ਅਸਟਪਦੀ - 22

 ਅਸਟਪਦੀ - 22

ਸਲੋਕ ।।

ਜੀਅ  ਜੰਤ  ਕੇ ਠਾਕੁਰਾ ਆਪੇ ਵਰਤਣਹਾਰ ।।

ਨਾਨਕ ਏਕੋ ਪਸਰਿਆ ਦੂਜਾ ਕਹ ਦ੍ਰਿਸਟਾਰ ।। 1 ।।

ਹੇ ਸਾਰੇ ਜੀਵ ਜੰਤੂਆਂ ਦੇ ਮਾਲਕ, ਤੂੰ ਸਰਬ ਵਿਆਪਕ ਹੈਂ, ਸਾਰੀ ਸ੍ਰਿਸ਼ਟੀ ਵਿੱਚ ਤੂੰ ਆਪ ਹੀ ਵਰਤਦਾ ਹੈਂ। ਇਹ ਸਾਰੀ ਰਚਨਾ ਤੇਰਾ ਹੀ ਪਸਾਰਾ ਹੈ। ਸਭਨਾ ਜੀਆਂ ਵਿੱਚ ਤੂੰ ਹੀ ਵਿਚਰ ਰਿਹਾ ਹੈਂ। ਹੋਰ ਕੋਈ ਦੂਜਾ ਕਿਤੇ ਦਿਖਾਈ ਹੀ ਨਹੀਂ ਦਿੰਦਾ।

ਅਸਟਪਦੀ ।।

ਆਪਿ ਕਥੈ ਆਪਿ ਸੁਨਨੈਹਾਰੁ ।। ਆਪਹਿ ਏਕੁ ਆਪਿ ਬਿਸਥਾਰੁ ।।

ਹੇ ਵਾਹਿਗੁਰੂ, ਤੂੰ ਆਪ ਹੀ ਬੋਲਣ ਵਾਲ਼ਾ ਹੈ ਅਤੇ ਆਪ ਹੀ ਸੁਣਨ ਵਾਲ਼ਾਤੂੰ ਆਪ ਹੀ ਅਪਣੇ ਨਿਰਗੁਣ ਰੂਪ ਵਿੱਚ ਇੱਕ ਪਾਰਬ੍ਰਹਮ ਹੈਂ ਅਤੇ ਆਪ ਹੀ ਅਪਣਾ ਫੈਲਾਓ ਕਰ ਕੇ ਸਾਰੀ ਸ੍ਰਿਸ਼ਟੀ ਦੇ ਦ੍ਰਿਸ਼ਟਮਾਨ ਪਦਾਰਥਾਂ ਦਾ ਰੂਪ ਧਾਰ ਕੇ ਅਨੇਕ ਬਣਿਆਂ ਬੈਠਾ ਹੈਂ ਤੂੰ ਅਤੇ ਤੇਰੀ ਰਚੀ ਸ੍ਰਿਸ਼ਟੀ ਇੱਕ ਹੀ ਹਨ, ਵੱਖ ਵੱਖ ਨਹੀਂ।

ਜਾ ਤਿਸੁ ਭਾਵੈ ਤਾ ਸ੍ਰਿਸਟਿ ਉਪਾਏ ।। ਆਪਨੈ ਭਾਣੈ ਲਏ ਸਮਾਏ ।।

ਜਦੋਂ ਤੈਨੂੰ ਭਾਉਂਦਾ ਹੈ, ਸ੍ਰਿਸ਼ਟੀ ਦੀ ਰਚਨਾ ਕਰ ਦਿੰਦਾ ਹੈਂ, ਜੀਵ ਜੰਤੂਆਂ ਨੂੰ ਪੈਦਾ ਕਰ ਦਿੰਦਾ ਹੈਂ ਅਤੇ ਜਦੋਂ ਤੇਰਾ ਮਨ ਕਰਦਾ ਹੈ, ਸਾਰੀ ਸ੍ਰਿਸ਼ਟੀ ਨੂੰ ਖਤਮ ਕਰ ਕੇ ਅਪਣੇ ਆਪ ਵਿੱਚ ਮਿਲਾ ਲੈਂਦਾ ਹੈਂ ਅਤੇ ਮੁੜ ਫਿਰ ਇੱਕ ਹੋ ਜਾਂਦਾ ਹੈਂ

ਤੁਮ ਤੇ ਭਿੰਨ ਨਹੀ ਕਿਛੁ ਹੋਇ ।। ਆਪਨ ਸੂਤਿ ਸਭੁ ਜਗਤੁ ਪਰੋਇ ।।

ਤੇਰੇ ਤੋਂ ਵੱਖਰਾ ਸ੍ਰਿਸ਼ਟੀ ਵਿੱਚ ਕੁੱਝ ਹੈ ਹੀ ਨਹੀਂ। ਸਾਰੇ ਜੀਵ ਜੰਤ ਤੇਰਾ ਹੀ ਰੂਪ ਹਨ। ਸਾਰੀ ਸ੍ਰਿਸ਼ਟੀ ਨੂੰ ਤੂੰ ਅਪਣੇ ਬਣਾਏ ਨਿਯਮਾਂ ਵਿੱਚ ਬੰਨ੍ਹਿਆਂ ਹੋਇਆ ਹੈ। ਜੋ ਸੰਸਾਰ ਵਿੱਚ ਹੁੰਦਾ ਹੈ, ਤੇਰੇ ਹੁਕਮ ਵਿੱਚ ਹੁੰਦਾ ਹੈ। ਤੇਰੀ ਇੱਛਾ ਤੋਂ ਬਿਨਾਂ ਸੰਸਾਰ ਵਿੱਚ ਕੁੱਝ ਨਹੀਂ ਹੋ ਸਕਦਾ।

ਜਾ ਕਉ ਪ੍ਰਭ ਜੀਉ ਆਪਿ ਬੁਝਾਏ ।। ਸਚੁ ਨਾਮੁ ਸੋਈ ਜਨੁ ਪਾਏ ।।

ਜਿਸ ਜੀਵ ਨੂੰ ਪ੍ਰਭੂ ਅਪਣੀ ਕਿਰਪਾ ਕਰ ਕੇ ਅਪਣੇ ਆਪ ਨੂੰ ਸਮਝਣ ਦੀ ਸਮਰਥਾ ਦੇ ਦਿੰਦਾ ਹੈ, ਉਹ ਹੀ ਉਸ ਨੂੰ ਸਮਝ ਸਕਦਾ ਹੈ। ਉਸ ਦੀ ਖੇਡ੍ਹ ਨੂੰ ਉਹ ਹੀ ਸਮਝ ਸਕਦਾ ਹੈ ਜਿਸ ਨੂੰ ਉਹ ਆਪ ਇਸ ਲਈ ਲੋੜੀਂਦੀ ਬੁੱਧੀ ਦੀ ਦਾਤ ਦੇ ਦੇਵੇ। ਜਿਹੜਾ ਇਸ ਖੇਡ੍ਹ ਨੂੰ ਸਮਝ ਲੈਂਦਾ ਹੈ, ਉਹ ਹੀ ਉਸ ਸੱਚੇ ਪ੍ਰਭੂ ਦੇ ਨਾਮ ਦੀ ਦਾਤ ਪ੍ਰਾਪਤ ਕਰ ਸਕਦਾ ਹੈ।

ਸੋ ਸਮਦਰਸੀ ਤਤ ਕਾ ਬੇਤਾ ।। ਨਾਨਕ ਸਗਲ ਸ੍ਰਿਸਟਿ ਕਾ ਜੇਤਾ ।। 1 ।।

ਉਸ ਜੀਵ ਨੂੰ ਫਿਰ ਸਚਾਈ ਦਾ ਗਿਆਨ ਹੋ ਜਾਂਦਾ ਹੈ। ਉਹ ਸਮਝ ਜਾਂਦਾ ਹੈ ਕਿ ਈਸ਼ਵਰ ਅਤੇ ਉਸ ਦੀ ਸਾਜੀ ਸ੍ਰਿਸ਼ਟੀ ਇੱਕ ਹੀ ਹਨ। ਇਸ ਕਰਕੇ ਉਹ ਸਭ ਜੀਵਾਂ ਨੂੰ ਇੱਕੋ ਜਿਹੀ ਨਜ਼ਰ ਨਾਲ਼ ਦੇਖਣ ਲੱਗ ਪੈਂਦਾ ਹੈ, ਕਿਸੇ ਨੂੰ ਉੱਚਾ ਨੀਂਵਾਂ ਜਾਂ ਚੰਗਾ ਮਾੜਾ ਨਹੀਂ ਸਮਝਦਾ। ਗੁਰੂ ਜੀ ਤਾਂ ਇੱਥੋਂ ਤੱਕ ਕਹਿੰਦੇ ਹਨ ਕਿ ਜਿਸ ਜੀਵ ਨੂੰ ਇਹ ਤੱਤ ਸਮਝ ਆ ਗਿਆ, ਉਸ ਨੇ ਸਮਝੋ ਸਾਰੀ ਦੁਨੀਆਂ ਨੂੰ ਜਿੱਤ ਲਿਆ।

ਜੀਅ ਜੰਤ੍ਰ ਸਭ ਤਾ ਕੈ ਹਾਥ ।। ਦੀਨ ਦਇਆਲ ਅਨਾਥ ਕਉ ਨਾਥੁ ।।

ਸਾਰੇ ਜੀਵਾਂ ਦੀ ਡੋਰ ਉਸ ਪ੍ਰਭੂ ਦੇ ਹੀ ਹੱਥ ਵਿੱਚ ਹੈ। ਜਿਵੇਂ ਉਹ ਉਨ੍ਹਾਂ ਨੂੰ ਨਚਾਉਂਦਾ ਹੈ, ਉਹ ਉਸੇ ਤਰਾਂ ਨੱਚਦੇ ਹਨ, ਜੋ ਕੁੱਝ ਉਨ੍ਹਾਂ ਕੋਲ਼ੋਂ ਕਰਵਾਉਂਦਾ ਹੈ, ਉਹ ਕਰਦੇ ਹਨ। ਉਹ ਪ੍ਰਭੂ ਦੀਨ ਦਿਆਲ ਹੈ, ਗਰੀਬਾਂ, ਕਮਜ਼ੋਰਾਂ, ਅਤੇ ਬੇਬਸਾਂ ਦਾ ਸਹਾਰਾ ਹੈ, ਅਨਾਥਾਂ ਦਾ ਨਾਥ ਹੈ ਅਤੇ ਉਨ੍ਹਾਂ ਦੀ ਰੱਖਿਆ ਕਰਦਾ ਹੈ।

ਜਿਸੁ ਰਾਖੈ ਤਿਸੁ ਕੋਇ ਨ ਮਾਰੈ ।। ਸੋ ਮੂਆ ਜਿਸੁ ਮਨਹੁ ਬਿਸਾਰੈ ।

ਜਿਸ ਜੀਵ ਦੀ ਉਹ ਪ੍ਰਭੂ ਰੱਖਿਆ ਕਰਦਾ ਹੈ, ਉਸ ਨੂੰ ਕੋਈ ਮਾਰ ਨਹੀਂ ਸਕਦਾ। ਰੱਖੇ ਰੱਬ ਨਾ ਮਾਰੇ ਕੋਈ। ਜਾਂ ਕੋ ਰਾਖੇ ਸਾਂਈਆਂ, ਮਾਰ ਸਕੇ ਨਾ ਕੋਇ। ਜਿਸ ਨੂੰ ਉਹ ਅਪਣੇ ਮਨ ਤੋਂ ਵਿਸਾਰ ਦਿੰਦਾ ਹੈ, ਜਿਸ ਤੋਂ ਉਸ ਦੀ ਦਯਾ ਦ੍ਰਿਸ਼ਟੀ ਹਟ ਜਾਂਦੀ ਹੈ, ਉਹ ਜਿਉਂਦੇ ਜੀ ਹੀ ਮਰ ਜਾਂਦਾ ਹੈ, ਉਹ ਜ਼ਿੰਦਾ ਹੁੰਦਾ ਹੋਇਆ ਵੀ ਮਰਿਆਂ ਸਮਾਨ ਹੁੰਦਾ ਹੈ।

ਤਿਸੁ ਤਜੁ ਅਵਰ ਕਹਾ ਕੋ ਜਾਇ ।। ਸਭ ਸਿਰਿ ਏਕੁ ਨਿਰੰਜਨ ਰਾਇ ।।

ਉਸ ਪ੍ਰਭੂ ਦਾ ਪੱਲਾ ਛੱਡ ਕੇ ਕੋਈ ਸਹਾਰਾ ਲੈਣ ਲਈ ਹੋਰ ਕਿਸ ਕੋਲ਼ ਜਾ ਸਕਦਾ ਹੈ? ਕੇਵਲ ਉਹ ਪਾਕ, ਪਵਿੱਤਰ, ਬੇਦਾਗ ਪ੍ਰਮਾਤਮਾ ਹੀ ਸਭ ਦੇ ਸਿਰ ਉੱਤੇ ਹੱਥ ਰੱਖਣ ਵਾਲ਼ਾ ਹੈ, ਸਭ ਨੂੰ ਸਹਾਰਾ ਦੇਣ ਵਾਲ਼ਾ ਹੈ। ਹੋਰ ਕੋਈ ਤਾਕਤ ਸ੍ਰਿਸ਼ਟੀ ਵਿੱਚ ਹੈ ਹੀ ਨਹੀਂ ਜੋ ਜੀਵ ਨੂੰ ਸਹਾਰਾ ਦੇ ਸਕੇ।

ਜੀਅ ਕੀ ਜੁਗਤਿ ਜਾ ਕੈ ਸਭ ਹਾਥਿ ।। ਅੰਤਰਿ ਬਾਹਰਿ ਜਾਨਹੁ ਸਾਥਿ ।।

ਜੀਵਾਂ ਦੀ ਉਤਪਤੀ, ਸਾਂਭ ਸੰਭਾਲ਼, ਪਾਲਣ ਪੋਸ਼ਣ, ਸੰਘਾਰ ਅਤੇ ਉਧਾਰ ਦੀ ਸਾਰੀ ਵਿਉਂਤ ਉਸ ਨੇ ਅਪਣੇ ਹੱਥ ਵਿੱਚ ਰੱਖੀ ਹੋਈ ਹੈ। ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸਾਡੇ ਅੰਦਰ ਅਤੇ ਬਾਹਰ ਹਰ ਥਾਂ ਉਹ ਪ੍ਰਭੂ ਸਾਡੇ ਸੰਗ ਰਹਿੰਦਾ ਹੈ, ਕਦੇ ਸਾਥੋਂ ਦੂਰ ਨਹੀਂ ਹੁੰਦਾ।

ਗੁਨ ਨਿਧਾਨ ਬੇਅੰਤ ਅਪਾਰ ।। ਨਾਨਕ ਦਾਸ ਸਦਾ ਬਲਿਹਾਰ ।। 2 ।।

ਉਹ ਪ੍ਰਭੂ ਗੁਣਾਂ ਦਾ ਖ਼ਜ਼ਾਨਾ ਹੈ, ਸਮੁੰਦਰ ਹੈ। ਉਹ ਬੇਅੰਤ ਹੈ, ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹ ਅਪਾਰ ਹੈ, ਉਸ ਦਾ ਪਾਰ ਨਹੀਂ ਪਾਇਆ ਜਾ ਸਕਦਾ। ਉਹ ਸਾਡੀ ਸਮਝ ਤੋਂ ਬਹੁਤ ਦੂਰ ਹੈ। ਉਸ ਦੀ ਵਡਿਆਈ ਤੱਕ ਅਸੀਂ ਨਹੀਂ ਪਹੁੰਚ ਸਕਦੇ। ਗੁਰੂ ਜੀ ਤਾਂ ਅਪਣੇ ਆਪ ਨੂੰ ਉਸ ਦਾ ਸੇਵਕ, ਉਸ ਦਾ ਗੁਲਾਮ ਆਖਦੇ ਹਨ ਅਤੇ ਉਸ ਤੋਂ ਸਦਾ ਕੁਰਬਾਨ ਜਾਂਦੇ ਹਨ।

ਪੂਰਨ ਪੂਰਿ ਰਹੇ ਦਇਆਲ ।। ਸਭ ਊਪਰਿ ਹੋਵਤ ਕਿਰਪਾਲ ।।

ਉਹ ਪੂਰਨ ਅਤੇ ਕ੍ਰਿਪਾਲੂ ਪ੍ਰਮਾਤਮਾ ਸਭਨਾ ਜੀਆਂ ਦੇ ਅੰਦਰ ਵਿਆਪਕ ਹੈ। ਸਾਰੇ ਜੀਵ ਉਸ ਦੀ ਕਿਰਪਾ ਦੇ ਪਾਤਰ ਹਨ। ਉਹ ਸਭ ਤੇ ਦਯਾ ਕਰਦਾ ਹੈ। ਉਹ ਜੀਵਾਂ ਵਿੱਚ ਭੇਦ ਭਾਵ ਨਹੀਂ ਕਰਦਾ।

ਅਪਨੇ ਕਰਤਬ ਜਾਨੈ ਆਪਿ ।। ਅੰਤਰਜਾਮੀ ਰਹਿਓ ਬਿਆਪਿ ।।

ਉਸ ਦੇ ਕੰਮਾਂ ਨੂੰ, ਉਸ ਦੀ ਵਿਉਂਤ ਨੂੰ, ਅਸੀਂ ਨਹੀਂ ਸਮਝ ਸਕਦੇ। ਉਹ ਆਪ ਹੀ ਜਾਣਦਾ ਹੈ ਕਿ ਉਹ ਕੀ ਕਰ ਰਿਹਾ ਹੈ ਅਤੇ ਕਿਉਂ ਕਰ ਰਿਹਾ ਹੈ। ਉਹ ਅੰਤਰਜਾਮੀ ਹੈ, ਸਭ ਦੇ ਮਨਾਂ ਦੀਆਂ ਜਾਨਣ ਵਾਲ਼ਾ ਹੈ। ਉਸ ਤੋਂ ਕੁੱਝ ਵੀ ਲੁਕਿਆ ਹੋਇਆ ਨਹੀਂ ਹੈ ਅਤੇ ਉਹ ਹਰ ਥਾਂ ਤੇ ਵਿਆਪਕ ਹੈ। ਕੋਈ ਥਾਂ ਨਹੀਂ ਜਿੱਥੇ ਉਹ ਮੌਜੂਦ ਨਹੀਂ ਹੈ।

ਪ੍ਰਤਿਪਾਲੈ ਜੀਅਨ ਬਹੁ ਭਾਤਿ ।ਜੋ ਜੋ ਰਚਿਓ ਸੋ ਤਿਸਹਿ ਧਿਆਤਿ ।।

ਅਨੇਕਾਂ ਤਰੀਕਿਆਂ ਨਾਲ਼ ਉਹ ਜੀਵਾਂ ਦੀ  ਪਾਲਣਾ ਕਰਦਾ ਹੈ। ਹਰ ਜੀਵ ਨੂੰ ਜ਼ਿੰਦਾ ਰਹਿਣ ਲਈ ਜੋ ਚਾਹੀਦਾ ਹੈ, ਉਹ ਮੁਹੱਈਆ ਕਰਦਾ ਹੈ। ਉਸਦੀ ਰਚੀ ਇਸ ਸ੍ਰਿਸ਼ਟੀ ਦੇ ਸਾਰੇ ਜੀਵ ਕੇਵਲ ਉਸ ਨੂੰ ਹੀ ਧਿਆਉਂਦੇ ਹਨ। ਜੋ ਜਿਸ ਨੂੰ ਚਾਹੀਦਾ ਹੈ, ਉਹ ਓਸੇ ਤੋਂ ਮੰਗਦਾ ਹੈ। ਸਮਸਤ ਜੀਵ ਉਸ ਦਾ ਹੀ ਸਿਮਰਨ ਕਰਦੇ ਹਨ।

ਜਿਸੁ ਭਾਵੈ ਤਿਸੁ ਲਏ ਮਿਲਾਇ ।। ਭਗਤਿ ਕਰਹਿ ਹਰਿ ਕੇ ਗੁਣ ਗਾਇ ।।

ਜਿਸ ਜੀਵ ਨੂੰ ਉਹ ਚਾਹੁੰਦਾ ਹੈ, ਉਸ ਤੇ ਦਿਆਲ ਹੋ ਕੇ ਉਸ ਨੂੰ ਅਪਣੇ ਨਾਲ਼ ਮਿਲਾ ਲੈਂਦਾ ਹੈ। ਫਿਰ ਉਹ ਜੀਵ ਉਸ ਦੀ ਭਗਤੀ ਕਰਨ ਲੱਗ ਪੈਂਦਾ ਹੈ, ਉਸ ਪ੍ਰਭੂ ਦਾ ਗੁਣ ਗਾਣ ਕਰਨ ਲੱਗ ਪੈਂਦਾ ਹੈ।

ਮਨ ਅੰਤਰਿ ਬਿਸ੍ਵਾਸੁ ਕਰਿ ਮਾਨਿਆ ।। ਕਰਨਹਾਰੁ ਨਾਨਕ ਇਕੁ ਜਾਨਿਆ ।। 3 ।।

ਗੁਰੂ ਜੀ ਸਮਝਾਉਂਦੇ ਹਨ ਕਿ ਜਿਹੜਾ ਜੀਵ ਅਪਣੇ ਮਨ ਦੇ ਅੰਦਰ ਪੂਰੇ ਵਿਸ਼ਵਾਸ਼ ਨਾਲ਼ ਉਸ ਪ੍ਰਭੂ ਨੂੰ ਜਾਣ ਲੈਂਦਾ ਹੈ ਅਤੇ ਮੰਨਣ ਲੱਗ ਪੈਂਦਾ ਹੈ, ਉਸ ਦੀ ਦੁਬਿਧਾ ਖਤਮ ਹੋ ਜਾਂਦੀ ਹੈ। ਉਹ ਇਸ ਸੱਚ ਨੂੰ ਸਮਝ ਜਾਂਦਾ ਹੈ ਕਿ ਪ੍ਰਮਾਤਮਾ ਕੇਵਲ ਇੱਕ ਹੈ। ਉਸ ਤੋਂ ਬਿਨਾਂ ਹੋਰ ਕੋਈ ਤਾਕਤ ਉਸ ਦੇ ਬਰਾਬਰ ਦੀ ਇਸ ਜਗਤ ਵਿੱਚ ਨਹੀਂ ਹੈ।

ਜਨੁ ਲਾਗਾ ਹਰਿ ਏਕੈ ਨਾਇ ।। ਤਿਸ ਕੀ ਆਸ ਨ ਬਿਰਥੀ ਜਾਇ ।।

ਜਿਹੜਾ ਜੀਵ ਇੱਕ ਹਰੀ ਦੇ ਨਾਮ ਨਾਲ਼ ਜੁੜ ਜਾਂਦਾ ਹੈ, ਉਸ ਦੀਆਂ ਸਭ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ, ਉਸ ਦੀ ਕੋਈ ਆਸ ਬਿਰਥੀ ਨਹੀਂ ਜਾਂਦੀ।

ਸੇਵਕ ਕਉ ਸੇਵਾ ਬਨਿ ਆਈ ।। ਹੁਕਮੁ ਬੂਝਿ ਪਰਮ ਪਦੁ ਪਾਈ ।।

ਉਹ ਜੀਵ ਸਮਝ ਲੈਂਦਾ ਹੈ ਕਿ ਸੇਵਕ ਦਾ ਕੰਮ ਸੇਵਾ ਕਰਨਾ ਹੈ, ਕਿੰਤੂ ਪ੍ਰੰਤੂ ਕਰਨਾ ਨਹੀਂ। ਪ੍ਰਭੂ ਦੇ ਦਾਸ ਨੂੰ ਕੇਵਲ ਉਸ ਦੀ ਸੇਵਾ ਕਰਨੀ ਹੀ ਫੱਬਦੀ ਹੈ। ਫਿਰ ਉਹ ਜੋ ਹੁੰਦਾ ਹੈ, ਉਸ ਨੂੰ ਹਰੀ ਪ੍ਰਭੂ ਦਾ ਹੁਕਮ ਸਮਝ ਕੇ ਖਿੜੇ ਮੱਥੇ ਪ੍ਰਵਾਨ ਕਰਨ ਲੱਗ ਪੈਂਦਾ ਹੈ ਅਤੇ ਇਸ ਤਰਾਂ ਕਰ ਕੇ ਉੱਚੀ ਪਦਵੀ ਹਾਸਲ ਕਰ ਲੈਂਦਾ ਹੈ, ਮਹਾਨ ਬਣ ਜਾਂਦਾ ਹੈ।

ਇਸ ਤੇ ਊਪਰਿ ਨਹੀ ਬੀਚਾਰੁ ।। ਜਾ ਕੈ ਮਨਿ ਬਸਿਆ ਨਿਰੰਕਾਰੁ ।।

ਜਿਨ੍ਹਾਂ ਦੇ ਮਨ ਅੰਦਰ ਨਿਰੰਕਾਰ ਪ੍ਰਭੂ ਵਸ ਜਾਂਦਾ ਹੈ, ਉਨ੍ਹਾਂ ਲਈ ਅਕਾਲ ਪੁਰਖ ਦੇ ਹੁਕਮ ਨੂੰ ਸਮਝ ਲੈਣ ਅਤੇ ਉਸ ਨੂੰ ਹੱਸ ਕੇ ਪ੍ਰਵਾਨ ਕਰਨ ਤੋਂ ਵੱਧ ਸਮਝਦਾਰੀ ਦੀ ਵਿਚਾਰ ਹੋਰ ਕੋਈ ਨਹੀਂ ਹੋ ਸਕਦੀ। ਉਹ ਗਿਆਨ ਦੀ ਸਿਖਰ ਨੂੰ ਪ੍ਰਾਪਤ ਕਰ ਲੈਂਦੇ ਹਨ ਅਤੇ ਭਟਕਣਾ ਛੱਡ ਦਿੰਦੇ ਹਨ।

ਬੰਧਨ ਤੋਰਿ ਭਏ ਨਿਰਵੈਰ ।। ਅਨਦਿਨੁ ਪੂਜਹਿ ਗੁਰ ਕੇ ਪੈਰ ।।

ਇਸ ਅਵਸਥਾ ਵਿੱਚ ਪਹੁੰਚੇ ਹੋਏ ਇਨਸਾਨ ਸਾਰੇ ਬੰਧਨਾਂ ਤੋਂ ਮੁਕਤ ਹੋ ਜਾਂਦੇ ਹਨ। ਸਮਸਤ ਸ੍ਰਿਸ਼ਟੀ ਉਨ੍ਹਾਂ ਨੂੰ ਮਿੱਤਰ ਨਜ਼ਰ ਆਉਣ ਲੱਗ ਪੈਂਦੀ ਹੈ। ਕਿਸੇ ਨਾਲ਼ ਵੈਰ ਨਹੀਂ ਰਹਿੰਦਾ। ਉਹ ਨਾ ਕੋ ਵੈਰੀ ਨਾਹਿ ਬਿਗਾਨਾਂ ਦੀ ਅਵਸਥਾ ਪ੍ਰਾਪਤ ਕਰ ਲੈਂਦੇ ਹਨ। ਹੁਣ ਉਹ ਦਿਨ ਪ੍ਰਤੀ ਦਿਨ ਹਰ ਵੇਲ਼ੇ ਅਪਣੇ ਗੁਰੂ ਦੇ ਪੈਰਾਂ ਨੂੰ ਪੂਜਦੇ ਹਨ ਜਿਸ ਨੇ ਉਨ੍ਹਾਂ ਨੂੰ ਇਹ ਸੋਝੀ ਬਖਸ਼ਿਸ਼ ਕੀਤੀ ਹੈ।

ਇਹ ਲੋਕ ਸੁਖੀਏ ਪਰਲੋਕ ਸੁਹੇਲੇ ।। ਨਾਨਕ ਹਰਿ ਪ੍ਰਭਿ ਆਪਹਿ ਮੇਲੇ ।। 4 ।।

ਇਸ ਅਵਸਥਾ ਨੂੰ ਪਹੁੰਚੇ ਹੋਏ ਗੁਰਮੁਖ ਪਿਆਰੇ ਇਸ ਲੋਕ ਵਿੱਚ ਵੀ ਸੁਖੀ ਵਸਦੇ ਹਨ ਅਤੇ ਪਰਲੋਕ ਵਿੱਚ ਵੀ ਉਨ੍ਹਾਂ ਨੂੰ ਸੁਖ ਪ੍ਰਾਪਤ ਹੁੰਦਾ ਹੈ। ਉਨ੍ਹਾਂ ਜਾ ਜੀਵਨ ਅਤੇ ਮਰਨ ਦੋਵੇਂ ਸਫਲ ਹੋ ਜਾਂਦੇ ਹਨ। ਪਰ ਗੁਰੂ ਜੀ ਦਾ ਕਥਨ ਹੈ ਕਿ ਪ੍ਰਭੂ ਨਾਲ਼ ਮਿਲਾਪ ਦੀ ਇਹ ਉੱਚ ਅਵਸਥਾ ਜੀਵਾਂ ਨੂੰ ਅਪਣੇ ਯਤਨਾਂ ਨਾਲ ਪ੍ਰਾਪਤ ਨਹੀਂ ਹੁੰਦੀ। ਪ੍ਰਭੂ ਆਪ ਹੀ ਦਿਆਲ ਹੋ ਕੇ ਉਨ੍ਹਾਂ ਨੂੰ ਅਪਣੇ ਨਾਲ਼ ਮਿਲਾ ਲੈਂਦਾ ਹੈ।

ਸਾਧਿ ਸੰਗਿ ਮਿਲਿ ਕਰਹੁ ਅਨੰਦ ।। ਗੁਨ ਗਾਵਹੁ ਪ੍ਰਭ ਪਰਮਾਨੰਦ ।।

ਸੋ ਗੁਰੂ ਜੀ ਸਾਨੂੰ ਉਪਦੇਸ਼ ਕਰਦੇ ਹਨ ਕਿ ਅਸੀਂ ਵੀ ਸੰਤ ਪੁਰਖਾਂ, ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਜਾ ਕੇ, ਉਨ੍ਹਾਂ ਨਾਲ਼ ਮਿਲ ਕੇ ਪਰਮ ਅਨੰਦ ਸਰੂਪ ਪ੍ਰਭੂ ਦੇ ਗੁਣ ਗਾਇਆ ਕਰੀਏ ਅਤੇ ਇਸ ਤਰਾਂ ਕਰ ਕੇ ਆਤਮਿਕ ਅਨੰਦ ਪ੍ਰਾਪਤ ਕਰੀਏ।

ਰਾਮ ਨਾਮ ਤਤੁ ਕਰਹੁ ਬੀਚਾਰੁ ।। ਦ੍ਰੁਲਭ ਦੇਹ ਕਾ ਕਰਹੁ ਉਧਾਰੁ ।।

ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਜਾ ਕੇ ਉਸ ਪਰਮ ਸਚਾਈ ਦੇ ਗੁਣਾਂ ਦੀ ਵੀਚਾਰ ਕਰਿਆ ਕਰੀਏ, ਪ੍ਰਮਾਤਮਾ ਦੇ ਸਰੂਪ ਅਤੇ ਸੁਭਾਅ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਅਤੇ ਇਸ ਤਰਾਂ ਕਰ ਕੇ ਅਪਣੇ ਇਸ ਮੁਸ਼ਕਿਲ ਨਾਲ਼ ਮਿਲਣ ਵਾਲ਼ੇ ਮਨੁੱਖਾ ਜੀਵਨ ਨੂੰ ਸਫਲ ਬਣਾਈਏ, ਅਪਣੀ ਦੁਰਲੱਭ ਦੇਹ ਦਾ ਕਲਿਆਣ ਕਰ ਲਈਏ।

ਅੰਮ੍ਰਿਤ ਬਚਨ ਹਰਿ ਕੇ ਗੁਨ ਗਾਉ ।। ਪ੍ਰਾਨ ਤਰਨ ਕਾ ਇਹੈ ਸੁਆਉ ।।

ਗੁਰੂ ਜੀ ਸਮਝਾਉਂਦੇ ਹਨ ਕਿ ਅਸੀਂ ਮਹਾਂ ਪੁਰਖਾਂ ਦੀ ਸੰਗਤ ਵਿੱਚ ਜਾ ਕੇ ਉਨ੍ਹਾਂ ਦੇ ਅੰਮ੍ਰਿਤ ਵਰਗੇ ਸ਼ੁਭ ਬਚਨਾਂ ਨੂੰ ਸੁਣੀਏ ਅਤੇ ਵੀਚਾਰੀਏ ਅਤੇ ਉਨ੍ਹਾਂ ਨਾਲ ਮਿਲ ਕੇ ਪ੍ਰਭੂ ਦੇ ਗੁਣਾਂ ਦਾ ਗਾਇਨ ਕਰੀਏ। ਇਨਸਾਨ ਲਈ ਅਪਣੇ ਜੀਵਨ ਨੂੰ ਸਫਲ ਬਣਾਉਣ ਦਾ, ਭਵ ਸਾਗਰ ਨੂੰ ਪਾਰ ਕਰਨ ਦਾ, ਇਹੋ ਇੱਕੋ ਇੱਕ ਤਰੀਕਾ ਹੈ।

ਆਠ ਪਹਰ ਪ੍ਰਭ ਪੇਖਹੁ ਨੇਰਾ ।। ਮਿਟੈ ਅਗਿਆਨੁ ਬਿਨਸੈ ਅੰਧੇਰਾ ।।

ਗੁਰੂ ਜੀ ਸਿੱਖਿਆ ਦਿੰਦੇ ਹਨ ਕਿ ਅਸੀਂ ਅੱਠੇ ਪਹਿਰ ਇਹ ਮਹਿਸੂਸ ਕਰੀਏ ਕਿ ਪ੍ਰਮਾਤਮਾ ਸਾਡੇ ਨੇੜੇ ਹੈ, ਸਾਡੇ ਅੰਗ ਸੰਗ ਹੈ, ਸਾਥੋਂ ਦੂਰ ਨਹੀਂ। ਇਸ ਤਰਾਂ ਕਰਨ ਨਾਲ਼ ਅਗਿਆਨ ਦਾ ਅੰਤ ਹੋ ਜਾਵੇਗਾ, ਹਨ੍ਹੇਰਾ ਦੂਰ ਹੋ ਜਾਵੇਗਾ ਅਤੇ ਸਾਡੇ ਅੰਦਰ ਗਿਆਨ ਦਾ ਪ੍ਰਕਾਸ਼ ਫੈਲ ਜਾਵੇਗਾ।

ਸੁਨਿ ਉਪਦੇਸੁ ਹਿਰਦੈ ਬਸਾਵਹੁ ।। ਮਨ ਇੱਛੇ ਨਾਨਕ ਫਲ ਪਾਵਹੁ ।। 5 ।।

ਗੁਰੂ ਜੀ ਮਹਾਂ ਪੁਰਖਾਂ ਦਾ ਉਪਦੇਸ਼ ਸੁਣ ਕੇ ਉਸ ਨੂੰ ਮਨ ਵਿੱਚ ਵਸਾਉਣ ਦੀ ਨਸੀਹਤ ਕਰਦੇ ਹੋਏ ਸਾਨੂੰ ਭਰੋਸਾ ਦਿਵਾਉਂਦੇ ਹਨ ਕਿ ਇਸ ਤਰਾਂ ਕਰਨ ਨਾਲ਼ ਸਾਨੂੰ ਮਨ ਇੱਛੇ ਫਲ਼ ਪ੍ਰਾਪਤ ਹੋਣਗੇ, ਸਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ।

ਹਲਤੁ ਪਲਤੁ ਦੁਇ ਲੇਹੁ ਸਵਾਰਿ ।। ਰਾਮ ਨਾਮੁ ਅੰਤਰਿ ਉਰਿਧਾਰਿ ।।

ਗੁਰੂ ਜੀ ਉਪਦੇਸ਼ ਦਿੰਦੇ ਹਨ ਕਿ ਅਸੀਂ ਰਾਮ ਦੇ ਨਾਮ ਨੂੰ ਅਪਣੇ ਹਿਰਦੇ ਦੇ ਅੰਦਰ ਵਸਾ ਕੇ ਅਪਣਾ ਲੋਕ (ਇਹ ਜੀਵਨ) ਅਤੇ ਪ੍ਰਲੋਕ (ਮਰਨ ਉਪਰੰਤ ਜੀਵਨ) ਦੋਵੇਂ ਸੁਹੇਲੇ ਬਣਾ ਲਈਏ।

ਪੂਰੇ ਗੁਰ ਕੀ ਪੂਰੀ ਦੀਖਿਆ ।। ਜਿਸੁ ਮਨਿ ਬਸੈ ਤਿਸੁ ਸਾਚੁ ਪਰੀਖਿਆ ।।

ਪੂਰੇ ਗੁਰੂ ਦਾ ਦਿੱਤਾ ਹੋਇਆ ਉਪਦੇਸ਼, ਉਸ ਦਾ ਬਖਸ਼ਿਆ ਹੋਇਆ ਗੁਰ ਮੰਤਰ, ਸੰਪੂਰਨ ਹੁੰਦਾ ਹੈ, ਉਸ ਵਿੱਚ ਕਿਸੇ ਤਰਾਂ ਦੀ ਕੋਈ ਕਮੀ, ਕੋਈ ਘਾਟ ਨਹੀਂ ਹੁੰਦੀ। ਜਿਸ ਜੀਵ ਦੇ ਮਨ ਵਿੱਚ ਇਹ ਗੁਰ ਮੰਤਰ ਵਸ ਜਾਵੇ ਉਹ ਸੱਚ ਨੂੰ ਸਮਝ ਕੇ ਉਸ ਨੂੰ ਪਹਿਚਾਣ ਲੈਂਦਾ ਹੈ, ਉਸ ਨੂੰ ਸਦੀਵੀ ਰਹਿਣ ਵਾਲ਼ੇ ਪ੍ਰਮਾਤਮਾ ਦੀ ਸਚਾਈ ਬਾਰੇ ਕੋਈ ਭਰਮ ਭੁਲੇਖਾ ਨਹੀਂ ਰਹਿੰਦਾ।

ਮਨੁ ਤਨੁ ਨਾਮੁ ਜਪੋ ਲਿਵਲਾਇ ।। ਦੂਖੁ ਦਰਦੁ ਮਨ ਤੇ ਭਉ ਜਾਇ ।।

ਤਨ ਅਤੇ ਮਨ ਦੋਹਾਂ ਨੂੰ ਇਕਾਗਰ ਕਰ ਕੇ, ਬਾਕੀ ਸਬ ਕੁੱਝ ਭੁਲਾ ਕੇ, ਪੂਰੀ ਤਰਾਂ ਪ੍ਰਮਾਤਮਾ ਨਾਲ਼ ਜੁੜ ਕੇ, ਉਸ ਦੇ ਪਿਆਰ ਵਿੱਚ ਭਿੱਜ ਕੇ  ਉਸ ਦਾ ਨਾਮ ਜੱਪੋ। ਇਸ ਤਰਾਂ ਕਰਨ ਨਾਲ਼ ਤੁਹਾਡੇ ਸਾਰੇ ਦੁੱਖ ਤਕਲੀਫਾਂ, ਪੀੜਾਂ, ਸਮੱਸਿਆਵਾਂ, ਡਰ ਆਦਿ ਦੂਰ ਹੋ ਜਾਣਗੇ।

ਸਚੁ ਵਾਪਾਰੁ ਕਰਹੁ ਵਾਪਾਰੀ ।। ਦਰਗਹ ਨਿਬਹੈ ਖੇਪ ਤੁਮਾਰੀ ।।

ਐ ਸੰਸਾਰ ਵਿੱਚ ਆਏ ਜੀਵੋ, ਝੂਠੀ ਮਾਇਆ ਦੇ ਵਪਾਰ ਨੂੰ ਭੁੱਲ ਕੇ ਉਸ ਸਦਾ ਸਥਿਰ ਰਹਿਣ ਵਾਲ਼ੇ ਹਰੀ ਦੇ ਸੱਚੇ ਨਾਮ ਦਾ ਵਪਾਰ ਕਰੋ। ਤੁਹਾਡੀ ਇਸ ਤਰਾਂ ਕਮਾਈ ਹੋਈ ਪੂੰਜੀ ਦਰਗਾਹ ਵਿੱਚ ਤੁਹਾਡੇ ਨਾਲ਼ ਜਾਵੇਗੀ, ਤੁਹਾਡੇ ਕੰਮ ਆਵੇਗੀ, ਤੁਹਾਡੀ ਸਹਾਇਤਾ ਕਰੇਗੀ।

ਏਕਾ ਟੇਕ ਰਖਹੁ ਮਨ ਮਾਹਿ ।। ਨਾਨਕ ਬਹੁਰਿ ਨ ਆਵਹਿ ਜਾਹਿ ।। 6 ।।

ਕੇਵਲ ਇੱਕ ਪ੍ਰਮਾਤਮਾ ਦਾ ਸਹਾਰਾ ਤੱਕੋ, ਹੋਰ ਕਿਸੇ ਤਾਕਤ ਤੇ ਟੇਕ ਨਾ ਰੱਖੋ। ਗੁਰੂ ਜੀ ਭਰੋਸਾ ਦਿਵਾਉਂਦੇ ਹਨ ਕਿ ਇਸ ਤਰਾਂ ਕੀਤਿਆਂ ਤੁਹਾਡਾ ਵਾਰ ਵਾਰ ਜਨਮ ਮਰਨ ਦਾ ਦੁੱਖ ਕੱਟਿਆ ਜਾਵੇਗਾ, ਤੁਹਾਨੂੰ ਆਵਾਗਮਨ ਤੋਂ ਮੁਕਤੀ ਮਿਲ ਜਾਵੇਗੀ।

ਤਿਸਤੇ ਦੂਰਿ ਕਹਾ ਕੋ ਜਾਇ ।। ਉਬਰੈ ਰਾਖਨਹਾਰੁ ਧਿਆਇ ।।

ਸਦਾ ਸਹਾਈ ਪ੍ਰਮਾਤਮਾ ਦਾ ਦਰ ਛੱਡ ਕੇ ਸਹਾਇਤਾ ਲਈ ਹੋਰ ਕੋਈ ਕਿਸ ਕੋਲ਼ ਜਾ ਸਕਦਾ ਹੈ? ਪ੍ਮਾਤਮਾ ਤੋਂ ਬਿਨਾਂ ਹੋਰ ਕੋਈ ਤਾਕਤ ਜੀਵ ਦੀ ਸਹਾਇਤਾ ਨਹੀਂ ਕਰ ਸਕਦੀ। ਕੇਵਲ ਉਸ ਸਭਨਾ ਦੀ ਰੱਖਿਆ ਕਰਨ ਵਾਲ਼ੇ ਵਾਹਿਗੁਰੂ ਨੂੰ ਧਿਆਉਣ ਨਾਲ਼ ਹੀ ਜੀਵ ਦਾ ਉਧਾਰ ਹੋ ਸਕਦਾ ਹੈ।

ਨਿਰਭਉ ਜਪੈ ਸਗਲ ਭਉ ਮਿਟੈ ।। ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ।।

ਪ੍ਰਮਾਤਮਾ ਆਪ ਡਰ ਤੋਂ ਰਹਿਤ ਹੈ। ਉਸ ਨੂੰ ਕਿਸੇ ਦਾ ਡਰ ਨਹੀਂ। ਉਸ ਡਰ ਮੁਕਤ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਨਾਲ਼ ਸਾਡੇ ਵੀ ਸਾਰੇ ਡਰ ਦੂਰ ਹੋ ਜਾਂਦੇ ਹਨਉਸ ਪ੍ਰਭੂ ਦੀ ਦਯਾ ਦ੍ਰਿਸ਼ਟੀ ਹੋਣ ਨਾਲ਼ ਹੀ ਜੀਵ ਦਾ ਸੰਸਾਰਿਕ ਦੁੱਖਾਂ ਤੋਂ ਅਤੇ ਜਨਮ ਮਰਨ ਤੋਂ ਛੁਟਕਾਰਾ ਹੋ ਸਕਦਾ ਹੈ

ਜਿਸੁ ਪ੍ਰਭੁ ਰਾਖੈ ਤਿਸੁ ਨਾਹੀ ਦੂਖ ।। ਨਾਮੁ ਜਪਤ ਮਨਿ ਹੋਵਤ ਸੂਖ ।।

ਜਿਸ ਜੀਵ ਦਾ ਰਾਖਾ ਪ੍ਰਭੂ ਆਪ ਬਣ ਜਾਵੇ, ਉਸ ਨੂੰ ਕਦੇ ਵੀ ਕੋਈ ਦੁੱਖ ਨਹੀਂ ਆ ਸਕਦਾ। ਪ੍ਰਭੂ ਦਾ ਨਾਮ ਜੱਪਣ ਨਾਲ਼ ਮਨ ਨੂੰ ਸੁਖ ਅਤੇ ਸ਼ਾਂਤੀ ਮਿਲਦੇ ਹਨ।

ਚਿੰਤਾ ਜਾਇ ਮਿਟੈ ਅਹੰਕਾਰੁ ।। ਤਿਸੁ ਜਨ ਕਉ ਕੋਇ ਨ ਪਹੁਚਨਹਾਰੁ ।।

ਉਸ ਪ੍ਰਭੂ ਦਾ ਨਾਮ ਜੱਪਣ ਨਾਲ਼ ਸਭ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ ਅਤੇ ਹਉਮੈ ਦਾ ਨਾਸ਼ ਹੋ ਜਾਂਦਾ ਹੈ। ਜਿਸ ਜੀਵ ਨੂੰ ਇਹ ਦਾਤਾਂ ਪ੍ਰਾਪਤ ਹੋ ਜਾਣ ਉਸ ਦਾ ਮੁਕਾਬਲਾ ਫਿਰ ਕੋਈ ਨਹੀਂ ਕਰ ਸਕਦਾ, ਉਸ ਦੇ ਬਰਾਬਰ ਕੋਈ ਨਹੀਂ ਖੜ੍ਹ ਸਕਦਾ।

ਸਿਰ ਉਪਰਿ ਠਾਢਾ ਗੁਰੁ ਸੂਰਾ ।। ਨਾਨਕ ਤਾ ਕੇ ਕਾਰਜ ਪੂਰਾ ।। 7 ।।

ਗੁਰੂ ਜੀ ਸਮਝਾਉਂਦੇ ਹਨ ਕਿ ਜਿਸ ਜੀਵ ਦੇ ਸਿਰ ਉੱਪਰ ਪ੍ਰਮਾਤਮਾ ਦਾ ਹੱਥ ਹੋਵੇ, ਉਸ ਦੇ ਸਾਰੇ ਕਾਰਜ ਸਹਿਜੇ ਹੀ ਨਿਰਵਿਘਨ ਪੂਰੇ ਹੋ ਜਾਂਦੇ ਹਨ, ਉਸ ਦਾ ਕੋਈ ਕੰਮ ਕਦੇ ਨਹੀਂ ਰੁਕਦਾ।

ਮਤਿ ਪੂਰੀ ਅੰਮ੍ਰਿਤੁ ਜਾ ਕੀ ਦ੍ਰਿਸਟਿ ।। ਦਰਸਨ ਪੇਖਤ ਉਧਰਤ ਸ੍ਰਿਸਟਿ ।।

ਜਿਸ ਗੁਰੂ ਦੀ ਮੱਤ (ਬੁੱਧੀ) ਸੰਪੂਰਨ ਹੈ, ਜਿਹੜਾ ਬੇਹੱਦ ਸਿਆਣਾ ਅਤੇ ਸਮਝਦਾਰ ਹੈ, ਜਿਸ ਦੀ ਦ੍ਰਿਸ਼ਟੀ (ਨਜ਼ਰ) ਹੀ ਅੰਮ੍ਰਿਤ ਵਰਗੀ ਹੈ, ਮੋਇਆਂ ਵਿੱਚ ਜਾਨ ਪਾਉਂਦੀ ਹੈ, ਮੌਤ ਦਾ ਡਰ ਖਤਮ ਕਰ ਦਿੰਦੀ ਹੈ, ਜਿਸ ਦੇ ਦਰਸ਼ਨ ਕਰ ਕੇ ਹੀ ਸੰਸਾਰ ਦਾ ਉਧਾਰ (ਕਲਿਆਣ) ਹੋ ਜਾਂਦਾ ਹੈ,

ਚਰਨ ਕਮਲ ਜਾ ਕੇ ਅਨੂਪ ।। ਸਫਲ ਦਰਸਨੁ ਸੁੰਦਰ ਹਰਿ ਰੂਪ ।।

ਜਿਸ ਦੇ ਕਮਲ ਵਰਗੇ ਚਰਨ ਏਨੇ ਸੁੰਦਰ ਹਨ ਕਿ ਉਨ੍ਹਾਂ ਵਰਗੇ ਚਰਨ ਹੋਰ ਕਿਸੇ ਦੇ ਨਹੀਂ, ਜਿਸ ਦੇ ਦਰਸ਼ਨ ਮਾਤਰ ਨਾਲ਼ ਹੀ ਸਾਰੀਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ, ਜਿਸ ਦੀ ਸੂਰਤ ਏਨੀ ਸੋਹਣੀ ਹੈ ਕਿ ਉਹ ਹਰੀ ਦਾ ਅਪਣਾ ਰੂਪ ਹੀ ਲੱਗਦਾ ਹੈ,

ਧੰਨੁ ਸੇਵਾ ਸੇਵਕੁ ਪਰਵਾਨੁ ।। ਅੰਤਰਜਾਮੀ ਪੁਰਖੁ ਪ੍ਰਧਾਨੁ ।।

ਉਸ ਗੁਰੂ ਦੀ ਸੇਵਾ ਕਰਨੀ ਸਫਲ ਹੈ, ਧੰਨ ਹੈ ਜਿਹੜਾ ਗੁਰੂ ਏਨਾ ਮਹਾਨ ਹੈ, ਉਸ ਦਾ ਸੇਵਕ ਵੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦਾ ਹੈ। ਇਹੋ ਜਿਹਾ ਗੁਰੂ ਅੰਤਰਜਾਮੀ ਹੁੰਦਾ ਹੈ, ਦਿਲਾਂ ਦੀਆਂ ਜਾਨਣ ਵਾਲ਼ਾ ਹੁੰਦਾ ਹੈ, ਸੰਸਾਰ ਦਾ ਸਭ ਤੋਂ ਉੱਤਮ ਇਨਸਾਨ ਹੁੰਦਾ ਹੈ

ਜਿਸੁ ਮਨਿ ਬਸੈ ਸੁ ਹੋਤ ਨਿਹਾਲੁ ।। ਤਾ ਕੈ ਨਿਕਟਿ ਨ ਆਵਤ ਕਾਲੁ ।।

ਉਹ ਵਾਹਿਗੁਰੂ ਨਾਲ਼ ਅਭੇਦ ਹੋਇਆ ਗੁਰੂ ਜਿਸ ਦੇ ਮਨ ਵਿੱਚ ਵਸ ਜਾਂਦਾ ਹੈ, ਉਹ ਜੀਵ ਨਿਹਾਲ ਹੋ ਜਾਂਦਾ ਹੈ, ਉਸ ਦੀ ਕੋਈ ਕਾਮਨਾ ਬਾਕੀ ਨਹੀਂ ਰਹਿ ਜਾਂਦੀ, ਉਹ ਪੂਰਨ ਤੌਰ ਤੇ ਸੰਤੁਸ਼ਟ ਹੋ ਜਾਂਦਾ ਹੈ। ਮੌਤ ਦਾ ਡਰ ਉਸ ਦੇ ਨੇੜੇ ਨਹੀਂ ਢੁੱਕਦਾ, ਉਸ ਲਈ ਮੌਤ ਦੀ ਹੋਂਦ ਖਤਮ ਹੋ ਜਾਂਦੀ ਹੈ, ਉਹ ਅਮਰ ਹੋ ਜਾਂਦਾ ਹੈ।

ਅਮਰ ਭਏ ਅਮਰਾ ਪਦੁ ਪਾਇਆ ।। ਸਾਧਿਸੰਗਿ ਨਾਨਕ ਹਰਿ ਧਿਆਇਆ ।। 8 ।। 22 ।।

ਗੁਰੂ ਜੀ ਦਾਅਵਾ ਕਰਦੋ ਹਨ ਕਿ ਜਿਹੜਾ ਜੀਵ ਇਸ ਤਰਾਂ ਦੇ ਮਹਾਨ ਸੰਤ ਗੁਰੂ ਦੀ ਸੰਗਤ ਵਿੱਚ ਆ ਕੇ ਪ੍ਰਮਾਤਮਾ ਨੂੰ ਧਿਆ ਲੈਂਦਾ ਹੈ, ਉਹ ਅਮਰ ਪਦਵੀ ਪ੍ਰਾਪਤ ਕਰ ਲੈਂਦਾ ਹੈ, ਅਮਰ ਹੋ ਜਾਂਦਾ ਹੈ, ਮੌਤ ਨੂੰ ਹਾਰ ਦੇ ਦਿੰਦਾ ਹੈ।


Comments

Popular posts from this blog

ਅਸਟਪਦੀ - 20

ਅਸਟਪਦੀ - 23

ਅਸਟਪਦੀ - 9