ਅਸਟਪਦੀ - 21
ਅਸਟਪਦੀ - 21
ਸਲੋਕ ।।
ਸਰਗੁਨ ਨਿਰਗੁਨ
ਨਿਰੰਕਾਰ ਸੁੰਨ ਸਮਾਧੀ ਆਪਿ ।।
ਆਪਨ ਕੀਆ ਨਾਨਕਾ
ਆਪੇ ਹੀ ਫਿਰਿ ਜਾਪਿ ।। 1 ।।
ਉਹ ਰੂਪ ਰਹਿਤ ਪ੍ਰਭੂ ਆਪ ਹੀ ਸਰਗੁਣ ਹੈ ਅਤੇ ਆਪ ਹੀ ਨਿਰਗੁਣ ਹੈ। ਉਹ
ਅਦ੍ਰਿਸ਼ ਵੀ ਹੈ ਅਤੇ ਦ੍ਰਿਸ਼ਟਮਾਨ ਵੀ। ਅਦ੍ਰਿਸ਼ਟ ਰੂਪ ਵਿੱਚ ਉਹ ਮੌਨ ਧਾਰ ਕੇ, ਹਰ ਤਰਾਂ ਦੇ
ਫੁਰਨਿਆਂ ਅਤੇ ਖਿਆਲਾਂ ਤੋਂ ਮੁਕਤ ਹੋ ਕੇ, ਸਮਾਧੀ ਦੀ ਅਵਸਥਾ ਵਿੱਚ ਬੈਠ ਜਾਂਦਾ ਹੈ। ਇਹ ਉਸ ਦਾ
ਨਿਰਗੁਣ ਰੂਪ ਹੈ। ਦ੍ਰਿਸ਼ਟਮਾਨ ਰੂਪ ਵਿੱਚ ਉਹ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ ਅਤੇ ਅਪਣੇ ਸਿਰਜੇ
ਜੀਵਾਂ ਦੇ ਅੰਦਰ ਬਿਰਾਜਮਾਨ ਹੋ ਕੇ ਅਪਣੇ ਨਾਮ ਦਾ ਜਾਪ ਕਰਦਾ ਹੈ।
ਅਸਟਪਦੀ
ਜਬ ਆਕਾਰੁ ਇਹੁ ਕਛੁ ਨ ਦ੍ਰਿਸਟੇਤਾ ।। ਪਾਪ ਪੁੰਨ
ਤਬ ਕਹ ਤੇ ਹੋਤਾ ।।
ਜਦੋਂ ਵਾਹਿਗੁਰੂ ਨੇ ਇਸ ਸ੍ਰਿਸ਼ਟੀ ਦੀ ਰਚਨਾ ਨਹੀਂ ਸੀ ਕੀਤੀ, ਕੋਈ ਜੀਵ
ਪੈਦਾ ਨਹੀਂ ਸੀ ਹੋਇਆ, ਉਸ ਵੇਲ਼ੇ ਪੁੰਨ ਤੇ ਪਾਪ ਕੌਣ ਕਰਦਾ ਸੀ? ਭਾਵ ਕਿ ਉਸ ਵੇਲ਼ੇ ਕੋਈ ਵੀ ਪੁੰਨ
ਤੇ ਪਾਪ ਕਰਨ ਵਾਲ਼ਾ ਨਹੀਂ ਸੀ। ਪੁੰਨ ਅਤੇ ਪਾਪ ਦਾ ਸੰਕਲਪ ਹੀ ਸ੍ਰਿਸ਼ਟੀ ਦੀ ਰਚਨਾ ਦੇ ਨਾਲ਼ ਹੋਂਦ
ਵਿੱਚ ਆਇਆ ਹੈ।
ਜਬ ਧਾਰੀ ਆਪਨ ਸੁੰਨ ਸਮਾਧਿ ।। ਤਬ ਬੈਰ ਬਿਰੋਧ
ਕਿਸੁ ਸੰਗਿ ਕਮਾਤਿ ।।
ਜਦੋਂ ਸ੍ਰਿਸ਼ਟੀ ਦੀ ਰਚਨਾ ਨਹੀਂ ਸੀ ਹੋਈ ਅਤੇ ਪ੍ਰਭੂ ਕੇਵਲ ਆਪ ਹੀ ਖਿਆਲ
ਰਹਿਤ ਅਵਸਥਾ ਵਿੱਚ ਸਮਾਧੀ ਲਗਾ ਕੇ ਬੈਠਾ ਹੋਇਆ ਸੀ, ਉਸ ਵੇਲ਼ੇ ਕੌਣ ਕਿਸੇ ਨਾਲ਼ ਦੁਸ਼ਮਣੀ ਜਾਂ ਵਿਰੋਧਤਾ
ਕਰਦਾ ਸੀ? ਇਹ ਵੈਰ ਵਿਰੋਧ ਦੀ ਭਾਵਨਾ ਵੀ ਸ੍ਰਿਸ਼ਟੀ ਦੀ ਰਚਨਾ ਦੇ ਨਾਲ਼ ਹੀ ਹੋਂਦ ਵਿੱਚ ਆਈ ਹੈ।
ਜਬ ਇਸ ਕਾ ਬਰਨੁ ਚਿਹਨੁ ਨ ਜਾਪਤ ।। ਤਬ ਹਰਖ ਸੋਗ
ਕਹੁ ਕਿਸਹਿ ਬਿਆਪਤ ।।
ਜਦੋ ਇਸ ਦ੍ਰਿਸ਼ਟਮਾਨ ਸੰਸਾਰ ਦੀ ਸਿਰਜਣਾ ਨਹੀਂ ਸੀ ਹੋਈ, ਇਸ ਸੰਸਾਰ ਦੀ
ਕੋਈ ਰੂਪ ਰੇਖਾ ਨਹੀਂ ਸੀ ਬਣੀ, ਕੋਈ ਜੀਵ ਨਹੀਂ ਸੀ, ਕੋਈ ਬਨਸਪਤੀ ਨਹੀਂ ਸੀ, ਉਸ ਵੇਲ਼ੇ ਖੁਸ਼ੀ ਤੇ
ਗ਼ਮੀ ਦਾ ਅਹਿਸਾਸ ਕਿਸ ਨੂੰ ਹੁੰਦਾ ਸੀ? ਪ੍ਰਤੱਖ ਹੈ ਕਿ ਇਹ ਖੁਸ਼ੀ ਅਤੇ ਗ਼ਮੀ ਦੇ ਅਹਿਸਾਸ ਵੀ
ਸ੍ਰਿਸ਼ਟੀ ਦੀ ਰਚਨਾ ਤੋਂ ਬਾਦ ਹੀ ਪੈਦਾ ਹੋਏ ਹਨ।
ਜਬ ਆਪਨ ਆਪ ਆਪਿ ਪਾਰਬ੍ਰਹਮ ।। ਤਬ ਮੋਹ ਕਹਾ
ਕਿਸੁ ਹੋਵਤ ਭਰਮ ।।
ਜਦੋਂ ਕੇਵਲ ਪਾਰਬ੍ਰਹਮ ਪ੍ਰਮੇਸ਼ਵਰ ਦੀ ਹੀ ਹੋਂਦ ਸੀ, ਹੋਰ ਕੋਈ ਜੀਵ
ਪੈਦਾ ਨਹੀਂ ਸੀ ਹੋਇਆ, ਉਸ ਵੇਲ਼ੇ ਕੌਣ ਪਿਆਰ ਕਰਦਾ ਸੀ ਅਤੇ ਕਿਸ ਨੂੰ ਕਰਦਾ ਸੀ? ਪਿਆਰ ਅਤੇ ਨਫ਼ਰਤ
ਦਾ ਸੰਕਲਪ ਵੀ ਸ੍ਰਿਸ਼ਟੀ ਦੀ ਰਚਨਾ ਤੋਂ ਬਾਦ ਹੋਂਦ ਵਿੱਚ ਆਇਆ ਹੈ। ਉਸ ਵੇਲ਼ੇ ਭਰਮਾਂ ਭੁਲੇਖਿਆਂ ਦਾ
ਸ਼ਿਕਾਰ ਹੋਣ ਵਾਲ਼ਾ ਵੀ ਕੋਈ ਨਹੀਂ ਸੀ। ਪ੍ਰਮਾਤਮਾ ਦੀ ਹੋਂਦ ਬਾਰੇ ਸਾਰੇ ਭਰਮ ਭੁਲੇਖੇ ਵੀ ਰਚਨਾ ਤੋ
ਬਾਦ ਹੀ ਪੈਦੈ ਹੋਏ ਹਨ।
ਆਪਨ ਖੇਲੁ ਆਪਿ ਵਰਤੀਜਾ ।। ਨਾਨਕ ਕਰਨੈਹਾਰੁ ਨ
ਦੂਜਾ ।। 1 ।।
ਇਹ ਸਭ ਉਸ ਸਿਰਜਣਹਾਰ ਦਾ ਰਚਿਆ ਹੋਇਆ ਖੇਲ੍ਹ ਹੈ ਅਤੇ ਇਸ ਨੂੰ ਵਰਤਾਉਣ
ਵਾਲ਼ਾ ਵੀ ਉਹ ਆਪ ਹੀ ਹੈ। ਗੁਰੂ ਜੀ ਦ੍ਰਿੜ੍ਹ ਕਰਵਾਉਂਦੇ ਹਨ ਕਿ ਉਸ ਤੋਂ ਬਿਨਾਂ ਹੋਰ ਕੋਈ ਦੂਜੀ
ਸ਼ਕਤੀ ਹੈ ਹੀ ਨਹੀਂ ਜੋ ਸ੍ਰਿਸ਼ਟੀ ਦੇ ਵਤੀਰੇ ਨੂੰ ਨਿਯੰਤ੍ਰਿਤ ਕਰਦੀ ਹੋਵੇ।
ਜਬ ਹੋਵਤ ਪ੍ਰਭ ਕੇਵਲ ਧਨੀ ।। ਤਬ ਬੰਧ ਮੁਕਤਿ
ਕਹੁ ਕਿਸ ਕਉ ਗਨੀ ।।
ਜਦੋਂ ਕੇਵਲ ਵਿਸ਼ਵ ਦਾ ਮਾਲਕ ਪ੍ਰਭੂ ਆਪ ਹੀ ਹੋਂਦ ਰੱਖਦਾ ਸੀ, ਹੋਰ ਕੋਈ
ਜੀਵ ਹੈ ਹੀ ਨਹੀਂ ਸੀ, ਉਦੋਂ ਬੰਧਨਾਂ ਵਿੱਚ ਬੱਝਾ ਹੋਇਆ ਕੌਣ ਸੀ ਅਤੇ ਕੌਣ ਸੀ ਜੋ ਬੰਧਨਾਂ ਤੋਂ
ਮੁਕਤ ਸੀ? ਇਹ ਮੁਕਤ ਹੋਣ ਅਤੇ ਨਾ ਹੋਣ ਦੇ ਸੰਕਲਪ ਵੀ ਰਚਨਾ ਤੋਂ ਪਿੱਛੋਂ ਹੀ ਬਣੇ ਹਨ।
ਜਬ ਏਕਹਿ ਹਰਿ ਅਗਮ ਅਪਾਰ ।। ਤਬ ਨਰਕ ਸੁਰਗ ਕਹੁ ਕਉਨ
ਅਉਤਾਰ ।।
ਜਦੋਂ ਪ੍ਰਮਾਤਮਾ, ਜੋ ਅਗਮ (ਪਹੁੰਚ ਤੋਂ ਬਾਹਰ) ਹੈ ਅਤੇ ਅਪਾਰ (ਜਿਸ ਦਾ
ਪਾਰ ਨਹੀਂ ਪਾਇਆ ਜਾ ਸਕਦਾ) ਹੈ, ਇਕੱਲਾ ਹੀ ਸੀ, ਉਸ ਵੇਲ਼ੇ ਨਰਕਾਂ ਵਿੱਚ ਕੌਣ ਜਾਂਦਾ ਸੀ ਅਤੇ
ਸੁਰਗ ਦਾ ਭਾਗੀ ਕੌਣ ਬਣਦਾ ਸੀ? ਨਰਕ ਅਤੇ ਸੁਰਗ ਦੇ ਸੰਕਲਪ ਵੀ ਸੰਸਾਰ ਰਚਨਾ ਤੋਂ ਬਾਦ ਦੀ ਉਤਪਤੀ
ਹਨ।
ਜਬ ਨਿਰਗੁਨ ਪ੍ਰਭ ਸਹਜ ਸੁਭਾਇ ।। ਤਬ ਸਿਵ ਸਕਤਿ
ਕਹਹੁ ਕਿਤੁ ਠਾਇ ।।
ਜਦੋਂ ਨਿਰਗੁਣ ਪ੍ਰਮੇਸ਼ਵਰ ਨੇ ਹਾਲੇ ਮਾਇਆ ਦੇ ਗੁਣਾਂ ਨੂੰ ਧਾਰਨ ਨਹੀਂ
ਸੀ ਕੀਤਾ ਅਤੇ ਅਪਣੇ ਅਦ੍ਰਿਸ਼ਟ ਰੂਪ ਵਿੱਚ ਹੀ ਅਡੋਲ ਸਹਿਜ ਅਵਸਥਾ ਵਿੱਚ ਟਿਕਿਆ ਹੋਇਆ ਸੀ, ਉਸ
ਵੇਲ਼ੇ ਸ਼ਿਵ ਅਤੇ ਸ਼ਕਤੀ ਕਿੱਥੇ ਸਨ? ਹਿੰਦੂ ਸ਼ਾਸ਼ਤਰਾਂ ਦੇ ਅਨੁਸਾਰ ਇਹ ਸਮਝਿਆ ਜਾਂਦਾ ਹੈ ਕਿ ਮਾਨਵ
ਜਾਤੀ ਦੀ ਉਤਪਤੀ ਸ਼ਿਵ ਅਤੇ ਸ਼ਕਤੀ ਦੇ ਮਿਲਾਪ ਤੋਂ ਹੋਈ ਹੈ। ਪਰ ਇਹ ਸ਼ਿਵ ਅਤੇ ਸ਼ਕਤੀ ਕਿਵੇਂ ਪੈਦਾ ਹੋਏ, ਕਿਸ
ਨੇ ਪੈਦਾ ਕੀਤੇ? ਇਹ ਵੀ ਉਸ ਨਿਰੰਕਾਰ ਦੇ ਹੀ ਬਣਾਏ ਹੋਏ ਹਨ।
ਜਬ ਆਪਹਿ ਆਪਿ ਅਪਨੀ ਜੋਤਿ ਧਰੈ ।। ਤਬ ਕਵਨ
ਨਿਡਰੁ ਕਵਨ ਕਤ ਡਰੈ ।।
ਜਦੋਂ ਹਾਲੇ ਸਿਰਫ ਨਿਰੰਕਾਰ ਪ੍ਰਮਾਤਮਾ ਹੀ ਹੋਂਦ ਵਿੱਚ ਸੀ, ਹੋਰ ਕੁੱਝ
ਹੋਂਦ ਵਿੱਚ ਨਹੀਂ ਸੀ ਆਇਆ, ਉਸ ਵੇਲ਼ੇ ਕੌਣ ਡਰ ਤੋਂ ਮੁਕਤ ਸੀ ਅਤੇ ਕੌਣ ਡਰ ਦਾ ਸ਼ਿਕਾਰ ਹੁੰਦਾ ਸੀ।
ਜੋ ਡਰਦਾ ਸੀ ਉਹ ਕਿਸ ਤੋਂ ਡਰਦਾ ਸੀ? ਸ੍ਰਿਸ਼ਟੀ ਦੀ
ਰਚਨਾ ਤੋਂ ਪਹਿਲਾਂ ਨਾ ਕੋਈ ਡਰਨ ਵਾਲ਼ਾ ਸੀ ਅਤੇ ਨਾ ਕੋਈ ਡਰ ਦੇਣ ਵਾਲ਼ਾ।
ਆਪਨ ਚਲਿਤ ਆਪਿ ਕਰਨੈਹਾਰ ।। ਨਾਨਕ ਠਾਕੁਰ ਅਗਮ
ਅਪਾਰ ।। 2 ।।
ਇਹ ਸ੍ਰਿਸ਼ਟੀ ਸਭ ਉਸ ਪ੍ਰਮਾਤਮਾ ਦਾ ਹੀ ਰਚਿਆ ਹੋਇਆ ਤਮਾਸ਼ਾ ਹੈ ਅਤੇ ਉਹ
ਆਪ ਹੀ ਇਸ ਨੂੰ ਕਰਨ ਅਤੇ ਕਰਵਾਉਣ ਵਾਲ਼ਾ ਹੈ। ਗੁਰੂ ਜੀ ਦੱਸਦੇ ਹਨ ਕਿ ਉਹ ਸ੍ਰਿਸ਼ਟੀ ਦਾ ਮਾਲਕ
ਸਾਡੀ ਸਮਝ ਦੀ ਪਹੁੰਚ ਤੋਂ ਬਾਹਰ ਹੈ ਅਤੇ ਉਸ ਦੇ ਗੁਣਾਂ ਅਤੇ ਸ਼ਕਤੀਆਂ ਦਾ ਪਾਰ ਪਾਉਣਾ ਸਾਡੇ ਵਸ
ਦੀ ਗੱਲ ਨਹੀਂ।
ਅਬਿਨਾਸ਼ੀ ਸੁਖ ਆਪਨ ਆਸਨ ।। ਤਹ ਜਨਮ ਮਰਨ ਕਹੁ
ਕਹਾ ਬਿਨਾਸਨ ।।
ਜਦੋਂ ਵਿਨਾਸ਼ ਰਹਿਤ ਪ੍ਰਭੂ ਤੋਂ ਬਿਨਾਂ ਹੋਰ ਕਿਸੇ ਦੀ ਸਿਰਜਣਾ ਹੀ ਨਹੀਂ
ਸੀ ਹੋਈ, ਕੇਵਲ ਉਹ ਆਪ ਹੀ ਪ੍ਰਕਾਸ਼ਮਾਨ ਸੀ, ਉਦੋਂ ਕੌਣ ਜੰਮਦਾ ਸੀ ਅਤੇ ਕੌਣ ਮਰਦਾ ਸੀ? ਜਦੋਂ ਕੋਈ
ਨਾਸ਼ਵੰਤ ਵਸਤ ਹੈ ਹੀ ਨਹੀਂ ਸੀ ਤਾਂ ਵਿਨਾਸ਼ ਕਿਸ ਦਾ ਹੁੰਦਾ ਸੀ। ਇਹ ਜੰਮਣ ਅਤੇ ਮਰਨ ਦਾ ਖੇਲ੍ਹ ਵੀ
ਸ੍ਰਿਸ਼ਟੀ ਦੀ ਰਚਨਾ ਤੋਂ ਬਾਦ ਹੋਂਦ ਵਿੱਚ ਆਇਆ ਹੈ।
ਜਬ
ਪੂਰਨ ਕਰਤਾ ਪ੍ਰਭੁ ਸੋਇ ।। ਤਬ ਜਮ ਕੀ ਤ੍ਰਾਸ ਕਹਹੁ ਕਿਸੁ ਹੋਇ ।।
ਜਦੋਂ ਸ੍ਰਿਸ਼ਟੀ ਦਾ ਕਰਤਾ ਅਤੇ ਇਸ ਦਾ ਮਾਲਕ ਉਹ ਪੂਰਨ ਪ੍ਰਮਾਤਮਾ ਆਪ ਹੀ
ਆਪ ਸੀ, ਹੋਰ ਕੁੱਝ ਪ੍ਰਗਟ ਹੀ ਨਹੀਂ ਸੀ ਹੋਇਆ, ਕੇਵਲ ਉਹ ਹੀ ਪ੍ਰਕਾਸ਼ਮਾਨ ਸੀ, ਉਸ ਵੇਲ਼ੇ ਜਮ ਦਾ ਡਰ ਕਿਸ ਨੂੰ
ਸੀ? ਇਹ ਮੌਤ ਦਾ ਫਰਿਸ਼ਤਾ ਵੀ ਜੀਵਾਂ ਦੀ ਉਤਪਤੀ ਤੋਂ ਬਾਦ ਹੀ ਹੋਂਦ ਵਿੱਚ ਆਇਆ ਹੈ।
ਜਬ ਅਬਿਗਤ ਅਗੋਚਰ ਪ੍ਰਭ ਏਕਾ ।। ਤਬ ਚਿਤ੍ਰ ਗੁਪਤ
ਕਿਸੁ ਪੂਛਤ ਲੇਖਾ ।।
ਜਦੋਂ ਪ੍ਰਮਾਤਮਾ, ਜੋ ਗਿਆਨ ਦੀ ਪਹੁੰਚ ਤੋਂ ਬਾਹਰ ਹੈ, ਜਿਸ ਨੂੰ
ਇੰਦਰਿਆਂ ਦੇ ਰਾਹੀਂ ਅਨੁਭਵ ਨਹੀਂ ਕੀਤਾ ਜਾ ਸਕਦਾ, ਇਕੱਲਾ ਹੀ ਹੁੰਦਾ ਸੀ, ਉਸ ਵੇਲ਼ੇ ਚਿਤ੍ਰ ਅਤੇ
ਗੁਪਤ ਕਿਸ ਦੇ ਕਰਮਾਂ ਦਾ ਲੇਖਾ ਤਿਆਰ ਕਰਦੇ ਸਨ?
ਇਹ ਚਿਤ੍ਰ ਅਤੇ ਗੁਪਤ ਦੀ ਹੋਂਦ ਦਾ ਸੰਕਲਪ ਵੀ ਸ੍ਰਿਸ਼ਟੀ ਦੀ ਰਚਨਾ ਦੇ ਨਾਲ਼ ਹੀ ਹੋਂਦ ਵਿੱਚ ਆਇਆ
ਹੈ।
ਜਬ ਨਾਥ ਨਿਰੰਜਨ ਅਗੋਚਰ ਅਗਾਧੇ ।। ਤਬ ਕਉਨ ਛੁਟੇ
ਕਉਨ ਬੰਧਨ ਬਾਧੇ ।।
ਜਦੋਂ ਮਾਇਆ ਦੀ ਕਾਲ਼ਖ ਤੋਂ ਰਹਿਤ, ਇੰਦਰਿਆਂ ਦੀ ਪਹੁੰਚ ਤੋਂ ਦੂਰ, ਮਨ
ਅਤੇ ਬਾਣੀ ਦੀ ਪਕੜ ਤੋਂ ਬਾਹਰ ਨਿਰਗੁਣ ਪ੍ਰਭੂ ਆਪ ਹੀ ਆਪ ਸੀ, ਉਸ ਵੇਲ਼ੇ ਕੌਣ ਬੰਧਨਾਂ ਵਿੱਚ ਬੱਝਾ
ਹੋਇਆ ਸੀ ਅਤੇ ਕੌਣ ਬੰਧਨਾਂ ਤੋਂ ਮੁਕਤ ਸੀ? ਬੰਧਨਾਂ ਦਾ ਸੰਕਲਪ ਵੀ ਸ੍ਰਿਸ਼ਟੀ ਦੀ ਰਚਨਾ ਨਾਲ਼ ਹੀ
ਪੈਦਾ ਹੋਇਆ ਹੈ।
ਆਪਨ ਆਪ ਆਪ ਹੀ ਅਚਰਜਾ ।। ਨਾਨਕ ਆਪਨ ਰੂਪ ਆਪ ਹੀ ਉਪਰਜਾ ।। 3 ।।
ਗੁਰੂ ਜੀ ਸਪਸ਼ਟ ਕਰਦੇ ਹਨ ਕਿ ਉਸ ਵੇਲ਼ੇ
ਅਦ੍ਰਿਸ਼ਟ ਪ੍ਰਮਾਤਮਾ ਅਪਣੇ ਅਦਭੁਤ, ਅਸਚਰਜਜਨਕ ਨਿਰਗੁਣ ਰੂਪ ਵਿੱਚ ਆਪ ਇਕੱਲਾ ਹੀ ਪ੍ਰਕਾਸ਼ਮਾਨ ਸੀ।
ਅਪਣੇ ਇਸ ਅਚਰਜ ਨਿਰਗੁਣ ਸਰੂਪ ਤੋਂ ਉਸ ਨੇ ਆਪ ਹੀ ਅਪਣੇ
ਸਰਗੁਣ ਸਰੂਪ ਭਾਵ ਦ੍ਰਿਸ਼ਟਮਾਨ ਸੰਸਾਰ ਦੀ ਰਚਨਾ ਕੀਤੀ ਹੈ।
ਜਹ ਨਿਰਮਲ ਪੁਰਖੁ ਪੁਰਖ ਪਤਿ ਹੋਤਾ ।। ਤਹ ਬਿਨੁ
ਮੈਲੁ ਕਹਹੁ ਕਿਆ ਧੋਤਾ ।।
ਜਦੋਂ ਮੈਲ਼ ਤੋਂ ਰਹਿਤ ਕਰਤਾ ਪੁਰਖ ਆਪ ਹੀ ਆਪ ਸੀ, ਅਪਣਾ ਮਾਲਕ ਉਹ ਆਪ
ਹੀ ਸੀ, ਨਾ ਕੋਈ ਹੋਰ ਜੀਵ ਸੀ ਅਤੇ ਨਾ ਕੋਈ ਦੇਵੀ ਦੇਵਤਾ, ਜਦੋਂ ਕੋਈ ਉਮਾ ਪਤੀ, ਮਾਇਆਪਤੀ ਆਦਿ
ਨਹੀਂ ਸੀ, , ਜਦੋਂ ਮਾਇਆ ਦੀ ਮੈਲ਼ ਨਾਲ਼ ਲਿੱਬੜਿਆ ਹੋਇਆ ਕੋਈ ਜੀਵ ਹੈ ਹੀ ਨਹੀਂ ਸੀ, ਤਾਂ ਮੈਲ਼ ਕਿਸ
ਦੀ ਧੋਣੀ ਸੀ? ਸਿਮਰਨ ਰਾਹੀਂ ਮੈਲ਼ ਧੋਣ ਦੀ ਗੱਲ ਵੀ ਰਚਨਾ ਤੋਂ ਬਾਦ ਹੀ ਪੈਦਾ ਹੋਈ ਹੈ।
ਜਹ ਨਿਰੰਜਨ ਨਿਰੰਕਾਰ ਨਿਰਬਾਨ ।। ਤਹ ਕਉਨ ਕਉ
ਮਾਨ ਕਉਨ ਅਭਿਮਾਨ ।।
ਜਦੋਂ ਮਾਇਆ ਦੀ ਮੈਲ਼ ਤੋਂ ਰਹਿਤ, ਆਕਾਰ ਰਹਿਤ ਅਤੇ ਬੰਧਨਾਂ ਤੋਂ ਮੁਕਤ
ਪ੍ਰਮੇਸ਼ਵਰ ਆਪ ਹੀ ਆਪ ਸੀ, ਹੋਰ ਕੋਈ ਹੈ ਹੀ ਨਹੀਂ ਸੀ ਤਾਂ ਮਾਣ ਕਿਸ ਦਾ ਹੋਣਾ ਸੀ ਅਤੇ ਅਪਮਾਨ
ਕਿਸ ਦਾ ਹੋਣਾ ਸੀ? ਮਾਣ ਅਤੇ ਅਪਮਾਨ ਦੇ ਸੰਕਲਪ ਵੀ ਸੰਸਾਰ ਰਚਨਾ ਤੋਂ ਬਾਦ ਹੀ ਆਏ ਹਨ।
ਜਹ ਸਰੂਪ ਕੇਵਲ ਜਗਦੀਸ ।। ਤਹ ਛਲ ਛਿਦ੍ਰ ਲਗਤ ਕਹੁ ਕੀਸ ।।
ਜਦੋਂ ਜਗਤ ਦਾ ਮਾਲਕ ਪਰਮੇਸ਼ਵਰ ਕੇਵਲ ਆਪ
ਹੀ ਪ੍ਰਕਾਸ਼ਮਾਨ ਸੀ, ਹੋਰ ਕਿਸੇ ਦੀ ਹੋਂਦ ਹੀ ਨਹੀਂ ਸੀ, ਉਦੋਂ ਧੋਖਾ ਕੌਣ ਕਰਦਾ ਅਤੇ ਕਿਸ ਨਾਲ਼
ਕਰਦਾ, ਕੌਣ ਵੰਡੀਆਂ ਪਾਉਂਦਾ ਅਤੇ ਕਿਸ ਦੀਆਂ ਪਾਉਂਦਾ? ਛਲ, ਫਰੇਬ. ਧੋਖਾ, ਅਤੇ ਧਰਮ, ਜਾਤ, ਵਰਗ
ਅਤੇ ਦੇਸ਼ ਆਦਿ ਦੇ ਨਾਂ ਤੇ ਵੰਡੀਆਂ ਪਾਉਣ ਦਾ ਸਿਲਸਿਲਾ ਵੀ ਰਚਨਾ ਤੋਂ ਬਾਦ ਹੀ ਪੈਦਾ ਹੋਇਆ ਹੈ।
ਜਹ ਜੋਤਿ ਸਰੂਪੀ ਜੋਤਿ ਸੰਗਿ ਸਮਾਵੈ ।। ਤਹ
ਕਿਸਹਿ ਭੂਖ ਕਵਨੁ ਤ੍ਰਿਪਤਾਵੈ ।।
ਜਦੋਂ ਜੋਤ ਸਰੂਪ ਪ੍ਰਮਾਤਮਾ ਅਪਣੀ ਜੋਤ ਵਿੱਚ ਆਪ ਹੀ ਸਮਾਇਆ ਹੋਇਆ ਸੀ, ਕੇਵਲ
ਅਪਣੇ ਨਿਰੰਕਾਰ ਰੂਪ ਵਿੱਚ ਮੌਜੂਦ ਸੀ, ਉਦੋਂ ਭੁੱਖ ਕਿਸ ਨੂੰ ਲੱਗਦੀ ਸੀ ਅਤੇ ਕੌਣ ਉਸ ਭੁੱਖ ਨੂੰ
ਮਿਟਾਉਂਦਾ ਸੀ? ਇਹ ਭੁੱਖ ਅਤੇ ਤ੍ਰਿਪਤੀ ਦੇ ਸੰਕਲਪ ਵੀ ਰਚਨਾ ਤੋਂ ਬਾਦ ਹੀ ਪੈਦਾ ਹੋਏ ਹਨ।
ਕਰਨ ਕਰਾਵਨ ਕਰਨੈਹਾਰੁ ।। ਨਾਨਕ ਕਰਤੇ ਕਾ ਨਾਹਿ
ਸੁਮਾਰੁ ।। 4 ।।
ਉਹ ਕਰਤਾ ਪੁਰਖ ਆਪ ਹੀ ਸਭ ਕੁੱਝ ਕਰਨ ਅਤੇ ਕਰਵਾਉਣ ਵਾਲ਼ਾ ਹੈ। ਗੁਰੂ ਜੀ
ਸਮਝਾਉਂਦੇ ਹਨ ਕਿ ਉਸ ਜਗਤ ਦੇ ਕਰਤਾ ਦੇ ਗੁਣਾਂ, ਉਸ ਦੀ ਸ਼ਕਤੀ ਅਤੇ ਸਮਰਥਾ ਦਾ ਕੋਈ ਅੰਤ ਨਹੀਂ ਪਾ
ਸਕਦਾ। ਉਨ੍ਹਾਂ ਦੀ ਗਿਣਤੀ ਮਿਣਤੀ ਕਰਨਾ ਨਾਮੁਮਕਿਨ ਹੈ।
ਜਬ ਅਪਨੀ ਸੋਭਾ ਆਪਨ ਸੰਗਿ ਬਨਾਈ ।। ਤਬ ਕਵਨ ਮਾਇ
ਬਾਪ ਮਿਤ੍ਰ ਸੁਤ ਭਾਈ ।।
ਜਦੋਂ ਪ੍ਰਮਾਤਮਾ ਨੇ ਅਪਣੀ ਵਡਿਆਈ ਨੂੰ ਨਿਰੋਲ ਅਪਣੇ ਅਸਤਿਤਵ ਦੇ ਸਹਾਰੇ
ਕਾਇਮ ਰੱਖਿਆ ਹੋਇਆ ਸੀ, ਕੋਈ ਉਸ ਦੀ ਉਸਤਤ ਕਰਨ ਵਾਲ਼ਾ ਨਹੀਂ ਸੀ, ਉਦੋਂ ਕਿਹੜਾ ਮਾਂ, ਬਾਪ,
ਮਿੱਤਰ, ਪੁੱਤਰ ਜਾਂ ਭਰਾ ਜਾਂ ਕੋਈ ਹੋਰ ਰਿਸ਼ਤੇਦਾਰ ਸੀ ਜਿਹੜਾ ਉਸ ਦੀ ਵਡਿਆਈ ਨੂੰ ਸਹਾਰਾ ਦਿੰਦਾ
ਸੀ? ਜ਼ਾਹਰ ਹੈ ਕਿ ਉਸ ਵੇਲ਼ੇ ਉਸ ਦੇ ਨਾਮ ਦਾ
ਸਿਮਰਨ ਕਰ ਕੇ ਉਸ ਦਾ ਗੁਣ ਗਾਇਨ ਕਰਨ ਵਾਲ਼ਾ ਕੋਈ ਨਹੀਂ ਸੀ।
ਜਹ ਸਰਬ ਕਲਾ ਆਪਹਿ ਪਰਬੀਨ ।। ਤਹ ਬੇਦ ਕਤੇਬ ਕਹਾ ਕੋਊ ਚੀਨ ।।
ਜਦੋਂ ਪ੍ਰਮਾਤਮਾ ਕੇਵਲ ਆਪ ਹੀ ਪ੍ਰਕਾਸ਼ਮਾਨ ਸੀ ਅਤੇ ਉਹ ਹਰ ਤਰਾਂ ਦੇ
ਹੁਨਰ ਵਿੱਚ ਮਾਹਰ ਸੀ, ਉਸ ਵੇਲ਼ੇ ਵੇਦਾਂ ਅਤੇ ਕਤੇਬਾਂ ਦਾ ਅਧਿਅਨ ਕਰ ਕੇ ਉਨ੍ਹਾਂ ਤੋਂ ਗਿਆਨ ਅਤੇ ਹੁਨਰ
ਸਿੱਖਣ ਦੀ ਕਿਸ ਨੂੰ ਲੋੜ ਸੀ? ਗਿਆਨ ਦੀ ਲੋੜ ਵੀ ਉਦੋਂ ਹੀ ਮਹਿਸੂਸ ਹੋਈ ਜਦੋਂ ਸ੍ਰਿਸ਼ਟੀ ਹੋਂਦ
ਵਿੱਚ ਆ ਗਈ।
ਜਬ ਆਪਨ ਆਪੁ ਆਪਿ ਉਰਿ ਧਾਰੈ ।। ਤਉ ਸਗਨ ਅਪਸਗਨ
ਕਹਾ ਬੀਚਾਰੈ ।।
ਜਦੋਂ ਉਹ ਪ੍ਰਭੂ ਆਪ ਹੀ ਅਪਣੇ ਹਿਰਦੇ ਵਿੱਚ ਵਸਿਆ ਹੋਇਆ ਸੀ, ਆਪ ਹੀ
ਅਪਣੀ ਵਡਿਆਈ ਵਿੱਚ ਮਗਨ ਸੀ, ਉਦੋਂ ਸ਼ਗਨ ਜਾਂ ਅਪਸ਼ਗਨ ਨੂੰ ਵਿਚਾਰਨ ਵਾਲ਼ਾ ਕੌਣ ਸੀ? ਜਦੋਂ ਉਸ ਉੱਤਮ
ਪੁਰਖ ਅਤੇ ਉਸ ਦੀ ਉੱਤਮਤਾ ਤੋਂ ਬਿਨਾਂ ਹੋਰ ਕੁੱਝ ਹੈ ਹੀ ਨਹੀਂ ਸੀ ਤਾਂ ਮਾੜਾ ਜਾਂ ਬੁਰਾ ਸ਼ਗਨ
ਕੋਈ ਕਿਵੇਂ ਹੋ ਸਕਦਾ ਸੀ? ਕੋਈ ਹੈ ਹੀ ਨਹੀਂ ਸੀ ਜਿਸ ਨੂੰ ਇਨ੍ਹਾਂ ਝਮੇਲਿਆਂ ਵਿੱਚ ਪੈਣ ਦੀ ਲੋੜ
ਹੋਵੇ। ਸ਼ਗਨ ਅਪਸ਼ਗਨ ਦੇ ਸੰਕਲਪ ਵੀ ਸ੍ਰਿਸ਼ਟੀ ਦੀ ਸਾਜਨਾ ਦੇ ਨਾਲ਼
ਹੀ ਹੋਂਦ ਵਿੱਚ ਆਏ ਹਨ।
ਜਹ ਆਪਨ ਊਚ ਆਪਨ ਆਪਿ ਨੇਰਾ ।। ਤਹ ਕਉਨ ਠਾਕੁਰੁ
ਕਉਨੁ ਕਹੀਐ ਚੇਰਾ ।।
ਜਦੋਂ ਉਹ ਪ੍ਰਮਾਤਮਾ ਆਪ ਹੀ ਦੂਰ ਸੀ ਅਤੇ ਆਪ ਹੀ ਨੇੜੇ ਸੀ, ਆਪ ਹੀ
ਵੱਡਾ ਸੀ ਅਤੇ ਆਪ ਹੀ ਛੋਟਾ ਸੀ, ਉਸ ਵੇਲ਼ੇ ਨਾ
ਕੋਈ ਵੱਡਾ ਸੀ ਤੇ ਨਾ ਕੋਈ ਛੋਟਾ, ਨਾ ਕੋਈ ਮਾਲਕ (ਪ੍ਰਭੂ) ਸੀ ਤੇ ਨਾ ਕੋਈ ਉਸ ਦਾ ਸੇਵਕ। ਪ੍ਰਭੂ
ਦੇ ਸੇਵਕ ਵੀ ਉਦੋਂ ਹੀ ਹੋਂਦ ਵਿੱਚ ਆਏ ਜਦੋਂ ਸ੍ਰਿਸ਼ਟੀ ਸਾਜੀ ਗਈ।
ਬਿਸਮਨ ਬਿਸਮ ਰਹੇ ਬਿਸਮਾਦ ।। ਨਾਨਕ ਅਪਨੀ ਗਤਿ
ਜਾਨਹੁ ਆਪਿ ।। 5 ।।
ਗੁਰੂ ਜੀ ਪ੍ਰਭੂ ਨੂੰ ਸੰਬੋਧਨ ਹੋ ਕੇ ਆਖਦੇ ਹਨ ਕਿ ਹੇ ਪ੍ਰਮਾਤਮਾ,
ਅਸੀਂ ਤਾਂ ਤੁਹਾਡੇ ਅਸਚਰਜਜਨਕ ਰੂਪ ਨੂੰ ਵੇਖ ਵੇਖ ਕੇ ਹਰ ਪਲ ਹੋਰ ਵੱਧ ਅਸਚਰਜ ਹੋ ਕੇ ਅਨੰਦ ਦੀ
ਅਵਸਥਾ ਵਿੱਚ ਸਮਾਈ ਜਾ ਰਹੇ ਹਾਂ। ਅਪਣੀ ਉੱਚ ਅਵਸਥਾ ਤੋ ਤੁਸੀਂ ਆਪ ਹੀ ਜਾਣੂ ਹੋ। ਤੁਹਾਡੀ ਵਡਿਆਈ
ਨੂੰ ਸਮਝ ਸਕਣਾ ਸਾਡੇ ਤੁੱਛ ਬੁੱਧੀ ਵਾਲ਼ੇ ਜੀਵਾਂ ਲਈ ਸੰਭਵ ਨਹੀਂ।
ਜਹ ਅਛਲ ਅਛੇਦ ਅਭੇਦ ਸਮਾਇਆ ।। ਊਹਾ ਕਿਸੈ ਬਿਆਪਤ ਮਾਇਆ ।।
ਜਦੋਂ ਉਹ ਅਕਾਲ ਪੁਰਖ ਜਿਸ
ਨੂੰ ਨਾ ਕੋਈ ਛਲ ਸਕਦਾ ਹੈ, ਨਾ ਕੋਈ ਕਾਲ਼ ਜਾਂ ਸਥਾਨ ਦੇ ਆਧਾਰ ਤੇ ਵੰਡ ਸਕਦਾ ਹੈ ਕੇਵਲ
ਆਪ ਹੀ ਹੋਂਦ ਰੱਖਦਾ ਸੀ, ਉਦੋਂ ਮਾਇਆ ਅਪਣੇ ਪ੍ਰਭਾਵ ਹੇਠ ਕਿਸ ਨੂੰ ਲਿਆ ਸਕਦੀ ਸੀ, ਕਿਸ ਨੂੰ ਛਲ
ਸਕਦੀ ਸੀ? ਮਾਇਆ ਦੀ ਛਲਣ
ਸ਼ਕਤੀ ਵੀ ਤਦ ਹੀ ਹੋਂਦ ਵਿੱਚ ਆਈ ਜਦੋਂ ਜੀਵਾਂ ਦੀ ਰਚਨਾ ਹੋਈ।
ਆਪਸ ਕਉ ਆਪਹਿ ਆਦੇਸੁ ।। ਤਿਹੁ ਗੁਣ ਕਾ ਨਾਹੀ
ਪਰਵੇਸੁ ।।
ਜਦੋਂ ਪ੍ਰਭੂ ਆਪ ਹੀ ਆਪ ਸੀ, ਹੁਕਮ ਦੇਣ ਵਾਲ਼ਾ ਵੀ ਆਪ, ਹੁਕਮ ਮੰਨਣ
ਵਾਲ਼ਾ ਵੀ ਆਪ, ਨਮਸ਼ਕਾਰ ਲੈਣ ਵਾਲ਼ਾ ਵੀ ਆਪ ਅਤੇ ਕਰਨ ਵਾਲ਼ਾ ਵੀ ਆਪ, ਉਸ ਵੇਲ਼ੇ ਮਾਇਆ ਦੇ ਤਿੰਨ
ਗੁਣਾਂ ਲਈ ਕੋਈ ਥਾਂ ਨਹੀਂ ਸੀ ਕਿਉਂਕਿ ਇਸ ਦੇ ਪ੍ਰਭਾਵ ਹੇਠ ਆਉਣ ਵਾਲ਼ਾ ਹੀ ਕੋਈ ਨਹੀਂ ਸੀ। ਮਾਇਆ
ਦੇ ਤਿੰਨ ਗੁਣ – ਸਤ (ਗਿਆਨ ਜਾਂ ਪ੍ਰਕਾਸ਼), ਰਜ (ਕ੍ਰਿਆਸ਼ੀਲਤਾ) ਅਤੇ ਤਮ (ਅੰਧਕਾਰ) – ਵੀ
ਸ੍ਰਿਸ਼ਟੀ ਦੀ ਰਚਨਾ ਨਾਲ਼ ਹੀ ਦੇਖਣ ਵਿੱਚ ਆਏ।
ਜਹ ਏਕਹਿ ਏਕ ਏਕ ਭਗਵੰਤਾ ।। ਤਹ ਕਉਨ ਅਚਿੰਤੁ
ਕਿਸੁ ਲਾਗੈ ਚਿੰਤਾ ।।
ਜਦੋਂ ਕੇਵਲ ਭਗਵਾਨ ਹੀ ਭਗਵਾਨ ਸੀ, ਕੋਈ ਜੀਵ ਹੈ ਹੀ ਨਹੀਂ ਸੀ, ਉਸ
ਵੇਲ਼ੇ ਚਿੰਤਾ ਮੁਕਤ ਅਤੇ ਚਿੰਤਾ ਗ੍ਰਸਤ ਕੌਣ ਹੋ ਸਕਦਾ ਸੀ? ਚਿੰਤਾ ਦਾ ਸੰਕਲਪ ਵੀ ਸ੍ਰਿਸ਼ਟੀ ਦੀ
ਰਚਨਾ ਨਾਲ਼ ਹੀ ਪੈਦਾ ਹੋਇਆ। ਉਸ ਤੋਂ ਪਹਿਲਾਂ ਨਾ ਕੋਈ ਚਿੰਤਾ ਗ੍ਰਸਤ ਸੀ ਅਤੇ ਨਾ ਕੋਈ ਚਿੰਤਾ
ਮੁਕਤ।
ਜਹ ਆਪਨ ਆਪੁ ਆਪਿ ਪਤੀਆਰਾ ।। ਤਹ ਕਉਨੁ ਕਥੈ
ਕਉਨੁ ਸੁਨਨੈਹਾਰਾ ।।
ਜਦੋਂ ਪਤੀਜਣ ਵਾਲ਼ਾ (ਵਿਸ਼ਵਾਸ਼ ਕਰਨ ਵਾਲ਼ਾ) ਅਤੇ ਜਿਸ ਤੇ ਪਤੀਜਣਾ (ਵਿਸ਼ਵਾਸ਼
ਕਰਨਾ) ਹੈ, ਦੋਵੇਂ ਹੀ ਅਕਾਲ ਪੁਰਖ ਆਪ ਹੀ ਹੋਵੇ ਤਾਂ ਕਹਿਣ ਵਾਲ਼ਾ ਕੌਣ ਸੀ ਅਤੇ ਸੁਣਨ ਵਾਲ਼ਾ ਕੌਣ?
ਵਿਸ਼ਵਾਸ਼ ਕਰਨਾ ਅਤੇ ਪ੍ਰਤਿਆਵੇ ਲੈਂਣਾ ਵੀ ਤਦ ਹੀ ਅਰਥ ਰੱਖਦਾ ਹੈ ਜਦੋਂ ਕੋਈ ਦੂਜਾ ਹੋਵੇ।
ਬਹੁ ਬੇਅੰਤ ਊਚ ਤੇ ਊਚਾ ।। ਨਾਨਕ ਆਪਸ ਕਉ ਆਪਹਿ
ਪਹੂਚਾ ।। 6 ।।
ਗੁਰੂ ਜੀ ਕਹਿੰਦੇ ਹਨ ਕਿ ਉਹ ਅਕਾਲ ਪੁਰਖ
ਅਸੀਮ ਹੈ, ਬੇਅੰਤ ਹੈ, ਉੱਚਿਆਂ ਤੋਂ ਵੀ ਉੱਚਾ, ਮਹਾਨ ਤੋਂ ਵੀ ਮਹਾਨ। ਉਸ ਦੀ ਮਹਾਨਤਾ ਨੂੰ ਉਹ ਆਪ
ਹੀ ਜਾਣ ਸਕਦਾ ਹੈ। ਉਸ ਵਰਗਾ ਹੋਰ ਕੋਈ ਹੋਵੇ ਤਾਂ ਉਸ ਨੂੰ ਜਾਣੇ। ਉਹ ਅਦੁੱਤੀ ਹੈ, ਬੇਮਿਸਾਲ ਹੈ।
ਉਸ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ।
ਜਹ ਆਪਿ ਰਚਿਓ ਪਰਪੰਚੁ ਆਕਾਰੁ ।। ਤਿਹੁ ਗੁਣ ਮਹਿ
ਕੀਨੋ ਬਿਸਥਾਰੁ ।।
ਹੁਣ ਗੁਰੂ ਜੀ ਦੱਸਦੇ ਹਨ ਕਿ ਉੱਪਰ ਇਸ ਅਸ਼ਟਪਦੀ ਵਿੱਚ ਜਿਨ੍ਹਾਂ ਗੱਲਾਂ
ਦਾ ਜ਼ਿਕਰ ਕੀਤਾ ਗਿਆ ਹੈ ਉਹ ਸਭ ਤਦ ਹੋਂਦ ਵਿੱਚ ਆਈਆਂ ਜਦੋਂ ਸ੍ਰਿਸ਼ਟੀ ਦੀ ਰਚਨਾ ਹੋਈ। ਜਦੋਂ ਅਕਾਲ
ਪੁਰਖ ਦੀ ਖੁਸ਼ੀ ਹੋਈ ਤਾਂ ਉਸ ਨੇ ਅਪਣੇ ਆਪ ਦਾ ਪਸਾਰਾ ਕਰ ਕੇ ਇਹ ਸਾਰਾ ਮਾਇਆ ਦਾ ਛਲਾਵੇ ਭਰਿਆ
ਤਮਾਸ਼ਾ ਰਚ ਦਿੱਤਾ, ਸ਼੍ਰਿਸ਼ਟੀ ਦੀ ਸਿਰਜਣਾ ਕਰ ਦਿੱਤੀ। ਇਹ ਰਚਨਾ ਕਰਦੇ ਸਮੇਂ ਉਸ ਨੇ ਮਾਇਆ ਵਿੱਚ
ਤਿੰਨ ਗੁਣ ਭਰ ਦਿੱਤੇ – ਸਤੋ, ਰਜੋ ਅਤੇ ਤਮੋ। ਸਤੋਗੁਣ ਜੀਵ ਨੂੰ ਗਿਆਨ ਜਾਂ ਪ੍ਰਕਾਸ਼ ਵੱਲ ਲੈ
ਜਾਂਦਾ ਹੈ, ਰਜੋਗੁਣ ਉਸ ਨੂੰ ਪ੍ਰਾਪਤੀਆਂ ਕਰਨ ਲਈ ਕ੍ਰਿਆਸ਼ੀਲ ਹੋਣ ਲਈ ਪ੍ਰੇਰਦਾ ਹੈ ਅਤੇ ਤਮੋਗੁਣ
ਉਸ ਨੂੰ ਹਨ੍ਹੇਰੇ ਵੱਲ ਧਕੇਲ ਕੇ ਉਸ ਨੂੰ ਬੁਰੇ ਕੰਮ ਕਰਨ ਲਈ ਮਜਬੂਰ ਕਰਦਾ ਹੈ।
ਪਾਪੁ ਪੁੰਨੁ ਤਹ ਭਈ ਕਹਾਵਤ ।। ਕੋਊ ਨਰਕ ਕੋਊ
ਸੁਰਗ ਬੰਛਾਵਤ ।।
ਸ੍ਰਿਸ਼ਟੀ ਦੀ ਰਚਨਾ ਤੋਂ ਬਾਦ ਇਸ ਵਿੱਚ ਪਾਪ ਅਤੇ ਪੁੰਨ ਦੇ ਸੰਕਲਪ ਨੇ
ਜਨਮ ਲਿਆ, ਜੀਵਾਂ ਦੇ ਕਰਮਾਂ ਦੇ ਚੰਗੇ ਜਾਂ ਮੰਦੇ ਹੋਣ ਦਾ ਨਿਰਨਾ ਕੀਤਾ ਜਾਣ ਲੱਗ ਪਿਆ। ਇਹ
ਧਾਰਨਾ ਹੋਂਦ ਵਿੱਚ ਆ ਗਈ ਕਿ ਚੰਗੇ ਕਰਮ ਕਰਨ ਵਾਲ਼ਾ ਮੌਤ ਤੋਂ ਬਾਦ ਸੁਰਗ ਵਿੱਚ ਜਾਂਦਾ ਹੈ ਅਤੇ
ਮੰਦੇ ਕਰਮ ਕਰਨ ਵਾਲ਼ਾ ਨਰਕ ਦਾ ਅਧਿਕਾਰੀ ਬਣਦਾ ਹੈ। ਹੁਣ ਕੁੱਝ ਲੋਕ ਅਪਣੇ ਨੇਕ ਕਰਮਾਂ ਦੇ ਬਲ ਤੇ
ਸੁਰਗ ਦੀ ਇੱਛਾ ਪਾਲਣ ਲੱਗੇ ਅਤੇ ਕੁੱਝ ਅਪਣੇ ਮੰਦੇ ਕਰਮਾਂ ਦੇ ਕਾਰਨ ਨਰਕ ਦਾ ਡਰ।
ਆਲ ਜਾਲ ਮਾਇਆ ਜੰਜਾਲ ।। ਹਉਮੈ ਮੋਹ ਭਰਮ
ਭੈ ਭਾਰ ।।
ਸ੍ਰਿਸ਼ਟੀ ਦੀ ਰਚਨਾ ਹੋਣ ਦੇ ਨਾਲ਼ ਗ੍ਰਿਹਸਤੀ ਨੂੰ ਚਲਾਉਣ ਦੀ ਚਿੰਤਾ
ਪੈਦਾ ਹੋ ਗਈ, ਸੰਸਾਰ ਦੇ ਝਮੇਲੇ, ਝਗੜੇ, ਕਲ਼ੇਸ਼ ਪੈਦਾ ਹੋ ਗਏ, ਮਾਇਆ ਦੀ ਦੌੜ ਲੱਗ ਗਈ ਤੇ ਇਨਸਾਨ
ਇਸ ਦੌੜ ਦੇ ਜਾਲ਼ ਵਿੱਚ ਫਸ ਗਿਆ। ਹੰਕਾਰ (ਹਉਮੈ) ਅਤੇ ਅਪਣਿਆਂ ਦਾ ਮੋਹ ਅਤੇ ਮਾਇਆ ਦਾ ਮੋਹ ਪੈਦਾ
ਹੋ ਗਏ, ਕਈ ਤਰਾਂ ਦੇ ਆਧਾਰਹੀਣ ਵਿਚਾਰਾਂ (ਭਰਮਾ) ਦਾ ਜਨਮ ਹੋ ਗਿਆ, ਪਾਪਾਂ ਦੇ ਭਾਰ ਦੇ ਖਿਆਲ ਨੇ
ਜੀਵ ਨੂੰ ਚਿੰਤਾ ਗ੍ਰਸਤ ਕਰ ਦਿੱਤਾ।
ਦੂਖ ਸੂਖ ਮਾਨ ਅਪਮਾਨ ।। ਅਨਿਕ ਪ੍ਰਕਾਰ ਕੀਓ
ਬਖ੍ਯਾਨ ।।
ਸੰਸਾਰ ਦੀ ਉਤਪਤੀ ਤੋਂ ਬਾਦ ਦੁੱਖ ਅਤੇ ਸੁਖ, ਇੱਜ਼ਤ ਅਤੇ ਬੇਇੱਜ਼ਤੀ ਦੇ
ਸੰਕਲਪ ਪੈਦਾ ਹੋ ਗਏ। ਹਰ ਕੋਈ ਸੁਖ ਅਤੇ ਆਦਰ ਦਾ ਇੱਛਕ ਹੋ ਗਿਆ ਅਤੇ ਦੁਖ ਅਤੇ ਅਨਾਦਰ ਤੋਂ ਬਚਣ
ਦੀ ਕੋਸ਼ਿਸ਼ ਕਰਨ ਲੱਗ ਪਿਆ। ਇਨ੍ਹਾਂ ਸਭ ਦਾ ਵਰਨਣ ਲਿਖਣ ਅਤੇ ਬੋਲਣ ਵਾਲੇ ਦਾਰਸ਼ਨਿਕ ਕਈ ਰੂਪਾਂ
ਵਿੱਚ ਕਰਨ ਲੱਗ ਪਏ।
ਆਪਨ ਖੇਲੁ ਆਪਿ ਕਰਿ ਦੇਖੈ ।। ਖੇਲੁ ਸੰਕੋਚੈ ਤਉ
ਨਾਨਕ ਏਕੈ ।। 7 ।।
ਪਰ ਇਹ ਸਾਰਾ ਉਸ ਅਕਾਲ ਪੁਰਖ ਦਾ ਅਪਣਾ
ਰਚਿਆ ਹੋਇਆ ਖੇਲ੍ਹ ਹੈ। ਉਹ ਆਪ ਹੀ ਅਪਣੇ ਸਰਗੁਣ ਰੂਪ ਵਿੱਚ ਇਹ ਖੇਲ੍ਹ ਖੇਲ੍ਹ ਰਿਹਾ ਹੈ ਅਤੇ ਆਪ
ਹੀ ਅਪਣੇ ਨਿਰਗੁਣ ਰੂਪ ਵਿੱਚ ਇਸ ਨੂੰ ਖੇਲ੍ਹੇ ਜਾਂਦਿਆਂ ਵੇਖ ਰਿਹਾ ਹੈ। ਜਦੋਂ ਉਹ ਇਸ ਖੇਲ੍ਹ
ਪਸਾਰੇ ਨੂੰ ਸੰਕੋਚਦਾ ਹੈ ਤਾਂ ਫਿਰ ਇਹ ਸਾਰਾ ਖਿਲਾਰਾ ਖਤਮ ਹੋ ਜਾਂਦਾ ਹੈ ਅਤੇ ਕੇਵਲ ਉਸ ਦੀ ਅਪਣੀ
ਨਿਰਗੁਣ ਹੋਂਦ ਬਾਕੀ ਰਹਿ ਜਾਂਦੀ ਹੈ।
ਜਹ ਅਬਿਗਤੁ ਭਗਤੁ ਤਹ ਆਪਿ ।। ਜਹ ਪਸਰੈ ਪਾਸਾਰੁ
ਸੰਤ ਪਰਤਾਪਿ ।।
ਪਾਰਬ੍ਰਹਮ ਪ੍ਰਮੇਸ਼ਵਰ ਅਤੇ ਉਸ ਦੇ ਭਗਤਾਂ
ਵਿੱਚ ਕੋਈ ਅੰਤਰ ਨਹੀਂ। ਦੋਵੇਂ ਇੱਕ ਹੀ ਰੂਪ ਹਨ, ਇੱਕ ਹੀ ਸਿੱਕੇ ਦੇ ਦੋ ਪਾਸੇ। ਜਦੋਂ ਵੀ
ਸ੍ਰਿਸ਼ਟੀ ਦੀ ਰਚਨਾ ਹੁੰਦੀ ਹੈ ਤਾਂ ਉਸ ਵਿੱਚ ਭਗਤ ਵੀ ਪੈਦਾ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਸ਼ੋਭਾ
ਵੀ ਹੋਣ ਲੱਗ ਪੈਂਦੀ ਹੈ।
ਦੁਹੂ ਪਾਖ ਕਾ ਆਪਹਿ ਧਨੀ ।। ਉਨ ਕੀ ਸੋਭਾ ਉਨਹੂ ਬਨੀ ।।
ਸਿਰਜਣਾ ਅਤੇ ਵਿਨਾਸ਼ ਦੋਵੇਂ ਉਸ ਦੇ ਅਪਣੇ
ਹੱਥ ਵਿੱਚ ਹਨ, ਦੋਹਾਂ ਸਿਰਿਆਂ ਦਾ ਮਾਲਕ ਉਹ ਅਕਾਲ ਪੁਰਖ ਆਪ ਹੀ ਹੈ। ਉਸ ਦੀ ਅਤੇ ਉਸ ਦੇ ਭਗਤਾਂ
ਦੀ ਸ਼ੋਭਾ ਉਨ੍ਹਾਂ ਨੂੰ ਹੀ ਫੱਬਦੀ ਹੈ, ਹੋਰ ਕੋਈ ਇਸ ਦੇ ਕਾਬਲ ਨਹੀਂ।
ਆਪਹਿ ਕਉਤਕ ਕਰੈ ਅਨਦ ਚੋਜ ।। ਆਪਹਿ ਰਸ ਭੋਗਨ
ਨਿਰਜੋਗ ।।
ਇਹ ਸਾਰਾ ਅਦਭੁਤ ਤਮਾਸ਼ਾ ਅਕਾਲ ਪੁਰਖ ਆਪ ਹੀ ਕਰਦਾ ਹੈ। ਇਹ ਖੇਲ੍ਹ ਮਾਨੋ
ਉਸ ਦਾ ਮਨ-ਪ੍ਰਚਾਵਾ ਹੈ। ਆਪ ਹੀ ਉਹ ਇਸ ਦਾ ਰਸ ਲੈਂਦਾ ਹੈ, ਅਨੰਦ ਮਾਣਦਾ ਹੈ ਅਤੇ ਆਪ ਹੀ ਨਿਰਗੁਣ
ਰੂਪ ਵਿੱਚ ਇਸ ਤੋਂ ਬੇਲਾਗ ਰਹਿੰਦਾ ਹੈ।
ਜਿਸੁ ਭਾਵੈ ਤਿਸੁ ਆਪਨ ਨਾਇ ਲਾਵੈ ।। ਜਿਸੁ ਭਾਵੈ
ਤਿਸੁ ਖੇਲ ਖਿਲਾਵੈ ।।
ਜਿਸ ਨੂੰ ਉਹ ਚਾਹੁੰਦਾ ਹੈ ਅਪਣੇ ਨਾਮ ਨਾਲ਼ ਜੋੜ ਲੈਂਦਾ ਹੈ, ਅਪਣੀ ਭਗਤੀ
ਬਖਸ਼ ਦਿੰਦਾ ਹੈ ਅਤੇ ਜਿਸਨੂੰ ਚਾਹੁੰਦਾ ਹੈ, ਅਪਣੇ ਤੋਂ ਦੂਰ ਰੱਖ ਕੇ ਭਟਕਣ ਲਈ ਛੱਡ ਦਿਂਦਾ ਹੈ।
ਬੇਸੁਮਾਰ ਅਥਾਹ ਅਗਨਤ ਅਤੋਲੈ ।। ਜਿਉ ਬੁਲਾਵਹੁ
ਤਿਉ ਨਾਨਕ ਦਾਸ ਬੋਲੈ ।। 8 ।। 21 ।।
ਉਸ ਦੀ ਮਹਾਨਤਾ ਦਾ, ਸਮਰਥਾ ਦਾ, ਹਿਸਾਬ ਕਿਤਾਬ ਲਾਉਣਾ ਸਾਡੇ ਵਸ ਤੋਂ
ਬਾਹਰ ਦੀ ਗੱਲ ਹੈ। ਅਸੀਂ ਉਸ ਦੀ ਥਾਹ ਨਹੀਂ ਪਾ ਸਕਦੇ। ਸਾਡੀਆਂ ਗਿਣਤੀਆਂ ਮਿਣਤੀਆਂ ਤੋਂ ਉਹ ਬਾਹਰ
ਹੈ। ਉਸ ਦੀ ਵਡਿਆਈ ਨੂੰ ਅਸੀਂ ਨਾਪ ਤੋਲ ਨਹੀਂ ਸਕਦੇ। ਗੁਰੂ ਜੀ ਕਹਿੰਦੇ ਹਨ ਕਿ ਇਹ ਸਭ ਕੁੱਝ ਉਹ
ਅਪਣੇ ਕੋਲ਼ੋਂ ਨਹੀਂ ਕਹਿ ਰਹੇ। ਜੋ ਕੁੱਝ ਅਕਾਲ ਪੁਰਖ ਉਨ੍ਹਾਂ ਦੇ ਮੂੰਹੋਂ ਬੁਲਵਾ ਰਿਹਾ ਹੈ, ਉਹ
ਓਹੀ ਬੋਲ ਰਹੇ ਹਨ।
Comments
Post a Comment