਤ ਪਾ ਰਿਹਾ ਹੈ।

ਹਰਿ ਬਿਨੁ ਦੂਜਾ ਨਾਹੀ ਕੋਇ ।। ਸਰਬ ਨਿਰੰਤਰਿ ਏਕੋ ਸੋਇ ।।

ਸ੍ਰਿਸ਼ਟੀ ਵਿੱਚ ਉਸ ਤੋਂ ਬਿਨਾਂ ਹੋਰ ਕੋਈ ਹੈ ਹੀ ਨਹੀਂ। ਦ੍ਰਿਸ਼ਟ ਅਨਦ੍ਰਿਸ਼ਟ ਸਭ ਉਹ ਆਪ ਹੀ ਹੈ। ਉਹ ਸਰਬ ਵਿਆਪਕ ਹੈ ਅਤੇ ਉਸ ਦੀ ਹੋਂਦ ਲਗਾਤਾਰ, ਨਿਰੰਤਰ, ਬਣੀ ਰਹਿਂਦੀ ਹੈ। ਕੋਈ ਪਲ ਨਹੀਂ ਹੁੰਦਾ ਜਦੋਂ ਉਹ ਇਸ ਸੰਸਾਰ ਦੀ ਹਰ ਸ਼ੈ ਵਿੱਚ ਵਿਆਪ ਨਾ ਰਿਹਾ ਹੋਵੇ।

ਓਤਿ ਪੋਤਿ ਰਵਿਆ ਰੂਪ ਰੰਗ ।। ਭਏ ਪ੍ਰਗਾਸ ਸਾਧ ਕੈ ਸੰਗ ।।

ਉਹ ਵੱਖੋ ਵੱਖਰੇ ਰੂਪ ਅਤੇ ਰੰਗ ਧਾਰਨ ਕਰ ਕੇ ਤਾਣੇ ਪੇਟੇ ਦੀ ਤਰਾਂ ਹਰ ਸ਼ੈ ਦੇ ਵਿੱਚ ਰਮਿਆਂ ਹੋਇਆ ਹੈ। ਪਰ ਉਹ ਸਾਨੂੰ ਦਿਖਾਈ ਨਹੀਂ ਦਿੰਦਾ। ਉਸ ਦੀ ਸਰਬ ਵਿਆਪਕਤਾ ਦੀ ਸੋਝੀ ਸੰਤਾਂ ਦੀ ਸੰਗਤ ਵਿੱਚ ਜਾ ਕੇ ਹੀ ਹੁੰਦੀ ਹੈ।

ਰਚਿ ਰਚਨਾ ਅਪਨੀ ਕਲ ਧਾਰੀ ।। ਅਨਿਕ ਬਾਰ ਨਾਨਕ ਬਲਿਹਾਰੀ ।। 8 ।। 18 ।।

ਅਪਣੀ ਸ਼ਕਤੀ ਦੀ ਵਰਤੋਂ ਕਰ ਕੇ ਹੀ ਉਸ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਉਸ ਦੀ ਰਚਨਾ ਕਰ ਕੇ ਉਸ ਨੇ ਅਪਣੀ ਸ਼ਕਤੀ ਨੂੰ ਪ੍ਰਗਟ ਕੀਤਾ ਹੈ। ਉਸਦੀ ਸ਼ਕਤੀ ਦੇ ਸਹਾਰੇ ਹੀ ਉਸ ਦੀ ਸਿਰਜੀ ਇਹ ਸ੍ਰਿਸ਼ਟੀ ਕਾਇਮ ਹੈ। ਗੁਰੂ ਜੀ ਉਸ ਸਰਬ ਸ਼ਕਤੀਮਾਨ ਹਰੀ ਪ੍ਰਭੂ ਦੇ ਵਾਰ ਵਾਰ ਬਲਿਹਾਰ ਜਾਂਦੇ ਹਨ।


Comments

Popular posts from this blog

ਅਸਟਪਦੀ - 20

ਅਸਟਪਦੀ - 23

ਅਸਟਪਦੀ - 9