ਅਸਟਪਦੀ - 9

 ਅਸਟਪਦੀ - 9

ਸਲੋਕੁ ।।

ਉਰਿ ਧਾਰੈ ਜੋ ਅੰਤਰਿ ਨਾਮੁ ।। ਸਰਬ ਮੈ ਪੇਖੈ ਭਗਵਾਨੁ ।।

ਨਿਮਖ ਨਿਮਖ ਠਾਕੁਰ ਨਮਸਕਾਰੈ ।। ਨਾਨਕ ਓਹੁ ਅਪਰਸੁ ਸਗਲ ਨਿਸਤਾਰੈ ।। 1 ।।

ਉਰਿ - ਹਿਰਦੇ ਵਿੱਚ। ਧਾਰੈ - ਵਸਾ ਲਵੇ। ਅੰਤਰਿ - ਅੰਦਰ। ਸਰਬ ਮੈ - ਸਭ ਦੇ ਵਿੱਚ। ਪੇਖੈ - ਵੇਖੇ। ਨਿਮਖ ਨਿਮਖ - ਹਰ ਪਲ। ਠਾਕੁਰ - ਮਾਲਕ, ਪ੍ਰਮਾਤਮਾ। ਸਗਲ - ਸਭ ਦਾ। ਨਿਸਤਾਰੈ - ਪਾਰ ਉਤਾਰਾ ਕਰ ਦਿੰਜਾ ਹੈ।

ਅਪਰਸ ਸ਼ਬਦ ਦੇ ਇੱਥੇ ਦੋ ਅਰਥ ਹਨ। ਇੱਕ ਉਹ ਵਿਅਕਤੀ ਜਿਸ ਨੇ ਕੁੱਝ ਧਾਤਾਂ ਨੂੰ ਨਾ ਛੂਹਣ ਦੀ ਕਸਮ ਖਾਧੀ ਹੋਵੇ ਜਾਂ ਉਹ ਵਿਅਕਤੀ ਜੋ ਕਿਸੇ ਨੂੰ ਵੀ ਅਪਣੇ ਸਰੀਰ ਨੂੰ ਛੂਹਣ ਨਹੀਂ ਦਿੰਦਾ ਕਿਉਂਕਿ ਅਜਿਹਾ ਕਰਨ ਨਾਲ਼ ਉਸ ਦੀ ਪਵਿੱਤਰਤਾ ਨਸ਼ਟ ਹੋ ਜਾਵੇਗੀ। ਦੂਜਾ ਉਹ ਵਿਅਕਤੀ ਜਿਸ ਨੂੰ ਵਿਕਾਰ ਜਾਂ ਬੁਰੇ ਕਰਮ ਛੂਹ ਨਹੀਂ ਸਕਦੇ। ਗੁਰੂ ਜੀ ਇੱਥੇ ਦੱਸਦੇ ਹਨ ਕਿ ਸਹੀ ਅਰਥਾਂ ਵਿੱਚ ਅਪਰਸ ਉਹ ਨਹੀਂ ਹੁੰਦਾ ਜੋ ਕੁੱਝ ਵਿਸ਼ੇਸ਼ ਧਾਤਾਂ ਨੂੰ ਨਾ ਛੂਹੇ ਅਪਰਸ ਉਹ ਵਿਅਕਤੀ ਹੁੰਦਾ ਹੈ ਜਿਸ ਨੂੰ ਮਾਇਆ ਅਤੇ ਵਿਕਾਰ ਛੂੰਹਦੇ ਤੱਕ ਨਹੀਂ ਅਤੇ ਜਿਹੜਾ ਹਰ ਵਕਤ ਅਪਣੇ ਹਿਰਦੇ ਅੰਦਰ ਈਸ਼ਵਰ ਦੇ ਨਾਮ ਨੂੰ ਵਸਾ ਕੇ ਰੱਖਦਾ ਹੈ, ਜਿਹੜਾ ਸਮਸਤ ਸ੍ਰਿਸ਼ਟੀ ਦੇ ਜੀਵਾਂ ਅੰਦਰ ਪ੍ਰਮਾਤਮਾ ਦੀ ਮੂਰਤ ਨੂੰ ਵੇਖਦਾ ਹੈ ਅਤੇ ਜਿਹੜਾ ਹਰ ਪਲ, ਹਰ ਛਿਣ ਉਸ ਸ੍ਰਿਸ਼ਟੀ ਦੇ ਮਾਲਕ ਨੂੰ ਨਮਸ਼ਕਾਰ ਕਰਦਾ ਰਹਿੰਦਾ ਹੈ। ਅਜਿਹਾ ਅਪਰਸ ਹੀ ਸੰਸਾਰ ਦੇ ਸਾਰੇ ਜੀਵਾਂ ਦਾ ਪਾਰ ਉਤਾਰਾ ਕਰ ਸਕਦਾ ਹੈ।

ਅਸਟਪਦੀ ।।

ਮਿਥਿਆ ਨਾਹੀ ਰਸਨਾ ਪਰਸ ।। ਮਨ ਮਹਿ ਪ੍ਰੀਤਿ ਨਿਰੰਜਨ ਦਰਸ ।।

ਮਿਥਿਆ - ਝੂਠ। ਰਸਨਾ - ਜੀਭ ਨੂੰ। ਪਰਸ - ਛੂਹਣਾ। ਮਹਿ - ਵਿੱਚ। ਪ੍ਰੀਤਿ - ਪਿਆਰ। ਨਿਰੰਜਨ - ਪ੍ਰਭੂ ਦਾ ਪਵਿੱਤਰ ਨਾਮ। ਦਰਸ - ਦਰਸ਼ਨ।

ਅਪਰਸ ਉਹ ਹੁੰਦਾ ਹੈ ਜਿਹੜਾ ਝੂਠ ਨੂੰ ਕਦੇ ਵੀ ਅਪਣੀ ਜ਼ਬਾਨ ਦੇ ਨਾਲ਼ ਛੂਹਣ ਤੱਕ ਨਹੀਂ ਦਿੰਦਾ, ਜਿਸ ਦਾ ਮਾਇਆ ਨਾਲ਼ ਉੱਕਾ ਹੀ ਮੋਹ ਨਹੀਂ ਹੁੰਦਾ ਅਤੇ ਜਿਸ ਦੇ ਮਨ ਵਿੱਚ ਹਰ ਵੇਲ਼ੇ ਪ੍ਰਭੂ ਦੇ ਦਰਸ਼ਨਾਂ ਦਾ ਪਿਆਰ ਵਸਿਆ ਰਹਿੰਦਾ ਹੈ।

ਪਰ ਤ੍ਰਿਅ ਰੂਪੁ ਨ ਪੇਖੈ ਨੇਤ੍ਰ ।। ਸਾਧ ਕੀ ਟਹਲ ਸੰਤ ਸੰਗਿ ਹੇਤ ।।

ਪਰ - ਪਰਾਈ। ਤ੍ਰਿਆ - ਇਸਤਰੀ। ਰੂਪੁ - ਹੁਸਨ, ਸੁੰਦਰਤਾ। ਨ ਪੇਖੈ - ਦੇਖਦੇ ਨਹੀਂ। ਨੇਤ੍ਰ - ਅੱਖਾਂ। ਟਹਲ - ਸੇਵਾ। ਸੰਗਿ - ਨਾਲ਼। ਹੇਤ - ਪਿਆਰ।

ਅਪਰਸ ਉਹ ਹੁੰਦਾ ਹੈ ਜਿਸ ਦੀਆਂ ਅੱਖਾਂ ਕਦੇ ਵੀ ਪਰਾਈ ਨਾਰੀ ਦੀ ਸੁੰਦਰਤਾ ਨੂੰ ਮੈਲ਼ੀ ਨਜ਼ਰ ਨਾਲ਼ ਨਹੀਂ ਵੇਖਦੀਆਂ, ਜਿਹੜਾ ਹਰ ਵਕਤ ਸਾਧੂ ਦੀ ਸੇਵਾ ਕਰਨ ਲਈ ਤਤਪਰ ਰਹਿੰਦਾ ਹੈ ਅਤੇ ਸੰਤਾਂ ਦੀ ਸੰਗਤ ਕਰਦਾ ਹੈ ਅਤੇ ਉਨ੍ਹਾਂ ਨਾਲ਼ ਪਿਆਰ ਬਣਾਈ ਰੱਖਦਾ ਹੈ।

ਕਰਨ ਨ ਸੁਨੈ ਕਾਹੂ ਕੀ ਨਿੰਦਾ ।। ਸਭ ਤੇ ਜਾਨੈ ਆਪਸ ਕਉ ਮੰਦਾ ।।

ਕਰਨ - ਕੰਨ। ਨ ਸੁਨੈ - ਸੁਣਦੇ ਨਹੀਂ। ਕਾਹੂ ਕੀ - ਕਿਸੇ ਦੀ। ਜਾਨੈ - ਸਮਝੇ। ਆਪਸ ਕਉ - ਅਪਣੇ ਆਪ ਨੂੰ।

ਅਪਰਸ ਉਹ ਹੁੰਦਾ ਹੈ ਜਿਸ ਦੇ ਕੰਨ ਕਦੇ ਕਿਸੇ ਦੀ ਨਿੰਦਾ ਨਹੀਂ ਸੁਣਦੇਉਹ ਕਦੇ ਕਿਸੇ ਦੀ ਨਿੰਦਾ ਸੁਣ ਕੇ ਖੁਸ਼ ਨਹੀਂ ਹੁੰਦਾ। ਉਸ ਵਿੱਚ ਏਨੀ ਨਿਮਰਤਾ ਹੁੰਦੀ ਹੈ ਕਿ ਉਹ ਅਪਣੇ ਆਪ ਨੂੰ ਸੰਸਾਰ ਵਿੱਚ ਸਭ ਤੋਂ ਬੁਰਾ ਸਮਝਦਾ ਹੈ।

ਗੁਰ ਪ੍ਰਸਾਦਿ ਬਿਖਿਆ ਪਰਹਰੈ ।। ਮਨ ਕੀ ਬਾਸਨਾ ਮਨ ਤੇ ਟਰੈ ।।

ਗੁਰ ਪ੍ਰਸਾਦਿ - ਗੁਰੂ ਦੀ ਕਿਰਪਾ ਨਾਲ਼। ਬਿਖਿਆ - ਜ਼ਹਿਰ ਤੋਂ (ਪਾਪ ਕਰਮਾਂ ਤੋਂ)। ਪਰਹਰੈ - ਦੂਰ ਰਹੇ। ਬਸਨਾ - ਵਾਸ਼ਨਾਵਾਂ, ਬੁਰੀਆਂ ਇੱਛਾਵਾਂ। ਟਰੈ - ਦੂਰ ਹੋ ਜਾਣ।

ਅਪਰਸ ਉਹ ਹੁੰਦਾ ਹੈ ਜਿਹੜਾ ਗੁਰੂ ਦੀ ਕਿਰਪਾ ਨਾਲ਼ ਪਾਪ ਕਰਮਾਂ ਦੇ ਅਤੇ ਬੁਰਿਆਈਆਂ ਦੇ ਜ਼ਹਿਰ ਤੋਂ ਦੂਰ ਰਹਿੰਦਾ ਹੈ, ਜਿਹੜਾ ਮਨ ਦੀਆਂ ਵਾਸ਼ਨਾਵਾਂ ਨੂੰ ਅਪਣੇ ਉੱਤੇ ਭਾਰੂ ਨਹੀਂ ਹੋਣ ਦਿੰਦਾ, ਉਨ੍ਹਾਂ ਨੂੰ ਅਪਣੇ ਮਨ ਵਿੱਚੋਂ ਖਤਮ ਕਰ ਦਿੰਦਾ ਹੈ।

ਇੰਦ੍ਰੀ ਜਿਤ ਪੰਚ ਦੋਖ ਤੇ ਰਹਤ ।। ਨਾਨਕ ਕੋਟਿ ਮਧੇ ਕੋ ਐਸਾ ਅਪਰਸ ।। 1 ।।

ਇੰਦ੍ਰੀ - ਇੰਦ੍ਰੀਆਂ। ਜਿਤ - ਜਿਸ ਦੀਆਂ। ਦੋਖ - ਦੋਸ਼- ਬੁਰੇ ਕੰਮ, ਸ਼ਬਦ, ਸਪਰਸ਼, ਰੂਪ, ਰਸ, ਅਤੇ ਗੰਧ ਨਾਲ਼ ਸੰਬੰਧਿਤ ਬੁਰੀਆਂ ਭਾਵਨਾਵਾਂ। ਰਹਤ - ਮੁਕਤ ਹੋਣ। ਕੋਟਿ - ਕ੍ਰੋੜਾਂ। ਮਧੇ - ਵਿੱਚ। ਕੋ - ਕੋਈ ਇਕ। ਅਪਰਸ - ਅਣਛੂਹਿਆ।

ਅਪਰਸ ਉਹ ਹੁੰਦਾ ਹੈ ਜਿਸ ਦੇ ਗਿਆਨ ਇੰਦ੍ਰੇ ਪੰਜਾਂ ਦੋਖਾਂ (ਸ਼ਬਦ, ਸਪਰਸ਼, ਰੂਪ, ਰਸ ਅਤੇ ਗੰਧ) ਤੋਂ ਮੁਕਤ ਹੁੰਦੇ ਹਨ ਭਾਵ ਜਿਸ ਦੇ ਨੱਕ, ਕੰਨ, ਜੀਭ, ਅੱਖਾਂ ਅਤੇ ਚਮੜੀ ਇਨ੍ਹਾਂ ਪੰਜਾਂ ਕਮਜ਼ੋਰੀਆਂ ਤੋਂ ਉੱਪਰ ਉੱਠ ਚੁੱਕੇ ਹੁੰਦੇ ਹਨ ਅਤੇ ਇਸ ਕਰਕੇ ਕਦੇ ਵੀ ਕਿਸੇ ਬੁਰੇ ਕਰਮ ਦੇ ਨੇੜੇ ਨਹੀਂ ਜਾਂਦੇ। ਪਰ ਗੁਰੂ ਜੀ ਕਹਿੰਦੇ ਹਨ ਕਿ ਇਸ ਤਰਾਂ ਦਾ ਅਪਰਸ ਵਿਅਕਤੀ ਕ੍ਰੋੜਾਂ ਵਿੱਚੋਂ ਕੋਈ ਇੱਕ ਹੁੰਦਾ ਹੈ।

ਬੈਸਨੋ ਸੋ ਜਿਸੁ ਊਪਰਿ ਸੁਪ੍ਰਸੰਨ ।। ਬਿਸਨ ਕੀ ਮਾਇਆ ਤੇ ਹੋਇ ਭਿੰਨ ।।

ਬੈਸਨੋ - ਵੈਸ਼ਨਵ। ਸੁਪ੍ਰਸੰਨ - ਉਹ ਪ੍ਰਮਾਤਮਾ ਖੁਸ਼ ਹੋਵੇ। ਬਿਸਨ ਕੀ - ਪ੍ਰਮਾਤਮਾ ਦੀ ਸਿਰਜੀ ਹੋਈ। ਮਾਇਆ ਤੇ - ਝੂਠੀ ਪਦਾਰਥ ਅਤੇ ਰਿਸ਼ਤਿਆਂ ਦੇ ਮੋਹ ਤੋਂ। ਭਿੰਨ - ਦੂਰ, ਬੇਲਾਗ।

ਇਸ ਪੌੜੀ ਵਿੱਚ ਗੁਰੂ ਜੀ ਬੈਸਨੋ (ਵੈਸ਼ਨਵ) ਦੀ ਪਰਿਭਾਸ਼ਾ ਦਿੰਦੇ ਹਨ। ਵੈਸ਼ਨਵ ਫਿਰਕੇ ਦੇ ਲੋਕ ਹਿੰਦੂ ਮਤ ਵਿੱਚ ਭਗਵਾਨ ਵਿਸ਼ਨੂੰ ਦੇ ਉਪਾਸ਼ਕ ਮੰਨੇ ਜਾਂਦੇ ਹਨ।

ਗੁਰੂ ਜੀ ਆਖਦੇ ਹਨ ਕਿ ਸਹੀ ਅਰਥਾਂ ਵਿੱਚ ਵੈਸ਼ਨਵ ਉਹ ਹੁੰਦਾ ਹੈ ਜਿਸ ਉੱਤੇ ਈਸ਼ਵਰ ਆਪ ਪ੍ਰਸੰਨ ਹੋਵੇ ਅਤੇ ਜਿਹੜਾ ਪ੍ਰਮਾਤਮਾ ਦੀ ਸਿਰਜੀ ਮਾਇਆ ਤੋਂ ਉੱਕਾ ਬੇਲਾਗ ਹੋਵੇ ਅਰਥਾਤ ਜਿਸ ਤੇ ਮਾਇਆ ਦਾ ਕੋਈ ਅਸਰ ਨਾ ਹੋਵੇ।

ਕਰਮ ਕਰਤ ਹੋਵੈ ਨਿਹਕਰਮ ।। ਤਿਸੁ ਬੈਸਨੋ ਕਾ ਨਿਰਮਲ ਧਰਮ ।।

ਕਰਤ - ਕਰਦਾ ਹੋਇਆ। ਨਿਹਕਰਮ - ਸਵਾਰਥ ਰਹਿਤ। ਨਿਰਮਲ - ਪਵਿੱਤਰ। 

ਅਸਲੀ ਵੈਸ਼ਨਵ ਉਹ ਹੁੰਦਾ ਹੈ ਜਿਹੜਾ ਕਰਮ ਕਰੇ ਪਰ ਕਿਸੇ ਸਵਾਰਥੀ ਇੱਛਾ ਨਾਲ਼ ਨਹੀਂ, ਕਰਮ ਕਰੇ ਪਰ ਫਲ ਦੀ ਇੱਛਾ ਨਾ ਰੱਖੇ, ਉਨ੍ਹਾਂ ਨੂੰ ਫਲ਼ ਲਾਉਣ ਜਾਂ ਨਾ ਲਾਉਣ ਦਾ ਫੈਸਲਾ ਈਸ਼ਵਰ ਤੇ ਛੱਡ ਦੇਵੇ। ਇਸ ਤਰਾਂ ਦੇ ਵੈਸ਼ਨਵ ਦਾ ਧਰਮ ਹੀ ਪਵਿੱਤਰ ਧਰਮ ਹੁੰਦਾ ਹੈ, ਉਸ ਦੇ ਅਸੂਲ ਹੀ ਨਿਰਮਲ ਅਸੂਲ ਹੁੰਦੇ ਹਨ

ਕਾਹੂ ਫਲ ਕੀ ਇੱਛਾ ਨਹੀ ਬਾਛੈ ।। ਕੇਵਲ ਭਗਤਿ ਕੀਰਤਨ ਸੰਗਿ ਰਾਚੈ ।।

ਕਾਹੂ - ਕਿਸੇ ਵੀ। ਨਹੀਂ ਬਾਛੈ - ਮਨ ਵਿੱਚ ਨਾ ਰੱਖੇ। ਸੰਗਿ - ਨਾਲ਼ ਰਾਚੈ - ਜੁੜਿਆ ਰਹੇ, ਮਗਨ ਰਹੇ।।

ਅਸਲੀ ਵੈਸ਼ਨਵ ਉਹ ਹੁੰਦਾ ਹੈ ਜਿਹੜਾ ਕਰਮ ਕਰ ਕੇ ਕਿਸੇ ਫਲ਼ ਦੀ ਇੱਛਾ ਨਾ ਰੱਖੇ, ਜਿਹੜਾ ਕੇਵਲ ਪ੍ਰਭੂ ਭਗਤੀ ਵਿੱਚ ਅਤੇ ਪ੍ਰਭੂ ਦੀ ਸਿਫ਼ਤ ਦੇ ਗੀਤ ਗਾਉਣ ਵਿੱਚ ਮਗਨ ਰਹੇ।

ਮਨ ਤਨ ਅੰਤਰਿ ਸਿਮਰਨ ਗੋਪਾਲ ।। ਸਭ ਊਪਰਿ ਹੋਵਤ ਕਿਰਪਾਲ ।।

ਅੰਤਰਿ - ਅੰਦਰ। ਸਿਮਰਨ - ਸਿਮਰਨ ਕਰਾ ਰਹੇ। ਹੋਵਤ - ਹੋਵੇ। ਕਿਰਪਾਲ - ਦਯਾਵਾਨ।

ਅਸਲੀ ਵੈਸ਼ਨਵ ਉਹ ਹੁੰਦਾ ਹੈ ਜਿਹੜਾ ਮਨ ਪੱਖੋਂ ਅਤੇ ਸਰੀਰ ਪੱਖੋਂ ਸਦਾ ਹੀ ਗੋਪਾਲ ਦੇ, ਪ੍ਰਮਾਤਮਾ ਦੇ, ਸਿਮਰਨ ਵਿੱਚ ਲੱਗਿਆ ਰਹੇ ਅਤੇ ਬਿਨਾਂ ਭੇਦ ਭਾਵ ਦੇ ਸਮੁੱਚੀ ਮਾਨਵਤਾ ਪ੍ਰਤੀ ਦਯਾ ਦ੍ਰਿਸ਼ਟੀ ਰੱਖਦਾ ਹੋਵੇ, ਸਾਰੇ ਜੀਵਾਂ ਤੇ ਤਰਸ ਖਾਂਦਾ ਹੋਵੇ।

ਆਪਿ ਦ੍ਰਿੜੈ ਅਵਰਹ ਨਾਮੁ ਜਪਾਵੈ ।। ਨਾਨਕ ਓਹੁ ਬੈਸਨੋ ਪਰਮ ਗਤਿ ਪਾਵਹਿ ।। 2 ।।

ਦ੍ਰਿੜੈ - ਦ੍ਰਿੜ੍ਹ ਕਰਦਾ ਰਹੇ, ਵਾਰ ਵਾਰ ਯਾਦ ਕਰਦਾ ਰਹੇ। ਅਵਰਹ - ਦੂਜਿਆਂ ਨੂੰ। ਪਰਮ ਗਤਿ - ਮਹਾਂ ਮੁਕਤੀ।

ਅਸਲੀ ਵੈਸ਼ਨਵ ਆਪ ਹਰ ਵਕਤ ਪ੍ਰਭੂ ਦੇ ਨਾਮ ਨੂੰ ਦ੍ਰਿੜ੍ਹ ਕਰਦਾ ਰਹਿੰਦਾ ਹੈ ਅਤੇ ਦੂਜਿਆਂ ਨੂੰ ਵੀ ਨਾਮ ਜੱਪਣ ਦੀ ਪ੍ਰੇਰਨਾ ਦਿੰਦਾ ਹੈ। ਗੁਰੂ ਜੀ ਦਾ ਕਥਨ ਹੈ ਕਿ ਇਸ ਤਰਾਂ ਦਾ ਵੈਸ਼ਨਵ ਹੀ ਮਹਾਂ ਮੁਕਤੀ ਦਾ ਪਾਤਰ ਹੁੰਦਾ ਹੈ, ਉਸ ਨੂੰ ਹੀ ਮਹਾਂ ਮੁਕਤੀ ਪ੍ਰਾਪਤ ਹੁੰਦੀ ਹੈ।

ਭਗਉਤੀ ਭਗਵੰਤ ਭਗਤਿ ਕਾ ਰੰਗੁ ।। ਸਗਲ ਤਿਆਗੈ ਦੁਸਟ ਕਾ ਸੰਗੁ ।।

ਭਗਉਤੀ - ਭਗਵਤੀ (ਦੇਵੀ) ਦਾ ਉਪਾਸ਼ਕ। ਭਗਵੰਤ ਭਗਤਿ - ਪ੍ਰਮਾਤਮਾ ਦੀ ਭਗਤੀ। ਰੰਗੁ - ਪਿਆਰ। ਦੁਸਟ - ਬੁਰੇ ਲੋਕ। ਸੰਗ - ਸਾਥ, ਸੰਗਤ। ਸਗਲ ਸਾਰਾ।

ਹਿੰਦੂ ਮਤ ਵਿੱਚ ਇੱਕ ਵਰਗ ਹੈ ਜੋ ਅਪਣੇ ਆਪ ਨੂੰ ਭਗਉਤੀ ਅਖਵਾਉਂਦਾ ਹੈ। ਇਹ ਲੋਕ ਭਗਵਤੀ (ਦੇਵੀ) ਦੇ ਉਪਾਸ਼ਕ ਹੁੰਦੇ ਹਨ। ਇਸ ਪੌੜੀ ਵਿੱਚ ਗੁਰੂ ਜੀ ਦੱਸਦੇ ਹਨ ਕਿ ਅਸਲ ਭਗਉਤੀ ਕਿਹੋ ਜਿਹਾ ਹੁੰਦਾ ਹੈ ਜਾਂ ਹੋਣਾ ਚਾਹੀਦਾ ਹੈ

ਸਹੀ ਅਰਥਾਂ ਵਿੱਚ ਭਗਉਤੀ ਉਹ ਹੁੰਦਾ ਹੈ ਜਿਹੜਾ ਹਰ ਪਲ ਭਗਵੰਤ (ਈਸ਼ਵਰ) ਦੀ ਭਗਤੀ ਦੇ ਰੰਗ ਵਿੱਚ ਰੰਗਿਆ ਰਹੇ, ਜਿਹੜਾ ਬੁਰੇ ਲੋਕਾਂ ਦੀ ਸੰਗਤ ਨੂੰ ਉੱਕਾ ਹੀ ਤਿਆਗ ਦੇਵੇ, ਕਦੇ ਵੀ ਕਿਸੇ ਦੁਸ਼ਟ ਦੀ ਸੰਗਤ ਨਾ ਕਰੇ ਅਤੇ ਨਾ ਕੋਈ ਬੁਰਾ ਕੰਮ ਕਰੇ

ਮਨ ਤੇ ਬਿਨਸੈ ਸਗਲਾ ਭਰਮੁ ।। ਕਰਿ ਪੂਜੈ ਸਗਲ ਪਾਰਬ੍ਰਹਮੁ ।।

ਬਿਨਸੈ - ਨਸ਼ਟ ਹੋ ਜਾਵੇ। ਸਗਲਾ - ਸਾਰਾ। ਭਰਮ - ਝੂਠਾ ਜਾਂ ਗਲਤ ਵਿਸ਼ਵਾਸ। ਕਰਿ - ਕਰ ਕੇ, ਸਮਝ ਕੇ। ਪੂਜੈ - ਪੂਜਾ ਕਰੇ। ਸਗਲ - ਸਾਰੇ ਜੀਵਾਂ ਨੂੰ। ਪਾਰਬ੍ਰਹਮ - ਪ੍ਰਮਾਤਮਾ।

ਭਗਉਤੀ ਉਹ ਹੁੰਦਾ ਹੈ ਜਿਸਦੇ ਮਨ ਵਿੱਚੋਂ ਭਰਮ ਦਾ (ਝੂਠੇ ਵਿਸ਼ਵਾਸ਼ਾਂ ਦਾ) ਪੂਰੀ ਤਰਾਂ ਨਾਸ਼ ਹੋ ਜਾਵੇ ਅਤੇ ਜਿਹੜਾ ਇੱਕ ਪਰਮੇਸ਼ਰ ਦਾ ਪੱਲਾ ਫੜ ਲਵੇ। ਅਸਲੀ ਭਗਉਤੀ ਸ੍ਰਿਸ਼ਟੀ ਦੇ ਸਾਰੇ ਜੀਵਾਂ ਨੂੰ ਪਾਰਬ੍ਰਹਮ ਪਰਮੇਸ਼ਰ ਦਾ ਰੂਪ ਜਾਣ ਕੇ ਉਨ੍ਹਾਂ ਦੀ ਪੂਜਾ ਕਰਦਾ ਹੈ।

ਸਾਧ ਸੰਗਿ ਪਾਪਾ ਮਲੁ ਖੋਵੈ ।। ਤਿਸੁ ਭਗਉਤੀ ਕੀ ਮਤਿ ਊਤਮ ਹੋਵੈ ।।

ਸੰਗਿ - ਸੰਗਤ ਕਰ ਕੇ। ਮਲੁ - ਮੈਲ਼।ਖੋਵੈ - ਦੂਰ ਕਰੇ। ਤਿਸੁ - ਉਸ। ਮਤਿ - ਸਮਝ, ਬੁੱਧ। ਊਤਮ - ਚੰਗੀ, ਪਵਿੱਤਰ।

ਜਿਹੜਾ ਭਗਉਤੀ ਸੰਤਾਂ ਦੀ ਸੰਗਤ ਕਰ ਕੇ ਉਨ੍ਹਾਂ ਦੇ ਉਪਦੇਸ਼ ਨੂੰ ਸੁਣ ਕੇ ਅਪਣੇ ਅੰਦਰੋਂ ਪਾਪਾਂ ਦੀ ਮੈਲ਼ ਨੂੰ ਪੂਰੀ ਤਰਾਂ ਧੋ ਦੇਵੇ, ਕੇਵਲ ਉਸ ਭਗਉਤੀ ਦੀ ਬੁੱਧ ਹੀ ਪੂਰਨ ਤੌਰ ਤੇ ਪਵਿੱਤਰ ਹੋ ਸਕਦੀ ਹੈ।

ਭਗਵੰਤ ਕੀ ਟਹਲ ਕਰੈ ਨਿਤ ਨੀਤਿ ।। ਮਨੁ ਤਨੁ ਅਰਪੈ ਬਿਸਨ ਪਰੀਤਿ ।।

ਭਗਵੰਤ - ਪ੍ਰਮਾਤਮਾ। ਟਹਲ - ਸੇਵਾ। ਨਿਤ ਨੀਤਿ - ਨਿਤਾ ਪ੍ਰਤੀ, ਹਰ ਰੋਜ਼। ਅਰਪੈ - ਭੇਟ ਕਰ ਦੇਵੇ। ਬਿਸਨ - ਵਿਸ਼ਨੂੰ ਦੀ, ਪ੍ਰਮਾਤਮਾ ਦੀ। ਪਰੀਤਿ - ਪਿਆਰ।

ਅਸਲ ਅਰਥਾਂ ਵਿੱਚ ਭਗਉਤੀ ਉਹ ਹੁੰਦਾ ਹੈ ਜਿਹੜਾ ਅਪਣੀ ਜ਼ਿੰਦਗੀ ਦਾ ਹਰ ਦਿਨ ਈਸ਼ਵਰ ਦੀ ਸੇਵਾ ਲਈ ਅਰਪਣ ਕਰ ਦੇਵੇ, ਜਿਹੜਾ ਅਪਣਾ ਮਨ ਅਤੇ ਸਰੀਰ ਦੋਵੇਂ ਹੀ ਪ੍ਰਭੂ ਦੇ ਪਿਆਰ ਨੂੰ ਭੇਟ ਕਰ ਦੇਵੇ, ਜਿਸ ਨੂੰ ਸੰਸਾਰਿਕ ਸੁਖਾਂ ਦੀ ਬਜਾਇ ਪ੍ਰਮਾਤਮਾ ਦੇ ਪਿਆਰ ਵਿੱਚੋੰ ਖੁਸ਼ੀ ਮਿਲਦੀ ਹੋਵੇ।

ਹਰਿ ਕੇ ਚਰਨ ਹਿਰਦੈ ਬਸਾਵੈ ।। ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ ।। 3 ।।

ਹਰਿ - ਹਰੀ, ਪ੍ਰਮਾਤਮਾ। ਹਿਰਦੈ - ਦਿਲ ਵਿੱਚ। ਬਸਾਵੈ - ਵਸਾ ਲਵੇ। ਕਉ - ਨੂੰ। ਭਗਵੰਤ - ਪ੍ਰਮਾਤਮਾ।

ਅਸਲ ਵਿੱਚ ਭਗਉਤੀ ਉਹ ਹੁੰਦਾ ਹੈ ਜੋ ਹਰ ਸਮੇ ਈਸ਼ਵਰ ਦੇ ਚਰਨਾਂ ਨੂੰ ਅਪਣੇ ਦਿਲ ਵਿੱਚ ਵਸਾ ਕੇ ਰੱਖੇ, ਜਿਸ ਦੇ ਦਿਲ ਵਿੱਚ ਸੰਸਾਰਿਕ ਪਦਾਰਥਾਂ ਦੇ ਪਿਆਰ ਲਈ ਕੋਈ ਥਾਂ ਨਾ ਹੋਵੇ। ਗੁਰੂ ਜੀ ਆਖਦੇ ਹਨ ਕਿ ਕੇਵਲ ਇਸ ਤਰਾਂ ਦਾ ਭਗਉਤੀ ਹੀ ਈਸ਼ਵਰ ਨੂੰ ਪ੍ਰਾਪਤ ਕਰ ਸਕਦਾ ਹੈ।

ਸੋ ਪੰਡਿਤੁ ਜੋ ਮਨੁ ਪਰਬੋਧੈ ।। ਰਾਮ ਨਾਮ ਆਤਮ ਮਹਿ ਸੋਧੈ ।।

ਮਨੁ - ਮਨ ਨੂੰ। ਪਰਬੋਧੈ - ਵਸ ਵਿੱਚ ਕਰ ਕੇ ਰੱਖੇ। ਆਤਮ - ਆਤਮਾ, ਮਨ। ਮਹਿ - ਵਿੱਚ। ਸੋਧੈ - ਵਿਚਾਰਦਾ ਰਹੇ, ਵਸਾ ਕੇ ਰੱਖੇ।

ਪੁਰਾਤਨ ਹਿੰਦੂ ਮਤ ਅਨੁਸਾਰ ਪੰਡਿਤ ਉਸ ਵਰਗ ਦੇ ਲੋਕਾਂ ਨੂੰ ਕਿਹਾ ਜਾਂਦਾ ਸੀ ਜਿਹੜੇ ਧਰਮ ਗ੍ਰੰਥਾਂ ਦਾ ਅਧਿਅਨ ਕਰ ਕੇ ਗਿਆਨ ਪ੍ਰਾਪਤ ਕਰਦੇ ਸਨ ਅਤੇ ਫਿਰ ਉਸ ਗਿਆਨ ਨੂੰ ਲੋਕਾਂ ਵਿੱਚ ਵੰਡਦੇ ਸਨ, ਪੂਜਾ ਪਾਠ ਵਿੱਚ ਸਮਾਂ ਬਤੀਤ ਕਰਦੇ  ਸਨ ਅਤੇ ਅਪਣੇ ਜਜਮਾਨਾਂ ਦੇ ਕਲਿਆਣ ਹਿਤ ਉਨ੍ਹਾਂ ਦੇ ਘਰਾਂ ਵਿੱਚ ਪੂਜਾ ਪਾਠ ਕਰ ਕੇ ਦਕਸ਼ਣਾ ਪ੍ਰਾਪਤ ਕਰਦੇ ਸਨ। ਇਸ ਪੌੜੀ ਵਿੱਚ ਗੁਰੂ ਜੀ ਦੱਸਦੇ ਹਨ ਕਿ ਸਹੀ ਅਰਥਾਂ ਵਿੱਚ ਪੰਡਿਤ ਕਿਹੋ ਜਿਹਾ ਹੋਣਾ ਚਾਹੀਦਾ ਹੈ

ਗੁਰੂ ਜੀ ਕਹਿੰਦੇ ਹਨ ਕਿ ਸੱਚਾ ਪੰਡਿਤ ਉਹ ਹੁੰਦਾ ਹੈ ਜਿਹੜਾ ਅਪਣੇ ਮਨ ਨੂੰ ਵਸ ਵਿੱਚ ਕਰ ਕੇ ਅਪਣੇ ਆਪ ਨੂੰ ਪੂਰੀ ਤਰਾਂ ਈਸ਼ਵਰ ਦੇ ਪਿਆਰ ਦੇ ਰੰਗ ਵਿੱਚ ਰੰਗ ਲੈਂਦਾ ਹੈ, ਅਪਣੇ ਮਨ ਵਿੱਚ ਰਾਮ ਨਾਮ ਨੂੰ ਵਿਚਾਰਦਾ ਹੈ ਅਤੇ ਉਸ ਦਾ ਸਿਮਰਨ ਕਰਦਾ ਹੈ

ਰਾਮ ਨਾਮ ਸਾਰੁ ਰਸੁ ਪੀਵੈ ।। ਉਸੁ ਪੰਡਿਤ ਕੈ ਉਪਦੇਸਿ ਜਗੁ ਜੀਵੈ ।।

ਸਾਰੁ - ਪੂਰੀ ਸ਼ਿੱਦਤ ਨਾਲ਼, ਰੱਜ ਰੱਜ ਕੇ। ਰਸੁ - ਅੰਮ੍ਰਿਤ। ਕੈ - ਦੇ। ਉਪਦੇਸਿ - ਉਪਦੇਸ਼ ਦੇ ਸਹਾਰੇ।


ਅਸਲੀ ਪੰਡਿਤ ਰਾਮ ਨਾਮ ਦੇ ਅੰਮ੍ਰਿਤ ਰੂਪੀ ਰਸ ਨੂੰ ਰੱਜ ਰੱਜ ਕੇ ਪੀਂਦਾ ਹੈਇਸ ਤਰਾਂ ਦੇ ਪੰਡਿਤ ਦੇ ਦਿੱਤੇ ਹੋਏ ਉਪਦੇਸ਼ ਤੇ ਅਮਲ ਕਰ ਕੇ ਸੰਸਾਰਿਕ ਜੀਵ ਅਪਣੇ ਜੀਵਨ ਨੂੰ ਸਫਲ ਬਣਾਉਂਦੇ ਹਨ

ਹਰਿ ਕੀ ਕਥਾ ਹਿਰਦੈ ਬਸਾਵੈ ।। ਸੋ ਪੰਡਿਤੁ ਫਿਰਿ ਜੋਨਿ ਨ ਆਵੈ ।।

ਹਰਿ - ਹਰੀ। ਕਥਾ - ਕਥਾ ਵੀਚਾਰ। ਜੋਨਿ - ਜੂਨੀ ਵਿੱਚ। ਨ ਆਵੈ - ਨਹੀਂ ਆਉਂਦਾ।

ਸੱਚਾ ਪੰਡਿਤ ਹਰੀ ਪ੍ਰਮੇਸ਼ਰ ਦੀ ਕਥਾ ਵੀਚਾਰ ਨੂੰ ਅਪਣੇ ਮਨ ਵਿੱਚ ਵਸਾ ਲੈਂਦਾ ਹੈ ਅਤੇ ਸੰਸਾਰਿਕ ਪਦਾਰਥਾਂ ਦੇ ਮੋਹ ਨੂੰ ਤਿਆਗ ਦਿੰਦਾ ਹੈ। ਇਸ ਤਰਾਂ ਦਾ ਸੱਚਾ ਪੰਡਿਤ ਜੀਵਨ ਮਰਨ ਤੋਂ ਮੁਕਤ ਹੋ ਜਾਂਦਾ ਹੈ, ਦੋਬਾਰਾ ਗਰਭ ਜੂਨ ਵਿੱਚ ਨਹੀਂ ਆਉਂਦਾ।

ਬੇਦ ਪੁਰਾਨ ਸਿਮ੍ਰਿਤਿ ਬੂਝੈ ਮੂਲ ।। ਸੂਖਮ ਮਹਿ ਜਾਨੈ ਅਸਥੂਲੁ ।।

ਸਿਮ੍ਰਿਤਿ - ਸਿਮ੍ਰਤੀਆਂ। ਬੂਝੈ - ਸਮਝਦਾ ਹੋਵੇ। ਮੂਲ - ਅਸਲੀਅਤ, ਸਚਾਈ, ਸਹੀ ਅਰਥ। ਸੂਖਮ - ਅਦ੍ਰਿਸ਼ਟਮਾਨ, ਇੰਦ੍ਰੀਆਂ ਦੀ ਪਕੜ ਤੋਂ ਬਾਹਰ ਅਰਥਾਤ ਪ੍ਰਮਾਤਮਾ। ਜਾਨੈ - ਸਮਝੇ, ਦੇਖੇ। ਅਸਥੂਲ - ਦ੍ਰਿਸ਼ਟਮਾਨ ਪਦਾਰਥ।

ਸੱਚਾ ਪੰਡਿਤ ਉਸ ਈਸ਼ਵਰ ਦੀ ਅਸਲੀਅਤ ਨੂੰ ਸਮਝ ਲੈਂਦਾ ਹੈ ਜਿਹੜਾ ਵੇਦਾਂ, ਪੁਰਾਣਾ ਅਤੇ ਸਿਮਰਿਤੀਆਂ ਦੇ ਗਿਆਨ ਦਾ ਆਧਾਰ ਹੈਉਹ ਇਸ ਸੱਚਾਈ ਨੂੰ ਸਮਝ ਲੈਂਦਾ ਹੈ ਕਿ ਸੂਖਮ (ਪ੍ਰਮਾਤਮਾ) ਅਤੇ ਸਥੂਲ (ਦ੍ਰਿਸ਼ਟਮਾਨ ਸੰਸਾਰ) ਵਿੱਚ ਕੋਈ ਫਰਕ ਨਹੀਂ, ਸਮੁੱਚੇ ਦ੍ਰਿਸ਼ਟਮਾਨ ਜੀਵਾਂ ਅਤੇ ਜੜ੍ਹ ਪਦਾਰਥਾਂ ਵਿੱਚ ਨਿਰੰਕਾਰ ਈਸ਼ਵਰ ਵਸਦਾ ਹੈ, ਜੋ ਕੁੱਝ ਵੀ ਸਾਨੂੰ ਨਜ਼ਰ ਆਉਂਦਾ ਹੈ ਉਸ ਵਿੱਚ ਈਸ਼ਵਰ ਵਿਦਯਮਾਨ ਹੈ।

ਚਹੁ ਵਰਨਾ ਕਉ ਦੇ ਉਪਦੇਸੁ ।। ਨਾਨਕ ਉਸੁ ਪੰਡਿਤ ਕਉ ਸਦਾ ਅਦੇਸੁ ।। 4 ।।

ਚਹੁ ਵਰਨਾ ਕਉ - ਚਾਰਾਂ ਹੀ ਜਾਤ ਸ਼੍ਰੇਣੀਆਂ ਬ੍ਰਾਹਮਣ, ਖਤਰੀ, ਵੈਸ਼ ਅਤੇ ਸ਼ੂਦਰ ਨੂੰ। ਅਦੇਸੁ - ਨਮਸ਼ਕਾਰ।

ਸੱਚਾ ਪੰਡਿਤ ਜਾਤ ਪਾਤ ਵਿੱਚ ਵਿਸ਼ਵਾਸ਼ ਨਹੀਂ ਰੱਖਦਾ। ਉਹ ਚਾਰਾਂ ਹੀ ਵਰਣਾਂ ਨੂੰ ਬਰਾਬਰ ਸਮਝਦਾ ਹੈ ਅਤੇ ਹਰ ਵਰਣ ਦੇ ਲੋਕਾਂ ਨੂੰ ਅਪਣੇ ਪਵਿੱਤਰ ਉਪਦੇਸ਼ ਨਾਲ਼ ਨਿਹਾਲ ਕਰ ਕੇ ਉਨ੍ਹਾਂ ਦਾ ਕਲਿਆਣ ਕਰਨ ਦਾ ਯਤਨ ਕਰਦਾ ਹੈ। ਗੁਰੂ ਜੀ ਇਸ ਤਰਾਂ ਦੇ ਸੱਚੇ ਪੰਡਿਤ ਨੂੰ ਸਦਾ ਹੀ ਨਮਸ਼ਕਾਰ ਕਰਦੇ ਹਨ ਕਿਉਂਕਿ ਉਹ ਇਸ ਸਤਿਕਾਰ ਦਾ ਪਾਤਰ ਹੁੰਦਾ ਹੈ।।

ਬੀਜ ਮੰਤ੍ਰ ਸਰਬ ਕੋ ਗਿਆਨੁ ।। ਚਹੁ ਵਰਨਾ ਮਹਿ ਜਪੈ ਕੋਊ ਨਾਮੁ ।।

ਬੀਜ - ਮੂਲ ਆਧਾਰ। ਮੰਤ੍ਰ ਸਰਬ ਕਉ - ਸਾਰੇ ਮੰਤ੍ਰਾਂ ਦਾ। ਗਿਆਨ - ਪ੍ਰਮਾਤਮਾ ਦਾ ਗਿਆਨ।

ਵਰਨਾ - ਵਰਣ ਸ਼੍ਰੇਣੀਆਂ ਬ੍ਰਾਹਮਣ, ਖਤਰੀ, ਵੈਸ਼ ਅਤੇ ਸ਼ੂਦਰ। ਜਪੈ - ਜੱਪਦਾ ਹੈ। ਕੋਊ - ਕੋਈ।

ਸਾਰੇ ਹੀ ਪਵਿੱਤਰ ਮੰਤ੍ਰਾਂ ਦਾ ਮੂਲ ਆਧਾਰ ਪ੍ਰਮਾਤਮਾ ਦਾ ਗਿਆਨ ਹੈ, ਸਾਰੇ ਮੰਤਰ ਇਸ ਗਿਆਨ ਵਿੱਚੋਂ ਹੀ ਪੈਦਾ ਹੋਏ ਹਨ। ਈਸ਼ਵਰ ਦੇ ਨਾਮ ਦਾ ਸਿਮਰਨ ਕਿਸੇ ਇੱਕ ਵਰਗ ਦੀ ਜਾਗੀਰ ਨਹੀਂ। ਚਾਰਾਂ ਹੀ ਵਰਣਾ ਵਿੱਚੋਂ ਕੋਈ ਵੀ ਵਿਅਕਤੀ ਹਰੀ ਦੇ ਨਾਮ ਦਾ ਸਿਮਰਨ ਕਰ ਸਕਦਾ ਹੈ। ਜੋ ਵੀ ਨਾਮ ਜੱਪਦਾ ਹੈ, ਉਸ ਨੂੰ ਉਸ ਦਾ ਫਲ਼ ਮਿਲਦਾ ਹੈ।

ਜੋ ਜੋ ਜਪੈ ਤਿਸ ਕੀ ਗਤਿ ਹੋਇ ।। ਸਾਧਸੰਗਿ ਪਾਵੈ ਜਨੁ ਕੋਇ ।।

ਜਪੈ - ਜੱਪਦਾ ਹੈ। ਗਤਿ - ਗਤੀ, ਮੁਕਤੀ। ਹੋਇ - ਹੋ ਜਾਂਦੀ ਹੈ। ਸਾਧਸੰਗਿ - ਸੰਤ ਪੁਰਖ ਦੀ ਸੰਗਤ। ਪਾਵੈ - ਪ੍ਰਾਪਤ ਹੁੰਦੀ ਹੈ।

 ਜਨ - ਜੀਵ, ਵਿਅਕਤੀ। ਕੋਇ - ਕੋਈ ਕੋਈ, ਵਿਰਲਾ ਟਾਂਵਾਂ। 

ਪ੍ਰਭੂ ਸਿਮਰਨ ਕਰ ਕੇ ਮੁਕਤੀ ਹਾਸਲ ਕਰਨਾ ਕੇਵਲ ਉੱਚ ਜਾਤੀ ਦੇ ਲੋਕਾਂ ਦਾ ਵਿਸ਼ੇਸ਼ ਅਧਿਕਾਰ ਨਹੀਂ ਹੈ। ਕਿਸੇ ਵੀ ਵਰਗ ਦਾ ਕੋਈ ਵੀ ਵਿਅਕਤੀ ਜਿਹੜਾ ਪ੍ਰਭੂ ਦਾ ਸਿਮਰਨ ਕਰਦਾ, ਹੈ ਉਸ ਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਪ੍ਰੰਤੂ ਪ੍ਰਭੂ ਦੇ ਨਾਮ ਦੇ ਸਿਮਰਨ ਦੀ ਦਾਤ ਸੰਤਾਂ ਦੀ ਸੰਗਤ ਕਰਨ ਦੇ ਸਿੱਟੇ ਵਜੋਂ ਕੇਵਲ ਗਿਣੇ ਚੁਣੇ ਜੀਵਾਂ ਨੂੰ ਹੀ ਪ੍ਰਾਪਤ ਹੁੰਦੀ ਹੈ।

ਕਰਿ ਕਿਰਪਾ ਅੰਤਰਿ ਉਰ ਧਾਰੈ ।। ਪਸੁ ਪ੍ਰੇਤ ਮੁਘਦ ਪਾਥਰ ਕਉ ਤਾਰੈ ।।

ਕਰਿ ਕਿਰਪਾ - ਮਿਹਰ ਕਰ ਕੇ। ਅੰਤਰ - ਅੰਦਰ, ਵਿੱਚ। ਉਰ - ਦਿਲ, ਹਿਰਦਾ। ਧਾਰੈ - ਵਸਾ ਦਿੰਦਾ ਹੈ।

ਪਸੁ - ਪਸ਼ੂ। ਪ੍ਰੇਤ - ਭੂਤਾਂ ਪ੍ਰੇਤਾਂ ਨੂੰ। ਮੁਘਦ - ਮੂਰਖ। ਪਾਥਰ - ਪੱਥਰ। ਤਾਰੈ - ਤਾਰ ਦਿੰਦਾ ਹੈ।

ਈਸ਼ਵਰ ਆਪ ਹੀ ਕਿਰਪਾ ਕਰ ਕੇ ਕੁੱਝ ਜੀਵਾਂ ਦੇ ਮਨ ਵਿੱਚ ਅਪਣਾ ਨਾਮ ਵਸਾ ਦਿੰਦਾ ਹੈ ਉਹ ਜੀਵ ਫਿਰ ਦੂਜਿਆਂ ਨੂੰ ਨਾਮ ਨਾਲ਼ ਜੁੜਨ ਦੀ ਪ੍ਰਰਨਾ ਦਿੰਦੇ ਹਨ। ਨਾਮ ਵਿੱਚ ਏਨੀ ਸ਼ਕਤੀ ਹੈ ਕਿ ਇਹ ਪਸ਼ੂਆਂ, ਪ੍ਰੇਤਾਂ, ਮੂਰਖਾਂ ਅਤੇ ਪੱਥਰ ਵਰਗੇ ਸੋਚ ਰਹਿਤ ਜੀਵਾਂ ਦਾ ਵੀ ਪਾਰ ਉਤਾਰਾ ਕਰ ਦਿੰਦਾ ਹੈ।

ਸਰਬ ਰੋਗ ਕਾ ਅਉਖਦੁ ਨਾਮੁ ।। ਕਲਿਆਣ ਰੂਪ ਮੰਗਲ ਗੁਣ ਗਾਮ ।।

ਸਰਬ - ਸਾਰੇ। ਅਉਖਦੁ - ਦਵਾਈ, ਦਾਰੂ। ਨਾਮੁ - ਪ੍ਰਮਾਤਮਾ ਦਾ ਨਾਂ। ਕਲਿਆਣ ਰੂਪ - ਕਲਿਆਣ ਦੀ ਮੂਰਤ ਪ੍ਰਮਾਤਮਾ ਦੇ। 

ਮੰਗਲ - ਖੁਸ਼ੀ ਖੁਸ਼ੀ। ਗੁਣ ਗਾਮ - ਗੁਣ ਗਾਉਣ ਨਾਲ਼।

ਸੰਸਾਰ ਅਨੇਕਾਂ ਸਰੀਰਕ ਅਤੇ ਮਾਨਸਿਕ ਬੀਮਾਰੀਆਂ ਦੇ ਵਿੱਚ ਗ੍ਰਸਤ ਹੈ। ਇਨ੍ਹਾਂ ਸਾਰੀਆਂ ਹੀ ਬੀਮਾਰੀਆਂ ਦਾ ਇੱਕੋ ਇੱਕ ਇਲਾਜ ਨਾਮ ਸਿਮਰਨ ਹੈ। ਪਰਮੇਸ਼ਰ ਕਲਿਆਣ ਦੀ ਮੂਰਤ ਹੈ। ਖੁਸ਼ੀ ਖੁਸ਼ੀ ਉਸ ਦੀਆਂ ਵਡਿਆਈਆਂ ਦਾ ਗਾਇਨ ਕਰਨ ਨਾਲ਼ ਸਾਰੇ ਰੋਗ ਦੂਰ ਹੋ ਜਾਂਦੇ ਹਨ।

ਕਾਹੂ ਜੁਗਤਿ ਕਿਤੈ ਨ ਪਾਈਐ ਧਰਮਿ ।। ਨਾਨਕ ਤਿਸੁ ਮਿਲੈ ਜਿਸੁ ਲਿਖਿਆ ਧੁਰਿ ਕਰਮਿ ।। 5 ।।

ਕਾਹੂ - ਕਿਸੇ ਵੀ। ਜੁਗਤਿ - ਸਿਆਣਪ ਭਰਿਆ ਜਾਂ ਚੁਸਤੀ ਭਰਿਆ ਤਰੀਕਾ। ਪਈਐ - ਪਾਈ ਜਾਂਦੀ ਹੈ। ਕਿਤੈ - ਕਿਸੇ ਵੀ। 

ਧਰਮਿ - ਧਰਮ ਨੂੰ ਅਪਣਾ ਕੇ। ਤਿਸੁ - ਉਸ ਨੂੰ। ਮਿਲੈ - ਮਿਲਦੀ ਹੈ। ਜਿਸੁ - ਜਿਸ ਦੇ। ਲਿਖਿਆ - ਲਿਖੀ ਹੋਈ ਹੋਵੇ। 

ਧੁਰਿ - ਧੁਰ ਤੋਂ, ਪ੍ਰਮਾਤਮਾ ਦੇ ਘਰੋਂ। ਕਰਮਿ - ਕਰਮਾਂ ਵਿੱਚ, ਕਿਸਮਤ ਵਿੱਚ।

ਈਸ਼ਵਰ ਦੇ ਨਾਮ ਦੀ ਪ੍ਰਾਪਤੀ ਕਿਸੇ ਚੁਸਤੀ ਚਲਾਕੀ ਭਰੀ ਜੁਗਤੀ ਨਾਲ਼ ਜਾਂ ਕਿਸੇ ਵਿਸ਼ੇਸ਼ ਧਰਮ ਨੂੰ ਅਪਣਾ ਕੇ ਨਹੀਂ ਕਰੀ ਜਾ  ਸਕਦੀਗੁਰੂ ਜੀ ਸਮਝਾਉਂਦੇ ਹਨ ਕਿ ਇਹ ਪ੍ਰਾਪਤੀ ਉਸ ਜੀਵ ਨੂੰ ਹੀ ਹੁੰਦੀ ਹੈ ਜਿਸ ਤੇ ਮਿਹਰਬਾਨ ਹੋ ਕੇ ਪ੍ਰਭੂ ਨੇ ਉਸ ਦੀ ਕਿਸਮਤ ਵਿੱਚ ਧੁਰ ਤੋਂ ਹੀ ਅਜਿਹੀ ਪ੍ਰਾਪਤੀ ਲਿਖੀ ਹੋਈ ਹੁੰਦੀ ਹੈ।

ਜਿਸ ਕੈ ਮਨਿ ਪਾਰਬ੍ਰਹਮ ਕਾ ਨਿਵਾਸੁ ।। ਤਿਸ ਕਾ ਨਾਮੁ ਸਤਿ ਰਾਮਦਾਸੁ ।।

ਮਨਿ - ਮਨ ਵਿੱਚ। ਤਿਸ ਕਾ - ਉਸ ਦਾ। ਸਤਿ - ਸੱਚਾ, ਪੂਰੀ ਤਰਾਂ ਸਮਰਪਿਤ। ਰਾਮਦਾਸੁ - ਰਾਮ (ਪ੍ਰਮਾਤਮਾ) ਦਾ ਸੇਵਕ।

ਉਸ ਇਨਸਾਨ ਨੂੰ ਹੀ ਸੱਚ ਸਰੂਪ ਈਸ਼ਵਰ ਦਾ ਸਮਰਪਿਤ ਸੇਵਕ ਕਿਹਾ ਜਾ ਸਕਦਾ ਹੈ ਜਿਸਦੇ ਹਿਰਦੇ ਵਿੱਚ ਪਾਰਬ੍ਰਹਮ ਪਰਮੇਸ਼ਰ ਆਪ ਵਸਦਾ ਹੈ।

ਆਤਮ ਰਾਮੁ ਤਿਸੁ ਨਦਰੀ ਆਇਆ ।। ਦਾਸ ਦਸੰਤਣ ਭਾਇ ਤਿਨਿ ਪਾਇਆ ।।

ਆਤਮ - ਅਪਣੇ ਅੰਦਰ ਹੀ। ਰੇਮੁ - ਪ੍ਰਮਾਤਮਾ। ਤਿਸੁ - ਉਸ ਨੂੰ। ਨਦਰੀ ਆਇਆ - ਨਜ਼ਰ ਆ ਜਾਂਦਾ ਹੈ।

ਦਾਸ ਦਸੰਤਣ - ਦਾਸਾਂ ਦੇ ਦਾਸਾਂ ਨਾਲ਼। ਭਾਇ - ਪਿਆਰ। ਪਾਇਆ - ਪ੍ਰਾਪਤ (ਪੈਦਾ) ਹੋ ਜਾਂਦਾ ਹੈ। ਤਿਨਿ - ਉਨ੍ਹਾਂ ਨੂੰ, ਉਨ੍ਹਾਂ ਅੰਦਰ 

ਪ੍ਰਮਾਤਮਾ ਦੀ ਕਿਰਪਾ ਨਾਲ਼ ਉਨ੍ਹਾਂ ਨੂੰ ਅਪਣੇ ਹੀ ਅੰਦਰ ਵਸਦੇ ਹਰੀ ਦੇ ਦਰਸ਼ਨ ਹੋ ਜਾਂਦੇ ਹਨ ਜਿਸ ਦੇ ਸਿੱਟੇ ਵਜੋਂ ਉਨ੍ਹਾਂ ਨੂੰ ਪ੍ਰਮਾਤਮਾ ਦੇ ਦਾਸਾਂ ਦੇ ਦਾਸਾਂ ਨਾਲ਼ ਵੀ ਪਿਆਰ ਹੋ ਜਾਂਦਾ ਹੈ।

ਸਦਾ ਨਿਕਟਿ ਨਿਕਟਿ ਹਰਿ ਜਾਨੁ ।। ਸੋ ਦਾਸੁ ਦਰਗਹ ਪਰਵਾਨੁ ।।

ਨਿਕਟਿ ਨਿਕਟਿ - ਨੇੜੇ ਤੋਂ ਵੀ ਨੇੜੇ, ਅੰਗ ਸੰਗ। ਹਰਿ - ਹਰੀ, ਪ੍ਰਮਾਤਮਾ। ਜਾਨੁ - ਸਮਝਦੇ ਹਨ। ਦਾਸੁ - ਸੇਵਕ।

ਪਰਵਾਨੁ - ਪ੍ਰਵਾਨ ਹੁੰਦੇ ਹਨ, ਸਤਿਕਾਰ ਪਾਉਂਦੇ ਹਨ।,  

ਜਿਹੜਾ ਜੀਵ ਹਰ ਵਕਤ ਪ੍ਰਮਾਤਮਾ ਦੀ ਨੇੜਤਾ ਨੂੰ ਮਹਿਸੂਸ ਕਰਦਾ ਹੈ, ਇਹ ਸਮਝਦਾ ਹੈ ਕਿ ਹਰੀ ਪ੍ਰਭੂ ਹਰ ਵੇਲ਼ੇ ਉਸ ਦੇ ਅੰਗ ਸੰਗ ਹੈ, ਕਦੇ ਵੀ ਉਸ ਤੋਂ ਦੂਰ ਨਹੀਂ ਜਾਂਦਾ, ਉਹ ਜੀਵ ਹੀ ਉਸ ਈਸ਼ਵਰ ਦਾ ਸੱਚਾ ਸੇਵਕ ਹੈ ਅਤੇ ਉਸ ਦੀ ਦਰਗਾਹ ਵਿੱਚ ਪ੍ਰਵਾਨ ਹੁੰਦਾ ਹੈ, ਸਤਿਕਾਰ ਪਾਉਂਦਾ ਹੈ

ਅਪੁਨੇ ਦਾਸ ਕਉ ਆਪਿ ਕਿਰਪਾ ਕਰੈ ।। ਤਿਸੁ ਦਾਸ ਕਉ ਸਭ ਸੋਝੀ ਪਰੈ ।।

ਦਾਸ - ਸੇਵਕ। ਕਉ - ਉੱਤੇ। ਕਰੈ - ਕਰਦਾ ਹੈ। ਤਿਸੁ - ਉਸ। ਕਉ - ਨੂੰ। ਸੋਝੀ - ਸਮਝ। ਪਰੈ - ਆ ਜਾਂਦੀ ਹੈ।

ਪ੍ਰੰਤੂ ਉਸ ਮਹਾਨ ਸੱਚ ਦੀ ਸਮਝ ਜੀਵ ਨੂੰ ਅਪਣੀ ਸਿਆਣਪ, ਚਤੁਰਾਈ ਜਾਂ ਕੋਸ਼ਿਸ਼ ਨਾਲ਼ ਨਹੀਂ ਆਉਂਦੀ। ਜਿਸ ਅਪਣੇ  ਸੇਵਕ ਉੱਤੇ ਈਸ਼ਵਰ ਆਪ ਕਿਰਪਾ ਕਰ ਦਿਂਦਾ ਹੈ ਉਸ ਸੇਵਕ ਨੂੰ ਇਨ੍ਹਾਂ ਸਭ ਸੱਚਾਈਆਂ ਦੀ ਸਮਝ ਆ ਜਾਂਦੀ ਹੈ।

ਸਗਲ ਸੰਗਿ ਆਤਮ ਉਦਾਸੁ ।। ਐਸੀ ਜੁਗਤਿ ਨਾਨਕ ਰਾਮਦਾਸੁ ।। 6।

ਸਗਲ - ਸਾਰੇ। ਸੰਗਿ - ਨਾਲ਼ੋਂ। ਆਤਮ - ਅਪਣੇ ਆਪ ਨੂੰ । ਉਦਾਸੁ - ਬੇਲਾਗ, ਉਦਾਸੀਨ। ਜੁਗਤਿ - ਜੀਵਨ ਜਿਉਣ ਦੀ ਜੁਗਤੀ ਜਾਂ ਤਰੀਕਾ। ਰਾਮਦਾਸੁ - ਰਾਮ (ਪ੍ਰਮਾਤਮਾ) ਦਾ ਸੇਵਕ। 

ਗੁਰੂ ਜੀ ਸਮਝਾਉਂਦੇ ਹਨ ਕਿ ਇਨਸਾਨ ਨੂੰ ਇਸ ਮਾਯਾਵੀ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਵੀ ਮਾਇਆ ਤੋਂ ਉਦਾਸੀਨ, ਬੇਲਾਗ ਰਹਿਣਾ ਚਾਹੀਦਾ ਹੈ, ਮਾਇਆ ਦਾ ਮੋਹ ਅਪਣੇ ਤੇ ਭਾਰੂ ਨਹੀਂ ਹੋਣ ਦੇਣਾ ਚਾਹੀਦਾ। ਜਿਸ ਜੀਵ ਨੂੰ ਅਜਿਹੀ ਜੀਵਨ ਜੁਗਤੀ ਨਾਲ਼ ਜੀਵਨ ਜਿਉਣ ਦੀ ਸਮਝ ਆ ਜਾਵੇ ਉਹ ਹੀ ਪ੍ਰਮਾਤਮਾ ਦਾ ਸੱਚਾ ਸੇਵਕ ਹੁੰਦਾ ਹੈ।

ਪ੍ਰਭ ਕੀ ਆਗਿਆ ਆਤਮ ਹਿਤਾਵੈ ।। ਜੀਵਨ ਮੁਕਤਿ ਸੋਊ ਕਹਾਵੈ ।।

ਆਤਮ - ਅਪਣੇ ਅੰਦਰ। ਹਿਤਾਵੈ - ਵਸਾ ਲਵੇ। ਜੀਵਨ ਮੁਕਤਿ - ਜਿਹੜਾ ਜੀਵਨ ਵਿੱਚ ਹੀ ਮੁਕਤੀ ਪ੍ਰਾਪਤ ਕਰ ਲਵੇ। 

ਸੋਊ - ਉਹ ਹੀ। ਕਹਾਵੈ - ਕਹਾਉਂਦਾ ਹੈ, ਜਾਣਿਆਂ ਜਾਂਦਾ ਹੈ।

ਜਿਹੜਾ ਜੀਵ ਈਸ਼ਵਰ ਦੇ ਹੁਕਮ ਨੂੰ ਅਪਣੇ ਅੰਦਰ ਵਸਾ ਲਵੇ, ਜੋ ਕੁੱਝ ਈਸ਼ਵਰ ਕਰੇ, ਉਸ ਨੂੰ ਭਲਾ ਮੰਨਣ ਦੀ, ਅਪਣੇ ਹਿਤ ਵਿੱਚ ਮੰਨਣ ਦੀ, ਜਾਚ ਜਿਸ ਨੂੰ ਆ ਜਾਵੇ, ਜਿਹੜਾ ਤੱਤੀ ਤਵੀ ਤੇ ਬੈਠ ਕੇ ਵੀ ‘ਤੇਰਾ ਭਾਣਾ ਮੀਠਾ ਲਾਗੈ’ ਉਚਾਰ ਸਕੇ, ਉਸੇ ਨੂੰ ਜੀਵਨ ਮੁਕਤ ਕਿਹਾ ਜਾ ਸਕਦਾ ਹੈ। ਉਹ ਅਪਣੇ ਜੀਵਨ ਕਾਲ ਵਿੱਚ ਹੀ ਮੁਕਤੀ ਪ੍ਰਾਪਤ ਕਰ ਲੈਂਦਾ ਹੈ।

ਤੈਸਾ ਹਰਖੁ ਤੈਸਾ ਉਸੁ ਸੋਗੁ ।। ਸਦਾ ਅਨੰਦੁ ਤਹ ਨਹੀ ਬਿਓਗੁ ।।

ਤੈਸਾ - ਓਹੋ ਜਿਹਾ ਹੀ। ਹਰਖੁ - ਖੁਸ਼ੀ। ਉਸੁ - ਉਸ ਦੇ ਲਈ। ਸੋਗੁ - ਗ਼ਮੀ ਜਾਂ ਦੁੱਖ। ਅਨੰਦੁ - ਖੁਸ਼ੀ। ਤਹ - ਉਸ ਨੂੰ। 

ਬਿਓਗ - ਵਿਛੋੜੇ ਦਾ ਦੁੱਖ। 

ਅਜਿਹੇ ਇਨਸਾਨ ਲਈ ਖੁਸ਼ੀ ਅਤੇ ਗ਼ਮੀ ਵਿੱਚ ਕੋਈ ਫ਼ਰਕ ਨਹੀਂ ਹੁੰਦਾ। ਉਸ ਲਈ ਦੋਵੇਂ ਬਰਾਬਰ ਹੁੰਦੀਆਂ ਹਨ। ਉਹ ਹਮੇਸ਼ਾ ਆਨੰਦ ਦੀ ਅਵਸਥਾ ਵਿੱਚ ਰਹਿੰਦਾ ਹੈ, ਕਦੇ ਵੀ, ਕਿਸੇ ਹਾਲਤ ਵਿੱਚ ਵੀ, ਦੁੱਖ ਮਹਿਸੂਸ ਨਹੀਂ ਕਰਦਾ।

ਤੈਸਾ ਸੁਵਰਨੁ ਤੈਸੀ ਉਸੁ ਮਾਟੀ ।। ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ ।।

ਸੁਵਰਨੁ - ਸੋਨਾ। ਮਾਟੀ - ਮਿੱਟੀ। ਬਿਖੁ - ਜ਼ਹਿਰ। ਖਾਟੀ - ਖੱਟੀ ਜਾਂ ਕੌੜੀ।

ਇਸ ਤਰਾਂ ਦੇ ਪੂਰਨ ਪੁਰਖ ਨੂੰ ਧਨ ਦੌਲਤ ਨਾਲ਼ ਪਿਆਰ ਨਹੀਂ ਹੁੰਦਾ। ਉਸ ਦੇ ਲਈ ਸੋਨਾ ਅਤੇ ਮਿੱਟੀ ਇੱਕ ਬਰਾਬਰ ਹੁੰਦੇ ਹਨ। ਉਸ ਦੇ ਲਈ ਜੀਵਨ ਦਾਨ ਦੇਣ ਵਾਲ਼ਾ ਅੰਮ੍ਰਿਤ ਅਤੇ ਕੌੜੀ ਜ਼ਹਿਰ ਬਰਾਬਰ ਹੁੰਦੇ ਹਨ। ਜੋ ਵੀ ਪ੍ਰਮਾਤਮਾ ਕਰੇ, ਉਸ ਨੂੰ ਚੰਗਾ ਲੱਗਦਾ ਹੈ।

ਤੈਸਾ ਮਾਨੁ ਤੈਸਾ ਅਭਿਮਾਨੁ ।। ਤੈਸਾ ਰੰਕੁ ਤੈਸਾ ਰਾਜਾਨੁ ।।

ਮਾਨੁ - ਇੱਜ਼ਤ, ਸਤਿਕਾਰ। ਅਭਿਮਾਨੁ - ਅਪਮਾਨ, ਬੇਇੱਜ਼ਤੀ। ਰੰਕੁ - ਗਰੀਬ ਇਨਸਾਨ, ਕੰਗਾਲ। ਰਾਜਾਨੁ - ਰਾਜਾ, ਦੌਲਤਮੰਦ ਇਨਸਾਨ।

ਜੇ ਪ੍ਰਮਾਤਮਾ ਉਸ ਨੂੰ ਇੱਜ਼ਤ ਦੇ ਕੇ ਨਿਵਾਜੇ ਉਹ ਤਾਂ ਵੀ ਖੁਸ਼ ਹੁੰਦਾ ਹੈ ਅਤੇ ਜੇ ਉਸ ਦੀ ਝੋਲ਼ੀ ਵਿੱਚ ਅਪਮਾਨ ਪਾ ਦੇਵੇ, ਉਹ ਤਾਂ ਵੀ ਬੁਰਾ ਨਹੀਂ ਮਨਾਉਂਦਾ। ਦੋਵਾਂ ਨੂੰ ਸਮਾਨ ਸਮਝਦਾ ਹੈ। ਉਸ ਦੇ ਲਈ ਇੱਕ ਗਰੀਬ ਇਨਸਾਨ ਜਿਸ ਦੇ ਪੱਲੇ ਕੋਈ ਦੌਲਤ ਨਹੀਂ ਅਤੇ ਇੱਕ ਸ਼ਹਿਨਸ਼ਾਹ ਜਿਹੜਾ ਅਥਾਹ ਦੌਲਤ ਦਾ ਮਾਲਕ ਹੋਵੇ ਇੱਕ ਸਮਾਨ ਹੁੰਦੇ ਹਨ। ਉਹ ਗਰੀਬ ਨੂੰ ਨਫ਼ਰਤ ਅਤੇ ਬਾਦਸ਼ਾਹ ਨੂੰ ਪਿਆਰ ਨਹੀਂ ਕਰਦਾ। ਦੋਹਾਂ ਨੂੰ ਬਰਾਬਰ ਸਤਿਕਾਰ ਦਿੰਦਾ ਹੈ।

ਜੋ ਵਰਤਾਏ ਸਾਈ ਜੁਗਤਿ ।। ਨਾਨਕ ਓਹੁ ਪੁਰਖੁ ਕਹੀਐ ਜੀਵਨ ਮੁਕਤਿ ।। 7 ।।

ਵਰਤਾਏ - ਵਰਤਾਉਂਦਾ ਹੈ, ਦਿੰਦਾ ਹੈ, ਪ੍ਰਮਾਤਮਾ ਦੀ ਮਰਜ਼ੀ ਨਾਲ ਜੋ ਕੁੱਝ ਵੀ ਉਸ ਨਾਲ਼ ਹੁੰਦਾ ਹੈ। ਸਾਈ - ਉਹ ਹੀ। 

ਜੁਗਤਿ - ਪ੍ਰਮਾਤਮਾ ਵੱਲੋਂ ਉਸ ਨੂੰ ਅਰਪਣੇ ਨਾਲ਼ ਮਿਲਾਉਣ ਲਈ ਵਰਤਿਆ ਗਿਆ ਤਰੀਕਾ ਜਾਂ ਸਾਧਨ। 

ਕਹੀਐ - ਕਿਹਾ ਜਾਂਦਾ ਹੈ, ਜਾਣਿਆਂ ਜਾਂਦਾ ਹੈ।            

ਜਿਹੜਾ ਇਨਸਾਨ ਜੋ ਕੁੱਝ ਵੀ ਪ੍ਰਮਾਤਮਾ ਉਸ ਨਾਲ਼ ਵਰਤਾਉਂਦਾ ਹੈ, ਉਸ ਨੂੰ ਇਹ ਸਮਝ ਕੇ ਖੁਸ਼ੀ ਖੁਸ਼ੀ ਪ੍ਰਵਾਨ ਕਰੇ ਕਿ ਇਹ ਉਸ ਨੂੰ ਪ੍ਰਮਾਤਮਾ ਨਾਲ਼ ਮਿਲਾਉਣ ਦਾ ਇੱਕ ਜ਼ਰੀਆ ਹੈ, ਜਿਹੜਾ ਵਾਹਿਗੁਰੂ ਦੇ ਕੀਤੇ ਹਰ ਕੰਮ ਨੂੰ, ਉਸ ਦੇ ਦਿੱਤੇ ਹਰ ਦੁੱਖ ਸੁਖ ਨੂੰ, ਖੁਸ਼ੀ ਖੁਸ਼ੀ ਸਵੀਕਾਰ ਕਰੇ, ਕਦੇ ਗਿਲਾ ਨਾ ਕਰੇ, ਜੀਵਨ ਮੁਕਤ ਅਖਵਾਉਣ ਦਾ ਅਧਿਕਾਰੀ ਹੁੰਦਾ ਹੈ। ਮੁਕਤੀ ਪ੍ਰਾਪਤ ਕਰਨ ਲਈ ਉਸ ਨੂੰ ਮੌਤ ਦਾ ਇੰਤਜ਼ਾਰ ਨਹੀਂ ਕਰਨਾ ਪੈਂਦਾ। ਉਹ ਜਿਉਂਦੇ ਜੀ ਹੀ ਮੁਕਤੀ ਪ੍ਰਪਤ ਕਰ ਲੈਂਦਾ ਹੈ।

ਪਾਰਬ੍ਰਹਮ ਕੇ ਸਗਲੇ ਠਾਉ ।। ਜਿਤੁ ਜਿਤੁ ਘਰਿ ਰਾਖੈ ਤੈਸਾ ਤਿਨ ਨਾਉ ।।

ਸਗਲੇ - ਸਾਰੇ। ਠਾਉ - ਥਾਂ, ਅਵਸਥਾਂਵਾਂ। ਜਿਤੁ ਜਿਤੁ  - ਜਿਸ ਜਿਸ ਵੀ। ਘਰਿ - ਹਾਲਤ ਵਿੱਚ ਰਾਖੈ - ਰੱਖਦਾ ਹੈ। 

ਤੈਸਾ - ਉਹੋ ਜਿਹਾ। ਤਿਨ - ਉਸ ਦਾ। 

ਇਹ ਸਾਰੀਆਂ ਅਵਸਥਾਵਾਂ, ਉੱਚੇ ਨੀਂਵੇਂ ਸਾਰੇ ਥਾਂ, ਚੰਗੇ ਮੰਦੇ ਸਾਰੇ ਜੀਵ, ਉਸ ਦੀ ਨਜ਼ਰ ਵਿੱਚ ਪਾਰਬ੍ਰਹਮ ਪ੍ਰਮਾਤਮਾ ਦੇ ਅਪਣੇ ਬਣਾਏ ਹੋਏ ਹਨਜਿਸ ਜਿਸ ਅਵਸਥਾ ਵਿੱਚ ਉਹ ਕਿਸੇ ਨੂੰ ਰੱਖਦਾ ਹੈ, ਉਸ ਦਾ ਓਹੋ ਜਿਹਾ ਨਾਮ ਪੈ ਜਾਂਦਾ ਹੈ। ਕੋਈ ਪਸ਼ੂ ਹੈ, ਕੋਈ ਪੰਛੀ ਹੈ, ਕੋਈ ਇਨਸਾਨ ਹੈ, ਕੋਈ ਦੇਵਤਾ ਹੈ, ਕੋਈ ਦੈਂਤ ਹੈ, ਕੋਈ ਰਾਜਾ ਹੈ ਅਤੇ ਕੋਈ ਰੰਕ ਹੈ ਪਰ ਸਭ ਉਸੇ ਪ੍ਰਮਾਤਮਾ ਦੇ ਬਣਾਏ ਹੋਏ ਹਨ।

ਆਪੇ ਕਰਨ ਕਰਾਵਨ ਜੋਗੁ ।। ਪ੍ਰਭ ਭਾਵੈ ਸੋਈ ਫੁਨਿ ਹੋਗੁ ।।

ਜੋਗੁ - ਸਮਰੱਥ, ਕਾਬਲ। ਭਾਵੈ - ਭਾਉਂਦਾ ਹੈ, ਚੰਗਾ ਲੱਗਦਾ ਹੈ। ਸੋਈ - ਉਹ ਹੀ। ਫੁਨਿ - ਫਿਰ। ਹੋਗੁ - ਹੁੰਦਾ ਹੈ।

ਪ੍ਰਮਾਤਮਾ ਸਰਬ ਸ਼ਕਤੀਮਾਨ ਹੈ ਅਤੇ ਸਭ ਕੁੱਝ ਕਰਨ ਕਰਾਉਣ ਦੇ ਸਮਰੱਥ ਹੈ। ਜੋ ਉਹ ਚਾਹੁੰਦਾ ਹੈ, ਸੰਸਾਰ ਵਿੱਚ ਉਹ ਹੀ ਹੁੰਦਾ ਹੈ। ਉਸ ਦੇ ਹੁਕਮ ਤੋਂ ਉਲ਼ਟ ਕੁੱਝ ਹੋ ਹੀ ਨਹੀਂ ਸਕਦਾ। ਉਸ ਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਿੱਲਦਾ।

ਪਸਰਿਓ ਆਪਿ ਹੋਇ ਅਨਤ ਤਰੰਗ ।। ਲਖੇ ਨ ਜਾਹਿ ਪਾਰਬ੍ਰਹਮ ਕੇ ਰੰਗ ।।

ਪਸਰਿਓ - ਫੈਲਿਆ ਹੋਇਆ ਹੈ। ਹੋਇ - ਹੋ ਕੇ, ਧਾਰਨ ਕਰ ਕੇ। ਤਰੰਗ - ਰੂਪ। ਲਖੇ ਨ ਜਾਹਿ - ਬਿਆਨ ਨਹੀਂ ਕੀਤੇ ਜਾ ਸਕਦੇ।

ਰੰਗ - ਤਰੀਕੇ, ਜੁਗਤਾਂ, ਜੋ ਜੋ ਸਾਧਨ ਉਹ ਵਰਤਦਾ ਹੈ।

ਇਹ ਸਾਰਾ ਜਗਤ ਓਸੇ ਦਾ ਪਸਾਰਾ ਹੈ। ਸਮੁੰਦਰ ਦੇ ਪਾਣੀ ਦੀ ਤਰਾਂ ਅਨੇਕਾਂ ਸ਼ਕਲਾਂ ਅਤੇ ਆਕਾਰਾਂ ਦਾ ਰੂਪ ਧਾਰ ਕੇ ਉਹ ਆਪ ਹੀ ਸਾਰੇ ਪਾਸੇ ਫੈਲਿਆ ਹੋਇਆ ਹੈ। ਇਸ ਸੰਸਾਰ ਵਿੱਚ ਜੋ ਵੀ ਅਸੀਂ ਦੇਖਦੇ ਹਾਂ – ਇਨਸਾਨ, ਪਸ਼ੂ, ਪੰਛੀ, ਚੰਗੇ ਮਾੜੇ ਲੋਕ, ਦਰਿੰਦੇ ਅਤੇ ਸ਼ੈਤਾਨ – ਸਭ ਦੇ ਅੰਦਰ ਉਹ ਆਪ ਹੀ ਵਸਦਾ ਹੈ। ਉਸ ਦੇ ਰੰਗਾਂ ਨੂੰ ਬਿਆਨ ਕਰਨਾ ਅਸੰਭਵ ਹੈ। ਉਹ ਕੀ ਕਰਦਾ ਹੈ, ਕਿਉਂ ਕਰਦਾ ਹੈ, ਕੋਈ ਨਹੀਂ ਕਹਿ ਸਕਦਾ। ਆਪਣੇ ਕੀਤੇ ਨੂੰ ਉਹ ਆਪ ਹੀ ਜਾਣਦਾ ਅਤੇ ਸਮਝਦਾ ਹੈ।

ਜੈਸੀ ਮਤਿ ਦੇਇ ਤੈਸਾ ਪਰਗਾਸ ।। ਪਾਰਬ੍ਰਹਮੁ ਕਰਤਾ ਅਬਿਨਾਸ ।।

ਮਤਿ - ਸਮਝ। ਦੇਇ - ਦਿੰਦਾ ਹੈ। ਤੈਸਾ - ਓਹੋ ਜਿਹੀ ਗੱਲ। ਪਰਗਾਸ - ਕਹਿ ਦਿੰਦਾ ਹੈ। 

ਕਰਤਾ - ਰਚਣਹਾਰਾ, ਬਣਾਉਣ ਵਾਲ਼ਾ। ਅਬਿਨਾਸ - ਵਿਨਾਸ਼ ਰਹਿਤ, ਜਿਸ ਦਾ ਕਦੇ ਅੰਤ ਨਹੀਂ ਹੁੰਦਾ।

ਜਿਹੋ ਜਿਹੀ ਸਮਝ ਉਹ ਕਿਸੇ ਨੂੰ ਦਿੰਦਾ ਹੈ, ਉਸ ਦੇ ਮੁਤਾਬਿਕ ਉਸ ਦੇ ਕੀਤੇ ਕੰਮਾਂ ਬਾਰੇ ਉਹ ਅਪਣੀ ਰਾਇ ਦੇ ਦਿੰਦਾ ਹੈ। ਜੋ ਉਹ ਆਪ ਕਿਸੇ ਤੋਂ ਅਖਵਾਉਂਦਾ ਹੈ, ਉਹ ਆਖ ਦਿੰਦਾ ਹੈ। ਜੋ ਕੁੱਝ ਅਸੀਂ ਉਸ ਦੇ ਬਾਰੇ ਸੁਣਦੇ ਹਾਂ ਉਸ ਦਾ ਅਪਣਾ ਹੀ ਬੁਲਵਾਇਆ ਹੋਇਆ ਹੈ। ਪ੍ਰਮਾਤਮਾ, ਜੋ ਇਸ ਜਗਤ ਦਾ ਰਚਣਹਾਰਾ ਹੈ, ਆਪ ਵਿਨਾਸ਼ ਰਹਿਤ ਹੈ। ਉਹ ਸਦਾ ਤੋਂ ਹੈ ਅਤੇ ਸਦਾ ਰਹੇਗਾ। ਉਸ ਦਾ ਕੋਈ ਆਦਿ ਅਤੇ ਅੰਤ ਨਹੀਂ।

ਸਦਾ ਸਦਾ ਸਦਾ ਦਇਆਲ ।। ਸਿਮਰਿ ਸਿਮਰਿ ਨਾਨਕ ਭਏ ਨਿਹਾਲ ।। 8 ।। 9 ।।

ਦਇਆਲ - ਮਿਹਰਬਾਨ। ਸਿਮਰਿ ਸਿਮਰਿ - ਸਿਮਰਨ ਕਰ ਕਰ ਕੇ। ਭਏ - ਹੋ ਜਾਂਦਾ ਹੈ। ਨਿਹਾਲ - ਅਨੰਦਿਤ।

ਉਸ ਪ੍ਰਮਾਤਮਾ ਦਾ ਸੁਭਾਅ ਮੁੱਢ ਕਦੀਮ ਤੋਂ ਹੀ ਦਯਾਵਾਨ ਹੈ ਅਤੇ ਸਦਾ ਦਯਾਵਾਨ ਹੀ ਰਹਿੰਦਾ ਹੈ। ਗੁਰੂ ਜੀ ਕਹਿੰਦੇ ਹਨ ਕਿ ਉਹ ਤਾਂ ਉਸ ਦਾ ਨਾਮ ਸਿਮਰ ਸਿਮਰ ਕੇ ਸਦਾ ਹੀ ਅਨੰਦਮਈ ਅਵਸਥਾ ਵਿੱਚ ਬਣੇ ਰਹਿੰਦੇ ਹਨ। ਜੋ ਵੀ ਉਸ ਦਾ ਨਾਮ ਸਿਮਰਦਾ ਹੈ, ਉਸ ਨੂੰ ਇਹ ਅਨੰਦਮਈ ਅਵਸਥਾ ਪ੍ਰਾਪਤ ਹੋ ਜਾਂਦੀ ਹੈ।


Comments

Popular posts from this blog

ਅਸਟਪਦੀ - 20

ਅਸਟਪਦੀ - 23