ਅਸਟਪਦੀ - 20

 ਅਸਟਪਦੀ - 20

ਸਲੋਕ ।।

ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਇ ।।

ਨਾਨਕ ਕੀ ਪ੍ਰਭ ਬੇਨਤੀ ਅਪਨੀ ਭਗਤੀ ਲਾਇ ।। 1 ।।

ਗੁਰੂ ਜੀ ਬੇਨਤੀ ਕਰਦੇ ਹਨ ਕਿ ਹੇ ਪ੍ਰਭੂ, ਮੈਂ ਬਹੁਤ ਥਾਂਵਾਂ ਤੇ ਭਟਕ ਭਟਕ ਕੇ ਆਖਰ ਤੁਹਾਡੇ ਦਰ ਤੇ ਆਇਆ ਹਾਂ ਅਤੇ ਤੁਹਾਡੀ ਸ਼ਰਨ ਲਈ ਹੈ। ਮੇਰੀ ਬੇਨਤੀ ਪ੍ਰਵਾਨ ਕਰੋ ਅਤੇ ਮੈਨੂੰ ਅਪਣੀ ਭਗਤੀ ਵਿੱਚ ਲਾ ਲਉ।

ਅਸਟਪਦੀ ।।

ਜਾਚਕ ਜਨੁ ਜਾਚੈ ਪ੍ਰਭ ਦਾਨੁ ।। ਕਰਿ ਕਿਰਪਾ ਦੇਵਹੁ  ਹਰਿ ਨਾਮੁ ।।

ਹੇ ਪ੍ਰਭੂ, ਮੈਂ ਭਿਖਾਰੀ ਬਣ ਕੇ ਆਪ ਦੇ ਦਰ ਤੇ ਆਇਆ ਹਾਂ ਅਤੇ ਆਪ ਦੇ ਨਾਮ ਦੀ ਭੀਖ ਮੰਗਦਾ ਹਾਂ। ਮੇਰੇ ਤੇ ਅਪਣੀ ਕ੍ਰਿਪਾ ਦ੍ਰਿਸ਼ਟੀ ਕਰੋ ਅਤੇ ਹਰੀ ਨਾਮ ਦੇ ਸਿਮਰਨ ਦੀ ਦਾਤ ਮੇਰੀ ਝੋਲ਼ੀ ਵਿੱਚ ਪਾ ਦੇਵੋ।

ਸਾਧ ਜਨਾ ਕੀ ਮਾਗਉ ਧੂਰਿ ।। ਪਾਰਬ੍ਰਹਮ ਮੇਰੀ ਸਰਧਾ ਪੂਰਿ ।।

ਮੈਂ ਗੁਰਮੁਖ ਪਿਆਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਆਪ ਦੇ ਪਾਸੋਂ ਭੀਖ ਵਿੱਚ ਮੰਗਦਾ ਹਾਂ। ਮੇਰੀ ਬੇਨਤੀ ਪ੍ਰਵਾਨ ਕਰ ਕੇ ਮੇਰੀ ਇਹ ਇੱਛਾ ਪੂਰੀ ਕਰ ਦੇਵੋ।

ਸਦਾ ਸਦਾ ਪ੍ਰਭ ਕੇ ਗੁਨ ਗਾਵਉ ।। ਸਾਸਿ ਸਾਸਿ ਪ੍ਰਭ ਤੁਮਹਿ ਧਿਆਵਉ ।।

ਹੇ ਪ੍ਰਭੂ, ਮੇਰੇ ਤੇ ਇਹ ਕਿਰਪਾ ਕਰ ਦੇਵੋ ਕਿ ਮੈਂ ਹਰ ਵੇਲ਼ੇ ਆਪ ਦੇ ਗੁਣ ਗਾਉਂਦਾ ਰਹਾਂ, ਆਪ ਦੀਆਂ ਸਿਫਤਾਂ ਕਰਦਾ ਰਹਾਂ, ਹਰ ਸਾਹ ਨਾਲ਼ ਆਪ ਨੂੰ ਯਾਦ ਕਰਦਾ ਰਹਾਂ, ਆਪ ਦਾ ਨਾਮ ਧਿਆਉਂਦਾ ਰਹਾਂ।

ਚਰਨ ਕਮਲ ਸਿਉ ਲਾਗੈ ਪ੍ਰੀਤਿ ।। ਭਗਤਿ ਕਰਉ ਪ੍ਰਭ ਕੀ ਨਿਤ ਨੀਤਿ ।।

ਹੇ ਪ੍ਰਭੂ, ਕਿਰਪਾ ਕਰੋ ਕਿ ਮੇਰਾ ਪਿਆਰ ਆਪ ਦੇ ਕਮਲ ਫੁੱਲ ਵਰਗੇ ਸੋਹਣੇ ਚਰਨਾਂ ਨਾਲ਼ ਪੈ ਜਾਵੇ ਅਤੇ ਮੈਂ ਹਰ ਰੋਜ਼ ਦਿਨ ਰਾਤ ਆਪ ਦੀ ਭਗਤੀ ਕਰਦਾ ਰਹਾਂ

ਏਕ ਓਟ ਏਕੋ ਆਧਾਰੁ ।। ਨਾਨਕ ਮਾਗੈ ਨਾਮੁ ਪ੍ਰਭ ਸਾਰੁ ।। 1 ।।

ਕਿਰਪਾ ਕਰੋ ਕਿ ਮੈਂ ਕੇਵਲ ਇੱਕ ਆਪ ਦੀ ਹੀ ਓਟ ਤਕਾਵਾਂ, ਕੇਵਲ ਇੱਕ ਆਪ ਦਾ ਨਾਮ ਹੀ ਮੇਰੇ ਜੀਵਨ ਦਾ ਸਹਾਰਾ ਬਣ ਜਾਵੇ। ਹੇ ਪ੍ਰਭੂ, ਇਹ ਨਾਨਕ ਕੇਵਲ ਆਪ ਦੇ ਸ੍ਰੇਸ਼ਟ ਨਾਮ ਦੀ ਜਾਚਨਾ ਕਰਦਾ ਹੈ। ਇਹ ਦਾਨ ਇਸ ਦੀ ਝੋਲ਼ੀ ਵਿੱਚ ਪਾ ਦੇਵੋ।

ਪ੍ਰਭ ਕੀ ਦ੍ਰਿਸਟਿ ਮਹਾ ਸੁਖੁ ਹੋਇ ।। ਹਰਿ ਰਸੁ ਪਾਵੈ ਬਿਰਲਾ ਕੋਇ ।।

ਪਰਮ ਪਿਤਾ ਪ੍ਰਮਾਤਮਾ ਦੀ ਦਯਾ ਦ੍ਰਿਸ਼ਟੀ ਹੋ ਜਾਣ ਨਾਲ਼ ਜੀਵ ਨੂੰ ਅਨੰਤ ਸੁਖ ਪ੍ਰਾਪਤ ਹੁੰਦਾ ਹੈ। ਪਰ ਹਰੀ ਦੇ ਨਾਮ ਦਾ ਇਹ ਅੰਮ੍ਰਿਤ ਰਸ ਕਿਸੇ ਵਿਰਲੇ ਵਿਰਲੇ ਭਾਗਾਂ ਵਾਲ਼ੇ ਜੀਵ ਨੂੰ ਪ੍ਰਾਪਤ ਹੁੰਦਾ ਹੈ।

ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ।। ਪੂਰਨ ਪੁਰਖ ਨਹੀ ਡੋਲਾਨੇ ।।

ਜਿਹੜੇ ਜੀਵ ਇਸ ਰਸ ਨੂੰ ਚਖ ਲੈਣ, ਉਨ੍ਹਾਂ ਦੀ ਸਾਰੀ ਤ੍ਰਿਸ਼ਨਾ ਮਿਟ ਜਾਂਦੀ ਹੈਉਹ ਪੂਰਨ ਤੌਰ ਤੇ ਤ੍ਰਿਪਤ ਹੋ ਜਾਂਦੇ ਹਨਉਹ ਪੂਰਨ ਅਰਥਾਂ ਵਿੱਚ ਆਦਰਸ਼ ਪੁਰਖ ਬਣ ਜਾਂਦੇ ਹਨ ਅਤੇ ਕਦੇ ਵੀ, ਕਿਸੇ ਹਾਲਾਤ ਵਿੱਚ ਵੀ ਡੋਲਦੇ ਨਹੀਂ।

ਸੁਭਰ ਭਰੇ ਪ੍ਰੇਮ ਰਸ ਰੰਗਿ ।। ਉਪਜੈ ਚਾਉ ਸਾਧ ਕੈ ਸੰਗਿ ।।

ਉਹ ਨੱਕੋ ਨੱਕ ਪ੍ਰਭੂ ਦੇ ਪਿਆਰ ਦੇ ਰਸ ਨਾਲ਼ ਭਰੇ ਰਹਿੰਦੇ ਹਨ। ਪ੍ਰਭੂ ਦਾ ਪਿਆਰ ਉਨ੍ਹਾਂ ਦੇ ਅੰਦਰੋਂ ਡੁਲ੍ਹ ਡੁਲ੍ਹ ਪੈਂਦਾ ਹੈ। ਸੰਤਾਂ ਦੀ  ਸੰਗਤ ਵਿੱਚ ਆ ਕੇ ਪ੍ਰਭੂ ਦੇ ਗੁਣ ਗਾਉਣ ਦਾ ਚਾਉ ਉਨ੍ਹਾਂ ਦੇ ਮਨ ਅੰਦਰ ਠਾਠਾਂ ਮਾਰਦਾ ਰਹਿੰਦਾ ਹੈ। ਜਾਂ ਇੰਝ ਵੀ ਕਹਿ ਸਕਦੇ ਹਾਂ ਕਿ ਇਹੋ ਜਿਹੇ ਸੰਤ ਪੁਰਖਾਂ ਦੀ ਸੰਗਤ ਵਿੱਚ ਆ ਕੇ ਹੋਰਨਾ ਦੇ ਮਨਾਂ ਅੰਦਰ ਵੀ ਮਾਲਕ ਦੇ ਗੁਣ ਗਾਉਣ ਦਾ ਚਾਅ ਪੈਦਾ ਹੋ ਜਾਂਦਾ ਹੈ।

ਪਰੇ ਸਰਨ ਆਨ ਸਭ ਤਿਆਗਿ ।। ਅੰਤਰਿ ਪ੍ਰਗਾਸ ਅਨਦਿਨੁ ਲਿਵ ਲਾਗਿ ।।

ਸੰਸਾਰ ਦੇ ਹੋਰ ਸਭ ਸਹਾਰਿਆਂ ਨੂੰ ਤਿਆਗ ਕੇ ਉਹ ਕੇਵਲ ਇੱਕ ਪ੍ਰਭੂ ਦੀ ਸ਼ਰਨ ਵਿੱਚ ਆ ਜਾਂਦੇ ਹਨ। ਇਸ ਤਰਾਂ ਕਰਨ ਨਾਲ਼ ਉਨ੍ਹਾਂ ਦਾ ਹਿਰਦਾ ਗਿਆਨ ਦੇ ਪ੍ਰਕਾਸ਼ ਨਾਲ਼ ਭਰ ਜਂਦਾ ਹੈ ਅਤੇ ਸਿੱਟੇ ਵਜੋਂ ਉਨ੍ਹਾਂ ਦੀ ਸੁਰਤੀ ਹਰ ਵੇਲ਼ੇ ਦਿਨ ਰਾਤ ਪ੍ਰਮਾਤਮਾ ਦੇ ਚਰਨਾਂ ਨਾਲ਼ ਜੁੜੀ ਰਹਿੰਦੀ ਹੈ।

ਬਡਭਾਗੀ ਜਪਿਆ ਪ੍ਰਭੁ ਸੋਇ ।। ਨਾਨਕ ਨਾਮਿ ਰਤੇ ਸੁਖੁ ਹੋਇ ।। 2 ।।

ਗੁਰੂ ਜੀ ਇਹ ਤੱਤ ਵੀ ਸਪਸ਼ਟ ਕਰਦੇ ਹਨ ਕਿ ਇਸ ਤਰਾਂ ਇੱਕ ਮਨ ਇੱਕ ਚਿੱਤ ਹੋ ਕੇ ਪ੍ਰਭੂ ਦੇ ਨਾਮ ਦਾ ਸਿਮਰਨ ਤਾਂ ਹੀ ਕੀਤਾ ਜਾ ਸਕਦਾ ਹੈ ਜੇ ਭਾਗ ਬਹੁਤ ਚੰਗੇ ਹੋਣਪਰ ਇਸ ਤਰਾਂ ਪ੍ਰਭੂ ਨਾਮ ਦੇ ਪਿਆਰ ਦੇ ਰੰਗ ਵਿੱਚ ਰੰਗੇ ਜਾਣ ਨਾਲ਼ ਅਨੰਤ ਸੁਖ ਦਾ ਅਨੁਭਵ ਹੁੰਦਾ ਹੈ।

ਸੇਵਕ ਕੀ ਮਨਸਾ ਪੂਰੀ ਭਈ ।। ਸਤਿਗੁਰ ਤੇ ਨਿਰਮਲ ਮਤਿ ਲਈ ।।

ਜਿਹੜਾ ਸੇਵਕ ਸੱਚੇ ਗੁਰੂ ਦੀ ਨਿਰਮਲ ਪਵਿੱਤਰ ਸਿੱਖਿਆ ਨੂੰ ਮਨ ਵਿੱਚ ਵਸਾ ਲੈਂਦਾ ਹੈ ਅਤੇ ਉਸ ਤੇ ਅਮਲ ਕਰਨ ਲੱਗ ਪੈਂਦਾ ਹੈ, ਉਸ ਦੇ ਮਨ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ।

ਜਨ ਕਉ ਪ੍ਰਭੁ ਹੋਇਓ ਦਇਆਲ ।। ਸੇਵਕੁ ਕੀਨੋ ਸਦਾ ਨਿਹਾਲੁ ।।

ਜਦੋਂ ਗੁਰੂ ਕਿਸੇ ਸੇਵਕ ਉੱਤੇ ਮਿਹਰਬਾਨ ਹੋ ਜਾਵੇ ਤਾਂ ਉਹ ਉਸ ਸੇਵਕ ਨੂੰ ਨਿਹਾਲ ਕਰ ਦਿੰਦਾ ਹੈ, ਉਸ ਦੇ ਉੱਤੇ ਸੰਸਾਰ ਦੀਆਂ ਸਭ ਖੁਸ਼ੀਆਂ ਦੀ ਬਖਸ਼ਿਸ਼ ਕਰ ਦਿੰਦਾ ਹੈ।

ਬੰਧਨ ਕਾਟਿ ਮੁਕਤਿ ਜਨੁ ਭਇਆ ।। ਜਨਮ ਮਰਨ ਦੂਖੁ ਭ੍ਰਮੁ ਗਇਆ ।।

ਉਸ ਸੇਵਕ ਦੇ ਸਾਰੇ ਬੰਧਨ ਕੱਟੇ ਜਾਂਦੇ ਹਨ ਅਤੇ ਉਹ ਮੁਕਤ ਹੋ ਜਾਂਦਾ ਹੈਉਸ ਦਾ ਜਨਮ ਮਰਨ ਦਾ ਦੁੱਖ ਦੂਰ ਹੋ ਜਾਂਦਾ ਹੈ, ਉਸ ਨੂੰ ਸਦਾ ਲਈ ਪ੍ਰਭੂ ਚਰਨਾਂ ਵਿੱਚ ਨਿਵਾਸ ਮਿਲ ਜਾਂਦਾ ਹੈ। ਉਸ ਦੇ ਸਾਰੇ ਭਰਮ ਭੁਲੇਖੇ ਦੂਰ ਹੋ ਜਾਂਦੇ ਹਨ। ਉਸ ਨੂੰ ਪ੍ਰਭੂ ਦੇ ਕੀਤੇ ਤੇ ਪੂਰਨ ਵਿਸ਼ਵਾਸ਼ ਹੋ ਜਾਂਦਾ ਹੈ।

ਇਛ ਪੁਨੀ ਸਰਧਾ ਸਭ ਪੂਰੀ ।। ਰਵਿ ਰਹਿਆ ਸਦ ਸੰਗਿ ਹਜੂਰੀ ।।

ਉਸ ਸੇਵਕ ਦੀ ਕੋਈ ਇੱਛਾ ਅਧੂਰੀ ਨਹੀਂ ਰਹਿੰਦੀ। ਮੁਕਤੀ ਦੀ ਇੱਛਾ ਸਮੇਤ ਸਭ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ। ਉਸ ਨੂੰ ਪੂਰਨ ਵਿਸ਼ਵਾਸ਼ ਹੋ ਜਾਂਦਾ ਹੈ ਕਿ ਪ੍ਰਮਾਤਮਾ ਸਰਬ ਵਿਆਪਕ ਹੈ, ਹਰ ਵਸਤ ਦੇ ਵਿੱਚ ਰਮਿਆਂ ਹੋਇਆ ਹੈ। ਉਹ ਸਦਾ ਇਹ ਮਹਿਸੂਸ ਕਰਦਾ ਹੈ ਕਿ ਗੁਰੂ ਸਦਾ ਉਸ ਦੇ ਅੰਗ ਸੰਗ ਰਹਿੰਦਾ ਹੈ ਅਤੇ ਉਹ ਹਰ ਵਕਤ ਪ੍ਰਭੂ ਦੀ ਹਜ਼ੂਰੀ ਵਿੱਚ ਵਿਚਰਦਾ ਹੈ।

ਜਿਸ ਕਾ ਸਾ ਤਿਨਿ ਲੀਆ ਮਿਲਾਇ ।। ਨਾਨਕ ਭਗਤੀ ਨਾਮਿ ਸਮਾਇ ।। 3 ।।

ਉਸ ਇਨਸਾਨ ਨੂੰ, ਜੋ ਹਰੀ ਦਾ ਦਾਸ ਬਣ ਜਾਂਦਾ ਹੈ, ਹਰੀ ਅਪਣੇ ਨਾਲ਼ ਮਿਲਾ ਲੈਂਦਾ ਹੈ। ਗੁਰੂ ਜੀ ਸਾਨੂੰ ਸਮਝਾਉਂਦੇ ਹਨ ਕਿ ਪ੍ਰਭੂ ਦੇ ਨਾਲ਼ ਪੂਰਨ ਮਿਲਾਪ ਦਾ ਸੁਭਾਗ ਉਸ ਦੇ  ਨਾਮ ਸਿਮਰਨ ਅਤੇ ਪ੍ਰੇਮਾ ਭਗਤੀ ਦੇ ਸਿੱਟੇ ਵਜੋਂ ਹੀ ਪ੍ਰਾਪਤ ਹੁੰਦਾ ਹੈ। ਨਾਮ ਜੱਪਦਿਆਂ ਜੱਪਦਿਆਂ ਨਾਮ ਜੱਪਣ ਵਾਲਾ ਨਾਮੀ ਦੇ ਵਿੱਚ ਹੀ ਸਮਾ ਜਾਂਦਾ ਹੈ।

ਸੋ ਕਿਉ ਬਿਸਰੈ ਜਿ ਘਾਲ ਨ ਭਾਨੈ ।। ਸੋ ਕਿਉ ਬਿਸਰੈ ਜਿ ਕੀਆ ਜਾਨੈ ।।

ਉਸ ਮਾਲਕ ਨੂੰ ਕਦੇ ਵੀ ਮਨ ਤੋਂ ਵਿਸਾਰਨਾ ਨਹੀਂ ਚਾਹੀਦਾ ਜਿਹੜਾ ਸਾਡੀ ਘਾਲ਼ੀ ਹੋਈ ਘਾਲਣਾ ਨੂੰ ਕਦੇ ਵੀ ਅਜਾਈਂ ਨਹੀਂ ਜਾਣ ਦਿੰਦਾ, ਸਦਾ ਉਸ ਨੂੰ ਫਲ਼ ਲਾਉਂਦਾ ਹੈ। ਉਸ ਪ੍ਰਭੂ ਨੂੰ ਕਦੇ ਨਹੀਂ ਵਿਸਾਰਨਾ ਚਾਹੀਦਾ ਜੋ ਸਾਡੇ ਕੀਤੇ ਚੰਗੇ ਕਰਮਾਂ ਦੀ ਕੀਮਤ ਪਾਉਂਦਾ ਹੈ।

ਸੋ ਕਿਉ ਬਿਸਰੈ ਜਿਨਿ ਸਭੁ ਕੁਛ ਦੀਆ ।। ਸੋ ਕਿਉ ਬਿਸਰੈ ਜਿ ਜੀਵਨ ਜੀਆ ।।

ਉਸ ਪ੍ਰਮਾਤਮਾ ਨੂੰ ਕਦੇ ਨਹੀਂ ਵਿਸਾਰਨਾ ਚਾਹੀਦਾ ਜਿਸ ਨੇ ਸਾਡੇ ਉੱਤੇ ਉਨ੍ਹਾਂ ਸਾਰੀਆਂ ਦਾਤਾਂ ਦੀ ਬਖਸ਼ਿਸ਼ ਕੀਤੀ ਹੈ ਜਿਨ੍ਹਾਂ ਦਾ ਅਨੰਦ ਅਸੀਂ ਮਾਣਦੇ ਹਾਂ। ਉਸ ਵਾਹਿਗੁਰੂ ਨੂੰ ਮਨੋ ਵਿਸਾਰਨਾ ਨਹੀਂ ਚਾਹੀਦਾ ਜਿਹੜਾ ਸਾਡੇ ਜੀਵਨ ਦਾ ਆਧਾਰ ਹੈ, ਜਿਸ ਨੇ ਸਾਨੂੰ ਇਹ ਜੀਵਨ ਬਖ਼ਸ਼ਿਆ ਹੈ

ਸੋ ਕਿਉ ਬਿਸਰੈ ਜਿ ਅਗਨਿ ਮਹਿ ਰਾਖੈ ।। ਗੁਰਪ੍ਰਸਾਦਿ ਕੋ ਬਿਰਲਾ ਲਾਖੈ ।।

ਉਸ ਹਰੀ ਪ੍ਰਭੂ ਨੂੰ ਕਿਉਂ ਵਿਸਾਰੀਏ ਜਿਹੜਾ ਗਰਭ ਅੱਗਨੀ ਦੇ ਵਿੱਚ ਵੀ ਸਾਡੀ ਰਾਖੀ ਕਰਦਾ ਹੈ , ਸਾਨੂੰ ਸੜਨ ਤੋਂ ਬਚਾਉਂਦਾ ਹੈ। ਉਸ ਨੂੰ ਤਾਂ ਹਰ ਵੇਲ਼ੇ ਯਾਦ ਰੱਖਣਾ ਚਾਹੀਦਾ ਹੈ। ਕੋਈ ਵਿਰਲਾ ਹੀ ਹੁੰਦਾ ਹੈ ਜਿਹੜਾ ਗੁਰੂ ਦੀ  ਕਿਰਪਾ ਨਾਲ਼ ਇਸ ਗੱਲ ਨੂੰ ਸਮਝ ਲੈਂਦਾ ਹੈ ਕਿ ਇਸ ਤਰਾਂ ਉਸ ਮਾਲਕ ਨੂੰ ਭੁਲਾ ਦੇਣਾ ਗਲਤ ਹੈ।

ਸੋ ਕਿਉ ਬਿਸਰੈ ਜਿ ਬਿਖ ਤੇ ਕਾਢੈ ।। ਜਨਮ ਜਨਮ ਕਾ ਟੂਟਾ ਗਾਢੈ ।।

ਉਸ ਮਾਲਕ ਨੂੰ ਵਿਸਾਰਨਾ ਠੀਕ ਨਹੀਂ ਜਿਹੜਾ ਸਾਨੂੰ ਵਿਸ਼ੇ ਵਿਕਾਰਾਂ ਦੀ ਜ਼ਹਿਰ ਤੋਂ ਬਚਾਉਂਦਾ ਹੈ। ਉਸ ਪਰਮੇਸ਼ਰ ਨੂੰ ਭੁੱਲ ਜਾਣਾ ਚੰਗਾ ਨਹੀਂ ਜਿਹੜਾ ਸਾਨੂੰ ਜਨਮਾਂ ਜਨਮਾਂਤਰਾਂ ਦੇ ਵਿਛੜਿਆਂ ਨੂੰ ਮੁੜ ਅਪਣੇ ਨਾਲ਼ ਮਿਲਾ ਲੈਂਦਾ ਹੈ।

ਗੁਰਿ ਪੂਰੈ ਤਤੁ ਇਹੈ ਬੁਝਾਇਆ ।। ਪ੍ਰਭੁ ਅਪਨਾ ਨਾਨਕ ਜਨ ਧਿਆਇਆ ।। 4 ।।

ਗੁਰੂ ਜੀ ਪ੍ਰਵਾਨ ਕਰਦੇ ਹਨ ਕਿ ਇਨ੍ਹਾਂ ਸਚਾਈਆਂ ਦੀ ਸਮਝ ਉਨ੍ਹਾਂ ਨੂੰ ਪੂਰਨ ਗੁਰੂ ਨੇ ਬਖਸ਼ਿਸ਼ ਕੀਤੀ ਹੈ। ਪੂਰਨ ਗੁਰੂ ਦੀ ਸਿੱਖਿਆ ਤੇ ਅਮਲ ਕਰਦੇ ਹੋਏ ਉਹ ਅਪਣਾ ਧਿਆਨ ਪ੍ਰਭੂ ਚਰਨਾਂ ਨਾਲ਼ ਜੋੜਨ ਵਿੱਚ ਸਫਲ ਹੋਏ ਹਨ ਅਤੇ ਭਵ ਸਾਗਰ ਵਿੱਚ ਡੁੱਬਣ ਤੋਂ ਬਚ ਗਏ ਹਨ।

ਸਾਜਨ ਸੰਤ ਕਰਹੁ ਇਹੁ ਕਾਮੁ ।। ਆਨ ਤਿਆਗਿ ਜਪਹੁ ਹਰਿ ਨਾਮੁ ।।

ਗੁਰੂ ਜੀ ਸਾਨੂੰ ਅਪਣੇ ਗੁਰਮੁਖ ਮਿੱਤਰ ਆਖ ਕੇ ਸੰਬੋਧਨ ਕਰਦੇ ਹੋਏ ਇਹ ਸਲਾਹ ਦਿੰਦੇ ਹਨ ਕਿ ਬਾਕੀ ਸਾਰੇ ਰੁਝੇਵਿਆਂ ਨੂੰ ਛੱਡ ਕੇ ਅਪਣੇ ਆਪ ਨੂੰ ਵਾਹਿਗੁਰੂ ਦਾ ਨਾਮ ਜੱਪਣ ਵਿੱਚ ਲਾ ਦਈਏ।

ਸਿਮਰਿ ਸਿਮਰਿ ਸਿਮਰਿ ਸੁਖ ਪਾਵਹੁ ।। ਆਪਿ ਜਪਹੁ ਅਵਰਹ ਨਾਮੁ ਜਪਾਵਹੁ ।।

ਵਾਹਿਗੁਰੂ ਦਾ ਸਿਮਰਨ ਕਰਨ ਨਾਲ਼ ਸਾਨੂੰ ਸਾਰੇ ਸੁਖ ਪ੍ਰਾਪਤ ਹੋ ਜਾਣਗੇ। ਗੁਰੂ ਜੀ ਸਾਨੂੰ ਪ੍ਰੇਰਨਾ ਕਰਦੇ ਹਨ ਕਿ ਅਸੀਂ ਕੇਵਲ ਆਪ ਹੀ ਨਾਮ ਸਿਮਰਨ ਵਿੱਚ ਨਾ ਲੱਗੀਏ ਬਲਕਿ ਦੂਜਿਆਂ ਨੂੰ ਵੀ ਇਸ ਖ਼ਜ਼ਾਨੇ ਨਾਲ਼ ਜੋੜੀਏ, ਉਨ੍ਹਾਂ ਨੂੰ ਵੀ ਨਾਮ ਜੱਪਣ ਦੀ ਪ੍ਰੇਰਨਾ ਦਈਏ।

ਭਗਤਿ ਭਾਇ ਤਰੀਐ ਸੰਸਾਰੁ ।। ਬਿਨੁ ਭਗਤੀ ਤਨੁ ਹੋਸੀ ਛਾਰੁ ।।

ਪਿਆਰ ਨਾਲ਼ ਪ੍ਰਭੂ ਦੀ ਭਗਤੀ ਕਰਨ ਨਾਲ਼ ਅਸੀਂ ਭਵ ਸਾਗਰ ਨੂੰ ਪਾਰ ਕਰ ਸਕਦੇ ਹਾਂ, ਇਸ ਵਿੱਚ ਡੁੱਬਣ ਤੋਂ ਬਚ ਸਕਦੇ ਹਾਂ। ਭਗਤੀ ਤੋਂ ਬਿਨਾਂ ਸਾਡਾ ਇਹ ਸਰੀਰ ਵਿਕਾਰਾਂ ਦੀ ਅੱਗ ਵਿੱਚ ਸੜ ਕੇ ਸੁਆਹ ਹੋ ਜਾਵੇਗਾ।

ਸਰਬ ਕਲਿਆਣ ਸੂਖ ਨਿਧਿ ਨਾਮੁ ।। ਬੂਡਤ ਜਾਤ ਪਾਏ ਬਿਸ੍ਰਾਮੁ ।।

ਵਾਹਿਗੁਰੂ ਦਾ ਨਾਮ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ। ਨਾਮ ਦਾ ਸਿਮਰਨ ਕਰਨ ਨਾਲ਼ ਸਾਰੇ ਸੁਖ ਅਤੇ ਖੁਸ਼ੀਆਂ ਪ੍ਰਾਪਤ ਹੋ ਜਾਂਦੇ ਹਨ। ਨਾਮ ਜੱਪਣ ਨਾਲ਼ ਭਵ ਸਾਗਰ ਵਿੱਚ ਡੁੱਬ ਰਹੇ ਜੀਵ ਨੂੰ ਵੀ ਕਿਨਾਰਾ ਮਿਲ ਜਾਂਦਾ ਹੈ ਅਤੇ ਉਹ ਆਤਮਿਕ ਟਿਕਾਓ ਪ੍ਰਾਪਤ ਕਰ ਲੈਂਦਾ ਹੈ ਅਤੇ ਮੁਕਤੀ ਪਾ ਲੈਂਦਾ ਹੈ।

ਸਗਲ ਦੂਖ ਕਾ ਹੋਵਤ ਨਾਸੁ ।। ਨਾਨਕ ਨਾਮੁ ਜਪਹੁ ਗੁਨਤਾਸੁ ।। 5 ।।

ਨਾਮ ਜੱਪਣ ਨਾਲ਼ ਜੀਵ ਦੇ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਅਤੇ ਉਸ ਦਾ ਜੀਵਨ ਸੁਖਾਂ ਨਾਲ਼ ਭਰਪੂਰ ਹੋ ਜਾਂਦਾ ਹੈ। ਇਸ ਲਈ ਗੁਰੂ ਜੀ ਸਾਨੂੰ ਇਹ ਸਲਾਹ ਦਿੰਦੇ ਹਨ ਕਿ ਉਸ ਗੁਣਾਂ ਦੇ ਖ਼ਜ਼ਾਨੇ ਦੇ ਨਾਮ ਦਾ ਸਿਮਰਨ ਕਰ ਕੇ ਅਪਣੇ ਜੀਵਨ ਨੂੰ ਸਫਲ ਬਣਾਈਏ।

ਉਪਜੀ ਪ੍ਰੀਤਿ ਪ੍ਰੇਮ ਰਸੁ ਚਾਉ ।। ਮਨ ਤਨ ਅੰਤਰਿ ਇਹੀ ਸੁਆਉ ।।

ਮੇਰੇ ਮਨ ਦੇ ਅੰਦਰ ਵਾਹਿਗੁਰੂ ਦੇ ਲਈ ਅਥਾਹ ਪਿਆਰ ਪੈਦਾ ਹੋ ਗਿਆ ਹੈ। ਇਸ ਪਿਆਰ ਨੇ ਮੇਰੇ ਅੰਦਰ ਪ੍ਰੇਮ ਦਾ ਰਸ ਪੈਦਾ ਕਰ ਦਿੱਤਾ ਹੈ ਜਿਸ ਦੇ ਸਿੱਟੇ ਵਜੋਂ ਮੇਰੇ ਮਨ ਵਿੱਚ ਵਾਹਿਗੁਰੂ ਨਾਲ਼ ਮਿਲਾਪ ਦਾ ਉਤਸ਼ਾਹ ਪੈਦਾ ਹੋ ਗਿਆ ਹੈ। ਮੇਰਾ ਮਨ ਅਤੇ ਤਨ ਦੋਵੇਂ ਇਸ ਰਸ ਦੇ ਸੁਆਦ ਨਾਲ਼ ਸਦਾ ਸ਼ਰਸ਼ਾਰ ਹੋਏ ਰਹਿੰਦੇ ਹਨ। 

ਨੇਤ੍ਰਹੁ ਪੇਖ ਦਰਸੁ ਸੁਖੁ ਹੋਇ ।। ਮਨੁ ਬਿਗਸੈ ਸਾਧ ਚਰਨ ਧੋਇ ।।

ਮੇਰੀਆਂ ਅੱਖਾਂ ਕਿਸੇ ਗੁਰਮੁਖ ਪਿਆਰੇ ਦੇ ਦਰਸ਼ਨ ਕਰ ਕੇ ਅਤਿਅੰਤ ਸੁਖ ਮਹਿਸੂਸ ਕਰਦੀਆਂ ਹਨ ਅਤੇ ਮੇਰਾ ਮਨ ਕਿਸੇ ਗੁਰਮੁਖ ਪਿਆਰੇ ਦੇ ਚਰਨ ਧੋ ਕੇ ਖੁਸ਼ੀ ਨਾਲ਼ ਖਿੜ ਜਾਂਦਾ ਹੈ।

ਭਗਤ ਜਨਾ ਕੈ ਮਨਿ ਤਨਿ ਰੰਗੁ ।। ਬਿਰਲਾ ਕੋਊ ਪਾਵੈ ਸੰਗੁ ।।

ਇਹ ਇਸ ਕਰਕੇ ਹੁੰਦਾ ਹੈ ਕਿਉਂਕਿ ਪ੍ਰਭੂ ਦੇ ਭਗਤਾਂ ਦੇ ਮਨ ਅਤੇ ਤਨ ਦੋਹਾਂ ਵਿੱਚੋਂ ਪ੍ਰਭੂ ਦਾ ਪਿਆਰ ਝਲਕਾਂ ਮਾਰਦਾ ਹੈ। ਪਰ ਕੋਈ ਵਿਰਲਾ ਟਾਂਵਾਂ ਜੀਵ ਹੁੰਦਾ ਹੈ ਜਿਸ ਨੂੰ ਅਜਿਹੇ ਸੰਤ ਮਹਾਂ ਪੁਰਖਾਂ ਦੀ ਸੰਗਤ ਦਾ ਸੁਭਾਗ ਪ੍ਰਾਪਤ ਹੁੰਦਾ ਹੈ।

ਏਕ ਬਸਤੁ ਦੀਜੈ ਕਰਿ ਮਇਆ ।। ਗੁਰਪ੍ਰਸਾਦਿ ਨਾਮੁ ਜਪਿ ਲਇਆ ।।

ਹੇ ਪ੍ਰਭੂ, ਮੇਰੇ ਉੱਤੇ ਦਯਾ ਕਰ ਕੇ ਇੱਕ ਦਾਤ ਮੇਰੀ ਝੋਲ਼ੀ ਵਿੱਚ ਪਾ ਦੇਵੋ। ਮੇਰੇ ਉੱਤੇ ਗੁਰੂ ਦੀ ਕਿਰਪਾ ਹੋ ਜਾਵੇ ਅਤੇ ਇਸ ਕਿਰਪਾ ਦਾ ਸਦਕਾ ਮੈਂ ਨਾਮ ਸਿਮਰਨ ਵਿੱਚ ਜੁੜਨ ਦੇ ਸਮਰਥ ਹੋ ਜਾਵਾਂ।

ਤਾ ਕੀ ਉਪਮਾ ਕਹੀ ਨ ਜਾਇ ।। ਨਾਨਕ ਰਹਿਆ ਸਰਬ ਸਮਾਇ ।। 6 ।।

ਵਾਹਿਗੁਰੂ ਦੇ ਗੁਣਾਂ ਦਾ ਬਿਆਨ ਸ਼ਬਦਾਂ ਵਿੱਚ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਕੋਈ ਹੋਰ ਸ਼ਕਤੀ ਹੈ ਜਿਸ ਨਾਲ਼ ਉਸ ਦੀ ਤੁਲਨਾ ਕੀਤੀ ਜਾ ਸਕੇ। ਉਹ ਸਮਰਥ ਪ੍ਰਭੂ ਸਰਬ ਵਿਆਪਕ ਹੈ, ਹਰ ਵਸਤ ਦੇ ਵਿੱਚ ਸਮਾਇਆ ਹੋਇਆ ਹੈ। ਇਸ ਕਰਕੇ ਅਸੀਂ ਅਪਣੇ ਅੰਦਰ ਹੀ ਉਸ ਦੀ ਮੌਜੂਦਗੀ ਅਨੁਭਵ ਕਰ ਸਕਦੇ ਹਾਂ, ਕਿਤੇ ਦੂਰ ਜਾਣ ਦੀ ਲੋੜ ਨਹੀਂ।

ਪ੍ਰਭ ਬਖਸੰਦ ਦੀਨ ਦਇਆਲ ।। ਭਗਤਿ ਵਛਲ ਸਦਾ ਕਿਰਪਾਲ ।।

ਹੇ ਵਾਹਿਗੁਰੂ, ਤੁਸੀਂ ਬਖਸ਼ਣਹਾਰ ਹੋ, ਬਖਸ਼ ਦੇਣਾ ਤੁਹਾਡਾ ਸੁਭਾਅ ਹੈ। ਤੁਸੀਂ ਗਰੀਬਾਂ ਦੇ, ਕਮਜ਼ੋਰਾਂ ਦੇ ਹਮਦਰਦ ਹੋ ਅਤੇ ਹਮੇਸ਼ਾ ਉਨ੍ਹਾਂ ਤੇ ਦਯਾ ਕਰ ਕੇ ਖੁਸ਼ ਹੁੰਦੇ ਹੋ। ਭਗਤਾਂ ਨੂੰ ਤੁਸੀਂ ਸਦਾ ਪਿਆਰ ਕਰਦੇ ਹੋ ਅਤੇ ਹਮੇਸ਼ਾ ਉਨ੍ਹਾਂ ਤੇ ਦਯਾ ਕਰ ਕੇ ਉਨ੍ਹਾਂ ਦੀ ਬਾਂਹ ਫੜਦੇ ਹੋ।

ਅਨਾਥ ਨਾਥ ਗੋਬਿੰਦ ਗੁਪਾਲ ।। ਸਰਬ ਘਟਾ ਕਰਤ ਪ੍ਰਤਿਪਾਲ ।

ਤੁਸੀਂ ਅਨਾਥਾਂ ਦੇ ਨਾਥ ਹੋ, ਬੇਸਹਾਰਿਆਂ ਦੇ ਸਹਾਰੇ ਹੋ ਅਤੇ ਉਨ੍ਹਾਂ ਦੀ ਰੱਖਿਆ ਕਰਦੇ ਹੋ। ਤੁਸੀਂ ਧਰਤੀ ਦੇ ਜੀਵਾਂ ਨੂੰ ਪਾਲਣ ਵਾਲ਼ੇ ਹੋ। ਤੁਸੀਂ ਸ੍ਰਿਸ਼ਟੀ ਦੇ ਸਾਰੇ ਜੀਵਾਂ ਦੀ ਪਾਲਣਾ ਕਰਦੇ ਹੋ, ਉਨ੍ਹਾਂ ਦੀਆਂ ਲੋੜਾਂ ਦਾ ਧਿਆਨ ਰੱਖਦੇ ਹੋ।

ਆਦਿ ਪੁਰਖ ਕਾਰਣ ਕਰਤਾਰ ।। ਭਗਤ ਜਨਾ ਕੇ ਪ੍ਰਾਨ ਅਧਾਰ ।।

ਤੁਸੀਂ ਆਦਿ ਪੁਰਖ ਹੋ, ਜੀਵਾਂ ਦੀ ਹੋਂਦ ਦੇ ਮੂਲ਼ ਹੋ ਅਤੇ ਸਮੂਹ ਜੀਵਾਂ ਦੇ ਸਿਰਜਣਹਾਰ ਹੋ। ਤੁਸੀਂ ਭਗਤਾਂ ਦੇ ਜੀਵਨ ਦਾ ਸਹਾਰਾ ਹੋ। ਉਹ ਤੁਹਾਡੇ ਪਿਆਰ ਤੋਂ ਬਿਨਾਂ ਜ਼ਿੰਦਾ ਨਹੀਂ ਰਹਿ ਸਕਦੇ।

ਜੋ ਜੋ ਜਪੈ ਸੁ ਹੋਇ ਪੁਨੀਤ ।। ਭਗਤਿ ਭਾਇ ਲਾਵੈ ਮਨ ਹੀਤ ।।

ਜਿਹੜਾ ਜਿਹੜਾ ਜੀਵ ਵੀ ਆਪ ਦਾ ਨਾਮ ਜੱਪਦਾ ਹੈ ਉਹ ਪਾਕ ਪਵਿੱਤਰ ਹੋ ਜਾਂਦਾ ਹੈ, ਉਸ ਦੇ ਮਨ ਤੋਂ ਪਾਪਾਂ ਦਾ ਮੈਲ਼ ਧੋਤਾ ਜਾਂਦਾ ਹੈਭਗਤੀ ਅਤੇ ਸ਼ਰਧਾ ਦੀ ਭਾਵਨਾ ਨਾਲ਼ ਉਸ ਦੇ ਮਨ ਵਿੱਚ ਤੁਹਾਡਾ ਪਿਆਰ ਵਸ ਜਾਂਦਾ ਹੈ।

ਹਮ ਨਿਰਗੁਨੀਆਰ ਨੀਚ ਅਜਾਨ ।। ਨਾਨਕ ਤੁਮਰੀ ਸਰਨਿ ਪੁਰਖ ਭਗਵਾਨ ।। 7 ।।

ਗੁਰੂ ਜੀ ਅਰਦਾਸ ਕਰਦੇ ਹਨ ਕਿ ਹੇ ਪ੍ਰਭੂ, ਸਾਡੇ ਵਿੱਚ ਕੋਈ ਗੁਣ ਨਹੀਂ, ਅਸੀਂ ਗੁਣਾਂ ਤੋਂ ਹੀਣੇ ਹਾਂ। ਅਸੀਂ ਕਮੀਣੇ ਹਾਂ, ਘਟੀਆ ਹਾਂ, ਅਗਿਆਨ ਦੇ ਹਨ੍ਹੇਰੇ ਵਿੱਚ ਵਸਦੇ ਹਾਂ। ਪਰ ਹੇ ਦਯਾਲ ਪੁਰਖ, ਅਸੀਂ ਤੁਹਾਡੀ ਸ਼ਰਨ ਵਿੱਚ ਆ ਗਏ ਹਾਂ। ਹੇ ਭਗਵਾਨ, ਅਪਣੇ ਕ੍ਰਿਪਾਲੂ ਸੁਭਾਅ ਦੀ ਲਾਜ ਰੱਖੋ ਅਤੇ ਸਾਨੂੰ ਬਚਾ ਲਵੋ।

ਸਰਬ ਬੈਕੁੰਠ ਮੁਕਤਿ ਮੋਖ ਪਾਏ ।। ਏਕ ਨਿਮਖ ਹਰਿ ਕੇ ਗੁਨ ਗਾਏ ।।

ਜਿਹੜਾ ਜੀਵ ਇੱਕ ਪਲ ਭਰ ਲਈ ਵੀ ਹਰੀ ਦੇ ਗੁਣ ਗਾਇਨ ਕਰਨ ਦਾ ਸ਼ੁਭ ਕਾਰਜ ਕਰ ਲਵੇ ਉਸ ਨੂੰ ਸਾਰੇ ਸਵਰਗ ਪ੍ਰਾਪਤ ਹੋ ਜਾਂਦੇ ਹਨ ਅਤੇ ਹਰ ਤਰਾਂ ਦੇ ਬੰਧਨਾਂ ਤੋਂ ਅਜ਼ਾਦੀ ਅਤੇ ਜਨਮ ਮਰਨ ਦੇ ਚੱਕਰ ਤੋਂ ਮੁਕਤੀ ਮਿਲ ਜਾਂਦੀ ਹੈ।

ਅਨਿਕ ਰਾਜ ਭੋਗ ਵਡਿਆਈ ।। ਹਰਿ ਕੇ ਨਾਮ ਕੀ ਕਥਾ ਮਨਿ ਭਾਈ ।।

ਜੇ ਹਰੀ ਦੇ ਨਾਮ ਦੀ ਕਥਾ ਕਿਸੇ ਨੂੰ ਪਿਆਰੀ ਲੱਗਣ ਲੱਗ ਪਵੇ ਤਾਂ ਸਮਝੋ ਕਿ ਉਸ ਨੂੰ ਅਨੇਕਾਂ ਕਿਸਮ ਦੇ ਰਾਜ ਦਾ ਸੁਖ, ਹਰ ਤਰਾਂ ਦੇ ਭੋਗ ਪਦਾਰਥਾਂ ਦਾ ਸੁਖ ਅਤੇ ਅਨੇਕਾਂ ਤਰਾਂ ਦੀ ਵਡਿਆਈ ਪ੍ਰਾਪਤ ਹੋ ਗਈ।

ਬਹੁ ਭੋਜਨ ਕਾਪਰ ਸੰਗੀਤ ।। ਰਸਨਾ ਜਪਤੀ ਹਰਿ ਹਰਿ ਨੀਤ ।।

ਜੇ ਕਿਸੇ ਦੀ ਰਸਨਾ ਹਰ ਰੋਜ਼ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਲੱਗ ਪਵੇ ਤਾਂ ਸਮਝੋ ਕਿ ਉਸ ਨੂੰ ਅਨੇਕਾਂ ਕਿਸਮ ਦੇ ਖਾਣੇ ਖਾਣ ਦਾ, ਤਰਾਂ ਤਰਾਂ ਦੇ ਵਸਤਰ ਪਹਿਨਣ ਦਾ ਅਤੇ ਭਾਂਤ ਭਾਂਤ ਦਾ ਮਧੁਰ ਸੰਗੀਤ ਸੁਣਨ ਦਾ ਆਨੰਦ ਪ੍ਰਾਪਤ ਹੋਣ ਲੱਗ ਪਿਆ ਹੈ।

ਭਲੀ ਸੁ ਕਰਨੀ ਸੋਭਾ ਧਨਵੰਤ ।। ਹਿਰਦੈ ਬਸੇ ਪੂਰਨ ਗੁਰ ਮੰਤ ।।

ਜੇ ਗੁਰੂ ਦਾ ਦਿੱਤਾ ਹੋਇਆ ਮੰਤਰ, ਗੁਰੂ ਦੀ ਸਿੱਖਿਆ, ਪੂਰੀ ਤਰਾਂ ਕਿਸੇ ਦੇ ਮਨ ਵਿੱਚ ਵਸ ਜਾਵੇ ਤਾਂ ਸਮਝੋ ਕਿ ਉਹ ਬਹੁਤ ਨੇਕ ਕਰਮ ਕਰਨ ਲੱਗ ਪਿਆ ਹੈ, ਉਸ ਨੇ ਬੇਅੰਤ ਸ਼ੋਭਾ ਖੱਟ ਲਈ ਹੈ, ਉਸ ਨੂੰ ਅਥਾਹ ਦੌਲਤ ਪ੍ਰਾਪਤ ਹੋ ਗਈ ਹੈ ਅਤੇ ਉਹ ਬੇਹੱਦ ਧਨਵਾਨ ਬਣ ਗਿਆ ਹੈ।

ਸਾਧਸੰਗਿ ਪ੍ਰਭੁ ਦੇਹੁ ਨਿਵਾਸ ।। ਸਰਬ ਸੂਖ ਨਾਨਕ ਪਰਗਾਸ ।। 8 ।। 20 ।।

ਗੁਰੂ ਜੀ ਬੇਨਤੀ ਕਰਦੇ ਹਨ ਕਿ ਹੇ ਪ੍ਰਭੂ, ਮੈਨੂੰ ਸੰਤਾਂ ਦੀ ਸੰਗਤ ਵਿੱਚ ਰਹਿਣ ਦਾ ਸੁਭਾਗ ਬਖਸ਼ਿਸ਼ ਕਰ ਦੇਵੋ। ਇਸ ਨਾਲ਼ ਮੈਨੂੰ ਸੰਸਾਰ ਦੇ ਸਾਰੇ ਹੀ ਸੁਖ ਪ੍ਰਪਤ ਹੋ ਜਾਣਗੇ।

Comments

Popular posts from this blog

ਅਸਟਪਦੀ - 23

ਅਸਟਪਦੀ - 9