ਗਉੜੀ ਸੁਖਮਨੀ ਮ: ੫ ।।
ਇਹ ਬਾਣੀ ਸੁਖਮਨੀ ਸਾਹਿਬ ਜਿਸ ਦਾ ਅਰਥ ਹੈ ਸੁਖਾਂ ਦੀ ਮਣੀ ਜਾਂ ਸੁਖਾਂ
ਦਾ ਖ਼ਜ਼ਾਨਾ ਗਉੜੀ ਰਾਗ ਵਿੱਚ ਪੰਜਵੀਂ ਪਾਤਸ਼ਾਹੀ, ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਚਾਰਣ ਕੀਤੀ ਹੋਈ
ਹੈ।
ਸਲੋਕੁ ।।
ੴ ਸਤਿਗੁਰ ਪ੍ਰਸਾਦਿ ।।
ਆਦਿ ਗੁਰਏ ਨਮਹ ।।
ਜੁਗਾਦਿ ਗੁਰਏ ਨਮਹ ।।
ਸਤਿਗੁਰਏ ਨਮਹ ।।
ਸ੍ਰੀ ਗੁਰਦੇਵਏ ਨਮਹ ।। ੧ ।।
ਪ੍ਰਮਾਤਮਾ ਇੱਕ ਹੈ ਅਤੇ ਉਸ ਦੀ ਸੋਝੀ ਸੱਚੇ ਗੁਰੂ ਦੀ ਮਿਹਰ ਨਾਲ਼
ਪ੍ਰਾਪਤ ਹੁੰਦੀ ਹੈ।
ਆਦਿ (ਪਹਿਲੇ) ਗੁਰੂ, ਗੁਰੂ ਨਾਨਕ ਦੇਵ ਜੀ, ਨੂੰ ਮੇਰਾ ਨਮਸ਼ਕਾਰ ਹੈ।
ਦੂਜੇ ਗੁਰੂ, ਗੁਰੂ ਅੰਗਦ ਦੇਵ ਜੀ, ਨੂੰ ਮੇਰਾ ਨਮਸ਼ਕਾਰ ਹੈ (ਜੁਗ ਦਾ ਅਰਥ ਹੁੰਦਾ ਹੈ ਦੋ। ਇਸ ਲਈ
ਜੁਗਾਦਿ ਗੁਰਏ ਦਾ ਅਰਥ ਹੈ ਦੂਜੇ ਗੁਰੂ ਨੂੰ)। ਸਤਿਗੁਰੂ, ਗੁਰੂ ਅਮਰ ਦਾਸ ਜੀ, ਨੂੰ ਮੇਰਾ ਨਮਸ਼ਕਾਰ
ਹੈ (ਗੁਰੂ ਰਾਮਦਾਸ ਜੀ ਨੇ ਗਉੜੀ ਮ: 4 ਵਿੱਚ ਅੰਗ 310 ਤੇ ਗੁਰੂ ਅਮਰ ਦਾਸ ਜੀ ਲਈ ਸਤਿਗੁਰੁ ਸ਼ਬਦ
ਵਰਤਿਆ ਹੈ)। ਚੌਥੇ ਗੁਰੂ ਗੁਰਦੇਵ ਰਾਮਦਾਸ ਜੀ ਨੂੰ ਮੇਰਾ ਨਮਸ਼ਕਾਰ ਹੈ (ਗੁਰੂ ਅਰਜਨ
ਦੇਵ ਜੀ ਨੇ ਬਿਲਾਵਲ ਮ: 5 ਵਿੱਚ ਅੰਗ 817 ਤੇ ਗੁਰੂ ਰਾਮਦਾਸ ਜੀ ਲਈ ਗੁਰਦੇਵ ਸ਼ਬਦ ਦੀ ਵਰਤੋਂ
ਕੀਤੀ ਹੈ)।
ਅਸਟਪਦੀ ।।
ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ ।। ਕਲਿ ਕਲੇਸ
ਤਨ ਮਾਹਿ ਮਿਟਾਵਉ ।।
ਮੈਂ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਹਾਂ। ਉਸ ਦੇ ਨਾਮ ਦਾ ਸਿਮਰਨ ਕਰਨ
ਨਾਲ਼ ਮੈਨੂੰ ਸਾਰੇ ਸੁਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਉਸ ਦੇ ਨਾਮ ਦਾ ਸਿਮਰਨ ਕਰਨ ਨਾਲ਼ ਸ਼ਰੀਰ ਦੇ
ਸਾਰੇ ਕਸ਼ਟਾਂ ਅਤੇ ਕਲ਼ੇਸ਼ਾਂ ਤੋਂ ਛੁਟਕਾਰਾ ਪਾ ਮਿਲ ਜਾਂਦਾ ਹੈ।
ਸਿਮਰਉ ਜਾਸੁ ਬਿਸੁੰਭਰ ਏਕੈ ।। ਨਾਮੁ ਜਪਤੁ ਅਗਨਤ
ਅਨੇਕੈ ।।
ਮੈਂ ਉਸ ਇੱਕ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਹਾਂ ਜਿਸ ਦੇ ਬਰਾਬਰ
ਦਾ ਹੋਰ ਕੋਈ ਨਹੀਂ ਅਤੇ ਜਿਹੜਾ ਸਾਰੇ ਸੰਸਾਰ ਦੀ ਸਾਂਭ ਸੰਭਾਲ਼ ਅਤੇ ਪਾਲਣਾ ਕਰਦਾ ਹੈ। ਹੋਰ ਨੀ ਅਣਗਿਣਤ
ਲੋਕ ਹਰ ਵੇਲ਼ੇ ਉਸ ਦੇ ਅਨੇਕਾਂ ਹੀ ਨਾਮਾਂ ਦਾ ਸਿਮਰਨ ਕਰਦੇ ਹਨ।
ਬੇਦ ਪੁਰਾਨ ਸਿੰਮ੍ਰਿਤਿ ਸੁਧਾਖ੍ਯਰ ।। ਕੀਨੇ ਰਾਮ
ਨਾਮ ਇੱਕ ਆਖ੍ਯਰ ।।
ਵੇਦ
ਪੁਰਾਣ ਅਤੇ ਸਿਮਰਤੀਆਂ ਨੂੰ ਪਵਿੱਤਰ ਗ੍ਰੰਥ ਮੰਨਿਆਂ ਜਾਂਦਾ ਹੈ। ਉਨ੍ਹਾਂ ਨੂੰ ਕਿਸ ਚੀਜ਼ ਨੇ
ਪਵਿੱਤਰ ਬਣਾਇਆ ਹੈ? ਸਿਰਫ਼ ਇੱਕ ਸ਼ਬਦ ਦੀ ਹੋਂਦ ਨੇ ਹੀ ਉਨ੍ਹਾਂ ਨੂੰ ਪਵਿੱਤਰਤਾ ਬਖ਼ਸ਼ੀ ਹੈ ਅਤੇ ਉਹ
ਸ਼ਬਦ ਹੈ ਰਾਮ ਦਾ ਨਾਮ। ਕੇਵਲ ਪ੍ਰਮਾਤਮਾ ਦੇ ਨਾਮ ਦੀ ਮੌਜੂਦਗੀ ਨੇ ਉਨ੍ਹਾਂ ਨੂੰ ਪਵਿੱਤਰ
ਬਣਾ ਦਿੱਤਾ ਹੈ।
ਕਿਨਕਾ ਏਕ ਜਿਸੁ ਜੀਅ ਬਸਾਵੈ ।। ਤਾ ਕੀ ਮਹਿਮਾ ਗਨੀ ਨ ਆਵੈ ।।
ਪ੍ਰਮਾਤਮਾ
ਕਿਰਪਾ ਕਰ ਕੇ ਅਪਣੇ ਨਾਮ ਦਾ ਇੱਕ ਕਿਣਕਾ ਮਾਤਰ ਵੀ ਜਿਸ ਜੀਵ ਦੇ ਮਨ ਵਿੱਚ ਵਸਾ ਦਿੰਦਾ ਹੈ ਉਹ
ਏਨਾ ਮਹਾਨ ਬਣ ਜਾਂਦਾ ਹੈ ਕਿ ਉਸ ਦੀ ਵਡਿਆਈ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ।
ਕਾਂਖੀ ਏਕੈ ਦਰਸ ਤੁਹਾਰੋ ।। ਨਾਨਕ ਉਨ ਸੰਗਿ ਮੋਹਿ ਉਧਾਰੋ ।। ੧ ।।
ਹੇ
ਪ੍ਰਮਾਤਮਾ, ਕੁਝ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਕੇਵਲ ਤੇਰੇ ਦਰਸ਼ਨਾਂ ਦੀ ਇੱਛਾ ਹੁੰਦੀ ਹੈ,
ਹੋਰ ਕੋਈ ਤਾਂਘ ਨਹੀਂ ਹੁੰਦੀ। ਅਜਿਹੇ
ਮਹਾਨ ਲੋਕਾਂ ਦਾ ਉਧਾਰ ਹੋ ਜਾਂਦਾ ਹੈ। ਗੁਰੂ ਜੀ ਬੇਨਤੀ ਕਰਦੇ ਹਨ ਕਿ ਹੇ ਪ੍ਰਭੂ, ਮੈਨੂੰ ਉਨ੍ਹਾਂ
ਮਹਾਂ ਪੁਰਖਾਂ ਦੀ ਸੰਗਤ ਬਖ਼ਸ਼ੋ ਤਾਂ ਕਿ ਉਨ੍ਹਾਂ ਦੇ ਨਾਲ਼ ਨਾਲ਼ ਮੇਰਾ ਵੀ ਕਲਿਆਣ ਹੋ ਜਾਵੇ।
ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ।। ਭਗਤ ਜਨਾ ਕੈ ਮਨਿ
ਬਿਸ੍ਰਾਮ ।। ਰਹਾਉ ।।
ਪ੍ਰਮਾਤਮਾ
ਦਾ ਨਾਮ ਅਜਿਹਾ ਅੰਮ੍ਰਿਤ ਹੈ ਜਿਹੜਾ ਦੁਨੀਆਂ ਦੇ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ। ਉਸ ਦੇ ਨਾਮ ਦਾ
ਸਿਮਰਨ ਜੀਵ ਨੂੰ ਸਦੀਵੀ ਜੀਵਨ ਬਖ਼ਸ਼ ਦਿੰਦਾ ਹੈ। ਇਹ ਨਾਮ ਭਗਤਾਂ ਦੇ ਮਨਾਂ ਵਿੱਚ ਵਸਦਾ ਹੈ। ਉਨ੍ਹਾਂ
ਦੀ ਸੰਗਤ ਕਰਨ ਨਾਲ਼ ਇਹ ਕੀਮਤੀ ਖ਼ਜ਼ਾਨਾ ਪ੍ਰਾਪਤ ਕੀਤਾ ਜਾ ਸਕਦਾ ਹੈ।(ਵਿਸ਼੍ਰਾਮ)।
ਪ੍ਰਭ ਕੈ ਸਿਮਰਨਿ ਗਰਭਿ ਨ ਬਸੈ ।। ਪ੍ਰਭ ਕੈ ਸਿਮਰਨਿ ਦੂਖੁ ਜਮੁ ਨਸੈ ।।
ਪ੍ਰਮਾਤਮਾ
ਦੇ ਨਾਮ ਦਾ ਸਿਮਰਨ ਕਰਨ ਨਾਲ਼ ਜਨਮ ਮਰਨ ਦੇ ਦੁੱਖ ਤੋਂ ਛੁਟਕਾਰਾ ਮਿਲ ਜਾਂਦਾ ਹੈ, ਮੁੜ ਮੁੜ ਕੇ
ਗਰਭ ਜੂਨ ਵਿੱਚ ਨਹੀਂ ਆਉਣਾ ਪੈਂਦਾ। ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਨਾਲ਼ ਜਮਾਂ ਦਾ ਡਰ ਦੂਰ
ਹੋ ਜਾਂਦਾ ਹੈ, ਮੌਤ ਦਾ ਖ਼ੌਫ਼ ਖਤਮ ਹੋ ਜਾਂਦਾ ਹੈ। ਇਨਸਾਨ ਇਹ ਸਮਝ ਜਾਂਦਾ ਹੈ ਕਿ ਮੌਤ ਕੇਵਲ ਸਰੀਰ
ਨੂੰ ਖ਼ਤਮ ਕਰ ਸਕਦੀ ਹੈ, ਆਤਮਾ ਨੂੰ ਨਹੀਂ ਛੂਹ ਸਕਦੀ। ਇਸ ਕਰਕੇ ਉਹ ਮੌਤ ਤੋਂ ਡਰਨਾ ਛੱਡ ਦਿੰਦਾ
ਹੈ।
ਪ੍ਰਭ ਕੈ ਸਿਮਰਨਿ ਕਾਲੁ ਪਰਹਰੈ ।। ਪ੍ਰਭ ਕੈ ਸਿਮਰਨਿ ਦੁਸਮਨੁ ਟਰੈ ।।
ਪ੍ਰਮਾਤਮਾ
ਦੇ ਨਾਮ ਦਾ ਸਿਮਰਨ ਕਰਨ ਨਾਲ਼ ਇਨਸਾਨ ਨੂੰ ਮੌਤ ਤੋਂ ਮੁਕਤੀ ਮਿਲ ਜਾਂਦੀ ਹੈ, ਉਸ ਤੇ ਮੌਤ ਦਾ ਕੋਈ
ਅਸਰ ਨਹੀਂ ਹੁੰਦਾ। ਸ਼ਰੀਰਕ ਤੌਰ ਤੇ ਮੌਤ ਹੋ ਜਾਣ ਦੇ ਬਾਵਜੂਦ ਇਨਸਾਨ ਦਾ ਨਾਂ ਅਮਰ ਹੋ ਜਾਂਦਾ ਹੈ।
ਨਾਮ ਸਿਮਰਨ ਨਾਲ਼ ਵੈਰੀ ਵੀ ਦੋਸਤ ਬਣ ਜਾਂਦੇ ਹਨ ਜਾਂ ਉਨ੍ਹਾਂ ਦਾ ਨਾਸ਼ ਹੋ ਜਾਂਦਾ ਹੈ। ਸੋ
ਦੁਸ਼ਮਣਾਂ ਦਾ ਡਰ ਦੂਰ ਹੋ ਜਾਂਦਾ ਹੈ।
ਪ੍ਰਭ ਸਿਮਰਤ ਕਛੁ ਬਿਘਨੁ ਨ ਲਾਗੈ ।। ਪ੍ਰਭ ਕੈ ਸਿਮਰਨਿ ਅਨਦਿਨੁ ਜਾਗੈ ।।
ਪ੍ਰਮਾਤਮਾ
ਦੇ ਨਾਮ ਦਾ ਸਿਮਰਨ ਕਰਨ ਵਾਲ਼ੇ ਇਨਸਾਨ ਦੇ ਰਸਤੇ ਵਿੱਚ ਕੋਈ ਵੀ ਰੁਕਾਵਟ ਨਹੀਂ ਆਉਂਦੀ। ਉਹ ਸੌਖੇ
ਹੀ ਅਪਣੀ ਮੰਜ਼ਿਲ ਹਾਸਲ ਕਰ ਲੈਂਦਾ ਹੈ। ਪ੍ਰਮਾਤਮਾ ਦਾ ਸਿਮਰਨ ਕਰਨ ਵਾਲ਼ਾ ਇਨਸਾਨ ਦਿਨ ਪ੍ਰਤੀ ਦਿਨ
ਹਮੇਸ਼ਾਂ ਸਾਵਧਾਨ ਰਹਿੰਦਾ ਹੈ, ਉਸ ਨੂੰ ਹਰ ਵੇਲ਼ੇ ਪ੍ਰਭੂ ਯਾਦ ਰਹਿੰਦਾ ਹੈ।
ਪ੍ਰਭ ਕੈ ਸਿਮਰਨਿ ਭਉ ਨ ਬਿਆਪੈ ।। ਪ੍ਰਭ ਕੈ ਸਿਮਰਨਿ ਦੁਖੁ ਨ ਸੰਤਾਪੈ ।।
ਪ੍ਰਮਾਤਮਾ
ਦਾ ਨਾਮ ਸਿਮਰਨ ਕਰਨ ਨਾਲ਼ ਡਰ ਦਾ ਨਾਸ਼ ਹੋ ਜਾਂਦਾ ਹੈ, ਡਰ ਨਾਂ ਦੀ ਚੀਜ਼ ਇਨਸਾਨ ਦੇ ਨੇੜੇ ਵੀ ਨਹੀਂ
ਢੁੱਕਦੀ। ਨਾਮ ਦਾ ਸਿਮਰਨ ਜੀਵ ਨੂੰ ਨਿਰਭੈ ਬਣਾ ਦਿੰਦਾ ਹੈ। ਪ੍ਰਮਾਤਮਾ ਦਾ ਨਾਮ ਸਿਮਰਨ ਨਾਲ਼ ਦੁੱਖ
ਦਰਦ ਅਤੇ ਕਲੇਸ਼ ਵੀ ਬੰਦੇ ਦੇ ਨੇੜੇ ਨਹੀਂ ਆਉਂਦੇ, ਉਹ ਆਦਮੀ ਨੂੰ ਤੰਗ ਨਹੀਂ ਕਰਦੇ। ਜੇ ਦੁੱਖ ਆਵੇ
ਵੀ ਤਾਂ ਉਸ ਨੂੰ ਵੀ ਜੀਵ ਪ੍ਰਮਾਤਮਾ ਦੀ ਦਾਤ ਸਮਝ ਕੇ ਖੁਸ਼ੀ ਖੁਸ਼ੀ ਸਹਿਣ ਕਰ ਲੈਂਦਾ ਹੈ।
ਪ੍ਰਭ ਕਾ ਸਿਮਰਨੁ ਸਾਧ ਕੈ ਸੰਗਿ ।। ਸਰਬ ਨਿਧਾਨੁ ਨਾਨਕ ਹਰਿ ਰੰਗਿ ।। ੨ ।।
ਪ੍ਰਮਾਤਮਾ
ਦੇ ਸਿਮਰਨ ਦੀ ਦਾਤ ਸੰਤ ਪੁਰਸ਼ਾਂ ਦੀ ਸੰਗਤ ਤੋਂ ਪ੍ਰਾਪਤ ਹੁੰਦੀ ਹੈ। ਇਹ ਨੇਕ ਇਨਸਾਨ ਜੋ ਖ਼ੁਦ ਰੱਬ
ਦੇ ਰੰਗ ਵਿੱਚ ਰੰਗੇ ਹੁੰਦੇ ਹਨ ਦੂਜਿਆਂ ਨੂੰ ਵੀ ਉਸ ਦੇ ਰੰਗ ਵਿੱਚ ਰੰਗ ਦਿੰਦੇ ਹਨ। ਰੱਬ ਦੇ ਰੰਗ
ਵਿੱਚ ਰੰਗੇ ਜਾਣ ਨਾਲ਼ ਇਨਸਾਨ ਨੂੰ ਸੰਸਾਰ ਦੇ ਸਾਰੇ ਹੀ ਖ਼ਜ਼ਾਨੇ ਹਾਸਲ ਹੋ ਜਾਂਦੇ ਹਨ, ਕਿਸੇ ਚੀਜ਼
ਦੀ ਕੋਈ ਘਾਟ ਨਹੀਂ ਰਹਿੰਦੀ।
ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ ।। ਪ੍ਰਭ ਕੈ ਸਿਮਰਨਿ ਗਿਆਨੁ
ਧਿਆਨੁ ਤਤੁ ਬੁਧਿ ।।
ਪ੍ਰਮਾਤਮਾ ਦੇ ਸਿਮਰਨ ਨਾਲ਼ ਸਾਰੇ ਦੁਨਿਆਵੀ ਵਸਤਾਂ (ਰਿੱਧੀਆਂ) ਪ੍ਰਾਪਤ
ਹੋ ਜਾਂਦੀਆਂ ਹਨ, ਕਰਾਮਾਤੀ ਸ਼ਕਤੀਆਂ (ਸਿੱਧੀਆਂ) ਪ੍ਰਾਪਤ ਹੋ ਜਾਂਦੀਆਂ ਹਨ ਅਤੇ ਨੌਂ ਖ਼ਜ਼ਾਨੇ ਹਾਸਲ
ਹੋ ਜਾਂਦੇ ਹਨ। ਸਿਮਰਨ ਦੇ ਸਿੱਟੇ ਵਜੋਂ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ, ਪ੍ਰਭੂ ਦੇ
ਨਾਲ਼ ਧਿਆਨ ਜੋੜਨ ਦੀ ਜੁਗਤੀ ਸਮਝ ਵਿੱਚ ਆ ਜਾਂਦੀ ਹੈ ਅਤੇ ਸ੍ਰਿਸ਼ਟੀ ਦੇ ਮੂਲ਼ ਬ੍ਰਹਮ ਦੇ ਗਿਆਨ ਨੂੰ
ਸਮਝਣ ਦੀ ਵਿਵੇਕ ਬੁੱਧੀ ਵਿਕਸਿਤ ਹੋ ਜਾਂਦੀ ਹੈ।
ਪ੍ਰਭ ਕੈ ਸਿਮਰਨਿ ਜਪ ਤਪ ਪੂਜਾ ।। ਪ੍ਰਭ ਕੈ
ਸਿਮਰਨਿ ਬਿਨਸੈ ਦੂਜਾ ।।
ਪ੍ਰਭੂ ਦੇ ਨਾਮ ਦਾ ਸਿਮਰਨ ਹਰ ਤਰਾਂ ਦੇ ਮੰਤਰਾਂ ਦੇ ਜਾਪ ਦੇ ਬਰਾਬਰ
ਹੈ। ਇਸ ਨਾਲ਼ ਹਰ ਤਰਾਂ ਦੀ ਤਪੱਸਿਆ ਅਤੇ ਪੂਜਾ ਦਾ ਫਲ਼ ਮਿਲ ਜਾਂਦਾ ਹੈ, ਕਿਸੇ ਤਰਾਂ ਦੀ ਹੋਰ
ਤਪੱਸਿਆ ਜਾਂ ਪੂਜਾ ਕਰਨ ਦੀ ਜ਼ਰੂਰਤ ਨਹੀਂ ਰਹਿੰਦੀ। ਉਸ ਦੇ ਨਾਮ ਦੇ ਸਿਮਰਨ ਨਾਲ਼ ਦੂਜੇ ਭਾਵ ਮਾਇਆ
ਦੇ ਪਿਆਰ ਦਾ ਨਾਸ਼ ਹੋ ਜਾਂਦਾ ਹੈ, ਇਨਸਾਨ ਕੇਵਲ ਪ੍ਰਮਾਤਮਾ ਦੇ ਨਾਲ਼ ਜੁੜ ਜਾਂਦਾ ਹੈ।
ਪ੍ਰਭ ਕੈ ਸਿਮਰਨਿ ਤੀਰਥ ਇਸਨਾਨੀ ।। ਪ੍ਰਭ ਕੈ
ਸਿਮਰਨਿ ਦਰਗਹ ਮਾਨੀ ।।
ਪ੍ਰਭੂ ਦੇ ਨਾਮ ਦੇ ਸਿਮਰਨ ਨਾਲ਼ ਸਾਰੇ ਹੀ ਤੀਰਥਾਂ ਦੇ ਇਸ਼ਨਾਨ ਦਾ ਫਲ਼
ਪ੍ਰਾਪਤ ਹੋ ਜਾਂਦਾ ਹੈ, ਕਿਸੇ ਤੀਰਥ ਦਾ ਇਸ਼ਨਾਨ ਕਰਨ ਦੀ ਲੋੜ ਨਹੀਂ ਰਹਿੰਦੀ। ਉਸ ਦੇ ਨਾਮ ਦਾ
ਸਿਮਰਨ ਕਰਨ ਵਾਲ਼ੇ ਵਿਅਕਤੀ ਨੂੰ ਪ੍ਰਭੂ ਦੇ ਦਰਬਾਰ ਵਿੱਚ ਵੀ ਸਤਿਕਾਰ ਮਿਲਦਾ ਹੈ, ਉਸ ਦੀ ਇੱਜ਼ਤ
ਕੀਤੀ ਜਾਂਦੀ ਹੈ, ਮਾਣ ਬਖ਼ਸ਼ਿਆ ਜਾਂਦਾ ਹੈ।
ਪ੍ਰਭ ਕੈ ਸਿਮਰਨਿ ਹੋਇ ਸੁ ਭਲਾ ।। ਪ੍ਰਭ ਕੈ
ਸਿਮਰਨਿ ਸੁਫਲ ਫਲਾ ।।
ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਵਾਲ਼ਾ ਇਨਸਾਨ ਜਿੰਦਗੀ ਵਿੱਚ ਕਦੇ ਵੀ
ਬੁਰਾ ਕੰਮ ਨਹੀਂ ਕਰਦਾ ਕਿਉਂਕਿ ਸਭ ਦਾ ਭਲਾ ਲੋਚਣਾ ਉਸ ਦਾ ਸੁਭਾਅ ਬਣ ਜਾਂਦਾ ਹੈ। ਉਸ ਦੇ ਕੀਤੇ
ਹਰ ਕੰਮ ਨੂੰ ਸ਼ੁਭ ਫਲ਼ ਹੀ ਲੱਗਦੇ ਹਨ, ਅਰਥਾਤ ਉਹ ਕਦੇ ਕਿਸੇ ਦਾ ਬੁਰਾ ਨਹੀਂ ਕਰਦਾ। ਇਹ ਅਰਥ ਵੀ
ਕਰ ਸਕਦੇ ਹਾਂ ਕਿ ਉਸ ਦੀ ਜ਼ਿੰਦਗੀ ਵਿੱਚ ਜੋ ਵੀ
ਹੁੰਦਾ ਹੈ, ਉਹ ਉਸ ਨੂੰ ਭਲਾ ਹੀ ਸਮਝਦਾ ਹੈ ਕਿਉਂਕਿ ਉਹ ਪ੍ਰਮਾਤਮਾ ਦੀ ਰਜ਼ਾ ਹੈ। ਉਸ ਦੇ ਕੀਤੇ
ਕਰਮਾਂ ਦਾ ਜੋ ਵੀ ਫਲ਼ ਉਸ ਨੂੰ ਮਿਲਦਾ ਹੈ ਉਹ ਉਸ ਨੂੰ ਚੰਗਾ ਹੀ ਸਮਝਦਾ ਹੈ। ਜੋ ਵੀ ਵਾਹਿਗੁਰੂ ਕਰਦਾ
ਹੈ, ਉਹ ਉਸ ਨੂੰ ਖੁਸ਼ੀ ਖੁਸ਼ੀ ਪ੍ਰਵਾਨ ਕਰਦਾ ਹੈ।
ਸੇ ਸਿਮਰਹਿ ਜਿਨ ਆਪਿ ਸਿਮਰਾਏ ।। ਨਾਨਕ ਤਾ ਕੈ ਲਾਗਉ ਪਾਏ ।। ੩ ।।
ਪ੍ਰੰਤੂ
ਉਸ ਦੇ ਨਾਮ ਦਾ ਸਿਮਰਨ ਉਨ੍ਹਾਂ ਲੋਕਾਂ ਨੂੰ ਨਸੀਬ ਹੁੰਦਾ ਹੈ ਜਿਨ੍ਹਾਂ ਨੂੰ ਉਹ ਆਪ ਅਜਿਹਾ ਕਰਨ ਦੀ ਸੁਮੱਤ ਬਖ਼ਸ਼ਦਾ ਹੈ। ਗੁਰੂ ਜੀ ਕਹਿੰਦੇ ਹਨ ਕਿ
ਇਹੋ ਜਿਹੇ ਇਨਸਾਨ ਬਹੁਤ ਮਹਾਨ ਹੁੰਦੇ ਹਨ ਅਤੇ ਉਹ ਅਜਿਹੀਆਂ ਪਵਿੱਤਰ ਰੂਹਾਂ ਦੇ ਪੈਰਾਂ ਤੇ
ਨਮਸ਼ਕਾਰ ਕਰਦੇ ਹਨ।
ਪ੍ਰਭ ਕਾ ਸਿਮਰਨੁ ਸਭ ਤੇ ਊਚਾ ।। ਪ੍ਰਭ ਕੈ ਸਿਮਰਨਿ ਉਧਰੈ ਮੂਚਾ ।।
ਪ੍ਰਭੂ
ਦਾ ਸਿਮਰਨ ਸੰਸਾਰ ਦੀ ਸਭ ਤੋਂ ਉੱਤਮ ਅਤੇ ਕੀਮਤੀ ਵਸਤੂ ਹੈ, ਇਸ ਤੋਂ ਵੱਧ ਕੀਮਤੀ ਅਤੇ ਚੰਗੀ ਵਸਤੂ
ਹੋਰ ਕੋਈ ਨਹੀਂ ਹੋ ਸਕਦੀ। ਉਸ ਦੇ ਨਾਮ ਦਾ ਸਿਮਰਨ ਕਰਨ ਨਾਲ਼ ਜੀਵ ਮਹਾਨ ਬਣ ਜਾਂਦਾ ਹੈ ਅਤੇ ਉਸ ਦਾ
ਉਧਾਰ ਹੋ ਜਾਂਦਾ ਹੈ, ਉਸ ਦਾ ਜੀਵਨ ਸਫ਼ਲ ਹੋ ਜਾਂਦਾ ਹੈ।
ਪ੍ਰਭ ਕੈ ਸਿਮਰਨਿ ਤ੍ਰਿਸਨਾ ਬੁਝੈ ।। ਪ੍ਰਭ ਕੈ ਸਿਮਰਨਿ ਸਭੁ ਕਿਛੁ ਸੁਝੈ ।।
ਪ੍ਰਭੂ
ਦੇ ਨਾਮ ਦਾ ਸਿਮਰਨ ਕਰਨ ਨਾਲ਼ ਤ੍ਰਿਸ਼ਨਾ ਖ਼ਤਮ ਹੋ
ਜਾਂਦੀ ਹੈ, ਕਿਸੇ ਵੀ ਸੰਸਾਰਕ ਪਦਾਰਥ ਦੀ ਇੱਛਾ ਨਹੀਂ
ਰਹਿੰਦੀ, ਜੀਵ ਸੰਪੂਰਨ ਤੌਰ ਤੇ ਸੰਤੁਸ਼ਟ ਹੋ ਜਾਂਦਾ ਹੈ। ਉਸ ਦੇ ਨਾਮ ਦਾ ਸਿਮਰਨ ਕਰਨ ਨਾਲ਼
ਸਾਰੇ ਹੀ ਮਸਲਿਆਂ ਨੂੰ ਹੱਲ ਕਰਨ ਦੀ ਸਮਝ ਆ ਜਾਂਦੀ ਹੈ। ਸਿਮਰਨ ਕਰਨ ਵਾਲ਼ੇ ਇਨਸਾਨ ਦੇ ਜੀਵਨ ਦੀਆਂ
ਸਭ ਮੁਸ਼ਕਲਾਂ ਹੱਲ ਹੋ ਜਾਂਦੀਆਂ ਹਨ।
ਪ੍ਰਭ ਕੈ ਸਿਮਰਨਿ ਨਾਹੀ ਜਮ ਤ੍ਰਾਸਾ ।। ਪ੍ਰਭ ਕੈ ਸਿਮਰਨਿ ਪੂਰਨ ਆਸਾ ।।
ਪ੍ਰਭੂ
ਦਾ ਸਿਮਰਨ ਕਰਨ ਨਾਲ਼ ਜਮ ਦਾ ਡਰ ਖ਼ਤਮ ਹੋ ਜਾਂਦਾ ਹੈ, ਉਸ ਦਾ ਸਿਮਰਨ ਕਰਨ ਵਾਲ਼ੇ ਨੂੰ ਮੌਤ ਤੋਂ ਡਰ
ਨਹੀਂ ਲੱਗਦਾ। ਸਿਮਰਨ ਕਰਨ ਵਾਲ਼ੇ ਦੀਆਂ ਸਮਸਤ ਇੱਛਾਵਾਂ ਪੂਰੀਆਂ ਹੁੰਦੀਆਂ ਹਨ, ਉਸ ਨੂੰ ਕਿਸੇ ਚੀਜ਼
ਦੀ ਕਮੀ ਨਹੀਂ ਰਹਿੰਦੀ।
ਪ੍ਰਭ ਕੈ ਸਿਮਰਨਿ ਮਨ ਕੀ ਮਲੁ ਜਾਇ ।। ਅੰਮ੍ਰਿਤ ਨਾਮੁ ਰਿਦ ਮਾਹਿ ਸਮਾਇ ।।
ਪ੍ਰਭੂ
ਦੇ ਨਾਮ ਦੇ ਸਿਮਰਨ ਨਾਲ਼ ਮਨ ਤੋਂ ਵਿਕਾਰਾਂ ਦੀ ਸਾਰੀ ਮੈਲ਼ ਦੂਰ ਹੋ ਜਾਂਦੀ ਹੈ, ਮਨ ਪਵਿੱਤਰ ਹੋ
ਜਾਂਦਾ ਹੈ ਅਤੇ ਪ੍ਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਹਿਰਦੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਸਿਮਰਨ
ਕਰਨ ਵਾਲ਼ਾ ਇਨਸਾਨ ਹਰ ਵੇਲ਼ੇ ਉਸ ਦੇ ਨਾਮ ਨਾਲ਼ ਜੁੜਿਆ ਰਹਿੰਦਾ ਹੈ, ਵਿਸ਼ੇ ਵਿਕਾਰਾਂ ਵੱਲ ਉਸ ਦਾ
ਧਿਆਨ ਹੀ ਨਹੀਂ ਜਾਂਦਾ। ਉਸ ਦਾ ਧਿਆਨ ਤਾਂ ਹਰ ਵਕਤ ਪ੍ਰਮਾਤਮਾ ਦੇ ਪਾਕ ਨਾਮ ਨਾਲ਼ ਹੀ ਜੁੜਿਆ ਰਹਿੰਦਾ
ਹੈ।
ਪ੍ਰਭ ਜੀ ਬਸਹਿ ਸਾਧ ਕੀ ਰਸਨਾ ।। ਨਾਨਕ ਜਨ ਕਾ ਦਾਸਨਿ ਦਸਨਾ ।। ੪ ।।
ਇਹ
ਪ੍ਰਮਾਤਮਾ ਦਾ ਨਾਮ ਸੰਤ ਪੁਰਸ਼ਾਂ ਦੀ ਰਸਨਾ ਤੇ ਵਸਦਾ ਹੈ। ਉਨ੍ਹਾਂ ਦੀ ਜ਼ੁਬਾਨ ਉੱਤੇ ਹਰ ਵੇਲ਼ੇ ਰਾਮ
ਦਾ ਨਾਮ ਹੀ ਹੁੰਦਾ ਹੈ, ਉਹ ਕਦੇ ਵੀ ਕਿਸੇ ਹੋਰ ਵਸਤ ਬਾਰੇ ਨਹੀਂ ਸੋਚਦੇ, ਕੋਈ ਇੱਛਾ ਨਹੀਂ
ਰੱਖਦੇ। ਗੁਰੂ ਜੀ ਅਰਜ਼ ਕਰਦੇ ਹਨ ਕਿ ਉਹ ਅਜਿਹੇ ਮਹਾਂ ਪੁਰਖਾਂ ਦੇ ਦਾਸਾਂ ਦੇ ਵੀ ਦਾਸ ਬਣ ਕੇ
ਰਹਿਣਾ ਚਾਹੁੰਦੇ ਹਨ, ਉਨ੍ਹਾਂ ਦਾ ਬੇਹੱਦ ਸਤਿਕਾਰ ਕਰਦੇ ਹਨ।
ਪ੍ਰਭ ਕਉ ਸਿਮਰਹਿ ਸੇ ਧਨਵੰਤੇ ।। ਪ੍ਰਭ ਕਉ ਸਿਮਰਹਿ ਸੇ ਪਤਿਵੰਤੇ ।।
ਦੁਨਿਆਵੀ
ਦੌਲਤ ਕਿਸੇ ਨੂੰ ਅਮੀਰ ਨਹੀਂ ਬਣਾਉਂਦੀ, ਜਿਹੜੇ ਇਨਸਾਨ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਹਨ
ਉਹ ਹੀ ਸਹੀ ਅਰਥਾਂ ਵਿੱਚ ਅਮੀਰ ਹੁੰਦੇ ਹਨ। ਸਿਮਰਨ ਕਰਨ ਵਾਲ਼ੇ ਲੋਕ ਹੀ ਸਮਾਜ ਵਿੱਚ ਸਤਿਕਾਰੇ
ਜਾਂਦੇ ਹਨ, ਇੱਜ਼ਤ ਦੇ ਪਾਤਰ ਹੁੰਦੇ ਹਨ ।
ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ ।। ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ
।।
ਜਿਹੜੇ
ਇਨਸਾਨ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਹਨ ਉਹ ਹੀ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੁੰਦੇ ਹਨ,
ਉਸ ਦੇ ਦਰਬਾਰ ਵਿੱਚ ਉਨ੍ਹਾਂ ਨੂੰ ਹੀ ਸਨਮਾਨ ਮਿਲਦਾ ਹੈ। ਸਿਮਰਨ ਕਰਨ ਵਾਲ਼ੇ ਵਿਅਕਤੀ ਮਹਾਨ ਹੁੰਦੇ
ਹਨ ਅਤੇ ਸਮਾਜ ਦੇ ਮੋਹਰੀ ਮੰਨੇ ਜਾਂਦੇ ਹਨ। ਉਹ ਸਮਾਜ ਨੂੰ ਸੇਧ ਦੇਣ ਦਾ ਕੰਮ ਕਰਦੇ ਹਨ।
ਪ੍ਰਭ ਕਉ ਸਿਮਰਹਿ ਸਿ ਬੇਮੁਹਤਾਜੇ ।। ਪ੍ਰਭ ਕਉ ਸਿਮਰਹਿ ਸਿ ਸਰਬ ਕੇ ਰਾਜੇ
।।
ਪ੍ਰਭੂ
ਦਾ ਸਿਮਰਨ ਕਰਨ ਵਾਲ਼ੇ ਲੋਕ ਕੇਵਲ ਪ੍ਰਮਾਤਮਾ ਤੇ ਟੇਕ ਰੱਖਦੇ ਹਨ। ਉਹ ਕਿਸੇ ਦੇ ਮੁਹਤਾਜ ਨਹੀਂ
ਹੁੰਦੇ, ਉਨ੍ਹਾਂ ਨੂੰ ਕਿਸੇ ਸੰਸਾਰੀ ਮਨੁੱਖ ਤੋਂ ਕੋਈ ਸਹਾਇਤਾ ਮੰਗਣ ਦੀ, ਕਿਸੇ ਅੱਗੇ ਹੱਥ ਅੱਡਣ
ਦੀ ਕਦੇ ਲੋੜ ਨਹੀਂ ਪੈਂਦੀ। ਸਿਮਰਨ ਕਰਨ ਵਾਲ਼ੇ ਸੰਸਾਰ ਦੀਆਂ ਸਾਰੀਆਂ ਦਾਤਾਂ ਦੇ ਮਾਲਕ ਹੁੰਦੇ ਹਨ।
ਉਹ ਸਹੀ ਅਰਥਾਂ ਵਿੱਚ ਸਾਰੇ ਸੰਸਾਰ ਦੇ ਰਾਜੇ ਹੁੰਦੇ ਹਨ।
ਪ੍ਰਭ ਕਉ ਸਿਮਰਹਿ ਸੇ ਸੁਖ ਵਾਸੀ ।। ਪ੍ਰਭ ਕਉ ਸਿਮਰਹਿ ਸਦਾ ਅਬਿਨਾਸੀ ।।
ਪ੍ਰਭੂ
ਦੇ ਨਾਮ ਦਾ ਸਿਮਰਨ ਕਰਨ ਵਾਲ਼ੇ ਸਦਾ ਹੀ ਸੁਖੀ ਜੀਵਨ ਬਤੀਤ ਕਰਦੇ ਹਨ, ਉਨ੍ਹਾਂ ਨੂੰ ਕਦੇ ਕੋਈ ਦੁੱਖ
ਤਕਲੀਫ ਨਹੀਂ ਆਉਂਦਾ। ਸਿਮਰਨ ਕਰਨ ਵਾਲ਼ੇ ਜੀਵਾਂ ਦਾ ਕਦੇ ਵਿਨਾਸ਼ ਨਹੀਂ ਹੁੰਦਾ, ਉਹ ਅਮਰ ਪਦਵੀ
ਪ੍ਰਾਪਤ ਕਰ ਲੈਂਦੇ ਹਨ।
ਸਿਮਰਨ ਤੇ ਲਾਗੇ ਜਿਨ ਆਪਿ ਦਇਆਲਾ ।। ਨਾਨਕ ਜਨ ਕੀ ਮੰਗੈ ਰਵਾਲਾ ।। ੫ ।।
ਪ੍ਰੰਤੂ
ਪ੍ਰਭੂ ਦੇ ਸਿਮਰਨ ਵਿੱਚ ਉਹ ਇਨਸਾਨ ਹੀ ਜੁੜ ਸਕਦੇ ਹਨ ਜਿਨ੍ਹਾਂ ਤੇ ਵਾਹਿਗੁਰੂ ਆਪ ਮਿਹਰਬਾਨ
ਹੁੰਦੇ ਹਨ। ਗੁਰੂ ਜੀ
ਕਹਿੰਦੇ ਹਨ ਕਿ ਉਹ ਅਜਿਹੇ ਨੇਕ ਪੁਰਖਾਂ ਦੇ ਚਰਨਾ ਦੀ ਧੂੜ ਦੇ ਜਾਚਕ ਹਨ, ਜੇ ਅਜਿਹੇ ਮਹਾਂ
ਪੁਰਖਾਂ ਦੇ ਚਰਨਾ ਦੀ ਧੂੜ ਉਨ੍ਹਾਂ ਨੂੰ ਮਿਲ ਜਾਵੇ ਤਾਂ ਉਹ ਅਪਣੇ ਆਪ ਨੂੰ ਖੁਸ਼ਕਿਸਮਤ ਸਮਝਣਗੇ।
ਪ੍ਰਭ ਕਉ ਸਿਮਰਹਿ ਸੇ ਪਰਉਪਕਾਰੀ ।। ਪ੍ਰਭ ਕਉ ਸਿਮਰਹਿ ਤਿਨ ਸਦ ਬਲਿਹਾਰੀ
ਪ੍ਰਭੂ
ਦਾ ਸਿਮਰਨ ਕਰਨ ਵਾਲ਼ੇ ਲੋਕ ਸਵਾਰਥੀ ਨਹੀਂ ਹੁੰਦੇ, ਉਹ ਸਦਾ ਦੂਜਿਆਂ ਦਾ ਭਲਾ ਸੋਚਦੇ ਹਨ ਅਤੇ ਕਰਦੇ
ਹਨ। ਗੁਰੂ ਜੀ ਕਹਿੰਦੇ ਹਨ ਕਿ ਉਹ ਅਜਿਹੇ ਇਨਸਾਨਾਂ ਤੋਂ ਸਦਾ ਹੀ ਕੁਰਬਾਨ ਜਾਂਦੇ ਹਨ।
ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ ।। ਪ੍ਰਭ ਕਉ ਸਿਮਰਹਿ ਤਿਨ ਸੂਖਿ
ਬਿਹਾਵੈ ।।
ਪ੍ਰਭੂ
ਦੇ ਨਾਮ ਦਾ ਸਿਮਰਨ ਕਰਨ ਵਾਲ਼ੇ ਬੰਦਿਆਂ ਦੇ ਮੁੱਖ ਸੋਹਣੇ ਹੁੰਦੇ ਹਨ, ਉਨ੍ਹ ਦੇ ਚਿਹਰੇ ਉੱਤੇ ਹਮੇਸ਼ਾ
ਜਲਾਲ ਬਣਿਆਂ ਰਹਿੰਦਾ ਹੈ। ਸਿਮਰਨ ਕਰਨ ਵਾਲ਼ੇ ਇਨਸਾਨਾਂ ਦਾ ਜੀਵਨ ਸਦਾ ਸੁਖ ਅਤੇ ਸ਼ਾਂਤੀ ਵਿੱਚ
ਬਤੀਤ ਹੁੰਦਾ ਹੈ, ਉਹ ਕਦੇ ਵੀ ਮਾਨਸਿਕ ਕਲਪਣਾ ਦਾ ਸ਼ਿਕਾਰ ਨਹੀਂ ਹੁੰਦੇ।
ਪ੍ਰਭ ਕਉ ਸਿਮਰਹਿ ਤਿਨ ਆਤਮੁ ਜੀਤਾ ।। ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ
।।
ਪ੍ਰਭੂ
ਦਾ ਸਿਮਰਨ ਕਰਨ ਵਾਲ਼ੇ ਵਿਅਕਤੀ ਅਪਣੇ ਮਨ ਉੱਤੇ ਜਿੱਤ ਪ੍ਰਾਪਤ ਕਰ ਲੈਂਦੇ ਹਨ, ਉਹ ਮਾਨਸਿਕ
ਵਿਕਾਰਾਂ ਦੇ ਗੁਲਾਮ ਹੋਣ ਦੀ ਥਾਂ ਉਨ੍ਹਾਂ ਤੋਂ ਉੱਪਰ ਉੱਠ ਕੇ ਪ੍ਰਮਾਤਮਾ ਨਾਲ਼ ਜੁੜੇ ਰਹਿੰਦੇ ਹਨ।
ਸਿਮਰਨ ਕਰਨ ਵਾਲ਼ੇ ਲੋਕਾਂ ਦਾ ਜੀਵਨ ਢੰਗ ਪਾਕ, ਪਵਿੱਤਰ ਹੁੰਦਾ ਹੈ, ਉਹ ਕਦੇ ਵੀ ਕੋਈ ਗ਼ਲਤ ਕੰਮ
ਨਹੀਂ ਕਰਦੇ।
ਪ੍ਰਭ ਕਉ ਸਿਮਰਹਿ ਤਿਨ ਅਨਦ ਘਨੇਰੇ ।। ਪ੍ਰਭ ਕਉ ਸਿਮਰਹਿ ਬਸਹਿ ਹਰਿ ਨੇਰੇ
।।
ਸਿਮਰਨ
ਕਰਨ ਵਾਲ਼ੇ ਲੋਕਾਂ ਦੇ ਜੀਵਨ ਵਿੱਚ ਖੁਸ਼ੀਆਂ ਅਤੇ ਖੇੜਿਆਂ ਦੀ ਭਰਮਾਰ ਹੁੰਦੀ ਹੈ, ਉਹ ਸਦਾ ਹੀ
ਅਨੰਦਮਈ ਜੀਵਨ ਬਤੀਤ ਕਰਦੇ ਹਨ। ਸਿਮਰਨ ਕਰਨ ਵਾਲ਼ੇ ਇਨਸਾਨ ਸਦਾ ਹੀ ਪ੍ਰਮਾਤਮਾ ਨਾਲ਼ ਨੇੜਤਾ ਬਣਾਈ
ਰੱਖਦੇ ਹਨ, ਉਸ ਤੋਂ ਦੂਰ ਨਹੀਂ ਹੁੰਦੇ। ਉਹ ਹਮੇਸ਼ਾਂ ਹੀ ਪ੍ਰਮਾਤਮਾ ਨੂੰ ਅਪਣੇ ਅੰਗ ਸੰਗ ਮਹਿਸੂਸ
ਕਰਦੇ ਹਨ।
ਸੰਤ ਕ੍ਰਿਪਾ ਤੇ ਅਨਦਿਨੁ ਜਾਗਿ ।। ਨਾਨਕ ਸਿਮਰਨੁ ਪੂਰੈ ਭਾਗਿ ।। ੬ ।।
ਸੰਤ
ਪੁਰਖਾਂ ਦੀ ਮਿਹਰ ਦੇ ਨਾਲ਼ ਪ੍ਰਮਾਤਮਾ ਦਾ ਸਿਮਰਨ ਕਰਨ ਵਾਲ਼ੇ ਲੋਕਾਂ ਨੂੰ ਇਹ ਸਮਰਥਾ ਪ੍ਰਾਪਤ ਹੋ
ਜਾਂਦੀ ਹੈ ਕਿ ਉਨ੍ਹਾਂ ਦਾ ਮਨ ਸਦਾ ਸਾਵਧਾਨ ਰਹਿੰਦਾ ਹੈ, ਉਹ ਹਰ ਦਿਨ, ਹਰ ਵੇਲ਼ੇ ਪ੍ਰਭੂ ਭਗਤੀ ਦੇ
ਅਪਣੇ ਫ਼ਰਜ਼ ਪ੍ਰਤੀ ਸੁਚੇਤ ਰਹਿੰਦੇ ਹਨ, ਇੱਕ ਪਲ ਲਈ ਵੀ ਉਸ ਨੂੰ ਨਹੀਂ ਭੁੱਲਦੇ। ਪ੍ਰੰਤੂ ਦਾ ਨਾਮ
ਸਿਮਰਨ ਦੀ ਇਹ ਦਾਤ ਵੱਡੇ ਭਾਗਾਂ ਨਾਲ਼ ਪ੍ਰਾਪਤ ਹੁੰਦੀ ਹੈ। ਇਹ ਬਖ਼ਸ਼ਿਸ਼ ਕੇਵਲ ਉਨ੍ਹਾਂ ਤੇ ਹੁੰਦੀ
ਹੈ ਜਿਨ੍ਹਾਂ ਦੀ ਕਿਸਮਤ ਬਹੁਤ ਚੰਗੀ ਹੁੰਦੀ ਹੈ।
ਪ੍ਰਭ ਕੈ ਸਿਮਰਨਿ ਕਾਰਜ ਪੂਰੇ ।। ਪ੍ਰਭ ਕੈ ਸਿਮਰਨਿ ਕਬਹੁ ਨ ਝੂਰੇ ।।
ਪ੍ਰਮਾਤਮਾ
ਦੇ ਨਾਮ ਦਾ ਸਿਮਰਨ ਕਰਨ ਵਾਲ਼ੇ ਜੀਵਾਂ ਦੇ ਜੀਵਨ ਦੇ ਸਾਰੇ ਕਾਰਜ ਨਿਰਵਿਘਨ ਨੇਪਰੇ ਚੜ੍ਹ ਜਾਂਦੇ
ਹਨ। ਕਦੇ ਵੀ ਕਿਸੇ ਕੰਮ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ। ਜੇ
ਇਨਸਾਨ ਪ੍ਰਭੂ ਦੇ ਨਾਮ ਦਾ ਸਿਮਰਨ
ਕਰਦਾ ਰਹੇ ਤਾਂ ਉਸ ਨੂੰ ਜ਼ਿੰਦਗੀ ਵਿੱਚ ਕਦੇ ਵੀ ਪਛਤਾਉਣਾ ਨਹੀਂ ਪੈਂਦਾ।
ਪ੍ਰਭ ਕੈ ਸਿਮਰਨਿ ਹਰਿ ਗੁਨ ਬਾਨੀ ।। ਪ੍ਰਭ ਕੈ ਸਿਮਰਨਿ ਸਹਿਜਿ ਸਮਾਨੀ ।।
ਪ੍ਰਮਾਤਮਾ
ਦਾ ਸਿਮਰਨ ਕਰਨ ਨਾਲ਼ ਇਨਸਾਨ ਨੂੰ ਏਨੀ ਸੁਮੱਤ ਆ ਜਾਂਦੀ ਹੈ ਕਿ ਉਹ ਹਰ ਵੇਲ਼ੇ ਉਸ ਮਾਲਕ ਦੇ ਗੁਣਾਂ
ਦਾ ਗਾਇਨ ਅਪਣੀ ਰਸਨਾ ਤੋਂ ਕਰਦਾ ਰਹਿੰਦਾ ਹੈ। ਪ੍ਰਭੂ ਦਾ ਸਿਮਰਨ ਕਰਨ ਨਾਲ਼ ਇਨਸਾਨ ਦਾ ਮਨ ਸਦਾ
ਸਹਿਜ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ, ਇਧਰ ਉਧਰ ਭਟਕਦਾ ਨਹੀਂ, ਡਿਕ ਡੋਲੇ ਨਹੀਂ ਖਾਂਦਾ, ਕਦੇ
ਕੋਈ ਤੇ ਕਦੇ ਕੋਈ ਸਹਾਰਾ ਨਹੀਂ ਭਾਲ਼ਦਾ।
ਪ੍ਰਭ ਕੈ ਸਿਮਰਨਿ ਨਿਹਚਲ ਆਸਨੁ ।। ਪ੍ਰਭ ਕੈ ਸਿਮਰਨਿ ਕਮਲ ਬਿਗਾਸਨੁ ।।
ਵਾਹਿਗੁਰੂ
ਦੇ ਨਾਮ ਦਾ ਸਿਮਰਨ ਕਰਨ ਨਾਲ਼ ਜੀਵ ਨੂੰ ਅਡੋਲ ਅਵਸਥਾ ਦੀ ਪਰਾਪਤੀ ਹੋ ਜਾਂਦੀ ਹੈ। ਉਸ ਦਾ ਇਰਾਦਾ
ਦ੍ਰਿੜ੍ਹ ਹੋ ਜਾਂਦਾ ਹੈ ਅਤੇ ਉਸ ਦਾ ਪ੍ਰਮਾਤਮਾ ਵਿੱਚ ਵਿਸ਼ਵਾਸ਼ ਕਦੇ ਨਹੀਂ ਡੋਲਦਾ। ਸਿਮਰਨ ਦੀ
ਸ਼ਕਤੀ ਦੇ ਨਾਲ਼ ਇਨਸਾਨ ਦਾ ਮਨ ਹਮੇਸ਼ਾਂ ਕਮਲ ਦੇ ਫੁੱਲ ਦੀ ਤਰਾਂ ਖਿੜਿਆ ਰਹਿੰਦਾ ਹੈ, ਉਸ ਦੀ
ਜ਼ਿੰਦਗੀ ਖੁਸ਼ੀਆਂ ਨਾਲ਼ ਭਰਪੂਰ ਹੋ ਜਾਂਦੀ ਹੈ।
ਪ੍ਰਭ ਕੈ ਸਿਮਰਨਿ ਅਨਹਦ ਝੁਨਕਾਰ ।। ਸੁਖ ਪ੍ਰਭ ਸਿਮਰਨ ਕਾ ਅੰਤੁ ਨ ਪਾਰ ।।
ਪ੍ਰਮਾਤਮਾ
ਦੇ ਨਾਮ ਦਾ ਸਿਮਰਨ ਕਰਨ ਨਾਲ਼ ਆਦਮੀ ਨੂੰ ਦੈਵੀ ਸੰਗੀਤ, ਅਜਿਹਾ ਸੰਗੀਤ ਜਿਸ ਨੂੰ ਪੈਦਾ ਕਰਨ ਲਈ
ਕਿਸੇ ਮਾਧਿਅਮ ਵਿੱਚ ਕੋਈ ਥਰਥਰਾਹਟ ਪੈਦਾ ਕਰਨ ਦੀ ਲੋੜ ਨਹੀਂ ਹੁੰਦੀ, ਸੁਣਾਈ ਦੇਣ ਲੱਗ ਪੈਂਦਾ ਹੈ
ਜਿਸ ਦਾ ਅਨੁਭਵ ਕੰਨਾਂ ਨੂੰ ਨਹੀਂ ਬਲਕਿ ਮਨ ਅਤੇ ਆਤਮਾ ਨੂੰ ਹੁੰਦਾ ਹੈ। ਉਸ ਦਾ ਸਿਮਰਨ ਕਰਨ ਨਾਲ਼
ਅਨੰਤ ਖੁਸ਼ੀ ਪ੍ਰਾਪਤ ਹੁੰਦੀ ਹੈ ਜਿਸ ਦਾ ਕੋਈ ਹਿਸਾਬ ਕਿਤਾਬ ਨਹੀਂ ਲਗਾਇਆ ਜਾ ਸਕਦਾ, ਜਿਸ ਦੀ ਕੋਈ
ਸੀਮਾ ਨਹੀਂ।
ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਇਆ ।। ਨਾਨਕ ਤਿਨ ਜਨ ਸਰਨੀ ਪਇਆ ।। ੭ ।।
ਪ੍ਰੰਤੂ
ਉਸ ਮਾਲਕ ਦੇ ਨਾਮ ਦੇ ਸਿਮਰਨ ਦੀ ਦਾਤ ਉਨ੍ਹਾਂ ਨੂੰ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਤੇ ਉਸ ਦੀ
ਕ੍ਰਿਪਾ ਹੋ ਜਾਂਦੀ ਹੈ। ਪ੍ਰਮਾਤਮਾ ਦੀ ਮਿਹਰ ਤੋਂ ਬਿਨਾਂ ਇਹ ਦਾਤ ਕਿਸੇ ਨੂੰ ਪ੍ਰਾਪਤ ਨਹੀਂ
ਹੁੰਦੀ। ਗੁਰੂ ਜੀ ਕਹਿੰਦੇ ਹਨ ਕਿ ਜਿਨ੍ਹਾਂ ਨੂੰ ਇਹ ਦਾਤ ਪ੍ਰਾਪਤ ਹੋ ਜਾਂਦੀ ਹੈ ਉਹ ਲੋਕ ਧੰਨ
ਹੁੰਦੇ ਹਨ ਅਤੇ ਮੈਂ ਅਜਿਹੇ ਮਹਾਨ ਪੁਰਖਾਂ ਦੀ ਸ਼ਰਨ ਦਾ ਜਾਚਕ ਹਾਂ, ਮੈਂ ਅਪਣੇ ਧੰਨ ਭਾਗ ਸਮਝਾਂਗਾ
ਜੇ ਉਹ ਮੈਨੂੰ ਅਪਣੀ ਸ਼ਰਨ ਵਿੱਚ ਲੈ ਲੈਣ।
ਹਰਿ ਸਿਮਰਨੁ ਕਰਿ ਭਗਤ ਪ੍ਰਗਟਾਏ ।। ਹਰਿ ਸਿਮਰਨਿ ਲਗਿ ਬੇਦ ਉਪਾਏ ।।
ਹਰੀ
ਦੇ ਨਾਮ ਦਾ ਸਿਮਰਨ ਕਰ ਕੇ ਹੀ ਭਗਤ ਪ੍ਰਗਟ ਹੋਏ ਹਨ ਅਰਥਾਤ ਹਰੀ ਦੇ ਨਾਮ ਦਾ ਸਿਮਰਣ ਕਰਨ ਨੇ ਹੀ
ਕੁਝ ਇਨਸਾਨਾਂ ਨੂੰ ਭਗਤ ਹੋਣ ਦਾ ਦਰਜਾ ਦਿੱਤਾ ਹੈ। ਹਰੀ ਦੇ ਨਾਮ ਦਾ ਸਿਮਰਨ ਕਰ ਕਰ ਕੇ ਹੀ
ਰਿਸ਼ੀਆਂ ਮੁਨੀਆਂ ਨੇ ਵੇਦਾਂ ਦੀ ਰਚਨਾ ਕੀਤੀ ਹੈ ਭਾਵ ਹਰੀ ਦੇ ਨਾਮ ਦਾ ਸਿਮਰਨ ਕਰਨ ਨਾਲ਼ ਹੀ
ਉਨ੍ਹਾਂ ਨੂੰ ਉਹ ਗਿਆਨ ਪ੍ਰਾਪਤ ਹੋਇਆ ਹੈ ਜਿਹੜਾ ਉਨ੍ਹਾਂ ਨੇ ਵੇਦਾਂ ਵਿੱਚ ਅੰਕਿਤ ਕੀਤਾ ਹੈ।
ਹਰਿ ਸਿਮਰਨਿ ਭਏ ਸਿਧ ਜਤੀ ਦਾਤੇ ।। ਹਰਿ ਸਿਮਰਨਿ ਨੀਚ ਚਹੁ ਕੁੰਟ ਜਾਤੇ ।।
ਹਰੀ
ਦੇ ਨਾਮ ਦਾ ਸਿਮਰਨ ਕਰਨ ਨਾਲ਼ ਹੀ ਕੁਝ ਮਹਾਂ ਪੁਰਖਾਂ ਨੂੰ ਕਰਾਮਾਤੀ ਸ਼ਕਤੀਆਂ ਪ੍ਰਾਪਤ ਹੋਈਆਂ ਹਨ।
ਹਰੀ ਦੇ ਨਾਮ ਦੀ ਬਰਕਤ ਸਦਕਾ ਹੀ ਕੁਝ ਮਹਾਂ ਪੁਰਖ ਅਪਣੇ ਇੰਦਰਿਆਂ ਨੂੰ ਵਸ ਕਰਨ ਵਿੱਚ ਕਾਮਯਾਬ
ਹੋਏ ਹਨ। ਉਸ ਦੇ ਨਾਮ ਦੀ ਦਿੱਤੀ ਹੋਈ ਸ਼ਕਤੀ ਦਾ ਸਦਕਾ ਹੀ ਕੁਝ ਲੋਕ ਮਹਾਂ ਦਾਨੀ ਬਣ ਸਕੇ ਹਨ। ਹਰੀ
ਦੇ ਨਾਮ ਦਾ ਸਿਮਰਨ ਕਰਨ ਦਾ ਸਦਕਾ ਹੀ ਸਮਾਜ ਵਿੱਚ ਨੀਂਵੇਂ ਵਰਗ ਦੇ ਕਹੇ ਜਾਣ ਵਾਲ਼ੇ ਲੋਕ ਵੀ ਏਨੇ
ਮਹਾਨ ਬਣ ਜਾਂਦੇ ਹਨ ਕਿ ਉਨ੍ਹਾਂ ਦੀ ਮਹਿਮਾ ਚਹੁੰਆਂ ਦਿਸ਼ਾਵਾਂ ਵਿੱਚ ਹੋਣ ਲੱਗ ਪੈਂਦੀ ਹੈ।
ਹਰਿ ਸਿਮਰਨਿ ਧਾਰੀ ਸਭ ਧਰਨਾ ।। ਸਿਮਰਿ ਸਿਮਰਿ ਹਰਿ ਕਾਰਨ ਕਰਨਾ ।।
ਹਰੀ
ਦੇ ਨਾਮ ਦੇ ਸਿਮਰਨ ਦੇ ਸਹਾਰੇ ਹੀ ਇਸ ਸ੍ਰਿਸ਼ਟੀ ਦੇ ਸਾਰੇ ਕਾਰਜ ਚੱਲਦੇ ਹਨ। ਸਮੁੱਚੀ ਸ੍ਰਿਸ਼ਟੀ ਦੇ
ਜੀਵਨ ਦਾ ਸਹਾਰਾ ਹਰੀ ਦੇ ਨਾਮ ਦਾ ਸਿਮਰਨ ਹੀ ਹੈ।
ਹਰੀ ਦੇ ਨਾਮ ਦਾ ਸਿਮਰਨ ਕਰ ਕਰ ਕੇ ਹੀ ਕਰਤਾ ਪੁਰਖ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ।
ਹਰਿ ਸਿਮਰਨਿ ਕੀਓ ਸਗਲ ਅਕਾਰਾ ।। ਹਰਿ ਸਿਮਰਨ ਮਹਿ ਆਪਿ ਨਿਰੰਕਾਰਾ ।।
ਹਰੀ
ਦੇ ਨਾਮ ਦੇ ਸਿਮਰਨ ਰਾਹੀਂ ਹੀ ਸਿਰਜਣਹਾਰ ਨੇ ਸ੍ਰਿਸ਼ਟੀ ਦੇ ਵਿੱਚ ਦੇਖੇ ਜਾਣ ਵਾਲ਼ੇ ਸਾਰੇ ਦ੍ਰਿਸ਼ਟਮਾਨ
ਪਦਾਰਥਾਂ ਦੀ ਰਚਨਾ ਕੀਤੀ ਹੈ। ਹਰੀ ਦੇ ਨਾਮ ਦੇ ਸਿਮਰਨ ਵਿੱਚ ਨਿਰੰਕਾਰ ਪਾਰਬ੍ਰਹਮ ਆਪ ਵਸਦਾ ਹੈ।
ਕਰਿ ਕਿਰਪਾ ਜਿਸੁ ਆਪਿ ਬੁਝਾਇਆ ।। ਨਾਨਕ ਗੁਰਮੁਖਿ ਹਰਿ ਸਿਮਰਨੁ ਤਿਨਿ
ਪਾਇਆ ।। ੮ ।। ੧ ।।
ਜਿਸ
ਇਨਸਾਨ ਦੇ ਉੱਤੇ ਪਰਮ ਪਿਤਾ ਪ੍ਰਮਾਤਮਾ ਆਪ ਕਿਰਪਾ ਕਰ ਕੇ ਉਸ ਨੂੰ ਸੱਚਾ ਗੁਰੂ ਮਿਲਾ ਦਿੰਦਾ ਹੈ
ਉਸ ਨੂੰ ਗੁਰੂ ਦੇ ਉਪਦੇਸ਼ ਰਾਹੀਂ ਹਰੀ ਦੇ ਨਾਮ ਦਾ ਸਿਮਰਨ ਕਰਨ ਦਾ ਮਹੱਤਵ ਸਮਝ ਆ ਜਾਂਦਾ ਹੈ ਅਤੇ
ਉਹ ਸਿਮਰਨ ਕਰਨ ਲੱਗ ਪੈਂਦਾ ਹੈ। ਬਿਨਾਂ ਸੱਚੇ ਗੁਰੂ ਨਾਲ਼ ਮਿਲਾਪ ਦੇ ਇਨਸਾਨ ਨੂੰ ਇਹ ਸੋਝੀ ਨਹੀਂ
ਆਉਂਦੀ ਅਤੇ ਸੱਚੇ ਗੁਰੂ ਦਾ ਮਿਲਾਪ ਵਾਹਿਗੁਰੂ ਦੀ ਮਿਹਰ ਸਦਕਾ ਹੁੰਦਾ ਹੈ। ਇੰਝ ਕਹਿ ਲਵੋ ਕਿ ਹਰੀ
ਦੇ ਸਿਮਰਨ ਦੀ ਪ੍ਰਾਪਤੀ ਵੀ ਪ੍ਰਮਾਤਮਾ ਦੀ ਬਖ਼ਸ਼ਿਸ਼ ਰਾਹੀਂ ਹੀ ਹੁੰਦੀ ਹੈ।
ਸਲੋਕੁ ।।
ਦੀਨ ਦਰਦ ਦੁਖ ਭੰਜਨਾ ਘਟਿ ਘਟਿ ਨਾਥ ਅਨਾਥ ।। ਸਰਣਿ ਤੁਮ੍ਹਾਰੀ ਆਇਓ ਨਾਨਕ ਕੇ ਪ੍ਰਭ ਸਾਥ ।। ੧ ।।
ਹੇ
ਪ੍ਰਭੂ, ਤੁਸੀਂ ਕਮਜ਼ੋਰ ਅਤੇ ਬੇਸਹਾਰਾ ਲੋਕਾਂ ਦੇ ਦੁੱਖਾਂ ਦਰਦਾਂ ਦਾ ਨਾਸ਼ ਕਰਨ ਵਾਲ਼ੇ ਹੋ ਅਤੇ
ਅਨਾਥਾਂ ਦੇ ਨਾਥ ਹੋ। ਜਿਨ੍ਹਾਂ ਦਾ
ਹੋਰ ਕੋਈ ਸਹਾਰਾ ਨਹੀਂ, ਉਨ੍ਹਾਂ ਦਾ ਲਹਾਰਾ ਤੁਸੀਂ ਹੋ। ਤੁਸੀਂ ਹਰ ਇੱਕ ਜੀਵ ਦੇ ਅੰਦਰ ਵਸਦੇ ਹੋ।
ਮੈਂ (ਨਾਨਕ) ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਕਿਰਪਾ ਕਰਨਾ, ਮੇਰੇ ਮਾਲਕ, ਸਦਾ ਮੇਰੇ ਅੰਗ ਸੰਗ
ਰਹਿਣਾ।
ਅਸਟਪਦੀ ।।
ਜਹ ਮਾਤ ਪਿਤਾ ਸੁਤ ਮੀਤ ਨ ਭਾਈ ।। ਮਨ ਊਹਾ ਨਾਮੁ ਤੇਰੈ ਸੰਗਿ ਸਹਾਈ ।।
ਹੇ
ਮੇਰੇ ਮਨ, ਜਿੱਥੇ ਸਾਰੇ ਸੰਸਾਰਕ ਰਿਸ਼ਤੇ ਇਨਸਾਨ ਦਾ ਸਾਥ ਛੱਡ ਜਾਂਦੇ ਹਨ, ਮਾਤਾ, ਪਿਤਾ, ਪੁੱਤਰ,
ਭੈਣ ਭਾਈ ਕੋਈ ਵੀ ਨਾਲ਼ ਨਹੀਂ ਜਾਂਦਾ, ਉੱਥੇ ਪ੍ਰਮਾਤਮਾ ਦਾ ਨਾਮ ਤੇਰੇ ਨਾਲ਼ ਜਾਂਦਾ ਹੈ ਅਤੇ ਤੇਰੀ
ਸਹਾਇਤਾ ਕਰਦਾ ਹੈ।
ਜਹ ਮਹਾ ਭਇਆਨ ਦੂਤ ਜਮ ਦਲੈ ।। ਤਹ ਕੇਵਲ ਨਾਮੁ ਸੰਗਿ ਤੇਰੈ ਚਲੈ ।।
ਜਿੱਥੇ ਬੇਹੱਦ ਡਰਾਉਣੇ ਜਮਾਂ ਦੇ ਦੂਤ ਜੀਵਾਂ ਨੂੰ ਪੈਰਾਂ ਹੇਠ ਕੁਚਲਦੇ
ਹਨ, ਉੱਥੇ ਕੇਵਲ ਵਾਹਿਗੁਰੂ ਦਾ ਨਾਮ ਹੀ ਤੇਰੇ ਨਾਲ਼ ਜਾਂਦਾ ਹੈ, ਹੋਰ ਕੋਈ ਤੇਰੇ ਨਾਲ਼ ਨਹੀਂ
ਜਾਂਦਾ।
ਜਹ ਮੁਸਕਲ ਹੋਵੈ ਅਤਿ ਭਾਰੀ ।। ਹਰਿ ਕੋ ਨਾਮੁ ਖਿਨ ਮਾਹਿ ਉਧਾਰੀ ।।
ਜਿੱਥੇ
ਜੀਵ ਨੂੰ ਵੱਡੀਆਂ ਵੱਡੀਆਂ ਮੁਸੀਬਤਾਂ ਅਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪ੍ਰਮਾਤਮਾ
ਦਾ ਨਾਮ ਇੱਕ ਪਲ ਵਿੱਚ ਸਾਰੀਆਂ ਮੁਸ਼ਕਲਾਂ ਦਾ ਹੱਲ ਕਰ ਦਿੰਦਾ ਹੈ ਅਤੇ ਤੁਹਾਨੂੰ ਬਚਾ ਲੈਂਦਾ ਹੈ,
ਤੁਹਾਡਾ ਉਧਾਰ ਕਰ ਦਿੰਦਾ ਹੈ।
ਅਨਿਕ ਪੁਨਹਚਰਨ ਕਰਤ ਨਹੀ
ਤਰੈ ।। ਹਰਿ ਕੋ ਨਾਮੁ ਕੋਟਿ ਪਾਪ ਪਰਹਰੈ ।।
ਅਪਣੇ
ਪਾਪਾਂ ਦੀ ਸਜ਼ਾ ਤੋਂ ਬਚਣ ਲਈ ਅਸੀਂ ਅਨੇਕਾਂ ਤਰੀਕਿਆਂ ਨਾਲ਼ ਪਸ਼ਚਾਤਾਪ ਕਰਦੇ ਹਾਂ ਪ੍ਰੰਤੂ ਇਹ
ਪਸ਼ਚਾਤਾਪ ਸਾਨੂੰ ਬਚਾ ਨਹੀਂ ਸਕਦੇ। ਪ੍ਰੰਤੂ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕ੍ਰੋੜਾਂ ਪਾਪਾਂ ਦਾ
ਨਾਸ਼ ਕਰ ਦਿੰਦਾ ਹੈ ਅਤੇ ਸਾਨੂੰ ਬਚਾ ਲੈਂਦਾ ਹੈ।
ਗੁਰਮੁਖਿ ਨਾਮੁ ਜਪਹੁ ਮਨ ਮੇਰੇ ।। ਨਾਨਕ ਪਾਵਹੁ ਸੂਖ ਘਨੇਰੇ ।। ੧ ।।
ਹੇ
ਮੇਰੇ ਮਨ, ਗੁਰਮੁਖਾਂ ਦੀ ਸੰਗਤ ਵਿੱਚ ਦਾ ਕੇ. ਗੁਰੂ ਦੇ ਲੜ ਲੱਗ ਕੇ ਗੁਰੂ ਤੋਂ ਨਾਮ ਸਿਮਰਨ ਦੀ
ਦਾਤ ਪ੍ਰਾਪਤ ਕਰ। ਗੁਰੂ ਜੀ ਕਹਿੰਦੇ ਹਨ ਕਿ ਇਸ ਤਰਾਂ ਕਰਨ ਨਾਲ਼ ਅਥਾਹ ਸੁਖਾਂ ਦੀ ਪ੍ਰਾਪਤੀ
ਹੋਵੇਗੀ।
ਸਗਲ ਸ੍ਰਿਸਟਿ ਕੋ ਰਾਜਾ ਦੁਖੀਆ ।। ਹਰਿ ਕਾ ਨਾਮੁ ਜਪਤ ਹੋਇ ਸੁਖੀਆ ।।
ਜੇ
ਕੋਈ ਸਾਰੀ ਦੁਨੀਆਂ ਦਾ ਰਾਜ ਹਾਸਲ ਕਰ ਲਵੇ, ਉਹ ਸੁਖੀ ਨਹੀਂ ਹੋ ਸਕਦਾ। ਪੂਰੇ ਸੰਸਾਰ ਦੇ ਰਾਜੇ ਦੀ
ਜ਼ਿੰਦਗੀ ਵੀ ਦੁਖਾਂ ਨਾਲ਼ ਭਰੀ ਹੋਈ ਹੁੰਦੀ ਹੈ। ਪ੍ਰੰਤੂ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਨਾਲ਼
ਉਸ ਦੇ ਦੁੱਖ ਕੱਟੇ ਜਾਂਦੇ ਹਨ ਅਤੇ ਉਸ ਦੀ ਜ਼ਿੰਦਗੀ ਸੁਖਾਂ ਨਾਲ਼ ਭਰਪੂਰ ਹੋ ਜਾਂਦੀ ਹੈ।
ਲਾਖ ਕਰੋਰੀ ਬੰਧੁ ਨ ਪਰੈ ।। ਹਰਿ ਕਾ ਨਾਮ ਜਪਤ ਨਿਸਤਰੈ ।।
ਉਹ
ਲੱਖਾਂ ਕ੍ਰੋੜਾਂ ਦਾ ਮਾਲਕ ਹੋ ਸਕਦਾ ਹੈ, ਉਸ ਦੇ ਕੋਲ਼ ਅਥਾਹ ਦੌਲਤ ਹੋ ਸਕਦੀ ਹੈ। ਪਰ ਉਸ ਦੀ ਇਹ
ਦੌਲਤ ਉਸ ਦੀ ਤ੍ਰਿਸ਼ਨਾ ਨੂੰ ਬੰਨ੍ਹ ਨਹੀਂ ਮਾਰ ਸਕਦੀ। ਸਗੋਂ ਜਿਉਂ ਜਿਉਂ ਉਸ ਦਾ ਧਨ ਵਧਦਾ ਜਾਂਦਾ
ਹੈ, ਉਸ ਦੀ ਤ੍ਰਿਸ਼ਨਾ ਵੀ ਵਧਦੀ ਜਾਂਦੀ ਹੈ। ਪਰ ਹਰੀ ਦੇ ਨਾਮ ਦਾ ਸਿਮਰਨ ਉਸ ਦੀ ਤ੍ਰਿਸ਼ਨਾ ਨੂੰ
ਖ਼ਤਮ ਕਰ ਕੇ ਉਸ ਨੂੰ ਇਸ ਤੋਂ ਮੁਕਤ ਕਰ ਦਿੰਦਾ ਹੈ।
ਜਾਂ
ਜਦੋਂ
ਲੱਖਾਂ ਕ੍ਰੋੜਾਂ ਯਤਨਾਂ ਦੇ ਬਾਵਜੂਦ ਵੀ ਇਨਸਾਨ ਵਿਕਾਰਾਂ ਦੇ ਵਿਨਾਸ਼ਮਈ ਪ੍ਰਭਾਵ ਨੂੰ ਬੰਨ੍ਹ ਨਾ
ਮਾਰ ਸਕੇ ਤਾਂ ਕੇਵਲ ਹਰੀ ਦੇ ਨਾਮ ਦਾ ਸਿਮਰਨ ਹੀ ਉਸ ਨੂੰ ਵਿਕਾਰਾਂ ਤੋਂ ਛੁਟਕਾਰਾ ਦਿਵਾ ਕੇ ਉਸ
ਦਾ ਪਾਰ ਉਤਾਰਾ ਕਰ ਸਕਦਾ ਹੈ।
ਅਨਿਕ ਮਾਇਆ ਰੰਗ ਤਿਖ ਨ ਬੁਝਾਵੈ ।। ਹਰਿ ਕਾ ਨਾਮ ਜਪਤ ਆਘਾਵੈ ।।
ਮਾਇਆ
ਦੇ ਅਨੇਕਾਂ ਰੰਗਾਂ ਦਾ ਸਵਾਮੀ ਬਣ ਕੇ ਇਨਸਾਨ ਦੀ ਤ੍ਰਿਸ਼ਨਾ ਦੀ ਪਿਆਸ ਨਹੀਂ ਬੁਝਦੀ। ਮਾਇਆ ਨਾਲ਼
ਜੀਵ ਅਨੇਕਾਂ ਤਰਾਂ ਦੇ ਰੰਗ ਤਮਾਸ਼ੇ ਤਾਂ ਮਾਣ ਸਕਦਾ ਹੈ ਪਰ ਇਹ ਰੰਗ ਤਮਾਸ਼ੇ ਉਸ ਦੀ ਤ੍ਰਿਸ਼ਨਾ ਦਾ
ਅੰਤ ਨਹੀਂ ਕਰ ਸਕਦੇ। ਪ੍ਰੰਤੂ ਪ੍ਰਮਾਤਮਾ ਦਾ ਨਾਮ ਜੱਪਣ ਨਾਲ਼ ਉਸਨੂੰ ਪੂਰਨ ਸੰਤੁਸ਼ਟੀ ਪ੍ਰਾਪਤ ਹੋ
ਜਾਂਦੀ ਹੈ, ਉਸ ਨੂੰ ਕਿਸੇ ਵੀ ਦੁਨਿਆਵੀ ਪਦਾਰਥ ਦੀ ਇੱਛਾ ਨਹੀਂ ਰਹਿੰਦੀ।
ਜਿਹ ਮਰਗਿ ਇਹੁ ਜਾਤ ਇਕੇਲਾ ।। ਤਹ ਹਰਿ ਨਾਮੁ ਸੰਗਿ ਹੋਤ ਸੁਹੇਲਾ ।।
ਮੌਤ
ਦੇ ਰਸਤੇ ਦਾ ਸਫ਼ਰ ਜੀਵ ਨੂੰ ਇਕੱਲਿਆਂ ਹੀ ਕਰਨਾ ਪੈਂਦਾ ਹੈ। ਕੋਈ ਵੀ ਇਸ ਸਫ਼ਰ ਵਿੱਚ ਉਸ ਦਾ ਸਾਥ
ਨਹੀਂ ਦੇ ਸਕਦਾ। ਹਰੀ ਦੇ ਨਾਮ ਦਾ ਸਿਮਰਨ ਕਰਨ ਨਾਲ਼ ਇਹ ਔਖਾ ਸਫ਼ਰ ਵੀ ਸੌਖਾ ਹੋ ਜਾਂਦਾ ਹੈ।
ਐਸਾ ਨਾਮੁ ਮਨ ਸਦਾ ਧਿਆਈਐ ।। ਨਾਨਕ ਗੁਰਮੁਖਿ ਪਰਮ ਗਤਿ ਪਾਈਐ ।। ੨ ।।
ਹੇ
ਮੇਰੇ ਮਨ, ਪ੍ਰਮਾਤਮਾ ਦੇ ਅਜਿਹੇ ਸਮਰੱਥ ਨਾਮ ਨੂੰ ਹਮੇਸ਼ਾ ਧਿਆਨ ਵਿੱਚ ਰੱਖ, ਉਸ ਦਾ ਸਿਮਰਨ ਕਰਦਾ
ਰਿਹਾ ਕਰ। ਗੁਰਮੁਖ ਲੋਕਾਂ
ਦੀ ਸੰਗਤ ਕਰ ਕੇ, ਗੁਰੂ ਦੇ ਉਪਦੇਸ਼ ਰਾਹੀਂ ਉਸ ਦੇ ਨਾਮ ਸਿਮਰਨ ਨਾਲ਼ ਜੁੜ ਜਾ। ਇਸ ਤਰਾਂ ਕਰਨ ਨਾਲ਼
ਤੈਨੂੰ ਮਹਾਂ ਮੁਕਤੀ (ਪਰਮ ਗਤੀ) ਪ੍ਰਾਪਤ ਹੋ ਜਾਵੇਗੀ।
ਛੂਟਤ ਨਹੀ ਕੋਟਿ ਲਖ ਬਾਹੀ ।। ਨਾਮੁ ਜਪਤ ਤਹ ਪਾਰਿ ਪਰਾਹੀ ।।
ਜਿਨ੍ਹਾਂ
ਮੁਸੀਬਤਾਂ ਤੋਂ ਲੱਖਾਂ ਕ੍ਰੋੜਾਂ ਬਾਂਹਾਂ ਦੇ ਜ਼ੋਰ ਨਾਲ਼ ਵੀ ਮੁਕਤੀ ਨਹੀਂ ਪਾਈ ਜਾ ਸਕਦੀ, ਉਸ ਮੁਸ਼ਕਲਾਂ
ਦੇ ਸਮੁੰਦਰ ਨੂੰ ਨਾਮ ਦਾ ਸਿਮਰਨ ਕਰ ਕੇ ਸੌਖਿਆਂ ਹੀ ਪਾਰ ਕੀਤਾ ਜਾ ਸਕਦਾ ਹੈ। ਜਿਸ ਮੁਸੀਬਤ ਤੋਂ
ਤੁਹਾਡੇ ਕ੍ਰੋੜਾਂ ਭੈਣ, ਭਾਈ, ਦੋਸਤ, ਮਿੱਤਰ, ਰਿਸ਼ਤੇਦਾਰ ਅਤੇ ਹੋਰ ਹਮਦਰਦ ਤੁਹਾਨੂੰ ਬਚਾ ਨਹੀਂ
ਸਕਦੇ, ਹਰੀ ਦੇ ਨਾਮ ਦਾ ਸਿਮਰਨ ਤੁਹਾਡਾ ਬਚਾ ਕਰ ਲੈਂਦਾ ਹੈ। ਨਾਮ ਸਿਮਰਨ ਦੀ ਬਰਕਤ ਨਾਲ਼ ਤੁਸੀਂ
ਉਸ ਮੁਸੀਬਤ ਦੇ ਸਮੁੰਦਰ ਨੂੰ ਪਾਰ ਕਰ ਸਕਦੇ ਹੋ।
ਅਨਿਕ ਬਿਘਨ ਜਹ ਆਇ ਸੰਘਾਰੈ ।। ਹਰਿ ਕਾ ਨਾਮੁ ਤਤਕਾਲ ਉਧਾਰੈ ।।
ਜਿਸ
ਵਿਅਕਤੀ ਨੂੰ ਬੇਸ਼ੁਮਾਰ ਸਮੱਸਿਆਵਾਂ ਆ ਕੇ ਘੇਰ ਲੈਣ ਅਤੇ ਉਸ ਨੂੰ ਕਿਸੇ ਪਾਸੇ ਕੋਈ ਰਸਤਾ ਦਿਖਾਈ
ਨਾ ਦੇਵੇ, ਪ੍ਰਮਾਤਮਾ ਦਾ ਨਾਂ ਪਲਾਂ ਛਿਣਾ ਵਿੱਚ ਹੀ ਉਸ ਦਾ ਕਲਿਆਣ ਕਰ ਦਿੰਦਾ ਹੈ, ਸਿਮਰਨ ਸਦਕਾ ਉਸ
ਦੀਆਂ ਸਾਰੀਆਂ ਮੁਸ਼ਕਲਾਂ ਅੱਖ ਦੇ ਫੋਰੇ ਵਿੱਚ ਅਲੋਪ ਹੋ ਜਾਂਦੀਆਂ ਹਨ।
ਅਨਿਕ ਜੋਨਿ ਜਨਮੈ ਮਰਿ ਜਾਮ ।। ਨਾਮੁ ਜਪਤ ਪਾਵੈ ਬਿਸ੍ਰਾਮ ।।
ਜਿਹੜਾ
ਜੀਵ ਅਣਗਿਣਤ ਵਾਰ ਜੰਮਦਾ ਅਤੇ ਮਰਦਾ ਰਿਹਾ ਹੈ, ਜਿਸ ਨੇ ਅਨੇਕਾਂ ਹੀ ਜੂਨਾਂ ਭੋਗੀਆਂ ਹਨ, ਉਸ ਨੂੰ
ਨਾਮ ਜੱਪਣ ਨਾਲ਼ ਜਨਮ ਮਰਨ ਦੇ ਇਸ ਚੱਕਰ ਤੋਂ ਮੁਕਤੀ ਮਿਲ ਜਾਂਦੀ ਹੈ ਅਤੇ ਉਹ ਟਿਕਾਓ ਪ੍ਰਾਪਤ ਕਰ
ਲੈਂਦਾ ਹੈ।
ਹਉ ਮੈਲਾ ਮਲੁ ਕਬਹੁ ਨ ਧੋਵੈ ।। ਹਰਿ ਕਾ ਨਾਮੁ ਕੋਟਿ ਪਾਪ ਖੋਵੈ ।।
ਹੰਕਾਰ
ਦੀ ਮੈਲ਼ ਨੂੰ ਕਦੇ ਵੀ, ਕਿਸੇ ਤਰਾਂ ਵੀ ਧੋਤਾ ਨਹੀਂ ਜਾ ਸਕਦਾ। ਹੰਕਾਰ ਵਿੱਚ ਆ ਕੇ ਆਦਮੀ ਬੇਅੰਤ
ਪਾਪ ਕਰਦਾ ਹੈ। ਪਰ ਪ੍ਰਮਾਤਮਾ ਦਾ ਨਾਮ ਕ੍ਰੋੜਾਂ ਪਾਪਾਂ ਨੂੰ ਧੋ ਕੇ ਉਸ ਦੇ ਦਾਮਨ ਨੂੰ ਪਾਕ ਪਵਿੱਤਰ
ਬਣਾ ਦਿੰਦਾ ਹੈ।
ਐਸਾ ਨਾਮੁ ਜਪਹੁ ਮਨਿ ਰੰਗਿ ।। ਨਾਨਕ ਪਾਈਐ ਸਾਧ ਕੈ ਸੰਗਿ ।। ੩ ।।
ਐ
ਮੇਰੇ ਮਨ, ਪ੍ਰਭੂ ਦੇ ਇਸ ਮਹਾਨ ਨਾਮ ਨੂੰ ਪੂਰੇ ਪਿਆਰ ਵਿੱਚ ਭਿੱਜ ਕੇ ਜੱਪਿਆ ਕਰ। ਪਰ ਗੁਰੂ ਜੀ
ਸਮਝਾਉਂਦੇ ਹਨ ਕਿ ਇਸ ਨਾਮ ਦੀ ਬਖ਼ਸ਼ਿਸ਼ ਸੰਤ ਪੁਰਖਾਂ ਦੀ ਸੰਗਤ ਵਿੱਚੋਂ ਹੀ ਪ੍ਰਾਪਤ ਹੋ ਸਕਦੀ ਹੈ।
ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ ।। ਹਰਿ ਕਾ ਨਾਮੁ ਊਹਾ ਸੰਗਿ ਤੋਸਾ ।।
ਜਿਹੜਾ ਰਸਤਾ ਏਨਾ ਲੰਮਾ ਹੈ ਕਿ ਇਹ ਦੱਸਣਾ ਵੀ
ਸੰਭਵ ਨਹੀਂ ਕਿ ਉਹ ਕਿੰਨੇ ਕੋਹ ਹੈ, ਉਸ ਰਸਤੇ ਦਾ ਸਫ਼ਰ ਕਰਦੇ ਸਮੇ ਪ੍ਰਮਾਤਮਾ ਦਾ ਨਾਮ ਤੇਰੇ ਨਾਲ਼
ਜਾਵੇਗਾ, ਤੇਰੇ ਲਈ ਭੋਜਨ ਦਾ ਕੰਮ ਕਰੇਗਾ, ਤੇਰੀ ਆਤਮਿਕ ਖੁਰਾਕ ਬਣੇਗਾ।
ਜਿਹ ਪੈਡੈ ਮਹਾ ਅੰਧ ਗੁਬਾਰਾ ।। ਹਰਿ ਕਾ ਨਾਮੁ ਸੰਗਿ ਉਜੀਆਰਾ ।।
ਜਿਸ ਰਸਤੇ ਤੇ ਤੂੰ ਅਖੀਰ ਨੂੰ ਜਾਣਾ ਹੈ ਉਹ ਰਸਤਾ
ਘੁੱਪ ਹਨੇਰੇ ਨਾਲ਼ ਭਰਿਆ ਹੋਇਆ ਹੈ, ਕੁਝ ਦਿਖਾਈ ਨਹੀਂ ਦਿੰਦਾ ਕਿ ਕਿੱਧਰ ਨੂੰ ਜਾਣਾ ਹੈ ਅਤੇ ਹਨੇਰੇ
ਕਾਰਨ ਜੀਵ ਠੋਹਕਰਾਂ ਖਾਂਦਾ ਹੈ। ਉਸ ਰਸਤੇ ਤੇ ਚੱਲਦਿਆਂ
ਪ੍ਰਮਾਤਮਾ ਦਾ ਨਾਮ ਤੇਰੇ ਰਸਤੇ ਨੂਂ ਚਾਨਣ ਨਾਲ਼ ਭਰ ਦੇਵੇਗਾ ਅਤੇ ਤੈਨੂੰ ਰਸਤਾ ਦਿਖਾਵੇਗਾ ਅਤੇ
ਠੋਹਕਰਾਂ ਖਾਣ ਤੋਂ ਬਚਾਏਗਾ।
ਜਹਾ ਪੰਥ ਤੇਰਾ ਕੋ ਨ ਸਿਞਾਨੂ ।। ਹਰਿ ਕਾ ਨਾਮੁ ਤਹ ਨਾਲਿ ਪਛਾਨੂ ।।
ਜਿਸ ਰਸਤੇ ਦਾ ਸਫ਼ਰ ਕਰਦੇ ਸਮੇ ਤੇਰੇ ਨਾਲ਼ ਤੇਰਾ
ਕੋਈ ਵੀ ਜਾਣਕਾਰ, ਮਿੱਤਰ, ਦੋਸਤ ਤੇਰੇ ਨਾਲ਼ ਨਹੀਂ ਹੋਵੇਗਾ, ਤੂੰ ਬਿਲਕੁਲ ਇਕੱਲਾ ਹੋਵੇਂਗਾ, ਉਸ
ਰਸਤੇ ਦਾ ਸਫ਼ਰ ਕਰਦੇ ਸਮੇ ਪ੍ਰਮਾਤਮਾ ਦਾ ਨਾਮ ਤੇਰਾ ਹਮਸਫ਼ਰ ਬਣਕੇ ਤੇਰੇ ਨਾਲ਼ ਚੱਲੇਗਾ ਅਤੇ ਤੈਨੂੰ
ਹੌਸਲਾ ਦੇਵੇਗਾ।
ਜਹ ਮਹਾ ਭਇਆਨ ਤਪਤਿ ਬਹੁ ਘਾਮ ।। ਤਹ ਹਰਿ ਕੇ ਨਾਮ ਕੀ ਤੁਮ ਊਪਰਿ ਛਾਮ ।।
ਜਿਹੜਾ ਅਤਿ ਭਿਆਨਕ ਰਸਤਾ ਕੜਾਕੇ ਦੀ ਧੁੱਪ ਕਾਰਨ
ਬੇਅੰਤ ਤਪ ਰਿਹਾ ਹੁੰਦਾ ਹੈ ਉਸ ਰਸਤੇ ਦੇ ਸਫ਼ਰ ਦੌਰਾਨ ਹਰੀ ਦਾ ਨਾਮ ਤੇਰੇ ਉੱਪਰ ਛਾਂ ਦਾ ਕੰਮ
ਕਰਦਾ ਹੈ ਅਤੇ ਤੇਰੇ ਸਫ਼ਰ ਨੂੰ ਸੁਖਦਾਈ ਬਣਾ ਦਿੰਦਾ ਹੈ।
ਜਹਾ ਤ੍ਰਿਖਾ ਮਨ ਤੁਝੁ ਆਕਰਖੈ ।। ਤਹ ਨਾਨਕ ਹਰਿ ਹਰਿ ਅੰਮ੍ਰਿਤ ਬਰਖੈ ।। ੪ ।।
ਗੁਰੂ ਜੀ ਦਾ ਫੁਰਮਾਨ ਹੈ ਕਿ ਜਿਸ ਰਸਤੇ ਤੇ
ਚੱਲਦਿਆਂ ਤੇਰੇ ਮਨ ਨੂੰ ਕਹਿਰਾਂ ਦੀ ਪਿਆਸ ਵਿਆਕੁਲ ਕਰ ਰਹੀ ਹੋਵੇਗੀ, ਪ੍ਰਮਾਤਮਾ ਦਾ ਜੱਪਿਆ ਹੋਇਆ
ਨਾਮ ਤੇਰੇ ਉੱਤੇ ਅੰਮ੍ਰਿਤ ਬਣ ਕੇ ਬਰਸੇਗਾ ਅਤੇ ਤੇਰੀ ਪਿਆਸ ਨੂੰ ਬੁਝਾ ਦੇਵੇਗਾ।
ਭਗਤ ਜਨਾ ਕੀ ਬਰਤਨਿ ਨਾਮੁ ।। ਸੰਤ ਜਨਾ ਕੈ ਮਨਿ ਬਿਸ੍ਰਾਮ ।।
ਭਗਤ ਪੁਰਖਾਂ ਦੀ ਜੀਵਨ ਸ਼ੈਲੀ ਅਜਿਹੀ ਹੁੰਦੀ ਹੈ
ਕਿ ਉਹ ਅਪਣਾ ਸਾਰਾ ਸਮਾ ਹਰੀ ਦਾ ਨਾਮ ਜੱਪਣ ਵਿੱਚ ਬਤੀਤ ਕਰਦੇ ਹਨ। ਪ੍ਰਮਾਤਮਾ ਸਦਾ ਉਨ੍ਹਾਂ ਦੇ
ਮਨ ਵਿੱਚ ਵਸਿਆ ਰਹਿੰਦਾ ਹੈ ਜਿਸ ਦੇ ਸਿੱਟੇ ਵਜੋਂ ਉਨ੍ਹਾਂ ਦਾ ਮਨ ਸਦਾ ਟਿਕਾਅ ਵਿੱਚ ਰਹਿੰਦਾ ਹੈ,
ਭਟਕਦਾ ਅਤੇ ਡੋਲਦਾ ਨਹੀਂ।
ਹਰਿ ਕਾ ਨਾਮੁ ਦਾਸ ਕੀ ਓਟ ।। ਹਰਿ ਕੈ ਨਾਮਿ ਉਧਰੇ ਜਨ ਕੋਟਿ ।।
ਪ੍ਰਮਾਤਮਾ ਦਾ ਨਾਮ ਉਸ ਦੇ ਸੇਵਕ ਦਾ ਸਹਾਰਾ
ਹੁੰਦਾ ਹੈ। ਉਸ ਹਰੀ ਦੇ ਨਾਮ ਦਾ ਸਿਮਰਨ ਕਰ ਕੇ ਕ੍ਰੋੜਾਂ ਹੀ ਲੋਕਾਂ ਦਾ ਕਲਿਆਣ ਹੋਇਆ ਹੈ।
ਹਰਿ ਜਸੁ ਕਰਤ ਸੰਤ ਦਿਨੁ ਰਾਤਿ ।। ਹਰਿ ਹਰਿ ਅਉਖਧੁ ਸਾਧ ਕਮਾਤਿ ।।
ਸੰਤ ਪੁਰਖ ਦਿਨ ਰਾਤ ਪ੍ਰਮਾਤਮਾ ਦੀ ਵਡਿਆਈ ਕਰਦੇ
ਰਹਿੰਦੇ ਹਨ। ਉਹ ਹਰ ਵੇਲ਼ੇ ਹਰੀ ਦੇ ਨਾਮ ਦਾ ਸਿਮਰਨ ਕਰਨ ਦੀ ਕਮਾਈ ਕਰਦੇ ਰਹਿੰਦੇ ਹਨ ਜਿਹੜਾ ਕਿ
ਉਨ੍ਹਾਂ ਦੇ ਮਨ ਅਤੇ ਤਨ ਦੋਹਾਂ ਦੇ ਲਈ ਦਵਾਈ ਦਾ ਕੰਮ ਕਰਦਾ ਹੈ। ਉਨ੍ਹਾਂ ਨੂੰ ਕਦੇ ਵਿਕਾਰਾਂ ਦਾ
ਰੋਗ ਨਹੀਂ ਲੱਗਦਾ।
ਹਰਿ ਜਨ ਕੈ ਹਰਿ ਨਾਮੁ ਨਿਧਾਨੁ ।। ਪਾਰਬ੍ਰਹਮਿ ਜਨ ਕੀਨੋ ਦਾਨ ।।
ਪ੍ਰਮਾਤਮਾ ਦੇ ਦਾਸ ਦੁਨਿਆਵੀ ਦੌਲਤ ਦੀ ਪ੍ਰਵਾਹ
ਨਹੀਂ ਕਰਦੇ। ਨਾਮ ਹੀ ਉਨਾਂ ਦਾ ਕੀਮਤੀ ਖ਼ਜ਼ਾਨਾ ਹੁੰਦਾ ਹੈ ਜਿਸ ਦੀ ਬਖ਼ਸ਼ਿਸ਼ ਉਸ ਮਾਲਕ ਨੇ ਆਪ
ਉਨ੍ਹਾਂ ਦੇ ਉੱਤੇ ਕੀਤੀ ਹੁੰਦੀ ਹੈ।
ਮਨਿ ਤਨ ਰੰਗਿ ਰਤੇ ਰੰਗ ਏਕੈ ।। ਨਾਨਕ ਜਨ ਕੈ ਬਿਰਤਿ ਬਿਬੇਕੈ ।। ੫ ।।
ਗੁਰੂ ਜੀ ਸਾਨੂੰ ਦੱਸਦੇ ਹਨ ਕਿ ਹਰੀ ਦੇ
ਸੇਵਕਾਂ ਦਾ ਮਨ ਅਤੇ ਤਨ ਦੋਵੇਂ ਹੀ ਇੱਕੋ ਇੱਕ ਪ੍ਰਮਾਤਮਾ ਦੇ ਪਿਆਰ ਵਿੱਚ ਰੰਗੇ ਰਹਿੰਦੇ ਹਨ
ਕਿਉਂਕਿ ਉਨ੍ਹਾਂ ਦੇ ਮਨ ਵਿੱਚ ਰੱਬੀ ਗਿਆਨ (ਬਿਬੇਕ) ਵਸ
ਜਾਂਦਾ ਹੈ, ਉਨ੍ਹਾਂ ਦੀ ਬਿਰਤੀ ਵਿਵੇਕ ਭਰਪੂਰ ਹੋ ਜਾਂਦੀ ਹੈ।
ਹਰਿ ਕਾ ਨਾਮੁ ਜਨ ਕਉ ਮੁਕਤਿ ਜੁਗਤਿ ।। ਹਰਿ ਕੈ ਨਾਮਿ ਜਨ ਕਉ ਤ੍ਰਿਪਤਿ
ਭੁਗਤਿ ।।
ਹਰੀ ਦੇ ਨਾਮ ਦਾ ਸਿਮਰਨ ਉਹ ਜੁਗਤੀ ਹੈ ਜਿਸ ਨੂੰ
ਵਰਤ ਕੇ ਉਸ ਪ੍ਰਭੂ ਦੇ ਸੇਵਕ ਮੁਕਤੀ ਪ੍ਰਾਪਤ ਕਰ ਲੈਂਦੇ ਹਨ। ਹਰੀ ਦਾ ਨਾਮ ਉਹ
ਭੋਜਨ ਹੈ ਜਿਸ ਦਾ ਸੇਵਨ ਕਰਨ ਨਾਲ਼ ਉਨ੍ਹਾਂ ਦੀ ਆਤਮਾ ਤ੍ਰਿਪਤ ਹੋ ਜਾਂਦੀ ਹੈ।
ਹਰਿ ਕਾ ਨਾਮੁ ਜਨ ਕਾ ਰੂਪ ਰੰਗੁ ।। ਹਰਿ ਨਾਮੁ ਜਪਤ ਕਬ ਪਰੈ ਨ ਭੰਗੁ ।।
ਹਰੀ ਦੇ ਨਾਮ ਦਾ ਸਿਮਰਨ ਉਨ੍ਹਾਂ ਦੇ ਤਨ ਅਤੇ ਮਨ
ਦੀ ਖੂਬਸੂਰਤੀ ਦਾ ਰਾਜ਼ ਹੁੰਦਾ ਹੈ। ਸਿਮਰਨ ਦੇ ਅਭਿਆਸ ਦੇ ਕਾਰਨ ਉਨ੍ਹਾਂ ਦੇ ਸੁਭਾਅ ਵਿੱਚ ਮਿਠਾਸ
ਆ ਜਾਂਦੀ ਹੈ ਅਤੇ ਉਨ੍ਹਾਂ ਦੇ ਚਿਹਰੇ ਤੇ ਗਿਆਨ ਦਾ ਜਲੌ ਬਣਿਆਂ ਰਹਿੰਦਾ ਹੈ। ਹਰੀ ਦੇ ਨਾਮ ਦੇ ਸਿਮਰਨ ਦੀ ਬਰਕਤ ਦਾ ਸਦਕਾ ਉਨ੍ਹਾਂ ਦੇ ਕਿਸੇ ਕਾਰਜ ਵਿੱਚ
ਕਦੇ ਵਿਘਨ ਨਹੀਂ ਪੈਂਦਾ।
ਹਰਿ ਕਾ ਨਾਮੁ ਜਨ ਕੀ ਵਡਿਆਈ ।। ਹਰਿ ਕੈ ਨਾਮਿ ਜਨ ਸੋਭਾ ਪਾਈ ।।
ਹਰੀ ਦੇ ਨਾਮ ਦਾ ਸਿਮਰਨ ਕਰਨ ਕਰਕੇ ਹੀ ਹਰੀ ਦੇ
ਦਾਸਾਂ ਨੂੰ ਵਡਿਆਈ ਅਤੇ ਸਤਿਕਾਰ ਪ੍ਰਾਪਤ ਹੁੰਦਾ ਹੈ। ਉਸ ਦੇ ਨਾਮ ਦਾ ਸਿਮਰਨ ਕਰਨ ਦਾ ਸਦਕਾ ਹੀ ਉਨ੍ਹਾਂ
ਨੂੰ ਹਲਤ ਅਤੇ ਪਲਤ ਦੋਹਾਂ ਜਹਾਨਾਂ ਵਿੱਚ ਸ਼ੋਭਾ ਪ੍ਰਾਪਤ ਹੁੰਦੀ ਹੈ।
ਹਰਿ ਕਾ ਨਾਮੁ ਜਨ ਕਉ ਭੋਗ ਜੋਗ ।। ਹਰਿ ਨਾਮੁ ਜਪਤ ਕਛੁ ਨਾਹਿ ਬਿਓਗ ।।
ਹਰੀ ਦਾ ਨਾਮ ਹੀ ਉਸ ਦੇ ਸੇਵਕਾਂ ਦੀ ਖੁਰਾਕ
ਹੁੰਦਾ ਹੈ ਅਤੇ ਉਸ ਦਾ ਸਿਮਰਨ ਕਰਨਾ ਹੀ ਉਨ੍ਹਾਂ ਦੀ ਭਗਤੀ ਜਾਂ ਜੋਗ ਸਾਧਨਾ ਹੁੰਦੀ ਹੈ ਜੋ
ਉਨ੍ਹਾਂ ਨੂੰ ਪ੍ਰਭੂ ਦੇ ਨਾਲ਼ ਮਿਲਾ ਦਿੰਦੀ ਹੈ। ਹਰੀ ਦੇ ਨਾਮ ਦਾ ਸਿਮਰਨ ਕਰਨ ਦਾ ਸਦਕਾ ਉਨ੍ਹਾਂ ਨੂੰ ਕਦੇ ਵੀ ਵਿਛੋੜੇ ਦਾ ਦੁੱਖ
ਮਹਿਸੂਸ ਨਹੀੰ ਹੁੰਦਾ।
ਜਨੁ ਰਾਤਾ ਹਰਿ ਨਾਮੁ ਕੀ ਸੇਵਾ ।। ਨਾਨਕ ਪੂਜੈ ਹਰਿ ਹਰਿ ਦੇਵਾ ।। ੬ ।।
ਹਰੀ ਦਾ ਸੇਵਕ ਸਦਾ ਹੀ ਪਿਆਰ ਸਹਿਤ ਹਰੀ ਦੇ ਨਾਮ
ਦੇ ਸਿਮਰਨ ਦੀ ਸੇਵਾ ਵਿੱਚ ਮਗਨ ਰਹਿੰਦਾ ਹੈ। ਗੁਰੂ ਜੀ ਦੱਸਦੇ ਹਨ ਕਿ ਹਰੀ ਦਾ ਸੇਵਕ ਉਸ ਪ੍ਰਕਾਸ਼ ਰੂਪ ਸ੍ਰਿਸ਼ਟੀ ਦੇ
ਸਮ੍ਰਾਟ ਦੀ ਪੂਜਾ ਵਿੱਚ ਲੱਗਿਆ ਰਹਿੰਦਾ ਹੈ।
ਹਰਿ ਹਰਿ ਜਨ ਕੈ ਮਾਲੁ ਖਜੀਨਾ ।। ਹਰਿ ਧਨੁ ਜਨ ਕਉ ਆਪਿ ਪ੍ਰਭਿ ਦੀਨਾ ।।
ਹਰੀ ਦੇ ਸੇਵਕਾਂ ਨੂੰ ਸੰਸਾਰਿਕ ਧਨ ਦੀ ਤ੍ਰਿਸ਼ਨਾ
ਨਹੀਂ ਹੁੰਦੀ। ਹਰੀ ਦਾ ਨਾਮ ਉਨ੍ਹਾਂ ਲਈ ਧਨ ਦਾ ਖ਼ਜ਼ਾਨਾ ਹੁੰਦਾ ਹੈ। ਇਸ ਖ਼ਜ਼ਾਨੇ ਦੀ
ਬਖ਼ਸ਼ਿਸ਼ ਉਨ੍ਹਾਂ ਉੱਤੇ ਪ੍ਰਮਾਤਮਾ ਆਪ ਕਰਦਾ ਹੈ।
ਹਰਿ ਹਰਿ ਜਨ ਕੈ ਓਟ ਸਤਾਣੀ ।। ਹਰਿ ਪ੍ਰਤਾਪਿ ਜਨ ਅਵਰ ਨ ਜਾਣੀ ।।
ਹਰੀ ਦਾ ਨਾਮ ਉਸ ਦੇ ਸੇਵਕਾਂ ਦਾ ਅਡੋਲ ਅਤੇ ਮਜ਼ਬੂਤ
ਸਹਾਰਾ ਹੁੰਦਾ ਹੈ। ਇਸ ਸਹਾਰੇ ਦੇ ਹੁੰਦਿਆਂ ਉਹ ਹੋਰ ਕਿਸੇ ਸਹਾਰੇ ਦੀ
ਆਸ ਨਹੀਂ ਤੱਕਦੇ, ਉਹ ਦੁਨੀਆਂ ਦੀ ਹੋਰ ਕਿਸੇ ਤਾਕਤ ਦੇ ਮੁਹਤਾਜ
ਨਹੀਂ ਹੁੰਦੇ।
ਓਤਿ ਪੋਤਿ ਜਨ ਹਰਿ ਰਸਿ ਰਾਤੇ ।। ਸੁੰਨ ਸਮਾਧਿ ਨਾਮ ਰਸ ਮਾਤੇ ।।
ਹਰੀ ਦੇ ਨਾਮ ਦੇ ਸਿਮਰਨ ਦਾ ਸੰਪੂਰਨ ਸੁਆਦ ਮਾਣਨ
ਵਿੱਚ ਖੁਭੇ ਹਰੀ ਦੇ ਸੇਵਕ ਸਦਾ ਮਸਤੀ ਦੀ ਅਵਸਥਾ ਵਿੱਚ ਟਿਕੇ ਰਹਿੰਦੇ ਹਨ। ਹਰੀ ਨਾਮ ਦੇ ਰਸ ਵਿੱਚ
ਖੋਏ ਉਹ ਚੁੱਪ ਚਾਪ ਸਮਾਧੀ ਵਰਗੀ ਅਵਸਥਾ ਵਿੱਚ ਧਿਆਨ ਮਗਨ ਰਹਿੰਦੇ ਹਨ।
ਆਠ ਪਹਰ ਜਨੁ ਹਰਿ ਹਰਿ ਜਪੈ ।। ਹਰਿ ਕਾ ਭਗਤੁ ਪ੍ਰਗਟ ਨਹੀ ਛਪੈ ।।
ਅੱਠੇ ਪਹਿਰ ਹਰੀ ਦੇ ਸੇਵਕ ਹਰੀ ਦੇ ਨਾਮ ਦਾ
ਸਿਮਰਨ ਕਰਨ ਵਿੱਚ ਲੱਗੇ ਰਹਿੰਦੇ ਹਨ। ਹਰੀ ਦਾ ਸੇਵਕ ਕਦੇ ਲੁਕਿਆ ਨਹੀਂ ਰਹਿੰਦਾ। ਦੁਨੀਆਂ ਉਸ ਦੀ
ਮਹਾਨਤਾ ਨੂੰ ਪਛਾਣ ਲੈਂਦੀ ਹੈ।
ਹਰਿ ਕੀ ਭਗਤਿ ਮੁਕਤਿ ਬਹੁ ਕਰੇ ।। ਨਾਨਕ ਜਨ ਸੰਗਿ ਕੇਤੇ ਤਰੇ ।। ੭ ।।
ਪ੍ਰਮਾਤਮਾ ਦੀ ਭਗਤੀ ਨੇ ਅਣਗਿਣਤ ਹੀ ਜੀਵਾਂ ਨੂੰ
ਵਿਕਾਰਾਂ ਦੇ ਦੁੱਖਾਂ ਤੋਂ ਮੁਕਤ ਕਰ ਦਿੱਤਾ ਹੈ। ਗੁਰੂ ਜੀ ਦਾ ਵਚਨ ਹੈ ਕਿ ਪ੍ਰਭੂ ਦੇ ਸੇਵਕਾਂ ਦੇ
ਲੜ ਲੱਗ ਕੇ ਉਨ੍ਹਾਂ ਦੀ ਸੰਗਤ ਸਦਕਾ ਅਨੇਕਾਂ ਹੀ ਹੋਰ ਲੋਕ ਵੀ ਤਰ ਗਏ ਹਨ।
ਪਾਰਜਾਤੁ ਇਹੁ ਹਰਿ ਕੋ ਨਾਮ ।। ਕਾਮਧੇਨ ਹਰਿ ਹਰਿ ਗੁਣ ਗਾਮ ।।
ਪ੍ਰਮਾਤਮਾ ਦਾ ਨਾਮ ਹੀ ਉਹ ਕਲਪ ਬਿਰਖ ਹੈ ਜਿਹੜਾ
ਜੀਵ ਦੀ ਹਰ ਇੱਛਾ ਪੂਰੀ ਕਰਦਾ ਹੈ। ਉਸ ਪ੍ਰਭੂ ਦਾ ਨਾਮ ਦੇ ਗੁਣ ਗਾਉਣਾ ਹੀ ਉਨ੍ਹਾਂ ਲਈ ਕਾਮਧੇਨ
ਗਊ ਹੈ ਜਿਹੜੀ ਜੀਵ ਦੀ ਹਰ ਕਾਮਨਾ ਪੂਰੀ ਕਰਦੀ ਹੈ।
ਸਭ ਤੇ ਊਤਮ ਹਰਿ ਕੀ ਕਥਾ ।। ਨਾਮੁ ਸੁਨਤ ਦਰਦ ਦੁਖ ਲਥਾ ।।
ਹਰੀ ਦੇ ਨਾਮ ਦੀ ਕਥਾ ਕਰਨਾ ਜਾਂ ਸੁਣਨਾ ਉਸ ਦੇ
ਸੇਵਕਾਂ ਲਈ ਸੰਸਾਰ ਦਾ ਸਭ ਤੋਂ ਵਡਮੁੱਲਾ ਕੰਮ ਹੈ। ਉਸ ਦਾ ਨਾਮ ਸੁਣ ਕੇ ਉਸ ਦੇ ਸੇਵਕਾਂ ਦੇ ਸਾਰੇ
ਦੁੱਖ ਦਰਦ ਅਤੇ ਮੁਸੀਬਤਾਂ ਦੂਰ ਹੋ ਜਾਂਦੇ ਹਨ।
ਨਾਮ ਕੀ ਮਹਿਮਾ ਸੰਤ ਰਿਦ ਬਸੈ ।। ਸੰਤ ਪ੍ਰਤਾਪਿ ਦੁਰਤੁ ਸਭੁ ਨਸੈ ।।
ਨਾਮ ਦੀ ਵਡਿਆਈ ਸਦੈਵ ਸੰਤ ਪੁਰਖਾਂ ਦੇ ਹਿਰਦੇ
ਵਿੱਚ ਵਸਦੀ ਹੈ। ਉਨ੍ਹਾਂ ਨੂੰ ਹਰ ਪਲ ਉਸ ਪ੍ਰਭੂ ਦੀ ਮਹਾਨਤਾ ਦਾ ਅਹਿਸਾਸ ਰਹਿੰਦਾ ਹੈ। ਸੰਤ
ਪੁਰਖਾਂ ਦੀ ਕਿਰਪਾ ਸਦਕਾ ਇਨਸਾਨ ਦੇ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ।
ਸੰਤ ਕਾ ਸੰਗੁ ਵਡਭਾਗੀ ਪਾਈਐ ।। ਸੰਤ ਕੀ ਸੇਵਾ ਨਾਮੁ ਧਿਆਈਐ ।।
ਪ੍ਰੰਤੂ ਸੰਤ ਪੁਰਖਾਂ ਦੀ ਸੰਗਤ ਚੰਗੀ ਕਿਸਮਤ ਨਾਲ਼
ਪ੍ਰਾਪਤ ਹੁੰਦੀ ਹੈ। ਸੰਤ ਪੁਰਖਾਂ ਦੀ ਸੇਵਾ ਕਰਨ ਨਾਲ਼ ਉਨ੍ਹਾਂ ਕੋਲ਼ੋਂ ਨਾਮ ਧਿਆਉਣ ਦੀ ਬਖ਼ਸ਼ਿਸ਼
ਹਾਸਲ ਹੁੰਦੀ ਹੈ।
ਨਾਮ ਤੁਲਿ ਕਛੁ ਅਵਰੁ ਨ ਹੋਇ ।। ਨਾਨਕ ਗੁਰਮੁਖਿ ਨਾਮੁ ਪਾਵੈ ਜਨੁ ਕੋਇ ।। ੮ ।। ੨ ।।
ਹਰੀ ਦਾ ਨਾਮ ਸੰਸਾਰ ਦੀ ਸਭ ਤੋਂ ਕੀਮਤੀ ਵਸਤੂ
ਹੈ। ਦੁਨੀਆਂ ਦੀ ਹੋਰ ਕੋਈ ਵੀ ਚੀਜ਼ ਇਸ ਦੀ ਬਰਾਬਰੀ ਨਹੀਂ ਕਰ ਸਕਦੀ। ਗੁਰੂ ਜੀ ਸਾਨੂੰ ਸਮਝਾਉਂਦੇ
ਹਨ ਕਿ ਨਾਮ ਸਿਮਰਨ ਦੀ ਦਾਤ ਗੁਰੂ ਦੀ ਕਿਰਪਾ ਨਾਲ਼ ਕਿਸੇ ਵਿਰਲੇ ਟਾਂਵੇਂ ਨੂੰ ਪ੍ਰਾਪਤ ਹੁੰਦੀ ਹੈ।
ਸਲੋਕੁ ।।
ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢਢੋਲਿ ।। ਪੂਜਸਿ ਨਾਹੀ ਹਰਿ ਹਰੇ
ਨਾਨਕ ਨਾਮ ਅਮੋਲ ।। ੧ ।।
ਸੰਸਾਰ ਵਿੱਚ ਅਨੇਕਾਂ ਹੀ ਧਰਮ ਗ੍ਰੰਥ ਹਨ ਜੋ ਅਧਿਆਤਮਕ ਗਿਆਨ
ਨਾਲ਼ ਭਰੇ ਪਏ ਹਨ। ਉਨ੍ਹਾਂ ਸਭ ਦਾ ਬਹੁਤ ਵਾਰ ਅਧਿਅਨ ਕਰ ਕੇ ਵੇਖ ਲਿਆ ਹੈ। ਪਰ ਉਨ੍ਹਾਂ ਵਿੱਚੋਂ
ਕਿਸੇ ਵਿੱਚ ਪਾਇਆ ਗਿਆਨ ਵੀ ਪ੍ਰਮਾਤਮਾ ਤੱਕ ਨਹੀਂ ਪੁੱਜਦਾ, ਉਸ ਦੇ ਨਾਮ ਦੇ ਸਿਮਰਨ ਦੀ ਬਰਾਬਰੀ
ਨਹੀਂ ਕਰ ਸਕਦਾ। ਉਹ ਸਾਨੂੰ ਪ੍ਰਮਾਤਮਾ ਨਾਲ਼ ਨਹੀਂ
ਮਿਲਾ ਸਕਦੇ।
ਅਸਟਪਦੀ
ਜਾਪ ਤਾਪ ਗਿਆਨ ਸਭਿ ਧਿਆਨ ।। ਖਟ ਸਾਸਤ੍ਰਿ ਸਿਮ੍ਰਿਤਿ ਵਖਿਆਨ ।।
ਦੁਨੀਆਂ ਵਿੱਚ ਲੋਕ ਪ੍ਰਮਾਤਮਾ ਦੇ ਨਾਲ਼ ਮਿਲਣ ਦੇ
ਲਈ ਅਨੇਕਾਂ ਤਰਾਂ ਦੇ ਯਤਨ ਕਰਦੇ ਹਨ। ਕੋਈ ਮੰਤਰਾਂ ਦਾ ਜਾਪ ਕਰਦਾ ਹੈ। ਕੋਈ ਤਰਾਂ ਤਰਾਂ ਦੀ
ਤਪੱਸਿਆ ਕਰਦਾ ਹੈ। ਕਈ ਸਮਾਧੀ ਲਾ ਕੇ ਉਸਦਾ ਧਿਆਨ ਕਰਦੇ ਹਨ। ਕਈ ਲੋਕ ਛੇ ਸ਼ਾਸ਼ਤਰਾਂ ਦਾ ਪਾਠ ਕਰਦੇ
ਹਨ। ਕੁਝ ਲੋਕ ਅਠਾਰਾਂ ਸਿਮ੍ਰਤੀਆਂ ਦਾ ਅਧਿਅਨ ਕਰਦੇ ਹਨ। ਪਰ ਇਹ ਸਾਰਾ ਕੁੱਝ
ਕਰ ਕੇ ਵੀ ਉਨ੍ਹਾਂ ਨੂੰ ਪ੍ਰਭੂ ਨਾਲ਼ ਮਿਲਾਪ ਨਸੀਬ ਨਹੀਂ ਹੁੰਦਾ।
ਜੋਗ ਅਭਿਆਸ ਕਰਮ ਧ੍ਰਮ ਕਿਰਿਆ ।। ਸਗਲ ਤਿਆਗਿ ਬਨ ਮਧੇ ਫਿਰਿਆ ।।
ਜੋਗੀ ਲੋਕ ਭਾਂਤ ਭਾਂਤ ਦੀ ਯੋਗ ਸਾਧਨਾ ਕਰ ਕੇ ਉਸ
ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ ਜਾਂ ਹੋਰ ਕਈ ਕਿਸਮ ਦੇ ਫੋਕੇ ਧਾਰਮਿਕ ਆਡੰਬਰਾਂ ਰਾਹੀਂ ਉਸ
ਤੱਕ ਪੁੱਜਣਾ ਚਾਹੁੰਦੇ ਹਨ। ਪ੍ਰਮਾਤਮਾ ਦੀ ਭਾਲ਼ ਵਿੱਚ ਲੋਕ ਘਰ ਬਾਰ ਸਭ ਕੁੱਝ ਤਿਆਗ ਕੇ ਜੰਗਲ਼ਾਂ
ਵਿੱਚ ਰੱਬ ਨੂੰ ਲੱਭਦੇ ਫਿਰਦੇ ਹਨ। ਪਰ ਫਿਰ ਵੀ ਉਹ ਉਸ ਦਾ ਮਿਲਾਪ ਹਾਸਲ ਨਹੀਂ ਕਰ ਸਕਦੇ।
ਅਨਿਕ ਪ੍ਰਕਾਰ ਕੀਏ ਬਹੁ ਜਤਨਾ ।। ਪੁੰਨ ਦਾਨ ਹੋਮੇ ਬਹੁ ਰਤਨਾ ।।
ਅਣਗਿਣਤ ਕਿਸਮ ਦੇ ਯਤਨ ਲੋਕ ਪ੍ਰਮਾਤਮਾ ਦੀ ਸੋਝੀ
ਹਾਸਲ ਕਰਨ ਲਈ, ਉਸ ਨਾਲ਼ ਮੇਲ ਕਰਨ ਲਈ ਕਰਦੇ ਹਨ। ਪੁੰਨ ਦਾਨ ਕਰਦੇ ਹਨ। ਘਿਉ ਆਦਿ ਤਰਾਂ ਤਰਾਂ ਦੇ
ਰਤਨਾ ਨੂੰ ਅੱਗ ਵਿੱਚ ਸਾੜ ਕੇ ਹਵਨ ਕਰਦੇ ਹਨ। ਪਰ ਇਸ ਤਰਾਂ ਕਰਨ ਨਾਲ਼ ਵੀ ਹਰੀ ਦਾ ਮਿਲਾਪ ਨਹੀਂ
ਹੁੰਦਾ।
,ਸਰੀਰੁ ਕਟਾਏ ਹੋਮੈ ਕਰਿ ਰਾਤੀ ।। ਵਰਤ ਨੇਮ ਕਰੈ ਬਹੁ ਭਾਤੀ ।।
ਕੁੱਝ ਲੋਕ ਸਰੀਰ ਦੇ ਨਿੱਕੇ ਨਿੱਕੇ ਟੁਕੜੇ ਕਰ ਕੇ
ਉਨ੍ਹਾਂ ਨੂੰ ਹਵਨ ਦੀ ਅੱਗ ਵਿੱਚ ਸਾੜਦੇ ਹਨ ਜਾਂ ਫਿਰ ਕਈ ਤਰਾਂ ਦੇ ਵਰਤ ਰੱਖਦੇ ਹਨ ਜਾਂ ਹੋਰ ਕਈ
ਤਰਾਂ ਦੇ ਨੇਮਾਂ ਦਾ ਪਾਲਣ ਕਰਦੇ ਹਨ। ਇਹ ਸਭਬ ਕੁੱਝ ਕਰ ਕੇ ਵੀ ਉਹ ਪ੍ਰਭੂ ਦੇ ਮਿਲਾਪ ਤੋਂ ਵਾਂਝੇ
ਰਹਿੰਦੇ ਹਨ।
ਨਹੀ ਤੁਲਿ ਰਾਮ ਨਾਮ ਬੀਚਾਰ ।। ਨਾਨਕ ਗੁਰਮੁਖਿ ਨਾਮੁ ਜਪੀਐ ਇਕ ਬਾਰ ।। ੧ ।।
ਇਨ੍ਹਾਂ ਸਾਰੇ ਤਰੀਕਿਆਂ ਵਿੱਚੋਂ ਕੋਈ ਵੀ ਰਾਮ
ਨਾਮ ਦੀ ਵੀਚਾਰ ਕਰਨ ਦੇ ਬਰਾਬਰ ਨਹੀਂ। ਅਰਥਾਤ ਪ੍ਰਭੂ ਨੂੰ ਪਾਉਣ ਦਾ ਸਭ ਤੋਂ ਉੱਤਮ ਤਰੀਕਾ ਰਾਮ
ਨਾਮ ਦਾ ਸਿਮਰਨ ਕਰਨਾ ਅਤੇ ਉਸ ਦੀ ਵੀਚਾਰ ਕਰਨਾ ਹੈ। ਇਸ ਕਰਕੇ ਗੁਰੂ ਜੀ ਸਾਨੂੰ ਸਮਝਾਉਂਦੇ ਹਨ ਕਿ
ਇਨ੍ਹਾਂ ਸਾਰੇ ਤਰੀਕਿਆਂ ਨੂੰ ਛੱਡ ਕੇ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਅਤੇ ਮੰਨ ਕੇ ਇੱਕ ਵਾਰ ਰਾਮ
ਨਾਮ ਦਾ ਸਿਮਰਨ ਕਰ ਕੇ ਦੇਖੋ, ਤੁਹਾਨੂੰ ਜਰੂਰ ਪ੍ਰਮਤਾਮਾ ਦੀ ਪ੍ਰਾਪਤੀ ਹੋ ਜਾਵੇਗੀ।।
ਨਉ ਖੰਡ ਪ੍ਰਿਥਮੀ ਫਿਰੈ ਚਿਰੁ ਜੀਵੈ ।। ਮਹਾ ਉਦਾਸੁ ਤਪੀਸਰੁ ਥੀਵੈ ।।
ਇਨਸਾਨ ਭਾਂਵੇਂ ਨੌਂਆਂ ਖੰਡਾਂ ਭਾਵ ਸਾਰੀ ਦੁਨੀਆਂ
ਵਿੱਚ ਘੁੰਮ ਲਵੇ, ਜਿੰਨੀ ਮਰਜ਼ੀ ਲੰਮੀ ਉਮਰ ਪਾ ਲਵੇ, ਉਸ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋ
ਸਕਦੀ। ਜੇ ਉਹ ਸੰਸਾਰ ਨੂੰ ਤਿਆਗ ਕੇ ਉਦਾਸੀ ਬਣ ਜਾਵੇ, ਮਹਾਨ ਤਪੱਸਵੀ ਬਣ ਜਾਵੇ ਤਾਂ ਵੀ ਉਸ ਦਾ
ਪਾਰ ਉਤਾਰਾ ਨਹੀਂ ਹੋ ਸਕਦਾ।
ਅਗਨਿ ਮਾਹਿ ਹੋਮਤ ਪਰਾਨ ।। ਕਨਿਕ ਅਸ੍ਵ ਹੈਵਰ ਭੂਮਿ ਦਾਨ ।।
ਜੇ ਕੋਈ ਅੱਗ ਵਿੱਚ ਬੈਠ ਕੇ ਅਪਣੇ ਆਪ ਦੀ ਆਹੂਤੀ ਵੀ ਦੇ ਦੇਵੇ ਤਾਂ ਵੀ ਉਸ ਨੂੰ ਮੁਕਤੀ ਨਹੀਂ ਮਿਲ ਸਕਦੀ।
ਸੋਨਾ, ਘੋੜੇ, ਹਾਥੀ ਅਤੇ ਜ਼ਮੀਨ ਆਦਿ ਦਾਨ ਕਰਨ ਨਾਲ਼ ਵੀ ਇਨਸਾਨ ਨੂੰ ਮੁਕਤੀ ਨਹੀਂ ਮਿਲ ਸਕਦੀ।
ਨਿਉਲੀ ਕਰਮ ਕਰੈ ਬਹੁ ਆਸਨ ।। ਜੈਨ ਮਾਰਗ ਸੰਜਮ ਅਤਿ ਸਾਧਨ ।।
ਨਿਉਲ਼ੀ ਕਰਮ ਵਰਗੇ ਅਤਿ ਮੁਸ਼ਕਿਲ ਯੋਗ ਆਸਨ ਕਰਨ
ਨਾਲ਼ ਵੀ ਮੁਕਤੀ ਨਹੀਂ ਮਿਲ ਸਕਦੀ। ਜੈਨ ਧਰਮ ਦੇ ਦਰਸਾਏ ਰਸਤੇ ਤੇ ਚੱਲਦੇ ਹੋਏ ਸਾਰੇ ਸੁਖਾਂ ਦਾ
ਤਿਆਗ ਕਰ ਕੇ ਅਤਿ ਸੰਜਮ ਦਾ ਜੀਵਨ ਜਿਉਣ ਨਾਲ ਵੀ ਅਸੀਂ ਮੁਕਤੀ ਹਾਸਲ ਨਹੀਂ ਕਰ ਸਕਦੇ।
ਨਿਮਖ ਨਿਮਖ ਕਰਿ ਸਰੀਰੁ ਕਚਾਵੈ ।। ਤਉ ਭੀ ਹਉਮੈ ਮੈਲੁ ਨ ਜਾਵੈ ।।
ਜੇ ਇਨਸਾਨ ਅਪਣੇ ਸਰੀਰ ਦੇ ਨਿੱਕੇ ਨਿੱਕੇ ਟੁਕੜੇ
ਵੀ ਕਰਵਾ ਲਵੇ ਤਾਂ ਵੀ ਉਸ ਨੂੰ ਮੁਕਤੀ ਨਹੀਂ ਮਿਲ ਸਕਦੀ ਕਿਉਂਕਿ ਅਜਿਹਾ ਕਰਨ ਨਾਲ਼ ਵੀ ਉਸ ਦੇ
ਅੰਦਰੋਂ ਹਉਮੈ ਦੀ ਮੈਲ਼ ਨਹੀਂ ਜਾਂਦੀ।
ਹਰਿ ਕੇ ਨਾਮ ਸਮਸਰਿ ਕਛੁ ਨਾਹਿ ।। ਨਾਨਕ ਗੁਰਮੁਖਿ ਨਾਮੁ ਜਪਤ ਗਤਿ ਪਾਇ ।।
੨ ।।
ਪ੍ਰਮਾਤਮਾ ਦੇ ਨਾਮ ਦੇ ਬਰਾਬਰ ਹੋਰ ਕੋਈ ਵੀ
ਤਰੀਕਾ ਪ੍ਰਮਾਤਮਾ ਦੀ ਪ੍ਰਾਪਤੀ ਕਰਨ ਦਾ ਅਤੇ ਮੁਕਤੀ ਪ੍ਰਾਪਤ ਕਰਨ ਦਾ ਨਹੀਂ। ਅਪਣੇ ਮਨ ਦੀ ਮੱਤ
ਤਿਆਗ ਕੇ ਗੁਰੂ ਦੇ ਦੱਸੇ ਰਾਹ ਤੇ ਚੱਲਦੇ ਹੋਏ ਨਾਮ ਦਾ ਸਿਮਰਨ ਕਰ ਕੇ ਹੀ ਇਨਸਾਨ ਮੁਕਤੀ ਪ੍ਰਾਪਤ
ਕਰ ਸਕਦਾ ਹੈ।
ਮਨ ਕਾਮਨਾ ਤੀਰਥ ਦੇਹ ਛੁਟੈ ।। ਗਰਬੁ ਗੁਮਾਨੁ ਨ ਮਨ ਤੇ ਹੁਟੈ ।।
ਇਨਸਾਨ ਮਨ ਵਿੱਚ ਇਹ ਇੱਛਾ ਰੱਖਦਾ ਹੈ ਕਿ ਉਸ ਦੀ
ਮੌਤ ਕਿਸੇ ਪਵਿੱਤਰ ਤੀਰਥ ਸਥਾਨ ਤੇ ਹੋਵੇ, ਇਸ ਨਾਲ਼ ਉਸ ਨੂੰ ਮੁਕਤੀ ਮਿਲ ਜਾਵੇਗੀ ਪਰ ਅਜਿਹਾ ਨਹੀਂ
ਹੁੰਦਾ ਕਿਉਂਕਿ ਤੀਰਥ ਸਥਾਨਾ ਤੇ ਇਸ਼ਨਾਨ ਕਰ ਕੇ ਵੀ ਉਸ ਦੇ ਮਨ ਤੋਂ ਹਉਮੈ ਦੀ ਮੈਲ਼ ਦੂਰ ਨਹੀਂ
ਹੁੰਦੀ।
ਸੋਚ ਕਰੈ ਦਿਨਸੁ ਅਰੁ ਰਾਤਿ ।। ਮਨ ਕੀ ਮੈਲੁ ਨ ਤਨ ਤੇ ਜਾਤਿ ।।
ਦਿਨ ਰਾਤ ਤੀਰਥਾਂ ਤੇ ਨਹਾ ਨਹਾ ਕੇ ਇਨਸਾਨ ਅਪਣੇ
ਸਰੀਰ ਨੂੰ ਪਵਿੱਤਰ ਕਰਦਾ ਰਹਿੰਦਾ ਹੈ ਪਰ ਇਸ ਤਰਾਂ ਸਰੀਰ ਨੂੰ ਸਾਫ ਕਰਨ ਨਾਲ਼ ਮਨ ਦੀ ਮੈਲ਼ ਨਹੀਂ
ਧੁਲਦੀ, ਮਨ ਪਵਿੱਤਰ ਨਹੀਂ ਹੁੰਦਾ।
ਇਸੁ ਦੇਹੀ ਕਉ ਬਹੁ ਸਾਧਨਾ ਕਰੈ ।। ਮਨ ਤੇ ਕਬਹੂ ਨ ਬਿਖਿਆ ਟਰੈ ।।
ਆਦਮੀ ਤਰਾਂ ਤਰਾਂ ਦੇ ਤਰੀਕੇ ਵਰਤ ਕੇ ਭਾਵੇਂ
ਅਪਣੇ ਸਰੀਰ ਨੂੰ ਸੋਧ ਲਵੇ, ਉਸ ਉੱਤੇ ਨਿਯੰਤਰਣ ਹਾਸਲ ਕਰ ਲਵੇ ਪਰ ਫਿਰ ਵੀ ਉਸ ਦੇ ਮਨ ਤੋਂ ਵਿਸ਼ੇ
ਵਿਕਾਰਾਂ ਦਾ ਜ਼ਹਿਰ ਦੂਰ ਨਹੀਂ ਹੁੰਦਾ।
ਜਲਿ ਧੋਵੈ ਬਹੁ ਦੇਹਿ ਅਨੀਤਿ ।। ਸੁਧ ਕਹਾ ਹੋਇ ਕਾਚੀ ਭੀਤਿ ।।
ਇਨਸਾਨ ਅਪਣੀ ਬਿਨਸਨਹਾਰ ਦੇਹੀ ਪਵਿੱਤਰ ਕਰਨ ਲਈ
ਇਸ ਨੂੰ ਵਾਰ ਵਾਰ ਪਾਣੀ ਨਾਲ਼ ਧੋਂਦਾ ਹੈ, ਇਸ਼ਨਾਨ ਕਰਦਾ ਹੈ। ਪਰ ਇਹ ਦੇਹੀ
ਤਾਂ ਕੱਚੀ ਕੰਧ ਦੀ ਤਰਾਂ ਹੈ। ਜਿਵੇਂ ਕੱਚੀ ਕੰਧ ਪਾਣੀ ਨਾਲ਼ ਧੋਤਿਆਂ ਸਾਫ ਨਹੀਂ ਹੁੰਦੀ ਉਸੇ ਤਰਾਂ
ਇਨਸਾਨ ਦਾ ਮਨ ਵੀ ਇਸ਼ਨਾਨ ਕਰਨ ਨਾਲ਼ ਪਵਿੱਤਰ ਨਹੀਂ ਹੁੰਦਾ।
ਮਨ ਹਰਿ ਕੇ ਨਾਮ ਕੀ ਮਹਿਮਾ ਊਚ ।। ਨਾਨਕ ਨਾਮਿ ਉਧਰੇ ਪਤਿਤ ਬਹੁ ਮੂਚ ।। ੩ ।।
ਐ ਮੇਰੇ ਮਨ, ਹਰੀ ਦਾ ਨਾਮ ਬਹੁਤ ਹੀ ਉੱਤਮ ਹੈ,
ਹਰੀ ਦੇ ਨਾਮ ਦੀ ਵਡਿਆਈ ਬਹੁਤ ਉੱਚੀ ਹੈ। ਗੁਰੂ ਜੀ ਸਾਨੂੰ ਦੱਸਦੇ ਹਨ ਕਿ ਅਨੇਕਾਂ ਹੀ ਪਾਪੀ ਨਾਮ
ਸਿਮਰਨ ਦਾ ਸਦਕਾ ਮਹਾਨ ਪਦਵੀ ਹਾਸਲ ਕਰ ਚੁੱਕੇ ਹਨ ਅਤੇ ਉਨ੍ਹਾਂ ਦਾ ਉਧਾਰ ਹੋ ਗਿਆ ਹੈ।
ਬਹੁਤੁ ਸਿਆਣਪ ਜਮ ਕਾ ਭਉ ਬਿਆਪੈ ।। ਅਨਿਕ ਜਤਨ ਕਰਿ ਤ੍ਰਿਸਨ ਨ ਧ੍ਰਾਪੈ ।।
ਬਹੁਤ ਸਿਆਣਪ ਕਰਨ ਨਾਲ਼ ਇਨਸਾਨ ਦਾ ਜਮਾਂ ਦਾ ਡਰ
ਦੂਰ ਨਹੀਂ ਹੁੰਦਾ ਸਗੋਂ ਵਧਦਾ ਜਾਂਦਾ ਹੈ। ਅਨੇਕਾਂ ਯਤਨ ਕਰਨ ਨਾਲ਼ ਵੀ ਇਨਸਾਨ ਦੀ ਤ੍ਰਿਸ਼ਨਾ ਦੀ
ਅੱਗ ਬੁਝਦੀ ਨਹੀਂ, ਉਸ ਨੂੰ ਸਬਰ ਸੰਤੋਖ ਪ੍ਰਾਪਤ ਨਹੀਂ ਹੁੰਦਾ। ਉਸ ਦੀ ਤ੍ਰਿਸ਼ਨਾ ਸਗੋਂ ਹੋਰ
ਪ੍ਰਚੰਡ ਹੁੰਦੀ ਜਾਂਦੀ ਹੈ।
ਭੇਖ ਅਨੇਕ ਅਗਨਿ ਨਹੀ ਬੁਝੈ ।। ਕੋਟਿ ਉਪਾਵ ਦਰਗਹ ਨਹੀ ਸਿਝੈ ।।
ਤਰਾਂ ਤਰਾਂ ਦੇ ਭੇਖ ਕਰਨ ਨਾਲ਼ ਵੀ ਇਨਸਾਨ ਦੀ
ਵਿਕਾਰਾਂ ਦੀ ਅੱਗ ਸ਼ਾਂਤ ਨਹੀਂ ਹੁੰਦੀ। ਕ੍ਰੋੜਾਂ ਯਤਨ ਕਰਨ ਨਾਲ਼ ਵੀ ਉਹ ਪ੍ਰਮਾਤਮਾ ਦੇ ਦਰਬਾਰ ਵਿੱਚ ਸਜ਼ਾ ਤੋਂ ਨਹੀਂ ਬਚ ਸਕਦਾ। ਵਿਕਾਰਾਂ ਅਤੇ ਪਾਪਾਂ ਦੀ ਸਜ਼ਾ ਤੋਂ
ਬਚਣ ਲਈ ਕੀਤੇ ਕ੍ਰੋੜਾਂ ਹੀਲੇ ਈਸ਼ਵਰ ਦੇ ਦਰਬਾਰ ਵਿੱਚ ਕੰਮ ਨਹੀਂ ਆਉਂਦੇ।
ਛੂਟਸਿ ਨਾਹੀ ਊਭ ਪਇਆਲਿ ।। ਮੋਹਿ ਬਿਆਪਹਿ ਮਾਇਆ ਜਾਲਿ ।।
ਅਸਮਾਨ ਜਾਂ ਪਤਾਲ਼ ਵਿੱਚ ਲੁਕ ਕੇ ਵੀ ਬੰਦਾ ਅਪਣੇ
ਪਾਪਾਂ ਦੀ ਸਜ਼ਾ ਤੋਂ ਬਚ ਨਹੀਂ ਸਕਦਾ। ਜਿੰਨਾਂ ਵੱਧ ਉਹ ਮੋਹ ਦੇ ਜਾਲ਼ ਵਿੱਚ ਫਸਦਾ ਜਾਂਦਾ
ਹੈ ਓਨੀ ਹੀ ਮਾਇਆ ਦੀ ਜਕੜ ਉਸ ਉੱਤੇ ਮਜ਼ਬੂਤ ਹੁੰਦੀ ਜਾਂਦੀ ਹੈ।
ਅਵਰ ਕਰਤੂਤਿ ਸਗਲੀ ਜਮੁ ਡਾਨੈ ।। ਗੋਵਿੰਦ ਭਜਨ ਬਿਨੁ ਤਿਲੁ ਨਹੀ ਮਾਨੈ ।।
ਹਰੀ ਨਾਮ ਦੇ ਭਜਨ ਤੋਂ ਬਿਨਾ ਹੋਰ ਸਾਰੇ ਕਰਮ
ਪਾਪ-ਕਰਮ ਹਨ ਅਤੇ ਜਮ ਇਨਸਾਨ ਨੂੰ ਉਨ੍ਹਾਂ ਦੀ ਸਜ਼ਾ ਦਿੰਦੇ ਹਨ। ਪ੍ਰਮਾਤਮਾ ਦੇ ਨਾਮ ਦਾ ਭਜਨ ਕਰਨ
ਤੋਂ ਬਿਨਾ ਹੋਰ ਕਿਸੇ ਵੀ ਦਲੀਲ ਨੂੰ ਪ੍ਰਮਾਤਮਾ ਦੇ ਦਰਬਾਰ ਵਿੱਚ ਕੋਈ ਵਜ਼ਨ ਨਹੀਂ ਦਿੱਤਾ ਜਾਂਦਾ।
ਕੇਵਲ ਨਾਮ ਸਿਮਰਨ ਹੀ ਸਾਨੂੰ ਅਪਣੇ ਗੁਨਾਹਾਂ ਦੀ ਸਜ਼ਾ ਤੋਂ ਬਚਾ ਸਕਦਾ ਹੈ।
ਹਰਿ ਕਾ ਨਾਮੁ ਜਪਤ ਦੁਖੁ ਜਾਇ ।। ਨਾਨਕ ਬੋਲੈ ਸਹਜਿ ਸੁਭਾਇ ।। ੪ ।।
ਪ੍ਰਮਾਤਮਾ ਦੇ ਨਾਮ ਦੇ ਸਿਮਰਨ ਨਾਲ਼ ਸਾਰੇ
ਦੁੱਖ ਦੂਰ ਹੋ ਜਾਂਦੇ ਹਨ। ਇਸ ਕਰਕੇ ਗੁਰੂ ਜੀ ਕਹਿੰਦੇ ਹਨ ਕਿ ਸਾਨੂੰ ਹਰ ਵੇਲ਼ੇ ਸਹਿਜ ਸੁਭਅ ਹੀ
ਨਾਮ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ।
ਚਾਰਿ ਪਦਾਰਥ ਜੇ ਕੋ ਮਾਗੈ ।। ਸਾਧ ਜਨਾ ਕੀ ਸੇਵਾ ਲਾਗੈ ।।
ਜੇ ਕੋਈ ਚਾਰ ਪਦਾਰਥ (ਕਾਮ, ਅਰਥ, ਧਰਮ ਅਤੇ
ਮੋਕਸ਼) ਹਾਸਲ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਸੰਤ ਲੋਕਾਂ ਦੀ ਸੇਵਾ ਵਿੱਚ ਲੱਗਣਾ ਚਾਹੀਦਾ ਹੈ।
ਸੰਤਾਂ ਦੀ ਸੇਵਾ ਕਰਨ ਨਾਲ਼ ਇਹ ਚਾਰੋਂ ਹੀ ਪ੍ਰਾਪਤ ਹੋ ਜਾਂਦੇ ਹਨ।
ਜੇ ਕੋ ਆਪੁਨਾ ਦੂਖੁ ਮਿਟਾਵੈ ।। ਹਰਿ ਹਰਿ ਨਾਮੁ ਰਿਦੈ ਸਦ ਗਾਵੈ ।।
ਜਿਹੜਾ ਵਿਅਕਤੀ ਅਪਣੇ ਦੁੱਖਾਂ ਦਾ ਨਾਸ਼ ਕਰਨਾ
ਚਾਹੁੰਦਾ ਹੈ ਉਸ ਨੂੰ ਹਮੇਸ਼ਾ ਅਪਣੇ ਹਿਰਦੇ ਵਿੱਚ ਪ੍ਰਮਾਤਮਾ ਦੇ ਨਾਂ ਦਾ ਸਿਮਰਨ ਕਰਨਾ ਚਾਹੀਦਾ
ਹੈ।
ਜੇ ਕੋ ਅਪੁਨੀ ਸੋਭਾ ਲੋਰੈ ।। ਸਾਧਸੰਗਿ ਇਹ ਹਉਮੈ ਛੋਰੈ ।।
ਜੇ ਕੋਈ ਇਨਸਾਨ ਇਹ ਚਾਹੁੰਦਾ ਹੈ ਕਿ ਸੰਸਾਰ ਵਿੱਚ
ਉਸ ਦੀ ਸ਼ੋਭਾ ਹੋਵੇ ਤਾਂ ਉਸ ਨੂੰ ਸੰਤ ਪੁਰਖਾਂ ਦੀ ਸੰਗਤ ਕਰਨੀ ਚਾਹੀਦੀ ਹੈ ਜਿਸ ਦੇ ਸਿੱਟੇ ਵਜੋਂ
ਉਸ ਦੇ ਹਿਰਦੇ ਵਿੱਚੋਂ ਹਉਮੈ ਦਾ ਨਾਸ ਹੋ ਜਾਵੇ।
ਜੇ ਕੋ ਜਨਮ ਮਰਣ ਤੇ ਡਰੈ ।। ਸਾਧ ਜਨਾ ਕੀ ਸਰਨੀ ਪਰੈ ।।
ਜੇ ਕੋਈ ਇਨਸਾਨ ਜਨਮ ਮਰਨ ਦੇ ਚੱਕਰ ਤੋਂ ਡਰਦਾ ਹੈ
ਅਤੇ ਇਸ ਤੋਂ ਬਚਣਾ ਚਾਹੁੰਦਾ ਹੈ ਤਾਂ ਉਸ ਨੂੰ ਸੰਤ ਪੁਰਖਾਂ ਦੀ ਸ਼ਰਨ ਵਿੱਚ ਆਉਣਾ ਚਾਹੀਦਾ ਹੈ
ਜਿਹੜੇ ਸਹੀ ਜੀਵਨ ਜਾਚ ਸਿਖਾ ਕੇ ਉਸ ਨੂੰ ਮੁਕਤੀ ਦਾ ਰਸਤਾ ਦਿਖਾ ਸਕਣ।
ਜਿਸ ਜਨ ਕਉ ਪ੍ਰਭ ਦਰਸ ਪਿਆਸਾ ।। ਨਾਨਕ ਤਾ ਕੈ ਬਲਿ ਬਲਿ ਜਾਸਾ ।। ੫ ।।
ਪਰ ਸਭ ਤੋਂ ਉੱਤਮ ਇਨਸਾਨ ਉਹ ਹੈ ਜਿਹੜਾ
ਨਾਮ ਸਿਮਰਨ ਕੋਈ ਹੋਰ ਇੱਛਾ ਲੈ ਕੇ ਨਹੀਂ ਕਰਦਾ, ਕੇਵਲ ਇਸ ਲਈ ਕਰਦਾ ਹੈ ਕਿ ਉਸ ਦੇ ਮਨ ਵਿੱਚ ਪ੍ਰਮਾਤਮਾ
ਨੂੰ ਮਿਲਣ ਦੀ ਪਿਆਸ ਹੈ । ਗੁਰੂ ਜੀ ਉਸ ਤੋਂ ਬਲਿਹਾਰ ਜਾਂਦੇ ਹਨ ਕਿਉਂਕਿ
ਅਜਿਹੇ ਲੋਕ ਸੰਸਾਰ ਦੇ ਸਭ ਤੋਂ ਚੰਗੇ ਲੋਕ ਹੁੰਦੇ ਹਨ।
ਸਗਲ ਪੁਰਖ ਮਹਿ ਪੁਰਖੁ ਪ੍ਰਧਾਨੁ ।। ਸਾਧਸੰਗਿ ਜਾ ਕਾ ਮਿਟੈ ਅਭਿਮਾਨੁ ।।
ਸਮੁੱਚੀ ਮਨੁੱਖਤਾ ਵਿਚੋਂ ਉਹ ਇਨਸਾਨ ਸਭ ਤੋਂ
ਉੱਤਮ ਹੈ ਜਿਸ ਨੇ ਸੰਤਾਂ ਦੀ ਸੰਗਤ ਕਰ ਕੇ ਅਤੇ ਉਨ੍ਹਾਂ ਤੋਂ ਸਹੀ ਜੀਵਨ ਜਾਚ ਸਿੱਖ ਕੇ ਅਪਣੀ
ਹਉਮੈ ਨੂੰ ਮਾਰ ਲਿਆ ਹੈ।
ਆਪਸ ਕਉ ਜੋ ਜਾਨੈ ਨੀਚਾ ।। ਸੋਊ ਗਨੀਐ ਸਭ ਤੇ ਊਚਾ ।।
ਜਿਹੜਾ ਇਨਸਾਨ ਅਪਣੇ ਆਪ ਨੂੰ ਸਭ ਤੋਂ ਨੀਂਵਾਂ
ਸਮਝਦਾ ਹੈ ਅਸਲ ਵਿੱਚ ਉਸ ਨੂੰ ਸਭ ਤੋਂ ਮਹਾਨ ਸਮਝਣਾ ਚਾਹੀਦਾ ਹੈ।
ਜਾ ਕਾ ਮਨ ਹੋਇ ਸਗਲ ਕੀ ਰੀਨਾ ।। ਹਰਿ ਹਰਿ ਨਾਮੁ ਤਿਨ ਘਟਿ ਘਟਿ ਚੀਨਾ ।।
ਜਿਸ ਵਿਅਕਤੀ ਦੇ ਅੰਦਰ ਏਨੀ ਨਿਮਰਤਾ ਆ ਜਾਵੇ ਕਿ
ਉਹ ਅਪਣੇ ਆਪ ਨੂੰ ਸਾਰੀ ਸੰਗਤ ਦੇ ਚਰਨਾਂ ਦੀ ਧੂੜ ਸਮਝਣ ਲੱਗ ਪਵੇ ਉਸ ਨੂੰ ਹਰ ਇੱਕ ਇਨਸਾਨ ਦੇ
ਅੰਦਰ ਸਰਬ ਸ਼ਕਤੀਮਾਨ ਪ੍ਰਮਾਤਮਾ ਦਿਖਾਈ ਦੇਣ ਲੱਗ ਪੈਂਦਾ ਹੈ।
ਮਨ ਅਪੁਨੇ ਤੇ ਬੁਰਾ ਮਿਟਾਨਾ ।। ਪੇਖੈ ਸਗਲ ਸ੍ਰਿਸਟਿ ਸਾਜਨਾ ।।
ਜਿਸ ਇਨਸਾਨ ਨੂੰ ਘਟ ਘਟ ਵਿੱਚ ਈਸ਼ਵਰ
ਦਿਖਾਈ ਦੇਣ ਲੱਗ ਪਵੇ ਉਸ ਦੇ ਅੰਦਰੋਂ ਬੁਰਾਈ ਜਾਂ ਦੁਸ਼ਮਨੀ ਦੀ ਭਾਵਨਾ ਖ਼ਤਮ ਹੋ ਜਾਂਦੀ ਹੈ ਅਤੇ ਉਸ
ਨੂੰ ਸਾਰਾ ਸੰਸਾਰ ਹੀ ਮਿੱਤਰ ਦਿਖਾਈ ਦਿੰਦਾ ਹੈ।
ਸੂਖ ਦੂਖ ਜਨ ਸਮ ਦ੍ਰਿਸਟੇਤਾ ।। ਨਾਨਕ ਪਾਪ ਪੁੰਨ ਨਹੀ ਲੇਪਾ ।। ੬ ।।
ਇਸ ਤਰਾਂ ਦਾ ਇਨਸਾਨ ਸੁਖ ਅਤੇ ਦੁੱਖ ਦੋਹਾਂ ਨੂੰ
ਬਰਾਬਰ ਸਮਝਦਾ ਹੈ ਅਤੇ ਉਸ ਨੂੰ ਪਾਪ ਅਤੇ ਪੁੰਨ ਨਹੀਂ ਲੱਗਦੇ। ਕਿਸੇ ਨਾਲ਼ ਵੀ ਦੁਸ਼ਮਣੀ ਨਾ ਹੋਣ
ਕਰਕੇ ਉਹ ਕਦੀ ਕਿਸੇ ਦਾ ਬੁਰਾ ਕਰਦਾ ਹੀ ਨਹੀਂ। ਇਸ ਲਈ ਉਹ ਜੋ ਵੀ ਕਰਦਾ ਹੈ ਸਭ ਪੁੰਨ ਹੀ ਹੁੰਦਾ
ਹੈ।
ਨਿਰਧਨ ਕਉ ਧਨੁ ਤੇਰੋ ਨਾਉ ।। ਨਿਥਾਵੇ ਕਉ ਨਾਉ ਤੇਰਾ ਥਾਉ ।।
ਜੋ ਇਨਸਾਨ ਨਾਮ ਸਿਮਰਨ ਵਿੱਚ ਜੁਟਿਆ ਰਹਿੰਦਾ ਹੈ
ਉਸ ਲਈ ਵਾਹਿਗੁਰੂ ਦਾ ਨਾਮ ਹੀ ਧਨ ਹੁੰਦਾ ਹੈ ਅਤੇ ਉਹ ਹੋਰ ਕਿਸੇ ਧਨ ਦੀ ਇੱਛਾ ਨਹੀਂ ਰੱਖਦਾ। ਉਹ
ਨਿਰਧਨ ਹੋਣ ਦੇ ਬਾਵਜੂਦ ਵੀ ਧਨਵਾਨ ਹੁੰਦਾ ਹੈ। ਜਿਨ੍ਹਾਂ ਦਾ ਦੁਨੀਆਂ ਵਿੱਚ ਹੋਰ ਕੋਈ ਥਾਂ
(ਸਹਾਰਾ) ਨਹੀਂ, ਪ੍ਰਮਾਤਮਾ ਦਾ ਨਾਮ ਹੀ ਉਨ੍ਹਾਂ ਲੋਕਾਂ ਦਾ ਥਾਂ (ਸਹਾਰਾ) ਹੁੰਦਾ ਹੈ ।
ਨਿਮਾਨੇ ਕਉ ਪ੍ਰਭ ਤੇਰੋ ਮਾਨੁ ।। ਸਗਲ ਘਟਾ ਕਉ ਦੇਵਹੁ ਦਾਨੁ ।।
ਹੇ ਪ੍ਰਭੂ, ਤੇਰਾ ਨਾਂ ਹੀ ਨਿਮਾਣਿਆਂ ਦਾ ਮਾਣ
ਹੈ। ਉਨ੍ਹਾਂ ਨੂੰ ਹੋਰ ਕਿਸੇ ਤਰਾਂ ਦੇ ਦੁਨਿਆਵੀ ਮਾਣ ਦੀ ਲਾਲਸਾ ਨਹੀਂ ਹੁੰਦੀ। ਤੁਸੀਂ ਹੀ ਸਾਰੀ
ਦੁਨੀਆਂ ਨੂੰ ਦਾਤਾਂ ਦੀ ਬਖ਼ਸ਼ਿਸ਼ ਕਰਨ ਵਾਲ਼ੇ ਹੋ। ਦਾਤਾਂ ਦੇਣ ਵੇਲ਼ੇ ਤੁਸੀਂ ਕੋਈ ਭੇਦ ਭਾਵ ਨਹੀਂ
ਕਰਦੇ। ਇਹ ਨਹੀਂ ਕਰਦੇ ਕਿ ਕੁੱਝ ਲੋਕਾਂ ਤੇ ਬਖ਼ਸ਼ਿਸ਼ ਕਰ ਦੇਵੋ ਅਤੇ ਕੁੱਝ ਤੇ ਨਾ ਕਰੋ।
ਕਰਨ ਕਰਾਵਨਹਾਰ ਸੁਆਮੀ ।। ਸਗਲ ਘਟਾ ਕੇ ਅੰਤਰਜਾਮੀ ।।
ਹੇ ਮਾਲਕ, ਜੋ ਕੁਝ ਸੰਸਾਰ ਵਿੱਚ ਹੁੰਦਾ ਹੈ ਉਸ
ਸਭ ਦੇ ਕਰਨ ਵਾਲ਼ੇ ਤੁਸੀਂ ਹੀ ਹੋ। ਸਭ ਕੁਝ ਤੁਹਾਡਾ ਕੀਤਾ ਹੀ ਹੁੰਦਾ ਹੈ। ਤੁਸੀਂ ਹਰ ਇੱਕ ਜੀਵ ਦੇ
ਮਨ ਦੀਆਂ ਗੱਲਾਂ ਜਣਦੇ ਹੋ। ਕਿਸੇ ਦੇ ਮਨ ਵਿੱਚ ਕੀ ਹੈ, ਤੁਹਾਡੇ ਤੋਂ ਕੁਝ ਵੀ ਲੁਕਿਆ ਹੋਇਆ ਨਹੀਂ
ਹੈ, ਤੁਹਾਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ। ਤੁਸੀਂ ਜਾਣੀ ਜਾਣ ਹੋ।
ਅਪਨੀ ਗਤਿ ਮਿਤਿ ਜਾਨਹੁ ਆਪੇ ।। ਆਪਨ ਸੰਗਿ ਆਪਿ ਪ੍ਰਭ ਰਾਤੇ ।।
ਇਸ ਸ੍ਰਿਸ਼ਟੀ ਨੂੰ ਸਾਜਣ ਦਾ ਤੁਹਾਡਾ ਕੀ ਉਦੇਸ਼
ਸੀ, ਤੁਸੀਂ ਆਪ ਹੀ ਜਾਣਦੇ ਹੋ। ਜੋ ਕੁਝ ਹੋ ਰਿਹਾ ਹੈ ਉਹ ਕਿਉਂ ਹੋ ਰਿਹਾ ਹੈ , ਤੁਸੀਂ ਹੀ ਜਾਣਦੇ
ਹੋ। ਤੁਸੀਂ ਆਪ ਹੀ ਇਨਸਾਨੀ ਜਾਮਾ ਧਾਰ ਕੇ ਅਪਣੇ ਪਿਆਰ ਵਿੱਚ ਰੰਗੇ ਹੋਏ ਹੋ।
ਤੁਮ੍ਹਰੀ ਉਸਤਤਿ ਤੁਮ ਤੇ ਹੋਇ ।। ਨਾਨਕ ਅਵਰੁ ਨ ਜਾਨਸਿ ਕੋਇ ।। ੭ ।।
ਅਪਣੀ ਵਡਿਆਈ ਤੁਸੀਂ ਆਪ ਹੀ ਕਰ ਸਕਦੇ ਹੋ, ਹੋਰ
ਕੋਈ ਤੁਹਾਡੀ ਵਡਿਆਈ ਕਰਨ ਦੇ ਸਮਰਥ ਨਹੀਂ ਕਿਉਂਕਿ ਤੁਸੀਂ ਆਪ ਹੀ ਜਾਣਦੇ ਹੋ ਕਿ ਤੁਸੀਂ ਕਿੰਨੇ
ਮਹਾਨ ਹੋ। ਕਿਸੇ ਇਨਸਾਨ
ਨੂੰ ਏਨੀ ਸਮਝ ਹੋ ਹੀ ਨਹੀਂ ਸਕਦੀ ਕਿ ਉਹ ਤੁਹਾਡੀ ਵਡਿਆਈ ਨੂੰ ਸਮਝ ਸਕੇ।
ਸਰਬ ਧਰਮ ਮਹਿ ਸ੍ਰੇਸਟ ਧਰਮੁ ।। ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ।।
ਕਿਹੜਾ ਧਰਮ ਚੰਗਾ ਹੈ ਅਤੇ ਕਿਹੜਾ ਮਾੜਾ, ਇਹ ਸਭ
ਵਿਵਾਦ ਬੇਅਰਥ ਹਨ। ਕੋਈ ਧਰਮ ਚੰਗਾ ਨਹੀਂ ਅਤੇ ਕੋਈ ਧਰਮ ਮਾੜਾ ਨਹੀਂ। ਪ੍ਰਮਾਤਮਾ ਦੇ ਨਾਮ ਦਾ
ਸਿਮਰਨ ਕਰਨਾ ਅਤੇ ਨੇਕ ਕਰਮ ਕਰਨੇ ਹੀ ਸਭ ਤੋਂ ਉੱਤਮ ਧਰਮ ਹੈ।
ਸਗਲ ਕ੍ਰਿਆ ਮਹਿ ਊਤਮ ਕਿਰਿਆ ।। ਸਾਧਸੰਗਿ ਦੁਰਮਤਿ ਮਲੁ ਹਿਰਿਆ ।।
ਕਿਹੜਾ ਕੰਮ ਚੰਗਾ ਹੈ ਅਤੇ ਕਿਹੜਾ ਨਹੀਂ, ਇਹ
ਵਿਵਾਦ ਵੀ ਬੇਅਰਥ ਹੈ। ਸਭ ਤੋਂ ਚੰਗਾ ਕੰਮ ਇਹ ਹੈ ਕਿ ਨੇਕ ਇਨਸਾਨਾਂ ਦੀ, ਸੰਤ ਪੁਰਖਾਂ, ਦੀ ਸੰਗਤ
ਕਰ ਕੇ, ਉਨ੍ਹਾਂ ਤੋਂ ਨੇਕ ਸਿੱਖਿਆ ਲੈ ਕੇ ਬੁਰੀ ਮੱਤ ਦੀ ਮੈਲ਼ ਨੂੰ ਧੋਤਾ ਜਾਵੇ ਅਤੇ ਨੇਕ ਇਨਸਾਨ
ਬਣਿਆਂ ਜਾਵੇ।
ਸਗਲ ਉਦਮ ਮਹਿ ਉਦਮੁ ਭਲਾ ।। ਹਰਿ ਕਾ ਨਾਮੁ ਜਪਹੁ ਜੀ ਸਦਾ ।।
ਸਾਰੇ ਉੱਦਮਾ ਤੋਂ ਚੰਗਾ ਉੱਦਮ ਇਹ ਹੈ ਕਿ ਹਰ
ਵੇਲ਼ੇ ਵਾਹਿਗੁਰੂ ਦਾ ਨਾਮ ਜੱਪਿਆ ਜਾਵੇ।
ਸਗਲ ਬਾਨੀ ਮਹਿ ਅੰਮ੍ਰਿਤ ਬਾਨੀ ।। ਹਰਿ ਕੋ ਜਸੁ ਸੁਨਿ ਰਸਨ ਬਖਾਨੀ ।।
ਪ੍ਰਭੂ ਦੀ ਵਡਿਆਈ ਕੰਨਾਂ ਨਾਲ਼ ਸੁਣ ਕੇ ਜੀਭ ਨਾਲ਼
ਉਸ ਦੀ ਵਡਿਆਈ ਕਰਨਾ ਹੀ ਸਾਰੇ ਬੋਲਾਂ ਤੋਂ ਚੰਗੇ ਬੋਲ ਹਨ ਜੋ ਅੰਮ੍ਰਿਤ ਦੇ ਸਮਾਨ ਹਨ।
ਸਗਲ ਥਾਨ ਤੇ ਓਹਿ ਊਤਮ ਥਾਨੁ ।। ਨਾਨਕ ਜਿਹ ਘਟਿ ਬਸੈ ਹਰਿ ਨਾਮ ।। ੮ ।। ੩ ।।
ਗੁਰੂ ਜੀ ਸਮਝਾਉਂਦੇ ਹਨ ਕਿ ਸੰਸਾਰ ਵਿੱਚ ਸਭ ਤੋਂ
ਪਵਿੱਤਰ ਥਾਂ ਉਹ ਹੈ ਜਿੱਥੇ ਜਾ ਕੇ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਵਸ ਜਾਵੇ। ਉਹ ਥਾਂ ਹੈ ਸਤ
ਸੰਗਤ। ਅਤੇ ਸਭ ਤੋਂ ਮਹਾਨ ਇਨਸਾਨ ਉਹ ਹੈ ਜਿਸ ਦੇ ਹਿਰਦੇ ਵਿੱਚ ਹਰੀ ਦਾ ਨਾਮ ਵਸਿਆ ਹੋਇਆ ਹੈ।
ਸਲੋਕ ।।
ਨਿਰਗੁਨੀਆਰ ਇਆਨਿਆ ਸੋ ਪ੍ਰਭੁ ਸਦਾ ਸਮਾਲ ।। ਜਿਨ ਕੀਆ ਤਿਸ ਚੀਤ ਰਖੁ ਨਾਨਕ
ਨਿਬਹੀ ਨਾਲਿ ।। ੧ ।।
ਐ ਗੁਣਹੀਣ ਮੂਰਖ ਨਿਆਣੀ ਮੱਤ ਵਾਲ਼ੇ ਇਨਸਾਨ,
ਹਮੇਸ਼ਾ ਉਸ ਪ੍ਰਮਾਤਮਾ ਦਾ ਸਿਮਰਨ ਕਰਦਾ ਰਿਹਾ ਕਰ ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਸਦਾ ਉਸ
ਸਿਰਜਣਹਾਰ ਨੂੰ ਯਾਦ ਰੱਖਿਆ ਕਰ ਜਿਸ ਨੇ ਤੈਨੂੰ ਪੈਦਾ ਕੀਤਾ ਹੈ ਕਿਉਂਕਿ ਉਹ ਹੀ ਅੰਤ ਤੱਕ ਤੇਰਾ
ਸਾਥ ਨਿਭਾਏਗਾ। ਬਾਕੀ ਸਾਰੇ ਰਿਸ਼ਤੇ ਮਤਲਬ ਦੇ ਰਿਸ਼ਤੇ ਹਨ। ਇਹ ਆਤਮਾ ਦੇ ਸਰੀਰ ਛੱਡਦੇ ਸਾਰ
ਹੀ ਸਾਥ ਛੱਡ ਜਾਂਦੇ ਹਨ।
ਅਸਟਪਦੀ ।।
ਰਮਈਆ ਕੇ ਗੁਨ ਚੇਤ ਪਰਾਨੀ ।। ਕਵਨ ਮੂਲ ਤੇ ਕਵਨ ਦ੍ਰਿਸਟਾਨੀ ।।
ਹੇ ਜੀਵ, ਕਣ ਕਣ ਵਿੱਚ ਵਸੇ ਹੋਏ ਰਾਮ ਨੂੰ ਸਦਾ
ਮਨ ਵਿੱਚ ਯਾਦ ਕਰਦਾ ਰਿਹਾ ਕਰ। ਵੇਖ ਉਸ ਨੇ ਤੈਨੂੰ ਕੀ ਤੋਂ ਕੀ ਬਣਾ ਦਿੱਤਾ ਹੈ। ਤੂੰ ਵੀਰਜ ਦੀ ਇੱਕ
ਬੂੰਦ ਦੇ ਰੂਪ ਵਿੱਚ ਹੋਂਦ ਵਿੱਚ ਆਇਆ ਸੀ। ਸਿਰਜਣਹਾਰ ਨੇ ਤੈਨੂੰ ਸ੍ਰਿਸ਼ਟੀ ਦਾ ਸਰਦਾਰ ਬਣਾ ਦਿੱਤਾ
ਹੈ। ਏਨਾ ਉਪਕਾਰ ਕਰਨ ਵਾਲ਼ੇ ਅਪਣੇ ਕਰਤੇ ਨੂੰ ਇੱਕ ਪਲ ਲਈ ਵੀ ਮਨ ਤੋਂ ਨਾ ਵਿਸਾਰਿਆ ਕਰ।
ਜਿਨਿ ਤੂੰ ਸਾਜਿ ਸਵਾਰਿ ਸੀਗਾਰਿਆ ।। ਗਰਭ ਅਗਨਿ ਮਹਿ ਜਿਨਹਿ ਉਬਾਰਿਆ ।।
ਜਿਸ ਪ੍ਰਮਾਤਮਾ ਨੇ ਤੇਰੀ ਸਿਰਜਣਾ ਕਰ ਕੇ ਤੈਨੂੰ
ਏਨਾ ਸੁੰਦਰ ਸਰੀਰ ਦਿੱਤਾ ਹੈ, ਸਿਰਫ਼ ਤੈਨੂੰ ਸਿਰਜਿਆ ਹੀ ਨਹੀਂ, ਸੰਵਾਰਿਆ ਸ਼ਿੰਗਾਰਿਆ ਵੀ ਹੈ, ਜਿਸ
ਨੇ ਗਰਭ ਜੂਨ ਦੌਰਾਨ ਗਰਭ ਦੀ ਅਗਨੀ ਤੋਂ ਤੇਰੀ ਰੱਖਿਆ ਕੀਤੀ ਹੈ, ਉਸ ਨੂੰ ਕਦੇ ਇੱਕ ਪਲ ਲਈ ਵੀ ਮਨ
ਤੋਂ ਭੁਲਾਇਆ ਨਾ ਕਰ।
ਬਾਰ ਬਿਵਸਥਾ ਤੁਝਹਿ ਪਿਆਰੈ ਦੂਧਿ ।। ਭਰਿ ਜੋਬਨ ਭੋਜਨ ਸੁਖ ਸੂਧਿ ।।
ਬਾਲ ਅਵਸਥਾ ਵਿੱਚ ਉਸ ਨੇ ਤੇਰੀ ਪਾਲਣਾ ਕਰਨ ਲਈ
ਤੇਰੇ ਲਈ ਦੁੱਧ ਦਾ ਪ੍ਰਬੰਧ ਕੀਤਾ। ਜਦੋਂ ਤੂੰ ਜਵਾਨ ਹੋਇਆ ਤਾਂ ਉਸ ਨੇ ਤੇਰੇ ਲਈ ਭਾਂਤ ਭਾਂਤ ਦੇ
ਭੋਜਨ ਅਤੇ ਹੋਰ ਅਨੇਕਾਂ ਸੁਖ ਦੇ ਸਾਧਨ ਪੈਦਾ ਕਰ ਦਿੱਤੇ।
ਬਿਰਧਿ ਭਇਆ ਊਪਰਿ ਸਾਕ ਸੈਨ ।। ਮੁਖਿ ਅਪਿਆਉ ਬੈਠ ਕਉ ਦੈਨ ।।
ਜਦੋਂ ਤੂੰ ਬੁੱਢਾ ਹੋਇਆ ਤਾਂ ਤੇਰੀ ਸੇਵਾ ਕਰਨ ਲਈ
ਤੈਨੂੰ ਸਾਕ ਸੰਬੰਧੀ ਦਿੱਤੇ ਜਿਹੜੇ ਤੇਰੇ ਬੁਢਾਪੇ ਦੇ ਦਿਨਾਂ ਵਿੱਚ ਤੇਰੀ ਬੈਠੇ ਦੀ ਸੇਵਾ ਕਰਦੇ
ਹਨ, ਤੇਰੇ ਬੈਠੇ ਦੇ ਮੂੰਹ ਵਿੱਚ ਬੁਰਕੀਆਂ ਤੱਕ ਪਾਉਂਦੇ ਹਨ।
ਇਹੁ ਨਿਰਗੁਨੁ ਗੁਨੁ ਕਛੂ ਨ ਬੂਝੈ ।। ਬਖਸਿ ਲੇਹੁ ਤਉ ਨਾਨਕ ਸੀਝੈ ।। ੧ ।।
ਪਰ ਐ ਗੁਣਹੀਣ ਮਨੁੱਖ, ਤੂੰ ਏਨਾ ਨਾ-ਸ਼ੁਕਰਗੁਜ਼ਾਰ
ਹੈਂ ਕਿ ਪ੍ਰਮਾਤਮਾ ਦੇ ਏਨੇ ਵੱਡੇ ਉਪਕਾਰਾਂ ਦੀ ਵੀ ਕਦਰ ਨਹੀਂ ਪਾਉਂਦਾ ਅਤੇ ਉਸ ਨੂੰ ਭੁਲਾ ਦਿੰਦਾ
ਹੈਂ। ਉਹ ਕ੍ਰਿਪਾਲੂ ਪ੍ਰਮਾਤਮਾ ਤੇਰੇ ਤੇ ਤਰਸ ਖਾ ਕੇ ਤੈਨੂੰ ਬਖ਼ਸ਼ ਦੇਵੇ ਤਾਂ ਹੀ ਤੇਰਾ ਬਚਾ ਹੋ
ਸਕਦਾ ਹੈ।
ਜਿਹ ਪ੍ਰਸਾਦਿ ਧਰ ਊਪਰਿ ਸੁਖਿ ਬਸਹਿ ।। ਸੁਤ ਭ੍ਰਾਤ ਮੀਤ ਬਨਿਤਾ ਸੰਗਿ
ਹਸਹਿ ।।
ਜਿਸ ਪ੍ਰਮਾਤਮਾ ਦੀ ਕਿਰਪਾ ਸਦਕਾ ਤੂੰ ਇਸ ਧਰਤੀ
ਉੱਤੇ ਸੁਖਮਈ ਜੀਵਨ ਬਤੀਤ ਕਰਦਾ ਹੈਂ, ਜਿਸ ਦੀ ਮਿਹਰ ਸਦਕਾ ਤੂੰ ਪੁੱਤਰਾਂ, ਭਰਾਵਾਂ, ਦੋਸਤਾਂ
ਮਿੱਤਰਾਂ ਅਤੇ ਪਤਨੀ ਨਾਲ਼ ਹਸਦਾ ਖੇਡਦਾ ਹੈਂ, ਉਹ ਤੈਨੂੰ ਚੇਤੇ ਨਹੀਂ।
ਜਿਹ ਪ੍ਰਸਾਦਿ ਪੀਵਹਿ ਸੀਤਲ ਜਲਾ ।। ਸੁਖਦਾਈ ਪਵਨੁ ਪਾਵਕੁ ਅਮੁਲਾ ।।
ਜਿਸ ਵਾਹਿਗੁਰੂ ਨੇ ਤੈਨੂੰ ਪੀਣ ਲਈ ਠੰਢਾ
ਪਾਣੀ ਦਿੱਤਾ ਹੈ, ਤੈਨੂੰ ਸੁਖ ਦੇਣ ਲਈ ਹਵਾ ਅਤੇ ਅਗਨੀ ਬਣਾਈਆਂ ਹਨ ਜੋ ਤੈਨੂੰ ਗਰਮੀ ਅਤੇ ਸਰਦੀ
ਤੋਂ ਬਚਾਉਂਦੀਆਂ ਹਨ। ਏਨੀਆਂ ਅਨਮੋਲ ਅਤੇ ਜੀਵਨ ਲਈ ਏਨੀਆਂ ਜ਼ਰੂਰੀ ਹੋਣ ਦੇ ਬਾਵਜੂਦ ਵੀ ਉਸ ਮਾਲਕ
ਨੇ ਇਹ ਤੈਨੂੰ ਬਿਲਕੁਲ ਮੁਫ਼ਤ ਦਿੱਤੀਆਂ ਹਨ। ਪਰ
ਤੂੰ ਉਸ ਨੂੰ ਫੇਰ ਵੀ ਭੁਲਾ ਦਿੱਤਾ ਹੈ।
ਜਿਹ ਪ੍ਰਸਾਦਿ ਭੋਗਹਿ ਸਭਿ ਰਸਾ ।। ਸਗਲ ਸਮਗ੍ਰੀ
ਸੰਗਿ ਸਾਥਿ ਬਸਾ ।।
ਜਿਸ ਦੀ ਮਿਹਰਬਾਨੀ ਸਦਕਾ ਤੂੰ ਤਰਾਂ ਤਰਾਂ
ਦੇ ਸੁਆਦਾਂ ਦਾ ਅਨੰਦ ਮਾਣਦਾ ਹੈਂ, ਜਿਸ ਨੇ ਤੇਰੀ ਸੁਖ ਸੁਵਿਧਾ ਲਈ ਅਨੇਕਾਂ ਕਿਸਮ ਦੇ ਪਦਾਰਥ
ਪੈਦਾ ਕੀਤੇ ਹਨ, ਤੂੰ ਉਸ ਨੂੰ ਯਾਦ ਨਹੀਂ ਕਰਦਾ।
ਦੀਨੇ ਹਸਤ ਪਾਵ ਕਰਨ ਨੇਤ੍ਰ ਰਸਨਾ ।। ਤਿਸਹਿ
ਤਿਆਗਿ ਅਵਰ ਸੰਗਿ ਰਚਨਾ ।।
ਜਿਸ ਨੇ ਤੈਨੂੰ ਕੰਮ ਕਰਨ ਲਈ ਹੱਥ, ਚੱਲਣ
ਲਈ ਪੈਰ, ਸੁਣਨ ਲਈ ਕੰਨ, ਦੇਖਣ ਲਈ ਅੱਖਾਂ ਅਤੇ ਬੋਲਣ ਲਈ ਜੀਭ ਦਿੱਤੀ ਹੈ, ਉਸ ਨੂੰ ਭੁਲਾ ਕੇ ਤੂੰ ਸੰਸਾਰਿਕ ਪਦਾਰਥਾਂ ਨਾਲ਼ ਮੋਹ ਪਾ ਕੇ ਬੈਠ
ਗਿਆ ਹੈਂ।
ਐਸੇ ਦੋਖ ਮੂੜ ਅੰਧ ਬਿਆਪੇ ।। ਨਾਨਕ ਕਾਢਿ ਲੇਹੁ ਪ੍ਰਭ ਆਪੇ ।। ੨ ।।
ਏਹੋ ਜਿਹੇ ਮੂਰਖਤਾ ਭਰੇ ਗੁਨਾਹ ਕੋਈ ਮੂਰਖ
ਅੰਨ੍ਹਾ ਹੀ ਕਰ ਸਕਦਾ ਹੈ। ਤੂੰ ਬਖ਼ਸ਼ਣ ਦੇ ਲਾਇਕ ਨਹੀਂ। ਗੁਰੂ ਜੀ ਸਮਝਾਉਂਦੇ ਹਨ ਕਿ ਕ੍ਰਿਪਾਲੂ
ਪ੍ਰਮਾਤਮਾ ਹੀ ਅਪਣੇ ਦਿਆਲੂ ਸੁਭਾਅ ਕਾਰਨ ਤੇਰੇ ਤੇ ਮਿਹਰ ਕਰਕੇ ਤੈਨੂੰ ਬਚਾ ਸਕਦਾ ਹੈ।
ਆਦਿ ਅੰਤਿ ਜੋ ਰਾਖਨਹਾਰੁ ।। ਤਿਸ ਸਿਉ ਪ੍ਰੀਤਿ ਨ ਕਰੈ ਗਵਾਰੁ ।।
ਐ ਮਨੁਖ, ਤੂੰ ਏਨਾ ਮੂਰਖ ਹੈਂ ਕਿ ਜਿਹੜਾ
ਪ੍ਰਮਾਤਮਾ ਸ਼ੁਰੂ ਤੋਂ ਅਖੀਰ ਤੱਕ ਤੇਰੀ ਰੱਖਿਆ ਕਰਦਾ ਹੈ ਤੇ ਤੂੰ ਉਸ ਨਾਲ਼ ਵੀ ਪਿਆਰ ਨਹੀਂ ਕਰਦਾ।
ਜਾ ਕੀ ਸੇਵਾ ਨਵ ਨਿਧਿ ਪਾਵੈ ।। ਤਾ ਸਿਉ ਮੂੜਾ
ਮਨੁ ਨਹੀ ਲਾਵੈ ।।
ਤੂਂ ਏਨਾ ਮੂਰਖ ਹੈਂ ਕਿ ਜਿਸ ਪ੍ਰਮਾਤਮਾ
ਦੀ ਸੇਵਾ ਨਾਲ਼ ਤੈਨੂੰ ਨੌਂ ਨਿਧਾਂ (ਨੌਂ ਤਰਾਂ ਦੇ ਖ਼ਜ਼ਾਨੇ, ਨੌਂ ਕੀਮਤੀ ਵਸਤਾਂ) ਪ੍ਰਾਪਤ ਹੁੰਦੀਆਂ ਹਨ ਤੂੰ ਉਸ ਪ੍ਰਮਾਤਮਾ ਨਾਲ਼
ਵੀ ਪਿਆਰ ਨਹੀਂ ਕਰਦਾ।
ਜੋ ਠਾਕੁਰੁ ਸਦ ਸਦਾ ਹਜੂਰੇ ।। ਤਾ ਕਉ ਅੰਧਾ
ਜਾਨਤ ਦੂਰੇ ।।
ਤੂੰ ਇਸ ਕਦਰ ਅੰਨ੍ਹਾ ਹੋ ਗਿਆ ਹੈਂ ਕਿ ਜਿਹੜਾ
ਮਾਲਕ ਹਰ ਵੇਲ਼ੇ ਤੇਰੇ ਅੰਗ ਸੰਗ ਰਹਿੰਦਾ ਹੈ, ਹਰ ਥਾਂ ਤੇ ਹਾਜ਼ਰ ਨਾਜ਼ਰ ਹੁੰਦਾ ਹੈ, ਤੂੰ ਉਸ ਨੂੰ
ਦੂਰ ਸਮਝਦਾ ਹੈ।
ਜਾ ਕੀ ਟਹਲ ਪਾਵੈ ਦਰਗਹ ਮਾਨੁ ।। ਤਿਸਹਿ ਬਿਸਾਰੈ
ਮੁਗਧੁ ਅਜਾਨੁ ।।
ਤੂੰ ਏਨਾ ਮੂਰਖ ਅਤੇ ਗਿਆਨ ਤੋਂ ਵਿਹੂਣਾ
ਹੈਂ ਕਿ ਤੂੰ ਉਸ ਪ੍ਰਮਾਤਮਾ ਨੂੰ ਭੁਲਾ ਦਿੱਤਾ ਹੈ ਜਿਸ ਦੀ ਸੇਵਾ ਕਰਨ ਨਾਲ਼ ਤੈਨੂੰ ਦਰਗਾਹ ਵਿੱਚ
(ਰੱਬ ਦੇ ਦਰਬਾਰ ਵਿੱਚ) ਸਤਿਕਾਰ ਮਿਲਦਾ ਹੈ।
ਸਦਾ ਸਦਾ ਇਹੁ ਭੂਲਨਹਾਰੁ ।। ਨਾਨਕ ਰਾਖਨਹਾਰੁ
ਅਪਾਰੁ ।। ੩ ।।
ਇਹ ਇਨਸਾਨ ਗਲਤੀਆਂ ਦਾ ਪੁਤਲਾ ਹੈ। ਇਹ
ਹਮੇਸ਼ਾ ਹੀ ਗਲਤੀਆਂ ਕਰਦਾ ਰਹਿੰਦਾ ਹੈ। ਪ੍ਰੰਤੂ
ਗੁਰੂ ਜੀ ਕਹਿੰਦੇ ਹਨ ਕਿ ਰੱਖਣਹਾਰ ਪ੍ਰਮਾਤਮਾ ਦੀ ਦਿਆਲੁਤਾ ਦਾ ਕੋਈ ਅੰਤ ਨਹੀਂ। ਉਹ ਫਿਰ ਵੀ ਇਸ
ਨੂੰ ਬਚਾ ਲੈਂਦਾ ਹੈ।
ਰਤਨੁ ਤਿਆਗਿ ਕਉਡੀ ਸੰਗਿ ਰਚੈ ।। ਸਾਚੁ ਛੋਡਿ
ਝੂਠ ਸੰਗਿ ਮਚੈ ।।
ਰਤਨਾ ਵਰਗੇ ਕੀਮਤੀ ਪ੍ਰਮਾਤਮਾ ਦੇ ਨਾਮ
ਨੂੰ ਛੱਡ ਕੇ ਇਨਸਾਨ ਕੌਡੀਆਂ ਵਰਗੇ ਸਸਤੇ ਅਤੇ ਘਟੀਆ ਪਦਾਰਥਾਂ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ।
ਸਦਾ ਸਥਿਰ ਰਹਿਣ ਵਾਲ਼ੇ ਪ੍ਰਮਾਤਮਾ ਨੂੰ ਭੁੱਲ ਕੇ ਇਹ ਨਾਸ਼ਵਾਨ ਝੂਠੇ ਸੰਸਾਰ ਨਾਲ਼ ਮੋਹ ਪਾਈ ਰੱਖਦਾ
ਹੈ।
ਜੋ ਛਡਨਾ ਸੁ ਅਸਥਿਰੁ ਕਰਿ ਮਾਨੈ ।। ਜੋ ਹੋਵਨੁ
ਸੋ ਦੂਰਿ ਪਰਾਨੈ ।।
ਜਿਨ੍ਹਾਂ ਪਦਾਰਥਾਂ ਨੂੰ ਇਸ ਨੇ ਛੱਡ ਜਾਣਾ
ਹੈ ਉਨ੍ਹਾਂ ਨੂੰ ਇਹ ਸਦੀਵੀ ਸਮਝੀ ਬੈਠਾ ਹੈ। ਜੋ ਨਿਸ਼ਚਿਤ ਤੌਰ ਤੇ ਹੋਣਾ ਹੈ ਉਸ ਨੂੰ ਇਹ ਦੂਰ
ਸਮਝਦਾ ਹੈ ਅਰਥਾਤ ਇਹ ਸਮਝਦਾ ਹੈ ਕਿ ਇਹ ਨਹੀਂ ਹੋਣਾ।
ਛੋਡਿ ਜਾਏ ਤਿਸ ਕਾ ਸ੍ਰਮੁ ਕਰੈ ।। ਸੰਗਿ ਸਹਾਈ
ਤਿਸੁ ਪਰਹਰੈ ।।
ਜਿਨ੍ਹਾਂ ਪਦਾਰਥਾਂ ਨੂੰ ਇਸ ਨੇ ਛੱਡ ਜਾਣਾ
ਹੈ ਉਨ੍ਹਾਂ ਨੂੰ ਹਾਸਲ ਕਰਨ ਲਈ ਇਹ ਦਿਨ ਰਾਤ ਮਿਹਨਤ ਕਰਦਾ ਰਹਿੰਦਾ ਹੈ। ਜਿਸ ਪ੍ਰਮਾਤਮਾ ਦੇ ਨਾਮ ਨੇ
ਇਸ ਦਾ ਸਾਥ ਦੇਣਾ ਹੈ, ਇਸ ਦੀ ਸਹਾਇਤਾ ਕਰਨੀ ਹੈ, ਉਸ ਨੂੰ ਇਹ ਭੁੱਲ ਜਾਂਦਾ ਹੈ।
ਚੰਦਨੁ ਲੇਪੁ ਉਤਾਰੈ ਧੋਇ ।। ਗਰਧਬ ਪ੍ਰੀਤਿ ਭਸਮ
ਸੰਗਿ ਹੋਇ ।।
ਚੰਦਨ ਵਰਗੀ ਖੁਸ਼ਬੋਦਾਰ ਚੀਜ਼ ਦੇ ਲੇਪ ਨੂੰ
ਇਹ ਧੋ ਕੇ ਉਤਾਰ ਦਿੰਦਾ ਹੈ ਅਤੇ ਗਧੇ ਦੀ ਤਰਾਂ ਮਿੱਟੀ ਘੱਟੇ ਨਾਲ਼ ਪਿਆਰ ਪਾਈ ਰੱਖਦਾ ਹੈ, ਉਸ
ਵਿੱਚ ਲਿੱਬੜਿਆ ਰਹਿੰਦਾ ਹੈ।
ਅੰਧ ਕੂਪ ਮਹਿ ਪਤਿਤ ਬਿਕਰਾਲ ।। ਨਾਨਕ ਕਾਢਿ
ਲੇਹੁ ਪ੍ਰਭ ਦਇਆਲ ।। ੪ ।।
ਇਹ ਕਮੀਣਾ ਮੂਰਖ ਪਾਪੀ ਭਿਆਨਕ ਅੰਨ੍ਹੇ
ਖੂਹ ਵਿੱਚ ਡਿਗਿਆ ਹੋਇਆ ਹੈ। ਗੁਰੂ ਜੀ ਬੇਨਤੀ ਕਰਦੇ ਹਨ ਕਿ ਹੇ ਪ੍ਰਮਾਤਮਾ, ਤੂੰ ਦਿਆਲੂ ਹੈਂ,
ਅਪਣੇ ਦਿਆਲੂ ਸੁਭਾਅ ਨੂੰ ਕਾਇਮ ਰੱਖਦੇ ਹੋਏ ਤੂੰ ਆਪ ਹੀ ਇਸ ਅੰਨ੍ਹੇ ਖੂਹ ਵਿੱਚੋਂ ਇਸ ਨੂੰ ਕੱਢ
ਲੈ।
ਕਰਤੂਤਿ ਪਸੂ ਕੀ ਮਾਨਸ ਜਾਤਿ ।। ਲੋਕ ਪਚਾਰਾ ਕਰੈ
ਦਿਨੁ ਰਾਤਿ ।।
ਇਨਸਾਨ ਕੇਵਲ ਦੇਖਣ ਨੂੰ ਤਾਂ ਇਨਸਾਨ ਹੈ
ਪਰ ਇਸ ਦੇ ਕੰਮ ਪਸ਼ੂਆਂ ਵਾਲ਼ੇ ਹਨ। ਇਹ ਦਿਨ ਰਾਤ ਬਾਹਰਲੀ ਪਵਿੱਤਰਤਾ ਦਾ ਵਿਖਾਵਾ ਕਰ ਕੇ ਲੋਕਾਂ ਨੂੰ
ਧੋਖਾ ਦੇਣ ਦੀ ਕੋਸ਼ਿਸ਼ ਵਿੱਚ ਲੱਗਿਆ ਰਹਿੰਦਾ ਹੈ।
ਬਾਹਰਿ ਭੇਖ ਅੰਤਰਿ ਮਲੁ ਮਾਇਆ ।। ਛਪਸਿ ਨਾਹਿ
ਕਛੁ ਕਰੈ ਛਪਾਇਆ ।।
ਇਨਸਾਨ ਬਾਹਰੋਂ ਤਾਂ ਸਾਧੂਆਂ ਦਾ ਭੇਖ ਬਣਾ
ਕੇ ਰੱਖਦਾ ਹੈ ਪਰ ਇਸ ਦੇ ਅੰਦਰ ਮਾਇਆ ਦੇ ਮੋਹ ਦੀ ਗੰਦਗੀ ਭਰੀ ਹੁੰਦੀ ਹੈ। ਇਹ ਪੂਰਾ ਜ਼ੋਰ ਲਾ ਕੇ
ਇਸ ਗੰਦਗੀ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੇ ਹੈ ਪ੍ਰੰਤੂ ਅੰਦਰਲੀ ਅਸਲੀਅਤ ਛੁਪਾਈ ਨਹੀਂ ਜਾ ਸਕਦੀ।
ਬਾਹਰਿ ਗਿਆਨ ਧਿਆਨ ਇਸਨਾਨ ।। ਅੰਤਰਿ ਬਿਆਪੈ
ਲੋਭੁ ਸੁਆਨੁ ।।
ਬਾਹਰੋਂ ਤਾਂ ਇਹ ਨਹਾ ਧੋ ਕੇ ਪਵਿੱਤਰ
ਬਣਦਾ ਹੈ, ਗਿਆਨਵਾਨ ਹੋਣ ਦਾ ਵਿਖਾਵਾ ਕਰਦਾ ਹੈ ਅਤੇ ਸਮਾਧੀ ਲਗਾ ਕੇ ਪ੍ਰਮਾਤਮਾ ਨਾਲ਼ ਜੁੜੇ ਹੋਏ
ਹੋਣ ਦਾ ਪਾਖੰਡ ਕਰਦਾ ਹੈ ਪ੍ਰੰਤੂ ਇਸ ਦੇ ਅੰਦਰ ਲੋਭ ਰੂਪੀ ਕੁੱਤਾ ਭਾਰੂ ਹੁੰਦਾ ਹੈ ਅਤੇ ਇਹ
ਹਮੇਸ਼ਾ ਮਾਇਆ ਦੇ ਪਿੱਛੇ ਭੱਜਦਾ ਰਹਿੰਦਾ ਹੈ।
ਅੰਤਰਿ ਅਗਨਿ ਬਾਹਰਿ ਤਨੁ ਸੁਆਹ ।। ਗਲਿ ਪਾਥਰ
ਕੈਸੇ ਤਰੈ ਅਥਾਹ ।।
ਬਾਹਰੋਂ ਤਨ ਦੇ ਉੱਤੇ ਸੁਆਹ ਮਲ਼ ਕੇ
ਵਿਰੱਕਤ ਸਾਧੂ ਹੋਣ ਦਾ ਵਿਖਾਵਾ ਕਰਦਾ ਹੈ ਪਰ ਅੰਦਰੋਂ ਵਿਕਾਰਾਂ ਦੀ ਅਗਨੀ ਨਾਲ਼ ਪੀੜਤ ਹੁੰਦਾ ਹੈ। ਇਹ ਇਨਸਾਨ ਜਿਸ ਨੇ ਗਲ਼ ਵਿੱਚ ਪੱਥਰ ਬੰਨ੍ਹਿਆਂ
ਹੋਇਆ ਹੈ ਅਸੀਮ ਸਮੁੰਦਰ ਨੂੰ ਕਿਵੇਂ ਪਾਰ ਕਰ ਸਕਦਾ ਹੈ?
ਜਾ ਕੈ ਅੰਤਰਿ ਬਸੈ ਪ੍ਰਭੁ ਆਪਿ ।। ਨਾਨਕ ਤੇ ਜਨ
ਸਹਜਿ ਸਮਾਤਿ ।। ੫ ।।
ਗੁਰੂ ਜੀ ਦਾ ਫੁਰਮਾਨ ਹੈ ਕਿ ਜਿਨ੍ਹਾਂ
ਮਨੁਖਾਂ ਦੇ ਮਨ ਅੰਦਰ ਪ੍ਰਮਾਤਮਾ ਆਪ ਵਸਦਾ ਹੈ ਉਹ ਸਹਿਜ ਸੁਭਾਅ ਹੀ ਪ੍ਰਮਾਤਮਾ ਵਿੱਚ ਸਮਾ ਜਾਦੇ
ਹਨ, ਉਸ ਨਾਲ਼ ਇੱਕ ਮਿੱਕ ਹੋ ਜਾਂਦੇ ਹਨ।
ਸੁਨਿ ਅੰਧਾ ਕੈਸੇ ਮਾਰਗਿ ਪਾਵੈ ।। ਕਰੁ ਗਹਿ
ਲੇਹੁ ਓੜਿ ਨਿਬਹਾਵੈ ।।
ਆਦਮੀ ਅਕਲ ਦਾ ਅੰਨ੍ਹਾ ਹੈ। ਇੱਕ ਅੰਨ੍ਹੇ
ਆਦਮੀ ਨੂੰ ਜੇ ਬੋਲ ਕੇ ਰਸਤਾ ਦੱਸੀਏ ਤਾਂ ਉਹ ਰਸਤਾ ਦੇਖਣ ਦੇ ਸਮਰਥ ਨਹੀਂ ਹੋ ਜਾਂਦਾ ਅਤੇ ਨਾ ਹੀ
ਉਸ ਤੇ ਚੱਲ ਸਕਦਾ ਹੈ। ਹਾਂ, ਜੇ ਉਸ ਦਾ ਹੱਥ ਫੜ ਕੇ ਉਸ ਨੂੰ ਲੈ
ਜਾਈਏ ਤਾਂ ਉਹ ਅਪਣੀ ਮੰਜ਼ਿਲ ਤੇ ਪਹੁੰਚ ਸਕਦਾ ਹੈ।
ਕਹਾ ਬੁਝਾਰਤਿ ਬੂਝੈ ਡੋਰਾ ।। ਨਿਸਿ ਕਹੀਐ ਤਉ
ਸਮਝੈ ਭੋਰਾ ।।
ਬੋਲ਼ੇ ਨੂੰ ਜੇ ਬੁਝਾਰਤ ਪਾਈਏ ਤਾਂ ਉਹ
ਬੁੱਝ ਨਹੀਂ ਸਕਦਾ ਕਿਉਂਕਿ ਉਸ ਨੂੰ ਸੁਣਾਈ ਹੀ ਨਹੀਂ ਦਿੰਦਾ। ਅਸੀਂ ਰਾਤ ਕਹਿੰਦੇ ਹਾਂ, ਉਸ ਨੂੰ ਲੱਗਦਾ
ਹੈ ਕਿ ਅਸੀਂ ਸਵੇਰ ਆਖਿਆ ਹੈ।
ਕਹਾ ਬਿਸਨਪਦ ਗਾਵੈ ਗੁੰਗ ।। ਜਤਨ ਕਰੈ ਤਉ ਭੀ
ਸੁਰ ਭੰਗ ।।
ਇੱਕ ਗੁੰਗਾ ਇਨਸਾਨ ਬਿਸ਼ਨਪਦੇ ਨਹੀਂ ਗਾ
ਸਕਦਾ ਕਿਉਂਕਿ ਉਸ ਲਈ ਤਾਂ ਬੋਲਣਾ ਹੀ ਸੰਭਵ ਨਹੀੰ। ਜੇ ਉਹ ਕੋਸ਼ਿਸ਼ ਕਰੇ ਵੀ ਤਾਂ ਵੀ ਅਜਿਹਾ ਨਹੀਂ
ਕਰ ਸਕਦਾ, ਬੇਸੁਰਾ ਹੋ ਜਾਂਦਾ ਹੈ।
ਕਹ ਪਿੰਗੁਲ ਪਰਬਤ ਪਰ ਭਵਨ ।। ਨਹੀ ਹੋਤ ਊਹਾ ਉਸੁ
ਗਵਨ ।।
ਲੰਗੜਾ ਕਿਵੇਂ ਪਹਾੜ ਤੇ ਚੜ੍ਹ ਸਕਦਾ ਹੈ?
ਉਸ ਲਈ ਪਹਾੜ ਤੇ ਚੜ੍ਹਨਾ ਸੰਭਵ ਨਹੀਂ। ਉਹ ਤਾਂ ਠੀਕ ਤਰਾਂ ਤੁਰ ਵੀ ਨਹੀਂ ਸਕਦਾ।
ਕਰਤਾਰ ਕਰੁਣਾ ਮੈ ਦੀਨੁ ਬੇਨਤੀ ਕਰੈ ।। ਨਾਨਕ
ਤੁਮਰੀ ਕਿਰਪਾ ਤਰੈ ।। ੬ ।।
ਪਰ ਜੇ ਇਨਸਾਨ ਨਿਮਰਤਾ ਪੂਰਬਕ ਦਇਆਵਾਨ
ਪ੍ਰਮਾਤਮਾ ਅੱਗੇ ਬੇਨਤੀ ਕਰੇ ਤਾਂ ਉਸ ਦੀ ਕਿਰਪਾ ਨਾਲ਼ ਉਹ ਅਜਿਹੇ ਅਸੰਭਵ ਕੰਮ ਵੀ ਕਰ ਸਕਦਾ ਹੈ।
ਵਾਹਿਗੁਰੂ ਦੀ ਕਿਰਪਾ ਨਾਲ਼ ਪਾਪੀ ਵੀ ਤਰ ਜਾਂਦੇ ਹਨ ਜਿਨ੍ਹਾਂ ਦੇ ਤਰਨ ਦੀ ਕੋਈ ਉਮੀਦ ਨਹੀਂ
ਹੁੰਦੀ।
ਸੰਗਿ ਸਹਾਈ ਸੁ ਆਵੈ ਨ ਚੀਤਿ ।। ਜੋ ਬੈਰਾਈ ਤਾ
ਸਿਉ ਪ੍ਰੀਤਿ ।।
ਜਿਹੜਾ ਪ੍ਰਮਾਤਮਾ ਸਦਾ ਸਾਡੇ ਅੰਗ ਸੰਗ
ਰਹਿੰਦਾ ਹੈ ਅਤੇ ਸਾਡੀ ਸਦਾ ਸਹਾਇਤਾ ਕਰਦਾ ਹੈ ਉਸ ਨੂੰ ਅਸੀਂ ਯਾਦ ਨਹੀਂ ਰੱਖਦੇ ਅਤੇ ਉਸ ਮਾਇਆ ਨਾਲ਼, ਜਿਹੜੀ ਸਾਡੀ ਦੁਸ਼ਮਣ ਹੈ ਅਤੇ ਸਾਨੂੰ
ਪਾਗਲ ਕਰੀ ਰੱਖਦੀ ਹੈ, ਅਸੀਂ ਪਿਆਰ ਪਾਈ ਰੱਖਦੇ ਹਾਂ।
ਬਲੂਆ ਕੇ ਗ੍ਰਿਹ ਭੀਤਰਿ ਬਸੈ ।। ਅਨਦ ਕੇਲ ਮਾਇਆ
ਰੰਗਿ ਰਸੈ ।।
ਅਸੀਂ ਰੇਤ ਦੇ ਘਰ ਵਿੱਚ ਰਹਿੰਦੇ ਹਾਂ ਜਿਸ
ਦੀ ਕੋਈ ਮੁਨਿਆਦ ਨਹੀਂ, ਜਿਹੜਾ ਕਿਸੇ ਵੇਲ਼ੇ ਵੀ ਢਹਿ ਸਕਦਾ ਹੈ। ਅਸੀਂ ਰੰਗ ਤਮਾਸ਼ਿਆਂ ਅਤੇ ਮਾਇਆ
ਦੇ ਮੋਹ ਵਿੱਚ ਗ੍ਰਸਤ ਹੋਏ ਰਹਿੰਦੇ ਹਾਂ।
ਦ੍ਰਿੜ ਕਰਿ ਮਾਨੈ ਮਨਹਿ ਪ੍ਰਤੀਤਿ ।। ਕਾਲੁ ਨ ਆਵੈ ਮੂੜੇ ਚੀਤਿ ।।
ਅਸੀਂ ਅਪਣੇ ਮਨ ਵਿੱਚ ਇਹ ਵਿਸਵਾਸ਼ ਦ੍ਰਿੜ੍ਹ
ਕਰੀ ਰੱਖਦੇ ਹਾਂ ਕਿ ਅਸੀਂ ਹਮੇਸ਼ਾ ਹੀ ਇਨ੍ਹਾਂ ਰੰਗ ਤਮਾਸ਼ਿਆਂ ਨੂੰ ਮਾਣਦੇ ਰਹਾਂਗੇ। ਸਾਨੂਮ ਮੂਰਖਾਂ
ਨੂੰ ਇਹ ਸਚਾਈ ਯਾਦ ਨਹੀਂ ਰਹਿੰਦੀ ਕਿ ਇੱਕ ਦਿਨ ਲਾਜ਼ਮੀ ਸਾਨੂੰ ਮੌਤ ਆਉਣੀ ਹੀ ਆਉਣੀ ਹੈ।
ਬੈਰ ਬਿਰੋਧ ਕਾਮ ਕ੍ਰੋਧਿ ਮੋਹ ।। ਝੂਠ ਬਿਕਾਰ
ਮਹਾ ਲੋਭ ਧ੍ਰੋਹ ।।
ਅਸੀਂ ਨਾਲ਼ ਦੁਸ਼ਮਣੀਆਂ ਪਾਲ਼ਦੇ ਰਹਿੰਦੇ ਹਾਂ, ਝਗੜੇ ਕਰਦੇ ਰਹਿੰਦੇ ਹਾਂ, ਕਾਮ
ਦਾ ਸ਼ਿਕਾਰ ਹੋਏ ਰਹਿੰਦੇ ਹਾਂ, ਗੁੱਸੇ ਦੀ ਅੱਗ ਵਿੱਚ ਸੜਦੇ ਰਹਿੰਦੇ ਹਾਂ ਅਤੇ ਮੋਹ ਦੇ ਜਾਲ਼ ਵਿੱਚ
ਫਸੇ ਰਹਿੰਦੇ ਹਾਂ। ਸੰਸਾਰਿਕ ਪਦਾਰਥਾਂ ਦੇ ਜਾਲ਼ ਵਿੱਚ ਫਸੇ ਅਸੀਂ ਝੂਠ ਬੋਲਦੇ ਹਾਂ, ਵਿਕਾਰਾਂ
ਦੇ ਗੁਲਾਮ ਬਣੇ ਰਹਿੰਦੇ ਹਾਂ, ਲਾਲਚ ਵਸ ਦੁਨੀਆਂ
ਨਾਲ਼ ਧੋਖਾ ਕਰਦੇ ਹਾਂ।
ਇਆਹੂ ਜੁਗਤਿ ਬਿਹਾਨੇ ਕਈ ਜਨਮ ।। ਨਾਨਕ ਰਾਖਿ
ਲੇਹੁ ਆਪਨਿ ਕਰਿ ਕਰਮ ।। ੭ ।।
ਇਸ ਤਰਾਂ
ਦਾ ਜੀਵਨ ਬਤੀਤ ਕਰਦਿਆਂ ਸਾਡੇ ਕਈ ਜਨਮ ਬੀਤ ਗਏ ਹਨ। ਗੁਰੂ ਜੀ ਆਖਦੇ ਹਨ ਕਿ ਜੇ ਸਾਡੇ ਕਰਮਾਂ ਦੇ
ਪਿੱਛੇ ਜਾਈਏ ਤਾਂ ਸਾਡੇ ਬਚਣ ਦਾ ਕੋਈ ਰਸਤਾ ਨਹੀਂ। ਇਸ ਲਈ, ਹੇ ਪ੍ਰਭੂ, ਤੁਸੀਂ ਆਪ ਹੀ ਤਰਸ ਕਰ
ਕੇ, ਕ੍ਰਿਪਾਲਤਾ ਕਰ ਕੇ ਸਾਨੂੰ ਬਚਾ ਲਵੋ।
ਤੂ ਠਾਕੁਰੁ ਤੁਮ ਪਹਿ ਅਰਦਾਸਿ ।। ਜੀਉ ਪਿੰਡੁ
ਸਭੁ ਤੇਰੀ ਰਾਸਿ ।।
ਹੇ ਵਾਹਿਗੁਰੂ, ਤੁਸੀਂ ਮਾਲਕ ਹੋ, ਇਸ
ਕਰਕੇ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ। ਸਾਡਾ ਇਹ ਸਰੀਰ ਅਤੇ ਮਨ ਤੁਹਾਡੀ ਹੀ ਅਮਾਨਤ ਹਨ।
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ।। ਤੁਮਰੀ
ਕ੍ਰਿਪਾ ਮਹਿ ਸੂਖ ਘਨੇਰੇ ।।
ਤੁਸੀਂ ਸਾਡੇ ਮਾਤਾ ਪਿਤਾ ਹੋ ਅਤੇ ਅਸੀਂ
ਤੁਹਾਡੇ ਬੱਚੇ ਹਾਂ। ਤੁਹਾਡੀ ਦਇਆ ਨਲ਼ ਸਾਨੂੰ ਅਨੇਕਾਂ ਹੀ ਸੁਖ ਪ੍ਰਾਪਤ ਹੋ ਸਕਦੇ ਹਨ।
ਕੋਇ ਨ ਜਾਨੈ ਤੁਮਰਾ ਅੰਤੁ ।। ਊਚੇ ਤੇ ਊਚਾ ਭਗਵੰਤ ।।
ਤੁਸੀਂ
ਏਨੇ ਮਹਾਨ ਹੋ ਕਿ ਕੋਈ ਵੀ ਤੁਹਾਡਾ ਅੰਤ ਨਹੀਂ ਪਾ ਸਕਦਾ। ਹੇ ਮਾਲਕ, ਤੁਸੀਂ ਉੱਚਿਆਂ ਤੋਂ ਵੀ
ਉੱਚੇ ਹੋ। ਜਿੰਨੀ ਤੁਹਾਡੇ ਮਹਾਨ ਹੋਣ ਦੀ ਅਸੀਂ ਕਲਪਣਾ ਕਰ ਸਕਦੇ ਹਾਂ, ਤੁਸੀਂ ਉਸ ਨਾਲ਼ੋਂ ਵੀ ਵੱਧ
ਮਹਾਨ ਹੋ, ਮਹਾਨ ਤੋਂ ਵੀ ਮਹਾਨ ਹੋ।
ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ।। ਤੁਮ ਤੇ ਹੋਇ ਸੁ ਆਗਿਆਕਾਰੀ ।।
ਸੰਸਾਰ ਦੇ ਸਾਰੇ ਜੀਵ ਅਤੇ ਨਿਰਜੀਵ ਪਦਾਰਥ
ਤੁਹਾਡੇ ਹੁਕਮ ਵਿੱਚ, ਤੁਹਾਡੇ ਬਣਾਏ ਨਿਯਮਾਂ ਵਿੱਚ ਬੱਝੇ ਹੋਏ ਹਨ। ਜੋ ਤੁਸੀਂ ਕਰਨਾ ਚਾਹੋ, ਉਹ ਹੀ ਹੁੰਦਾ
ਹੈ। ਜਿਹੜਾ ਇਨਸਾਨ ਤੁਹਾਡੇ ਹੁਕਮ ਨੂੰ ਸਿਰ ਮੱਥੇ ਕਰ ਕੇ
ਮੰਨਦਾ ਹੈ ਉਹ ਹੀ ਆਗਿਆਕਾਰ ਕਿਹਾ ਜਾ ਸਕਦਾ ਹੈ।
ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ।। ਨਾਨਕ ਦਾਸ
ਸਦਾ ਕੁਰਬਾਨੀ ।। ੮ ।। ੪ ।।
ਤੁਹਾਡੀ ਵਿਉਂਤਬੰਦੀ ਨੂੰ ਤੁਸੀਂ ਆਪ ਹੀ
ਸਮਝ ਸਕਦੇ ਹੋ। ਤੁਹਾਡਾ ਅੰਤਮ ਉਦੇਸ਼ ਕੀ ਹੈ ਅਤੇ ਤੁਸੀਂ ਇਸ ਸੰਸਾਰ ਨੂੰ ਕਿਵੇਂ ਉਸ ਉਦੇਸ਼ ਵੱਲ ਲੈ
ਕੇ ਜਾਣਾ ਹੈ, ਇਹ ਤੁਸੀਂ ਹੀ ਜਾਣਦੇ ਹੋ। ਗੁਰੂ ਜੀ ਅਰਜ਼ ਕਰਦੇ ਹਨ ਕਿ ਅਸੀਂ ਤਾਂ ਤੁਹਾਡੇ ਦਾਸ
ਹਾਂ ਤੇ ਕੇਵਲ ਤੁਹਾਡੇ ਤੋਂ ਕੁਰਬਾਨ ਜਾ ਸਕਦੇ ਹਾਂ।
ਸਲੋਕੁ ।।
ਦੇਨਹਾਰੁ ਪ੍ਰਭ ਛੋਡਿ ਕੈ ਲਾਗਹਿ ਆਨ ਸੁਆਇ ।।
ਨਾਨਕ ਕਹੂ ਨ ਸੀਝਈ ਬਿਨੁ ਨਾਵੈ ਪਤਿ ਜਾਇ ।। ੧ ।।
ਇਹ ਜੀਵ ਦਾਤਾਂ ਦੀ ਬਖ਼ਸ਼ਿਸ਼ ਕਰਨ ਵਾਲ਼ੇ ਮਾਲਕ ਨੂੰ ਭੁੱਲ ਕੇ ਹੋਰ ਹੋਰ
ਵਸਤਾਂ ਦੇ ਮੋਹ ਵਿੱਚ ਫਸ ਕੇ ਉਨ੍ਹਾਂ ਨੂੰ ਹਾਸਲ ਕਰਨ ਦੀ ਦੌੜ ਵਿੱਚ ਲੱਗ ਜਾਂਦਾ ਹੈ। ਇਸ ਨੂੰ
ਮਾਇਆ ਤੋਂ ਬਿਨਾਂ ਹੋਰ ਕੁੱਝ ਦਿਖਾਈ ਹੀ ਨਹੀਂ ਦਿੰਦਾ। ਇਸ ਤਰਾਂ ਕਰਨ ਵਾਲ਼ਾ ਮਨੁੱਖ ਕੁੱਝ ਵੀ ਹਾਸਲ ਨਹੀਂ ਕਰ ਸਕਦਾ। ਨਾਮ ਸਿਮਰਨ ਨਾ
ਕਰਨ ਕਰਕੇ ਸਗੋਂ ਉਹ ਅਪਣੀ ਇੱਜ਼ਤ ਵੀ ਗੁਆ ਬੈਠਦਾ ਹੈ।
ਅਸਟਪਦੀ ।।
ਦਸ ਬਸਤੂ ਲੇ ਪਾਛੈ ਪਾਵੈ ।। ਏਕ ਬਸਤੁ ਕਾਰਨਿ
ਬਿਖੋਟਿ ਗਵਾਵੈ ।।
ਮਨੁੱਖ ਉਹ ਬਹੁਤ ਸਾਰੀਆਂ ਦਾਤਾਂ ਜੋ ਮਾਲਕ ਨੇ ਉਸ ਨੂੰ ਦਿੱਤੀਆਂ ਹਨ
ਭੁੱਲ ਜਾਂਦਾ ਹੈ। ਇੱਕ ਵਸਤ ਜੋ ਉਹ ਚਾਹੁੰਦਾ ਹੈ ਜਦ ਉਸ ਨੂੰ
ਨਹੀਂ ਮਿਲਦੀ ਤਾਂ ਉਹ ਪਹਿਲਾਂ ਮਿਲੀਆਂ ਦਸ ਦਾਤਾਂ ਨੂੰ ਭੁੱਲ ਜਾਂਦਾ ਹੈ ਅਤੇ ਮਾਲਕ ਵਿੱਚ ਅਪਣਾ
ਭਰੋਸਾ ਗੁਆ ਬੈਠਦਾ ਹੈ।
ਏਕ ਭੀ ਨ ਦੇਇ ਦਸ ਭੀ ਹਿਰਿ ਲੇਇ ।। ਤਉ ਮੂੜਾ
ਕਹੁ ਕਹਾ ਕਰੇਇ ।।
ਉਹ ਇਹ ਨਹੀਂ ਸੋਚਦਾ ਕਿ ਜੇ ਮਾਲਕ ਉਹ ਇੱਕ ਵਸਤ ਵੀ ਨਾ ਦੇਵੇ ਅਤੇ ਜੋ
ਅਨੇਕਾਂ ਦਾਤਾਂ ਉਸ ਨੇ ਦਿੱਤੀਆਂ ਹਨ ਉਹ ਵੀ ਖੋਹ ਲਵੇ ਤਾਂ ਉਹ ਕੀ ਕਰ ਲਵੇਗਾ?
ਜਿਸੁ ਠਾਕੁਰ ਸਿਉ ਨਾਹੀ ਚਾਰਾ ।। ਤਾ ਕਉ ਕੀਜੈ ਸਦ ਨਮਸਕਾਰਾ ।।
ਜੀਵ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ
ਕਿ ਜਿਸ ਮਾਲਕ ਦੇ ਅੱਗੇ ਕੋਈ ਜ਼ੋਰ ਨਹੀਂ ਚੱਲਦਾ ਉਸ ਦੇ ਅੱਗੇ ਖੁਸ਼ੀ ਖੁਸ਼ੀ ਸਿਰ ਝੁਕਾ ਦੇਣਾ ਹੀ
ਸਿਆਣਪ ਹੈ, ਜੋ ਉਹ ਕਰੇ ਉਸ ਨੂੰ ਖਿੜੇ ਮੱਥੇ ਸਵੀਕਾਰ ਕਰ ਲੈਣਾ ਚਾਹੀਦਾ ਹੈ।
ਜਾ ਕੈ ਮਨਿ ਲਾਗਾ ਪ੍ਰਭੁ ਮੀਠਾ ।। ਸਰਬ ਸੂਖ
ਤਾਹੂ ਮਨਿ ਵੂਠਾ ।।
ਜਿਸ ਜੀਵ ਨੂੰ ਮਾਲਕ ਨਾਲ਼ ਪਿਆਰ ਹੋ ਜਾਂਦਾ ਹੈ ਅਤੇ ਉਹ ਮਲਕ ਦੇ ਕੀਤੇ
ਨੂੰ ਖੁਸ਼ੀ ਖੁਸ਼ੀ ਪ੍ਰਵਾਨ ਕਰ ਲੈਂਦਾ ਹੈ ਉਸ ਦੇ ਮਨ ਵਿੱਚ ਸਾਰੇ ਸੁਖ ਵਸ ਜਾਂਦੇ ਹਨ, ਉਸ ਨੂੰ
ਸੰਸਾਰ ਦੇ ਸਭ ਸੁਖ ਮਿਲ ਜਾਂਦੇ ਹਨ।
ਜਿਸ ਜਨ ਅਪਨਾ ਹੁਕਮੁ ਮਨਾਇਆ ।। ਸਰਬ ਥੋਕ ਨਾਨਕ
ਤਿਨਿ ਪਾਇਆ ।। ੧ ।।
ਜਿਸ ਜੀਵ ਨੂੰ ਪ੍ਰਮਾਤਮਾ ਮਿਹਰ ਕਰ ਕੇ ਅਪਣਾ ਹੁਕਮ ਮੰਨਣ ਦੀ ਸਮਝ ਦੇ
ਦਿੰਦਾ ਹੈ ਉਸ ਨੂੰ ਸਾਰੇ ਹੀ ਪਦਾਰਥ ਮਿਲ ਜਾਂਦੇ ਹਨ, ਕਿਸੇ ਚੀਜ਼ ਦੀ ਘਾਟ ਨਹੀਂ ਰਹਿੰਦੀ।
ਅਗਨਤੁ ਸਾਹੁ ਅਪਨੀ ਦੇ ਰਾਸਿ ।। ਖਾਤ ਪੀਤ ਬਰਤੈ
ਅਨਦ ਉਲਾਸਿ ।।
ਕਈ ਵਾਰ ਕੋਈ ਬੇਅੰਤ ਧਨ ਦਾ ਮਾਲਕ ਅਪਣੀ
ਸਾਰੀ ਦੌਲਤ ਕਿਸੇ ਜੀਵ ਨੂੰ ਦੇ ਕੇ ਕਿਤੇ ਬਾਹਰ ਚਲਿਆ ਜਾਂਦਾ ਹੈ। ਜੀਵ ਉਸ ਦੌਲਤ ਦੇ ਸਿਰ ਤੇ ਰੱਜ
ਰੱਜ ਕੇ ਖਾਂਦਾ ਪੀਂਦਾ ਹੈ ਅਤੇ ਹਰ ਤਰਾਂ ਦਾ ਅਨੰਦ ਮਾਣਦਾ ਹੈ। ਇਸੇ ਤਰਾਂ ਪ੍ਰਮਾਤਮਾ ਨੇ ਬੇਅਂਤ
ਦੌਲਤ ਇਨਸਾਨ ਨੂੰ ਬਖਸ਼ਿਸ਼ ਕੀਤੀ ਹੋਈ ਹੈ ਅਤੇ ਉਹ ਉਸ ਦਾ ਅਨੰਦ ਮਾਣ ਰਿਹਾ ਹੈ।
ਅਪੁਨੀ ਅਮਾਨ ਕਛੁ ਬਹੁਰਿ ਸਾਹੁ ਲੇਇ ।। ਅਗਿਆਨੀ
ਮਨਿ ਰੋਸਿ ਕਰੇਇ ।।
ਪਰ ਜੇ ਮਾਲਕ ਵਾਪਸ ਆ ਕੇ ਅਪਣੀ ਹੀ ਦਿੱਤੀ ਦੌਲਤ ਵਿੱਚੋਂ ਥੋੜੀ ਜਿਹੀ
ਵਾਪਸ ਲੈ ਲਵੇ ਤਾਂ ਇਸ ਦਾ ਮੂਰਖ ਜੀਵ ਗੁੱਸਾ ਕਰਦਾ ਹੈ, ਬੁਰਾ ਮਨਾਉਂਦਾ ਹੈ। ਇਸੇ ਤਰਾਂ ਜੇ
ਪ੍ਰਮਾਤਮਾ ਅਪਣੇ ਬਖਸ਼ੇ ਖ਼ਜ਼ਾਨਿਆਂ ਵਿੱਚੋਂ ਥੋੜਾ ਜਿਹਾ ਹਿੱਸਾ ਵੀ ਵਾਪਸ ਲੈ ਲਵੇ ਤਾਂ ਇਨਸਾਨ ਬੁਰਾ
ਮਨਾਉਂਦਾ ਹੈ।
ਅਪਨੀ ਪਰਤੀਤਿ ਆਪ ਹੀ ਖੋਵੈ ।। ਬਹੁਰਿ ਉਸ ਕਾ
ਬਿਸ੍ਵਾਸੁ ਨ ਹੋਵੈ ।।
ਇਸ ਤਰਾਂ ਕਰ ਕੇ ਇਨਸਾਨ ਅਪਣਾ ਵਿਸ਼ਵਾਸ਼ ਆਪ
ਹੀ ਗੁਆ ਲੈਂਦਾ ਹੈ। ਮੁੜ ਕੇ ਮਾਲਕ ਉਸ ਤੇ ਭਰੋਸਾ ਨਹੀਂ ਕਰਦਾ।
ਜਿਸ ਕੀ ਬਸਤੁ ਤਿਸੁ ਆਗੈ ਰਾਖੈ ।। ਪ੍ਰਭ ਕੀ
ਆਗਿਆ ਮਾਨੈ ਮਾਥੈ ।।
ਸਿਆਣਪ ਇਸ ਗੱਲ ਵਿੱਚ ਹੈ ਕਿ ਇਹ ਦੌਲਤ ਜਿਸ ਦੀ ਦਿੱਤੀ ਹੋਈ ਹੈ, ਖੁਸ਼ੀ
ਖੁਸ਼ੀ ਉਸ ਦੇ ਅੱਗੇ ਰੱਖ ਦੇਣੀ ਚਾਹੀਦੀ ਹੈ। ਉਸ ਦੇ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕਰ ਲੈਣਾ
ਚਾਹੀਦਾ ਹੈ।
ਉਸ ਤੇ ਚਉਗੁਨ ਕਰੈ ਨਿਹਾਲੁ ।। ਨਾਨਕ ਸਾਹਿਬੁ ਸਦਾ ਦਇਆਲੁ ।। ੨ ।।
ਜਦੋਂ ਜੀਵ ਇਸ ਤਰਾਂ ਕਰਦਾ ਹੈ ਤਾਂ ਮਾਲਕ ਖੁਸ਼ ਹੋ ਕੇ ਪਹਿਲਾਂ ਨਾਲ਼ੋਂ
ਵੀ ਕਿਤੇ ਵੱਧ ਦਾਤਾਂ ਉਸ ਦੀ ਝੋਲ਼ੀ ਵਿੱਚ ਪਾ ਕੇ ਉਸ ਨੂੰ ਨਿਹਾਲ ਕਰ ਦਿੰਦਾ ਹੈ। ਗੁਰੂ ਜੀ ਇਹ
ਸਿੱਖਿਆ ਦਿੰਦੇ ਹਨ ਕਿ ਉਸ ਮਾਲਕ ਦਾ ਸੁਭਾਅ ਤਾਂ ਸਦਾ ਹੀ ਦਿਆਲਤਾ ਭਰਪੂਰ ਹੈ। ਉਹ ਤਾਂ ਦਾਤਾਂ ਦੇ
ਕੇ ਖੁਸ਼ ਹੁੰਦਾ ਹੈ।
ਅਨਿਕ ਭਾਤਿ ਮਾਇਆ ਕੇ ਹੇਤ ।। ਸਰਪਰ ਹੋਵਤ ਜਾਨੁ
ਅਨੇਤ ।।
ਇਹ ਜੀਵ ਸੰਸਾਰ ਵਿੱਚ ਆ ਕੇ ਮਾਇਆ ਦੇ ਅਨੇਕਾਂ ਰੂਪਾਂ ਦੇ ਮੋਹ ਵਿੱਚ ਫਸ
ਜਾਂਦਾ ਹੈ। ਜੋ ਯਕੀਨਨ ਹੋਣਾ ਹੈ ਉਸ ਉੱਤੇ ਸ਼ੰਕਾ ਕਰਨ ਲੱਗ ਪੈਂਦਾ ਹੈ ਅਰਥਾਤ ਇਹ ਗੱਲ ਭੁੱਲ
ਜਾਂਦਾ ਹੈ ਕਿ ਇੱਕ ਦਿਨ ਇਸ ਮਾਇਆਵੀ ਸੰਸਾਰ ਨੂੰ ਉਸ ਨੇ ਛੱਡ ਜਾਣਾ ਹੈ।
ਬਿਰਖ ਕੀ ਸਾਇਆ ਸਿਉ ਰੰਗੁ ਲਾਵੈ ।। ਓਹ ਬਿਨਸੈ ਉਹੁ
ਮਨਿ ਪਛੁਤਾਵੈ ।।
ਜੀਵ ਮਾਇਆ ਨਾਲ਼ ਪਿਆਰ ਪਾ ਕੇ ਬੈਠ ਜਾਂਦਾ ਹੈ ਜਿਹੜੀ ਦਰਖਤ ਦੀ ਛਾਂ ਦੀ
ਤਰਾਂ ਹੈ। ਜਿਸ ਤਰਾਂ ਦਰਖਤ ਦੀ ਛਾਂ ਦਿਨ ਢਲ਼ਨ ਨਾਲ਼ ਢਲ਼ ਜਾਂਦੀ ਹੈ, ਉਸੇ ਤਰਾਂ ਮਾਇਆ ਵੀ ਇਨਸਾਨ ਕੋਲ਼ ਸਦਾ ਨਹੀਂ ਰਹਿਂਦੀ, ਸਮਾਂ ਪੈਣ ਨਾਲ਼
ਹੱਥੋਂ ਨਿਕਲ਼ ਜਾਂਦੀ ਹੈ। ਜਦੋਂ ਇਹ ਮਾਇਆ ਉਸ ਨੂੰ ਛੱਡ ਜਾਂਦੀ ਹੈ ਤਾਂ ਉਹ ਅਪਣੇ ਮਨ ਅੰਦਰ ਅਪਣੇ
ਕੀਤੇ ਤੇ ਦੁਖੀ ਹੁੰਦਾ ਹੈ ਅਤੇ ਪਛਤਾਉਂਦਾ ਹੈ।
ਜੋ ਦੀਸੈ ਸੋ ਚਾਲਨਹਾਰੁ ।। ਲਪਟਿ ਰਹਿਓ ਤਹ ਅੰਧ
ਅੰਧਾਰੁ ।।
ਇਸ ਸੰਸਾਰ ਵਿੱਚ ਜੋ ਕੁੱਝ ਵੀ ਦ੍ਰਿਸ਼ਟਮਾਨ ਹੈ ਉਹ ਟਿਕਾਊ ਨਹੀਂ,
ਚੱਲਣਹਾਰ ਹੈ। ਪਰ ਇਹ ਅਕਲ ਦਾ ਅੰਨ੍ਹਾ ਮਨੁੱਖ ਇਸ ਸਚਾਈ ਨੂੰ ਨਹੀਂ ਸਮਝਦਾ ਅਤੇ ਚੱਲਣਹਾਰ ਨੂੰ
ਚੰਬੜਿਆ ਬੈਠਾ ਹੈ।
ਬਟਾਊ ਸਿਉ ਜੋ ਲਾਵੈ ਨੇਹ ।। ਤਾ ਕਉ ਹਾਥਿ ਨ ਆਵੈ
ਕੇਹ ।।
ਮੁਸਾਫ਼ਰ ਕਦੇ ਵੀ ਇੱਕ ਥਾਂ ਤੇ ਟਿਕ ਕੇ ਨਹੀਂ ਬੈਠਦਾ, ਥੋੜੀ ਦੇਰ ਰੁਕਣ
ਤੋਂ ਬਾਦ ਅੱਗੇ ਚਲਿਆ ਜਾਂਦਾ ਹੈ। ਜਿਹੜਾ ਇਨਸਾਨ ਮੁਸਾਫ਼ਰ ਨਾਲ਼ ਪਿਆਰ ਪਾਉਂਦਾ ਹੈ ਉਸ ਦੇ ਕੁੱਝ
ਹੱਥ ਨਹੀਂ ਆਉਂਦਾ, ਉਸ ਨੂੰ ਅੰਤ ਪਛਤਾਉਣਾ ਪੈਂਦਾ ਹੈ। ਇਸੇ ਤਰਾਂ ਮਾਇਆ ਵੀ ਕਦੇ ਇੱਕ ਥਾਂ ਟਿਕ
ਕੇ ਨਹੀਂ ਰਹਿੰਦੀ, ਆਉਂਦੀ ਜਾਂਦੀ ਰਹਿੰਦੀ ਹੈ। ਇਸ ਨਾਲ਼ ਪਿਆਰ ਪਾਉਣ ਵਾਲ਼ੇ ਦੇ ਹੱਥ ਦੁੱਖ ਅਤੇ ਪਛਤਾਵੇ ਤੋਂ ਬਿਨਾਂ ਹੋਰ
ਕੁੱਝ ਨਹੀਂ ਆਉਂਦਾ।
ਮਨ ਹਰਿ ਕੇ ਨਾਮ ਕੀ ਪ੍ਰੀਤਿ ਸੁਖਦਾਈ ।। ਕਰਿ
ਕਿਰਪਾ ਨਾਨਕ ਆਪਿ ਲਏ ਲਾਈ ।। ੩ ।।
ਗੁਰੂ ਜੀ ਅਪਣੇ ਮਨ ਨੂੰ ਸੰਬੋਧਿਤ ਹੋ ਕੇ ਸਾਨੂੰ ਸਿੱਖਿਆ ਦਿੰਦੇ ਹਨ ਕਿ
ਪ੍ਰਮਾਤਮਾ ਦੇ ਨਾਮ ਦਾ ਪਿਆਰ ਸਦਾ ਹੀ ਸੁਖਾਂ ਦਾ ਸੋਮਾ ਹੈ, ਇਸ ਕਰ ਕੇ ਮਾਇਆ ਨੂੰ ਛੱਡ ਕੇ
ਪ੍ਰਮਾਤਮਾ ਨਾਲ਼ ਪਿਆਰ ਕਰਨਾ ਸਿੱਖੋ। ਜਿਸ ਤੇ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਉਸ ਨੂੰ ਉਹ ਆਪ
ਹੀ ਅਪਣੇ ਨਾਲ਼ ਜੋੜ ਲੈਂਦਾ ਹੈ।
ਮਿਥਿਆ ਤਨੁ ਧਨੁ ਕੁਟੰਬੁ ਸਬਾਇਆ ।। ਮਿਥਿਆ ਹਉਮੈ
ਮਮਤਾ ਮਾਇਆ ।।
ਸੰਸਾਰ ਵਿੱਚ ਸਾਡਾ ਇਹ ਸਰੀਰ, ਧਨ ਦੌਲਤ, ਅਤੇ ਪਰਿਵਾਰ ਸਭ ਝੂਠ ਹੈ,
ਅਸਥਾਈ ਹੈ। ਸਾਡਾ ਹੰਕਾਰ, ਸਾਡੀ ਮਮਤਾ ਅਤੇ ਮਾਇਆ ਸਭ ਝੂਠ ਹਨ। ਇਹ ਸਾਰੀਆਂ ਚੀਜ਼ਾਂ ਸਮੇ ਦੇ ਨਾਲ਼
ਖ਼ਤਮ ਹੋ ਜਾਂਦੀਆਂ ਹਨ, ਸਦਾ ਲਈ ਨਹੀਂ ਰਹਿੰਦੀਆਂ ਅਤੇ ਨਾ ਹੀ ਮੌਤ ਤੋਂ ਬਾਦ ਸਾਡਾ ਸਾਥ ਦਿੰਦੀਆਂ
ਹਨ।
ਮਿਥਿਆ ਰਾਜ ਜੋਬਨ ਧਨ ਮਾਲ ।। ਮਿਥਿਆ ਕਾਮ ਕ੍ਰੋਧ
ਬਿਕਰਾਲ ।।
ਸਾਡਾ ਰਾਜ ਭਾਗ ਅਰਥਾਤ ਜੋ ਦੂਜਿਆਂ ਉੱਤੇ ਸਾਨੂੰ ਤਾਕਤ ਹਾਸਲ ਹੈ, ਸਾਡੀ ਜਵਾਨੀ ਅਤੇ ਧਨ ਸੰਪਦਾ ਸਭ ਝੂਠ ਹਨ, ਚਲਾਇਮਾਨ ਹਨ। ਕਾਮ
ਅਤੇ ਕ੍ਰੋਧ ਦੇ ਭਿਆਨਕ ਜਜ਼ਬੇ ਵੀ ਝੂਠ ਹਨ, ਸਥਾਈ ਨਹੀਂ। ਇਹ ਸਭ ਵਸਤਾਂ ਭੁਲੇਖਾ ਪਾਉਣ ਵਾਲ਼ੀਆਂ
ਹਨ। ਸਾਨੂੰ ਲੱਗਦਾ ਹੈ ਕਿ ਇਹ ਸਾਨੂੰ ਖੁਸ਼ੀ ਦਿੰਦੀਆਂ ਹਨ ਪਰ ਅਸਲ ਵਿੱਚ ਇਹ ਕੋਈ ਖੁਸ਼ੀ ਨਹੀਂ ਦੇ
ਸਕਦੀਆਂ।
ਮਿਥਿਆ ਰਥ ਹਸਤੀ ਅਸ੍ਵ ਬਸਤ੍ਰਾ ।। ਮਿਥਿਆ ਰੰਗ ਸੰਗਿ ਮਾਇਆ ਪੇਖਿ ਹਸਤਾ ।।
ਸਾਡੀ ਮਲਕੀਅਤ ਦੀਆਂ ਸਭ ਚੀਜ਼ਾਂ ਜਿਵੇਂ ਰਥ, ਹਾਥੀ, ਘੋੜੇ ਅਤੇ ਸੋਹਣੇ
ਸੋਹਣੇ ਕੱਪੜੇ ਸਭ ਝੂਠ ਹਨ, ਛਲਾਵਾ ਹਨ, ਚਾਰ ਦਿਨਾਂ ਦੀ ਖੇਡ ਹਨ। ਦੁਨੀਆਂ ਦੇ ਸੁੰਦਰ ਨਜ਼ਾਰੇ,
ਸੰਗੀ ਸਾਥੀ ਅਤੇ ਮਾਇਆ ਜਿਨ੍ਹਾਂ ਨੂੰ ਵੇਖ ਵੇਖ ਕੇ ਅਸੀਂ ਖੁਸ਼ ਹੁੰਦੇ ਹਾਂ ਸਭ ਝੂਠ ਹਨ, ਚਾਰ
ਦਿਨਾਂ ਦੀ ਚਾਨਣੀ ਹਨ। ਇਹ ਸਭ ਕੁੱਝ ਇੱਕ ਧੋਖਾ ਹੈ ਜਿਸ ਨੂੰ ਅਸੀਂ ਸੱਚ ਮੰਨੀ ਬੈਠੇ ਹਾਂ।
ਮਿਥਿਆ ਧ੍ਰੋਹ ਮੋਹ ਅਭਿਮਾਨੁ ।। ਮਿਥਿਆ ਆਪਸ
ਊਪਰਿ ਕਰਤ ਗੁਮਾਨੁ ।।
ਸਾਡਾ ਵਲ ਛਲ, ਮੋਹ ਮਮਤਾ ਅਤੇ ਅਭਿਮਾਨ ਸਭ ਝੂਠ ਹਨ। ਅਪਣੇ ਆਪ ਉੱਤੇ,
ਅਪਣੀ ਤਾਕਤ, ਦੌਲਤ, ਸੁੰਦਰਤਾ ਆਦਿ ਜਿਨ੍ਹਾਂ ਉੱਤੇ ਅਸੀਂ ਹੰਕਾਰ ਕਰਦੇ ਹਾਂ ਉਹ ਸਭ ਵੀ ਝੂਠ ਹਨ,
ਇੱਕ ਧੋਖਾ ਹਨ, ਇੱਕ ਛਲ ਹਨ।
ਅਸਥਿਰ ਭਗਤਿ ਸਾਧ ਕੀ ਸਰਨ ।। ਨਾਨਕ ਜਪਿ ਜਪਿ
ਜੀਵੈ ਹਰਿ ਕੇ ਚਰਨ ।। ੪ ।।
ਕੇਵਲ ਸੰਤ ਪੁਰਖਾਂ ਦੀ ਸ਼ਰਨ ਵਿੱਚ ਆ ਕੇ ਪ੍ਰਭੂ ਦੀ ਭਗਤੀ ਕਰਨਾ ਹੀ
ਸਦੀਵੀ ਤੌਰ ਤੇ ਸਾਡਾ ਸਾਥ ਦੇਣ ਵਾਲ਼ੀਆਂ ਚੀਜ਼ ਹੈ। ਇਸ ਕਰਕੇ ਹਰੀ ਦੇ ਸੇਵਕ ਹਰ ਵੇਲ਼ੇ ਹਰੀ ਦੇ
ਚਰਨਾ ਦਾ ਧਿਆਨ ਧਰ ਕੇ ਉਸ ਦੇ ਨਾਮ ਦਾ ਸਿਮਰਨ ਕਰਦੇ ਹੋਏ ਹੀ ਅਪਣਾ ਜੀਵਨ ਬਤੀਤ ਕਰਦੇ ਹਨ। ਸਦਾ
ਪ੍ਰਭੂ ਦੇ ਚਰਨਾਂ ਨਾਲ਼ ਜੁੜੇ ਰਹਿਣ ਕਰਕੇ ਉਹ ਕਦੇ ਨਹੀਂ ਡੋਲਦੇ।
ਮਿਥਿਆ ਸ੍ਰਵਨ ਪਰ ਨਿੰਦਾ ਸੁਨਹਿ ।। ਮਿਥਿਆ ਹਸਤ
ਪਰ ਦਰਬ ਕਉ ਹਿਰਹਿ ।।
ਉਹ ਕੰਨ ਬੇਕਾਰ ਹਨ ਜਿਹੜੇ ਦੂਜੇ ਦੀ ਨਿੰਦਿਆ ਸੁਣ ਕੇ ਖੁਸ਼ ਹੁੰਦੇ ਹਨ।
ਉਹ ਹੱਥ ਬੇਕਾਰ ਹਨ ਜਿਹੜੇ ਪਰਾਏ ਧਨ ਨੂੰ ਚੁਰਾ ਕੇ ਖੁਸ਼ ਹੁੰਦੇ ਹਨ।
ਮਿਥਿਆ ਨੇਤ੍ਰ ਪੇਖਤ ਪਰ ਤ੍ਰਿਅ ਰੂਪਾਦਿ ।। ਮਿਥਿਆ ਰਸਨਾ ਭੋਜਨ ਅਨ ਸ੍ਵਾਦ ।।
ਉਹ ਅੱਖਾਂ ਬੇਕਾਰ ਹਨ ਜਿਹੜੀਆਂ ਪਰਾਈ ਇਸਤਰੀ ਦੀ ਸੁੰਦਰਤਾ ਨੂੰ ਵੇਖ ਕੇ
ਖੁਸ਼ ਹੁੰਦੀਆਂ ਹਨ। ਉਹ ਜੀਭ ਵੀ ਬੇਕਾਰ ਹੈ ਜਿਹੜੀ ਤਰਾਂ ਤਰਾਂ ਦੇ ਭੋਜਨ ਪਦਾਰਥਾਂ ਅਤੇ ਹੋਰ ਖਾਣ
ਦੀਆਂ ਵਸਤਾਂ ਦੇ ਸੁਆਦ ਮਾਣਨ ਵਿੱਚ ਗ੍ਰਸਤ ਰਹਿੰਦੀ ਹੈ।
ਮਿਥਿਆ ਚਰਨ ਪਰ ਬਿਕਾਰ ਕਉ ਧਾਵਹਿ ।। ਮਿਥਿਆ ਮਨ
ਪਰ ਲੋਭ ਲੁਭਾਵਹਿ ।।
ਉਹ ਪੈਰ ਵੀ ਬੇਕਾਰ ਹਨ ਜੋ ਕਿਸੇ ਦੂਜੇ ਦਾ ਬੁਰਾ ਕਰਨ ਲਈ ਦੌੜ ਕੇ
ਜਾਂਦੇ ਹਨ। ਉਹ ਮਨ ਵੀ ਬੇਕਾਰ ਹੈ ਜਿਹੜਾ ਪਰਾਏ ਧਨ ਨੂੰ
ਵੇਖ ਕੇ ਉਸ ਨੂੰ ਹਥਿਆਉਣ ਲਈ ਲਲਚਾਉਂਦਾ ਹੈ।
ਮਿਥਿਆ ਤਨ ਨਹੀ ਪਰਉਪਕਾਰਾ ।। ਮਿਥਿਆ ਬਾਸੁ ਲੇਤ
ਬਿਕਾਰਾ ।।
ਉਹ ਸਰੀਰ ਬੇਕਾਰ ਹੈ ਜਿਹੜਾ ਕਿਸੇ ਦੂਜੇ ਦਾ ਭਲਾ ਨਹੀਂ ਕਰਦਾ। ਉਹ ਨੱਕ
ਵੀ ਬੇਕਾਰ ਹੈ ਜਿਹੜਾ ਵਿਕਾਰਾਂ ਨੂੰ ਜਨਮ ਦੇਣ ਵਾਲ਼ੀਆਂ ਵਸਤਾਂ ਦੀ ਵਾਸ਼ਨਾ ਵਿੱਚ ਖੁਭਿਆ
ਰਹਿੰਦਾ ਹੈ।
ਬਿਨ ਬੂਝੇ ਮਿਥਿਆ ਸਭ ਭਏ ।। ਸਫਲ ਦੇਹ ਨਾਨਕ ਹਰਿ
ਹਰਿ ਨਾਮ ਲਏ ।। ੫ ।।
ਸਰੀਰ ਦੇ ਸਾਰੇ ਅੰਗ ਹੀ ਬੇਕਾਰ ਹਨ ਜੇ ਉਹ ਪ੍ਰਮਾਤਮਾ ਦੀ ਸਮਝ ਹਾਸਲ ਕਰ
ਕੇ ਉਸ ਦੀ ਸੇਵਾ ਵਿੱਚ ਨਹੀਂ ਲੱਗਦੇ। ਇਹ ਸਾਡਾ ਸਰੀਰ ਤਾਂ ਹੀ ਸਫਲ ਹੈ ਜੇ ਅਸੀਂ ਇਸ ਨੂੰ ਹਰੀ ਦੇ
ਨਾਮ ਦੇ ਸਿਮਰਨ ਅਤੇ ਉਸ ਦੀ ਸੇਵਾ ਵਿੱਚ ਲਾਈਏ।
ਬਿਰਥੀ ਸਾਕਤ ਕੀ ਆਰਜਾ ।। ਸਾਚ ਬਿਨਾ ਕਹ ਹੋਵਤ
ਸੂਚਾ ।।
ਮਨਮੁਖ ਇਨਸਾਨ ਦੀ ਲੰਮੀ ਉਮਰ ਵੀ ਬੇਕਾਰ ਹੈ। ਜੇ ਇਨਸਾਨ ਅਪਣੇ ਆਪ ਨੂੰ ਪ੍ਰਮਾਤਮਾ
ਦੀ ਸੇਵਾ ਵਿੱਚ ਲਾ ਕੇ ਉਸ ਨਾਲ਼ ਅਭੇਦਤਾ ਪ੍ਰਾਪਤ ਨਹੀਂ ਕਰਦਾ ਤਾਂ ਲੰਮੀ ਉਮਰ ਪਾਉਣ ਦੇ ਬਾਵਜੂਦ
ਉਹ ਪਵਿੱਤਰ ਜਾਂ ਮਹਾਨ ਨਹੀਂ ਬਣ ਸਕਦਾ, ਮੁਕਤੀ ਨਹੀਂ ਪਾ ਸਕਦਾ।
ਬਿਰਥਾ ਨਾਮ ਬਿਨਾ ਤਨੁ ਅੰਧ ।। ਮੁਖਿ ਆਵਤ ਤਾ ਕੈ
ਦੁਰਗੰਧ ।।
ਅਸੀਂ ਅੰਨ੍ਹੇ ਹਾਂ, ਮੂਰਖ ਹਾਂ ਜੇ ਅਸੀਂ ਨਾਮ ਨਹੀਂ ਜੱਪਦੇ। ਨਾਮ ਜੱਪਣ
ਤੋਂ ਬਿਨਾ ਸਾਡਾ ਸਰੀਰ ਹੀ ਬੇਕਾਰ ਹੈ। ਨਾਮ ਤੋਂ ਵਿਹੂਣੇ ਇਲਸਾਨ ਦੇ ਮੂੰਹ ਵਿੱਚੋਂ ਬਦਬੂ ਆਉਂਦੀ
ਹੈ।
ਬਿਨੁ ਸਿਮਰਨ ਦਿਨੁ ਰੈਨਿ ਬ੍ਰਿਥਾ ਬਿਹਾਇ ।। ਮੇਘ
ਬਿਨਾ ਜਿਉ ਖੇਤੀ ਜਾਇ ।।
ਨਾਮ ਜੱਪਣ ਤੋਂ ਬਿਨਾ ਸਾਡੇ ਦਿਨ ਅਤੇ ਰਾਤਾਂ ਬੇਕਾਰ ਬੀਤਦੇ ਹਨ, ਸਾਡਾ
ਸਮਾਂ ਕਿਸੇ ਅਰਥ ਨਹੀਂ ਲੱਗਦਾ। ਸਾਡਾ ਜੀਵਨ ਬੇਅਰਥ ਬਰਬਾਦ ਹੁੰਦਾ ਰਹਿੰਦਾ ਹੈ ਜਿਵੇਂ ਬੱਦਲ਼ ਦੇ
ਬਰਸਣ ਤੋਂ ਬਿਨਾ ਖੇਤੀ ਬਰਬਾਦ ਹੋ ਜਾਂਦੀ ਹੈ।
ਗੋਬਿੰਦ ਭਜਨ ਬਿਨੁ ਬ੍ਰਿਥੇ ਸਭ ਕਾਮ ।। ਜਿਉ
ਕਿਰਪਨ ਕੇ ਨਿਰਾਰਥ ਦਾਮ ।।
ਪ੍ਰਮਾਤਮਾ ਦੇ ਭਜਨ ਤੋਂ ਬਿਨਾ ਬਾਕੀ ਸਾਰੇ ਕੰਮ ਫ਼ਜ਼ੂਲ ਹਨ, ਉਨ੍ਹਾਂ ਦਾ
ਕੋਈ ਲਾਭ ਨਹੀਂ। ਸਾਡੇ ਕੀਤੇ ਹੋਰ ਸਾਰੇ ਕੰਮ ਉਸੇ ਤਰਾਂ ਸਾਡੀ ਕੋਈ ਸਹਾਇਤਾ ਨਹੀਂ ਕਰ ਸਕਦੇ ਜਿਵੇਂ
ਕੰਜੂਸ ਦਾ ਧਨ ਉਸ ਦੇ ਕਿਸੇ ਕੰਮ ਦਾ ਨਹੀਂ ਆਉਂਦਾ।
ਧੰਨਿ ਧੰਨਿ ਤੇ ਜਨ ਜਿਹ ਘਟਿ ਬਸਿਓ ਹਰਿ ਨਾਉ ।।
ਨਾਨਕ ਤਾ ਕੈ ਬਲਿ ਬਲਿ ਜਾਉ ।। ੬ ।।
ਉਹ ਇਨਸਾਨ ਧੰਨ ਹਨ, ਮਹਾਨ ਹਨ, ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਮਤਾ
ਦਾ ਨਾਮ ਵਸਿਆ ਹੋਇਆ ਹੈ। ਗੁਰੂ ਜੀ ਅਜਿਹੇ ਮਹਾਨ ਇਨਸਾਨਾਂ ਦੇ ਵਾਰੇ ਵਾਰੇ ਜਾਂਦੇ ਹਨ।
ਰਹਤ ਅਵਰ ਕਛੁ ਅਵਰ ਕਮਾਵਤ ।। ਮਨਿ ਨਹੀ ਪ੍ਰੀਤਿ
ਮੁਖਹੁ ਗੰਢ ਲਾਵਤ ।।
ਬਹੁਤੇ ਇਨਸਾਨਾਂ ਦੇ ਬਾਹਰਲੇ ਦਿਖਾਵੇ ਦੇ ਰਹਿਣ ਢੰਗ ਵਿੱਚ ਅਤੇ ਅਸਲ ਕਰਮਾਂ
ਵਿੱਚ ਬਹੁਤ ਫਰਕ ਹੁੰਦਾ ਹੈ। ਉਨ੍ਹਾਂ ਦਾ ਜੀਵਨ ਢੰਗ ਕੁੱਝ ਹੋਰ ਹੁੰਦਾ ਹੈ ਅਤੇ ਉਹ ਦਾਅਵੇ ਕੁੱਝ
ਹੋਰ ਕਰਦੇ ਹਨ। ਦਿਲੋਂ ਉਨ੍ਹਾਂ ਦੀ ਪ੍ਰਮਾਤਮਾ ਨਾਲ਼ ਕੋਈ ਪ੍ਰੀਤ ਨਹੀਂ ਹੁੰਦੀ ਪਰ ਵਿਖਾਵਾ ਉਹ ਇਹ
ਕਰਦੇ ਹਨ ਕਿ ਉਨ੍ਹਾਂ ਦਾ ਪ੍ਰਮਾਤਮਾ ਨਾਲ਼ ਬਹੁਤ ਪਿਆਰ ਹੈ। ਉਨ੍ਹਾਂ ਦਾ ਪ੍ਰਭੂ ਪਿਆਰ ਕੇਵਲ ਗੱਲਾਂ
ਤੱਕ ਸੀਮਿਤ ਹੁੰਦਾ ਹੈ।
ਜਾਨਨਹਾਰ ਪ੍ਰਭੂ ਪਰਬੀਨ ।। ਬਾਹਰਿ ਭੇਖ ਨ
ਕਾਹੂ ਭੀਨ ।।
ਪ੍ਰੰਤੂ ਜਾਣੀ ਜਾਣ ਪ੍ਰਮਾਤਮਾ ਏਨਾ ਸਮਝਦਾਰ ਹੈ ਕਿ ਉਹ ਸਭ ਕੁੱਝ ਜਾਣਦਾ
ਹੈ, ਸਮਝਦਾ ਹੈ। ਇਸ ਕਰਕੇ ਉਹ ਬਾਹਰਲੇ ਵਿਖਾਵੇ ਤੇ ਨਹੀਂ ਰੀਝਦਾ। ਝੂਠੇ ਪਾਖੰਡ ਕਰ ਕੇ
ਇਨਸਾਨ ਉਸ ਨੂੰ ਖੁਸ਼ ਨਹੀਂ ਕਰ ਸਕਦਾ। ਉਹ ਤਾਂ ਸੱਚੇ ਦਿਲੋਂ ਕੀਤੇ ਪਿਆਰ ਦਾ ਕਾਇਲ ਹੈ। ਬਾਹਰਲੇ
ਦਿਖਾਵੇ ਨਾਲ਼ ਅਸੀਂ ਦੁਨੀਆਂ ਨੂੰ ਧੋਖਾ ਦੇ ਸਕਦੇ ਹਾਂ, ਪ੍ਰਮਾਤਮਾ ਨੂੰ ਨਹੀਂ।
ਅਵਰ ਉਪਦੇਸੈ ਆਪਿ ਨ ਕਰੈ ।। ਆਵਤ ਜਾਵਤ ਜਨਮੈ
ਮਰੈ ।।
ਜੀਵ ਦੂਜਿਆਂ ਨੂੰ ਉਪਦੇਸ਼ ਦਿੰਦਾ ਰਹਿੰਦਾ ਹੈ ਪਰ ਆਪ ਉਨ੍ਹਾਂ ਸਿਖਿਆਵਾਂ
ਤੇ ਅਮਲ ਨਹੀਂ ਕਰਦਾ ਜਿਹੜੀਆਂ ਉਹ ਹੋਰਾਂ ਨੂੰ ਦਿੰਦਾ ਹੈ। ਅਜਿਹਾ ਇਨਸਾਨ ਜੰਮਣ ਮਰਨ ਦੇ ਚੱਕਰ ਵਿੱਚ
ਫਸਿਆ ਰਹਿੰਦਾ ਹੈ। ਵਾਰ ਵਾਰ ਜੰਮਦਾ ਹੈ ਅਤੇ ਮਰਦਾ ਹੈ।
ਜਿਸ ਕੈ ਅੰਤਰਿ ਬਸੈ ਨਿਰੰਕਾਰੁ ।। ਤਿਸ ਕੀ ਸੀਖ
ਤਰੈ ਸੰਸਾਰੁ ।।
ਜਿਸ ਇਨਸਾਨ ਦੇ ਅੰਦਰ ਨਿਰੰਕਾਰ ਪ੍ਰਮਾਤਮਾ ਆਪ ਵਸਦਾ ਹੈ, ਜਿਸ ਦੀ
ਕਹਿਣੀ ਅਤੇ ਕਥਨੀ ਇੱਕੋ ਜਿਹੀ ਹੁੰਦੀ ਹੈ, ਉਸ ਦੀ ਦਿੱਤੀ ਹੋਈ ਸਿੱਖਿਆ ਦੁਨੀਆਂ ਨੂੰ ਸਿੱਧੇ ਰਾਹ
ਤੇ ਪਾਉਂਦੀ ਹੈ, ਲੋਕਾਂ ਦਾ ਪਾਰ ਉਤਾਰਾ ਕਰਦੀ ਹੈ।
ਜੋ ਤੁਮ ਭਾਨੇ ਤਿਨ ਪ੍ਰਭੁ ਜਾਤਾ ।। ਨਾਨਕ ਉਨ ਜਨ
ਚਰਨ ਪਰਾਤਾ ।। ੭ ।।
ਪ੍ਰਮਾਤਮਾ ਦਾ ਗਿਆਨ ਅਤੇ ਉਸ ਦੇ ਨਾਲ਼ ਮੇਲ ਉਨ੍ਹਾਂ ਜੀਵਾਂ ਨੂੰ ਹੀ
ਨਸੀਬ ਹੁੰਦਾ ਹੈ ਜਿਹੜੇ ਪ੍ਰਮਾਤਮਾ ਨੂੰ ਭਾ ਜਾਂਦੇ ਹਨ, ਉਸ ਨੂੰ ਪਿਆਰੇ ਲੱਗਦੇ ਹਨ। ਗੁਰੂ ਜੀ
ਕਹਿੰਦੇ ਹਨ ਕਿ ਇਹ ਲੋਕ ਬਹੁਤ ਮਹਾਨ ਹੁੰਦੇ ਹਨ ਅਤੇ ਉਹ ਅਜਿਹੇ ਲੋਕਾਂ ਦੇ ਚਰਨੀ ਲੱਗਦੇ ਹਨ।
ਕਰਉ ਬੇਨਤੀ ਪਾਰਬ੍ਰਹਮੁ ਸਭੁ ਜਾਨੈ ।। ਅਪਨਾ ਕੀਆ
ਆਪਹਿ ਮਾਨੈ ।।
ਮੈਂ ਜੋ ਵੀ ਚਾਹੁੰਦਾ ਹਾਂ ਉਸ ਲਈ ਪ੍ਰਮਾਤਮਾ ਅੱਗੇ ਬੇਨਤੀ ਕਰਦਾ ਹਾਂ
ਪ੍ਰੰਤੂ ਪ੍ਰਮਾਤਮਾ ਤਾਂ ਜਾਣੀ ਜਾਣ ਹੈ। ਜੋ ਮੈਂ ਚਾਹੁੰਦਾ ਹਾਂ ਉਹ ਪਹਿਲਾਂ ਹੀ ਜਾਣਦਾ ਹੈ। ਅਸਲ
ਵਿੱਚ ਉਹ ਆਪ ਹੀ ਜੀਵ (ਸਰਗੁਣ) ਰੂਪ ਵਿੱਚ ਬੇਨਤੀ ਕਰਦਾ ਹੈ ਅਤੇ ਆਪ ਹੀ ਅਪਣੇ ਨਿਰਗੁਣ ਰੂਪ ਵਿੱਚ
ਉਸ ਬੇਨਤੀ ਨੂੰ ਪ੍ਰਵਾਨ ਕਰਦਾ ਹੈ।
ਆਪਹਿ ਆਪ ਆਪਿ ਕਰਤ ਨਿਬੇਰਾ ।। ਕਿਸੈ ਦੂਰਿ
ਜਨਾਵਤ ਕਿਸੈ ਬੁਝਾਵਤ ਨੇਰਾ ।।
ਸਾਰੇ ਜੀਵਾਂ ਵਿੱਚ ਉਹ ਆਪ ਹੀ ਵਸਦਾ ਹੈ ਅਤੇ ਉਹ ਆਪ ਹੀ ਇਨਸਾਨ ਨੂੰ ਇਹ
ਸਮਝ ਦਿੰਦਾ ਹੈ ਕਿ ਪ੍ਰਮਾਤਮਾ ਨੇੜੇ ਹੈ ਜਾਂ ਦੂਰ। ਕੁੱਝ ਲੋਕਾਂ ਨੂੰ ਉਹ ਅਜਿਹੀ ਸਮਝ ਦਿੰਦਾ ਹੈ
ਕਿ ਉਨ੍ਹਾਂ ਨੂੰ ਬਹੁਤ ਨੇੜੇ ਲੱਗਦਾ ਹੈ ਅਤੇ ਕਈਆਂ ਨੂੰ ਅਜਿਹੀ ਮੱਤ ਦਿੰਦਾ ਹੈ ਕਿ ਉਹ ਉਸ ਨੂੰ
ਬਹੁਤ ਦੂਰ ਸਮਝਦੇ ਹਨ।
ਉਪਾਵ ਸਿਆਨਪ ਸਗਲ ਤੇ ਰਹਤ ।। ਸਭੁ ਕਛੁ ਜਾਨੈ
ਆਤਮ ਕੀ ਰਹਤ ।।
ਸਾਡੇ ਅਪਣੀ ਅਕਲ ਨਾਲ਼ ਕੀਤੇ ਯਤਨਾ ਨਾਲ਼ ਉਸ ਨੂੰ ਮਿਲਿਆ ਨਹੀਂ ਜਾ ਸਕਦਾ।
ਉਹ ਸਾਡੀ ਅਕਲ ਦੀ ਅਤੇ ਸਾਡੇ ਕੀਤੇ ਸਾਰੇ ਯਤਨਾਂ ਦੀ ਪਹੁੰਚ ਤੋਂ ਬਾਹਰ ਹੈ। ਸਾਡੇ ਅੰਤਰੀਵ ਭਾਵ
ਕੀ ਹਨ, ਸਾਡੇ ਮਨ ਵਿੱਚ ਕੀ ਚੱਲ ਰਿਹਾ ਹੈ, ਉਹ ਸਭ ਜਾਣਦਾ ਹੈ।
ਜਿਸੁ ਭਾਵੈ ਤਿਸੁ ਲਏ ਲੜਿ ਲਾਇ ।। ਥਾਨ ਥਨੰਤਰਿ
ਰਹਿਆ ਸਮਾਇ ।।
ਜਿਸ ਨੂੰ ਉਹ ਚਾਹੁੰਦਾ ਹੈ, ਜਿਹੜਾ ਉਸ ਨੂੰ ਪਿਆਰਾ ਲੱਗਦਾ ਹੈ, ਉਸ ਨੂੰ
ਉਹ ਅਪਣੇ ਲੜ ਲਾ ਲੈਂਦਾ ਹੈ, ਉਸ ਦੇ ਮਨ ਵਿੱਚ
ਅਪਣੇ ਲਈ ਪਿਆਰ ਪੈਦਾ ਕਰ ਦਿੰਦਾ ਹੈ। ਉਸ ਜੀਵ ਨੂੰ ਇਹ ਸਮਝ ਆ ਜਾਂਦੀ ਹੈ ਕਿ ਉਹ ਹਰ ਥਾਂ ਤੇ
ਵਸਿਆ ਹੋਇਆ ਹੈ। ਕੋਈ ਅਜਿਹੀ ਥਾਂ ਨਹੀਂ ਜਿੱਥੇ ਉਹ ਮੌਜੂਦ ਨਹੀਂ।
ਸੋ ਸੇਵਕੁ ਜਿਸੁ ਕਿਰਪਾ ਕਰੀ ।। ਨਿਮਖ ਨਿਮਖ ਜਪਿ
ਨਾਨਕ ਹਰੀ ।। ੮ ।। ੫ ।।
ਜਿਸ ਤੇ ਉਹ ਅਪਣੀ ਕਿਰਪਾ ਕਰ ਦਿੰਦਾ ਹੈ
ਉਹ ਉਸ ਦਾ ਸੇਵਕ ਬਣ ਜਾਂਦਾ ਹੈ। ਇਸ ਕਰਕੇ ਗੁਰੂ ਜੀ ਸਾਨੂੰ ਇਹ ਉਪਦੇਸ਼ ਬਖ਼ਸ਼ਿਸ਼ ਕਰਦੇ ਹਨ ਕਿ ਅਸੀਂ
ਅਪਣੀ ਜ਼ਿੰਦਗੀ ਦਾ ਹਰ ਪਲ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਵਿੱਚ ਲਗਾਈਏ।
ਸਲੋਕੁ ।।
ਕਾਮ ਕ੍ਰੋਧ ਅਰੁ ਲੋਭ ਮੋਹ ਬਿਨਸਿ ਜਾਇ ਅਹੰਮੇਵ
।। ਨਾਨਕ ਪ੍ਰਭ ਸਰਣਾਗਤੀ ਕਰਿ ਪ੍ਰਸਾਦਿ ਗੁਰਦੇਵ ।। ੧ ।।
ਗੁਰੂ ਜੀ ਪ੍ਰਭੂ ਅੱਗੇ ਬੇਨਤੀ ਕਰਦੇ ਹੋਏ ਕਹਿੰਦੇ ਹਨ ਕਿ ਹੇ ਪ੍ਰਭੂ,
ਅਸੀਂ ਤੁਹਾਡੀ ਸ਼ਰਨ ਵਿੱਚ ਆ ਗਏ ਹਾਂ। ਸਾਡੇ ਤੇ ਕਿਰਪਾ ਕਰੋ ਤਾਂ ਕਿ ਸਾਡੇ ਮਨ ਵਿੱਚੋਂ ਕਾਮ,
ਕ੍ਰੋਧ, ਲੋਭ ਅਤੇ ਮੋਹ ਦਾ ਨਾਸ ਹੋ ਜਾਵੇ।
ਅਸਟਪਦੀ ।।
ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ ।। ਤਿਸੁ
ਠਾਕੁਰ ਕਉ ਰਖੁ ਮਨ ਮਾਹਿ ।।
ਐ ਜੀਵ, ਜਿਸ ਪ੍ਰਮਾਤਮਾ ਦੀ ਕਿਰਪਾ ਨਾਲ਼ ਤੂੰ ਛੱਤੀ ਤਰਾਂ ਦੇ ਅਰਥਾਤ
ਭਾਂਤ ਭਾਂਤ ਦੇ ਅੰਮ੍ਰਿਤ ਵਰਗੇ ਪਦਾਰਥ ਖਾਂਦਾ ਹੈਂ, ਉਸ ਮਾਲਕ ਨੂੰ ਹਮੇਸ਼ਾ ਅਪਣੇ ਮਨ ਵਿੱਚ ਯਾਦ
ਰੱਖਿਆ ਕਰ। ਕਦੇ ਇੱਕ ਪਲ ਲਈ ਵੀ ਇਹ ਗੱਲ ਨਾ ਭੁੱਲਿਆ ਕਰ ਕਿ ਇਹ ਸਭ ਦਾਤਾਂ ਦੇਣ ਵਾਲ਼ਾ ਉਹ ਮਾਲਕ
ਹੀ ਹੈ।
ਜਿਹ ਪ੍ਰਸਾਦਿ ਸੁਗੰਧਤ ਤਨਿ ਲਾਵਹਿ ।। ਤਿਸ ਕਉ
ਸਿਮਰਤ ਪਰਮ ਗਤਿ ਪਾਵਹਿ ।।
ਜਿਸ ਮਾਲਕ ਦੀ ਮਿਹਰ ਦਾ ਸਦਕਾ ਤੂੰ ਅਪਣੇ ਸਰੀਰ ਤੇ ਖੁਸ਼ਬੂਦਾਰ ਅਤਰ
ਫੁਲੇਲ ਆਦਿ ਲਗਾ ਕੇ ਇਸ ਨੂੰ ਸੁਗੰਧ ਭਰਪੂਰ ਬਣਾਉਂਦਾ ਹੈਂ, ਉਸ ਦਾ ਸਿਮਰਨ ਕਰਿਆ ਕਰ। ਉਸ ਦੇ ਨਾਮ
ਦਾ ਸਿਮਰਨ ਕਰਨ ਨਾਲ਼ ਤੈਨੂੰ ਮਹਾ ਮੁਕਤੀ ਪ੍ਰਾਪਤ ਹੋਵੇਗੀ।
ਜਿਹ ਪ੍ਰਸਾਦਿ ਬਸਹਿ ਸੁਖ ਮੰਦਰਿ । ਤਿਸਹਿ ਧਿਆਇ
ਸਦਾ ਮਨ ਅੰਦਰਿ ।।
ਜਿਸ ਪ੍ਰਭੂ ਦੀ ਕਿਰਪਾ ਨਾਲ਼ ਤੂੰ ਸੁਖਦਾਈ ਮਹਿਲਾਂ ਵਿੱਚ ਵਸਦਾ ਹੈਂ,
ਸਦਾ ਹੀ ਅਪਣੇ ਮਨ ਵਿੱਚ ਉਸ ਨੂੰ ਯਾਦ ਰੱਖਿਆ ਕਰ, ਸਦਾ ਉਸ ਦੇ ਨਾਮ ਦਾ ਸਿਮਰਨ ਕਰਦਾ ਰਿਹਾ ਕਰ।
ਜਿਹ ਪ੍ਰਸਾਦਿ ਗ੍ਰਿਹ ਸੰਗਿ ਸੁਖ ਬਸਨਾ ।। ਆਠ ਪਹਰ ਸਿਮਰਹੁ ਤਿਸੁ ਰਸਨਾ ।।
ਜਿਸ ਦੀ ਕਿਰਪਾ ਨਾਲ਼ ਤੂੰ ਸੁਖ ਪੂਰਬਕ
ਅਪਣੇ ਘਰ ਵਿੱਚ ਅਪਣੇ ਪਰਿਵਾਰ ਸਮੇਤ ਰਹਿੰਦਾ ਹੈਂ, ਅੱਠੇ ਪਹਿਰ ਅਪਣੀ ਜੀਭ ਨਾਲ਼ ਉਸ ਪ੍ਰਭੂ ਦੇ
ਨਾਮ ਦਾ ਸਿਮਰਨ ਕਰਦਾ ਰਿਹਾ ਕਰ।
ਜਿਹ ਪ੍ਰਸਾਦਿ ਰੰਗ ਰਸ ਭੋਗ ।। ਨਾਨਕ ਸਦਾ ਧਿਆਈਐ
ਧਿਆਵਨ ਜੋਗ ।। ੧ ।।
ਜਿਸ ਮਾਲਕ ਦੀ ਮਿਹਰ ਨਾਲ਼ ਤੂੰ ਤਰਾਂ ਤਰਾਂ
ਦੇ ਰੰਗਾਂ ਰਸਾਂ ਦਾ ਅਨੰਦ ਮਾਣਦਾ ਹੈਂ, ਉਸ ਧਿਆਉਣ ਯੋਗ ਮਾਲਕ ਨੂੰ ਹਮੇਸ਼ਾ ਅਪਣੇ ਮਨ ਵਿੱਚ
ਧਿਆਉਂਦਾ ਰਿਹਾ ਕਰ। ਇਹ ਸਭ ਰੰਗ ਰਸ ਉਸ ਦੇ ਬਖ਼ਸ਼ਿਸ਼ ਕੀਤੇ ਹੋਏ ਹਨ। ਇਨ੍ਹਾਂ ਸਾਰੀਆਂ ਦਾਤਾਂ ਦੇ
ਦੇਣ ਵਾਲ਼ੇ ਨੂੰ ਭੁੱਲਣਾ ਸਭ ਤੋਂ ਵੱਡੀ ਮੂਰਖਤਾ ਹੈ।
ਜਿਹ ਪ੍ਰਸਾਦਿ ਪਾਟ ਪਟੰਬਰ ਹਢਾਵਹਿ ।। ਤਿਸਹਿ
ਤਿਆਗ ਕਤ ਅਵਰ ਲੁਭਾਵਹਿ ।।
ਐ ਜੀਵ, ਜਿਸ ਪ੍ਰਭੂ ਦੀ ਕਿਰਪਾ ਸਦਕਾ ਤੂੰ ਭਾਂਤ ਭਾਂਤ ਦੇ ਖੂਬਸੂਰਤ
ਸੂਤੀ ਅਤੇ ਰੇਸ਼ਤੀ ਵਸਤਰ ਪਹਿਨਦਾ ਹੈਂ, ਉਸ ਨੂੰ ਭੁਲਾ ਕੇ ਤੂੰ ਹੋਰ ਕਿਸ ਦੇ ਪਿਆਰ ਵਿੱਚ ਕਿਉਂ ਉਲ਼ਝ
ਗਿਆ ਹੈਂ?
ਜਿਹ ਪ੍ਰਸਾਦਿ ਸੁਖਿ ਸੇਜ ਸੋਈਜੈ ।। ਮਨ ਆਠ ਪਹਰ
ਤਾ ਕਾ ਜਸੁ ਗਾਵੀਜੈ ।।
ਜਿਸ ਮਾਲਕ ਦੀ ਮਿਹਰ ਸਦਕਾ ਤੂੰ ਸੁਖਾਂ ਭਰੀ ਸੇਜ ਦਾ ਅਨੰਦ ਮਾਣਦਾ ਹੈਂ,
ਅੱਠੇ ਪਹਿਰ ਉਸ ਮਾਲਕ ਦਾ ਜਸ ਗਾਉਂਦਾ ਰਿਹਾ ਕਰ।
ਜਿਹ ਪ੍ਰਸਾਦਿ ਤੁਝੁ ਸਭੁ ਕੋਊ ਮਾਨੈ ।। ਮੁਖਿ ਤਾ
ਕੋ ਜਸੁ ਰਸਨ ਬਖਾਨੈ ।।
ਤੇਰੀ ਇਹ ਸ਼ਾਨੋ ਸ਼ੌਕਤ, ਮਾਣ ਇੱਜ਼ਤ ਤੇਰੀ ਅਪਣੀ ਕਮਾਈ ਹੋਈ ਨਹੀਂ। ਇਹ ਉਸ
ਮਾਲਕ ਦੀ ਬਖ਼ਸ਼ੀ ਹੋਈ ਦਾਤ ਹੈ। ਜਿਸ ਪ੍ਰਭੂ ਦੀ
ਕਿਰਪਾ ਨਾਲ਼ ਸਾਰੀ ਦੁਨੀਆਂ ਤੇਰਾ ਸਤਿਕਾਰ ਕਰਦੀ
ਹੈ, ਅਪਣੀ ਜੀਭ ਨਾਲ਼, ਅਪਣੇ ਮੂੰਹ ਤੋਂ ਉਸ ਮਾਲਕ ਦੀ ਵਡਿਆਈ ਕਰਦਾ ਰਿਹਾ ਕਰ।
ਜਿਹ ਪ੍ਰਸਾਦਿ ਤੇਰੋ ਰਹਤਾ ਧਰਮੁ ।। ਮਨ ਸਦਾ
ਧਿਆਇ ਕੇਵਲ ਪਾਰਬ੍ਰਹਮੁ ।।
ਜਿਸ ਮਾਲਕ ਦੀ ਕਿਰਪਾ ਨਾਲ਼ ਤੇਰਾ ਧਰਮ ਕਾਇਮ ਰਹਿੰਦਾ ਹੈ, ਤੇਰਾ ਵਿਸ਼ਵਾਸ਼
ਡੋਲਦਾ ਨਹੀਂ, ਤੂੰ ਅਪਣੇ ਫ਼ਰਜ਼ਾਂ ਦਾ ਪਾਲਣ ਕਰਦਾ ਰਹਿੰਦਾ ਹੈਂ, ਉਸ ਪਰਮ ਉੱਚ ਸ਼ਕਤੀ ਨੂੰ ਅਪਣੇ ਮਨ
ਵਿੱਚ ਸਦਾ ਯਾਦ ਰੱਖਿਆ ਕਰ।
ਪ੍ਰਭ ਜੀ ਜਪਤ ਦਰਗਹ ਮਾਨੁ ਪਾਵਹਿ ।। ਨਾਨਕ ਪਤਿ
ਸੇਤੀ ਘਰਿ ਜਾਵਹਿ ।। ੨ ।।
ਉਸ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਨਾਲ਼
ਤੈਨੂੰ ਪ੍ਰਮਾਤਮਾ ਦੇ ਦਰਬਾਰ ਵਿੱਚ ਇੱਜ਼ਤ ਮਿਲੇਗੀ ਅਤੇ ਤੂੰ ਸਨਮਾਨ ਸਹਿਤ ਅਪਣੇ ਉਸ ਅਸਲੀ ਘਰ
(ਪ੍ਰਭੂ ਦੇ ਪਾਸ) ਵਾਪਸ ਜਾ ਸਕੇਂਗਾ ਜਿੱਥੋਂ ਤੂੰ ਆਇਆ ਹੈਂ।
ਜਿਹ ਪ੍ਰਸਾਦਿ ਆਰੋਗ ਕੰਚਨ ਦੇਹੀ ।। ਲਿਵ ਲਾਵਹੁ
ਤਿਸੁ ਰਾਮ ਸਨੇਹੀ ।।
ਜਿਸ ਪ੍ਰਭੂ ਦੀ ਕਿਰਪਾ ਸਦਕਾ ਤੇਰਾ ਇਹ ਸੋਨੇ ਵਰਗਾ ਸਰੀਰ ਰੋਗਾਂ ਤੋਂ
ਬਚਿਆ ਰਹਿੰਦਾ ਹੈ ਉਸ ਪ੍ਰਮਾਤਮਾ ਨਾਲ਼ ਸਦਾ ਅਪਣਾ ਧਿਆਨ ਜੋੜ ਕੇ ਰੱਖਿਆ ਕਰ।
ਜਿਹ ਪ੍ਰਸਾਦਿ ਤੇਰਾ ਓਲਾ ਰਹਤ ।। ਮਨੁ ਸੁਖੁ
ਪਾਵਹਿ ਹਰਿ ਹਰਿ ਜਸੁ ਕਹਤ ।।
ਜਿਸ ਵਾਹਿਗੁਰੂ ਦੀ ਮਿਹਰ ਨਾਲ਼ ਤੇਰੇ ਸਾਰੇ
ਪਰਦੇ ਢਕੇ ਰਹਿੰਦੇ ਹਨ, ਉਸ ਪ੍ਰਭੂ ਦੀ ਵਡਿਆਈ ਕਰਨ ਨਾਲ਼ ਤੈਨੂੰ ਸੁਖਾਂ ਦੀ ਪ੍ਰਾਪਤੀ ਹੋਵੇਗੀ।
ਜਿਹ ਪ੍ਰਸਾਦਿ ਤੇਰੇ ਸਗਲ ਛਿਦ੍ਰ ਢਾਕੇ ।। ਮਨ
ਸਰਨੀ ਪਰੁ ਠਾਕੁਰ ਪ੍ਰਭ ਤਾ ਕੈ ।।
ਜਿਸ ਮਾਲਕ ਦੀ ਕਿਰਪਾ ਨਾਲ਼ ਤੇਰੇ ਸਾਰੇ ਦੋਸ਼ਾਂ ਤੇ, ਸਾਰੇ ਗੁਨਾਹਾਂ,
ਸਾਰੇ ਪਾਪਾਂ ਤੇ ਪਰਦਾ ਪੈ ਜਾਂਦਾ ਹੈ, ਤੂੰ ਸਦਾ ਹੀ ਉਸ ਮਾਲਕ ਦੀ ਸ਼ਰਨ ਵਿੱਚ ਪਿਆ ਰਿਹਾ ਕਰ।
ਜਿਹ ਪ੍ਰਸਾਦਿ ਤੁਝੁ ਕੋ ਨ ਪਹੂਚੈ ।। ਮਨ ਸਾਸਿ
ਸਾਸਿ ਸਿਮਰਹੁ ਪ੍ਰਭ ਊਚੇ ।।
ਜਿਸ ਮਾਲਕ ਦੀ ਕਿਰਪਾ ਸਦਕਾ ਤੂੰ ਸਾਰੀ ਸ੍ਰਿਸ਼ਟੀ ਦਾ ਸਭ ਤੋਂ ਉੱਤਮ ਜੀਵ
ਬਣਿਆਂ ਹੋਇਆ ਹੈਂ, ਕੋਈ ਹੋਰ ਜੀਵ ਤੇਰਾ ਮੁਕਾਬਲਾ ਨਹੀਂ ਕਰ ਸਕਦਾ, ਤੂੰ ਅਪਣੇ ਮਨ ਵਿੱਚ ਹਮੇਸ਼ਾ
ਉਸ ਮਹਾਨ ਪ੍ਰਭੂ ਦਾ ਸਿਮਰਨ ਕਰਦਾ ਰਿਹਾ ਕਰ।
ਜਿਹ ਪ੍ਰਸਾਦਿ ਪਾਈ ਦ੍ਰੁਲਭ ਦੇਹ ।।ਨਾਨਕ ਤਾ ਕੀ
ਭਗਤਿ ਕਰੇਹ ।। ੩ ।।
ਗੁਰੂ ਜੀ ਸਿਖਿਆ ਦਿੰਦੇ ਹਨ ਕਿ ਐ ਜੀਵ,
ਜਿਸ ਮਾਲਕ ਦੀ ਕਿਰਪਾ ਸਦਕਾ ਤੈਨੂੰ ਇਹ ਦੁਰਲੱਭ ਦੇਹ ਮਿਲੀ ਹੈ, ਤੂੰ ਉਸ ਮਾਲਕ ਦੀ ਭਗਤੀ ਕਰਦਾ
ਰਿਹਾ ਕਰ।
ਜਿਹ ਪ੍ਰਸਾਦਿ ਆਭੂਖਨ ਪਹਿਰੀਜੈ ।।ਮਨ ਤਿਸੁ ਸਿਮਰਤ ਕਿਉ ਆਲਸੁ ਕੀਜੈ ।।
ਹੇ ਮੇਰੇ ਮਨ, ਜਿਸ ਮਾਲਕ ਦੀ ਕਿਰਪਾ ਨਾਲ਼ ਤੈਨੂੰ ਇਹ ਸਾਰੇ ਗਹਿਣੇ ਪ੍ਪਤ ਹੋਏ ਹਨ ਜਿਹੜੇ ਤੂੰ ਅਪਣੇ ਸਰੀਰ ਉੱਤੇ
ਪਹਿਨਦਾ ਹੈਂ, ਉਸ ਦੇ ਨਾਮ ਦਾ ਸਿਮਰਨ ਕਰਨ ਵਿੱਚ ਤੂੰ ਆਲਸ ਕਿਉਂ ਕਰਦਾ ਹੈਂ?
ਜਿਹ ਪ੍ਰਸਾਦਿ ਅਸ੍ਵ ਹਸਤਿ ਅਸਵਾਰੀ ।। ਮਨ ਤਿਸੁ
ਪ੍ਰਭ ਕਉ ਕਬਹੂ ਨ ਬਿਸਾਰੀ ।।
ਹੇ ਮੇਰੇ ਮਨ, ਜਿਸ ਪ੍ਰਭੂ ਦੀ ਕਿਰਪਾ ਨਾਲ਼ ਤੈਨੂੰ ਹਾਥੀ ਘੋੜਿਆਂ ਦੀ
ਸਵਾਰੀ ਕਰਨ ਦਾ ਮੌਕਾ ਮਿਲਿਆ ਹੈ, ਉਸ ਪ੍ਰਭੂ ਦੇ ਨਾਮ ਨੂੰ ਕਦੇ ਵੀ ਅਪਣੇ ਮਨ ਤੋਂ ਵਿਸਾਰਿਆ ਨਾ
ਕਰ।
ਜਿਹ ਪ੍ਰਸਾਦਿ ਬਾਗ ਮਿਲਖ ਧਨਾ ।। ਰਾਖੁ ਪਰੋਇ
ਪ੍ਰਭੁ ਅਪੁਨੇ ਮਨਾ ।।
ਹੇ ਜੀਵ, ਜਿਸ ਮਾਲਕ ਦੀ ਮਿਹਰ ਨਾਲ਼ ਤੈਨੂੰ ਜ਼ਮੀਨ, ਜਾਇਦਾਦ, ਬਾਗ ਬਗੀਚੇ
ਅਤੇ ਧਨ ਦੌਲਤ ਪ੍ਰਾਪਤ ਹੋਏ ਹਨ, ਉਸ ਮਾਲਕ ਦੇ ਨਾਮ ਨੂੰ ਹਮੇਸ਼ਾ ਅਪਣੇ ਹਿਰਦੇ ਵਿੱਚ ਪਰੋ ਕੇ
ਰੱਖਿਆ ਕਰ।
ਜਿਨਿ ਤੇਰੀ ਮਨ ਬਨਤ ਬਨਾਈ ।। ਊਠਤ ਬੈਠਤ ਸਦ
ਤਿਸਹਿ ਧਿਆਈ ।।
ਹੇ ਮੇਰੇ ਮਨ, ਜਿਸ ਪ੍ਰਭੂ ਨੇ ਤੇਰੇ ਇਸ ਸੁੰਦਰ ਸਰੀਰ ਦੀ ਰਚਨਾ ਕੀਤੀ
ਹੈ, ਤੂੰ ਹਰ ਵਕਤ ਉੱਠਦਾ ਬਹਿੰਦਾ ਉਸ ਨੂੰ ਅਪਣੇ ਮਨ ਵਿੱਚ ਧਿਆਉਂਦਾ ਰਿਹਾ ਕਰ।
ਤਿਸਹਿ ਧਿਆਇ ਜੋ ਏਕ ਅਲਖੈ ।। ਈਹਾ ਊਹਾ ਨਾਨਕ
ਤੇਰੀ ਰਖੈ ।। ੪ ।।
ਹੇ ਮਨਾ, ਤੂੰ ਸਦਾ ਉਸ ਇੱਕੋ ਇੱਕ ਪ੍ਰਭੂ
ਨੂੰ ਧਿਆਉਂਦਾ ਰਿਹਾ ਕਰ ਜਿਸ ਵਰਗਾ ਹੋਰ ਕੋਈ ਨਹੀਂ, ਜਿਸ ਦੇ ਸੁਭਾਅ ਅਤੇ ਸ਼ਕਤੀ ਦਾ ਵਰਨਣ ਕਰਨਾ
ਸਾਡੇ ਲਈ ਸੰਭਵ ਨਹੀਂ ਅਤੇ ਜਿਹੜਾ ਇਸ ਦੁਨੀਆਂ ਵਿੱਚ ਅਤੇ ਉਸ ਦੁਨੀਆਂ ਵਿੱਚ ਦੋਹਾਂ ਥਾਵਾਂ ਤੇ
ਤੇਰੀ ਇੱਜ਼ਤ ਰੱਖਦਾ ਹੈ, ਤੈਨੂੰ ਹਰ ਕਿਸਮ ਦੇ ਕਸ਼ਟਾਂ ਤੋਂ ਬਚਾਉਂਦਾ ਹੈ।
ਜਿਹ ਪ੍ਰਸਾਦਿ ਕਰਹਿ ਪੁੰਨ ਬਹੁ ਦਾਨ ।। ਮਨ ਆਠ ਪਹਰ ਕਰਿ ਤਿਸ ਕਾ ਧਿਆਨ
।।
ਹੇ ਜੀਵ, ਜਿਸ ਪ੍ਰਮਾਤਮਾ ਨੇ ਤੇਰੇ ਤੇ ਕਿਰਪਾ ਕਰ ਕੇ ਤੈਨੂੰ ਇਹ ਸਮਰਥਾ
ਦਿੱਤੀ ਹੈ ਕਿ ਰੱਜ ਕੇ ਪੁੰਨ ਦਾਨ ਕਰ ਸਕੇਂ, ਤੂੰ ਹਰ ਵੇਲ਼ੇ ਉਸ ਪ੍ਰਮਾਤਮਾ ਦਾ ਧਿਆਨ ਧਰਿਆ ਕਰ।
ਜਿਹ ਪ੍ਰਸਾਦਿ ਤੂ ਆਚਾਰ ਬਿਉਹਾਰੀ ।। ਤਿਸੁ ਪ੍ਰਭ
ਕਉ ਸਾਸਿ ਸਾਸਿ ਚਿਤਾਰੀ ।।
ਜਿਸ ਪ੍ਰਮਾਤਮਾ ਦੀ ਮਿਹਰ ਨਾਲ਼ ਤੈਨੂੰ ਉੱਚੇ ਆਚਾਰ ਵਾਲ਼ਾ ਹੋਣ ਦਾ ਮਾਣ
ਪ੍ਰਾਪਤ ਹੋਇਆ ਹੈ, ਤੂੰ ਉਸ ਪ੍ਰਮਾਤਮਾ ਨੂੰ ਹਰ ਸਾਹ ਨਾਲ਼ ਯਾਦ ਕਰਦਾ ਰਿਹਾ ਕਰ।
ਜਿਹ ਪ੍ਰਸਾਦਿ ਤੇਰਾ ਸੁੰਦਰ ਰੂਪੁ ।। ਸੋ ਪ੍ਰਭੁ
ਸਿਮਰਹੁ ਸਦਾ ਅਨੂਪੁ ।।
ਜਿਸ ਪ੍ਰਮਾਤਮਾ ਨੇ ਤੈਨੂੰ ਖੂਬਸੂਰਤ ਸਰੀਰ ਅਤੇ ਸ਼ਖਸ਼ੀਅਤ ਬਖ਼ਸ਼ੀ ਹੈ, ਤੂੰ
ਉਸ ਬੇਜੋੜ, ਅਦੁੱਤੀ ਪ੍ਰਮਾਤਮਾ ਦੇ ਨਾਮ ਦਾ ਹਰ ਵੇਲ਼ੇ ਸਿਮਰਨ ਕਰਦਾ ਰਿਹਾ ਕਰ ਜਿਸ ਦੇ ਬਰਾਬਰ ਦੀ
ਹੋਰ ਕੋਈ ਤਾਕਤ ਨਹੀਂ ਹੈ।
ਜਿਹ ਪ੍ਰਸਾਦਿ ਤੇਰੀ ਨੀਕੀ ਜਾਤਿ ।। ਸੋ ਪ੍ਰਭੁ
ਸਿਮਰਿ ਸਦਾ ਦਿਨ ਰਾਤਿ ।।
ਜਿਸ ਪ੍ਰਮਾਤਮਾ ਦੀ ਮਿਹਰ ਸਦਕਾ ਤੂੰ ਉੱਤਮ ਸ਼ਖਸ਼ੀਅਤ ਵਾਲ਼ਾ ਕਰ ਕੇ
ਜਾਣਿਆਂ ਜਾਂਦਾ ਹੈਂ, ਉਸ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਦਿਨ ਰਾਤ ਕਰਦਾ ਰਿਹਾ ਕਰ।
ਜਿਹ ਪ੍ਰਸਾਦਿ ਤੇਰੀ ਪਤਿ ਰਹੈ ।। ਗੁਰ
ਪ੍ਰਸਾਦਿ ਨਾਨਕ ਜਸੁ ਕਹੈ ।। ੫ ।।
ਗੁਰੂ ਜੀ ਮਿਹਰ ਕਰਦੇ ਹੋਏ ਜੀਵ ਨੂੰ ਸਿੱਖਿਆ ਦਿੰਦੇ ਹਨ ਕਿ ਜਿਹੜਾ
ਮਾਲਕ ਅਪਣੀ ਮਿਹਰ ਕਰ ਕੇ ਤੇਰੀ ਇੱਜ਼ਤ ਨੂੰ ਬਚਾਈ ਰੱਖਦਾ ਹੈ, ਤੇਰਾ ਸਮਾਜ ਵਿੱਚ ਮਾਣ ਤਾਣ ਕਾਇਮ
ਰੱਖਦਾ ਹੈ, ਤੂੰ ਗੁਰੂ ਦੀ ਕਿਰਪਾ ਨਾਲ਼ ਉਸ ਮਾਲਕ ਦੇ ਗੁਣ ਗਾਉਂਦਾ ਰਿਹਾ ਕਰ।
ਜਿਹ ਪ੍ਰਸਾਦਿ ਸੁਨਹਿ ਕਰਨ ਨਾਦ ।। ਜਿਹ
ਪ੍ਰਸਾਦਿ ਪੇਖਹਿ ਬਿਸਮਾਦ ।।
ਐ ਜੀਵ, ਉਸ ਵਾਹਿਗੁਰੂ ਨੂੰ ਕਦੇ ਵੀ
ਭੁਲਾਇਆ ਨਾ ਕਰ ਜਿਸ ਦੀ ਕਿਰਪਾ ਨਾਲ਼ ਤੇਰੇ ਕੰਨ ਅੰਮ੍ਰਿਤਮਈ ਰੱਬੀ ਸੰਗੀਤ ਨੂੰ ਸੁਣਨ ਦੇ ਸਮਰਥ ਹਨ
ਅਤੇ ਜਿਸ ਦੀ ਮਿਹਰ ਨਾਲ਼ ਤੂੰ ਅਪਣੀਆਂ ਅੱਖਾਂ ਨਾਲ਼ ਅਚਰਜ ਕੌਤਕ ਹੁੰਦੇ ਵੇਖ ਸਕਦਾ ਹੈਂ।
ਜਿਹ ਪ੍ਰਸਾਦਿ ਬੋਲਹਿ ਅੰਮ੍ਰਿਤ ਰਸਨਾ ।। ਜਿਹ
ਪ੍ਰਸਾਦਿ ਸੁਖਿ ਸਹਜੇ ਬਸਨਾ ।।
ਉਸ ਵਾਹਿਗੁਰੂ ਨੂੰ ਕਦੇ ਵੀ ਭੁਲਾਇਆ ਨਾ
ਕਰ ਜਿਸ ਦੀ ਦਯਾ ਦਾ ਪਾਤਰ ਹੋਣ ਕਰਕੇ ਤੂੰ ਅਪਣੀ ਜ਼ਬਾਨ ਤੋਂ ਮਿੱਠੇ ਮਿੱਠੇ
ਬੋਲ ਬੋਲ ਸਕਦਾ ਹੈਂ, ਜਿਸ ਦੀ ਕਿਰਪਾ ਨਾਲ਼ ਸੁਖ ਅਨੰਦ ਵਿੱਚ ਅਪਣਾ ਜੀਵਨ ਬਸਰ ਕਰਦਾ ਹੈਂ।
ਜਿਹ ਪ੍ਰਸਾਦਿ ਹਸਤ ਕਰ ਚਲਹਿ ।। ਜਿਹ
ਪ੍ਰਸਾਦਿ ਸੰਪੂਰਨ ਫਲਹਿ ।।
ਉਸ ਵਾਹਿਗੁਰੂ ਨੂੰ ਕਦੇ ਵੀ ਭੁਲਾਇਆ ਨਾ
ਕਰ ਜਿਸ ਦੀ ਮਿਹਰ ਸਦਕਾ ਤੇਰੇ ਹੱਥ ਪੈਰ ਕੰਮ ਕਰਦੇ ਹਨ, ਜਿਸ ਦੀ ਕਿਰਪਾ
ਨਾਲ਼ ਤੇਰੇ ਸਾਰੇ ਕਾਰਜ ਨੇਪਰੇ ਚੜ੍ਹਦੇ ਹਨ, ਤੇਰੇ ਯਤਨ ਫਲ਼ੀਭੂਤ ਹੁੰਦੇ ਹਨ।
ਜਿਹ ਪ੍ਰਸਾਦਿ ਪਰਮ ਗਤਿ ਪਾਵਹਿ ।। ਜਿਹ ਪ੍ਰਸਾਦਿ
ਸੁਖਿ ਸਹਜ ਸਮਾਵਹਿ ।।
ਉਸ ਵਾਹਿਗੁਰੂ ਨੂੰ ਕਦੇ ਵੀ ਭੁਲਾਇਆ ਨਾ
ਕਰ ਜਿਸ ਦੀ ਮਿਹਰ ਨਾਲ਼ ਤੂੰ ਮਹਾ ਮੁਕਤੀ ਪ੍ਰਾਪਤ ਕਰ ਸਕਦਾ ਹੈਂ, ਜਿਸ ਦੀ
ਦਯਾ ਨਾਲ਼ ਸੁਖ ਸ਼ਾਂਤੀ ਨਾਲ਼ ਅਪਣਾ ਜੀਵਨ ਬਤੀਤ ਕਰਦਾ ਹੈਂ।
ਐਸਾ ਪ੍ਰਭੁ ਤਿਆਗਿ ਅਵਰ ਕਤ ਲਾਗਹੁ ।। ਗੁਰ
ਪ੍ਰਸਾਦਿ ਨਾਨਕ ਮਨਿ ਜਾਗਹੁ ।। ੬ ।।
ਇਹੋ ਜਿਹੇ ਦਯਾਲੂ ਪ੍ਰਮਾਤਮਾ ਨੂੰ ਛੱਡ ਕੇ
ਤੂੰ ਹੋਰ ਕਿਸੇ ਸ਼ਕਤੀ (ਮਾਇਆ) ਨਾਲ਼ ਪਿਆਰ ਕਿਉਂ ਪਾਈ ਬੈਠਾ ਹੈਂ? ਹੇ ਜੀਵ, ਗੁਰੂ ਦੀ ਸਿਖਿਆ ਵੱਲ
ਧਿਆਨ ਦੇ, ਉਸ ਦੀ ਕਿਰਪਾ ਨਾਲ਼ ਇਸ ਅਗਿਆਨਤਾ ਦੀ ਗਹਿਰੀ ਨੀਂਦ ਵਿੱਚੋਂ ਜਾਗ ਜਾ, ਅਤੇ ਮਾਇਆ ਨੂੰ
ਛੱਡ ਕੇ ਅਪਣੇ ਮਨ ਨੂੰ ਉਸ ਮਾਲਕ ਦੇ ਚਰਨਾਂ ਨਾਲ਼ ਜੋੜ ਜਿਸ ਨੇ ਤੈਨੂੰ ਇਹ ਸਭ ਕੁੱਝ ਬਖਸ਼ਿਸ਼ ਕੀਤਾ
ਹੈ।
ਜਿਹ ਪ੍ਰਸਾਦਿ ਤੂੰ ਪ੍ਰਗਟੁ ਸੰਸਾਰਿ ।। ਤਿਸੁ
ਪ੍ਰਭ ਕਉ ਮੂਲਿ ਨ ਮਨਹੁ ਬਿਸਾਰਿ ।।
ਜਿਸ ਮਾਲਕ ਦੀ ਮਿਹਰ ਦਾ ਸਦਕਾ
ਤੈਨੂੰ ਸੰਸਾਰ ਵਿੱਚ ਪ੍ਰਸਿੱਧੀ ਪ੍ਰਾਪਤ ਹੋਈ ਹੈ, ਤੇਰਾ ਨਾਮ ਬਣਿਆਂ ਹੈ, ਉਸ ਨੂੰ ਬਿਲਕੁਲ ਵੀ
ਅਪਣੇ ਮਨ ਤੋਂ ਨਾ ਭੁਲਾਇਆ ਕਰ।
ਜਿਹ ਪ੍ਰਸਾਦਿ ਤੇਰਾ ਪਰਤਾਪੁ ।। ਰੇ ਮਨ ਮੂੜ ਤੂ
ਤਾ ਕਉ ਜਾਪੁ ।।
ਐ ਮੂਰਖ ਮਨ, ਜਿਸ ਮਾਲਕ ਦੀ ਕਿਰਪਾ ਨਾਲ਼ ਤੇਰਾ ਤੇਜ ਪਰਤਾਪ ਬਣਿਆਂ ਹੋਇਆ
ਹੈ, ਤੈਨੂੰ ਦੁਨੀਆਂ ਵਿਚ ਮਾਣ ਸਤਿਕਾਰ ਮਿਲ ਰਿਹਾ ਹੈ, ਤੂੰ ਉਸ ਮਾਲਕ ਦੇ ਨਾਮ ਦਾ ਸਿਮਰਨ ਕਰਦਾ
ਰਿਹਾ ਕਰ।
ਜਿਹ ਪ੍ਰਸਾਦਿ ਤੇਰੇ ਕਾਰਜ ਪੂਰੇ ।। ਤਿਸਹਿ ਜਾਨੁ
ਮਨ ਸਦਾ ਹਜੂਰੇ ।।
ਜਿਸ ਮਾਲਕ ਦੀ ਕਿਰਪਾ ਨਾਲ਼ ਤੇਰੇ ਸਾਰੇ ਕੰਮ ਸੰਪੂਰਨ ਹੁੰਦੇ ਹਨ, ਉਸ
ਮਾਲਕ ਨੂੰ ਹਰ ਵੇਲ਼ੇ ਹਾਜ਼ਰ ਨਾਜ਼ਰ ਸਮਝਿਆ ਕਰ।
ਜਿਹ ਪ੍ਰਸਾਦਿ ਤੂੰ ਪਾਵਹਿ ਸਾਚੁ ।। ਰੇ ਮਨ ਮੇਰੇ
ਤੂੰ ਤਾ ਸਿਉ ਰਾਚੁ ।।
ਜਿਸ ਮਾਲਕ ਦੀ ਕਿਰਪਾ ਨਾਲ਼ ਤੈਨੂੰ ਸਿਰਜਣਹਾਰ ਕਰਤਾਰ ਦੀ ਸਮਝ ਆਉਂਦੀ
ਹੈ, ਤੂੰ ਉਸ ਮਾਲਕ ਨਾਲ਼ ਅਪਣੀ ਅਭੇਦਤਾ ਬਣਾ ਕੇ ਰੱਖ, ਉਸ ਦੇ ਨਾਲ਼ ਇੱਕ ਮਿੱਕ ਹੋ ਕੇ ਰਿਹਾ ਕਰ।
ਜਿਹ ਪ੍ਰਸਾਦਿ ਸਭ ਕੀ ਗਤਿ ਹੋਇ ।। ਨਾਨਕ ਜਾਪੁ
ਜਪੈ ਜਪੁ ਸੋਇ ।। ੭ ।।
ਜਿਸ ਮਾਲਕ ਦਿ ਮਿਹਰ ਨਾਲ਼ ਸੰਸਾਰ ਦੇ ਸਾਰੇ
ਜੀਵਾਂ ਦਾ ਪਾਰ ਉਤਾਰਾ ਹੁੰਦਾ ਹੈ, ਉਨ੍ਹਾਂ ਨੂੰ ਮੁਕਤੀ ਮਿਲਦੀ ਹੈ, ਤੂੰ ਹਰ ਵਕਤ ਉਸ ਦੇ ਨਾਮ
ਨੂੰ ਜੱਪਦਾ ਰਿਹਾ ਕਰ।
ਆਪਿ ਜਪਾਏ ਜਪੈ ਸੋ ਨਾਉ ।। ਆਪਿ ਗਾਵਾਏ ਸੁ ਹਰਿ
ਗੁਨ ਗਾਉ ।।
ਜਿਨ੍ਹਾਂ ਜੀਵਾਂ ਉੱਤੇ ਮਾਲਕ ਆਪ ਕਿਰਪਾ ਕਰ ਕੇ ਉਨ੍ਹਾਂ ਤੋਂ ਅਪਣਾ ਨਾਮ
ਜਪਾਉਂਦਾ ਹੈ, ਉਹ ਹੀ ਉਸ ਦਾ ਨਾਮ ਜੱਪਦੇ ਹਨ। ਜਿਨ੍ਹਾਂ ਤੇ ਕਿਰਪਾ ਕਰ ਕੇ ਉਹ ਉਨ੍ਹਾਂ ਨੂੰ ਅਪਣਾ
ਜਸ ਗਾਉਣ ਦੀ ਸਮਝ ਦਿੰਦਾ ਹੈ, ਉਹ ਹੀ ਉਸ ਦਾ ਜਸ ਗਾਉਂਦੇ ਹਨ।
ਪ੍ਰਭ ਕਿਰਪਾ ਤੇ ਹੋਇ ਪ੍ਰਗਾਸੁ ।। ਪ੍ਰਭੂ ਦਇਆ
ਤੇ ਕਮਲ ਬਿਗਾਸੁ ।।
ਉਸ ਮਾਲਕ ਦੀ ਕਿਰਪਾ ਨਾਲ਼ ਹੀ ਜੀਵ ਦੇ ਮਨ ਦਾ ਹਨ੍ਹੇਰਾ ਦੂਰ ਹੁੰਦਾ ਹੈ
ਅਤੇ ਉਸ ਵਿੱਚ ਦੈਵੀ ਗਿਆਨ ਅਤੇ ਆਤਮ ਗਿਆਨ ਦਾ ਪਰਕਾਸ਼ ਹੁੰਦਾ ਹੈ। ਉਸ ਦੀ ਕਿਰਪਾ ਨਾਲ਼ ਹੀ ਜੀਵ ਦਾ ਹਿਰਦਾ ਕਮਲ ਦੇ ਫੁੱਲ ਦੀ ਤਰਾਂ ਖਿੜਿਆ ਰਹਿੰਦਾ ਹੈ।
ਪ੍ਰਭ ਸੁਪ੍ਰਸੰਨ ਬਸੈ ਮਨਿ ਸੋਇ ।। ਪ੍ਰਭ ਦਇਆ ਤੇ
ਮਤਿ ਊਤਮ ਹੋਇ ।।
ਜਿਸ ਜੀਵ ਨਾਲ਼ ਪ੍ਰਮਾਤਮਾ ਖੁਸ਼ ਹੋ ਜਾਂਦਾ ਹੈ, ਉਸ ਦੇ ਮਨ ਵਿੱਚ ਹੀ ਉਹ ਵਸਦਾ
ਹੈ। ਉਸ ਦੀ ਮਿਹਰ ਹੋ ਜਾਣ ਨਾਲ਼ ਹੀ ਜੀਵ ਦੀ ਦੁਰਮੱਤ ਦੂਰ ਹੋ ਕੇ ਉਹ ਨੇਕ ਬੁੱਧ ਵਾਲ਼ਾ ਬਣਦਾ ਹੈ।
ਸਰਬ ਨਿਧਾਨ ਪ੍ਰਭ ਤੇਰੀ ਮਇਆ ।। ਆਪਹੁ ਕਛੂ ਨ
ਕਿਨਹੂ ਲਇਆ ।।
ਹੇ ਮਾਲਕ, ਜੇ ਜੀਵ ਤੇ ਤੇਰੀ ਕਿਰਪਾ ਹੋ ਜਾਵੇ ਤਾਂ ਉਸ ਨੂੰ ਦੁਨੀਆਂ ਦੇ
ਸਾਰੇ ਖ਼ਜ਼ਾਨੇ ਹਾਸਲ ਹੋ ਜਾਂਦੇ ਹਨ। ਅਪਣੀ ਅਕਲ ਅਤੇ ਅਪਣੇ ਯਤਨਾਂ ਨਾਲ਼ ਕੋਈ ਕੁੱਝ ਪ੍ਰਾਪਤ ਨਹੀਂ
ਕਰ ਸਕਦਾ।
ਜਿਤੁ ਜਿਤੁ ਲਾਵਹੁ ਤਿਤੁ ਲਗਹਿ ਹਰਿ ਨਾਥ ।।
ਨਾਨਕ ਇਨ ਕੈ ਕਛੂ ਨ ਹਾਥ ।। ੮ ।। ੬ ।
ਗੁਰੂ ਜੀ ਸਮਝਾਉਂਦੇ ਹਨ ਕਿ ਇਹ ਜੀਵ ਉਸ
ਪਾਸੇ ਹੀ ਲੱਗਦੇ ਹਨ, ਜਿਸ ਪਾਸੇ ਮਾਲਕ ਇਨ੍ਹਾਂ ਨੂੰ ਲਾਉਂਦਾ ਹੈ, । ਇਨ੍ਹਾਂ ਦੇ ਅਪਣੇ ਵਸ ਵਿੱਚ ਕੁੱਝ ਵੀ
ਨਹੀਂ। ਜੀਵ ਅਪਣੀ ਮਰਜ਼ੀ ਨਾਲ਼ ਕੁੱਝ ਨਹੀਂ ਕਰ ਸਕਦਾ। ਉਹ ਓਹੀ ਕਰਦਾ ਹੈ ਜੋ ਮਾਲਕ ਉਸ ਤੋਂ
ਕਰਵਾਉਂਦਾ ਹੈ।
ਸਲੋਕ ।।
ਅਗਮ ਅਗਾਧਿ
ਪਾਰਬ੍ਰਹਮ ਸੋਇ ।। ਜੋ ਜੋ ਕਹੈ ਸੁ ਮੁਕਤਾ ਹੋਇ ।।
ਸੁਨਿ ਮੀਤਾ
ਨਾਨਕੁ ਬਿਨਵੰਤਾ ।। ਸਾਧ ਜਨਾ ਕੀ ਅਚਰਜ ਕਥਾ ।। 1 ।।
ਉਹ ਸਰਬ ਗਿਆਤਾ ਪ੍ਰਮਾਤਮਾ ਜੀਵਾਂ ਦੀ ਅਕਲ ਦੀ ਪਹੁੰਚ ਤੋਂ ਬਾਹਰ ਹੈ।
ਉਸ ਦੀ ਸਿਆਣਪ ਏਨੀ ਉੱਚ ਪਾਏ ਦੀ ਹੈ ਕਿ ਜੀਵਾਂ ਨੂੰ ਸਮਝ ਨਹੀਂ ਆ ਸਕਦੀ। ਜਿਹੜਾ ਜਿਹੜਾ ਜੀਵ ਵੀ
ਉਸ ਦੇ ਨਾਮ ਦਾ ਸਿਮਰਨ ਕਰਦਾ ਹੈ ਉਸ ਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਗੁਰੂ ਜੀ ਬਹੁਤ ਪਿਆਰ
ਅਤੇ ਨਿਮਰਤਾ ਸਹਿਤ ਜੀਵ ਨੂੰ ਸਮਝਾਉਂਦੇ ਹਨ ਕਿ ਸੰਤ ਪੁਰਖਾਂ ਦੀ ਮਹਿਮਾ ਬਹੁਤ ਅਸਚਰਜ-ਜਨਕ ਹੈ ਜੋ
ਕਿ ਉਹ ਬਿਆਨ ਕਰਨ ਲੱਗੇ ਹਨ।
ਅਸਟਪਦੀ ।।
ਸਾਧ ਕੈ ਸੰਗਿ ਮੁਖ ਊਜਲ ਹੋਤ ।। ਸਾਧਸੰਗਿ ਮਲੁ
ਸਗਲੀ ਖੋਤ ।।
ਸੰਤ ਪੁਰਖਾਂ ਦੀ ਸੰਗਤ ਕਰਨ ਨਾਲ਼ ਜੀਵ ਦਾ ਅਕਸ ਬਹੁਤ ਸੋਹਣਾ ਬਣ ਜਾਂਦਾ
ਹੈ, ਲੋਕ ਉਸ ਨੂੰ ਬਹੁਤ ਨੇਕ ਇਨਸਾਨ ਸਮਝਣ ਲੱਗ ਜਾਂਦੇ ਹਨ। ਸੰਤਾਂ ਦੀ ਸੰਗਤ ਕਰਨ ਨਾਲ਼ ਇਨਸਾਨ ਦੇ
ਮਨ ਦੀ ਸਾਰੀ ਮੈਲ਼ ਧੋਤੀ ਜਾਂਦੀ ਹੈ, ਉਸ ਦਾ ਮਨ ਨਿਰਮਲ ਹੋ ਜਾਂਦਾ ਹੈ।
ਸਾਧ ਕੈ ਸੰਗਿ ਮਿਟੈ ਅਭਿਮਾਨੁ ।। ਸਾਧ ਕੈ ਸੰਗਿ
ਪ੍ਰਗਟੈ ਸੁਗਿਆਨੁ ।।
ਸੰਤਾਂ ਦੀ ਸੰਗਤ ਕਰਨ ਨਾਲ਼ ਜੀਵ ਦੇ ਮਨ ਵਿੱਚੋਂ ਹਉਮੈ ਅਤੇ ਹੰਕਾਰ ਦਾ
ਨਾਸ਼ ਹੋ ਜਾਂਦਾ ਹੈ। ਸੰਤਾਂ ਦੀ ਸੰਗਤ ਨਾਲ਼ ਜੀਵ ਨੂੰ ਨੇਕ ਬੁੱਧ ਅਤੇ ਸ਼ੁਭ ਆਤਮ ਗਿਆਨ ਪ੍ਰਾਪਤ
ਹੁੰਦੇ ਹਨ, ਉਸ ਦੇ ਅੰਦਰੋਂ ਦੁਰਮਤ ਦਾ ਨਾਸ਼ ਹੋ ਜਾਂਦਾ ਹੈ।
ਸਾਧ ਕੈ ਸੰਗਿ ਬੁਝੈ ਪ੍ਰਭੁ ਨੇਰਾ ।। ਸਾਧਸੰਗਿ
ਸਭੁ ਹੋਤ ਨਿਬੇਰਾ ।।
ਸੰਤਾਂ ਦੀ ਸੰਗਤ ਕਰ ਕੇ ਇਹ ਸਮਝ ਆ ਜਾਂਦੀ ਹੈ ਕਿ ਪ੍ਰਮਾਤਮਾ ਸਚਮੁੱਚ
ਸਾਡੇ ਬਹੁਤ ਨੇੜੇ ਹੈ। ਸੰਤਾਂ ਦੀ ਸੰਗਤ ਕਰਨ ਨਾਲ਼ ਜੀਵ ਦੇ ਮਨ ਅੰਦਰਲੇ ਸਾਰੇ ਸ਼ੰਕੇ ਨਵਿਰਤ ਹੋ
ਜਾਂਦੇ ਹਨ, ਉਸ ਦੀਆਂ ਸਾਰੀਆਂ ਅਧਿਆਤਮਕ ਉਲ਼ਝਣਾ ਦੂਰ ਹੋ ਜਾਂਦੀਆਂ ਹਨ। ਜੀਵ ਸਮਝ ਜਾਂਦਾ ਹੈ ਕਿ
ਕੇਵਲ ਪ੍ਰਮਾਤਮਾ ਹੀ ਸੱਚ ਹੈ, ਬਾਕੀ ਸਭ ਮਾਇਆ ਹੈ।
ਸਾਧ ਕੈ ਸੰਗਿ ਪਾਏ ਨਾਮ ਰਤਨੁ ।। ਸਾਧ ਕੈ ਸੰਗਿ
ਏਕ ਊਪਰਿ ਜਤਨੁ ।।
ਸੰਤਾਂ ਦੀ ਸੰਗਤ ਦਾ ਸਦਕਾ ਜੀਵ ਨੂੰ ਪ੍ਰਮਾਤਮਾ ਦਾ ਨਾਮ ਰੂਪੀ ਕੀਮਤੀ
ਰਤਨ ਪ੍ਰਾਪਤ ਹੋ ਜਾਂਦਾ ਹੈ। ਸੰਤਾਂ ਦੀ ਸੰਗਤ ਦੇ ਨਤੀਜੇ ਵਜੋਂ ਜੀਵ ਇੱਕ ਪ੍ਰਮਾਤਮਾ ਦੀ ਓਟ
ਰੱਖਣਾ ਸਿੱਖ ਜਾਂਦਾ ਹੈ, ਉਹ ਦਰ ਦਰ ਭਟਕਣਾ ਛੱਡ ਦਿੰਦਾ ਹੈ।
ਸਾਧ ਕੀ ਮਹਿਮਾ ਬਰਨੈ ਕਉਨੁ ਪ੍ਰਾਨੀ ।। ਨਾਨਕ
ਸਾਧ ਕੀ ਸੋਭਾ ਪ੍ਰਭ ਮਾਹਿ ਸਮਾਨੀ ।। 1 ।।
ਸੰਤ ਪੁਰਖਾਂ ਦੀ ਵਡਿਆਈ ਨੂੰ ਬਿਆਨ ਕਰਨਾ ਕਿਸੇ ਜੀਵ ਦੇ ਵਸ ਦਾ ਕੰਮ
ਨਹੀਂ। ਉਨ੍ਹਾਂ ਦੀ ਮਹਿਮਾ ਏਨੀ ਉੱਚੀ ਹੈ ਕਿ ਉਸ ਨੂੰ ਸ਼ਬਦਾਂ ਵਿੱਚ ਦੱਸਣਾ ਸੰਭਵ ਹੀ ਨਹੀਂ। ਗੁਰੂ
ਜੀ ਤਾਂ ਇਹ ਕਹਿੰਦੇ ਹਨ ਕਿ ਸੰਤ ਪੁਰਖਾਂ ਦੀ ਮਹਿਮਾ ਆਪ ਪ੍ਰਮਾਤਮਾ ਦੀ ਮਹਿਮਾ ਦੇ ਬਰਾਬਰ ਹੁੰਦੀ
ਹੈ ਅਰਥਾਤ ਸੰਤ ਅਤੇ ਪ੍ਰਮਾਤਮਾ ਵਿੱਚ ਕੋਈ ਫਰਕ ਨਹੀਂ ਹੁੰਦਾ। ਸੰਤ ਲੋਕ ਓਨੇ ਹੀ ਮਹਾਨ ਹੁੰਦੇ ਹਨ
ਜਿੰਨਾ ਖ਼ੁਦ ਪ੍ਰਮਾਤਮਾ।
ਸਾਧ ਕੈ ਸੰਗਿ ਅਗੋਚਰੁ ਮਿਲੈ ।। ਸਾਧ ਕੈ ਸੰਗਿ
ਸਦਾ ਪਰਫੁਲੈ ।।
ਸੰਤਾਂ ਦੀ ਸੰਗਤ ਕਰਨ ਨਾਲ਼ ਉਸ ਪ੍ਰਮਾਤਮਾ ਨਾਲ਼ ਮਿਲਾਪ ਹੋ ਜਾਂਦਾ ਹੈ
ਜਿਹੜਾ ਜੀਵ ਇੰਦ੍ਰੀਆਂ ਦੀ ਪਕੜ ਤੋਂ ਬਾਹਰ ਹੈ। ਸੰਤਾਂ ਦੀ ਸੰਗਤ ਕਰਨ ਵਾਲ਼ੇ ਜੀਵ ਦਾ ਸਦਾ ਹੀ
ਵਿਕਾਸ ਹੁੰਦਾ ਰਹਿੰਦਾ ਹੈ, ਉਸ ਦੀ ਆਤਮਿਕ ਤਰੱਕੀ ਹੁੰਦੀ ਰਹਿੰਦੀ ਹੈ ਜਿਸ ਦੇ ਸਿੱਟੇ ਵਜੋਂ ਉਸ
ਦਾ ਹਿਰਦਾ ਖਿੜਿਆ ਰਹਿੰਦਾ ਹੈ।
ਸਾਧ ਕੈ ਸੰਗਿ ਆਵਹਿ ਬਸਿ ਪੰਚਾ ।। ਸਾਧਸੰਗਿ
ਅੰਮ੍ਰਿਤ ਰਸੁ ਭੁੰਚਾ ।।
ਸੰਤਾੰ ਦੀ ਸੰਗਤ ਕਰਨ ਨਾਲ਼ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਪੰਜੇ
ਹੀ ਵਿਕਾਰ ਵਸ ਵਿੱਚ ਆ ਜਾਂਦੇ ਹਨ। ਸੰਤਾਂ ਦੀ ਸੰਗਤ ਕਰਨ ਨਾਲ਼ ਜੀਵ ਵਾਹਿਗੁਰੂ ਦੇ ਨਾਮ ਦੇ
ਅੰਮ੍ਰਿਤ ਰਸ ਦਾ ਸੁਆਦ ਮਾਣਨ ਲੱਗ ਪੈਂਦਾ ਹੈ।
ਸਾਧਸੰਗਿ ਹੋਇ ਸਭ ਕੀ ਰੇਨ ।। ਸਾਧ ਕੈ ਸੰਗਿ
ਮਨੋਹਰ ਬੈਨ ।।
ਸੰਤਾਂ ਦੀ ਸੰਗਤ ਕਰਨ ਨਾਲ਼ ਇਨਸਾਨ ਵਿੱਚ ਨਿਮਰਤਾ ਆ ਜਾਂਦੀ ਹੈ. ਉਹ ਸਭ
ਦੇ ਪੈਰਾਂ ਦੀ ਧੂੜ ਬਣ ਜਾਂਦਾ ਹੈ। ਸੰਤ ਸੰਗਤ ਦਾ ਸਦਕਾ ਉਸ ਦੀ ਬੋਲੀ ਵਿੱਚ ਮਿਠਾਸ ਭਰ ਜਾਂਦੀ ਹੈ,
ਉਸ ਦੇ ਬਚਨ ਸੁੰਦਰ ਹੋ ਜਾਂਦੇ ਹਨ।
ਸਾਧ ਕੈ ਸੰਗਿ ਨ ਕਤਹੂੰ ਧਾਵੈ ।। ਸਾਧ ਸੰਗਿ
ਅਸਥਿਤਿ ਮਨੁ ਪਾਵੈ ।।
ਸੰਤਾਂ ਦੀ ਸੰਗਤ ਸਦਕਾ
ਜੀਵ ਦਾ ਇੱਕ ਪ੍ਰਮਾਤਮਾ ਵਿੱਚ ਵਿਸ਼ਵਾਸ਼ ਦ੍ਰਿੜ੍ਹ ਹੋ ਜਾਂਦਾ ਹੈ ਅਤੇ ਉਹ ਥਾਂ ਥਾਂ ਭਟਕਣਾ ਛੱਡ
ਦਿੰਦਾ ਹੈ। ਇਸ ਤਰਾਂ ਹੋਣ ਦੇ ਸਿੱਟੇ ਵਜੋਂ ਉਸ ਦਾ ਮਨ ਟਿਕਾਅ ਵਿੱਚ ਆ ਜਾਂਦਾ ਹੈ, ਡੋਲਣਾ ਛੱਡ ਦਿੰਦਾ
ਹੈ।
ਸਾਧ ਕੈ ਸੰਗਿ ਮਾਇਆ ਤੇ ਭਿੰਨ ।। ਸਾਧਸੰਗਿ
ਨਾਨਕ ਪ੍ਰਭ ਸੁਪ੍ਰਸੰਨ ।। 2 ।।
ਸੰਤਾਂ ਦੀ ਸੰਗਤ ਦੇ ਨਤੀਜੇ ਵਜੋਂ ਜੀਵ ਦਾ ਮਾਇਆ ਨਾਲ਼ ਮੋਹ ਖਤਮ ਹੋ
ਜਾਂਦਾ ਹੈ, ਉਹ ਮਾਇਆ ਦੇ ਮੋਹ ਤੋਂ ਮੁਕਤ ਹੋ ਜਾਂਦਾ ਹੈ ਅਤੇ ਉਸ ਦਾ ਪ੍ਰਭੂ ਨਾਲ਼ ਪਿਆਰ ਬਣ ਜਾਂਦਾ
ਹੈ। ਗੁਰੂ ਜੀ ਫੁਰਮਆਉਂਦੇ ਹਨ ਕਿ ਸੰਤ ਪੁਰਖਾਂ ਦੀ ਸੰਗਤ ਕਰਨ ਨਾਲ਼ ਜੀਵ ਨੂੰ ਪ੍ਰਭੂ ਦੀ ਖੁਸ਼ੀ
ਪ੍ਰਾਪਤ ਹੋ ਜਾਂਦੀ ਹੈ।
ਸਾਧਸੰਗਿ ਦੁਸਮਨ ਸਭਿ ਮੀਤ ।। ਸਾਧੂ ਕੈ ਸੰਗਿ
ਮਹਾ ਪੁਨੀਤ ।।
ਸੰਤ ਜਨਾਂ ਦੀ ਸੰਗਤ ਕਰਨ ਨਾਲ਼ ਸਾਰੇ ਦੁਸ਼ਮਨ ਦੁਸ਼ਮਨੀ ਭੁੱਲ ਕੇ ਮਿੱਤਰ
ਬਣ ਜਾਂਦੇ ਹਨ। ਸੰਤ ਪੁਰਖਾਂ ਦੀ ਸੰਗਤ ਕਰ ਕੇ ਮਨ
ਅਤਿ ਪਵਿੱਤਰ ਹੋ ਜਾਂਦਾ ਹੈ ਅਤੇ ਕਦੇ ਵੀ ਕੋਈ ਬੁਰਾ ਖਿਆਲ ਉਸ ਵਿੱਚ ਨਹੀਂ ਆਉਂਦਾ।
ਸਾਧਸੰਗਿ ਕਿਸ ਸਿਉ ਨਹੀ ਬੈਰੁ ।। ਸਾਧ ਕੈ ਸੰਗਿ ਨ
ਬੀਗਾ ਪੈਰੁ ।।
ਸੰਤ ਪੁਰਖਾਂ ਦੀ ਸੰਗਤ ਕਰਨ ਸਦਕਾ ਇਨਸਾਨ ਸਮਸਤ ਸੰਸਾਰ ਨੂੰ ਮਿੱਤਰ
ਸਮਝਣ ਲੱਗ ਪੈਂਦਾ ਹੈ, ਉਸ ਦੇ ਅੰਦਰੋਂ ਦੁਸ਼ਮਣੀ ਦੀ ਭਾਵਨਾ ਖਤਮ ਹੋ ਜਾਂਦੀ ਹੈ। ਸੰਤਾਂ ਦੀ ਸੰਗਤ
ਕਰਨ ਦਾ ਇਹ ਅਸਰ ਹੁੰਦਾ ਹੈ ਕਿ ਇਨਸਾਨ ਕਦੇ ਵੀ ਗਲਤ ਰਸਤੇ ਤੇ ਨਹੀਂ ਪੈਂਦਾ, ਉਹ ਹਮੇਸ਼ਾ ਨੇਕ
ਰਸਤਾ ਚੁਣਦਾ ਹੈ।
ਸਾਧ ਕੈ ਸੰਗਿ ਨਾਹੀ ਕੋ ਮੰਦਾ ।। ਸਾਧਸੰਗਿ ਜਾਨੇ
ਪਰਮਾਨੰਦਾ ।।
ਸੰਤਾਂ ਦੀ ਸੰਗਤ ਕਰਨ ਵਾਲ਼ੇ ਜੀਵ ਦਾ ਕਦੇ ਵੀ ਕੁੱਝ ਵੀ ਬੁਰਾ ਨਹੀਂ
ਹੁੰਦਾ ਅਤੇ ਨਾ ਹੀ ਉਹ ਕੋਈ ਬੁਰਾ ਕੰਮ ਕਰਦਾ ਹੈ। ਸੰਤਾਂ ਦੀ ਸੰਗਤ ਦੇ ਸਿੱਟੇ ਵਜੋਂ ਜੀਵ ਨੂੰ ਪਰਮ
ਅਨੰਦ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ।
ਸਾਧ ਕੈ ਸੰਗਿ ਨਾਹੀ ਹਉ ਤਾਪੁ ।। ਸਾਧ ਕੈ ਸੰਗਿ
ਤਜੈ ਸਭੁ ਆਪ ।।
ਸੰਤ ਪੁਰਖਾਂ ਦੀ ਸੰਗਤ ਜੀਵ ਦੇ ਅੰਦਰੋਂ ਹਉਮੈ ਨੂੰ ਖਤਮ ਕਰ ਦਿੰਦੀ ਹੈ। ਸੰਤਾਂ ਦੀ ਸੰਗਤ ਕਰਨ ਨਾਲ਼ ਇਨਸਾਨ ਆਪਾ ਭਾਵ ਤੋਂ ਮੁਕਤ ਹੋ ਜਾਂਦਾ ਹੈ,
ਉਸ ਦੇ ਅੰਦਰੋਂ ਮੈਂ ਮੇਰਾ ਦੀ ਭਾਵਨਾ ਦਾ ਨਾਸ ਹੋ ਜਾਂਦਾ ਹੈ।
ਆਪੇ ਜਾਨੈ ਸਾਧ ਬਡਾਈ ।। ਨਾਨਕ ਸਾਧ ਪ੍ਰਭੂ ਬਨ
ਆਈ ।। 3 ।।
ਸੰਤਾਂ ਦੀ ਮਹਿਮਾ ਨੂੰ ਪ੍ਰਮਾਤਮਾ ਆਪ ਹੀ ਜਾਣਦਾ ਹੈ, ਅਸੀਂ ਨਹੀਂ ਸਮਝ
ਸਕਦੇ। ਗੁਰੂ ਜੀ
ਤਾਂ ਇੱਥੋਂ ਤੱਕ ਕਹਿੰਦੇ ਹਨ ਕਿ ਸੰਤਾਂ ਦੀ ਪ੍ਰਮਾਤਮਾ ਨਾਲ਼ ਬਣ ਆਉਂਦੀ ਹੈ, ਉਸ ਨਾਲ਼ ਮਿੱਤਰਤਾ ਹੋ
ਜਾਂਦੀ ਹੈ, ਉਹ ਉਸ ਦੇ ਬਹੁਤ ਨੇੜੇ ਹੋ ਜਾਂਦੇ ਹਨ।
ਸਾਧ ਕੈ ਸੰਗਿ ਨ ਕਬਹੂ ਧਾਵੈ ।। ਸਾਧ ਕੈ ਸੰਗਿ
ਸਦਾ ਸੁਖੁ ਪਾਵੈ ।।
ਸੰਤਾਂ ਦੀ ਸੰਗਤ ਕਰਨ ਵਾਲ਼ੇ ਜੀਵ ਦਾ ਮਨ ਇੱਧਰ ਉੱਧਰ ਨਹੀਂ ਭਟਕਦਾ,
ਟਿਕਾਅ ਵਿੱਚ ਰਹਿੰਦਾ ਹੈ। ਇਸ ਨੂੰ ਮਾਨਸਿਕ ਸਥਿਰਤਾ ਪ੍ਰਾਪਤ ਹੋ ਜਾਂਦੀ ਹੈ। ਸੰਤਾਂ ਦੀ ਸੰਗਤ
ਨਾਲ਼ ਜੀਵ ਨੂੰ ਸਦੀਵੀ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ, ਉਸ ਦੀ ਜ਼ਿੰਦਗੀ ਵਿੱਚੋਂ ਦੁੱਖ ਸਦਾ ਲਈ
ਖਤਮ ਹੋ ਜਾਂਦਾ ਹੈ।
ਸਾਧਸੰਗਿ ਬਸਤੁ ਅਗੋਚਰ ਲਹੈ ।। ਸਾਧ ਕੈ ਸੰਗਿ
ਅਜਰੁ ਸਹੈ ।।
ਸੰਤਾਂ ਦੀ ਸੰਗਤ ਨਾਲ਼ ਜੀਵ ਨੂੰ ਉਸ ਵਸਤ ਦੀ ਪ੍ਰਾਪਤੀ ਹੋ ਜਾਂਦੀ ਹੈ ਜੋ
ਕਿ ਆਮ ਇਨਸਾਨਾਂ ਦੀ ਪਹੁੰਚ ਤੋਂ ਬਾਹਰ ਹੈ। ਉਨ੍ਹਾਂ ਨੂੰ ਆਤਮ ਗਿਆਨ ਪ੍ਰਾਪਤ ਹੋ ਜਾਂਦਾ ਹੈ।
ਸੰਤਾਂ ਦੀ ਸੰਗਤ ਸਦਕਾ ਜੀਵ ਅਸਹਿ ਦੁੱਖਾਂ ਨੂੰ ਵੀ ਸਹਿਣ ਕਰਨ ਦੇ ਯੋਗ ਹੋ ਜਾਂਦਾ ਹੈ।
ਸਾਧ ਕੈ ਸੰਗਿ ਬਸੈ ਥਾਨਿ ਊਚੈ ।। ਸਾਧ ਕੈ ਸੰਗਿ
ਮਹਲਿ ਪਹੂਚੈ ।।
ਸੰਤ ਪੁਰਖਾਂ ਦੀ ਸੰਗਤ ਕਰਨ ਨਾਲ਼ ਜੀਵ ਦਾ ਰੁਤਬਾ ਬਹੁਤ ਉੱਚਾ ਹੋ ਜਆਦਾ
ਹੈ, ਉਸ ਨੂੰ ਬਹੁਤ ਸਤਿਕਾਰ ਪ੍ਰਾਪਤ ਹੋਣ ਲੱਗ ਪੈਂਦਾ ਹੈ। ਸੰਤਾਂ ਦੀ ਸੰਗਤ ਦੇ ਪ੍ਰਭਾਵ ਸਦਕਾ
ਜੀਵ ਅਪਣੇ ਅਸਲੀ ਘਰ ਪਹੁੰਚ ਜਾਂਦਾ ਹੈ, ਉਸ ਦਾ ਪ੍ਰਮਾਤਮਾ ਨਾਲ਼ ਮੇਲ ਹੋ ਜਾਂਦਾ ਹੈ।
ਸਾਧ ਕੈ ਸੰਗਿ ਦ੍ਰਿੜੈ ਸਭਿ ਧਰਮ ।। ਸਾਧ ਕੈ
ਸੰਗਿ ਕੇਵਲ ਪਾਰਬ੍ਰਹਮ ।।
ਸੰਤਾਂ ਦੀ ਸੰਗਤ ਕਰਨ ਨਾਲ਼ ਜੀਵ ਅਪਣੇ ਧਰਮ ਵਿੱਚ ਪੱਕਾ ਹੋ ਜਾਂਦਾ ਹੈ,
ਉਹ ਅਪਣੇ ਸਾਰੇ ਫ਼ਰਜ਼ਾਂ ਨੂੰ ਸਮਝ ਜਾਂਦਾ ਹੈ ਅਤੇ ਬਾਖੂਬੀ ਨਿਭਾਉਣ ਲੱਗ ਪੈਂਦਾ ਹੈ। ਸੰਤਾਂ ਦੀ
ਸੰਗਤ ਦਾ ਇਹ ਅਸਰ ਹੁੰਦਾ ਹੈ ਕਿ ਜੀਵ ਦਾ ਕੇਵਲ ਇੱਕ ਪ੍ਰਮਾਤਮਾ ਦੀ ਹੋਂਦ ਵਿੱਚ ਵਿਸ਼ਵਾਸ਼ ਪੱਕਾ ਹੋ
ਜਾਂਦਾ ਹੈ, ਉਹ ਉਸ ਇੱਕ ਪ੍ਰਭੂ ਤੋਂ ਬਿਨਾਂ ਹੋਰ ਕਿਸੇ ਦਾ ਆਸਰਾ ਤੱਕਣਾ ਬੰਦ ਕਰ ਦਿੰਦਾ ਹੈ।
ਸਾਧ ਕੈ ਸੰਗਿ ਪਾਏ ਨਾਮ ਨਿਧਾਨ ।। ਨਾਨਕ ਸਾਧੂ
ਕੈ ਕੁਰਬਾਨ ।। 4 ।।
ਸੰਤਾਂ ਦੀ ਸੰਗਤ ਕਰਨ ਨਾਲ਼ ਜੀਵ ਨੂੰ ਪ੍ਰਮਾਤਮਾ ਦੇ ਨਾਮ ਦਾ ਖ਼ਜ਼ਾਨਾ
ਹਾਸਲ ਹੋ ਜਾਂਦਾ ਹੈ, ਉਹ ਨਾਮ ਸਿਮਰਨ ਨਾਲ਼ ਜੁੜ ਜਾਂਦਾ ਹੈ। ਗੁਰੂ ਜੀ ਅਜਿਹੇ ਮਹਾਨ ਸੰਤ ਪੁਰਖਾਂ
ਤੋਂ ਕੁਰਬਾਨ ਜਾਂਦੇ ਹਨ।
ਸਾਧ ਕੈ ਸੰਗਿ ਸਭ ਕੁਲ ਉਧਾਰੈ ।। ਸਾਧਸੰਗਿ ਸਾਜਨ
ਮੀਤ ਕੁਟੰਬ ਨਿਸਤਾਰੈ ।।
ਸੰਤ ਪੁਰਖਾਂ ਦੀ ਸੰਗਤ ਦੀ ਕਿਰਪਾ ਨਾਲ਼ ਜੀਵ ਕੇਵਲ ਅਪਣਾ ਹੀ ਨਹੀਂ,
ਅਪਣੇ ਪੂਰੇ ਖਾਨਦਾਨ ਦਾ ਭਲਾ ਕਰਨ ਵਿੱਚ ਸਫਲ ਹੋ ਜਾਂਦਾ ਹੈ, ਕੇਵਲ ਉਹ ਹੀ ਨਹੀਂ, ਉਸ ਦੇ ਪਰਿਵਾਰ
ਦੇ ਪਿਤਰ, ਪੁੱਤਰ, ਪੋਤਰੇ ਵੀ ਤਰ ਜਾਂਦੇ ਹਨ। ਉਸ ਦੇ ਦੋਸਤ, ਮਿੱਤਰ ਅਤੇ ਉਸ ਦਾ ਸਾਰਾ ਖਾਨਦਾਨ
ਮੁਕਤੀ ਪ੍ਰਾਪਤ ਕਰ ਲੈਂਦਾ ਹੈ।
ਸਾਧੂ ਕੈ ਸੰਗਿ ਸੋ ਧਨੁ ਪਾਵੈ ।। ਜਿਸੁ ਧਨ ਤੇ
ਸਭੁ ਕੋ ਵਰਸਾਵੈ ।।
ਸੰਤਾਂ ਦੀ ਸੰਗਤ ਕਰਨ ਨਾਲ਼ ਜੀਵ ਨੂੰ ਉਸ ਵਡਮੁੱਲੇ ਧਨ ਦੀ ਪ੍ਰਾਪਤੀ ਹੋ
ਜਾਂਦੀ ਹੈ ਜਿਸ ਨੂੰ ਪਾ ਕੇ ਉਹ ਕੇਵਲ ਆਪ ਹੀ
ਤ੍ਰਿਪਤ ਨਹੀਂ ਹੁੰਦਾ ਬਲਕਿ ਹੋਰ ਅਪਣੀ ਸੰਗਤ ਵਿੱਚ ਆਉਣ ਵਾਲ਼ੇ ਲੋਕਾਂ ਤੇ ਵੀ ਤ੍ਰਿਪਤੀ ਦੀ ਬਖਸ਼ਿਸ਼
ਕਰ ਸਕਦਾ ਹੈ।
ਸਾਧਸੰਗਿ ਧਰਮ ਰਾਇ ਕਰੇ ਸੇਵਾ ।। ਸਾਧ ਕੈ ਸੰਗਿ
ਸੋਭਾ ਸੁਰਦੇਵਾ ।।
ਸੰਤਾਂ ਦੀ ਸੰਗਤ ਕਰਨ ਵਾਲ਼ੇ ਨੇਕ ਪੁਰਖਾਂ ਦੀ ਧਰਮ ਰਾਜ ਵੀ ਸੇਵਾ ਕਰਦਾ
ਹੈ। ਸੰਤਾਂ ਦੀ ਸੰਗਤ ਸਦਕਾ ਦੇਵਤਿਆਂ ਦਾ ਰਾਜਾ ਇਂਦਰ ਵੀ ਜੀਵ ਦੀ ਸੋਭਾ ਕਰਨ ਲੱਗ ਜਾਂਦਾ ਹੈ, ਉਸ
ਨੂੰ ਇਸ ਲੋਕ ਵਿੱਚ ਹੀ ਨਹੀਂ, ਉਸ ਲੋਕ ਵਿੱਚ ਵੀ ਸਤਿਕਾਰ ਮਿਲਣ ਲੱਗ ਪੈਂਦਾ ਹੈ।
ਸਾਧੂ ਕੈ ਸੰਗਿ ਪਾਪ ਪਲਾਇਨ ।। ਸਾਧਸੰਗਿ
ਅੰਮ੍ਰਿਤ ਗੁਨ ਗਾਇਨ ।।
ਸੰਤਾਂ ਦੀ ਸੰਗਤ ਕਰਨ ਨਾਲ਼ ਜੀਵ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ।
ਸੰਤਾਂ ਦੀ ਸੰਗਤ ਦਾ ਪ੍ਰਭਾਵ ਕਬੂਲ ਕੇ ਜੀਵ ਪ੍ਰਮਾਤਮਾ ਦੇ ਅੰਮ੍ਰਿਤਮਈ ਗੁਣਾਂ ਦਾ ਗਾਇਨ ਕਰਨ ਲੱਗ
ਪੈਂਦਾ ਹੈ।
ਸਾਧ ਕੈ ਸੰਗਿ ਸ੍ਰਬ ਥਾਨ ਗੰਮਿ ।। ਨਾਨਕ ਸਾਧ ਕੈ
ਸੰਗਿ ਸਫਲ ਜਨੰਮ ।। 5 ।।
ਸੰਤਾਂ ਜੀ ਸੰਗਤ ਦੀ ਮਿਹਰ ਸਦਕਾ ਜੀਵ ਨੂੰ
ਸਾਰੀਆਂ ਥਾਂਵਾਂ ਦਾ ਅਰਥਾਤ ਸਮਸਤ ਲੋਕਾਂ ਦਾ ਗਿਆਨ ਹੋ ਜਾਂਦਾ ਹੈ। ਸੰਤਾਂ ਦੀ ਸੰਗਤ ਦੇ ਫਲ਼ਸਵਰੂਪ ਜੀਵ ਦਾ
ਜਨਮ ਸਫਲ ਹੋ ਜਾਂਦਾ ਹੈ, ਉਸਦੇ ਮਨੁੱਖੀ ਜਾਮੇ ਵਿੱਚ ਆਉਣ ਦਾ ਮਨੋਰਥ ਪੂਰਾ ਹੋ ਜਾਂਦਾ ਹੈ।
ਸਾਧ ਕੈ ਸੰਗਿ ਨਹੀ ਕਛੁ ਘਾਲ ।। ਦਰਸਨੁ ਭੇਟਤ ਹੋਤ ਨਿਹਾਲ ।।
ਸੰਤਾਂ ਦੀ ਸੰਗਤ ਦਾ ਸਦਕਾ ਜੀਵ ਸੁਭਾਵਕ ਹੀ ਨੇਕ ਗੁਣਾਂ ਦਾ ਧਾਰਨੀ ਹੋ
ਜਾਂਦਾ ਹੈ, ਉਸ ਨੂੰ ਉੱਤਮ ਇਨਸਾਨ ਬਣਨ ਲਈ ਬਹੁਤ ਮਿਹਨਤ ਨਹੀਂ ਕਰਨੀ ਪੈਂਦੀ। ਉਹ ਸੰਤ ਪੁਰਖਾਂ ਦੇ
ਦਰਸ਼ਨ ਕਰ ਕੇ ਅਤੇ ਉਨ੍ਹਾਂ ਨਾਲ਼ ਮਿਲ ਕੇ ਹੀ ਨਿਹਾਲ ਹੋ ਜਾਂਦਾ ਹੈ। ਉਸ ਵਿੱਚ ਖ਼ੁਦ ਬਖ਼ੁਦ ਹੀ ਨੇਕ ਗੁਣ
ਸਮਾ ਜਾਂਦੇ ਹਨ।
ਸਾਧ ਕੈ ਸੰਗਿ ਕਲੂਖਤ ਹਰੈ ।। ਸਾਧ ਕੈ ਸੰਗਿ ਨਰਕ
ਪਰਹਰੈ ।।
ਸੰਤਾਂ ਦੀ ਸੰਗਤ ਦੇ ਫਲ਼ ਵਜੋਂ ਇਨਸਾਨ ਦੇ ਸਾਰੇ ਪਾਪ ਧੋਤੇ ਜਾਂਦੇ ਹਨ
ਅਤੇ ਉਹ ਨਰਕ ਵਿੱਚ ਜਾਣ ਤੋਂ ਬਚ ਜਾਂਦਾ ਹੈ।
ਸਾਧ ਕੈ ਸੰਗਿ ਈਹਾ ਊਹਾ ਸੁਹੇਲਾ ।। ਸਾਧਸੰਗਿ
ਬਿਛੁਰਤ ਹਰਿ ਮੇਲਾ ।।
ਸੰਤਾਂ ਦੀ ਸੰਗਤ ਕਰਨ ਨਾਲ਼ ਇਨਸਾਨ ਦਾ ਜੀਵਨ ਇਸ ਦੁਨੀਆਂ ਵਿੱਚ ਵੀ ਅਤੇ
ਅਗਲੀ ਦੁਨੀਆਂ ਵਿੱਚ ਵੀ ਸੁਖਮਈ ਬਣ ਜਾਂਦਾ ਹੈ। ਸੰਤਾਂ ਦੀ ਸੰਗਤ ਕਰਨ ਸਦਕਾ ਪਰਮਾਤਮਾ ਤੋਂ ਵਿਛੜੇ
ਹੋਏ ਜੀਵ ਦਾ ਮੁੜ ਉਸਦੇ ਨਾਲ਼ ਮੇਲ ਹੋ ਜਾਂਦਾ ਹੈ।
ਜੋ ਇਛੈ ਸੋਈ ਫਲੁ ਪਾਵੈ ।। ਸਾਧ ਕੈ ਸੰਗਿ ਨ
ਬਿਰਥਾ ਜਾਵੈ ।।
ਸੰਤਾਂ ਦੀ ਸੰਗਤ ਦਾ ਇਹ ਲਾਭ ਹੁੰਦਾ ਹੈ ਕਿ ਜੀਵ ਜੋ ਵੀ ਫਲ਼ ਚਾਹੁੰਦਾ
ਹੈ, ਉਹ ਉਸ ਨੂੰ ਪ੍ਰਪਤ ਹੋ ਜਾਂਦਾ ਹੈ। ਸੰਤਾਂ ਦੀ ਸੰਗਤ ਕਰਨ ਨਾਲ਼ ਜੀਵ ਦਾ ਜਨਮ ਅਕਾਰਥ ਨਹੀਂ
ਜਾਂਦਾ, ਸਫਲ ਹੋ ਜਾਂਦਾ ਹੈ।
ਪਾਰਬ੍ਰਹਮੁ ਸਾਧ ਰਿਦ ਬਸੈ ।। ਨਾਨਕ ਉਧਰੈ ਸਾਧ
ਸੁਨਿ ਰਸੈ ।। 6 ।।
ਪ੍ਰਮਾਤਮਾ ਆਪ ਸੰਤ ਪੁਰਖਾਂ ਦੇ ਦਿਲ ਵਿੱਚ ਵਸਦਾ ਹੈ। ਗੁਰੂ ਜੀ ਕਹਿੰਦੇ
ਹਨ ਕਿ ਉਨ੍ਹਾਂ ਦੀ ਰਸਨਾ ਤੋਂ ਹਰੀ ਦਾ ਨਾਮ ਸੁਣ ਸੁਣ ਕੇ ਜੀਵ ਆਪ ਵੀ ਪ੍ਰਮਾਤਮਾ ਦੇ ਰੰਗ ਵਿੱਚ
ਰੰਗਿਆ ਜਾਂਦਾ ਹੈ ਅਤੇ ਉਹ ਭਵ ਸਾਗਰ ਵਿੱਚ ਡੁੱਬਣ ਤੋਂ ਬਚ ਜਾਂਦਾ ਹੈ।
ਸਾਧ ਕੈ ਸੰਗਿ ਸੁਨਉ ਹਰਿ ਨਾਉ ।। ਸਾਧਸੰਗਿ ਹਰਿ
ਕੇ ਗੁਨ ਗਾਉ ।।
ਸੰਤਾਂ ਦੀ ਸੰਗਤ ਵਿੱਚ ਜਾ ਕੇ ਜੀਵ ਹਰੀ ਦੇ ਗੁਣਾਂ ਦਾ ਗਾਇਨ ਸੁਣਦਾ ਹੈ
ਅਤੇ ਸੁਣ ਸੁਣ ਕੇ ਆਪ ਵੀ ਉਸ ਦੇ ਗੁਣਾਂ ਦਾ ਗਾਇਨ ਕਰਨ ਲੱਗ ਪੈਂਦਾ ਹੈ। ਹਰੀ ਦੇ ਗੁਣ
ਸੁਣਨ ਅਤੇ ਗਾਉਣ ਨਾਲ਼ ਉਸ ਦਾ ਜੀਵਨ ਸਫਲ ਹੋ ਜਾਂਦਾ ਹੈ।
ਸਾਧ ਕੈ ਸੰਗਿ ਨ ਮਨ ਤੇ ਬਿਸਰੈ ।। ਸਾਧਸੰਗਿ ਸਰਪਰ
ਨਿਸਤਰੈ ।।
ਸੰਤਾਂ ਦੀ ਸੰਗਤ ਦਾ ਜੀਵ ਦੇ ਉੱਤੇ ਇਹ ਅਸਰ ਹੁਂਦਾ ਹੈ ਕਿ ਉਸ ਦੇ ਮਨ
ਤੋਂ ਪਲ ਭਰ ਲਈ ਵੀ ਪ੍ਰਮਾਤਮਾ ਦਾ ਨਾਮ ਨਹੀਂ ਵਿਸਰਦਾ। ਇਸ ਲਈ ਸੰਤਾਂ ਦੀ ਸੰਗਤ ਕਰਨ ਕਰਕੇ
ਨਿਸ਼ਚਿਤ ਤੌਰ ਤੇ ਜੀਵ ਦਾ ਕਲਿਆਣ ਹੋ ਜਾਂਦਾ ਹੈ।
ਸਾਧ ਕੈ ਸੰਗਿ ਲਗੈ ਪ੍ਰਭੁ ਮੀਠਾ ।। ਸਾਧੂ ਕੈ
ਸੰਗਿ ਘਟਿ ਘਟਿ ਡੀਠਾ ।।
ਸੰਤਾਂ ਦੀ ਸੰਗਤ ਦੇ ਸਿੱਟੇ ਵਜੋਂ ਪ੍ਰਭੂ ਦਾ ਨਾਮ ਪਿਆਰਾ ਲੱਗਣ ਲੱਗ
ਪੈਂਦਾ ਹੈ। ਸੰਤਾਂ ਦੀ ਸੰਗਤ ਸਦਕਾ ਜੀਵ ਨੂੰ ਹਰ ਇੱਕ ਜੀਵ ਦੇ ਵਿੱਚੋਂ ਹਰੀ ਦਾ ਦੀਦਾਰ
ਹੋਣ ਲੱਗ ਪੈੰਦਾ ਹੈ।
ਸਾਧਸੰਗਿ ਭਏ ਆਗਿਆਕਾਰੀ ।। ਸਾਧਸੰਗਿ ਗਤਿ ਭਈ
ਹਮਾਰੀ ।।
ਸੰਤਾਂ ਦੀ ਸੰਗਤ ਦਾ ਸਦਕਾ ਜੀਵ ਪ੍ਰਭੂ ਦੇ ਹੁਕਮ ਵਿੱਚ ਚੱਲਣਾ ਸਿੱਖ
ਜਾਂਦਾ ਹੈ, ਹਰੀ ਦੇ ਹੁਕਮ ਨੂੰ ਖੁਸ਼ੀ ਖੁਸ਼ੀ ਪ੍ਰਵਾਨ ਕਰਨ ਲੱਗ ਪੈੰਦਾ ਹੈ। ਸੰਤ ਪੁਰਖਾਂ ਦੀ ਸੰਗਤ
ਕਰਨ ਨਾਲ਼ ਸਾਡਾ ਕਲਿਆਣ ਹੋ ਜਾਂਦਾ ਹੈ, ਸਾਨੂੰ ਮੁਕਤੀ ਮਿਲ ਜਾਂਦੀ ਹੈ।
ਸਾਧ ਕੈ ਸੰਗਿ ਮਿਟੇ ਸਭਿ ਰੋਗ ।। ਨਾਨਕ ਸਾਧ
ਭੇਟੇ ਸੰਜੋਗ ।। 7 ।।
ਸੰਤਾਂ ਦੀ ਸੰਗਤ ਦੇ ਸਿੱਟੇ ਵਜੋਂ ਸਾਰੇ ਰੋਗ ਦੂਰ ਹੋ ਜਾਂਦੇ ਹਨ, ਸਰੀਰ
ਅਤੇ ਮਨ ਅਰੋਗ ਦੋਵੇਂ ਅਰੋਗ ਹੋ ਜਾਂਦੇ ਹਨ। ਸੰਤਾਂ ਦੀ ਸੰਗਤ ਦੀ ਮਿਹਰ ਨਾਲ਼ ਜੀਵ ਦਾ ਪ੍ਰਭੂ ਨਾਲ਼
ਮਿਲਾਪ ਹੋ ਜਾਂਦਾ ਹੈ, ਜੀਵ ਅਤੇ ਪ੍ਰਭੂ ਵਿਚਲੀ ਦੂਰੀ ਖਤਮ ਹੋ ਜਾਂਦੀ ਹੈ।
ਸਾਧ ਕੀ ਮਹਿਮਾ ਬੇਦ ਨ ਜਾਨਹਿ ।। ਜੇਤਾ ਸੁਨਹਿ
ਤੇਤਾ ਬਖਿਆਨਹਿ ।।
ਸੰਤ ਦੀ ਵਡਿਆਈ ਦਾ ਗਿਆਨ ਤਾਂ ਵੇਦਾਂ ਨੂੰ
ਰਚਣ ਵਾਲ਼ੇ ਮਹਾਂ ਮੁਨੀਆਂ ਨੂੰ ਭੀ ਨਹੀਂ ਸੀ। ਇਨ੍ਹਾਂ ਗ੍ਰੰਥਾਂ ਵਿੱਚ ਵੀ ਉਨ੍ਹਾਂ ਦੇ ਲਿਖਣ ਵਾਲ਼ਿਆਂ ਨੇ ਓਨਾ ਹੀ
ਲਿਖਿਆ ਹੈ ਜਿੰਨਾ ਉਨ੍ਹਾਂ ਨੇ ਕਿਸੇ ਤੋਂ ਸੁਣਿਆਂ ਸੀ।
ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰਿ ।। ਸਾਧ ਕੀ
ਉਪਮਾ ਰਹੀ ਭਰਪੂਰਿ ।।
ਸੰਤਾਂ ਦੀ ਵਡਿਆਈ ਸਤੋ, ਰਜੋ ਅਤੇ ਤਮੋ ਤਿੰਨਾਂ ਹੀ ਗੁਣਾ ਤੋਂ ਬਾਹਰ
ਹੁੰਦੀ ਹੈ, ਇਸ ਕਰਕੇ ਇਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਸੰਤ ਪੁਰਖਾਂ ਦੀ ਮਹਿਮਾ ਨਾਲ਼ ਜਗਤ
ਭਰਿਆ ਪਿਆ ਹੈ, ਇਹ ਹਰ ਥਾਂ ਸੁਣਨ ਨੂੰ ਮਿਲਦੀ ਹੈ।
ਸਾਧ ਕੀ ਸੋਭਾ ਕਾ ਨਾਹੀ ਅੰਤ ।। ਸਾਧ ਕੀ ਸੋਭਾ
ਸਦਾ ਬੇਅੰਤ ।।
ਸੰਤਾਂ ਦੀ ਸੋਭਾ ਦਾ ਕੋਈ ਅੰਤ ਨਹੀਂ। ਸੰਤਾਂ ਦੀ ਸੋਭਾ ਬੇਅਂਤ ਹੈ, ਇਸ
ਨੂੰ ਮਾਪਣਾ ਜਾਂ ਬਿਆਨ ਕਰਨਾ ਸੰਭਵ ਨਹੀਂ।
ਸਾਧ ਕੀ ਸੋਭਾ ਊਚ ਤੇ ਊਚੀ ।। ਸਾਧ ਕੀ ਸੋਭਾ ਮੂਚ
ਤੇ ਮੂਚੀ ।।
ਸੰਤਾਂ ਦੀ ਸੋਭਾ ਉੱਚੀ ਤੋਂ ਵੀ ਉੱਚੀ ਹੈ,
ਇਸ ਦਾ ਅੰਦਾਜ਼ਾ ਲਾਉਣਾ ਮੁਮਕਿਨ ਨਹੀਂ। ਸੰਤਾਂ ਦੀ ਸੋਭਾ ਵੱਡੀ ਤੋਂ ਵੀ ਵੱਡੀ ਹੁੰਦੀ ਹੈ, ਏਨੀ
ਵੱਡੀ ਕਿ ਦੱਸੀ ਨਹੀਂ ਜਾ ਸਕਦੀ।
ਸਾਧ ਕੀ ਸੋਭਾ ਸਾਧ ਬਨਿ ਆਈ ।। ਨਾਨਕ ਸਾਧ ਪ੍ਰਭ
ਭੇਦੁ ਨ ਭਾਈ ।। 8 ।। 7 ।।
ਸੰਤਾਂ ਦੀ ਵਡਿਆਈ ਏਨੀ ਮਹਾਨ ਹੈ ਕਿ ਇਹ ਸਿਰਫ ਉਨ੍ਹਾਂ ਨੂੰ ਹੀ ਫੱਬਦੀ
ਹੈ, ਹੋਰ ਕੋਈ ਇਸ ਦੇ ਲਾਇਕ ਨਹੀਂ। ਗੁਰੂ ਜੀ ਤਾਂ ਇੱਥੋਂ ਤੱਕ ਕਹਿੰਦੇ ਹਨ ਕਿ ਸੰਤ ਆਪ ਰੱਬ ਦਾ
ਰੂਪ ਹੁੰਦੇ ਹਨ, ਉਨ੍ਹਾਂ ਵਿੱਚ ਅਤੇ ਰੱਬ ਵਿੱਚ ਕੋਈ ਫਰਕ ਨਹੀਂ ਹੁੰਦਾ।
ਸਲੋਕੁ ।।
ਮਨਿ ਸਾਚਾ ਮੁਖਿ ਸਾਚਾ ਸੋਇ ।। ਅਵਰੁ ਨ ਪੇਖੈ
ਏਕਸੁ ਬਿਨੁ ਕੋਇ ।।
ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਇ ।।
ਜਿਸ ਦੇ ਮਨ ਵਿੱਚ ਵੀ ਸੱਚੇ ਦਾ, ਅਰਥਾਤ ਪ੍ਰਮਾਤਮਾ ਦਾ ਨਾਮ ਹੋਵੇ ਅਤੇ
ਜ਼ਬਾਨ ਉੱਤੇ ਵੀ ਪ੍ਰਮਾਤਮਾ ਦਾ ਹੀ ਨਾਮ ਹੋਵੇ, ਜਿਸ ਨੂੰ ਇੱਕ ਪ੍ਰਮਾਤਮਾ ਤੋਂ ਬਿਨਾਂ ਸ੍ਰਿਸ਼ਟੀ
ਵਿੱਚ ਹੋਰ ਕੁੱਝ ਵੀ ਦਿਖਾਈ ਨਾ ਦਿੰਦਾ ਹੋਵੇ, ਸ੍ਰਿਸ਼ਟੀ ਦੀ ਹਰ ਇੱਕ ਸ਼ੈ ਵਿੱਚ ਪ੍ਰਮਾਤਮਾ ਦਾ ਰੂਪ
ਦਿਖਾਈ ਦਿੰਦਾ ਹੋਵੇ, ਉਹ ਇਨਸਾਨ ਹੀ ਬ੍ਰਹਮ ਗਿਆਨੀ ਹੁੰਦਾ ਹੈ। ਬ੍ਰਹਮ ਗਿਆਨੀ ਹਰ ਚੀਜ਼ ਵਿੱਚ
ਪ੍ਰਮਾਤਮਾ ਨੂੰ ਵੇਖਦਾ ਹੈ ਅਤੇ ਉਸ ਤੋਂ ਇਲਾਵਾ ਹੋਰ ਕਿਸੇ ਸ਼ਕਤੀ ਵਿੱਚ ਵਿਸ਼ਵਾਸ਼ ਨਹੀਂ ਕਰਦਾ। ਇੱਕ
ਪ੍ਰਮਾਤਮਾ ਵਿੱਚ ਵਿਸ਼ਵਾਸ਼ ਅਤੇ ਹਰ ਸ਼ੈ ਵਿੱਚ ਉਸ ਦੀ ਮੌਜੂਦਗੀ ਮਹਿਸੂਸ ਕਰਨਾ ਬ੍ਰਹਮ ਗਿਆਨੀ ਹੋਣ
ਦੀਆਂ ਨਿਸ਼ਾਨੀਆਂ ਹਨ।
ਅਸਟਪਦੀ ।।
ਬ੍ਰਹਮ ਗਿਆਨੀ ਸਦਾ ਨਿਰਲੇਪ ।। ਜੈਸੇ ਜਲ ਮਹਿ
ਕਮਲ ਅਲੇਪ ।।
ਬ੍ਰਹਮ ਗਿਆਨੀ ਮਾਇਆ ਵਿੱਚ ਰਹਿੰਦਾ ਹੋਇਆ ਵੀ ਸਦਾ ਹੀ ਮਾਇਆ ਤੋਂ ਇਸ
ਤਰਾਂ ਨਿਰਲੇਪ ਰਹਿੰਦਾ ਹੈ ਜਿਸ ਤਰਾਂ ਕਮਲ ਦਾ ਫੁੱਲ ਚਿੱਕੜ ਵਿੱਚ ਰਹਿੰਦਾ ਹੋਇਆ ਵੀ ਚਿੱਕੜ ਤੋਂ
ਦੂਰ ਰਹਿੰਦਾ ਹੈ। ਕਮਲ ਦਾ ਫੁੱਲ ਚਿੱਕੜ ਨੂੰ ਅਪਣੇ ਨੇੜੇ ਨਹੀਂ ਲੱਗਣ ਦਿੰਦਾ, ਗੰਦਾ ਨਹੀਂ ਹੁੰਦਾ
ਅਤੇ ਨਾ ਹੀ ਪਾਣੀ ਨਾਲ਼ ਗਿੱਲਾ ਹੁੰਦਾ ਹੈ। ਬ੍ਰਹਮ ਗਿਆਨੀ ਵੀ ਮਾਇਆ ਦੇ ਵਿੱਚ ਰਹਿੰਦਾ ਹੈ ਪਰ ਮਾਇਆ ਦੇ
ਪ੍ਰਭਾਵ ਨੂੰ ਅਪਣੇ ਨੇੜੇ ਨਹੀਂ ਢੁੱਕਣ ਦਿੰਦਾ, ਮਾਇਆ ਦੇ ਜਾਲ਼ ਵਿੱਚ ਨਹੀਂ ਫਸਦਾ, ਇਸ ਨਾਲ਼ ਮੋਹ
ਨਹੀਂ ਪਾਉਂਦਾ।
ਬ੍ਰਹਮ ਗਿਆਨੀ ਸਦਾ ਨਿਰਦੋਖ ।। ਜੈਸੇ ਸੂਰੁ ਸਰਬ
ਕਉ ਸੋਖ ।।
ਬ੍ਰਹਮ ਗਿਆਨੀ ਕਦੇ ਕਿਸੇ ਨੂੰ ਦੁੱਖ ਨਹੀਂ ਦਿੰਦਾ। ਜਿਸ ਤਰਾਂ ਸੂਰਜ
ਸਦਾ ਹੀ ਸਭ ਨੂੰ ਸੁਖ ਵੰਡਦਾ ਹੈ ਉਸੇ ਤਰਾਂ
ਬ੍ਰਹਮ ਗਿਆਨੀ ਸਦਾ ਸਭ ਨੂੰ ਸੁਖ ਪਹੁੰਚਾਉਣ ਦਾ ਯਤਨ ਕਰਦਾ ਹੈ। ਜਾਂ
ਬ੍ਰਹਮ ਗਿਆਨੀ ਬੁਰਾਈ ਦੇ
ਵਿਚਕਾਰ ਰਹਿੰਦਾ ਹੋਇਆ ਵੀ ਕਿਸੇ ਬੁਰੇ ਗੁਣ ਨੂੰ ਅਪਣੇ ਅੰਦਰ ਪ੍ਰਵੇਸ਼ ਨਹੀਂ ਕਰਨ ਦਿੰਦਾ।
ਉਹ ਕਦੇ ਵੀ ਕਿਸੇ ਔਗੁਣ ਦਾ ਕਲੰਕ ਅਪਣੇ ਮੱਥੇ ਤੇ ਨਹੀਂ ਲੱਗਣ ਦਿੰਦਾ। ਜਿਸ ਤਰਾਂ ਸੂਰਜ ਹਰ ਤਰਾਂ ਦੇ ਚੰਗੇ ਅਤੇ ਬੁਰੇ ਰਸਾਂ ਨੂੰ
ਸੁਕਾਉਂਦਾ ਹੈ ਪਰ ਆਪ ਕਲੰਕਿਤ ਨਹੀਂ ਹੁੰਦਾ, ਬ੍ਰਹਮ ਗਿਆਨੀ ਵੀ ਹਰ ਤਰਾਂ ਦੇ ਦੋਸ਼ਾਂ ਤੋਂ ਮੁਕਤ
ਰਹਿੰਦਾ ਹੈ।
ਬ੍ਰਹਮ ਗਿਆਨੀ ਕੈ ਦ੍ਰਿਸਟਿ ਸਮਾਨਿ ।। ਜੈਸੇ ਰਾਜ
ਰੰਕ ਕਉ ਲਾਗੈ ਤੁਲਿ ਪਵਾਨ ।।
ਬ੍ਰਹਮ ਗਿਆਨੀ ਦਾ ਸੁਭਾਅ ਹਵਾ ਦੀ ਤਰਾਂ ਹੁੰਦਾ ਹੈ। ਜਿਸ ਤਰਾਂ ਹਵਾ
ਰਾਜੇ ਅਤੇ ਰੰਕ ਵਿੱਚ, ਅਮੀਰ ਅਤੇ ਗਰੀਬ ਵਿੱਚ ਕਦੇ ਕੋਈ ਭੇਦ ਭਾਵ ਨਹੀਂ ਕਰਦੀ, ਸਭ ਨੂੰ ਬਰਾਬਰ
ਸੁਖ ਦਿੰਦੀ ਹੈ, ਉਸੇ ਤਰਾਂ ਬ੍ਰਹਮ ਗਿਆਨੀ ਸਭ ਨੂੰ ਇੱਕੋ ਨਜ਼ਰ ਨਾਲ਼ ਵੇਖਦਾ ਹੈ ਭਾਂਵੇ ਕੋਈ ਵੱਡਾ
ਹੋਵੇ ਜਾਂ ਛੋਟਾ।
ਬ੍ਰਹਮ ਗਿਆਨੀ ਕੈ ਧੀਰਜੁ ਏਕ ।। ਜਿਉ ਬਸੁਧਾ ਕੋਊ
ਖੋਦੈ ਕੋਊ ਚੰਦਨ ਲੇਪ ।।
ਬ੍ਰਹਮ ਗਿਆਨੀ ਦਾ ਸਬਰ, ਧੀਰਜ ਜਾਂ ਸਹਿਣ ਸ਼ਕਤੀ ਬਰਾਬਰ ਬਣੀ ਰਹਿੰਦੀ
ਹੈ। ਉਹ ਕਿਸੇ ਦੇ ਚੰਗੇ ਜਾਂ ਮਾੜੇ ਵਿਵਹਾਰ ਦੀ ਪ੍ਰਵਾਹ ਕੀਤੇ ਬਿਨਾਂ ਸਭ ਨੂੰ ਇੱਕ ਸਾਰ ਅਪਣਾ
ਪਿਆਰ ਵੰਡਦਾ ਰਹਿੰਦਾ ਹੈ। ਇਸ ਪੱਖ ਤੋਂ ਉਸ ਦੀ ਤੁਲਨਾ ਧਰਤੀ ਨਾਲ਼ ਕੀਤੀ ਜਾ ਸਕਦੀ ਹੈ। ਜਿਸ ਤਰਾਂ
ਧਰਤੀ ਨੂੰ ਭਾਂਵੇਂ ਕੋਈ ਪੁੱਟੇ ਤੇ ਭਾਂਵੇਂ ਉਸ ਨੂੰ ਚੰਦਨ ਨਾਲ਼ ਲਿੱਪੇ, ਉਹ ਅਪਣੀਆਂ ਦਾਤਾਂ
ਦੋਹਾਂ ਨੂੰ ਬਰਾਬਰ ਵੰਡਦੀ ਰਹਿੰਦੀ ਹੈ, ਉਸੇ ਤਰਾਂ ਬ੍ਰਹਮ ਗਿਆਨੀ ਵੀ ਕਿਸੇ ਦੇ ਚੰਗੇ ਜਾਂ ਮਾੜੇ
ਵਤੀਰੇ ਦੇ ਆਧਾਰ ਤੇ ਦੋਹਾਂ ਵਿੱਚ ਕੋਈ ਭੇਦ ਭਾਵ ਨਹੀਂ ਕਰਦਾ, ਦੋਹਾਂ ਦਾ ਭਲਾ ਮੰਗਦਾ ਹੈ। ਕਿਸੇ ਦੇ ਬੁਰੇ ਵਰਤਾਵ ਨੂੰ ਵੀ ਉਹ ਬਿਨਾਂ
ਗੁੱਸਾ ਕਰੇ ਬਰਦਾਸ਼ਤ ਕਰ ਲੈਂਦਾ ਹੈ, ਅਪਣਾ ਸਬਰ, ਅਪਣਾ ਧੀਰਜ ਨਹੀਂ ਖੋਂਦਾ। ਉਹ ਬੁਰਾ ਕਰਨ ਵਾਲ਼ੇ ਦਾ ਵੀ
ਭਲਾ ਮੰਗਦਾ ਹੈ।
ਬ੍ਰਹਮ ਗਿਆਨੀ ਕਾ ਇਹੈ ਗੁਨਾਉ ।। ਨਾਨਕ ਜਿਉ
ਪਾਵਕ ਕਾ ਸਹਜ ਸੁਭਾਉ ।। 1 ।।
ਬ੍ਰਹਮ ਗਿਆਨੀ ਦਾ ਇਹ ਹੀ ਗੁਣ ਹੈ ਕਿ ਉਹ
ਅਪਣੇ ਅਕੀਦੇ ਵਿੱਚ ਸਥਿਰ ਰਹਿੰਦਾ ਹੈ, ਉਸੇ ਤਰਾਂ ਜਿਵੇਂ ਅਗਨੀ ਅਪਣਾ ਸੁਭਾਅ ਨਹੀਂ ਬਦਲਦੀ, ਅਪਣੇ
ਬੁਰਾਈ ਨੂੰ ਸਾੜਨ ਅਤੇ ਸਾਰੇ ਸੰਸਾਰ ਨੂੰ ਨਿੱਘ ਦੇਣ ਦੇ ਸੁਭਅ ਨੂੰ ਸਦਾ ਕਾਇਮ ਰੱਖਦੀ ਹੈ।
ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ।। ਜੈਸੇ ਮੈਲੁ
ਨ ਲਾਗੈ ਜਲਾ ।।
ਬ੍ਰਹਮ ਗਿਆਨੀ ਦਾ ਮਨ ਅਤੇ ਆਤਮਾ ਪੂਰਨ ਤੌਰ ਤੇ ਸਾਫ ਹੁੰਦੇ ਹਨ। ਜਿਸ
ਤਰਾਂ ਪਾਣੀ ਨੂੰ ਮੈਲ਼ ਨਹੀਂ ਲੱਗ ਸਕਦੀ, ਉਸੇ ਤਰਾਂ ਉਸ ਦੇ ਮਨ ਨੂੰ ਵਿਕਾਰਾਂ ਦੀ ਮੈਲ਼ ਛੋਂਹਦੀ
ਤੱਕ ਨਹੀਂ।
ਬ੍ਰਹਮ ਗਿਆਨੀ ਕੈ ਮਨਿ ਹੋਇ ਪ੍ਰਗਾਸੁ ।। ਜੈਸੇ
ਧਰ ਊਪਰਿ ਆਕਾਸੁ ।।
ਬ੍ਰਹਮ ਗਿਆਨੀ ਦਾ ਮਨ ਬ੍ਰਹਮ ਦੇ ਗਿਆਨ ਨਾਲ਼ ਸਦਾ ਹੀ ਪ੍ਰਕਾਸ਼ਮਾਨ ਹੋਇਆ
ਰਹਿੰਦਾ ਹੈ ਜਿਸ ਤਰਾਂ ਧਰਤੀ ਉੱਤੇ ਸੂਰਜ ਦੀ ਰੋਸ਼ਨੀ ਦੇ ਨਾਲ਼ ਚਾਨਣ ਹੋਇਆ ਰਹਿੰਦਾ ਹੈ। ਉਹ ਕਦੇ
ਵੀ ਅਗਿਆਨਤਾ ਦੇ ਹਨ੍ਹੇਰੇ ਵਿੱਚ ਨਹੀਂ ਭਟਕਦਾ।
ਬ੍ਰਹਮ ਗਿਆਨੀ ਕੈ ਮਿਤ੍ਰ ਸਤ੍ਰ ਸਮਾਨਿ ।। ਬ੍ਰਹਮ
ਗਿਆਨੀ ਕੈ ਨਾਹੀ ਅਭਿਮਾਨ ।।
ਬ੍ਰਹਮ ਗਿਆਨੀ ਸਭ ਨੂੰ ਇੱਕ ਹੀ ਨਜ਼ਰ ਨਾਲ਼ ਦੇਖਦਾ ਹੈ। ਉਸ ਲਈ ਦੋਸਤ ਅਤੇ
ਦੁਸ਼ਮਣ ਬਰਾਬਰ ਹੁੰਦੇ ਹਨ। ਉਹ ਕਦੇ ਵੀ ਦੋਸਤ ਦਾ ਭਲਾ ਅਤੇ ਦੁਸ਼ਮਣ ਦਾ ਬੁਰਾ ਨਹੀਂ ਚਾਹੁੰਦਾ, ਸਭ
ਦਾ ਬਰਾਬਰ ਭਲਾ ਮੰਗਦਾ ਹੈ। ਬ੍ਰਹਮ ਗਿਆਨੀ ਹਲੀਮੀ ਦੀ ਮਿਸਾਲ ਹੁੰਦਾ ਹੈ। ਉਸ ਦੇ ਮਨ ਤੇ ਅਹੰਕਾਰ
ਦਾ ਪ੍ਰਛਾਂਵਾਂ ਤੱਕ ਵੀ ਨਹੀਂ ਪੈਂਦਾ।
ਬ੍ਰਹਮ ਗਿਆਨੀ ਊਚ ਤੇ ਊਚਾ ।। ਮਨਿ ਅਪਨੈ ਹੈ ਸਭ ਤੇ ਨੀਚਾ ।।
ਬ੍ਰਹਮ ਗਿਆਨੀ ਦਾ ਰੁਤਬਾ ਸਭ ਤੋਂ ਮਹਾਨ ਇਨਸਾਨ ਨਾਲ਼ੋਂ ਵੀ ਵੱਧ ਮਹਾਨ
ਹੁੰਦਾ ਹੈ। ਪਰ ਫਿਰ ਵੀ ਉਸ ਦੇ ਮਨ ਵਿੱਚ ਏਨੀ ਨਿਮਰਤਾ ਹੁੰਦੀ ਹੈ ਕਿ ਉਹ ਅਪਣੇ ਆਪ ਨੂੰ ਸਭ ਤੋਂ
ਛੋਟਾ ਸਮਝਦਾ ਹੈ।
ਬ੍ਰਹਮ ਗਿਆਨੀ ਸੇ ਜਨ ਭਏ ।। ਨਾਨਕ ਜਿਨ ਪ੍ਰਭੁ
ਆਪਿ ਕਰੇਇ ।। 2 ।।
ਪ੍ਰੰਤੂ ਬ੍ਰਹਮ ਗਿਆਨੀ ਉਹ ਇਨਸਾਨ ਹੀ ਬਣ ਸਕਦਾ ਹੈ ਜਿਸ ਨੂੰ ਵਾਹਿਗੁਰੂ
ਆਪ ਕਿਰਪਾ ਕਰ ਕੇ ਬ੍ਰਹਮ ਗਿਆਨ ਨਾਲ਼ ਨਿਵਾਜਦਾ ਹੈ। ਕੋਈ ਵੀ ਇਨਸਾਨ ਅਪਣੀ ਕੋਸ਼ਿਸ਼ ਨਾਲ਼ ਬ੍ਰਹਮ
ਗਿਆਨੀ ਨਹੀਂ ਬਣ ਸਕਦਾ।
ਬ੍ਰਹਮ ਗਿਆਨੀ ਸਗਲ ਕੀ ਰੀਨਾ ।। ਆਤਮ ਰਸੁ ਬ੍ਰਹਮ
ਗਿਆਨੀ ਚੀਨਾ ।।
ਬ੍ਰਹਮ ਗਿਆਨੀ ਦਾ ਮਨ ਨਿਮਰਤਾ ਨਾਲ਼ ਏਨਾ ਭਰਿਆ ਹੁੰਦਾ ਹੈ ਕਿ ਉਹ ਅਪਣੇ
ਆਪ ਨੂੰ ਸਭ ਦੇ ਪੈਰਾਂ ਦੀ ਧੂੜ ਸਮਝਦਾ ਹੈ। ਉਹ ਹਰ ਵੇਲ਼ੇ ਪ੍ਰਭੂ ਦੇ ਚਰਨਾਂ ਨਾਲ਼ ਜੁੜ ਕੇ, ਉਸ ਦੇ
ਨਾਮ ਦਾ ਸਿਮਰਨ ਕਰਦਾ ਹੋਇਆ, ਆਤਮਿਕ ਆਨੰਦ ਮਾਣਦਾ ਰਹਿੰਦਾ ਹੈ।
ਬ੍ਰਹਮ ਗਿਆਨੀ ਕੀ ਸਭ ਊਪਰਿ ਮਇਆ ।। ਬ੍ਰਹਮ
ਗਿਆਨੀ ਤੇ ਕਛੁ ਬੁਰਾ ਨ ਭਇਆ ।।
ਬ੍ਰਹਮ ਗਿਆਨੀ ਦਾ ਸੁਭਾਅ ਅਤਿਅੰਤ ਦਿਆਲੂ ਹੁੰਦਾ ਹੈ। ਉਸ ਦਾ ਵਤੀਰਾ ਸਭ
ਦੇ ਨਾਲ਼ ਦਯਾ ਭਰਪੂਰ ਹੁੰਦਾ ਹੈ। ਬ੍ਰਹਮ ਗਿਆਨੀ ਦੇ ਕਰਮ ਵੀ ਹਮੇਸ਼ਾ ਨੇਕ ਅਤੇ ਪਵਿੱਤਰ ਹੁੰਦੇ ਹਨ।
ਉਹ ਭੁੱਲ ਕੇ ਵੀ ਕਦੇ ਕਿਸੇ ਦਾ ਬੁਰਾ ਨਹੀਂ ਕਰਦਾ। ਕੋਈ ਬੁਰਾ ਕਰਮ ਕਰਨ ਦਾ ਖਿਆਲ ਉਸ ਦੇ ਮਨ
ਵਿੱਚ ਆਉਂਦਾ ਹੀ ਨਹੀਂ।
ਬ੍ਰਹਮ ਗਿਆਨੀ ਸਦਾ ਸਮਦਰਸੀ ।। ਬ੍ਰਹਮ ਗਿਆਨੀ ਕੀ ਦ੍ਰਿਸਟਿ ਅੰਮ੍ਰਿਤੁ ਬਰਸੀ ।।
ਬ੍ਰਹਮ ਗਿਆਨੀ ਸਦਾ ਹੀ ਸਮ ਦਰਿਸ਼ਟ ਹੁੰਦਾ ਹੈ। ਉਹ ਸਮੁੱਚੀ ਇਨਸਾਨੀਅਤ
ਨੂੰ ਇੱਕ ਹੀ ਨਜ਼ਰ ਨਾਲ਼ ਵੇਖਦਾ ਹੈ। ਉਸ ਦੇ ਲਈ ਕੋਈ ਵੀ ਉੱਚਾ ਜਾਂ ਨੀਂਵਾਂ, ਚੰਗਾ ਜਾਂ ਮੰਦਾ,
ਗਰੀਬ ਜਾਂ ਅਮੀਰ ਨਹੀਂ ਹੁੰਦਾ। ਉਸ ਦੀ ਦ੍ਰਿਸ਼ਟੀ ਵਿੱਚੋਂ ਸਦਾ ਹੀ ਅੰਮ੍ਰਿਤ ਬਰਸਦਾ ਹੈ। ਉਹ ਹਰ ਵੇਲ਼ੇ ਹਰ ਜੀਵ ਨੂੰ ਪਿਆਰ ਭਰੀ ਨਜ਼ਰ
ਨਾਲ਼ ਵੇਖਦਾ ਹੈ।
ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ।। ਬ੍ਰਹਮ ਗਿਆਨੀ
ਕੀ ਨਿਰਮਲ ਜੁਗਤਾ ।।
ਬ੍ਰਹਮ ਗਿਆਨੀ ਇਸ ਮਾਇਆਵੀ ਸੰਸਾਰ ਦੇ ਸਾਰੇ ਬੰਧਨਾ ਤੋਂ ਮੁਕਤ ਹੁੰਦਾ
ਹੈ। ਸਮਾਜਿਕ ਜਾਂ ਧਾਰਮਿਕ ਰੀਤੀ ਰਿਵਾਜ ਜਾਂ ਆਡੰਬਰ ਅਤੇ ਮਾਇਆ ਦਾ ਮੋਹ ਉਸ ਲਈ ਕੋਈ ਅਰਥ ਨਹੀਂ
ਰੱਖਦੇ। ਉਹ ਇਨ੍ਹਾਂ ਦੇ ਜਾਲ਼ ਵਿੱਚ ਨਹੀਂ ਫਸਦਾ। ਉਹ ਕੇਵਲ ਪ੍ਰਮਾਤਮਾ ਦੇ ਭਾਣੇ ਨੂੰ ਮਾਨਤਾ
ਦਿੰਦਾ ਹੈ। ਬ੍ਰਹਮ ਗਿਆਨੀ ਦਾ ਜੀਵਨ ਢੰਗ ਪੂਰਨ ਤੌਰ ਤੇ ਸਾਫ, ਪਾਕ ਅਤੇ ਪਵਿੱਤਰ ਹੁੰਦਾ ਹੈ। ਉਹ
ਕਦੇ ਵੀ ਕੋਈ ਬੁਰਾ ਕੰਮ ਨਹੀਂ ਕਰਦਾ ਜਿਸ ਨਾਲ਼ ਸਮਾਜ ਦੇ ਕਿਸੇ ਵੀ ਜੀਵ ਨੂੰ ਕੋਈ ਨੁਕਸਾਨ ਜਾਂ
ਦੁੱਖ ਪਹੁੰਚੇ।
ਬ੍ਰਹਮ ਗਿਆਨੀ ਕਾ ਭੋਜਨੁ ਗਿਆਨ ।। ਨਾਨਕ ਬ੍ਰਹਮ
ਗਿਆਨੀ ਕਾ ਬ੍ਰਹਮ ਧਿਆਨੁ ।। 3 ।।
ਬ੍ਰਹਮ ਗਿਆਨੀ ਦੀ ਖੁਰਾਕ ਗਿਆਨ ਹੁੰਦਾ
ਹੈ। ਉਹ ਹਰ ਵੇਲ਼ੇ ਗਿਆਨ ਦੀ ਭਾਲ਼ ਵਿੱਚ ਰਹਿੰਦਾ ਹੈ ਅਤੇ ਗਿਆਨ ਪ੍ਰਾਪਤ ਕਰ ਕੇ ਉਸ ਨੂੰ ਖੁਸ਼ੀ ਅਤੇ
ਸੰਤੁਸ਼ਟੀ ਮਿਲਦੀ ਹੈ। ਉਸ ਦਾ ਧਿਆਨ ਹਰ ਸਮੇ ਪ੍ਰਮਾਤਮਾ ਨਾਲ਼ ਜੁੜਿਆ ਰਹਿੰਦਾ ਹੈ। ਇੱਕ ਛਿਣ ਲਈ ਵੀ
ਉਸ ਨੂੰ ਪ੍ਰਮਾਤਮਾ ਨਹੀਂ ਵਿਸਰਦਾ।
ਬ੍ਰਹਮ ਗਿਆਨੀ ਏਕ ਊਪਰਿ ਆਸ ।। ਬ੍ਰਹਮ ਗਿਆਨੀ ਕਾ
ਨਹੀ ਬਿਨਾਸ ।।
ਬ੍ਰਹਮ ਗਿਆਨੀ ਕੇਵਲ ਇੱਕ ਪ੍ਰਮਾਤਮਾ ਤੇ ਟੇਕ ਰੱਖਦਾ ਹੈ। ਉਹ ਕਦੇ ਵੀ
ਕਿਸੇ ਹੋਰ ਤਾਕਤ ਦਾ ਆਸਰਾ ਨਹੀਂ ਤੱਕਦਾ। ਪ੍ਰਮਾਤਮਾ ਵੀ ਹਰ ਵੇਲ਼ੇ ਬ੍ਰਹਮ ਗਿਆਨੀ ਦੇ ਨਾਲ਼ ਖੜ੍ਹਦਾ
ਹੈ। ਇਸ ਲਈ ਬ੍ਰਹਮ ਗਿਆਨੀ ਦਾ ਕਦੇ ਵੀ ਬਿਨਾਸ ਨਹੀਂ ਹੁੰਦਾ। ਉਸ ਦਾ ਕਦੇ ਵੀ ਕੋਈ ਕੁੱਝ ਨਹੀਂ
ਵਿਗਾੜ ਸਕਦਾ।
ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ ।। ਬ੍ਰਹਮ
ਗਿਆਨੀ ਪਰਉਪਕਾਰ ਉਮਾਹਾ ।।
ਬ੍ਰਹਮ ਗਿਆਨੀ ਦੇ ਮਨ ਵਿੱਚ ਹਮੇਸ਼ਾ ਹਲੀਮੀ ਸਮਾਈ ਰਹਿੰਦੀ ਹੈ। ਉਹ ਕਦੇ
ਵੀ ਹਉਮੈ ਦਾ ਸ਼ਿਕਾਰ ਨਹੀਂ ਹੁੰਦਾ। ਉਸ ਨੂੰ ਪਰਉਪਕਾਰ ਕਰ ਕੇ ਸਦਾ ਹੀ ਖੁਸ਼ੀ ਮਿਲਦੀ ਹੈ। ਇਸ ਲਈ ਉਸ ਨੂੰ ਦੂਜਿਆਂ ਦੀ ਭਲਾਈ ਕਰਨ ਦਾ
ਇੱਕ ਤਰਾਂ ਨਾਲ਼ ਚਾਅ ਚੜ੍ਹਿਆ ਰਹਿੰਦਾ ਹੈ, ਉਹ ਨਿਰ-ਸਵਾਰਥ ਹੋ ਕੇ ਦੂਜਿਆਂ ਦੀ ਸਹਾਇਤਾ ਕਰਨ ਲਈ ਸਦਾ ਤਤਪਰ
ਰਹਿੰਦਾ ਹੈ।
ਬ੍ਰਹਮ ਗਿਆਨੀ ਕੈ ਨਾਹੀ ਧੰਧਾ ।। ਬ੍ਰਹਮ ਗਿਆਨੀ
ਲੇ ਧਾਵਤੁ ਬੰਧਾ ।।
ਬ੍ਰਹਮ ਗਿਆਨੀ ਮੋਹ ਮਾਇਆ ਦੇ ਬੰਧਨਾਂ ਤੋਂ
ਉੱਪਰ ਉੱਠ ਜਾਂਦਾ ਹੈ। ਇਸ ਲਈ ਉਹ ਕਦੇ ਵੀ ਕਿਸੇ ਉਲ਼ਝਣ ਦਾ ਸ਼ਿਕਾਰ ਨਹੀਂ ਹੁੰਦਾ। ਉਸ ਦੀ ਹਰ
ਪਰੇਸ਼ਾਨੀ ਪ੍ਰਮਾਤਮਾ ਦੀ ਮਿਹਰ ਨਾਲ਼ ਸਹਿਜੇ ਹੀ ਦੂਰ ਹੋ ਜਾਂਦੀ ਹੈ। ਉਹ ਅਪਣੇ ਵਿਕਾਰਾਂ ਵੱਲ
ਦੌੜਦੇ ਮਨ ਨੂੰ ਸੌਖਿਆਂ ਹੀ ਵਸ ਵਿੱਚ ਕਰ ਲੈਂਦਾ ਹੈ। ਉਸ ਦਾ ਮਨ ਕਦੇ ਵੀ ਮਾਇਆ ਦੇ ਮੋਹ ਵਿੱਚ ਫਸ
ਕੇ ਬੇਕਾਬੂ ਨਹੀਂ ਹੁੰਦਾ।
ਬ੍ਰਹਮ ਗਿਆਨੀ ਕੈ ਹੋਇ ਸੁ ਭਲਾ ।। ਬ੍ਰਹਮ ਗਿਆਨੀ
ਸੁਫਲ ਫਲਾ ।।
ਬ੍ਰਹਮ ਗਿਆਨੀ ਜੋ ਵੀ ਕਰੇ ਉਹ ਭਲਾ ਹੀ ਹੁੰਦਾ ਹੈ। ਉਹ ਕਦੇ ਕੁੱਝ ਬੁਰਾ
ਕਰਨ ਬਾਰੇ ਸੋਚ ਵੀ ਨਹੀਂ ਸਕਦਾ। ਇਹੋ ਹੀ ਕਾਰਨ ਹੈ ਕਿ ਉਹ ਜੋ ਕੰਮ ਵੀ ਕਰੇ ਉਸ ਦਾ ਫਲ਼ ਮਿੱਠਾ ਹੀ
ਹੁੰਦਾ ਹੈ। ਜਦੋਂ ਉਹ ਕਦੇ ਬੁਰਾ ਸੋਚਦਾ ਹੀ ਨਹੀਂ, ਬੁਰਾ ਕਰਦਾ ਹੀ ਨਹੀਂ ਤਾਂ ਉਸ ਦੇ ਕਿਸੇ ਵੀ
ਕੰਮ ਦਾ ਨਤੀਜਾ ਬੁਰਾ ਕਿਵੇਂ ਹੋ ਸਕਦਾ ਹੈ? ਇਹ ਵੀ ਕਹਿ ਸਕਦੇ ਹਾਂ ਕਿ ਬ੍ਰਹਮ ਗਿਆਨੀ ਲਈ ਦੁੱਖ
ਸੁਖ ਸਮਾਨ ਹੁੰਦੇ ਹਨ। ਇਸ ਲਈ ਜੋ ਵੀ ਹੁੰਦਾ ਹੈ, ਉਹ ਉਸ ਨੂੰ ਭਲਾ ਹੀ ਸਮਝਦਾ ਹੈ। ਉਹ
ਦੁੱਖ ਨੂੰ ਵੀ ਦਾਰੂ ਸਮਝਦਾ ਹੈ ਜੋ ਉਸ ਦੇ ਹਉਮੈ ਰੋਗ ਦਾ ਨਿਵਾਰਣ ਕਰਦਾ ਹੈ। ਉਸ ਦੀ ਨਜ਼ਰ ਵਿੱਚ
ਜੋ ਹੁੰਦਾ ਹੈ, ਚੰਗਾ ਹੀ ਹੁੰਦਾ ਹੈ।
ਬ੍ਰਹਮ ਗਿਆਨੀ ਸੰਗਿ ਸਗਲ ਉਧਾਰੁ ।। ਨਾਨਕ ਬ੍ਰਹਮ
ਗਿਆਨੀ ਜਪੈ ਸਗਲ ਸੰਸਾਰੁ ।। 4 ।।
ਬ੍ਰਹਮ ਗਿਆਨੀ ਦੀ ਸੰਗਤ ਕਰਨ ਵਾਲ਼ੇ ਹਰ ਜੀਵ ਦਾ ਭਲਾ ਹੀ ਹੁੰਦਾ ਹੈ
ਕਿਉਂਕਿ ਉਸ ਦੀ ਸੰਗਤ ਕਰ ਕੇ ਇਨਸਾਨ ਕੋਈ ਚੰਗੀ ਸਿੱਖਿਆ ਹੀ ਲੈਂਦਾ ਹੈ। ਗੁਰੂ ਜੀ ਇਸ ਕਰਕੇ ਇਹ
ਫੈਸਲਾ ਦਿੰਦੇ ਹਨ ਕਿ ਬ੍ਰਹਮ ਗਿਆਨੀ ਦੀ ਸਾਰਾ ਸੰਸਾਰ ਹੀ ਇੱਜ਼ਤ ਕਰਦਾ ਹੈ, ਉਸ ਨੂੰ ਸਨਮਾਨ ਦਿੰਦਾ
ਹੈ। ਪਰਮੇਸ਼ਰ ਵਿੱਚ ਅਭੇਦ ਹੋਣ ਕਰਕੇ ਅਤੇ ਸਭ ਦਾ ਭਲਾ ਕਰਨ ਕਰਕੇ ਸਾਰਾ
ਸੰਸਾਰ ਉਸ ਦਾ ਨਾਮ ਜੱਪਦਾ ਹੈ।
ਬ੍ਰਹਮ ਗਿਆਨੀ ਕੈ ਏਕੈ ਰੰਗ ।। ਬ੍ਰਹਮ
ਗਿਆਨੀ ਕੈ ਬਸੈ ਪ੍ਰਭੁ ਸੰਗ ।।
ਬ੍ਰਹਮ ਗਿਆਨੀ ਹਰ ਵੇਲ਼ੇ ਕੇਵਲ ਇੱਕ ਪ੍ਰਮਾਤਮਾ ਦੇ ਪਿਆਰ ਵਿੱਚ ਹੀ
ਰੰਗਿਆ ਰਹਿੰਦਾ ਹੈ, ਮਾਇਆ ਨਾਲ਼ ਪਿਆਰ ਕਰਨ ਬਾਰੇ ਤਾਂ ਉਹ ਕਦੇ ਸੋਚਦਾ ਵੀ ਨਹੀਂ। ਹੋਰ ਹਰ ਤਰਾਂ
ਦੀ ਮੋਹ ਮਮਤਾ ਤੋਂ ਉਸ ਦਾ ਮਨ ਉੱਪਰ ਉੱਠਿਆ ਹੁੰਦਾ ਹੈ। ਪ੍ਰਮਾਤਮਾ ਇੱਕ ਤਰਾਂ ਨਾਲ਼ ਬ੍ਰਹਮ ਗਿਆਨੀ
ਦੀ ਹੋਂਦ ਦਾ ਹਿੱਸਾ ਹੁੰਦਾ ਹੈ। ਇੱਕ ਛਿਣ ਲਈ ਵੀ ਪ੍ਰਮਾਤਮਾ ਦਾ ਚੇਤਾ ਉਸ ਨੂੰ ਨਹੀਂ ਵਿਸਰਦਾ। ਪ੍ਰਮਾਤਮਾ
ਆਪ ਹਰ ਵੇਲ਼ੇ ਬ੍ਰਹਮ ਗਿਆਨੀ ਦੇ ਨਾਲ਼ ਵਸਦਾ ਹੈ, ਉਸ ਦੇ ਅੰਗ ਸੰਗ ਰਹਿੰਦਾ ਹੈ, ਉਸ ਦੀ ਸਹਾਇਤਾ
ਕਰਦਾ ਹੈ।
ਬ੍ਰਹਮ ਗਿਆਨੀ ਕੈ ਨਾਮੁ ਆਧਾਰੁ ।। ਬ੍ਰਹਮ ਗਿਆਨੀ
ਕੈ ਨਾਮੁ ਪਰਵਾਰੁ ।।
ਪ੍ਰਮਾਤਮਾ ਦਾ ਨਾਮ ਹੀ ਬ੍ਰਹਮ ਗਿਆਨੀ ਦਾ ਇੱਕੋ ਇੱਕ ਆਸਰਾ ਹੁੰਦਾ ਹੈ,
ਉਹ ਹੋਰ ਕਿਸੇ ਦਾ ਕਦੇ ਆਸਰਾ ਨਹੀਂ ਤੱਕਦਾ। ਪ੍ਰਭੂ ਦਾ ਨਾਮ
ਹੀ ਬ੍ਰਹਮ ਗਿਆਨੀ ਦਾ ਪਰਿਵਾਰ ਹੁੰਦਾ ਹੈ, ਉਸ ਨੂੰ ਹੋਰ ਕਿਸੇ ਨਾਲ਼ ਮੋਹ ਨਹੀਂ ਹੁੰਦਾ। ਉਸ ਦੇ ਲਈ
ਮਾਤਾ, ਪਿਤਾ, ਭੈਣ, ਭਾਈ, ਧੀ, ਪੁੱਤਰ ਸਭ ਪ੍ਰਭੂ ਦਾ ਨਾਮ ਹੀ ਹੁੰਦਾ ਹੈ।
ਬ੍ਰਹਮ ਗਿਆਨੀ ਸਦਾ ਸਦ ਜਾਗਤ ।। ਬ੍ਰਹਮ ਗਿਆਨੀ
ਅਹੰਬੁਧਿ ਤਿਆਗਤ ।।
ਬ੍ਰਹਮ ਗਿਆਨੀ ਸਦਾ ਹੀ ਸਾਵਧਾਨ ਅਵਸਥਾ ਵਿੱਚ ਰਹਿੰਦਾ ਹੈ। ਉਹ ਹਰ ਵੇਲ਼ੇ
ਚੇਤਨ ਤੌਰ ਤੇ ਵਾਹਿਗੁਰੂ ਨਾਲ਼ ਜੁੜਿਆ ਰਹਿੰਦਾ
ਹੈ। ਉਹ ਦੁਨਿਆਵੀ ਪਦਾਰਥਾਂ ਦੇ ਮੋਹ ਦੀ ਨੀਂਦ ਦਾ ਕਦੇ ਸ਼ਿਕਾਰ ਨਹੀਂ ਹੁੰਦਾ। ਬ੍ਰਹਮ ਗਿਆਨੀ ਹਉਮੈ
ਤੋ ਉਪਰ ਉੱਠ ਜਾਂਦਾ ਹੈ, ਹੰਕਾਰ ਕਰਨ ਵਾਲ਼ੀ ਪ੍ਰਵਿਰਤੀ ਨੂੰ ਤਿਆਗ ਦਿੰਦਾ ਹੈ।
ਬ੍ਰਹਮ ਗਿਆਨੀ ਕੈ ਮਨਿ ਪਰਮਾਨੰਦ ।। ਬ੍ਰਹਮ
ਗਿਆਨੀ ਕੈ ਘਰਿ ਸਦਾ ਅਨੰਦ ।।
ਬ੍ਰਹਮ ਗਿਆਨੀ ਦੇ ਮਨ ਵਿੱਚ ਸਦਾ ਪੂਰਨ ਆਨੰਦ ਦਾ ਸੋਮਾ ਪ੍ਰਮਾਤਮਾ
(ਪਰਮਾਨੰਦ) ਵਸਿਆ ਰਹਿੰਦਾ ਹੈ। ਇਸ ਲਈ ਉਸ ਦਾ ਹਿਰਦਾ ਘਰ ਸਦਾ ਹੀ ਖੁਸ਼ੀ ਨਾਲ਼ ਭਰਪੂਰ ਰਹਿੰਦਾ ਹੈ।
ਉਸ ਦਾ ਮਨ ਕਦੇ ਵੀ ਢਹਿੰਦੀ ਕਲਾ ਵਿੱਚ ਨਹੀਂ ਜਾਂਦਾ।
ਬ੍ਰਹਮ ਗਿਆਨੀ ਸੁਖ ਸਹਜ ਨਿਵਾਸ ।। ਨਾਨਕ ਬ੍ਰਹਮ
ਗਿਆਨੀ ਕਾ ਨਹੀ ਬਿਨਾਸ ।। 5 ।।
ਬ੍ਰਹਮ ਗਿਆਨੀ ਸਦਾ ਹੀ ਆਤਮਿਕ ਸੁਖ ਦੀ ਅਵਸਥਾ ਨੂੰ ਮਾਣਦਾ ਹੈ, ਉਹ
ਹਮੇਸ਼ਾ ਸਹਿਜ ਅਵਸਥਾ ਵਿੱਚ ਵਿਚਰਦਾ ਹੈ, ਕਦੇ ਵੀ ਪਰੇਸ਼ਾਨੀ ਦਾ ਸ਼ਿਕਾਰ ਨਹੀਂ ਹੁੰਦਾ। ਨਾ ਉਹ ਕਦੀ
ਖੁਸ਼ੀ ਵਿੱਚ ਆ ਕੇ ਅਸਮਾਨ ਵਿੱਚ ਉਡਦਾ ਹੈ ਅਤੇ ਨਾ ਗ਼ਮ ਦੀ ਦਲਦਲ ਵਿੱਚ ਧਸਦਾ ਹੈ। ਗੁਰੂ ਜੀ ਸਾਨੂੰ
ਇਹ ਸਬਕ ਦ੍ਰਿੜ੍ਹ ਕਰਵਾਉਂਦੇ ਹਨ ਕਿ ਬ੍ਰਹਮ ਗਿਆਨੀ ਦਾ ਕਦੇ ਵੀ ਨਾਸ ਨਹੀਂ ਹੁੰਦਾ, ਉਸ ਦਾ ਸਦਾ
ਹੀ ਭਲਾ ਹੁੰਦਾ ਹੈ।
ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ।। ਬ੍ਰਹਮ ਗਿਆਨੀ
ਏਕ ਸੰਗਿ ਹੇਤਾ ।।
ਬ੍ਰਹਮ ਗਿਆਨੀ ਨੂੰ ਬ੍ਰਹਮ ਦੀ ਸੋਝੀ ਹੁੰਦੀ ਹੈ। ਉਸ ਨੂੰ ਪ੍ਰਮਾਤਮਾ ਦਾ
ਪੂਰਨ ਗਿਆਨ ਹੁੰਦਾ ਹੈ। ਉਹ ਪ੍ਰਮਾਤਮਾ ਦੇ ਸੁਭਾਅ ਨੂੰ, ਉਸ ਦੀ ਸ਼ਕਤੀ ਨੂੰ, ਉਸ ਦੇ ਸਰੂਪ ਨੂੰ ਚੰਗੀ
ਤਰਾਂ ਸਮਝਦਾ ਤੇ ਜਾਣਦਾ ਹੈ। ਬ੍ਰਹਮ ਗਿਆਨੀ ਨੂੰ ਕੇਵਲ ਇੱਕ ਪ੍ਰਮਾਤਮਾ ਨਾਲ਼ ਪਿਆਰ ਹੁੰਦਾ ਹੈ।
ਦੁਨੀਆਂ ਦੀ ਕਿਸੇ ਹੋਰ ਚੀਜ਼ ਨਾਲ਼ ਉਸ ਨੂੰ ਪਿਆਰ ਨਹੀਂ ਹੁੰਦਾ।
ਬ੍ਰਹਮ ਗਿਆਨੀ ਕੈ ਹੋਇ ਅਚਿੰਤ ।। ਬ੍ਰਹਮ ਗਿਆਨੀ ਕਾ
ਨਿਰਮਲ ਮੰਤ ।।
ਬ੍ਰਹਮ ਗਿਆਨੀ ਸਦਾ ਹੀ ਬੇ-ਫਿਕਰੀ ਦਾ ਜੀਵਨ ਬਤੀਤ ਕਰਦਾ ਹੈ। ਵਾਹਿਗੁਰੂ
ਤੇ ਪੂਰਨ ਵਿਸ਼ਵਾਸ਼ ਹੋਣ ਕਰਕੇ ਉਹ ਸਭ ਕੁੱਝ ਉਸ ਉੱਤੇ ਛੱਡ ਦਿੰਦਾ ਹੈ ਅਤੇ ਜੋ ਉਹ ਕਰੇ ਉਸ ਨੂੰ
ਭਲਾ ਸਮਝਦਾ ਹੈ। ਇਸ ਲਈ ਉਹ ਹਮੇਸ਼ਾਂ ਚਿੰਤਾ ਤੋਂ ਮੁਕਤ ਰਹਿੰਦਾ ਹੈ। ਬ੍ਰਹਮ ਗਿਆਨੀ ਦੇ ਮਨ ਅੰਦਰਲੇ
ਭਾਵ ਸਦਾ ਹੀ ਨਿਰਮਲ ਹੁੰਦੇ ਹਨ। ਇਸ ਲਈ ਉਸ ਦਾ ਉਪਦੇਸ਼ ਸਦਾ ਪਵਿੱਤਰ ਹੁੰਦਾ ਹੈ. ਉਹ ਕਦੇ ਕਿਸੇ
ਨੂੰ ਭੈੜੀ ਸਿੱਖਿਆ ਨਹੀਂ ਦਿੰਦਾ।
ਬ੍ਰਹਮ ਗਿਆਨੀ ਜਿਸੁ ਕਰੈ ਪ੍ਰਭੁ ਆਪਿ ।। ਬ੍ਰਹਮ
ਗਿਆਨੀ ਕਾ ਬਡ ਪਰਤਾਪ ।।
ਬ੍ਰਹਮ ਗਿਆਨੀ ਦੇ ਰੁਤਬੇ ਨੂੰ ਉਹ ਇਨਸਾਨ ਹੀ ਪ੍ਰਾਪਤ ਕਰ ਸਕਦਾ ਹੈ ਜਿਸ
ਉੱਤੇ ਆਪ ਪ੍ਰਮਾਤਮਾ ਮਿਹਰ ਕਰਦਾ ਹੈ। ਬ੍ਰਹਮ ਗਿਆਨ ਪ੍ਰਾਪਤ ਕਰਨ ਦੇ ਮਾਰਗ ਤੇ ਉਹ ਹੀ ਕਦਮ ਰੱਖਦਾ
ਹੈ ਜਿਸ ਨੂੰ ਪ੍ਰਭੂ ਆਪ ਕਿਰਪਾ ਕਰ ਕੇ ਇਹ ਰਸਤਾ ਦਿਖਾਉਂਦਾ ਹੈ। ਜੋ ਜੀਵ ਇਸ ਉੱਚ ਅਵਸਥਾ ਨੂੰ
ਪ੍ਰਾਪਤ ਕਰ ਲਵੇ ਉਸ ਦੀ ਸਾਰਾ ਸੰਸਾਰ ਇੱਜ਼ਤ ਕਰਦਾ ਹੈ, ਹਰ ਪਾਸੇ ਉਸ ਦੀ ਸ਼ੋਭਾ ਹੁੰਦੀ ਹੈ, ਉਸ
ਨੂੰ ਸਤਿਕਾਰ ਮਿਲਦਾ ਹੈ ਕਿਉਂਕਿ ਉਹ ਪ੍ਰਮਾਤਮਾ ਵੱਲੋਂ ਬਖ਼ਸ਼ਿਸ਼ ਹੋਈ ਅਪਣੀ ਤਾਕਤ ਦੀ ਵਰਤੋਂ ਸਦਾ
ਹੀ ਸਭ ਦੇ ਭਲੇ ਲਈ ਕਰਦਾ ਹੈ।
ਬ੍ਰਹਮ ਗਿਆਨੀ ਕਾ ਦਰਸੁ ਬਡਭਾਗੀ ਪਾਈਐ ।। ਬ੍ਰਹਮ
ਗਿਆਨੀ ਕਉ ਬਲਿ ਬਲਿ ਜਾਈਐ ।।
ਬ੍ਰਹਮ ਗਿਆਨੀ ਦੇ ਦਰਸ਼ਨ ਬਹੁਤ ਚੰਗੀ ਕਿਸਮਤ ਨਾਲ਼ ਹੀ ਨਸੀਬ ਹੁੰਦੇ ਹਨ।
ਜੇ ਕਿਸੇ ਅਜਿਹੇ ਪਹੁੰਚੇ ਹੋਏ ਮਹਾਂ ਪੁਰਖ ਦੇ ਦਰਸ਼ਨ ਹੋ ਜਾਣ ਤਾਂ ਉਸ ਤੋਂ ਵਾਰੇ ਵਾਰੇ ਜਾਣਾ
ਚਾਹੀਦਾ ਹੈ। ਉਸ ਦੇ ਲਈ ਕੁੱਝ ਵੀ ਕੁਰਬਾਨ ਕਰਨ ਤੋਂ ਪਰਹੇਜ਼ ਨਹੀਂ ਕਰਨਾ ਚਾਹੀਦਾ।
ਬ੍ਰਹਮ ਗਿਆਨੀ ਕਉ ਖੋਜਹਿ ਮਹੇਸੁਰ ।। ਨਾਨਕ ਬ੍ਰਹਮ
ਗਿਆਨੀ ਆਪਿ ਪਰਮੇਸੁਰ ।। 6 ।।
ਬ੍ਰਹਮ ਗਿਆਨੀ ਏਨਾ ਮਹਾਨ ਹੁੰਦਾ ਹੈ ਕਿ ਉਸ ਦੇ ਦਰਸ਼ਨ ਕਰਨ ਲਈ ਸ਼ਿਵ ਜੀ
ਵਰਗੇ ਦੇਵਤੇ ਵੀ ਉਸ ਨੂੰ ਲੱਭਦੇ ਫਿਰਦੇ ਹਨ। ਬ੍ਰਹਮ ਗਿਆਨੀ ਦਾ ਰੁਤਬਾ ਖ਼ੁਦ ਪ੍ਰਮਾਤਮਾ ਦੇ ਬਰਾਬਰ
ਹੁੰਦਾ ਹੈ। ਉਹ ਪ੍ਰਮਾਤਮਾ ਦਾ ਹੀ ਦੂਜਾ ਰੂਪ ਹੁੰਦਾ ਹੈ। ਉਸ ਨੂੰ ਪਰਮੇਸ਼ਰ ਹੀ ਕਹਿ ਦਈਏ ਤਾਂ ਇਸ
ਵਿੱਚ ਕੋਈ ਗਲਤ ਬਿਆਨੀ ਨਹੀਂ ਹੋਵੇਗੀ।
ਬ੍ਰਹਮ ਗਿਆਨੀ ਕੀ ਕੀਮਤਿ ਨਾਹਿ ।। ਬ੍ਰਹਮ ਗਿਆਨੀ
ਕੈ ਸਗਲ ਮਨ ਮਾਹਿ ।।
ਬ੍ਰਹਮ ਗਿਆਨੀ ਦੀ ਮਹਾਨਤਾ ਅਮੁੱਲ ਹੁੰਦੀ ਹੈ। ਉਸ ਦੀ ਕੀਮਤ ਪਾਈ ਹੀ
ਨਹੀਂ ਜਾ ਸਕਦੀ। ਬ੍ਰਹਮ ਗਿਆਨੀ ਸਰਬ ਗਿਆਤਾ ਹੁੰਦਾ ਹੈ, ਉਹ ਸਭ ਕੁੱਝ ਜਾਣਦਾ ਹੈ। ਉਸ ਦੀ ਦਿੱਬ
ਦ੍ਰਿਸ਼ਟੀ ਸਮੁੱਚੇ ਬ੍ਰਹਿਮੰਡ ਨੂੰ ਦੇਖ ਸਕਦੀ ਹੈ।
ਬ੍ਰਹਮ ਗਿਆਨੀ ਕਾ ਕਉਨ ਜਾਨੈ ਭੇਦੁ ।। ਬ੍ਰਹਮ
ਗਿਆਨੀ ਕਉ ਸਦਾ ਅਦੇਸੁ ।।
ਬ੍ਰਹਮ ਗਿਆਨੀ ਦੇ ਅੰਦਰ ਦੇ ਰਹੱਸ ਨੂੰ ਕੋਈ ਨਹੀਂ ਸਮਝ ਸਕਦਾ। ਉਸ ਦੇ
ਮਨ ਦੀ ਅਵਸਥਾ ਨੂੰ, ਉਸ ਦੀ ਸੋਚ ਨੂੰ ਸਮਝਣਾ ਸਾਡੇ ਲਈ ਅਸੰਭਵ ਹੈ। ਉਸ ਦੀ ਮਹਾਨਤਾ ਨੂੰ ਸਮਝਦੇ
ਹੋਏ ਉਸ ਨੂੰ ਸਦਾ ਹੀ ਨਮਸ਼ਕਾਰ ਕਰਨਾ ਚਾਹੀਦਾ ਹੈ।
ਬ੍ਰਹਮ ਗਿਆਨੀ ਕਾ ਕਥਿਆ ਨ ਜਾਇ ਅਧਾਖਰੁ ।। ਬ੍ਰਹਮ
ਗਿਆਨੀ ਸਰਬ ਕਾ ਠਾਕੁਰੁ ।।
ਬ੍ਰਹਮ ਗਿਆਨੀ ਜੋ ਮੁਖ ਤੋਂ ਬੋਲ ਦੇਵੇ
ਪੂਰਾ ਹੁੰਦਾ ਹੈ, ਉਸ ਦਾ ਬੋਲਿਆ ਅੱਧਾ ਅੱਖਰ ਵੀ ਕਦੇ ਗਲਤ ਨਹੀਂ ਨਿਕਲ਼ਦਾ। ਇਹ ਅਰਥ ਵੀ ਕਰਦੇ ਹਨ
ਕਿ ਬ੍ਰਹਮ ਗਿਆਨੀ ਦੀ ਮਹਿਮਾ ਏਨੀ ਉੱਚੀ ਹੁੰਦੀ ਹੈ ਕਿ ਉਸ ਦਾ ਮਾਮੂਲੀ ਜਿਹਾ ਹਿੱਸਾ (ਅੱਧਾ
ਅੱਖਰ) ਵੀ ਬਿਆਨ ਨਹੀਂ ਕੀਤਾ ਜਾ ਸਕਦਾ। ਬ੍ਰਹਮ
ਗਿਆਨੀ ਸਮਸਤ ਸ੍ਰਿਸ਼ਟੀ ਦਾ ਮਾਲਕ ਹੁੰਦਾ ਹੈ। ਪ੍ਰਮਾਤਮਾ ਦੀ ਤਰਾਂ ਹੀ ਉਹ ਸਾਰੇ ਸੰਸਾਰ ਦਾ ਧਿਆਨ ਰੱਖਦਾ ਹੈ। ਇਸ ਲਈ ਉਹ ਸਾਰੇ ਜਗਤ ਦੇ ਲਈ ਪੂਜਣ ਯੋਗ ਹੁੰਦਾ ਹੈ।
ਬ੍ਰਹਮ ਗਿਆਨੀ ਕੀ ਮਿਤਿ ਕਉਨੁ ਬਖਾਨੈ ।। ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ
।।
ਬ੍ਰਹਮ ਗਿਆਨੀ ਦੀ ਮਹਾਨਤਾ ਨੂੰ, ਉਸ ਦੀ
ਸੋਚ ਦੀ ਉੱਚਤਾ ਨੂੰ, ਉਸ ਦੇ ਮਨ ਦੀ ਅਵਸਥਾ ਨੂੰ, ਕੋਈ ਵੀ ਬਿਆਨ ਨਹੀਂ ਕਰ ਸਕਦਾ। ਬ੍ਰਹਮ ਗਿਆਨੀ ਦੇ
ਮਨ ਦੀ ਉੱਚ ਅਵਸਥਾ ਨੂੰ ਕੋਈ ਬ੍ਰਹਮ ਗਿਆਨੀ ਹੀ ਸਮਝ ਸਕਦਾ ਹੈ।
ਬ੍ਰਹਮ ਗਿਆਨੀ ਕਾ ਅੰਤੁ ਨ ਪਾਰੁ ।। ਨਾਨਕ ਬ੍ਰਹਮ
ਗਿਆਨੀ ਕਉ ਸਦਾ ਨਮਸਕਾਰੁ ।। 7 ।।
ਬ੍ਰਹਮ ਗਿਆਨੀ ਦੀ ਮਹਾਨਤਾ ਦੀ ਕੋਈ ਸੀਮਾ ਨਹੀਂ ਹੁੰਦੀ। ਉਸ ਨੂੰ ਜਿੰਨਾ
ਮਹਾਨ ਕਹਿ ਦੇਈਏ ਓਨਾ ਹੀ ਥੋੜਾ ਹੈ। ਇਸ ਲਈ ਗੁਰੂ ਜੀ ਕਹਿੰਦੇ ਹਨ ਕਿ ਉਹ ਬ੍ਰਹਮ ਗਿਆਨੀ ਨੂੰ ਸਦਾ
ਹੀ ਨਮਸ਼ਕਾਰ ਕਰਦੇ ਹਨ।
ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ ।। ਬ੍ਰਹਮ
ਗਿਆਨੀ ਸਦ ਜੀਵੈ ਨਹੀ ਮਰਤਾ ।।
ਬ੍ਰਹਮ ਗਿਆਨੀ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਇਸ ਨੂੰ ਬਣਾਉਣ ਅਤੇ
ਚਲਾਉਣ ਵਾਲ਼ਾ ਹੈ ਕਿਉਂਕਿ ਬ੍ਰਹਮ ਗਿਆਨੀ ਵਿੱਚ ਅਤੇ ਪ੍ਰਮਾਤਮਾ ਵਿੱਚ ਕੋਈ ਫ਼ਰਕ ਨਹੀਂ, ਪ੍ਰਮਾਤਮਾ
ਦੇ ਨਾਲ਼ ਅਭੇਦ ਹੋ ਕੇ ਉਹ ਉਸ ਦਾ ਰੂਪ ਹੀ ਬਣ ਚੁੱਕਾ ਹੁੰਦਾ ਹੈ। ਬ੍ਰਹਮ ਗਿਆਨੀ ਸਦਾ ਜਿਉਂਦਾ ਰਹਿੰਦਾ ਹੈ, ਉਸ ਨੂੰ ਕਦੇ ਮੌਤ ਨਹੀਂ ਆਉਂਦੀ ਕਿਉਂਕਿ ਉਹ ਈਸ਼ਵਰ ਦਾ ਹੀ ਰੂਪ ਬਣ ਗਿਆ ਹੁੰਦਾ
ਹੈ। ਉਹ ਸਰੀਰਕ ਤੌਰ ਤੇ ਭਾਵੇਂ ਮਰ ਜਾਵੇ ਪ੍ਰੰਤੂ ਉਸ ਦਾ ਨਾਂ ਸਦਾ ਦੁਨੀਆਂ ਤੇ ਰਹਿੰਦਾ ਹੈ, ਉਸ
ਨੂੰ ਦੁਨੀਆਂ ਸਦਾ ਯਾਦ ਕਰਦੀ ਹੈ।
ਬ੍ਰਹਮ ਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ ।। ਬ੍ਰਹਮ
ਗਿਆਨੀ ਪੂਰਨ ਪੁਰਖੁ ਬਿਧਾਤਾ ।।
ਬ੍ਰਹਮ ਗਿਆਨੀ ਮੁਕਤੀ ਪ੍ਰਾਪਤ ਕਰਨ ਦਾ ਤਰੀਕਾ ਸਾਨੂੰ ਸਮਝਾ ਸਕਦਾ ਹੈ।
ਉਹ ਸਾਨੂੰ ਚੰਗਾ ਜੀਵਨ ਜਿਉਣ ਦਾ ਢੰਗ ਦੱਸਦਾ ਹੈ। ਇਸ ਤਰਾਂ ਅਸੀਂ ਉਸ ਨੂੰ ਜੀਵਨ ਦਾਤਾ ਵੀ ਕਹਿ
ਸਕਦੇ ਹਾਂ। ਉਹ ਇੱਕ ਪੂਰਨ ਪੁਰਖ ਹੁੰਦਾ ਹੈ ਜਿਹੜਾ ਰੱਬ ਦਾ ਹੀ ਦੂਜਾ ਰੂਪ ਹੁੰਦਾ ਹੈ। ਇਸ ਲਈ ਉਹ ਇਨਸਾਨ ਦੀ ਕਿਸਮਤ ਨੂੰ ਘੜਨ ਦੇ
ਸਮਰਥ ਹੁੰਦਾ ਹੈ।
ਬ੍ਰਹਮ ਗਿਆਨੀ ਅਨਾਥ ਕਾ ਨਾਥੁ ।। ਬ੍ਰਹਮ ਗਿਆਨੀ ਕਾ
ਸਭ ਊਪਰਿ ਹਾਥ ।।
ਬ੍ਰਹਮ ਗਿਆਨੀ ਅਨਾਥਾਂ ਦਾ ਨਾਥ ਹੁੰਦਾ ਹੈ, ਬੇ ਸਹਾਰਿਆਂ ਦਾ ਸਹਾਰਾ
ਹੁੰਦਾ ਹੈ। ਜਿਸ ਦਾ ਧਿਆਨ ਰੱਖਣ ਵਾਲ਼ਾ ਇਸ ਦੁਨੀਆਂ ਵਿੱਚ ਹੋਰ ਕੋਈ ਨਹੀਂ, ਉਸ ਦਾ ਧਿਆਨ ਰੱਖਣ ਵਾਲ਼ਾ ਬ੍ਰਹਮ ਗਿਆਨੀ ਹੁੰਦਾ ਹੈ। ਉਸ ਦਾ ਮਿਹਰ ਭਰਿਆ
ਹੱਥ ਸਦਾ ਸਭ ਦੇ ਸਿਰ ਤੇ ਰਹਿੰਦਾ ਹੈ।
ਬ੍ਰਹਮ ਗਿਆਨੀ ਕਾ ਸਗਲ ਅਕਾਰੁ ।। ਬ੍ਰਹਮ ਗਿਆਨੀ ਆਪਿ ਨਿਰੰਕਾਰੁ ।।
ਬ੍ਰਹਮ ਗਿਆਨੀ ਇਸ ਸਾਰੀ ਦੁਨੀਆਂ ਨੂੰ, ਜੋ ਸਾਨੂੰ ਦਿਖਾਈ ਦਿੰਦੀ ਹੈ,
ਅਪਣੀ ਹੀ ਸਮਝਦਾ ਹੈ। ਉਸ ਲਈ ਕੋਈ ਵੀ ਬੇਗਾਨਾ ਨਹੀਂ ਹੁੰਦਾ। ਅਸਲ ਵਿੱਚ ਸਾਰੀ ਸ੍ਰਿਸ਼ਟੀ ਉਸ ਨੂੰ
ਅਪਣੇ ਆਪ ਦਾ ਹੀ ਪਸਾਰਾ ਭਾਸਦੀ ਹੈ ਕਿਉਂਕਿ ਬ੍ਰਹਮ ਗਿਆਨੀ ਖ਼ੁਦ ਨਿਰੰਕਾਰ ਦਾ, ਪ੍ਰਮਾਤਮਾ ਦਾ ਹੀ
ਰੂਪ ਹੁੰਦਾ ਹੈ।
ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ ।।
ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ।। 8 ।। 8 ।।
ਬ੍ਰਹਮ ਗਿਆਨੀ ਦੀ ਵਡਿਆਈ ਬ੍ਰਹਮ ਗਿਆਨੀ ਨੂੰ ਹੀ ਸੋਭਾ ਦਿੰਦੀ ਹੈ। ਹੋਰ
ਕੋਈ ਵੀ ਉਸ ਵਡਿਆਈ ਦੇ ਲਾਇਕ ਨਹੀਂ। ਗੁਰੂ ਜੀ ਦਾ ਕਥਨ ਹੈ ਕਿ ਬ੍ਰਹਮ ਗਿਆਨੀ ਸਾਰੀ ਦੁਨੀਆਂ ਦਾ
ਅਤੇ ਸਾਰੀਆਂ ਸ਼ਕਤੀਆਂ ਦਾ ਮਾਲਕ ਹੁੰਦਾ ਹੈ। ਪ੍ਰਮਾਤਮਾ ਕੋਈ ਵੀ ਸ਼ਕਤੀ ਉਸ ਤੋਂ ਲੁਕਾ ਕੇ ਨਹੀਂ ਰੱਖਦਾ। ਉਹ ਜੋ ਚਾਹੇ ਕਰ ਸਕਦਾ ਹੈ।
ਸਲੋਕੁ ।।
ਉਰਿ ਧਾਰੈ ਜੋ ਅੰਤਰਿ ਨਾਮੁ ।। ਸਰਬ ਮੈ ਪੇਖੈ
ਭਗਵਾਨੁ ।।
ਨਿਮਖ ਨਿਮਖ ਠਾਕੁਰ ਨਮਸਕਾਰੈ ।। ਨਾਨਕ ਓਹੁ
ਅਪਰਸੁ ਸਗਲ ਨਿਸਤਾਰੈ ।। 1 ।।
ਅਪਰਸ ਸ਼ਬਦ ਦੇ ਇੱਥੇ ਦੋ ਅਰਥ ਹਨ। ਇੱਕ ਉਹ ਵਿਅਕਤੀ ਜਿਸ ਨੇ ਕੁੱਝ
ਧਾਤਾਂ ਨੂੰ ਨਾ ਛੂਹਣ ਦੀ ਕਸਮ ਖਾਧੀ ਹੋਵੇ ਜਾਂ ਉਹ ਵਿਅਕਤੀ ਜੋ ਕਿਸੇ ਨੂੰ ਵੀ ਅਪਣੇ ਸਰੀਰ ਨੂੰ
ਛੂਹਣ ਨਹੀਂ ਦਿੰਦਾ ਕਿਉਂਕਿ ਅਜਿਹਾ ਕਰਨ ਨਾਲ਼ ਉਸ ਦੀ ਪਵਿੱਤਰਤਾ ਨਸ਼ਟ ਹੋ ਜਾਵੇਗੀ। ਦੂਜਾ ਉਹ
ਵਿਅਕਤੀ ਜਿਸ ਨੂੰ ਵਿਕਾਰ ਜਾਂ ਬੁਰੇ ਕਰਮ ਛੂਹ ਨਹੀਂ ਸਕਦੇ। ਗੁਰੂ ਜੀ ਇੱਥੇ ਦੱਸਦੇ ਹਨ ਕਿ ਸਹੀ
ਅਰਥਾਂ ਵਿੱਚ ਅਪਰਸ ਉਹ ਨਹੀਂ ਹੁੰਦਾ ਜੋ ਕੁੱਝ ਵਿਸ਼ੇਸ਼ ਧਾਤਾਂ ਨੂੰ ਨਾ ਛੂਹੇ। ਅਪਰਸ ਉਹ ਵਿਅਕਤੀ ਹੁੰਦਾ ਹੈ ਜਿਸ ਨੂੰ ਮਾਇਆ ਅਤੇ ਵਿਕਾਰ ਛੂੰਹਦੇ ਤੱਕ
ਨਹੀਂ ਅਤੇ ਜਿਹੜਾ ਹਰ ਵਕਤ ਅਪਣੇ ਹਿਰਦੇ ਅੰਦਰ ਈਸ਼ਵਰ ਦੇ ਨਾਮ ਨੂੰ ਵਸਾ ਕੇ ਰੱਖਦਾ ਹੈ, ਜਿਹੜਾ
ਸਮਸਤ ਸ੍ਰਿਸ਼ਟੀ ਦੇ ਜੀਵਾਂ ਅੰਦਰ ਪ੍ਰਮਾਤਮਾ ਦੀ ਮੂਰਤ ਨੂੰ ਵੇਖਦਾ ਹੈ ਅਤੇ ਜਿਹੜਾ ਹਰ ਪਲ, ਹਰ
ਛਿਣ ਉਸ ਸ੍ਰਿਸ਼ਟੀ ਦੇ ਮਾਲਕ ਨੂੰ ਨਮਸ਼ਕਾਰ ਕਰਦਾ ਰਹਿੰਦਾ ਹੈ। ਅਜਿਹਾ ਅਪਰਸ ਹੀ ਸੰਸਾਰ ਦੇ ਸਾਰੇ
ਜੀਵਾਂ ਦਾ ਪਾਰ ਉਤਾਰਾ ਕਰ ਸਕਦਾ ਹੈ।
ਅਸਟਪਦੀ ।।
ਮਿਥਿਆ ਨਾਹੀ ਰਸਨਾ ਪਰਸ ।। ਮਨ ਮਹਿ ਪ੍ਰੀਤਿ
ਨਿਰੰਜਨ ਦਰਸ ।।
ਅਪਰਸ ਉਹ ਹੁੰਦਾ ਹੈ ਜਿਹੜਾ ਝੂਠ ਨੂੰ ਕਦੇ ਵੀ ਅਪਣੀ ਜ਼ਬਾਨ ਦੇ ਨਾਲ਼
ਛੂਹਣ ਤੱਕ ਨਹੀਂ ਦਿੰਦਾ, ਜਿਸ ਦਾ ਮਾਇਆ ਨਾਲ਼ ਉੱਕਾ ਹੀ ਮੋਹ ਨਹੀਂ ਹੁੰਦਾ ਅਤੇ ਜਿਸ ਦੇ ਮਨ ਵਿੱਚ
ਹਰ ਵੇਲ਼ੇ ਪ੍ਰਭੂ ਦੇ ਦਰਸ਼ਨਾਂ ਦਾ ਪਿਆਰ ਵਸਿਆ ਰਹਿੰਦਾ ਹੈ।
ਪਰ ਤ੍ਰਿਅ ਰੂਪੁ ਨ ਪੇਖੈ ਨੇਤ੍ਰ ।। ਸਾਧ ਕੀ ਟਹਲ
ਸੰਤਸੰਗਿ ਹੇਤ ।।
ਅਪਰਸ ਉਹ ਹੁੰਦਾ ਹੈ ਜਿਸ ਦੀਆਂ ਅੱਖਾਂ ਕਦੇ ਵੀ ਪਰਾਈ ਨਾਰੀ ਦੀ ਸੁੰਦਰਤਾ
ਨੂੰ ਮੈਲ਼ੀ ਨਜ਼ਰ ਨਾਲ਼ ਨਹੀਂ ਵੇਖਦੀਆਂ, ਜਿਹੜਾ ਹਰ ਵਕਤ ਸਾਧੂ ਦੀ ਸੇਵਾ ਕਰਨ ਲਈ ਤਤਪਰ ਰਹਿੰਦਾ ਹੈ
ਅਤੇ ਸੰਤਾਂ ਦੀ ਸੰਗਤ ਕਰਦਾ ਹੈ ਅਤੇ ਉਨ੍ਹਾਂ ਨਾਲ਼ ਪਿਆਰ ਬਣਾਈ ਰੱਖਦਾ ਹੈ।
ਕਰਨ ਨ ਸੁਨੈ ਕਾਹੂ ਕੀ ਨਿੰਦਾ ।। ਸਭ ਤੇ ਜਾਨੈ
ਆਪ ਕਉ ਮੰਦਾ ।।
ਅਪਰਸ ਉਹ ਹੁੰਦਾ ਹੈ ਜਿਸ ਦੇ ਕੰਨ ਕਦੇ ਕਿਸੇ ਦੀ ਨਿੰਦਾ ਨਹੀਂ ਸੁਣਦੇ। ਉਹ ਕਦੇ ਕਿਸੇ ਦੀ
ਨਿੰਦਾ ਸੁਣ ਕੇ ਖੁਸ਼ ਨਹੀਂ ਹੁੰਦਾ। ਉਸ ਵਿੱਚ ਏਨੀ ਨਿਮਰਤਾ ਹੁੰਦੀ ਹੈ ਕਿ ਉਹ ਅਪਣੇ ਆਪ ਨੂੰ
ਸੰਸਾਰ ਵਿੱਚ ਸਭ ਤੋਂ ਬੁਰਾ ਸਮਝਦਾ ਹੈ।
ਗੁਰਪ੍ਰਸਾਦਿ ਬਿਖਿਆ ਪਰਹਰੈ ।। ਮਨ ਕੀ ਬਾਸਨਾ ਮਨ
ਤੇ ਟਰੈ ।।
ਅਪਰਸ ਉਹ ਹੁੰਦਾ ਹੈ ਜਿਹੜਾ ਗੁਰੂ ਦੀ ਕਿਰਪਾ ਨਾਲ਼ ਪਾਪ ਕਰਮਾਂ ਦੇ ਅਤੇ
ਬੁਰਿਆਈਆਂ ਦੇ ਜ਼ਹਿਰ ਤੋਂ ਦੂਰ ਰਹਿੰਦਾ ਹੈ, ਜਿਹੜਾ ਮਨ ਦੀਆਂ ਵਾਸ਼ਨਾਵਾਂ ਨੂੰ ਅਪਣੇ ਉੱਤੇ ਭਾਰੂ
ਨਹੀਂ ਹੋਣ ਦਿੰਦਾ, ਉਨ੍ਹਾਂ ਨੂੰ ਅਪਣੇ ਮਨ ਵਿੱਚੋਂ ਖਤਮ ਕਰ ਦਿੰਦਾ ਹੈ।
ਇੰਦ੍ਰੀ ਜਿਤ ਪੰਚ ਦੋਖ ਤੇ ਰਹਤ ।। ਨਾਨਕ ਕੋਟਿ ਮਧੇ ਕੋ ਐਸਾ ਅਪਰਸ ।। 1 ।।
ਅਪਰਸ ਉਹ ਹੁੰਦਾ ਹੈ ਜਿਸ ਦੇ ਗਿਆਨ ਇੰਦ੍ਰੇ ਪੰਜਾਂ ਦੋਖਾਂ (ਸ਼ਬਦ,
ਸਪਰਸ਼, ਰੂਪ, ਰਸ ਅਤੇ ਗੰਧ) ਤੋਂ ਮੁਕਤ ਹੁੰਦੇ ਹਨ ਭਾਵ ਜਿਸ ਦੇ ਨੱਕ, ਕੰਨ, ਜੀਭ, ਅੱਖਾਂ ਅਤੇ
ਚਮੜੀ ਇਨ੍ਹਾਂ ਪੰਜਾਂ ਕਮਜ਼ੋਰੀਆਂ ਤੋਂ ਉੱਪਰ ਉੱਠ ਚੁੱਕੇ ਹੁੰਦੇ ਹਨ ਅਤੇ ਇਸ ਕਰਕੇ ਕਦੇ ਵੀ ਕਿਸੇ
ਬੁਰੇ ਕਰਮ ਦੇ ਨੇੜੇ ਨਹੀਂ ਜਾਂਦੇ। ਪਰ ਗੁਰੂ ਜੀ ਕਹਿੰਦੇ ਹਨ ਕਿ ਇਸ ਤਰਾਂ ਦਾ ਅਪਰਸ ਵਿਅਕਤੀ
ਕ੍ਰੋੜਾਂ ਵਿੱਚੋਂ ਕੋਈ ਇੱਕ ਹੁੰਦਾ ਹੈ।
ਬੈਸਨੋ ਸੋ ਜਿਸੁ ਊਪਰਿ ਸੁਪ੍ਰਸੰਨ ।। ਬਿਸਨ ਕੀ ਮਾਇਆ ਤੇ ਹੋਇ ਭਿੰਨ ।।
ਇਸ ਪੌੜੀ ਵਿੱਚ ਗੁਰੂ ਜੀ ਬੈਸਨੋ (ਵੈਸ਼ਨਵ) ਦੀ ਪਰਿਭਾਸ਼ਾ ਦਿੰਦੇ ਹਨ।
ਵੈਸ਼ਨਵ ਫਿਰਕੇ ਦੇ ਲੋਕ ਹਿੰਦੂ ਮਤ ਵਿੱਚ ਭਗਵਾਨ ਵਿਸ਼ਨੂੰ ਦੇ ਉਪਾਸ਼ਕ ਮੰਨੇ ਜਾਂਦੇ ਹਨ।
ਗੁਰੂ ਜੀ ਆਖਦੇ ਹਨ ਕਿ ਸਹੀ ਅਰਥਾਂ ਵਿੱਚ ਵੈਸ਼ਨਵ ਉਹ ਹੁੰਦਾ ਹੈ ਜਿਸ
ਉੱਤੇ ਈਸ਼ਵਰ ਆਪ ਪ੍ਰਸੰਨ ਹੋਵੇ ਅਤੇ ਜਿਹੜਾ ਪ੍ਰਮਾਤਮਾ ਦੀ ਸਿਰਜੀ ਮਾਇਆ ਤੋਂ ਉੱਕਾ ਬੇਲਾਗ ਹੋਵੇ
ਅਰਥਾਤ ਜਿਸ ਤੇ ਮਾਇਆ ਦਾ ਕੋਈ ਅਸਰ ਨਾ ਹੋਵੇ।
ਕਰਮ ਕਰਤ ਹੋਵੈ ਨਿਹਕਰਮ ।। ਤਿਸੁ ਬੈਸਨੋ ਕਾ
ਨਿਰਮਲ ਧਰਮ ।।
ਅਸਲੀ ਵੈਸ਼ਨਵ ਉਹ ਹੁੰਦਾ ਹੈ ਜਿਹੜਾ ਕਰਮ ਕਰੇ ਪਰ ਕਿਸੇ ਸਵਾਰਥੀ ਇੱਛਾ
ਨਾਲ਼ ਨਹੀਂ, ਕਰਮ ਕਰੇ ਪਰ ਫਲ ਦੀ ਇੱਛਾ ਨਾ ਰੱਖੇ, ਉਨ੍ਹਾਂ ਨੂੰ ਫਲ਼ ਲਾਉਣ ਜਾਂ ਨਾ ਲਾਉਣ ਦਾ
ਫੈਸਲਾ ਈਸ਼ਵਰ ਤੇ ਛੱਡ ਦੇਵੇ। ਇਸ ਤਰਾਂ ਦੇ ਵੈਸ਼ਨਵ ਦਾ ਧਰਮ ਹੀ ਪਵਿੱਤਰ ਧਰਮ ਹੁੰਦਾ ਹੈ, ਉਸ ਦੇ
ਅਸੂਲ ਹੀ ਨਿਰਮਲ ਅਸੂਲ ਹੁੰਦੇ ਹਨ।
ਕਾਹੂ ਫਲ ਕੀ ਇੱਛਾ ਨਹੀ ਬਾਛੈ ।। ਕੇਵਲ ਭਗਤਿ
ਕੀਰਤਨ ਸੰਗਿ ਰਾਚੈ ।।
ਅਸਲੀ ਵੈਸ਼ਨਵ ਉਹ ਹੁੰਦਾ ਹੈ ਜਿਹੜਾ ਕਰਮ ਕਰ ਕੇ ਕਿਸੇ ਫਲ਼ ਦੀ ਇੱਛਾ ਨਾ
ਰੱਖੇ, ਜਿਹੜਾ ਕੇਵਲ ਪ੍ਰਭੂ ਭਗਤੀ ਵਿੱਚ ਅਤੇ ਪ੍ਰਭੂ ਦੀ ਸਿਫ਼ਤ ਦੇ ਗੀਤ ਗਾਉਣ ਵਿੱਚ ਮਗਨ ਰਹੇ।
ਮਨ ਤਨ ਅੰਤਰਿ ਸਿਮਰਨ ਗੋਪਾਲ ।। ਸਭ ਊਪਰਿ ਹੋਵਤ
ਕਿਰਪਾਲ ।।
ਅਸਲੀ ਵੈਸ਼ਨਵ ਉਹ ਹੁੰਦਾ ਹੈ ਜਿਹੜਾ ਮਨ ਪੱਖੋਂ ਅਤੇ ਸਰੀਰ ਪੱਖੋਂ ਸਦਾ
ਹੀ ਗੋਪਾਲ ਦੇ, ਪ੍ਰਮਾਤਮਾ ਦੇ, ਸਿਮਰਨ ਵਿੱਚ ਲੱਗਿਆ ਰਹੇ ਅਤੇ ਬਿਨਾਂ ਭੇਦ ਭਾਵ ਦੇ ਸਮੁੱਚੀ
ਮਾਨਵਤਾ ਪ੍ਰਤੀ ਦਯਾ ਦ੍ਰਿਸ਼ਟੀ ਰੱਖਦਾ ਹੋਵੇ, ਸਾਰੇ ਜੀਵਾਂ ਤੇ ਤਰਸ ਖਾਂਦਾ ਹੋਵੇ।
ਆਪਿ ਦ੍ਰਿੜੈ ਅਵਰਹ ਨਾਮੁ ਜਪਾਵੈ ।। ਨਾਨਕ ਓਹੁ
ਬੈਸਨੋ ਪਰਮ ਗਤਿ ਪਾਵਹਿ ।। 2 ।।
ਅਸਲੀ ਵੈਸ਼ਨਵ ਆਪ ਹਰ ਵਕਤ ਪ੍ਰਭੂ ਦੇ ਨਾਮ ਨੂੰ ਦ੍ਰਿੜ੍ਹ ਕਰਦਾ ਰਹਿੰਦਾ
ਹੈ ਅਤੇ ਦੂਜਿਆਂ ਨੂੰ ਵੀ ਨਾਮ ਜੱਪਣ ਦੀ ਪ੍ਰੇਰਨਾ ਦਿੰਦਾ ਹੈ। ਗੁਰੂ ਜੀ ਦਾ ਕਥਨ ਹੈ ਕਿ ਇਸ ਤਰਾਂ
ਦਾ ਵੈਸ਼ਨਵ ਹੀ ਮਹਾਂ ਮੁਕਤੀ ਦਾ ਪਾਤਰ ਹੁੰਦਾ ਹੈ, ਉਸ ਨੂੰ ਹੀ ਮਹਾਂ ਮੁਕਤੀ ਪ੍ਰਾਪਤ ਹੁੰਦੀ ਹੈ।
ਭਗਉਤੀ ਭਗਵੰਤ ਭਗਤਿ ਕਾ ਰੰਗੁ ।। ਸਗਲ ਤਿਆਗੈ
ਦੁਸਟ ਕਾ ਸੰਗੁ ।।
ਹਿੰਦੂ ਮਤ ਵਿੱਚ ਇੱਕ ਵਰਗ ਹੈ ਜੋ ਅਪਣੇ ਆਪ ਨੂੰ ਭਗਉਤੀ ਅਖਵਾਉਂਦਾ ਹੈ।
ਇਹ ਲੋਕ ਭਗਵਤੀ (ਦੇਵੀ) ਦੇ ਉਪਾਸ਼ਕ ਹੁੰਦੇ ਹਨ। ਇਸ ਪੌੜੀ ਵਿੱਚ ਗੁਰੂ ਜੀ ਦੱਸਦੇ ਹਨ ਕਿ ਅਸਲ
ਭਗਉਤੀ ਕਿਹੋ ਜਿਹਾ ਹੁੰਦਾ ਹੈ ਜਾਂ ਹੋਣਾ ਚਾਹੀਦਾ ਹੈ।
ਸਹੀ ਅਰਥਾਂ ਵਿੱਚ ਭਗਉਤੀ ਉਹ ਹੁੰਦਾ ਹੈ ਜਿਹੜਾ ਹਰ ਪਲ ਭਗਵੰਤ (ਈਸ਼ਵਰ)
ਦੀ ਭਗਤੀ ਦੇ ਰੰਗ ਵਿੱਚ ਰੰਗਿਆ ਰਹੇ, ਜਿਹੜਾ ਬੁਰੇ ਲੋਕਾਂ ਦੀ ਸੰਗਤ ਨੂੰ ਉੱਕਾ ਹੀ ਤਿਆਗ ਦੇਵੇ,
ਕਦੇ ਵੀ ਕਿਸੇ ਦੁਸ਼ਟ ਦੀ ਸੰਗਤ ਨਾ ਕਰੇ ਅਤੇ ਨਾ ਕੋਈ ਬੁਰਾ ਕੰਮ ਕਰੇ।
ਮਨ ਤੇ ਬਿਨਸੈ ਸਗਲਾ ਭਰਮੁ ।। ਕਰਿ ਪੂਜੈ ਸਗਲ
ਪਾਰਬ੍ਰਹਮੁ ।।
ਭਗਉਤੀ ਉਹ ਹੁੰਦਾ ਹੈ ਜਿਸਦੇ ਮਨ ਵਿੱਚੋਂ
ਭਰਮ ਦਾ (ਝੂਠੇ ਵਿਸ਼ਵਾਸ਼ਾਂ ਦਾ) ਪੂਰੀ ਤਰਾਂ ਨਾਸ਼ ਹੋ ਜਾਵੇ ਅਤੇ ਜਿਹੜਾ ਇੱਕ ਪਰਮੇਸ਼ਰ ਦਾ ਪੱਲਾ ਫੜ
ਲਵੇ। ਅਸਲੀ ਭਗਉਤੀ ਸ੍ਰਿਸ਼ਟੀ ਦੇ ਸਾਰੇ ਜੀਵਾਂ ਨੂੰ ਪਾਰਬ੍ਰਹਮ ਪਰਮੇਸ਼ਰ ਦਾ ਰੂਪ ਜਾਣ ਕੇ ਉਨ੍ਹਾਂ
ਦੀ ਪੂਜਾ ਕਰਦਾ ਹੈ।
ਸਾਧਸੰਗਿ ਪਾਪਾ ਮਲੁ ਖੋਵੈ ।। ਤਿਸੁ ਭਗਉਤੀ ਕੀ
ਮਤਿ ਊਤਮ ਹੋਵੈ ।।
ਜਿਹੜਾ ਭਗਉਤੀ ਸੰਤਾਂ ਦੀ ਸੰਗਤ ਕਰ ਕੇ ਉਨ੍ਹਾਂ ਦੇ ਉਪਦੇਸ਼ ਨੂੰ ਸੁਣ ਕੇ
ਅਪਣੇ ਅੰਦਰੋਂ ਪਾਪਾਂ ਦੀ ਮੈਲ਼ ਨੂੰ ਪੂਰੀ ਤਰਾਂ ਧੋ ਦੇਵੇ, ਕੇਵਲ ਉਸ ਭਗਉਤੀ ਦੀ ਬੁੱਧ ਹੀ ਪੂਰਨ
ਤੌਰ ਤੇ ਪਵਿੱਤਰ ਹੋ ਸਕਦੀ ਹੈ।
ਭਗਵੰਤ ਕੀ ਟਹਲ ਕਰੈ ਨਿਤ ਨੀਤਿ ।। ਮਨੁ ਤਨੁ
ਅਰਪੈ ਬਿਸਨ ਪਰੀਤਿ ।।
ਅਸਲ ਅਰਥਾਂ ਵਿੱਚ ਭਗਉਤੀ ਉਹ ਹੁੰਦਾ ਹੈ ਜਿਹੜਾ ਅਪਣੀ ਜ਼ਿੰਦਗੀ ਦਾ ਹਰ
ਦਿਨ ਈਸ਼ਵਰ ਦੀ ਸੇਵਾ ਲਈ ਅਰਪਣ ਕਰ ਦੇਵੇ, ਜਿਹੜਾ ਅਪਣਾ ਮਨ ਅਤੇ ਸਰੀਰ ਦੋਵੇਂ ਹੀ ਪ੍ਰਭੂ ਦੇ ਪਿਆਰ
ਨੂੰ ਭੇਟ ਕਰ ਦੇਵੇ, ਜਿਸ ਨੂੰ ਸੰਸਾਰਿਕ ਸੁਖਾਂ ਦੀ ਬਜਾਇ ਪ੍ਰਮਾਤਮਾ ਦੇ ਪਿਆਰ ਵਿੱਚੋੰ ਖੁਸ਼ੀ
ਮਿਲਦੀ ਹੋਵੇ।
ਹਰਿ ਕੇ ਚਰਨ ਹਿਰਦੈ ਬਸਾਵੈ ।। ਨਾਨਕ ਐਸਾ ਭਗਉਤੀ
ਭਗਵੰਤ ਕਉ ਪਾਵੈ ।। 3 ।।
ਅਸਲ ਵਿੱਚ ਭਗਉਤੀ ਉਹ ਹੁੰਦਾ ਹੈ ਜੋ ਹਰ ਸਮੇ ਈਸ਼ਵਰ ਦੇ ਚਰਨਾਂ ਨੂੰ
ਅਪਣੇ ਦਿਲ ਵਿੱਚ ਵਸਾ ਕੇ ਰੱਖੇ, ਜਿਸ ਦੇ ਦਿਲ ਵਿੱਚ ਸੰਸਾਰਿਕ ਪਦਾਰਥਾਂ ਦੇ ਪਿਆਰ ਲਈ ਕੋਈ ਥਾਂ
ਨਾ ਹੋਵੇ। ਗੁਰੂ ਜੀ ਆਖਦੇ ਹਨ ਕਿ ਕੇਵਲ ਇਸ ਤਰਾਂ ਦਾ ਭਗਉਤੀ ਹੀ ਈਸ਼ਵਰ ਨੂੰ ਪ੍ਰਾਪਤ ਕਰ ਸਕਦਾ
ਹੈ।
ਸੋ ਪੰਡਿਤੁ ਜੋ ਮਨੁ ਪਰਬੋਧੈ ।। ਰਾਮ ਨਾਮ ਆਤਮ
ਮਹਿ ਸੋਧੈ ।।
ਪੁਰਾਤਨ ਹਿੰਦੂ ਮਤ ਅਨੁਸਾਰ ਪੰਡਿਤ ਉਸ ਵਰਗ ਦੇ ਲੋਕਾਂ ਨੂੰ ਕਿਹਾ
ਜਾਂਦਾ ਸੀ ਜਿਹੜੇ ਧਰਮ ਗ੍ਰੰਥਾਂ ਦਾ ਅਧਿਅਨ ਕਰ ਕੇ ਗਿਆਨ ਪ੍ਰਾਪਤ ਕਰਦੇ ਸਨ ਅਤੇ ਫਿਰ ਉਸ ਗਿਆਨ
ਨੂੰ ਲੋਕਾਂ ਵਿੱਚ ਵੰਡਦੇ ਸਨ, ਪੂਜਾ ਪਾਠ ਵਿੱਚ ਸਮਾਂ ਬਤੀਤ ਕਰਦੇ ਸਨ ਅਤੇ ਅਪਣੇ ਜਜਮਾਨਾਂ ਦੇ ਕਲਿਆਣ ਹਿਤ ਉਨ੍ਹਾਂ ਦੇ
ਘਰਾਂ ਵਿੱਚ ਪੂਜਾ ਪਾਠ ਕਰ ਕੇ ਦਕਸ਼ਣਾ ਪ੍ਰਾਪਤ ਕਰਦੇ ਸਨ। ਇਸ ਪੌੜੀ ਵਿੱਚ ਗੁਰੂ ਜੀ ਦੱਸਦੇ ਹਨ ਕਿ
ਸਹੀ ਅਰਥਾਂ ਵਿੱਚ ਪੰਡਿਤ ਕਿਹੋ ਜਿਹਾ ਹੋਣਾ ਚਾਹੀਦਾ ਹੈ।
ਗੁਰੂ ਜੀ ਕਹਿੰਦੇ ਹਨ ਕਿ ਸੱਚਾ ਪੰਡਿਤ ਉਹ ਹੁੰਦਾ ਹੈ ਜਿਹੜਾ ਅਪਣੇ ਮਨ
ਨੂੰ ਵਸ ਵਿੱਚ ਕਰ ਕੇ ਅਪਣੇ ਆਪ ਨੂੰ ਪੂਰੀ ਤਰਾਂ ਈਸ਼ਵਰ ਦੇ ਪਿਆਰ ਦੇ ਰੰਗ ਵਿੱਚ ਰੰਗ ਲੈਂਦਾ ਹੈ,
ਅਪਣੇ ਮਨ ਵਿੱਚ ਰਾਮ ਨਾਮ ਨੂੰ ਵਿਚਾਰਦਾ ਹੈ ਅਤੇ ਉਸ ਦਾ ਸਿਮਰਨ ਕਰਦਾ ਹੈ।
ਰਾਮ ਨਾਮ ਸਾਰੁ ਰਸੁ ਪੀਵੈ ।। ਉਸੁ ਪੰਡਿਤ ਕੈ
ਉਪਦੇਸਿ ਜਗੁ ਜੀਵੈ ।।
ਅਸਲੀ ਪੰਡਿਤ ਰਾਮ ਨਾਮ ਦੇ ਅੰਮ੍ਰਿਤ ਰੂਪੀ ਰਸ ਨੂੰ ਰੱਜ ਰੱਜ ਕੇ ਪੀਂਦਾ
ਹੈ। ਇਸ ਤਰਾਂ ਦੇ ਪੰਡਿਤ ਦੇ ਦਿੱਤੇ ਹੋਏ ਉਪਦੇਸ਼ ਤੇ ਅਮਲ ਕਰ ਕੇ ਸੰਸਾਰਿਕ ਜੀਵ
ਅਪਣੇ ਜੀਵਨ ਨੂੰ ਸਫਲ ਬਣਾਉਂਦੇ ਹਨ।
ਹਰਿ ਕੀ ਕਥਾ ਹਿਰਦੈ ਬਸਾਵੈ ।। ਸੋ ਪੰਡਿਤੁ ਫਿਰਿ
ਜੋਨਿ ਨ ਆਵੈ ।।
ਸੱਚਾ ਪੰਡਿਤ ਹਰੀ ਪ੍ਰਮੇਸ਼ਰ ਦੀ ਕਥਾ ਵੀਚਾਰ ਨੂੰ ਅਪਣੇ ਮਨ ਵਿੱਚ ਵਸਾ
ਲੈਂਦਾ ਹੈ ਅਤੇ ਸੰਸਾਰਿਕ ਪਦਾਰਥਾਂ ਦੇ ਮੋਹ ਨੂੰ ਤਿਆਗ ਦਿੰਦਾ ਹੈ। ਇਸ ਤਰਾਂ ਦਾ ਸੱਚਾ ਪੰਡਿਤ
ਜੀਵਨ ਮਰਨ ਤੋਂ ਮੁਕਤ ਹੋ ਜਾਂਦਾ ਹੈ, ਦੋਬਾਰਾ ਗਰਭ ਜੂਨ ਵਿੱਚ ਨਹੀਂ ਆਉਂਦਾ।
ਬੇਦ ਪੁਰਾਨ ਸਿਮ੍ਰਿਤਿ ਬੂਝੈ ਮੂਲ ।। ਸੂਖਮ ਮਹਿ
ਜਾਨੈ ਅਸਥੂਲੁ ।।
ਸੱਚਾ ਪੰਡਿਤ ਉਸ ਈਸ਼ਵਰ ਦੀ ਅਸਲੀਅਤ ਨੂੰ ਸਮਝ ਲੈਂਦਾ ਹੈ ਜਿਹੜਾ ਵੇਦਾਂ,
ਪੁਰਾਣਾ ਅਤੇ ਸਿਮਰਿਤੀਆਂ ਦੇ ਗਿਆਨ ਦਾ ਆਧਾਰ ਹੈ। ਉਹ ਇਸ ਸੱਚਾਈ ਨੂੰ ਸਮਝ ਲੈਂਦਾ ਹੈ ਕਿ ਸੂਖਮ (ਪ੍ਰਮਾਤਮਾ) ਅਤੇ ਸਥੂਲ
(ਦ੍ਰਿਸ਼ਟਮਾਨ ਸੰਸਾਰ) ਵਿੱਚ ਕੋਈ ਫਰਕ ਨਹੀਂ, ਸਮੁੱਚੇ ਦ੍ਰਿਸ਼ਟਮਾਨ ਜੀਵਾਂ ਅਤੇ ਜੜ੍ਹ ਪਦਾਰਥਾਂ
ਵਿੱਚ ਨਿਰੰਕਾਰ ਈਸ਼ਵਰ ਵਸਦਾ ਹੈ, ਜੋ ਕੁੱਝ ਵੀ ਸਾਨੂੰ ਨਜ਼ਰ ਆਉਂਦਾ ਹੈ ਉਸ ਵਿੱਚ ਈਸ਼ਵਰ ਵਿਦਯਮਾਨ ਹੈ।
ਚਹੁ ਵਰਨਾ ਕਉ ਦੇ ਉਪਦੇਸੁ ।। ਨਾਨਕ ਉਸੁ ਪੰਡਿਤ
ਕਉ ਸਦਾ ਅਦੇਸੁ ।। 4 ।।
ਸੱਚਾ ਪੰਡਿਤ ਜਾਤ ਪਾਤ ਵਿੱਚ ਵਿਸ਼ਵਾਸ਼ ਨਹੀਂ ਰੱਖਦਾ। ਉਹ ਚਾਰਾਂ ਹੀ
ਵਰਣਾਂ ਨੂੰ ਬਰਾਬਰ ਸਮਝਦਾ ਹੈ ਅਤੇ ਹਰ ਵਰਣ ਦੇ ਲੋਕਾਂ ਨੂੰ ਅਪਣੇ ਪਵਿੱਤਰ ਉਪਦੇਸ਼ ਨਾਲ਼ ਨਿਹਾਲ ਕਰ
ਕੇ ਉਨ੍ਹਾਂ ਦਾ ਕਲਿਆਣ ਕਰਨ ਦਾ ਯਤਨ ਕਰਦਾ ਹੈ। ਗੁਰੂ ਜੀ ਇਸ ਤਰਾਂ ਦੇ ਸੱਚੇ ਪੰਡਿਤ ਨੂੰ ਸਦਾ ਹੀ
ਨਮਸ਼ਕਾਰ ਕਰਦੇ ਹਨ।
ਬੀਜ ਮੰਤ੍ਰ ਸਰਬ ਕੋ ਗਿਆਨੁ ।। ਚਹੁ ਵਰਨਾ ਮਹਿ
ਜਪੈ ਕੋਊ ਨਾਮੁ ।।
ਸਾਰੇ ਹੀ ਪਵਿੱਤਰ ਮੰਤ੍ਰਾਂ ਦਾ ਮੂਲ ਆਧਾਰ ਪ੍ਰਮਾਤਮਾ ਦਾ ਗਿਆਨ ਹੈ,
ਸਾਰੇ ਮੰਤਰ ਇਸ ਗਿਆਨ ਵਿੱਚੋਂ ਹੀ ਪੈਦਾ ਹੋਏ ਹਨ। ਈਸ਼ਵਰ ਦੇ ਨਾਮ ਦਾ ਸਿਮਰਨ ਕਿਸੇ ਇੱਕ ਵਰਗ ਦੀ
ਜਾਗੀਰ ਨਹੀਂ। ਚਾਰਾਂ ਹੀ ਵਰਣਾ ਵਿੱਚੋਂ ਕੋਈ ਵੀ ਵਿਅਕਤੀ ਹਰੀ ਦੇ ਨਾਮ ਦਾ ਸਿਮਰਨ ਕਰ ਸਕਦਾ ਹੈ।
ਜੋ ਵੀ ਨਾਮ ਜੱਪਦਾ ਹੈ, ਉਸ ਨੂੰ ਉਸ ਦਾ ਫਲ਼ ਮਿਲਦਾ ਹੈ।
ਜੋ ਜੋ ਜਪੈ ਤਿਸ ਕੀ ਗਤਿ ਹੋਇ ।। ਸਾਧਸੰਗਿ ਪਾਵੈ
ਜਨੁ ਕੋਇ ।।
ਪ੍ਰਭੂ ਸਿਮਰਨ ਕਰ ਕੇ ਮੁਕਤੀ ਹਾਸਲ ਕਰਨਾ ਕੇਵਲ ਉੱਚ ਜਾਤੀ ਦੇ ਲੋਕਾਂ
ਦਾ ਵਿਸ਼ੇਸ਼ ਅਧਿਕਾਰ ਨਹੀਂ ਹੈ। ਕਿਸੇ ਵੀ ਵਰਗ ਦਾ ਕੋਈ ਵੀ ਵਿਅਕਤੀ ਜਿਹੜਾ ਪ੍ਰਭੂ ਦਾ ਸਿਮਰਨ ਕਰਦਾ,
ਹੈ ਉਸ ਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਪ੍ਰੰਤੂ ਪ੍ਰਭੂ ਦੇ ਨਾਮ ਦੇ ਸਿਮਰਨ ਦੀ ਦਾਤ ਸੰਤਾਂ
ਦੀ ਸੰਗਤ ਕਰਨ ਦੇ ਸਿੱਟੇ ਵਜੋਂ ਕੇਵਲ ਗਿਣੇ ਚੁਣੇ ਜੀਵਾਂ ਨੂੰ ਹੀ ਪ੍ਰਾਪਤ ਹੁੰਦੀ ਹੈ।
ਕਰਿ ਕਿਰਪਾ ਅੰਤਰਿ ਉਰ ਧਾਰੈ ।। ਪਸੁ ਪ੍ਰੇਤ
ਮੁਘਦ ਪਾਥਰ ਕਉ ਤਾਰੈ ।।
ਈਸ਼ਵਰ ਆਪ ਹੀ ਕਿਰਪਾ ਕਰ ਕੇ ਕੁੱਝ ਜੀਵਾਂ ਦੇ ਮਨ ਵਿੱਚ ਅਪਣਾ ਨਾਮ ਵਸਾ
ਦਿੰਦਾ ਹੈ। ਉਹ ਜੀਵ ਫਿਰ ਦੂਜਿਆਂ ਨੂੰ ਨਾਮ ਨਾਲ਼ ਜੁੜਨ ਦੀ ਪ੍ਰਰਨਾ ਦਿੰਦੇ ਹਨ।
ਨਾਮ ਵਿੱਚ ਏਨੀ ਸ਼ਕਤੀ ਹੈ ਕਿ ਇਹ ਪਸ਼ੂਆਂ, ਪ੍ਰੇਤਾਂ, ਮੂਰਖਾਂ ਅਤੇ ਪੱਥਰ ਵਰਗੇ ਸੋਚ ਰਹਿਤ ਜੀਵਾਂ
ਦਾ ਵੀ ਪਾਰ ਉਤਾਰਾ ਕਰ ਦਿੰਦਾ ਹੈ।
ਸਰਬ ਰੋਗ ਕਾ ਅਉਖਦੁ ਨਾਮੁ ।। ਕਲਿਆਣ ਰੂਪ ਮੰਗਲ
ਗੁਣ ਗਾਮ ।।
ਸੰਸਾਰ ਅਨੇਕਾਂ ਸਰੀਰਕ ਅਤੇ ਮਾਨਸਿਕ ਬੀਮਾਰੀਆਂ ਦੇ ਵਿੱਚ ਗ੍ਰਸਤ ਹੈ।
ਇਨ੍ਹਾਂ ਸਾਰੀਆਂ ਹੀ ਬੀਮਾਰੀਆਂ ਦਾ ਇੱਕੋ ਇੱਕ ਇਲਾਜ ਨਾਮ ਸਿਮਰਨ ਹੈ। ਪਰਮੇਸ਼ਰ ਕਲਿਆਣ ਦੀ ਮੂਰਤ
ਹੈ। ਖੁਸ਼ੀ ਖੁਸ਼ੀ ਉਸ ਦੀਆਂ ਵਡਿਆਈਆਂ ਦਾ ਗਾਇਨ ਕਰਨ ਨਾਲ਼ ਸਾਰੇ ਰੋਗ ਦੂਰ ਹੋ ਜਾਂਦੇ ਹਨ।
ਕਾਹੂ ਜੁਗਤਿ ਕਿਤੈ ਨ ਪਾਈਐ ਧਰਮਿ ।। ਨਾਨਕ ਤਿਸੁ
ਮਿਲੈ ਜਿਸੁ ਲਿਖਿਆ ਧੁਰਿ ਕਰਮਿ ।। 5 ।।
ਈਸ਼ਵਰ ਦੇ ਨਾਮ ਦੀ ਪ੍ਰਾਪਤੀ ਕਿਸੇ ਚੁਸਤੀ ਚਲਾਕੀ ਭਰੀ ਜੁਗਤੀ ਨਾਲ਼ ਜਾਂ
ਕਿਸੇ ਵਿਸ਼ੇਸ਼ ਧਰਮ ਨੂੰ ਅਪਣਾ ਕੇ ਨਹੀਂ ਕਰੀ ਜਾ
ਸਕਦੀ। ਗੁਰੂ ਜੀ
ਸਮਝਾਉਂਦੇ ਹਨ ਕਿ ਇਹ ਪ੍ਰਾਪਤੀ ਉਸ ਜੀਵ ਨੂੰ ਹੀ ਹੁੰਦੀ ਹੈ ਜਿਸ ਤੇ ਮਿਹਰਬਾਨ ਹੋ ਕੇ ਪ੍ਰਭੂ ਨੇ
ਉਸ ਦੀ ਕਿਸਮਤ ਵਿੱਚ ਧੁਰ ਤੋਂ ਹੀ ਅਜਿਹੀ ਪ੍ਰਾਪਤੀ ਲਿਖੀ ਹੋਈ ਹੁੰਦੀ ਹੈ।
ਜਿਸ ਕੈ ਮਨਿ ਪਾਰਬ੍ਰਹਮ ਕਾ ਨਿਵਾਸੁ ।। ਤਿਸ ਕਾ ਨਾਮੁ ਸਤਿ ਰਾਮਦਾਸੁ ।।
ਉਸ ਇਨਸਾਨ ਨੂੰ ਹੀ ਸੱਚ ਸਰੂਪ ਈਸ਼ਵਰ ਦਾ ਸਮਰਪਿਤ ਸੇਵਕ ਕਿਹਾ ਜਾ ਸਕਦਾ
ਹੈ ਜਿਸਦੇ ਹਿਰਦੇ ਵਿੱਚ ਪਾਰਬ੍ਰਹਮ ਪਰਮੇਸ਼ਰ ਆਪ ਵਸਦਾ ਹੈ।
ਆਤਮ ਰਾਮੁ ਤਿਸੁ ਨਦਰੀ ਆਇਆ ।। ਦਾਸ ਦਸੰਤਣ ਭਾਇ
ਤਿਨਿ ਪਾਇਆ ।।
ਪ੍ਰਮਾਤਮਾ ਦੀ ਕਿਰਪਾ ਨਾਲ਼ ਉਨ੍ਹਾਂ ਨੂੰ ਅਪਣੇ ਹੀ ਅੰਦਰ ਵਸਦੇ ਹਰੀ ਦੇ
ਦਰਸ਼ਨ ਹੋ ਜਾਂਦੇ ਹਨ ਜਿਸ ਦੇ ਸਿੱਟੇ ਵਜੋਂ ਉਨ੍ਹਾਂ ਨੂੰ ਪ੍ਰਮਾਤਮਾ ਦੇ ਦਾਸਾਂ ਦੇ ਦਾਸਾਂ ਨਾਲ਼ ਵੀ
ਪਿਆਰ ਹੋ ਜਾਂਦਾ ਹੈ।
ਸਦਾ ਨਿਕਟਿ ਨਿਕਟਿ ਹਰਿ ਜਾਨੁ ।। ਸੋ ਦਾਸੁ ਦਰਗਹ
ਪਰਵਾਨੁ ।।
ਜਿਹੜਾ ਜੀਵ ਹਰ ਵਕਤ ਪ੍ਰਮਾਤਮਾ ਦੀ ਨੇੜਤਾ ਨੂੰ ਮਹਿਸੂਸ ਕਰਦਾ ਹੈ, ਇਹ
ਸਮਝਦਾ ਹੈ ਕਿ ਹਰੀ ਪ੍ਰਭੂ ਹਰ ਵੇਲ਼ੇ ਉਸ ਦੇ ਅੰਗ ਸੰਗ ਹੈ, ਕਦੇ ਵੀ ਉਸ ਤੋਂ ਦੂਰ ਨਹੀਂ ਜਾਂਦਾ,
ਉਹ ਜੀਵ ਹੀ ਉਸ ਈਸ਼ਵਰ ਦਾ ਸੱਚਾ ਸੇਵਕ ਹੈ ਅਤੇ ਉਸ ਦੀ ਦਰਗਾਹ ਵਿੱਚ ਪ੍ਰਵਾਨ ਹੁੰਦਾ ਹੈ, ਸਤਿਕਾਰ
ਪਾਉਂਦਾ ਹੈ।
ਅਪੁਨੇ ਦਾਸ ਕਉ ਆਪਿ ਕਿਰਪਾ ਕਰੈ ।। ਤਿਸੁ ਦਾਸ
ਕਉ ਸਭ ਸੋਝੀ ਪਰੈ ।।
ਪ੍ਰੰਤੂ ਉਸ ਮਹਾਨ ਸੱਚ ਦੀ ਸਮਝ ਜੀਵ ਨੂੰ ਅਪਣੀ ਸਿਆਣਪ, ਚਤੁਰਾਈ ਜਾਂ
ਕੋਸ਼ਿਸ਼ ਨਾਲ਼ ਨਹੀਂ ਆਉਂਦੀ। ਜਿਸ ਅਪਣੇ ਸੇਵਕ ਉੱਤੇ
ਈਸ਼ਵਰ ਆਪ ਕਿਰਪਾ ਕਰ ਦਿਂਦਾ ਹੈ ਉਸ ਸੇਵਕ ਨੂੰ ਇਨ੍ਹਾਂ ਸਭ ਸੱਚਾਈਆਂ ਦੀ ਸਮਝ ਆ ਜਾਂਦੀ ਹੈ।
ਸਗਲ ਸੰਗਿ ਆਤਮ ਉਦਾਸੁ ।। ਐਸੀ ਜੁਗਤਿ ਨਾਨਕ
ਰਾਮਦਾਸੁ ।। 6 ।।
ਗੁਰੂ ਜੀ ਸਮਝਾਉਂਦੇ ਹਨ ਕਿ ਇਨਸਾਨ ਨੂੰ
ਇਸ ਮਾਯਾਵੀ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਵੀ ਮਾਇਆ ਤੋਂ ਉਦਾਸੀਨ, ਬੇਲਾਗ ਰਹਿਣਾ ਚਾਹੀਦਾ ਹੈ,
ਮਾਇਆ ਦਾ ਮੋਹ ਅਪਣੇ ਤੇ ਭਾਰੂ ਨਹੀਂ ਹੋਣ ਦੇਣਾ ਚਾਹੀਦਾ। ਜਿਸ ਜੀਵ ਨੂੰ ਅਜਿਹੀ ਜੀਵਨ ਜੁਗਤੀ ਨਾਲ਼
ਜੀਵਨ ਜਿਉਣ ਦੀ ਸਮਝ ਆ ਜਾਵੇ ਉਹ ਹੀ ਪ੍ਰਮਾਤਮਾ ਦਾ ਸੱਚਾ ਸੇਵਕ ਹੁੰਦਾ ਹੈ।
ਪ੍ਰਭ ਕੀ ਆਗਿਆ ਆਤਮ ਹਿਤਾਵੈ ।। ਜੀਵਨ ਮੁਕਤਿ
ਸੋਊ ਕਹਾਵੈ ।।
ਜਿਹੜਾ ਜੀਵ ਈਸ਼ਵਰ ਦੇ ਹੁਕਮ ਨੂੰ ਅਪਣੇ ਅੰਦਰ ਵਸਾ ਲਵੇ, ਜੋ ਕੁੱਝ ਈਸ਼ਵਰ
ਕਰੇ, ਉਸ ਨੂੰ ਭਲਾ ਮੰਨਣ ਦੀ, ਅਪਣੇ ਹਿਤ ਵਿੱਚ ਮੰਨਣ ਦੀ, ਜਾਚ ਜਿਸ ਨੂੰ ਆ ਜਾਵੇ, ਜਿਹੜਾ ਤੱਤੀ
ਤਵੀ ਤੇ ਬੈਠ ਕੇ ਵੀ ‘ਤੇਰਾ ਭਾਣਾ ਮੀਠਾ ਲਾਗੈ’ ਉਚਾਰ ਸਕੇ, ਉਸੇ ਨੂੰ ਜੀਵਨ ਮੁਕਤ ਕਿਹਾ ਜਾ ਸਕਦਾ
ਹੈ। ਉਹ ਅਪਣੇ ਜੀਵਨ ਕਾਲ ਵਿੱਚ ਹੀ ਮੁਕਤੀ ਪ੍ਰਾਪਤ ਕਰ ਲੈਂਦਾ ਹੈ।
ਤੈਸਾ ਹਰਖੁ ਤੈਸਾ ਉਸੁ ਸੋਗੁ ।। ਸਦੈ ਅਨੰਦੁ ਤਹ
ਨਹੀ ਬਿਓਗੁ ।।
ਅਜਿਹੇ ਇਨਸਾਨ ਲਈ ਖੁਸ਼ੀ ਅਤੇ ਗ਼ਮੀ ਵਿੱਚ ਕੋਈ ਫ਼ਰਕ ਨਹੀਂ ਹੁੰਦਾ। ਉਸ ਲਈ
ਦੋਵੇਂ ਬਰਾਬਰ ਹੁੰਦੀਆਂ ਹਨ। ਉਹ ਹਮੇਸ਼ਾ ਆਨੰਦ ਦੀ ਅਵਸਥਾ ਵਿੱਚ ਰਹਿੰਦਾ ਹੈ, ਕਦੇ ਵੀ, ਕਿਸੇ
ਹਾਲਤ ਵਿੱਚ ਵੀ, ਦੁੱਖ ਮਹਿਸੂਸ ਨਹੀਂ ਕਰਦਾ।
ਤੈਸਾ ਸੁਵਰਨੁ ਤੈਸੀ ਉਸੁ ਮਾਟੀ ।। ਤੈਸਾ
ਅੰਮ੍ਰਿਤੁ ਤੈਸੀ ਬਿਖੁ ਖਾਟੀ ।।
ਇਸ ਤਰਾਂ ਦੇ ਪੂਰਨ ਪੁਰਖ ਨੂੰ ਧਨ ਦੌਲਤ ਨਾਲ਼ ਪਿਆਰ ਨਹੀਂ ਹੁੰਦਾ। ਉਸ
ਦੇ ਲਈ ਸੋਨਾ ਅਤੇ ਮਿੱਟੀ ਇੱਕ ਬਰਾਬਰ ਹੁੰਦੇ ਹਨ। ਉਸ ਦੇ ਲਈ ਜੀਵਨ ਦਾਨ ਦੇਣ ਵਾਲ਼ਾ ਅੰਮ੍ਰਿਤ ਅਤੇ
ਕੌੜੀ ਜ਼ਹਿਰ ਬਰਾਬਰ ਹੁੰਦੇ ਹਨ। ਜੋ ਵੀ ਪ੍ਰਮਾਤਮਾ ਕਰੇ, ਉਸ ਨੂੰ ਚੰਗਾ ਲੱਗਦਾ ਹੈ।
ਤੈਸਾ ਮਾਨੁ ਤੈਸਾ ਅਭਿਮਾਨੁ ।। ਤੈਸਾ ਰੰਕੁ ਤੈਸਾ
ਰਾਜਾਨੁ ।।
ਜੇ ਪ੍ਰਮਾਤਮਾ ਉਸ ਨੂੰ ਇੱਜ਼ਤ ਦੇ ਕੇ ਨਿਵਾਜੇ ਉਹ ਤਾਂ ਵੀ ਖੁਸ਼ ਹੁੰਦਾ
ਹੈ ਅਤੇ ਜੇ ਉਸ ਦੀ ਝੋਲ਼ੀ ਵਿੱਚ ਅਪਮਾਨ ਪਾ ਦੇਵੇ, ਉਹ ਤਾਂ ਵੀ ਬੁਰਾ ਨਹੀਂ ਮਨਾਉਂਦਾ। ਦੋਵਾਂ ਨੂੰ
ਸਮਾਨ ਸਮਝਦਾ ਹੈ। ਉਸ ਦੇ ਲਈ ਇੱਕ ਗਰੀਬ ਇਨਸਾਨ ਜਿਸ ਦੇ ਪੱਲੇ ਕੋਈ ਦੌਲਤ ਨਹੀਂ ਅਤੇ ਇੱਕ ਸ਼ਹਿਨਸ਼ਾਹ
ਜਿਹੜਾ ਅਥਾਹ ਦੌਲਤ ਦਾ ਮਾਲਕ ਹੋਵੇ ਇੱਕ ਸਮਾਨ ਹੁੰਦੇ ਹਨ। ਉਹ ਗਰੀਬ ਨੂੰ ਨਫ਼ਰਤ ਅਤੇ ਬਾਦਸ਼ਾਹ ਨੂੰ
ਪਿਆਰ ਨਹੀਂ ਕਰਦਾ। ਦੋਹਾਂ ਨੂੰ ਬਰਾਬਰ ਸਤਿਕਾਰ ਦਿੰਦਾ ਹੈ।
ਜੋ ਵਰਤਾਏ ਸਾਈ ਜੁਗਤਿ ।। ਨਾਨਕ ਓਹੁ
ਪੁਰਖੁ ਕਹੀਐ ਜੀਵਨ ਮੁਕਤਿ ।। 7 ।।
ਜਿਹੜਾ ਇਨਸਾਨ ਜੋ ਕੁੱਝ ਵੀ ਪ੍ਰਮਾਤਮਾ ਉਸ ਨਾਲ਼ ਵਰਤਾਉਂਦਾ ਹੈ, ਉਸ ਨੂੰ
ਇਹ ਸਮਝ ਕੇ ਖੁਸ਼ੀ ਖੁਸ਼ੀ ਪ੍ਰਵਾਨ ਕਰੇ ਕਿ ਇਹ ਉਸ ਨੂੰ ਪ੍ਰਮਾਤਮਾ ਨਾਲ਼ ਮਿਲਾਉਣ ਦਾ ਇੱਕ ਜ਼ਰੀਆ ਹੈ,
ਜਿਹੜਾ ਵਾਹਿਗੁਰੂ ਦੇ ਕੀਤੇ ਹਰ ਕੰਮ ਨੂੰ, ਉਸ ਦੇ ਦਿੱਤੇ ਹਰ ਦੁੱਖ ਸੁਖ ਨੂੰ, ਖੁਸ਼ੀ ਖੁਸ਼ੀ
ਸਵੀਕਾਰ ਕਰੇ, ਕਦੇ ਗਿਲਾ ਨਾ ਕਰੇ, ਜੀਵਨ ਮੁਕਤ ਅਖਵਾਉਣ ਦਾ ਅਧਿਕਾਰੀ ਹੁੰਦਾ ਹੈ। ਮੁਕਤੀ ਪ੍ਰਾਪਤ
ਕਰਨ ਲਈ ਉਸ ਨੂੰ ਮੌਤ ਦਾ ਇੰਤਜ਼ਾਰ ਨਹੀਂ ਕਰਨਾ ਪੈਂਦਾ। ਉਹ ਜਿਉਂਦੇ ਜੀ ਹੀ ਮੁਕਤੀ ਪ੍ਰਪਤ ਕਰ
ਲੈਂਦਾ ਹੈ।
ਪਾਰਬ੍ਰਹਮ ਕੇ ਸਗਲੇ ਠਾਉ ।। ਜਿਤੁ ਜਿਤੁ ਘਰਿ
ਰਾਖੈ ਤੈਸਾ ਤਿਨ ਨਾਉ ।।
ਇਹ ਸਾਰੀਆਂ ਅਵਸਥਾਵਾਂ, ਉੱਚੇ ਨੀਂਵੇਂ ਸਾਰੇ ਥਾਂ, ਚੰਗੇ ਮੰਦੇ ਸਾਰੇ
ਜੀਵ, ਉਸ ਦੀ ਨਜ਼ਰ ਵਿੱਚ ਪਾਰਬ੍ਰਹਮ ਪ੍ਰਮਾਤਮਾ ਦੇ ਅਪਣੇ ਬਣਾਏ ਹੋਏ ਹਨ। ਜਿਸ ਜਿਸ ਅਵਸਥਾ ਵਿੱਚ ਉਹ ਕਿਸੇ ਨੂੰ
ਰੱਖਦਾ ਹੈ, ਉਸ ਦਾ ਓਹੋ ਜਿਹਾ ਨਾਮ ਪੈ ਜਾਂਦਾ ਹੈ। ਕੋਈ ਪਸ਼ੂ ਹੈ, ਕੋਈ ਪੰਛੀ ਹੈ,
ਕੋਈ ਇਨਸਾਨ ਹੈ, ਕੋਈ ਦੇਵਤਾ ਹੈ, ਕੋਈ ਦੈਂਤ ਹੈ, ਕੋਈ ਰਾਜਾ ਹੈ ਅਤੇ ਕੋਈ ਰੰਕ ਹੈ ਪਰ ਸਭ ਉਸੇ
ਪ੍ਰਮਾਤਮਾ ਦੇ ਬਣਾਏ ਹੋਏ ਹਨ।
ਆਪੇ ਕਰਨ ਕਰਾਵਨ ਜੋਗੁ ।। ਪ੍ਰਭ ਭਾਵੈ ਸੋਈ ਫੁਨਿ
ਹੋਗੁ ।।
ਪ੍ਰਮਾਤਮਾ ਸਰਬ ਸ਼ਕਤੀਮਾਨ ਹੈ ਅਤੇ ਸਭ ਕੁੱਝ ਕਰਨ ਕਰਾਉਣ ਦੇ ਸਮਰੱਥ ਹੈ।
ਜੋ ਉਹ ਚਾਹੁੰਦਾ ਹੈ, ਸੰਸਾਰ ਵਿੱਚ ਉਹ ਹੀ ਹੁੰਦਾ ਹੈ। ਉਸ ਦੇ ਹੁਕਮ ਤੋਂ ਉਲ਼ਟ ਕੁੱਝ ਹੋ ਹੀ ਨਹੀਂ
ਸਕਦਾ। ਉਸ ਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਿੱਲਦਾ।
ਪਸਰਿਓ ਆਪਿ ਹੋਇ ਅਨਤ ਤਰੰਗ ।। ਲਖੇ ਨ ਜਾਹਿ ਪਾਰਬ੍ਰਹਮ ਕੇ ਰੰਗ ।।
ਇਹ ਸਾਰਾ ਜਗਤ ਓਸੇ ਦਾ ਪਸਾਰਾ ਹੈ। ਸਮੁੰਦਰ ਦੇ ਪਾਣੀ ਦੀ ਤਰਾਂ ਅਨੇਕਾਂ
ਸ਼ਕਲਾਂ ਅਤੇ ਆਕਾਰਾਂ ਦਾ ਰੂਪ ਧਾਰ ਕੇ ਉਹ ਆਪ ਹੀ ਸਾਰੇ ਪਾਸੇ ਫੈਲਿਆ ਹੋਇਆ ਹੈ। ਇਸ ਸੰਸਾਰ ਵਿੱਚ
ਜੋ ਵੀ ਅਸੀਂ ਦੇਖਦੇ ਹਾਂ – ਇਨਸਾਨ, ਪਸ਼ੂ, ਪੰਛੀ, ਚੰਗੇ ਮਾੜੇ ਲੋਕ, ਦਰਿੰਦੇ ਅਤੇ ਸ਼ੈਤਾਨ – ਸਭ
ਦੇ ਅੰਦਰ ਉਹ ਆਪ ਹੀ ਵਸਦਾ ਹੈ। ਉਸ ਦੇ ਰੰਗਾਂ ਨੂੰ ਬਿਆਨ ਕਰਨਾ ਅਸੰਭਵ ਹੈ। ਉਹ ਕੀ ਕਰਦਾ ਹੈ,
ਕਿਉਂ ਕਰਦਾ ਹੈ, ਕੋਈ ਨਹੀਂ ਕਹਿ ਸਕਦਾ। ਆਪਣੇ ਕੀਤੇ ਨੂੰ ਉਹ ਆਪ ਹੀ ਜਾਣਦਾ ਅਤੇ ਸਮਝਦਾ ਹੈ।
ਜੈਸੀ ਮਤਿ ਦੇਇ ਤੈਸਾ ਪਰਗਾਸ ।। ਪਾਰਬ੍ਰਹਮੁ
ਕਰਤਾ ਅਬਿਨਾਸ ।।
ਜਿਹੋ ਜਿਹੀ ਸਮਝ ਉਹ ਕਿਸੇ ਨੂੰ ਦਿੰਦਾ ਹੈ,
ਉਸ ਦੇ ਮੁਤਾਬਿਕ ਉਸ ਦੇ ਕੀਤੇ ਕੰਮਾਂ ਬਾਰੇ ਉਹ ਅਪਣੀ ਰਾਇ ਦੇ ਦਿੰਦਾ ਹੈ। ਜੋ ਉਹ ਆਪ ਕਿਸੇ ਤੋਂ
ਅਖਵਾਉਂਦਾ ਹੈ, ਉਹ ਆਖ ਦਿੰਦਾ ਹੈ। ਜੋ ਕੁੱਝ ਅਸੀਂ ਉਸ ਦੇ ਬਾਰੇ ਸੁਣਦੇ ਹਾਂ ਉਸ ਦਾ ਅਪਣਾ ਹੀ
ਬੁਲਵਾਇਆ ਹੋਇਆ ਹੈ। ਪ੍ਰਮਾਤਮਾ, ਜੋ ਇਸ ਜਗਤ ਦਾ ਰਚਣਹਾਰਾ ਹੈ, ਆਪ ਵਿਨਾਸ਼ ਰਹਿਤ ਹੈ। ਉਹ ਸਦਾ
ਤੋਂ ਹੈ ਅਤੇ ਸਦਾ ਰਹੇਗਾ। ਉਸ ਦਾ ਕੋਈ ਆਦਿ ਅਤੇ ਅੰਤ ਨਹੀਂ।
ਸਦਾ ਸਦਾ ਸਦਾ ਦਇਆਲ ।। ਸਿਮਰਿ ਸਿਮਰਿ ਨਾਨਕ ਭਏ
ਨਿਹਾਲ ।। 8 ।। 9 ।।
ਉਸ ਪ੍ਰਮਾਤਮਾ ਦਾ ਸੁਭਾਅ ਮੁੱਢ ਕਦੀਮ ਤੋਂ
ਹੀ ਦਯਾਵਾਨ ਹੈ ਅਤੇ ਸਦਾ ਦਯਾਵਾਨ ਹੀ ਰਹਿੰਦਾ ਹੈ। ਗੁਰੂ ਜੀ ਕਹਿੰਦੇ ਹਨ ਕਿ ਉਹ ਤਾਂ ਉਸ ਦਾ ਨਾਮ
ਸਿਮਰ ਸਿਮਰ ਕੇ ਸਦਾ ਹੀ ਅਨੰਦਮਈ ਅਵਸਥਾ ਵਿੱਚ ਬਣੇ ਰਹਿੰਦੇ ਹਨ। ਜੋ ਵੀ ਉਸ ਦਾ ਨਾਮ ਸਿਮਰਦਾ ਹੈ,
ਉਸ ਨੂੰ ਇਹ ਅਨੰਦਮਈ ਅਵਸਥਾ ਪ੍ਰਾਪਤ ਹੋ ਜਾਂਦੀ ਹੈ।
ਸਲੋਕੁ ।।
ਉਸਤਤਿ ਕਰਹਿ ਅਨੇਕ ਜਨ ਅੰਤੁ ਨ ਪਾਰਾਵਾਰ ।।
ਨਾਨਕ ਰਚਨਾ ਪ੍ਰਭਿ ਰਚੀ ਬਹੁ ਬਿਧਿ ਅਨਿਕ ਪ੍ਰਕਾਰ
।। 1 ।।
ਅਣਗਿਣਤ ਪ੍ਰਭੂ ਦੇ ਦਾਸ ਉਸ ਦੀ ਵਡਿਆਈ ਕਰਨ ਵਿੱਚ ਲੱਗੇ ਰਹਿੰਦੇ ਹਨ ਪਰ
ਇਸ ਦੇ ਬਾਵਜੂਦ ਉਸ ਈਸ਼ਵਰ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਸ ਨੂੰ ਅਤੇ ਉਸ ਦੀ ਵਡਿਆਈ ਨੂੰ
ਸੰਪੂਰਨ ਰੂਪ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਉਸ ਪ੍ਰਭੂ ਨੇ ਇਹ ਜੋ ਸ੍ਰਿਸ਼ਟੀ ਦੀ ਰਚਨਾ ਕੀਤੀ
ਹੈ, ਇਸ ਨੂੰ ਵੇਖ ਕੇ ਉਸ ਦੀ ਵਡਿਆਈ ਹੀ ਕੀਤੀ ਜਾ ਸਕਦੀ ਹੈ ਪਰ ਇਸ ਨੂੰ ਸਮਝ ਸਕਣਾ, ਇਸ ਦੀ
ਵਿਉਂਤਬੰਦੀ ਦੀ ਤਹਿ ਤੱਕ ਪਹੁੰਚ ਸਕਣਾ ਸੰਭਵ ਨਹੀਂ। ਈਸ਼ਵਰ ਨੇ ਇਸ ਸ੍ਰਿਸ਼ਟੀ ਦੀ ਰਚਨਾ ਕਰਦਿਆਂ ਇਸ
ਵਿੱਚ ਅਥਾਹ ਵਿਭਿੰਨਤਾ ਭਰ ਦਿੱਤੀ ਹੈ, ਏਨੀ ਕਿਸਮ ਦੇ ਜੀਵ ਅਤੇ ਆਕਾਰ ਸਿਰਜੇ ਹਨ ਜਿਨ੍ਹਾਂ ਨੂੰ
ਵੇਖ ਕੇ ਕੇਵਲ ਵਾਹ ਵਾਹ ਹੀ ਕਿਹਾ ਜਾ ਸਕਦਾ ਹੈ, ਕੋਈ ਤਰਕ ਕਰਨਾ ਜਾਂ ਇਸ ਦੀ ਤਹਿ ਤੱਕ ਪਹੁੰਚਣਾ
ਮੁਮਕਿਨ ਨਹੀਂ।
ਅਸਟਪਦੀ ।।
ਕਈ ਕੋਟਿ ਹੋਏ ਪੂਜਾਰੀ ।। ਕਈ ਕੋਟਿ ਆਚਾਰ
ਬਿਉਹਾਰੀ ।।
ਇਸ ਸੰਸਾਰ ਵਿੱਚ ਕ੍ਰੋੜਾਂ ਦੀ ਗਿਣਤੀ ਵਿੱਚ ਈਸ਼ਵਰ ਦੀ ਪੂਜਾ ਕਰਨ ਵਾਲ਼ੇ
ਭਗਤ ਜਨ ਹਨ। ਕ੍ਰੋੜਾਂ ਹੀ ਉੱਚੇ ਆਚਰਣ ਵਾਲ਼ੇ, ਉੱਤਮ ਵਿਉਹਾਰ ਵਾਲ਼ੇ ਮਹਾਂ ਪੁਰਖ ਹਨ।
ਕਈ ਕੋਟਿ ਭਏ ਤੀਰਥ ਵਾਸੀ ।। ਕਈ ਕੋਟਿ ਬਨ
ਭ੍ਰਮਹਿ ਉਦਾਸੀ ।।
ਸੰਸਾਰ ਵਿੱਚ ਕ੍ਰੋੜਾਂ ਹੀ ਵਿਅਕਤੀ ਅਜਿਹੇ ਹਨ ਜੋ ਤੀਰਥ ਸਥਾਨਾਂ ਤੇ ਜਾ
ਕੇ ਅਤੇ ਉੱਥੇ ਨਿਵਾਸ ਕਰ ਕੇ ਈਸ਼ਵਰ ਦੀ ਭਾਲ਼ ਕਰਦੇ ਹਨ। ਕ੍ਰੋੜਾਂ ਦੀ ਗਿਣਤੀ ਵਿੱਚ ਲੋਕ ਸੰਸਾਰ
ਨੂੰ ਤਿਆਗ ਕੇ, ਉਦਾਸ ਧਾਰਨ ਕਰਕੇ, ਜੰਗਲ਼ਾਂ ਵਿੱਚ ਜਾ ਕੇ, ਉਸ ਨੂੰ ਲੱਭਦੇ ਹਨ।
ਕਈ ਕੋਟਿ ਬੇਦ ਕੇ ਸ੍ਰੋਤੇ ।। ਕਈ ਕੋਟਿ ਤਪੀਸੁਰ
ਹੋਤੇ ।।
ਕ੍ਰੋੜਾਂ ਹੀ ਲੋਕ ਵੇਦਾਂ ਦੇ ਪਾਠ ਨੂੰ ਸੁਣ ਸੁਣ ਕੇ ਅਤੇ ਵਿਚਾਰ ਵਿਚਾਰ
ਕੇ ਉਸ ਨੂੰ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਕ੍ਰੋੜਾਂ ਹੀ ਲੋਕ ਤਰਾਂ ਤਰਾਂ ਦੀ ਤਪੱਸਿਆ ਕਰ ਕਰ ਕੇ ਉਸ ਨੂੰ ਪਾਉਣ ਦਾ
ਯਤਨ ਕਰਦੇ ਹਨ।
ਕਈ ਕੋਟਿ ਆਤਮ ਧਿਆਨੁ ਧਾਰਹਿ ।। ਕਈ ਕੋਟਿ ਕਬਿ
ਕਾਬਿ ਬੀਚਾਰਹਿ ।।
ਕ੍ਰੋੜਾਂ ਹੀ ਲੋਕ ਅੰਤਰ ਧਿਆਨ ਹੋ ਕੇ, ਸਮਾਧੀ ਲਾ ਲਾ ਕੇ, ਉਸ ਪ੍ਰਭੂ
ਨੂੰ ਪਾਉਣ ਦੀ, ਉਸ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ। ਕ੍ਰੋੜਾਂ ਲੋਕ ਅਜਿਹੇ ਵੀ ਹਨ ਜਿਹੜੇ
ਕਵਿਤਾ ਦੇ ਰਾਹੀਂ ਉਸ ਦੇ ਗੁਣਾਂ ਦਾ ਗਾਇਨ ਕਰ ਕਰ ਕੇ ਉਸ ਦੀ ਖੁਸ਼ੀ ਪ੍ਰਾਪਤ ਕਰਨ ਦਾ, ਉਸ ਨੂੰ
ਜਾਣਨ ਦਾ, ਯਤਨ ਕਰਦੇ ਹਨ।
ਕਈ ਕੋਟਿ ਨਵਤਨ ਨਾਮ ਧਿਆਵਹਿ ।। ਨਾਨਕ ਕਰਤੇ ਕਾ
ਅੰਤੁ ਨ ਪਾਵਹਿ ।। 1 ।।
ਕ੍ਰੋੜਾਂ ਲੋਕ ਨਿੱਤ ਨਵੇਂ ਨਵੇਂ ਨਾਂਵਾਂ
ਨਾਲ਼ ਉਸ ਨੂੰ ਧਿਆ ਕੇ, ਉਸ ਦਾ ਸਿਮਰਨ ਕਰ ਕੇ, ਉਸ ਤੱਕ ਪਹੁੰਚਣ ਦੀ ਦੌੜ ਵਿੱਚ ਲੱਗੇ ਰਹਿੰਦੇ ਹਨ।
ਪਰ ਇਨ੍ਹਾਂ ਸਭ ਦੇ ਯਤਨਾਂ ਦੇ ਬਾਵਜੂਦ ਕੋਈ ਵੀ ਉਸ ਦਾ ਅੰਤ ਨਹੀਂ ਪਾ ਸਕਦਾ।
ਕਈ ਕੋਟਿ ਭਏ ਅਭਿਮਾਨੀ ।। ਕਈ ਕੋਟਿ ਅੰਧ ਅਗਿਆਨੀ
।।
ਕ੍ਰੋੜਾਂ ਲੋਕ ਸੰਸਾਰ ਵਿੱਚ ਅਜਿਹੇ ਹਨ ਜਿਹੜੇ ਅਪਣੇ ਵਿਸ਼ਾਲ ਗਿਆਨ ਦੇ
ਕਾਰਨ ਹਉਮੈ ਦਾ ਸ਼ਿਕਾਰ ਹੋ ਜਾਂਦੇ ਹਨ। ਦੂਜੇ ਪਾਸੇ ਕ੍ਰੋੜਾਂ ਹੀ ਲੋਕ ਅਜਿਹੇ ਵੀ ਹਨ ਜਿਹੜੇ
ਅਗਿਆਨਤਾ ਦੇ ਹਨ੍ਹੇਰੇ ਵਿੱਚ ਵਸਦੇ ਹਨ, ਜਿਨ੍ਹਾਂ ਨੂੰ ਪ੍ਰਮਾਤਮਾ ਦੀ ਉੱਕਾ ਹੀ ਕੋਈ ਸਮਝ ਨਹੀਂ।
ਕਈ ਕੋਟਿ ਕਿਰਪਨ ਕਠੋਰ ।। ਕਈ ਕੋਟਿ ਅਭਿਗ ਆਤਮ
ਨਿਕੋਰ ।।
ਕ੍ਰੋੜਾਂ ਲੋਕ ਅਜਿਹੇ ਹਨ ਜੋ ਅਤਿ ਦਰਜੇ ਦੇ ਕੰਜੂਸ ਹਨ, ਅਪਣਾ ਕੀਮਤੀ
ਸਮਾਂ ਈਸ਼ਵਰ ਦੀ ਖੋਜ ਵਿੱਚ ਖਰਚ ਕਰਨਾ ਹੀ ਨਹੀਂ ਚਾਹੁੰਦੇ। ਕ੍ਰੋੜਾਂ ਲੋਕ ਸੰਸਾਰ ਅਤੇ ਪ੍ਰਮਾਤਮਾ
ਦੋਹਾਂ ਤੋ ਹੀ ਪੂਰੀ ਤਰਾਂ ਅਭਿੱਜ ਹਨ। ਉਨ੍ਹਾਂ ਦੇ ਮਨ ਵਿੱਚ ਨਾ ਤਾਂ ਸੰਸਾਰਿਕ ਪਦਾਰਥਾਂ ਨਾਲ਼
ਪਿਆਰ ਹੁੰਦਾ ਹੈ ਅਤੇ ਨਾ ਹੀ ਪ੍ਰਮਾਤਮਾ ਨੂੰ ਪਾਉਣ ਦੀ ਇੱਛਾ। ਉਹ ਕੋਰੇ ਕਾਗਜ਼ ਵਾਂਗ ਹੁੰਦੇ ਹਨ
ਜਿਸ ਤੇ ਕੁੱਝ ਵੀ ਲਿਖਿਆ ਨਹੀਂ ਹੁੰਦਾ।
ਕਈ ਕੋਟਿ ਪਰ ਦਰਬ ਕਉ ਹਿਰਹਿ ।। ਕਈ ਕੋਟਿ ਪਰਿ
ਦੂਖਨਾ ਕਰਹਿ ।।
ਕ੍ਰੋੜਾਂ ਲੋਕ ਅਜਿਹੇ ਹਨ ਜੋ ਧਨ ਇਕੱਠਾ ਕਰਨਾ ਹੀ ਜੀਵਨ ਦਾ ਮਨੋਰਥ
ਸਮਝਦੇ ਹਨ ਅਤੇ ਸਦਾ ਹੀ ਪਰਾਏ ਧਨ ਨੂੰ ਹਥਿਆਉਣ ਦੀ ਦੌੜ ਵਿੱਚ ਲੱਗੇ ਰਹਿੰਦੇ ਹਨ। ਕ੍ਰੋੜਾਂ ਲੋਕ
ਅਜਿਹੇ ਵੀ ਹਨ ਜਿਨ੍ਹਾਂ ਦਾ ਇੱਕੋ ਇੱਕ ਮਨੋਰਥ ਦੂਜਿਆਂ ਨੂੰ ਦੁੱਖ ਦੇਣਾ ਹੁੰਦਾ ਹੈ, ਜਿਨ੍ਹਾਂ
ਨੂੰ ਦੂਜਿਆਂ ਨੂੰ ਦੁਖੀ ਦੇਖ ਕੇ ਹੀ ਖੁਸ਼ੀ ਹੁੰਦੀ ਹੈ।
ਕਈ ਕੋਟਿ ਮਾਇਆ ਸ੍ਰਮ ਮਾਹਿ ।। ਕਈ ਕੋਟਿ ਪਰਦੇਸ
ਭ੍ਰਮਾਹਿ ।।
ਕ੍ਰੋੜਾਂ ਲੋਕ ਸਾਰੀ ਉਮਰ ਧਨ ਪ੍ਰਾਪਤ ਕਰਨ ਦੀ ਦੌੜ ਵਿੱਚ ਹੀ ਲੱਗੇ
ਰਹਿੰਦੇ ਹਨ। ਇਹ ਲੋਕ ਸਾਰੀ ਉਮਰ ਵੱਧ ਤੋਂ ਵੱਧ ਧਨ ਇਕੱਠਾ ਕਰਨ ਦੇ ਲਈ ਸਿਰਤੋੜ ਮਿਹਨਤ ਕਰਦੇ ਹਨ।
ਕ੍ਰੋੜਾਂ ਲੋਕ ਖੁਸ਼ੀ ਪ੍ਰਾਪਤ ਕਰਨ ਦੇ ਲਈ ਘਰ ਛੱਡ ਕੇ ਦੂਰ ਦੁਰਾਡੇ ਦੇਸ਼ਾਂ ਵਿੱਚ ਘੁੰਮਦੇ ਰਹਿੰਦੇ
ਹਨ।
ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਨਾ ।। ਨਾਨਕ
ਕਰਤੇ ਕੀ ਜਾਨੈ ਕਰਤਾ ਰਚਨਾ ।। 2 ।।
ਅਸਲ ਵਿੱਚ ਇਨ੍ਹਾਂ ਵਿੱਚੋਂ ਕੋਈ ਵੀ ਅਪਣੀ ਮਰਜ਼ੀ ਦਾ ਮਾਲਕ ਨਹੀਂ
ਹੁੰਦਾ। ਉਨ੍ਹਾਂ ਨੂੰ ਇਨ੍ਹਾਂ ਵੱਖ ਵੱਖ ਰਸਤਿਆਂ ਤੇ ਤੋਰਨ ਵਾਲ਼ੀ ਸ਼ਕਤੀ ਉਸ ਮਾਲਕ ਦੀ ਹੁੰਦੀ ਹੈ। ਜੀਵ ਉਸ ਪਾਸੇ ਹੀ ਲੱਗਦਾ ਹੈ ਜਿਸ ਪਾਸੇ
ਮਾਲਕ ਉਸ ਨੂੰ ਲਾਉਂਦਾ ਹੈ। ਗੁਰੂ ਜੀ ਕਹਿੰਦੇ ਹਨ ਕਿ ਸਿਰਜਣਹਾਰ ਪ੍ਰਮਾਤਮਾ ਅਪਣੀ ਬਣਾਈ ਇਸ ਰਚਨਾ
ਨੂੰ ਆਪ ਹੀ ਸਮਝ ਸਕਦਾ ਹੈ, ਕਿਸੇ ਜੀਵ ਵਿੱਚ ਏਨੀ ਸਿਆਣਪ ਨਹੀਂ ਕਿ ਉਹ ਇਸ ਰਚਨਾ ਨੂੰ ਸਮਝ ਸਕੇ।
ਬੇਅੰਤ ਦਾਰਸ਼ਨਿਕ ਇਹ ਸਮਝਣ ਲਈ ਸਿਰਖਪਾਈ ਕਰਦੇ ਰਹੇ ਹਨ ਕਿ ਕਰਤੇ ਨੇ ਇਹ ਸ੍ਰਿਸ਼ਟੀ ਕਿਉਂ ਸਾਜੀ,
ਉਸ ਦਾ ਮਨੋਰਥ ਕੀ ਸੀ, ਜੋ ਕੁੱਝ ਇਸ ਵਿੱਚ ਹੋ ਰਿਹਾ ਹੈ ਉਹ ਕਿਉਂ ਹੋ ਰਿਹਾ ਹੈ, ਜੀਵਾਂ ਦੇ
ਸੁਭਾਅ ਵੱਖੋ ਵੱਖਰੇ ਕਿਉਂ ਹਨ ਪਰ ਉਨ੍ਹਾਂ ਵਿੱਚੋਂ ਕੋਈ ਵੀ ਇਨ੍ਹਾਂ ਸਵਾਲਾਂ ਦੇ ਸੰਤੋਸ਼ਜਨਕ ਉੱਤਰ
ਨਹੀਂ ਲੱਭ ਸਕਿਆ। ਹਰ ਇੱਕ ਦਾ ਆਪੋ ਅਪਣਾ ਮਤ ਹੈ ਪਰ ਕੋਈ ਵੀ ਮਤ ਸਰਬ ਪ੍ਰਵਾਣਿਤ ਨਹੀਂ। ਬੱਸ ਇਹ
ਹੀ ਕਹਿ ਸਕਦੇ ਹਾਂ – ਸੋਈ ਜਾਣੈ ਜਿਸ ਕਾਰਣ ਕੀਆ। ਅਪਣੀ ਇਸ ਰਚਨਾ ਦੇ ਉਦੇਸ਼ ਅਤੇ ਵਿਉਂਤਬੰਦੀ ਨੂੰ
ਕੇਵਲ ਉਹ ਕਰਤਾ ਹੀ ਜਾਣਦਾ ਅਤੇ ਸਮਝਦਾ ਹੈ ਜਿਸ ਨੇ ਇਹ ਰਚਨਾ ਰਚੀ ਹੈ।
ਕਈ ਕੋਟਿ ਸਿਧ ਜਤੀ ਜੋਗੀ ।। ਕਈ ਕੋਟਿ
ਰਾਜੇ ਰਸ ਭੋਗੀ ।।
ਦੁਨੀਆਂ ਵਿੱਚ ਕ੍ਰੋੜਾਂ ਲੋਕ ਹਨ ਜਿਨ੍ਹਾਂ ਨੇ ਸਾਧਨਾ ਕਰ ਕਰ ਕੇ ਤਰਾਂ
ਤਰਾਂ ਦੀਆਂ ਚਮਤਕਾਰੀ ਸ਼ਕਤੀਆਂ ਹਾਸਲ ਕਰ ਲਈਆਂ ਹਨ। ਕ੍ਰੋੜਾਂ ਜਤੀ ਲੋਕ ਹਨ ਜੋ ਅਪਣੇ ਇੰਦ੍ਰਿਆਂ
ਤੇ ਨਿਯੰਤਰਣ ਰੱਖ ਕੇ ਸੰਜਮ ਜਾ ਜੀਵਨ ਬਤੀਤ ਕਰਦੇ ਹਨ. ਕ੍ਰੋੜਾਂ ਹੀ ਘਰ ਬਾਰ ਤਿਆਗ ਕੇ ਜੋਗੀ ਬਣ
ਗਏ ਹਨ ਅਤੇ ਮੰਗ ਖਾ ਕੇ ਗੁਜ਼ਾਰਾ ਕਰਦੇ ਹਨ। ਕ੍ਰੋੜਾਂ ਹੀ ਰਾਜੇ ਹਨ ਜੋ ਅਥਾਹ ਤਾਕਤ ਦੇ ਮਾਲਕ ਹਨ
ਅਤੇ ਜੀਵਨ ਦੇ ਹਰ ਰਸ ਨੂੰ ਭੋਗ ਕੇ ਖੁਸ਼ੀ ਪ੍ਰਾਪਤ ਕਰਨਾ ਚਾਹੁੰਦੇ ਹਨ।
ਕਈ ਕੋਟਿ ਪੰਖੀ ਸਰਪ ਉਪਾਏ ।। ਕਈ ਕੋਟਿ ਪਾਥਰ
ਬਿਰਖ ਨਿਪਜਾਏ ।।
ਕ੍ਰੋੜਾਂ ਕਿਸਮ ਦੇ ਜੀਵ ਜੰਤੂ ਇਸ ਸੰਸਾਰ ਵਿੱਚ ਹਨ, ਤਰਾਂ ਤਰਾਂ ਦੇ
ਆਕਾਸ਼ ਵਿੱਚ ਉਡਣ ਵਾਲ਼ੇ ਪੰਛੀ ਹਨ, ਧਰਤੀ ਤੇ ਰੀਂਗਣ ਵਾਲ਼ੇ ਸੱਪਾਂ ਵਰਗੇ ਜਾਨਵਰ ਹਨ। ਅਨੇਕਾਂ ਹੀ
ਕਿਸਮਾਂ ਪੱਥਰਾਂ ਅਤੇ ਪੇੜ ਪੌਦਿਆਂ ਦੀਆਂ ਕਰਤੇ ਨੇ ਸਿਰਜੀਆਂ ਹੋਈਆਂ ਹਨ।
ਕਈ ਕੋਟਿ ਪਵਣ ਪਾਣੀ ਬੈਸੰਤਰ ।। ਕਈ ਕੋਟਿ ਦੇਸ
ਭੂ ਮੰਡਲ ।।
ਕ੍ਰੋੜਾਂ ਕਿਸਮ ਦੀ ਹਵਾ, ਕ੍ਰੋੜਾਂ ਤਰਾਂ ਦਾ ਪਾਣੀ, ਕ੍ਰੋੜਾਂ ਭਾਂਤ ਦੀ
ਅੱਗ ਇਸ ਸ੍ਰਿਸ਼ਟੀ ਵਿੱਚ ਪਾਏ ਜਾਂਦੇ ਹਨ। ਸਾਡਾ ਇਹ ਸੌਰ ਮੰਡਲ ਹੀ ਇੱਕੋ ਇੱਕ ਭੂ ਮੰਡਲ ਨਹੀਂ। ਇਸ
ਤਰਾਂ ਦੇ ਹੋਰ ਪਤਾ ਨਹੀਂ ਕਿੰਨੇ ਕੁ ਭੂ ਮੰਡਲ ਕਰਤੇ ਨੇ ਸਿਰਜੇ ਹੋਏ ਹਨ।
ਕਈ ਕੋਟਿ ਸਸੀਅਰ ਸੂਰ ਨਖ੍ਯਤ੍ਰ ।। ਕਈ ਕੋਟਿ ਦੇਵ
ਦਾਨਵ ਇੰਦ੍ਰ ਸਿਰਿ ਛਤ੍ਰ ।।
ਸਾਨੂੰ ਕੇਵਲ ਇੱਕ ਸੂਰਜ, ਇੱਕ ਚੰਦ ਅਤੇ ਕੁੱਝ ਕੁ ਗ੍ਰਹਿਆਂ ਦਾ ਪਤਾ
ਹੈ। ਪਰ ਗੁਰੂ ਜੀ ਦੱਸਦੇ ਹਨ ਕਿ ਇਸ ਤਰਾਂ ਦੇ ਕ੍ਰੋੜਾਂ ਹੀ ਸੂਰਜ, ਚੰਦ ਅਤੇ ਗ੍ਰਹਿ ਸ੍ਰਿਸ਼ਟੀ ਦਾ
ਹਿੱਸਾ ਹਨ। ਸਾਡਾ ਗਿਆਨ ਕੁੱਝ ਕੁ ਦੇਵੀ ਦੇਵਤਿਆਂ, ਦੈਂਤਾਂ ਅਤੇ ਦੇਵ-ਰਾਜ ਇੰਦਰ ਤੱਕ ਸੀਮਤ ਹੈ।
ਪਰ ਅਸਲ ਵਿੱਚ ਇਨ੍ਹਾਂ ਦੇਵੀ ਦੇਵਤਿਆਂ, ਦੈਂਤਾਂ ਅਤੇ ਛਤ੍ਰਧਾਰੀ ਇੰਦਰ ਦੇਵਤਿਆਂ ਦੀ ਗਿਣਤੀ
ਕ੍ਰੋੜਾਂ ਵਿੱਚ ਹੈ।
ਸਗਲ ਸਮਗ੍ਰੀ ਅਪਨੈ ਸੂਤਿ ਧਾਰੈ ।। ਨਾਨਕ ਜਿਸੁ
ਜਿਸੁ ਭਾਵੈ ਤਿਸੁ ਤਿਸੁ ਨਿਸਤਾਰੈ ।। 3 ।।
ਇਸ ਸਾਰੀ ਸ੍ਰਿਸ਼ਟੀ ਨੂੰ ਪ੍ਰਮਾਤਮਾ ਨੇ ਅਪਣੇ ਹੁਕਮ ਵਿੱਚ ਰੱਖਿਆ ਹੋਇਆ
ਹੈ, ਅਪਣੇ ਨਿਯਮਾਂ ਵਿੱਚ ਬੰਨ੍ਹਿਆਂ ਹੋਇਆ ਹੈ। ਇਹ ਸਾਰੇ ਉਸ ਦੇ ਬਣਾਏ ਅਸੂਲਾਂ ਦਾ ਪਾਲਣ ਕਰਦੇ
ਹਨ। ਗੁਰੂ ਜੀ ਦਾ ਫੁਰਮਾਨ ਹੈ ਕਿ ਸਰਬ-ਸ਼ਕਤੀਮਾਨ ਈਸ਼ਵਰ ਜਿਸ ਜਿਸ ਦਾ ਚਾਹੁੰਦਾ ਹੈ ਕਲਿਆਣ ਕਰ
ਦਿੰਦਾ ਹੈ। ਜਿਨ੍ਹਾਂ ਉੱਤੇ ਉਸ ਦੀ ਮਿਹਰ ਹੋ ਜਾਂਦੀ ਹੈ ਉਨ੍ਹਾਂ ਦਾ ਬੇੜਾ ਪਾਰ ਲੱਗ ਜਾੰਦਾ ਹੈ।
ਅਪਣੀ ਅਕਲ ਅਤੇ ਸਿਆਣਪ ਨਾਲ਼ ਕੋਈ ਕੁੱਝ ਹਾਸਲ ਨਹੀਂ ਕਰ ਸਕਦਾ।
ਕਈ ਕੋਟਿ ਰਾਜਸ ਤਾਮਸ ਸਾਤਕ ।। ਕਈ ਕੋਟਿ ਬੇਦ
ਪੁਰਾਨ ਸਿਮ੍ਰਿਤਿ ਅਰੁ ਸਾਸਤ ।।
ਕ੍ਰੋੜਾਂ ਹੀ ਜੀਵ ਸਤੋਗੁਣ ਦੇ ਮਾਲਕ ਹਨ ਜੋ ਸ਼ਾਂਤੀ, ਦਯਾ, ਦਾਨ, ਖਿਮਾ
ਅਤੇ ਪ੍ਰਸੰਨਤਾ ਦੇਣ ਵਿੱਚ ਵਿਸ਼ਵਾਸ਼ ਰੱਖਦੇ ਹਨ, ਕ੍ਰੋੜਾਂ ਜੀਵ ਰਜੋਗੁਣ ਦੇ ਧਾਰਨੀ ਹਨ ਜੋ ਮੋਹ
ਅਤੇ ਅਹੰਕਾਰ ਵੱਲ ਝੁਕਾ ਰੱਖਦੇ ਹਨ ਅਤੇ ਕ੍ਰੋੜਾਂ ਜੀਵ ਤਮੋਗੁਣ ਵਾਲ਼ੇ ਹਨ ਜਿਨ੍ਹਾਂ ਤੇ ਅਗਿਆਨ
ਅਤੇ ਕ੍ਰੋਧ ਭਾਰੂ ਹੁੰਦੇ ਹਨ। ਸੰਸਾਰ ਵਿੱਚ ਕ੍ਰੋੜਾਂ ਹੀ ਵੇਦ ਹਨ, ਕ੍ਰੋੜਾਂ ਪੁਰਾਨ ਹਨ ਅਤੇ
ਕ੍ਰੋੜਾਂ ਸਿਮ੍ਰਤੀਆਂ ਅਤੇ ਸ਼ਾਸ਼ਤਰ ਹਨ।
ਸਤੋ -
ਸ਼ਾਂਤੀ, ਦਯਾ, ਦਾਨ, ਖਿਮਾ, ਪ੍ਰਸੰਨਤਾ
ਰਜੋ –
ਮੋਹ ਅਹੰਕਾਰ ਤਮੋ – ਅੰਧਕਾਰ,
ਅਗਿਆਨ, ਕ੍ਰੋਧ
ਕਈ ਕੋਟਿ ਕੀਏ ਰਤਨ ਸਮੁੰਦ ।। ਕਈ ਕੋਟਿ ਨਾਨਾ
ਪ੍ਰਕਾਰ ਜੰਤ ।।
ਦੁਨੀਆਂ ਵਿੱਚ ਕ੍ਰੋੜਾਂ ਕਿਸਮ ਦੇ ਰਤਨ ਹਨ ਅਤੇ ਕ੍ਰੋੜਾਂ ਹੀ ਸਮੁੰਦਰ
ਹਨ। ਕ੍ਰੋੜਾਂ ਹੀ ਕਿਸਮ ਦੇ ਤਰਾਂ ਤਰਾਂ ਦੇ ਜੀਵ ਜੰਤੂ ਇਸ ਸੰਸਾਰ ਵਿੱਚ ਪਾਏ ਜਾਂਦੇ ਹਨ।
ਕਈ ਕੋਟਿ ਕੀਏ ਚਿਰ ਜੀਵੇ ।। ਕਈ ਕੋਟਿ ਗਿਰੀ ਮੇਰ
ਸੁਵਰਨ ਥੀਵੇ ।।
ਕ੍ਰੋੜਾਂ ਹੀ ਇਸ ਤਰਾਂ ਦੇ ਜੀਵ ਹਨ ਜਿਹੜੇ ਬਹੁਤ ਲੰਮੀ ਉਮਰ ਪਾਉਂਦੇ
ਹਨ। ਕ੍ਰੋੜਾਂ ਹੀ ਸੁਮੇਰ ਪਰਬਤ ਵਰਗੇ ਸੋਨੇ ਦੇ ਪਹਾੜ ਇਸ ਸੰਸਾਰ ਵਿੱਚ ਪਾਏ ਜਾਂਦੇ ਹਨ।
ਕਈ ਕੋਟਿ ਜਖ੍ਯ ਕਿੰਨਰ ਪਿਸਾਚ ।। ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ ।।
ਕ੍ਰੋੜਾਂ ਦੀ ਗਿਣਤੀ ਵਿੱਚ ਵੱਖ ਵੱਖ ਤਰਾਂ ਦੇ ਦੇਵਤੇ - ਯਕ੍ਸ਼ (ਕੁਬੇਰ
ਦੇ ਸੇਵਕ ਦੇਵਤੇ), ਕਿੰਨਰ (ਆਦਮੀ ਦੇ ਧੜ ਅਤੇ ਘੋੜੇ ਦੇ ਮੂੰਹ ਵਾਲ਼ੇ ਬਦਸੂਰਤ ਦੇਵਤੇ) ਜੋ
ਦੇਵਤਿਆਂ ਦੀਆਂ ਸਭਾਵਾਂ ਵਿੱਚ ਨਾਚ ਕਰਦੇ ਹਨ ਅਤੇ ਕਰੋੜਾਂ ਹੀ ਪਿਸਾਚ (ਯਕਸ਼ਾਂ ਨਾਲ਼ੋਂ ਨੀਂਵੀਂ
ਸ਼੍ਰੇਣੀ ਦੇ ਦੇਵਤੇ) ਇਸ ਸ੍ਰਿਸ਼ਟੀ ਵਿੱਚ ਈਸ਼ਵਰ ਨੇ ਸਿਰਜੇ ਹੋਏ ਹਨ। ਕ੍ਰੋੜਾਂ ਹੀ ਭੂਤ ਅਤੇ
ਪ੍ਰੇਤ, ਸੂਰ ਦੀ ਸ਼੍ਰੇਣੀ ਦੇ ਗੰਦ ਖਾਣ ਵਾਲ਼ੇ ਜੀਵ ਅਤੇ ਸ਼ੇਰਾਂ ਵਰਗੇ ਮਾਂਸਾਹਾਰੀ ਜੀਵ ਸ੍ਰਿਸ਼ਟੀ
ਦੇ ਵਿੱਚ ਵੇਖਣ ਨੂੰ ਮਿਲਦੇ ਹਨ।
ਸਬ ਤੇ ਨੇਰੈ ਸਭਹੂ ਤੇ ਦੂਰਿ ।। ਨਾਨਕ ਆਪਿ
ਅਲਿਪਤੁ ਰਹਿਆ ਭਰਪੂਰਿ ।। 4 ।।
ਕਰਤਾ ਪੁਰਖ ਅਪਣੇ ਸਿਰਜੇ ਇਨ੍ਹਾਂ ਸਾਰੇ ਜੀਵਾਂ ਦੇ ਨੇੜੇ ਹੈ, ਉਨ੍ਹਾਂ
ਦੇ ਅੰਦਰ ਵਸਦਾ ਹੈ। ਉਹ ਸਭ ਤੋਂ ਹੀ ਦੂਰ ਵੀ ਹੈ ਕਿਉਂਕਿ ਉਹ ਕਿਸੇ ਵਿੱਚ ਵੀ ਅਤੇ ਕਿਸੇ ਨੂੰ ਵੀ ਦਿਖਾਈ
ਨਹੀਂ ਦਿੰਦਾ। ਉਹ ਸਭ ਦੇ ਅੰਦਰ ਹੈ ਪਰ ਅੰਦਰ ਹੁੰਦਾ ਹੋਇਆ ਵੀ ਸਭ ਤੋਂ ਨਿਰਲੇਪ ਰਹਿੰਦਾ ਹੈ।
ਕਈ ਕੋਟਿ ਪਾਤਾਲ ਕੇ ਵਾਸੀ ।। ਕਈ ਕੋਟਿ ਨਰਕ ਸੁਰਗ
ਨਿਵਾਸੀ ।।
ਕ੍ਰੋੜਾਂ ਹੀ ਜੀਵ ਪਾਤਾਲ਼ ਲੋਕ ਵਿੱਚ ਵਸਦੇ ਹਨ ਅਤੇ ਕ੍ਰੋੜਾਂ ਹੀ ਜੀਵ ਨਰਕ
ਵਿੱਚ ਵਸਦੇ ਹਨ ਅਤੇ ਕ੍ਰੋੜਾਂ ਹੀ ਜੀਵ ਸੁਰਗ ਲੋਕ ਵਿੱਚ ਨਿਵਾਸ ਕਰ ਰਹੇ ਹਨ।
ਕਈ ਕੋਟਿ ਜਨਮਹਿ ਜੀਵਹਿ ਮਰਹਿ ।। ਕਈ ਕੋਟਿ ਬਹੁ
ਜੋਨੀ ਫਿਰਹਿ ।।
ਕ੍ਰੋੜਾਂ ਜੀਵ ਹਰ ਰੋਜ਼ ਜਨਮ ਲੈਂਦੇ ਹਨ ਅਤੇ ਕ੍ਰੋੜਾਂ ਹੀ ਮਰਦੇ ਹਨ ਅਤੇ
ਇਸ ਤਰਾਂ ਸਦਾ ਲਈ ਜਨਮ ਮਰਨ ਦੇ ਚੱਕਰ ਵਿੱਚ ਪਏ ਰਹਿੰਦੇ ਹਨ। ਕ੍ਰੋੜਾਂ ਹੀ ਆਤਮਾਵਾਂ ਅਨੇਕਾਂ ਕਿਸਮ
ਦੀਆਂ ਜੂਨਾਂ ਵਿੱਚ ਚੱਕਰ ਕੱਟਦੀਆਂ ਰਹਿੰਦੀਆਂ ਹਨ। ਕਦੇ ਇੱਕ ਜੂਨ ਵਿੱਚ ਪੈਂਦੀਆਂ ਹਨ ਅਤੇ
ਕਦੇ ਦੂਜੀ ਵਿੱਚ ਅਤੇ ਇਸ ਤਰਾਂ ਇਹ ਚੱਕਰ ਲਗਾਤਾਰ ਚੱਲਦਾ ਰਹਿੰਦਾ ਹੈ।
ਕਈ ਕੋਟਿ ਬੈਠਤ ਹੀ ਖਾਹਿ ।। ਕਈ ਕੋਟਿ ਘਾਲਹਿ ਥਕਿ
ਪਾਹਿ ।।
ਕ੍ਰੋੜਾਂ ਲੋਕ ਹਨ ਜੋ ਡੱਕਾ ਭੰਨ ਕੇ ਦੂਹਰਾ ਨਹੀਂ ਕਰਦੇ, ਵਿਹਲੇ ਬੈਠ
ਕੇ ਆਰਾਮ ਦੀ ਰੋਟੀ ਖਾਂਦੇ ਹਨ। ਦੂਜੇ ਪਾਸੇ ਕ੍ਰੋੜਾਂ ਹੀ ਲੋਕ ਅਜਿਹੇ ਹਨ ਜੋ ਬੇਹੱਦ ਮਿਹਨਤ ਕਰਦੇ
ਹਨ, ਸਾਰਾ ਦਿਨ ਕੰਮ ਕਰ ਕਰ ਕੇ ਥੱਕ ਜਾਂਦੇ ਹਨ,
ਤਾਂ ਜਾ ਕੇ ਦੋ ਵਕਤ ਦੀ ਰੋਟੀ ਉਨ੍ਹਾਂ ਨੂੰ ਨਸੀਬ ਹੁੰਦੀ ਹੈ।
ਕਈ ਕੋਟਿ ਕੀਏ ਧਨਵੰਤ ।। ਕਈ ਕੋਟਿ ਮਾਇਆ ਮਹਿ
ਚਿੰਤ ।।
ਕ੍ਰੋੜਾਂ ਲੋਕ ਹਨ ਜੋ
ਬੇਅੰਤ ਧਨ ਦੇ ਮਾਲਕ ਹਨ। ਦੂਜੇ ਪਾਸੇ ਕ੍ਰੋੜਾਂ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਹਰ ਵੇਲ਼ੇ
ਗੁਜ਼ਾਰੇ ਜੋਗਾ ਧਨ ਕਮਾਉਣ ਦੀ ਚਿੰਤਾ ਲੱਗੀ ਰਹਿੰਦੀ ਹੈ।
ਜਹ ਜਹ ਭਾਣਾ ਤਹ ਤਹ ਰਾਖੇ ।। ਨਾਨਕ ਸਭ ਕਿਛੁ
ਪ੍ਰਭ ਕੈ ਹਾਥੇ ।। 5 ।।
ਜਿਸ ਜਿਸ ਹਾਲਤ ਵਿੱਚ ਉਹ ਪ੍ਰਮਾਤਮਾ ਕਿਸੇ ਨੂੰ ਰੱਖਣਾ ਚਾਹੁੰਦਾ ਹੈ
ਓਸੇ ਹਾਲਤ ਵਿੱਚ ਰੱਖਦਾ ਹੈ। ਸੰਸਾਰਿਕ ਜੀਵਾਂ ਉੱਤੇ ਬਖ਼ਸ਼ਿਸ਼ਾਂ ਕਰਨ ਦੀ ਸਾਰੀ ਸ਼ਕਤੀ ਉਸ ਮਾਲਕ ਦੇ
ਹੱਥ ਵਿੱਚ ਹੈ।
ਕਈ ਕੋਟਿ ਭਏ ਬੈਰਾਗੀ ।। ਰਾਮ ਨਾਮ ਸੰਗਿ ਤਿਨਿ
ਲਿਵ ਲਾਗੀ ।।
ਕ੍ਰੋੜਾਂ ਲੋਕ ਹਨ ਜੋ ਘਰ ਬਾਰ ਤਿਆਗ ਕੇ ਬੈਰਾਗੀ ਬਣ ਜਾਂਦੇ ਹਨ ਅਤੇ
ਉਨ੍ਹਾਂ ਦਾ ਧਿਆਨ ਰਾਮ ਨਾਮ ਨਾਲ਼ ਜੁੜ ਜਾਂਦਾ ਹੈ। ਉਹ ਸਾਰੀਆਂ ਸੰਸਾਰਿਕ ਵਸਤਾਂ ਦਾ ਮੋਹ ਤਿਆਗ ਕੇ
ਕੇਵਲ ਇੱਕ ਪ੍ਰਮਾਤਮਾ ਨਾਲ਼ ਪਿਆਰ ਕਰਨ ਲੱਗ ਪੈਂਦੇ ਹਨ।
ਕਈ ਕੋਟਿ ਪ੍ਰਭ ਕਉ ਖੋਜੰਤੇ ।। ਆਤਮ ਮਹਿ
ਪਾਰਬ੍ਰਹਮੁ ਲਹੰਤੇ ।।
ਕ੍ਰੋੜਾਂ ਇਨਸਾਨ ਪ੍ਰਮਾਤਮਾ ਦੀ ਖੋਜ ਵਿੱਚ ਲੱਗੇ ਰਹਿੰਦੇ ਹਨ ਅਤੇ ਅਪਣੀ
ਖੋਜ ਦੇ ਸਿੱਟੇ ਵਜੋਂ ਉਸ ਸਰਬ ਗਿਆਤਾ, ਸਰਬ ਸ਼ਕਤੀਮਾਨ ਨੂੰ ਅਪਣੇ ਅੰਦਰ ਹੀ ਪਾ ਲੈਂਦੇ ਹਨ।
ਕਈ ਕੋਟਿ ਦਰਸਨ ਪ੍ਰਭ ਪਿਆਸ ।। ਤਿਨ ਕਉ ਮਿਲਿਓ
ਪ੍ਰਭ ਅਬਿਨਾਸ ।।
ਕ੍ਰੋੜਾਂ ਲੋਕ ਹਨ ਜਿਨ੍ਹਾਂ ਨੂੰ ਹਰ ਵੇਲ਼ੇ ਈਸ਼ਵਰ ਦੇ ਦਰਸ਼ਨਾਂ ਦੀ ਤਾਂਘ
ਵਿਆਕੁਲ ਕਰੀ ਰੱਖਦੀ ਹੈ ਅਤੇ ਅੰਤ ਉਹ ਚੱਲਦੇ ਚੱਲਦੇ ਉਸ ਤੱਕ ਪਹੁੰਚ ਜਾਂਦੇ ਹਨ। ਉਨ੍ਹਾਂ ਦੇ ਯਤਨ
ਸਫਲ ਹੋ ਜਾਂਦੇ ਹਨ ਅਤੇ ਸਦਾ ਅਮਰ ਰਹਿਣ ਵਾਲ਼ਾ, ਕਦੇ ਨਾਸ ਨਾ ਹੋਣ ਵਾਲ਼ਾ ਪ੍ਰਮਾਤਮਾ ਉਨ੍ਹਾਂ ਨੂੰ
ਮਿਲ ਜਾਂਦਾ ਹੈ।
ਕਈ ਕੋਟਿ ਮਾਗਹਿ ਸਤਸੰਗੁ ।। ਪਾਰਬ੍ਰਹਮ ਤਿਨ
ਲਾਗਾ ਰੰਗੁ ।।
ਕ੍ਰੋੜਾਂ ਹਨ ਜਿਹੜੇ ਪਾਰਬ੍ਰਹਮ ਪ੍ਰਮਾਤਮਾ ਦੇ ਪਿਆਰ ਦੇ ਰੰਗ ਵਿੱਚ
ਰੰਗੇ ਹੋਏ ਹਨ ਅਤੇ ਜਿਨ੍ਹਾਂ ਨੂੰ ਹਰ ਵਕਤ ਸਤਿਸੰਗ ਕਰਨ ਦੀ ਤਾਂਘ ਰਹਿੰਦੀ ਹੈ। ਉਹ ਸਤਸੰਗ ਤੋਂ
ਬਿਨਾਂ ਹੋਰ ਕੁੱਝ ਨਹੀਂ ਮੰਗਦੇ।
ਜਿਨ ਕਉ ਹੋਏ ਆਪਿ ਸੁਪ੍ਰਸੰਨ ।। ਨਾਨਕ ਤੇ ਜਨ
ਸਦਾ ਧਨਿ ਧੰਨਿ ।। 6 ।।
। ਗੁਰੂ ਜੀ ਆਖਦੇ ਹਨ ਕਿ ਜਿਨ੍ਹਾਂ ਜੀਵਾਂ ਤੇ ਉਹ ਕਰਤਾ ਪੁਰਖ ਆਪ ਮਿਹਰਬਾਨ
ਹੋ ਜਾਂਦਾ ਹੈ, ਉਹ ਜੀਵ ਧੰਨ ਹੋ ਜਾਂਦੇ ਹਨ। ਉਹ ਆਤਮਿਕ ਉਚਾਈਆਂ ਨੂੰ ਛੋਹ ਲੈਂਦੇ ਹਨ, ਉਨ੍ਹਾਂ
ਦਾ ਉਸ ਪ੍ਰਭੂ ਦੇ ਨਾਲ਼ ਮਿਲਾਪ ਹੋ ਜਾਂਦਾ ਹੈ ਅਤੇ ਉਨ੍ਹਾਂ ਦਾ ਜੀਵਨ ਸਫਲ ਹੋ ਜਾਂਦਾ ਹੈ।
ਕਈ ਕੋਟਿ ਖਾਣੀ ਅਰੁ ਖੰਡ ।। ਕਈ ਕੋਟਿ
ਅਕਾਸ ਬ੍ਰਹਮੰਡ ।।
ਆਮ ਤੌਰ ਤੇ ਸੰਤਾਨ ਉਤਪਤੀ ਦੀ ਵਿਧੀ ਦੇ ਆਧਾਰ ਤੇ ਜੀਵਾਂ ਨੂੰ ਚਾਰ
ਸ਼੍ਰੇਣੀਆਂ (ਚਾਰ ਖਾਣੀਆਂ) ਵਿੱਚ ਵੰਡਿਆ ਜਾਂਦਾ ਹੈ – ਅੰਡਜ, ਜੇਰਜ, ਸੇਤਜ ਅਤੇ ਉਤਭੁਜ। ਪਰ ਗੁਰੂ
ਜੀ ਇੱਥੇ ਕਹਿੰਦੇ ਹਨ ਕਿ ਇਸ ਬ੍ਰਹਿਮੰਡ ਵਿੱਚ ਜੀਵਾਂ ਦੀਆਂ ਕ੍ਰੋੜਾਂ ਹੀ ਖਾਣੀਆਂ ਹਨ ਅਤੇ
ਬ੍ਰਹਿਮੰਡ ਦੇ ਕ੍ਰੋੜਾਂ ਹੀ ਖੰਡ ਹਨ। ਬ੍ਰਹਿਮੰਡ ਵੀ ਇੱਕ ਨਹੀਂ, ਕ੍ਰੋੜਾਂ ਬ੍ਰਹਿਮੰਡ ਹਨ ਅਤੇ
ਕ੍ਰੋੜਾਂ ਆਕਾਸ਼ ਹਨ। ਇਹ ਸ੍ਰਿਸ਼ਟੀ ਏਨੀ ਵਿਸ਼ਾਲ ਹੈ ਕਿ ਅਸੀਂ ਇਸ ਦਾ ਅੰਦਾਜ਼ਾ ਵੀ ਨਹੀਂ ਲਗਾ ਸਕਦੇ।
ਕਈ ਕੋਟਿ ਹੋਏ ਅਵਤਾਰ ।। ਕਈ ਜੁਗਤਿ ਕੀਨੋ
ਬਿਸਥਾਰ ।।
ਕ੍ਰੋੜਾਂ ਹੀ ਅਵਤਾਰ ਇਸ ਦੁਨੀਆਂ ਵਿੱਚ ਹੋਏ ਹਨ ਜਿਨ੍ਹਾਂ ਨੇ ਸੰਸਾਰ ਦੇ
ਜੀਵਾਂ ਨੂੰ ਜੀਵਨ ਦਾ ਸਹੀ ਰਸਤਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਕਈ ਤਰੀਕਿਆਂ ਨਾਲ਼ ਅਪਣੇ ਆਪ ਦਾ
ਪਸਾਰਾ ਕਰ ਕੇ ਵਿਧਾਤਾ ਨੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਹੋਈ ਹੈ।
ਕਈ ਬਾਰ ਪਸਰਿਓ ਪਾਸਾਰ ।। ਸਦਾ ਸਦਾ ਇਕੁ
ਏਕੰਕਾਰ ।।
ਇਹ ਸ੍ਰਿਸ਼ਟੀ ਕੇਵਲ ਇੱਕ ਵਾਰ ਹੀ ਹੋਂਦ
ਵਿੱਚ ਨਹੀਂ ਆਈ। ਇਹ ਅਨੇਕਾਂ ਵਾਰ ਸਿਰਜੀ ਗਈ ਹੈ, ਅਨੇਕਾਂ ਵਾਰ ਸਮੇਟੀ ਗਈ ਹੈ ਅਤੇ ਅਨੇਕਾਂ ਵਾਰ
ਮੁੜ ਇਸ ਦੀ ਸਿਰਜਣਾ ਹੋਈ ਹੈ। ਪਰ ਇਸ ਦੀ ਸਿਰਜਣਾ ਕਰਨ ਵਾਲ਼ਾ ਕਰਤਾਰ ਇੱਕ ਹੀ ਹੈ ਅਤੇ ਉਹ ਸਦਾ ਹੀ
ਸੀ, ਸਦਾ ਹੀ ਹੈ ਅਤੇ ਸਦਾ ਹੀ ਰਹੇਗਾ। ਉਸ ਦੀ ਅਪਣੀ ਹੋਂਦ ਨਾ ਕਦੀ ਮਿਟੀ ਹੈ ਨਾ ਮਿਟੇਗੀ। ਉਸ ਦਾ
ਕੋਈ ਦੂਜਾ ਸ਼ਰੀਕ ਨਾ ਹੋਇਆ ਹੈ ਅਤੇ ਨਾ ਕਦੀ ਹੋਏਗਾ।
ਕਈ ਕੋਟਿ ਕੀਨੇ ਬਹੁ ਭਾਤਿ ।। ਪ੍ਰਭ ਤੇ ਹੋਏ
ਪ੍ਰਭ ਮਾਹਿ ਸਮਾਤਿ ।।
ਜਬ ਉਦਕਰਖ ਕਰਾ ਕਰਤਾਰਾ ।। ਪ੍ਰਜਾ ਧਰਤ ਤਬ ਦੇਹਿ ਅਪਾਰਾ ।। ਇਹ ਹੀ
ਗੱਲ ਗੁਰੂ ਅਰਜਨ ਦੇਵ ਜੀ ਇੱਥੇ ਕਹਿ ਰਹੇ ਹਨ। ਕ੍ਰੋੜਾਂ ਜੀਵ ਕਰਤਾ ਪੁਰਖ ਨੇ ਵੱਖ ਵੱਖ ਤਰੀਕਿਆਂ
ਨਾਲ਼ ਇਸ ਸੰਸਾਰ ਵਿੱਚ ਪੈਦਾ ਕੀਤੇ ਹਨ। ਇਹ ਸਾਰੇ ਜੀਵ ਪ੍ਰਭੂ ਦੇ ਅਪਣੇ ਵਿੱਚੋਂ ਹੀ ਪੈਦਾ ਹੁੰਦੇ
ਹਨ ਅਤੇ ਅੰਤ ਨੂੰ ਉਸ ਦੇ ਵਿੱਚ ਹੀ ਸਮਾ ਜਾਂਦੇ ਹਨ। ਜਬ ਆਕਰਖ ਕਰਤ ਹੋ ਕਬਹੂੰ ।। ਤੁਮ ਮਹਿ ਮਿਲਤ
ਦੇਹ ਧਰ ਸਬਹੂੰ ।। ਇਹ ਸਮੁੱਚੀ ਸ੍ਰਿਸ਼ਟੀ ਪਾਰਬ੍ਰਹਮ ਦਾ ਅਪਣਾ ਹੀ ਪਸਾਰਾ ਹੈ। ਜਦੋਂ ਉਸ
ਦਾ ਦਿਲ ਕਰਦਾ ਹੈ, ਉਹ ਅਪਣੇ ਆਪ ਦੇ ਵਿੱਚੋਂ ਇਸ ਦੀ ਰਚਨਾ ਕਰ ਦਿੰਦਾ ਹੈ ਅਤੇ ਜਦੋਂ ਦਿਲ ਕਰਦਾ
ਹੈ ਮੁੜ ਇਸ ਨੂੰ ਅਪਣੇ ਅੰਦਰ ਸਮੇਟ ਲੈਂਦਾ ਹੈ।
ਤਾ ਕਾ ਅੰਤੁ ਨ ਜਾਨੈ ਕੋਇ ।। ਆਪੇ ਆਪਿ ਨਾਨਕ
ਪ੍ਰਭੁ ਸੋਇ ।। 7 ।।
ਗੁਰੂ ਜੀ ਦੱਸਦੇ ਹਨ ਕਿ ਉਸ ਪ੍ਰਮਾਤਮਾ ਦਾ ਕੋਈ ਅੰਤ ਨਹੀਂ ਪਾ ਸਕਿਆ,
ਉਸ ਨੂੰ ਸਮਝ ਨਹੀਂ ਸਕਿਆ। ਉਸ ਦੇ ਸਰੂਪ ਅਤੇ ਉਸ ਦੀ ਸ਼ਕਤੀ ਦਾ ਗਿਆਨ ਕਿਸੇ ਨੂੰ ਨਹੀਂ। ਉਹ ਅਪਣੀ ਹੋਂਦ
ਲਈ ਕਿਸੇ ਹੋਰ ਸ਼ਕਤੀ ਦਾ ਮੁਥਾਜ ਨਹੀਂ। ਉਸ ਨੂੰ ਕਿਸੇ ਦੂਜੀ ਤਾਕਤ ਨੇ ਨਹੀਂ ਬਣਾਇਆ। ਉਹ ਅਪਣਾ
ਕਰਤਾ ਆਪ ਹੈ।
ਕਈ ਕੋਟਿ ਪਾਰਬ੍ਰਹਮ ਕੇ ਦਾਸ ।। ਤਿਨ ਹੋਵਤ ਆਤਮ
ਪਰਗਾਸ ।।
ਕ੍ਰੋੜਾਂ ਹੀ ਪਾਰਬ੍ਰਹਮ ਪ੍ਰਮਾਤਮਾ ਦੇ ਸੇਵਕ ਅਜਿਹੇ ਹਨ ਜਿਨ੍ਹਾਂ ਨੇ
ਅਪਣੇ ਆਪ ਨੂੰ ਪੂਰੀ ਤਰਾਂ ਉਸ ਦੀ ਸੇਵਾ ਵਿੱਚ ਸਮਰਪਤ ਕੀਤਾ ਹੋਇਆ ਹੈ। ਅਜਿਹੇ ਸੇਵਕਾਂ ਨੂੰ ਅਪਣੇ
ਆਪ ਦਾ ਗਿਆਨ ਹੋ ਜਾਂਦਾ ਹੈ, ਉਹ ਅਪਣੇ ਆਪ ਨੂੰ ਪਛਾਣ ਲੈਂਦੇ ਹਨ, ਉਹ ਸਮਝ ਜਾਂਦੇ ਹਨ ਕਿ ਉਹ
ਪ੍ਰਮਾਤਮਾ ਦੀ ਹੀ ਅੰਸ਼ ਹਨ ਅਤੇ ਉਨ੍ਹਾਂ ਦੇ ਜੀਵਨ ਦਾ ਉਦੇਸ਼ ਉਸ ਨੂੰ ਯਾਦ ਕਰਨਾ ਹੈ।
ਕਈ ਕੋਟਿ ਤਤ ਕੇ ਬੇਤੇ ।। ਸਦਾ ਨਿਹਾਰਹਿ ਏਕੋ
ਨੇਤ੍ਰੇ ।।
ਪ੍ਰਭੂ ਦੇ ਕ੍ਰੋੜਾਂ ਦਾਸ ਇਸ ਸਚਾਈ ਦਾ ਗਿਆਨ ਪ੍ਰਾਪਤ ਕਰ ਲੈਂਦੇ ਹਨ ਕਿ
ਇਹ ਸ੍ਰਿਸ਼ਟੀ ਪ੍ਰਮਾਤਮਾ ਦਾ ਹੀ ਪਸਾਰਾ ਹੈ ਅਤੇ ਉਹ ਸਭ ਜੀਵਾਂ ਦੇ ਅੰਦਰ ਵਸਦਾ ਹੈ। ਇਹ ਗਿਆਨਵਾਨ ਇਨਸਾਨ ਸਦਾ ਅਪਣੀਆਂ ਅੱਖਾਂ ਨਾਲ਼
ਹਰ ਇੱਕ ਜੀਵ ਦੇ ਅੰਦਰ ਉਸ ਇੱਕ ਈਸ਼ਵਰ ਨੂੰ ਹੀ ਵੇਖਦੇ ਹਨ। ਉਨ੍ਹਾਂ ਨੂੰ ਸ੍ਰਿਸ਼ਟੀ ਦੀ ਹਰ ਸ਼ੈ
ਵਿੱਚ ਉਸ ਪ੍ਰਮਾਤਮਾ ਦੀ ਹੀ ਝਲਕ ਦਿਖਾਈ ਦਿੰਦੀ ਹੈ। ਇਹ ਵੀ
ਕਹਿ ਸਕਦੇ ਹਾਂ ਕਿ ਉਹ ਗਿਆਨੀ ਪੁਰਖ ਸ੍ਰਿਸ਼ਟੀ ਦੇ ਸਭ ਜੀਵਾਂ ਨੂੰ ਇੱਕ ਹੀ ਨਜ਼ਰ ਨਾਲ਼ ਦੇਖਦੇ ਹਨ,
ਬਰਾਬਰ ਸਮਝਦੇ ਹਨ ਕਿਉਂਕਿ ਉਨ੍ਹਾਂ ਨੂੰ ਹਰ ਸ਼ੈ ਵਿੱਚ ਉਸ ਕਰਤੇ ਦੀ ਝਲਕ ਦਿਖਾਈ ਪੈਂਦੀ ਹੈ।
ਕਈ ਕੋਟਿ ਨਾਮ ਰਸੁ ਪੀਵਹਿ ।। ਅਮਰ ਭਏ ਸਦ ਸਦ ਹੀ
ਜੀਵਹਿ ।।
ਕ੍ਰੋੜਾਂ ਹੀ ਅਜਿਹੇ ਜੀਵ ਹਨ ਜਿਹੜੇ ਹਰ ਵਕਤ ਹਰੀ ਦੇ ਨਾਮ ਦਾ ਰਸ
ਮਾਣਦੇ ਰਹਿੰਦੇ ਹਨ। ਉਸ ਦੇ ਨਾਮ ਨੂੰ ਸਿਮਰ ਸਿਮਰ ਕੇ ਉਹ ਮੌਤ ਤੇ ਜਿੱਤ ਪ੍ਰਾਪਤ ਕਰ ਲੈਂਦੇ ਹਨ,
ਅਮਰ ਹੋ ਜਾਂਦੇ ਹਨ ਅਤੇ ਫਿਰ ਸਦਾ ਲਈ ਜ਼ਿੰਦਾ ਰਹਿੰਦੇ ਹਨ।
ਕਈ ਕੋਟਿ ਨਾਮ ਗੁਨ ਗਾਵਹਿ ।। ਆਤਮ ਰਸਿ ਸੁਖਿ
ਸਹਜਿ ਸਮਾਵਹਿ ।।
ਕ੍ਰੋੜਾਂ ਜੀਵ ਹਨ ਜੋ ਹਰ ਵਕਤ ਉਸ ਕਰਤਾ ਪੁਰਖ ਦੇ ਨਾਮ ਦੇ ਗੁਣ ਗਾਉਂਦੇ
ਰਹਿੰਦੇ ਹਨ । ਅਜਿਹੇ ਜੀਵਾਂ ਨੂੰ ਸਹਿਜ ਸੁਭਅ ਹੀ ਆਤਮਿਕ ਸੁਖ ਦਾ ਅਨੁਭਵ ਹੋਣ ਲੱਗ ਪੈਂਦਾ ਹੈ,
ਅਨੰਦ ਆਉਣ ਲੱਗ ਪੈਂਦਾ ਹੈ। ਉਹ ਸਹਿਜ ਸੁਭਅ ਹੀ ਉਸ ਪ੍ਰਭੂ ਨਾਲ਼ ਜੁੜ ਜਾਂਦੇ ਹਨ ਅਤੇ ਇਸ ਮਿਲਾਪ
ਵਿੱਚੋਂ ਉਨ੍ਹਾਂ ਨੂੰ ਸੁਆਦ ਆਉਣ ਲੱਗ ਪੈਂਦਾ ਹੈ।
ਅਪੁਨੇ ਜਨ ਕਉ ਸਾਸਿ ਸਾਸਿ ਸਮਾਰੇ ।। ਨਾਨਕ ਓਇ
ਪਰਮੇਸੁਰ ਕੇ ਪਿਆਰੇ ।। 8 ।। 10 ।।
ਗੁਰੂ ਜੀ ਸਮਝਾਉਂਦੇ ਹਨ ਕਿ ਇਸ ਤਰਾਂ ਦੇ
ਜੀਵ ਜੋ ਸਦਾ ਉਸ ਕਰਤੇ ਨੂੰ ਯਾਦ ਰੱਖਦੇ ਹਨ ਅਤੇ ਉਸ ਦੇ ਸਿਰਜੇ ਸੰਸਾਰ ਵਿੱਚ ਉਸ ਦੇ ਦਰਸ਼ਨ ਕਰ
ਸਕਦੇ ਹਨ ਈਸ਼ਵਰ ਨੂੰ ਪਿਆਰੇ ਲੱਗਦੇ ਹਨ। ਪ੍ਰਮਾਤਮਾ ਹਰ ਇੱਕ ਸਾਹ ਨਾਲ਼ ਉਨ੍ਹਾਂ ਦੀ ਪ੍ਰਤਿਪਾਲਣਾ
ਕਰਦਾ ਹੈ।
ਸਲੋਕ ।।
ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ ।।
ਨਾਨਕ ਤਿਸੁ ਬਲਿਹਰਣੈ ਜਲਿ ਥਲਿ ਮਹੀਅਲਿ ਸੋਇ ।।
1 ।।
ਇਸ ਬ੍ਰਹਿਮੰਡ ਨੂੰ ਸਿਰਜਣ ਵਾਲ਼ਾ ਅਕਾਲ ਪੁਰਖ ਅਤੇ ਉਸ ਦੀ ਸਿਰਜੀ
ਸ੍ਰਿਸ਼ਟੀ ਦੋਵਾਂ ਵਿੱਚ ਕੋਈ ਅੰਤਰ ਨਹੀਂ। ਕਰਤਾ ਕੁਦਰਤ ਵਿੱਚ ਹੈ ਅਤੇ ਕੁਦਰਤ ਕਰਤੇ ਵਿੱਚ ਹੈ। ਇਹ
ਸਭ ਜਗਤ ਅਕਾਲ ਪੁਰਖ ਦਾ ਹੀ ਪਸਾਰਾ ਹੈ। ਗੁਰੂ ਜੀ ਦੱਸਦੇ ਹਨ ਕਿ ਧਰਤੀ ਉੱਤੇ, ਸਮੁੰਦਰ ਵਿੱਚ ਅਤੇ
ਆਕਾਸ਼ ਵਿੱਚ ਹਰ ਥਾਂ ਤੇ ਉਹ ਅਕਾਲ ਪੁਰਖ ਹੀ ਵਸਦਾ ਹੈ। ਧਰਤੀ ਉੱਤੇ ਰਹਿਣ ਵਾਲ਼ੇ, ਸਮੁੰਦਰ ਵਿੱਚ
ਰਹਿਣ ਵਾਲ਼ੇ ਅਤੇ ਅਸਮਾਨ ਵਿੱਚ ਰਹਿਣ ਵਾਲ਼ੇ ਸਾਰੇ ਜੀਵਾਂ ਦੇ ਅੰਦਰ ਉਹ ਹੀ ਪ੍ਰਮਾਮਤਾ ਵਸਦਾ ਹੈ।
ਗੁਰੂ ਜੀ ਉਸ ਕਰਤਾ ਪੁਰਖ ਦੇ ਵਾਰੇ ਵਾਰੇ ਜਾਂਦੇ ਹਨ।
ਅਸਟਪਦੀ ।।
ਕਰਨ ਕਰਾਵਨ ਕਰਨੈ ਜੋਗੁ ।। ਜੋ ਤਿਸੁ ਭਾਵੈ ਸੋਈ
ਹੋਗੁ ।।
ਸ੍ਰਿਸ਼ਟੀ ਵਿੱਚ ਸਭ ਕੁੱਝ ਕਰਨ ਵਾਲ਼ਾ ਅਤੇ ਜੀਵਾਂ ਤੋਂ ਸਭ ਕੁੱਝ ਕਰਵਾਉਣ
ਵਾਲ਼ਾ ਈਸ਼ਵਰ ਆਪ ਹੀ ਹੈ। ਇਸ ਸੰਸਾਰ ਵਿੱਚ ਉਹ ਹੀ ਹੁੰਦਾ ਹੈ ਜੋ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ। ਜੋ ਹੁੰਦਾ ਹੈ, ਉਸ ਦੇ ਹੁਕਮ ਦੇ ਅੰਦਰ ਹੀ ਹੁੰਦਾ ਹੈ। ਉਸ ਦੇ ਹੁਕਮ
ਤੋਂ ਬਾਹਰ ਕੁੱਝ ਨਹੀਂ ਹੁੰਦਾ।
ਖਿਨ ਮਹਿ ਥਾਪਿ ਉਥਾਪਨਹਾਰਾ ।। ਅੰਤੁ ਨਹੀ ਕਿਛੁ
ਪਾਰਾਵਾਰਾ ।।
ਉਹ ਪ੍ਰਮਾਤਮਾ ਇੱਕ ਪਲ ਵਿੱਚ ਸ੍ਰਿਸ਼ਟੀ ਦੀ ਰਚਨਾ ਕਰ ਸਕਦਾ ਹੈ ਅਤੇ ਇੱਕ
ਪਲ ਵਿੱਚ ਹੀ ਇਸ ਦਾ ਵਿਨਾਸ਼ ਕਰਨ ਦੇ ਵੀ ਸਮਰੱਥ ਹੈ। ਉਸ ਦੀ ਤਾਕਤ ਦਾ ਕੋਈ ਹਿਸਾਬ ਕਿਤਾਬ ਨਹੀਂ
ਲਾਇਆ ਜਾ ਸਕਦਾ। ਉਸ ਦਾ ਕੋਈ ਅੰਤ ਨਹੀਂ ਪਾ ਸਕਦਾ।
ਹੁਕਮੇ ਧਾਰਿ ਅਧਰ ਰਹਾਵੈ ।। ਹੁਕਮੇ ਉਪਜੈ ਹੁਕਮਿ
ਸਮਾਵੈ ।।
ਪ੍ਰਮਾਤਮਾ ਨੇ ਆਪ ਇਸ ਸੰਸਾਰ ਨੂੰ ਸਿਰਜਿਆ ਹੈ ਅਤੇ ਆਪ ਹੀ ਇਸ ਨੂੰ
ਬਿਨਾਂ ਕਿਸੇ ਸਹਾਰੇ ਦੇ ਖਲਾਅ ਵਿੱਚ ਟਿਕਾ ਕੇ ਰੱਖਿਆ ਹੋਇਆ ਹੈ। ਉਸ ਦੇ ਹੁਕਮ ਦੇ ਅਨੁਸਾਰ ਹੀ
ਸੰਸਾਰ ਦੇ ਜੀਵਾਂ ਦੀ ਉਤਪਤੀ ਹੁੰਦੀ ਹੈ ਅਤੇ ਉਸ ਦੇ ਹੁਕਮ ਦੇ ਅਨੁਸਾਰ ਹੀ ਉਨ੍ਹਾਂ ਦੀ ਹੋਂਦ ਖਤਮ
ਹੋ ਜਾਂਦੀ ਹੈ।
ਹੁਕਮੇ ਊਚ ਨੀਚ ਬਿਉਹਾਰ ।। ਹੁਕਮੇ ਅਨਿਕ ਰੰਗ
ਪਰਕਾਰ ।।
ਉਸ ਦੇ ਹੁਕਮ ਦੇ ਅਧੀਨ ਹੀ ਜੀਵਾਂ ਦਾ ਸੁਭਾਅ ਅਤੇ ਵਤੀਰਾ ਨਿਰਧਾਰਿਤ
ਹੁੰਦਾ ਹੈ। ਕੋਈ ਚੰਗੇ ਕਰਮ ਕਰਦਾ ਹੈ ਅਤੇ ਕੋਈ ਬੁਰੇ। ਉਸ ਦੀ ਇੱਛਾ ਅਨੁਸਾਰ ਹੀ ਵੱਖ ਵੱਖ ਜੀਵਾਂ
ਦਾ ਰੂਪ, ਰੰਗ, ਸੋਚ ਅਤੇ ਵਤੀਰਾ ਵੱਖ ਵੱਖ ਤਰਾਂ ਦਾ ਹੈ।
ਕਰਿ ਕਰਿ ਦੇਖੈ ਅਪਨੀ ਵਡਿਆਈ ।। ਨਾਨਕ ਸਭ ਮਹਿ
ਰਹਿਆ ਸਮਾਈ ।। 1 ।।
ਭਾਂਤ ਭਾਂਤ ਦੇ ਜੀਵ ਸਿਰਜ ਕੇ ਅਤੇ ਉਨ੍ਹਾਂ ਦੀ ਪਾਲਣਾ ਕਰ ਕਰ ਕੇ ਉਹ
ਅਪਣੀ ਵਡਿਆਈ ਨੂੰ, ਅਪਣੀ ਸ਼ਕਤੀ ਨੂੰ ਆਪ ਹੀ ਵੇਖਦਾ ਰਹਿੰਦਾ ਹੈ। ਸਭ ਨੂੰ ਸਿਰਜਣ ਵਾਲ਼ਾ ਉਹ ਕਰਤਾਰ
ਅਪਣੇ ਸਿਰਜੇ ਸਾਰੇ ਜੀਵਾਂ ਦੇ ਅੰਦਰ ਆਪ ਹੀ ਸਮਾਇਆ ਹੋਇਆ ਹੈ, ਸਭ ਦੇ ਅੰਦਰ ਵਸਦਾ ਹੈ।
ਪ੍ਰਭ ਭਾਵੈ ਮਾਨੁਖ ਗਤਿ ਪਾਵੈ ।। ਪ੍ਰਭ ਭਾਵੈ ਤਾ
ਪਾਥਰ ਤਰਾਵੈ ।।
ਜੇ ਈਸ਼ਵਰ ਚਾਹੇ ਤਾਂ ਮਨੁੱਖ ਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਜੇ ਉਹ
ਚਾਹੇ ਤਾਂ ਪੱਥਰ ਨੂੰ ਵੀ ਪਾਣੀ ਉੱਤੇ ਤਾਰ ਸਕਦਾ ਹੈ।
ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ ।। ਪ੍ਰਭ ਭਾਵੈ
ਤਾ ਹਰਿ ਗੁਣ ਭਾਖੈ ।।
ਜੇ ਈਸ਼ਵਰ ਚਾਹੇ ਤਾਂ ਬਿਨਾਂ ਸਾਹ ਦੇ ਵੀ ਜੀਵ ਨੂੰ ਜਿੰਦਾ ਰੱਖ ਸਕਦਾ
ਹੈ। ਜੇ ਉਹ ਚਾਹੇ ਤਾਂ ਹੀ ਜੀਵ ਹਰੀ ਦੇ ਗੁਣ ਗਾਉਂਦਾ ਹੈ, ਉਸ ਦੀ ਵਡਿਆਈ ਕਰਦਾ ਹੈ।
ਪ੍ਰਭ ਭਾਵੈ ਤਾ ਪਤਿਤ ਉਧਾਰੈ ।। ਆਪਿ ਕਰੈ ਆਪਨ
ਬੀਚਾਰੈ ।।
ਜੇ ਪ੍ਰਭੂ ਚਾਹੇ ਤਾਂ ਪਾਪੀ ਦਾ ਵੀ ਪਾਰ ਉਤਾਰਾ ਕਰ ਸਕਦਾ ਹੈ। ਉਸ ਦੀ ਮਰਜ਼ੀ
ਹੋਵੇ ਤਾਂ ਪਾਪੀ ਵੀ ਤਰ ਜਾਂਦੇ ਹਨ, ਉਨ੍ਹਾਂ ਦੇ ਉਧਾਰ ਦਾ ਵੀ ਕੋਈ ਨਾ ਕੋਈ ਬਹਾਨਾ ਬਣ ਜਾਂਦਾ
ਹੈ। ਉਹ ਆਪ ਹੀ ਸਭ ਕੁੱਝ ਕਰਦਾ ਹੈ ਅਤੇ ਆਪ ਹੀ ਵਿਚਾਰ ਕਰ ਕੇ ਉਸ ਦੇ ਚੰਗੇ ਜਾਂ ਮਾੜੇ ਹੋਣ ਦਾ
ਫੈਸਲਾ ਕਰਦਾ ਹੈ।
ਦੁਹਾ ਸਿਰਿਆ ਕਾ ਆਪਿ ਸੁਆਮੀ ।। ਖੇਲੈ ਬਿਗਸੈ ਅੰਤਰਜਾਮੀ ।।
ਜੀਵਾਂ ਦੇ ਦੋਹਾਂ ਸਿਰਿਆਂ ਦਾ, ਹਲਤ ਦਾ ਅਤੇ ਪਲਤ ਦਾ, ਲੋਕ ਦਾ ਅਤੇ
ਪ੍ਰਲੋਕ ਦਾ, ਮਾਲਕ ਪ੍ਰਮਾਤਮਾ ਆਪ ਹੀ ਹੈ। ਉਹ ਸਭ ਦੇ ਅਂਦਰ ਦੀ ਜਾਨਣ ਵਾਲ਼ਾ ਹੈ। ਆਪ ਹੀ ਉਹ ਸਾਰੀ
ਖੇਡ ਰਚਾਉਂਦਾ ਹੈ ਅਤੇ ਆਪ ਹੀ ਉਸ ਨੂੰ ਵੇਖ ਵੇਖ ਕੇ ਖੁਸ਼ ਹੁੰਦਾ ਰਹਿੰਦਾ ਹੈ।
ਜੋ ਭਾਵੈ ਸੋ ਕਾਰ ਕਰਾਵੈ ।। ਨਾਨਕ ਦ੍ਰਿਸਟੀ ਅਵਰੁ ਨ ਆਵੈ ।। 2 ।।
ਜੋ ਕੁੱਝ ਵੀ ਉਸ ਦੇ ਮਨ ਨੂੰ ਭਾਉਂਦਾ ਹੈ,
ਚੰਗਾ ਲੱਗਦਾ ਹੈ, ਉਹ ਕੁੱਝ ਹੀ ਉਹ ਜੀਵਾਂ ਤੋਂ ਕਰਵਾਉਂਦਾ ਹੈ। ਗੁਰੂ ਜੀ ਫੁਰਮਾਉਂਦੇ ਹਨ ਕਿ ਉਸ
ਸਰਬ ਸ਼ਕਤੀਮਾਨ ਈਸ਼ਵਰ ਵਰਗੀ ਹੋਰ ਕੋਈ ਸ਼ਕਤੀ ਉਨ੍ਹਾਂ ਨੂੰ ਨਜ਼ਰ ਨਹੀਂ ਆਉਂਦੀ।
ਕਹੁ ਮਾਨੁਖ ਤੇ ਕਿਆ ਹੋਇ ਆਵੈ ।। ਜੋ ਤਿਸੁ ਭਾਵੈ
ਸੋਈ ਕਰਾਵੈ ।।
ਭਲਾ ਦੱਸੋ, ਮਨੁੱਖ ਵਿਚਾਰਾ ਕੀ ਕਰਨ ਦੇ ਯੋਗ ਹੈ? ਵਾਹਿਗੁਰੂ ਦੀ ਮਰਜ਼ੀ
ਤੋਂ ਬਿਨਾਂ ਇਨਸਾਨ ਕੁੱਝ ਵੀ ਨਹੀਂ ਕਰ ਸਕਦਾ। ਜੋ ਸਿਰਜਣਹਾਰ ਚਾਹੁੰਦਾ ਹੈ ਉਸ ਕੋਲ਼ੋਂ ਉਹ ਹੀ
ਕਰਵਾਉਂਦਾ ਹੈ। ਅਪਣੀ ਮਰਜ਼ੀ ਨਾਲ਼ ਉਹ ਕੁੱਝ ਵੀ ਨਹੀਂ ਕਰ ਸਕਦਾ।
ਇਸ ਕੈ ਹਾਥਿ ਹੋਇ ਤਾ ਸਭੁ ਕਿਛੁ ਲੇਇ ।। ਜੋ
ਤਿਸੁ ਭਾਵੈ ਸੋਈ ਕਰੇਇ ।।
ਜੇ ਬੰਦੇ ਦੇ ਵਸ ਹੋਵੇ ਤਾਂ ਉਹ ਦੁਨੀਆਂ ਦੇ ਸਾਰੇ ਪਦਾਰਥਾਂ ਉੱਤੇ ਕਬਜ਼ਾ
ਕਰ ਲਵੇ, ਸਾਰੀ ਦੁਨੀਆਂ ਦੀ ਦੌਲਤ ਹਥਿਆ ਲਵੇ। ਇਨਸਾਨ ਉਹ ਹੀ ਕਰਦਾ ਹੈ ਜੋ ਈਸ਼ਵਰ ਚਾਹੁੰਦਾ ਹੈ,
ਜੋ ਪ੍ਰਭੂ ਉਸ ਤੋਂ ਕਰਵਾਉਂਦਾ ਹੈ। ਉਸ ਮਾਲਕ ਦੀ ਮਰਜ਼ੀ ਦੇ
ਖਿਲਾਫ ਉਹ ਕੁੱਝ ਨਹੀਂ ਕਰ ਸਕਦਾ।
ਅਨਜਾਨਤ ਬਿਖਿਆ ਮਹਿ ਰਚੈ ।। ਜੇ ਜਾਨਤ ਆਪਨ ਆਪ ਬਚੈ ।।
ਅਗਿਆਨਤਾ ਵਸ ਜੀਵ ਬੁਰੇ ਕੰਮਾਂ ਵਿੱਚ ਖਚਤ ਹੋਇਆ ਰਹਿੰਦਾ ਹੈ ਜਿਹੜੇ ਉਸ
ਦੇ ਆਤਮਿਕ ਜੀਵਨ ਦੇ ਲਈ ਜ਼ਹਿਰ ਦੇ ਬਰਾਬਰ ਹਨ। ਜੇ ਉਸ ਨੂੰ ਏਨੀ ਸਮਝ ਹੋਵੇ ਕਿ ਇਹ ਬੁਰੇ ਕੰਮ ਉਸ
ਲਈ ਵਿਨਾਸ਼ਕਾਰੀ ਹਨ ਤਾਂ ਉਹ ਅਪਣੇ ਆਪ ਨੂੰ
ਇਨ੍ਹਾਂ ਤੋਂ ਬਚਾ ਲਵੇ।
ਭਰਮੇ ਭੂਲਾ ਦਹ ਦਿਸਿ ਧਾਵੈ ।। ਨਿਮਖ ਮਾਹਿ ਚਾਰਿ
ਕੁੰਟ ਫਿਰਿ ਆਵੈ ।।
ਇਸ ਭੁਲੇਖੇ ਵਿੱਚ ਕਿ ਉਹ ਸਭ ਕੁੱਝ ਕਰ ਸਕਦਾ ਹੈ ਉਹ ਦਸਾਂ ਦਿਸ਼ਾਵਾਂ
ਵਿੱਚ ਭੱਜਿਆ ਫਿਰਦਾ ਰਹਿੰਦਾ ਹੈ। ਇੱਕ ਪਲ ਵਿੱਚ ਹੀ ਉਸ ਦਾ ਮਨ ਚਾਰਾਂ ਹੀ ਦਿਸ਼ਾਵਾਂ ਵਿੱਚ ਘੁੰਮ
ਆਉਂਦਾ ਹੈ।
ਕਰਿ ਕਿਰਪਾ ਜਿਸੁ ਅਪਨੀ ਭਗਤਿ ਦੇਇ ।। ਨਾਨਕ ਤੇ
ਜਨ ਨਾਮਿ ਮਿਲੇਇ ।। 3 ।।
ਜਿਸ ਜੀਵ ਤੇ ਤਰਸ ਖਾ ਕੇ, ਮਿਹਰਬਾਨ ਹੋ ਕੇ, ਈਸ਼ਵਰ ਉਸ ਨੂੰ ਅਪਣੇ ਨਾਲ਼
ਜੋੜ ਲਵੇ, ਉਸ ਉੱਤੇ ਅਪਣੀ ਭਗਤੀ ਦੀ ਬਖਸ਼ਿਸ਼ ਕਰ ਦੇਵੇ, ਉਸ ਨੂੰ ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ
ਹੈ। ਬਿਨਾਂ ਉਸ ਦੀ ਕਿਰਪਾ ਹੋਏ ਜੀਵ ਇੱਧਰ ਉੱਧਰ ਭਟਕਦਾ ਰਹਿੰਦਾ ਹੈ।
ਖਿਨ ਮਹਿ ਨੀਚ ਕੀਟ ਕਉ ਰਾਜ ।। ਪਾਰਬ੍ਰਹਮ ਗਰੀਬ
ਨਿਵਾਜ ।।
ਉਹ ਮਾਲਕ ਜੇ ਚਾਹੇ ਤਾਂ ਇੱਕ ਪਲ ਵਿਚ ਦੁਨੀਆਂ ਦੇ ਸਭ ਤੋਂ ਕਮਜ਼ੋਰ
ਇਨਸਾਨ ਨੂੰ ਬਾਦਸ਼ਾਹ ਬਣਾ ਸਕਦਾ ਹੈ। ਪ੍ਰਮਾਤਮਾ ਸਦਾ ਗਰੀਬਾਂ ਨੂੰ ਨਿਵਾਜਦਾ ਹੈ, ਉਨ੍ਹਾਂ ਦੀ
ਸਹਾਇਤਾ ਕਰਦਾ ਹੈ।
ਜਾ ਕਾ ਦ੍ਰਿਸਟਿ ਕਛੂ ਨ ਆਵੈ ।। ਤਿਸੁ ਤਤਕਾਲ ਦਹ
ਦਿਸ ਪ੍ਰਗਟਾਵੈ ।।
ਪ੍ਰਮਾਤਮਾ ਉਸ ਇਨਸਾਨ ਨੂੰ ਜਿਸ ਦਾ ਕੁੱਝ ਵੀ ਨਜ਼ਰ ਨਹੀਂ ਆਉਂਦਾ, ਅੱਖ
ਦੇ ਫੋਰੇ ਵਿੱਚ ਦਸਾਂ ਦਿਸ਼ਾਵਾਂ ਵਿੱਚ ਪ੍ਰਗਟ ਕਰ ਸਕਦਾ ਹੈ। ਭਾਵ ਕਿ ਮਾਲਕ ਜੇ ਚਾਹੇ ਤਾਂ ਇੱਕ
ਮਾਮੂਲੀ ਇਨਸਾਨ ਨੂੰ, ਜਿਸ ਨੂੰ ਦੁਨੀਆਂ ਵਿੱਚ ਕੋਈ ਨਹੀਂ ਜਾਣਦਾ, ਅੱਖ ਝਪਕਣ ਜਿੰਨੇ ਸਮੇ ਵਿੱਚ
ਸੰਸਾਰ ਦਾ ਸਭ ਤੋਂ ਪ੍ਰਸਿੱਧ ਵਿਅਕਤੀ ਬਣਾ ਸਕਦਾ ਹੈ।
ਜਾ ਕਉ ਅਪੁਨੀ ਕਰੈ ਬਖਸੀਸ ।। ਤਾ ਕਾ ਲੇਖਾ ਨ ਗਨੈ ਜਗਦੀਸ ।।
ਜਿਸ ਇਨਸਾਨ ਉੱਤੇ ਉਸ ਮਾਲਕ ਦੀ ਮਿਹਰ ਦੀ
ਨਿਗਾਹ ਹੋ ਜਾਵੇ, ਉਸ ਦਾ ਫਿਰ ਉਹ ਲੇਖਾ ਨਹੀਂ ਪੁੱਛਦਾ। ਜਿਸ ਤੇ ਮਾਲਕ ਦਿਆਲ ਹੋ ਜਾਵੇ ਉਸ ਦਾ
ਪਾਰ ਉਤਾਰਾ ਕਰਨ ਲੱਗਿਆ ਉਹ ਉਸ ਦੇ ਕੀਤੇ ਚੰਗੇ ਮੰਦੇ ਕਰਮਾਂ ਦਾ ਹਿਸਾਬ ਕਿਤਾਬ ਨਹੀਂ ਕਰਦਾ।
ਜੀਉ ਪਿੰਡੁ ਸਭ ਤਿਸ ਕੀ ਰਾਸਿ ।। ਘਟਿ ਘਟਿ ਪੂਰਨ
ਬ੍ਰਹਮ ਪ੍ਰਗਾਸ ।।
ਸਾਡਾ ਇਹ ਸਰੀਰ ਅਤੇ ਮਨ ਉਸ ਹਰੀ ਪ੍ਰਭੂ ਦੀ ਹੀ ਪੂੰਜੀ ਹਨ ਜੋ ਸਾਡੇ
ਕੋਲ਼ ਉਸ ਦੀ ਅਮਾਨਤ ਹਨ। ਉਹ ਪੂਰਨ ਪ੍ਰਮਾਤਮਾ ਹਰ ਜੀਵ ਦੇ ਸਰੀਰ ਦੇ ਅੰਦਰ ਵਸਦਾ ਹੈ। ਹਰ ਸਰੀਰ ਦੇ
ਅੰਦਰ ਉਸ ਦਾ ਪ੍ਰਕਾਸ਼ ਹੈ।
ਅਪਨੀ ਬਣਤ ਆਪਿ ਬਨਾਈ ।। ਨਾਨਕ ਜੀਵੈ ਦੇਖਿ ਬਡਾਈ
।। 4 ।।
ਅਪਣਾ ਸਿਰਜਣਹਾਰਾ ਉਹ ਆਪ ਹੈ। ਉਸ ਨੂੰ ਕਿਸੇ ਹੋਰ ਸ਼ਕਤੀ ਨੇ ਨਹੀਂ
ਬਣਇਆ। ਅਪਣੀ ਸਿਰਜੀ ਇਸ ਸ੍ਰਿਸ਼ਟੀ ਦੀ ਸਾਰੀ ਵਿਉਂਤਬੰਦੀ ਵੀ ਉਸ ਨੇ ਆਪ ਹੀ ਕੀਤੀ ਹੈ। ਉਸ ਤੋਂ
ਵੱਡੀ ਹੋਰ ਕੋਈ ਤਾਕਤ ਨਹੀਂ ਜਿਸ ਦੇ ਅਧੀਨ ਉਹ ਕੰਮ ਕਰਦਾ ਹੋਵੇ। ਗੁਰੂ ਜੀ ਕਹਿੰਦੇ ਹਨ ਕਿ ਉਹ ਉਸ
ਮਾਲਕ ਦੀ ਵਡਿਆਈ ਨੂੰ ਦੇਖ ਦੇਖ ਕੇ ਜਿਉਂਦੇ ਹਨ।
ਇਸ ਕਾ ਬਲੁ ਨਾਹੀ ਇਸੁ ਹਾਥ ।। ਕਰਨ ਕਰਾਵਨ ਸਰਬ
ਕੋ ਨਾਥ ।।
ਉਹ ਤਾਕਤ ਜਿਸ ਦਾ ਇਨਸਾਨ ਮਾਣ ਕਰਦਾ ਹੈ ਇਸ ਦੀ ਅਪਣੀ ਨਹੀਂ ਹੈ। ਇਸ ਦੀ
ਤਾਕਤ ਪ੍ਰਮਾਤਮਾ ਦੇ ਹੱਥ ਵਿੱਚ ਹੈ। ਜੇ ਉਹ ਚਾਹੇ
ਤਾਂ ਤਾਕਤ ਹੈ, ਜੇ ਨਾ ਚਾਹੇ ਤਾਂ ਇਹ ਸਾਰੀ ਤਾਕਤ ਹਵਾ ਵਿੱਚ ਉਡ ਜਾਂਦੀ ਹੈ। ਜੋ ਕੰਮ ਬੰਦਾ
ਸਮਝਦਾ ਹੈ ਕਿ ਉਹ ਅਪਣੇ ਜ਼ੋਰ ਨਾਲ਼ ਕਰਦਾ ਹੈ, ਅਸਲ ਵਿੱਚ ਪ੍ਰਭੂ ਆਪ ਹੀ ਉਸ ਕੋਲ਼ੋਂ ਕਰਵਾਉਂਦਾ ਹੈ।
ਸਭ ਕੁੱਝ ਕਰਨ ਕਰਵਾਉਣ ਵਾਲ਼ਾ ਈਸ਼ਵਰ ਆਪ ਹੀ ਹੈ। ਇਨਸਾਨ ਨੂੰ ਕੇਵਲ ਭੁਲੇਖਾ ਹੈ ਕਿ ਉਹ ਬਹੁਤ ਕੁੱਝ
ਕਰ ਸਕਦਾ ਹੈ।
ਆਗਿਆਕਾਰੀ ਬਪੁਰਾ ਜੀਉ ।। ਜੋ ਤਿਸੁ ਭਾਵੈ ਸੋਈ
ਫੁਨਿ ਥੀਉ ।।
ਬੰਦਾ ਵਿਚਾਰਾ ਤਾਂ ਉਸ ਦੇ ਹੁਕਮ ਦੀ ਪਾਲਣਾ ਕਰਨ ਵਾਲ਼ਾ ਹੈ। ਹੁੰਦਾ ਉਹ
ਹੀ ਹੈ ਜੋ ਈਸ਼ਵਰ ਚਾਹੁੰਦਾ ਹੈ।
ਕਬਹੂ ਊਚ ਨੀਚ ਮਹਿ ਬਸੈ ।। ਕਬਹੂ ਸੋਗ ਹਰਖ ਰੰਗਿ
ਬਸੈ ।।
ਇਹ ਜੀਵ ਕਦੇ ਅਪਣੇ ਆਪ ਨੂੰ ਬਹੁਤ ਉੱਚਾ ਸਮਝਣ ਲੱਗ ਪੈਂਦਾ ਹੈ ਅਤੇ ਕਦੇ
ਇਸ ਨੂੰ ਅਪਣਾ ਆਪ ਬਹੁਤ ਛੋਟਾ ਲੱਗਣ ਲੱਗ ਪੈਂਦਾ ਹੈ। ਕਦੇ ਇਹ ਗ਼ਮ ਵਿੱਚ ਡੁੱਬ ਕੇ ਰੋਣ ਲੱਗ ਪੈਂਦਾ
ਹੈ ਅਤੇ ਕਦੇ ਖੁਸ਼ੀ ਵਿੱਚ ਹੱਸਣ ਲੱਗ ਪੈਂਦਾ ਹੈ।
ਕਬਹੂ ਨਿੰਦ ਚਿੰਦ ਬਿਉਹਾਰ ।। ਕਬਹੂ ਊਭ ਅਕਾਸ
ਪਇਆਲ ।।
ਕਦੇ ਇਸ ਜੀਵ ਨੂੰ ਕਿਸਾ ਦੀ ਨਿੰਦਾ ਕਰਨਾ ਚੰਗਾ ਲੱਗਦਾ ਹੈ ਅਤੇ ਕਦੇ
ਵਡਿਆਈ ਕਰਨਾ। ਕਦੇ ਇਹ ਵਡਿਆਈ ਦੇ ਅਹਿਸਾਸ
ਨਾਲ਼ ਉੱਚੇ ਅਸਮਾਨ ਵਿੱਚ ਉਡਣ ਲੱਗਦਾ ਹੈ ਅਤੇ ਕਦੇ ਹੀਣਤਾ ਭਾਵ ਵਿੱਚ ਆ
ਕੇ ਪਤਾਲ਼ ਵਿੱਚ ਧਸ ਜਾਂਦਾ ਹੈ।
ਕਬਹੂ ਬੇਤਾ ਬ੍ਰਹਮ ਬੀਚਾਰ ।। ਨਾਨਕ ਆਪਿ
ਮਿਲਾਵਣਹਾਰ ।। 5 ।।
ਕਦੀ ਇਹ ਅਪਣੇ ਆਪ ਨੂੰ ਏਨਾ ਗਿਆਨਵਾਨ ਸਮੜਣ ਲੱਗ ਪੈਂਦਾ ਹੈ ਕਿ ਪ੍ਰਮਾਤਮਾ ਦੇ ਹੋਣ ਅਤੇ ਨਾ ਹੋਣ ਬਾਰੇ ਹੀ ਸਵਾਲ
ਖੜ੍ਹੇ ਕਰਨ ਲੱਗ ਪੈਂਦਾ ਹੈ, ਉਸ ਦੇ ਸਰੂਪ, ਸ਼ਕਤੀ ਅਤੇ ਸੁਭਾਅ ਬਾਰੇ
ਚਰਚਾ ਕਰਨ ਲੱਗ ਪੈਂਦਾ ਹੈ। ਇਸ ਨੂੰ ਲੱਗਦਾ ਹੈ ਕਿ ਇਹ
ਪ੍ਰਮਾਤਮਾ ਬਾਰੇ ਸਭ ਕੁੱਝ ਜਾਣਦਾ ਹੈ। ਪਰ ਇਹ ਸਭ ਕੁੱਝ ਇਨਸਾਨ ਨੇ
ਅਪਣੇ ਆਪ ਬਾਰੇ ਭਰਮ ਪਾਲ਼ਿਆ ਹੋਇਆ ਹੈ। ਗੁਰੂ
ਜੀ ਦਾ ਕਥਨ ਹੈ ਕਿ ਜੀਵ ਨੂੰ ਅਪਣੇ ਆਪ ਨਾਲ਼ ਮਿਲਾਉਣ ਵਾਲ਼ਾ ਅਸਲ ਵਿੱਚ
ਉਹ ਪ੍ਰਮਾਤਮਾ ਆਪ ਹੀ ਹੈ।
ਕਬਹੂ ਨਿਰਤਿ ਕਰੈ ਬਹੁ ਭਾਤਿ ।। ਕਬਹੂ ਸੋਇ ਰਹੈ
ਦਿਨੁ ਰਾਤਿ ।।
ਕਦੀ ਇਨਸਾਨ ਬਹੁਤ ਜ਼ਿਆਦਾ ਕਰਮਸ਼ੀਲ ਹੋ ਜਾਂਦਾ ਹੈ, ਤਰਾਂ ਤਰਾਂ ਦੇ ਨਾਚ
ਕਰਦਾ ਹੈ, ਇੱਧਰ ਉੱਧਰ ਭੱਜਿਆ ਫਿਰਦਾ ਹੈ।
ਕਦੀ ਉੱਕਾ ਹੀ ਆਲਸੀ ਬਣ ਜਾਂਦਾ ਹੈ, ਦਿਨ ਰਾਤ ਸੁੱਤਾ ਰਹਿੰਦਾ ਹੈ।
ਕਬਹੂ ਮਹਾ ਕ੍ਰੋਧ ਬਿਕਰਾਲ ।। ਕਬਹੂੰ ਸਰਬ ਕੀ
ਹੋਤ ਰਵਾਲ ।।
ਕਦੀ ਇਨਸਾਨ ਅਤਿਅੰਤ ਗੁੱਸੇ ਵਿੱਚ ਆ ਕੇ ਡਰਾਵਣਾ ਰੂਪ ਧਾਰਨ ਕਰ ਲੈਂਦਾ
ਹੈ ਅਤੇ ਕਦੀ ਐਨੀ ਨਿਮਰਤਾ ਧਾਰਨ ਕਰ ਲੈਂਦਾ ਹੈ ਕਿ ਸਭ ਦੇ ਪੈਰਾਂ ਦੀ ਧੂੜ ਬਣ ਜਾਂਦਾ ਹੈ।
ਕਬਹੂ ਹੋਇ ਬਹੈ ਬਡ ਰਾਜਾ ।। ਕਬਹੂ ਭੇਖਾਰੀ ਨੀਚ
ਕਾ ਸਾਜਾ ।।
ਕਦੀ ਜੀਵ ਵਡੱਪਣ ਦੀ ਭਾਵਨਾ ਦਾ ਸ਼ਿਕਾਰ ਹੋ ਕੇ ਅਪਣੇ ਆਪ ਨੂੰ ਮਹਾਰਾਜਾ
ਸਮਝਣ ਲੱਗ ਪੈਂਦਾ ਹੈ ਅਤੇ ਕਦੀ ਹੀਣ ਭਾਵਨਾ ਅਧੀਨ ਅਪਣੇ ਆਪ ਨੂੰ ਅਤਿ ਗਰੀਬ ਭਿਖਾਰੀ ਕਰ ਕੇ ਵੇਖਣ
ਲੱਗ ਪੈਂਦਾ ਹੈ।
ਕਬਹੂ ਅਪਕੀਰਤਿ ਮਹਿ ਆਵੈ ।। ਕਬਹੂ ਭਲਾ ਭਲਾ
ਕਹਾਵੈ ।।
ਕਦੀ ਜੀਵ ਅਪਣਾ ਅਪਜਸ, ਅਲੋਚਨਾ ਜਾਂ ਨਿੰਦਾ ਸੁਣ ਕੇ ਖੁਸ਼ ਹੁੰਦਾ ਹੈ
ਅਤੇ ਕਦੀ ਅਪਣੀ ਤਾਰੀਫ ਸੁਣ ਕੇ, ਵਾਰ ਵਾਹ ਕਰਵਾ ਕੇ ਉਸ ਨੂੰ ਖੁਸ਼ੀ ਹੁੰਦੀ ਹੈ।
ਜਿਉ ਪ੍ਰਭੁ ਰਾਖੈ ਤਿਵ ਹੀ ਰਹੈ ।। ਗੁਰਪ੍ਰਸਾਦਿ
ਨਾਨਕ ਸਚੁ ਕਹੈ ।। 6 ।।
ਅਸਲ ਵਿੱਚ ਇਨਸਾਨ ਉਸੇ ਹਾਲਤ ਵਿੱਚ ਰਹਿੰਦਾ ਹੈ ਜਿਸ ਵਿੱਚ ਮਾਲਕ ਉਸ
ਨੂੰ ਰੱਖਦਾ ਹੈ। ਗੁਰੂ ਜੀ ਫੁਰਮਾਉਂਦੇ ਹਨ ਕਿ ਹਰੀ ਪ੍ਰਭੂ ਦੀ ਅਪਣੀ ਮਿਹਰ ਜਦੋਂ ਇਨਸਾਨ ਉੱਤੇ ਹੋ
ਜਾਵੇ ਤਦ ਹੀ ਉਹ ਉਸ ਸੱਚੇ ਅਤੇ ਸਦਾ ਰਹਿਣ ਵਾਲ਼ੇ ਮਾਲਕ ਦਾ ਨਾਮ ਲੈਂਦਾ ਹੈ।
ਕਬਹੂ ਹੋਇ ਪੰਡਿਤੁ ਕਰੇ ਬਖ੍ਯਾਨੁ ।। ਕਬਹੂ
ਮੋਨਿਧਾਰੀ ਲਾਵੈ ਧਿਆਨੁ ।।
ਕਦੀ ਇਨਸਾਨ ਸ਼ਾਸ਼ਤਰਾਂ ਦਾ ਅਧਿਅਨ ਕਰ ਕੇ ਅਪਣੇ ਆਪ ਨੂੰ ਬਹੁਤ ਵੱਡਾ
ਵਿਦਵਾਨ ਸਮਝਣ ਲੱਗ ਪੈਂਦਾ ਹੈ ਅਤੇ ਦੂਜਿਆਂ ਨੂੰ ਉਪਦੇਸ਼ ਦੇਣ ਲੱਗ ਪੈਂਦਾ ਹੈ ਅਤੇ ਕਦੀ ਚੁੱਪ
ਧਾਰਨ ਕਰ ਕੇ, ਮੌਨ ਵਰਤ ਰੱਖ ਕੇ ਧਿਆਨ ਲਾ ਕੇ ਬੈਠ ਜਾਂਦਾ ਹੈ।
ਕਬਹੂ ਤਟ ਤੀਰਥ ਇਸਨਾਨ ।। ਕਬਹੂ ਸਿਧ ਸਾਧਿਕ
ਮੁਖਿ ਗਿਆਨ ।।
ਕਦੀ ਤੀਰਥ ਸਥਾਨਾਂ ਤੇ ਜਾ ਕੇ ਦਰਿਆਵਾਂ ਅਤੇ ਤਾਲਾਬਾਂ ਦੇ ਕਿਨਾਰਿਆਂ
ਤੇ ਇਸ਼ਨਾਨ ਕਰਨ ਲੱਗ ਪੈਂਦਾ ਹੈ। ਕਦੀ ਅਲੌਕਿਕ ਸ਼ਕਤੀਆਂ ਦਾ ਮਾਲਕ ਬਣ ਬੈਠਦਾ ਹੈ, ਕਦੀ ਅਪਣੇ
ਇੰਦਰਿਆਂ ਤੇ ਨਿਯੰਤਰਣ ਕਰ ਕੇ ਸਾਧਕ ਬਣ ਕੇ ਬੈਠ ਜਾਂਦਾ ਹੈ ਅਤੇ ਮੂੰਹ ਤੋਂ ਗਿਆਨ ਦੀਆਂ ਗੱਲਾਂ
ਕਰਨ ਲੱਗ ਪੈਂਦਾ ਹੈ।।
ਕਬਹੂ ਕੀਟ ਹਸਤਿ ਪਤੰਗ ਹੋਇ ਜੀਆ ।। ਅਨਿਕ ਜੋਨਿ
ਭਰਮੈ ਭਰਮੀਆ ।।
ਜਨਮ ਮਰਨ ਦੇ ਚੱਕਰ ਵਿੱਚ ਫਸਿਆ ਜੀਵ ਵਾਰ ਵਾਰ ਜੰਮਦਾ ਮਰਦਾ ਰਹਿੰਦਾ ਹੈ
ਅਤੇ ਭਾਂਤ ਭਾਂਤ ਦੀਆਂ ਜੂਨਾਂ ਵਿੱਚ ਪੈਂਦਾ ਰਹਿੰਦਾ ਹੈ। ਕਦੀ ਉਹ ਕੋਈ ਕੀੜਾ ਮਕੌੜਾ ਬਣ ਜਾਂਦਾ
ਹੈ, ਕਦੀ ਹਾਥੀ ਦੀ ਜੂਨ ਵਿੱਚ ਪੈਂਦਾ ਹੈ ਅਤੇ ਕਦੀ ਕੋਈ ਪਤੰਗਾ ਬਣ ਜਾਂਦਾ ਹੈ।
ਨਾਨਾ ਰੂਪ ਜਿਉ ਸ੍ਵਾਗੀ ਦਿਖਾਵੈ ।। ਜਿਉ ਪ੍ਰਭ
ਭਾਵੈ ਤਿਵੈ ਨਚਾਵੈ ।।
ਜਿਸ ਤਰਾਂ ਕੋਈ ਨਾਟਕ ਕਰਨ ਵਾਲ਼ਾ ਕਈ ਤਰਾਂ ਦੇ ਰੂਪ ਧਾਰਨ ਕਰਦਾ ਰਹਿੰਦਾ
ਹੈ, ਉਸੇ ਤਰਾਂ ਜੀਵ ਵੀ ਈਸ਼ਵਰ ਦੇ ਹੁਕਮ ਅਨੁਸਾਰ, ਉਸ ਦੀ ਇੱਛਾ ਅਨੁਸਾਰ, ਵੱਖ ਵੱਖ ਰੂਪ ਧਾਰਨ
ਕਰਦਾ ਰਹਿੰਦਾ ਹੈ। ਜਿਸ ਤਰਾਂ ਵਾਹਿਗੁਰੂ ਉਸ ਨੂੰ ਨਚਾਉਂਦਾ ਹੈ, ਉਹ ਉਸੇ ਤਰਾਂ ਨੱਚਦਾ ਰਹਿੰਦਾ
ਹੈ।
ਜੋ ਤਿਸੁ ਭਾਵੈ ਸੋਈ ਹੋਇ ।। ਨਾਨਕ ਦੂਜਾ ਅਵਰੁ ਨ
ਕੋਇ ।। 7 ।।
ਜੋ ਉਸ ਕਰਤਾ ਪੁਰਖ ਦੀ ਇੱਛਾ ਹੁੰਦੀ ਹੈ, ਉਹ ਹੀ ਸੰਸਾਰ ਵਿੱਚ ਵਰਤਦਾ
ਹੈ। ਗੁਰੂ ਜੀ ਦਾ ਫੈਸਲਾ ਇਹ ਹੈ ਕਿ ਉਸ ਪ੍ਰਭੂ ਤੋਂ ਬਿਨਾ ਹੋਰ ਕੋਈ ਤਾਕਤ ਇਸ ਦੁਨੀਆਂ ਵਿੱਚ ਹੈ
ਹੀ ਨਹੀਂ ਜੋ ਇਸ ਦੇ ਕਾਰਜ ਨੂੰ ਚਲਾਵੇ। ਕੇਵਲ ਉਹ ਮਾਲਕ ਹੀ ਇਸ ਦੁਨੀਆਂ ਦੇ ਸਾਰੇ ਕਾਰੋਬਾਰ ਨੂੰ ਅਪਣੀ ਇੱਛਾ ਮੁਤਾਬਿਕ
ਚਲਾਉਂਦਾ ਹੈ।
ਕਬਹੂ ਸਾਧਸੰਗਤਿ ਇਹੁ ਪਾਵੈ ।। ਉਸੁ ਅਸਥਾਨ ਤੇ
ਬਹੁਰਿ ਨ ਆਵੈ ।।
ਕਦੀ ਇਹ ਇਨਸਾਨ ਸਾਧ ਸੰਗਤ ਵਿੱਚ ਆਉਣ ਲੱਗ ਪੈਂਦਾ ਹੈ ਤੇ ਫਿਰ ਸਾਧ
ਸੰਗਤ ਦਾ ਇਸ ਤੇ ਅਜਿਹਾ ਅਸਰ ਹੁੰਦਾ ਹੈ ਕਿ ਮੁੜ ਕੇ ਉਸ ਬੁਰੀ ਸੰਗਤ ਵੱਲ ਕਦੀ ਨਹੀਂ ਜਾਂਦਾ ਜੋ ਕਦੀ
ਉਸ ਨੂੰ ਚੰਗੀ ਲੱਗਦੀ ਸੀ।
ਮਨ ਤਨ ਨਾਮਿ ਰਤੇ ਇਕ ਰੰਗਿ ।। ਸਦਾ ਬਸਹਿ ਪਾਰਬ੍ਰਹਮ
ਕੈ ਸੰਗਿ ।।
ਸਾਧ ਸੰਗਤ ਵਿੱਚ ਆਉਣ ਨਾਲ਼ ਜਿਸ ਇਨਸਾਨ ਦਾ ਮਨ ਅਤੇ ਤਨ ਉਸ ਇੱਕ ਹਰੀ ਦੇ
ਰੰਗ ਵਿੱਚ ਰੰਗੇ ਜਾਂਦੇ ਹਨ, ਉਹ ਸਦਾ ਹੀ ਪਾਰਬ੍ਰਹਮ ਪ੍ਰਮਾਤਮਾ ਦੇ ਨੇੜੇ ਰਹਿੰਦਾ ਹੈ, ਕਦੇ ਉਸ
ਤੋਂ ਦੂਰ ਨਹੀਂ ਜਾਂਦਾ, ਉਸ ਦੀ ਹੋਂਦ ਨੂੰ ਨਹੀਂ ਭੁੱਲਦਾ।
ਜਿਉ ਜਲ ਮਹਿ ਜਲੁ ਆਇ ਖਟਾਨਾ ।। ਤਿਉ ਜੋਤੀ ਸੰਗਿ
ਜੋਤਿ ਸਮਾਨਾ ।।
ਜਿਸ ਤਰਾਂ ਪਾਣੀ ਪਾਣੀ ਦੇ ਵਿੱਚ ਮਿਲ ਜਾਂਦਾ ਹੈ ਉਸੇ ਤਰਾਂ ਉਸ ਇਨਸਾਨ
ਦੀ ਜੋਤ ਪ੍ਰਮਾਤਮਾ ਦੀ ਜੋਤ ਨਾਲ਼ ਮਿਲ ਜਾਂਦੀ ਹੈ। ਉਸ ਦੀ ਆਤਮਾ ਅਤੇ ਪ੍ਰਮਾਤਮਾ ਇੱਕ ਹੋ ਜਾਂਦੇ
ਹਨ।
ਮਿਟਿ ਗਇ ਗਵਨ ਪਾਏ ਬਿਸ੍ਰਾਮ ।। ਨਾਨਕ ਪ੍ਰਭ ਕੈ
ਸਦ ਕੁਰਬਾਨ ।। 8 ।। 11 ।।
ਆਤਮਾ ਪ੍ਰਮਾਤਮਾ
ਦਾ ਮੇਲ ਹੋ ਜਾਣ ਤੋਂ ਬਾਦ ਉਸ ਦਾ ਆਵਾਗਮਨ ਦਾ ਚੱਕਰ ਖਤਮ ਹੋ ਜਾਂਦਾ ਹੈ ਅਤੇ ਉਸ ਦਾ ਪ੍ਰਭੂ ਚਰਨਾ
ਵਿੱਚ ਪੱਕੇ ਤੌਰ ਤੇ ਨਿਵਾਸ ਹੋ ਜਾਂਦਾ ਹੈ। ਗੁਰੂ ਜੀ ਆਖਦੇ ਹਨ ਕਿ ਉਹ ਸਦਾ ਹੀ ਉਸ ਪ੍ਰਭੂ ਤੋਂ
ਕੁਰਬਾਨ ਜਾਂਦੇ ਹਨ ਜੋ ਜੀਵ ਨੂੰ ਇਸ ਤਰਾਂ ਅਪਣੇ ਚਰਨਾ ਵਿੱਚ ਥਾਂ ਦੇ ਦਿੰਦਾ ਹੈ।
ਸਲੋਕ ।।
ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ ।।
ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ ।। 1 ।।
ਅਪਣੇ ਹਿਰਦੇ ਵਿੱਚ ਗਰੀਬੀ ਧਾਰਨ ਵਾਲ਼ਾ ਅਤੇ ਅਪਣੀ ਹਉਮੈ ਨੂੰ ਮਾਰ ਕੇ
ਨਿਮਰਤਾ ਨੂੰ ਮਨ ਵਿੱਚ ਵਸਾ ਕੇ ਰੱਖਣ ਵਾਲ਼ਾ ਇਨਸਾਨ ਸਦਾ ਹੀ ਸੁਖੀ ਵਸਦਾ ਹੈ। ਦੂਜੇ ਪਾਸੇ ਇੱਕ
ਹੰਕਾਰੀ ਇਨਸਾਨ ਕਦੇ ਵੀ ਸੁਖੀ ਨਹੀਂ ਵਸਦਾ। ਗੁਰੂ ਜੀ ਸਮਝਾਉਂਦੇ ਹਨ ਕਿ ਵੱਡੇ ਤੋਂ ਵੱਡੇ
ਹੰਕਾਰੀਆਂ ਦਾ ਹੰਕਾਰ ਵੀ ਇੱਕ ਦਿਨ ਟੁੱਟ ਕੇ ਮਿੱਟੀ ਵਿੱਚ ਮਿਲ ਜਾਂਦਾ ਹੈ।
ਅਸਟਪਦੀ ।।
ਜਿਸ ਕੈ ਅੰਤਰਿ ਰਾਜ ਅਭਿਮਾਨੁ ।। ਸੋ ਨਰਕਪਾਤੀ
ਹੋਵਤ ਸੁਆਨੁ ।।
ਰਾਜ ਭਾਗ ਦਾ ਮਾਣ ਕਰਨਾ ਮੂਰਖਤਾ ਹੈ। ਜਿਸ ਇਨਸਾਨ ਦੇ ਅੰਦਰ ਰਾਜ ਦਾ
ਹੰਕਾਰ ਹੁੰਦਾ ਹੈ ਉਹ ਇੱਕ ਕੁੱਤੇ ਦੇ ਸਮਾਨ ਹੁੰਦਾ ਹੈ ਅਤੇ ਨਰਕ ਦਾ ਅਧਿਕਾਰੀ ਬਣਦਾ ਹੈ।
ਜੋ ਜਾਨੈ ਮੈ ਜੋਬਨਵੰਤੁ ।। ਸੋ ਹੋਵਤ ਬਿਸਟਾ ਕਾ
ਜੰਤੁ ।।
ਜਵਾਨੀ ਦਾ ਮਾਣ ਕਰਨਾ ਵੀ ਪਾਗਲਪਣਾ ਹੈ। ਜਿਹੜਾ ਇਨਸਾਨ ਅਪਣੀ ਜਵਾਨੀ ਦਾ
ਮਾਣ ਕਰਦਾ ਹੈ ਉਹ ਗੰਦਗੀ ਦੇ ਕੀੜੇ ਦੇ ਸਮਾਨ ਹੁੰਦਾ ਹੈ।
ਆਪਸ ਕਉ ਕਰਮਵੰਤੁ ਕਹਾਵੈ ।। ਜਨਮਿ ਮਰੈ ਬਹੁ ਜੋਨਿ ਭ੍ਰਮਾਵੈ ।।
ਅਪਣੀ ਚੰਗੀ ਕਿਸਮਤ ਦਾ ਮਾਣ ਕਰਨਾ ਵੀ ਬੇਅਕਲੀ ਹੈ। ਜੋ ਇਨਸਾਨ ਅਪਣੇ ਆਪ
ਨੂੰ ਬਹੁਤ ਭਾਗਾਂ ਵਾਲ਼ਾ ਸਮਝਦਾ ਹੈ ਉਹ ਵਾਰ ਵਾਰ ਜੰਮਦਾ ਅਤੇ ਮਰਦਾ ਹੈ ਅਤੇ ਤਰਾਂ ਤਰਾਂ ਦੀਆਂ
ਜੂਨਾਂ ਭੋਗਦਾ ਹੈ।
ਧਨ ਭੂਮਿ ਕਾ ਜੋ ਕਰੈ ਗੁਮਾਨੁ ।। ਸੋ ਮੂਰਖੁ
ਅੰਧਾ ਅਗਿਆਨੁ ।।
ਦੌਲਤ ਅਤੇ ਜਾਇਦਾਦ ਦਾ ਮਾਣ ਕਰਨਾ ਵੀ ਕੋਈ ਸਿਆਣਪ ਨਹੀਂ ਕਿਉਂਕਿ ਇਹ ਵੀ
ਸਦਾ ਨਹੀਂ ਰਹਿੰਦੀਆਂ। ਜਿਹੜਾ ਇਨਸਾਨ ਅਪਣੀ ਦੌਲਤ ਅਤੇ ਜ਼ਮੀਨ ਜਾਇਦਾਦ ਦਾ ਹੰਕਾਰ ਕਰਦਾ ਹੈ ਉਹ
ਮੂਰਖ ਹੁੰਦਾ ਹੈ, ਅੰਨ੍ਹਾ ਹੁੰਦਾ ਹੈ ਅਤੇ ਗਿਆਨ ਤੋਂ ਵਾਂਝਾ ਹੁੰਦਾ ਹੈ।
ਕਰਿ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ।।
ਨਾਨਕ ਈਹਾ ਮੁਕਤੁ ਆਗੈ ਸੁਖੁ ਪਾਵੈ ।। 1 ।।
ਗੁਰੂ ਜੀ ਸਮਝਾਉਂਦੇ ਹਨ ਕਿ ਜਿਸ ਇਨਸਾਨ ਤੇ ਕਿਰਪਾ ਕਰ ਕੇ ਈਸ਼ਵਰ ਉਸ ਦੇ ਮਨ ਵਿੱਚ ਗਰੀਬੀ ਭਾਵ ਵਸਾ ਦੇਵੇ, ਉਹ
ਇਸ ਲੋਕ ਵਿੱਚ ਵੀ ਦੁੱਖਾਂ ਤੋਂ ਮੁਕਤੀ ਪਾ ਲੈਂਦਾ ਹੈ ਅਤੇ ਪ੍ਰਲੋਕ ਵਿੱਚ ਵੀ ਸੁਖੀ ਵਸਦਾ ਹੈ।
ਨਿਮਰਤਾ ਹੀ ਸਾਰੇ ਸੁਖਾਂਦਾ ਖ਼ਜ਼ਾਨਾ ਹੈ।
ਧਨਵੰਤਾ ਹੋਇ ਕਰਿ ਗਰਬਾਵੈ ।। ਤ੍ਰਿਣ ਸਮਾਨਿ
ਕਛੁ ਸੰਗਿ ਨ ਜਾਵੈ ।।
ਕਈ ਲੋਕ ਅਪਣੀ ਅਮੀਰੀ ਉੱਤੇ, ਅਪਣੇ ਧਨ ਦੀ ਬਹੁਤਾਤ ਉੱਤੇ ਮਾਣ ਕਰਦੇ
ਹਨ। ਅਜਿਹਾ ਕਰਨਾ ਮੂਰਖਤਾ ਹੈ ਕਿਉਂਕਿ ਇੱਕ ਤੀਲੇ ਜਿੰਨਾ ਧਨ ਵੀ ਮੌਤ ਤੋਂ ਬਾਦ ਬੰਦੇ ਦੇ ਨਾਲ਼
ਨਹੀਂ ਜਾਂਦਾ।
ਬਹੁ ਲਸਕਰ ਮਾਨੁਖ ਊਪਰਿ ਕਰੇ ਆਸ ।। ਪਲ ਭੀਤਰਿ
ਤਾ ਕਾ ਹੋਇ ਬਿਨਾਸ ।।
ਬੰਦਾ ਇਸ ਗੱਲ ਦਾ ਮਾਣ ਕਰਦਾ ਹੈ ਕਿ ਭਾਰੀ ਗਿਣਤੀ ਵਿੱਚ ਉਸ ਦੇ ਮਿੱਤਰ
ਦੋਸਤ ਅਤੇ ਰਿਸ਼ਤੇਦਾਰ ਉਸ ਦੀ ਮਦਦ ਕਰਨ ਵਾਲ਼ੇ ਹਨ, ਉਸ ਕੋਲ਼ ਭਾਰੀ ਫੌਜ ਹੈ। ਪਰ ਸਾਨੂੰ ਪਤਾ ਹੋਣਾ
ਚਾਹੀਦਾ ਹੈ ਕਿ ਜੇ ਮਾਲਕ ਦੀ ਨਿਗਾਹ ਸੁਵੱਲੀ ਨਾ ਹੋਵੇ ਤਾਂ ਇਹ ਸਭ ਇੱਕ ਪਲ ਵਿੱਚ ਤਬਾਹ ਹੋ
ਜਾਂਦੇ ਹਨ।
ਸਭ ਤੇ ਆਪ ਜਾਨੈ ਬਲਵੰਤੁ ।। ਖਿਨ ਮਹਿ ਹੋਇ ਜਾਇ
ਭਸਮੰਤੁ ।।
ਬੰਦਾ ਅਪਣੇ ਆਪ ਨੂੰ ਸਭ ਤੋਂ ਬਲਵਾਨ ਸਮਝਦਾ ਹੈ ਅਤੇ ਅਪਣੀ ਤਾਕਤ ਤੇ
ਮਾਣ ਕਰਦਾ ਹੈ ਪਰ ਉਸ ਨੂੰ ਇਹ ਨਹੀਂ ਪਤਾ ਕਿ ਤਾਕਤਵਰ ਤੋਂ ਤਾਕਤਵਰ ਇਨਸਾਨ ਵੀ ਇੱਕ ਪਲ ਵਿੱਚ
ਸੁਆਹ ਹੋ ਜਾਂਦਾ ਹੈ, ਉਸ ਦੀ ਸਾਰੀ ਤਾਕਤ ਮਿੱਟੀ ਵਿੱਚ ਮਿਲ ਜਾਂਦੀ ਹੈ।
ਕਿਸੈ ਨ ਬਦੈ ਆਪਿ ਅਹੰਕਾਰੀ ।। ਧਰਮ ਰਾਇ ਤਿਸੁ ਕਰੇ ਖੁਆਰੀ ।।
ਅਪਣੇ ਧਨ, ਦੌਲਤ ਅਤੇ ਤਾਕਤ ਦੇ ਹੰਕਾਰ ਵਿੱਚ ਆ ਕੇ ਬੰਦਾ ਕਿਸੇ ਨੂੰ ਵੀ
ਕੁੱਝ ਨਹੀਂ ਸਮਝਦਾ, ਸਭ ਨੂੰ ਕੀੜੇ ਮਕੌੜੇ ਸਮਝਣ ਲੱਗ ਪੈਂਦਾ ਹੈ। ਅਜਿਹੇ ਹਉਮੈ ਗ੍ਰਸਤ ਬੰਦੇ ਨੂੰ
ਧਰਮ ਰਾਜ ਬਹੁਤ ਖੁਆਰ ਕਰਦਾ ਹੈ, ਸਖਤ ਸਜ਼ਾ ਦਿੰਦਾ ਹੈ।
ਗੁਰ
ਪ੍ਰਸਾਦਿ ਜਾ ਕਾ ਮਿਟੈ ਅਭਿਮਾਨੁ ।। ਸੋ ਜਨੁ ਨਾਨਕ ਦਰਗਹ ਪਰਵਾਨੁ ।। 2 ।।
ਗੁਰੂ ਜੀ ਸਾਨੂੰ ਸਿੱਖਿਆ ਦਿੰਦੇ ਹਨ ਕਿ
ਗੁਰੂ ਦੀ ਕਿਰਪਾ ਨਾਲ਼ ਜਿਸ ਜੀਵ ਦੇ ਅੰਦਰੋਂ ਹਉਮੈ ਦਾ ਨਾਸ ਹੋ ਜਾਵੇ, ਉਹ ਜੀਵ ਹੀ ਪ੍ਰਮਾਤਮਾ ਦੇ
ਦਰਬਾਰ ਵਿੱਚ ਪ੍ਰਵਾਨ ਹੁੰਦਾ ਹੈ, ਸਤਿਕਾਰ ਪਾਉਂਦਾ ਹੈ। ਉਸ ਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ।
ਕੋਟਿ ਕਰਮ ਕਰੈ ਹਉ ਧਾਰੇ ।। ਸ੍ਰਮੁ ਪਾਵੈ ਸਗਲੇ
ਬਿਰਥਾਰੇ ।।
ਕਈ ਵਾਰ ਬੰਦਾ ਬਹੁਤ ਸਾਰੇ ਨੇਕ ਕੰਮ ਕਰਦਾ ਹੈ ਪਰ ਉਸ ਨੂੰ ਅਪਣੇ ਚੰਗੇ
ਕੰਮਾਂ ਦਾ ਹੀ ਹੰਕਾਰ ਹੋ ਜਾਂਦਾ ਹੈ। ਉਹ ਅਪਣੇ ਆਪ ਨੂੰ ਬਹੁਤ ਮਹਾਨ ਸਮਝਣ ਲੱਗ ਪੈਂਦਾ ਹੈ। ਉਸ ਦੀ ਹਉਮੈ ਦੇ
ਕਾਰਨ ਉਸ ਦੇ ਕੀਤੇ ਸਾਰੇ ਨੇਕ ਕੰਮ ਵਿਅਰਥ ਚਲੇ ਜਾਂਦੇ ਹਨ ਅਤੇ ਉਹ ਦੁੱਖੀ ਹੁੰਦਾ ਹੈ।
ਅਨਿਕ ਤਪਸਿਆ ਕਰੇ ਅਹੰਕਾਰ ।। ਨਰਕ ਸੁਰਗ ਫਿਰਿ ਫਿਰਿ ਅਵਤਾਰ ।।
ਕਈ ਵਾਰ ਬੰਦਾ ਬਹੁਤ ਜ਼ਿਆਦਾ ਤਪੱਸਿਆ ਕਰਦਾ ਹੈ ਪਰ ਉਸ ਨੂੰ ਅਪਣਾ ਕੀਤੀ
ਤਪੱਸਿਆ ਦਾ ਹੰਕਾਰ ਹੋ ਜਾਂਦਾ ਹੈ। ਸਿੱਟੇ ਵਜੋਂ ਉਸ ਦੀ ਸਾਰੀ
ਤਪੱਸਿਆ ਅਜਾਈਂ ਚਲੀ ਜਾਂਦੀ ਹੈ। ਉਹ ਵਾਰ ਵਾਰ ਜੰਮਦਾ ਮਰਦਾ ਅਤੇ ਨਰਕਾਂ ਸੁਰਗਾਂ ਦੇ ਗੇੜੇ ਕੱਢਦਾ
ਰਹਿੰਦਾ ਹੈ।
ਅਨਿਕ ਜਤਨ ਕਰਿ ਆਤਮ ਨਹੀ ਦ੍ਰਵੈ ।। ਹਰਿ ਦਰਗਹ
ਕਹੁ ਕੈਸੇ ਗਵੈ ।।
ਅਨੇਕਾਂ ਯਤਨ ਕਰਨ ਦੇ ਬਾਵਜੂਦ ਵੀ ਜੇ
ਬੰਦੇ ਦੇ ਅੰਦਰੋਂ ਹਉਮੈ ਖਤਮ ਨਾ ਹੋਵੇ ਅਤੇ ਉਸ ਦੇ ਦਿਲ ਵਿੱਚ ਦਯਾ ਦੀ ਭਾਵਨਾ ਨਾ ਸਮਾਵੇ ਤਾਂ ਉਸ
ਨੂੰ ਪ੍ਰਮਾਤਮਾ ਦੀ ਦਰਗਾਹ ਵਿੱਚ ਥਾਂ ਕਿਵੇਂ ਮਿਲ ਸਕਦੀ ਹੈ?
ਆਪਸ ਕਉ ਜੋ ਭਲਾ ਕਹਾਵੈ ।। ਤਿਸਹਿ ਭਲਾਈ ਨਿਕਟਿ
ਨ ਆਵੈ ।।
ਜਿਹੜਾ ਹਉਮੈ ਦਾ ਮਾਰਿਆ ਇਨਸਾਨ ਅਪਣੇ ਆਪ ਨੂੰ ਬਹੁਤ ਨੇਕ ਸਮਝਣ ਲੱਗ
ਪਵੇ, ਉਹ ਅਸਲ ਵਿੱਚ ਅਤਿ ਭੈੜਾ ਇਨਸਾਨ ਹੁੰਦਾ ਹੈ। ਨੇਕੀ ਨਾਂ ਦੀ ਚੀਜ਼ ਉਸ ਦੇ ਨੇੜੇ ਨਹੀਂ
ਖੜ੍ਹਦੀ।
ਸਰਬ ਕੀ ਰੇਨ ਜਾ ਕਾ ਮਨੁ ਹੋਇ ।। ਕਹੁ ਨਾਨਕ ਤਾ
ਕੀ ਨਿਰਮਲ ਸੋਇ ।। 3 ।।
ਗੁਰੂ ਜੀ ਉਪਦੇਸ਼ ਕਰਦੇ ਹਨ ਕਿ ਜੋ ਇਨਸਾਨ ਅਪਣੇ ਹਿਰਦੇ ਵਿੱਚ ਏਨੀ
ਨਿਮਰਤਾ ਧਾਰਨ ਕਰ ਲਵੇ ਕਿ ਅਪਣੇ ਆਪ ਨੂੰ ਸਭ ਦੇ ਚਰਨਾਂ ਦੀ ਧੂੜ ਸਮਝਣ ਲੱਗ ਪਵੇ, ਉਸ ਦੀ ਸੰਸਾਰ
ਵਿੱਚ ਬਹੁਤ ਸੋਭਾ ਹੁੰਦੀ ਹੈ
ਜਬ ਲਗੁ ਜਾਨੈ ਮੁਝ ਤੇ ਕਛੁ ਹੋਇ ।। ਤਬ ਇਸ ਕਉ
ਸੁਖੁ ਨਾਹੀ ਕੋਇ ।।
ਜਿੰਨਾ ਚਿਰ ਇਨਸਾਨ ਅਪਣੀ ਤਾਕਤ ਉੱਤੇ ਮਾਣ ਕਰਦਾ ਰਹਿੰਦਾ ਹੈ ਅਤੇ ਇਹ
ਸਮਝਦਾ ਹੈ ਕਿ ਉਹ ਜੋ ਮਰਜ਼ੀ ਕਰ ਸਕਦਾ ਹੈ, ਓਨਾ ਚਿਰ ਉਸ ਨੂੰ ਕੋਈ ਸੁਖ ਪ੍ਰਾਪਤ ਨਹੀਂ ਹੁੰਦਾ।
ਜਦੋਂ ਉਹ ਇਹ ਮਾਣ ਛੱਡ ਦੇਵੇ ਅਤੇ ਖ਼ੁਦ ਨੂੰ ਈਸ਼ਵਰ ਦੀ ਤਾਕਤ ਦੇ ਅਧੀਨ ਕਰ ਦੇਵੇ, ਉਸ ਨੂੰ ਸਾਰੇ
ਸੁਖ ਹਾਸਲ ਹੋ ਜਾਂਦੇ ਹਨ।
ਜਬ ਇਹ ਜਾਨੈ ਮੈ ਕਿਛੁ ਕਰਤਾ ।। ਤਬ ਲਗੁ ਗਰਭ
ਜੋਨਿ ਮਹਿ ਫਿਰਤਾ ।।
ਜਿੰਨਾ ਚਿਰ ਇਨਸਾਨ ਅਪਣੀ ਤਾਕਤ ਤੇ ਭਰੋਸਾ ਕਰਦਾ ਹੋਇਆ ਇਹ ਸਮਝਦਾ ਹੈ
ਕਿ ਜੋ ਉਹ ਕਰਦਾ ਹੈ, ਅਪਣੀ ਤਾਕਤ ਨਾਲ਼ ਕਰਦਾ ਹੈ, ਓਨਾ ਚਿਰ ਉਹ ਮੁੜ ਮੁੜ ਕੇ ਗਰਭ ਜੂਨ ਦੇ ਚੱਕਰ
ਕੱਢਦਾ ਰਹਿਂਦਾ ਹੈ, ਜੰਮਦਾ ਅਤੇ ਮਰਦਾ ਰਹਿੰਦਾ ਹੈ। ਪਰ ਜਦ ਉਹ ਇਹ ਪ੍ਰਵਾਨ ਕਰ ਲਵੇ ਕਿ ਜੋ ਚੰਗੇ
ਕੰਮ ਉਹ ਕਰਦਾ ਹੈ ਉਹ ਈਸ਼ਵਰ ਆਪ ਉਸ ਦੇ ਕੋਲ਼ੋਂ ਉਸ ਨੂੰ ਅਪਣੀ ਤਾਕਤ ਦੇ ਕੇ ਕਰਵਾਉਂਦਾ ਹੈ, ਉਸ
ਨੂੰ ਮੁਕਤੀ ਮਿਲ ਜਾਂਦੀ ਹੈ।
ਜਬ ਧਾਰੈ ਕੋਊ ਬੈਰੀ ਮੀਤੁ ।। ਜਬ ਲਗੁ ਨਿਹਚਲੁ
ਨਾਹੀ ਚੀਤੁ ।।
ਜਿੰਨਾ ਚਿਰ ਇਨਸਾਨ ਦੁਨੀਆਂ ਦੇ ਜੀਵਾਂ ਨੂੰ ਅਪਣੇ ਮਿੱਤਰ ਜਾਂ ਦੁਸ਼ਮਣ
ਸਮਝਦਾ ਰਹਿੰਦਾ ਹੈ, ਓਨਾ ਚਿਰ ਉਸ ਦੇ ਮਨ ਨੂੰ ਸ਼ਾਂਤੀ ਨਸੀਬ ਨਹੀਂ ਹੁੰਦੀ। ਉਹ ਭਟਕਦਾ ਰਹਿੰਦਾ
ਹੈ। ਪਰ ਜਦੋਂ ਉਸ ਨੂੰ ਇਹ ਸਮਝ ਆ ਜਾਵੇ ਕਿ ਸੰਸਾਰ ਦੇ ਸਾਰੇ ਜੀਵ ਉਸ ਈਸ਼ਵਰ ਦੇ ਬਣਾਏ ਹੋਏ ਹਨ
ਅਤੇ ਕੋਈ ਦੋਸਤ ਜਾਂ ਦੁਸ਼ਮਣ ਨਹੀਂ ਤਾਂ ਉਸ ਦਾ ਮਨ ਟਿਕਾਅ ਵਿੱਚ ਆ ਜਾਂਦਾ ਹੈ।
ਜਬ ਲਗੁ ਮੋਹ ਮਗਨ ਸੰਗਿ ਮਾਇ ।। ਤਬ ਲਗੁ ਧਰਮ
ਰਾਇ ਦੇਇ ਸਜਾਇ ।।
ਜਿੰਨਾ ਚਿਰ ਜੀਵ ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ, ਓਨਾ ਚਿਰ ਧਰਮ
ਰਾਜ ਉਸ ਨੂੰ ਸਜ਼ਾ ਦਿੰਦਾ ਰਹਿਂਦਾ ਹੈ। ਜਦੋਂ ਉਹ ਮਾਇਆ ਦੇ ਮੋਹ ਤੋਂ ਮੁਕਤ ਹੋ ਜਾਵੇ, ਉਸ ਨੂੰ
ਧਰਮ ਰਾਜ ਦਾ ਕੋਈ ਡਰ ਨਹੀਂ ਰਹਿੰਦਾ।
ਪ੍ਰਭ ਕਿਰਪਾ ਤੇ ਬੰਧਨ ਤੂਟੈ ।। ਗੁਰਪ੍ਰਸਾਦਿ
ਨਾਨਕ ਹਉ ਛੂਟੈ ।। 4 ।।
ਗੁਰੂ ਜੀ ਉਪਦੇਸ਼ ਕਰਦੇ ਹਨ ਕਿ ਇਨ੍ਹਾਂ ਸਾਰੇ ਦੁਨਿਆਵੀ ਬੰਧਨਾਂ ਤੋਂ
ਮੁਕਤੀ ਜੀਵ ਨੂੰ ਈਸ਼ਵਰ ਦੀ ਦਯਾ ਨਾਲ਼ ਹੀ ਮਿਲਦੀ ਹੈ। ਕੇਵਲ ਗੁਰੂ ਦੀ ਕਿਰਪਾ ਨਾਲ਼. ਗੁਰੂ ਦੇ
ਦਿਖਾਏ ਰਾਹ ਤੇ ਚੱਲ ਕੇ ਹੀ ਇਨਸਾਨ ਹਉਮੈ ਰੋਗ ਤੋਂ ਨਜਾਤ ਹਾਸਲ ਕਰ ਸਕਦਾ ਹੈ।
ਸਹਸ ਖਟੇ ਲਖ ਕਉ ਉਠਿ ਧਾਵੈ ।। ਤ੍ਰਿਪਤਿ ਨ ਆਵੈ
ਮਾਇਆ ਪਾਛੈ ਪਾਵੈ ।।
ਇਨਸਾਨ ਧਨ ਨਾਲ਼ ਕਦੇ ਨਹੀਂ ਰੱਜਦਾ। ਜੇ ਉਹ ਹਜ਼ਾਰਾਂ ਰੁਪਏ ਵੀ ਕਮਾ ਲਵੇ
ਤਾਂ ਵੀ ਸੰਤੁਸ਼ਟ ਨਹੀਂ ਹੁੰਦਾ। ਹਜ਼ਾਰਾਂ ਕਮਾ ਲੈਣ ਤੋ ਬਾਦ ਉਸ ਦੀ ਤ੍ਰਿਸ਼ਨਾ ਸਗੋਂ ਹੋਰ ਵਧ ਜਾਂਦੀ
ਹੈ ਅਤੇ ਉਹ ਲੱਖਾਂ ਦੇ ਪਿੱਛੇ ਭੱਜਣ ਲੱਗ ਪੈਂਦਾ ਹੈ, ਲੱਖਾਂ ਦੇ ਸੁਪਨੇ ਲੈਣ ਲੱਗ ਪੈਂਦਾ ਹੈ। ਉਹ
ਧਨ ਇਕੱਠਾ ਕਰਦਾ ਰਹਿੰਦਾ ਹੈ ਪਰ ਉਸ ਨੂੰ ਸਬਰ ਨਹੀਂ ਆਉਂਦਾ।
ਅਨਿਕ ਭੋਗ ਬਿਖਿਆ ਕੇ ਕਰੈ ।। ਨਹ ਤ੍ਰਿਪਤਾਵੈ
ਖਪਿ ਖਪਿ ਮਰੈ ।।
ਅਨੇਕਾਂ ਤਰਾਂ ਦੇ ਦੁਨਿਆਵੀ ਸੁਖਾਂ ਨੂੰ ਭੋਗ ਕੇ ਵੀ ਉਸ ਦਾ ਮਨ ਤ੍ਰਿਪਤ
ਨਹੀਂ ਹੁੰਦਾ। ਉਹ ਇਹ ਨਹੀਂ ਸਮਝਦਾ ਕਿ ਵਿਸ਼ੇ ਵਿਕਾਰਾਂ ਦੇ ਇਹ ਭੋਗ ਉਸ ਦੇ ਲਈ ਜ਼ਹਿਰ ਹਨ। ਸੰਤੁਸ਼ਟ
ਹੋਣ ਦੀ ਥਾਂ ਸਗੋਂ ਉਸ ਦੀ ਲਾਲਸਾ ਵਧਦੀ ਜਾਂਦੀ ਹੈ ਅਤੇ ਉਹ ਇਨ੍ਹਾਂ ਦੇ ਪਿੱਛੇ ਭੱਜਦਾ ਭਟਕਦਾ
ਰਹਿੰਦਾ ਹੈ।
ਬਿਨਾ ਸੰਤੋਖ ਨਹੀ ਕੋਊ ਰਾਜੈ ।। ਸੁਪਨ ਮਨੋਰਥ
ਬ੍ਰਿਥੇ ਸਭ ਕਾਜੈ ।।
ਅਸਲ ਵਿੱਚ ਜਿੰਨਾ ਚਿਰ ਇਨਸਾਨ ਨੂੰ ਸਬਰ ਸੰਤੋਖ ਦੀ ਦੌਲਤ ਨਹੀਂ ਮਿਲਦੀ
ਓਨਾ ਚਿਰ ਉਸ ਨੂੰ ਰੱਜ ਨਹੀਂ ਆ ਸਕਦਾ, ਉਸ ਦੀ ਤ੍ਰਿਸ਼ਨਾ ਨਹੀਂ ਮਿਟ ਸਕਦੀ। ਉਸ ਦੇ ਕੀਤੇ ਸਾਰੇ
ਕੰਮ, ਉਸ ਦੀਆਂ ਸਾਰੀਆਂ ਪ੍ਰਾਪਤੀਆਂ ਸੁਪਨੇ ਵਿੱਚ ਪ੍ਰਾਪਤ ਕੀਤੇ ਪਦਾਰਥਾਂ ਦੀ ਤਰਾਂ ਬੇਅਰਥ ਹਨ।
ਨਾਮ ਰੰਗਿ ਸਰਬ ਸੁਖੁ ਹੋਇ ।। ਬਡਭਾਗੀ ਕਿਸੈ ਪਰਾਪਤਿ
ਹੋਇ ।।
ਨਾਮ ਸਿਮਰਨ ਨਾਲ਼ ਪਿਆਰ ਹੋ ਜਾਣ ਨਾਲ਼ ਜੀਵ ਨੂੰ ਸੰਸਾਰ ਦੇ ਸਾਰੇ ਸੁਖ
ਪ੍ਰਾਪਤ ਹੋ ਜਾਂਦੇ ਹਨ। ਪਰ ਨਾਮ ਨਾਲ਼ ਇਹ ਪਿਆਰ ਉਸ ਦੇ ਹਿੱਸੇ ਹੀ
ਆਉਂਦਾ ਹੈ ਜਿਸ ਦੀ ਕਿਸਮਤ ਬਹੁਤ ਚੰਗੀ ਹੋਵੇ।
ਕਰਨ ਕਰਾਵਨ ਆਪੇ ਆਪਿ ।। ਸਦਾ ਸਦਾ ਨਾਨਕ
ਹਰਿ ਜਾਪਿ ।। 5 ।।
ਗੁਰੂ ਜੀ ਸਮਝਾਉਂਦੇ ਹਨ ਕਿ ਸਭ ਕੁੱਝ ਕਰਨ
ਕਰਾਉਣ ਵਾਲ਼ਾ ਉਹ ਮਾਲਕ ਆਪ ਹੀ ਹੈ, ਇਨਸਾਨ ਦੇ ਅਪਣੇ ਵਸ ਕੁੱਝ ਵੀ ਨਹੀਂ। ਇਸ ਲਈ ਸਾਨੂੰ ਹਰ ਵੇਲ਼ੇ
ਪ੍ਰਭੂ ਦੇ ਨਾਮ ਦਾ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ।
ਕਰਨ ਕਰਾਵਨ ਕਰਨੈਹਾਰੁ ।। ਇਸ ਕੈ ਹਾਥਿ ਕਹਾ
ਬੀਚਾਰੁ ।।
ਉਹ ਪ੍ਰਮਾਤਮਾ ਆਪ ਹੀ ਸਭ ਕੁੱਝ ਕਰਨ ਅਤੇ ਕਰਵਾਉਣ ਵਾਲ਼ਾ ਹੈ। ਜ਼ਰਾ ਸੋਚ
ਕੇ ਦੇਖੋ ਕਿ ਉਸ ਦੀ ਮਰਜ਼ੀ ਤੋਂ ਬਿਨਾ ਇਹ ਜੀਵ ਕੀ ਕਰ ਸਕਦਾ ਹੈ। ਇਸ ਜੀਵ ਦੇ ਹੱਥ ਵਿੱਚ ਕੁੱਝ ਵੀ
ਨਹੀਂ।
ਜੈਸੀ ਦ੍ਰਿਸਟਿ ਕਰੇ ਤੈਸਾ ਹੋਇ ।। ਆਪੇ ਆਪਿ ਆਪਿ ਪ੍ਰਭੁ ਸੋਇ ।।
ਜਿਹੋ ਜਿਹੀ ਨਜ਼ਰ ਉਹ ਕਿਸੇ ਤੇ ਕਰਦਾ ਹੈ,
ਉਹੋ ਜਿਹੇ ਕਰਮ ਹੀ ਉਹ ਜੀਵ ਕਰਨ ਲੱਗ ਪੈਂਦਾ ਹੈ। ਉਹ ਈਸ਼ਵਰ ਆਪ ਹੀ ਸਭ ਕੁੱਝ ਹੈ, ਸਾਰੀਆਂ
ਸ਼ਕਤੀਆਂ ਦਾ ਮਾਲਕ ਹੈ। ਇਨਸਾਨ ਦੇ ਹੱਥ ਵਿੱਚ ਕੁੱਝ ਵੀ ਨਹੀਂ।
ਜੋ ਕਿਛੁ ਕੀਨੋ ਸੁ ਅਪਨੈ ਰੰਗਿ ।। ਸਭ ਤੇ ਦੂਰਿ
ਸਬਹੂ ਕੈ ਸੰਗਿ ।।
ਜੋ ਵੀ ਰਚਨਾ ਈਸ਼ਵਰ ਨੇ ਰਚੀ ਹੈ, ਜੋ ਸ੍ਰਿਸ਼ਟੀ ਉਸ ਨੇ ਸਿਰਜੀ ਹੈ, ਅਪਣੀ
ਮਰਜ਼ੀ ਦੇ ਮੁਤਾਬਿਕ, ਅਪਣੇ ਰੰਗ ਵਿੱਚ, ਅਪਣੀ ਖੁਸ਼ੀ ਦੇ ਅਨੁਸਾਰ ਸਿਰਜੀ ਹੈ। ਉਹ ਪ੍ਰਭੂ ਸਾਰੇ
ਜੀਵਾਂ ਦੇ ਨੇੜੇ ਹੈ, ਸਭ ਦੇ ਅੰਦਰ ਵਸਦਾ ਹੈ ਅਤੇ ਸਭ ਤੋਂ ਹੀ ਦੂਰ ਹੈ, ਕਿਸੇ ਦੇ ਅੰਦਰ ਵੀ
ਦਿਖਾਈ ਨਹੀਂ ਦਿੰਦਾ।
ਬੂਝੈ ਦੇਖੈ ਕਰੈ ਬਿਬੇਕ ।। ਆਪਹਿ ਏਕ ਆਪਹਿ ਅਨੇਕ
।।
ਉਹ ਆਪ ਹੀ ਸਭ ਕੁੱਝ ਦੇਖਦਾ ਹੈ, ਸਮਝਦਾ ਹੈ ਅਤੇ ਜੋ ਦੇਖਦਾ ਹੈ, ਉਸ ਤੇ
ਵਿਚਾਰ ਕਰਦਾ ਹੈ। ਉਹ ਪ੍ਰਮਾਤਮਾ ਇੱਕ ਹੈ ਪਰ ਇੱਕ ਹੋਣ ਦੇ ਬਾਵਜੂਦ ਵੀ ਉਹ ਹਰ ਜੀਵ ਦੇ ਅੰਦਰ
ਮੌਜੂਦ ਹੈ। ਇਸ ਕਰਕੇ ਉਸ ਦੇ ਅਨੇਕਾਂ ਹੀ ਰੂਪ ਕਹੇ ਜਾ ਸਕਦੇ ਹਨ। ਉਹ ਆਪ ਹੀ ਇੱਕ ਹੈ, ਆਪ ਹੀ ਅਨੇਕ ਹੈ।
ਮਰੈ ਨ ਬਿਨਸੈ ਆਵੈ ਨ ਜਾਇ ।। ਨਾਨਕ ਸਦ ਹੀ ਰਹਿਆ ਸਮਾਇ ।। 6 ।।
ਉਹ ਈਸ਼ਵਰ ਸਦਾ ਰਹਿਣ ਵਾਲ਼ਾ ਹੈ, ਅਕਾਲ ਹੈ। ਗੁਰੂ ਜੀ ਦੱਸਦੇ ਹਨ ਕਿ ਉਸ ਦੀ
ਕਦੇ ਮੌਤ ਨਹੀਂ ਹੁੰਦੀ ਅਤੇ ਨਾ ਕਦੇ ਵਿਨਾਸ਼ ਹੁੰਦਾ ਹੈ। ਉਹ ਸਦਾ ਤੋਂ ਹੀ ਸ੍ਰਿਸ਼ਟੀ ਦੇ ਅੰਦਰ
ਸਮਾਇਆ ਰਿਹਾ ਹੈ ਅਤੇ ਸਦਾ ਸਮਾਇਆ ਰਹੇਗਾ।
ਆਪਿ ਉਪਦੇਸੈ ਸਮਝੈ ਆਪਿ ।। ਆਪੇ ਰਚਿਆ ਸਭ ਕੈ
ਸਾਥਿ ।।
ਉਹ ਪ੍ਰਭੂ ਆਪ ਹੀ ਜੀਵਾਂ ਨੂੰ ਉਪਦੇਸ਼ ਕਰਦਾ ਹੈ ਅਤੇ ਆਪ ਹੀ ਉਸ ਉਪਦੇਸ਼ ਨੂੰ ਸੁਣਦਾ ਹੈ ਅਤੇ ਸਮਝਦਾ ਹੈ। ਆਪ ਹੀ ਉਹ ਪ੍ਰਮਾਤਮਾ ਸਭ ਜੀਵਾਂ
ਦੇ ਅੰਦਰ ਸਮਾਇਆ ਹੋਇਆ ਹੈ।
ਆਪਿ ਕੀਨੋ ਆਪਨ ਬਿਸਥਾਰੁ ।। ਸਭੁ ਕਛੁ ਉਸ ਕਾ
ਓਹੁ ਕਰਨੈਹਾਰ ।।
ਇਹ ਸਾਰੀ ਸ੍ਰਿਸ਼ਟੀ ਉਸੇ ਦਾ ਪਸਾਰਾ ਹੈ। ਉਸ ਨੇ ਆਪ ਹੀ ਅਪਣੇ ਆਪ ਦਾ
ਵਿਸਥਾਰ ਕਰ ਕੇ ਸਾਰੇ ਜੀਵਾਂ ਦੀ ਰਚਨਾ ਕੀਤੀ ਹੈ। ਸਾਰੀ ਸ੍ਰਿਸ਼ਟੀ ਉਸ ਦਾ ਅਪਣਾ ਹੀ ਰੂਪ ਹੈ ਅਤੇ
ਉਹ ਆਪ ਇਸ ਦਾ ਰਚਣ ਵਾਲ਼ਾ ਅਤੇ ਇਸ ਨੂੰ ਕੰਮ ਲਾਉਣ ਵਾਲ਼ਾ ਹੈ।
ਉਸ ਤੇ ਭਿੰਨ ਕਹਹੁ ਕਿਛੁ ਹੋਇ ।। ਥਾਨਿ ਥਨੰਤਰਿ ਏਕੈ ਸੋਇ ।।
ਹਰ ਇੱਕ ਥਾਂ ਤੇ ਉਹ ਆਪ ਹੀ ਮੌਜੂਦ ਹੈ, ਹਰ ਸ਼ੈ ਵਿੱਚ ਆਪ ਹੀ ਸਮਾਇਆ
ਹੋਇਆ ਹੈ । ਇਸ ਲਈ ਉਸ ਤੋਂ ਵੱਖ ਕੋਈ ਚੀਜ਼ ਕਿਵੇਂ ਹੋ ਸਕਦੀ ਹੈ? ਇਹ ਸੰਭਵ ਹੀ ਨਹੀਂ। ਇਹ
ਸਾਰਾ ਜਗਤ ਪਸਾਰਾ ਉਸ ਦਾ ਅਪਣਾ ਹੀ ਰੂਪ ਹੈ।
ਅਪੁਨੇ ਚਲਿਤ ਆਪਿ ਕਰਣੈਹਾਰ ।। ਕਉਤਕ ਕਰੈ ਰੰਗ
ਆਪਾਰ ।।
ਇਸ ਸੰਸਾਰ ਵਿੱਚ ਜੋ ਕੁੱਝ ਵੀ ਹੁੰਦਾ ਹੈ, ਉਹ ਆਪ ਕਰਦਾ ਹੈ। ਸੰਸਾਰ
ਵਿੱਚ ਵਾਪਰਨ ਵਾਲ਼ੀਆਂ ਸਭ ਘਟਨਾਵਾਂ ਉਸੇ ਦੇ ਕੌਤਕ ਹਨ, ਉਸੇ ਦੀਆਂ ਖੇਡਾਂ ਹਨ। ਉਹ ਤਰਾਂ ਤਰਾਂ ਦੇ
ਕੌਤਕ ਕਰਦਾ ਰਹਿੰਦਾ ਹੈ।
ਮਨ ਮਹਿ ਆਪਿ ਮਨ ਅਪੁਨੇ ਮਾਹਿ ।। ਨਾਨਕ ਕੀਮਤਿ ਕਹਨੁ ਨ ਜਾਇ ।। 7 ।।
ਸਾਰੇ ਜੀਵਾਂ ਦੇ ਵਿੱਚ ਉਹ ਆਪ ਵਸਦਾ ਹੈ ਅਤੇ ਸਾਰੇ ਜੀਵ ਉਸ ਦੀ ਹੋਂਦ
ਦਾ ਹੀ ਹਿੱਸਾ ਹਨ। ਉਹ ਸਾਰਿਆਂ ਦੇ ਵਿੱਚ ਹੈ ਅਤੇ ਸਾਰੇ ਉਸ ਵਿੱਚ ਹਨ। ਗੁਰੂ ਜੀ ਫੁਰਮਾਉਂਦੇ ਹਨ
ਕਿ ਉਸ ਦੀ ਵਡਿਆਈ ਨੂੰ ਬਿਆਨ ਕਰਨਾ ਸੰਭਵ ਹੀ ਨਹੀਂ, ਕਿਸੇ ਦੇ ਵਸ ਦੀ ਗੱਲ ਨਹੀਂ।
ਸਤਿ ਸਤਿ ਸਤਿ ਪ੍ਰਭੁ ਸੁਆਮੀ ।। ਗੁਰਪਰਸਾਦਿ ਕਿਨੈ ਵਖਿਆਨੀ ।।
ਉਸ ਜਗਤ ਦੇ ਮਾਲਕ ਦੀ ਹੋਂਦ ਸਦੀਵੀ ਹੈ। ਤਿੰਨਾਂ ਕਾਲਾਂ ਵਿੱਚ ਹੀ ਉਹ
ਬ੍ਰਹਮੰਡ ਦੇ ਵਿੱਚ ਮੌਜੂਦ ਰਿਹਾ ਹੈ। ਉਹ ਹੈ, ਸਦਾ ਸੀ ਅਤੇ ਸਦਾ ਰਹੇਗਾ। ਪਰ ਉਸ ਦੀ ਹੋਂਦ ਦੀ
ਵਿਆਖਿਆ, ਉਸ ਦੇ ਸਰੂਪ ਦਾ ਕਥਨ ਗੁਰੂ ਦੀ ਕਿਰਪਾ ਨਾਲ਼ ਹੀ ਕੋਈ ਕਰ ਸਕਦਾ ਹੈ। ਕਿਸੇ ਜੀਵ ਲਈ ਇਹ
ਦੱਸਣਾ ਸੰਭਵ ਨਹੀਂ ਕਿ ਉਹ ਕਿਹੋ ਜਿਹਾ ਹੈ।
ਸਚੁ ਸਚੁ ਸਚੁ ਸਭੁ ਕੀਨਾ ।। ਕੋਟਿ ਮਧੇ ਕਿਨੈ ਬਿਰਲੈ ਚੀਨਾ ।।
ਜੋ ਕੁੱਝ ਵੀ ਉਸ ਨੇ ਬਣਾਇਆ ਹੈ ਉਹ ਸੱਚ
ਹੈ, ਛਲਾਵਾ ਨਹੀਂ। ਪਰ ਇਹ ਗੱਲ ਕ੍ਰੋੜਾਂ ਵਿੱਚੋਂ ਕਿਸੇ ਇੱਕ ਦੇ ਸਮਝ ਆਉਂਦੀ ਹੈ। ਸਧਾਰਨ ਇਨਸਾਨ
ਇਸ ਸਚਾਈ ਨੂੰ ਸਮਝਣ ਤੋਂ ਅਸਮਰਥ ਹੈ।
ਭਲਾ ਭਲਾ ਭਲਾ ਤੇਰਾ ਰੂਪ ।। ਅਤਿ ਸੁੰਦਰ ਆਪਾਰ
ਅਨੂਪ ।।
ਉਸ ਪ੍ਰਭੂ ਦਾ ਸਰੂਪ ਬੇਹੱਦ ਸੁੰਦਰ ਹੈ,
ਸਦਾ ਸੁੰਦਰ ਸੀ ਅਤੇ ਸਦਾ ਹੀ ਸੁੰਦਰ ਰਹੇਗਾ। ਉਹ ਇੰਨਾ ਜ਼ਿਆਦਾ ਸੁੰਦਰ ਹੈ ਕਿ ਉਸ ਦੀ ਸੁੰਦਰਤਾ ਦੀ ਕੋਈ ਸੀਮਾ ਨਹੀਂ।
ਉਸ ਦੀ ਸੁੰਦਰਤਾ ਬੇਮਿਸਾਲ ਹੈ, ਉਸ ਜਿੰਨਾ ਖੂਬਸੂਰਤ ਹੋਰ ਕੋਈ ਨਹੀਂ।
ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ।। ਘਟਿ ਘਟਿ
ਸੁਨੀ ਸ੍ਰਵਨ ਬਖ੍ਯਾਣੀ ।।
ਉਸ ਦੇ ਬੋਲ ਪਵਿੱਤਰ ਹਨ, ਸਦਾ ਪਵਿੱਤਰ ਸਨ ਅਤੇ ਸਦਾ ਪਵਿੱਤਰ ਬਣੇ
ਰਹਿਣਗੇ। ਹਰ ਇੱਕ ਜੀਵ ਉਸ ਦੇ ਬੋਲਾਂ ਨੂੰ ਸੁਣਦਾ ਹੈ, ਅਤੇ ਸੁਣ ਕੇ ਦੂਜਿਆਂ ਨੂੰ ਦੱਸਣ ਦੀ
ਕੋਸ਼ਿਸ਼ ਕਰਦਾ ਹੈ।
ਪਵਿਤ੍ਰ ਪਵਿਤ੍ਰ ਪਵਿਤ੍ਰ ਪੁਨੀਤ ।। ਨਾਮੁ ਜਪੈ
ਨਾਨਕ ਮਨਿ ਪ੍ਰੀਤਿ ।। 8 ।। 12 ।।
ਗੁਰੂ ਜੀ ਦਾ ਕਥਨ ਹੈ ਕਿ ਜਿਹੜਾ ਵੀ ਜੀਵ ਦਿਲੀ ਪਿਆਰ ਨਾਲ਼ ਉਸ ਦੇ
ਪਵਿੱਤਰ ਨਾਮ ਨੂੰ ਸਿਮਰਦਾ ਹੈ ਉਹ ਅਤਿ ਪਾਕ ਪਵਿੱਤਰ ਬਣ ਜਾਂਦਾ ਹੈ ਅਤੇ ਸਦਾ ਪਵਿੱਤਰ ਬਣਿਆਂ
ਰਹਿੰਦਾ ਹੈ। ਉਹ ਜੀਵ ਕਦੇ ਕਿਸੇ ਬੁਰੇ ਕੰਮ ਦੇ ਰਾਹ ਨਹੀਂ ਤੁਰਦਾ।
ਸਲੋਕ ।।
ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਉਧਰਨਹਾਰ ।।
ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ ।। 1 ।।
ਜਿਹੜਾ ਵੀ ਸੰਤ ਪੁਰਖਾਂ ਦੀ ਸ਼ਰਨ ਵਿੱਚ ਆ
ਜਾਂਦਾ ਹੈ ਉਸ ਦਾ ਕਲਿਆਣ ਹੋ ਜਾਂਦਾ ਹੈ, ਉਹ ਇਸ ਭਵ ਸਾਗਰ ਨੂੰ ਤਰ ਜਾਂਦਾ ਹੈ, ਉਸ ਨੂੰ ਮੁਕਤੀ
ਮਿਲ ਜਾਂਦੀ ਹੈ। ਪਰ ਜਿਹੜਾ ਇਨਸਾਨ ਸੰਤ ਪੁਰਖਾਂ ਦੀ ਨਿੰਦਾ ਕਰਦਾ ਹੈ, ਉਨ੍ਹਾਂ ਬਾਰੇ ਬੁਰਾ ਭਲਾ
ਕਹਿੰਦਾ ਹੈ, ਉਹ ਸਦਾ ਹੀ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ, ਮੁੜ ਮੁੜ ਕੇ ਜੰਮਦਾ ਮਰਦਾ
ਰਹਿੰਦਾ ਹੈ।
ਅਸਟਪਦੀ ।।
ਸੰਤ ਕੈ ਦੂਖਨਿ ਆਰਜਾ ਘਟੈ ।। ਸੰਤ ਕੈ ਦੂਖਨਿ ਜਮ ਤੇ ਨਹੀ ਛੁਟੈ ।।
ਸੰਤ ਪੁਰਖਾਂ ਤੇ ਦੋਸ਼ ਲਾਉਣ ਨਾਲ਼ ਇਨਸਾਨ
ਦੀ ਉਮਰ ਘਟਦੀ ਹੈ। ਸੰਤਾਂ ਤੇ ਦੋਸ਼ ਲਾਉਣ ਵਾਲ਼ਾ ਬੰਦਾ ਕਦੇ ਵੀ ਲੰਮੀ ਉਮਰ ਨਹੀਂ ਪਾਉਂਦਾ। ਸੰਤਾਂ
ਤੇ ਦੋਸ਼ ਲਾਉਣ ਵਾਲ਼ਾ ਜਮਾਂ ਦੀ ਮਾਰ ਤੋਂ ਨਹੀਂ ਬਚ ਸਕਦਾ। ਉਸ ਦੇ ਮਾੜੇ ਕਰਮਾਂ ਦੀ ਸਜ਼ਾ ਉਸ ਨੂੰ
ਭੁਗਤਣੀ ਹੀ ਪੈਂਦੀ ਹੈ।
ਸੰਤ ਕੈ ਦੂਖਨਿ ਸੁਖੁ ਸਭ ਜਾਇ ।। ਸੰਤ ਕੈ ਦੂਖਨਿ
ਨਰਕ ਮਹਿ ਪਾਇ ।।
ਸੰਤਾਂ ਤੇ ਦੋਸ਼ ਲਾਉਣ ਵਾਲ਼ੇ ਜੀਵ ਦੀ ਜ਼ਿੰਦਗੀ ਵਿੱਚੋਂ ਸਾਰੇ ਸੁਖ ਅਲੋਪ ਹੋ ਜਾਂਦੀ ਹਨ। ਉਹ ਸਦਾ
ਹੀ ਦੁੱਖਾਂ ਨਾਲ਼ ਘਿਰਿਆ ਰਹਿੰਦਾ ਹੈ। ਸੰਤ ਦੋਖੀ ਨੂੰ ਕਦੇ ਸੁਰਗ ਨਸੀਬ ਨਹੀਂ ਹੁੰਦਾ। ਉਸ ਨੂੰ
ਨਰਕ ਦੇ ਕਸ਼ਟ ਭੋਗਣੇ ਪੈਂਦੇ ਹਨ।
ਸੰਤ ਕੈ ਦੂਖਨਿ ਮਤਿ ਹੋਇ ਮਲੀਨ ।। ਸੰਤ ਕੈ
ਦੂਖਨਿ ਸੋਭਾ ਤੇ ਹੀਨ ।।
ਸੰਤਾਂ ਤੇ ਦੋਸ਼ ਲਾਉਣ ਨਾਲ਼
ਇਨਸਾਨ ਦੀ ਬੁੱਧ ਭ੍ਰਿਸ਼ਟ ਹੋ ਜਾਂਦੀ ਹੈ। ਉਹ ਕਦੇ ਵੀ ਚੰਗਾ ਸੋਚ ਨਹੀਂ ਸਕਦਾ। ਸ਼ੁਭ ਵਿਚਾਰ ਉਸ ਦੇ
ਮਨ ਵਿੱਚ ਆਉਂਦੇ ਹੀ ਨਹੀਂ। ਉਹ ਹਮੇਸ਼ਾ ਬੁਰੇ ਵਿਚਾਰਾਂ ਵਿੱਚ ਘਿਰਿਆ ਰਹਿੰਦਾ ਹੈ। ਨਤੀਜੇ ਵਜੋਂ ਉਸ ਨੂੰ ਜੱਗ ਵਿੱਚ ਕਦੇ ਵੀ ਸੋਭਾ ਨਹੀਂ ਮਿਲਦੀ।
ਉਸ ਦੇ ਪੱਲੇ ਕੇਵਲ ਬਦਨਾਮੀ ਹੀ ਪੈਂਦੀ ਹੈ। ਉਸ ਦੀ ਕੋਈ ਇੱਜ਼ਤ ਨਹੀਂ ਕਰਦਾ, ਸਤਿਕਾਰ ਨਹੀਂ
ਦਿੰਦਾ।
ਸੰਤ ਕੇ ਹਤੇ ਕਉ ਰਖੈ ਨ ਕੋਇ ।। ਸੰਤ ਕੈ ਦੂਖਨਿ
ਥਾਨ ਭ੍ਰਸ਼ਟੁ ਹੋਇ ।।
ਜਿਸ ਜੀਵ ਨੂੰ ਸੰਤ ਬਦ ਦੁਆ ਦੇ ਦੇਣ ਉਸ ਨੂੰ ਕੋਈ ਨਹੀਂ ਬਚਾ ਸਕਦਾ।
ਸੰਤਾਂ ਦੀ ਬਦ ਦੁਆ ਦਾ ਕੋਈ ਤੋੜ ਨਹੀਂ। ਸੰਤਾਂ ਤੇ ਦੋਸ਼ ਲਾਉਣ ਨਾਲ਼ ਇਨਸਾਨ ਦਾ ਹਿਰਦਾ ਗੰਦਾ ਹੋ ਜਾਂਦਾ ਹੈ, ਮਨ ਅਪਵਿੱਤਰ ਹੋ ਜਾਂਦਾ ਹੈ, ਸੋਚ
ਭ੍ਰਿਸ਼ਟੀ ਜਾਂਦੀ ਹੈ।
ਸੰਤ ਕ੍ਰਿਪਾਲ ਕ੍ਰਿਪਾ ਜੇ ਕਰੈ । ਨਾਨਕ ਸੰਤਸੰਗਿ
ਨਿੰਦਕੁ ਭੀ ਤਰੈ ।। 1 ।।
ਪਰ ਗੁਰੂ ਜੀ ਇਹ ਵੀ ਸਮਝਾਉਂਦੇ ਹਨ ਕਿ
ਸੰਤਾਂ ਵੱਲੋਂ ਸਰਾਪੇ ਹੋਏ ਜੀਵ ਨੂੰ ਸੰਤ ਹੀ ਬਚਾ ਸਕਦੇ ਹਨ। ਜੇ ਸੰਤ ਤਰਸ ਕਰ ਕੇ ਉਸ ਦੇ ਗੁਨਾਹ
ਮਾਫ ਕਰ ਦੇਣ ਤਾਂ ਸੰਤਾਂ ਦੇ ਨਾਲ਼ ਨਾਲ਼ ਉਨ੍ਹਾਂ ਦੀ ਨਿੰਦਾ ਕਰਨ ਵਾਲ਼ਾ ਵੀ ਤਰ ਜਾਂਦਾ ਹੈ।
ਸੰਤ ਕੈ ਦੂਖਨ ਤੇ ਮੁਖੁ ਭਵੈ ।। ਸੰਤ ਕੈ ਦੂਖਨਿ
ਕਾਗ ਜਿਉ ਲਵੈ ।।
ਸੰਤਾਂ ਤੇ ਦੋਸ਼ ਲਾਉਣ ਨਾਲ਼
ਮੂੰਹ ਵਿੰਗਾ ਹੋ ਜਾਂਦਾ ਹੈ। ਇਸ ਦਾ ਅਰਥ ਇਹ ਹੈ ਕਿ ਸੰਤਾਂ ਤੇ ਦੋਸ਼ ਲਾਉਣ ਵਾਲ਼ਾ ਕਦੇ ਚੰਗਾ ਸ਼ਬਦ ਮੂੰਹ ਤੋਂ ਬੋਲ ਹੀ ਨਹੀਂ ਸਕਦਾ, ਜੋ ਬੋਲਦਾ ਹੈ,
ਬੁਰਾ ਹੀ ਬੋਲਦਾ ਹੈ। ਉਸ ਦਾ ਸੁਭਾਅ ਕਾਂ ਵਰਗਾ ਬਣ ਜਾਂਦਾ ਹੈ। ਕਿਸੇ ਦੇ ਦਿਲ ਨੂੰ ਸਕੂਨ ਦੇਣ
ਵਾਲ਼ੇ ਮਿੱਠੇ ਬੋਲ ਉਸ ਦੀ ਜ਼ਬਾਨ ਤੇ ਆਉਂਦੇ ਹੀ ਨਹੀਂ।
ਸੰਤ ਕੈ ਦੂਖਨਿ ਸਰਪ ਜੋਨਿ ਪਾਇ ।। ਸੰਤ ਕੈ
ਦੂਖਨਿ ਤ੍ਰਿਗਦ ਜੋਨਿ ਕਿਰਮਾਇ ।।
ਸੰਤਾਂ ਤੇ ਦੋਸ਼ ਲਾਉਣ ਵਾਲ਼ੇ
ਨੂੰ ਸੱਪ ਦੀ ਜੂਨ ਹੰਢਾਉਣੀ ਪੈਂਦੀ ਹੈ। ਉਸ ਦੇ ਅੰਦਰ ਭਰੀ ਜ਼ਹਿਰ ਦੀ ਇਹ ਹੀ ਸਜ਼ਾ ਹੈ। ਉਸ ਨੂੰ ਕੀੜਿਆਂ
ਵਰਗੀਆਂ ਅਜਿਹੀਆਂ ਜੂਨਾਂ ਵਿੱਚ ਪੈਣਾ ਪੈਂਦਾ ਹੈ ਜਿਨ੍ਹਾਂ ਵਿੱਚ ਉਹ ਸਿੱਧਾ ਖੜ੍ਹਾ ਹੋ ਕੇ ਤੁਰ ਵੀ ਨਹੀਂ ਸਕਦਾ, ਉਸ ਨੂੰ ਵਿੰਗਾ ਟੇਢਾ ਹੋ ਕੇ ਤੁਰਨਾ
ਪੈਂਦਾ ਹੈ। ਅਜਿਹੇ ਜੀਵ ਦੇ ਸਰੀਰ ਵਿੱਚ ਕੀੜੇ ਪੈਂਦੇ ਹਨ, ਉਸ ਨੂੰ ਕੁਸ਼ਟ ਵਰਗੇ ਰੋਗ ਹੰਢਾਉਣੇ
ਪੈਂਦੇ ਹਨ।
ਸੰਤ ਕੈ ਦੂਖਨਿ ਤ੍ਰਿਸਨਾ ਮਹਿ ਜਲੈ ।। ਸੰਤ ਕੈ
ਦੂਖਨਿ ਸਭ ਕੋ ਛਲੈ ।।
ਸੰਤਾਂ ਤੇ ਦੋਸ਼ ਲਾਉਣ ਵਾਲ਼ੇ
ਇਨਸਾਨ ਨੂੰ ਕਦੇ ਸਬਰ ਸੰਤੋਖ ਨਸੀਬ ਨਹੀਂ ਹੁੰਦਾ, ਉਹ ਸਦਾ ਹੀ ਤ੍ਰਿਸ਼ਨਾ ਦੀ ਅੱਗ ਵਿੱਚ ਜਲ਼ਦਾ
ਰਹਿੰਦਾ ਹੈ। ਸੰਤਾਂ ਤੇ ਦੋਸ਼ ਲਾਉਣ ਵਾਲ਼ਾ
ਸਾਰੇ ਸੰਸਾਰ ਨੂੰ ਠਗਣ ਵਿੱਚ ਲੱਗਿਆ ਰਹਿੰਦਾ ਹੈ। ਉਹ ਹਰ ਇੱਕ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਦਾ
ਹੈ।
ਸੰਤ ਕੈ ਦੂਖਨਿ ਤੇਜੁ ਸਭੁ ਜਾਇ ।। ਸੰਤ ਕੈ ਦੂਖਨਿ ਨੀਚੁ ਨੀਚਾਇ ।।
ਸੰਤਾਂ ਤੇ ਦੋਸ਼ ਲਾਉਣ ਵਾਲ਼ਾ ਅਪਣਾ ਸਾਰਾ
ਤੇਜ ਪਰਤਾਪ ਖੋ ਬੈਠਦਾ ਹੈ। ਉਸ ਨੂੰ ਕੋਈ ਚੰਗਾ ਨਹੀਂ
ਸਮਝਦਾ। ਸਭ ਉਸ ਨੂੰ ਨਫਰਤ ਕਰਨ ਲੱਗ ਪੈਂਦੇ ਹਨ। ਸੰਤ ਦੋਖੀ ਦੀ ਬਿਰਤੀ ਨੀਚ ਤੋਂ ਵੀ ਨੀਚ
ਹੋ ਜਾਂਦੀ ਹੈ। ਉਸ ਦਾ ਸੋਚਣ ਦਾ ਢੰਗ ਹੀ ਦੂਸ਼ਿਤ ਹੋ ਜਾਂਦਾ ਹੈ। ਉਸ ਦੇ ਮਨ ਵਿੱਚ ਸਦਾ ਕਮੀਣੇ
ਵਿਚਾਰ ਹੀ ਆਉਂਦੇ ਹਨ।
ਸੰਤ ਦੋਖੀ ਕਾ ਥਾਉ ਕੋ ਨਾਹਿ ।। ਨਾਨਕ ਸੰਤ ਭਾਵੈ ਤਾ ਓਇ ਭੀ ਗਤਿ ਪਾਹਿ ।। 2 ।।
ਸੰਤ ਦੋਖੀ ਦਾ ਜੱਗ ਵਿੱਚ ਕੋਈ ਟਿਕਾਣਾ
ਨਹੀਂ ਰਹਿੰਦਾ। ਉਸ ਨੂੰ ਕੋਈ ਅਪਣੇ ਕੋਲ਼ ਬਿਠਾ ਕੇ
ਖੁਸ਼ ਨਹੀਂ ਹੁੰਦਾ। ਪਰ ਗੁਰੂ ਜੀ ਦਾ ਕਥਨ ਹੈ ਕਿ ਜੇ ਸੰਤ ਉਸ ਤੇ ਦਯਾ ਕਰ ਕੇ ਉਸ ਨੂੰ ਮਾਫ ਕਰ
ਦੇਣ ਅਤੇ ਉਸ ਦੀ ਮੁਕਤੀ ਲਈ ਦੁਆ ਕਰਨ ਤਾਂ ਉਸ ਨੂੰ ਵੀ ਮੁਕਤੀ ਮਿਲ ਜਾਂਦੀ ਹੈ।
ਸੰਤ ਕਾ ਨਿੰਦਕੁ ਮਹਾ ਅਤਤਾਈ ।। ਸੰਤ ਕਾ ਨਿੰਦਕੁ
ਖਿਨੁ ਟਿਕਨੁ ਨ ਪਾਈ ।।
ਸੰਤਾਂ ਦੀ ਨਿੰਦਾ ਕਰਨ ਵਾਲ਼ਾ ਮਹਾਂ ਪਾਪੀ ਹੁੰਦਾ ਹੈ। ਸੰਤ ਨਿੰਦਾ ਤੋਂ
ਵੱਡਾ ਹੋਰ ਕੋਈ ਪਾਪ ਨਹੀਂ। ਸੰਤਾਂ ਦੇ ਨਿੰਦਕ ਨੂੰ ਇੱਕ ਪਲ ਲਈ ਵੀ ਚੈਨ ਨਸੀਬ ਨਹੀਂ ਹੁੰਦਾ। ਉਹ
ਸਦਾ ਦੁੱਖਾਂ ਵਿੱਚ ਹੀ ਭਟਕਦਾ ਰਹਿੰਦਾ ਹੈ।
ਸੰਤ ਕਾ ਨਿੰਦਕੁ ਮਹਾ ਹਤਿਆਰਾ ।। ਸੰਤ ਕਾ
ਨਿੰਦਕੁ ਪਰਮੇਸੁਰਿ ਮਾਰਾ ।।
ਸੰਤ ਦਾ ਨਿੰਦਕ ਮਹਾਂ ਕਾਤਲ ਹੁੰਦਾ ਹੈ ਕਿਉਂਕਿ ਕਿਸੇ ਨੇਕ ਇਨਸਾਨ ਦੇ
ਆਚਰਣ ਦੇ ਕਤਲ ਤੋਂ ਵੱਡਾ ਹੋਰ ਕੋਈ ਕਤਲ ਨਹੀਂ। ਸੰਤਾਂ ਦੀ ਨਿੰਦਾ ਕਰਨ ਵਾਲ਼ਾ ਪ੍ਰਮਾਤਮਾ ਵੱਲੋਂ
ਹੀ ਸਰਾਪਿਆ ਹੋਇਆ ਹੁੰਦਾ ਹੈ। ਉਸ ਨੂੰ ਤਾਂ ਸਰਾਪ ਦੇਣ ਦੀ ਵੀ ਲੋੜ ਨਹੀਂ ਪੈਂਦੀ। ਰੱਬ ਆਪ ਹੀ ਉਸ
ਨੂੰ ਉਸ ਦੇ ਕੀਤੇ ਦੀ ਸਜ਼ਾ ਦੇ ਦਿੰਦਾ ਹੈ।
ਸੰਤ ਕਾ ਨਿੰਦਕੁ ਰਾਜ ਤੇ ਹੀਨੁ ।। ਸੰਤ ਕਾ
ਨਿੰਦਕੁ ਦੁਖੀਆ ਅਰੁ ਦੀਨੁ ।।
ਸੰਤ ਦੇ ਨਿੰਦਕ ਨੂੰ ਨਾ ਕਦੀ ਦੁਨਿਆਵੀ ਤਾਕਤ ਹਾਸਲ ਹੁੰਦੀ ਹੈ ਅਤੇ ਨਾ
ਆਤਮਿਕ। ਰਾਜ ਕਰਨਾ ਉਸ ਦੀ ਕਿਸਮਤ ਵਿੱਚ ਨਹੀਂ ਹੁੰਦਾ। ਉਹ ਹਮੇਸ਼ਾ ਦੁਖੀ ਰਹਿੰਦਾ ਹੈ
ਅਤੇ ਹਰ ਪੱਖ ਤੋੰ ਗਰੀਬੀ ਵਿੱਚ ਅਪਣੇ ਦਿਨ ਕੱਟਦਾ ਹੈ।
ਸੰਤ ਕੇ ਨਿੰਦਕ ਕਉ ਸਰਬ ਰੋਗ ।। ਸੰਤ ਕੇ ਨਿੰਦਕ ਕਉ ਸਦਾ ਬਿਜੋਗ ।।
ਸੰਤ ਦੀ ਨਿੰਦਾ ਕਰਨ ਵਾਲ਼ਾ ਸੰਸਾਰ ਦੀਆਂ
ਸਾਰੀਆਂ ਬੀਮਾਰੀਆਂ ਦਾ ਸ਼ਿਕਾਰ ਹੁੰਦਾ ਹੈ। ਦੁਨੀਆਂ ਦੀ ਹਰ ਬੀਮਾਰੀ ਉਸ ਨੂੰ ਆ ਜਕੜਦੀ ਹੈ। ਉਹ
ਹਮੇਸ਼ਾ ਹੀ ਵਿਛੋੜੇ ਦਾ ਦੁੱਖ ਹੰਢਾਉਂਦਾ ਹੈ। ਈਸ਼ਵਰ ਨਾਲ਼ ਮਿਲਾਪ ਦਾ ਸੁਖ ਉਸ ਨੂੰ ਕਦੇ ਵੀ ਨਸੀਬ
ਨਹੀਂ ਹੁੰਦਾ।
ਸੰਤ ਕੀ ਨਿੰਦਾ ਦੋਖ ਮਹਿ ਦੋਖੁ ।। ਨਾਨਕ ਸੰਤ
ਭਾਵੈ ਤਾ ਉਸ ਕਾ ਭੀ ਹੋਇ ਮੋਖੁ ।।
ਸੰਤਾਂ ਦੀ ਨਿੰਦਾ ਕਰਨਾ ਅਪਣੇ ਆਪ ਵਿੱਚ ਹੀ ਸਾਰੇ ਪਾਪਾਂ ਤੋਂ ਵੱਡਾ ਪਾਪ
ਹੈ, ਸਾਰੇ ਦੁੱਖਾਂ ਤੋਂ ਵੱਡਾ ਦੁੱਖ ਹੈ। ਪ੍ਰੰਤੂ ਗੁਰੂ ਜੀ ਦਾ ਕਹਿਣਾ ਹੈ ਕਿ ਜੇ ਸੰਤ ਚਾਹੁਣ
ਤਾਂ ਉਸ ਨੂੰ ਵੀ ਮੁਕਤੀ ਮਿਲ ਸਕਦੀ ਹੈ। ਸੰਤਾਂ ਦੀ ਕਮਾਈ ਏਨੀ ਮਹਾਨ ਹੁੰਦੀ ਹੈ ਕਿ ਜਿਸ ਗੁਨਾਹ
ਨੂੰ ਦੁਨੀਆਂ ਦੀ ਕੋਈ ਤਾਕਤ ਮਾਫ ਨਹੀਂ ਕਰ ਸਕਦੀ, ਉਹ ਚਾਹੁਣ ਤਾਂ ਉਸ ਨੂੰ ਵੀ ਮਾਫ ਕਰ ਸਕਦੇ ਹਨ।
ਸੰਤ ਕਾ ਦੋਖੀ ਸਦਾ ਅਪਵਿਤੁ ।। ਸੰਤ ਕਾ ਦੋਖੀ
ਕਿਸੇ ਕਾ ਨਹੀ ਮਿਤੁ ।।
ਸੰਤਾਂ ਤੇ ਦੋਸ਼ ਲਾਉਣ ਵਾਲ਼ਾ ਸਦਾ ਹੀ ਮਨ ਦਾ ਮੈਲ਼ਾ ਹੁੰਦਾ ਹੈ। ਨੇਕ ਵਿਚਾਰ ਕਦੇ ਉਸ ਦੇ ਮਨ ਵਿੱਚ ਆਉਂਦੇ
ਹੀ ਨਹੀਂ। ਨਿੰਦਾ ਕਰ ਕਰ ਕੇ ਉਹ ਸੰਤਾਂ ਦੀ ਮੈਲ਼ ਧੋ ਦਿੰਦਾ ਹੈ ਪਰ ਉਹ ਮੈਲ਼ ਉਸ ਨੂੰ ਆਪ ਨੂੰ
ਚੜ੍ਹਦੀ ਜਾਂਦੀ ਹੈ। ਜਿਹੜਾ ਬੰਦਾ ਸੰਤਾਂ ਦਾ ਦੋਖੀ ਹੋਵੇ, ਉਹ ਦੁਨੀਆਂ ਵਿੱਚ ਕਿਸੇ ਦਾ ਵੀ ਮਿੱਤਰ
ਨਹੀਂ ਬਣ ਸਕਦਾ। ਸੰਤ ਨਿਰਵੈਰ ਹੁੰਦੇ ਹਨ। ਜਿਹੜਾ ਇਨਸਾਨ ਨਿਰਵੈਰਾਂ ਨਾਲ਼ ਵੈਰ ਕਮਾਵੇ, ਉਹ ਹੋਰ
ਕਿਸੇ ਦਾ ਮਿੱਤਰ ਕਿਵੇਂ ਹੋ ਸਕਦਾ ਹੈ?
ਸੰਤ ਕੇ ਦੋਖੀ ਕਉ ਡਾਨੁ ਲਾਗੈ ।। ਸੰਤ ਕੇ ਦੋਖੀ
ਕਉ ਸਭ ਤਿਆਗੈ ।।
ਸੰਤਾਂ ਤੇ ਦੋਸ਼ ਲਾਉਣ ਵਾਲ਼ਾ ਸਦਾ ਹੀ ਸਜ਼ਾ ਦਾ ਅਧਿਕਾਰੀ ਬਣਦਾ ਹੈ। ਉਸ ਨੂੰ ਧਰਮ ਰਾਜ ਜ਼ਰੂਰ ਸਜ਼ਾ ਦਿੰਦਾ
ਹੈ। ਉਸ ਨੂੰ ਸਭ ਤਿਆਗ ਦਿੰਦੇ ਹਨ। ਉਸ ਨਾਲ਼ੋਂ ਸਭ ਅਪਣਾ ਰਿਸ਼ਤਾ ਤੋੜ ਲੈਂਦੇ ਹਨ । ਕੋਈ ਉਸ ਨੂੰ
ਮੂੰਹ ਨਹੀਂ ਲਾਉਂਦਾ। ਕੋਈ ਉਸ ਦਾ ਭਲਾ ਨਹੀਂ ਚਾਹੁੰਦਾ।
ਸੰਤ ਕਾ ਦੋਖੀ ਮਹਾ ਅਹੰਕਾਰੀ ।। ਸੰਤ ਕਾ ਦੋਖੀ ਸਦਾ ਬਿਕਾਰੀ ।।
ਸੰਤ ਦਾ ਬੁਰਾ ਚਾਹੁਣ ਵਾਲ਼ਾ ਅਤਿ ਦਰਜੇ ਦਾ ਹੰਕਾਰੀ ਹੁੰਦਾ ਹੈ। ਸੰਤ ਦੋਖੀ
ਸਦਾ ਹੀ ਵਿਕਾਰਾਂ ਦਾ ਸ਼ਿਕਾਰ ਹੋਇਆ ਰਹਿੰਦਾ ਹੈ। ਉਹ ਵਿਸ਼ੇ ਵਿਕਾਰਾਂ ਦੇ ਜਾਲ਼ ਵਿੱਚੋਂ ਨਿੱਕਲ਼
ਨਹੀਂ ਸਕਦਾ। ਇਸ ਕਰਕੇ ਉਸ ਦੀ ਸੋਚ ਕਦੇ ਨਿਰਮਲ ਨਹੀਂ ਹੋ ਸਕਦੀ।
ਸੰਤ ਕਾ ਦੋਖੀ ਜਨਮੈ ਮਰੈ ।। ਸੰਤ ਕੀ ਦੂਖਨਾ ਸੁਖ
ਤੇ ਟਰੈ ।।
ਸੰਤਾਂ ਤੇ ਦੋਸ਼ ਲਾਉਣ ਵਾਲ਼ਾ ਆਵਾ ਗਮਨ ਦੇ ਚੱਕਰ ਵਿੱਚ ਉਲ਼ਝਿਆ ਰਹਿੰਦਾ ਹੈ। ਉਹ ਵਾਰ ਵਾਰ ਜੰਮਦਾ ਹੈ ਅਤੇ ਮਰਦਾ ਹੈ। ਸੰਤਾਂ ਨਾਲ਼ ਦੁਸ਼ਮਣੀ ਕਰਨ ਵਾਲ਼ੇ
ਨੂੰ ਕਦੇ ਸੁਖ ਨਸੀਬ ਨਹੀਂ ਹੁੰਦਾ। ਉਹ ਸਦਾ ਹੀ ਦੁੱਖ ਪਾਉਂਦਾ ਹੈ।
ਸੰਤ ਕੇ ਦੋਖੀ ਕਉ ਨਾਹੀ ਠਾਉ ।। ਨਾਨਕ ਸੰਤ ਭਾਵੈ
ਤਾ ਲਏ ਮਿਲਾਇ ।। 4 ।।
ਪ੍ਰਮਾਤਮਾ ਦੀ ਦਰਗਾਹ ਵਿੱਚ ਸੰਤਾਂ ਦੇ ਦੋਖੀ ਲਈ ਕੋਈ ਥਾਂ ਨਹੀਂ
ਹੁੰਦੀ। ਪਰ ਗੁਰੂ ਜੀ ਫੁਰਮਾਉਂਦੇ ਹਨ ਕਿ ਜੇ ਸੰਤ ਚਾਹੁਣ ਤਾਂ ਉਸ ਦੇ ਸਾਰੇ ਗੁਨਾਹ ਮਾਫ ਕਰ ਕੇ
ਉਸ ਨੂੰ ਵੀ ਪ੍ਰਮਾਤਮਾ ਨਾਲ਼ ਮਿਲਾ ਸਕਦੇ ਹਨ।
ਸੰਤ ਕਾ ਦੋਖੀ ਅਧ ਬੀਚ ਤੇ ਟੂਟੈ ।। ਸੰਤ ਕਾ
ਦੋਖੀ ਕਿਤੈ ਕਾਜਿ ਨ ਪਹੂਚੈ ।।
ਭਾਈ ਵੀਰ ਸਿੰਘ ਇਸ ਦਾ ਅਰਥ ਕਰਦੇ ਕਹਿੰਦੇ ਹਨ ਕਿ ਸੰਤ ਦਾ ਦੋਖੀ ਭਰ
ਜਵਾਨੀ ਵਿੱਚ ਮਰਦਾ ਹੈ। ਇਹ ਵੀ ਕਹਿ ਸਕਦੇ ਹਾਂ ਕਿ ਸੰਤ ਦੇ ਦੋਖੀ ਦਾ ਕੋਈ ਵੀ ਮਨਸੂਬਾ ਸਿਰੇ
ਨਹੀਂ ਚੜ੍ਹਦਾ। ਉਸ ਦੀ ਹਰ ਤਦਬੀਰ ਸਫਲਤਾ ਵੱਲ ਨੂੰ ਜਾਂਦੀ ਜਾਂਦੀ ਅੰਤ ਨੂੰ ਅਸਫਲ ਹੋ ਜਾਂਦੀ ਹੈ।
ਅੱਧ ਵਿਚਕਾਰ ਜਾ ਕੇ ਉਸ ਦੀਆਂ ਸਾਰੀਆਂ ਵਿਉਂਤਾਂ ਟੁੱਟ ਕੇ ਧਰਤੀ ਤੇ ਡਿਗ ਪੈਂਦੀਆਂ ਹਨ। ਉਸ ਦਾ
ਵਿੱਢਿਆ ਕੋਈ ਵੀ ਕਾਰਜ ਸਿਰੇ ਨਹੀਂ ਚੜ੍ਹਦਾ।
ਸੰਤ ਕੇ ਦੋਖੀ ਕਉ ਉਦਿਆਨ ਭ੍ਰਮਾਈਐ ।। ਸੰਤ ਕਾ
ਦੋਖੀ ਉਝੜਿ ਪਾਈਐ ।।
ਸੰਤ ਦਾ ਦੋਖੀ ਜ਼ਿੰਦਗੀ ਵਿੱਚ ਇੰਝ ਭਟਕਦਾ ਰਹਿਂਦਾ ਹੈ ਜਿਸ ਤਰਾਂ ਕੋਈ
ਮੁਸਾਫਰ ਜੰਗਲ਼ ਵਿੱਚ ਰਸਤਾ ਭੁੱਲ ਜਾਣ ਤੇ ਭਟਕਦਾ ਰਹਿੰਦਾ ਹੈ। ਉਹ ਗਲਤ ਰਸਤੇ ਤੇ ਪੈ ਜਾਂਦਾ
ਹੈ ਇਸ ਕਰਕੇ ਉਹ ਸਦਾ ਉਲ਼ਝਣਾ ਵਿੱਚ ਫਸਿਆ ਰਹਿੰਦਾ
ਹੈ। ਉਹ ਕਦੇ ਵੀ ਅਪਣੀ ਮੰਜ਼ਲ ਤੇ ਨਹੀਂ ਪਹੁੰਚ ਸਕਦਾ।
ਸੰਤ ਕਾ ਦੋਖੀ ਅੰਤਰ ਤੇ ਥੋਥਾ ।। ਜਿਉ ਸਾਸ ਬਿਨਾ ਮਿਰਤਕ ਕੀ ਲੋਥਾ ।।
ਸੰਤਾਂ ਦਾ ਦੋਖੀ ਅੰਦਰ ਤੋਂ ਖਾਲੀ ਹੁੰਦਾ
ਹੈ। ਉਸ ਦੀ ਜ਼ਿੰਦਗੀ ਸਾਹ ਤੋਂ ਬਿਨਾਂ ਮੁਰਦੇ ਦੀ ਲਾਸ਼ ਵਰਗੀ ਹੁੰਦੀ ਹੈ। ਉਸ ਦੀ ਜ਼ਿੰਦਗੀ ਦੀ
ਕੋਈ ਮੰਜ਼ਿਲ ਨਹੀਂ ਹੁੰਦੀ, ਕੋਈ ਮਨੋਰਥ ਨਹੀਂ
ਹੁੰਦਾ। ਉਹ ਸਾਰਥਿਕਤਾ ਤੋਂ ਰਹਿਤ ਜੀਵਨ ਬਤੀਤ ਕਰਦਾ ਹੈ। ਮਾਨਵਤਾ ਨੂੰ ਕੋਈ ਦੇਣ ਉਹ ਨਹੀਂ ਦੇ
ਸਕਦਾ।
ਸੰਤ ਕੇ ਦੋਖੀ ਕੀ ਜੜ ਕਿਛੁ ਨਾਹਿ ।। ਆਪਨ ਬੀਜਿ
ਆਪੇ ਹੀ ਖਾਹਿ ।।
ਸੰਤ ਦੇ ਦੋਖੀ ਦੀ ਕੋਈ ਜੜ ਨਹੀਂ ਹੁੰਦੀ। ਉਸ ਦੀ ਆਤਮਿਕ ਜ਼ਿੰਦਗੀ ਨੂੰ
ਸਹਾਰਾ ਦੇਣ ਵਾਲ਼ਾ, ਖੁਰਾਕ ਦੇਣ ਵਾਲ਼ਾ, ਕੋਈ ਸੋਮਾ ਨਹੀਂ ਹੁੰਦਾ। ਉਹ ਅਪਣੇ ਕਰਮਾਂ ਦਾ ਫਲ਼ ਹੀ
ਖਾਂਦਾ ਹੈ, ਜੋ ਬੀਜਦਾ ਹੈ ਉਹ ਹੀ ਵੱਢਦਾ ਹੈ। ਜਾਂ ਇੰਝ ਵੀ ਕਹਿ ਸਕਦੇ ਹਾਂ ਕਿ ਉਹ ਅਪਣੀ ਕੁਲ
ਦਾ, ਅਪਣੇ ਬੀਜ ਦਾ, ਆਪ ਹੀ ਵਿਨਾਸ਼ ਕਰਦਾ ਰਹਿੰਦਾ ਹੈ।
ਸੰਤ ਕੇ ਦੋਖੀ ਕਉ ਅਵਰੁ ਨ ਰਾਖਨਹਾਰੁ ।। ਨਾਨਕ ਸੰਤ ਭਾਵੈ ਤਾ ਲਏ ਉਬਾਰਿ ।। 5 ।।
ਸੰਤਾਂ ਦੇ ਦੋਖੀ ਨੂੰ ਸੰਤਾਂ ਤੋਂ ਬਿਨਾ
ਹੋਰ ਕੋਈ ਨਹੀਂ ਬਚਾ ਸਕਦਾ। ਗੁਰੂ ਜੀ ਦਾ ਕਹਿਣਾ
ਹੈ ਕਿ ਕੇਵਲ ਸੰਤ ਹੀ ਉਸ ਨੂੰ ਬਚਾ ਸਕਦੇ ਹਨ। ਸੰਤ ਜੇ ਮਿਹਰਬਾਨ ਹੋ ਜਾਣ ਤਾਂ ਉਸ ਦਾ ਵੀ ਪਾਰ
ਉਤਾਰਾ ਕਰ ਸਕਦੇ ਹਨ।
ਸੰਤ ਕਾ ਦੋਖੀ ਇਉ ਬਿਲਲਾਇ ।। ਜਿਉ ਜਲ ਬਿਹੂਨ
ਮਛੁਲੀ ਤੜਫੜਾਇ ।।
ਸੰਤ ਦਾ ਦੋਖੀ ਸਦਾ ਹੀ ਆਤਮਿਕ ਪੀੜ ਦਾ ਸ਼ਿਕਾਰ ਹੋਇਆ ਰਹਿੰਦਾ ਹੈ। ਉਸ ਨੂੰ ਆਤਮਿਕ ਸੁਖ ਕਦੇ ਨਹੀਂ ਮਿਲਦਾ।
ਉਹ ਆਤਮਿਕ ਦਰਦ ਨਾਲ਼ ਇਸ ਤਰਾਂ ਕੁਰਲਾਉਂਦਾ ਅਤੇ ਤੜਫਦਾ ਰਹਿੰਦਾ ਹੈ ਜਿਵੇਂ ਮੱਛੀ ਪਾਣੀ ਤੋਂ ਬਿਨਾ
ਤੜਫਦੀ ਹੈ। ਉਸ ਦੀ ਮਾਨਸਿਕ ਅਤੇ ਆਤਮਿਕ ਪੀੜ ਅਸਹਿ ਹੁੰਦੀ ਹੈ।
ਸੰਤ ਕਾ ਦੋਖੀ ਭੂਖਾ ਨਹੀ ਰਾਜੈ ।। ਜਿਉ ਪਾਵਕੁ ਈਧਨਿ
ਨਹੀ ਧ੍ਰਾਪੈ ।।
ਸੰਤ ਦੇ ਦੋਖੀ ਦੀ ਤ੍ਰਿਸ਼ਨਾ ਭੁੱਖ ਕਦੇ ਵੀ ਪੂਰੀ ਨਹੀਂ ਹੁੰਦੀ। ਉਹ
ਜੀਵਨ ਭਰ ਇੱਛਾਵਾਂ ਦੇ ਪਿੱਛੇ ਭੱਜਦਾ ਰਹਿੰਦਾ ਹੈ। ਉਸ ਦੀਆਂ ਇੱਛਾਵਾਂ ਕਦੀ ਮੁੱਕਦੀਆਂ ਹੀ ਨਹੀਂ। ਜਿਸ ਤਰਾਂ ਅੱਗ ਦੀ ਬਾਲਣ ਦੀ ਭੁੱਖ ਕਦੇ
ਵੀ ਪੂਰੀ ਨਹੀਂ ਹੁੰਦੀ, ਜਿੰਨਾ ਵੱਧ ਬਾਲਣ ਮਿਲਦਾ ਹੈ, ਓਨੀ ਹੀ ਉਸ ਦੀ ਬਾਲਣ ਦੀ ਭੁੱਖ ਵਧਦੀ
ਜਾਂਦੀ ਹੈ, ਉਸੇ ਤਰਾਂ ਸੰਤ ਦੋਖੀ ਦੀਆਂ ਇੱਛਾਵਾਂ ਵੀ ਵਧਦੀਆਂ ਹੀ ਜਾਂਦੀਆਂ ਹਨ। ਉਸ ਨੂੰ
ਕਦੇ ਸਬਰ ਨਹੀਂ ਆਉਂਦਾ।
ਸੰਤ ਕਾ ਦੋਖੀ ਛੁਟੈ ਇਕੇਲਾ ।। ਜਿਉ ਬੂਆੜੁ ਤਿਲੁ ਖੇਤ ਮਾਹਿ ਦੁਹੇਲਾ ।।
ਸੰਤ ਦੇ ਦੋਖੀ ਦਾ ਕੋਈ ਸਾਥ ਨਹੀਂ ਦਿੰਦਾ। ਉਸ ਦੇ ਕੋਈ ਨਾਲ਼ ਨਹੀਂ
ਖੜ੍ਹਦਾ। ਜਿਵੇਂ ਤਿਲਾਂ ਦੇ ਖੇਤ ਵਿੱਚ ਬੂਆੜ (ਇੱਕ ਨਦੀਨ ਜੋ ਵਿਸ਼ੇਸ਼ ਤੌਰ ਤੇ ਤਿਲਾਂ ਦੇ ਖੇਤ
ਵਿੱਚ ਹੁੰਦਾ ਹੈ) ਇਕੱਲਾ ਹੀ ਰਹਿ ਜਾਂਦਾ ਹੈ ਅਤੇ
ਚਾਰੇ ਪਾਸੇ ਤੋਂ ਤਿਲਾਂ ਨਾਲ਼ ਘਿਰੇ ਦਾ ਉਸ ਦਾ ਜੀਣਾ ਦੁੱਭਰ ਹੋ ਜਾਂਦਾ ਹੈ, ਉਸੇ ਤਰਾਂ ਸੰਤ ਦੋਖੀ
ਵੀ ਸਮਾਜ ਵਿੱਚ ਇਕੱਲਾ ਰਹਿ ਜਾਂਦਾ ਹੈ ਅਤੇ ਉਸ ਲਈ ਜਿਉਣਾ ਮੁਸ਼ਕਲ ਹੋ ਜਾਂਦਾ ਹੈ।
ਸੰਤ ਕਾ ਦੋਖੀ ਧਰਮ ਤੇ ਰਹਤ ।। ਸੰਤ ਕਾ ਦੋਖੀ ਸਦ
ਮਿਥਿਆ ਕਹਤ ।।
ਸੰਤ ਦਾ ਦੋਖੀ ਧਰਮ ਤੋਂ ਸੱਖਣਾ ਹੁੰਦਾ ਹੈ। ਉਹ ਧਾਰਮਿਕ ਹੋਣ ਦਾ ਪਾਖੰਡ
ਤਾਂ ਭਾਵੇਂ ਕਰੇ ਪਰ ਅਸਲ ਵਿੱਚ ਧਾਰਮਿਕਤਾ ਨਾਲ਼ ਉਸ ਦਾ ਕੋਈ ਦੂਰ ਦਾ ਵੀ ਸੰਬੰਧ ਨਹੀਂ ਹੁੰਦਾ। ਉਹ
ਹਮੇਸ਼ਾ ਝੂਠ ਬੋਲਦਾ ਹੈ, ਇਸ ਕਰਕੇ ਉਸ ਦੇ ਕਹੇ ਦਾ ਕੋਈ ਇਤਬਾਰ ਨਹੀਂ ਹੁੰਦਾ।
ਕਿਰਤੁ ਨਿੰਦਕ ਕਾ ਧੁਰਿ ਹੀ ਪਇਆ ।। ਨਾਨਕ ਜੋ ਤਿਸੁ ਭਾਵੈ ਸੋਈ ਥਿਆ ।। 6 ।।
ਸੰਤਾਂ ਦੇ ਨਿੰਦਕ ਦੀ ਕਿਸਮਤ ਵਿੱਚ ਧੁਰ
ਤੋਂ ਹੀ ਨਿੰਦਾ ਕਰਨੀ ਲਿਖੀ ਹੁੰਦੀ ਹੈ। ਜੋ ਕਰਮ ਉਸ ਦੀ ਕਿਸਮਤ ਵਿੱਚ ਲਿਖਿਆ ਹੈ, ਉਸ ਨੇ ਕਰਨਾ
ਹੀ ਕਰਨਾ ਹੈ। ਗੁਰੂ ਜੀ ਦਾ ਫੁਰਮਾਨ ਹੈ ਕਿ ਅਸਲ ਵਿੱਚ ਈਸ਼ਵਰ ਦੀ ਮਰਜ਼ੀ ਹੀ ਇਹ ਹੁੰਦੀ ਹੈ ਅਤੇ
ਹੁੰਦਾ ਉਹ ਹੀ ਹੈ ਜੋ ਮਾਲਕ ਦੀ ਮਰਜ਼ੀ ਹੁੰਦੀ ਹੈ, ਜੋ ਉਸ ਨੂੰ ਭਾਉਂਦਾ ਹੈ।
ਸੰਤ ਕਾ ਦੋਖੀ ਬਿਗੜ ਰੂਪੁ ਹੋਇ ਜਾਇ ।। ਸੰਤ ਕੇ
ਦੋਖੀ ਕਉ ਦਰਗਹ ਮਿਲੈ ਸਜਾਇ ।।
ਸੰਤ ਦਾ ਦੋਖੀ ਉਹ ਨਹੀਂ ਰਹਿੰਦਾ ਜੋ ਪ੍ਰਮਾਤਮਾ ਨੇ ਉਸ ਨੂੰ ਬਣਾਇਆ ਹੈ।
ਜਿਵੇਂ ਕਣਕ ਦੇ ਬੂਟੇ ਵਿੱਚ ਤਬਦੀਲੀ ਆ ਕੇ ਬਿਗੜ
ਦਾ ਬੂਟਾ ਬਣ ਜਾਂਦਾ ਹੈ ਜਿਹੜਾ ਦੇਖਮ ਨੂੰ ਕਣਕ ਵਰਗਾ ਹੀ ਲੱਗਦਾ ਹੈ ਪਰ ਹੁੰਦਾ ਨਿਕੰਮਾ ਹੈ ਉਸੇ ਤਰਾਂ
ਉਸ ਦੇ ਸੁਭਾਅ ਵਿੱਚ ਕੋਈ ਨਾਂਹ ਪੱਖੀ ਤਬਦੀਲੀ ਹੋ ਜਾਂਦੀ ਹੈ ਜਿਸ ਕਰਕੇ ਉਸ ਦਾ ਰੂਪ ਵਿਗੜ ਜਾਂਦਾ
ਹੈ। ਬੁਰਾਈ ਵੱਲ ਝੁਕਾਅ ਹੋ ਜਾਣ ਕਾਰਨ ਉਹ ਬੁਰੇ ਕੰਮ ਕਰਦਾ ਹੈ। ਇਸ ਕਰਕੇ ਪ੍ਰਮਾਤਮਾ ਦੇ ਦਰਬਾਰ ਵਿੱਚ ਉਸ
ਨੂੰ ਸਜ਼ਾ ਮਿਲਦੀ ਹੈ।
ਸੰਤ ਕਾ ਦੋਖੀ ਸਦਾ ਸਹਕਾਈਐ ।। ਸੰਤ ਕਾ ਦੋਖੀ ਨ
ਮਰੈ ਨ ਜੀਵਾਇਐ ।।
ਸੰਤ ਤੇ ਦੋਸ਼ ਲਾਉਣ ਵਾਲ਼ਾ ਸਦਾ ਸਹਿਕਦਾ ਹੀ ਰਹਿੰਦਾ ਹੈ, ਉਹ ਕਦੇ ਵੀ
ਖੁਲ੍ਹ ਕੇ ਸੁਚੱਜੀ ਜ਼ਿੰਦਗੀ ਨਹੀਂ ਜੀ ਸਕਦਾ। ਉਹ ਨਾ ਮਰਦਾ ਹੈ, ਨਾ ਜਿਉਂਦਾ ਹੈ, ਜੀਵਨ ਅਤੇ ਮੌਤ
ਦੇ ਵਿਚਕਾਰ ਲਟਕਦਾ ਰਹਿੰਦਾ ਹੈ।
ਸੰਤ ਕੇ ਦੋਖੀ ਕੀ ਪੁਜੈ ਨ ਆਸਾ ।। ਸੰਤ ਕਾ ਦੋਖੀ
ਉਠਿ ਚਲੈ ਨਿਰਾਸਾ ।।
ਸੰਤਾਂ ਤੇ ਦੋਸ਼ ਲਾਉਣ ਵਾਲ਼ੇ ਦੀ ਕੋਈ ਵੀ
ਆਸ ਕਦੇ ਵੀ ਪੂਰੀ ਨਹੀਂ ਹੁੰਦੀ। ਉਹ ਨਿਰਾਸਾ ਹੀ ਇਸ ਦੁਨੀਆਂ ਤੋਂ ਉੱਠ ਜਾਂਦਾ ਹੈ।
ਸੰਤ ਕੈ ਦੋਖਿ ਨ ਤ੍ਰਿਸਟੈ ਕੋਇ ।। ਜੈਸਾ ਭਾਵੇ
ਤੈਸਾ ਕੋਈ ਹੋਇ ।।
ਸੰਤਾਂ ਤੇ ਦੋਸ਼ ਲਾ ਕੇ, ਉਨ੍ਹਾਂ ਨੂੰ ਦੁੱਖ ਦੇ ਕੇ, ਕੋਈ ਵੀ ਸੰਤੁਸ਼ਟੀ
ਪ੍ਰਾਪਤ ਨਹੀਂ ਕਰ ਸਕਦਾ। ਪਰ ਉਸ ਨੂੰ ਇਸ ਕੰਮ ਤੋਂ ਕੌਣ ਰੋਕ ਸਕਦਾ ਹੈ? ਜਿਸ ਤਰਾਂ ਦੇ ਕੰਮ ਕਰਨਾ
ਕਿਸੇ ਨੂੰ ਚੰਗਾ ਲੱਗਦਾ ਹੈ, ਉਸ ਤਰਾਂ ਦੇ ਕੰਮ
ਉਹ ਕਰਦਾ ਰਹਿੰਦਾ ਹੈ। ਜਾਂ ਜਿਸ ਤਰਾਂ ਦਾ ਪ੍ਰਮਾਤਮਾ ਨੂੰ ਭਾਉਂਦਾ ਹੈ, ਉਸ ਤਰਾਂ ਦਾ ਇਨਸਾਨ ਬਣ
ਜਾਂਦਾ ਹੈ।
ਪਇਆ ਕਿਰਤੁ ਨ ਮੇਟੈ ਕੋਇ ।। ਨਾਨਕ ਜਾਨੈ ਸਚਾ ਸੋਇ ।। 7 ।।
ਜੋ ਕਰਨਾ ਕਿਸੇ ਦੇ ਲੇਖਾਂ ਵਿੱਚ ਲਿਖਿਆ
ਹੈ, ਉਸ ਨੂੰ ਕੋਈ ਨਹੀਂ ਮੇਟ ਸਕਦਾ। ਗੁਰੂ ਜੀ ਕਹਿੰਦੇ ਹਨ ਕਿ ਅਜਿਹਾ ਕਿਉਂ ਹੁੰਦਾ ਹੈ, ਇਹ
ਪ੍ਰਮਾਤਮਾ ਹੀ ਜਾਣਦਾ ਹੈ। ਇਸ ਦਾ ਭੇਦ ਪਾਉਣਾ ਇਨਸਾਨ ਦੇ ਵਸ ਦੀ ਗੱਲ ਨਹੀਂ।
ਸਭ ਘਟ ਤਿਸ ਕੇ ਓਹੁ ਕਰਨੈਹਾਰੁ ।। ਸਦਾ ਸਦਾ ਤਿਸ
ਕਉ ਨਮਸਕਾਰੁ ।।
ਸਾਰੇ ਜੀਵ ਉਸ ਪ੍ਰਮਾਤਮਾ ਦੇ ਸਿਰਜੇ ਹੋਏ ਹਨ, ਉਸ ਇੱਕ ਈਸ਼ਵਰ ਦੇ ਹੀ
ਬੱਚੇ ਹਨ। ਉਹ ਪ੍ਰਭੂ ਆਪ ਹੀ ਸਭ ਕੁੱਝ ਕਰਨ ਕਰਾਉਣ ਵਾਲ਼ਾ ਹੈ। ਇਸ ਕਰਕੇ ਉਸ ਨੂੰ ਸਦਾ ਹੀ ਨਮਸ਼ਕਾਰ
ਕਰਨੀ ਚਾਹੀਦੀ ਹੈ।
ਪ੍ਰਭ ਕੀ ਉਸਤਤਿ ਕਰਹੁ ਦਿਨੁ ਰਾਤਿ ।।ਤਿਸਹਿ
ਧਿਆਵਹੁ ਸਾਸਿ ਗਿਰਾਸਿ ।।
ਐ ਦੁਨੀਆਂ ਦੇ ਜੀਵੋ, ਦਿਨ ਰਾਤ, ਹਰ ਵੇਲ਼ੇ, ਉਸ ਪ੍ਰਮਾਤਮਾ ਦੀ ਵਡਿਆਈ
ਕਰਦੇ ਰਿਹਾ ਕਰੋ। ਹਰ ਸਾਹ ਦੇ ਨਾਲ਼, ਹਰ ਗ੍ਰਾਹੀ (ਬੁਰਕੀ) ਦੇ ਨਾਲ਼ ਉਸ ਪ੍ਰਭੂ ਦਾ ਧਿਆਨ ਧਰਿਆ
ਕਰੋ, ਉਸ ਨੂੰ ਯਾਦ ਕਰਿਆ ਕਰੋ।
ਸਭ ਕਛੁ ਵਰਤੈ ਤਿਸ ਕਾ ਕੀਆ ।। ਜੈਸਾ ਕਰੇ ਤੈਸੈ
ਕੋ ਥੀਆ ।।
ਸੰਸਾਰ ਵਿੱਚ ਸਭ ਕੁੱਝ ਉਸ ਦਾ ਕੀਤਾ ਹੀ ਹੁੰਦਾ ਹੈ। ਜਿਸ ਤਰਾਂ ਦਾ ਉਹ
ਕਿਸੇ ਨੂੰ ਬਣਾਉਂਦਾ ਹੈ, ਉਸ ਤਰਾਂ ਦਾ ਉਹ ਬਣ ਜਾਂਦਾ ਹੈ। ਇਨਸਾਨ ਦੇ ਅਪਣੇ ਵਸ ਕੁੱਝ ਨਹੀਂ।
ਅਪਨਾ ਖੇਲੁ ਆਪ ਕਰਨੈਹਾਰੁ ।। ਦੂਸਰ ਕਉਨੁ ਕਹੈ
ਬੀਚਾਰੁ ।।
ਇਹ ਸੰਸਾਰ ਉਸੇ ਦਾ ਰਚਿਆ ਹੋਇਆ ਨਾਟਕ ਹੈ। ਉਹ ਹੀ ਇਸ ਵਿਚਲੇ ਘਟਨਾ
ਕ੍ਰਮ ਦਾ ਫੈਸਲਾ ਕਰਦਾ ਹੈ। ਜੋ ਦਿਸ਼ਾ ਉਹ ਇਸ ਨਾਟਕ ਨੂੰ ਦੇਣਾ ਚਾਹੁੰਦਾ ਹੈ, ਦੇ ਦਿੰਦਾ ਹੈ। ਕੋਈ
ਹੋਰ ਤਾਕਤ ਨਹੀਂ ਜੋ ਉਸ ਦੇ ਕੀਤੇ ਤੇ ਕਿੰਤੂ ਕਰ ਸਕੇ। ਜੋ ਉਹ ਕਰਦਾ ਹੈ ਉਸ ਨੂੰ ਠੀਕ ਜਾਂ ਗਲਤ
ਕਹਿਣ ਦਾ ਹੱਕ ਕਿਸੇ ਨੂੰ ਨਹੀਂ।
ਜਿਸ ਨੋ ਕ੍ਰਿਪਾ ਕਰੈ ਤਿਸੁ ਆਪਨ ਨਾਮੁ ਦੇਇ ।।
ਬਡਭਾਗੀ ਨਾਨਕ ਜਨ ਸੇਇ ।। 8 ।। 13 ।।
ਜਿਸ ਤੇ ਉਹ ਕਿਰਪਾ ਕਰਦਾ ਹੈ, ਉਸ ਨੂੰ
ਅਪਣੇ ਨਾਮ ਦੀ ਦਾਤ ਬਖਸ਼ ਦਿੰਦਾ ਹੈ। ਗੁਰੂ ਜੀ ਕਹਿੰਦੇ ਹਨ ਕਿ ਜਿਸ ਇਨਸਾਨ ਤੇ ਪ੍ਰਮਾਤਮਾ ਇਹ
ਬਖਸ਼ਿਸ਼ ਕਰ ਦੇਵੇ, ਉਹ ਅਤਿਅੰਤ ਭਾਗਸ਼ਾਲੀ ਹੁੰਦਾ ਹੈ, ਉਸ ਵਰਗੀ ਚੰਗੀ ਕਿਸਮਤ ਹੋਰ ਕਿਸੇ ਦੀ ਨਹੀਂ
ਹੁੰਦੀ।
ਸਲੋਕ ।।
ਤਜਹੁ ਸਿਆਨਪ ਸੁਰਿਜਨਹੁ ਸਿਮਰਹੁ ਹਰਿ ਹਰਿ ਰਾਇ
।।
ਏਕ ਆਸ ਹਰਿ ਮਨਿ ਰਖਹੁ ਨਾਨਕ ਦੂਖੁ ਭਰਮੁ ਭਉ ਜਾਇ
।। 1 ।।
ਐ ਨੇਕ ਦਿਲ ਇਨਸਾਨੋ, ਅਪਣੀ ਸਿਆਣਪ, ਅਪਣੀ ਅਕਲ ਵਰਤਣੀ ਛੱਡ ਦੇਵੋ ਅਤੇ
ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਲੱਗ ਪਉ। ਕੇਵਲ ਇੱਕ ਪ੍ਰਮਾਤਮਾ ਤੇ ਭਰੋਸਾ ਰੱਖੋ। ਇਸ ਨਾਲ਼
ਤੁਹਾਡੇ ਸਾਰੇ ਦੁੱਖ, ਸ਼ੰਕੇ, ਅਵਿਸ਼ਵਾਸ਼, ਗਲਤ ਫਹਿਮੀਆਂ ਅਤੇ ਡਰ ਦੂਰ ਹੋ ਜਾਣਗੇ।
ਅਸਟਪਦੀ ।।
ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ ।। ਦੇਵਨ ਕਉ
ਏਕੈ ਭਗਵਾਨੁ ।।
ਮਨੁੱਖ ਮਨੁੱਖ ਦਾ ਸਹਾਰਾ ਨਹੀਂ ਬਣ ਸਕਦਾ। ਕਿਸੇ ਇਨਸਾਨ ਤੋਂ ਸਹਾਇਤਾ
ਦੀ ਉਮੀਦ ਰੱਖਣੀ ਬੇਅਰਥ ਹੈ ਕਿਉਂਕਿ ਇਨਸਾਨ ਇਨਸਾਨ ਨੂੰ ਸਹਾਰਾ ਦੇ ਸਕਣ ਦੇ ਸਮਰੱਥ ਹੈ ਹੀ ਨਹੀਂ।
ਜੀਵ ਨੂੰ ਦਾਤਾਂ ਦੇਣ ਅਤੇ ਉਸ ਦਾ ਸਹਾਰਾ ਬਣਨ ਦੀ ਸਮਰੱਥਾ ਕੇਵਲ ਭਗਵਾਨ ਵਿੱਚ ਹੀ ਹੈ।
ਜਿਸ ਕੈ ਦੀਐ ਰਹੈ ਅਘਾਇ ।। ਬਹੁਰਿ ਨ ਤ੍ਰਿਸਨਾ
ਲਾਗੈ ਆਇ ।।
ਪ੍ਮਾਤਮਾ ਉਹ ਦਾਤਾ ਹੈ ਜਿਸ ਤੋਂ ਦਾਤ ਪ੍ਰਾਪਤ ਕਰ ਕੇ ਜੀਵ ਸੰਤੁਸਟ ਹੋ
ਜਾਂਦਾ ਹੈ ਅਤੇ ਮੁੜ ਕੇ ਕੋਈ ਤ੍ਰਿਸ਼ਨਾ ਉਸ ਦੇ ਨੇੜੇ ਨਹੀਂ ਆਉਂਦੀ। ਉਸ ਨੂੰ ਵਾਰ ਵਾਰ ਇੱਛਾਵਾਂ
ਨਹੀਂ ਸਤਾਉਂਦੀਆਂ। ਵਾਰ ਵਾਰ ਉਸ ਨੂੰ ਕਿਸੇ ਦੇ ਅੱਗੇ ਹੱਥ ਅੱਡਣੇ ਨਹੀਂ ਪੈਂਦੇ।
ਮਾਰੈ ਰਾਖੈ ਏਕੋ ਆਪਿ ।। ਮਾਨੁਖ ਕੈ ਕਿਛੁ ਨਾਹੀ
ਹਾਥਿ ।।
ਜੀਵ ਨੂੰ ਮਾਰਨ ਵਾਲ਼ਾ ਅਤੇ ਬਚਾਉਣ ਵਾਲਾ ਕੇਵਲ ਪ੍ਰਮਾਤਮਾ ਹੀ ਹੈ। ਹੋਰ
ਕੋਈ ਸ਼ਕਤੀ ਨਾ ਉਸ ਨੂੰ ਮੌਤ ਤੋਂ ਬਚਾ ਸਕਦੀ ਹੈ ਅਤੇ ਨਾ ਮਾਰ ਸਕਦੀ ਹੈ। ਇਨਸਾਨ ਦੇ ਅਪਣੇ ਹੱਥ
ਵਿੱਚ ਤਾਂ ਕੁੱਝ ਵੀ ਨਹੀਂ। ਉਹ ਨਾ ਕਿਸੇ ਨੂੰ ਮਾਰ ਜਾਂ ਬਚਾ ਸਕਦਾ ਹੈ ਅਤੇ ਨਾ ਹੀ ਅਪਣੀ ਰੱਖਿਆ
ਕਰ ਸਕਦਾ ਹੈ।
ਤਿਸ ਕਾ ਹੁਕਮੁ ਬੂਝਿ ਸੁਖੁ ਹੋਇ ।। ਤਿਸੁ ਕਾ
ਨਾਮੁ ਰਖੁ ਕੰਠਿ ਪਰੋਇ ।।
ਪ੍ਰਮਾਤਮਾ ਦੇ ਹੁਕਮ ਨੂੰ ਸਮਝ ਕੇ ਹੀ ਇਨਸਾਨ ਸੁਖ ਦੀ ਪ੍ਰਾਪਤੀ ਕਰ
ਸਕਦਾ ਹੈ। ਜੇ ਇਨਸਾਨ ਉਸ ਦੇ ਹੁਕਮ ਨੂੰ, ਉਸ ਦੀ ਇੱਛਾ ਨੂੰ ਨਹੀਂ ਸਮਝਦਾ ਜਾਂ ਪ੍ਰਵਾਨ ਨਹੀਂ
ਕਰਦਾ ਤਾਂ ਉਸ ਨੂੰ ਦੁੱਖ ਹੀ ਦੁੱਖ ਪ੍ਰਾਪਤ ਹੁੰਦੇ ਹਨ। ਇਸ ਕਰਕੇ ਉਸ ਦੇ ਨਾਮ ਨੂੰ ਸਦਾ ਅਪਣੇ ਗਲ਼ੇ
ਵਿੱਚ ਪ੍ਰੋ ਕੇ ਰੱਖਣਾ ਚਾਹੀਦਾ ਹੈ। ਸਦਾ ਉਸ ਦੇ ਨਾਮ ਦਾ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ।
ਸਿਮਰਿ ਸਿਮਰਿ ਸਿਮਰਿ ਪ੍ਰਭੁ ਸੋਇ ।। ਨਾਨਕ ਬਿਘਨੁ ਨ
ਲਾਗੈ ਕੋਇ ।। 1 ।।
ਗੁਰੂ ਜੀ ਸਮਝਾਉਂਦੇ ਹਨ ਕਿ ਸਾਨੂੰ ਸਦਾ ਹੀ ਪ੍ਰਮਾਤਮਾ ਦੇ ਨਾਮ ਦਾ
ਸਿਮਰਨ ਕਰਦੇ ਰਹੀਣਾ ਚਾਹੀਦਾ ਹੈ। ਉਸ ਦੇ ਨਾਮ ਦਾ ਸਿਮਰਨ ਕਰਦੇ ਰਹਿਣ ਨਾਲ਼ ਸਾਡੇ ਕਿਸੇ ਕੰਮ ਵਿੱਚ
ਕਦੇ ਵੀ ਕੋਈ ਰੁਕਾਵਟ ਨਹੀਂ ਆਉਂਦੀ।
ਉਸਤਤਿ ਮਨ ਮਹਿ ਕਰਿ ਨਿਰੰਕਾਰ ।। ਕਰਿ ਮਨ ਮੇਰੇ
ਸਤਿ ਬਿਉਹਾਰ ।।
ਗੁਰੂ ਜੀ ਅਪਣੇ ਆਪ ਨੂੰ ਸੰਬੋਧਨ ਕਰਦੇ
ਹੋਏ ਸਾਨੂੰ ਸਮਝਾਉਂਦੇ ਹਨ ਕਿ ਸਾਨੂੰ ਅਪਣੇ ਮਨ ਦੇ ਅੰਦਰ ਸਦਾ ਹੀ ਉਸ ਨਿਰੰਕਾਰ, ਅਦ੍ਰਿਸ਼ਟ
ਪ੍ਰਮਾਤਮਾ ਦੇ ਨਾਮ ਦੀ ਵਡਿਆਈ ਕਰਦੇ ਰਹਿਣਾ ਚਾਹੀਦਾ ਹੈ। ਸਾਨੂੰ ਦੂਜੇ ਇਨਸਾਨਾਂ ਪ੍ਰਤੀ ਅਪਣਾ ਵਿਹਾਰ
ਨੇਕ ਅਤੇ ਸਚਾਈ ਤੇ ਆਧਾਰਿਤ ਬਣਾ ਕੇ ਰੱਖਣਾ ਚਾਹੀਦਾ ਹੈ, ਕਦੇ ਵੀ ਝੂਠ ਅਤੇ ਬੇਈਮਾਨੀ ਦਾ ਸਹਾਰਾ
ਨਹੀਂ ਲੈਣਾ ਚਾਹੀਦਾ।
ਨਿਰਮਲ ਰਸਨਾ ਅੰਮ੍ਰਿਤੁ ਪੀਉ ।। ਸਦਾ ਸੁਹੇਲਾ
ਕਰਿ ਲੇਹਿ ਜੀਉ ।।
ਸਾਨੂੰ ਅਪਣੀ ਜੀਭ ਦੇ ਨਾਲ਼ ਸਦਾ ਪ੍ਰਮਾਤਮਾ ਦੇ ਨਾਮ ਸਿਮਰਨ ਦਾ ਅੰਮ੍ਰਿਤ
ਪੀਂਦੇ ਰਹਿਣਾ ਚਾਹੀਦਾ ਹੈ। ਇਸ ਤਰਾਂ ਕਰਨ ਨਾਲ਼ ਸਾਡਾ ਮਨ ਸਦਾ ਹੀ ਸੁਖੀ ਰਹੇਗਾ।
ਨੈਨਹੁ ਪੇਖੁ ਠਾਕੁਰ ਕਾ ਰੰਗੁ ।। ਸਾਧਸੰਗਿ ਬਿਨਸੈ ਸਭ ਸੰਗੁ ।।
ਅਪਣੀਆਂ ਅੱਖਾਂ ਦੇ ਨਾਲ਼ ਸਾਨੂੰ ਸਦਾ ਉਸ
ਪ੍ਰਮਾਤਮਾ ਦੀ ਖੂਬਸੂਰਤੀ ਹੀ ਦੇਖਣੀ ਚਾਹੀਦੀ ਹੈ, ਦੁਨੀਆਂ ਦੇ ਰੰਗਾਂ ਰਸਾਂ ਵਿੱਚ ਨਹੀਂ ਉਲ਼ਝਣਾ
ਚਾਹੀਦਾ। ਸੰਤਾਂ ਦੀ ਸੰਗਤ ਕਰਨ ਨਾਲ਼ ਉਹ ਸਾਰੀ ਸੰਗ ਸ਼ਰਮ, ਜੋ ਅਜਿਹਾ ਕਰਨ ਦੇ ਰਸਤੇ
ਵਿੱਚ ਰੁਕਾਵਟ ਬਣਦੀ ਹੈ, ਖਤਮ ਹੋ ਜਾਂਦੀ ਹੈ।
ਚਰਨ ਚਲਉ ਮਾਰਗਿ ਗੋਬਿੰਦ ।। ਮਿਟੈ ਪਾਪ ਜਪੀਐ
ਹਰਿ ਬਿੰਦ ।।
ਸਾਨੂੰ ਅਪਣੇ ਪੈਰਾਂ ਨੂੰ ਪ੍ਰਮਾਤਮਾ ਦੇ ਦੱਸੇ ਰਸਤੇ ਤੇ ਹੀ ਅੱਗੇ
ਵਧਾਉਣਾ ਚਾਹੀਦਾ ਹੈ, ਅਜਿਹਾ ਕੋਈ ਕੰਮ ਨਹੀਂ ਕਰਨਾ ਚਾਹੀਦਾ ਜੋ ਉਸ ਪ੍ਰਭੂ ਨੂੰ ਨਾ ਭਾਉਂਦਾ
ਹੋਵੇ। ਇੱਕ ਪਲ ਭਰ ਵੀ ਜੇ ਅਸੀਂ ਪ੍ਰਮਾਤਮਾ ਦਾ ਨਾਮ ਜੱਪ ਲਈਏ ਤਾਂ ਸਾਡੇ ਸਾਰੇ ਪਾਪ ਦੂਰ ਹੋ
ਜਾਂਦੇ ਹਨ।
ਕਰ ਹਰਿ ਕਰਮ ਸ੍ਰਵਨਿ ਹਰਿ ਕਥਾ ।। ਹਰਿ ਦਰਗਹ
ਨਾਨਕ ਊਜਲ ਮਥਾ ।। 2 ।।
ਸਾਨੂੰ ਇਸ ਤਰਾਂ ਦੇ ਕੰਮ ਕਰਨੇ ਚਾਹੀਦੇ ਹਨ ਜਿਹੜੇ ਉਸ ਵਾਹਿਗੁਰੂ ਦੀ
ਸ਼ੋਭਾ ਵਧਾਉਣ, ਉਸ ਦੇ ਨਾਮ ਨੂੰ ਚਾਰ ਚੰਦ ਲਾਉਣ। ਅਪਣੇ ਕੰਨਾਂ ਨਾਲ਼ ਸਾਨੂੰ ਉਸ ਪ੍ਰਮਾਤਮਾ ਦੇ ਨਾਮ
ਦੀ ਕਥਾ ਵਿਚਾਰ ਹੀ ਸੁਣਨਾ ਚਾਹੀਦਾ ਹੈ। ਇਸ ਤਰਾਂ ਕਰਨ ਨਾਲ਼ ਸਾਨੂੰ ਪ੍ਰਮਾਤਮਾ ਦੇ ਦਰਬਾਰ ਵਿੱਚ
ਪਿਆਰ ਅਤੇ ਸਤਿਕਾਰ ਮਿਲੇਗਾ, ਮਾਲਕ ਸਾਡੇ ਉੱਤੇ ਖੁਸ਼ ਹੋਵੇਗਾ। ਅਸੀਂ ਅਪਣੇ ਮੱਥੇ ਤੇ ਖੁਸ਼ੀ ਅਤੇ ਵਿਸ਼ਵਾਸ਼ ਦੀ ਰੋਸ਼ਨ ਚਮਕ ਲੈ ਕੇ ਉਸ ਦੇ
ਦਰਬਾਰ ਵਿੱਚ ਪੇਸ਼ ਹੋ ਸਕਾਂਗੇ।
ਬਡਭਾਗੀ ਤੇ ਜਨ ਜਗ ਮਾਹਿ ।। ਸਦਾ ਸਦਾ ਹਰਿ ਕੇ ਗੁਨ ਗਾਹਿ ।।
ਸੰਸਾਰ ਦੇ ਵਿੱਚ ਉਹ ਇਨਸਾਨ ਬਹੁਤ ਹੀ
ਖੁਸ਼ਕਿਸਮਤ ਹੁੰਦਾ ਹੈ ਜਿਹੜਾ ਹਰ ਵੇਲ਼ੇ ਈਸ਼ਵਰ ਦੇ ਗੁਣ ਗਾਉਂਦਾ ਰਹਿੰਦਾ ਹੈ।
ਰਾਮ ਨਾਮ ਜੋ ਕਰਹਿ ਬੀਚਾਰ ।। ਸੇ ਧਨਵੰਤ ਗਨੀ
ਸੰਸਾਰ ।।
ਅਮੀਰ ਉਹ ਨਹੀਂ ਹੁੰਦਾ ਜਿਸ ਕੋਲ਼ ਬੇਹਿਸਾਬ ਪੈਸਾ ਹੋਵੇ। ਜਿਹੜਾ ਜੀਵ
ਅਪਣੇ ਮਨ ਅੰਦਰ ਰਾਮ ਨਾਮ ਨੂੰ ਬਿਠਾਉਂਦਾ ਹੈ ਅਤੇ ਵਿਚਾਰਦਾ ਹੈ, ਉਸ ਨੂੰ ਹੀ ਇਸ ਸੰਸਾਰ ਵਿੱਚ ਸਹੀ
ਅਰਥਾਂ ਵਿੱਚ ਧਨਵਾਨ ਮੰਨਿਆਂ ਜਾਂਦਾ ਹੈ।
ਮਨਿ ਤਨਿ ਮੁਖਿ ਬੋਲਹਿ ਹਰਿ ਮੁਖੀ ।। ਸਦਾ ਸਦਾ
ਜਾਨਹੁ ਤੇ ਸੁਖੀ ।।
ਸਾਨੂੰ ਇਹ ਗੱਲ ਸਮਝ ਲੈਣੀ ਚਹੀਦੀ ਹੈ ਕਿ ਜਿਸ ਇਨਸਾਨ ਦਾ ਮਨ, ਤਨ ਅਤੇ
ਮੂੰਹ ਹਰ ਵਕਤ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਰਹਿੰਦਾ ਹੋਵੇ, ਉਹ ਸਦਾ ਹੀ ਸੁਖੀ ਰਹਿੰਦਾ
ਹੈ, ਉਸ ਨੂੰ ਕਦੇ ਕੋਈ ਦੁੱਖ ਨਹੀਂ ਦੇਖਣਾ ਪੈਂਦਾ।
ਏਕੋ ਏਕੁ ਏਕੁ ਪਛਾਨੈ ।। ਇਤ ਉਤ ਕੀ ਓਹੁ ਸੋਝੀ
ਜਾਨੈ ।।
ਜਿਹੜਾ ਇਨਸਾਨ ਇਹ ਸਮਝ ਲੈਂਦਾ ਹੈ ਕਿ ਪ੍ਰਮਾਤਮਾ ਸਿਰਫ ਇੱਕ ਹੈ, ਉਸ ਦਾ
ਕੋਈ ਰਕੀਬ ਨਹੀਂ ਅਤੇ ਉਹ ਪਰਮਾਤਮਾ ਹਰ ਸ਼ੈ ਵਿੱਚ ਵਸਦਾ ਹੈ, ਉਸ ਨੂੰ ਇਸ ਲੋਕ ਅਤੇ ਪ੍ਰਲੋਕ ਦੋਹਾਂ
ਦੀ ਸਮਝ ਆ ਜਾਂਦੀ ਹੈ।
ਨਾਮ ਸੰਗਿ ਜਿਸ ਕਾ ਮਨੁ ਮਾਨਿਆ ।। ਨਾਨਕ ਤਿਨਹਿ
ਨਿਰੰਜਨੁ ਜਾਨਿਆ ।। 3 ।।
ਗੁਰੂ ਜੀ ਸਮਝਾਉਂਦੇ ਹਨ ਕਿ ਜਿਸ ਇਨਸਾਨ ਨੂੰ ਪ੍ਰਮਾਤਮਾ ਦੇ ਨਾਮ ਨਾਲ਼
ਪਿਆਰ ਹੋ ਜਾਵੇ, ਸਮਝ ਲਵੋ ਕਿ ਉਸ ਇਨਸਾਨ ਨੇ ਨਿਰੰਜਨ, ਬੇਦਾਗ, ਕਲੰਕ ਰਹਿਤ ਪ੍ਰਮਾਤਮਾ ਨੂੰ, ਉਸ
ਪ੍ਰਭੂ ਨੂੰ ਜਿਸ ਵਿੱਚ ਕੋਈ ਵੀ ਕਮਜ਼ੋਰੀ ਨਹੀਂ, ਜਾਣ ਲਿਆ ਹੈ, ਸਮਝ ਲਿਆ ਹੈ। ਪ੍ਰਮਾਤਮਾ ਨਾਲ਼
ਪਿਆਰ ਕਰਨਾ ਹੀ ਉਸ ਨੂੰ ਸਮਝ ਲੈਣ ਦਾ ਦੂਜਾ ਨਾਂ ਹੈ।
ਗੁਰਪ੍ਰਸਾਦਿ ਆਪਨਿ ਆਪੁ ਸੁਝੈ ।। ਤਿਸ ਕੀ ਜਾਨਹੁ ਤ੍ਰਿਸਨਾ ਬੁਝੈ ।।
ਗੁਰੂ ਦੀ ਕਿਰਪਾ ਨਾਲ਼ ਜਿਸ ਇਨਸਾਨ ਨੂੰ
ਅਪਣੇ ਆਪ ਦਾ ਗਿਆਨ ਹੋ ਜਾਵੇ, ਜਿਹੜਾ ਅਪਣੇ ਆਪ ਨੂੰ ਸਮਝ ਲਵੇ, ਉਸ ਦੀ ਸਾਰੀ ਤ੍ਰਿਸ਼ਨਾ ਖਤਮ ਹੋ
ਜਾਂਦੀ ਹੈ, ਉਸ ਨੂੰ ਪਦਾਰਥਾਂ ਦੀ ਕੋਈ ਭੁੱਖ ਨਹੀਂ ਰਹਿੰਦੀ।
ਸਾਧਸੰਗਿ ਹਰਿ ਹਰਿ ਜਸੁ ਕਹਤ ।। ਸਰਬ ਰੋਗ ਤੇ
ਓਹੁ ਹਰਿ ਜਨੁ ਰਹਤ ।।
ਜਿਹੜਾ ਇਨਸਾਨ ਸੰਤ ਪੁਰਖਾਂ ਦੇ ਨਾਲ਼ ਰਲ਼ ਕੇ ਹਰ ਵਕਤ ਹਰੀ ਦਾ ਜਸ,
ਪ੍ਰਮਾਤਮਾ ਦੀ ਵਡਿਆਈ ਦੇ, ਗੀਤ ਗਾਉਂਦਾ ਰਹਿੰਦਾ ਹੈ, ਉਹ ਸਾਰੇ ਰੋਗਾਂ ਤੋਂ ਮੁਕਤ ਹੋ ਜਾਂਦਾ ਹੈ,
ਉਸ ਦੇ ਕੋਈ ਵੀ ਸਰੀਰਕ ਜਾਂ ਆਤਮਿਕ ਬੀਮਾਰੀ ਨੇੜੇ ਨਹੀਂ ਆਉਂਦੀ।
ਅਨਦਿਨੁ ਕੀਰਤਨੁ ਕੇਵਲ ਬਖ੍ਯਾਨੁ ।। ਗ੍ਰਿਹਸਤ
ਮਹਿ ਸੋਈ ਨਿਰਬਾਨੁ ।।
ਜਿਹੜਾ ਇਨਸਾਨ ਹਰ ਰੋਜ਼, ਹਰ ਵੇਲ਼ੇ ਪ੍ਰਮਾਤਮਾ ਦੇ ਗੁਣਾਂ ਦੇ ਗੀਤ
ਗਾਉਂਦਾ ਰਹਿੰਦਾ ਹੈ ਉਹ ਗ੍ਰਿਹਸਤ ਜੀਵਨ ਦੇ ਵਿੱਚ ਵਿਚਰਦਾ ਹੋਇਆ ਹੀ ਮੁਕਤੀ ਪ੍ਰਾਪਤ ਕਰ ਲੈਂਦਾ
ਹੈ, ਉਸ ਨੂੰ ਮੁਕਤੀ ਪ੍ਰਾਪਤ ਕਰਨ ਲਈ ਘਰ ਬਾਰ ਅਤੇ ਪਰਿਵਾਰ ਤਿਆਗ ਕੇ, ਬੈਰਾਗ ਧਾਰਨ ਕਰ ਕੇ,
ਜੰਗਲ਼ਾਂ ਵਿੱਚ ਜਾਣ ਦੀ ਲੋੜ ਨਹੀਂ ਪੈਂਦੀ।
ਏਕ ਊਪਰਿ ਜਿਸੁ ਜਨ ਕੀ ਆਸਾ ।। ਤਿਸ ਕੀ ਕਟੀਐ ਜਮ
ਕੀ ਫਾਸਾ ।।
ਜਿਹੜਾ ਇਨਸਾਨ ਈਸ਼ਵਰ ਤੋਂ ਬਿਨਾ ਹੋਰ ਕਿਸੇ ਦਾ ਸਹਾਰਾ ਨਹੀਂ ਤਕਾਉਂਦਾ, ਕੇਵਲ
ਇੱਕ ਪ੍ਰਮਾਤਮਾ ਉੱਤੇ ਭਰੋਸਾ ਰੱਖਦਾ ਹੈ, ਸਮਝ ਲਉ ਕਿ ਉਸ ਦੀ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ,
ਜਮ ਉਸ ਦਾ ਕੁੱਝ ਨਹੀਂ ਵਿਗਾੜ ਸਕਦੇ, ਉਸ ਨੂੰ ਕੋਈ ਸਜ਼ਾ ਨਹੀਂ ਦੇ ਸਕਦੇ।
ਪਾਰਬ੍ਰਹਮ ਕੀ ਜਿਸੁ ਮਨਿ ਭੂਖ ।। ਨਾਨਕ ਤਿਸਹਿ ਨ
ਲਾਗਹਿ ਦੂਖ ।। 4 ।।
ਗੁਰੂ ਜੀ ਦਾ ਦਾਅਵਾ ਹੈ ਕਿ ਜਿਸ ਇਨਸਾਨ ਦੇ ਮਨ ਅੰਦਰ ਪ੍ਰਮਾਤਮਾ ਦੇ
ਮਿਲਾਪ ਦੀ ਤਾਂਘ ਹੋਵੇ, ਕੋਈ ਵੀ ਦੁੱਖ ਉਸ ਦੇ ਨੇੜੇ ਨਹੀਂ ਢੁੱਕਦਾ, ਉਹ ਸਦਾ ਸੁਖੀ ਰਹਿੰਦਾ ਹੈ।
ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ ।। ਸੋ ਸੰਤੁ
ਸੁਹੇਲਾ ਨਹੀ ਡੁਲਾਵੈ ।।
ਜਿਹੜਾ ਵਿਅਕਤੀ ਅਪਣੇ ਮਨ ਵਿੱਚ ਹਰ ਵਕਤ ਪ੍ਰਮਾਤਮਾ ਨੂੰ ਯਾਦ ਰੱਖਦਾ ਹੈ,
ਕਦੇ ਇੱਕ ਪਲ ਲਈ ਵੀ ਉਸ ਨੂੰ ਮਨ ਵਿੱਚੋਂ ਨਹੀਂ ਵਿਸਾਰਦਾ, ਉਹ ਸੰਤ ਦੀ ਪਦਵੀ ਪ੍ਰਾਪਤ ਕਰ ਲੈਂਦਾ
ਹੈ, ਉਸ ਦਾ ਜੀਵਨ ਸੁਖੀ ਹੋ ਜਾਂਦਾ ਹੈ, ਉਹ ਅਪਣੇ ਜੀਵਨ ਵਿੱਚ ਕਦੇ ਨਹੀਂ ਡੋਲਦਾ, ਕਦੇ ਵੀ
ਦੁਬਿਧਾ ਦਾ ਸ਼ਿਕਾਰ ਨਹੀਂ ਹੁੰਦਾ।
ਜਿਸੁ ਪ੍ਰਭੁ ਅਪੁਨਾ ਕਿਰਪਾ ਕਰੈ ।। ਸੋ ਸੇਵਕੁ ਕਹੁ ਕਿਸ ਤੇ ਡਰੈ ।।
ਜਿਸ ਵਿਅਕਤੀ ਦੇ ਉੱਤੇ ਪਰਮੇਸ਼ਰ ਅਪਣੀ ਦਯਾ
ਕਰ ਦੇਵੇ, ਉਸ ਨੂੰ ਨਾ ਕਿਸੇ ਤੋਂ ਡਰਨ ਦੀ ਲੋੜ ਹੈ ਅਤੇ ਨਾ ਉਹ ਕਿਸੇ ਤੋਂ ਡਰਦਾ ਹੈ। ਈਸ਼ਵਰ ਦੇ
ਪਿਆਰੇ ਕਦੇ ਕਿਸੇ ਤੋਂ ਨਹੀਂ ਡਰਦੇ।
ਜੈਸਾ ਸਾ ਤੈਸਾ ਦ੍ਰਿਸਟਾਇਆ ।। ਅਪੁਨੇ ਕਾਰਜ ਮਹਿ
ਆਪਿ ਸਮਾਇਆ ।।
ਜਿਨ੍ਹਾਂ ਤੇ ਪ੍ਰਮਾਤਮਾ ਦੀ ਮਿਹਰ ਹੋ ਜਾਂਦੀ ਹੈ, ਉਨ੍ਹਾਂ ਨੂੰ ਈਸ਼ਵਰ
ਦੇ ਅਸਲੀ ਸਰੂਪ ਦੀ ਸਮਝ ਆ ਜਾਂਦੀ ਹੈ, ਉਹ ਰੱਬ ਨੂੰ ਪਹਿਚਾਨਣ ਦੇ ਸਮਰੱਥ ਹੋ ਜਾਂਦੇ ਹਨ। ਉਹ ਸਮਝ
ਜਾਂਦੇ ਹਨ ਕਿ ਪ੍ਰਮਾਤਮਾ ਅਪਣੀ ਸਾਜੀ ਹੋਈ ਸ੍ਰਿਸ਼ਟੀ ਤੋਂ ਵੱਖਰਾ ਨਹੀਂ। ਉਹ ਕਿਤੇ ਸੱਤਵੇਂ ਅਸਮਾਨ
ਤੇ ਨਹੀਂ ਬੈਠਾ। ਉਹ ਅਪਣੀ ਸਿਰਜੀ ਹੋਈ ਸ੍ਰਿਸ਼ਟੀ ਦੇ ਕਣ ਕਣ ਵਿੱਚ ਵਸਦਾ ਹੈ।
ਸੋਧਤ ਸੋਧਤ ਸੋਧਤ ਸੀਝਿਆ ।। ਗੁਰਪ੍ਰਸਾਦਿ ਤਤੁ
ਸਭੁ ਬੂਝਿਆ ।।
ਅਜਿਹਾ ਇਨਸਾਨ ਪ੍ਰਮਾਤਮਾ ਨੂੰ ਖੋਜਦੇ ਖੋਜਦੇ ਅਪਣੀ ਉਸ ਮੰਜ਼ਿਲ ਤੇ
ਪਹੁੰਚ ਚੁੱਕਾ ਹੁੰਦਾ ਹੈ, ਜਿਸ ਦੀ ਉਸ ਨੂੰ ਤਲਾਸ਼ ਸੀ। ਗੁਰੂ ਦੀ ਕਿਰਪਾ
ਨਾਲ਼ ਉਹ ਸੱਚ ਨੂੰ ਸਮਝ ਲੈਂਦਾ ਹੈ, ਉਸ ਨੂੰ ਆਤਮਿਕਤਾ ਦੇ ਅਸਲ ਸਿਧਾਂਤ ਦੀ ਸਮਝ ਆ ਜਾਂਦੀ ਹੈ।
ਜਬ ਦੇਖਉ ਤਬ ਸਭੁ ਕਿਛੁ ਮੂਲੁ ।। ਨਾਨਕ ਸੋ
ਸੂਖਮੁ ਸੋਈ ਅਸਥੂਲੁ ।। 5 ।।
ਗੁਰੂ ਜੀ ਫੁਰਮਾਉਂਦੇ ਹਨ ਕਿ ਉਹ ਜਦ ਵੀ ਦੇਖਦਾ ਹੈ, ਉਸ ਨੂੰ ਹਰ ਵਸਤ
ਵਿੱਚ ਸ੍ਰਿਸ਼ਟੀ ਦਾ ਮੂਲ ਈਸ਼ਵਰ ਹੀ ਦਿਖਾਈ ਦਿੰਦਾ ਹੈ। ਉਹ ਸਮਝ ਜਾਂਦਾ ਹੈ ਕਿ ਦ੍ਰਿਸ਼ਟਮਾਨ ਸੰਸਾਰ
ਅਤੇ ਅਦ੍ਰਿਸ਼ਟ ਈਸ਼ਵਰ ਵਿੱਚ ਕੋਈ ਅੰਤਰ ਨਹੀਂ, ਅਦ੍ਰਿਸ਼ਟ ਪ੍ਰਭੂ (ਸੂਖਮ) ਅਤੇ ਦ੍ਰਿਸ਼ਟਮਾਨ ਸੰਸਾਰ
(ਅਸਥੂਲੁ) ਇੱਕ ਹੀ ਹਨ।
ਨਹ ਕਿਛੁ ਜਨਮੈ ਨਹ ਕਿਛੁ ਮਰੈ ।। ਆਪਨ ਚਲਿਤੁ ਆਪ
ਹੀ ਕਰੈ ।।
ਨਾ ਕੋਈ ਕਦੇ ਜੰਮਦਾ ਹੈ ਅਤੇ ਨਾ ਮਰਦਾ ਹੈ। ਇਹ ਸੰਸਾਰ ਤਾਂ ਈਸ਼ਵਰ ਦਾ
ਰਚਿਆ ਹੋਇਆ ਇੱਕ ਖੇਲ੍ਹ ਹੈ। ਉਹ ਜਿਵੇਂ ਚਾਹੁੰਦਾ ਹੈ, ਇਸ ਖੇਲ੍ਹ ਨੂੰ ਚਲਾਈ ਜਾ ਰਿਹਾ ਹੈ।
ਸੰਸਾਰ ਦਾ ਸਾਰਾ ਵਰਤਾਰਾ ਉਸ ਦੇ ਨਿਰਦੇਸ਼ਨ ਅਧੀਨ ਚੱਲਦਾ ਹੈ।
ਆਵਨੁ ਜਾਵਨੁ ਦ੍ਰਿਸਟਿ ਅਨਦ੍ਰਿਸਟਿ ।। ਆਗਿਆਕਾਰੀ
ਧਾਰੀ ਸਭ ਸ੍ਰਿਸਟਿ ।।
ਆਉਣਾ (ਜੰਮਣਾ), ਜਾਣਾ (ਮਰਨਾ) ਸਭ ਉਸ ਦੇ ਹੁਕਮ ਅਨੁਸਾਰ ਹੁੰਦਾ ਹੈ।
ਦ੍ਰਿਸ਼ਟਮਾਨ ਅਤੇ ਅਦ੍ਰਿਸ਼ਟਮਾਨ (ਨਿਰਗੁਣ ਅਤੇ ਸਰਗੁਣ) ਸ੍ਰਿਸ਼ਟੀ ਦੇ ਸਭ ਅੰਸ਼ ਉਸ ਦੇ ਹੁਕਮ ਦੇ ਪਾਬੰਦ ਹਨ। ਸਾਰੀ ਸ੍ਰਿਸ਼ਟੀ ਉਸ ਨੇ ਅਪਣੇ
ਸਹਾਰੇ ਤੇ ਟਿਕਾਈ ਹੋਈ ਹੈ ਅਤੇ ਇਸ ਵਿਚਲੀ ਹਰ ਇਕਾਈ ਉਸ ਦੇ ਆਦੇਸ਼ ਨੂੰ ਮੰਨਦੀ ਹੈ।
ਆਪੇ ਆਪਿ ਸਗਲ ਮਹਿ ਆਪਿ ।। ਅਨਿਕ ਜੁਗਤਿ ਰਚਿ
ਥਾਪਿ ਉਥਾਪਿ ।।
ਪ੍ਰਮਾਤਮਾ ਆਪ ਅਪਣੀ ਹੋਂਦ ਲਈ ਕਿਸੇ ਦਾ ਰਿਣੀ ਨਹੀਂ। ਅਪਣਾ ਸਿਰਜਕ ਉਹ
ਆਪ ਹੀ ਹੈ ਅਤੇ ਅਪਣੀ ਮਰਜ਼ੀ ਮੁਤਾਬਿਕ ਜੋ ਚਾਹੁੰਦਾ ਹੈ ਸੋ ਕਰਦਾ ਹੈ। ਪਰ ਇਸ ਦੇ ਨਾਲ਼ ਨਾਲ਼ ਉਹ ਅਪਣੀ
ਸਿਰਜੀ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਹੈ, ਇਸ ਦੀ ਹਰ ਸ਼ੈ ਵਿੱਚ ਵਸਿਆ ਹੋਇਆ ਹੈ। ਅਨੇਕਾਂ ਤਰੀਕਿਆਂ
ਨਾਲ਼ ਉਹ ਸ੍ਰਿਸ਼ਟੀ ਦੀ ਰਚਨਾ ਕਰ ਕੇ ਅਪਣੇ ਆਪ ਨੂੰ ਅਨੇਕਾਂ ਰੂਪਾਂ ਵਿੱਚ ਪ੍ਰਕਾਸ਼ਮਾਨ ਕਰਦਾ ਹੈ ਅਤੇ ਫਿਰ ਆਪ ਹੀ ਇਨ੍ਹਾਂ ਆਕਾਰਾਂ ਨੂੰ
ਵਿਖੰਡਿਤ ਕਰ ਦਿੰਦਾ ਹੈ , ਤੋੜ ਦਿੰਦਾ ਹੈ।
ਅਬਿਨਾਸ਼ੀ ਨਾਹੀ ਕਿਛੁ ਖੰਡ ।। ਧਾਰਨ ਧਾਰਿ ਰਹਿਓ
ਬ੍ਰਹਮੰਡ ।।
ਪਰ ਉਹ ਆਪ ਨਾਸ਼ ਰਹਿਤ ਹੈ। ਉਸ ਦੇ ਟੁੱਟ ਕੇ ਟੋਟੇ ਨਹੀਂ ਹੋ ਸਕਦੇ। ਨਾ
ਹੀ ਉਸ ਨੂੰ ਖੰਡਾਂ ਜਾਂ ਇਲਾਕਿਆਂ ਦੇ ਆਧਾਰ ਤੇ ਵੰਡਿਆ ਜਾ ਸਕਦਾ ਹੈ। ਇਹ ਨਹੀਂ ਕਿ ਇੱਕ ਇਲਾਕੇ
ਵਿੱਚ ਇੱਕ ਰੱਬ ਹੈ ਅਤੇ ਦੂਜੇ ਵਿੱਚ ਕੋਈ ਹੋਰ। ਸਮੁੱਚੇ ਬ੍ਰਹਮੰਡ ਵਿੱਚ ਇੱਕ ਹੀ ਰੱਬ ਹੈ। ਉਹ
ਇੱਕ ਪ੍ਰਭੂ ਹੀ ਸਮੁੱਚੇ ਬ੍ਰਹਮੰਡ ਵਿੱਚ ਸਿਰਜੇ ਹੋਏ ਜੀਵਾਂ ਨੂੰ ਸਹਾਰਾ ਦੇ ਰਿਹਾ ਹੈ, ਉਨ੍ਹਾਂ ਦੇ
ਜੀਵਨ ਦਾ ਆਧਾਰ ਹੈ।
ਅਲਖ ਅਭੇਵ ਪੁਰਖ ਪਰਤਾਪ ।। ਆਪਿ ਜਪਾਏ ਤ ਨਾਨਕ ਜਾਪ ।। 6 ।।
ਈਸ਼ਵਰ ਅਲਖ ਹੈ। ਉਸ ਦੇ ਗੁਣਾਂ ਨੂੰ ਬਿਆਨ
ਨਹੀਂ ਕੀਤਾ ਜਾ ਸਕਦਾ। ਉਹ ਅਭੇਵ ਹੈ। ਉਸ ਦਾ ਭੇਦ ਨਹੀਂ ਪਾਇਆ ਜਾ ਸਕਦਾ। ਉਸ ਸਰਬ ਵਿਆਪਕ ਸ਼ਕਤੀ
ਦਾ ਤੇਜ ਪ੍ਰਤਾਪ, ਸ਼ਾਨ ਸ਼ੌਕਤ ਅਤੇ ਤਾਕਤ ਏਨੇ ਹਨ ਕਿ ਉਨ੍ਹਾਂ ਦੀ ਵਿਆਖਿਆ ਕਰਨਾ ਸਾਡੇ ਲਈ ਸੰਭਵ
ਨਹੀਂ। ਉਸ ਦਾ ਨਾਮ ਇਨਸਾਨ ਤਾਂ ਹੀ ਜੱਪ ਸਕਦਾ ਹੈ ਜੇ ਉਹ ਆਪ ਕਿਰਪਾ ਕਰ ਕੇ ਉਸ ਨੂੰ ਅਜਿਹਾ ਕਰਨ
ਦੀ ਸਮਝ ਅਤੇ ਸ਼ਕਤੀ ਬਖਸ਼ਿਸ਼ ਕਰੇ।
ਜਿਨ ਪ੍ਰਭੁ ਜਾਤਾ ਸੁ ਸੋਭਾਵੰਤ ।। ਸਗਲ ਸੰਸਾਰੁ
ਉਧਰੈ ਤਿਨ ਮੰਤ ।।
ਉਹ ਗੁਰਮੁਖ ਪੁਰਖ ਜਿਨ੍ਹਾਂ ਨੇ ਉਸ ਪ੍ਰਭੂ ਨੂੰ ਜਾਣ ਲਿਆ ਹੈ, ਪਹਿਚਾਣ
ਲਿਆ ਹੈ, ਸਚਮੁਚ ਸ਼ੋਭਾ ਦੇ, ਵਡਿਆਈ ਦੇ ਪਾਤਰ ਹਨ ਦੁਨੀਆਂ ਉਨ੍ਹਾਂ ਨੂੰ ਸਲਾਹੁੰਦੀ ਹੈ। ਉਹ
ਗੁਰਮੁਖ ਸਾਰੇ ਸੰਸਾਰ ਨੂੰ ਗੁਰ ਮੰਤਰ ਦੇ ਕੇ, ਪ੍ਰਭੂ ਨੂੰ ਮਿਲਣ ਦਾ ਰਸਤਾ ਦਿਖਾ ਕੇ ਸਾਰੇ ਜੀਵਾਂ
ਦਾ ਕਲਿਆਣ ਕਰਦੇ ਹਨ।
ਪ੍ਰਭ ਕੇ ਸੇਵਕ ਸਗਲ ਉਧਾਰਨ ।। ਪ੍ਰਭ ਕੇ ਸੇਵਕ
ਦੂਖ ਬਿਸਾਰਨ ।।
ਅਜਿਹੇ ਗੁਰਮੁਖ ਪਿਆਰੇ ਪ੍ਰਭੂ ਦੇ ਸੇਵਕ ਸਾਰੀ ਸ੍ਰਿਸ਼ਟੀ ਦਾ ਪਾਰ ਉਤਾਰਾ
ਕਰਦੇ ਹਨ, ਸਾਰੇ ਲੋਕਾਂ ਦੇ ਦੁੱਖ ਦੂਰ ਕਰਦੇ ਹਨ।
ਆਪੇ ਮੇਲਿ ਲਏ ਕਿਰਪਾਲ ।। ਗੁਰ ਕਾ ਸਬਦੁ ਜਪਿ ਭਏ
ਨਿਹਾਲ ।।
ਇਨ੍ਹਾਂ ਅਪਣੇ ਸੇਵਕ ਗੁਰਮੁਖ ਪਿਆਰਿਆਂ ਨੂੰ ਦਿਆਲੂ ਪ੍ਰਮਾਤਮਾ ਆਪ ਹੀ
ਮਿਹਰਬਾਨ ਹੋ ਕੇ ਅਪਣੇ ਨਾਲ਼ ਮਿਲਾ ਲੈਂਦਾ ਹੈ ਅਤੇ ਉਹ ਗੁਰਮੁਖ ਗੁਰੂ ਦਾ ਬਖਸ਼ਿਆ ਹੋਇਆ ਸ਼ਬਦ ਜੱਪ
ਜੱਪ ਕੇ ਪੂਰਨ ਅਨੰਦ ਦੀ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਹਨ।
ਉਨ ਕੀ ਸੇਵਾ ਸੋਈ ਲਾਗੈ ।। ਜਿਸ ਨੋ ਕ੍ਰਿਪਾ
ਕਰਹਿ ਬਡਭਾਗੈ ।।
ਇਨ੍ਹਾਂ ਪ੍ਰਭੂ ਦੇ ਪਿਆਰਿਆਂ ਦੀ ਸੇਵਾ ਵਿੱਚ ਉਹ ਅਤਿ ਖੁਸ਼ਕਿਸਮਤ ਜੀਵ
ਹੀ ਲੱਗਦੇ ਹਨ ਜਿਨ੍ਹਾਂ ਤੇ ਮਿਹਰ ਦੀ ਦ੍ਰਿਸ਼ਟੀ ਕਰ ਕੇ ਪ੍ਰਭੂ ਆਪ ਉਨ੍ਹਾਂ ਨੂੰ ਅਜਿਹਾ ਕਰਨ ਦੀ
ਸੁਮੱਤ ਬਖਸ਼ਦਾ ਹੈ।
ਨਾਮੁ ਜਪਤ ਪਾਵਹਿ ਬਿਸ੍ਰਾਮੁ ।। ਨਾਨਕ ਤਿਨ ਪੁਰਖ
ਕਉ ਊਤਮ ਕਰਿ ਮਾਨੁ ।। 7 ।।
ਪ੍ਰਭੂ ਦੇ ਨਾਮ ਦਾ ਸਿਮਰਨ ਕਰ ਕਰ ਕੇ ਇਹ ਗੁਰਮੁਖ ਪਿਆਰੇ ਆਤਮਿਕ ਟਿਕਾਓ
ਅਤੇ ਸਥਿਰਤਾ ਦੀ ਅਵਸਥਾ ਪ੍ਰਾਪਤ ਕਰ ਲੈਂਦੇ ਹਨ। ਗੁਰੂ ਜੀ ਸਿੱਖਿਆ ਦਿੰਦੇ ਹਨ ਕਿ ਅਜਿਹੇ ਗੁਰਮੁਖ
ਪਿਆਰਿਆਂ ਨੂੰ ਸਾਨੂੰ ਸਰਬ ਸ੍ਰੇਸ਼ਟ ਇਨਸਾਨ ਕਰ ਕੇ ਮੰਨਣਾ ਚਾਹੀਦਾ ਹੈ।
ਜੋ ਕਿਛੁ ਕਰੈ ਸੁ ਪ੍ਰਭ ਕੈ ਰੰਗਿ ।। ਸਦਾ ਸਦਾ ਬਸੈ ਹਰਿ ਸੰਗਿ ।।
ਇਹ ਗੁਰਮੁਖ ਪਿਆਰੇ ਹਮੇਸ਼ਾ ਪ੍ਰਭੂ ਦੇ ਨਾਲ਼
ਇੱਕ ਮਿੱਕ ਹੋਏ ਰਹਿੰਦੇ ਹਨ, ਅਪਣੇ ਜੀਵਨ ਦਾ ਹਰ ਪਲ ਉਸ ਦੀ ਸੰਗਤ ਵਿੱਚ ਗੁਜ਼ਾਰਦੇ ਹਨ ਅਤੇ ਜੋ
ਕੁੱਝ ਵੀ ਕਰਦੇ ਹਨ ਉਸ ਦੇ ਪ੍ਰੇਮ ਵਿੱਚ ਭਿੱਜ ਕੇ, ਉਸ ਦੀ ਆਗਿਆ ਵਿੱਚ ਰਹਿ ਕੇ ਕਰਦੇ ਹਨ।
ਸਹਜ ਸੁਭਾਇ ਹੋਵੈ ਸੋ ਹੋਇ ।। ਕਰਣੈਹਾਰੁ ਪਛਾਣੈ
ਸੋਇ ।।
ਜੋ ਕੁੱਝ ਵੀ ਸੰਸਾਰ ਵਿੱਚ ਹੁੰਦਾ ਹੈ, ਉਹ ਉਸ ਨੂੰ ਪ੍ਰਮਾਤਮਾ ਦਾ ਹੁਕਮ
ਮੰਨਦੇ ਹੋਏ ਸਹਿਜ ਸੁਭਾਅ ਹੀ ਪ੍ਰਵਾਨ ਕਰ ਲੈਂਦੇ ਹਨ। ਨਾ ਉਹ ਕਿਸੇ ਗੱਲ ਤੇ ਹੱਦ ਤੋਂ ਵੱਧ ਖੁਸ਼ੀ
ਮਹਿਸੂਸ ਕਰਦੇ ਹਨ ਅਤੇ ਨਾ ਦੁੱਖ। ਸੰਸਾਰ ਵਿੱਚ ਵਾਪਰਨ ਵਾਲ਼ੀ ਹਰ ਘਟਨਾ ਉਨ੍ਹਾਂ ਨੂੰ ਉਸ ਪ੍ਰਭੂ ਦੀ ਇੱਛਾ
ਅਨੁਸਾਰ ਹੋ ਰਹੀ ਪਰਤੀਤ ਹੁੰਦੀ ਹੈ।
ਪ੍ਰਭ ਕਾ ਕੀਆ ਜਨ ਮੀਠ ਲਗਾਨਾ ।। ਜੈਸਾ ਸਾ ਤੈਸਾ
ਦ੍ਰਿਸਟਾਨਾ ।।
ਪ੍ਰਭੂ ਦਾ ਕੀਤਾ ਹਰ ਕੰਮ ਉਨ੍ਹਾਂ ਨੂੰ ਚੰਗਾ ਲੱਗਦਾ ਹੈ, ਮਿੱਠਾ ਲੱਗਦਾ
ਹੈ ਕਿਉਂਕਿ ਉਨ੍ਹਾਂ ਨੇ ਪ੍ਰਭੂ ਦੇ ਅਸਲ ਰੂਪ ਨੂੰ, ਉਸ ਦੇ ਅਸਲੀ ਸੁਭਾਅ ਨੂੰ ਜਾਣ ਲਿਆ ਹੁੰਦਾ
ਹੈ, ਪਹਿਚਾਣ ਲਿਆ ਹੁੰਦਾ ਹੈ। ਉਹ ਜਾਣਦੇ ਹਨ ਕਿ ਪ੍ਰਮਾਤਮਾ ਜੋ ਕਰਦਾ ਹੈ ਚੰਗਾ ਹੀ ਕਰਦਾ ਹੈ। ਉਨ੍ਹਾਂ
ਦੇ ਮਨ ਵਿੱਚ ਪ੍ਰਮਾਤਮਾ ਦੇ ਬਾਰੇ ਕੋਈ ਭੁਲੇਖਾ, ਕੋਈ ਗਲਤ ਫਹਿਮੀ ਨਹੀਂ ਹੁੰਦੀ।
ਜਿਸ ਤੇ ਉਪਜੇ ਤਿਸੁ ਮਾਹਿ ਸਮਾਏ ।। ਓਇ ਸੁਖ
ਨਿਧਾਨ ਉਨਹੂ ਬਨਿ ਆਏ ।।
ਜਿਸ ਪ੍ਰਮਾਤਮਾ ਤੋਂ ਉਹ ਪੈਦਾ ਹੋਏ ਹੁੰਦੇ
ਹਨ ਓਸੇ ਦੇ ਅੰਦਰ ਉਹ ਸਮਾਏ ਰਹਿੰਦੇ ਹਨ। ਪ੍ਰਮਾਤਮਾ ਨਾਲ਼ ਇਹ ਮਿਲਾਪ ਸੁਖਾਂ ਦਾ ਅਥਾਹ ਭੰਡਾਰ ਹੈ
ਅਤੇ ਇਸ ਖ਼ਜ਼ਾਨੇ ਦੀ ਦੌਲਤ ਨੂੰ ਮਾਣਨ ਦੇ ਪਾਤਰ ਕੇਵਲ ਉਹ ਹੀ ਹੁੰਦੇ ਹਨ।
ਆਪਸ ਕਉ ਆਪਿ ਦੀਨੋ ਮਾਨੁ ।। ਨਾਨਕ ਪ੍ਰਭ ਜਨੁ ਏਕੋ
ਜਾਨੁ ।। 8 ।। 14 ।।
ਗੁਰੂ ਜੀ ਸਾਨੂੰ ਇਹ ਗੱਲ ਸਮਝਾਉਂਦੇ ਹਨ
ਕਿ ਸੁਖ ਦੇ ਇਸ ਖ਼ਜ਼ਾਨੇ ਦੀ ਦਾਤ ਉਨ੍ਹਾਂ ਨੂੰ ਬਖਸ਼ਿਸ਼ ਕਰ ਕੇ ਪ੍ਰਭੂ ਅਸਲ ਵਿੱਚ ਅਪਣਾ ਸਨਮਾਨ ਆਪ
ਕਰ ਰਿਹਾ ਹੁੰਦਾ ਹੈ ਕਿਉਂਕਿ ਇਨ੍ਹਾਂ ਪ੍ਰਭੂ ਦੇ ਪਿਆਰਿਆਂ ਵਿੱਚ ਅਤੇ ਆਪ ਪ੍ਰਭੂ ਵਿੱਚ ਕੋਈ ਅੰਤਰ
ਨਹੀਂ ਹੁੰਦਾ। ਪ੍ਰਭੂ ਅਤੇ ਉਸ ਦੇ ਪਿਆਰੇ ਇੱਕ ਹੀ ਹੁੰਦੇ ਹਨ।
ਸਲੋਕ ।।
ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨਹਾਰ ।।
ਜਾ ਕੈ ਸਿਮਰਨਿ ਉਧਰੀਐ ਨਾਨਕ ਤਿਸੁ ਬਲਿਹਾਰ ।। 1
।।
ਪ੍ਰਮਾਤਮਾ ਸਰਬ ਸ਼ਕਤੀਮਾਨ ਹੈ। ਉਹ ਜੋ ਚਾਹੇ ਕਰ ਸਕਦਾ ਹੈ। ਉਹ ਸਰਬ ਗਿਆਤਾ ਵੀ ਹੈ। ਸਗਲ ਸ੍ਰਿਸ਼ਟੀ ਦੇ ਦਰਦ ਨੂੰ ਉਹ ਬਿਨਾਂ
ਦੱਸਿਆਂ ਹੀ ਜਾਣਦਾ ਹੈ, ਸਮਝਦਾ ਹੈ। ਗੁਰੂ ਜੀ ਉਸ ਪ੍ਰਭੂ ਤੋਂ ਬਲਿਹਾਰ ਜਾਂਦੇ ਹਨ ਜਿਸ ਦੇ
ਨਾਮ ਦਾ ਸਿਮਰਨ ਕਰ ਕੇ ਜੀਵ ਭਵ ਸਾਗਰ ਨੂੰ ਪਾਰ ਕਰ ਲੈਂਦਾ ਹੈ।
ਅਸਟਪਦੀ ।।
ਟੂਟੀ ਗਾਢਨਹਾਰ ਗੋਪਾਲ ।। ਸਰਬ ਜੀਆ ਆਪੇ
ਪ੍ਰਤਿਪਾਲ ।।
ਜਿਹੜੇ ਜੀਵ ਪ੍ਰਮਾਤਮਾ ਨਾਲ਼ੋਂ ਟੁੱਟ
ਜਾਂਦੇ ਹਨ ਉਨ੍ਹਾਂ ਨੂੰ ਮੁੜ ਅਪਣੇ ਨਾਲ਼ ਮਿਲਾ ਲੈਣ ਵਾਲ਼ਾ ਪ੍ਰਮਾਤਮਾ ਆਪ ਹੀ ਹੈ। ਇਸ ਦਾ ਇਹ ਅਰਥ
ਵੀ ਕੀਤਾ ਜਾਂਦਾ ਹੈ ਕਿ ਪ੍ਰਮਾਤਮਾ ਟੁੱਟੀ ਉਮਰ ਨੂੰ ਵੀ ਗੰਢ ਸਕਦਾ ਹੈ, ਮਰਦੇ ਨੂੰ ਜੀਵਾਲ਼ ਸਕਦਾ
ਹੈ। ਸਾਰੇ ਜੀਵਾਂ ਦੀ ਸਾਂਭ ਸੰਭਾਲ਼ (ਭਾਵੇਂ ਉਹ ਉਸ ਦੇ ਸੇਵਕ ਹੋਣ ਜਾਂ ਨਾ ਹੋਣ) ਪ੍ਰਮਾਤਮਾ ਆਪ
ਹੀ ਕਰਦਾ ਹੈ। ਅਜਿਹਾ ਨਹੀਂ ਕਿ ਉਹ ਕੇਵਲ ਅਪਣੇ ਸੇਵਕਾਂ ਦੀ ਹੀ ਦੇਖ ਭਾਲ਼ ਕਰਦਾ ਹੈ।
ਸਗਲ ਕੀ ਚਿੰਤਾ ਜਿਸੁ ਮਨ ਮਾਹਿ ।। ਤਿਸ ਤੇ
ਬਿਰਥਾ ਕੋਈ ਨਾਹਿ ।।
ਸ੍ਰਿਸ਼ਟੀ ਦੇ ਸਾਰੇ ਜੀਵਾਂ ਦੀ ਪ੍ਰਿਤਪਾਲ ਕਰਨ ਦਾ ਫਿਕਰ ਉਸ ਪ੍ਰਮਾਤਮਾ
ਦੇ ਮਨ ਵਿੱਚ ਹੈ। ਕੋਈ ਵੀ ਜੀਵ ਉਸ ਦੀਆਂ ਦਾਤਾਂ ਤੋਂ ਵਾਂਝਾ ਨਹੀਂ ਰਹਿੰਦਾ। ਸਰਬ ਗਿਆਤਾ ਹੋਣ
ਕਰਕੇ ਉਹ ਸਾਰੇ ਜੀਵਾਂ ਦੇ ਦੁੱਖ ਦਰਦ ਬਿਨਾਂ ਦੱਸਿਆਂ ਹੀ ਜਾਣਦਾ ਹੈ। ਕਿਸੇ ਦਾ ਦਰਦ ਉਸ ਤੋਂ
ਛੁਪਿਆ ਹੋਇਆ ਨਹੀਂ। ਇਸ ਕਰਕੇ ਉਹ ਸਭ ਦੀਆਂ ਲੋੜਾਂ ਪੂਰੀਆਂ ਕਰਦਾ ਹੈ।
ਰੇ ਮਨ ਮੇਰੇ ਸਦਾ ਹਰਿ ਜਾਪਿ ।। ਅਬਿਨਾਸੀ ਪ੍ਰਭੁ
ਆਪੇ ਆਪਿ ।।
ਅਪਣੇ ਮਨ ਨੂੰ ਸੰਬੋਧਨ ਕਰ ਕੇ ਗੁਰੂ ਜੀ ਜੀਵ ਨੂੰ ਸਮਝਾਉਂਦੇ ਹਨ ਕਿ ਉਸ
ਨੂੰ ਸਦਾ ਹੀ ਹਰੀ ਨਾਮ ਦਾ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ। ਉਹ ਵਿਨਾਸ਼ ਰਹਿਤ ਪ੍ਰਭੂ ਅਪਣੇ ਵਰਗਾ
ਕੇਵਲ ਆਪ ਹੀ ਹੈ। ਉਸ ਦੇ ਬਰਾਬਰ ਦਾ ਸ਼ਕਤੀਮਾਨ ਅਤੇ ਉਸ ਵਰਗਾ ਦਿਆਲੂ ਹੋਰ ਕੋਈ ਨਹੀਂ। ਨਾ ਹੀ ਉਹ
ਕਿਸੇ ਹੋਰ ਸ਼ਕਤੀ ਦੇ ਅਧੀਨ ਹੈ।
ਆਪਨ ਕੀਆ ਕਛੂ ਨ ਹੋਇ ।। ਜੇ ਸਉ ਪ੍ਰਾਨੀ ਲੋਚੈ
ਕੋਇ ।।
ਬੰਦਾ ਜਿੰਨਾ ਮਰਜ਼ੀ ਚਾਹੇ, ਜਿੰਨੀ ਮਰਜ਼ੀ ਕੋਸ਼ਿਸ਼ ਕਰੇ, ਉਸ ਦਾ ਕਰਿਆ
ਕੁੱਝ ਨਹੀਂ ਹੁੰਦਾ। ਅਸੀਂ ਐਵੇਂ ਭੁਲੇਖੇ ਵਿੱਚ ਰਹਿੰਦੇ ਹਾਂ ਕਿ ਅਸੀਂ ਅਪਣੀ ਮਰਜ਼ੀ ਦੇ ਮਾਲਕ ਹਾਂ
ਅਤੇ ਜੋ ਚਾਹੁੰਦੇ ਹਾਂ, ਉਹ ਕਰਦੇ ਹਾਂ। ਇਲਸਾਨ ਸੌ ਚਾਹ ਕੇ ਵੀ ਅਪਣੀ ਮਰਜ਼ੀ ਨਾਲ਼ ਕੁੱਝ ਨਹੀਂ ਕਰ
ਸਕਦਾ
ਤਿਸੁ ਬਿਨੁ ਨਾਹੀ ਤੇਰੈ ਕਿਛੁ ਕਾਮ ।। ਗਤਿ ਨਾਨਕ ਜਪਿ ਏਕ ਹਰਿ ਨਾਮ ।। 1 ।।
ਗੁਰੂ ਜੀ ਇਹ ਸਿੱਖਿਆ ਦਿੰਦੇ ਹਨ ਕਿ ਉਸ
ਹਰੀ ਦੇ ਨਾਮ ਦੇ ਸਿਮਰਨ ਤੋਂ ਬਿਨਾਂ ਹੋਰ ਕੋਈ ਕੰਮ ਜੀਵ ਦਾ ਸਾਥ ਨਹੀਂ ਦਿੰਦਾ। ਉਸ ਦੇ ਕੀਤੇ
ਦੁਨਿਆਵੀ ਕੰਮ ਅੰਤ ਵੇਲ਼ੇ ਉਸ ਦਾ ਸਾਥ ਨਹੀਂ ਦਿੰਦੇ। ਸਿਰਫ ਇੱਕ ਹਰੀ ਦੇ ਨਾਮ ਦਾ ਸਿਮਰਨ ਹੀ ਹੈ ਜਿਹੜਾ ਜੀਵ ਨੂੰ ਪਾਰ ਲੰਘਾ
ਸਕਦਾ ਹੈ, ਉਸ ਨੂੰ ਮੁਕਤ ਕਰ ਸਕਦਾ ਹੈ।
ਰੂਪਵੰਤੁ ਹੋਇ ਨਾਹੀ ਮੋਹੈ ।। ਪ੍ਰਭ ਕੀ ਜੋਤਿ
ਸਗਲ ਘਟ ਸੋਹੈ ।।
ਜੇ ਕੋਈ ਇਨਸਾਨ ਸੋਹਣਾ ਹੋਵੇ ਅਤੇ ਲੋਕ ਉਸ ਨੂੰ ਪਸੰਦ ਕਰਨ ਤਾਂ ਕਈ ਵਾਰ
ਉਹ ਇਸ ਗਲਤ ਫਹਿਮੀ ਦਾ ਸ਼ਿਕਾਰ ਹੋ ਜਾਂਦਾ ਹੈ ਕਿ ਉਹ ਅਪਣੀ ਸੁੰਦਰਤਾ ਨਾਲ਼ ਦੁਨੀਆਂ ਨੂੰ ਮੋਹ ਰਿਹਾ
ਹੈ। ਉਹ ਇਹ ਗੱਲ ਭੁੱਲ ਜਾਂਦਾ ਹੈ ਕਿ ਉਸ ਦੀ ਸੁੰਦਰਤਾ ਅਸਲ ਵਿੱਚ ਪ੍ਰਮਾਤਮਾ ਦੀ ਉਸ ਜੋਤ ਦੀ
ਸੁੰਦਰਤਾ ਹੈ ਜਿਹੜੀ ਉਸ ਦੇ ਅੰਦਰ ਟਿਕੀ ਹੋਈ ਹੈ। ਉਹ ਇਹ ਵੀ ਭੁੱਲ ਜਾਂਦਾ ਹੈ ਕਿ ਉਹ ਸੁੰਦਰ ਜੋਤ
ਹਰ ਜੀਵ ਦੇ ਅੰਦਰ ਮੌਜੂਦ ਹੈ, ਇਸ ਲਈ ਹਰ ਜੀਵ ਹੀ
ਸੁੰਦਰ ਹੈ। ਇਸ ਲਈ ਦੁਨੀਆਂ ਨੂੰ ਮੋਹਣ ਲਈ ਉਸ ਨੂੰ ਹਰੀ ਦਾ ਨਾਮ ਜੱਪ ਕੇ ਅਪਣੇ ਵਿਉਹਾਰ
ਵਿੱਚ ਸੁੰਦਰਤਾ ਲਿਆਉਣ ਦੀ ਲੋੜ ਹੈ।
ਧਨਵੰਤਾ ਹੋਇ ਕਿਆ ਕੋ ਗਰਬੈ ।। ਜਾ ਸਭੁ ਕਿਛੁ
ਤਿਸ ਕਾ ਦੀਆ ਦਰਬੈ ।।
ਧਨਵਾਨ ਹੋਣ ਤੇ ਅਪਣੀ ਦੌਲਤ ਦਾ ਮਾਣ ਕਰਨਾ ਵੀ ਗਲਤ ਹੈ ਕਿਉਂਕਿ ਸਾਡਾ
ਇਹ ਧਨ ਦੌਲਤ ਅਤੇ ਹੋਰ ਸਾਰੇ ਪਦਾਰਥ ਪ੍ਰਮਾਤਮਾ ਦੀ ਦਾਤ ਹਨ। ਇਹ ਸਾਡੇ ਕੋਲ਼ ਓਨਾ ਚਿਰ ਹੀ ਹਨ
ਜਿੰਨਾ ਚਿਰ ਉਸ ਦੀ ਦਯਾ ਦ੍ਰਿਸ਼ਟੀ ਸਾਡੇ ਉੱਤੇ ਹੈ। ਉਹ ਚਾਹੇ ਤਾਂ ਇੱਕ ਪਲ ਵਿੱਚ ਸਭ ਕੁੱਝ ਖੋਹ
ਸਕਦਾ ਹੈ। ਫਿਰ ਮਾਣ ਕਿਸ ਗੱਲ ਦਾ?
ਅਤਿ ਸੂਰਾ ਜੇ ਕੋਊ ਕਹਾਵੈ ।। ਪ੍ਰਭ ਕੀ ਕਲਾ
ਬਿਨਾ ਕਹ ਧਾਵੈ ।।
ਕਈ ਵਾਰ ਇਨਸਾਨ ਅਪਣੀ ਬਹਾਦਰੀ ਦਾ ਮਾਣ ਕਰਨ ਲੱਗ ਪੈਂਦਾ ਹੈ ਜੋ ਕਿ
ਬੇ-ਬੁਨਿਆਦ ਹੈ। ਸਾਡੀ ਬਹਾਦਰੀ ਉਸ ਪ੍ਰਭੂ ਦੀ ਹੀ ਦੇਣ ਹੈ। ਇਹ ਓਨਾ ਚਿਰ ਹੀ ਕੰਮ ਕਰਦੀ ਹੈ
ਜਿੰਨਾ ਚਿਰ ਇਸ ਦੇ ਪਿੱਛੇ ਉਸ ਮਾਲਕ ਦੀ ਸ਼ਕਤੀ ਹੈ, ਜਿੰਨਾ ਚਿਰ ਸਾਡੀ ਪਿੱਠ ਤੇ ਉਸ ਦਾ ਹੱਥ ਰਹੇ।
ਉਸ ਮਾਲਕ ਦੀ ਮਿਹਰ ਤੋਂ ਬਿਨਾ ਅਪਣੀ ਬਹਾਦਰੀ ਨਾਲ਼ ਅਸੀਂ ਕੁੱਝ ਪ੍ਰਾਪਤ ਨਹੀਂ ਕਰ ਸਕਦੇ ਭਾਵੇਂ
ਜਿੰਨੀ ਮਰਜ਼ੀ ਭੱਜ ਦੌੜ ਕਰ ਲਈਏ।
ਜੇ ਕੋ ਹੋਇ ਬਹੈ ਦਾਤਾਰੁ ।। ਤਿਸੁ ਦੇਨਹਾਰੁ
ਜਾਨੈ ਗਾਵਾਰੁ ।।
ਜੇ ਕੋਈ ਅਪਣੇ ਆਪ ਨੂੰ
ਬਹੁਤ ਵੱਡਾ ਦਾਨੀ ਸਮਝਣ ਲੱਗ ਪਵੇ ਤਾਂ ਇਹ ਵੀ ਮੂਰਖਤਾ ਹੈ ਕਿਉਂਕਿ ਜੋ ਧਨ ਦੌਲਤ ਅਸੀਂ ਦਾਨ ਕਰਦੇ
ਹਾਂ ਉਹ ਤਾਂ ਈਸ਼ਵਰ ਦਾ ਦਿੱਤਾ ਹੋਇਆ ਹੈ। ਉਸ ਦੀ ਦਿੱਤੀ ਹੋਈ ਦੌਲਤ ਨੂੰ ਦਾਨ ਕਰਨ ਵਿੱਚ ਸਾਡੀ ਕੀ
ਵਡਿਆਈ ਹੋਈ? ਅਜਿਹੇ ਹੰਕਾਰੀ ਇਨਸਾਨ ਨੂੰ ਦੇਣਹਾਰ ਪ੍ਰਭੂ ਗਵਾਰ (ਬੇਅਕਲ) ਸਮਝਦਾ ਹੈ।
ਜਿਸੁ ਗੁਰਪ੍ਰਸਾਦਿ ਤੂਟੈ ਹਉ ਰੋਗੁ ।। ਨਾਨਕ ਸੋ
ਜਨੁ ਸਦਾ ਅਰੋਗੁ ।। 2 ।।
ਗੁਰੂ ਜੀ ਇਹ ਦ੍ਰਿੜ੍ਹ ਕਰਵਾਉਂਦੇ ਹਨ ਕਿ ਗੁਰੂ ਦੀ ਕਿਰਪਾ ਨਾਲ਼ ਜਿਸ
ਇਨਸਾਨ ਦਾ ਹਉਮੈ ਦਾ ਰੋਗ ਦੂਰ ਹੋ ਜਾਵੇ ਉਹ ਸਦਾ ਹੀ ਅਰੋਗ ਰਹਿੰਦਾ ਹੈ। ਕਿਸੇ ਵੀ ਕਿਸਮ ਦਾ ਕੋਈ
ਰੋਗ, ਸਰੀਰਕ, ਮਾਨਸਿਕ ਜਾਂ ਆਤਮਿਕ, ਆਧਿ, ਬਿਆਧਿ ਜਾਂ ਉਪਾਧਿ ਉਸ ਨੂੰ ਛੂਹ ਨਹੀਂ ਸਕਦਾ।
ਜਿਉ ਮੰਦਰ ਕਉ ਥਾਮੈ ਥੰਮਨੁ ।। ਤਿਉ ਗੁਰ ਕਾ ਸਬਦੁ ਮਨਹਿ ਅਸਥੰਮਨੁ ।।
ਜਿਸ ਤਰਾਂ ਕਿਸੇ ਵੀ ਛੋਟੀ ਜਾਂ ਵੱਡੀ ਇਮਾਰਤ ਨੂੰ ਥੰਮ੍ਹਾਂ ਦੇ ਸਹਾਰੇ
ਦੀ ਲੋੜ ਹੁੰਦੀ ਹੈ, ਉਸੇ ਤਰਾਂ ਇਨਸਾਨ ਦੇ ਮਨ ਨੂੰ ਵੀ ਗੁਰੂ ਦੇ ਬਖਸ਼ੇ ਹੋਏ ਸ਼ਬਦ ਦੇ ਸਹਾਰੇ ਦੀ
ਲੋੜ ਹੁੰਦੀ ਹੈ। ਥੰਮ੍ਹਾਂ ਤੋਂ ਬਿਨਾਂ ਇਮਾਰਤ ਖੜ੍ਹੀ ਨਹੀਂ ਰਹਿ ਸਕਦੀ। ਇਸੇ ਤਰਾਂ ਇਨਸਾਨ ਵੀ
ਗੁਰ ਉਪਦੇਸ਼ ਰਾਹੀਂ ਗੁਰੂ ਦੇ ਬਖਸ਼ੇ ਹੋਏ ਸ਼ਬਦ ਦੀ ਤਾਕਤ ਤੋਂ ਬਿਨਾਂ ਸੁਖੀ ਜੀਵਨ ਨਹੀਂ ਜੀ ਸਕਦਾ।
ਜਿਉ ਪਾਖਾਣੁ ਨਾਵ ਚੜ੍ ਤਰੈ ।। ਪ੍ਰਾਣੀ ਗੁਰ ਚਰਣ
ਲਗਤੁ ਨਿਸਤਰੈ ।।
ਪੱਥਰ ਪਾਣੀ ਵਿੱਚ ਤੈਰ ਨਹੀਂ ਸਕਦਾ, ਡੁੱਬ ਜਾਂਦਾ ਹੈ। ਪਰ ਜੇ ਪੱਥਰ
ਨੂੰ ਬੇੜੀ ਵਿੱਚ ਚੜ੍ਹਾ ਲਈਏ ਤਾਂ ਉਹ ਵੀ ਬੇੜੀ ਦੇ ਸਹਾਰੇ ਤੈਰ ਕੇ ਦਰਿਆ ਨੂੰ ਪਾਰ ਕਰ ਲੈਂਦਾ
ਹੈ। ਜਿਵੇਂ ਬੇੜੀ ਵਿੱਚ ਚੜ੍ਹ ਕੇ ਪੱਥਰ ਤਰ ਜਾਂਦਾ ਹੈ, ਉਸੇ ਤਰਾਂ ਇਨਸਾਨ ਵੀ ਗੁਰੂ ਦੇ ਚਰਨਾਂ
ਦਾ ਸਹਾਰਾ ਲੈ ਕੇ ਭਵ ਸਾਗਰ ਨੂੰ ਪਾਰ ਕਰ ਸਕਦਾ ਹੈ, ਇਸ ਵਿੱਚ ਡੁੱਬਣ ਤੋਂ ਬਚ ਸਕਦਾ ਹੈ।
ਜਿਉ ਅੰਧਕਾਰ ਦੀਪਕ ਪਰਗਾਸੁ ।। ਗੁਰ ਦਰਸਨੁ ਦੇਖਿ ਮਨਿ ਹੋਇ ਬਿਗਾਸੁ ।।
ਜਿਵੇਂ ਦੀਵਾ ਜਗਾਉਣ ਨਾਲ਼ ਹਨ੍ਹੇਰਾ ਦੂਰ
ਹੋ ਜਾਂਦਾ ਹੈ ਅਤੇ ਦੀਵੇ ਦਾ ਆਲ਼ਾ ਦੁਆਲ਼ਾ ਰੋਸ਼ਨੀ ਨਾਲ਼ ਭਰ ਜਾਂਦਾ ਹੈ, ਉਸੇ ਤਰਾਂ ਗੁਰੂ ਦੇ ਦਰਸ਼ਨ
ਕਰ ਕੇ ਇਨਸਾਨ ਦਾ ਮਨ ਵੀ ਖੁਸ਼ੀ ਅਤੇ ਖੇੜੇ ਨਾਲ਼ ਭਰ ਜਾਂਦਾ ਹੈ, ਉਸ ਤੇ ਛਾਇਆ ਹੋਇਆ ਉਦਾਸੀ ਦਾ ਹਨ੍ਹੇਰਾ
ਦੂਰ ਹੋ ਜਾਂਦਾ ਹੈ।
ਜਿਉ ਮਹਾ ਉਦਿਆਨ ਮਹਿ ਮਾਰਗੁ ਪਾਵੈ ।। ਤਿਉ ਸਾਧੂ
ਸੰਗਿ ਮਿਲਿ ਜੋਤਿ ਪ੍ਰਗਟਾਵੈ ।।
ਜਿਵੇਂ ਜੰਗਲ਼ ਵਿੱਚ ਰਸਤੇ ਤੋਂ ਭਟਕੇ ਹੋਏ ਆਦਮੀ ਨੂੰ ਜਦੋਂ ਕੋਈ ਰਾਹ
ਦੱਸਣ ਵਾਲ਼ਾ ਮਿਲ ਜਾਵੇ ਤਾਂ ਉਹ ਠੀਕ ਰਸਤਾ ਲੱਭ ਲੈਂਦਾ ਹੈ ਅਤੇ ਅਪਣੇ ਘਰ ਪਹੁੰਚ ਜਾਂਦਾ ਹੈ, ਉਸੇ
ਤਰਾਂ ਜੇ ਜ਼ਿੰਦਗੀ ਦੇ ਮਾਰਗ ਤੇ ਭਟਕੇ ਹੋਏ ਇਨਸਾਨ ਨੂੰ ਕਿਸੇ ਪੂਰਨ ਸੰਤ ਦੀ ਸੰਗਤ ਪ੍ਰਾਪਤ ਹੋ
ਜਾਵੇ ਤਾਂ ਉਸ ਦੀ ਸਿੱਖਿਆ ਸਦਕਾ ਉਸ ਨੂੰ ਅਪਣੇ ਅੰਦਰ ਵਸਦੇ ਹਰੀ ਪ੍ਰਭੂ ਦੀ ਹੋਂਦ ਦਾ ਅਹਿਸਾਸ ਹੋ
ਜਾਂਦਾ ਹੈ ਅਤੇ ਇਸ ਤਰਾਂ ਉਸ ਦਾ ਪ੍ਰਮਾਤਮਾ ਨਾਲ਼ ਮਿਲਾਪ ਹੋ ਜਾਂਦਾ ਹੈ, ਉਹ ਅਪਣੇ ਘਰ ਪਹੁੰਚ
ਜਾਂਦਾ ਹੈ।
ਤਿਨ ਸੰਤਨ ਕੀ ਬਾਛਉ ਧੂਰਿ ।। ਨਾਨਕ ਕੀ ਹਰਿ
ਲੋਚਾ ਪੂਰਿ ।। 3 ।।
ਗੁਰੂ ਜੀ ਅਜਿਹੇ ਗੁਰਮੁਖ ਪਿਆਰਿਆਂ ਦੇ ਚਰਨਾਂ ਦੀ ਧੂੜ ਮੰਗਦੇ ਹਨ ਅਤੇ
ਵਾਹਿਗੁਰੂ ਅੱਗੇ ਬੇਨਤੀ ਕਰਦੇ ਹਨ ਕਿ ਉਹ ਉਨ੍ਹਾਂ ਦੀ ਇਹ ਇੱਛਾ ਪੂਰੀ ਕਰ ਦੇਣ।
ਮਨ ਮੂਰਖ ਕਾਹੇ ਬਿਲਲਾਈਐ ।। ਪੁਰਬ ਲਿਖੇ ਕਾ
ਲਿਖਿਆ ਪਾਈਐ ।।
ਐ ਮੇਰੇ ਮੂਰਖ ਮਨ, ਤੂੰ ਕਿਉਂ ਰੋਂਦਾ
ਕੁਰਲਾਉਂਦਾ ਹੈਂ? ਜੋ ਕੁੱਝ ਤੈਨੂੰ ਮਿਲ ਰਿਹਾ ਹੈ, ਉਹ ਤੇਰੇ ਪਿਛਲੇ ਕਰਮਾਂ ਦਾ ਫਲ਼ ਹੈ ਅਤੇ
ਪਹਿਲਾਂ ਤੋਂ ਤੇਰੇ ਮੁਕੱਦਰ ਵਿੱਚ ਲਿਖਿਆ ਹੋਇਆ ਹੈ। ਇਸ ਨੂੰ ਹਸ ਕੇ ਪ੍ਰਵਾਨ ਕਰ ਲੈ। ਜੇ ਕੋਈ
ਇੱਛਤ ਵਸਤ ਤੈਨੂੰ ਨਹੀਂ ਮਿਲ ਰਹੀ ਤਾਂ ਇਸ ਦਾ ਅਰਥ ਹੈ ਕਿ ਤੂੰ ਅਪਣੇ ਪੂਰਬਲੇ ਜਨਮ ਵਿੱਚ ਅਜਿਹੇ
ਚੰਗੇ ਕਰਮ ਨਹੀਂ ਕੀਤੇ ਜਿਨ੍ਹਾਂ ਦੇ ਫਲ਼ ਵਜੋਂ ਤੂੰ ਉਸ ਦਾ ਪਾਤਰ ਬਣ ਸਕੇਂ।
ਦੂਖ ਸੂਖ ਪ੍ਰਭ ਦੇਵਨਹਾਰੁ ।। ਅਵਰ ਤਿਆਗਿ ਤੂ
ਤਿਸਹਿ ਚਿਤਾਰੁ ।।
ਦੁੱਖ ਅਤੇ ਸੁਖ ਦੇਣ ਵਾਲ਼ਾ ਈਸ਼ਵਰ ਆਪ ਹੈ। ਇਸ ਕਰਕੇ ਤੂੰ ਹੋਰ ਸਭ ਨੂੰ
ਛੱਡ ਕੇ ਕੇਵਲ ਉਸ ਪ੍ਰਮਾਤਮਾ ਦਾ ਧਿਆਨ ਧਰਿਆ ਕਰ, ਉਸ ਨੂੰ ਚੇਤੇ ਕਰਿਆ ਕਰ, ਉਸ ਦਾ ਨਾਮ ਸਿਮਰਿਆ
ਕਰ। ਅਪਣੇ ਦੁੱਖਾਂ ਨੂੰ ਨਿਵਾਰਨ ਲਈ ਕਿਸੇ ਹੋਰ ਤਾਕਤ ਅੱਗੇ ਅਰਦਾਸਾਂ ਨਾ ਕਰਿਆ ਕਰ।
ਜੋ ਕਛੁ ਕਰੈ ਸੋਈ ਸੁਖੁ ਮਾਨੁ ।। ਭੂਲਾ ਕਾਹੇ
ਫਿਰਹਿ ਅਜਾਨ ।।
ਐ ਜੀਵ, ਜੋ ਕੁੱਝ ਵੀ ਉਹ ਕਰਦਾ ਹੈ ਉਸ ਨੂੰ ਹੀ ਭਲਾ ਮੰਨਿਆਂ ਕਰ ਅਤੇ ਜੇ
ਉਹ ਦਿੰਦਾ ਹੈ ਲੈ ਕੇ ਖੁਸ਼ ਹੋ ਜਾਇਆ ਕਰ। ਐਵੇਂ ਮੂਰਖਾਂ ਵਾਂਗ ਲਾਲਚ ਵਸ ਹੋ ਕੇ ਥਾਂ ਥਾਂ ਕਿਉਂ
ਭਟਕਦਾ ਫਿਰਦਾ ਹੈਂ?
ਕਉਨ ਬਸਤੁ ਆਈ ਤੇਰੈ ਸੰਗ ।। ਲਪਟਿ ਰਹਿਓ ਰਸਿ
ਲੋਭੀ ਪਤੰਗ ।।
ਜਦੋਂ ਤੂੰ ਦੁਨੀਆਂ ਤੇ ਆਇਆ ਸੀ, ਕੀ ਨਾਲ਼ ਲੈ ਕੇ ਆਇਆ ਸੀ? ਤੂੰ ਖਾਲੀ
ਹੱਥ ਏਥੇ ਆਇਆ ਸੀ। ਤੇ ਹੁਣ ਤੂੰ ਇਨ੍ਹਾਂ ਸੰਸਾਰਿਕ ਪਦਾਰਥਾਂ ਨੂੰ ਚਿੰਬੜਿਆ ਬੈਠਾ ਹੈਂ, ਇਨ੍ਹਾਂ
ਨੂੰ ਅਪਣੇ ਸਮਝੀ ਬੈਠਾ ਹੈਂ। ਇਸ ਨਾਲ਼ੋਂ ਵੱਧ ਮੂਰਖਤਾ ਵਾਲ਼ੀ ਗੱਲ ਹੋਰ ਕੋਈ ਨਹੀਂ ਹੋ ਸਕਦੀ।
ਰਾਮ ਨਾਮ ਜਪਿ ਹਿਰਦੇ ਮਾਹਿ ।। ਨਾਨਕ ਪਤਿ ਸੇਤੀ
ਘਰਿ ਜਾਹਿ ।। 4 ।।
ਇਨ੍ਹਾਂ ਦੁਨਿਆਵੀ ਪਦਾਰਥਾਂ ਦਾ ਮੋਹ ਤਿਆਗ ਦੇ ਅਤੇ ਰਾਮ ਦੇ ਨਾਮ ਨੂੰ
ਅਪਣੇ ਹਿਰਦੇ ਵਿੱਚ ਵਸਾ ਲੈ। ਇਹ ਦੁਨੀਆਂ ਤੇਰਾ ਘਰ ਨਹੀਂ। ਤੇਰਾ ਅਸਲੀ ਘਰ ਪ੍ਰਮਾਤਮਾ ਦਾ ਘਰ ਹੈ।
ਇਸ ਤਰਾਂ ਕਰਨ ਨਾਲ਼ ਤੂੰ ਇੱਜ਼ਤ ਸਹਿਤ ਵਾਪਸ ਅਪਣੇ ਘਰ ਪ੍ਰਮਾਤਮਾ ਕੋਲ਼ ਜਾ ਸਕੇਂਗਾ।
ਜਿਸੁ ਵਖਰ ਕਉ ਲੈਨਿ ਤੂ ਆਇਆ ।। ਰਾਮ ਨਾਮੁ ਸੰਤਨ
ਘਰਿ ਪਾਇਆ ।।
ਜਿਸ ਵਸਤੂ ਨੂੰ, ਜਿਸ ਸੌਦੇ ਨੂੰ, ਲੈਣ ਤੂੰ ਇਸ ਸੰਸਾਰ ਵਿੱਚ ਆਇਆ ਹੈਂ,
ਉਹ ਰਾਮ ਦਾ ਨਾਮ ਹੈ। ਉਹ ਸੌਦਾ ਸੰਤਾਂ ਦੀ ਸੰਗਤ
ਵਿੱਚੋਂ ਮਿਲਦਾ ਹੈ, ਕਿਸੇ ਸੰਸਾਰਿਕ ਦੁਕਾਨ ਤੋਂ ਨਹੀਂ ਮਿਲਦਾ। ਇਸ ਕਰਕੇ ਤੂੰ ਸੰਤਾਂ ਦੀ ਸੰਗਤ
ਕਰਿਆ ਕਰ।
ਤਜਿ ਅਭਿਮਾਨੁ ਲੇਹੁ ਮਨ ਮੋਲਿ ।। ਰਾਮ ਨਾਮੁ
ਹਿਰਦੇ ਮਹਿ ਤੋਲਿ ।।
ਤੂੰ ਅਪਣੀ ਹਉਮੈ ਤਿਆਗ ਦੇ, ਅਪਣਾ ਮਨ ਕੀਮਤ ਦੇ ਤੌਰ ਤੇ ਪ੍ਰਮਾਤਮਾ ਦੇ
ਹਵਾਲੇ ਕਰ ਦੇ ਅਤੇ ਰਾਮ ਨਾਮ ਦਾ ਵਡਮੁੱਲਾ ਸੌਦਾ ਖਰੀਦ ਲੈ। ਫਿਰ ਇਸ ਕੀਮਤੀ ਵਸਤ ਨੂੰ ਸਦਾ ਅਪਣੇ
ਮਨ ਦੇ ਵਿੱਚ ਸੰਭਾਲ਼ ਕੇ ਰੱਖ।
ਲਾਦਿ ਖੇਪ ਸੰਤਹਿ ਸੰਗਿ ਚਾਲੁ ।। ਅਵਰ ਤਿਆਗਿ
ਬਿਖਿਆ ਜੰਜਾਲ ।।
ਇਸ ਮਹਿੰਗੇ ਮੁੱਲ ਖਰੀਦੇ ਸੌਦੇ ਦੇ ਭੰਡਾਰ ਨੂੰ ਅਪਣੇ ਦਿਲ ਦੇ ਵਾਹਨ
ਉੱਤੇ ਲੱਦ ਲੈ ਅਤੇ ਸੰਤਾਂ ਦਾ ਕਾਫਲੇ ਨਾਲ਼ ਰਲ਼ ਜਾ। ਸੰਤਾਂ ਦੀ ਸੰਗਤ ਵਿੱਚ ਅਪਣਾ ਜੀਵਨ ਗੁਜਾਰਨਾ
ਸ਼ੁਰੂ ਕਰ ਦੇ। ਬਾਕੀ ਦੁਨੀਆਂ ਦੇ ਝਮੇਲੇ ਅਤੇ ਸੰਸਾਰਿਕ ਵਸਤਾਂ ਦਾ ਮੋਹ, ਤੇਰੇ ਲਈ ਜ਼ਹਿਰ ਦੇ
ਬਰਾਬਰ ਹਨ। ਇਸ ਵਿਹੁ ਦੇ ਜਾਲ਼ ਵਿੱਚੋਂ ਨਿਕਲ਼ ਜਾ।
ਧੰਨਿ ਧੰਨਿ ਕਹੈ ਸਭੁ ਕੋਇ ।। ਮੁਖ ਊਜਲ ਹਰਿ
ਦਰਗਹ ਸੋਇ ।।
ਜੇ ਤੂੰ ਇਹ ਕਰ ਲਵੇਂ ਤਾਂ ਇਸ ਦੁਨੀਆਂ ਦੇ ਸਭ ਲੋਕ ਤੇਰੀ ਧੰਨ ਧੰਨ
ਕਰਨਗੇ, ਹਰ ਕੋਈ ਤੈਨੂੰ ਸਲਾਹੇਗਾ ਅਤੇ ਮੌਤ ਤੋਂ ਬਾਦ ਪ੍ਰਮਾਤਮਾ ਦੀ ਦਰਗਾਹ ਵਿੱਚ ਵੀ ਤੈਨੂੰ
ਸਤਿਕਾਰ ਮਿਲੇਗਾ, ਤੇਰਾ ਮੁੱਖ ਉੱਜਲਾ ਹੋਵੇਗਾ।
ਇਹੁ ਵਾਪਾਰੁ ਵਿਰਲਾ ਵਾਪਾਰੈ ।। ਨਾਨਕ ਤਾ ਕੈ ਸਦ
ਬਲਿਹਾਰੈ ।। 5 ।।
ਪਰ ਹਰੀ ਦੇ ਨਾਮ ਦਾ ਇਹ ਵਪਾਰ ਇਹੋ ਜਿਹਾ ਵਪਾਰ ਹੈ ਜਿਹੜਾ ਬਹੁਤ ਥੋੜੇ
ਲੋਕ ਕਰਦੇ ਹਨ। ਗੁਰੂ ਜੀ ਕਹਿੰਦੇ ਹਨ ਕਿ ਜਿਹੜੇ ਮੁੱਠੀ ਭਰ ਲੋਕ ਇਹ ਨੇਕ ਵਪਾਰ ਕਰਦੇ ਹਨ, ਉਹ
ਉਨ੍ਹਾਂ ਤੋਂ ਸਦਾ ਹੀ ਕੁਰਬਾਨ ਜਾਂਦੇ ਹਨ।
ਚਰਨ ਸਾਧ ਕੇ ਧੋਇ ਧੋਇ ਪੀਉ ।। ਅਰਪਿ ਸਾਧ ਕਉ
ਅਪਨਾ ਜੀਉ ।।
ਕਿਉਂਕਿ ਰਾਮ ਨਾਮ ਦਾ ਸੌਦਾ ਕੇਵਲ ਸੰਤਾਂ ਕੋਲ਼ੋਂ ਪ੍ਰਾਪਤ ਹੁੰਦਾ ਹੈ,
ਇਸ ਲਈ ਸੰਤ ਪੁਰਖਾਂ ਦਾ ਸਤਿਕਾਰ ਕਰਿਆ ਕਰੋ। ਉਨ੍ਹਾਂ ਦੇ ਚਰਨ ਧੋ ਧੋ ਕੇ ਪੀਆ ਕਰੋ। ਅਪਣਾ ਮਨ ਪੂਰੀ
ਤਰਾਂ ਸੰਤਾਂ ਦੇ ਹਵਾਲੇ ਕਰ ਦੇਵੋ। ਅਪਣੇ ਆਪ ਨੂੰ ਪੂਰੀ ਤਰਾਂ ਸੰਤਾਂ ਦੇ ਅੱਗੇ ਸਮਰਪਿਤ ਕਰ ਦੇਵੋ
ਅਤੇ ਉਨ੍ਹਾਂ ਦੀ ਦਿੱਤੀ ਸਿਖਿਆ ਤੇ ਅਮਲ ਕਰਿਆ ਕਰੋ।
ਸਾਧ ਕੀ ਧੂਰਿ ਕਰਹੁ ਇਸਨਾਨੁ ।। ਸਾਧ ਊਪਰਿ ਜਾਈਐ
ਕੁਰਬਾਨੁ ।।
ਏਨੀ ਨਿਮਰਤਾ ਧਾਰਨ ਕਰ ਲਵੋ ਕਿ ਸੰਤਾਂ ਦੇ ਚਰਨਾਂ ਦੀ ਧੂੜ ਨਾਲ਼ ਇਸ਼ਨਾਨ
ਕਰਿਆ ਕਰੋ। ਸੰਤਾਂ ਦੇ ਉੱਤੋਂ ਕੁਰਬਾਨ ਜਾਇਆ ਕਰੋ।
ਸਾਧ ਸੇਵਾ ਵਡਭਾਗੀ ਪਾਈਐ ।। ਸਾਧਸੰਗਿ ਹਰਿ
ਕੀਰਤਨੁ ਗਾਈਐ ।।
ਸੰਤਾਂ ਦੀ ਸੇਵਾ ਬਹੁਤ ਚੰਗੇ ਭਾਗਾਂ ਨਾਲ਼ ਨਸੀਬ ਹੁੰਦੀ ਹੈ। ਸੰਤਾਂ ਦੀ
ਸੰਗਤ ਵਿੱਚ ਜਾ ਕੇ, ਉਨ੍ਹਾਂ ਦੇ ਨਾਲ਼ ਰਲ਼ ਕੇ ਪ੍ਰਮਾਤਮਾ ਦੀ ਵਡਿਆਈ ਦੇ ਗੀਤ ਗਾਇਆ ਕਰੋ।
ਅਨਿਕ ਬਿਘਨ ਤੇ ਸਾਧੂ ਰਾਖੈ ।। ਹਰਿ ਗੁਨ ਗਾਇ
ਅੰਮ੍ਰਿਤ ਰਸੁ ਚਾਖੈ ।।
ਸੰਤ ਜਨ ਅਨੇਕਾਂ ਮੁਸ਼ਕਲਾਂ ਤੋਂ ਜੀਵ ਨੂੰ ਬਚਾਉਣ ਦੇ ਸਮਰਥ ਹੁੰਦੇ ਹਨ।
ਉਨ੍ਹਾਂ ਦੀ ਸੰਗਤ ਵਿੱਚ ਜਾ ਕੇ ਜੀਵ ਹਰੀ ਦੇ ਗੁਣ ਗਾਉਣ ਦਾ ਅੰਮ੍ਰਿਤ ਵਰਗਾ ਮਿੱਠਾ ਅਤੇ ਮੁਰਦਿਆਂ
ਨੂੰ ਜੀਵਨ ਦੇਣ ਵਾਲ਼ਾ ਰਸ ਮਾਣ ਸਕਦਾ ਹੈ।
ਓਟ ਗਹੀ ਸੰਤਹ ਦਰਿ ਆਇਆ ।। ਸਰਬ ਸੂਖ ਨਾਨਕ ਤਿਹ
ਪਾਇਆ ।। 6 ।।
ਗੁਰੂ ਜੀ ਉਪਦੇਸ਼ ਕਰਦੇ ਹਨ ਕਿ ਜਿਹੜੇ ਲੋਕ
ਸੰਤਾਂ ਦੇ ਦਰ ਤੇ ਆ ਕੇ ਉਨ੍ਹਾਂ ਦਾ ਓਟ ਆਸਰਾ ਲੈ ਲੈਂਦੇ ਹਨ, ਉਨ੍ਹਾਂ ਨੂੰ ਦੁਨੀਆਂ ਦੇ ਸਾਰੇ
ਸੁਖ ਪ੍ਰਾਪਤ ਹੋ ਜਾਂਦੇ ਹਨ।
ਮਿਰਤਕ ਕਉ ਜੀਵਾਲਨਹਾਰ ।। ਭੂਖੇ ਕਉ ਦੇਵਤ
ਅਧਾਰ ।।
ਪ੍ਰਮਾਤਮਾ ਦਾ ਨਾਮ ਮੁਰਦਿਆਂ ਨੂੰ ਜਿੰਦਾ
ਕਰਨ ਦੇ ਸਮਰਥ ਹੁੰਦਾ ਹੈ। ਉਸ ਦੇ ਨਾਮ ਦਾ ਸਿਮਰਨ ਕਰਨ ਨਾਲ਼ ਜੀਵ ਦੀ ਹਰ ਤਰਾਂ ਦੀ ਭੁੱਖ ਪੂਰੀ
ਤਰਾਂ ਮਿਟ ਜਾਂਦੀ ਹੈ। ਰਾਮ ਨਾਮ ਭੁਖਿਆਂ ਨੂੰ ਰਜਾ ਦਿੰਦਾ ਹੈ, ਉਨ੍ਹਾਂ ਦੀ ਭੁੱਖ ਨੂੰ ਸੰਤੁਸ਼ਟ
ਕਰ ਦਿੰਦਾ ਹੈ। ਇਸ ਦਾ ਇਹ ਅਰਥ ਵੀ ਕਰਦੇ ਹਨ ਕਿ ਪ੍ਰਮਾਤਮਾ ਧਰਤੀ (ਭੂ) ਅਤੇ ਆਕਾਸ਼ (ਖੇ) ਦੋਹਾਂ
ਨੂੰ ਸਹਾਰਾ ਦੇਣ ਵਾਲ਼ਾ ਹੈ।
ਸਰਬ ਨਿਧਾਨ ਜਾ ਕੀ ਦ੍ਰਿਸਟੀ ਮਾਹਿ ।। ਪੁਰਬ
ਲਿਖੇ ਕਾ ਲਹਣਾ ਪਾਹਿ ।।
ਦੁਨੀਆਂ ਦੇ ਹਰ ਤਰਾਂ ਦੇ ਖਜ਼ਾਨੇ ਪ੍ਰਮਾਤਮਾ ਦੀ ਦਯਾ ਦ੍ਰਿਸ਼ਟੀ ਅੰਦਰ
ਛੁਪੇ ਹੋਏ ਹਨ। ਜਿਸ ਤੇ ਉਸ ਦੀ ਕਿਰਪਾ ਹੋ ਜਾਵੇ, ਉਸ ਨੂੰ ਸਭ ਕੁੱਝ ਹਾਸਲ ਹੋ ਜਾਂਦਾ ਹੈ। ਇਨਸਾਨ
ਨੂੰ ਜੋ ਕੁੱਝ ਮਿਲਦਾ ਹੈ ਉਹ ਉਸ ਦੇ ਪਿਛਲੇ ਕਰਮਾਂ ਦਾ ਫਲ਼ ਹੁੰਦਾ ਹੈ। ਉਸ ਦੀ ਦਯਾ ਦ੍ਰਿਸ਼ਟੀ ਨੇਕ
ਅਮਲਾਂ ਨਾਲ਼ ਹੀ ਹਾਸਲ ਕੀਤੀ ਦਾ ਸਕਦੀ ਹੈ।
ਸਭੁ ਕਿਛੁ ਤਿਸ ਕਾ ਓਹੁ ਕਰਨੈ ਜੋਗੁ ।। ਤਿਸੁ
ਬਿਨੁ ਦੂਸਰ ਹੋਆ ਨ ਹੋਗੁ ।।
ਸੰਸਾਰ ਦੇ ਸਾਰੇ ਪਦਾਰਥ ਹਰੀ ਪ੍ਰਭੂ ਦੇ ਹੱਥ ਵਿੱਚ ਹਨ। ਉਹ ਸਭ ਕੁੱਝ
ਕਰਨ ਦੇ ਸਮਰਥ ਹੈ। ਉਸ ਵਰਗਾ ਸਮਰਥ ਪੁਰਖ ਅੱਜ ਤੱਕ ਨਾ ਕੋਈ ਹੋਇਆ ਹੈ ਅਤੇ ਨਾ ਹੀ ਕਦੇ ਹੋ
ਸਕੇਗਾ। ਸੰਸਾਰ ਵਿੱਚ ਜੀਵਾਂ ਨੂੰ ਹਰ ਤਰਾਂ ਦੀਆਂ ਦਾਤਾਂ ਦੇਣ ਦੀ ਸ਼ਕਤੀ ਕੇਵਲ ਉਸ ਕੋਲ਼ ਹੀ ਹੈ,
ਹੋਰ ਕਿਸੇ ਕੋਲ਼ ਨਹੀਂ।
ਜਪਿ ਜਨ ਸਦਾ ਸਦਾ ਦਿਨੁ ਰੈਣੀ ।। ਸਭ ਤੇ ਊਚ
ਨਿਰਮਲ ਇਹ ਕਰਣੀ ।।
ਐ ਜੀਵ, ਹਮੇਸ਼ਾ ਹੀ ਦਿਨ ਰਾਤ ਉਸ ਈਸ਼ਵਰ ਦਾ ਨਾਮ ਜੱਪਿਆ ਕਰ। ਜੀਵ ਸੰਸਾਰਿਕ ਸੁਖ ਪ੍ਰਾਪਤ ਕਰਨ ਲਈ ਤਰਾਂ ਤਰਾਂ
ਦੇ ਯਤਨ ਕਰਦਾ ਹੈ। ਪਰ ਨਾਮ ਸਿਮਰਨ ਦੀ ਇਹ ਕਿਰਤ ਹਰ ਤਰਾਂ ਦੀ ਕਿਰਤ ਨਾਲ਼ੋਂ ਉੱਤਮ ਅਤੇ ਪਵਿੱਤਰ
ਹੈ।
ਕਰਿ ਕਿਰਪਾ ਜਿਸ ਕਉ ਨਾਮੁ ਦੀਆ ।। ਨਾਨਕ ਸੋ ਜਨੁ
ਨਿਰਮਲੁ ਥੀਆ ।। 7 ।।
ਗੁਰੂ ਜੀ ਸਿੱਖਿਆ ਦਿੰਦੇ ਹਨ ਕਿ ਜਿਸ ਜੀਵ
ਨੂੰ ਅਪਣੀ ਦਯਾ ਕਰ ਕੇ ਪ੍ਰਮਾਤਮਾ ਅਪਣੇ ਨਾਮ ਸਿਮਰਨ ਦੀ ਦਾਤ ਬਖਸ਼ ਦੇਵੇ, ਉਹ ਜੀਵ ਪਵਿੱਤਰ ਹੋ
ਜਾਂਦਾ ਹੈ। ਉਸ ਦੇ ਸਾਰੇ ਬੁਰੇ ਕਰਮ ਧੋਤੇ ਜਾਂਦੇ ਹਨ।
ਜਾ ਕੈ ਮਨਿ ਗੁਰ ਕੀ ਪਰਤੀਤਿ ।। ਤਿਸੁ ਜਨ ਆਵੈ
ਹਰਿ ਪ੍ਰਭੁ ਚੀਤਿ ।।
ਜਿਸ ਜੀਵ ਨੂੰ ਗੁਰੂ ਦੇ ਉੱਤੇ ਭਰੋਸਾ ਹੋਵੇ, ਉਸੇ ਨੂੰ ਹੀ ਪ੍ਰਮਾਤਮਾ
ਦਾ ਨਾਮ ਯਾਦ ਆਉਂਦਾ ਹੈ, ਉਹ ਹੀ ਨਾਮ ਸਿਮਰਨ ਵਿੱਚ ਜੁੜ ਸਕਦਾ ਹੈ।
ਭਗਤੁ ਭਗਤੁ ਸੁਨੀਐ ਤਿਹੁ ਲੋਇ ।। ਜਾ ਕੈ ਹਿਰਦੈ
ਏਕੋ ਸੋਇ ।।
ਜਿਸ ਇਨਸਾਨ ਦੇ ਹਿਰਦੇ ਵਿੱਚ ਉਹ ਇੱਕੋ
ਇੱਕ ਪ੍ਰਮਾਤਮਾ ਵਸਿਆ ਹੋਇਆ ਹੋਵੇ ਉਸ ਨੂੰ ਤਿੰਨਾਂ ਹੀ ਲੋਕਾਂ ਵਿੱਚ ਭਗਤ ਕਰ ਕੇ ਜਾਣਿਆ ਜਾਂਦਾ
ਹੈ। ਭਗਤ ਦੇ ਤੌਰ ਤੇ ਉਸ ਦੀ ਸ਼ੋਭਾ ਤਿੰਨਾਂ ਲੋਕਾਂ ਵਿੱਚ ਫੈਲ ਜਾਂਦੀ ਹੈ।
ਸਚੁ ਕਰਣੀ ਸਚੁ ਤਾ ਕੀ ਰਹਤ ।। ਸਚੁ ਹਿਰਦੈ ਸਤਿ
ਮੁਖਿ ਕਹਤ ।।
ਉਸ ਦੀ ਕਹਿਣੀ ਅਤੇ ਕਰਨੀ, ਉਸ ਦੀ ਜੀਵਨ ਸ਼ੈਲੀ, ਉਸ ਦੀ ਸੋਚ ਸਭ ਸੱਚ
(ਹਰੀ ਦੇ ਹੁਕਮ) ਤੇ ਆਧਾਰਿਤ ਹੋ ਜਾਂਦੀ ਹੈ। ਉਹ ਕਦੇ ਕਿਸੇ ਕੰਮ ਵਿੱਚ ਵੀ ਝੂਠ ਦਾ ਸਹਾਰਾ ਨਹੀਂ
ਲੈਂਦਾ। ਉਸ ਦੇ ਦਿਲ ਵਿੱਚ ਅਤੇ ਜ਼ਬਾਨ ਤੇ ਹਮੇਸ਼ਾ ਸੱਚ (ਪ੍ਰਮਾਤਮਾ) ਦਾ ਪਹਿਰਾ ਰਹਿੰਦਾ ਹੈ। ਉਸ ਦੇ ਦਿਲ ਵਿੱਚ ਵੀ ਸੱਚ ਹੁੰਦਾ ਹੈ ਅਤੇ ਉਸ ਦੇ ਮੂੰਹ ਤੇ ਵੀ ਸੱਚ
ਹੀ ਹੁੰਦਾ ਹੈ।
ਸਾਚੀ ਦ੍ਰਿਸਟਿ ਸਾਚਾ ਆਕਾਰੁ ।। ਸਚੁ ਵਰਤੈ ਸਾਚਾ ਪਾਸਾਰੁ ।।
ਉਸ ਦਾ ਨਜ਼ਰੀਆ ਇਸ ਤਰਾਂ ਦਾ ਹੋ ਜਾਂਦਾ ਹੈ
ਕਿ ਉਸ ਨੂੰ ਹਰ ਪਾਸੇ ਸੱਚ (ਪ੍ਰਮਾਤਮਾ) ਹੀ ਦਿਖਾਈ ਦਿੰਦਾ ਹੈ। ਹਰ ਦ੍ਰਿਸ਼ਟਮਾਨ ਵਸਤ (ਆਕਾਰ)
ਵਿੱਚ ਉਸ ਨੂੰ ਉਸ ਸੱਚੇ ਦਾ ਵਾਸਾ ਨਜ਼ਰ ਆਉਂਦਾ ਹੈ। ਉਸ ਨੂੰ ਯਕੀਨ ਹੋ ਜਾਂਦਾ ਹੈ ਕਿ ਈਸ਼ਵਰ ਸਰਬ
ਵਿਆਪਕ ਹੈ ਅਤੇ ਇਸ ਦੁਨੀਆਂ ਦੀਆਂ ਸਭ ਵਸਤਾਂ ਉਸ ਦਾ ਹੀ ਵਿਸਥਾਰ ਹਨ।
ਪਾਰਬ੍ਰਹਮੁ ਜਿਨਿ ਸਚੁ ਕਰਿ ਜਾਤਾ ।। ਨਾਨਕ ਸੋ
ਜਨੁ ਸਚਿ ਸਮਾਤਾ ।। 8 ।। 15 ।।
ਗੁਰੂ ਜੀ ਕਹਿੰਦੇ ਹਨ ਕਿ ਜਿਸ ਵਿਅਕਤੀ ਨੇ ਇਹ ਗੱਲ ਸਮਝ ਲਈ ਕਿ ਈਸ਼ਵਰ
ਸਦਾ ਸਥਿਰ ਹੈ ਅਤੇ ਸਰਬ ਵਿਆਪਕ ਹੈ, ਉਹ ਸਮਝ ਲਵੋ ਕਿ ਉਸ ਪ੍ਰਭੂ ਦੇ ਅੰਦਰ ਹੀ ਸਮਾ ਗਿਆ, ਉਸ ਦੇ
ਨਾਲ਼ ਅਭੇਦ ਹੋ ਗਿਆ।
--------
ਇੱਥੋਂ ਤੱਕ ਨਜ਼ਰਸਾਨੀ ਹੋ ਗਈ -----------------------
ਸਲੋਕ ।।
ਰੂਪ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ
ਭਿੰਨ ।।
ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ ।।
1 ।।
ਪ੍ਰਮਾਤਮਾ ਦੀ ਕੋਈ ਸ਼ਕਲ ਨਹੀਂ, ਕੋਈ ਚਿੰਨ੍ਹ ਜਾਂ ਨੈਣ ਨਕਸ਼ ਨਹੀਂ, ਕੋਈ
ਰੰਗ ਨਹੀਂ। ਉਹ ਨਿਰਗੁਣ ਹੈ, ਤਿੰਨਾਂ ਹੀ ਗੁਣਾਂ ਤੋਂ ਬਾਹਰ ਹੈ। ਇਸ ਲਈ ਉਸ ਨੂੰ ਅੱਖਾਂ ਨਾਲ਼
ਨਹੀਂ ਦੇਖਿਆ ਜਾ ਸਕਦਾ। ਉਸ ਨੂੰ ਦੇਖਣ ਲਈ ਦਿਬ ਦ੍ਰਿਸ਼ਟੀ ਦੀ ਲੋੜ ਹੈ। ਉਸ ਨੂੰ ਸਮਝਣ ਦੀ ਸਮਰਥਾ ਉਸ ਵਿਅਕਤੀ ਨੂੰ ਹੀ
ਪ੍ਰਾਪਤ ਹੁੰਦੀ ਹੈ ਜਿਸ ਤੇ ਉਹ ਆਪ ਪ੍ਰਸੰਨ ਹੋ ਜਾਵੇ। ਉਸ ਦੇ ਦਰਸ਼ਨ ਉਸ ਜੀਵ ਨੂੰ ਹੀ ਨਸੀਬ
ਹੁੰਦੇ ਹਨ ਜਿਸ ਤੇ ਉਹ ਆਪ ਤ੍ਰੁੱਠ ਜਾਵੇ।
ਅਸਟਪਦੀ ।।
ਅਬਿਨਾਸੀ ਪ੍ਰਭੁ ਮਨ ਮਹਿ ਰਾਖੁ ।। ਮਾਨੁਖ ਕੀ ਤੂ ਪ੍ਰੀਤਿ ਤਿਆਗੁ ।।
ਐ ਜੀਵ, ਪ੍ਰਮਾਤਮਾ ਸਦਾ ਰਹਿਣ ਵਾਲ਼ਾ ਹੈ। ਉਸ ਦਾ ਕਦੇ ਨਾਸ ਨਹੀਂ
ਹੁੰਦਾ। ਉਸ ਅਬਿਨਾਸੀ ਮਾਲਕ ਨੂੰ ਸਦਾ ਹੀ ਅਪਣੇ ਮਨ ਵਿੱਚ ਵਸਾ ਕੇ ਰੱਖਿਆ ਕਰ। ਉਸ ਨੂੰ ਭੁੱਲ ਕਿ
ਇਨਸਾਨਾਂ ਨਾਲ਼ ਪਿਆਰ ਕਰਨਾ ਛੱਡ ਦੇ ਕਿਉਂਕਿ ਇਸ ਪਿਆਰ ਤੋਂ ਕੁੱਝ ਹਾਸਲ ਨਹੀਂ ਹੋ ਸਕਦਾ।
ਤਿਸ ਤੇ ਪਰੈ ਨਾਹੀ ਕਿਛੁ ਕੋਇ ।। ਸਰਬ ਨਿਰੰਤਰਿ
ਏਕੋ ਸੋਇ ।।
ਉਸ ਪ੍ਰਭੂ ਤੋਂ ਵੱਡੀ ਨਾ ਕੋਈ ਹੋਰ ਸ਼ਕਤੀ ਹੈ ਤੇ ਨਾ ਹੀ ਕੋਈ ਹੋਰ
ਪਦਾਰਥ । ਕੇਵਲ ਇੱਕ ਪ੍ਰਮਾਤਮਾ ਹੀ ਹੈ ਜੋ ਸਰਬ ਵਿਆਪਕ ਹੈ ਅਤੇ ਸਦਾ ਰਹਿਣ ਵਾਲ਼ਾ ਹੈ। ਉਸ ਦੀ ਹੋਂਦ ਅੰਤਰ ਤੋਂ ਰਹਿਤ ਹੈ, ਲਗਾਤਾਰ ਹੈ। ਇਹ ਨਹੀਂ ਕਿ ਉਹ
ਇੱਕ ਪਲ ਹੈ ਅਤੇ ਦੂਜੇ ਪਲ ਨਹੀਂ ਹੈ। ਕੋਈ ਪਲ ਨਹੀਂ ਹੁੰਦਾ ਜਦੋਂ ਉਹ ਹਰ ਥਾਂ ਹਾਜ਼ਰ ਨਾਜ਼ਰ ਨਾ
ਹੋਵੇ।
ਆਪੇ ਬੀਨਾ ਆਪੇ ਦਾਨਾ ।। ਗਹਿਰ ਗੰਭੀਰੁ ਗਹੀਰੁ
ਸੁਜਾਨਾ ।।
ਉਹ ਆਪ ਹੀ ਸਭ ਕੁੱਝ ਦੇਖਦਾ ਹੈ ਅਤੇ ਜਾਣਦਾ ਹੈ। ਜਾਣਨ ਵਾਲ਼ਾ ਵੀ ਉਹ
ਕੋਈ ਸਧਾਰਨ ਨਹੀਂ। ਉਸ ਦੀ ਸਮਝ ਸਮੁੰਦਰ ਦੇ ਪਾਣੀ ਦੀ ਤਰਾਂ ਗਹਿਰੀ ਹੈ ਜਿਸ ਦੀ ਡੂੰਘਾਈ ਉੱਪਰੋਂ
ਦਿਖਾਈ ਨਹੀਂ ਦਿੰਦੀ ਪਰ ਅਥਾਹ ਹੈ। ਉਸ ਦੀ ਸਮਝ ਪਰਬਤ ਵਾਂਗ ਉੱਚੀ ਹੈ। ਉਹ ਬਹੁਤ ਹੀ ਸਿਆਣਾ ਅਤੇ
ਸੂਝਵਾਨ ਦੇਖਣ ਅਤੇ ਜਾਣਨ ਵਾਲ਼ਾ ਹੈ ਜਿਹੜਾ ਹਰ ਚੀਜ਼ ਨੂੰ ਬਹੁਤ ਸੰਜੀਦਗੀ ਨਾਲ਼ ਦੇਖਦਾ ਹੈ ਅਤੇ ਹਰ
ਬਾਰੀਕੀ ਦੇਖ ਅਤੇ ਭਾਂਪ ਸਕਦਾ ਹੈ।
ਪਾਰਬ੍ਰਹਮ ਪਰਮੇਸੁਰ ਗੋਬਿੰਦ ।। ਕ੍ਰਿਪਾ ਨਿਧਾਨ
ਦਇਆਲ ਬਖਸੰਦ ।।
ਈਸ਼ਵਰ ਸਭ ਚੀਜ਼ਾਂ ਨੂੰ ਅੰਦਰ ਤੱਕ ਦੇਖ ਸਕਣ ਦੀ ਸ਼ਕਤੀ ਰੱਖਦਾ ਹੈ, ਸਭ ਦਾ
ਮਾਲਕ ਹੈ ਅਤੇ ਧਰਤੀ ਦਾ ਪਾਲਣ ਕਰਨ ਵਾਲ਼ਾ ਹੈ। ਉਹ ਦਯਾ ਦਾ ਭੰਡਾਰ ਹੈ, ਕ੍ਰਿਪਾਲੂ ਹੈ ਅਤੇ
ਗੁਨਾਹਾਂ ਨੂੰ ਬਖਸ਼ਣ ਵਾਲ਼ਾ ਹੈ।
ਸਾਧ ਤੇਰੇ ਕੀ ਚਰਨੀ ਪਾਉ ।। ਨਾਨਕ ਕੇ ਮਨਿ ਇਹੁ
ਅਨੁਰਾਉ ।। 1 ।।
ਅਜਿਹੇ ਦਯਾਵਾਨ ਅਤੇ ਬਖਸ਼ਣਹਾਰ ਪ੍ਰਭੂ ਨੂੰ ਸੰਬੋਧਨ ਕਰਦੇ ਹੋਏ ਗੁਰੂ ਜੀ
ਬੇਨਤੀ ਕਰਦੇ ਹਨ ਕਿ ਮੇਰੇ ਮਨ ਵਿੱਚ ਇਹ ਚਾਉ ਹੈ, ਇਹ ਉਮਾਹ ਹੈ, ਇਹ ਇੱਛਾ ਹੈ ਕਿ ਮੈਂ ਤੇਰੇ
ਸੰਤਾਂ ਦੇ ਪੈਰਾਂ ਨੂੰ ਛੂਹ ਕੇ ਉਨ੍ਹਾਂ ਦੀ ਖੁਸ਼ੀ ਪ੍ਰਾਪਤ ਕਰ ਸਕਾਂ। ਮੇਰੀ ਇਹ ਚਾਹ ਪੂਰੀ ਕਰੋ।
ਮਨਸਾ ਪੂਰਨ ਸਰਨਾ ਜੋਗ ।। ਜੋ ਕਰਿ ਪਾਇਆ ਸੋਈ
ਹੋਗੁ ।।
ਉਹ ਪ੍ਰਭੂ ਇੱਛਾਵਾਂ ਪੂਰੀਆਂ ਕਰਨ ਦੇ ਸਮਰਥ ਹੈ ਅਤੇ ਜੀਵਾਂ ਨੂੰ ਅਪਣੀ
ਸ਼ਰਨ ਵਿੱਚ ਲੈ ਸਕਦਾ ਹੈ। ਇਸ ਸੰਸਾਰ ਵਿੱਚ ਉਹ ਹੀ ਹੁੰਦਾ ਹੈ ਜੋ ਉਸ ਨੇ ਪਹਿਲਾਂ ਤੋਂ ਫੈਸਲਾ
ਕੀਤਾ ਹੋਇਆ ਹੈ। ਉਸ ਦਾ ਹੁਕਮ ਹੀ ਦੁਨੀਆਂ ਵਿੱਚ ਵਰਤਦਾ ਹੈ।
ਹਰਨ ਭਰਨ ਜਾ ਕਾ ਨੇਤ੍ਰ ਫੋਰੁ ।। ਤਿਸ ਕਾ ਮੰਤ੍ਰ
ਨ ਜਾਨੈ ਹੋਰੁ ।।
ਉਹ ਅੱਖ ਝਪਕਣ ਜਿੰਨੇ ਸਮੇ ਵਿੱਚ ਸੰਸਾਰ ਦੀ ਉਤਪਤੀ ਜਾਂ ਵਿਨਾਸ਼ ਕਰਨ ਦੇ
ਸਮਰਥ ਹੈ। ਉਸ ਦੀ ਵਿਉਂਤ ਨੂੰ ਕੋਈ ਨਹੀਂ ਜਾਣ ਸਕਦਾ। ਕਿਸੇ ਨੂੰ ਨਹੀਂ ਪਤਾ ਕਿ ਉਸ ਦੇ ਮਨ ਵਿੱਚ
ਕੀ ਹੈ। ਕੇਵਲ ਉਸ ਨੂੰ ਹੀ ਪਤਾ ਹੈ ਕਿ ਉਸ ਦਾ ਨਿਸ਼ਾਨਾ ਕੀ ਹੈ ਅਤੇ ਉਸ ਨਿਸ਼ਾਨੇ ਨੂੰ ਉਸ ਨੇ
ਕਿਵੇਂ ਪ੍ਰਾਪਤ ਕਰਨਾ ਹੈ।
ਅਨਦ ਰੂਪ ਮੰਗਲ ਸਦ ਜਾ ਕੈ ।। ਸਰਬ ਥੋਕ ਸੁਨੀਅਹਿ
ਘਰਿ ਤਾ ਕੈ ।।
ਉਹ ਪ੍ਰਮੇਸ਼ਰ ਅਨੰਦ ਦੀ ਮੂਰਤ ਹੈ। ਉਸ ਦੇ ਘਰ ਸਦਾ ਖੁਸ਼ੀਆਂ ਹੀ ਖੁਸ਼ੀਆਂ
ਹਨ। ਉਸ ਕੋਲ਼ ਕਿਸੇ ਚੀਜ਼ ਦੀ ਘਾਟ ਨਹੀਂ। ਸਾਰੇ ਪਦਾਰਥ ਉਸ ਦੇ ਘਰ ਵਿੱਚ ਮੌਜੂਦ ਹਨ।
ਰਾਜ ਮਹਿ ਰਾਜੁ ਜੋਗ ਮਹਿ ਜੋਗੀ ।। ਤਪ ਮਹਿ
ਤਪੀਸਰੁ ਗ੍ਰਿਹਸਤ ਮਹਿ ਭੋਗੀ ।।
ਰਾਜਿਆਂ ਵਿੱਚ ਉਹ ਸਭ ਤੋਂ ਵੱਡਾ ਰਾਜਾ ਹੈ, ਜੋਗੀਆਂ ਵਿੱਚ ਸਭ ਤੋਂ
ਵੱਡਾ ਜੋਗੀ ਹੈ, ਤਪੱਸਵੀਆਂ ਵਿੱਚ ਸਭ ਤੋਂ ਵੱਡਾ ਤਪੱਸਵੀ ਹੈ ਅਤੇ ਗ੍ਰਿਹਸਥੀਆਂ ਅੰਦਰ ਸਭ ਤੋਂ
ਉੱਤਮ ਗ੍ਰਿਹਸਥੀ ਹੈ।
ਧਿਆਇ ਧਿਆਇ ਭਗਤਹ ਸੁਖੁ ਪਾਇਆ ।। ਨਾਨਕ ਤਿਸੁ ਪੁਰਖ ਕਾ ਕਿਨੈ ਅੰਤੁ ਨ ਪਾਇਆ ।। 2 ।।
ਉਸ ਸਰਬਸ਼ਕਤੀਮਾਨ ਪ੍ਰਭੂ ਨੂੰ ਧਿਆ ਧਿਆ ਕੇ, ਉਸ ਦਾ ਨਾਮ ਸਿਮਰ ਸਿਮਰ ਕੇ,
ਭਗਤਾਂ ਨੂੰ ਸੁਖ ਦੀ ਪ੍ਰਾਪਤੀ ਹੋਈ ਹੈ। ਕੋਈ ਜੀਵ ਅੱਜ ਤੱਕ ਉਸ ਦਾ ਅੰਤ ਨਹੀਂ ਪਾ ਸਕਿਆ, ਉਸ ਪਰਮ
ਸ਼ਕਤੀ ਨੂੰ ਪੂਰੀ ਤਰਾਂ ਜਾਣ ਨਹੀਂ ਸਕਿਆ।
ਜਾ ਕੀ ਲੀਲਾ ਕੀ ਮਿਤਿ ਨਾਹਿ ।।ਸਗਲ ਦੇਵ ਹਾਰੇ
ਅਵਗਾਹਿ ।।
ਉਸ ਪਰਮ ਸ਼ਕਤੀ ਦੇ ਰਚੇ ਇਸ ਜਗਤ ਤਮਾਸ਼ੇ ਦੀ ਕੋਈ ਸੀਮਾ ਨਹੀਂ। ਇਹ ਸਭ ਗਿਣਤੀਆਂ ਮਿਣਤੀਆਂ ਤੋਂ ਬਾਹਰ ਹੈ।
ਇਨਸਾਨ ਤਾਂ ਕੀ, ਦੇਵਤੇ ਵੀ ਇਸ ਖੇਲ੍ਹ ਨੂੰ ਸਮਝਣ ਦੀ ਕੋਸ਼ਿਸ਼ ਕਰ ਕਰ ਕੇ ਥੱਕ ਗਏ ਹਨ,
ਹਾਰ ਗਏ ਹਨ ਪਰ ਇਸ ਦਾ ਅੰਤ ਵਾਰਾ ਨਹੀਂ ਪਾ ਸਕੇ।
ਪਿਤਾ ਕਾ ਜਨਮੁ ਕਿ ਜਾਨੈ ਪੂਤੁ ।। ਸਗਲ ਪਰੋਈ
ਅਪੁਨੈ ਸੂਤਿ ।।
ਪੁੱਤਰ ਨੂੰ ਪਿਤਾ ਦੇ ਜਨਮ ਬਾਰੇ ਕੀ ਪਤਾ ਹੋ ਸਕਦਾ ਹੈ, ਉਹ ਤਾਂ ਉਸ
ਵੇਲ਼ੇ ਪੈਦਾ ਵੀ ਨਹੀਂ ਸੀ ਹੋਇਆ? ਪ੍ਰਮਾਤਮਾ ਸ੍ਰਿਸ਼ਟੀ ਦਾ ਪਿਤਾ ਹੈ। ਸਾਰੇ ਜੀਵ ਉਸ ਦੇ ਬੱਚੇ ਹਨ।
ਪ੍ਰਮਾਤਮਾ ਦੇ ਸਿਰਜੇ ਇਨ੍ਹਾਂ ਜੀਵਾਂ ਨੂੰ ਉਸ ਦੇ ਹੋਂਦ ਵਿੱਚ ਆਉਣ ਜਾਂ ਉਸ ਦੇ ਸ੍ਰਿਸ਼ਟੀ ਦੀ
ਸਿਰਜਣਾ ਕਰਨ ਬਾਰੇ ਕੋਈ ਜਾਣਕਾਰੀ ਨਹੀਂ ਹੋ ਸਕਦੀ
ਕਿਉਂਕਿ ਉਹ ਤਾਂ ਉਸ ਵੇਲ਼ੇ ਪੈਦਾ ਹੀ ਨਹੀਂ ਸਨ ਹੋਏ। ਸਾਰੀ ਸ੍ਰਿਸ਼ਟੀ ਨੂੰ ਸਿਰਜਣਹਾਰੇ ਪਿਤਾ ਨੇ
ਅਪਣੇ ਬਣਾਏ ਨਿਯਮਾਂ ਵਿੱਚ ਬੰਨ੍ਹਿਆਂ ਹੋਇਆ ਹੈ। ਉਸ ਦੇ ਹੁਕਮ ਤੋਂ ਬਾਹਰ ਇਸ ਸੰਸਾਰ ਵਿੱਚ ਕੁੱਝ
ਨਹੀਂ ਹੁੰਦਾ।
ਸੁਮਤਿ ਗਿਆਨੁ ਧਿਆਨੁ ਜਿਨ ਦੇਇ ।। ਜਨ ਦਾਸ ਨਾਮੁ
ਧਿਆਵਹਿ ਸੇਇ ।।
ਜਿਨ੍ਹਾਂ ਜੀਵਾਂ ਤੇ ਈਸ਼ਵਰ ਆਪ ਨੇਕ ਬੁੱਧ, ਗਿਆਨ ਦੇ ਪ੍ਰਕਾਸ਼ ਅਤੇ ਧਿਆਨ
ਲਗਾਉਣ ਦੀ ਸ਼ਕਤੀ ਦੀ ਬਖਸ਼ਿਸ਼ ਕਰਦਾ ਹੈ, ਉਹ ਹੀ ਉਸ ਦੇ ਸੇਵਕ ਬਣ ਕੇ ਸੰਸਾਰ ਵਿੱਚ ਵਿਚਰਦੇ ਹਨ ਅਤੇ
ਉਸ ਦਾ ਨਾਮ ਧਿਆਉਂਦੇ ਹਨ।
ਤਿਹੁ ਗੁਣ ਮਹਿ ਜਾ ਕਉ ਭਰਮਾਏ ।। ਜਨਮਿ ਮਰੈ ਫਿਰਿ ਆਵੈ ਜਾਏ ।।
ਜਿਨ੍ਹਾਂ ਤੇ ਇਹ ਬਖਸ਼ਿਸ਼ ਨਹੀਂ ਹੁੰਦੀ
ਉਨ੍ਹਾਂ ਨੂੰ ਉਹ ਤਿੰਨਾਂ ਗੁਣਾ - ਸਤੋ, ਰਜੋ ਅਤੇ ਤਮੋ – ਦੇ ਚੱਕਰ ਵਿੱਚ ਪਾ ਕੇ ਆਵਾ ਗਮਨ ਦੇ
ਗੇੜ ਵਿੱਚ ਪਾਈ ਰੱਖਦਾ ਹੈ ਅਤੇ ਉਹ ਵਾਰ ਵਾਰ ਜੰਮਦੇ ਅਤੇ ਮਰਦੇ ਰਹਿੰਦੇ ਹਨ।
ਊਚ ਨੀਚ ਤਿਸ ਕੇ ਅਸਥਾਨ ।। ਜੈਸਾ ਜਨਾਵੈ ਤੈਸਾ
ਨਾਨਕ ਜਾਨ ।। 3 ।।
ਸੰਸਾਰ ਵਿੱਚ ਕੋਈ ਅਪਣੇ ਗਿਆਨ ਦੇ ਬਲ ਤੇ ਵੱਡਾ ਬਣਿਆਂ ਬੈਠਾ ਹੈ ਅਤੇ
ਕੋਈ ਗਿਆਨ ਦੀ ਕਮੀ ਕਰਕੇ ਛੋਟਾ ਹੈ। ਇਹ ਉੱਚੇ ਅਤੇ ਨੀਂਵੇਂ ਸਥਾਨ ਉਸ ਪ੍ਰਮਾਤਮਾ ਦੇ ਹੀ ਬਣਾਏ
ਹੋਏ ਹਨ। ਜਿੰਨਾ ਗਿਆਨ ਅਤੇ ਸਮਝ ਉਹ ਕਿਸੇ ਨੂੰ ਦਿੰਦਾ ਹੈ, ਓਨਾ ਹੀ ਗਿਆਨ ਉਹ ਪ੍ਰਾਪਤ ਕਰ ਸਕਦਾ
ਹੈ। ਜਾਂ ਇਹ ਵੀ ਕਹਿ ਸਕਦੇ ਹਾਂ ਕਿ ਗੁਰੂ ਜੀ ਆਖ ਰਹੇ ਹਨ ਕਿ ਉਹ ਅਪਣੇ ਕੋਲ਼ੋਂ ਕੁੱਝ ਨਹੀਂ ਕਹਿ
ਰਹੇ। ਜੋ ਸਮਝ ਉਨ੍ਹਾਂ ਨੂੰ ਈਸ਼ਵਰ ਨੇ ਬਖਸ਼ੀ ਹੈ ਉਸ ਦੇ ਮੁਤਾਬਿਕ ਹੀ ਇਹ ਸਭ ਕੁੱਝ ਕਹਿ ਰਹੇ ਹਨ।
ਨਾਨਾ ਰੂਪ ਨਾਨਾ ਜਾ ਕੈ ਰੰਗ ।। ਨਾਨਾ ਭੇਖ ਕਰਹਿ
ਇਕ ਰੰਗ ।।
ਉਸ ਪ੍ਰਭੂ ਦੇ ਅਨੇਕਾਂ ਹੀ ਰੂਪ ਹਨ ਅਤੇ ਅਨੇਕਾਂ ਰੰਗ ਹਨ। ਉਹ ਤਰਾਂ
ਤਰਾਂ ਦੀਆਂ ਸ਼ਕਲਾਂ ਅਖਤਿਆਰ ਕਰ ਕੇ, ਕਦੇ ਸੁੰਦਰ ਬਣ ਕੇ ਅਤੇ ਕਦੇ ਕੋਝਾ ਬਣ ਕੇ, ਇਸ ਸੰਸਾਰ ਵਿੱਚ
ਅਪਣਾ ਪਰਗਾਸ ਕਰਦਾ ਹੈ। ਤਰਾਂ ਤਰਾਂ ਦੇ ਰੂਪਾਂ ਅਤੇ ਰੰਗਾਂ ਵਿੱਚ ਪ੍ਰਗਟ ਹੋਣ ਦੇ ਬਾਵਜੂਦ ਉਹ
ਇੱਕ ਹੀ ਰਹਿੰਦਾ ਹੈ। ਉਹ ਇੱਕ ਵੀ ਹੈ ਅਤੇ ਅਨੇਕ ਵੀ।
ਨਾਨਾ ਬਿਧਿ ਕੀਨੋ ਬਿਸਥਾਰੁ ।। ਪ੍ਰਭੁ ਅਬਿਨਾਸੀ
ਏਕੰਕਾਰੁ ।।
ਅਨੇਕਾਂ ਤਰੀਕਿਆਂ ਨਾਲ਼ ਉਹ ਇਸ ਸ੍ਰਿਸ਼ਟੀ ਵਿੱਚ ਅਪਣਾ ਫੈਲਾਓ ਕਰਦਾ ਹੈ,
ਨਵੇਂ ਨਵੇਂ ਅਤੇ ਭਾਂਤ ਭਾਂਤ ਦੇ ਜੀਵਾ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ। ਪਰ ਫਿਰ ਵੀ ਇੱਕ ਵਿਨਾਸ਼ ਰਹਿਤ ਪਰਮੇਸ਼ਰ ਹੀ
ਬਣਿਆਂ ਰਹਿੰਦਾ ਹੈ।
ਨਾਨਾ ਚਲਿਤ ਕਰੇ ਖਿਨ ਮਾਹਿ ।। ਪੂਰਿ ਰਹਿਓ
ਪੂਰਨੁ ਸਭ ਠਾਇ ।।
ਅੱਖ ਦੇ ਫੋਰ ਵਿੱਚ ਉਹ ਤਰਾਂ ਤਰਾਂ ਦੇ ਕੌਤਕ ਕਰ ਕੇ ਵਿਖਾ ਦਿੰਦਾ ਹੈ।
ਉਹ ਸਰਬ ਸਮਰਥ ਪੂਰਨ ਪ੍ਰਮਾਤਮਾ ਹਰ ਥਾਂ ਤੇ ਮੌਜੂਦ ਹੈ, ਸਰਬ ਵਿਆਪਕ ਹੈ। ਕੋਈ ਇਹੋ ਜਿਹੀ ਥਾਂ
ਨਹੀਂ ਜਿਥੇ ਉਹ ਵਿਦਯਮਾਨ ਨਾ ਹੋਵੇ।
ਨਾਨਾ ਬਿਧਿ ਕਰਿ ਬਨਤ ਬਨਾਈ ।। ਅਪਨੀ ਕੀਮਤਿ ਆਪੇ
ਪਾਈ ।।
ਅਨੇਕਾਂ ਤਰੀਕਿਆਂ ਨਾਲ਼ ਉਸ ਨੇ ਇਸ ਸੰਸਾਰ ਨੂੰ ਸਾਜਿਆ ਹੈ। ਵੱਖ ਵੱਖ
ਜੀਵਾਂ ਦਾ ਉਤਪਤੀ ਦਾ ਤਰੀਕਾ, ਖਾਣ ਪੀਣ ਅਤੇ ਸੁਭਾਅ ਵੱਖ ਵੱਖ ਬਣਾਇਆ ਹੈ। ਪਰ ਉਹ ਅਪਣੀ ਕੀਮਤ ਆਪ
ਹੀ ਪਾ ਸਕਦਾ ਹੈ। ਅਸੀਂ ਉਸ ਦੀ ਖੇਡ੍ਹ ਨੂੰ ਨਹੀਂ ਸਮਝ ਸਕਦੇ। ਉਸ ਨੇ ਕੀ ਕਿਉਂ ਕੀਤਾ, ਇਹ ਉਹ ਆਪ
ਹੀ ਜਾਣਦਾ ਹੈ। ਜੋ ਉਸ ਨੇ ਕੀਤਾ ਹੈ ਉਸ ਦਾ ਮਹੱਤਵ ਕੀ ਹੈ, ਇਹ ਉਹ ਹੀ ਜਾਣਦਾ ਹੈ।
ਸਭ ਘਟ ਤਿਸ ਕੇ ਸਭ ਤਿਸ ਕੇ ਠਾਉ ।। ਜਪਿ ਜਪਿ
ਜੀਵੈ ਨਾਨਕ ਹਰਿ ਨਾਉ ।। 4 ।।
ਸੰਸਾਰ ਦੇ ਸਾਰੇ ਜੀਵ ਉਸ ਦੇ ਹੀ ਬੱਚੇ ਹਨ ਅਤੇ ਉਹ ਸਭ ਨੂੰ ਇੱਕੋ ਜਿਹਾ
ਪਿਆਰ ਕਰਦਾ ਹੈ। ਸਭ ਸਥਾਨ ਉਸ ਦੇ ਹਨ। ਉਹ ਹਰ ਥਾਂ ਤੇ ਹਾਜ਼ਰ ਹਜ਼ੂਰ ਹੈ। ਸ੍ਰਿਸ਼ਟੀ ਦਾ ਕੋਈ ਕੋਨਾ
ਨਹੀਂ ਜਿਸ ਉੱਤੇ ਕਿਸੇ ਹੋਰ ਸ਼ਕਤੀ ਦਾ ਹੁਕਮ ਚੱਲਦਾ ਹੋਵੇ। ਗੁਰੂ ਜੀ ਕਹਿੰਦੇ ਹਨ ਕਿ ਉਹ ਤਾਂ ਉਸ
ਸਰਬ ਸਮਰਥ ਹਰੀ ਦਾ ਨਾਮ ਜੱਪ ਜੱਪ ਕੇ ਜਿਉਂਦੇ ਹਨ, ਸਦਾ ਉਸ ਦਾ ਸਹਾਰਾ ਤੱਕਦੇ ਹਨ।
ਨਾਮ ਕੇ ਧਾਰੇ ਸਗਲੇ ਜੰਤ ।। ਨਾਮ ਕੇ ਧਾਰੇ ਖੰਡ
ਬ੍ਰਹਮੰਡ ।।
ਸੰਸਾਰ ਦੇ ਸਾਰੇ ਜੀਵ ਜੰਤ ਉਸ ਪ੍ਰਮਾਤਮਾ ਦੇ ਨਾਮ ਦੇ ਸਹਾਰੇ ਹੀ ਜਿਉਂਦੇ
ਹਨ। ਸੰਸਾਰ ਦੇ ਅਨੰਕਾਂ ਹੀ ਖੰਡ ਹਨ। ਇਸ ਵਿੱਚ ਅਣਗਿਣਤ ਬ੍ਰਹਮੰਡ ਹਨ। ਪਰ ਉਨ੍ਹਾਂ ਸਭ ਦੀ ਹੋਂਦ
ਦਾ ਸਹਾਰਾ ਉਸ ਇੱਕ ਪਰਮੇਸ਼ਰ ਦਾ ਨਾਮ ਹੀ ਹੈ।
ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ ।। ਨਾਮ ਕੇ
ਧਾਰੇ ਸੁਨਨ ਗਿਆਨ ਧਿਆਨ ।।
ਵੇਦਾਂ, ਪੁਰਾਨਾਂ ਅਤੇ ਸਿਮ੍ਰਿਤੀਆਂ ਦੀ ਹੋਂਦ ਦਾ ਆਧਾਰ ਵੀ ਹਰੀ ਦਾ ਨਾਮ
ਹੀ ਹੈ। ਉਹ ਸਾਰੇ ਉਸੇ ਦੇ ਗੁਣਾਂ ਦੀ ਗੱਲ ਕਰਦੇ ਹਨ। ਕੰਨਾਂ ਨਾਲ਼ ਉਸ ਦੀ ਸਿਫਤ ਸੁਣਨਾ, ਸੁਣ ਕੇ
ਜਾਂ ਪੜ੍ਹ ਕੇ ਗਿਆਨ ਪ੍ਰਾਪਤ ਕਰਨਾ ਅਤੇ ਉਸ ਪ੍ਰਭੂ ਨਾਲ ਮਿਲਾਪ ਦੀ ਤਾਂਘ ਲੈ ਕੇ ਉਸ ਦਾ ਧਿਆਨ
ਧਰਨਾ, ਸਭ ਉਸ ਦੇ ਸਹਾਰੇ ਨਾਲ਼ ਹੀ ਹੁੰਦਾ ਹੈ, ਉਸ ਦਾ ਕਰਵਾਇਆ ਹੀ ਹੁੰਦਾ ਹੈ।
ਨਾਮ ਕੇ ਧਾਰੇ ਆਗਾਸ ਪਾਤਾਲ ।। ਨਾਮ ਕੇ ਧਾਰੇ
ਸਗਲ ਆਕਾਰ ।।
ਆਕਾਸ਼ ਅਤੇ ਪਤਾਲ਼ ਵੀ ਹਰੀ ਨਾਮ ਦੇ ਸਹਾਰੇ ਹੀ
ਅਪਣੀ ਅਪਣੀ ਥਾਂ ਤੇ ਟਿਕੇ ਹੋਏ ਹਨ। ਉਨ੍ਹਾਂ ਵਿੱਚ ਪਾਏ ਜਾਣ ਵਾਲ਼ੇ ਸਾਰੇ ਜੀਵਾਂ ਦੀ ਹੋਂਦ ਵੀ
ਹਰੀ ਦੇ ਨਾਮ ਦੇ ਸਹਾਰੇ ਹੀ ਕਾਇਮ ਹੈ।
ਨਾਮ ਕੇ ਧਾਰੇ ਪੁਰੀਆ ਸਭ ਭਵਨ ।। ਨਾਮ ਕੈ ਸੰਗਿ
ਉਧਰੇ ਸੁਨਿ ਸ੍ਰਵਨ ।।
ਸਾਰੀਆਂ ਪੁਰੀਆਂ (ਨਗਰੀਆਂ, ਦੇਵਪੁਰੀ, ਪਤਾਲ਼ਪੁਰੀ ਆਦਿ) ਅਤੇ ਸਾਰੇ ਭਵਨ
ਵੀ ਉਸ ਹਰੀ ਦੇ ਸਹਾਰੇ ਹੀ ਕਾਇਮ ਹਨ। ਕੰਨਾਂ ਦੇ ਨਾਲ਼ ਹਰੀ ਦਾ ਨਾਮ ਸੁਣ ਸੁਣ ਕੇ ਅਤੇ ਨਾਮ ਜੱਪਣ
ਵਾਲ਼ਿਆਂ ਦੀ ਸੰਗਤ ਕਰ ਕੇ ਅਨੇਕਾਂ ਹੀ ਲੋਕ ਤਰ ਗਏ ਹਨ।
ਕਰਿ ਕਿਰਪਾ ਜਿਸੁ ਆਪਨੈ ਨਾਮਿ ਲਾਏ ।।ਨਾਨਕ ਚਉਥੇ
ਪਦ ਮਹਿ ਸੋ ਜਨੁ ਗਤਿ ਪਾਏ ।। 5 ।।
ਗੁਰੂ ਜੀ ਦਾ ਕਥਨ ਹੈ ਕਿ ਅਪਣੀ ਮਿਹਰ ਕਰ ਕੇ ਪ੍ਰਮਾਤਮਾ ਜਿਸ ਜੀਵ ਨੂੰ
ਅਪਣੇ ਨਾਮ ਨਾਲ਼ ਜੋੜ ਲੈਂਦਾ ਹੈ ਉਹ ਲੋਕ ਪਦਾਰਥਕ ਮੋਹ ਤੋਂ ਉੱਪਰ ਉੱਠ ਕੇ, ਚੌਥੇ ਪਦ ਵਿੱਚ ਪਹੁੰਚ
ਕੇ, ਮੁਕਤੀ ਪ੍ਰਾਪਤ ਕਰ ਲੈਂਦੇ ਹਨ।
ਰੂਪੁ ਸਤਿ ਜਾ ਕਾ ਸਤਿ ਅਸਥਾਨੁ ।। ਪੁਰਖੁ ਸਤਿ
ਕੇਵਲ ਪਰਧਾਨੁ ।।
ਪ੍ਰਮਾਤਮਾ ਦੀ ਰਚਨਾ ਜਿਸ ਰਾਹੀਂ ਉਹ ਅਪਣੇ ਆਪ ਨੂੰ ਸਾਕਾਰ ਕਰਦਾ ਹੈ
ਅਤੇ ਉਹ ਸੰਸਾਰ ਜਿਹੜਾ ਉਸ ਦਾ ਟਿਕਾਣਾ ਹੈ, ਦੋਵੇਂ ਹੀ ਸਤਿ ਹਨ, ਅਡੋਲ ਅਤੇ ਕਦੇ ਨਾ ਬਦਲਣ ਵਾਲ਼ੇ
ਹਨ, ਸਦਾ ਸਥਿਰ ਹਨ। ਸੱਚ ਰੂਪ (ਸਦਾ ਸਥਿਰ ਰਹਿਣ ਵਾਲ਼ਾ) ਪ੍ਰਮਾਤਮਾ ਹੀ ਬ੍ਰਹਮੰਡ ਦਾ ਮੁੱਖ ਤੱਤ
ਹੈ ਕਿਉਂਕਿ ਉਹ ਆਪ ਹੀ ਕਰਤਾ ਹੈ ਅਤੇ ਆਪ ਹੀ ਕਾਰਣ, ਕਿਉਂਕਿ ਉਸ ਨੇ ਅਪਣੇ ਆਪ ਤੋਂ ਹੀ ਸ੍ਰਿਸ਼ਟੀ
ਦੀ ਰਚਨਾ ਕੀਤੀ ਹੈ।
ਕਰਤੂਤਿ ਸਤਿ ਸਤਿ ਜਾ ਕੀ ਬਾਣੀ ।। ਸਤਿ ਪੁਰਖ ਸਭ
ਮਾਹਿ ਸਮਾਣੀ ।।
ਜੋ ਕੁੱਝ ਉਹ ਕਰਦਾ ਹੈ, ਉਹ ਵੀ ਸੱਚ ਹੈ, ਸਦਾ ਸਥਾਈ ਹੈ ਅਤੇ ਜੋ ਬੋਲਦਾ
ਹੈ, ਉਹ ਵੀ ਸੱਚ ਹੈ, ਮਿਥਿਆ ਨਹੀਂ। ਉਹ ਸੱਚੀ ਰੂਹ (ਪਾਰਬ੍ਰਹਮ) ਸਾਰੀ ਸ੍ਰਿਸ਼ਟੀ ਦੇ ਅੰਦਰ ਵਸੀ
ਹੋਈ ਹੈ, ਹਰ ਵਸਤ ਦੇ ਅੰਦਰ ਮੌਜੂਦ ਹੈ, ਕੇਵਲ ਕੁੱਝ ਜੀਵਾਂ ਵਿੱਚ ਨਹੀਂ।
ਸਤਿ ਕਰਮੁ ਜਾ ਕੀ ਰਚਨਾ ਸਤਿ ।। ਮੂਲੁ ਸਤਿ ਸਤਿ
ਉਤਪਤਿ ।।
ਜੋ ਕੁੱਝ ਉਹ ਕਰਦਾ ਹੈ, ਉਹ ਸਭ ਸੱਚ ਹੈ ਅਤੇ ਜੋ ਉਸ ਨੇ ਸਿਰਜਿਆ ਹੈ,
ਉਹ ਵੀ ਸੱਚ ਹੈ, ਕੁੱਝ ਵੀ ਮਿਥਿਆ ਨਹੀਂ, ਝੂਠ ਨਹੀਂ। ਜਦੋਂ ਪ੍ਰਮਾਤਮਾ, ਸ੍ਰਿਸ਼ਟੀ ਦਾ ਮੂਲ, ਉਹ
ਸੋਮਾ ਜਿਸ ਤੋਂ ਸ੍ਰਿਸ਼ਟੀ ਪੈਦਾ ਹੋਈ ਹੈ, ਸੱਚ ਹੈ ਤਾਂ ਇਹ ਸ੍ਰਿਸ਼ਟੀ, ਜੋ ਉਸ ਤੋਂ ਪੈਦਾ ਹੋਈ ਹੈ,
ਮਿਥਿਆ ਕਿਵੇਂ ਹੋ ਸਕਦੀ ਹੈ। ਪਾਰਬ੍ਰਹਮ ਆਪ ਵੀ ਸੱਚ ਹੈ ਅਤੇ ਉਸ ਤੋਂ ਪੈਦਾ ਹੋਈ ਸ੍ਰਿਸ਼ਟੀ ਵੀ
ਸੱਚ ਹੈ।
ਸਤਿ ਕਰਣੀ ਨਿਰਮਲ ਨਿਰਮਲੀ ।। ਜਿਸਹਿ ਬੁਝਾਏ
ਤਿਸਹਿ ਸਭ ਭਲੀ ।।
ਸੱਚੇ ਪ੍ਰਮਾਤਮਾ ਦੀ ਬਣਾਈ ਇਹ ਸ੍ਰਿਸ਼ਟੀ ਨਿਰਮਲ ਤੋਂ ਵੀ ਨਿਰਮਲ,
ਪਵਿੱਤਰ ਤੋਂ ਵੀ ਪਵਿੱਤਰ ਹੈ। ਪਰ ਇਹ ਗੱਲ ਉਸ ਇਨਸਾਨ ਨੂੰ ਹੀ ਸਮਝ ਆਉਂਦੀ ਹੈ ਜਿਸ ਨੂੰ ਉਹ ਹਰੀ ਆਪ
ਸਮਝਣ ਦੀ ਸਮਰਥਾ ਦਿੰਦਾ ਹੈ।
ਸਤਿਨਾਮੁ ਪ੍ਰਭ ਕਾ ਸੁਖਦਾਈ ।। ਬਿਸ੍ਵਾਸੁ ਸਤਿ
ਨਾਨਕ ਗੁਰ ਤੇ ਪਾਈ ।। 6 ।।
ਉਸ ਪ੍ਰਭੂ ਦਾ ਸਦਾ ਰਹਿਣ ਵਾਲ਼ਾ ਨਾਮ ਸੁਖ ਦੇਣ ਵਾਲ਼ਾ ਹੈ, ਸੁਖਾਂ ਦਾ
ਖ਼ਜ਼ਾਨਾ ਹੈ। ਪਰ ਉਸ ਦੇ ਸੱਚੇ (ਸਦਾ ਸਥਿਰ ਰਹਿਣ ਵਾਲ਼ੇ) ਨਾਮ ਤੇ ਵਿਸ਼ਵਾਸ਼ ਕਰਨ ਦੀ ਸਮਝ ਗੁਰੂ ਦੀ
ਸਿੱਖਿਆ ਨਾਲ਼ ਪ੍ਰਾਪਤ ਹੁੰਦੀ ਹੈ।
ਸਤਿ ਬਚਨ ਸਾਧੂ ਉਪਦੇਸ ।। ਸਤਿ ਤੇ ਜਨ ਜਾ
ਕੇ ਰਿਦੈ ਪ੍ਰਵੇਸ ।।
ਇੱਕ ਸੱਚਾ ਸਾਧੂ ਜੋ ਕਹਿੰਦਾ ਹੈ, ਜੋ
ਸਿੱਖਿਆ ਦਿੰਦਾ ਹੈ, ਉਹ ਸਦਾ ਠੀਕ ਹੁੰਦੀ ਹੈ। ਸਾਧੂ ਦੇ ਮੁਖ ਤੋਂ ਨਿਕਲ਼ੇ ਹੋਏ ਬਚਨ ਸਦਾ ਸੱਚ
ਹੁੰਦੇ ਹਨ। ਜਿਸ ਵਿਅਕਤੀ ਦੇ ਦਿਲ ਵਿੱਚ ਉਹ ਬਚਨ ਵਸ ਜਾਣ, ਉਹ ਵਿਅਕਤੀ ਵੀ ਮਹਾਨ ਹੁੰਦਾ ਹੈ, ਉਹ
ਵੀ ਸਤਿ ਸਰੂਪ ਬਣ ਜਾਂਦਾ ਹੈ।
ਸਤਿ ਨਿਰਤਿ ਬੂਝੈ ਜੇ ਕੋਇ ।। ਨਾਮੁ ਜਪਤ ਤਾ
ਕੀ ਗਤਿ ਹੋਇ ।।
ਜੇ ਕੋਈ ਪਿਆਰ ਨਾਲ਼ ਸਭ ਕੁੱਝ ਵਾਚ ਕੇ ਸਤਿ ਅਤੇ ਅਸਤਿ ਦਾ ਫਰਕ ਪਛਾਣ
ਲਵੇ, ਅਪਣੀ ਵਿਵੇਕ ਬੁਧੀ ਨੂੰ ਵਰਤ ਕੇ ਸਤਿ ਨੂੰ ਅਸਤਿ ਨਾਲ਼ੋਂ ਨਿਖੇੜਨ ਦੀ ਸਮਰਥਾ ਪ੍ਰਾਪਤ ਕਰ
ਲਵੇ ਤਾਂ ਉਹ ਨਾਮ ਸਿਮਰਨ ਨਾਲ਼ ਜੁੜ ਜਾਂਦਾ ਹੈ ਅਤੇ ਮੁਕਤੀ ਪ੍ਰਾਪਤ ਕਰ ਲੈਂਦਾ ਹੈ।
ਆਪਿ ਸਤਿ ਕੀਆ ਸਭੁ ਸਤਿ ।। ਆਪੇ ਜਾਨੈ ਅਪਨੀ
ਮਿਤਿ ਗਤਿ ।।
ਉਹ ਪ੍ਰਭੂ ਆਪ ਸਤਿ ਹੈ ਅਤੇ ਉਸ ਨੇ ਜੋ ਰਚਨਾ ਕੀਤੀ ਹੈ ਉਹ ਵੀ ਸਤਿ ਹੈ।
ਜਿਵੇਂ ਜਪੁਜੀ ਸਾਹਿਬ ਵਿੱਚ ਦਰਜ ਹੈ – ਨਾਨਕ ਸਚੇ ਕੀ ਸਾਚੀ ਕਾਰ, ਪ੍ਰਮਾਤਮਾ ਦਾ ਸਿਰਜਿਆ ਇਹ
ਸੰਸਾਰ ਮਿਥਿਆ ਨਹੀਂ, ਸੱਚ ਹੈ। ਅਪਣੀ ਵਿਉਂਤਬੰਦੀ ਨੂੰ ਉਹ ਆਪ ਹੀ ਸਮਝ ਸਕਦਾ ਹੈ। ਕਈ ਵਾਰ ਕੀ
ਅਤੇ ਕਿਉਂ ਦੇ ਚੱਕਰਾਂ ਵਿੱਚ ਪੈ ਕੇ ਅਸੀਂ ਉਲ਼ਝ ਜਾਂਦੇ ਹਾਂ ਅਤੇ ਕਿੰਤੂ ਪ੍ਰੰਤੂ ਕਰਨ ਲੱਗ ਪੈਂਦੇ ਹਾਂ, ਨੁਕਸ ਕੱਢਣ ਲੱਗ
ਪੈਂਦੇ ਹਾਂ। ਕੇਵਲ ਪ੍ਰਮਾਤਮਾ ਹੀ ਜਾਣਦਾ ਹੈ ਕਿ ਜੋ ਰਚਨਾ ਉਸ ਨੇ ਰਚੀ ਹੈ ਉਸ ਦੇ ਪਿੱਛੇ ਉਸ ਦਾ
ਕੀ ਉਦੇਸ਼ ਹੈ। ਉਸ ਦੀ ਬਣਾਈ ਹਰ ਚੀਜ਼ ਪਿੱਛੇ ਕੋਈ ਮੰਤਵ ਹੈ ਜੋ ਸਾਡੀ ਸਮਝ ਵਿੱਚ ਨਹੀਂ ਆ ਸਕਦਾ।
ਜਿਸ ਕੀ ਸ੍ਰਿਸਟਿ ਸੁ ਕਰਣੈਹਾਰੁ ।। ਅਵਰ ਨ ਬੂਝਿ
ਕਰਤ ਬੀਚਾਰੁ ।।
ਜੋ ਇਸ ਸ੍ਰਿਸ਼ਟੀ ਦਾ ਮਾਲਕ ਹੈ, ਉਹ ਹੀ ਇਸ ਦਾ ਸਿਰਜਣਹਾਰ ਹੈ। ਉਹ ਇਸ
ਦੀ ਰਚਨਾ ਅਪਣੀ ਵਿਉਂਤ ਦੇ ਅਨੁਸਾਰ ਕਰਦਾ ਹੈ। ਉਸ ਨੂੰ ਕਿਸੇ ਦੀ ਸਲਾਹ ਲੈਣ ਦੀ ਲੋੜ ਨਹੀਂ। ਅਤੇ
ਨਾ ਹੀ ਕੋਈ ਹੋਰ ਉਸ ਦੀ ਵਿਉਂਤ ਨੂੰ ਸਮਝ ਸਕਦਾ
ਹੈ ਭਾਵੇਂ ਜਿੰਨੀ ਮਰਜ਼ੀ ਮਗਜ਼ ਖਪਾਈ ਕਰ ਲਵੇ।
ਕਰਤੇ ਕੀ
ਮਿਤਿ ਨ ਜਾਨੈ ਕੀਆ ।। ਨਾਨਕ ਜੋ ਤਿਸੁ ਭਾਵੈ ਸੋ ਵਰਤੀਆ ।। 7 ।।
ਸਿਰਜਣਹਾਰੇ ਦੀ ਵਿਉਂਤ ਨੂੰ ਉਸ ਦੇ ਸਿਰਜੇ ਹੋਏ ਜੀਵ ਨਹੀਂ ਸਮਝ ਸਕਦੇ।
ਗੁਰੂ ਜੀ ਦਾ ਕਥਨ ਹੈ ਕਿ ਉਸ ਦੀ ਯੋਜਨਾਬੰਦੀ ਮੁਤਾਬਿਕ ਜੋ ਉਸ ਨੂੰ ਠੀਕ ਲੱਗਦਾ ਹੈ, ਉਹ ਉਹ ਹੀ
ਕਰਦਾ ਹੈ। ਉਸ ਨੂੰ ਜੋ ਚੰਗਾ ਲੱਗਦਾ ਹੈ, ਉਹ ਹੀ ਇਸ ਸੰਸਾਰ ਵਿੱਚ ਹੁੰਦਾ ਹੈ।
ਬਿਸਮਨ ਬਿਸਮ ਭਏ ਬਿਸਮਾਦ ।। ਜਿਨਿ ਬੂਝਿਆ ਤਿਸੁ ਆਇਆ ਸ੍ਵਾਦ ।।
ਉਹ ਕਰਤਾ ਪੁਰਖ ਅਸਚਰਜ ਹੈ ਅਤੇ ਉਸ ਦੀ ਇਹ ਰਚਨਾ ਵੀ ਅਸਚਰਜਮਈ ਹੈ। ਇਸ
ਨੂੰ ਦੇਖ ਕੇ ਅਸੀਂ ਹੈਰਾਨ ਪ੍ਰੇਸ਼ਾਨ ਰਹਿ ਜਾਂਦੇ ਹਾਂ । ਪ੍ਰੰਤੂ ਜਿਨ੍ਹਾਂ ਜੀਵਾਂ ਨੇ ਗੁਰੂ ਦੀ
ਸਿੱਖਿਆ ਤੇ ਅਮਲ ਕਰ ਕੇ ਹਰੀ ਨਾਮ ਨੂੰ ਸਿਮਰ
ਸਿਮਰ ਕੇ ਇਸ ਅਸਚਰਜਤਾ ਦਾ ਰਹੱਸ ਸਮਝ ਲਿਆ, ਉਹ ਇਸ ਅਸਚਰਜਤਾ ਦੇ ਰਸ ਵਿੱਚ ਐਨੇ ਗੜੂੰਦ
ਹੋ ਗਏ, ਉਨ੍ਹਾਂ ਨੂੰ ਏਨਾ ਸੁਆਦ ਆਇਆ ਕਿ ਇਸ ਨੂੰ ਮਾਣਦੇ ਮਾਣਦੇ ਉਹ ਉਸ ਅਸਚਰਜ ਦੇ ਵਿੱਚ ਹੀ
ਅਭੇਦ ਹੋ ਗਏ।
ਪ੍ਰਭ ਕੈ ਰੰਗਿ ਰਾਚਿ ਜਨ ਰਹੇ ।। ਗੁਰ ਕੈ ਬਚਨਿ
ਪਦਾਰਥ ਲਹੇ ।।
ਇਸ ਤਰਾਂ ਦੇ ਇਨਸਾਨ ਸਦਾ ਈਸ਼ਵਰ ਦੇ ਪਿਆਰ ਦੇ ਰੰਗ ਵਿੱਚ ਰੰਗੇ ਰਹਿੰਦੇ
ਹਨ। ਉਨ੍ਹਾਂ ਨੂੰ ਇਹ ਸਮਰਥਾ ਅਤੇ ਸਮਝ ਨਾਮੀ ਪਦਾਰਥ ਗੁਰੂ
ਦੀ ਸਿੱਖਿਆ ਤੋਂ ਹੀ ਪ੍ਰਾਪਤ ਹੁੰਦੇ ਹਨ। ਉਹ ਗੁਰੂ ਦੀ ਸਿੱਖਿਆ ਨੂੰ ਸੁਣਦੇ ਹਨ ਅਤੇ ਉਸ ਤੇ ਅਮਲ
ਕਰਦੇ ਹਨ ਜਿਸ ਦੇ ਸਿੱਟੇ ਵਜੋਂ ਉਨ੍ਹਾਂ ਨੂੰ ਇਹ ਸਾਰੇ ਪਦਾਰਥ ਮਿਲ ਜਾਂਦੇ ਹਨ।
ਓਇ ਦਾਤੇ ਦੁੱਖ ਕਾਟਨਹਾਰ ।। ਜਾ ਕੈ ਸੰਗਿ ਤਰੈ
ਸੰਸਾਰ ।।
ਇਹੋ ਜਿਹੇ ਮਹਾਂ ਪੁਰਖ ਉਹ ਦਾਤੇ ਹੁੰਦੇ ਹਨ ਜਿਹੜੇ ਅਪਣੇ ਗੁਰੂ ਦੀ
ਦਿੱਤੀ ਦਾਤ ਨੂੰ ਲੋਕਾਂ ਵਿੱਚ ਵੰਡ ਕੇ ਉਨ੍ਹਾਂ ਦਾ ਕਲਿਆਣ ਕਰਦੇ ਹਨ। ਉਹ ਸੰਸਾਰ ਦੇ ਦੁੱਖ ਦੂਰ
ਕਰਨ ਦੇ ਸਮਰਥ ਹੁੰਦੇ ਹਨ। ਉਨ੍ਹਾਂ ਦੀ ਸੰਗਤ ਕਰ ਕੇ ਸੰਸਾਰ ਦੇ ਲੋਕ ਤਰ ਜਾਂਦੇ ਹਨ। ਉਨ੍ਹਾਂ ਦੀ
ਸੰਗਤ ਲੋਕਾਂ ਨੂੰ ਤਾਰਨ ਦੇ ਲਈ ਕਿਸ਼ਤੀ ਦਾ ਕੰਮ ਕਰਦੇ ਹਨ। ਜੋ ਸਮਝ ਉਨ੍ਹਾਂ ਨੇ ਗੁਰੂ ਤੋਂ
ਪ੍ਰਾਪਤ ਕੀਤੀ ਹੈ, ਉਹ ਦੂਜਿਆਂ ਨੂੰ ਵੰਡਦੇ ਹਨ।
ਜਨ ਕਾ ਸੇਵਕੁ ਸੋ ਵਡਭਾਗੀ ।। ਜਨ ਕੈ ਸੰਗਿ ਏਕ
ਲਿਵ ਲਾਗੀ ।।
ਅਜਿਹੇ ਮਹਾਂ ਪੁਰਖਾਂ ਦੀ ਸੰਗਤ ਕਰਨ ਵਾਲ਼ੇ ਉਨ੍ਹਾਂ ਦੇ ਸੇਵਕ ਵੱਡੇ
ਭਾਗਾਂ ਵਾਲ਼ੇ ਹੁੰਦੇ ਹਨ। ਉਨ੍ਹਾਂ ਦੀ ਸੰਗਤ ਕਰ ਕੇ ਇਨ੍ਹਾਂ ਸੇਵਕਾਂ ਦੀ ਲਿਵ ਇੱਕ ਪ੍ਰਮਾਤਮਾ ਨਾਲ਼
ਜੁੜ ਜਾਂਦੀ ਹੈ, ਉਹ ਸਿਮਰਨ ਕਰਨ ਲੱਗ ਪੈਂਦੇ ਹਨ।
ਗੁਨ ਗੋਬਿਦ ਕੀਰਤਨੁ ਜਨੁ ਗਾਵੈ ।। ਗੁਰਪ੍ਰਸਾਦਿ
ਨਾਨਕ ਫਲੁ ਪਾਵੈ ।। 8 ।। 16 ।।
ਗੁਰੂ ਜੀ ਦ੍ਰਿੜ੍ਹ ਕਰਵਾਉਂਦੇ ਹਨ ਕਿ
ਜਿਹੜਾ ਜੀਵ ਇਸ ਧਰਤੀ ਦੇ ਪਾਲਕ ਪ੍ਰਭੂ ਦਾ ਜਸ ਗਾਉਂਦਾ ਹੈ, ਗੁਰੂ ਦੀ ਕਿਰਪਾ ਨਾਲ਼ ਉਸ ਨੂੰ ਉਸ ਦੀ
ਸੇਵਾ ਦਾ ਫਲ਼ ਜ਼ਰੂਰ ਮਿਲਦਾ ਹੈ। ਉਸ ਨੂੰ ਵਾਹਿਗੁਰੂ ਦੀ ਪ੍ਰਾਪਤੀ ਜ਼ਰੂਰ ਹੁੰਦੀ ਹੈ।
ਸਲੋਕ ।।
ਆਦਿ ਸਚੁ ਜੁਗਾਦਿ ਸਚੁ।।
ਹੈ ਭਿ ਸਚੁ ਨਾਨਕ ਹੋਸੀ ਭਿ ਸਚੁ ।।
ਉਸ ਸਦਾ ਸਥਿਰ ਰਹਿਣ ਵਾਲ਼ੇ ਅਕਾਲ ਪੁਰਖ ਦੀ ਹੋਂਦ ਸ੍ਰਿਸ਼ਟੀ ਦੇ ਹੋਂਦ
ਵਿੱਚ ਆਉਣ ਤੋਂ ਪਹਿਲਾਂ ਵੀ ਸੀ, ਸ਼੍ਰਿਸ਼ਟੀ ਦੀ ਸਿਰਜਣਾ ਹੋਣ ਤੇ ਯੁਗਾਂ ਦੇ ਆਰੰਭ ਹੋਣ ਵੇਲ਼ੇ ਵੀ
ਸੀ, ਅੱਜ ਵੀ ਹੈ ਅਤੇ ਆਉਣ ਵਾਲ਼ੇ ਸਮੇ ਵਿੱਚ ਵੀ ਹਮੇਸ਼ਾ ਬਣੀ ਰਹੇਗੀ।
ਅਸਟਪਦੀ ।।
ਚਰਨ ਸਤਿ ਸਤਿ ਪਰਸਨਹਾਰ ।। ਪੂਜਾ ਸਤਿ ਸਤਿ ਸੇਵਦਾਰ ।।
ਉਸ ਸਦਾ ਸਥਿਰ ਰਹਿਣ ਵਾਲ਼ੇ ਪ੍ਰਭੂ ਦੇ ਚਰਨ ਉੱਤਮ ਹਨ, ਮਹਾਨ ਹਨ ਅਤੇ
ਉਨ੍ਹਾਂ ਚਰਨਾ ਨੂੰ ਪਰਸਣ ਵਾਲ਼ੇ (ਛੂਹਣ ਵਾਲ਼ੇ) ਜੀਵ ਵੀ ਧੰਨ ਹਨ, ਉੱਤਮ ਹਨ। ਉਸ ਪ੍ਰਭੂ ਦੀ ਪੂਜਾ
ਉੱਤਮ ਹੈ ਅਤੇ ਉਸ ਦੀ ਸੇਵਾ ਕਰਨ ਵਾਲ਼ੇ ਸੇਵਕ ਵੀ ਧੰਨ ਹਨ।
ਦਰਸਨ ਸਤਿ ਸਤਿ ਪੇਖਨਹਾਰ ।। ਨਾਮੁ ਸਤਿ ਸਤਿ
ਧਿਆਵਨਹਾਰ ।।
ਉਸ ਪ੍ਰਭੂ ਦੇ ਦਰਸ਼ਨ ਕਰਨਾ ਵੀ ਉੱਤਮ ਕਾਰਜ ਹੈ ਅਤੇ ਦਰਸ਼ਨ ਕਰਨ ਵਾਲ਼ੇ
ਜੀਵ ਵੀ ਧੰਨ ਹਨ। ਉਸ ਈਸ਼ਵਰ ਦਾ ਨਾਮ ਉੱਤਮ ਹੈ, ਮਹਾਨ ਹੈ ਅਤੇ ਉਸ ਨੂੰ ਧਿਆਉਣ ਵਾਲ਼ੇ, ਉਸ ਦਾ
ਸਿਮਰਨ ਕਰਨ ਵਾਲ਼ੇ ਵੀ ਧੰਨ ਹਨ।
ਆਪਿ ਸਤਿ ਸਤਿ ਸਭ ਧਾਰੀ ।। ਆਪੇ ਗੁਣ ਆਪੇ
ਗੁਣਕਾਰੀ ।।
ਪ੍ਰਭੂ ਆਪ ਧੰਨ ਹੈ ਅਤੇ ਉਹ ਸ੍ਰਿਸ਼ਟੀ ਵੀ ਧੰਨ ਹੈ ਜਿਹੜੀ ਉਸ ਨੇ ਸਿਰਜੀ
ਹੈ ਅਤੇ ਉਸ ਦੇ ਸਹਾਰੇ ਕਾਇਮ ਹੈ। ਸਦਾ ਸਥਿਰ ਰਹਿਣਾ ਉਸ ਪ੍ਰਭੂ ਦਾ ਗੁਣ ਹੈ ਅਤੇ ਅਪਣਾ ਇਹ ਗੁਣ
ਉਹ ਅਪਣੀ ਸਿਰਜੀ ਸ੍ਰਿਸ਼ਟੀ ਨੂੰ ਵੀ ਬਖਸਿਸ਼ ਕਰ ਕੇ ਉਸ ਨੂੰ ਕਾਇਮ ਰੱਖ ਰਿਹਾ ਹੈ। ਗੁਣਾ ਦਾ ਪੁਤਲਾ ਵੀ ਉਹ ਆਪ ਹੈ ਅਤੇ ਲੋਕਾਈ ਨੂੰ ਗੁਣ ਵੰਡਣ ਵਾਲ਼ਾ ਵੀ
ਆਪ ਹੀ ਹੈ।
ਸਬਦੁ ਸਤਿ ਸਤਿ ਪ੍ਰਭੁ ਬਕਤਾ ।। ਸੁਰਤਿ ਸਤਿ ਸਤਿ
ਜਸੁ ਸੁਨਤਾ ।।
ਈਸ਼ਵਰ ਦਾ ਸ਼ਬਦ, ਉਸ ਦਾ ਹੁਕਮ ਉੱਤਮ ਹੈ, ਮਹਾਨ ਹੈ ਕਿਉਂਕਿ ਉਸ ਨੂੰ ਉਸ
ਪ੍ਰਭੂ ਨੇ ਉਚਾਰਿਆ ਹੈ ਜਿਹੜਾ ਆਪ ਮਹਾਨ ਹੈ, ਉੱਤਮ ਹੈ। ਉਹ ਕੰਨ ਵੀ ਧੰਨ ਹਨ ਜੋ ਸ਼ਬਦ ਨੂੰ ਸੁਣਦੇ
ਹਨ ਅਤੇ ਉਸ ਪ੍ਰਭੂ ਦੀ ਵਡਿਆਈ ਨੂੰ ਸੁਣਨ ਵਾਲ਼ੇ ਜੀਵ ਵੀ ਧੰਨ ਹਨ, ਮਹਾਨ ਹਨ।
ਬੁਝਨਹਾਰ ਕਉ ਸਤਿ ਸਭ ਹੋਇ ।। ਨਾਨਕ ਸਤਿ ਸਤਿ
ਪ੍ਰਭੁ ਸੋਇ ।। 1 ।।
ਜਿਹੜਾ ਜੀਵ ਪ੍ਰਭੂ ਦੀ ਅਤੇ ਉਸ ਦੀ ਸਮੁੱਚੀ ਰਚਨਾ ਦੀ ਧੰਨਤਾ ਨੂੰ ਸਮਝ
ਲੈਂਦਾ ਹੈ, ਉਹ ਗਿਆਨਵਾਨ
ਬਣ ਜਾਂਦਾ ਹੈ ਅਤੇ ਫਿਰ ਉਸ ਨੂੰ ਹਰ ਪਾਸੇ, ਹਰ ਵਸਤ ਅੰਦਰ ਉਸ ਪ੍ਰਭੂ ਦਾ ਰੂਪ ਹੀ ਦਿਖਾਈ ਦਿੰਦਾ
ਹੈ। ਪ੍ਰਭੂ ਦੀ ਪੂਜਾ ਕਰਦਿਆਂ, ਜਸ ਗਾਉਂਦਿਆਂ,
ਨਾਮ ਸੁਣਦਿਆਂ ਅਤੇ ਜੱਪਦਿਆਂ ਉਹ ਜੀਵ ਆਪ ਵੀ ਉਸੇ ਦਾ ਰੂਪ ਬਣ ਜਾਂਦਾ ਹੈ ਅਤੇ ਉਸ ਨੂੰ ਹਰ ਪਾਸੇ ਉਹ
ਪ੍ਰਮਾਤਮਾ ਹੀ ਨਜ਼ਰ ਆਉਂਦਾ ਹੈ।
ਸਤਿ ਸਰੂਪੁ ਰਿਦੈ ਜਿਨਿ ਮਾਨਿਆ ।। ਕਰਨ ਕਰਾਵਨ
ਤਿਨਿ ਮੂਲੁ ਪਛਾਨਿਆ ।।
ਜਿਸ ਨੇ ਇਹ ਸਮਝ ਲਿਆ, ਅਨੁਭਵ ਕਰ ਲਿਆ ਅਤੇ ਪ੍ਰਵਾਨ ਕਰ ਲਿਆ ਕਿ
ਪ੍ਰਮਾਤਮਾ ਸਤਿ ਸਰੂਪ ਹੈ, ਸਤਿ ਦੀ ਮੂਰਤ ਹੈ, ਉਸ ਨੇ ਇਹ ਗੱਲ ਸਮਝ ਲਈ ਕਿ ਸ੍ਰਿਸ਼ਟੀ ਵਿੱਚ ਜੋ ਹੋ
ਰਿਹਾ ਹੈ, ਉਸ ਦਾ
ਕਰਨ ਵਾਲ਼ਾ ਜਾਂ ਜੀਵਾਂ ਤੋਂ ਕਰਵਾਉਣ ਵਾਲ਼ਾ ਕੌਣ ਹੈ।
ਜਾ ਕੈ ਰਿਦੈ ਬਿਸ੍ਵਾਸੁ ਪ੍ਰਭ ਆਇਆ ।। ਤਤੁ
ਗਿਆਨੁ ਤਿਸੁ ਮਨਿ ਪ੍ਰਗਟਾਇਆ ।।
ਜਿਸ ਦੇ ਮਨ ਵਿੱਚ ਇਹ ਵਿਸ਼ਵਾਸ਼ ਪੱਕਾ ਹੋ ਗਿਆ ਕਿ ਪ੍ਰਮਾਤਮਾ ਹੀ ਸਤਿ
ਸਰੂਪ ਹੈ, ਸਮਝ ਲਉ ਕਿ ਉਸ ਦੇ ਮਨ ਵਿੱਚ ਸਮਸਤ ਗਿਆਨ ਦੇ ਤੱਤ ਦਾ, ਸਾਰੇ ਗਿਆਨ ਦੇ ਨਚੋੜ ਦਾ
ਪ੍ਰਕਾਸ਼ ਹੋ ਗਿਆ।
ਭੈ ਤੇ ਨਿਰਭਉ ਹੋਇ ਬਸਾਨਾ ।। ਜਿਸ ਤੇ ਉਪਜਿਆ
ਤਿਸੁ ਮਾਹਿ ਸਮਾਨਾ ।।
ਉਹ ਜੀਵ ਡਰ ਤੋਂ ਮੁਕਤ ਹੋ ਕੇ, ਨਿਰਭਉ ਹੋ ਕੇ ਜਿਉਣ ਲੱਗ ਪੈਂਦਾ ਹੈ।
ਅਜਿਹਾ ਜੀਵ ਸਮਝ ਲਵੋ ਕਿ ਅਪਣੇ ਸਿਰਜਣਹਾਰੇ ਨਾਲ਼, ਉਸ ਪ੍ਰਮਾਤਮਾ ਨਾਲ਼ ਜੋ
ਉਸ ਦਾ ਮੂਲ ਹੈ, ਇੱਕ ਮਿੱਕ ਹੋ ਗਿਆ, ਉਸ ਦੇ ਵਿੱਚ ਹੀ ਲੀਨ ਹੋ ਗਿਆ।
ਬਸਤੁ ਮਾਹਿ ਲੇ ਬਸਤੁ ਗਡਾਈ ।। ਤਾ ਕਉ ਭਿੰਨ ਨ
ਕਹਨਾ ਜਾਈ ।।
ਜਦੋਂ ਕੋਈ ਵਸਤੂ ਉਸੇ ਵਸਤੂ ਵਿੱਚ ਮੁੜ ਰਲ਼ਾ ਦਿੱਤੀ ਜਾਵੇ ਜਿਸ ਵਿੱਚੋਂ
ਉਹ ਨਿੱਕਲ਼ੀ ਸੀ ਤਾਂ ਉਸ ਨੂੰ ਵੱਖਰੀ ਨਹੀਂ ਕਿਹਾ ਜਾ ਸਕਦਾ। ਜਦੋਂ ਕੋਈ ਜੀਵ ਪ੍ਰਭੂ ਦੇ ਨਾਲ਼ ਇੱਕ
ਮਿੱਕ ਹੋ ਜਾਵੇ, ਫਿਰ ਉਹ ਪ੍ਭੂ ਰੂਪ ਹੀ ਬਣ ਜਾਂਦਾ ਹੈ, ਉਸ ਦੀ ਵੱਖਰੀ ਹੋਂਦ ਨਹੀਂ ਰਹਿੰਦੀ।
ਬੂਝੈ ਬੂਝਨਹਾਰੁ ਬਿਬੇਕ ।। ਨਾਰਾਇਨ ਮਿਲੇ ਨਾਨਕ ਏਕ
।। 2 ।।
ਪਰ ਗੁਰੂ ਜੀ ਸਮਝਾਉਂਦੇ ਹਨ ਕਿ ਇਸ ਸਚਾਈ ਨੂੰ ਉਹ ਹੀ ਸਮਝ ਸਕਦਾ ਹੈ
ਜਿਸ ਅੰਦਰ ਵਿਵੇਕ ਬੁੱਧ ਦੀ ਵਰਤੋਂ ਕਰ ਕੇ ਇਹ ਸਮਝਣ ਦੀ ਸਮਰਥਾ ਹੋਵੇ ਕਿ ਜੋ ਜੀਵ ਅਪਣੇ ਗਿਆਨ
ਅਤੇ ਵਿਸ਼ਵਾਸ਼ ਦੇ ਸਹਾਰੇ ਈਸ਼ਵਰ ਨਾਲ਼ ਇੱਕ ਮਿੱਕ ਹੋ ਗਿਆ, ਉਹ ਈਸ਼ਵਰ ਦਾ ਹੀ ਰੂਪ ਬਣ ਜਾਂਦਾ ਹੈ,
ਈਸ਼ਵਰ ਹੀ ਬਣ ਜਾਂਦਾ ਹੈ, ਉਸ ਵਿੱਚ ਅਤੇ ਈਸ਼ਵਰ ਵਿੱਚ ਕੋਈ ਫਰਕ ਨਹੀਂ ਰਹਿੰਦਾ।
ਠਾਕੁਰ ਕਾ ਸੇਵਕੁ ਆਗਿਆਕਾਰੀ ।। ਠਾਕੁਰ ਕਾ
ਸੇਵਕੁ ਸਦਾ ਪੂਜਾਰੀ ।।
ਅਪਣੇ ਮਾਲਕ ਈਸ਼ਵਰ ਦਾ ਸੇਵਕ ਉਸ ਦੇ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ
ਕਰਦਾ ਹੈ, ਉਸ ਤੇ ਕਿੰਤੂ ਪ੍ਰੰਤੂ ਨਹੀਂ ਕਰਦਾ। ਉਸ ਦੇ ਅੰਦਰੋਂ ਹਉਮੈ ਖਤਮ ਹੋ ਜਾਂਦੀ ਹੈ ਅਤੇ ਉਹ
ਉਸ ਮਾਲਕ ਦੇ ਹੁਕਮ ਨਾਲ਼ ਇੱਕ ਸੁਰ ਹੋ ਜਾਂਦਾ ਹੈ, ਉਸ ਦੀ ਪਾਲਣਾ ਕਰ ਕੇ ਖੁਸ਼ੀ ਮਹਿਸੂਸ ਕਰਦਾ ਹੈ।
ਉਹ ਸਦਾ ਅਪਣੇ ਮਾਲਕ ਪ੍ਰਤੀ ਪੂਰਨ ਸਤਿਕਾਰ ਅਤੇ ਸ਼ਰਧਾ ਦਾ ਭਾਵ ਰੱਖਦਾ ਹੈ, ਉਸ ਦੀ ਪੂਜਾ ਕਰਦਾ
ਰਹਿੰਦਾ ਹੈ।
ਠਾਕੁਰ ਕੇ ਸੇਵਕੁ ਕੈ ਮਨਿ ਪਰਤੀਤਿ ।। ਠਾਕੁਰ ਕੇ
ਸੇਵਕੁ ਕੀ ਨਿਰਮਲ ਰੀਤਿ ।।
ਪ੍ਰਭੂ ਦੇ ਸੇਵਕ ਨੂੰ ਅਪਣੇ ਮਾਲਕ ਉੱਤੇ ਪੂਰਨ ਭਰੋਸਾ ਹੁੰਦਾ ਹੈ। ਇਸ
ਲਈ ਉਹ ਸਦਾ ਉਸ ਦੇ ਕੀਤੇ ਨੂੰ ਠੀਕ ਸਮਝਦਾ ਹੈ। ਕਦੇ ਕੋਈ ਗਿਲਾ ਸ਼ਿਕਵਾ ਨਹੀਂ ਕਰਦਾ। ਉਸ ਮਾਲਕ ਦੇ ਸੇਵਕ ਦੀ ਰਹਿਤ ਬਹਿਤ. ਉਸ ਦਾ ਜੀਵਨ ਢੰਗ, ਉਸ ਦੀ ਸੋਚ ਸਦਾ ਹੀ ਪਵਿੱਤਰ ਹੁੰਦੇ ਹਨ। ਉਹ ਕਦੇ
ਕੋਈ ਬੁਰਾ ਕੰਮ ਨਹੀਂ ਕਰਦਾ।
ਠਾਕੁਰ ਕਉ ਸੇਵਕੁ ਜਾਨੈ ਸੰਗਿ ।। ਪ੍ਰਭ ਕਾ
ਸੇਵਕੁ ਨਾਮ ਕੈ ਰੰਗਿ ।।
ਇਸ ਤਰਾਂ ਦਾ ਪਰਮ ਸੇਵਕ ਸਦਾ ਇਹ ਮਹਿਸੂਸ ਕਰਦਾ ਹੈ ਕਿ ਮਾਲਕ ਹਰ ਵਕਤ
ਉਸ ਦੇ ਅੰਗ ਸੰਗ ਹੈ, ਕਦੇ ਉਸਦਾ ਸਾਥ ਨਹੀਂ ਛੱਡਦਾ। ਉਹ ਸਦਾ ਹੀ ਪ੍ਰਮਾਤਮਾ ਦੇ ਨਾਮ ਦੇ ਪਿਆਰ ਦੇ
ਰੰਗ ਵਿੱਚ ਰੰਗਿਆ ਰਹਿੰਦਾ ਹੈ।
ਸੇਵਕ ਕਉ ਪ੍ਰਭ ਪਾਲਨਹਾਰਾ ।। ਸੇਵਕ ਕੀ ਰਾਖੈ
ਨਿਰੰਕਾਰਾ ।।
ਅਜਿਹੇ ਸੇਵਕ ਦੀ ਦੇਖ ਭਾਲ਼, ਸਾਂਭ ਸੰਭਾਲ਼ ਪ੍ਰਭੂ ਆਪ ਕਰਦਾ ਹੈ। ਉਸ
ਦੀਆਂ ਲੋੜਾਂ ਦਾ, ਉਸ ਦੇ ਬੁਰੇ ਭਲੇ ਦਾ, ਧਿਆਨ ਉਹ ਆਪ ਰੱਖਦਾ ਹੈ। ਮਾਤਾ ਪਿਤਾ ਦੀ ਤਰਾਂ ਉਸ ਦਾ
ਪਾਲਣ ਕਰਦਾ ਹੈ। ਉਹ ਨਿਰੰਕਾਰ ਪ੍ਰਭੂ ਸਦਾ ਅਪਣੇ ਸੇਵਕ ਦੀ ਪਤਿ ਰੱਖਦਾ ਹੈ, ਕਦੇ ਉਸ ਨੂੰ
ਸ਼ਰਮਿੰਦਗੀ ਦਾ ਮੂੰਹ ਨਹੀਂ ਦੇਖਣ ਦਿੰਦਾ।
ਸੋ ਸੇਵਕੁ ਜਿਸੁ ਦਇਆ ਪ੍ਰਭੁ ਧਾਰੈ ।। ਨਾਨਕ ਸੋ
ਸੇਵਕੁ ਸਾਸਿ ਸਾਸਿ ਸਮਾਰੈ ।। 3 ।।
ਪਰ ਗੁਰੂ ਜੀ ਸਪਸ਼ਟ ਕਰਦੇ ਹਨ ਕਿ ਅਜਿਹਾ ਅਨਿੰਨ ਸੇਵਕ ਹੋਣ ਦਾ ਸੁਭਾਗ
ਉਸ ਜੀਵ ਨੂੰ ਹੀ ਪ੍ਰਾਪਤ ਹੁੰਦਾ ਹੈ ਜਿਸ ਤੇ ਪ੍ਰਭੂ ਆਪ ਅਪਣੀ ਦਯਾ ਦ੍ਰਿਸ਼ਟੀ ਕਰ ਦੇਵੇ। ਉਹ ਸੇਵਕ
ਫਿਰ ਅਪਣੇ ਹਰ ਸਾਹ ਦੇ ਨਾਲ਼ ਪ੍ਰਮਾਤਮਾ ਨੂੰ ਯਾਦ ਕਰਦਾ ਰਹਿੰਦਾ ਹੈ, ਉਸ ਦੇ ਨਾਮ ਦਾ ਸਿਮਰਣ ਕਰਦਾ
ਰਹਿੰਦਾ ਹੈ, ਕਦੇ ਇੱਕ ਪਲ ਲਈ ਵੀ ਉਸ ਨੂੰ ਨਹੀਂ ਭੁੱਲਦਾ।
ਅਪੁਨੇ ਜਨ ਕਾ ਪਰਦਾ ਢਾਕੈ ।। ਅਪਨੇ ਸੇਵਕ ਕੀ
ਸਰਪਰ ਰਾਖੈ ।।
ਵਾਹਿਗੁਰੂ ਆਪ ਅਪਣੇ ਸੇਵਕਾ ਦੇ ਪਰਦੇ ਕੱਜਦਾ ਹੈ। ਉਹ ਅਪਣੇ ਸੇਵਕ ਦੀ
ਕਦੇ ਬੇਪਤੀ ਨਹੀਂ ਹੋਣ ਦਿੰਦਾ, ਉਸ ਨੂੰ ਕਦੇ ਵੀ ਸ਼ਰਮਿੰਦਾ ਨਹੀਂ ਹੋਣ ਦਿੰਦਾ। ਸੇਵਕ ਦੀ ਪਤਿ ਉਹ
ਯਕੀਨਨ ਰੱਖਦਾ ਹੈ।
ਅਪਨੇ ਦਾਸ ਕਉ ਦੇਇ ਵਡਾਈ ।। ਆਪਨੇ ਸੇਵਕ ਕਉ
ਨਾਮੁ ਜਪਾਈ ।।
ਵਾਹਿਗੁਰੂ ਅਪਣੇ ਸੇਵਕ ਨੂੰ ਵਡਿਆਈ ਬਖਸ਼ਦਾ ਹੈ ਜਿਸ ਦੇ ਸਿੱਟੇ ਵਜੋਂ
ਲੋਕ ਉਸ ਦੀ ਇੱਜ਼ਤ ਕਰਦੇ ਹਨ। ਅਪਣੇ ਸੇਵਕ ਤੇ ਪ੍ਰਮਾਤਮਾ ਨਾਮ ਸਿਮਰਨ ਦੀ ਦਾਤ ਦੀ ਬਖਸ਼ਿਸ਼ ਕਰਦਾ
ਹੈ। ਉਸ ਦੀ ਕਿਰਪਾ ਸਨਕਾ ਉਸ ਦੇ ਸੇਵਕ ਅਪਣਾ ਵੱਧ ਤੋਂ ਵੱਧ ਸਮਾਂ ਨਾਮ ਸਿਮਰਨ ਵਿੱਚ ਲਗਾਉਂਦੇ
ਹਨ।
ਅਪਨੇ ਸੇਵਕ ਕੀ ਆਪਿ ਪਤਿ ਰਾਖੈ ।। ਤਾ ਕੀ ਗਤਿ
ਮਿਤਿ ਕੋਇ ਨ ਲਾਖੈ ।।
ਪ੍ਰਮਾਤਮਾ ਅਪਣੇ ਸੇਵਕ ਦੀ ਆਪ ਪਤਿ ਰੱਖਦਾ ਹੈ। ਈਸ਼ਵਰ ਦੇ ਸੇਵਕ ਦੀ ਆਤਮਿਕ ਅਵਸਥਾ ਅਤੇ
ਸੋਚ ਏਨੀ ਉੱਚੀ ਹੁੰਦੀ ਹੈ ਕਿ ਕੋਈ ਵੀ ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ।
ਪ੍ਰਭ ਕੇ ਸੇਵਕ ਕਉ ਕੋ ਨ ਪਹੂਚੈ ।। ਪ੍ਰਭ ਕੇ ਸੇਵਕ ਊਚ ਤੇ ਊਚੇ ।।
ਪ੍ਰਭੂ ਦੇ ਸੇਵਕ ਦਾ ਰੁਤਬਾ ਏਨਾ ਉੱਚਾ ਹੁੰਦਾ ਹੈ ਕਿ ਉਸ ਤੱਕ ਕੋਈ
ਨਹੀਂ ਪਹੁੰਚ ਸਕਦਾ, ਉਸ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਉਸ ਦੇ ਸੇਵਕ ਤਾਂ ਮਹਾਨ ਤੋਂ ਵੀ ਮਹਾਨ
ਹੁੰਦੇ ਹਨ। ਉਨ੍ਹਾਂ ਜਿੰਨਾ ਮਹਾਨ ਬਣਨਾ ਕਿਸੇ ਹੋਰ ਦੇ ਵਸ ਦੀ ਗੱਲ ਨਹੀਂ।
ਜੋ ਪ੍ਰਭਿ ਅਪਨੀ ਸੇਵਾ ਲਾਇਆ ।। ਨਾਨਕ ਸੋ ਸੇਵਕੁ
ਦਹ ਦਿਸਿ ਪ੍ਰਗਟਾਇਆ ।। 4 ।।
ਗੁਰੂ ਜੀ ਦਾ ਕਥਨ ਹੈ ਕਿ ਜਿਸ ਜੀਵ ਨੂੰ ਪ੍ਰਭੂ ਅਪਣੀ ਕਿਰਪਾ ਕਰ ਕੇ
ਅਪਣੀ ਸੇਵਾ ਵਿੱਚ ਲਾ ਲਵੇ ਉਸ ਦਾ ਜਸ ਦਸਾਂ ਦਿਸ਼ਾਵਾਂ ਵਿੱਚ ਆਰਥਾਤ ਸਾਰੇ ਸੰਸਾਰ ਵਿੱਚ ਫੈਲ
ਜਾਂਦਾ ਹੈ। ਦੁਨੀਆਂ ਦੇ ਹਰ ਹਿੱਸੇ ਦੇ ਲੋਕ ਉਸ ਦੀ ਪ੍ਰਸ਼ੰਸਾ ਕਰਦੇ ਹਨ। ਉਹ ਜਗਤ ਭਰ ਵਿੱਚ ਜਾਣਿਆਂ ਜਾਣ ਲੱਗ
ਪੈਂਦਾ ਹੈ।
ਨੀਕੀ ਕੀਰੀ ਮਹਿ ਕਲ ਰਾਖੈ ।। ਭਸਮ ਕਰੈ ਲਸਕਰ
ਕੋਟਿ ਲਾਖੈ ।।
ਵਾਹਿਗੁਰੂ ਜੇ ਚਾਹੇ ਤਾਂ ਇੱਕ ਛੋਟੀ ਜਿਹੀ ਕੀੜੀ ਨੂੰ ਏਨੀ ਤਕਤ ਬਖਸ਼
ਸਕਦਾ ਹੈ ਕਿ ਉਹ ਲੱਖਾਂ ਕ੍ਰੋੜਾਂ ਦੀ ਫੌਜ ਨੂੰ ਤਬਾਹ ਕਰ ਸਕਦੀ ਹੈ, ਮਿੱਟੀ ਵਿੱਚ ਮਿਲਾ ਸਕਦੀ
ਹੈ, ਸਾੜ ਕੇ ਸੁਆਹ ਕਰ ਸਕਦੀ ਹੈ।।
ਜਿਸ ਕਾ ਸਾਸੁ ਨ ਕਾਢਤ ਆਪਿ ।। ਤਾ ਕਉ ਰਾਖਤ ਦੇ
ਕਰਿ ਹਾਥ ।।
ਜਿਸ ਜੀਵ ਦੇ ਸਾਹ ਈਸ਼ਵਰ ਆਪ ਕੱਢਣੇ ਨਾ ਚਾਹੁੰਦਾ ਹੋਵੇ, ਜਿਸ ਦੀ ਮੌਤ
ਉਹ ਨਾ ਚਾਹੁੰਦਾ ਹੋਵੇ, ਉਸ ਨੂੰ ਉਹ ਆਪ ਅਪਣਾ ਹੱਥ ਦੇ ਕੇ ਮੌਤ ਦੇ ਮੂੰਹ ਵਿੱਚੋ ਵੀ ਕੱਢ ਕੇ ਬਚਾ ਲੈਂਦਾ ਹੈ।
ਮਾਨਸ ਜਤਨ ਕਰਤ ਬਹੁ ਭਾਤਿ ।। ਤਿਸ ਕੇ ਕਰਤਬ
ਬਿਰਥੇ ਜਾਤਿ ।।
ਇਨਸਾਨ ਵੱਡਾ ਬਣਨ ਲਈ, ਨਾਮ ਕਮਾਉਣ ਲਈ, ਜਸ ਖੱਟਣ ਲਈ ਅਨੇਕਾਂ ਕਿਸਮ ਦੇ
ਯਤਨ ਕਰਦਾ ਹੈ ਪਰ ਜੇ ਪ੍ਰਮਾਤਮਾ ਦੀ ਮਿਹਰ ਦੀ ਨਜ਼ਰ ਉਸ ਤੇ ਨਾ ਹੋਵੇ ਤਾਂ ਉਸ ਦੇ ਕੀਤੇ ਸਾਰੇ ਯਤਨ
ਨਿਹਫਲ਼ ਜਾਂਦੇ ਹਨ। ਜੀਵ ਦੇ ਕੀਤੇ ਯਤਨਾਂ ਨੂੰ ਫਲ ਲਾਉਣਾ ਜਾਂ ਨਾ ਲਾਉਣਾ ਪ੍ਰਮਾਤਮਾ ਦੇ ਹੱਥ ਹੈ।
ਮਾਰੈ ਨ ਰਾਖੈ ਅਵਰੁ ਨ ਕੋਇ ।। ਸਰਬ ਜੀਆ ਕਾ
ਰਾਖਾ ਸੋਇ ।।
ਸੰਸਾਰ ਦੀ ਹੋਰ ਕੋਈ ਵੀ ਤਾਕਤ ਜੀਵ ਨੂੰ ਮਾਰਨ ਦੇ ਜਾਂ ਮੌਤ ਤੋਂ ਬਚਾਉਣ
ਦੇ ਸਮਰਥ ਨਹੀਂ। ਸਾਰੇ ਜੀਵਾਂ ਦੀ ਰੱਖਿਆ ਕਰਨ ਵਾਲ਼ਾ ਵਾਹਿਗੁਰੂ ਆਪ ਹੀ ਹੈ।
ਕਾਹਿ ਸੋਚ ਕਰਹਿ ਰੇ ਪ੍ਰਾਣੀ ।। ਜਪਿ ਨਾਨਕ ਪ੍ਰਭ
ਅਲਖ ਵਿਡਾਣੀ ।। 5 ।।
ਗੁਰੂ ਜੀ ਜੀਵ ਨੂੰ ਉਪਦੇਸ਼ ਦਿੰਦੇ ਹਨ ਕਿ ਤੈਨੂੰ ਚਿੰਤਾ ਗ੍ਰਸਤ ਹੋਣ ਦੀ
ਕੋਈ ਲੋੜ ਨਹੀਂ। ਸਭ ਦੀ ਚਿੰਤਾ ਉਸ ਸਿਰਜਣਹਾਰ ਨੂੰ ਹੈ। ਚਿੰਤਾ ਕਰਨੀ ਛੱਡ ਦੇ ਅਤੇ ਉਸ ਅਲੌਕਿਕ
ਸ਼ਕਤੀਆਂ ਦੇ ਮਾਲਕ ਦਾ ਨਾਮ ਜੱਪਣਾ ਸ਼ੁਰੂ ਕਰ ਦੇ ਜਿਸ ਦੇ ਗੁਣਾਂ ਅਤੇ ਸ਼ਕਤੀਆਂ ਨੂੰ ਬਿਆਨ ਕਰਨਾ
ਸੰਭਵ ਨਹੀਂ। ਬੱਸ ਉਸ ਤੇ ਭਰੋਸਾ ਰੱਖ ਕੇ ਉਸ ਦਾ ਨਾਮ ਜੱਪਦਾ ਰਹਿ। ਉਹ ਸਭ ਕੁੱਝ ਆਪੇ ਸੰਭਾਲ਼
ਲਵੇਗਾ।
ਬਾਰੰ ਬਾਰ ਬਾਰ ਪ੍ਰਭੁ ਜਪੀਐ ।। ਪੀ ਅੰਮ੍ਰਿਤੁ
ਇਹੁ ਮਨੁ ਤਨੁ ਧ੍ਰਪੀਐ ।।
ਗੁਰੂ ਜੀ ਜੀਵ ਨੂੰ ਸਿੱਖਿਆ ਦਿੰਦੇ ਹਨ ਕਿ ਉਹ ਹਰ ਪਲ, ਹਰ ਘੜੀ, ਦਿਨ ਰਾਤ,
ਹਰੀ ਨਾਮ ਦੇ ਸਿਮਰਨ ਵਿੱਚ ਜੁੜਿਆ ਰਹੇ, ਵਾਰ ਵਾਰ ਉਸ ਦਾ ਨਾਮ ਜੱਪਦਾ ਰਹੇ। ਇਸ ਤਰਾਂ ਕਰਨ ਨਾਲ਼ ਉਸ ਦਾ ਮਨ ਅਤੇ ਤਨ
ਦੋਵੇਂ ਹੀ ਤ੍ਰਿਪਤ ਹੋ ਜਾਣਗੇ, ਉਸ ਦੀਆਂ ਸਾਰੀਆਂ ਭੁੱਖਾਂ ਮਿਟ ਜਾਣਗੀਆਂ, ਉਸ ਦੀ
ਤ੍ਰਿਸ਼ਨਾ ਦਾ ਖਾਤਮਾ ਹੋ ਜਾਵੇਗਾ।
ਨਾਮ ਰਤਨੁ ਜਿਨਿ ਗੁਰਮੁਖਿ ਪਾਇਆ ।। ਤਿਸੁ ਕਿਛੁ
ਅਵਰੁ ਨਾਹੀ ਦ੍ਰਿਸਟਾਇਆ ।।
ਜਿਸ ਜੀਵ ਨੂੰ ਗੁਰੂ ਦੀ ਆਗਿਆ ਦਾ ਪਾਲਣ ਕਰਨ ਸਦਕਾ ਹਰੀ ਨਾਮ ਰੂਪੀ ਰਤਨ
ਦੀ ਪ੍ਰਾਪਤੀ ਹੋ ਜਾਂਦੀ ਹੈ, ਉਸ ਦੀ ਨਿਗਾਹ ਫਿਰ ਹੋਰ ਕਿਸੇ ਜੀਜ਼ ਉੱਤੇ ਨਹੀਂ ਟਿਕਦੀ। ਉਸ ਦਾ ਹਰੀ
ਨਾਮ ਨਾਲ਼ ਏਨਾ ਪਿਆਰ ਬਣ ਜਾਂਦਾ ਹੈ ਕਿ ਉਸ ਨੂੰ ਫਿਰ ਦੁਨੀਆਂ ਦੀ ਹੋਰ ਕੋਈ ਵਸਤ ਚੰਗੀ ਨਹੀਂ
ਲੱਗਦੀ।
ਨਾਮੁ ਧਨੁ ਨਾਮੋ ਰੂਪੁ ਰੰਗੁ ।। ਨਾਮੋ ਸੁਖੁ ਹਰਿ
ਨਾਮ ਕਾ ਸੰਗੁ ।।
ਨਾਮ ਦਾ ਸਿਮਰਨ ਹੀ ਉਸ ਲਈ ਧਨ ਦੌਲਤ ਬਣ ਜਾਂਦਾ ਹੈ ਅਤੇ ਨਾਮ ਦਾ ਸਿਮਰਨ
ਹੀ ਖੂਬਸੂਰਤੀ ਦਾ ਸੋਮਾ। ਉਸ ਦੇ ਮਨ ਵਿੱਚ ਨਾ ਧਨ ਪ੍ਰਾਪਤੀ ਦੀ ਇੱਛਾ ਰਹਿੰਦੀ ਹੈ ਅਤੇ ਨਾ ਸੁੰਦਰ
ਦਿਸਣ ਦੀ। ਨਾਮ ਦਾ ਸਿਮਰਨ ਹੀ ਉਸ ਲਈ ਸਭ ਸੁਖਾਂ ਦਾ ਸੋਮਾ ਬਣ ਜਾਂਦਾ ਹੈ, ਨਾਮ ਦਾ ਸਿਮਰਨ ਹੀ
ਸਤਿਸੰਗ। ਨਾਮ ਸਿਮਰਨ ਤੋਂ ਬਿਨਾ ਉਸ ਦੇ ਮਨ ਵਿੱਚ ਹੋਰ ਕੋਈ ਤਮੰਨਾ ਨਹੀਂ ਰਹਿੰਦੀ।
ਨਾਮ ਰਸਿ ਜੋ ਜਨ ਤ੍ਰਿਪਤਾਨੇ ।। ਮਨ ਤਨ ਨਾਮਹਿ
ਨਾਮਿ ਸਮਾਨੇ ।।
ਨਾਮ ਸਿਮਰਨ ਦਾ ਰਸ ਮਾਣ ਮਾਣ ਕੇ ਜਿਹੜੇ ਜੀਵ ਤ੍ਰਿਪਤ ਹੋ ਜਾਂਦੇ ਹਨ
ਉਨ੍ਹਾਂ ਦਾ ਮਨ ਅਤੇ ਤਨ ਹਰ ਵਕਤ ਨਾਮ ਸਿਮਰਨ ਦੇ ਵਿੱਚ ਡੁੱਬੇ ਰਹਿੰਦੇ ਹਨ। ਉਨ੍ਹਾਂ ਦੀ ਹੋਰ
ਕਿਸੇ ਚੀਜ਼ ਵਿੱਚ ਕੋਈ ਦਿਲਚਸਪੀ ਨਹੀਂ ਰਹਿੰਦੀ।
ਊਠਤ ਬੈਠਤ ਸੋਵਤ ਨਾਮ ।।ਕਹੁ ਨਾਨਕ ਜਨ ਕੈ ਸਦ
ਕਾਮ ।। 6 ।।
ਉੱਠਦੇ ਬੈਠਦੇ ਸੌਂਦੇ ਜਾਗਦੇ ਹਰ ਵੇਲ਼ੇ ਉਹ ਵਾਹਿਗੁਰੂ ਦਾ ਨਾਮ ਜੱਪਣ
ਵਿੱਚ ਮਸਤ ਰਹਿਂਦੇ ਹਨ। ਗੁਰੂ ਜੀ ਦਾ ਕਥਨ ਹੈ ਕਿ ਉਨ੍ਹਾਂ ਜੀਵਾਂ ਨੂੰ ਕੇਵਲ ਇੱਕ ਹੀ ਕੰਮ ਰਹਿ
ਜਾਂਦਾ ਹੈ, ਨਾਮ ਸਿਮਰਨ। ਬਾਕੀ ਸਾਰੇ ਕੰਮ ਉਹ ਭੁੱਲ ਜਾਂਦੇ ਹਨ।
ਬੋਲਹੁ ਜਸੁ ਜਿਹਬਾ ਦਿਨੁ ਰਾਤਿ ।। ਪ੍ਰਭਿ ਅਪਨੈ
ਜਨ ਕੀਨੀ ਦਾਤਿ ।।
ਇਸ ਲਈ ਗੁਰੂ ਜੀ ਨਸੀਹਤ ਕਰਦੇ ਹਨ ਕਿ ਪਿਆਰਿਓ, ਦਿਨ ਰਾਤ, ਹਰ ਵਕਤ ਅਪਣੀ
ਜੀਭ ਨਾਲ਼ ਵਾਹਿਗੁਰੂ ਦੀ ਵਡਿਆਈ ਦੇ ਗੀਤ ਗਾਉਂਦੇ ਰਿਹਾ ਕਰੋ। ਨਾਮ ਸਿਮਰਨ ਸਭ ਤੋਂ ਵੱਡੀ ਦਾਤ ਹੈ
ਜੋ ਪ੍ਰਭੂ ਨੇ ਅਪਣੇ ਦਾਸਾਂ ਨੂੰ ਬਖਸ਼ੀ ਹੈ। ਇੱਕ ਪਲ ਲਈ ਵੀ ਇਸ ਤੋਂ ਵਾਂਝੇ ਨਾ ਰਹੋ।
ਕਰਹਿ ਭਗਤਿ ਆਤਮ ਕੈ ਚਾਇ ।। ਪ੍ਰਭ ਅਪਨੇ ਸਿਉ ਰਹਹਿ ਸਮਾਇ ।।
ਇਸ ਤਰਾਂ ਕਰਨ ਵਾਲ਼ੇ ਜੀਵ ਅਪਣੇ ਮਨ ਦੀ ਗਹਿਰਾਈ ਤੋਂ ਖੁਸ਼ ਹੋ ਕੇ ਚਾਈਂ
ਚਾਈਂ ਪ੍ਰਭੂ ਦੀ ਭਗਤੀ ਕਰਦੇ ਹਨ ਅਤੇ ਅਪਣੇ ਪ੍ਰਭੂ ਦੇ ਨਾਲ਼ ਮਿਲਾਪ ਨੂੰ ਮਾਣਦੇ ਰਹਿੰਦੇ ਹਨ।
ਪ੍ਰਭੂ ਨਾਲ਼ ਮਿਲਾਪ ਉਨ੍ਹਾਂ ਲਈ ਸਭ ਖੁਸ਼ੀਆਂ ਦਾ ਸ੍ਰੋਤ ਬਣ ਜਾਂਦਾ ਹੈ।
ਜੋ ਹੋਆ ਹੋਵਤ ਸੋ ਜਾਨੈ ।। ਪ੍ਰਭ ਅਪਨੇ ਕਾ
ਹੁਕਮੁ ਪਛਾਨੈ ।।
ਉਨ੍ਹਾਂ ਨੂੰ ਭੂਤ, ਵਰਤਮਾਨ ਅਤੇ ਭਵਿੱਖ ਦੀਆਂ ਸਾਰੀਆਂ ਘਟਨਾਵਾਂ ਦਾ
ਗਿਆਨ ਹੁੰਦਾ ਹੈ। ਕੀ ਹੋਇਆ, ਕੀ ਹੋ ਰਿਹਾ ਹੈ ਅਤੇ ਕੀ ਹੋਣ ਵਾਲ਼ਾ ਹੈ, ਸਭ ਉਹ ਜਾਣਦੇ ਹਨ। ਕੇਵਲ
ਇਹ ਹੀ ਨਹੀਂ, ਉਹ ਇਹ ਵੀ ਸਮਝਦੇ ਹਨ ਕਿ ਇਹ ਸਭ ਕੁੱਝ ਪ੍ਰਭੂ ਦੇ ਹੁਕਮ ਅਨੁਸਾਰ ਹੋ ਰਿਹਾ ਹੈ।
ਤਿਸ ਕੀ ਮਹਿਮਾ ਕਉਨ ਬਖਾਨਉ ।। ਤਿਸ ਕਾ ਗੁਨੁ
ਕਹਿ ਏਕ ਨ ਜਾਨਉ ।।
ਇਸ ਤਰਾਂ ਦੇ ਗੁਰਮੁਖ ਪਿਆਰੇ ਦੀ ਵਡਿਆਈ ਕਰ ਸਕਣਾ ਕਿਸੇ ਦੇ ਵਸ ਦੀ ਗੱਲ
ਨਹੀਂ ਕਿਉਂਕਿ ਉਨ੍ਹਾਂ ਦੀ ਮਹਿਮਾ ਏਨੀ ਉੱਚੀ ਹੁੰਦੀ ਹੈ ਕਿ ਇਸ ਨੂੰ ਬਿਆਨ ਕਰਨਾ ਮੁਮਕਿਨ ਹੀ
ਨਹੀਂ। ਗੁਰੂ ਜੀ ਕਹਿੰਦੇ ਹਨ ਕਿ ਅਜਿਹੇ ਗੁਰਮੁਖ
ਪਿਆਰੇ ਦਾ ਇੱਕ ਗੁਣ ਵੀ ਮੈਂ ਬਿਆਨ ਨਹੀਂ ਕਰ ਸਕਦਾ।
ਆਠ ਪਹਰ ਪ੍ਰਭ ਬਸਹਿ ਹਜੂਰੇ ।। ਕਹੁ ਨਾਨਕ ਸੇਈ ਜਨ ਪੂਰੇ ।। 7 ।।
ਜੋ ਗੁਰਮੁਖ ਪਿਆਰੇ ਇਸ ਤਰਾਂ ਅੱਠੇ ਪਹਿਰ ਹਰੀ ਪ੍ਰਭੂ ਦੀ ਹਜ਼ੂਰੀ ਵਿੱਚ
ਵਿਚਰਦੇ ਹਨ, ਉਸ ਨੂੰ ਹਰ ਵਕਤ ਅਪਣੇ ਪਾਸ ਹਾਜ਼ਰ ਨਾਜ਼ਰ ਸਮਝਦੇ ਹਨ, ਉਹ ਹੀ ਪੂਰਨ ਜਾਂ ਆਦਰਸ਼ ਇਨਸਾਨ
ਹਨ।
ਮਨ ਮੇਰੇ ਤਿਨ ਕੀ ਓਟ ਲੇਹਿ ।। ਮਨੁ ਤਨੁ ਅਪਨਾ
ਤਿਨ ਜਨ ਦੇਹਿ ।।
ਹੇ ਮੇਰੇ ਮਨ, ਤੂੰ ਇਹੋ ਜਿਹੇ ਗੁਰਮੁਖ ਪਿਆਰਿਆਂ ਦੀ ਸ਼ਰਨ ਲੈ। ਅਪਣਾ ਮਨ
ਅਤੇ ਤਨ ਉਨ੍ਹਾਂ ਦੇ ਹਵਾਲੇ ਕਰ ਦੇ। ਉਨ੍ਹਾਂ ਦੀ ਦਿੱਤੀ ਸਿੱਖਿਆ ਤੇ ਚੱਲ ਕੇ ਤੂੰ ਵੀ ਅਪਣਾ ਜੀਵਨ
ਸਫਲ ਕਰ ਸਕਦਾ ਹੈਂ।
ਜਿਨਿ ਜਨਿ ਅਪਨਾ ਪ੍ਰਭੂ ਪਛਾਤਾ ।। ਸੋ ਜਨੁ ਸਰਬ
ਥੋਕ ਕਾ ਦਾਤਾ ।।
ਜਿਸ ਦਾਸ ਨੇ ਅਪਣੇ ਮਾਲਕ ਨੂੰ ਪਹਿਚਾਣ ਲਿਆ ਹੈ, ਜਾਣ ਲਿਆ ਹੈ, ਸਮਝ
ਲਿਆ ਹੈ ਅਤੇ ਉਸ ਦਾ ਸੇਵਕ ਬਣ ਗਿਆ ਹੈ, ਉਹ ਦੂਜੇ ਜੀਵਾਂ ਨੂੰ ਸਾਰੀਆਂ ਦਾਤਾਂ ਦੇਣ ਦੇ ਸਮਰਥ ਹੋ
ਜਾਂਦਾ ਹੈ।
ਤਿਸ ਕੀ ਸਰਨਿ ਸਰਬ ਸੁਖ ਪਾਵਹਿ ।। ਤਿਸ ਕੈ ਦਰਸਿ
ਸਭ ਪਾਪ ਮਿਟਾਵਹਿ ।।
ਉਸ ਦੀ ਸ਼ਰਨ ਵਿੱਚ ਆ ਕੇ ਜੀਵ ਨੂੰ ਸਾਰੇ ਸੁਖਾਂ ਦੀ ਪ੍ਰਾਪਤੀ ਹੋ ਜਾਂਦੀ
ਹੈ। ਉਸ ਦਾ ਦਰਸ਼ਨ ਕਰਨ ਨਾਲ਼ ਜੀਵ ਦੇ ਸਾਰੇ ਪਾਪ ਮਿਟ ਜਾਂਦੇ ਹਨ।
ਅਵਰ ਸਿਆਨਪ ਸਗਲੀ ਛਾਡੁ ।। ਤਿਸੁ ਜਨ ਕੀ ਤੂ
ਸੇਵਾ ਲਾਗੁ ।।
ਹੋਰ ਜੋ ਕੁੱਝ ਤੂੰ ਅਪਣੀ ਸਿਆਣਪ ਨਾਲ਼ ਕਰਦਾ ਫਿਰ ਰਿਹਾ ਹੈਂ, ਛੱਡ ਦੇ।
ਅਪਣੀ ਅਕਲ ਵਰਤ ਕੇ ਤੈਨੂੰ ਕੁੱਝ ਹਾਸਲ ਨਹੀਂ ਹੋ ਸਕਦਾ। ਸੋ ਅਪਣੀ ਅਕਲ ਵਰਤਣੀ ਛੱਡ ਕੇ ਤੂੰ ਉਸ
ਮਹਾਂ ਪੁਰਖ ਦੀ ਸੇਵਾ ਵਿੱਚ ਲੱਗ ਜਾ।
ਆਵਨੁ ਜਾਨੁ ਨ ਹੋਵੀ ਤੇਰਾ ।। ਨਾਨਕ ਤਿਸੁ ਜਨ ਕੇ
ਪੂਜਹੁ ਸਦ ਪੈਰਾ ।। 8 ।। 17 ।।
ਉਸ ਦੀ ਸੇਵਾ ਦੇ ਫਲ਼ ਵਜੋਂ ਤੈਨੂੰ ਮੁਕਤੀ ਪ੍ਰਾਪਤ ਹੋ ਜਾਵੇਗੀ ਅਤੇ
ਤੇਰਾ ਆਵਾ ਗਮਨ ਦਾ ਚੱਕਰ ਖਤਮ ਹੋ ਜਾਵੇਗਾ। ਪ੍ਰਭੂ ਦਾ ਉਹ ਦਾਸ ਪੂਜਣ ਯੋਗ ਹੈ। ਬਾਕੀ ਸਾਰੀਆਂ
ਤਦਬੀਰਾਂ ਤਿਆਗ ਕੇ ਸਦਾ ਉਸ ਦੇ ਪੈਰਾਂ ਨੂੰ ਪੂਜਿਆ ਕਰ। ਇਸ ਨਾਲ਼ ਤੇਰੇ ਮਨ ਦੀਆਂ ਸਾਰੀਆਂ ਮੁਰਾਦਾਂ
ਪੂਰੀਆਂ ਹੋ ਜਾਣਗੀਆਂ।
ਸਲੋਕ ।।
ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ
।।
ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ
।। 1 ।।
ਜਿਸ ਇਨਸਾਨ ਨੇ ਸਤਿ ਪੁਰਖ ਨੂੰ (ਵਾਹਿਗੁਰੂ ਨੂੰ) ਜਾਣ ਲਿਆ ਹੈ, ਸਮਝ
ਲਿਆ ਹੈ ਅਤੇ ਪੂਰੀ ਤਰਾਂ ਉਸ ਨੂੰ ਸਮਰਪਿਤ ਹੋ ਗਿਆ ਹੈ, ਉਸ ਨੂੰ ਹੀ ਸਤਿਗੁਰ ਭਾਵ ਸੱਚਾ ਗੁਰੂ ਕਰ ਕੇ ਜਾਣਿਆਂ ਜਾਂਦਾ ਹੈ। ਉਸ
ਦੀ ਸੰਗਤ ਕਰਨ ਨਾਲ਼, ਉਸ ਨਾਲ਼ ਰਲ਼ ਕੇ ਹਰੀ ਦੇ ਗੁਣ ਗਾਉਣ ਨਾਲ਼, ਜੀਵ ਦਾ ਉਧਾਰ ਹੋ ਜਾਂਦਾ ਹੈ, ਉਸ
ਨੂੰ ਮੁਕਤੀ ਮਿਲ ਜਾਂਦੀ ਹੈ। ਇਸ ਕਰਕੇ, ਐ ਜੀਵ, ਤੂੰ ਵੀ ਅਜਿਹੇ ਸਤਿਗੁਰ ਦੀ ਸੰਗਤ ਵਿੱਚ ਜਾ ਕੇ ਹਰੀ ਪ੍ਰਭੂ ਦੇ ਗੁਣ
ਗਾਇਆ ਕਰ ਤਾਂ ਕਿ ਤੇਰਾ ਵੀ ਪਾਰ ਉਤਾਰਾ ਹੋ ਜਾਵੇ।
ਅਸਟਪਦੀ ।।
ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ ।। ਸੇਵਕ ਕਉ
ਗੁਰੁ ਸਦਾ ਦਇਆਲ ।।
ਸੱਚਾ ਗੁਰੂ ਅਪਣੇ ਸ਼ਿਸ਼ ਦੀ ਸਦਾ ਹੀ ਪ੍ਰਤਿਪਾਲ ਕਰਦਾ ਹੈ, ਉਸ ਨੂੰ
ਆਤਮਿਕ ਖੁਰਾਕ ਦਿੰਦਾ ਹੈ। ਗੁਰੂ ਅਪਣੇ ਸੇਵਕ ਉੱਤੇ ਸਦਾ ਹੀ ਕਿਰਪਾ ਕਰਦਾ ਹੈ, ਉਸ ਤੇ ਦਯਾ ਕਰ ਕੇ
ਉਸ ਨੂੰ ਸਹੀ ਰਸਤਾ ਦਿਖਾ ਕੇ ਉਸ ਨੂੰ ਮੁਕਤੀ ਦੇ ਰਸਤੇ ਤੇ ਤੋਰਦਾ ਹੈ।
ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ ।। ਗੁਰ ਬਚਨੀ ਹਰਿ ਨਾਮੁ ਉਚਰੈ ।।
ਸੱਚਾ ਗੁਰੂ ਅਪਣੇ ਸੇਵਕ ਦੀ ਬੁਰੀ ਮੱਤ ਦੂਰ ਕਰ ਕੇ ਉਸ ਨੂੰ ਚੰਗੀ ਮੱਤ
ਦੇ ਕੇ ਉਸ ਨੂੰ ਨੇਕ ਇਨਸਾਨ ਬਣਾਉਂਦਾ ਹੈ। ਗੁਰੂ ਦੇ ਬਚਨ ਮੰਨ ਕੇ, ਉਸ ਦੀ ਸਿੱਖਿਆ ਤੇ ਅਮਲ ਕਰ
ਕੇ, ਜੀਵ
ਹਰੀ ਦੇ ਨਾਮ ਦਾ ਸਿਮਰਨ ਕਰਨ ਲੱਗ ਪੈਂਦਾ ਹੈ ਜਿਸ ਨਾਲ਼ ਉਸ ਦਾ ਆਤਮਿਕ ਵਿਕਾਸ ਹੁੰਦਾ ਹੈ ਅਤੇ ਉਸ
ਦੇ ਪਾਪ ਦੂਰ ਹੋ ਜਾਂਦੇ ਹਨ।
ਸਤਿਗੁਰੁ ਸਿਖ ਕੇ ਬੰਧਨ ਕਾਟੈ ।। ਗੁਰ ਕਾ ਸਿਖੁ
ਬਿਕਾਰ ਤੇ ਹਾਟੈ ।।
ਸੱਚਾ ਗੁਰੂ ਅਪਣੇ ਸੇਵਕ ਦੀਆਂ ਉਹ ਜ਼ੰਜੀਰਾਂ ਕੱਟ ਦਿੰਦਾ ਹੈ ਜਿਹੜੀਆਂ
ਉਸ ਨੂੰ ਮੁਕਤੀ ਦੇ ਰਾਹ ਤੇ ਚੱਲਣ ਤੋਂ ਰੋਕਦੀਆਂ ਹਨ। ਗੁਰੂ ਅਪਣੇ ਸੇਵਕ ਦੀ ਬੁਰੇ ਕਰਮ ਕਰਨ ਦੀ
ਪ੍ਰਵਿਰਤੀ ਨੂੰ ਹਟਾ ਕੇ ਉਸ ਦੀ ਥਾਂ ਸ਼ੁਭ ਕਰਮ ਕਰਨ ਦੀ ਪ੍ਰਵਿਰਤੀ ਪੈਦਾ ਕਰ ਦਿੰਦਾ ਹੈ। ਨਤੀਜੇ
ਵਜੋਂ ਸੇਵਕ ਸਾਰੇ ਵਿਕਾਰਾਂ ਤੋਂ ਛੁਟਕਾਰਾ ਪਾ ਲੈਂਦਾ ਹੈ ਅਤੇ ਨੇਕੀ ਦੇ ਰਸਤੇ ਤੇ ਚੱਲ ਪੈਂਦਾ ਹੈ
ਅਤੇ ਮੁਕਤੀ ਪ੍ਰਾਪਤ ਕਰ ਲੈਂਦਾ ਹੈ।
ਸਤਿਗੁਰੁ ਸਿਖ ਕਉ ਨਾਮ ਧਨੁ ਦੇਇ ।। ਗੁਰ ਕਾ
ਸਿਖੁ ਵਡਭਾਗੀ ਹੇ ।।
ਸੱਚਾ ਗੁਰੂ ਅਪਣੇ ਸੇਵਕ ਤੇ ਨਾਮ ਧਨ ਦੀ ਬਖਸ਼ਿਸ਼ ਕਰ ਦਿੰਦਾ ਹੈ, ਉਸ ਨੂੰ
ਨਾਮ ਸਿਮਰਨ ਦੀ ਦਾਤ ਬਖਸ਼ ਦਿੰਦਾ ਹੈ। ਨਾਮ ਸਿਮਰਨ ਜੀਵ ਦਾ ਆਤਮਿਕ ਵਿਕਾਸ ਕਰ ਕੇ ਉਸ ਦੀ ਸੁਖ,
ਸ਼ਾਂਤੀ ਅਤੇ ਮੁਕਤੀ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਦਾ ਹੈ। ਇਸ ਲਈ ਸੱਚੇ ਗੁਰੂ ਦਾ ਸੇਵਕ ਵੱਡੇ
ਭਾਗਾਂ ਵਾਲ਼ਾ ਹੁੰਦਾ ਹੈ।
ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ ।। ਨਾਨਕ
ਸਤਿਗੁਰੁ ਸਿਖ ਕਉ ਜੀਅ ਨਾਲਿ ਸਵਾਰੈ ।। 1 ।।
ਗੁਰੂ ਜੀ ਦਾਅਵਾ ਕਰਦੇ
ਹਨ ਕਿ ਸੱਚਾ ਗੁਰੂ ਅਪਣੇ ਸੇਵਕ ਦਾ ਲੋਕ ਅਤੇ ਪ੍ਰਲੋਕ ਦੋਵੇਂ ਸੰਵਾਰ ਦਿੰਦਾ ਹੈ। ਉਹ ਸੇਵਕ ਨੂੰ
ਨੇਕੀ ਦੇ ਰਸਤੇ ਤੇ ਤੋਰ ਕੇ, ਉਸ ਨੂੰ ਨੇਕ ਇਨਸਾਨ ਬਣਾ ਕੇ, ਉਸ ਦੀ ਇਸ ਜ਼ਿੰਦਗੀ ਨੂੰ ਸੁਖ ਅਤੇ
ਸ਼ਾਂਤੀ ਨਾਲ਼ ਭਰਪੂਰ ਕਰ ਦਿੰਦਾ ਹੈ, ਇਸ ਨੂੰ ਸਵਰਗ ਬਣਾ ਦਿੰਦਾ ਹੈ। ਉਸ ਦੀ ਨੇਕੀ ਮੌਤ ਤੋਂ ਬਾਦ
ਵੀ ਉਸ ਨੂੰ ਸਹਾਈ ਹੁੰਦੀ ਹੈ, ਉਸ ਦੇ ਜਨਮ ਮਰਨ ਦੇ ਚੱਕਰ ਨੂੰ ਕੱਟ ਕੇ ਉਸ ਨੂੰ ਸਦਾ ਲਈ ਪ੍ਭੂ ਦੇ
ਚਰਨਾਂ ਵਿੱਚ ਨਿਵਾਸ ਬਖਸ਼ ਦਿੰਦੀ ਹੈ। ਸੱਚਾ ਗੁਰੂ ਪੂਰੀ ਰੀਝ ਨਾਲ਼ ਅਪਣੇ ਸੇਵਕ ਨੂੰ ਸ਼ੁਭ ਗੁਣਾਂ
ਨਾਲ਼ ਸ਼ਿੰਗਾਰ ਦਿੰਦਾ ਹੈ, ਉਸ ਨੂੰ ਸਧਾਰਨ ਮਨੁੱਖ ਤੋਂ ਆਦਰਸ਼ ਮਨੁੱਖ ਬਣਾ ਦਿੰਦਾ ਹੈ।
ਗੁਰ ਕੈ ਗ੍ਰਿਹਿ ਸੇਵਕੁ ਜੋ ਰਹੈ ।। ਗੁਰ ਕੀ
ਆਗਿਆ ਮਨ ਮਹਿ ਸਹੈ ।।
ਜਿਹੜਾ ਸੇਵਕ ਗੁਰੂ ਦੇ ਘਰ ਵਿੱਚ ਆ ਕੇ ਵਸ ਜਾਂਦਾ ਹੈ, ਭਾਵ ਅਪਣੇ ਜੀਵਨ
ਨੂੰ ਗੁਰੂ ਦੀ ਸਿੱਖਿਆ ਅਨੁਸਾਰ ਢਾਲ਼ ਲੈਂਦਾ ਹੈ, ਗੁਰੂ ਦੀ ਸਿੱਖਿਆ ਨੂੰ ਮਨ ਵਿੱਚ ਵਸਾ ਕੇ ਉਸ ਤੇ
ਅਮਲ ਕਰਨ ਲੱਗ ਪੈਂਦਾ ਹੈ,
ਆਪਸ ਕਉ ਕਰਿ ਕਛੁ ਨ ਜਨਾਵੈ ।। ਹਰਿ ਹਰਿ ਨਾਮੁ
ਰਿਦੈ ਸਦ ਧਿਆਵੈ ।।
ਜਿਹੜਾ ਸਿੱਖ ਗੁਰੂ ਦੀ ਸਿੱਖਿਆ ਨੂੰ ਮੰਨਦਾ ਹੋਇਆ ਅਪਣੀ ਹਉਮੈ ਨੂੰ
ਤਿਆਗ ਕੇ ਜੀਵਨ ਵਿੱਚ ਨਿਮਰਤਾ ਧਾਰਨ ਕਰ ਲੈਂਦਾ ਹੈ ਅਤੇ ਸਦਾ ਹੀ ਅਪਣੇ ਮਨ ਵਿੱਚ ਹਰੀ ਨਾਮ ਦਾ
ਸਿਮਰਨ ਕਰਦਾ ਰਹਿੰਦਾ ਹੈ,
ਮਨੁ ਬੇਚੈ ਸਤਿਗੁਰ ਕੈ ਪਾਸਿ ।। ਤਿਸੁ ਸੇਵਕ ਕੇ
ਕਾਰਜ ਰਾਸਿ ।।
ਜਿਹੜਾ ਸੇਵਕ ਅਪਣਾ ਮਨ ਪੂਰੀ ਤਰਾਂ ਗੁਰੂ ਦੇ ਹਵਾਲੇ ਕਰ ਦਿੰਦਾ ਹੈ,
ਅਪਣੀ ਮੱਤ ਨੂੰ ਤਿਆਗ ਕੇ ਗੁਰੂ ਦੀ ਦਿੱਤੀ ਮੱਤ ਦੇ ਅਨੁਸਾਰ ਜਿਉਣ ਲੱਗ ਪੈਂਦਾ ਹੈ, ਉਸ ਦੇ ਸਾਰੇ
ਕਾਰਜ ਸਫਲ ਹੋ ਜਾਂਦੇ ਹਨ, ਉਸ ਦੇ ਕਿਸੇ ਕੰਮ ਵਿੱਚ ਕਦੇ ਵੀ ਕੋਈ ਰੁਕਾਵਟ ਨਹੀਂ ਪੈਂਦੀ।
ਸੇਵਾ ਕਰਤ ਹੋਇ ਨਿਹਕਾਮੀ ।। ਤਿਸ ਕਉ ਹੋਤ
ਪਰਾਪਤਿ ਸੁਆਮੀ ।।
ਜਿਹੜਾ ਸੇਵਕ ਸਵਾਰਥ ਰਹਿਤ ਹੋ ਕੇ ਅਪਣੇ ਆਪ ਨੂੰ ਗੁਰੂ ਦੀ ਅਤੇ
ਇਨਸਾਨੀਅਤ ਦੀ ਸੇਵਾ ਨੂੰ ਸਮਰਪਿਤ ਕਰ ਦਿੰਦਾ ਹੈ, ਉਸ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ
ਹੈ, ਉਸ ਦਾ ਪ੍ਰਭੂ ਨਾਲ਼ ਮਿਲਾਪ ਹੋ ਜਾਂਦਾ ਹੈ।
ਅਪਨੀ ਕ੍ਰਿਪਾ ਜਿਸੁ ਆਪਿ ਕਰੇਇ ।। ਨਾਨਕ ਸੋ
ਸੇਵਕੁ ਗੁਰ ਕੀ ਮਤਿ ਲੇਇ ।। 2 ।।
ਪਰ ਗੁਰੂ ਜੀ ਨਾਲ਼ ਹੀ ਇਹ ਵੀ ਕਹਿੰਦੇ ਹਨ ਕਿ ਗੁਰੂ ਦੀ ਦਿੱਤੀ ਮੱਤ ਨੂੰ
ਉਹ ਸੇਵਕ ਹੀ ਅਪਣਾਉਂਦਾ ਹੈ ਜਿਸ ਤੇ ਪ੍ਰਮਾਤਮਾ ਆਪ ਅਪਣੀ ਕਿਰਪਾ ਕਰ ਦਿੰਦਾ ਹੈ। ਪ੍ਰਮਾਤਮਾ ਦੀ
ਕਿਰਪਾ ਤੋਂ ਬਿਨਾਂ ਗੁਰੂ ਦੇ ਦੱਸੇ ਰਾਹ ਤੇ ਚੱਲਣਾ ਸੰਭਵ ਨਹੀਂ।
ਬੀਸ ਬਿਸਵੇ ਗੁਰ ਕਾ ਮਨੁ ਮਾਨੈ ।। ਸੋ ਸੇਵਕੁ
ਪਰਮੇਸੁਰ ਕੀ ਗਤਿ ਜਾਨੈ ।।
ਪ੍ਰਮਾਤਮਾ ਦੀ ਸਮਝ ਉਸ ਸੇਵਕ ਨੂੰ ਹੀ ਆਉਂਦੀ ਹੈ, ਉਸ ਪ੍ਰਭੂ ਨਾਲ਼
ਮਿਲਾਪ ਉਸ ਸੇਵਕ ਦਾ ਹੀ ਹੁੰਦਾ ਹੈ ਜਿਹੜਾ ਗੁਰੂ ਦੀ ਸਿੱਖਿਆ ਨੂੰ ਪੂਰੀ ਤਰਾਂ ਮਨ ਵਿੱਚ ਵਸਾ
ਲੈਂਦਾ ਹੈ ਅਤੇ ਉਸ ਤੇ ਸੌ ਫੀ ਸਦੀ ਅਮਲ ਕਰਦਾ ਹੈ। ਮਨ ਵਿੱਚ ਸ਼ੰਕਾ ਰੱਖ ਕੇ ਅੱਧ ਪਚੱਧ ਜਾਂ ਕੇਵਲ
ਉੱਪਰਲੇ ਮਨੋ ਗੁਰੂ ਦੀ ਸਿੱਖਿਆ ਤੇ ਚੱਲਣ ਨਾਲ਼ ਕੋਈ ਪ੍ਰਾਪਤੀ ਨਹੀਂ ਹੋ ਸਕਦੀ। ਜਦੋਂ ਸੱਚਾ ਗੁਰੂ
ਪੂਰਨ ਤੌਰ ਤੇ ਕਿਸੇ ਸੇਵਕ ਦੀ ਸਾਧਨਾ ਤੇ ਖੁਸ਼ ਹੋ ਜਾਵੇ ਅਤੇ ਉਸ ਦਾ ਹਿਰਦਾ ਪੂਰੀ ਤਰਾਂ ਉਸ ਤੇ
ਪਤੀਜ ਜਾਵੇ, ਤਦ ਹੀ ਉਸ ਦਾ ਹਰੀ ਦੇ ਨਾਲ਼ ਮਿਲਾਪ ਹੁੰਦਾ ਹੈ।
ਸੋ ਸਤਿਗੁਰੁ ਜਿਸੁ ਰਿਦੈ ਹਰਿ ਨਾਉ ।। ਅਨਿਕ ਬਾਰ
ਗੁਰ ਕਉ ਬਲਿ ਜਾਉ ।।
ਸੱਚਾ ਗੁਰੂ ਉਹ ਹੁੰਦਾ ਹੈ ਜਿਸ ਦੇ ਮਨ ਵਿੱਚ ਹਰ ਪਲ, ਹਰ ਘੜੀ, ਹਰੀ
ਪ੍ਰਭੂ ਦਾ ਨਾਮ ਵਸਦਾ ਹੋਵੇ, ਜਿਹੜਾ ਇੱਕ ਛਿਣ ਲਈ ਵੀ ਉਸ ਪ੍ਰਭੂ ਨਾ ਭੁੱਲੇ। ਗੁਰੂ ਜੀ ਕਹਿੰਦੇ
ਹਨ ਕਿ ਉਹ ਅਜਿਹੇ ਗੁਰੂ ਤੋਂ ਇੱਕ ਵਾਰ ਨਹੀਂ, ਵਾਰ ਵਾਰ ਕੁਰਬਾਨ ਜਾਂਦੇ ਹਨ।
ਸਰਬ ਨਿਧਾਨ ਜੀਅ ਕਾ ਦਾਤਾ ।। ਆਠ ਪਹਰ ਪਾਰਬ੍ਰਹਮ
ਰੰਗਿ ਰਾਤਾ ।।
ਅਜਿਹਾ ਸੱਚਾ ਗੁਰੂ ਸਾਰੇ ਖ਼ਜ਼ਾਨਿਆਂ ਦੀ ਬਖਸ਼ਿਸ਼ ਕਰਨ ਦੇ ਸਮਰਥ ਹੁੰਦਾ ਹੈ
ਅਤੇ ਸੇਵਕ ਨੂੰ ਪਹਿਲਾਂ ਨਾਲ਼ੋਂ ਵੱਖਰੀ ਕਿਸਮ ਦੇ, ਇੱਕ ਨਵੇਂ ਕਿਸਮ ਦੇ, ਜੀਵਨ ਦੀ ਦਾਤ ਬਖ਼ਸ਼ਿਸ਼ ਕਰ
ਦਿੰਦਾ ਹੈ। ਅਜਿਹਾ ਗੁਰੂ ਆਪ ਵੀ ਅੱਠੇ ਪਹਿਰ ਪਾਰਬ੍ਰਹਮ ਪਰਮੇਸ਼ਰ ਦੇ ਨਾਲ਼ ਜੁੜਿਆ ਰਹਿੰਦਾ ਹੈ, ਉਸ
ਦੇ ਪਿਆਰ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ।
ਬ੍ਰਹਮ ਮਹਿ ਜਨੁ ਜਨ ਮਹਿ ਪਾਰਬ੍ਰਹਮੁ ।। ਏਕਹਿ
ਆਪਿ ਨਹੀ ਕਛੁ ਭਰਮੁ ।।
ਉਸ ਗੁਰੂ ਵਿੱਚ ਅਤੇ ਪਾਰਬ੍ਰਹਮ ਪਰਮੇਸ਼ਰ ਵਿੱਚ ਕੋਈ ਅੰਤਰ ਨਹੀਂ ਹੁੰਦਾ।
ਦੋਵੇਂ ਇੱਕ ਰੂਪ ਹੁੰਦੇ ਹਨ। ਗੁਰੂ ਪਰਮੇਸ਼ਰ ਅਤੇ ਪਰਮੇਸ਼ਰ ਗੁਰੂ ਹੁੰਦਾ ਹੈ। ਅਰਥਾਤ ਗੁਰੂ ਪਰਮੇਸ਼ਰ
ਦਾ ਹੀ ਦੂਜਾ ਰੂਪ ਹੁੰਦਾ ਹੈ।
ਸਹਸ ਸਿਆਨਪ ਲਇਆ ਨ ਜਾਈਐ ।। ਨਾਨਕ ਐਸਾ ਗੁਰੁ ਬਡਭਾਗੀ ਪਾਈਐ ।। 3 ।।
ਇਸ ਤਰਾਂ ਦੇ ਗੁਰੂ ਨੂੰ ਇਨਸਾਨ ਅਪਣੀ ਸਿਆਣਪ ਨਾਲ਼ ਨਹੀਂ ਲੱਭ ਸਕਦਾ
ਭਾਵੇਂ ਉਹ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ। ਗੁਰੂ ਜੀ ਸਪਸ਼ਟ ਕਰਦੇ ਹਨ ਕਿ ਅਜਿਹਾ ਗੁਰੂ ਚੰਗੀ ਕਿਸਮਤ
ਦੇ ਸਿੱਟੇ ਵਜੋਂ ਹੀ ਮਿਲਦਾ ਹੈ।
ਸਫਲ ਦਰਸਨੁ ਪੇਖਤ ਪੁਨੀਤ ।। ਪਰਸਤ ਚਰਨ ਗਤਿ
ਨਿਰਮਲ ਰੀਤਿ ।।
ਅਜਿਹੇ ਗੁਰੂ ਦੇ ਦਰਸ਼ਨ ਸਫਲ ਹੁੰਦੇ ਹਨ। ਉਸ ਦੇ ਦਰਸ਼ਨ ਕਰਨ ਨਾਲ਼ ਹੀ
ਜੀਵਨ ਸਫਲ ਹੋ ਜਾਂਦਾ ਹੈ, ਮਨ ਪਵਿੱਤਰ ਹੋ ਜਾਂਦਾ ਹੈ। ਉਸ ਦੇ ਪੈਰ ਛੂਹਣ ਨਾਲ਼ ਇਨਸਾਨ ਦਾ ਜੀਵਨ
ਤਰੀਕਾ ਪਵਿੱਤਰ ਹੋ ਜਾਂਦਾ ਹੈ ਅਤੇ ਉਹ ਮੁਕਤੀ ਦਾ ਪਾਤਰ ਬਣ ਜਾਂਦਾ ਹੈ।
ਭੇਟਤ ਸੰਗਿ ਰਾਮ ਗੁਨ ਰਵੇ ।। ਪਾਰਬ੍ਰਹਮ ਕੀ
ਦਰਗਹ ਗਵੇ।।
ਉਸ ਗੁਰੂ ਨੂੰ ਮਿਲ ਕੇ, ਉਸ ਦੀ ਸੰਗਤ ਕਰ ਕੇ, ਇਨਸਾਨ ਪ੍ਰਮਾਤਮਾ ਦੇ
ਗੁਣ ਗਾਉਣੇ ਸਿੱਖ ਲੈਂਦਾ ਹੈ ਜਿਸ ਦੇ ਸਿੱਟੇ ਵਜੋਂ ਉਸ ਲਈ ਪਾਰਬ੍ਰਹਮ ਦੀ ਦਰਗਾਹ ਦਾ ਰਸਤਾ
ਖੁੱਲ੍ਹ ਜਾਂਦਾ ਹੈ, ਉਹ ਪ੍ਮਾਤਮਾ ਨਾਲ਼ ਮਿਲਾਪ ਦਾ ਪਾਤਰ ਬਣ ਜਾਂਦਾ ਹੈ।
ਸੁਨਿ ਕਰਿ ਬਚਨ ਕਰਨ ਆਘਾਨੇ ।। ਮਨਿ ਸੰਤੋਖੁ ਆਤਮ
ਪਤੀਆਨੇ ।।
ਉਸ ਗੁਰੂ ਦਾ ਉਪਦੇਸ਼ ਸੁਣ ਕੇ ਕੰਨ ਤ੍ਰਿਪਤ ਹੋ ਜਾਂਦੇ ਹਨ, ਮਨ ਨੂੰ
ਸੰਤੋਖ ਆ ਜਾਂਦਾ ਹੈ ਅਤੇ ਆਤਮਾ ਰੱਜ ਜਾਂਦੀ ਹੈ ਅਤੇ ਮਨ ਉਸ ਹਰੀ ਦੇ ਪਿਆਰ ਨਾਲ਼ ਭਰ ਜਾਂਦਾ ਹੈ। ਉਸ ਨੂੰ ਮਿਲ ਕੇ ਜੀਵ ਦੀਆਂ ਸਾਰੀਆਂ
ਤ੍ਰਿਸ਼ਨਾਵਾਂ ਖਤਮ ਹੋ ਜਾਂਦੀਆਂ ਹਨ, ਸਿਰਫ ਪ੍ਰਭੂ ਦਾ ਪਿਆਰ ਬਾਕੀ ਰਹਿ ਜਾਂਦਾ ਹੈ।
ਪੂਰਾ ਗੁਰੁ ਅਖ੍ਯਓ ਜਾ ਕਾ ਮੰਤ੍ਰ ।। ਅੰਮ੍ਰਿਤ
ਦ੍ਰਿਸਟਿ ਪੇਖੈ ਹੋਇ ਸੰਤ ।।
ਹਾਂ, ਪੂਰੇ ਗੁਰੂ ਦਾ ਬਖਸ਼ਿਸ਼ ਕੀਤਾ ਗੁਰਮੰਤਰ ਅਖਯ ਹੈ, ਕਦੇ ਨਸ਼ਟ ਨਾ
ਹੋਣ ਵਾਲ਼ਾ ਹੈ। ਉਹ ਕਦੇ ਵੀ ਅਪਣਾ ਨਿਸ਼ਾਨਾ ਪ੍ਰਾਪਤ ਕਰਨ ਵਿੱਚ ਅਸਫਲ ਨਹੀਂ ਹੁੰਦਾ। ਪੂਰੇ ਗੁਰੂ
ਦੀ ਦ੍ਰਿਸ਼ਟੀ ਅੰਮ੍ਰਿਤ ਦਾ ਰੂਪ ਹੁੰਦੀ ਹੈ। ਜਿਸ ਜੀਵ ਨੂੰ ਉਹ ਮਿਹਰ ਭਰੀ ਨਜ਼ਰ ਨਾਲ਼ ਦੇਖ ਲਵੇ ਉਹ
ਜੀਵ ਸੰਤ ਬਣ ਜਾਂਦਾ ਹੈ।
ਗੁਣ ਬਿਅੰਤ ਕੀਮਤਿ ਨਹੀ ਪਾਇ ।। ਨਾਨਕ ਜਿਸੁ
ਭਾਵੈ ਤਿਸੁ ਲਏ ਮਿਲਾਇ ।। 4 ।।
ਇਹੋ ਜਿਹਾ ਗੁਰੂ ਬੇਅੰਤ ਗੁਣਾਂ ਦਾ ਮਾਲਕ ਹੁੰਦਾ ਹੈ। ਗੁਰੂ ਜੀ ਦੇ ਬਚਨ
ਹਨ ਕਿ ਜੀਵ ਨੂੰ ਇਸ ਤਰਾਂ ਦਾ ਪੂਰਾ ਗੁਰੂ ਪ੍ਰਮਾਤਮਾ ਦੀ ਦਯਾ ਨਾਲ਼ ਹੀ ਪ੍ਰਾਪਤ ਹੁੰਦਾ ਹੈ। ਜਿਸ
ਨੂੰ ਵਾਹਿਗੁਰੂ ਚਾਹੇ, ਅਜਿਹਾ ਪੂਰਾ ਗੁਰੂ ਮਿਲਾ ਦਿੰਦਾ ਹੈ।
ਜਿਹਬਾ ਏਕ ਉਸਤਤਿ ਅਨੇਕ ।। ਸਤਿ ਪੁਰਖ ਪੂਰਨ
ਬਿਬੇਕ ।।
ਮੇਰੀ ਜੀਭ ਇੱਕ ਹੈ ਅਤੇ ਉਸ ਪ੍ਰਭੂ ਦੇ ਗੁਣ ਅਨੇਕ ਹਨ। ਇਸ ਲਈ ਮੇਰੇ ਲਈ
ਉਸ ਦੇ ਸਾਰੇ ਗੁਣਾਂ ਦਾ ਗਾਇਨ ਕਰਨਾ ਸੰਭਵ ਨਹੀਂ। ਉਹ ਪ੍ਰਭੂ ਸਤਿ ਸਰੂਪ ਹੈ, ਸਦੀਵੀ ਹੈ। ਉਸ
ਵਿੱਚ ਕੋਈ ਕਮੀ ਨਹੀਂ। ਉਹ ਗਿਆਨ ਸਰੂਪ ਹੈ, ਗਿਆਨ ਦੀ ਮੂਰਤ ਹੈ, ਸੰਪੂਰਨ ਗਿਆਨ ਦਾ ਮਾਲਕ ਹੈ।
ਕਾਹੂ ਬੋਲ ਨ ਪਹੁਚਤ ਪ੍ਰਾਨੀ ।। ਅਗਮ ਅਗੋਚਰ
ਪ੍ਰਭ ਨਿਰਬਾਨੀ ।।
ਇਨਸਾਨ ਲਈ ਅਪਣੇ ਬੋਲਾਂ ਰਾਹੀਂ ਉਸ ਦੇ ਸਾਰੇ ਗੁਣਾਂ ਨੂੰ ਬਿਆਨ ਕਰਨਾ
ਸੰਭਵ ਨਹੀਂ। ਉਹ ਮਨੁੱਖੀ ਭਾਸ਼ਾ ਦੀ ਸਮਰਥਾ ਤੋਂ ਬਾਹਰ ਹੈ। ਉਹ ਪ੍ਰਭੂ ਨਿਰਗੁਣ ਹੈ। ਇਸ ਲਈ ਉਹ
ਸਾਡੇ ਗਿਆਨ ਇੰਦਰਿਆਂ, ਸਾਡੀ ਬੁੱਧੀ ਅਤੇ ਕਲਪਨਾ ਦੀ ਪਹੁੰਚ ਤੋਂ ਬਾਹਰ ਹੈ। ਅਸੀਂ ਨਾ ਉਸ ਨੂੰ
ਵੇਖ ਸਕਦੇ ਹਾਂ, ਨਾ ਸੁਣ ਸਕਦੇ ਹਾਂ, ਨਾ ਸੁੰਘ ਸਕਦੇ ਹਾਂ, ਨਾ ਸਪਰਸ਼ ਕਰ ਸਕਦੇ ਹਾਂ ਅਤੇ ਨਾ ਚਖ
ਕੇ ਉਸ ਦੇ ਸੁਆਦ ਦਾ ਅਨੁਭਵ ਕਰ ਸਕਦੇ ਹਾਂ।
ਨਿਰਾਹਾਰ ਨਿਰਵੈਰ ਸੁਖਦਾਈ ।। ਤਾ ਕੀ ਕੀਮਤਿ
ਕਿਨੈ ਨ ਪਾਈ ।।
ਉਹ ਨਿਰਾਹਾਰ ਹੈ। ਅਪਣੀ ਹੋਂਦ ਨੂੰ ਕਾਇਮ ਰੱਖਣ ਲਈ ਉਸ ਨੂੰ ਸਾਡੇ ਵਾਂਗ ਕੁੱਝ ਖਾਣ ਦੀ ਲੋੜ ਨਹੀਂ ਪੈਂਦੀ। ਉਹ ਕਿਸੇ ਨਾਲ਼
ਵੈਰ ਨਹੀਂ ਰੱਖਦਾ। ਨਿਰਵੈਰ ਹੋਣ ਕਰਕੇ ਉਹ ਕਦੇ ਕਿਸੇ ਨੂੰ ਦੁੱਖ ਨਹੀਂ ਦਿੰਦਾ। ਉਹ ਤਾਂ ਸਗੋਂ ਸਭ
ਨੂੰ ਸਦਾ ਸੁਖ ਦੇਣ ਵਾਲ਼ਾ ਹੈ। ਉਸ ਦੀਆਂ ਦਾਤਾਂ ਦੀ ਅਤੇ ਉਸ ਦੇ ਗੁਣਾਂ ਦੀ ਅੱਜ ਤੱਕ ਕੋਈ ਵੀ
ਕੀਮਤ ਨਹੀਂ ਪਾ ਸਕਿਆ। ਜੀਵ ਉਸ ਦੀਆਂ ਦਿੱਤੀਆਂ ਦਾਤਾਂ ਦੇ ਮਹੱਤਵ ਨੂੰ ਨਹੀਂ ਸਮਝਦਾ। ਏਨਾ ਕੁੱਝ
ਪ੍ਰਾਪਤ ਕਰਨ ਦੇ ਬਾਵਜੂਦ ਵੀ ਉਹ ਅਸੰਤੁਸ਼ਟ ਹੀ ਰਹਿੰਦਾ ਹੈ। ਜੀਵ ਦੀ ਬੁੱਧੀ ਵੀ ਉਸ ਦਾਤੇ ਦੇ
ਗੁਣਾਂ ਦੀ ਮਹਾਨਤਾ ਨੂੰ ਸਮਝਣ ਦੇ ਸਮਰਥ ਨਹੀਂ।
ਅਨਿਕ ਭਗਤ ਬੰਦਨ ਨਿਤ ਕਰਹਿ ।। ਚਰਨ ਕਮਲ ਹਿਰਦੈ
ਸਿਮਰਹਿ ।।
ਅਣਗਿਣਤ ਭਗਤ ਹਨ ਜਿਹੜੇ ਹਰ ਰੋਜ਼ ਉਸ ਅੱਗੇ ਸਿਰ ਨਿਵਾਉਂਦੇ ਹਨ, ਉਸ ਨੂੰ
ਮੱਥਾ ਟੇਕਦੇ ਹਨ ਅਤੇ ਉਸ ਦੇ ਚਰਨਾ ਕਮਲਾਂ ਦਾ ਧਿਆਨ ਅਪਣੇ ਹਿਰਦੇ ਵਿੱਚ ਵਸਾਈ ਰੱਖਦੇ ਹਨ, ਸਦਾ
ਉਸ ਦੇ ਨਾਮ ਦਾ ਸਿਮਰਨ ਕਰਦੇ ਰਹਿੰਦੇ ਹਨ।
ਸਦ ਬਲਿਹਾਰੀ ਸਤਿਗੁਰ ਅਪਨੇ ।। ਨਾਨਕ ਜਿਸੁ
ਪ੍ਰਸਾਦਿ ਐਸਾ ਪ੍ਰਭ ਜਪਨੇ ।। 5 ।।
ਗੁਰੂ ਜੀ ਅਪਣੇ ਗੁਰੂ ਤੋਂ ਕੁਰਬਾਨ ਜਾਂਦੇ ਹਨ ਜਿਸ ਦੀ ਕਿਰਪਾ ਨਾਲ਼ ਉਹ
ਏਹੋ ਜਿਹੇ ਸਰਬ ਵਿਆਪਕ, ਸਰਬ ਦਾਤਾ ਅਤੇ ਸਰਬ ਕ੍ਰਿਪਾਲੂ ਪ੍ਰਭੂ ਦਾ ਨਾਮ ਜੱਪਣ ਦੀ ਸਮਝ ਹਾਸਲ ਕਰ
ਸਕੇ ਹਨ।
ਇਹੁ ਹਰਿ ਰਸੁ ਪਾਵੈ ਜਨ ਜਨੁ ਕੋਇ ।। ਅੰਮ੍ਰਿਤੁ ਪੀਵੈ ਅਮਰੁ ਸੋ ਹੋਇ ।।
ਹਰੀ ਦੇ ਨਾਮ ਨੂੰ ਜੱਪਣ ਦਾ ਅਤੇ ਉਸ ਦਾ
ਅਨੰਦ ਮਾਨਣ ਦਾ ਸੁਭਾਗ ਕਿਸੇ ਕਿਸੇ ਨੂੰ ਹੀ ਪ੍ਰਾਪਤ ਹੁੰਦਾ ਹੈ। ਪਰ ਜਿਹੜਾ ਇਸ ਅੰਮ੍ਰਿਤ ਨੂੰ ਪੀ
ਲੈਂਦਾ ਹੈ, ਉਹ ਅਮਰ ਹੋ ਜਾਂਦਾ ਹੈ।
ਉਸੁ ਪੁਰਖ ਕਾ ਨਾਹੀ ਕਦੇ ਬਿਨਾਸ ।। ਜਾ ਕੈ ਮਨਿ
ਪ੍ਰਗਟੇ ਗੁਨਤਾਸ ।।
ਜਿਸ ਜੀਵ ਦੇ ਮਨ ਵਿੱਚ ਗੁਣਾਂ ਦਾ ਇਹ ਖ਼ਜ਼ਾਨਾ (ਹਰੀ ਦਾ ਨਾਮ) ਆ ਵਸਦਾ
ਹੈ, ਉਸ ਦਾ ਕਦੇ ਵਿਨਾਸ ਨਹੀਂ ਹੋ ਸਕਦਾ।
ਆਠ ਪਹਰ ਹਰਿ ਕਾ ਨਾਮੁ ਲੇਇ ।। ਸਚੁ ਉਪਦੇਸੁ
ਸੇਵਕ ਕਉ ਦੇਇ ।।
ਜਿਹੜਾ ਗੁਰੂ ਆਪ ਦਿਨ ਰਾਤ (ਅੱਠੇ ਪਹਿਰ) ਹਰੀ ਦੇ ਨਾਮ ਦਾ ਸਿਮਰਨ ਕਰਦਾ
ਰਹਿੰਦਾ ਹੈ ਅਤੇ ਅਪਣੇ ਸੇਵਕ ਨੂੰ ਸਦੀਵ ਕਾਲ਼ ਰਹਿਣ ਵਾਲ਼ੇ ਪ੍ਰਮਾਤਮਾ ਦਾ ਨਾਮ ਸਿਮਰਨ ਦਾ (ਸਚੁ
ਦਾ) ਉਪਦੇਸ਼ ਦਿੰਦਾ ਹੈ,
ਮੋਹ ਮਾਇਆ ਕੈ ਸੰਗਿ ਨ ਲੇਪੁ ।। ਮਨ ਮਹਿ ਰਾਖੈ
ਹਰਿ ਹਰਿ ਏਕੁ ।।
ਜਿਹੜਾ ਗੁਰੂ ਮੋਹ ਮਾਇਆ ਦੀ ਲਪੇਟ ਵਿੱਚ ਨਹੀਂ ਆਉਂਦਾ ਅਤੇ ਕੇਵਲ ਹਰੀ
ਦੇ ਨਾਮ ਨੂੰ ਹੀ ਅਪਣੇ ਮਨ ਵਿੱਚ ਵਸਾ ਕੋ ਰੱਖਦਾ ਹੈ,
ਅੰਧਕਾਰ ਦੀਪਕ ਪਰਗਾਸੇ ।। ਨਾਨਕ ਭਰਮ ਮੋਹ ਦੁੱਖ ਤਹ ਤੇ ਨਾਸੇ ।। 6 ।।
ਅਜਿਹਾ ਗੁਰੂ ਹਨ੍ਹੇਰੇ ਵਿੱਚ ਬਲ਼ ਰਹੇ ਦੀਵੇ ਦੀ ਤਰਾਂ ਹੁੰਦਾ ਹੈ। ਉਹ
ਅਗਿਆਨਤਾ ਵਿੱਚ ਭਟਕਦੀ ਮਨੁੱਖਤਾ ਨੂੰ ਗਿਆਨ ਦਾ ਚਾਨਣ ਪ੍ਰਦਾਨ ਕਰਦਾ ਹੈ ਅਤੇ ਮਨਾਂ ਵਿੱਚ ਵਸੇ
ਹਨ੍ਹੇਰੇ ਨੂੰ ਦੂਰ ਕਰਦਾ ਹੈ। ਉਸ ਗੁਰੂ ਦੇ ਉਪਦੇਸ਼ ਤੇ ਅਮਲ ਕਰਨ ਵਾਲ਼ਾ ਜੀਵ ਕਦੇ ਵੀ ਨਿਰਾਧਾਰ
ਭੁਲੇਖਿਆਂ ਦਾ ਅਤੇ ਪਦਾਰਥਿਕ ਮੋਹ ਦਾ ਸ਼ਿਕਾਰ ਨਹੀਂ ਹੁੰਦਾ। ਉਸ ਦੇ ਜੀਵਨ ਵਿੱਚ ਦੁੱਖ ਕਦੇ ਪੈਰ
ਨਹੀਂ ਧਰਦੇ, ਉਸ ਨੂੰ ਦੇਖ ਕੇ ਹੀ ਦੂਰ ਨੱਸ ਜਾਂਦੇ ਹਨ।
ਤਪਤਿ ਮਾਹਿ ਠਾਢਿ ਵਰਤਾਈ ।। ਅਨਦੁ ਭਇਆ ਦੁਖ
ਨਾਠੇ ਭਾਈ ।।
ਹੇ ਭਾਈ, ਅਜਿਹੇ ਪਰਮ ਪੁਰਖ ਸਤਿਗੁਰੂ ਨੇ ਅਪਣੀ ਸਿੱਖਿਆ ਨਾਲ ਸਾਡੇ
ਤਪਦੇ ਅੰਦਰ ਨੂੰ ਸ਼ਾਂਤ ਕਰ ਦਿੱਤਾ ਹੈ, ਠੰਢ ਵਰਤਾ ਦਿੱਤੀ ਹੈ। ਸਾਡੇ ਸਾਰੇ ਦੁੱਖ ਦੂਰ ਹੋ ਗਏ ਹਨ,
ਦੌੜ ਗਏ ਹਨ ਅਤੇ ਮਨ ਵਿੱਚ ਅਨੰਦ ਹੀ ਅਨੰਦ ਛਾ ਗਿਆ ਹੈ।
ਜਨਮ ਮਰਨ ਕੇ ਮਿਟੇ ਅੰਦੇਸੇ ।। ਸਾਧੂ ਕੇ ਪੂਰਨ
ਉਪਦੇਸੇ ।।
ਅਜਿਹੇ ਸਤਿਗੁਰੂ ਦੇ ਉਪਦੇਸ਼ ਨਾਲ਼ ਸਾਡੇ ਜਨਮ ਮਰਨ ਦੇ ਸਾਰੇ ਡਰ ਦੂਰ ਹੋ
ਗਏ ਹਨ। ਯਕੀਨ ਹੋ ਗਿਆ ਹੈ ਕਿ ਜੋ ਹੋਣਾ ਹੈ ਉਸ ਪ੍ਰਭੂ ਦੀ ਇੱਛਾ ਅਨੁਸਾਰ ਹੋਣਾ ਹੈ। ਉਸ ਨੂੰ ਕੋਈ
ਰੋਕ ਨਹੀਂ ਸਕਦਾ। ਉਸ ਨੂੰ ਕੇਵਲ ਹਸ ਕੇ ਪ੍ਰਵਾਨ ਕਰਨਾ ਹੈ।
ਭਉ ਚੂਕਾ ਨਿਰਭਉ ਹੋਇ ਬਸੇ ।। ਸਗਲ ਬਿਆਧਿ ਮਨ ਤੇ
ਖੈ ਨਸੇ ।।
ਡਰ ਖਤਮ ਹੋ ਗਿਆ ਹੈ। ਹੁਣ ਜੀਵਨ ਸੌਖਾ, ਡਰ ਰਹਿਤ ਹੋ ਗਿਆ ਹੈ। ਕਿਸੇ
ਵੀ ਸੰਭਾਵਨਾ ਤੋਂ ਡਰ ਨਹੀਂ ਲੱਗਦਾ। ਸਾਰੇ ਦੁੱਖ ਨਸ਼ਟ ਹੋ ਗਏ ਹਨ, ਜੀਵਨ ਵਿੱਚੋਂ ਨਿਕਲ਼ ਗਏ ਹਨ।
ਜਿਸ ਕਾ ਸਾ ਤਿਨਿ ਕਿਰਪਾ ਧਾਰੀ ।। ਸਾਧਸੰਗਿ ਜਪਿ
ਨਾਮੁ ਮੁਰਾਰੀ ।।
ਜਿਸ ਪਿਤਾ ਦੇ ਅਸੀਂ ਬੱਚੇ ਹਾਂ, ਉਸ ਨੇ ਸਾਡੇ ਤੇ ਕਿਰਪਾ ਕਰ ਦਿੱਤੀ ਹੈ
ਜਿਸ ਦੇ ਫਲ਼ਸਰੂਪ ਅਸੀਂ ਸੰਤਾਂ ਦੀ ਸੰਗਤ ਵਿੱਚ ਆ ਕੇ ਵਾਹਿਗੁਰੂ ਦਾ ਨਾਮ ਸਿਮਰਨ ਕਰਨ ਲੱਗ ਪਏ
ਹਾਂ।
ਥਿਤਿ ਪਾਈ ਚੂਕੇ ਭ੍ਰਮ ਗਵਨ ।। ਸੁਨਿ ਨਾਨਕ ਹਰਿ ਹਰਿ ਜਸੁ ਸ੍ਰਵਨ ।। 7 ।।
ਸੰਤਾਂ ਦੀ ਸੰਗਤ ਵਿੱਚ ਕੰਨਾਂ ਨਾਲ਼ ਹਰੀ
ਦਾ ਜਸ ਸੁਣਨ ਨਾਲ਼ ਅਤੇ ਉਨ੍ਹਾਂ ਦੀ ਸੰਗਤ ਸਦਕਾ ਨਾਮ ਜੱਪਣ ਨਾਲ਼ ਸਾਡੇ ਸਾਰੇ ਭਰਮ ਭੁਲੇਖੇ
ਦੂਰ ਹੋ ਗਏ ਹਨ, ਆਉਣ ਜਾਣ ਦਾ ਡਰ ਨਹੀਂ ਰਿਹਾ
ਅਤੇ ਸਾਡਾ ਮਨ ਅਡੋਲ ਅਵਸਥਾ ਵਿੱਚ ਪਹੁੰਚ ਗਿਆ ਹੈ। ਇਸ ਤਰਾਂ ਗੁਰੂ ਜੀ ਪੂਰਨ ਸਤਿਗੁਰ ਦੀ ਸੰਗਤ ਦਾ ਜੀਵ ਦੇ ਜੀਵਨ ਉੱਤੇ
ਸ਼ੁਭ ਪ੍ਰਭਾਵ ਬਿਆਨ ਕਰਦੇ ਹਨ।
ਨਿਰਗੁਨੁ ਆਪਿ ਸਰਗੁਨੁ ਭੀ ਓਹੀ ।। ਕਲਾ ਧਾਰਿ
ਜਿਨਿ ਸਗਲੀ ਮੋਹੀ ।।
ਪ੍ਰਮਾਤਮਾ ਹੀ ਨਿਰਗੁਣ ਹੈ ਤੇ ਉਹ ਹੀ ਸਰਗੁਣ ਹੈ। ਨਿਰਗੁਣ ਰੂਪ ਵਿੱਚ
ਉਹ ਸਾਡੇ ਗਿਆਨ ਇੰਦਰਿਆਂ ਦੀ ਪਹੁੰਚ ਤੋਂ ਬਾਹਰ ਹੈ। ਸਰਗੁਣ ਰੂਪ ਵਿੱਚ ਸੰਸਾਰ ਦੇ ਸਾਰੇ ਜੀਵਾਂ
ਅਤੇ ਜੜ੍ਹ ਪਦਾਰਥਾਂ ਵਿੱਚ ਵੱਸਿਆ ਹੋਇਆ ਹੈ। ਜੋ ਕੁੱਝ ਸਾਨੂੰ ਦਿਖਾਈ ਦਿੰਦਾ ਹੈ, ਉਸੇ ਦਾ ਰੂਪ
ਹੈ। ਉਸ ਨੇ ਅਪਣੀ ਸ਼ਕਤੀ ਦੀ ਵਰਤੋਂ ਕਰਦੇ ਹੋਏ ਸਰਗੁਣ ਰੂਪ ਧਾਰਨ ਕਰ ਲਿਆ ਹੈ ਅਤੇ ਇਸ ਰੂਪ ਵਿੱਚ
ਸਭ ਜੀਵਾਂ ਨੂੰ ਮੋਹਿਤ ਕਰ ਲਿਆ ਹੈ।
ਅਪਨੇ ਚਰਿਤ ਪ੍ਰਭਿ ਆਪਿ ਬਨਾਏ ।। ਅਪੁਨੀ ਕੀਮਤਿ
ਆਪੇ ਪਾਏ ।।
ਇਹ ਸਾਰਾ ਖੇਲ੍ਹ ਤਮਾਸ਼ਾ ਵਾਹਿਗੁਰੂ ਦਾ ਅਪਣਾ ਹੀ ਰਚਿਆ ਹੋਇਆ ਹੈ। ਇਸ
ਦੀ ਸਾਰੀ ਵਿਉਂਤ ਉਸ ਨੇ ਅਪਣੀ ਖੁਸ਼ੀ ਨਾਲ਼ ਅਪਣੀ ਇੱਛਾ ਅਨੁਸਾਰ ਬਣਾਈ ਹੈ। ਆਪ ਹੀ ਸਰਗੁਣ ਰੂਪ ਧਾਰ
ਕੇ ਉਹ ਅਪਣੀ ਰਚਨਾ ਦੀ ਕੀਮਤ ਪਾ ਰਿਹਾ ਹੈ।
ਹਰਿ ਬਿਨੁ ਦੂਜਾ ਨਾਹੀ ਕੋਇ ।। ਸਰਬ ਨਿਰੰਤਰਿ
ਏਕੋ ਸੋਇ ।।
ਸ੍ਰਿਸ਼ਟੀ ਵਿੱਚ ਉਸ ਤੋਂ ਬਿਨਾਂ ਹੋਰ ਕੋਈ ਹੈ ਹੀ ਨਹੀਂ। ਦ੍ਰਿਸ਼ਟ ਅਨਦ੍ਰਿਸ਼ਟ
ਸਭ ਉਹ ਆਪ ਹੀ ਹੈ। ਉਹ ਸਰਬ ਵਿਆਪਕ ਹੈ ਅਤੇ ਉਸ ਦੀ ਹੋਂਦ ਲਗਾਤਾਰ, ਨਿਰੰਤਰ ਬਣੀ ਰਹਿਂਦੀ ਹੈ।
ਕੋਈ ਪਲ ਨਹੀਂ ਹੁੰਦਾ ਜਦੋਂ ਉਹ ਇਸ ਸੰਸਾਰ ਦੀ ਹਰ ਸ਼ੈ ਵਿੱਚ ਵਿਆਪ ਨਾ ਰਿਹਾ ਹੋਵੇ।
ਓਤਿ ਪੋਤਿ ਰਵਿਆ ਰੂਪ ਰੰਗ ।। ਭਏ ਪ੍ਰਗਾਸ ਸਾਧ
ਕੈ ਸੰਗ ।।
ਉਹ ਵੱਖੋ ਵੱਖਰੇ ਰੂਪ ਅਤੇ ਰੰਗ ਧਾਰਨ ਕਰ ਕੇ ਤਾਣੇ ਪੇਟੇ ਦੀ ਤਰਾਂ ਹਰ
ਸ਼ੈ ਦੇ ਵਿੱਚ ਰਮਿਆਂ ਹੋਇਆ ਹੈ। ਪਰ ਉਹ ਸਾਨੂੰ ਦਿਖਾਈ ਨਹੀਂ ਦਿੰਦਾ। ਉਸ ਦੀ ਸਰਬ ਵਿਆਪਕਤਾ ਦੀ
ਸੋਝੀ ਸੰਤਾਂ ਦੀ ਸੰਗਤ ਵਿੱਚ ਜਾ ਕੇ ਹੀ ਹੁੰਦੀ ਹੈ।
ਰਚਿ ਰਚਨਾ ਅਪਨੀ ਕਲ ਧਾਰੀ ।। ਅਨਿਕ ਬਾਰ ਨਾਨਕ
ਬਲਿਹਾਰੀ ।। 8 ।। 18 ।।
ਅਪਣੀ ਸ਼ਕਤੀ ਦੀ ਵਰਤੋਂ ਕਰ ਕੇ ਹੀ ਉਸ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ।
ਉਸ ਦੀ ਰਚਨਾ ਕਰ ਕੇ ਉਸ ਨੇ ਅਪਣੀ ਸ਼ਕਤੀ ਨੂੰ ਪ੍ਰਗਟ ਕੀਤਾ ਹੈ। ਗੁਰੂ ਜੀ ਉਸ ਸਰਬ ਸ਼ਕਤੀਮਾਨ ਹਰੀ
ਪ੍ਰਭੂ ਦੇ ਵਾਰ ਵਾਰ ਬਲਿਹਾਰ ਜਾਂਦੇ ਹਨ।
ਸਲੋਕ ।।
ਸਾਥਿ ਨ ਚਾਲੈ ਬਿਨੁ ਭਜਨ ਬਿਖਿਆ ਸਗਲੀ ਛਾਰੁ ।।
ਹਰਿ ਹਰਿ ਨਾਮੁ ਕਮਾਵਨਾ ਨਾਨਕ ਇਹੁ ਧਨੁ ਸਾਰੁ ।। 1 ।।
ਹੇ ਜੀਵ, ਇਹ ਮਾਇਆ ਜਿਸ ਦੇ ਪਿੱਛੇ ਤੂੰ ਪਾਗਲ ਹੋਇਆ ਫਿਰਦਾ ਹੈਂ, ਸੁਆਹ
ਦੇ ਬਰਾਬਰ ਹੈ। ਇਸ ਨੇ ਪ੍ਰਲੋਕ ਵਿੱਚ ਤੇਰਾ ਸਾਥ ਨਹੀਂ ਦੇਣਾ। ਪ੍ਰਲੋਕ ਵਿੱਚ ਕੇਵਲ ਤੇਰਾ ਕੀਤਾ
ਹੋਇਆ ਭਜਨ ਹੀ ਤੇਰੇ ਨਾਲ਼ ਜਾਵੇਗਾ। ਇਸ ਲਈ ਦੁਨਿਆਵੀ ਧਨ ਨੂੰ ਛੱਡ ਕੇ ਨਾਮ ਧਨ ਦੀ ਕਮਾਈ ਕਰਨ ਤੇ
ਅਪਣਾ ਧਿਆਨ ਦਿਆ ਕਰ। ਇਹ ਹੀ ਅਸਲ ਧਨ ਹੈ ਜੋ ਮੌਤ ਤੋਂ ਬਾਦ ਤੇਰਾ ਸਾਥ ਦੇਵੇਗਾ।
ਅਸਟਪਦੀ ।।
ਸੰਤ ਜਨਾ ਮਿਲਿ ਕਰਹੁ ਬੀਚਾਰੁ ।। ਏਕੁ ਸਿਮਰਿ
ਨਾਮ ਆਧਾਰੁ ।।
ਸੰਤ ਜਨਾਂ ਨੂੰ ਮਿਲ ਕੇ, ਉਨ੍ਹਾਂ ਕੋਲ਼ ਬੈਠ ਕੇ, ਵਿਚਾਰ ਕਰਿਆ ਕਰ ਕਿ
ਅਸਲ ਧਨ ਕਿਹੜਾ ਹੈ। ਉਹ ਤੈਨੂੰ ਦੱਸਣਗੇ ਕਿ ਕਿਹੜਾ ਧਨ ਕੀਮਤੀ ਧਨ ਹੈ। ਉਹ ਤੈਨੂੰ ਦੱਸਣਗੇ ਕਿ
ਨਾਮ ਧਨ ਹੀ ਉਹ ਧਨ ਹੈ ਜਿਹੜਾ ਪ੍ਰਲੋਕ ਵਿੱਚ ਤੈਨੂੰ ਸਹਾਰਾ ਦੇਵੇਗਾ।
ਅਵਰਿ ਉਪਾਵ ਸਭਿ ਮੀਤ ਬਿਸਾਰਹੁ ।। ਚਰਨ ਕਮਲ ਰਿਦ
ਮਹਿ ਉਰਿ ਧਾਰਹੁ ।।
ਹੋਰ ਸਾਰੇ ਹੱਥ ਪੈਰ ਮਾਰਨੇ ਬੰਦ ਕਰ ਦੇ। ਇਨ੍ਹਾਂ ਦਾ ਤੈਨੂੰ ਕੋਈ ਲਾਭ
ਨਹੀਂ ਹੋਣਾ। ਸਿਰਫ ਪ੍ਰਮਾਤਮਾ ਦੇ ਚਰਨ ਕਮਲਾਂ ਨੂੰ ਅਪਣੇ ਹਿਰਦੇ ਵਿੱਚ ਵਸਾ ਕੇ ਰੱਖਿਆ ਕਰ। ਹੋਰ
ਕੋਈ ਭੱਜ ਦੌੜ ਕਰਨ ਦੀ ਲੋੜ ਨਹੀਂ।
ਕਰਨ ਕਾਰਨ ਸੋ ਪ੍ਰਭੁ ਸਮਰਥੁ ।। ਦ੍ਰਿੜੁ ਕਰਿ
ਗਹਹੁ ਨਾਮੁ ਹਰਿ ਵਥੁ ।।
ਪ੍ਰਮਾਤਮਾ ਸਭ ਕੁੱਝ ਕਰਨ ਅਤੇ ਕਰਵਾਉਣ ਦੇ ਸਮਰਥ ਹੈ। ਉਹ ਜੋ ਚਾਹੇ ਕਰ
ਸਕਦਾ ਹੈ। ਜੀਵਾਂ ਤੋਂ ਵੀ ਸਭ ਕੁੱਝ ਉਹ ਹੀ ਕਰਵਾਉਂਦਾ ਹੈ। ਪੱਕਾ ਇਰਾਦਾ ਕਰ ਕੇ ਉਸ ਹਰੀ ਦੇ ਨਾਮ
ਦੀ ਵਸਤ ਨੂੰ ਇਕੱਠਾ ਕਰਨ ਤੇ ਸਾਰਾ ਧਿਆਨ ਕੇਂਦਰਿਤ ਕਰ ਲੈ। ਹਰੀ ਦੇ ਨਾਮ ਦਾ ਪੱਲਾ ਘੁੱਟ ਕੇ ਫੜ
ਲੈ। ਇਹ ਹੀ ਅੰਤ ਵੇਲ਼ੇ ਤੇਰਾ ਸਾਥ ਦੇਵੇਗਾ।
ਇਹੁ ਧਨੁ ਸੰਚਹੁ ਹੋਵਹੁ ਭਗਵੰਤ ।। ਸੰਤ ਜਨਾ ਕਾ
ਨਿਰਮਲ ਮੰਤ ।।
ਹਰੀ ਦੇ ਨਾਮ ਦਾ ਧਨ ਵੱਧ ਤੋਂ ਵੱਧ ਇਕੱਠਾ ਕਰ ਲੈ। ਇਹ ਧਨ ਤੈਨੂੰ
ਭਾਗਸ਼ਾਲੀ ਬਣਾ ਦੇਵੇਗਾ, ਤੇਰੀ ਕਿਸਮਤ ਬਦਲ ਦੇਵੇਗਾ। ਸੰਤਾਂ ਦਾ ਦਿੱਤਾ ਹੋਇਆ ਮੰਤਰ ਪਵਿੱਤਰ ਮੰਤਰ
ਹੁੰਦਾ ਹੈ। ਜੋ ਜੀਵਨ ਢੰਗ ਸੰਤ ਦੱਸਦੇ ਹਨ, ਉਹ ਸਭ ਤੋਂ ਉੱਤਮ ਹੁੰਦਾ ਹੈ। ਉਸ ਤੇ ਚੱਲਣ ਨਾਲ਼
ਤੇਰੇ ਸਾਰੇ ਕੰਮ ਸੰਵਰ ਜਾਣਗੇ।
ਏਕ ਆਸ ਰਾਖਹੁ ਮਨ ਮਾਹਿ ।। ਸਰਬ ਰੋਗ ਨਾਨਕ ਮਿਟਿ ਜਾਹਿ ।। 1 ।।
ਹੋਰ
ਕਿਸੇ ਸਹਾਰੇ ਦੀ ਆਸ ਨਾ ਰੱਖ। ਸਿਰਫ ਇੱਕ ਵਾਹਿਗੁਰੂ ਦੇ ਸਹਾਰੇ ਦੀ ਆਸ ਰੱਖ ਕੇ ਉਸ ਦੇ ਨਾਮ ਦਾ
ਸਿਮਰਨ ਕਰਦਾ ਰਹਿ। ਗੁਰੂ ਜੀ ਭਰੋਸਾ ਦਿਵਾਉਂਦੇ ਹਨ ਕਿ ਇਸ ਨਾਲ਼ ਤੇਰੇ ਸਾਰੇ ਰੋਗ ਦੂਰ ਹੋ ਜਾਣਗੇ,
ਸਾਰੇ ਦੁੱਖ ਕੱਟੇ ਜਾਣਗੇ।
ਜਿਸੁ ਧਨ ਕਉ ਚਾਰਿ ਕੁੰਟ ਉਠਿ ਧਾਵਹਿ ।। ਸੋ ਧਨੁ ਹਰਿ ਸੇਵਾ ਤੇ ਪਾਵਹਿ ।।
ਜਿਸ
ਧਨ ਨੂੰ ਇਕੱਠਾ ਕਰਨ ਲਈ ਤੂੰ ਚਾਰਾਂ ਦਿਸ਼ਾਵਾਂ ਵਿੱਚ ਭੱਜਿਆ ਫਿਰਦਾ ਹੈਂ, ਉਹ ਧਨ ਤੈਨੂੰ ਕੇਵਲ ਹਰੀ
ਪ੍ਰਭੂ ਦੀ ਸੇਵਾ ਕਰਨ ਨਾਲ਼ ਹੀ ਪ੍ਰਾਪਤ ਹੋਵੇਗਾ। ਹੋਰ ਕੋਈ ਤੈਨੂੰ ਉਹ ਧਨ ਦੇਣ ਦੇ ਸਮਰਥ ਨਹੀਂ।
ਜਿਸੁ ਸੁਖ ਕਉ ਨਿਤ ਬਾਛਹਿ ਮੀਤ ।। ਸੋ ਸੁਖੁ ਸਾਧੂ ਸੰਗਿ ਪਰੀਤਿ ।।
ਜਿਸ ਸੁਖ ਦੀ ਇੱਛਾ ਤੂੰ ਹਰ ਰੋਜ਼ ਮਨ ਵਿੱਚ ਪਾਲ਼ਦਾ ਹੈਂ, ਉਹ ਸੁਖ ਤੈਨੂੰ
ਹੋਰ ਕਿਤੋਂ ਨਹੀਂ ਮਿਲਣਾ। ਉਹ ਕੇਵਲ ਸੰਤ ਪੁਰਖਾਂ ਦੀ ਸੰਗਤ ਕਰ ਕੇ, ਉਨ੍ਹਾਂ ਨਾਲ਼ ਪਿਆਰ ਪਾ ਕੇ
ਅਤੇ ਉਨ੍ਹਾਂ ਦੀ ਸਿਖਿਆ ਨਾਲ਼ ਪ੍ਰਮਾਤਮਾ ਨਾਲ਼ ਜੁੜ ਕੇ ਹੀ ਪ੍ਰਾਪਤ ਹੋਵੇਗਾ।
ਜਿਸੁ ਸੋਭਾ ਕਉ ਕਰਹਿ ਭਲੀ ਕਰਨੀ ।। ਸਾ ਸੋਭਾ ਭਜੁ ਹਰਿ ਕੀ ਸਰਨੀ ।।
ਜਿਹੜੀ
ਸ਼ੋਭਾ ਖੱਟਣ ਲਈ ਤੂੰ ਨੇਕ ਕੰਮ ਕਰਦਾ ਹੈਂ, ਉਹ ਸ਼ੋਭਾ ਤੈਨੂੰ ਹਰੀ ਦੇ ਚਰਨਾਂ ਨਾਲ਼ ਜੁੜ ਕੇ, ਹਰੀ
ਦੇ ਨਾਮ ਦਾ ਸਿਮਰਨ ਕਰ ਕੇ ਪ੍ਰਾਪਤ ਹੋਵੇਗੀ।
ਅਨਿਕ ਉਪਾਵੀ ਰੋਗੁ ਨ ਜਾਇ ।। ਰੋਗੁ ਮਿਟੈ ਹਰਿ ਅਵਖਧੁ ਲਾਇ ।।
ਜਿਹੜਾ
ਰੋਗ ਹੋਰ ਕਿਸੇ ਉਪਾਅ ਕਰਨ ਨਾਲ਼ ਠੀਕ ਨਹੀਂ ਹੁੰਦਾ, ਜਿਸ ਦਾ ਹੋਰ ਕੋਈ ਇਲਾਜ ਨਹੀਂ, ਉਹ ਪ੍ਰਮਾਤਮਾ
ਦੇ ਨਾਮ ਦੀ ਦਵਾਈ ਲੈਣ ਨਾਲ਼ ਠੀਕ ਹੋ ਜਾਂਦਾ ਹੈ। ਹਰੀ ਦਾ ਨਾਮ ਸਭ ਰੋਗਾਂ ਦੀ ਦਾਰੂ ਹੈ। ਸਰਬ ਰੋਗ ਕਾ ਅਉਖਧੁ ਨਾਮ।
ਸਰਬ ਨਿਧਾਨ ਮਹਿ ਹਰਿ ਨਾਮੁ ਨਿਧਾਨੁ ।। ਜਪਿ ਨਾਨਕ ਦਰਗਹਿ ਪਰਵਾਨੁ ।। 2
।।
ਹੋਰ
ਸਾਰੇ ਖ਼ਜ਼ਾਨਿਆਂ ਨਾਲ਼ੋਂ ਵੱਧ ਕੀਮਤੀ ਖ਼ਜ਼ਾਨਾ ਹਰੀ ਦਾ ਨਾਮ ਹੈ। ਹਰੀ ਦੇ ਨਾਮ ਦਾ ਸਿਮਰਨ ਕਰਿਆ ਕਰ।
ਕੇਵਲ ਇਹ ਧਨ ਹੀ ਹੈ ਜਿਹੜਾ ਪ੍ਰਮਾਤਮਾ ਦੀ ਦਰਗਾਹ ਵਿੱਚ ਪ੍ਰਵਾਨ
ਹੋਵੇਗਾ।
ਜੇ ਤੇਰੇ ਪੱਲੇ ਇਹ ਧਨ ਹੋਵੇਗਾ ਤਾਂ ਵਾਹਿਗੁਰੂ ਦੇ ਦਰਬਾਰ ਵਿੱਚ ਤੈਨੂੰ ਸਤਿਕਾਰ ਮਿਲੇਗਾ।
ਮਨੁ ਪਰਬੋਧਹੁ ਹਰਿ ਕੈ ਨਾਇ ।। ਦਹ ਦਿਸਿ ਧਾਵਤ ਆਵੈ ਠਾਇ ।।
ਮਾਇਆ
ਦੀ ਦੌੜ ਵਿੱਚੋਂ ਬਾਹਰ ਨਿੱਕਲ਼ ਕੇ ਅਪਣੇ ਮਨ ਨੂੰ ਹਰੀ ਦੇ ਨਾਮ ਨਾਲ਼ ਜੋੜ ਅਤੇ ਆਤਮ ਗਿਆਨ ਦੇ
ਹਥਿਆਰ ਨਾਲ਼ ਇਸ ਨੂੰ ਕਾਬੂ ਕਰ ਤਾਂ ਕਿ ਇਹ ਮਾਇਆ ਪਿੱਛੇ ਦਸਾਂ ਦਿਸ਼ਾਵਾਂ ਵਿੱਚ ਦੌੜਨਾ ਛੱਡ ਦੇਵੇ
ਅਤੇ ਟਿਕਾਅ ਵਿੱਚ ਆ ਕੇ ਸਿਮਰਨ ਵਿੱਚ ਜੁੜ ਸਕੇ।
ਤਾ ਕਉ ਬਿਘਨੁ ਨ ਲਾਗੈ ਕੋਇ ।। ਜਾ ਕੈ ਰਿਦੈ ਬਸੈ ਹਰਿ ਸੋਇ ।।
ਉਸ ਇਨਸਾਨ ਦੇ ਕਿਸੇ
ਕੰਮ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ ਜਿਸ ਦੇ ਹਿਰਦੇ ਵਿੱਚ ਪ੍ਰਭੂ ਆਪ ਵਸਦਾ ਹੋਵੇ। ਹਰੀ ਦੇ ਨਾਮ
ਵਿੱਚ ਐਨੀ ਤਾਕਤ ਹੈ ਕਿ ਇਹ ਸਾਰੀਆਂ ਮੁਸ਼ਕਲਾਂ ਨੂੰ ਹੱਲ ਕਰ ਦਿੰਦਾ ਹੈ।
ਕਲਿ ਤਾਤੀ ਠਾਂਢਾ ਹਰਿ ਨਾਉ ।। ਸਿਮਰਿ ਸਿਮਰਿ ਸਦਾ ਸੁਖ ਪਾਉ ।।
ਕਲਯੁਗ
ਵਿੱਚ ਜੀਵਾਂ ਦੀ ਮਾਇਆਵੀ ਪ੍ਰਵਿਰਤੀ ਅਜਿਹੀ ਹੈ ਕਿ ਇਸ ਨੇ ਜ਼ੰਦਗੀ ਨੂੰ ਅੱਗ ਦੀ ਤਰਾਂ ਤਸੀਹੇ
ਦਾਇਕ ਬਣਾ ਦਿੱਤਾ ਹੈ। ਕੇਵਲ ਹਰੀ ਦਾ ਨਾਮ ਹੀ ਇੱਕੋ ਇੱਕ ਠੰਢਕ ਦਾ ਸ੍ਰੋਤ ਹੈ ਜਿਹੜਾ ਇਸ ਦੀ
ਗਰਮੀ ਤੋਂ ਤੈਨੂੰ ਬਚਾ ਸਕਦਾ ਹੈ। ਇਸ ਲਈ ਸਦਾ ਹਰੀ ਦੇ ਨਾਮ ਦਾ ਸਿਮਰਨ ਕਰਦਾ ਰਿਹਾ ਕਰ। ਇਸ ਨਾਲ਼
ਤੈਨੂੰ ਸੁਖ ਦੀ ਪ੍ਰਾਪਤੀ ਹੋਵੇਗੀ।
ਭਉ ਬਿਨਸੈ ਪੂਰਨ ਹੋਇ ਆਸ ।। ਭਗਤਿ ਭਾਇ ਆਤਮ ਪਰਗਾਸ ।।
ਪਿਆਰ
ਪੂਰਬਕ ਹਰੀ ਦੀ ਭਗਤੀ ਕਰਨ ਨਾਲ਼ ਤੇਰੇ ਅੰਦਰ ਆਤਮ ਗਿਆਨ ਦਾ ਪ੍ਰਕਾਸ਼ ਹੋਵੇਗਾ ਜਿਸ ਨਾਲ਼ ਤੇਰੇ ਸਾਰੇ
ਡਰਾਂ ਦਾ ਨਾਸ ਹੋ ਜਾਵੇਗਾ, ਤੇਰੇ ਮਨ ਨੂੰ ਟਿਕਾਉ ਮਿਲੇਗਾ ਅਤੇ ਤੇਰੀਆਂ ਸਾਰੀਆਂ ਆਸਾਂ ਪੂਰੀਆਂ
ਹੋ ਜਾਣਗੀਆਂ।
ਤਿਤੁ ਘਰਿ ਜਾਇ ਬਸੈ ਅਬਿਨਾਸੀ ।। ਕਹੁ ਨਾਨਕ ਕਾਟੀ ਜਮ ਫਾਸੀ ।। 3 ।।
ਗੁਰੂ
ਜੀ ਦਾ ਕਥਨ ਹੈ ਕਿ ਪਿਆਰ ਭਾਵ ਨਾਲ਼ ਭਗਤੀ ਕਰਨ ਨਾਲ਼ ਜੀਵ ਦੀ ਆਤਮਾ ਅਬਿਨਾਸ਼ੀ ਪ੍ਰਮਾਤਮਾ ਦੇ ਘਰ
ਵਿੱਚ ਜਾ ਵਸਦੀ ਹੈ ਅਤੇ ਜਮ ਦੀ ਫਾਸੀ ਕੱਟੀ ਜਾਂਦੀ ਹੈ, ਮੌਤ ਦਾ ਭੈ ਖਤਮ ਹੋ ਜਾਂਦਾ ਹੈ।
ਤਤੁ ਬੀਚਾਰੁ ਕਹੈ ਜਨੁ ਸਾਚਾ ।। ਜਨਮਿ ਮਰੈ ਸੋ ਕਾਚੋ ਕਾਚਾ ।।
ਗੁਰੂ
ਜੀ ਦੱਸਦੇ ਹਨ ਕਿ ਸਾਰੀ ਸੋਚ ਵਿਚਾਰ ਦਾ ਨਚੋੜ ਇਹ ਹੈ ਕਿ ਕੇਵਲ ਪ੍ਰਮਾਤਮਾ ਹੀ ਸੱਚਾ ਹੈ, ਸਦੀਵੀ
ਹੈ। ਜਿਹੜਾ ਜੰਮਦਾ ਅਤੇ ਮਰਦਾ ਰਹਿੰਦਾ ਹੈ, ਉਹ ਕੱਚਾ ਹੀ ਕੱਚਾ ਹੈ, ਕਦੇ ਸੱਚਾ ਨਹੀਂ ਹੋ ਸਕਦਾ।
ਆਵਾ ਗਵਨੁ ਮਿਟੈ ਪ੍ਰਭ ਸੇਵ ।। ਆਪੁ ਤਿਆਗਿ ਸਰਨਿ ਗੁਰਦੇਵ ।।
ਆਉਣ ਜਾਣ ਦਾ, ਜੰਮਣ ਮਰਨ ਦਾ, ਚੱਕਰ ਹਰੀ ਪ੍ਰਭੂ ਦੀ ਸੇਵਾ ਵਿੱਚ
ਲੱਗਿਆਂ, ਉਸ ਦੇ ਨਾਮ ਦਾ ਸਿਮਰਨ ਕੀਤਿਆਂ ਹੀ ਖਤਮ ਹੁੰਦਾ ਹੈ। ਪ੍ਰਭੂ
ਦੀ ਸੇਵਾ ਵਿੱਚ ਤਾਂ ਲੱਗ ਸਕੀਦਾ ਹੈ ਜੇ ਆਪਾ ਭਾਵ ਨੂੰ ਤਿਆਗ ਕੇ, ਹਉਮੈ ਨੂੰ ਛੱਡ ਕੇ, ਗੁਰੂਦੇਵ
ਦੀ ਸ਼ਰਨ ਵਿੱਚ ਆ ਜਾਈਏ।
ਇਉ ਰਤਨ ਜਨਮ ਕਾ ਹੋਇ ਉਧਾਰੁ ।। ਹਰਿ ਹਰਿ ਸਿਮਰਿ ਪ੍ਰਾਨ ਆਧਾਰੁ ।।
ਇਸ
ਤਰਾਂ ਕਰਨ ਨਾਲ਼ ਸਾਡੇ ਹੀਰੇ ਵਰਗੇ ਕੀਮਤੀ ਜਨਮ ਦਾ ਭਲਾ ਹੋ ਜਾਂਦਾ ਹੈ, ਕਲਿਆਣ ਹੋ ਜਾਂਦਾ ਹੈ,
ਸਾਨੂੰ ਜਨਮ ਮਰਨ ਤੋਂ ਮੁਕਤੀ ਮਿਲ ਜਾਂਦੀ ਹੈ। ਇਸ ਕਰਕੇ, ਐ ਜੀਵ, ਉਸ ਹਰੀ ਦੇ ਨਾਮ ਦਾ ਸਿਮਰਨ
ਕਰਦਾ ਰਿਹਾ ਕਰ ਜਿਹੜਾ ਤੇਰੇ ਜੀਵਨ ਦਾ ਸਹਾਰਾ ਹੈ।
ਅਨਿਕ ਉਪਾਵ ਨ ਛੂਟਨਹਾਰੇ ।। ਸਿੰਮ੍ਰਿਤਿ ਸਾਸਤ ਬੇਦ ਬੀਚਾਰੇ ।।
ਮੁਕਤੀ
ਪ੍ਰਾਪਤੀ ਦੇ ਲਈ ਕੀਤੇ ਹੋਰ ਸਾਰੇ ਯਤਨ, ਸਾਰੇ ਉਪਾਓ, ਬੇਅਰਥ ਹਨ। ਉਨ੍ਹਾਂ ਨਾਲ਼ ਆਵਾ ਗਮਨ ਦੇ
ਚੱਕਰ ਤੋਂ ਮੁਕਤੀ ਨਹੀਂ ਮਿਲਦੀ। ਧਰਮ ਗ੍ਰੰਥਾਂ ਨੂੰ, ਸਿਮ੍ਰਿਤੀਆਂ, ਸ਼ਾਸਤਰਾਂ ਅਤੇ ਵੇਦਾਂ ਨੂੰ
ਪੜ੍ਹਨ ਅਤੇ ਵਿਚਾਰਨ ਨਾਲ਼ ਮੁਕਤੀ ਨਹੀਂ ਮਿਲਦੀ ਭਾਂਵੇਂ ਜਿੰਨਾ ਮਰਜ਼ੀ ਯਤਨ ਕਰ ਲਵੋ।
ਹਰਿ ਕੀ ਭਗਤਿ ਕਰਹੁ ਮਨੁ ਲਾਇ ।। ਮਨਿ ਬੰਛਤ ਨਾਨਕ ਫਲ ਪਾਇ ।। 4 ।।
ਇਸ
ਲਈ ਗੁਰੂ ਜੀ ਇਹ ਉਪਦੇਸ਼ ਦਿੰਦੇ ਹਨ ਕਿ ਦਿਲ ਲਾ ਕੇ, ਇੱਕ ਮਨ ਇੱਕ ਚਿੱਤ ਹੋ ਕੇ, ਉਸ ਵਾਹਿਗੁਰੂ
ਦੀ ਭਗਤੀ ਕਰਿਆ ਕਰੋ। ਇਸ ਨਾਲ਼ ਤੁਹਾਨੂੰ ਉਹ ਸਾਰੇ ਫਲ਼ ਪ੍ਰਾਪਤ ਹੋ ਜਾਣਗੇ ਜਿਨ੍ਹਾਂ ਦੀ ਤੁਹਨੂੰ
ਇੱਛਾ ਹੈ।
ਸੰਗਿ ਨ ਚਾਲਸਿ ਤੇਰੈ ਧਨਾ ।। ਤੂੰ ਕਿਆ ਲਪਟਾਵਹਿ ਮੂਰਖ ਮਨਾ ।।
ਇਹ
ਜੋ ਦੁਨਿਆਵੀ ਧਨ ਤੂੰ ਏਨੀ ਮਿਹਨਤ ਕਰ ਕੇ ਇਕੱਠਾ ਕਰ ਰਿਹਾ ਹੈਂ, ਇਸ ਨੇ ਤੇਰੇ ਨਾਲ਼ ਨਹੀਂ ਜਾਣਾ।
ਐ ਮੇਰੇ ਮੂਰਖ ਮਨਾਂ, ਤੂੰ ਕਿਉਂ ਇਸ ਨੂੰ ਚੰਬੜਿਆ ਬੈਠਾ ਹੈਂ? ਕਿਉਂ ਤੂੰ ਇਸ ਦੇ ਪਿਆਰ ਨੂੰ ਨਹੀਂ
ਤਿਆਗਦਾ?
ਸੁਤ ਮੀਤ ਕੁਟੰਬ ਅਰੁ ਬਨਿਤਾ ।। ਇਨ ਤੇ ਕਹਹੁ ਤੁਮ ਕਵਨ ਸਨਾਥਾ ।।
ਸੰਸਾਰ
ਵਿੱਚ ਸਾਡੇ ਬਹੁਤ ਸਾਰੇ ਰਿਸ਼ਤੇਦਾਰ ਹਨ, ਦੋਸਤ ਮਿੱਤਰ ਹਨ। ਸਾਡੇ ਧੀਆਂ ਪੁੱਤਰ ਹਨ, ਪਤਨੀ ਹੈ,
ਦੋਸਤ ਹਨ, ਹੋਰ ਰਿਸ਼ਤੇਦਾਰ ਹਨ, ਕੁਟੰਬ ਦੇ, ਕਬੀਲੇ ਦੇ ਲੋਕ ਹਨ। ਪਰ ਕੀ ਅਸੀਂ ਇਨ੍ਹਾਂ ਨੂੰ ਅਪਣੇ
ਕਹਿ ਸਕਦੇ ਹਾਂ? ਨਹੀਂ। ਇਹ ਸਭ ਰਿਸ਼ਤੇ ਮਤਲਬ ਦੇ ਰਿਸ਼ਤੇ ਹਨ। ਲੋੜ ਵੇਲ਼ੇ ਸਭ ਸਾਥ ਛੱਡ ਜਾਂਦੇ ਹਨ।
ਇਨ੍ਹਾਂ ਵਿੱਚੋਂ ਕੋਈ ਵੀ ਰਿਸ਼ਤਾ ਸਾਨੂੰ ਸਨਾਥੇ ਨਹੀਂ ਬਣਾਉਂਦਾ। ਇਨ੍ਹਾਂ ਵਿੱਚੋਂ ਕੋਈ ਵੀ ਉਸ
ਤਰਾਂ ਸਾਡੀ ਰੱਖਿਆ ਨਹੀਂ ਕਰਦਾ ਜਿਸ ਤਰਾਂ ਸਾਡਾ ਨਾਥ, ਸਾਡਾ ਸੁਆਮੀ, ਪ੍ਰਮਾਤਮਾ ਕਰਦਾ ਹੈ।
ਰਾਜ ਰੰਗ ਮਾਇਆ ਬਿਸਥਾਰ ।। ਇਨ ਤੇ ਕਹਹੁ ਕਵਨ ਛੁਟਕਾਰ ।।
ਸਾਡਾ
ਰਾਜ ਭਾਗ, ਤਾਕਤ, ਰੰਗ ਰਲ਼ੀਆਂ, ਖੁਸ਼ੀਆਂ ਦੇ ਜਸ਼ਨ, ਮਾਇਆ ਦਾ ਪਸਾਰਾ, ਧਨ, ਸੰਪਤੀ ਆਦਿ, ਇਹ ਸਭ
ਇੱਕ ਜਾਲ਼ ਹੈ। ਇਸ ਜਾਲ਼ ਵਿੱਚੋਂ ਸਾਨੂੰ ਕੌਣ ਛੁਡਾ ਸਕਦਾ ਹੈ? ਪ੍ਰਮਾਤਮਾ ਤੋਂ ਬਿਨਾਂ ਹੋਰ ਕੋਈ ਤਾਕਤ
ਨਹੀਂ ਜਿਹੜੀ ਸਾਨੂੰ ਇਸ ਜਾਲ਼ ਵਿੱਚੋਂ ਬਾਹਰ ਕੱਢ ਸਕੇ।
ਅਸੁ ਹਸਤੀ ਰਥ ਅਸਵਾਰੀ ।। ਝੂਠਾ ਡੰਫੁ ਝੂਠੁ ਪਾਸਾਰੀ ।।
ਘੋੜੇ,
ਹਾਥੀ, ਰਥ ਅਤੇ ਹੋਰ ਸਵਾਰੀਆਂ ਅਤੇ ਸੁਖ ਦੇ ਸਾਧਨ, ਇਹ ਸਭ ਝੂਠਾ ਦਿਖਾਵਾ ਹੈ। ਇਹ ਝੂਠਾ ਖਿਲਾਰਾ
ਸਾਨੂੰ ਇਹ ਭਰਮ ਪਾਲਣ ਵੱਲ ਲੈ ਜਾਂਦਾ ਹੈ ਕਿ ਅਸੀਂ ਬਹੁਤ ਤਾਕਤਵਰ ਹਾਂ ਜਦ ਕਿ ਇਹ ਸਾਰੇ ਤਾਕਤ ਅਤੇ ਖੁਸ਼ਹਾਲੀ ਦੇ ਵਿਖਾਵੇ
ਕੋਈ ਅਰਥ ਨਹੀਂ ਰੱਖਦੇ।
ਜਿਨਿ ਦੀਏ ਤਿਸੁ ਬੁਝੈ ਨ ਬਿਗਾਨਾ ।। ਨਾਮੁ ਬਿਸਾਰਿ ਨਾਨਕ ਪਛੁਤਾਨਾ ।। 5
।।
ਜਿਸ
ਮਾਲਕ ਨੇ ਇਹ ਦਾਤਾਂ ਦਿੱਤੀਆਂ ਹਨ, ਇਨਸਾਨ ਉਸ ਨੂੰ ਅਪਣਾ ਨਹੀਂ ਸਮਝਦਾ, ਬੇਗਾਨਾ ਸਮਝਣ ਲੱਗ
ਪੈਂਦਾ ਹੈ। ਇਹ ਸਮਝਣ ਲੱਗ ਪੈਂਦਾ ਹੈ ਕਿ ਇਹ ਸਭ ਉਸ ਨੇ ਆਪ ਹਾਸਲ ਕੀਤੀਆਂ ਹਨ। ਗੁਰੂ ਜੀ
ਸਮਝਾਉਂਦੇ ਹਨ ਕਿ ਉਸ ਪ੍ਰਭੂ ਦੇ ਨਾਮ ਨੂੰ ਵਿਸਾਰ ਦੇਣਾ ਜੋ ਸਾਰੀਆਂ ਦਾਤਾਂ ਦੇਣ ਵਾਲ਼ਾ ਹੈ
ਭਾਰੀ ਗਲਤੀ ਹੈ। ਉਸ ਨੂੰ ਵਿਸਾਰ ਦੇਣ ਵਾਲ਼ੇ ਜੀਵ
ਨੂੰ ਅੰਤ ਨੂੰ ਪਛਤਾਉਣਾ ਪੈਂਦਾ ਹੈ।
ਗੁਰ ਕੀ ਮਤਿ ਤੂੰ ਲੇਹਿ ਇਆਨੇ ।। ਭਗਤਿ ਬਿਨਾ ਬਹੁ ਡੂਬੇ ਸਿਆਨੇ ।।
ਐ
ਮੂਰਖ ਬਾਲਕ, ਤੂੰ ਅਪਣੀ ਅਕਲ ਵਰਤਣੀ ਬੰਦ ਕਰ ਦੇ, ਗੁਰੂ ਦੀ ਦਿੱਤੀ ਸਿੱਖਿਆ ਅਨੁਸਾਰ ਅਪਣੇ ਜੀਵਨ
ਨੂੰ ਢਾਲਣਾ ਸਿੱਖ ਲੈ ਅਤੇ ਪ੍ਰਭੂ ਦੀ ਭਗਤੀ ਕਰਨੀ ਸ਼ੁਰੂ ਕਰ ਦੇ। ਇਸ ਤਰਾਂ ਕਰਨ ਨਾਲ਼ ਤੇਰਾ ਜੀਵਨ
ਸਫਲ ਹੋ ਜਾਏਗਾ। ਪ੍ਰਭੂ ਭਗਤੀ ਨਾ ਕਰਨ ਕਰਕੇ ਅਨੇਕਾਂ ਹੀ ਅਪਣੇ ਆਪ ਨੂੰ ਸਿਆਣੇ ਸਮਝਣ ਵਾਲ਼ੇ ਲੋਕ
ਇਸ ਭਵ ਸਾਗਰ ਵਿੱਚ ਡੁੱਬ ਗਏ ਹਨ।
ਹਰਿ ਕੀ ਭਗਤਿ ਕਰਹੁ ਮਨ ਮੀਤ ।। ਨਿਰਮਲ ਹੋਇ ਤੁਮ੍ਹਾਰੋ ਚੀਤ ।।
ਅਪਣਾ
ਹਰ ਇੱਕ ਦਿਨ ਪ੍ਰਭੂ ਦੀ ਭਗਤੀ ਵਿੱਚ ਬਤੀਤ ਕਰਨਾ ਸਿੱਖ ਲੈ, ਹਰੀ ਦੀ ਭਗਤੀ ਨੂੰ ਅਪਣੇ ਮਨ ਦਾ
ਮਿੱਤਰ ਬਣਾ ਲੈ। ਅਜਿਹਾ ਕਰਨ ਨਾਲ਼ ਤੇਰੇ ਮਨ ਵਿੱਚੋਂ ਬੁਰਾਈ ਦੀ ਮੈਲ਼ ਧੋਤੀ ਜਾਵੇਗੀ ਅਤੇ ਤੇਰਾ ਮਨ
ਪਵਿੱਤਰ ਹੋ ਜਾਏਗਾ।
ਚਰਨ ਕਮਲ ਰਾਖਹੁ ਮਨ ਮਾਹਿ ।। ਜਨਮ ਜਨਮ ਕੇ ਕਿਲਬਿਖ ਜਾਹਿ ।।
ਪ੍ਰਭੂ
ਦੇ ਕਮਲ ਫੁੱਲ ਵਰਗੇ ਸੁੰਦਰ ਚਰਨਾਂ ਨੂੰ ਅਪਣੇ ਮਨ ਵਿੱਚ ਵਸਾ ਕੇ ਰੱਖਿਆ ਕਰ। ਉਸ ਪ੍ਰਭੂ ਦੀ
ਭਗਤੀ, ਉਸ ਦਾ ਪਿਆਰ, ਤੇਰੇ ਜਨਮ ਜਨਮਾਂਤਰਾਂ ਦੇ ਪਾਪਾਂ ਨੂੰ ਧੋ ਦੇਵੇਗਾ। ਤੇਰੇ ਸਾਰੇ ਪਾਪ ਮਿਟ
ਜਾਣ ਨਾਲ਼ ਤੇਰੀ ਮੁਕਤੀ ਦਾ ਰਾਹ ਖੁੱਲ੍ਹ ਜਾਵੇਗਾ।
ਆਪਿ ਜਪਹੁ ਅਵਰਾ ਨਾਮੁ ਜਪਾਵਹੁ ।। ਸੁਨਤ ਕਹਤ ਰਹਤ ਗਤਿ ਪਾਵਹੁ ।।
ਸੰਗਤ
ਵਿੱਚ ਜਾ ਕੇ ਆਪ ਨਾਮ ਜੱਪਿਆ ਕਰ, ਨਾਮ ਦਾ ਸਿਮਰਨ ਸੁਣਿਆਂ ਕਰ ਅਤੇ ਹੋਰਾਂ ਨੂੰ ਨਾਮ ਜੱਪਣ ਦੇ
ਰਸਤੇ ਤੇ ਚੱਲਣ ਦੀ ਪ੍ਰੇਰਨਾ ਦਿਆ ਕਰ। ਨਾਮ ਸਿਮਰਨ ਸੁਣ ਸੁਣ ਕੇ, ਸਿਮਰਨ ਕਰ ਕਰ ਕੇ ਅਤੇ ਭਗਤੀ
ਨਾਲ਼ ਲਬਰੇਜ਼ ਨਾਮ ਸਿਮਰਨ ਦਾ ਜੀਵਨ ਜਿਉਣ ਨਾਲ਼ ਤੇਰੇ ਲਈ ਮੁਕਤੀ ਦਾ ਰਸਤਾ ਖੁੱਲ੍ਹ ਜਾਵੇਗਾ, ਤੈਨੂੰ
ਮੁਕਤੀ ਮਿਲ ਜਾਵੇਗੀ।
ਸਾਰ ਭੂਤ ਸਤਿ ਹਰਿ ਕੋ ਨਾਉ ।। ਸਹਜਿ ਸੁਭਾਇ ਨਾਨਕ ਗੁਨ ਗਾਉ ।। 6 ।।
ਜਿਵੇਂ
ਦੁੱਧ ਵਿੱਚ ਮੱਖਣ ਹੁੰਦਾ ਹੈ, ਇਸੇ ਤਰਾਂ ਸਾਰੀ ਵਿਚਾਰ ਦਾ ਨਚੋੜ ਇਹ ਹੈ ਕਿ ਸਦਾ ਰਹਿਣ ਵਾਲ਼ੀ
ਵਸਤੂ ਸੰਸਾਰ ਵਿੱਚ ਕੇਵਲ ਹਰੀ ਦਾ ਨਾਮ ਹੀ ਹੈ। ਬਾਕੀ ਸਭ ਕੁੱਝ ਚਲਾਇਮਾਨ ਹੈ। ਇਸ ਕਰਕੇ ਗੁਰੂ ਜੀ
ਉਪਦੇਸ਼ ਕਰਦੇ ਹਨ ਕਿ ਬਾਕੀ ਸਭ ਕੁੱਝ ਨੂੰ ਛੱਡ ਕੇ ਮਨ ਨੂੰ ਟਿਕਾਉ ਵਿੱਚ ਰੱਖਦੇ ਹੋਏ ਸਾਵਧਾਨ ਹੋ
ਕੇ ਹਰੀ ਦੇ ਨਾਮ ਦਾ ਸਿਮਰਨ ਕਰ। ਇਹ ਹੀ ਜੀਵਨ ਸਫਲ ਬਣਾਉਣ ਦਾ ਅਸਲ ਰਸਤਾ ਹੈ।
ਗੁਨ ਗਾਵਤ ਤੇਰੀ ਉਤਰਸਿ ਮੈਲੁ ।। ਬਿਨਸਿ ਜਾਇ ਹਉਮੈ ਬਿਖੁ ਫੈਲੁ ।।
ਹਰੀ
ਦੇ ਗੁਣ ਗਾਉਣ ਨਾਲ਼ ਤੇਰੇ ਮਨ ਅਤੇ ਆਤਮਾ ਦੀ ਸਾਰੀ ਮੈਲ਼ ਉੱਤਰ ਜਾਏਗੀ ਅਤੇ ਉਹ ਪੂਰਨ ਤੌਰ ਤੇ
ਨਿਰਮਲ ਹੋ ਜਾਣਗੇ। ਹਉਮੈ ਅਤੇ ਮਾਇਆ ਮੋਹ ਦੇ ਕਾਰਨ ਤੇਰੇ ਅੰਦਰ ਫੈਲੇ ਹੋਏ ਵਿਕਾਰਾਂ ਦੇ ਜ਼ਹਿਰ ਦਾ
ਨਾਸ਼ ਹੋ ਜਾਵੇਗਾ ਅਤੇ ਤੇਰਾ ਮਨ ਪਵਿੱਤਰ ਹੋ ਜਾਵੇਗਾ।
ਹੋਹਿ ਅਚਿੰਤੁ ਬਸੈ ਸੁਖ ਨਾਲਿ ।। ਸਾਸਿ ਗ੍ਰਾਸਿ ਹਰਿ ਨਾਮੁ ਸਮਾਲਿ ।।
ਜਦੋਂ
ਤੇਰਾ ਮਨ ਅਤੇ ਆਤਮਾ ਪਵਿੱਤਰ ਹੋ ਗਏ ਤਾਂ ਤੂੰ ਚਿੰਤਾ ਰਹਿਤ ਹੋ ਕੇ ਸੁਖ ਭਰਿਆ ਜੀਵਨ ਬਿਤਾ
ਸਕੇਂਗਾ। ਇਸ ਕਰਕੇ ਹਰ ਸਾਹ ਦੇ ਨਾਲ਼, ਹਰ ਗ੍ਰਾਹੀ ਦੇ ਨਾਲ਼, ਵਾਹਿਗੁਰੂ ਦੇ ਨਾਮ ਨੂੰ ਯਾਦ ਕਰਦਾ
ਰਿਹਾ ਕਰ। ਇੱਕ ਪਲ ਦੇ ਲਈ ਵੀ ਉਸ ਪ੍ਰਭੂ ਨੂੰ ਮਨ ਤੋਂ ਨਾ ਵਿਸਾਰ।
ਛਾਡਿ ਸਿਆਨਪ ਸਗਲੀ ਮਨਾ ।। ਸਾਧਸੰਗਿ ਪਾਵਹਿ ਸਚੁ ਧਨਾ ।।
ਐ
ਮੇਰੇ ਮਨ, ਤੂੰ ਅਪਣੀ ਸਾਰੀ ਸਿਆਣਪ ਤਿਆਗ ਦੇ। ਇਹ ਤੇਰੇ ਕਿਸੇ ਕੰਮ ਨਹੀਂ ਆਉਣੀ। ਸੰਤਾਂ ਦੀ ਸੰਗਤ
ਵਿੱਚ ਆ ਕੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਲੱਗ ਪੈ। ਇਸ
ਤਰਾਂ ਤੈਨੂੰ ਸੱਚੇ ਧਨ ਦੀ ਪ੍ਰਾਪਤੀ
ਹੋਵੇਗੀ।
ਹਰਿ ਪੂੰਜੀ ਸੰਚਿ ਕਰਹੁ ਬਿਉਹਾਰੁ ।। ਈਹਾ ਸੁਖੁ ਦਰਗਹ ਜੈਕਾਰੁ ।।
ਵਾਹਿਗੁਰੂ
ਨਾਮ ਦਾ ਸਿਮਰਨ ਕਰ ਕਰ ਕੇ ਹਰੀ ਦੇ ਨਾਮ ਦੀ ਪੂੰਜੀ ਇਕੱਠੀ ਕਰ ਅਤੇ ਇਸ ਪੂੰਜੀ ਨਾਲ਼ ਦੂਜਿਆਂ ਨੂੰ
ਨਾਮ ਸਿਮਰਨ ਦੀ ਪ੍ਰੇਰਨਾ ਦੇ ਕੇ ਹਰੀ ਦੇ ਨਾਮ ਦਾ ਵਣਜ ਕਰਿਆ ਕਰ। ਅਜਿਹਾ ਕਰਨ ਨਾਲ਼ ਤੈਨੂੰ ਇਸ
ਲੋਕ ਵਿੱਚ ਸੁਖ ਮਿਲੇਗਾ ਅਤੇ ਪ੍ਰਲੋਕ ਵਿੱਚ ਵੀ ਤੇਰੀ ਜੈ ਜੈ ਕਾਰ ਹੋਵੇਗੀ, ਸਤਿਕਾਰ ਅਤੇ ਸਨਮਾਨ
ਮਿਲੇਗਾ।
ਸਰਬ ਨਿਰੰਤਰਿ ਏਕੋ ਦੇਖੁ ।। ਕਹੁ ਨਾਨਕ ਜਾ ਕੈ ਮਸਤਕਿ ਲੇਖੁ ।। 7 ।।
ਹਰੀ ਦੇ ਨਾਮ ਨਾਲ਼ ਅਪਣੇ ਮਨ ਨੂੰ ਇਸ ਤਰਾਂ ਜੋੜ ਲੈ ਕਿ ਤੈਨੂੰ ਹਰ ਜੀਵ
ਦੇ ਅੰਦਰ ਉਸ ਇੱਕ ਪ੍ਰਮਾਤਮਾ ਦੇ ਦਰਸ਼ਨ ਹੋਣ ਲੱਗ ਪੈਣ, ਸਮਝ ਆ ਜਾਵੇ ਕਿ ਹਰ ਜੀਵ ਦੇ ਅੰਦਰ ਉਹ ਹੀ
ਵਸਦਾ ਹੈ। ਪਰ ਗੁਰੂ ਜੀ ਇਹ ਵੀ ਆਖਦੇ ਹਨ ਕਿ ਇਹ ਸਚਾਈ ਕੇਵਲ ਉਸ ਜੀਵ ਨੂੰ ਸਮਝ ਆਉਂਦੀ ਹੈ ਜਿਸ
ਦੇ ਮੱਥੇ ਤੇ ਸ੍ਰੇਸ਼ਟ ਭਾਗ ਲਿਖੇ ਹੋਣ। ਹਰ ਜੀਵ ਦੇ ਅੰਦਰ ਹਰੀ ਪ੍ਰਭੂ ਨੂੰ ਦੇਖ ਸਕਣ ਦੀ ਸਮਰਥਾ
ਵੀ ਚੰਗੇ ਭਾਗਾਂ ਨਾਲ਼ ਹੀ ਪ੍ਰਾਪਤ ਹੁੰਦੀ ਹੈ।
ਏਕੋ ਜਪਿ ਏਕੋ ਸਾਲਾਹਿ ।। ਏਕ ਸਿਮਰਿ ਏਕੋ ਮਨ ਆਹਿ ।।
ਸਿਰਫ
ਉਸ ਇੱਕ ਪ੍ਰਮਾਤਮਾ ਦਾ ਨਾਮ ਹੀ ਜੱਪਿਆ ਕਰ ਅਤੇ ਉਸ ਇੱਕ ਦੀ ਹੀ ਸਿਫਤ ਸਲਾਹ ਕਰਿਆ ਕਰ। ਕੇਵਲ ਉਸ
ਇੱਕ ਪ੍ਰਭੂ ਦੇ ਹੀ ਗੁਣ ਗਾਇਆ ਕਰ। ਉਸ ਇੱਕ ਦੇ ਨਾਮ ਦਾ ਹੀ ਸਿਮਰਨ ਕਰਿਆ ਕਰ ਅਤੇ ਉਸੇ ਨੂੰ ਮਨ
ਵਿੱਚ ਵਸਾ ਕੇ ਰੱਖਿਆ ਕਰ। ਹੋਰ ਸੰਸਾਰਿਕ ਪਦਾਰਥਾਂ ਦੇ ਜਾਂ ਅਖੌਤੀ ਦੈਵੀ ਸ਼ਕਤੀਆਂ ਦੇ ਪਿੱਛੇ
ਭਟਕਣਾ ਛੱਡ ਦੇ।
ਏਕਸ ਕੇ ਗੁਨ ਗਾਉ ਅਨੰਤ ।। ਮਨਿ ਤਨਿ ਜਾਪਿ ਏਕ ਭਗਵੰਤ ।।
ਅਪਣਾ
ਆਪਾ ਪੂਰੀ ਤਰਾਂ ਉਸ ਇੱਕ ਪ੍ਰਭੂ ਨੂੰ ਸਮਰਪਤ ਕਰ ਕੇ ਹਰ ਵਕਤ ਅਨੰਤ ਤੌਰ ਤੇ ਉਸ ਇੱਕ ਦੇ ਹੀ ਗੁਣ
ਗਾਇਆ ਕਰ। ਤਨੋ ਮਨੋ ਸਮਰਪਤ ਹੋ ਕੇ ਕੇਵਲ ਇੱਕ ਭਗਵੰਤ ਦਾ ਨਾਮ ਜੱਪਿਆ ਕਰ। ਹੋਰ ਏਧਰ ਓਧਰ ਦੀ ਆਸ
ਰੱਖਣਾ ਬੰਦ ਕਰ ਦੇ।
ਏਕੋ ਏਕੁ ਏਕੁ ਹਰਿ ਆਪਿ ।। ਪੂਰਨ ਪੂਰਿ ਰਹਿਓ ਪ੍ਰਭੁ ਬਿਆਪਿ ।।
ਇਸ
ਸੰਸਾਰ ਨੂੰ ਚਲਾਉਣ ਵਾਲ਼ੀ ਇੱਕੋ ਇੱਕ ਸ਼ਕਤੀ ਕੇਵਲ ਉਹ ਈਸ਼ਵਰ ਹੈ, ਹੋਰ ਕੋਈ ਨਹੀਂ। ਉਹ ਪ੍ਰਭੂ ਹਰ
ਜੀਵ ਅਤੇ ਹਰ ਵਸਤੂ ਦੇ ਅੰਦਰ ਪੂਰਨ ਤੌਰ ਤੇ ਵਸਿਆ ਹੋਇਆ ਹੈ।
ਅਨਿਕ ਬਿਸਥਾਰ ਏਕ ਤੇ ਭਏ ।। ਏਕੁ ਅਰਾਧਿ ਪਰਾਛਤ ਗਏ ।।
ਇਹ
ਸਾਰਾ ਸੰਸਾਰ ਜੋ ਅਸੀਂ ਦੇਖਦੇ ਹਾਂ ਉਸ ਇੱਕ ਦਾ ਹੀ ਵਿਸਥਾਰ ਹੈ। ਅਨੇਕਾਂ ਤਰਾਂ ਦੇ ਜੀਵ ਅਤੇ
ਪਦਾਰਥ, ਜੋ ਸਾਨੂੰ ਨਜ਼ਰ ਆਉਂਦੇ ਹਨ, ਉਸ ਇੱਕ ਤੋਂ ਹੀ ਪੈਦਾ ਹੋਏ ਹਨ। ਉਸ ਇੱਕ ਦੀ ਅਰਾਧਨਾ ਕਰਨ
ਨਾਲ਼, ਉਸ ਇੱਕ ਦਾ ਸਿਮਰਨ ਕਰਨ ਨਾਲ਼, ਸਾਰੇ ਪਾਪ ਦੂਰ ਹੋ ਜਾਂਦੇ ਹਨ।
ਮਨ ਤਨ ਅੰਤਰਿ ਏਕੁ ਪ੍ਰਭੁ ਰਾਤਾ ।। ਗੁਰਪ੍ਰਸਾਦਿ ਨਾਨਕ ਇਕੁ ਜਾਤਾ ।। 8 ।। 19 ।।
ਗੁਰੂ
ਜੀ ਦਾ ਫੁਰਮਾਨ ਹੈ ਕਿ ਜਿਨ੍ਹਾਂ ਗੁਰਮੁਖ ਪਿਆਰਿਆਂ ਦੇ ਅੰਦਰ ਗੁਰੂ ਦੀ ਕਿਰਪਾ ਨਾਲ਼ ਉਹ ਇੱਕ
ਪ੍ਰਭੂ ਪੂਰਨ ਤੌਰ ਤੇ ਵਸਿਆ ਹੋਇਆ ਹੈ, ਜਿਹੜੇ ਮੁਕੰਮਲ ਤੌਰ ਤੇ ਉਸ ਇੱਕ ਦੇ ਪਿਆਰ ਦੇ ਰੰਗ ਵਿੱਚ
ਰੰਗੇ ਹੋਏ ਹਨ, ਉਨ੍ਹਾਂ ਨੂੰ ਹੀ ਉਸ ਇੱਕ ਦੇ ਸਰਬ ਵਿਆਪਕ ਅਤੇ ਸਰਬ ਸ਼ਕਤੀਮਾਨ ਹੋਣ ਦੀ ਸਮਝ ਆਉਂਦੀ
ਹੈ।
ਸਲੋਕ ।।
ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਇ ।।
ਨਾਨਕ ਕੀ ਪ੍ਰਭ ਬੇਨਤੀ ਅਪਨੀ ਭਗਤੀ ਲਾਇ ।। 1 ।।
ਗੁਰੂ
ਜੀ ਬੇਨਤੀ ਕਰਦੇ ਹਨ ਕਿ ਹੇ ਪ੍ਰਭੂ, ਮੈਂ ਬਹੁਤ ਥਾਂਵਾਂ ਤੇ ਭਟਕ ਭਟਕ ਕੇ ਆਖਰ ਤੁਹਾਡੇ ਦਰ ਤੇ
ਆਇਆ ਹਾਂ ਅਤੇ ਤੁਹਾਡੀ ਸ਼ਰਨ ਲਈ ਹੈ। ਮੇਰੀ ਬੇਨਤੀ ਪ੍ਰਵਾਨ ਕਰੋ ਅਤੇ ਮੈਨੂੰ ਅਪਣੀ ਭਗਤੀ ਵਿੱਚ ਲਾ
ਲਉ।
ਅਸਟਪਦੀ ।।
ਜਾਚਕ ਜਨੁ ਜਾਚੈ ਪ੍ਰਭ ਦਾਨੁ ।। ਕਰਿ ਕਿਰਪਾ ਦੇਵਹੁ ਹਰਿ ਨਾਮੁ ।।
ਹੇ
ਪ੍ਰਭੂ, ਮੈਂ ਭਿਖਾਰੀ ਬਣ ਕੇ ਆਪ ਦੇ ਦਰ ਤੇ ਆਇਆ ਹਾਂ ਅਤੇ ਆਪ ਦੇ ਨਾਮ ਦੀ ਭੀਖ ਮੰਗਦਾ ਹਾਂ।
ਮੇਰੇ ਤੇ ਅਪਣੀ ਕ੍ਰਿਪਾ ਦ੍ਰਿਸ਼ਟੀ ਕਰੋ ਅਤੇ ਹਰੀ ਨਾਮ ਦੇ ਸਿਮਰਨ ਦੀ ਦਾਤ ਮੇਰੀ ਝੋਲ਼ੀ ਵਿੱਚ ਪਾ
ਦੇਵੋ।
ਸਾਧ ਜਨਾ ਕੀ ਮਾਗਉ ਧੂਰਿ ।। ਪਾਰਬ੍ਰਹਮ ਮੇਰੀ ਸਰਧਾ ਪੂਰਿ ।।
ਮੈਂ
ਗੁਰਮੁਖ ਪਿਆਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਆਪ ਦੇ ਪਾਸੋਂ ਭੀਖ ਵਿੱਚ ਮੰਗਦਾ ਹਾਂ। ਮੇਰੀ
ਬੇਨਤੀ ਪ੍ਰਵਾਨ ਕਰ ਕੇ ਮੇਰੀ ਇਹ ਇੱਛਾ ਪੂਰੀ ਕਰ ਦੇਵੋ।
ਸਦਾ ਸਦਾ ਪ੍ਰਭ ਕੇ ਗੁਨ ਗਾਵਉ ।। ਸਾਸਿ ਸਾਸਿ ਪ੍ਰਭ ਤੁਮਹਿ ਧਿਆਵਉ ।।
ਹੇ ਪ੍ਰਭੂ, ਮੇਰੇ ਤੇ ਇਹ ਕਿਰਪਾ ਕਰੋ ਕਿ ਮੈਂ ਹਰ ਵੇਲ਼ੇ ਆਪ ਦੇ ਗੁਣ
ਗਾਉਂਦਾ ਰਹਾਂ, ਆਪ ਦੀਆਂ ਸਿਫਤਾਂ ਕਰਦਾ ਰਹਾਂ, ਹਰ ਸਾਹ ਨਾਲ਼ ਆਪ ਨੂੰ ਯਾਦ ਕਰਦਾ ਰਹਾਂ, ਆਪ ਦਾ
ਨਾਮ ਧਿਆਉਂਦਾ ਰਹਾਂ।
ਚਰਨ ਕਮਲ ਸਿਉ ਲਾਗੈ ਪ੍ਰੀਤਿ ।। ਭਗਤਿ ਕਰਉ ਪ੍ਰਭ ਕੀ ਨਿਤ ਨੀਤਿ ।।
ਹੇ
ਪ੍ਰਭੂ, ਕਿਰਪਾ ਕਰੋ ਕਿ ਮੇਰਾ ਪਿਆਰ ਆਪ ਦੇ ਕਮਲ ਫੁੱਲ ਵਰਗੇ ਸੋਹਣੇ ਚਰਨਾਂ ਨਾਲ਼ ਪੈ ਜਾਵੇ ਅਤੇ
ਮੈਂ ਹਰ ਰੋਜ਼ ਦਿਨ ਰਾਤ ਆਪ ਦੀ ਭਗਤੀ ਕਰਦਾ ਰਹਾਂ।
ਏਕ ਓਟ ਏਕੋ ਆਧਾਰੁ ।। ਨਾਨਕ ਮਾਗੈ ਨਾਮੁ ਪ੍ਰਭ ਸਾਰੁ ।। 1 ।।
ਕਿਰਪਾ
ਕਰੋ ਕਿ ਮੈਂ ਕੇਵਲ ਇੱਕ ਆਪ ਦੀ ਹੀ ਓਟ ਤਕਾਵਾਂ, ਕੇਵਲ ਇੱਕ ਆਪ ਦਾ ਨਾਮ ਹੀ ਮੇਰੇ ਜੀਵਨ ਦਾ
ਸਹਾਰਾ ਬਣ ਜਾਵੇ। ਹੇ ਪ੍ਰਭੂ, ਇਹ ਨਾਨਕ ਕੇਵਲ ਆਪ ਦੇ ਸ੍ਰੇਸ਼ਟ ਨਾਮ ਦੀ ਜਾਚਨਾ ਕਰਦਾ ਹੈ। ਇਹ ਦਾਨ
ਇਸ ਦੀ ਝੋਲ਼ੀ ਵਿੱਚ ਪਾ ਦੇਵੋ।
ਪ੍ਰਭ ਕੀ ਦ੍ਰਿਸਟਿ ਮਹਾ ਸੁਖੁ ਹੋਇ ।।
ਹਰਿ ਰਸੁ ਪਾਵੈ ਬਿਰਲਾ ਕੋਇ ।।
ਪਰਮ
ਪਿਤਾ ਪ੍ਰਮਾਤਮਾ ਦੀ ਦਯਾ ਦ੍ਰਿਸ਼ਟੀ ਹੋ ਜਾਣ ਨਾਲ਼ ਜੀਵ ਨੂੰ ਅਨੰਤ ਸੁਖ ਪ੍ਰਾਪਤ ਹੁੰਦਾ ਹੈ। ਪਰ
ਹਰੀ ਦੇ ਨਾਮ ਦਾ ਇਹ ਅੰਮ੍ਰਿਤ ਰਸ ਕਿਸੇ ਵਿਰਲੇ ਵਿਰਲੇ ਭਾਗਾਂ ਵਾਲ਼ੇ ਜੀਵ ਨੂੰ ਪ੍ਰਾਪਤ ਹੁੰਦਾ
ਹੈ।
ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ।। ਪੂਰਨ ਪੁਰਖ ਨਹੀ ਡੋਲਾਨੇ ।।
ਜਿਹੜੇ
ਜੀਵ ਇਸ ਰਸ ਨੂੰ ਚਖ ਲੈਣ, ਉਨ੍ਹਾਂ ਦੀ ਸਾਰੀ ਤ੍ਰਿਸ਼ਨਾ ਮਿਟ ਜਾਂਦੀ ਹੈ। ਉਹ
ਪੂਰਨ ਤੌਰ ਤੇ ਤ੍ਰਿਪਤ ਹੋ ਜਾਂਦੇ ਹਨ। ਉਹ ਪੂਰਨ
ਅਰਥਾਂ ਵਿੱਚ ਆਦਰਸ਼ ਪੁਰਖ ਬਣ ਜਾਂਦੇ ਹਨ ਅਤੇ ਕਦੇ ਵੀ, ਕਿਸੇ ਹਾਲਾਤ ਵਿੱਚ ਵੀ ਡੋਲਦੇ ਨਹੀਂ।
ਸੁਭਰ ਭਰੇ ਪ੍ਰੇਮ ਰਸ ਰੰਗਿ ।। ਉਪਜੈ ਚਾਉ ਸਾਧ ਕੈ ਸੰਗਿ ।।
ਉਹ
ਨੱਕੋ ਨੱਕ ਪ੍ਰਭੂ ਦੇ ਪਿਆਰ ਦੇ ਰਸ ਨਾਲ਼ ਭਰੇ ਰਹਿੰਦੇ ਹਨ। ਪ੍ਰਭੂ ਦਾ ਪਿਆਰ ਉਨ੍ਹਾਂ ਦੇ ਅੰਦਰੋਂ
ਡੁਲ੍ਹ ਡੁਲ੍ਹ ਪੈਂਦਾ ਹੈ। ਸੰਤਾਂ ਦੀ ਸੰਗਤ ਵਿੱਚ
ਆ ਕੇ ਪ੍ਰਭੂ ਦੇ ਗੁਣ ਗਾਉਣ ਦਾ ਚਾਉ ਉਨ੍ਹਾਂ ਦੇ ਮਨ ਅੰਦਰ ਠਾਠਾਂ ਮਾਰਦਾ ਰਹਿੰਦਾ ਹੈ। ਜਾਂ ਇੰਝ
ਵੀ ਕਹਿ ਸਕਦੇ ਹਾਂ ਕਿ ਇਹੋ ਜਿਹੇ ਸੰਤ ਪੁਰਖਾਂ ਦੀ ਸੰਗਤ ਵਿੱਚ ਆ ਕੇ ਹੋਰਨਾ ਦੇ ਮਨਾਂ ਅੰਦਰ ਵੀ
ਮਾਲਕ ਦੇ ਗੁਣ ਗਾਉਣ ਦਾ ਚਾਅ ਪੈਦਾ ਹੋ ਜਾਂਦਾ ਹੈ।
ਪਰੇ ਸਰਨ ਆਨ ਸਭ ਤਿਆਗਿ ।। ਅੰਤਰਿ ਪ੍ਰਗਾਸ ਅਨਦਿਨੁ ਲਿਵ ਲਾਗਿ ।।
ਸੰਸਾਰ
ਦੇ ਹੋਰ ਸਭ ਸਹਾਰਿਆਂ ਨੂੰ ਤਿਆਗ ਕੇ ਉਹ ਕੇਵਲ ਇੱਕ ਪ੍ਰਭੂ ਦੀ ਸ਼ਰਨ ਵਿੱਚ ਆ ਜਾਂਦੇ ਹਨ। ਇਸ ਤਰਾਂ
ਕਰਨ ਨਾਲ਼ ਉਨ੍ਹਾਂ ਦਾ ਹਿਰਦਾ ਗਿਆਨ ਦੇ ਪ੍ਰਕਾਸ਼ ਨਾਲ਼ ਭਰ ਜਂਦਾ ਹੈ ਅਤੇ ਸਿੱਟੇ ਵਜੋਂ ਉਨ੍ਹਾਂ ਦੀ
ਸੁਰਤੀ ਹਰ ਵੇਲ਼ੇ ਦਿਨ ਰਾਤ ਪ੍ਰਮਾਤਮਾ ਦੇ ਚਰਨਾਂ ਨਾਲ਼ ਜੁੜੀ ਰਹਿੰਦੀ ਹੈ।
ਬਡਭਾਗੀ ਜਪਿਆ ਪ੍ਰਭੁ ਸੋਇ ।। ਨਾਨਕ ਨਾਮਿ ਰਤੇ ਸੁਖੁ ਹੋਇ ।। 2 ।।
ਗੁਰੂ
ਜੀ ਇਹ ਤੱਤ ਵੀ ਸਪਸ਼ਟ ਕਰਦੇ ਹਨ ਕਿ ਇਸ ਤਰਾਂ ਇੱਕ ਮਨ ਇੱਕ ਚਿੱਤ ਹੋ ਕੇ ਪ੍ਰਭੂ ਦੇ ਨਾਮ ਦਾ
ਸਿਮਰਨ ਤਾਂ ਹੀ ਕੀਤਾ ਜਾ ਸਕਦਾ ਹੈ ਜੇ ਭਾਗ ਬਹੁਤ ਚੰਗੇ ਹੋਣ। ਪਰ
ਇਸ ਤਰਾਂ ਪ੍ਰਭੂ ਨਾਮ ਦੇ ਪਿਆਰ ਦੇ ਰੰਗ ਵਿੱਚ ਰੰਗੇ ਜਾਣ ਨਾਲ਼ ਅਨੰਤ ਸੁਖ ਦਾ ਅਨੁਭਵ ਹੁੰਦਾ ਹੈ।
ਸੇਵਕ ਕੀ ਮਨਸਾ ਪੂਰੀ ਭਈ ।। ਸਤਿਗੁਰ ਤੇ ਨਿਰਮਲ ਮਤਿ ਲਈ ।।
ਜਿਹੜਾ
ਸੇਵਕ ਸੱਚੇ ਗੁਰੂ ਦੀ ਨਿਰਮਲ ਪਵਿੱਤਰ ਸਿੱਖਿਆ ਨੂੰ ਮਨ ਵਿੱਚ ਵਸਾ ਲੈਂਦਾ ਹੈ ਅਤੇ ਉਸ ਤੇ ਅਮਲ
ਕਰਨ ਲੱਗ ਪੈਂਦਾ ਹੈ, ਉਸ ਦੇ ਮਨ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ।
ਜਨ ਕਉ ਪ੍ਰਭੁ ਹੋਇਓ ਦਇਆਲ ।। ਸੇਵਕੁ ਕੀਨੋ ਸਦਾ ਨਿਹਾਲੁ ।।
ਜਦੋਂ
ਗੁਰੂ ਕਿਸੇ ਸੇਵਕ ਉੱਤੇ ਮਿਹਰਬਾਨ ਹੋ ਜਾਵੇ ਤਾਂ ਉਹ ਉਸ ਸੇਵਕ ਨੂੰ ਨਿਹਾਲ ਕਰ ਦਿੰਦਾ ਹੈ, ਉਸ ਦੇ
ਉੱਤੇ ਸੰਸਾਰ ਦੀਆਂ ਸਭ ਖੁਸ਼ੀਆਂ ਬਖਸ਼ਿਸ਼ ਕਰ ਦਿੰਦਾ ਹੈ।
ਬੰਧਨ ਕਾਟਿ ਮੁਕਤਿ ਜਨੁ ਭਇਆ ।। ਜਨਮ ਮਰਨ ਦੂਖੁ ਭ੍ਰਮੁ ਗਇਆ ।।
ਉਸ
ਸੇਵਕ ਦੇ ਸਾਰੇ ਬੰਧਨ ਕੱਟੇ ਜਾਂਦੇ ਹਨ ਅਤੇ ਉਹ ਮੁਕਤ ਹੋ ਜਾਂਦਾ ਹੈ। ਉਸ
ਦਾ ਜਨਮ ਮਰਨ ਦਾ ਦੁੱਖ ਦੂਰ ਹੋ ਜਾਂਦਾ ਹੈ,
ਉਸ ਨੂੰ ਸਦਾ ਲਈ ਪ੍ਰਭੂ ਚਰਨਾਂ ਵਿੱਚ ਨਿਵਾਸ ਮਿਲ ਜਾਂਦਾ ਹੈ। ਉਸ ਦੇ ਸਾਰੇ ਭਰਮ ਭੁਲੇਖੇ ਦੂਰ ਹੋ
ਜਾਂਦੇ ਹਨ। ਉਸ ਨੂੰ ਪ੍ਰਭੂ ਦੇ ਕੀਤੇ ਤੇ ਪੂਰਨ ਵਿਸ਼ਵਾਸ਼ ਹੋ ਜਾਂਦਾ ਹੈ।
ਇਛ ਪੁਨੀ ਸਰਧਾ ਸਭ ਪੂਰੀ ।। ਰਵਿ ਰਹਿਆ ਸਦ ਸੰਗਿ ਹਜੂਰੀ ।।
ਉਸ
ਸੇਵਕ ਦੀ ਕੋਈ ਇੱਛਾ ਅਧੂਰੀ ਨਹੀਂ ਰਹਿੰਦੀ। ਮੁਕਤੀ ਦੀ ਇੱਛਾ ਸਮੇਤ ਸਭ ਮੁਰਾਦਾਂ ਪੂਰੀਆਂ ਹੋ
ਜਾਂਦੀਆਂ ਹਨ। ਉਸ ਨੂੰ ਪੂਰਨ ਵਿਸ਼ਵਾਸ਼ ਹੋ ਜਾਂਦਾ ਹੈ ਕਿ ਪ੍ਰਮਾਤਮਾ ਸਰਬ ਵਿਆਪਕ ਹੈ, ਹਰ ਵਸਤ ਦੇ
ਵਿੱਚ ਰਮਿਆਂ ਹੋਇਆ ਹੈ। ਉਹ ਸਦਾ ਇਹ ਮਹਿਸੂਸ ਕਰਦਾ ਹੈ ਕਿ ਗੁਰੂ ਸਦਾ ਉਸ ਦੇ ਅੰਗ ਸੰਗ ਰਹਿੰਦਾ
ਹੈ ਅਤੇ ਉਹ ਹਰ ਵਕਤ ਪ੍ਰਭੂ ਦੀ ਹਜ਼ੂਰੀ ਵਿੱਚ ਵਿਚਰਦਾ ਹੈ।
ਜਿਸ ਕਾ ਸਾ ਤਿਨਿ ਲੀਆ ਮਿਲਾਇ ।। ਨਾਨਕ ਭਗਤੀ ਨਾਮਿ ਸਮਾਇ ।। 3 ।।
ਉਸ
ਇਨਸਾਨ ਨੂੰ, ਜੋ ਹਰੀ ਦਾ ਦਾਸ ਬਣ ਜਾਂਦਾ ਹੈ, ਹਰੀ ਅਪਣੇ ਨਾਲ਼ ਮਿਲਾ ਲੈਂਦਾ ਹੈ। ਗੁਰੂ ਜੀ ਸਾਨੂੰ
ਸਮਝਾਉਂਦੇ ਹਨ ਕਿ ਪ੍ਰਭੂ ਦੇ ਨਾਲ਼ ਪੂਰਨ ਮਿਲਾਪ ਦਾ ਸੁਭਾਗ ਉਸ ਦੇ ਨਾਮ ਸਿਮਰਨ ਅਤੇ ਪ੍ਰੇਮਾ ਭਗਤੀ ਦੇ ਸਿੱਟੇ ਵਜੋਂ ਹੀ
ਪ੍ਰਾਪਤ ਹੁੰਦਾ ਹੈ। ਨਾਮ ਜੱਪਦਿਆਂ ਜੱਪਦਿਆਂ ਨਾਮ ਜੱਪਣ ਵਾਲਾ ਨਾਮੀ ਦੇ ਵਿੱਚ ਹੀ ਸਮਾ ਜਾਂਦਾ
ਹੈ।
ਸੋ ਕਿਉ ਬਿਸਰੈ ਜਿ ਘਾਲ ਨ ਭਾਨੈ ।। ਸੋ ਕਿਉ ਬਿਸਰੈ ਜਿ ਕੀਆ ਜਾਨੈ ।।
ਉਸ
ਮਾਲਕ ਨੂੰ ਕਦੇ ਵੀ ਮਨ ਤੋਂ ਵਿਸਾਰਨਾ ਨਹੀਂ ਚਾਹੀਦਾ ਜਿਹੜਾ ਸਾਡੀ ਘਾਲ਼ੀ ਹੋਈ ਘਾਲਣਾ ਨੂੰ ਕਦੇ ਵੀ
ਅਜਾਈਂ ਨਹੀਂ ਜਾਣ ਦਿੰਦਾ, ਸਦਾ ਉਸ ਨੂੰ ਫਲ਼ ਲਾਉਂਦਾ ਹੈ। ਉਸ ਪ੍ਰਭੂ ਨੂੰ ਕਦੇ ਨਹੀਂ
ਵਿਸਾਰਨਾ ਚਾਹੀਦਾ ਜੋ ਸਾਡੇ ਕੀਤੇ ਚੰਗੇ ਕਰਮਾਂ
ਦੀ ਕੀਮਤ ਪਾਉਂਦਾ ਹੈ।
ਸੋ ਕਿਉ ਬਿਸਰੈ ਜਿਨਿ ਸਭੁ ਕੁਛ ਦੀਆ ।। ਸੋ ਕਿਉ ਬਿਸਰੈ ਜਿ ਜੀਵਨ ਜੀਆ ।।
ਉਸ ਪ੍ਰਮਾਤਮਾ ਨੂੰ ਕਦੇ ਨਹੀਂ ਵਿਸਾਰਨਾ ਚਾਹੀਦਾ ਜਿਸ ਨੇ ਸਾਡੇ ਉੱਤੇ
ਉਨ੍ਹਾਂ ਸਾਰੀਆਂ ਦਾਤਾਂ ਦੀ ਬਖਸ਼ਿਸ਼ ਕੀਤੀ ਹੈ ਜਿਨ੍ਹਾਂ ਦਾ ਅਨੰਦ ਅਸੀਂ ਮਾਣਦੇ ਹਾਂ। ਉਸ
ਵਾਹਿਗੁਰੂ ਨੂੰ ਮਨੋ ਵਿਸਾਰਨਾ ਨਹੀਂ ਚਾਹੀਦਾ ਜਿਹੜਾ ਸਾਡੇ ਜੀਵਨ ਦਾ ਆਧਾਰ ਹੈ, ਜਿਸ ਨੇ ਸਾਨੂੰ
ਇਹ ਜੀਵਨ ਬਖ਼ਸ਼ਿਆ ਹੈ।
ਸੋ ਕਿਉ ਬਿਸਰੈ ਜਿ ਅਗਨਿ ਮਹਿ ਰਾਖੈ ।। ਗੁਰਪ੍ਰਸਾਦਿ ਕੋ ਬਿਰਲਾ ਲਾਖੈ ।।
ਉਸ
ਹਰੀ ਪ੍ਰਭੂ ਨੂੰ ਕਿਉਂ ਵਿਸਾਰੀਏ ਜਿਹੜਾ ਅੱਗ ਦੇ ਵਿੱਚ ਵੀ ਸਾਡੀ ਰਾਖੀ ਕਰਦਾ ਹੈ , ਸਾਨੂੰ ਸੜਨ
ਤੋਂ ਬਚਾਉਂਦਾ ਹੈ। ਉਸ ਨੂੰ ਤਾਂ ਹਰ ਵੇਲ਼ੇ ਯਾਦ ਰੱਖਣਾ ਚਾਹੀਦਾ ਹੈ। ਕੋਈ ਵਿਰਲਾ ਹੀ ਹੁੰਦਾ ਹੈ
ਜਿਹੜਾ ਗੁਰੂ ਦੀ ਕਿਰਪਾ ਨਾਲ਼ ਇਸ ਗੱਲ ਨੂੰ ਸਮਝ
ਲੈਂਦਾ ਹੈ ਕਿ ਇਸ ਤਰਾਂ ਉਸ ਮਾਲਕ ਨੂੰ ਭੁਲਾ ਦੇਣਾ ਗਲਤ ਹੈ।
ਸੋ ਕਿਉ ਬਿਸਰੈ ਜਿ ਬਿਖ ਤੇ ਕਾਢੈ ।। ਜਨਮ ਜਨਮ ਕਾ ਟੂਟਾ ਗਾਢੈ ।।
ਉਸ
ਮਾਲਕ ਨੂੰ ਵਿਸਾਰਨਾ ਠੀਕ ਨਹੀਂ ਜਿਹੜਾ ਸਾਨੂੰ ਵਿਸ਼ੇ ਵਿਕਾਰਾਂ ਦੀ ਜ਼ਹਿਰ ਤੋਂ ਬਚਾਉਂਦਾ ਹੈ। ਉਸ
ਪਰਮੇਸ਼ਰ ਨੂੰ ਭੁੱਲ ਜਾਣਾ ਚੰਗਾ ਨਹੀਂ ਜਿਹੜਾ ਸਾਨੂੰ ਜਨਮਾਂ ਜਨਮਾਂਤਰਾਂ ਦੇ ਵਿਛੜਿਆਂ ਨੂੰ ਮੁੜ
ਅਪਣੇ ਨਾਲ਼ ਮਿਲਾ ਲੈਂਦਾ ਹੈ।
ਗੁਰਿ ਪੂਰੈ ਤਤੁ ਇਹੈ ਬੁਝਾਇਆ ।। ਪ੍ਰਭੁ ਅਪਨਾ ਨਾਨਕ ਜਨ ਧਿਆਇਆ ।। 4 ।।
ਗੁਰੂ
ਜੀ ਪ੍ਰਵਾਨ ਕਰਦੇ ਹਨ ਕਿ ਇਨ੍ਹਾਂ ਸਚਾਈਆਂ ਦੀ ਸਮਝ ਉਨ੍ਹਾਂ ਨੂੰ ਪੂਰਨ ਗੁਰੂ ਨੇ ਬਖਸ਼ਿਸ਼ ਕੀਤੀ
ਹੈ। ਪੂਰਨ ਗੁਰੂ ਦੀ ਸਿੱਖਿਆ ਤੇ ਅਮਲ ਕਰਦੇ ਹੋਏ ਉਹ ਅਪਣਾ ਧਿਆਨ ਪ੍ਰਭੂ ਚਰਨਾਂ ਨਾਲ਼ ਜੋੜਨ ਵਿੱਚ
ਸਫਲ ਹੋਏ ਹਨ ਅਤੇ ਭਵ ਸਾਗਰ ਵਿੱਚ ਡੁੱਬਣ ਤੋਂ ਬਚ ਗਏ ਹਨ।
ਸਾਜਨ ਸੰਤ ਕਰਹੁ ਇਹੁ ਕਾਮੁ ।। ਆਨ ਤਿਆਗਿ ਜਪਹੁ ਹਰਿ ਨਾਮੁ ।।
ਗੁਰੂ
ਜੀ ਸਾਨੂੰ ਅਪਣੇ ਗੁਰਮੁਖ ਮਿੱਤਰ ਆਖ ਕੇ ਸੰਬੋਧਨ ਕਰਦੇ ਹੋਏ ਇਹ ਸਲਾਹ ਦਿੰਦੇ ਹਨ ਕਿ ਬਾਕੀ ਸਾਰੇ
ਰੁਝੇਵਿਆਂ ਨੂੰ ਛੱਡ ਕੇ ਅਪਣੇ ਆਪ ਨੂੰ ਵਾਹਿਗੁਰੂ ਦਾ ਨਾਮ ਜੱਪਣ ਵਿੱਚ ਲਾ ਦਈਏ।
ਸਿਮਰਿ ਸਿਮਰਿ ਸਿਮਰਿ ਸੁਖ ਪਾਵਹੁ ।। ਆਪਿ ਜਪਹੁ ਅਵਰਹ ਨਾਮੁ ਜਪਾਵਹੁ ।।
ਵਾਹਿਗੁਰੂ
ਦਾ ਸਿਮਰਨ ਕਰਨ ਨਾਲ਼ ਸਾਨੂੰ ਸਾਰੇ ਸੁਖ ਪ੍ਰਾਪਤ ਹੋ ਜਾਣਗੇ। ਗੁਰੂ ਜੀ ਸਾਨੂੰ ਪ੍ਰੇਰਨਾ ਕਰਦੇ ਹਨ
ਕਿ ਅਸੀਂ ਕੇਵਲ ਆਪ ਹੀ ਨਾਮ ਸਿਮਰਨ ਵਿੱਚ ਨਾ ਲੱਗੀਏ ਬਲਕਿ ਦੂਜਿਆਂ ਨੂੰ ਵੀ ਇਸ ਖ਼ਜ਼ਾਨੇ ਨਾਲ਼
ਜੋੜੀਏ, ਉਨ੍ਹਾਂ ਨੂੰ ਵੀ ਨਾਮ ਜੱਪਣ ਦੀ ਪ੍ਰੇਰਨਾ ਦਈਏ।
ਭਗਤਿ ਭਾਇ ਤਰੀਐ ਸੰਸਾਰੁ ।। ਬਿਨੁ ਭਗਤੀ ਤਨੁ ਹੋਸੀ ਛਾਰੁ ।।
ਪਿਆਰ
ਨਾਲ਼ ਪ੍ਰਭੂ ਦੀ ਭਗਤੀ ਕਰਨ ਨਾਲ਼ ਅਸੀਂ ਭਵ ਸਾਗਰ ਨੂੰ ਪਾਰ ਕਰ ਸਕਦੇ ਹਾਂ, ਇਸ ਵਿੱਚ ਡੁੱਬਣ ਤੋਂ
ਬਚ ਸਕਦੇ ਹਾਂ। ਭਗਤੀ ਤੋਂ ਬਿਨਾਂ ਸਾਡਾ ਇਹ ਸਰੀਰ ਵਿਕਾਰਾਂ ਦੀ ਅੱਗ ਵਿੱਚ ਸੜ ਕੇ ਸੁਆਹ ਹੋ
ਜਾਵੇਗਾ।
ਸਰਬ ਕਲਿਆਣ ਸੂਖ ਨਿਧਿ ਨਾਮੁ ।। ਬੂਡਤ ਜਾਤ ਪਾਏ ਬਿਸ੍ਰਾਮੁ ।।
ਵਾਹਿਗੁਰੂ ਦਾ ਨਾਮ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ। ਨਾਮ ਦਾ ਸਿਮਰਨ ਕਰਨ
ਨਾਲ਼ ਸਾਰੇ ਸੁਖ ਅਤੇ ਖੁਸ਼ੀਆਂ ਪ੍ਰਾਪਤ ਹੋ ਜਾਂਦੇ ਹਨ। ਨਾਮ ਜੱਪਣ ਨਾਲ਼ ਭਵ ਸਾਗਰ ਵਿੱਚ ਡੁੱਬ ਰਹੇ
ਜੀਵ ਨੂੰ ਵੀ ਕਿਨਾਰਾ ਮਿਲ ਜਾਂਦਾ ਹੈ ਅਤੇ ਉਹ ਆਤਮਿਕ ਟਿਕਾਓ ਪ੍ਰਾਪਤ ਕਰ ਲੈਂਦਾ ਹੈ ਅਤੇ ਮੁਕਤੀ
ਪਾ ਲੈਂਦਾ ਹੈ।
ਸਗਲ ਦੂਖ ਕਾ ਹੋਵਤ ਨਾਸੁ ।। ਨਾਨਕ ਨਾਮੁ ਜਪਹੁ ਗੁਨਤਾਸੁ ।। 5 ।।
ਨਾਮ ਜੱਪਣ ਨਾਲ਼ ਜੀਵ ਦੇ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਅਤੇ ਉਸ
ਦਾ ਜੀਵਨ ਸੁਖਾਂ ਨਾਲ਼ ਭਰਪੂਰ ਹੋ ਜਾਂਦਾ ਹੈ। ਇਸ ਲਈ ਗੁਰੂ ਜੀ ਸਾਨੂੰ ਇਹ ਸਲਾਹ ਦਿੰਦੇ ਹਨ ਕਿ ਉਸ
ਗੁਣਾਂ ਦੇ ਖ਼ਜ਼ਾਨੇ ਦੇ ਨਾਮ ਦਾ ਸਿਮਰਨ ਕਰ ਕੇ ਅਪਣੇ ਜੀਵਨ ਨੂੰ ਸਫਲ ਬਣਾਈਏ।
ਉਪਜੀ ਪ੍ਰੀਤਿ ਪ੍ਰੇਮ ਰਸੁ ਚਾਉ ।। ਮਨ ਤਨ ਅੰਤਰਿ ਇਹੀ ਸੁਆਉ ।।
ਮੇਰੇ
ਮਨ ਦੇ ਅੰਦਰ ਵਾਹਿਗੁਰੂ ਦੇ ਲਈ ਅਥਾਹ ਪਿਆਰ ਪੈਦਾ ਹੋ ਗਿਆ ਹੈ। ਇਸ ਪਿਆਰ ਨੇ ਮੇਰੇ ਅੰਦਰ ਪ੍ਰੇਮ
ਦਾ ਰਸ ਪੈਦਾ ਕਰ ਦਿੱਤਾ ਹੈ ਜਿਸ ਦੇ ਸਿੱਟੇ ਵਜੋਂ ਮੇਰੇ ਮਨ ਵਿੱਚ ਵਾਹਿਗੁਰੂ ਨਾਲ਼ ਮਿਲਾਪ ਦਾ
ਉਤਸ਼ਾਹ ਪੈਦਾ ਹੋ ਗਿਆ ਹੈ। ਮੇਰਾ ਮਨ ਅਤੇ ਤਨ ਦੋਵੇਂ ਇਸ ਰਸ ਦੇ ਸੁਆਦ ਨਾਲ਼ ਸਦਾ ਸ਼ਰਸ਼ਾਰ ਹੋਏ ਰਹਿੰਦੇ
ਹਨ।
ਨੇਤ੍ਰਹੁ ਪੇਖ ਦਰਸੁ ਸੁਖੁ ਹੋਇ ।।
ਮਨੁ ਬਿਗਸੈ ਸਾਧ ਚਰਨ ਧੋਇ ।।
ਮੇਰੀਆਂ ਅੱਖਾਂ ਕਿਸੇ ਗੁਰਮੁਖ ਪਿਆਰੇ ਦੇ ਦਰਸ਼ਨ ਕਰ ਕੇ ਅਤਿਅੰਤ ਸੁਖ
ਮਹਿਸੂਸ ਕਰਦੀਆਂ ਹਨ ਅਤੇ ਮੇਰਾ ਮਨ ਕਿਸੇ ਗੁਰਮੁਖ ਪਿਆਰੇ ਦੇ ਚਰਨ ਧੋ ਕੇ ਖੁਸ਼ੀ ਨਾਲ਼ ਖਿੜ ਜਾਂਦਾ
ਹੈ।
ਭਗਤ ਜਨਾ ਕੈ ਮਨਿ ਤਨਿ ਰੰਗੁ ।। ਬਿਰਲਾ ਕੋਊ ਪਾਵੈ ਸੰਗੁ ।।
ਇਹ
ਇਸ ਕਰਕੇ ਹੁੰਦਾ ਹੈ ਕਿਉਂਕਿ ਪ੍ਰਭੂ ਦੇ ਭਗਤਾਂ ਦੇ ਮਨ ਅਤੇ ਤਨ ਦੋਹਾਂ ਵਿੱਚੋਂ ਪ੍ਰਭੂ ਦਾ ਪਿਆਰ
ਝਲਕਾਂ ਮਾਰਦਾ ਹੈ। ਪਰ ਕੋਈ ਵਿਰਲਾ ਟਾਂਵਾਂ ਜੀਵ ਹੁੰਦਾ ਹੈ ਜਿਸ ਨੂੰ ਅਜਿਹੇ ਸੰਤ ਮਹਾਂ ਪੁਰਖਾਂ
ਦੀ ਸੰਗਤ ਦਾ ਸੁਭਾਗ ਪ੍ਰਾਪਤ ਹੁੰਦਾ ਹੈ।
ਏਕ ਬਸਤੁ ਦੀਜੈ ਕਰਿ ਮਇਆ ।। ਗੁਰਪ੍ਰਸਾਦਿ ਨਾਮੁ ਜਪਿ ਲਇਆ ।।
ਹੇ
ਪ੍ਰਭੂ, ਮੇਰੇ ਉੱਤੇ ਦਯਾ ਕਰ ਕੇ ਇੱਕ ਦਾਤ ਮੇਰੀ ਝੋਲ਼ੀ ਵਿੱਚ ਪਾ ਦੇਵੋ। ਮੇਰੇ ਉੱਤੇ ਗੁਰੂ ਦੀ
ਕਿਰਪਾ ਹੋ ਜਾਵੇ ਅਤੇ ਇਸ ਕਿਰਪਾ ਦਾ ਸਦਕਾ ਮੈਂ ਨਾਮ ਸਿਮਰਨ ਵਿੱਚ ਜੁੜਨ ਦੇ ਸਮਰਥ ਹੋ ਜਾਵਾਂ।
ਤਾ ਕੀ ਉਪਮਾ ਕਹੀ ਨ ਜਾਇ ।। ਨਾਨਕ ਰਹਿਆ ਸਰਬ ਸਮਾਇ ।। 6 ।।
ਵਾਹਿਗੁਰੂ
ਦੇ ਗੁਣਾਂ ਦਾ ਬਿਆਨ ਸ਼ਬਦਾਂ ਵਿੱਚ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਕੋਈ ਹੋਰ ਸ਼ਕਤੀ ਹੈ ਜਿਸ ਨਾਲ਼
ਉਸ ਦੀ ਤੁਲਨਾ ਕੀਤੀ ਜਾ ਸਕੇ। ਉਹ ਸਮਰਥ ਪ੍ਰਭੂ ਸਰਬ ਵਿਆਪਕ ਹੈ, ਹਰ ਵਸਤ ਦੇ ਵਿੱਚ ਸਮਾਇਆ ਹੋਇਆ
ਹੈ। ਇਸ ਕਰਕੇ ਅਸੀਂ ਅਪਣੇ ਅੰਦਰ ਹੀ ਉਸ ਦੀ ਮੌਜੂਦਗੀ ਅਨੁਭਵ ਕਰ ਸਕਦੇ ਹਾਂ, ਕਿਤੇ ਦੂਰ ਜਾਣ ਦੀ
ਲੋੜ ਨਹੀਂ।
ਪ੍ਰਭ ਬਖਸੰਦ ਦੀਨ ਦਇਆਲ ।। ਭਗਤਿ ਵਛਲ ਸਦਾ ਕਿਰਪਾਲ ।।
ਹੇ ਵਾਹਿਗੁਰੂ, ਤੁਸੀਂ ਬਖਸ਼ਣਹਾਰ ਹੋ, ਬਖਸ਼ ਦੇਣਾ ਤੁਹਾਡਾ ਸੁਭਾਅ ਹੈ।
ਤੁਸੀਂ ਗਰੀਬਾਂ ਦੇ, ਕਮਜ਼ੋਰਾਂ ਦੇ ਹਮਦਰਦ ਹੋ ਅਤੇ ਹਮੇਸ਼ਾ ਉਨ੍ਹਾਂ ਤੇ ਦਯਾ ਕਰ ਕੇ ਖੁਸ਼ ਹੁੰਦੇ
ਹੋ। ਭਗਤਾਂ ਨੂੰ ਤੁਸੀਂ ਸਦਾ ਪਿਆਰ ਕਰਦੇ ਹੋ ਅਤੇ ਹਮੇਸ਼ਾ ਉਨ੍ਹਾਂ ਤੇ ਦਯਾ ਕਰ ਕੇ ਉਨ੍ਹਾਂ ਦੀ
ਬਾਂਹ ਫੜਦੇ ਹੋ।
ਅਨਾਥ ਨਾਥ ਗੋਬਿੰਦ ਗੁਪਾਲ ।। ਸਰਬ ਘਟਾ ਕਰਤ ਪ੍ਰਤਿਪਾਲ ।।
ਤੁਸੀਂ
ਅਨਾਥਾਂ ਦੇ ਨਾਥ ਹੋ, ਬੇਸਹਾਰਿਆਂ ਦੇ ਸਹਾਰੇ ਹੋ ਅਤੇ ਉਨ੍ਹਾਂ ਦੀ ਰੱਖਿਆ ਕਰਦੇ ਹੋ। ਤੁਸੀਂ ਧਰਤੀ
ਦੇ ਜੀਵਾਂ ਨੂੰ ਪਾਲਣ ਵਾਲ਼ੇ ਹੋ। ਤੁਸੀਂ ਸ੍ਰਿਸ਼ਟੀ ਦੇ ਸਾਰੇ ਜੀਵਾਂ ਦੀ ਪਾਲਣਾ ਕਰਦੇ ਹੋ, ਉਨ੍ਹਾਂ
ਦੀਆਂ ਲੋੜਾਂ ਦਾ ਧਿਆਨ ਰੱਖਦੇ ਹੋ।
ਆਦਿ ਪੁਰਖ ਕਾਰਣ ਕਰਤਾਰ ।। ਭਗਤ ਜਨਾ ਕੇ ਪ੍ਰਾਨ ਅਧਾਰ ।।
ਤੁਸੀਂ
ਆਦਿ ਪੁਰਖ ਹੋ, ਜੀਵਾਂ ਦੀ ਹੋਂਦ ਦੇ ਮੂਲ਼ ਹੋ ਅਤੇ ਸਮੂਹ ਜੀਵਾਂ ਦੇ ਸਿਰਜਣਹਾਰ ਹੋ। ਤੁਸੀਂ ਭਗਤਾਂ
ਦੇ ਜੀਵਨ ਦਾ ਸਹਾਰਾ ਹੋ। ਉਹ ਤੁਹਾਡੇ ਪਿਆਰ ਤੋਂ ਬਿਨਾਂ ਜ਼ਿੰਦਾ ਨਹੀਂ ਰਹਿ ਸਕਦੇ।
ਜੋ ਜੋ ਜਪੈ ਸੁ ਹੋਇ ਪੁਨੀਤ ।। ਭਗਤਿ ਭਾਇ ਲਾਵੈ ਮਨ ਹੀਤ ।।
ਜਿਹੜਾ ਜਿਹੜਾ ਜੀਵ ਵੀ ਆਪ ਦਾ ਨਾਮ ਜੱਪਦਾ ਹੈ ਉਹ ਪਾਕ ਪਵਿੱਤਰ ਹੋ
ਜਾਂਦਾ ਹੈ, ਉਸ ਦੇ ਮਨ ਤੋਂ ਪਾਪਾਂ ਦਾ ਮੈਲ਼ ਧੋਤਾ ਜਾਂਦਾ ਹੈ। ਭਗਤੀ
ਅਤੇ ਸ਼ਰਧਾ ਦੀ ਭਾਵਨਾ ਨਾਲ਼ ਉਸ ਦੇ ਮਨ ਵਿੱਚ ਤੁਹਾਡਾ ਪਿਆਰ ਵਸ ਜਾਂਦਾ ਹੈ।
ਹਮ ਨਿਰਗੁਨੀਆਰ ਨੀਚ ਅਜਾਨ ।। ਨਾਨਕ ਤੁਮਰੀ ਸਰਨਿ ਪੁਰਖ ਭਗਵਾਨ ।। 7 ।।
ਗੁਰੂ
ਜੀ ਅਰਦਾਸ ਕਰਦੇ ਹਨ ਕਿ ਹੇ ਪ੍ਰਭੂ, ਸਾਡੇ ਵਿੱਚ ਕੋਈ ਗੁਣ ਨਹੀਂ, ਅਸੀਂ ਗੁਣਾਂ ਤੋਂ ਹੀਣੇ ਹਾਂ।
ਅਸੀਂ ਕਮੀਣੇ ਹਾਂ, ਘਟੀਆ ਹਾਂ, ਅਗਿਆਨ ਦੇ ਹਨ੍ਹੇਰੇ ਵਿੱਚ ਵਸਦੇ ਹਾਂ। ਪਰ ਹੇ ਦਯਾਲ ਪੁਰਖ, ਅਸੀਂ
ਤੁਹਾਡੀ ਸ਼ਰਨ ਵਿੱਚ ਆ ਗਏ ਹਾਂ। ਹੇ ਭਗਵਾਨ, ਅਪਣੇ ਕ੍ਰਿਪਾਲੂ ਸੁਭਾਅ ਦੀ ਲਾਜ ਰੱਖੋ ਅਤੇ ਸਾਨੂੰ
ਬਚਾ ਲਵੋ।
ਸਰਬ ਬੈਕੁੰਠ ਮੁਕਤਿ ਮੋਖ ਪਾਏ ।।
ਏਕ ਨਿਮਖ ਹਰਿ ਕੇ ਗੁਨ ਗਾਏ ।।
ਜਿਹੜਾ ਜੀਵ ਇੱਕ ਪਲ ਭਰ ਲਈ ਵੀ ਹਰੀ ਦੇ
ਗੁਣ ਗਾਇਨ ਕਰਨ ਦਾ ਸ਼ੁਭ ਕਾਰਜ ਕਰ ਲਵੇ ਉਸ ਨੂੰ ਸਾਰੇ ਸਵਰਗ ਪ੍ਰਾਪਤ ਹੋ ਜਾਂਦੇ ਹਨ ਅਤੇ ਹਰ ਤਰਾਂ
ਦੇ ਬੰਧਨਾਂ ਤੋਂ ਅਜ਼ਾਦੀ ਅਤੇ ਜਨਮ ਮਰਨ ਦੇ ਚੱਕਰ ਤੋਂ ਮੁਕਤੀ ਮਿਲ ਜਾਂਦੀ ਹੈ।
ਅਨਿਕ ਰਾਜ ਭੋਗ ਵਡਿਆਈ ।। ਹਰਿ ਕੇ ਨਾਮ ਕੀ ਕਥਾ ਮਨਿ ਭਾਈ ।।
ਜੇ
ਹਰੀ ਦੇ ਨਾਮ ਦੀ ਕਥਾ ਕਿਸੇ ਨੂੰ ਪਿਆਰੀ ਲੱਗਣ ਲੱਗ ਪਵੇ ਤਾਂ ਸਮਝੋ ਕਿ ਉਸ ਨੂੰ ਅਨੇਕਾਂ ਕਿਸਮ ਦੇ
ਰਾਜ ਦਾ ਸੁਖ, ਹਰ ਤਰਾਂ ਦੇ ਭੋਗ ਪਦਾਰਥਾਂ ਦਾ ਸੁਖ ਅਤੇ ਅਨੇਕਾਂ ਤਰਾਂ ਦੀ ਵਡਿਆਈ ਪ੍ਰਾਪਤ ਹੋ
ਗਈ।
ਬਹੁ ਭੋਜਨ ਕਾਪਰ ਸੰਗੀਤ ।। ਰਸਨਾ ਜਪਤੀ ਹਰਿ ਹਰਿ ਨੀਤ ।।
ਜੇ
ਕਿਸੇ ਦੀ ਰਸਨਾ ਹਰ ਰੋਜ਼ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਲੱਗ ਪਵੇ ਤਾਂ ਸਮਝੋ ਕਿ ਉਸ ਨੂੰ
ਅਨੇਕਾਂ ਕਿਸਮ ਦੇ ਖਾਣੇ ਖਾਣ ਦਾ, ਤਰਾਂ ਤਰਾਂ ਦੇ ਵਸਤਰ ਪਹਿਨਣ ਦਾ ਅਤੇ ਭਾਂਤ ਭਾਂਤ ਦਾ ਮਧੁਰ
ਸੰਗੀਤ ਸੁਣਨ ਦਾ ਆਨੰਦ ਪ੍ਰਾਪਤ ਹੋਣ ਲੱਗ ਪਿਆ ਹੈ।
ਭਲੀ ਸੁ ਕਰਨੀ ਸੋਭਾ ਧਨਵੰਤ ।। ਹਿਰਦੈ ਬਸੇ ਪੂਰਨ ਗੁਰ ਮੰਤ ।।
ਜੇ
ਗੁਰੂ ਦਾ ਦਿੱਤਾ ਹੋਇਆ ਮੰਤਰ, ਗੁਰੂ ਦੀ ਸਿੱਖਿਆ, ਪੂਰੀ ਤਰਾਂ ਕਿਸੇ ਦੇ ਮਨ ਵਿੱਚ ਵਸ ਜਾਵੇ ਤਾਂ
ਸਮਝੋ ਕਿ ਉਹ ਬਹੁਤ ਨੇਕ ਕਰਮ ਕਰਨ ਲੱਗ ਪਿਆ ਹੈ, ਉਸ ਨੇ ਬੇਅੰਤ ਸ਼ੋਭਾ ਖੱਟ ਲਈ ਹੈ, ਉਸ ਨੂੰ ਅਥਾਹ
ਦੌਲਤ ਪ੍ਰਾਪਤ ਹੋ ਗਈ ਹੈ ਅਤੇ ਉਹ ਬੇਹੱਦ ਧਨਵਾਨ ਬਣ ਗਿਆ ਹੈ।
ਸਾਧਸੰਗਿ ਪ੍ਰਭੁ ਦੇਹੁ ਨਿਵਾਸ ।। ਸਰਬ ਸੂਖ ਨਾਨਕ ਪਰਗਾਸ ।। 8 ।। 20 ।।
ਗੁਰੂ
ਜੀ ਬੇਨਤੀ ਕਰਦੇ ਹਨ ਕਿ ਹੇ ਪ੍ਰਭੂ, ਮੈਨੂੰ ਸੰਤਾਂ ਦੀ ਸੰਗਤ ਵਿੱਚ ਰਹਿਣ ਦਾ ਸੁਭਾਗ ਬਖਸ਼ਿਸ਼ ਕਰ
ਦੇਵੋ। ਇਸ ਨਾਲ਼ ਮੈਨੂੰ ਸੰਸਾਰ ਦੇ ਸਾਰੇ ਹੀ ਸੁਖ ਪ੍ਰਪਤ ਹੋ ਜਾਣਗੇ।
ਸਲੋਕ ।।
ਸਰਗੁਨ ਨਿਰਗੁਨ
ਨਿਰੰਕਾਰ ਸੁੰਨ ਸਮਾਧੀ ਆਪਿ ।।
ਆਪਨ ਕੀਆ ਨਾਨਕਾ
ਆਪੇ ਹੀ ਫਿਰਿ ਜਾਪਿ ।। 1 ।।
ਉਹ ਰੂਪ ਰਹਿਤ ਪ੍ਰਭੂ ਆਪ ਹੀ ਸਰਗੁਣ ਹੈ ਅਤੇ ਆਪ ਹੀ ਨਿਰਗੁਣ ਹੈ। ਉਹ
ਅਦ੍ਰਿਸ਼ ਵੀ ਹੈ ਅਤੇ ਦ੍ਰਿਸ਼ਟਮਾਨ ਵੀ। ਅਦ੍ਰਿਸ਼ਟ ਰੂਪ ਵਿੱਚ ਉਹ ਮੌਨ ਧਾਰ ਕੇ, ਹਰ ਤਰਾਂ ਦੇ
ਫੁਰਨਿਆਂ ਅਤੇ ਖਿਆਲਾਂ ਤੋਂ ਮੁਕਤ ਹੋ ਕੇ, ਸਮਾਧੀ ਦੀ ਅਵਸਥਾ ਵਿੱਚ ਬੈਠ ਜਾਂਦਾ ਹੈ। ਇਹ ਉਸ ਦਾ
ਨਿਰਗੁਣ ਰੂਪ ਹੈ। ਦ੍ਰਿਸ਼ਟਮਾਨ ਰੂਪ ਵਿੱਚ ਉਹ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ ਅਤੇ ਅਪਣੇ ਸਿਰਜੇ
ਜੀਵਾਂ ਦੇ ਅੰਦਰ ਬਿਰਾਜਮਾਨ ਹੋ ਕੇ ਅਪਣੇ ਨਾਮ ਦਾ ਜਾਪ ਕਰਦਾ ਹੈ।
ਅਸਟਪਦੀ
ਜਬ ਆਕਾਰੁ ਇਹੁ ਕਛੁ ਨ ਦ੍ਰਿਸਟੇਤਾ ।। ਪਾਪ ਪੁੰਨ
ਤਬ ਕਹ ਤੇ ਹੋਤਾ ।।
ਜਦੋਂ ਵਾਹਿਗੁਰੂ ਨੇ ਇਸ ਸ੍ਰਿਸ਼ਟੀ ਦੀ ਰਚਨਾ ਨਹੀਂ ਸੀ ਕੀਤੀ, ਕੋਈ ਜੀਵ
ਪੈਦਾ ਨਹੀਂ ਸੀ ਹੋਇਆ, ਉਸ ਵੇਲ਼ੇ ਪੁੰਨ ਤੇ ਪਾਪ ਕੌਣ ਕਰਦਾ ਸੀ? ਭਾਵ ਕਿ ਉਸ ਵੇਲ਼ੇ ਕੋਈ ਵੀ ਪੁੰਨ
ਤੇ ਪਾਪ ਕਰਨ ਵਾਲ਼ਾ ਨਹੀਂ ਸੀ। ਪੁੰਨ ਅਤੇ ਪਾਪ ਦਾ ਸੰਕਲਪ ਹੀ ਸ੍ਰਿਸ਼ਟੀ ਦੀ ਰਚਨਾ ਦੇ ਨਾਲ਼ ਹੋਂਦ
ਵਿੱਚ ਆਇਆ।
ਜਬ ਧਾਰੀ ਆਪਨ ਸੁੰਨ ਸਮਾਧਿ ।। ਤਬ ਬੈਰ ਬਿਰੋਧ
ਕਿਸੁ ਸੰਗਿ ਕਮਾਤਿ ।।
ਜਦੋਂ ਸ੍ਰਿਸ਼ਟੀ ਦੀ ਰਚਨਾ ਨਹੀਂ ਸੀ ਹੋਈ ਅਤੇ ਪ੍ਰਭੂ ਕੇਵਲ ਆਪ ਹੀ ਖਿਆਲ
ਰਹਿਤ ਅਵਸਥਾ ਵਿੱਚ ਸਮਾਧੀ ਲਗਾ ਕੇ ਬੈਠਾ ਹੋਇਆ ਸੀ, ਉਸ ਵੇਲ਼ੇ ਕੌਣ ਕਿਸੇ ਨਾਲ਼ ਦੁਸ਼ਮਣੀ ਜਾਂ ਵਿਰੋਧਤਾ
ਕਰਦਾ ਸੀ? ਇਹ ਵੈਰ ਵਿਰੋਧ ਦੀ ਭਾਵਨਾ ਵੀ ਸ੍ਰਿਸ਼ਟੀ ਦੀ ਰਚਨਾ ਦੇ ਨਾਲ਼ ਹੀ ਹੋਂਦ ਵਿੱਚ ਆਈ।
ਜਬ ਇਸ ਕਾ ਬਰਨੁ ਚਿਹਨੁ ਨ ਜਾਪਤ ।। ਤਬ ਹਰਖ ਸੋਗ
ਕਹੁ ਕਿਸਹਿ ਬਿਆਪਤ ।।
ਜਦੋ ਇਸ ਦ੍ਰਿਸ਼ਟਮਾਨ ਸੰਸਾਰ ਦੀ ਸਿਰਜਣਾ ਨਹੀਂ ਸੀ ਹੋਈ, ਇਸ ਸੰਸਾਰ ਦੀ
ਕੋਈ ਰੂਪ ਰੇਖਾ ਨਹੀਂ ਸੀ ਬਣੀ, ਕੋਈ ਜੀਵ ਨਹੀਂ ਸੀ, ਕੋਈ ਬਨਸਪਤੀ ਨਹੀਂ ਸੀ, ਉਸ ਵੇਲ਼ੇ ਖੁਸ਼ੀ ਤੇ
ਗ਼ਮੀ ਦਾ ਅਹਿਸਾਸ ਕਿਸ ਨੂੰ ਹੁੰਦਾ ਸੀ? ਪ੍ਰਤੱਖ ਹੈ ਕਿ ਇਹ ਖੁਸ਼ੀ ਅਤੇ ਗ਼ਮੀ ਦੇ ਅਹਿਸਾਸ ਵੀ
ਸ੍ਰਿਸ਼ਟੀ ਦੀ ਰਚਨਾ ਤੋਂ ਬਾਦ ਹੀ ਪੈਦਾ ਹੋਏ ਹਨ।
ਜਬ ਆਪਨ ਆਪ ਆਪਿ ਪਾਰਬ੍ਰਹਮ ।। ਤਬ ਮੋਹ ਕਹਾ
ਕਿਸੁ ਹੋਵਤ ਭਰਮ ।।
ਜਦੋਂ ਕੇਵਲ ਪਾਰਬ੍ਰਹਮ ਪ੍ਰਮੇਸ਼ਵਰ ਦੀ ਹੀ ਹੋਂਦ ਸੀ, ਹੋਰ ਕੋਈ ਜੀਵ
ਪੈਦਾ ਨਹੀਂ ਸੀ ਹੋਇਆ, ਉਸ ਵੇਲ਼ੇ ਕੌਣ ਪਿਆਰ ਕਰਦਾ ਸੀ ਅਤੇ ਕਿਸ ਨੂੰ ਕਰਦਾ ਸੀ? ਪਿਆਰ ਅਤੇ ਨਫ਼ਰਤ
ਦਾ ਸੰਕਲਪ ਵੀ ਸ੍ਰਿਸ਼ਟੀ ਦੀ ਰਚਨਾ ਤੋਂ ਬਾਦ ਹੋਂਦ ਵਿੱਚ ਆਇਆ। ਉਸ ਵੇਲ਼ੇ ਭਰਮਾਂ ਭੁਲੇਖਿਆਂ ਦਾ
ਸ਼ਿਕਾਰ ਹੋਣ ਵਾਲ਼ਾ ਵੀ ਕੋਈ ਨਹੀਂ ਸੀ। ਪ੍ਰਮਾਤਮਾ ਦੀ ਹੋਂਦ ਬਾਰੇ ਸਾਰੇ ਭਰਮ ਭੁਲੇਖੇ ਵੀ ਰਚਨਾ ਤੋ
ਬਾਦ ਹੀ ਪੈਦੈ ਹੋਏ ਹਨ।
ਆਪਨ ਖੇਲੁ ਆਪਿ ਵਰਤੀਜਾ ।। ਨਾਨਕ ਕਰਨੈਹਾਰੁ ਨ
ਦੂਜਾ ।। 1 ।।
ਇਹ ਸਭ ਉਸ ਸਿਰਜਣਹਾਰ ਦਾ ਰਚਿਆ ਹੋਇਆ ਖੇਲ੍ਹ ਹੈ ਅਤੇ ਇਸ ਨੂੰ ਵਰਤਾਉਣ
ਵਾਲ਼ਾ ਵੀ ਉਹ ਆਪ ਹੀ ਹੈ। ਗੁਰੂ ਜੀ ਦ੍ਰਿੜ੍ਹ ਕਰਵਾਉਂਦੇ ਹਨ ਕਿ ਉਸ ਤੋਂ ਬਿਨਾਂ ਹੋਰ ਕੋਈ ਦੂਜੀ
ਸ਼ਕਤੀ ਹੈ ਹੀ ਨਹੀਂ ਜੋ ਸ੍ਰਿਸ਼ਟੀ ਦੇ ਵਤੀਰੇ ਨੂੰ ਨਿਯੰਤ੍ਰਿਤ ਕਰਦੀ ਹੋਵੇ।
ਜਬ ਹੋਵਤ ਪ੍ਰਭ ਕੇਵਲ ਧਨੀ ।। ਤਬ ਬੰਧ ਮੁਕਤਿ
ਕਹੁ ਕਿਸ ਕਉ ਗਨੀ ।।
ਜਦੋਂ ਕੇਵਲ ਵਿਸ਼ਵ ਦਾ ਮਾਲਕ ਪ੍ਰਭੂ ਆਪ ਹੀ ਹੋਂਦ ਰੱਖਦਾ ਸੀ, ਹੋਰ ਕੋਈ
ਜੀਵ ਹੈ ਹੀ ਨਹੀਂ ਸੀ, ਉਦੋਂ ਬੰਧਨਾਂ ਵਿੱਚ ਬੱਝਾ ਹੋਇਆ ਕੌਣ ਸੀ ਅਤੇ ਕੌਣ ਸੀ ਜੋ ਬੰਧਨਾਂ ਤੋਂ
ਮੁਕਤ ਸੀ? ਇਹ ਮੁਕਤ ਹੋਣ ਅਤੇ ਨਾ ਹੋਣ ਦੇ ਸੰਕਲਪ ਵੀ ਰਚਨਾ ਤੋਂ ਪਿੱਛੋਂ ਹੀ ਬਣੇ ਹਨ।
ਜਬ ਏਕਹਿ ਹਰਿ ਅਗਮ ਅਪਾਰ ।। ਤਬ ਨਰਕ ਸੁਰਗ ਕਹੁ ਕਉਨ
ਅਉਤਾਰ ।।
ਜਦੋਂ ਪ੍ਰਮਾਤਮਾ ਜੋ ਅਗਮ (ਪਹੁੰਚ ਤੋਂ ਬਾਹਰ) ਹੈ ਅਤੇ ਅਪਾਰ (ਜਿਸ ਦਾ
ਪਾਰ ਨਹੀਂ ਪਾਇਆ ਜਾ ਸਕਦਾ) ਹੈ ਇਕੱਲਾ ਹੀ ਸੀ, ਉਸ ਵੇਲ਼ੇ ਨਰਕਾਂ ਵਿੱਚ ਕੌਣ ਜਾਂਦਾ ਸੀ ਅਤੇ ਸੁਰਗ
ਦਾ ਭਾਗੀ ਕੌਣ ਬਣਦਾ ਸੀ? ਨਰਕ ਅਤੇ ਸੁਰਗ ਦੇ ਸੰਕਲਪ ਵੀ ਸੰਸਾਰ ਰਚਨਾ ਤੋਂ ਬਾਦ ਦੀ ਉਤਪਤੀ ਹਨ।
ਜਬ ਨਿਰਗੁਨ ਪ੍ਰਭ ਸਹਜ ਸੁਭਾਇ ।। ਤਬ ਸਿਵ ਸਕਤਿ
ਕਹਹੁ ਕਿਤੁ ਠਾਇ ।।
ਜਦੋਂ ਨਿਰਗੁਣ ਪ੍ਰਮੇਸ਼ਵਰ ਨੇ ਹਾਲੇ ਮਾਇਆ ਦੇ ਗੁਣਾਂ ਨੂੰ ਧਾਰਨ ਨਹੀਂ
ਸੀ ਕੀਤਾ ਅਤੇ ਅਪਣੇ ਅਦ੍ਰਿਸ਼ਟ ਰੂਪ ਵਿੱਚ ਹੀ ਅਡੋਲ ਸਹਿਜ ਅਵਸਥਾ ਵਿੱਚ ਟਿਕਿਆ ਹੋਇਆ ਸੀ, ਉਸ
ਵੇਲ਼ੇ ਸ਼ਿਵ ਅਤੇ ਸ਼ਕਤੀ ਕਿੱਥੇ ਸਨ? ਹਿੰਦੂ ਸ਼ਾਸ਼ਤਰਾਂ ਦੇ ਅਨੁਸਾਰ ਇਹ ਸਮਝਿਆ ਜਾਂਦਾ ਹੈ ਕਿ ਮਾਨਵ
ਜਾਤੀ ਦੀ ਉਤਪਤੀ ਸ਼ਿਵ ਅਤੇ ਸ਼ਕਤੀ ਦੇ ਮਿਲਾਪ ਤੋਂ ਹੋਈ ਹੈ। ਪਰ ਇਹ ਸ਼ਿਵ ਅਤੇ ਸ਼ਕਤੀ ਕਿਵੇਂ ਪੈਦਾ ਹੋਏ, ਕਿਸ
ਨੇ ਪੈਦਾ ਕੀਤੇ? ਇਹ ਵੀ ਉਸ ਨਿਰੰਕਾਰ ਦੇ ਹੀ ਬਣਾਏ ਹੋਏ ਹਨ।
ਜਬ ਆਪਹਿ ਆਪਿ ਅਪਨੀ ਜੋਤਿ ਧਰੈ ।। ਤਬ ਕਵਨ ਨਿਡਰੁ
ਕਵਨ ਕਤ ਡਰੈ ।।
ਜਦੋਂ ਹਾਲੇ ਸਿਰਫ ਨਿਰੰਕਾਰ ਪ੍ਰਮਾਤਮਾ ਹੀ ਹੋਂਦ ਵਿੱਚ ਸੀ, ਹੋਰ ਕੁੱਝ
ਹੋਂਦ ਵਿੱਚ ਨਹੀਂ ਸੀ ਆਇਆ, ਉਸ ਵੇਲ਼ੇ ਕੌਣ ਡਰ ਤੋਂ ਮੁਕਤ ਸੀ ਅਤੇ ਕੌਣ ਡਰ ਦਾ ਸ਼ਿਕਾਰ ਹੁੰਦਾ ਸੀ।
ਜੋ ਡਰਦਾ ਸੀ ਉਹ ਕਿਸ ਤੋਂ ਡਰਦਾ ਸੀ? ਸ੍ਰਿਸ਼ਟੀ ਦੀ
ਰਚਨਾ ਤੋਂ ਪਹਿਲਾਂ ਨਾ ਕੋਈ ਡਰਨ ਵਾਲ਼ਾ ਸੀ ਅਤੇ ਨਾ ਕੋਈ ਡਰ ਦੇਣ ਵਾਲ਼ਾ।
ਆਪਨ ਚਲਿਤ ਆਪਿ ਕਰਨੈਹਾਰ ।। ਨਾਨਕ ਠਾਕੁਰ ਅਗਮ
ਅਪਾਰ ।। 2 ।।
ਇਹ ਸ੍ਰਿਸ਼ਟੀ ਸਭ ਉਸ ਪ੍ਰਮਾਤਮਾ ਦਾ ਹੀ ਰਚਿਆ ਹੋਇਆ ਤਮਾਸ਼ਾ ਹੈ ਅਤੇ ਉਹ
ਆਪ ਹੀ ਇਸ ਨੂੰ ਕਰਨ ਅਤੇ ਕਰਵਾਉਣ ਵਾਲ਼ਾ ਹੈ। ਗੁਰੂ ਜੀ ਦੱਸਦੇ ਹਨ ਕਿ ਉਹ ਸ੍ਰਿਸ਼ਟੀ ਦਾ ਮਾਲਕ
ਸਾਡੀ ਸਮਝ ਦੀ ਪਹੁੰਚ ਤੋਂ ਬਾਹਰ ਹੈ ਅਤੇ ਉਸ ਦੇ ਗੁਣਾਂ ਅਤੇ ਸ਼ਕਤੀਆਂ ਦਾ ਪਾਰ ਪਾਉਣਾ ਸਾਡੇ ਵਸ
ਦੀ ਗੱਲ ਨਹੀਂ।
ਅਬਿਨਾਸ਼ੀ ਸੁਖ ਆਪਨ ਆਸਨ ।। ਤਹ ਜਨਮ ਮਰਨ ਕਹੁ
ਕਹਾ ਬਿਨਾਸਨ ।।
ਜਦੋਂ ਵਿਨਾਸ਼ ਰਹਿਤ ਪ੍ਰਭੂ ਤੋਂ ਬਿਨਾਂ ਹੋਰ ਕਿਸੇ ਦੀ ਸਿਰਜਣਾ ਹੀ ਨਹੀਂ
ਸੀ ਹੋਈ, ਕੇਵਲ ਉਹ ਆਪ ਹੀ ਪ੍ਰਕਾਸ਼ਮਾਨ ਸੀ, ਉਦੋਂ ਕੌਣ ਜੰਮਦਾ ਸੀ ਅਤੇ ਕੌਣ ਮਰਦਾ ਸੀ? ਜਦੋਂ ਕੋਈ
ਨਾਸ਼ਵੰਤ ਵਸਤ ਹੈ ਹੀ ਨਹੀਂ ਸੀ ਤਾਂ ਵਿਨਾਸ਼ ਕਿਸ ਦਾ ਹੁੰਦਾ ਸੀ। ਇਹ ਜੰਮਣ ਅਤੇ ਮਰਨ ਦਾ ਖੇਲ੍ਹ ਵੀ
ਸ੍ਰਿਸ਼ਟੀ ਦੀ ਰਚਨਾ ਤੋਂ ਬਾਦ ਹੋਂਦ ਵਿੱਚ ਆਇਆ ਹੈ।
ਜਬ
ਪੂਰਨ ਕਰਤਾ ਪ੍ਰਭੁ ਸੋਇ ।। ਤਬ ਜਮ ਕੀ ਤ੍ਰਾਸ ਕਹਹੁ ਕਿਸੁ ਹੋਇ ।।
ਜਦੋਂ ਸ੍ਰਿਸ਼ਟੀ ਦਾ ਕਰਤਾ ਅਤੇ ਇਸ ਦਾ ਮਾਲਕ ਉਹ ਪੂਰਨ ਪ੍ਰਮਾਤਮਾ ਆਪ ਹੀ
ਆਪ ਸੀ, ਹੋਰ ਕੁੱਝ ਪ੍ਰਗਟ ਨਹੀਂ ਸੀ ਹੋਇਆ, ਕੇਵਲ ਉਹ ਹੀ ਪ੍ਰਕਾਸ਼ਮਾਨ ਸੀ, ਉਸ ਵੇਲ਼ੇ ਜਮ ਦਾ ਡਰ
ਕਿਸ ਨੂੰ ਸੀ? ਇਹ ਮੌਤ ਦਾ ਫਰਿਸ਼ਤਾ ਵੀ ਜੀਵਾਂ ਦੀ ਉਤਪਤੀ ਤੋਂ ਬਾਦ ਹੀ ਹੋਂਦ ਵਿੱਚ ਆਇਆ।
ਜਬ ਅਬਿਗਤ ਅਗੋਚਰ ਪ੍ਰਭ ਏਕਾ ।। ਤਬ ਚਿਤ੍ਰ ਗੁਪਤ
ਕਿਸੁ ਪੂਛਤ ਲੇਖਾ ।।
ਜਦੋਂ ਪ੍ਰਮਾਤਮਾ, ਜੋ ਗਿਆਨ ਦੀ ਪਹੁੰਚ ਤੋਂ ਬਾਹਰ ਹੈ, ਜਿਸ ਨੂੰ
ਇੰਦਰਿਆਂ ਦੇ ਰਾਹੀਂ ਅਨੁਭਵ ਨਹੀਂ ਕੀਤਾ ਜਾ ਸਕਦਾ, ਇਕੱਲਾ ਹੀ ਹੁੰਦਾ ਸੀ, ਉਸ ਵੇਲ਼ੇ ਚਿਤ੍ਰ ਅਤੇ
ਗੁਪਤ ਕਿਸ ਦੇ ਕਰਮਾਂ ਦਾ ਲੇਖਾ ਤਿਆਰ ਕਰਦੇ ਸਨ?
ਇਹ ਚਿਤ੍ਰ ਅਤੇ ਗੁਪਤ ਦੀ ਹੋਂਦ ਦਾ ਸੰਕਲਪ ਵੀ ਸ੍ਰਿਸ਼ਟੀ ਦੀ ਰਚਨਾ ਦੇ ਨਾਲ਼ ਹੀ ਹੋਂਦ ਵਿੱਚ ਆਇਆ
ਹੈ।
ਜਬ ਨਾਥ ਨਿਰੰਜਨ ਅਗੋਚਰ ਅਗਾਧੇ ।। ਤਬ ਕਉਨ ਛੁਟੇ
ਕਉਨ ਬੰਧਨ ਬਾਧੇ ।।
ਜਦੋਂ ਮਾਇਆ ਦੀ ਕਾਲ਼ਖ ਤੋਂ ਰਹਿਤ, ਇੰਦਰਿਆਂ ਦੀ ਪਹੁੰਚ ਤੋਂ ਦੂਰ, ਮਨ
ਅਤੇ ਬਾਣੀ ਦੀ ਪਕੜ ਤੋਂ ਬਾਹਰ ਨਿਰਗੁਣ ਪ੍ਰਭੂ ਆਪ ਹੀ ਆਪ ਸੀ, ਉਸ ਵੇਲ਼ੇ ਕੌਣ ਬੰਧਨਾਂ ਵਿੱਚ ਬੱਝਾ
ਹੋਇਆ ਸੀ ਅਤੇ ਕੌਣ ਬੰਧਨਾਂ ਤੋਂ ਮੁਕਤ ਸੀ? ਬੰਧਨਾਂ ਦਾ ਸੰਕਲਪ ਵੀ ਸ੍ਰਿਸ਼ਟੀ ਦੀ ਰਚਨਾ ਨਾਲ਼ ਹੀ
ਪੈਦਾ ਹੋਇਆ।
ਆਪਨ ਆਪ ਆਪ ਹੀ ਅਚਰਜਾ ।। ਨਾਨਕ ਆਪਨ ਰੂਪ ਆਪ ਹੀ ਉਪਰਜਾ ।। 3 ।।
ਗੁਰੂ ਜੀ ਸਪਸ਼ਟ ਕਰਦੇ ਹਨ ਕਿ ਉਸ ਵੇਲ਼ੇ
ਅਦ੍ਰਿਸ਼ਟ ਪ੍ਰਮਾਤਮਾ ਅਪਣੇ ਅਦਭੁਤ, ਅਸਚਰਜਜਨਕ ਨਿਰਗੁਣ ਰੂਪ ਵਿੱਚ ਆਪ ਇਕੱਲਾ ਹੀ ਪ੍ਰਕਾਸ਼ਮਾਨ ਸੀ।
ਅਪਣੇ ਇਸ ਅਚਰਜ ਨਿਰਗੁਣ ਸਰੂਪ ਤੋਂ ਉਸ ਨੇ ਆਪ ਹੀ ਅਪਣੇ
ਸਰਗੁਣ ਸਰੂਪ ਭਾਵ ਦ੍ਰਿਸ਼ਟਮਾਨ ਸੰਸਾਰ ਦੀ ਰਚਨਾ ਕੀਤੀ ਹੈ।
ਜਹ ਨਿਰਮਲ ਪੁਰਖੁ ਪੁਰਖ ਪਤਿ ਹੋਤਾ ।। ਤਹ ਬਿਨੁ
ਮੈਲੁ ਕਹਹੁ ਕਿਆ ਧੋਤਾ ।।
ਜਦੋਂ ਮੈਲ਼ ਤੋਂ ਰਹਿਤ ਕਰਤਾ ਪੁਰਖ ਆਪ ਹੀ ਆਪ ਸੀ, ਕੋਈ ਹੋਰ ਉਸ ਦਾ
ਮਾਲਕ ਨਹੀਂ ਸੀ, ਜਦੋਂ ਕੋਈ ਉਮਾ ਪਤੀ, ਮਾਇਆਪਤੀ ਆਦਿ ਨਹੀਂ ਸੀ, ਅਪਣਾ ਮਾਲਕ ਉਹ ਆਪ ਹੀ ਸੀ,
ਜਦੋਂ ਮਾਇਆ ਦੀ ਮੈਲ਼ ਨਾਲ਼ ਲਿੱਬੜਿਆ ਹੋਇਆ ਕੋਈ ਹੈ ਹੀ ਨਹੀਂ ਸੀ, ਤਾਂ ਮੈਲ਼ ਕਿਸ ਦੀ ਧੋਣੀ ਸੀ?
ਸਿਮਰਨ ਰਾਹੀਂ ਮੈਲ਼ ਧੋਣ ਦੀ ਗੱਲ ਵੀ ਰਚਨਾ ਤੋਂ ਬਾਦ ਹੀ ਪੈਦਾ ਹੋਈ।
ਜਹ ਨਿਰੰਜਨ ਨਿਰੰਕਾਰ ਨਿਰਬਾਨ ।। ਤਹ ਕਉਨ ਕਉ
ਮਾਨ ਕਉਨ ਅਭਿਮਾਨ ।।
ਜਦੋਂ ਮਾਇਆ ਦੀ ਮੈਲ਼ ਤੋਂ ਰਹਿਤ, ਆਕਾਰ ਰਹਿਤ ਅਤੇ ਬੰਧਨਾਂ ਤੋਂ ਮੁਕਤ
ਪ੍ਰਮੇਸ਼ਵਰ ਆਪ ਹੀ ਆਪ ਸੀ, ਹੋਰ ਕੋਈ ਹੈ ਹੀ ਨਹੀਂ ਸੀ ਤਾਂ ਮਾਣ ਕਿਸ ਦਾ ਹੋਣਾ ਸੀ ਅਤੇ ਅਪਮਾਨ
ਕਿਸ ਦਾ ਹੋਣਾ ਸੀ? ਮਾਣ ਅਤੇ ਅਪਮਾਨ ਦੇ ਸੰਕਲਪ ਵੀ ਸੰਸਾਰ ਰਚਨਾ ਤੋਂ ਬਾਦ ਹੀ ਆਏ ਹਨ।
ਜਹ ਸਰੂਪ ਕੇਵਲ ਜਗਦੀਸ ।। ਤਹ ਛਲ ਛਿਦ੍ਰ ਲਗਤ ਕਹੁ ਕੀਸ ।।
ਜਦੋਂ ਜਗਤ ਦਾ ਮਾਲਕ ਪਰਮੇਸ਼ਵਰ ਕੇਵਲ ਆਪ
ਹੀ ਪ੍ਰਕਾਸ਼ਮਾਨ ਸੀ, ਹੋਰ ਕਿਸੇ ਦੀ ਹੋਂਦ ਨਹੀਂ ਸੀ, ਉਦੋਂ ਧੋਖਾ ਕੌਣ ਕਰਦਾ ਅਤੇ ਕਿਸ ਨਾਲ਼ ਕਰਦਾ,
ਕੌਣ ਵੰਡੀਆਂ ਪਾਉਂਦਾ ਅਤੇ ਕਿਸ ਦੀਆਂ ਪਾਉਂਦਾ? ਛਲ, ਫਰੇਬ. ਧੋਖਾ, ਅਤੇ ਧਰਮ, ਜਾਤ, ਵਰਗ ਅਤੇ
ਦੇਸ਼ ਆਦਿ ਦੇ ਨਾਂ ਤੇ ਵੰਡੀਆਂ ਪਾਉਣ ਦਾ ਸਿਲਸਿਲਾ ਵੀ ਰਚਨਾ ਤੋਂ ਬਾਦ ਹੀ ਪੈਦਾ ਹੋਇਆ।
ਜਹ ਜੋਤਿ ਸਰੂਪੀ ਜੋਤਿ ਸੰਗਿ ਸਮਾਵੈ ।। ਤਹ
ਕਿਸਹਿ ਭੂਖ ਕਵਨੁ ਤ੍ਰਿਪਤਾਵੈ ।।
ਜਦੋਂ ਜੋਤ ਸਰੂਪ ਪ੍ਰਮਾਤਮਾ ਅਪਣੀ ਜੋਤ ਵਿੱਚ ਆਪ ਹੀ ਸਮਾਇਆ ਹੋਇਆ ਸੀ, ਕੇਵਲ
ਅਪਣੇ ਨਿਰੰਕਾਰ ਰੂਪ ਵਿੱਚ ਮੌਜੂਦ ਸੀ, ਉਦੋਂ ਭੁੱਖ ਕਿਸ ਨੂੰ ਲੱਗਦੀ ਸੀ ਅਤੇ ਕੌਣ ਉਸ ਭੁੱਖ ਨੂੰ
ਮਿਟਾਉਂਦਾ ਸੀ? ਇਹ ਭੁੱਖ ਅਤੇ ਤ੍ਰਿਪਤੀ ਦੇ ਸੰਕਲਪ ਵੀ ਰਚਨਾ ਤੋਂ ਬਾਦ ਹੀ ਪੈਦਾ ਹੋਏ ਹਨ।
ਕਰਨ ਕਰਾਵਨ ਕਰਨੈਹਾਰੁ ।। ਨਾਨਕ ਕਰਤੇ ਕਾ ਨਾਹਿ
ਸੁਮਾਰੁ ।। 4 ।।
ਉਹ ਕਰਤਾ ਪੁਰਖ ਆਪ ਹੀ ਸਭ ਕੁੱਝ ਕਰਨ ਅਤੇ ਕਰਵਾਉਣ ਵਾਲ਼ਾ ਹੈ। ਗੁਰੂ ਜੀ
ਸਮਝਾਉਂਦੇ ਹਨ ਕਿ ਉਸ ਜਗਤ ਦੇ ਕਰਤਾ ਦੇ ਗੁਣਾਂ, ਉਸ ਦੀ ਸ਼ਕਤੀ ਅਤੇ ਸਮਰਥਾ ਦਾ ਕੋਈ ਅੰਤ ਨਹੀਂ ਪਾ
ਸਕਦਾ। ਉਨ੍ਹਾਂ ਦੀ ਗਿਣਤੀ ਮਿਣਤੀ ਕਰਨਾ ਨਾਮੁਮਕਿਨ ਹੈ।
ਜਬ ਅਪਨੀ ਸੋਭਾ ਆਪਨ ਸੰਗਿ ਬਨਾਈ ।। ਤਬ ਕਵਨ ਮਾਇ
ਬਾਪ ਮਿਤ੍ਰ ਸੁਤ ਭਾਈ ।।
ਜਦੋਂ ਪ੍ਰਮਾਤਮਾ ਨੇ ਅਪਣੀ ਵਡਿਆਈ ਨੂੰ ਨਿਰੋਲ ਅਪਣੇ ਅਸਤਿਤਵ ਦੇ ਸਹਾਰੇ
ਕਾਇਮ ਰੱਖਿਆ ਹੋਇਆ ਸੀ, ਕੋਈ ਉਸ ਦੀ ਉਸਤਤ ਕਰਨ ਵਾਲ਼ਾ ਨਹੀਂ ਸੀ, ਉਦੋਂ ਕਿਹੜਾ ਮਾਂ, ਬਾਪ,
ਮਿੱਤਰ, ਪੁੱਤਰ ਜਾਂ ਭਰਾ ਜਾਂ ਕੋਈ ਹੋਰ ਰਿਸ਼ਤੇਦਾਰ ਸੀ ਜਿਹੜਾ ਉਸ ਦੀ ਵਡਿਆਈ ਨੂੰ ਸਹਾਰਾ ਦਿੰਦਾ
ਸੀ? ਜ਼ਾਹਰ ਹੈ ਕਿ ਉਸ ਵੇਲ਼ੇ ਉਸ ਦੇ ਨਾਮ ਦਾ
ਸਿਮਰਨ ਕਰ ਕੇ ਉਸ ਦਾ ਗੁਣ ਗਾਇਨ ਕਰਨ ਵਾਲ਼ਾ ਕੋਈ ਨਹੀਂ ਸੀ।
ਜਹ ਸਰਬ ਕਲਾ ਆਪਹਿ ਪਰਬੀਨ ।। ਤਹ ਬੇਦ ਕਤੇਬ ਕਹਾ ਕੋਊ ਚੀਨ ।।
ਜਦੋਂ ਪ੍ਰਮਾਤਮਾ ਕੇਵਲ ਆਪ ਹੀ ਪ੍ਰਕਾਸ਼ਮਾਨ ਸੀ ਅਤੇ ਉਹ ਹਰ ਤਰਾਂ ਦੇ
ਹੁਨਰ ਵਿੱਚ ਮਾਹਰ ਸੀ, ਉਸ ਵੇਲ਼ੇ ਵੇਦਾਂ ਅਤੇ ਕਤੇਬਾਂ ਦਾ ਅਧਿਅਨ ਕਰ ਕੇ ਉਨ੍ਹਾਂ ਤੋਂ ਗਿਆਨ ਅਤੇ ਹੁਨਰ
ਸਿੱਖਣ ਦੀ ਕਿਸ ਨੂੰ ਲੋੜ ਸੀ? ਗਿਆਨ ਦੀ ਲੋੜ ਵੀ ਉਦੋਂ ਹੀ ਮਹਿਸੂਸ ਹੋਈ ਜਦੋਂ ਸ੍ਰਿਸ਼ਟੀ ਹੋਂਦ
ਵਿੱਚ ਆ ਗਈ।
ਜਬ ਆਪਨ ਆਪੁ ਆਪਿ ਉਰਿ ਧਾਰੈ ।। ਤਉ ਸਗਨ ਅਪਸਗਨ
ਕਹਾ ਬੀਚਾਰੈ ।।
ਜਦੋਂ ਉਹ ਪ੍ਰਭੂ ਆਪ ਹੀ ਅਪਣੇ ਹਿਰਦੇ ਵਿੱਚ ਵਸਿਆ ਹੋਇਆ ਸੀ, ਆਪ ਹੀ
ਅਪਣੀ ਵਡਿਆਈ ਵਿੱਚ ਮਗਨ ਸੀ, ਉਦੋਂ ਸ਼ਗਨ ਜਾਂ ਅਪਸ਼ਗਨ ਨੂੰ ਵਿਚਾਰਨ ਵਾਲ਼ਾ ਕੌਣ ਸੀ? ਜਦੋਂ ਉਸ ਉੱਤਮ
ਪੁਰਖ ਅਤੇ ਉਸ ਦੀ ਉੱਤਮਤਾ ਤੋਂ ਬਿਨਾਂ ਹੋਰ ਕੁੱਝ ਹੈ ਹੀ ਨਹੀਂ ਸੀ ਤਾ ਮਾੜਾ ਜਾਂ ਬੁਰਾ ਸ਼ਗਨ ਕੋਈ
ਕਿਵੇਂ ਹੋ ਸਕਦਾ ਸੀ? ਕੋਈ ਹੈ ਹੀ ਨਹੀਂ ਸੀ ਜਿਸ ਨੂੰ ਇਨ੍ਹਾਂ ਝਮੇਲਿਆਂ ਵਿੱਚ ਪੈਣ ਦੀ ਲੋੜ ਹੋਵੇ। ਸ਼ਗਨ ਅਪਸ਼ਗਨ ਦੇ ਸੰਕਲਪ ਵੀ ਸ੍ਰਿਸ਼ਟੀ ਦੀ
ਸਾਜਨਾ ਦੇ ਨਾਲ਼ ਹੀ ਹੋਂਦ ਵਿੱਚ ਆਏ।
ਜਹ ਆਪਨ ਊਚ ਆਪਨ ਆਪਿ ਨੇਰਾ ।। ਤਹ ਕਉਨ ਠਾਕੁਰੁ
ਕਉਨੁ ਕਹੀਐ ਚੇਰਾ ।।
ਜਦੋਂ ਉਹ ਪ੍ਰਮਾਤਮਾ ਆਪ ਹੀ ਦੂਰ ਸੀ ਅਤੇ ਆਪ ਹੀ ਨੇੜੇ ਸੀ, ਆਪ ਹੀ
ਵੱਡਾ ਸੀ ਅਤੇ ਆਪ ਹੀ ਛੋਟਾ ਸੀ, ਉਸ ਵੇਲ਼ੇ ਨਾ
ਕੋਈ ਵੱਡਾ ਸੀ ਤੇ ਨਾ ਕੋਈ ਛੋਟਾ, ਨਾ ਕੋਈ ਮਾਲਕ (ਪ੍ਰਭੂ) ਸੀ ਤੇ ਨਾ ਕੋਈ ਉਸ ਦਾ ਸੇਵਕ। ਪ੍ਰਭੂ
ਦੇ ਸੇਵਕ ਵੀ ਉਦੋਂ ਹੀ ਹੋਂਦ ਵਿੱਚ ਆਏ ਜਦੋਂ ਸ੍ਰਿਸ਼ਟੀ ਸਾਜੀ ਗਈ।
ਬਿਸਮਨ ਬਿਸਮ ਰਹੇ ਬਿਸਮਾਦ ।। ਨਾਨਕ ਅਪਨੀ ਗਤਿ
ਜਾਨਹੁ ਆਪਿ ।। 5 ।।
ਗੁਰੂ ਜੀ ਪ੍ਰਭੂ ਨੂੰ ਸੰਬੋਧਨ ਹੋ ਕੇ ਆਖਦੇ ਹਨ ਕਿ ਹੇ ਪ੍ਰਮਾਤਮਾ,
ਅਸੀਂ ਤਾਂ ਤੁਹਾਡੇ ਅਸਚਰਜਜਨਕ ਰੂਪ ਨੂੰ ਵੇਖ ਵੇਖ ਕੇ ਹਰ ਪਲ ਹੋਰ ਵੱਧ ਅਸਚਰਜ ਹੋ ਕੇ ਅਨੰਦ ਦੀ
ਅਵਸਥਾ ਵਿੱਚ ਸਮਾਈ ਜਾ ਰਹੇ ਹਾਂ। ਅਪਣੀ ਉੱਚ ਅਵਸਥਾ ਤੋ ਤੁਸੀਂ ਆਪ ਹੀ ਜਾਣੂ ਹੋ। ਤੁਹਾਡੀ ਵਡਿਆਈ
ਨੂੰ ਸਮਝ ਸਕਣਾ ਸਾਡੇ ਤੁੱਛ ਬੁੱਧੀ ਵਾਲ਼ੇ ਜੀਵਾਂ ਲਈ ਸੰਭਵ ਨਹੀਂ।
ਜਹ ਅਛਲ ਅਛੇਦ ਅਭੇਦ ਸਮਾਇਆ ।। ਊਹਾ ਕਿਸੈ ਬਿਆਪਤ ਮਾਇਆ ।।
ਜਦੋਂ ਉਹ ਅਕਾਲ ਪੁਰਖ ਜਿਸ
ਨੂੰ ਨਾ ਕੋਈ ਛਲ ਸਕਦਾ ਹੈ, ਨਾ ਕੋਈ ਕਾਲ਼ ਜਾਂ ਸਥਾਨ ਦੇ ਆਧਾਰ ਤੇ ਵੰਡ ਸਕਦਾ ਹੈ ਕੇਵਲ ਆਪ ਹੀ ਹੋਂਦ ਰੱਖਦਾ ਸੀ, ਉਦੋਂ ਮਾਇਆ ਅਪਣੇ ਪ੍ਰਭਾਵ ਹੇਠ ਕਿਸ ਨੂੰ
ਲਿਆ ਸਕਦੀ ਸੀ, ਕਿਸ ਨੂੰ ਛਲ ਸਕਦੀ ਸੀ? ਮਾਇਆ ਦੀ ਛਲਣ ਸ਼ਕਤੀ ਵੀ ਤਦ ਹੀ ਹੋਂਦ ਵਿੱਚ ਆਈ ਜਦੋਂ ਜੀਵਾਂ ਦੀ ਰਚਨਾ ਹੋਈ।
ਆਪਸ ਕਉ ਆਪਹਿ ਆਦੇਸੁ ।। ਤਿਹੁ ਗੁਣ ਕਾ ਨਾਹੀ
ਪਰਵੇਸੁ ।।
ਜਦੋਂ ਪ੍ਰਭੂ ਆਪ ਹੀ ਆਪ ਸੀ, ਹੁਕਮ ਦੇਣ ਵਾਲ਼ਾ ਵੀ ਆਪ, ਹੁਕਮ ਮੰਨਣ
ਵਾਲ਼ਾ ਵੀ ਆਪ, ਨਮਸ਼ਕਾਰ ਲੈਣ ਵਾਲ਼ਾ ਵੀ ਆਪ ਅਤੇ ਕਰਨ ਵਾਲ਼ਾ ਵੀ ਆਪ, ਉਸ ਵੇਲ਼ੇ ਮਾਇਆ ਦੇ ਤਿੰਨ
ਗੁਣਾਂ ਲਈ ਕੋਈ ਥਾਂ ਨਹੀਂ ਸੀ ਕਿਉਂਕਿ ਇਸ ਦੇ ਪ੍ਰਭਾਵ ਹੇਠ ਆਉਣ ਵਾਲ਼ਾ ਹੀ ਕੋਈ ਨਹੀਂ ਸੀ। ਮਾਇਆ
ਦੇ ਤਿੰਨ ਗੁਣ – ਸਤ (ਗਿਆਨ ਜਾਂ ਪ੍ਰਕਾਸ਼), ਰਜ (ਕ੍ਰਿਆਸ਼ੀਲਤਾ) ਅਤੇ ਤਮ (ਅੰਧਕਾਰ) – ਵੀ
ਸ੍ਰਿਸ਼ਟੀ ਦੀ ਰਚਨਾ ਨਾਲ਼ ਹੀ ਦੇਖਣ ਵਿੱਚ ਆਏ।
ਜਹ ਏਕਹਿ ਏਕ ਏਕ ਭਗਵੰਤਾ ।। ਤਹ ਕਉਨ ਅਚਿੰਤੁ
ਕਿਸੁ ਲਾਗੈ ਚਿੰਤਾ ।।
ਜਦੋਂ ਕੇਵਲ ਭਗਵਾਨ ਹੀ ਭਗਵਾਨ ਸੀ, ਕੋਈ ਜੀਵ ਹੈ ਹੀ ਨਹੀਂ ਸੀ, ਉਸ
ਵੇਲ਼ੇ ਚਿੰਤਾ ਮੁਕਤ ਅਤੇ ਚਿੰਤਾ ਗ੍ਰਸਤ ਕੌਣ ਹੋ ਸਕਦਾ ਸੀ? ਚਿੰਤਾ ਦਾ ਸੰਕਲਪ ਵੀ ਸ੍ਰਿਸ਼ਟੀ ਦੀ
ਰਚਨਾ ਨਾਲ਼ ਹੀ ਪੈਦਾ ਹੋਇਆ। ਉਸ ਤੋਂ ਪਹਿਲਾਂ ਨਾ ਕੋਈ ਚਿੰਤਾ ਗ੍ਰਸਤ ਸੀ ਅਤੇ ਨਾ ਕੋਈ ਚਿੰਤਾ
ਮੁਕਤ।
ਜਹ ਆਪਨ ਆਪੁ ਆਪਿ ਪਤੀਆਰਾ ।। ਤਹ ਕਉਨੁ ਕਥੈ
ਕਉਨੁ ਸੁਨਨੈਹਾਰਾ ।।
ਜਦੋਂ ਪਤੀਜਣ ਵਾਲ਼ਾ (ਵਿਸ਼ਵਾਸ਼ ਕਰਨ ਵਾਲ਼ਾ) ਅਤੇ ਜਿਸ ਤੇ ਪਤੀਜਣਾ (ਵਿਸ਼ਵਾਸ਼
ਕਰਨਾ) ਹੈ, ਦੋਵੇਂ ਹੀ ਅਕਾਲ ਪੁਰਖ ਆਪ ਹੀ ਹੋਵੇ ਤਾਂ ਕਹਿਣ ਵਾਲ਼ਾ ਕੌਣ ਸੀ ਅਤੇ ਸੁਣਨ ਵਾਲ਼ਾ ਕੌਣ?
ਵਿਸ਼ਵਾਸ਼ ਕਰਨਾ ਅਤੇ ਪ੍ਰਤਿਆਵੇ ਲੈਂਣਾ ਵੀ ਤਦ ਹੀ ਅਰਥ ਰੱਖਦਾ ਹੈ ਜਦੋਂ ਕੋਈ ਦੂਜਾ ਹੋਵੇ।
ਬਹੁ ਬੇਅੰਤ ਊਚ ਤੇ ਊਚਾ ।। ਨਾਨਕ ਆਪਸ ਕਉ ਆਪਹਿ
ਪਹੂਚਾ ।। 6 ।।
ਗੁਰੂ ਜੀ ਕਹਿੰਦੇ ਹਨ ਕਿ ਉਹ ਅਕਾਲ ਪੁਰਖ
ਅਸੀਮ ਹੈ, ਬੇਅੰਤ ਹੈ, ਉੱਚਿਆਂ ਤੋਂ ਵੀ ਉੱਚਾ, ਮਹਾਨ ਤੋਂ ਵੀ ਮਹਾਨ। ਉਸ ਦੀ ਮਹਾਨਤਾ ਨੂੰ ਉਹ ਆਪ
ਹੀ ਜਾਣ ਸਕਦਾ ਹੈ। ਉਸ ਵਰਗਾ ਹੋਰ ਕੋਈ ਹੋਵੇ ਤਾਂ ਉਸ ਨੂੰ ਜਾਣੇ। ਉਹ ਅਦੁੱਤੀ ਹੈ, ਬੇਮਿਸਾਲ ਹੈ।
ਉਸ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ।
ਜਹ ਆਪਿ ਰਚਿਓ ਪਰਪੰਚੁ ਆਕਾਰੁ ।। ਤਿਹੁ ਗੁਣ ਮਹਿ
ਕੀਨੋ ਬਿਸਥਾਰੁ ।।
ਹੁਣ ਗੁਰੂ ਜੀ ਦੱਸਦੇ ਹਨ ਕਿ ਉਪਰਲੀ ਅਸ਼ਟਪਦੀ ਵਿੱਚ ਜਿਨ੍ਹਾਂ ਗੱਲਾਂ ਦਾ
ਜ਼ਿਕਰ ਕੀਤਾ ਗਿਆ ਹੈ ਉਹ ਸਭ ਤਦ ਹੋਂਦ ਵਿੱਚ ਆਈਆਂ ਜਦੋਂ ਸ੍ਰਿਸ਼ਟੀ ਦੀ ਰਚਨਾ ਹੋਈ। ਜਦੋਂ ਅਕਾਲ
ਪੁਰਖ ਦੀ ਖੁਸ਼ੀ ਹੋਈ ਤਾਂ ਉਸ ਨੇ ਅਪਣੇ ਆਪ ਦਾ ਪਸਾਰਾ ਕਰ ਕੇ ਇਹ ਸਾਰਾ ਮਾਇਆ ਦਾ ਛਲਾਵੇ ਭਰਿਆ
ਤਮਾਸ਼ਾ ਰਚ ਦਿੱਤਾ, ਸ਼੍ਰਿਸ਼ਟੀ ਦੀ ਸਿਰਜਣਾ ਕਰ ਦਿੱਤੀ। ਇਹ ਰਚਨਾ ਕਰਦੇ ਸਮੇਂ ਉਸ ਨੇ ਮਾਇਆ ਵਿੱਚ
ਤਿੰਨ ਗੁਣ ਭਰ ਦਿੱਤੇ – ਸਤੋ, ਰਜੋ ਅਤੇ ਤਮੋ। ਸਤੋਗੁਣ ਜੀਵ ਨੂੰ ਗਿਆਨ ਜਾਂ ਪ੍ਰਕਾਸ਼ ਵੱਲ ਲੈ
ਜਾਂਦਾ ਹੈ, ਰਜੋਗੁਣ ਉਸ ਨੂੰ ਪ੍ਰਾਪਤੀਆਂ ਕਰਨ ਲਈ ਕ੍ਰਿਆਸ਼ੀਲ ਹੋਣ ਲਈ ਪ੍ਰੇਰਦਾ ਹੈ ਅਤੇ ਤਮੋਗੁਣ
ਉਸ ਨੂੰ ਹਨ੍ਹੇਰੇ ਵੱਲ ਧਕੇਲ ਕੇ ਉਸ ਨੂੰ ਬੁਰੇ ਕੰਮ ਕਰਨ ਲਈ ਮਜਬੂਰ ਕਰਦਾ ਹੈ।
ਪਾਪੁ ਪੁੰਨੁ ਤਹ ਭਈ ਕਹਾਵਤ ।। ਕੋਊ ਨਰਕ ਕੋਊ
ਸੁਰਗ ਬੰਛਾਵਤ ।।
ਸ੍ਰਿਸ਼ਟੀ ਦੀ ਰਚਨਾ ਤੋਂ ਬਾਦ ਇਸ ਵਿੱਚ ਪਾਪ ਅਤੇ ਪੁੰਨ ਦੇ ਸੰਕਲਪ ਨੇ
ਜਨਮ ਲਿਆ, ਜੀਵਾਂ ਦੇ ਕਰਮਾਂ ਦੇ ਚੰਗੇ ਜਾਂ ਮੰਦੇ ਹੋਣ ਦਾ ਨਿਰਨਾ ਕੀਤਾ ਜਾਣ ਲੱਗ ਪਿਆ। ਇਹ
ਧਾਰਨਾ ਹੋਂਦ ਵਿੱਚ ਆ ਗਈ ਕਿ ਚੰਗੇ ਕਰਮ ਕਰਨ ਵਾਲ਼ਾ ਮੌਤ ਤੋਂ ਬਾਦ ਸੁਰਗ ਵਿੱਚ ਜਾਂਦਾ ਹੈ ਅਤੇ
ਮੰਦੇ ਕਰਮ ਕਰਨ ਵਾਲ਼ਾ ਨਰਕ ਦਾ ਅਧਿਕਾਰੀ ਬਣਦਾ ਹੈ। ਹੁਣ ਕੁੱਝ ਲੋਕ ਅਪਣੇ ਨੇਕ ਕਰਮਾਂ ਦੇ ਬਲ ਤੇ
ਸੁਰਗ ਦੀ ਇੱਛਾ ਪਾਲਣ ਲੱਗੇ ਅਤੇ ਕੁੱਝ ਅਪਣੇ ਮੰਦੇ ਕਰਮਾਂ ਦੇ ਕਾਰਨ ਨਰਕ ਦਾ ਡਰ।
ਆਲ ਜਾਲ ਮਾਇਆ ਜੰਜਾਲ ।। ਹਉਮੈ ਮੋਹ ਭਰਮ
ਭੈ ਭਾਰ ।।
ਗ੍ਰਿਹਸਤੀ ਨੂੰ ਚਲਾਉਣ ਦੀ ਚਿੰਤਾ ਪੈਦਾ ਹੋ ਗਈ, ਸੰਸਾਰ ਦੇ ਝਮੇਲੇ,
ਝਗੜੇ, ਕਲ਼ੇਸ਼ ਪੈਦਾ ਹੋ ਗਏ, ਮਾਇਆ ਦੀ ਦੌੜ ਲੱਗ ਗਈ ਤੇ ਇਨਸਾਨ ਇਸ ਦੌੜ ਦੇ ਜਾਲ਼ ਵਿੱਚ ਫਸ ਗਿਆ।
ਹੰਕਾਰ (ਹਉਮੈ) ਅਤੇ ਅਪਣਿਆਂ ਦਾ ਮੋਹ ਅਤੇ ਮਾਇਆ ਦਾ ਮੋਹ ਪੈਦਾ ਹੋ ਗਏ, ਕਈ ਤਰਾਂ ਦੇ ਆਧਾਰਹੀਣ
ਵਿਚਾਰਾਂ (ਭਰਮਾ) ਦਾ ਜਨਮ ਹੋ ਗਿਆ, ਪਾਪਾਂ ਦੇ ਭਾਰ ਦੇ ਖਿਆਲ ਨੇ ਜੀਵ ਨੂੰ ਚਿੰਤਾ ਗ੍ਰਸਤ ਕਰ
ਦਿੱਤਾ।
ਦੂਖ ਸੂਖ ਮਾਨ ਅਪਮਾਨ ।। ਅਨਿਕ ਪ੍ਰਕਾਰ ਕੀਓ
ਬਖ੍ਯਾਨ ।।
ਸੰਸਾਰ ਦੀ ਉਤਪਤੀ ਤੋਂ ਬਾਦ ਦੁੱਖ ਅਤੇ ਸੁਖ, ਇੱਜ਼ਤ ਅਤੇ ਬੇਇੱਜ਼ਤੀ ਦੇ
ਸੰਕਲਪ ਪੈਦਾ ਹੋ ਗਏ। ਹਰ ਕੋਈ ਸੁਖ ਅਤੇ ਆਦਰ ਦਾ ਇੱਛਕ ਹੋ ਗਿਆ ਅਤੇ ਦੁਖ ਅਤੇ ਅਨਾਦਰ ਤੋਂ ਬਚਣ
ਦੀ ਕੋਸ਼ਿਸ਼ ਕਰਨ ਲੱਗ ਪਿਆ। ਇਨ੍ਹਾਂ ਸਭ ਦਾ ਵਰਨਣ ਲਿਖਣ ਅਤੇ ਬੋਲਣ ਵਾਲੇ ਦਾਰਸ਼ਨਿਕ ਕਈ ਰੂਪਾਂ
ਵਿੱਚ ਕਰਨ ਲੱਗ ਪਏ।
ਆਪਨ ਖੇਲੁ ਆਪਿ ਕਰਿ ਦੇਖੈ ।। ਖੇਲੁ ਸੰਕੋਚੈ ਤਉ
ਨਾਨਕ ਏਕੈ ।। 7 ।।
ਪਰ ਇਹ ਸਾਰਾ ਉਸ ਅਕਾਲ ਪੁਰਖ ਦਾ ਅਪਣਾ
ਰਚਿਆ ਹੋਇਆ ਖੇਲ੍ਹ ਹੈ। ਉਹ ਆਪ ਹੀ ਅਪਣੇ ਸਰਗੁਣ ਰੂਪ ਵਿੱਚ ਇਹ ਖੇਲ੍ਹ ਖੇਲ੍ਹ ਰਿਹਾ ਹੈ ਅਤੇ ਆਪ
ਹੀ ਅਪਣੇ ਨਿਰਗੁਣ ਰੂਪ ਵਿੱਚ ਇਸ ਨੂੰ ਖੇਲ੍ਹੇ ਜਾਂਦਿਆਂ ਵੇਖ ਰਿਹਾ ਹੈ। ਜਦੋਂ ਉਹ ਇਸ ਖੇਲ੍ਹ
ਪਸਾਰੇ ਨੂੰ ਸੰਕੋਚਦਾ ਹੈ ਤਾਂ ਫਿਰ ਇਹ ਸਾਰਾ ਖਿਲਾਰਾ ਖਤਮ ਹੋ ਜਾਂਦਾ ਹੈ ਅਤੇ ਕੇਵਲ ਉਸ ਦੀ ਅਪਣੀ
ਨਿਰਗੁਣ ਹੋਂਦ ਬਾਕੀ ਰਹਿ ਜਾਂਦੀ ਹੈ।
ਜਹ ਅਬਿਗਤੁ ਭਗਤੁ ਤਹ ਆਪਿ ।। ਜਹ ਪਸਰੈ ਪਾਸਾਰੁ
ਸੰਤ ਪਰਤਾਪਿ ।।
ਪਾਰਬ੍ਰਹਮ ਪ੍ਰਮੇਸ਼ਵਰ ਅਤੇ ਉਸ ਦੇ ਭਗਤਾਂ
ਵਿੱਚ ਕੋਈ ਅੰਤਰ ਨਹੀਂ। ਦੋਵੇਂ ਇੱਕ ਹੀ ਰੂਪ ਹਨ, ਇੱਕ ਹੀ ਸਿੱਕੇ ਦੇ ਦੋ ਪਾਸੇ। ਜਦੋਂ ਵੀ
ਸ੍ਰਿਸ਼ਟੀ ਦੀ ਰਚਨਾ ਹੁੰਦੀ ਹੈ ਤਾਂ ਉਸ ਵਿੱਚ ਭਗਤ ਵੀ ਪੈਦਾ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਸ਼ੋਭਾ
ਵੀ ਹੋਣ ਲੱਗ ਪੈਂਦੀ ਹੈ।
ਦੁਹੂ ਪਾਖ ਕਾ ਆਪਹਿ ਧਨੀ ।। ਉਨ ਕੀ ਸੋਭਾ ਉਨਹੂ ਬਨੀ ।।
ਸਿਰਜਣਾ ਅਤੇ ਵਿਨਾਸ਼ ਦੋਵੇਂ ਉਸ ਦੇ ਅਪਣੇ
ਹੱਥ ਵਿੱਚ ਹਨ, ਦੋਹਾਂ ਸਿਰਿਆਂ ਦਾ ਮਾਲਕ ਉਹ ਅਕਾਲ ਪੁਰਖ ਆਪ ਹੀ ਹੈ। ਉਸ ਦੀ ਅਤੇ ਉਸ ਦੇ ਭਗਤਾਂ
ਦੀ ਸ਼ੋਭਾ ਉਨ੍ਹਾਂ ਨੂੰ ਹੀ ਫੱਬਦੀ ਹੈ, ਹੋਰ ਕੋਈ ਇਸ ਦੇ ਕਾਬਲ ਨਹੀਂ।
ਆਪਹਿ ਕਉਤਕ ਕਰੈ ਅਨਦ ਚੋਜ ।। ਆਪਹਿ ਰਸ ਭੋਗਨ
ਨਿਰਜੋਗ ।।
ਇਹ ਸਾਰਾ ਅਦਭੁਤ ਤਮਾਸ਼ਾ ਅਕਾਲ ਪੁਰਖ ਆਪ ਹੀ ਕਰਦਾ ਹੈ। ਇਹ ਖੇਲ੍ਹ ਮਾਨੋ
ਉਸ ਦਾ ਮਨ-ਪ੍ਰਚਾਵਾ ਹੈ। ਆਪ ਹੀ ਉਹ ਇਸ ਦਾ ਰਸ ਲੈਂਦਾ ਹੈ, ਅਨੰਦ ਮਾਣਦਾ ਹੈ ਅਤੇ ਆਪ ਹੀ ਨਿਰਗੁਣ
ਰੂਪ ਵਿੱਚ ਇਸ ਤੋਂ ਬੇਲਾਗ ਰਹਿੰਦਾ ਹੈ।
ਜਿਸੁ ਭਾਵੈ ਤਿਸੁ ਆਪਨ ਨਾਇ ਲਾਵੈ ।। ਜਿਸੁ ਭਾਵੈ
ਤਿਸੁ ਖੇਲ ਖਿਲਾਵੈ ।।
ਜਿਸ ਨੂੰ ਉਹ ਚਾਹੁੰਦਾ ਹੈ ਅਪਣੇ ਨਾਮ ਨਾਲ਼ ਜੋੜ ਲੈਂਦਾ ਹੈ, ਅਪਣੀ ਭਗਤੀ
ਬਖਸ਼ ਦਿੰਦਾ ਹੈ ਅਤੇ ਜਿਸਨੂੰ ਚਾਹੁੰਦਾ ਹੈ, ਅਪਣੇ ਤੋਂ ਦੂਰ ਰੱਖ ਕੇ ਭਟਕਣ ਲਈ ਛੱਡ ਦਿਂਦਾ ਹੈ।
ਬੇਸੁਮਾਰ ਅਥਾਹ ਅਗਨਤ ਅਤੋਲੈ ।। ਜਿਉ ਬੁਲਾਵਹੁ
ਤਿਉ ਨਾਨਕ ਦਾਸ ਬੋਲੈ ।। 8 ।। 21 ।।
ਉਸ ਦੀ ਮਹਾਨਤਾ ਦਾ, ਸਮਰਥਾ ਦਾ, ਹਿਸਾਬ ਕਿਤਾਬ ਲਾਉਣਾ ਸਾਡੇ ਵਸ ਤੋਂ
ਬਾਹਰ ਦੀ ਗੱਲ ਹੈ। ਅਸੀਂ ਉਸ ਦੀ ਥਾਹ ਨਹੀਂ ਪਾ ਸਕਦੇ। ਸਾਡੀਆਂ ਗਿਣਤੀਆਂ ਮਿਣਤੀਆਂ ਤੋਂ ਉਹ ਬਾਹਰ
ਹੈ। ਉਸ ਦੀ ਵਡਿਆਈ ਨੂੰ ਅਸੀਂ ਨਾਪ ਤੋਲ ਨਹੀਂ ਸਕਦੇ। ਗੁਰੂ ਜੀ ਕਹਿੰਦੇ ਹਨ ਕਿ ਇਹ ਸਭ ਕੁੱਝ ਉਹ
ਅਪਣੇ ਕੋਲ਼ੋਂ ਨਹੀਂ ਕਹਿ ਰਹੇ। ਜੋ ਕੁੱਝ ਅਕਾਲ ਪੁਰਖ ਉਨ੍ਹਾਂ ਦੇ ਮੂੰਹੋਂ ਬੁਲਵਾ ਰਿਹਾ ਹੈ, ਉਹ
ਓਹੀ ਬੋਲ ਰਹੇ ਹਨ।
ਸਲੋਕ ।।
ਜੀਅ
ਜੰਤ ਕੇ ਠਾਕੁਰਾ ਆਪੇ ਵਰਤਣਹਾਰ ।।
ਨਾਨਕ ਏਕੋ ਪਸਰਿਆ ਦੂਜਾ ਕਹ ਦ੍ਰਿਸਟਾਰ ।। 1 ।।
ਹੇ ਸਾਰੇ ਜੀਵ ਜੰਤੂਆਂ ਦੇ ਮਾਲਕ, ਤੂੰ ਸਰਬ ਵਿਆਪਕ ਹੈਂ, ਸਾਰੀ ਸ੍ਰਿਸ਼ਟੀ
ਵਿੱਚ ਤੂੰ ਆਪ ਹੀ ਵਰਤਦਾ ਹੈਂ। ਇਹ ਸਾਰੀ ਰਚਨਾ ਤੇਰਾ ਹੀ ਪਸਾਰਾ ਹੈ। ਸਭਨਾ ਜੀਆਂ ਵਿੱਚ ਤੂੰ ਹੀ
ਵਿਚਰ ਰਿਹਾ ਹੈਂ। ਹੋਰ ਕੋਈ ਦੂਜਾ ਕਿਤੇ ਦਿਖਾਈ ਹੀ ਨਹੀਂ ਦਿੰਦਾ।
ਅਸਟਪਦੀ ।।
ਆਪਿ ਕਥੈ ਆਪਿ ਸੁਨਨੈਹਾਰੁ ।। ਆਪਹਿ ਏਕੁ ਆਪਿ
ਬਿਸਥਾਰੁ ।।
ਹੇ ਵਾਹਿਗੁਰੂ, ਤੂੰ ਆਪ ਹੀ ਬੋਲਣ ਵਾਲ਼ਾ ਹੈ ਅਤੇ ਆਪ ਹੀ ਸੁਣਨ ਵਾਲ਼ਾ। ਤੂੰ
ਆਪ ਹੀ ਅਪਣੇ ਨਿਰਗੁਣ ਰੂਪ ਵਿੱਚ ਇੱਕ ਪਾਰਬ੍ਰਹਮ
ਹੈਂ ਅਤੇ ਆਪ ਹੀ ਅਪਣਾ ਫੈਲਾਓ ਕਰ ਕੇ ਸਾਰੀ ਸ੍ਰਿਸ਼ਟੀ ਦੇ ਦ੍ਰਿਸ਼ਟਮਾਨ ਪਦਾਰਥਾਂ ਦਾ ਰੂਪ ਧਾਰ ਕੇ
ਅਨੇਕ ਬਣਿਆਂ ਬੈਠਾ ਹੈਂ। ਤੂੰ ਅਤੇ ਤੇਰੀ ਰਚੀ ਸ੍ਰਿਸ਼ਟੀ ਇੱਕ ਹੀ ਹਨ, ਵੱਖ ਵੱਖ ਨਹੀਂ।
ਜਾ ਤਿਸੁ ਭਾਵੈ ਤਾ ਸ੍ਰਿਸਟਿ ਉਪਾਏ ।। ਆਪਨੈ
ਭਾਣੈ ਲਏ ਸਮਾਏ ।।
ਜਦੋਂ ਤੈਨੂੰ ਭਾਉਂਦਾ ਹੈ, ਸ੍ਰਿਸ਼ਟੀ ਦੀ ਰਚਨਾ ਕਰ ਦਿੰਦਾ ਹੈਂ, ਜੀਵ
ਜੰਤੂਆਂ ਨੂੰ ਪੈਦਾ ਕਰ ਦਿੰਦਾ ਹੈਂ ਅਤੇ ਜਦੋਂ ਤੇਰਾ ਮਨ ਕਰਦਾ ਹੈ, ਸਾਰੀ ਸ੍ਰਿਸ਼ਟੀ ਨੂੰ ਖਤਮ ਕਰ
ਕੇ ਅਪਣੇ ਆਪ ਵਿੱਚ ਮਿਲਾ ਲੈਂਦਾ ਹੈਂ ਅਤੇ ਮੁੜ ਫਿਰ ਇੱਕ ਹੋ ਜਾਂਦਾ ਹੈਂ।
ਤੁਮ ਤੇ ਭਿੰਨ ਨਹੀ ਕਿਛੁ ਹੋਇ ।। ਆਪਨ ਸੂਤਿ ਸਭੁ
ਜਗਤੁ ਪਰੋਇ ।।
ਤੇਰੇ ਤੋਂ ਵੱਖਰਾ ਸ੍ਰਿਸ਼ਟੀ ਵਿੱਚ ਕੁੱਝ ਹੈ ਹੀ ਨਹੀਂ। ਸਾਰੇ ਜੀਵ ਜੰਤ
ਤੇਰਾ ਹੀ ਰੂਪ ਹਨ। ਸਾਰੀ ਸ੍ਰਿਸ਼ਟੀ ਨੂੰ ਤੂੰ ਅਪਣੇ ਬਣਾਏ ਨਿਯਮਾਂ ਵਿੱਚ ਬੰਨ੍ਹਿਆਂ ਹੋਇਆ ਹੈ। ਜੋ
ਸੰਸਾਰ ਵਿੱਚ ਹੁੰਦਾ ਹੈ, ਤੇਰੇ ਹੁਕਮ ਵਿੱਚ ਹੁੰਦਾ ਹੈ। ਤੇਰੀ ਇੱਛਾ ਤੋਂ ਬਿਨਾਂ ਸੰਸਾਰ ਵਿੱਚ
ਕੁੱਝ ਨਹੀਂ ਹੋ ਸਕਦਾ।
ਜਾ ਕਉ ਪ੍ਰਭ ਜੀਉ ਆਪਿ ਬੁਝਾਏ ।। ਸਚੁ ਨਾਮੁ ਸੋਈ
ਜਨੁ ਪਾਏ ।।
ਜਿਸ ਜੀਵ ਨੂੰ ਪ੍ਰਭੂ ਅਪਣੀ ਕਿਰਪਾ ਕਰ ਕੇ ਅਪਣੇ ਆਪ ਨੂੰ ਸਮਝਣ ਦੀ
ਸਮਰਥਾ ਦਿੰਦਾ ਹੈ, ਉਹ ਹੀ ਉਸ ਨੂੰ ਸਮਝ ਸਕਦਾ ਹੈ। ਉਸ ਦੀ ਖੇਡ੍ਹ ਨੂੰ ਉਹ ਹੀ ਸਮਝ ਸਕਦਾ ਹੈ ਜਿਸ
ਨੂੰ ਉਹ ਆਪ ਇਸ ਲਈ ਲੋੜੀਂਦੀ ਬੁੱਧੀ ਦੀ ਦਾਤ ਦੇ ਦੇਵੇ। ਜਿਹੜਾ ਇਸ ਖੇਡ੍ਹ ਨੂੰ ਸਮਝ ਲੈਂਦਾ ਹੈ,
ਉਹ ਹੀ ਉਸ ਸੱਚੇ ਪ੍ਰਭੂ ਦੇ ਨਾਮ ਦੀ ਦਾਤ ਪ੍ਰਾਪਤ ਕਰ ਸਕਦਾ ਹੈ।
ਸੋ ਸਮਦਰਸੀ ਤਤ ਕਾ ਬੇਤਾ ।। ਨਾਨਕ ਸਗਲ ਸ੍ਰਿਸਟਿ
ਕਾ ਜੇਤਾ ।। 1 ।।
ਉਸ ਜੀਵ ਨੂੰ ਫਿਰ ਸਚਾਈ ਦਾ ਗਿਆਨ ਹੋ ਜਾਂਦਾ ਹੈ। ਉਹ ਸਮਝ ਜਾਂਦਾ ਹੈ
ਕਿ ਈਸ਼ਵਰ ਅਤੇ ਉਸ ਦੀ ਸਾਜੀ ਸ੍ਰਿਸ਼ਟੀ ਇੱਕ ਹੀ ਹਨ। ਇਸ ਕਰਕੇ ਉਹ ਸਭ ਜੀਵਾਂ ਨੂੰ ਇੱਕੋ ਜਿਹੀ ਨਜ਼ਰ
ਨਾਲ਼ ਦੇਖਣ ਲੱਗ ਪੈਂਦਾ ਹੈ, ਕਿਸੇ ਨੂੰ ਉੱਚਾ ਨੀਂਵਾਂ ਜਾਂ ਚੰਗਾ ਮਾੜਾ ਨਹੀਂ ਸਮਝਦਾ। ਗੁਰੂ ਜੀ
ਤਾਂ ਇੱਥੋਂ ਤੱਕ ਕਹਿੰਦੇ ਹਨ ਕਿ ਜਿਸ ਜੀਵ ਨੂੰ ਇਹ ਤੱਤ ਸਮਝ ਆ ਗਿਆ, ਉਸ ਨੇ ਸਮਝੋ ਸਾਰੀ ਦੁਨੀਆਂ
ਨੂੰ ਜਿੱਤ ਲਿਆ।
ਜੀਅ ਜੰਤ੍ਰ ਸਭ ਤਾ ਕੈ ਹਾਥ ।। ਦੀਨ ਦਇਆਲ ਅਨਾਥ
ਕਉ ਨਾਥੁ ।।
ਸਾਰੇ ਜੀਵਾਂ ਦੀ ਡੋਰ ਉਸ ਪ੍ਰਭੂ ਦੇ ਹੀ ਹੱਥ ਵਿੱਚ ਹੈ। ਜਿਵੇਂ ਉਹ
ਉਨ੍ਹਾਂ ਨੂੰ ਨਚਾਉਂਦਾ ਹੈ, ਉਹ ਉਸੇ ਤਰਾਂ ਨੱਚਦੇ ਹਨ, ਜੋ ਕੁੱਝ ਉਨ੍ਹਾਂ ਕੋਲ਼ੋਂ ਕਰਵਾਉਂਦਾ ਹੈ,
ਉਹ ਕਰਦੇ ਹਨ। ਉਹ ਪ੍ਰਭੂ ਦੀਨ ਦਿਆਲ ਹੈ, ਗਰੀਬਾਂ, ਕਮਜ਼ੋਰਾਂ, ਅਤੇ ਬੇਬਸਾਂ ਦਾ ਸਹਾਰਾ ਹੈ,
ਅਨਾਥਾਂ ਦਾ ਨਾਥ ਹੈ ਅਤੇ ਉਨ੍ਹਾਂ ਦੀ ਰੱਖਿਆ ਕਰਦਾ ਹੈ।
ਜਿਸੁ ਰਾਖੈ ਤਿਸੁ ਕੋਇ ਨ ਮਾਰੈ ।। ਸੋ ਮੂਆ ਜਿਸੁ
ਮਨਹੁ ਬਿਸਾਰੈ ।।
ਜਿਸ ਜੀਵ ਦੀ ਉਹ ਪ੍ਰਭੂ ਰੱਖਿਆ ਕਰਦਾ ਹੈ, ਉਸ ਨੂੰ ਕੋਈ ਮਾਰ ਨਹੀਂ
ਸਕਦਾ। ਰੱਖੇ ਰੱਬ ਨਾ ਮਾਰੇ ਕੋਈ। ਜਾਂ ਕੋ ਰਾਖੇ ਸਾਂਈਆਂ, ਮਾਰ ਸਕੇ ਨਾ ਕੋਇ। ਜਿਸ ਨੂੰ ਉਹ ਅਪਣੇ
ਮਨ ਤੋਂ ਵਿਸਾਰ ਦਿੰਦਾ ਹੈ, ਜਿਸ ਤੋਂ ਉਸ ਦੀ ਦਯਾ ਦ੍ਰਿਸ਼ਟੀ ਹਟ ਜਾਂਦੀ ਹੈ, ਉਹ ਜਿਉਂਦੇ ਜੀ ਹੀ
ਮਰ ਜਾਂਦਾ ਹੈ, ਉਹ ਜ਼ਿੰਦਾ ਹੁੰਦਾ ਹੋਇਆ ਵੀ ਮਰਿਆਂ ਸਮਾਨ ਹੁੰਦਾ ਹੈ।
ਤਿਸੁ ਤਜੁ ਅਵਰ ਕਹਾ ਕੋ ਜਾਇ ।। ਸਭ ਸਿਰਿ ਏਕੁ
ਨਿਰੰਜਨ ਰਾਇ ।।
ਉਸ ਪ੍ਰਭੂ ਦਾ ਪੱਲਾ ਛੱਡ ਕੇ ਕੋਈ ਸਹਾਰਾ ਲੈਣ ਲਈ ਹੋਰ ਕਿਸ ਕੋਲ਼ ਜਾ
ਸਕਦਾ ਹੈ? ਕੇਵਲ ਉਹ ਪਾਕ, ਪਵਿੱਤਰ, ਬੇਦਾਗ ਪ੍ਰਮਾਤਮਾ ਹੀ ਸਭ ਦੇ ਸਿਰ ਉੱਤੇ ਹੱਥ ਰੱਖਣ ਵਾਲ਼ਾ
ਹੈ, ਸਭ ਨੂੰ ਸਹਾਰਾ ਦੇਣ ਵਾਲ਼ਾ ਹੈ। ਹੋਰ ਕੋਈ ਤਾਕਤ ਸ੍ਰਿਸ਼ਟੀ ਵਿੱਚ ਹੈ ਹੀ ਨਹੀਂ ਜੋ ਜੀਵ ਨੂੰ
ਸਹਾਰਾ ਦੇ ਸਕੇ।
ਜੀਅ ਕੀ ਜੁਗਤਿ ਜਾ ਕੈ ਸਭ ਹਾਥਿ ।। ਅੰਤਰਿ
ਬਾਹਰਿ ਜਾਨਹੁ ਸਾਥਿ ।।
ਜੀਵਾਂ ਦੀ ਉਤਪਤੀ, ਸਾਂਭ ਸੰਭਾਲ਼, ਪਾਲਣ ਪੋਸ਼ਣ, ਸੰਘਾਰ ਅਤੇ ਉਧਾਰ ਦੀ
ਸਾਰੀ ਵਿਉਂਤ ਉਸ ਨੇ ਅਪਣੇ ਹੱਥ ਵਿੱਚ ਰੱਖੀ ਹੋਈ ਹੈ। ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ
ਸਾਡੇ ਅੰਦਰ ਅਤੇ ਬਾਹਰ ਹਰ ਥਾਂ ਉਹ ਪ੍ਰਭੂ ਸਾਡੇ ਸੰਗ ਰਹਿੰਦਾ ਹੈ, ਕਦੇ ਸਾਥੋਂ ਦੂਰ ਨਹੀਂ
ਹੁੰਦਾ।
ਗੁਨ ਨਿਧਾਨ ਬੇਅੰਤ ਅਪਾਰ ।। ਨਾਨਕ ਦਾਸ ਸਦਾ
ਬਲਿਹਾਰ ।। 2 ।।
ਉਹ ਪ੍ਰਭੂ ਗੁਣਾਂ ਦਾ ਖ਼ਜ਼ਾਨਾ ਹੈ, ਸਮੁੰਦਰ ਹੈ। ਉਹ ਬੇਅੰਤ ਹੈ, ਉਸ ਦਾ
ਅੰਤ ਨਹੀਂ ਪਾਇਆ ਜਾ ਸਕਦਾ। ਉਹ ਅਪਾਰ ਹੈ, ਉਸ ਦਾ ਪਾਰ ਨਹੀਂ ਪਾਇਆ ਜਾ ਸਕਦਾ। ਉਹ ਸਾਡੀ ਸਮਝ ਤੋਂ
ਬਹੁਤ ਦੂਰ ਹੈ। ਉਸ ਦੀ ਵਡਿਆਈ ਤੱਕ ਅਸੀਂ ਨਹੀਂ ਪਹੁੰਚ ਸਕਦੇ। ਗੁਰੂ ਜੀ ਤਾਂ ਅਪਣੇ ਆਪ ਨੂੰ ਉਸ
ਦਾ ਸੇਵਕ, ਉਸ ਦਾ ਗੁਲਾਮ ਆਖਦੇ ਹਨ ਅਤੇ ਉਸ ਤੋਂ ਸਦਾ ਕੁਰਬਾਨ ਜਾਂਦੇ ਹਨ।
ਪੂਰਨ ਪੂਰਿ ਰਹੇ ਦਇਆਲ ।। ਸਭ ਊਪਰਿ ਹੋਵਤ
ਕਿਰਪਾਲ ।।
ਉਹ ਪੂਰਨ ਅਤੇ ਕ੍ਰਿਪਾਲੂ ਪ੍ਰਮਾਤਮਾ ਸਭਨਾ ਜੀਆਂ ਦੇ ਅੰਦਰ ਵਿਆਪਕ ਹੈ।
ਸਾਰੇ ਜੀਵ ਉਸ ਦੀ ਕਿਰਪਾ ਦੇ ਪਾਤਰ ਹਨ। ਉਹ ਸਭ ਤੇ ਦਯਾ ਕਰਦਾ ਹੈ। ਉਹ ਜੀਵਾਂ ਵਿੱਚ ਭੇਦ ਭਾਵ
ਨਹੀਂ ਕਰਦਾ।
ਆਪਨੇ ਕਰਤਬ ਜਾਨੈ ਆਪਿ ।। ਅੰਤਰਜਾਮੀ ਰਹਿਓ
ਬਿਆਪਿ ।।
ਉਸ ਦੇ ਕੰਮਾਂ ਨੂੰ, ਉਸ ਦੀ ਵਿਉਂਤ ਨੂੰ, ਅਸੀਂ ਨਹੀਂ ਸਮਝ ਸਕਦੇ। ਉਹ
ਆਪ ਹੀ ਜਾਣਦਾ ਹੈ ਕਿ ਉਹ ਕੀ ਕਰ ਰਿਹਾ ਹੈ ਅਤੇ ਕਿਉਂ ਕਰ ਰਿਹਾ ਹੈ। ਉਹ ਅੰਤਰਜਾਮੀ ਹੈ, ਸਭ ਦੇ
ਮਨਾਂ ਦੀਆਂ ਜਾਨਣ ਵਾਲ਼ਾ ਹੈ। ਉਸ ਤੋਂ ਕੁੱਝ ਵੀ ਲੁਕਿਆ ਹੋਇਆ ਨਹੀਂ ਹੈ ਅਤੇ ਉਹ ਹਰ ਥਾਂ ਤੇ
ਵਿਆਪਕ ਹੈ। ਕੋਈ ਥਾਂ ਨਹੀਂ ਜਿੱਥੇ ਉਹ ਮੌਜੂਦ ਨਹੀਂ ਹੈ।
ਪ੍ਰਤਿਪਾਲੈ ਜੀਅਨ ਬਹੁ ਭਾਤਿ ।। ਜੋ ਜੋ ਰਚਿਓ ਸੋ ਤਿਸਹਿ ਧਿਆਤਿ ।।
ਅਨੇਕਾਂ ਤਰੀਕਿਆਂ ਨਾਲ਼ ਉਹ ਜੀਵਾਂ
ਦੀ ਪਾਲਣਾ ਕਰਦਾ ਹੈ। ਹਰ ਜੀਵ ਨੂੰ ਜ਼ਿੰਦਾ ਰਹਿਣ
ਲਈ ਜੋ ਚਾਹੀਦਾ ਹੈ, ਉਹ ਮੁਹੱਈਆ ਕਰਦਾ ਹੈ। ਉਸਦੀ ਰਚੀ ਇਸ ਸ੍ਰਿਸ਼ਟੀ ਦੇ ਸਾਰੇ ਜੀਵ ਕੇਵਲ ਉਸ ਨੂੰ
ਹੀ ਧਿਆਉਂਦੇ ਹਨ। ਜੋ ਜਿਸ ਨੂੰ ਚਾਹੀਦਾ ਹੈ, ਉਹ ਓਸੇ ਤੋਂ ਮੰਗਦਾ ਹੈ। ਸਮਸਤ ਜੀਵ ਉਸ ਦਾ ਹੀ
ਸਿਮਰਨ ਕਰਦੇ ਹਨ।
ਜਿਸੁ ਭਾਵੈ ਤਿਸੁ ਲਏ ਮਿਲਾਇ ।। ਭਗਤਿ ਕਰਹਿ ਹਰਿ
ਕੇ ਗੁਣ ਗਾਇ ।।
ਜਿਸ ਜੀਵ ਨੂੰ ਉਹ ਚਾਹੁੰਦਾ ਹੈ, ਉਸ ਤੇ ਦਿਆਲ ਹੋ ਕੇ ਉਸ ਨੂੰ ਅਪਣੇ
ਨਾਲ਼ ਮਿਲਾ ਲੈਂਦਾ ਹੈ। ਫਿਰ ਉਹ ਜੀਵ ਉਸ ਦੀ ਭਗਤੀ ਕਰਨ ਲੱਗ ਪੈਂਦਾ ਹੈ, ਉਸ ਪ੍ਰਭੂ ਦਾ ਗੁਣ ਗਾਣ
ਕਰਨ ਲੱਗ ਪੈਂਦਾ ਹੈ।
ਮਨ ਅੰਤਰਿ ਬਿਸ੍ਵਾਸੁ ਕਰਿ ਮਾਨਿਆ ।। ਕਰਨਹਾਰੁ
ਨਾਨਕ ਇਕੁ ਜਾਨਿਆ ।। 3 ।।
ਗੁਰੂ ਜੀ ਸਮਝਾਉਂਦੇ ਹਨ ਕਿ ਜਿਹੜਾ ਜੀਵ ਅਪਣੇ ਮਨ ਦੇ ਅੰਦਰ ਪੂਰੇ ਵਿਸ਼ਵਾਸ਼
ਨਾਲ਼ ਉਸ ਪ੍ਰਭੂ ਨੂੰ ਜਾਣ ਲੈਂਦਾ ਹੈ ਅਤੇ ਮੰਨਣ ਲੱਗ ਪੈਂਦਾ ਹੈ, ਉਸ ਦੀ ਦੁਬਿਧਾ ਖਤਮ ਹੋ ਜਾਂਦੀ
ਹੈ। ਉਹ ਇਸ ਸੱਚ ਨੂੰ ਸਮਝ ਜਾਂਦਾ ਹੈ ਕਿ ਪ੍ਰਮਾਤਮਾ ਕੇਵਲ ਇੱਕ ਹੈ। ਉਸ ਤੋਂ ਬਿਨਾਂ ਹੋਰ ਕੋਈ
ਤਾਕਤ ਉਸ ਦੇ ਬਰਾਬਰ ਦੀ ਇਸ ਜਗਤ ਵਿੱਚ ਨਹੀਂ ਹੈ।
ਜਨੁ ਲਾਗਾ ਹਰਿ ਏਕੈ ਨਾਇ ।। ਤਿਸ ਕੀ ਆਸ ਨ
ਬਿਰਥੀ ਜਾਇ ।।
ਜਿਹੜਾ ਜੀਵ ਇੱਕ ਹਰੀ ਦੇ ਨਾਮ ਨਾਲ਼ ਜੁੜ ਜਾਂਦਾ ਹੈ, ਉਸ ਦੀਆਂ ਸਭ
ਕਾਮਨਾਵਾਂ ਪੂਰੀਆਂ ਹੁੰਦੀਆਂ ਹਨ, ਉਸ ਦੀ ਕੋਈ ਆਸ ਬਿਰਥੀ ਨਹੀਂ ਜਾਂਦੀ।
ਸੇਵਕ ਕਉ ਸੇਵਾ ਬਨਿ ਆਈ ।। ਹੁਕਮੁ ਬੂਝਿ ਪਰਮ ਪਦੁ ਪਾਈ ।।
ਉਹ ਜੀਵ ਸਮਝ ਲੈਂਦਾ ਹੈ ਕਿ ਸੇਵਕ ਦਾ ਕੰਮ
ਸੇਵਾ ਕਰਨਾ ਹੈ, ਕਿੰਤੂ ਪ੍ਰੰਤੂ ਕਰਨਾ ਨਹੀਂ। ਪ੍ਰਭੂ ਦੇ ਦਾਸ ਨੂੰ ਕੇਵਲ ਉਸ ਦੀ ਸੇਵਾ ਕਰਨੀ ਹੀ
ਫੱਬਦੀ ਹੈ। ਫਿਰ ਉਹ ਜੋ ਹੁੰਦਾ ਹੈ, ਉਸ ਨੂੰ ਹਰੀ ਪ੍ਰਭੂ ਦਾ ਹੁਕਮ ਸਮਝ ਕੇ ਖਿੜੇ ਮੱਥੇ ਪ੍ਰਵਾਨ
ਕਰਨ ਲੱਗ ਪੈਂਦਾ ਹੈ ਅਤੇ ਇਸ ਤਰਾਂ ਕਰ ਕੇ ਉੱਚੀ ਪਦਵੀ ਹਾਸਲ ਕਰ ਲੈਂਦਾ ਹੈ, ਮਹਾਨ ਬਣ ਜਾਂਦਾ
ਹੈ।
ਇਸ ਤੇ ਊਪਰਿ ਨਹੀ ਬੀਚਾਰੁ ।। ਜਾ ਕੈ ਮਨਿ ਬਸਿਆ
ਨਿਰੰਕਾਰੁ ।।
ਜਿਨ੍ਹਾਂ ਦੇ ਮਨ ਅੰਦਰ ਨਿਰੰਕਾਰ ਪ੍ਰਭੂ ਵਸ ਜਾੰਦਾ ਹੈ, ਉਨ੍ਹਾਂ ਲਈ ਅਕਾਲ
ਪੁਰਖ ਦੇ ਹੁਕਮ ਨੂੰ ਸਮਝ ਲੈਣ ਅਤੇ ਉਸ ਨੂੰ ਹੱਸ ਕੇ ਪ੍ਰਵਾਨ ਕਰਨ ਤੋਂ ਵੱਧ ਸਮਝਦਾਰੀ ਦੀ ਵਿਚਾਰ
ਹੋਰ ਕੋਈ ਨਹੀਂ ਹੋ ਸਕਦੀ। ਉਹ ਗਿਆਨ ਦੀ ਸਿਖਰ ਨੂੰ ਪ੍ਰਾਪਤ ਕਰ ਲੈਂਦੇ ਹਨ ਅਤੇ ਭਟਕਣਾ ਛੱਡ
ਦਿੰਦੇ ਹਨ।
ਬੰਧਨ ਤੋਰਿ ਭਏ ਨਿਰਵੈਰ ।। ਅਨਦਿਨੁ ਪੂਜਹਿ ਗੁਰ
ਕੇ ਪੈਰ ।।
ਇਸ ਅਵਸਥਾ ਵਿੱਚ ਪਹੁੰਚੇ ਹੋਏ ਇਨਸਾਨ ਸਾਰੇ ਬੰਧਨਾਂ ਤੋਂ ਮੁਕਤ ਹੋ
ਜਾਂਦੇ ਹਨ। ਸਮਸਤ ਸ੍ਰਿਸ਼ਟੀ ਉਨ੍ਹਾਂ ਨੂੰ ਮਿੱਤਰ ਨਜ਼ਰ ਆਉਣ ਲੱਗ ਪੈਂਦੀ ਹੈ। ਕਿਸੇ ਨਾਲ਼ ਵੈਰ ਨਹੀਂ
ਰਹਿੰਦਾ। ਉਹ ਨਾ ਕੋ ਵੈਰੀ ਨਾਹਿ ਬਿਗਾਨਾਂ ਦੀ ਅਵਸਥਾ ਪ੍ਰਾਪਤ ਕਰ ਲੈਂਦੇ ਹਨ। ਹੁਣ ਉਹ ਦਿਨ
ਪ੍ਰਤੀ ਦਿਨ ਹਰ ਵੇਲ਼ੇ ਅਪਣੇ ਗੁਰੂ ਦੇ ਪੈਰਾਂ ਨੂੰ ਪੂਜਦੇ ਹਨ ਜਿਸ ਨੇ ਉਨ੍ਹਾਂ ਨੂੰ ਇਹ ਸੋਝੀ
ਬਖਸ਼ਿਸ਼ ਕੀਤੀ ਹੈ।
ਇਹ ਲੋਕ ਸੁਖੀਏ ਪਰਲੋਕ ਸੁਹੇਲੇ ।। ਨਾਨਕ ਹਰਿ
ਪ੍ਰਭਿ ਆਪਹਿ ਮੇਲੇ ।। 4 ।।
ਇਸ ਅਵਸਥਾ ਨੂੰ ਪਹੁੰਚੇ ਹੋਏ ਗੁਰਮੁਖ ਪਿਆਰੇ ਇਸ ਲੋਕ ਵਿੱਚ ਵੀ ਸੁਖੀ
ਵਸਦੇ ਹਨ ਅਤੇ ਪਰਲੋਕ ਵਿੱਚ ਵੀ ਉਨ੍ਹਾਂ ਨੂੰ ਸੁਖ ਪ੍ਰਾਪਤ ਹੁੰਦਾ ਹੈ। ਉਨ੍ਹਾਂ ਜਾ ਜੀਵਨ ਅਤੇ
ਮਰਨ ਦੋਵੇਂ ਸਫਲ ਹੋ ਜਾਂਦੇ ਹਨ। ਪਰ ਗੁਰੂ ਜੀ ਦਾ ਕਥਨ ਹੈ ਕਿ ਪ੍ਰਭੂ ਨਾਲ਼ ਮਿਲਾਪ ਦੀ ਇਹ ਉੱਚ
ਅਵਸਥਾ ਜੀਵਾਂ ਨੂੰ ਅਪਣੇ ਯਤਨਾਂ ਨਾਲ ਪ੍ਰਾਪਤ ਨਹੀਂ ਹੁੰਦੀ। ਪ੍ਰਭੂ ਆਪ ਹੀ ਦਿਆਲ ਹੋ ਕੇ ਉਨ੍ਹਾਂ
ਨੂੰ ਅਪਣੇ ਨਾਲ਼ ਮਿਲਾ ਲੈਂਦਾ ਹੈ।
ਸਾਧਿ ਸੰਗਿ ਮਿਲਿ ਕਰਹੁ ਅਨੰਦ ।। ਗੁਨ ਗਾਵਹੁ
ਪ੍ਰਭ ਪਰਮਾਨੰਦ ।।
ਸੋ ਗੁਰੂ ਜੀ ਸਾਨੂੰ ਉਪਦੇਸ਼ ਕਰਦੇ ਹਨ ਕਿ ਅਸੀਂ ਵੀ ਸੰਤ ਪੁਰਖਾਂ,
ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਜਾ ਕੇ, ਉਨ੍ਹਾਂ ਨਾਲ਼ ਮਿਲ ਕੇ ਪਰਮ ਅਨੰਦ ਸਰੂਪ ਪ੍ਰਭੂ ਦੇ ਗੁਣ
ਗਾਇਆ ਕਰੀਏ ਅਤੇ ਇਸ ਤਰਾਂ ਕਰ ਕੇ ਆਤਮਿਕ ਅਨੰਦ ਪ੍ਰਾਪਤ ਕਰੀਏ।
ਰਾਮ ਨਾਮ ਤਤੁ ਕਰਹੁ ਬੀਚਾਰੁ ।। ਦ੍ਰੁਲਭ ਦੇਹ ਕਾ
ਕਰਹੁ ਉਧਾਰੁ ।।
ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਜਾ ਕੇ ਉਸ ਪਰਮ ਸਚਾਈ ਦੇ ਗੁਣਾਂ ਦੀ
ਵੀਚਾਰ ਕਰਿਆ ਕਰੀਏ, ਪ੍ਰਮਾਤਮਾ ਦੇ ਸਰੂਪ ਅਤੇ ਸੁਭਾਅ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਅਤੇ ਇਸ ਤਰਾਂ
ਕਰ ਕੇ ਅਪਣੇ ਇਸ ਮੁਸ਼ਕਿਲ ਨਾਲ਼ ਮਿਲਣ ਵਾਲ਼ੇ ਮਨੁੱਖਾ ਜੀਵਨ ਨੂੰ ਸਫਲ ਬਣਾਈਏ, ਅਪਣੀ ਦੁਰਲੱਭ ਦੇਹ
ਦਾ ਕਲਿਆਣ ਕਰ ਲਈਏ।
ਅੰਮ੍ਰਿਤ ਬਚਨ ਹਰਿ ਕੇ ਗੁਨ ਗਾਉ ।। ਪ੍ਰਾਨ ਤਰਨ
ਕਾ ਇਹੈ ਸੁਆਉ ।।
ਗੁਰੂ ਜੀ ਸਮਝਾਉਂਦੇ ਹਨ ਕਿ ਅਸੀਂ ਮਹਾਂ ਪੁਰਖਾਂ ਦੀ ਸੰਗਤ ਵਿੱਚ ਜਾ ਕੇ
ਉਨ੍ਹਾਂ ਦੇ ਅੰਮ੍ਰਿਤ ਵਰਗੇ ਸ਼ੁਭ ਬਚਨਾਂ ਨੂੰ ਸੁਣੀਏ ਅਤੇ ਵੀਚਾਰੀਏ ਅਤੇ ਉਨ੍ਹਾਂ ਨਾਲ ਮਿਲ ਕੇ
ਪ੍ਰਭੂ ਦੇ ਗੁਣਾਂ ਦਾ ਗਾਇਨ ਕਰੀਏ। ਇਨਸਾਨ ਲਈ ਅਪਣੇ ਜੀਵਨ ਨੂੰ ਸਫਲ ਬਣਾਉਣ ਦਾ, ਭਵ ਸਾਗਰ ਨੂੰ
ਪਾਰ ਕਰਨ ਦਾ, ਇਹੋ ਇੱਕੋ ਇੱਕ ਤਰੀਕਾ ਹੈ।
ਆਠ ਪਹਰ ਪ੍ਰਭ ਪੇਖਹੁ ਨੇਰਾ ।। ਮਿਟੈ ਅਗਿਆਨੁ ਬਿਨਸੈ ਅੰਧੇਰਾ ।।
ਗੁਰੂ ਜੀ ਸਿੱਖਿਆ ਦਿੰਦੇ ਹਨ ਕਿ ਅਸੀਂ ਅੱਠੇ ਪਹਿਰ ਇਹ ਮਹਿਸੂਸ ਕਰੀਏ
ਕਿ ਪ੍ਰਮਾਤਮਾ ਸਾਡੇ ਨੇੜੇ ਹੈ, ਸਾਡੇ ਅੰਗ ਸੰਗ ਹੈ, ਸਾਥੋਂ ਦੂਰ ਨਹੀਂ। ਇਸ ਤਰਾਂ ਕਰਨ ਨਾਲ਼ ਅਗਿਆਨ ਦਾ ਅੰਤ ਹੋ ਜਾਵੇਗਾ, ਹਨ੍ਹੇਰਾ ਦੂਰ ਹੋ ਜਾਵੇਗਾ
ਅਤੇ ਸਾਡੇ ਅੰਦਰ ਗਿਆਨ ਦਾ ਪ੍ਰਕਾਸ਼ ਫੈਲ ਜਾਵੇਗਾ।
ਸੁਨਿ ਉਪਦੇਸੁ ਹਿਰਦੈ ਬਸਾਵਹੁ ।। ਮਨ ਇੱਛੇ ਨਾਨਕ ਫਲ ਪਾਵਹੁ ।। 5 ।।
ਗੁਰੂ ਜੀ ਮਹਾਂ ਪੁਰਖਾਂ ਦਾ ਉਪਦੇਸ਼ ਸੁਣ ਕੇ ਉਸ ਨੂੰ ਮਨ ਵਿੱਚ ਵਸਾਉਣ
ਦੀ ਨਸੀਹਤ ਕਰਦੇ ਹੋਏ ਸਾਨੂੰ ਭਰੋਸਾ ਦਿਵਾਉਂਦੇ ਹਨ ਕਿ ਇਸ ਤਰਾਂ ਕਰਨ ਨਾਲ਼ ਸਾਨੂੰ ਮਨ ਇੱਛੇ ਫਲ਼
ਪ੍ਰਾਪਤ ਹੋਣਗੇ, ਸਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ।
ਹਲਤੁ ਪਲਤੁ ਦੁਇ ਲੇਹੁ ਸਵਾਰਿ ।। ਰਾਮ ਨਾਮੁ
ਅੰਤਰਿ ਉਰਿਧਾਰਿ ।।
ਗੁਰੂ ਜੀ ਉਪਦੇਸ਼ ਦਿੰਦੇ ਹਨ ਕਿ ਅਸੀਂ ਰਾਮ ਦੇ ਨਾਮ ਨੂੰ ਅਪਣੇ ਹਿਰਦੇ
ਦੇ ਅੰਦਰ ਵਸਾ ਕੇ ਅਪਣਾ ਲੋਕ (ਇਹ ਜੀਵਨ) ਅਤੇ ਪ੍ਰਲੋਕ (ਮਰਨ ਉਪਰੰਤ ਜੀਵਨ) ਦੋਵੇਂ ਸੁਹੇਲੇ ਬਣਾ
ਲਈਏ।
ਪੂਰੇ ਗੁਰ ਕੀ ਪੂਰੀ ਦੀਖਿਆ ।। ਜਿਸੁ ਮਨਿ ਬਸੈ
ਤਿਸੁ ਸਾਚੁ ਪਰੀਖਿਆ ।।
ਪੂਰੇ ਗੁਰੂ ਦਾ ਦਿੱਤਾ ਹੋਇਆ ਉਪਦੇਸ਼, ਉਸ ਦਾ ਬਖਸ਼ਿਆ ਹੋਇਆ ਗੁਰ ਮੰਤਰ,
ਸੰਪੂਰਨ ਹੁੰਦਾ ਹੈ, ਉਸ ਵਿੱਚ ਕਿਸੇ ਤਰਾਂ ਦੀ ਕੋਈ ਕਮੀ, ਕੋਈ ਘਾਟ ਨਹੀਂ ਹੁੰਦੀ। ਜਿਸ ਜੀਵ ਦੇ
ਮਨ ਵਿੱਚ ਇਹ ਗੁਰ ਮੰਤਰ ਵਸ ਜਾਵੇ ਉਹ ਸੱਚ ਨੂੰ ਸਮਝ ਕੇ ਉਸ ਨੂੰ ਪਹਿਚਾਣ ਲੈਂਦਾ ਹੈ, ਉਸ ਨੂੰ
ਸਦੀਵੀ ਰਹਿਣ ਵਾਲ਼ੇ ਪ੍ਰਮਾਤਮਾ ਦੀ ਸਚਾਈ ਬਾਰੇ ਕੋਈ ਭਰਮ ਭੁਲੇਖਾ ਨਹੀਂ ਰਹਿੰਦਾ।
ਮਨੁ ਤਨੁ ਨਾਮੁ ਜਪੋ ਲਿਵਲਾਇ ।। ਦੂਖੁ ਦਰਦੁ ਮਨ
ਤੇ ਭਉ ਜਾਇ ।।
ਤਨ ਅਤੇ ਮਨ ਦੋਹਾਂ ਨੂੰ ਇਕਾਗਰ ਕਰ ਕੇ, ਬਾਕੀ ਸਬ ਕੁੱਝ ਭੁਲਾ ਕੇ,
ਪੂਰੀ ਤਰਾਂ ਪ੍ਰਮਾਤਮਾ ਨਾਲ਼ ਜੁੜ ਕੇ, ਉਸ ਦੇ ਪਿਆਰ ਵਿੱਚ ਭਿੱਜ ਕੇ ਉਸ ਦਾ ਨਾਮ ਜੱਪੋ। ਇਸ ਤਰਾਂ ਕਰਨ ਨਾਲ਼ ਤੁਹਾਡੇ ਸਾਰੇ
ਦੁੱਖ ਤਕਲੀਫਾਂ, ਪੀੜਾਂ, ਸਮੱਸਿਆਵਾਂ ਡਰ ਆਦਿ ਦੂਰ ਹੋ ਜਾਣਗੇ।
ਸਚੁ ਵਾਪਾਰੁ ਕਰਹੁ ਵਾਪਾਰੀ ।। ਦਰਗਹ ਨਿਬਹੈ ਖੇਪ
ਤੁਮਾਰੀ ।।
ਐ ਸੰਸਾਰ ਵਿੱਚ ਆਏ ਜੀਵੋ, ਝੂਠੀ ਮਾਇਆ ਦੇ ਵਪਾਰ ਨੂੰ ਭੁੱਲ ਕੇ ਉਸ ਸਦਾ
ਸਥਿਰ ਰਹਿਣ ਵਾਲ਼ੇ ਹਰੀ ਦੇ ਸੱਚੇ ਨਾਮ ਦਾ ਵਪਾਰ ਕਰੋ। ਤੁਹਾਡੀ ਇਸ ਤਰਾਂ ਕਮਾਈ ਹੋਈ ਪੂੰਜੀ ਦਰਗਾਹ
ਵਿੱਚ ਤੁਹਾਡੇ ਨਾਲ਼ ਜਾਵੇਗੀ, ਤੁਹਾਡੇ ਕੰਮ ਆਵੇਗੀ, ਤੁਹਾਡੀ ਸਹਾਇਤਾ ਕਰੇਗੀ।
ਏਕਾ ਟੇਕ ਰਖਹੁ ਮਨ ਮਾਹਿ ।। ਨਾਨਕ ਬਹੁਰਿ ਨ
ਆਵਹਿ ਜਾਹਿ ।। 6 ।।
ਕੇਵਲ ਇੱਕ ਪ੍ਰਮਾਤਮਾ ਦਾ ਸਹਾਰਾ ਤੱਕੋ, ਹੋਰ ਕਿਸੇ ਤਾਕਤ ਤੇ ਟੇਕ ਨਾ
ਰੱਖੋ। ਗੁਰੂ ਜੀ ਭਰੋਸਾ ਦਿਵਾਉਂਦੇ ਹਨ ਕਿ ਇਸ ਤਰਾਂ ਕੀਤਿਆਂ ਤੁਹਾਡਾ ਵਾਰ ਵਾਰ ਜਨਮ ਮਰਨ ਦਾ
ਦੁੱਖ ਕੱਟਿਆ ਜਾਵੇਗਾ, ਤੁਹਾਨੂੰ ਆਵਾਗਮਨ ਤੋਂ ਮੁਕਤੀ ਮਿਲ ਜਾਵੇਗੀ।
ਤਿਸਤੇ ਦੂਰਿ ਕਹਾ ਕੋ ਜਾਇ ।। ਉਬਰੈ ਰਾਖਨਹਾਰੁ
ਧਿਆਇ ।।
ਸਦਾ ਸਹਾਈ ਪ੍ਰਮਾਤਮਾ ਦਾ ਦਰ ਛੱਡ ਕੇ ਸਹਾਇਤਾ ਲਈ ਹੋਰ ਕੋਈ ਕਿਸ ਕੋਲ਼
ਜਾ ਸਕਦਾ ਹੈ? ਪ੍ਮਾਤਮਾ ਤੋਂ ਬਿਨਾਂ ਹੋਰ ਕੋਈ ਤਾਕਤ ਜੀਵ ਦੀ ਸਹਾਇਤਾ ਨਹੀਂ ਕਰ ਸਕਦੀ। ਕੇਵਲ ਉਸ
ਸਭਨਾ ਦੀ ਰੱਖਿਆ ਕਰਨ ਵਾਲ਼ੇ ਵਾਹਿਗੁਰੂ ਨੂੰ ਧਿਆਉਣ ਨਾਲ਼ ਹੀ ਜੀਵ ਦਾ ਉਧਾਰ ਹੋ ਸਕਦਾ ਹੈ।
ਨਿਰਭਉ ਜਪੈ ਸਗਲ ਭਉ ਮਿਟੈ ।। ਪ੍ਰਭ ਕਿਰਪਾ ਤੇ
ਪ੍ਰਾਣੀ ਛੁਟੈ ।।
ਪ੍ਰਮਾਤਮਾ ਆਪ ਡਰ ਤੋਂ ਰਹਿਤ ਹੈ। ਉਸ ਨੂੰ ਕਿਸੇ ਦਾ ਡਰ ਨਹੀਂ। ਉਸ ਡਰ
ਮੁਕਤ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਨਾਲ਼ ਸਾਡੇ ਵੀ ਸਾਰੇ ਡਰ ਦੂਰ ਹੋ ਜਾਂਦੇ ਹਨ। ਉਸ ਪ੍ਰਭੂ ਦੀ ਦਯਾ ਦ੍ਰਿਸ਼ਟੀ ਹੋਣ ਨਾਲ਼ ਹੀ
ਜੀਵ ਦਾ ਸੰਸਾਰਿਕ ਦੁੱਖਾਂ ਤੋਂ ਅਤੇ ਜਨਮ ਮਰਨ ਤੋਂ ਛੁਟਕਾਰਾ ਹੋ ਸਕਦਾ ਹੈ।
ਜਿਸੁ ਪ੍ਰਭੁ ਰਾਖੈ ਤਿਸੁ ਨਾਹੀ ਦੂਖ ।। ਨਾਮੁ
ਜਪਤ ਮਨਿ ਹੋਵਤ ਸੂਖ ।।
ਜਿਸ ਜੀਵ ਦਾ ਰਾਖਾ ਪ੍ਰਭੂ ਆਪ ਬਣ ਜਾਵੇ, ਉਸ ਨੂੰ ਕਦੇ ਵੀ ਕੋਈ ਦੁੱਖ
ਨਹੀਂ ਆ ਸਕਦਾ। ਪ੍ਰਭੂ ਦਾ ਨਾਮ ਜੱਪਣ ਨਾਲ਼ ਮਨ ਨੂੰ ਸੁਖ ਅਤੇ ਸ਼ਾਂਤੀ ਮਿਲਦੇ ਹਨ।
ਚਿੰਤਾ ਜਾਇ ਮਿਟੈ ਅਹੰਕਾਰੁ ।। ਤਿਸੁ ਜਨ ਕਉ ਕੋਇ
ਨ ਪਹੁਚਨਹਾਰੁ ।।
ਉਸ ਪ੍ਰਭੂ ਦਾ ਨਾਮ ਜੱਪਣ ਨਾਲ਼ ਸਭ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ ਅਤੇ
ਹਉਮੈ ਦਾ ਨਾਸ਼ ਹੋ ਜਾਂਦਾ ਹੈ। ਜਿਸ ਜੀਵ ਨੂੰ ਇਹ ਦਾਤਾਂ ਪ੍ਰਾਪਤ ਹੋ ਜਾਣ ਉਸ ਦਾ ਮੁਕਾਬਲਾ ਫਿਰ
ਕੋਈ ਨਹੀਂ ਕਰ ਸਕਦਾ, ਉਸ ਦੇ ਬਰਾਬਰ ਕੋਈ ਨਹੀਂ ਖੜ੍ਹ ਸਕਦਾ।
ਸਿਰ ਉਪਰਿ ਠਾਢਾ ਗੁਰੁ ਸੂਰਾ ।। ਨਾਨਕ ਤਾ ਕੇ
ਕਾਰਜ ਪੂਰਾ ।। 7 ।।
ਗੁਰੂ ਜੀ ਸਮਝਾਉਂਦੇ ਹਨ ਕਿ ਜਿਸ ਜੀਵ ਦੇ ਸਿਰ ਉੱਪਰ ਪ੍ਰਮਾਤਮਾ ਦਾ ਹੱਥ
ਹੋਵੇ, ਉਸ ਦੇ ਸਾਰੇ ਕਾਰਜ ਸਹਿਜੇ ਹੀ ਨਿਰਵਿਘਨ ਪੂਰੇ ਹੋ ਜਾਂਦੇ ਹਨ, ਉਸ ਦਾ ਕੋਈ ਕੰਮ ਕਦੇ ਨਹੀਂ
ਰੁਕਦਾ।
ਮਤਿ ਪੂਰੀ ਅੰਮ੍ਰਿਤੁ ਜਾ ਕੀ ਦ੍ਰਿਸਟਿ ।। ਦਰਸਨ
ਪੇਖਤ ਉਧਰਤ ਸ੍ਰਿਸਟਿ ।।
ਜਿਸ ਗੁਰੂ ਦੀ ਮੱਤ (ਬੁੱਧੀ) ਸੰਪੂਰਨ ਹੈ, ਜਿਹੜਾ ਬੇਹੱਦ ਸਿਆਣਾ ਅਤੇ
ਸਮਝਦਾਰ ਹੈ, ਜਿਸ ਦੀ ਦ੍ਰਿਸ਼ਟੀ (ਨਜ਼ਰ) ਹੀ ਅੰਮ੍ਰਿਤ ਵਰਗੀ ਹੈ, ਮੋਇਆਂ ਵਿੱਚ ਜਾਨ ਪਾਉਂਦੀ ਹੈ,
ਮੌਤ ਦਾ ਡਰ ਖਤਮ ਕਰ ਦਿੰਦੀ ਹੈ, ਜਿਸ ਦੇ ਦਰਸ਼ਨ ਕਰ ਕੇ ਹੀ ਸੰਸਾਰ ਦਾ ਉਧਾਰ (ਕਲਿਆਣ) ਹੋ ਜਾਂਦਾ
ਹੈ,
ਚਰਨ ਕਮਲ ਜਾ ਕੇ ਅਨੂਪ ।। ਸਫਲ ਦਰਸਨੁ ਸੁੰਦਰ
ਹਰਿ ਰੂਪ ।।
ਜਿਸ ਦੇ ਕਮਲ ਵਰਗੇ ਚਰਨ ਏਨੇ ਸੁੰਦਰ ਹਨ ਕਿ ਉਨ੍ਹਾਂ ਵਰਗੇ ਚਰਨ ਹੋਰ
ਕਿਸੇ ਦੇ ਨਹੀਂ, ਜਿਸ ਦੇ ਦਰਸ਼ਨ ਮਾਤਰ ਨਾਲ਼ ਹੀ ਸਾਰੀਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ, ਜਿਸ
ਦੀ ਸੂਰਤ ਏਨੀ ਸੋਹਣੀ ਹੈ ਕਿ ਉਹ ਹਰੀ ਦਾ ਅਪਣਾ ਰੂਪ ਹੀ ਲੱਗਦਾ ਹੈ,
ਧੰਨੁ ਸੇਵਾ ਸੇਵਕੁ ਪਰਵਾਨੁ ।। ਅੰਤਰਜਾਮੀ ਪੁਰਖੁ
ਪ੍ਰਧਾਨੁ ।।
ਉਸ ਗੁਰੂ ਦੀ ਸੇਵਾ ਕਰਨੀ ਸਫਲ ਹੈ, ਧੰਨ ਹੈ। ਜਿਹੜਾ ਗੁਰੂ ਏਨਾ ਮਹਾਨ ਹੈ ਕਿ ਉਸ ਦਾ ਸੇਵਕ ਵੀ ਦਰਗਾਹ ਵਿੱਚ ਪ੍ਰਵਾਨ ਹੋ
ਜਾਂਦਾ ਹੈ। ਇਹੋ ਜਿਹਾ ਗੁਰੂ ਅੰਤਰਜਾਮੀ ਹੁੰਦਾ ਹੈ, ਦਿਲਾਂ ਦੀਆਂ ਜਾਨਣ ਵਾਲ਼ਾ ਹੁੰਦਾ ਹੈ, ਸੰਸਾਰ
ਦਾ ਸਭ ਤੋਂ ਉੱਤਮ ਇਨਸਾਨ ਹੁੰਦਾ ਹੈ।
ਜਿਸੁ ਮਨਿ ਬਸੈ ਸੁ ਹੋਤ ਨਿਹਾਲੁ ।। ਤਾ ਕੈ ਨਿਕਟਿ ਨ ਆਵਤ ਕਾਲੁ ।।
ਉਹ ਵਾਹਿਗੁਰੂ ਨਾਲ਼ ਅਭੇਦ ਹੋਇਆ ਗੁਰੂ ਜਿਸ ਦੇ ਮਨ ਵਿੱਚ ਵਸ ਜਾਂਦਾ ਹੈ,
ਉਹ ਜੀਵ ਨਿਹਾਲ ਹੋ ਜਾਂਦਾ ਹੈ, ਉਸ ਦੀ ਕੋਈ ਕਾਮਨਾ ਬਾਕੀ ਨਹੀਂ ਰਹਿ ਜਾਂਦੀ, ਉਹ ਪੂਰਨ ਤੌਰ ਤੇ
ਸੰਤੁਸ਼ਟ ਹੋ ਜਾਂਦਾ ਹੈ। ਮੌਤ ਦਾ ਡਰ ਉਸ ਦੇ ਨੇੜੇ ਨਹੀਂ ਢੁੱਕਦਾ, ਉਸ ਲਈ ਮੌਤ ਦੀ ਹੋਂਦ ਖਤਮ ਹੋ
ਜਾਂਦੀ ਹੈ, ਉਹ ਅਮਰ ਹੋ ਜਾਂਦਾ ਹੈ।
ਅਮਰ ਭਏ ਅਮਰਾ ਪਦੁ ਪਾਇਆ ।। ਸਾਧਿਸੰਗਿ ਨਾਨਕ
ਹਰਿ ਧਿਆਇਆ ।। 8 ।। 22 ।।
ਗੁਰੂ ਜੀ ਦਾਅਵਾ ਕਰਦੋ ਹਨ ਕਿ ਜਿਸ ਜੀਵ
ਨੇ ਇਸ ਤਰਾਂ ਦੇ ਮਹਾਨ ਸੰਤ ਗੁਰੂ ਦੀ ਸੰਗਤ ਵਿੱਚ ਆ ਕੇ ਪ੍ਰਮਾਤਮਾ ਨੂੰ ਧਿਆ ਲਿਆ, ਉਹ ਅਮਰ ਪਦਵੀ
ਪ੍ਰਾਪਤ ਕਰ ਲੈਂਦਾ ਹੈ, ਅਮਰ ਹੋ ਜਾਂਦਾ ਹੈ, ਮੌਤ ਨੂੰ ਹਾਰ ਦੇ ਦਿੰਦਾ ਹੈ।
ਸਲੋਕ ।।
ਗਿਆਨੁ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ
।।
ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ
।। 1 ।।
ਮੇਰੇ ਪੂਰੇ ਗੁਰੂ ਨੇ ਮੈਨੂੰ ਗਿਆਨ ਰੂਪੀ ਸੁਰਮਾ ਬਖਸ਼ਿਸ਼ ਕਰ ਦਿੱਤਾ ਹੈ।
ਉਹ ਸੁਰਮਾ ਮੈਂ ਅਪਣੀਆਂ ਅੱਖਾਂ ਵਿੱਚ ਪਾ ਲਿਆ ਹੈ। ਉਸ ਦਾ ਅਸਰ ਇਹ ਹੋਇਆ ਹੈ ਕਿ ਮੇਰੇ ਅੰਦਰੋਂ
ਅਗਿਆਨ ਦਾ ਹਨ੍ਹੇਰਾ ਦੂਰ ਹੋ ਗਿਆ ਹੈ ਅਤੇ ਉਸ ਦੀ ਥਾਂ ਪ੍ਰਕਾਸ਼ ਨੇ ਲੈ ਲਈ ਹੈ। ਮੇਰੇ ਤੇ ਇਹ ਕਿਰਪਾ
ਪੂਰਨ ਸੰਤ ਪੁਰਖ (ਮੇਰੇ ਗੁਰੂ) ਨਾਲ਼ ਮੇਰਾ ਮਿਲਾਪ ਹੋਣ ਦੇ ਸਿੱਟੇ ਵਜੋਂ ਹੋਈ ਹੈ ਅਤੇ ਗੁਰੂ ਨਾਲ਼
ਮਿਲਾਪ ਉਸ ਵਾਹਿਗੁਰੂ ਦੀ ਮਿਹਰ ਸਦਕਾ ਹੋਇਆ ਹੈ। ਹੁਣ ਮੇਰੇ ਮਨ ਵਿੱਚ ਕੋਈ ਹਨ੍ਹੇਰਾ ਨਹੀਂ,
ਰੋਸ਼ਨੀ ਹੀ ਰੋਸ਼ਨੀ ਹੈ।
ਅਸਟਪਦੀ
ਸੰਤਸੰਗਿ ਅੰਤਰਿ ਪ੍ਰਭੁ ਡੀਠਾ ।। ਨਾਮੁ ਪ੍ਰਭੂ
ਕਾ ਲਾਗਾ ਮੀਠਾ ।।
ਸੰਤਾਂ ਦੀ ਸੰਗਤ ਵਿੱਚ ਜਾਣ ਨਾਲ਼ ਮੈਨੂੰ ਇਹ ਲਾਭ ਹੋਇਆ ਹੈ ਕਿ ਮੈਂ
ਅਪਣੇ ਅੰਦਰ ਹੀ ਉਸ ਵਾਹਿਗੁਰੂ ਨੂੰ ਵੇਖਣ ਦੇ ਸਮਰਥ ਹੋ ਗਿਆ ਹਾਂ। ਵਾਹਿਗੁਰੂ ਦੀ ਹੋਂਦ ਅਪਣੇ
ਅੰਦਰ ਹੀ ਮਹਿਸੂਸ ਕਰਨ ਦੇ ਸਿੱਟੇ ਵਜੋਂ ਮੈਨੂੰ ਵਾਹਿਗੁਰੂ ਦਾ ਨਾਮ ਮਿੱਠਾ ਲੱਗਣ ਲੱਗ ਪਿਆ ਹੈ,
ਵਾਹਿਗੁਰੂ ਨਾਮ ਦਾ ਸਿਮਰਨ ਕਰ ਕੇ ਮੈਨੂੰ ਰਸ ਆਉਣ ਲੱਗ ਪਿਆ ਹੈ।
ਸਗਲ ਸਮਿਗ੍ਰੀ ਏਕਸੁ ਘਟ ਮਾਹਿ ।। ਅਨਿਕ ਰੰਗ ਨਾਨਾ ਦ੍ਰਿਸਟਾਹਿ ।।
ਹੁਣ ਮੈਨੂੰ ਇਹ ਸਮਝ ਆ ਗਈ ਹੈ ਕਿ ਜੋ ਕੁੱਝ ਵੀ ਇਸ ਦ੍ਰਿਸ਼ਟਮਾਨ ਸੰਸਾਰ
ਵਿੱਚ ਮੈਨੂੰ ਦਿਖਾਈ ਦੇ ਰਿਹਾ ਹੈ, ਉਹ ਸਭ ਉਸ ਇੱਕ ਵਾਹਿਗੁਰੂ ਦਾ ਹੀ ਰੂਪ ਹੈ, ਉਸ ਦੇ ਅਪਣੇ
ਅੰਦਰੋਂ ਹੀ ਹੋਂਦ ਵਿੱਚ ਆਇਆ ਹੈ। ਇਸ ਸੰਸਾਰ ਦੀਆਂ ਸਭ ਵਸਤਾਂ ਉਸ ਦਾ ਹੀ ਪਸਾਰਾ ਹਨ। ਇਨ੍ਹਾਂ ਦੇ
ਰਾਹੀਂ ਉਹ ਅਪਣੇ ਆਪ ਨੂੰ ਭਾਂਤ ਭਾਂਤ ਦੇ ਰੰਗਾਂ ਅਤੇ ਆਕਾਰਾਂ ਵਿੱਚ ਸਾਕਾਰ ਕਰ ਕੇ ਸਾਡੇ ਸਾਹਮਣੇ
ਆਉਂਦਾ ਹੈ, ਦ੍ਰਿਸ਼ਟਮਾਨ ਹੁੰਦਾ ਹੈ।
ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ ।। ਦੇਹੀ
ਮਹਿ ਇਸ ਕਾ ਬਿਸ੍ਰਾਮੁ ।।
ਉਸ ਪ੍ਰਭੂ ਦਾ ਨਾਮ ਅੰਮ੍ਰਿਤ ਦਾ ਰੂਪ ਹੈ ਜੋ ਮੋਇਆਂ ਵਿੱਚ ਜਾਨ ਪਾ
ਦਿੰਦਾ ਹੈ। ਉਸ ਦੇ ਨਾਮ ਵਿੱਚ ਸੰਸਾਰ ਦੇ ਨੌਂ ਦੇ ਨੌਂ ਖ਼ਜ਼ਾਨੇ ਛੁਪੇ ਹੋਏ ਹਨ। ਸਭ ਤੋਂ
ਵੱਡੀ ਗੱਲ ਇਹ ਕਿ ਇਹ ਨਾਮ ਅਤੇ ਇਸ ਨਾਮ ਦਾ ਧਾਰਕ ਸਾਡੇ ਸਰੀਰ ਦੇ ਅੰਦਰ ਹੀ ਵਸਦਾ ਹੈ।
ਸੁੰਨ ਸਮਾਧਿ ਅਨਹਤ ਤਹ ਨਾਦ ।। ਕਹਨੁ ਨ ਜਾਈ
ਅਚਰਜ ਬਿਸਮਾਦ ।।
ਉਹ ਪ੍ਰਭੂ ਸਾਡੇ ਸਰੀਰ ਦੇ ਉਸ ਹਿੱਸੇ ਵਿੱਚ ਵਸ ਰਿਹਾ ਹੈ ਜਿੱਥੇ ਬਾਹਰ
ਦੇ ਰੌਲ਼ੇ ਰੱਪੇ ਦਾ ਕੋਈ ਅਸਰ ਨਹੀਂ ਹੁੰਦਾ, ਜਿੱਥੇ ਸੁਰਤ ਇਕਾਗਰ ਕਰ ਕੇ ਆਵਾਜ਼ ਰਹਿਤ ਦੈਵੀ ਸੰਗੀਤ
(ਅਨਹਤ ਨਾਦ) ਸੁਣਾਈ ਦਿੰਦਾ ਹੈ। (ਇਸ ਹਿੱਸੇ ਨੂੰ ਦਸਵਾਂ ਦੁਆਰ ਕਿਹਾ ਜਾਂਦਾ ਹੈ)। ਉਸ ਦੀ ਮੌਜੂਦਗੀ ਦਾ ਇਹ ਅਨੁਭਵ ਇੱਕ ਅਜਿਹਾ ਅਸਚਰਜ-ਜਨਕ ਅਨੁਭਵ ਹੈ ਜੋ
ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ, ਬਿਆਨ ਨਹੀਂ ਕੀਤਾ ਜਾ ਸਕਦਾ ਅਤੇ ਜੋ ਸਾਡੇ ਮਨ ਨੂੰ ਅਨੰਦ ਨਾਲ਼
ਭਰ ਦਿੰਦਾ ਹੈ।
ਤਿਨਿ ਦੇਖਿਆ ਜਿਸੁ ਆਪਿ ਦਿਖਾਏ ।। ਨਾਨਕ ਤਿਸੁ
ਜਨ ਸੋਝੀ ਪਾਏ ।। 1 ।।
ਗੁਰੂ ਜੀ ਦਾ ਕਥਨ ਹੈ ਕਿ ਅਪਣੇ ਅੰਦਰ ਉਸ ਅਕਾਲ ਪੁਰਖ ਦੀ ਹੋਂਦ ਨੂੰ ਹਰ
ਕੋਈ ਅਨੁਭਵ ਨਹੀਂ ਕਰ ਸਕਦਾ। ਉਹ ਪ੍ਰਾਣੀ ਹੀ ਇਸ ਅਨੁਭਵ ਨੂੰ ਮਾਣ ਸਕਦਾ ਹੈ ਜਿਸ ਨੂੰ ਉਹ ਪ੍ਰਭੂ ਆਪ
ਮਿਹਰਬਾਨ ਹੋ ਕੇ ਅਜਿਹਾ ਕਰਨ ਦੀ ਸਮਰਥਾ ਬਖਸ਼ਿਸ਼ ਕਰ ਦੇਵੇ। ਜਿਸ ਜੀਵ ਨੂੰ ਉਹ ਦਿਆਲ ਹੋ ਕੇ ਅਪਣਾ
ਆਪ ਦਿਖਾਉਣਾ ਚਾਹੁੰਦਾ ਹੈ, ਉਸ ਨੂੰ ਅਜਿਹੀ ਸਮਝ ਦੀ ਦਾਤ ਦੇ ਦਿੰਦਾ ਹੈ ਜਿਸ ਦੀ ਸਹਾਇਤਾ ਨਾਲ਼ ਉਹ
ਉਸ ਨੂੰ ਅਪਣੇ ਅੰਦਰ ਹੀ ਦੇਖ ਸਕੇ।
ਸੋ ਅੰਤਰਿ ਸੋ ਬਾਹਰਿ ਅਨੰਤ ।। ਘਟਿ ਘਟਿ ਬਿਆਪਿ
ਰਹਿਆ ਭਗਵੰਤ ।।
ਜਦੋਂ ਕਿਸੇ ਪ੍ਰਾਣੀ ਨੂੰ ਇਹ ਸਮਝ ਆ ਜਾਂਦੀ ਹੈ ਤਾਂ ਉਸ ਨੂੰ ਅਪਣੇ
ਅੰਦਰ ਅਤੇ ਬਾਹਰ ਹਰ ਥਾਂ ਉਹ ਪ੍ਭੂ ਹੀ ਦਿਖਾਈ ਦਿੰਦਾ ਹੈ। ਉਹ ਪ੍ਰਾਣੀ ਫਿਰ ਇਹ ਤੱਤ ਗਿਆਨ ਦੀ
ਗੱਲ ਸਮਝ ਜਾਂਦਾ ਹੈ ਕਿ ਘਟ ਘਟ ਦੇ ਅੰਦਰ (ਹਰ ਵਸਤ ਦੇ ਅੰਦਰ) ਉਹ ਪ੍ਰਭੂ ਵਿਆਪ ਰਿਹਾ ਹੈ, ਹਰ
ਜੜ੍ਹ ਅਤੇ ਚੇਤਨ ਵਸਤ ਦੇ ਅੰਦਰ ਸਮਾਇਆ ਹੋਇਆ ਹੈ।
ਧਰਨਿ ਮਾਹਿ ਆਕਾਸ ਪਇਆਲ ।। ਸਰਬ ਲੋਕ ਪੂਰਨ
ਪ੍ਰਤਿਪਾਲ ।।
ਧਰਤੀ, ਆਕਾਸ਼ ਅਤੇ ਪਾਤਾਲ਼ ਵਿੱਚ ਜਿੰਨੇ ਵੀ ਲੋਕ ਹਨ, ਉਨ੍ਹਾਂ ਵਿੱਚ
ਰਹਿੰਦੇ ਸਾਰੇ ਜੀਵਾਂ ਦੀ ਪਾਲਣਾ ਅਤੇ ਸਾਂਭ ਸੰਭਾਲ਼ ਪੂਰਨ ਤੌਰ ਤੇ ਉਹ ਪ੍ਰਭੂ ਆਪ ਹੀ ਕਰਦਾ ਹੈ।
ਬਨਿ ਤਿਨਿ ਪਰਬਤਿ ਹੈ ਪਾਰਬ੍ਰਹਮੁ ।। ਜੈਸੀ ਆਗਿਆ
ਤੈਸਾ ਕਰਮੁ ।।
ਪਹਾੜਾਂ ਵਿੱਚ, ਜੰਗਲ਼ ਦੇ ਰੁੱਖਾਂ ਵਿੱਚ ਅਤੇ ਘਾਹ ਫੂਸ ਦੇ ਤਿਣਕਿਆਂ
ਵਿੱਚ ਹਰ ਥਾਂ ਉਹ ਪਾਰਬ੍ਰਹਮ ਆਪ ਵਸਦਾ ਹੈ। ਉਹ ਹੀ ਸਭ ਕੁੱਝ ਕਰਨ ਅਤੇ ਕਰਵਾਉਣ ਵਾਲ਼ਾ ਹੈ।
ਸ੍ਰਿਸ਼ਟੀ ਦੇ ਸਾਰੇ ਜੀਵ ਉਹੋ ਕੁੱਝ ਕਰਦੇ ਹਨ ਜੋ ਉਸ ਦਾ ਹੁਕਮ ਹੁੰਦਾ ਹੈ। ਹੁਕਮੈ ਅੰਦਰਿ ਸਭ ਕੋ
ਬਾਹਰਿ ਹੁਕਮ ਨ ਕੋਇ।
ਪਉਣ ਪਾਣੀ ਬੈਸੰਤਰ ਮਾਹਿ ।। ਚਾਰਿ ਕੁੰਟ ਦਹ
ਦਿਸੇ ਸਮਾਹਿ ।।
ਹਵਾ, ਪਾਣੀ ਅਤੇ ਅਗਨੀ ਸਭ ਦੇ ਅੰਦਰ ਉਹ ਪਾਰਬ੍ਰਹਮ ਆਪ ਵਸਿਆ ਹੋਇਆ ਹੈ।
ਚਹੁੰਆਂ ਕੁੰਟਾਂ ਵਿੱਚ ਅਤੇ ਦਸਾਂ ਹੀ ਦਿਸ਼ਾਵਾਂ ਵਿੱਚ ਹਰ ਸ਼ੈ ਵਿੱਚ ਉਹ ਸਮਾਇਆ ਹੋਇਆ ਹੈ।
ਤਿਸ ਤੇ ਭਿੰਨ ਨਹੀ ਕੋ ਠਾਉ ।। ਗੁਰਪ੍ਰਸਾਦਿ
ਨਾਨਕ ਸੁਖੁ ਪਾਉ ।। 2 ।।
ਸਮੁੱਚੀ ਸ੍ਰਿਸ਼ਟੀ ਵਿੱਚ ਕੋਈ ਥਾਂ ਅਜਿਹੀ ਨਹੀਂ ਜਿੱਥੇ ਉਹ ਮੌਜੂਦ ਨਾ
ਹੋਵੇ, ਜਿਹੜੀ ਉਸ ਤੋਂ ਵੱਖ ਹੋਵੇ। ਪਰ ਗੁਰੂ ਜੀ ਸਪਸ਼ਟ ਕਰਦੇ ਹਨ ਕਿ ਇਸ ਤੱਤ ਨੂੰ ਸਮਝਣ ਅਤੇ ਇਸ
ਦਾ ਅਨੰਦ ਮਾਣਨ ਦਾ ਸੁਖ ਉਸ ਜੀਵ ਨੂੰ ਹੀ ਨਸੀਬ ਹੁਂਦਾ ਹੈ ਜਿਸਦੇ ਉੱਤੇ ਗੁਰੂ ਦੀ ਕਿਰਪਾ ਹੋ
ਜਾਵੇ।
ਬੇਦ ਪੁਰਾਨ ਸਿੰਮ੍ਰਿਤਿ ਮਹਿ ਦੇਖੁ ।। ਸਸੀਅਰ
ਸੂਰ ਨਖ੍ਯਤ੍ਰ ਮਹਿ ਏਕੁ ।।
ਵੇਦਾਂ, ਪੁਰਾਣਾਂ ਅਤੇ ਸਿੰਮ੍ਰਿਤੀਆਂ ਆਦਿ
ਸਾਰੇ ਧਰਮ ਗ੍ਰੰਥਾਂ ਦੇ ਗਿਆਨ ਵਿੱਚ ਉਸ ਪਾਰਬ੍ਰਹਮ ਦੇ ਹੀ ਦਰਸ਼ਨ ਹੁੰਦੇ ਹਨ। ਸੂਰਜ, ਚੰਦ,
ਤਾਰਿਆਂ ਅਤੇ ਨਛੱਤਰਾਂ (ਗ੍ਰਹਿਆਂ) ਸਭ ਦੇ ਵਿੱਚ ਇੱਕੋ ਇੱਕ ਪ੍ਰਮਾਤਮਾ ਹੀ ਵਸਿਆ ਹੋਇਆ ਹੈ।
ਬਾਣੀ ਪ੍ਰਭ ਕੀ ਸਭੁ ਕਉ ਬੋਲੈ ।। ਆਪਿ ਅਡੋਲੁ ਨ
ਕਬਹੂ ਡੋਲੈ ।।
ਇਹ ਸਾਰੇ ਉਸ ਪ੍ਰਭੂ ਦੀ ਬਾਣੀ ਹੀ ਬੋਲਦੇ ਹਨ, ਉਸ ਦੀ ਸਰਬ ਵਿਆਪਕਤਾ ਦਾ
ਬੋਧ ਹੀ ਕਰਵਾਉਂਦੇ ਹਨ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਬਾਵਜੂਦ ਇਸ ਗੱਲ ਦੇ ਕਿ ਇਹ ਸਾਰੀਆਂ
ਖੇਡ੍ਹਾਂ ਉਹ ਆਪ ਹੀ ਖੇਡ੍ਹ ਰਿਹਾ ਹੈ, ਉਹ ਆਪ ਅਡੋਲ ਰਹਿੰਦਾ ਹੈ, ਕਦੇ ਡੋਲਦਾ ਨਹੀਂ, ਉਸ ਵਿੱਚ
ਕਦੇ ਕੋਈ ਬਦਲਾਵ ਨਹੀਂ ਆਉਂਦਾ ਜਦ ਕਿ ਉਸ ਨੂੰ ਦ੍ਰਿਸ਼ਟਮਾਨ ਕਰਨ ਵਾਲ਼ੇ ਇਹ ਸਭ ਬਦਲਦੇ ਰਹਿੰਦੇ ਹਨ।
ਸਰਬ ਕਲਾ ਕਰਿ ਖੇਲੈ ਖੇਲ ।। ਮੋਲਿ ਨ ਪਾਈਐ ਗੁਣਹ ਅਮੋਲ ।।
ਉਹ ਅਕਾਲ ਪੁਰਖ ਹਰ ਤਰਾਂ ਦੀ ਵਿੱਦਿਆ,
ਹੁਨਰ, ਗਿਆਨ ਅਤੇ ਸ਼ਕਤੀ ਦਾ ਮਾਲਕ ਹੈ, ਸਰਬ ਕਲਾ ਪ੍ਰਬੀਨ ਹੈ। ਅਪਣੇ ਇਸ ਸਾਰੇ ਗਿਆਨ, ਹੁਨਰ ਅਤੇ
ਸ਼ਕਤੀ ਦਾ ਪ੍ਰਯੋਗ ਕਰਦਾ ਹੋਇਆ ਉਹ ਇਸ ਸਾਰੀ ਖੇਡ੍ਹ ਨੂੰ ਚਲਾਉਂਦਾ ਰਹਿੰਦਾ ਹੈ। ਉਸ ਦੇ ਗੁਣ ਐਨੇ
ਹਨ ਕਿ ਉਨ੍ਹਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਉਸ ਦੇ ਗੁਣਾਂ ਬਾਰੇ ਸੋਚ ਸੋਚ ਕੇ ਸਾਡੀ ਸਮਝ
ਥੱਕ ਜਾਂਦੀ ਹੈ, ਹਾਰ ਮੰਨ ਜਾਂਦੀ ਹੈ ਪਰ ਉਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ।
ਸਰਬ ਜੋਤਿ ਮਹਿ ਜਾ ਕੀ ਜੋਤਿ ।। ਧਾਰਿ ਰਹਿਓ
ਸੁਆਮੀ ਓਤਿ ਪੋਤਿ ।।
ਹਰ ਇੱਕ ਪ੍ਰਕਾਸ਼ਮਾਨ (ਦ੍ਰਿਸ਼ਟਮਾਨ) ਪਦਾਰਥ ਦੇ ਅੰਦਰ ਉਸ ਪ੍ਰਭੂ ਦਾ ਹੀ
ਪ੍ਰਕਾਸ਼ ਵਸਦਾ ਹੈ। ਉਹ ਮਾਲਕ ਤਾਣੇ ਪੇਟੇ ਵਾਂਗ ਹਰ ਵਸਤ ਦਾ ਹਿੱਸਾ ਬਣ ਕੇ ਉਸ ਨੂੰ ਸਹਾਰਾ ਦੇ
ਰਿਹਾ ਹੈ।
ਗੁਰਪਰਸਾਦਿ ਭਰਮ ਕਾ ਨਾਸੁ ।। ਨਾਨਕ ਤਿਨ ਮਹਿ
ਏਹੁ ਬਿਸਾਸੁ ।। 3 ।।
ਪਰ ਗੁਰੂ ਜੀ ਦ੍ਰਿੜ੍ਹ ਕਰਵਾਉਂਦੇ ਹਨ ਕਿ
ਜੀਵਾਂ ਦੇ ਅੰਦਰ ਪਾਏ ਜਾਣ ਵਾਲ਼ੇ ਭਰਮਾਂ, ਭੁਲੇਖਿਆਂ ਦਾ ਹਨ੍ਹੇਰਾ ਗੁਰੂ ਦੀ ਕਿਰਪਾ ਨਾਲ਼ ਹੀ ਦੂਰ
ਹੁੰਦਾ ਹੈ। ਜਿਨ੍ਹਾਂ ਜੀਵਾਂ ਦੇ ਅੰਦਰੋਂ ਇਹ ਹਨ੍ਹੇਰਾ ਦੂਰ ਹੋ ਜਾਵੇ, ਉਨ੍ਹਾਂ ਦੇ ਮਨ ਅੰਦਰ ਹੀ
ਇਹ ਵਿਸ਼ਵਾਸ਼ ਪੱਕਾ ਹੁੰਦਾ ਹੈ ਕਿ ਉਹ ਪ੍ਰਭੂ ਸਰਬ-ਵਿਆਪਕ ਹੈ।
ਸੰਤ ਜਨਾ ਕਾ ਪੇਖਨੁ ਸਭੁ ਬ੍ਰਹਮ ।। ਸੰਤ ਜਨਾ ਕੈ
ਹਿਰਦੈ ਸਭਿ ਧਰਮ ।।
ਸੰਤ ਪੁਰਖਾਂ ਨੂੰ ਹਰ ਵਸਤ ਦੇ ਅੰਦਰ ਕੇਵਲ ਪਾਰਬ੍ਰਹਮ ਪਰਮੇਸ਼ਰ ਹੀ ਨਜ਼ਰ
ਆਉਂਦਾ ਹੈ, ਹੋਰ ਕੁੱਝ ਦਿਖਾਈ ਨਹੀਂ ਦਿੰਦਾ। ਉਨ੍ਹਾਂ ਦੇ ਹਿਰਦੇ ਵਿੱਚ ਕੇਵਲ ਉਹ ਅਸੂਲ ਹੀ ਵਸੇ
ਹੁੰਦੇ ਹਨ ਜਿਨ੍ਹਾਂ ਦੇ ਸਹਾਰੇ ਸ੍ਰਿਸ਼ਟੀ ਚੱਲਦੀ ਹੈ। ਇਨ੍ਹਾਂ ਅਸੂਲਾਂ ਨੂੰ ਹੀ ਧਰਮ ਦਾ ਨਾਂ
ਦਿੱਤਾ ਜਾਂਦਾ ਹੈ।
ਸੰਤ ਜਨਾ ਸੁਨਹਿ ਸੁਭ ਬਚਨ ।। ਸਰਬ ਬਿਆਪੀ ਰਾਮ
ਸੰਗਿ ਰਚਨ ।।
ਸੰਤ ਜਨ ਜੋ ਵੀ ਸੁਣਦੇ ਹਨ, ਉਸ ਵਿੱਚੋਂ ਉਨ੍ਹਾਂ ਨੂੰ ਪ੍ਰਮਾਤਮਾ ਦੇ
ਸ਼ੁਭ ਬਚਨ ਹੀ ਸੁਣਾਈ ਦਿੰਦੇ ਹਨ। ਇਸ ਕਰਕੇ ਉਹ ਕਿਸੇ ਵੀ ਗੱਲ ਦਾ ਬੁਰਾ ਨਹੀਂ ਮਨਾਉਂਦੇ। ਇਹ ਸਭ
ਇਸ ਲਈ ਹੁੰਦਾ ਹੈ ਕਿਉਂਕਿ ਉਹ ਹਰ ਵੇਲ਼ੇ ਸਰਬ ਵਿਆਪਕ ਪ੍ਰਮਾਤਮਾ ਨਾਲ਼ ਹੀ ਜੁੜੇ ਰਹਿੰਦੇ ਹਨ, ਉਸ
ਦੇ ਪਿਆਰ ਵਿੱਚ ਹੀ ਮਗਨ ਰਹਿੰਦੇ ਹਨ।
ਜਿਨਿ ਜਾਤਾ ਤਿਸ ਕੀ ਇਹ ਰਹਤ ।। ਸਤਿ ਬਚਨ ਸਾਧੂ ਸਭਿ ਕਹਤ ।।
ਜਿਹੜੇ ਜੀਵ ਪ੍ਰਮਾਤਮਾ ਨੂੰ ਜਾਣ ਅਤੇ ਸਮਝ
ਲੈਂਦੇ ਹਨ ਉਨ੍ਹਾਂ ਦਾ ਜੀਵਨ ਢੰਗ ਇਸ ਤਰਾਂ ਦਾ ਬਣ ਜਾਂਦਾ ਹੈ ਜਿਸ ਤਰਾਂ ਦਾ ਉੱਪਰ ਦੱਸਿਆ ਹੈ।
ਸੰਤ ਪੁਰਖ ਜੋ ਵੀ ਕਹਿੰਦੇ ਹਨਸ ਉਹ ਸੱਚ ਹੀ ਹੁੰਦਾ ਹੈ ਕਿਉਂਕਿ ਇਹ ਉਨ੍ਹਾਂ ਦੇ ਅੰਦਰ ਵਸਦੇ
ਪ੍ਰਮਾਤਮਾ ਦੀ ਆਵਾਜ਼ ਹੁੰਦੀ ਹੈ।
ਜੋ ਜੋ ਹੋਇ ਸੋਈ ਸੁਖੁ ਮਾਨੈ ।। ਕਰਨ ਕਰਾਵਨਹਾਰੁ
ਪ੍ਰਭੁ ਜਾਨੈ ।।
ਜੋ ਕੁੱਝ ਵੀ ਉਨ੍ਹਾਂ ਨਾਲ਼ ਹੁੰਦਾ ਹੈ, ਉਹ ਉਸ ਨੂੰ ਭਲਾ ਹੀ ਜਾਣਦੇ ਹਨ।
ਜੋ ਮਰਜ਼ੀ ਹੋ ਜਾਵੇ, ਦੁੱਖ ਹੋਵੇ, ਸੁਖ ਹੋਵੇ, ਨਫ਼ਾ ਹੋਵੇ, ਨੁਕਸਾਨ ਹੋਵੇ, ਉਹ ਕਦੇ ਇਹ ਨਹੀਂ
ਕਹਿੰਦੇ ਕਿ ਬੁਰਾ ਹੋਇਆ ਹੈ। ਦੁੱਖ ਨੂੰ ਵੀ ਸੁਖ ਕਰ ਕੇ ਪ੍ਰਵਾਨ ਕਰਦੇ ਹਨ। ਇਹ ਸਮਝ ਉਨ੍ਹਾਂ ਨੂੰ
ਇਸ ਕਰਕੇ ਆ ਜਾਂਦੀ ਹੈ ਕਿਉਂਕਿ ਉਹ ਜਾਣਦੇ ਹਨ ਕਿ ਸਭ ਕੁੱਝ ਦਾ ਕਰਨ ਕਰਾਉਣ ਵਾਲ਼ਾ ਆਪ ਪ੍ਰਮਾਤਮਾ
ਹੀ ਹੈ, ਜੋ ਹੋ ਰਿਹਾ ਹੈ ਸਭ ਉਸ ਦੇ ਹੁਕਮ ਅੰਦਰ ਹੋ ਰਿਹਾ ਹੈ।
ਅੰਤਰਿ ਬਸੇ ਬਾਹਰਿ ਭੀ ਓਹੀ ।। ਨਾਨਕ ਦਰਸਨੁ
ਦੇਖਿ ਸਭ ਮੋਹੀ ।। 4 ।।
ਸੰਤ ਪੁਰਖਾਂ ਨੂੰ ਇਹ ਮਹਿਸੂਸ ਹੋਣ ਲੱਗ ਪੈਂਦਾ ਹੈ ਕਿ ਉਨ੍ਹਾਂ ਦੇ
ਅੰਦਰ ਅਤੇ ਬਾਹਰ ਹਰ ਥਾਂ ਅਕਾਲ ਪੁਰਖ ਆਪ ਹੀ ਵਸਦਾ ਹੈ, ਜੋ ਪ੍ਰਮਾਤਮਾ ਉਨ੍ਹਾਂ ਦੇ ਅੰਦਰ
ਬਿਰਾਜਮਾਨ ਹੈ, ਉਹ ਹੀ ਬਾਕੀ ਸਾਰੇ ਜੀਵਾਂ ਅੰਦਰ ਬਿਰਾਜਮਾਨ ਹੈ। ਗੁਰੂ ਜੀ ਦਾ ਕਥਨ ਹੈ ਕਿ ਉਸ ਕਣ
ਕਣ ਅੰਦਰ ਵਸਣ ਵਾਲ਼ੇ ਮਾਲਕ ਦੇ ਦਰਸ਼ਨ ਜਿਨ੍ਹਾਂ ਨੂੰ ਹੋ ਜਾਂਦੇ ਹਨ, ਉਹ ਸਭ ਉਸ ਦੀ ਸੁੰਦਰਤਾ ਤੇ
ਮੋਹਿਤ ਹੋ ਜਾਂਦੇ ਹਨ, ਉਸ ਨੂੰ ਪਿਆਰ ਕਰਨ ਲੱਗ ਪੈਂਦੇ ਹਨ।
ਆਪਿ ਸਤਿ ਕੀਆ ਸਭੁ ਸਤਿ ।। ਤਿਸੁ ਪ੍ਰਭ ਤੇ ਸਗਲੀ
ਉਤਪਤਿ ।।
ਉਹ ਪ੍ਰਭੂ ਆਪ ਵੀ ਸੱਚਾ ਹੈ, ਸਦੀਵੀ ਰਹਿਣ ਵਾਲ਼ਾ ਹੈ ਅਤੇ ਜੋ ਸ੍ਰਿਸ਼ਟੀ
ਉਸ ਨੇ ਸਿਰਜੀ ਹੈ, ਉਹ ਵੀ ਸੱਚ ਹੈ, ਛਲਾਵਾ ਜਾਂ ਫਰੇਬ ਨਹੀਂ। ਜੋ ਵੀ ਦ੍ਰਿਸ਼ਟਮਾਨ ਸੰਸਾਰ ਅਸੀਂ
ਦੇਖਦੇ ਹਾਂ, ਸਭ ਉਸ ਈਸ਼ਵਰ ਦੇ ਅਪਣੇ ਤੋਂ ਹੀ ਪੈਦਾ ਹੋਇਆ ਹੈ, ਸਭ ਉਸ ਦਾ ਹੀ ਵਿਸਥਾਰ ਹੈ।
ਤਿਸੁ ਭਾਵੈ ਤਾ ਕਰੇ ਬਿਸਥਾਰੁ ।। ਤਿਸੁ ਭਾਵੈ ਤਾ
ਏਕੰਕਾਰੁ ।।
ਜਦੋਂ ਉਸ ਨੂੰ ਭਾਉਂਦਾ ਹੈ, ਉਸ ਦਾ ਮਨ ਕਰਦਾ ਹੈ. ਉਹ ਅਪਣਾ ਫੈਲਾਓ ਕਰ
ਕੇ ਜਗਤ ਦੀ ਰਚਨਾ ਕਰ ਦਿੰਦਾ ਹੈ, ਇੱਕ ਰੂਪ ਤੋਂ ਅਨੇਕ ਸਰੂਪ ਬਣ ਜਾਂਦਾ ਹੈ ਅਤੇ ਜਦੋਂ ਚਾਹੇ ਇਸ
ਸਾਰੇ ਪਸਾਰੇ ਨੂੰ ਸਮੇਟ ਕੇ ਮੁੜ ਇੱਕ ਰੂਪ ਬਣ ਜਾਂਦਾ ਹੈ।
ਅਨਿਕ ਕਲਾ ਲਖੀ ਨਹ ਜਾਇ ।। ਜਿਸੁ ਭਾਵੈ ਤਿਸੁ ਲਏ
ਮਿਲਾਇ ।।
ਉਹ ਪ੍ਰਭੂ ਏਨੇ ਹੁਨਰਾਂ ਵਿੱਚ ਮਾਹਰ ਹੈ, ਏਨੀ ਸ਼ਕਤੀ ਦਾ ਮਾਲਕ ਹੈ ਕਿ
ਬਿਆਨ ਨਹੀਂ ਕੀਤਾ ਜਾ ਸਕਦਾ। ਜਿਸ ਨੂੰ ਉਹ ਚਾਹੁੰਦਾ ਹੈ, ਅਪਣੇ ਨਾਲ਼ ਮਿਲਾ ਲੈਂਦਾ ਹੈ, ਜਿਸ ਤੋਂ
ਚਾਹੇ ਦੂਰੀ ਬਣਾਈ ਰੱਖਦਾ ਹੈ।
ਕਵਨ ਨਿਕਟਿ ਕਵਨ ਕਹੀਐ ਦੂਰਿ ।। ਆਪੇ ਆਪਿ ਆਪ
ਭਰਪੂਰਿ ।।
ਇਹ ਕਹਿਣਾ ਸੰਭਵ ਨਹੀਂ ਕਿ ਕੌਣ ਉਸ ਦੇ ਨੇੜੇ ਹੈ ਅਤੇ ਕੌਣ ਉਸ ਤੋਂ ਦੂਰ
ਹੈ। ਇਹ ਨੇੜੇ ਦੂਰ ਹੋਣ ਦੀ ਗੱਲ ਤਾਂ ਉਸ ਨੂੰ ਭਾ ਜਾਣ ਤੇ ਨਿਰਭਰ ਹੈ। ਕਿਸੇ ਨੂੰ ਨੇੜੇ ਜਾਂ ਦੂਰ
ਕਿਵੇਂ ਨੂੰ ਕਹਿ ਸਕਦੇ ਹਾਂ ਜਦ ਕਿ ਸਭਨਾਂ ਦੇ ਅੰਦਰ ਉਹ ਆਪ ਹੀ ਤਾਂ ਥਾਂ ਮੱਲੀ ਬੈਠਾ ਹੈ
ਅੰਤਰਗਤਿ ਜਿਸੁ ਆਪਿ ਜਨਾਏ ।। ਨਾਨਕ ਤਿਸੁ ਜਨ
ਆਪਿ ਬੁਝਾਏ ।। 5 ।।
ਗੁਰੂ ਜੀ ਅੱਗੇ ਸਪਸ਼ਟ ਕਰਦੇ ਹਨ ਕਿ ਜਿਸ
ਜੀਵ ਨੂੰ ਉਸ ਪ੍ਰਭੂ ਦੀ ਮਿਹਰ ਸਦਕਾ ਇਹ ਸਮਝ ਆ ਜਾਂਦੀ ਹੈ ਕਿ ਪ੍ਰਮਾਤਮਾ ਉਸ ਦੇ ਅੰਦਰ ਵਸਦਾ ਹੈ,
ਉਸੇ ਨੂੰ ਹੀ ਅਗਲੀ ਗੱਲ ਸਮਝ ਆਉਂਦੀ ਹੈ ਕਿ ਸਭ ਦੇ ਅੰਦਰ ਹੀ ਉਹ ਆਪ ਬਿਰਾਜਮਾਨ ਹੈ। ਪਰ ਯਾਦ
ਰੱਖਣ ਵਾਲ਼ੀ ਗੱਲ ਇਹ ਹੈ ਕਿ ਇਨ੍ਹਾਂ ਦੋਵਾਂ ਗੱਲਾਂ ਦੀ ਸੋਝੀ ਪ੍ਰਭੂ ਦੀ ਦਯਾ ਨਾਲ਼ ਹੀ ਆਉਂਦੀ ਹੈ।
ਸਰਬ ਭੂਤ ਆਪਿ ਵਰਤਾਰਾ ।। ਸਰਬ ਨੈਨ ਆਪਿ
ਪੇਖਨਹਾਰਾ ।।
ਸੰਸਾਰ ਦੇ ਸਭ ਪ੍ਰਾਣੀਆਂ ਦੇ ਅੰਦਰ ਉਹ ਪ੍ਰਭੂ ਆਪ ਹੀ ਵਰਤਦਾ ਹੈ।
ਪ੍ਰਮਾਤਮਾ ਕਣ ਕਣ ਦੇ ਅੰਦਰ ਵਸਿਆ ਹੋਇਆ ਹੈ। ਸੰਸਾਰ ਦੇ ਸਾਰੇ ਜੀਵਾਂ ਦੀਆਂ ਅੱਖਾਂ ਉਸ ਦੀਆਂ ਹੀ
ਅੱਖਾਂ ਹਨ ਅਤੇ ਇਨ੍ਹਾਂ ਸਭ ਅੱਖਾਂ ਦੇ ਵਿੱਚੋ ਦੀ ਉਹ ਆਪ ਹੀ ਸੰਸਾਰ ਨੂੰ ਦੇਖਦਾ ਹੈ।
ਸਗਲ ਸਮਗ੍ਰੀ ਜਾ ਕਾ ਤਨਾ ।। ਆਪਨ ਜਸੁ ਆਪ ਹੀ ਸੁਨਾ ।।
ਸੰਸਾਰ ਦੇ ਸਾਰੇ ਪਦਾਰਥ ਉਸ ਪ੍ਰਭੂ ਦਾ
ਸਰੀਰ ਹਨ ਜਿਨ੍ਹਾਂ ਦੇ ਵਿੱਚ ਉਹ ਵਸਦਾ ਹੈ। ਪ੍ਰਾਣੀਆਂ ਦੇ ਮੁਖ ਨੂੰ ਜ਼ਰੀਆ ਬਣਾ ਕੇ ਉਨ੍ਹਾਂ ਦੇ ਮੂੰਹੋਂ ਅਪਣੇ ਜਸ ਦੇ,
ਵਡਿਆਈ ਦੇ ਗੀਤ ਗਾਉਣ ਵਾਲ਼ਾ ਵੀ ਉਹ ਆਪ ਹੈ ਅਤੇ ਸੁਣਨ ਵਾਲ਼ਾ ਵੀ ਆਪ ਹੈ।
ਆਵਨ ਜਾਨੁ ਇਕੁ ਖੇਲੁ ਬਨਾਇਆ ।। ਆਗਿਆਕਾਰੀ ਕੀਨੀ
ਮਾਇਆ ।।
ਆਉਣਾ ਅਤੇ ਜਾਣਾ, ਜੰਮਣਾ ਅਤੇ ਮਰਨਾ, ਉਸ ਨੇ ਇੱਕ ਖੇਡ੍ਹ ਬਣਾ ਰੱਖੀ
ਹੈ। ਇਸ ਖੇਡ੍ਹ ਨੂੰ ਚੱਲਦਿਆਂ ਰੱਖਣ ਲਈ ਉਸ ਨੇ ਮਾਇਆ ਦੀ ਰਚਨਾ ਕੀਤੀ ਹੋਈ ਹੈ ਜਿਹੜੀ ਉਸ ਦੇ
ਹੁਕਮ ਦੀ ਪਾਬੰਦ ਹੈ ਅਤੇ ਓਹੋ ਕਰਦੀ ਹੈ ਜੋ ਉਹ ਚਾਹੁੰਦਾ ਹੈ।
ਸਭ ਕੈ ਮਧਿ ਅਲਿਪਤੋ ਰਹੈ ।। ਜੋ ਕਿਛੁ ਕਹਣਾ ਸੁ ਆਪੇ ਕਹੈ ।।
ਮਾਇਆ ਦੇ ਇਸ ਸਾਰੇ ਖਿਲਾਰੇ ਦੇ ਅੰਦਰ ਉਹ
ਆਪ ਨਿਵਾਸ ਕਰ ਰਿਹਾ ਹੈ। ਪਰ ਮਹੱਤਵ ਪੂਰਨ ਸਚਾਈ ਇਹ ਵੀ ਹੈ ਕਿ ਇਸ ਸਾਰੇ ਪਸਾਰੇ ਦੇ ਦਰਮਿਆਨ ਰਹਿੰਦਾ
ਹੋਇਆ ਵੀ ਉਹ ਇਸ ਸਭ ਕੁੱਝ ਤੋਂ ਬੇਲਾਗ ਹੈ, ਨਾ ਕਿਸੇ ਗੱਲ ਤੇ ਖੁਸ਼ ਹੁੰਦਾ ਹੈ, ਨਾ ਉਦਾਸ। ਇਸ
ਖੇਡ੍ਹ ਨੂੰ ਖੇਡ੍ਹ ਰਹੇ ਖਿਡ੍ਹਾਰੀ ਜੋ ਕੁੱਝ ਕਹਿੰਦੇ ਹਨ, ਉਹ ਉਸ ਦੀ ਆਵਾਜ਼ ਹੁੰਦੀ ਹੈ। ਉਸ ਨੇ
ਜੋ ਕੁੱਝ ਕਹਿਣਾ ਹੁੰਦਾ ਹੈ, ਉਨ੍ਹਾਂ ਨੂੰ ਮਾਧਿਅਮ ਬਣਾ ਕੇ ਉਨ੍ਹਾਂ ਦੇ ਮੂੰਹ ਤੋਂ ਅਖਵਾ ਦਿੰਦਾ
ਹੈ।
ਆਗਿਆ ਆਵੈ ਆਗਿਆ ਜਾਇ ।। ਨਾਨਕ ਜਾ ਭਾਵੈ ਤਾ ਲਏ
ਸਮਾਇ ।। 6 ।।
ਸਾਰੇ ਜੀਵ ਉਸ ਦੇ ਹੁਕਮ ਦੇ ਬੱਧੇ ਆਉਂਦੇ ਹਨ ਅਤੇ ਹੁਕਮ ਦੇ ਬੱਧੇ ਚਲੇ
ਜਾਂਦੇ ਹਨ। ਜੀਵਾਂ ਦਾ ਜੰਮਣਾ ਅਤੇ ਮਰਨਾ ਉਸ ਦੇ ਹੀ ਹੁਕਮ ਵਿੱਚ ਹੁੰਦਾ ਹੈ। ਗੁਰੂ ਜੀ ਸਮਝਾਉਂਦੇ
ਹਨ ਕਿ ਜਿੰਨਾ ਚਿਰ ਉਸ ਦਾ ਦਿਲ ਕਰਦਾ ਹੈ, ਉਹ ਇਸ ਖੇਡ੍ਹ ਨੂੰ ਚੱਲਦਾ ਰੱਖਦਾ ਹੈ ਅਤੇ ਜਦੋਂ ਜੀ
ਕਰਦਾ ਹੈ ਖੇਡ੍ਹ ਖਤਮ ਕਰ ਕੇ ਸਭ ਕੁੱਝ ਅਪਣੇ ਅੰਦਰ ਮਿਲਾ ਲੈਂਦਾ ਹੈ, ਲੀਨ ਕਰ ਲੈਂਦਾ ਹੈ ਅਤੇ
ਇੱਕ ਸਰੂਪ ਹੋ ਬਹਿੰਦਾ ਹੈ।
ਇਸ ਤੇ ਹੋਇ ਸੁ ਨਾਹੀ ਬੁਰਾ ।। ਓਰੈ ਕਹਹੁ ਕਿਨੈ ਕਛੁ ਕਰਾ ।।
ਜੋ ਕੁੱਝ ਪ੍ਰਮਾਤਮਾ ਅਪਣੀ ਇੱਛਾ ਅਨੁਸਾਰ
ਕਰਦਾ ਹੈ, ਉਹ ਕਦੇ ਵੀ ਬੁਰਾ ਨਹੀਂ ਹੋ ਸਕਦਾ। ਉਹ ਬੁਰਾ ਕਰ ਹੀ ਨਹੀਂ ਸਕਦਾ। ਹੋਰ ਕੋਈ ਤਾਕਤ ਹੈ
ਹੀ ਨਹੀਂ ਜੋ ਕੁੱਝ ਕਰ ਸਕੇ। ਜੋ ਕੁੱਝ ਕਰਦਾ ਹੈ, ਉਹ ਹੀ ਕਰਦਾ ਹੈ, ਹੋਰ ਕੋਈ ਨਹੀਂ। ਜਦ ਹੋਰ
ਕੋਈ ਕਰਨ ਵਾਲ਼ਾ ਹੈ ਹੀ ਨਹੀਂ ਤਾਂ ਕਰੇਗਾ ਕਿਵੇਂ? ਜੋ ਵੀ ਹੁੰਦਾ ਹੈ ਉਸੇ ਦਾ ਕੀਤਾ ਹੁੰਦਾ ਹੈ। ਕੀ ਕੋਈ ਚੀਜ਼ ਹੈ ਜਿਹੜੀ ਉਸ ਤੋਂ ਬਿਨਾਂ
ਕਿਸੇ ਹੋਰ ਨੇ ਬਣਾਈ ਹੈ, ਕੁੱਜ ਹੋਇਆ ਹੈ ਜੋ ਉਸ ਤੋਂ ਬਿਨਾਂ ਕਿਸੇ ਹੋਰ ਨੇ ਕੀਤਾ ਹੈ?
ਆਪਿ ਭਲਾ ਕਰਤੂਤਿ ਅਤਿ ਨੀਕੀ ।। ਆਪੇ ਜਾਨੈ ਆਪਨੇ
ਜੀ ਕੀ ।।
ਪ੍ਰਮਾਤਮਾ ਆਪ ਚੰਗਾ ਹੈ, ਨੇਕ ਹੈ। ਇਸ
ਕਰਕੇ ਜੋ ਉਹ ਕਰਦਾ ਹੈ, ਉਹ ਵੀ ਚੰਗਾ ਹੀ ਹੈ। ਪਰ ਉਸ ਦੇ ਮਨ ਵਿੱਚ ਕੀ ਹੈ, ਉਹ ਕੀ ਕਰਨਾ
ਚਾਹੁੰਦਾ ਹੈ, ਇਹ ਉਹ ਆਪ ਹੀ ਜਾਣਦਾ ਹੈ। ਉਹ ਸਭ ਦੇ ਦਿਲਾਂ ਦੀਆਂ ਜਾਣਨ ਵਾਲ਼ਾ ਹੈ ਪਰ ਉਸ ਦੇ ਦਿਲ
ਦੀ ਕੋਈ ਨਹੀਂ ਜਾਣਦਾ।
ਆਪਿ ਸਾਚੁ ਧਾਰੀ ਸਭ ਸਾਚੁ ।। ਓਤਿ ਪੋਤਿ ਆਪਨ
ਸੰਗਿ ਰਾਚੁ ।।
ਸ੍ਰਿਸ਼ਟੀ ਦਾ ਰਚਣਹਾਰਾ ਆਪ ਸੱਚਾ ਹੈ, ਸਦੀਵੀ ਅਤੇ ਕਦੇ ਨਾ ਬਦਲਣ ਵਾਲ਼ਾ
ਹੈ। ਇਸ ਲਈ ਉਸ ਦੀ ਬਣਾਈ ਸ੍ਰਿਸ਼ਟੀ, ਜੋ ਉਸ
ਦੇ ਸਹਾਰੇ ਕਾਇਮ ਹੈ, ਵੀ ਸੱਚ ਹੈ। ਉਹ ਤਾਣੇ ਅਤੇ ਪੇਟੇ ਦੀ ਤਰਾਂ ਇਸ ਦੇ ਨਾਲ਼ ਇੱਕ ਮਿੱਕ, ਓਤ
ਪ੍ਰੋਤ ਹੋ ਕੇ ਇਸ ਦੇ ਵਿੱਚ ਸਮਾਇਆ ਹੋਇਆ ਹੈ। ਉਸ ਮਾਲਕ ਦੀਆਂ ਤੰਦਾਂ ਅਤੇ ਸ੍ਰਿਸ਼ਟੀ ਦੀਆਂ ਤੰਦਾਂ
ਤਾਣੇ ਅਤੇ ਪੇਟੇ ਵਾਂਗ ਇੱਕ ਦੂਜੇ ਨਾਲ਼ ਮਿਲੀਆਂ ਹੋਈਆਂ ਹਨ।
ਤਾ ਕੀ ਗਤਿ ਮਿਤਿ ਕਹੀ ਨ ਜਾਇ ।। ਦੂਸਰ ਹੋਇ ਤ
ਸੋਝੀ ਪਾਇ ।।
ਉਸ ਦੀ ਗਤਿ ਮਿਤਿ ਕੋਈ ਨਹੀਂ ਸਮਝ ਸਕਦਾ, ਕੋਈ ਨਹੀਂ ਬਿਆਨ ਕਰ ਸਕਦਾ।
ਉਹ ਕਿੰਨਾ ਵੱਡਾ ਹੈ, ਕਿੰਨਾ ਸ਼ਕਤੀਸ਼ਾਲੀ ਹੈ, ਕੀ ਕਰਦਾ ਹੈ, ਕਿਉਂ ਕਰਦਾ ਹੈ, ਸ੍ਰਿਸ਼ਟੀ ਦੀ ਰਚਨਾ
ਪਿੱਛੇ ਉਸ ਦਾ ਕੀ ਮਕਸਦ ਹੈ, ਇਹ ਸਭ ਗੱਲਾਂ ਸਾਡੀ ਸਮਝ ਤੋਂ ਬਾਹਰ ਹਨ। ਜੇ ਕੋਈ ਦੂਜਾ ਉਸ ਵਰਗਾ
ਜਾਂ ਉਸ ਤੋਂ ਵੱਡਾ ਹੋਵੇ ਤਾਂ ਉਹ ਇਨ੍ਹਾਂ ਗੱਲਾਂ
ਨੂੰ ਸਮਝੇ। ਅਸੀਂ ਉਸ ਦੇ ਰਚੇ ਜੀਵ ਇੱਥੋਂ ਤੱਕ ਕਿਵੇਂ ਪਹੁੰਚ ਸਕਦੇ ਹਾਂ।
ਤਿਸ ਕਾ ਕੀਆ ਸਭੁ ਪਰਵਾਨੁ ।। ਗੁਰਪ੍ਰਸਾਦਿ ਨਾਨਕ
ਇਹੁ ਜਾਨੁ ।। 7 ।।
ਜੋ ਉਹ ਕਰਦਾ ਹੈ, ਜੋ ਉਸ ਨੇ ਕੀਤਾ ਹੈ, ਉਸ ਤੇ ਸਵਾਲ ਖੜ੍ਹੇ ਕਰਨਾ
ਸਾਨੂੰ ਸ਼ੋਭਾ ਨਹੀਂ ਦਿੰਦਾ। ਗੁਰੂ ਜੀ ਸਮਝਾਉਂਦੇ ਹਨ ਕਿ ਉਹ ਜੋ ਕਰਦਾ ਕਰਾਉਂਦਾ ਹੈ, ਉਸ ਨੂੰ
ਬਿਨਾਂ ਕਿਸੇ ਕਿੰਤੂ ਪ੍ਰੰਤੂ ਤੋਂ ਸਵੀਕਾਰ ਕਰ ਲੈਣਾ ਚਾਹੀਦਾ ਹੈ। ਪਰ ਇਹ ਗੱਲ ਗੁਰੂ ਦੀ ਕਿਰਪਾ
ਨਾਲ਼ ਹੀ ਸਮਝ ਆਉਂਦੀ ਹੈ।
ਜੋ ਜਾਨੈ ਤਿਸੁ ਸਦਾ ਸੁਖੁ ਹੋਇ ।। ਆਪਿ ਮਿਲਾਇ ਲਏ ਪ੍ਰਭੁ ਸੋਇ ।।
ਜਿਹੜਾ ਪ੍ਰਾਣੀ ਇਨ੍ਹਾਂ ਉੱਪਰ ਬਿਆਨ
ਕੀਤੀਆਂ ਸਚਾਈਆਂ ਨੂੰ ਸਮਝ ਲੈਂਦਾ ਹੈ ਅਤੇ ਸਮਝ ਕੇ ਸਵੀਕਾਰ ਲੈਂਦਾ ਹੈ, ਉਹ ਸਦਾ ਸੁਖੀ ਰਹਿੰਦਾ
ਹੈ ਕਿਉਂਕਿ ਉਸ ਦੇ ਮਨ ਤੋਂ ਸ਼ੰਕਿਆਂ ਦਾ ਭਾਰ ਲਹਿ ਜਾਂਦਾ ਹੈ। ਉਸ ਤੇ ਪ੍ਰਭੂ ਦੀ ਅਜਿਹੀ ਕਿਰਪਾ
ਹੁੰਦੀ ਹੈ ਕਿ ਉਹ ਖੁਸ਼ ਹੋ ਕੇ ਉਸ ਨੂੰ ਅਪਣੇ ਨਾਲ਼ ਹੀ ਮਿਲਾ ਲੈਂਦਾ ਹੈ, ਅਪਣੇ ਵਿੱਚ ਹੀ ਸਮਾ
ਸੈਂਦਾ ਹੈ।
ਓਹੁ ਧਨਵੰਤੁ ਕੁਲਵੰਤੁ ਪਤਿਵੰਤੁ ।। ਜੀਵਨ ਮੁਕਤਿ
ਜਿਸੁ ਰਿਦੈ ਭਗਵੰਤੁ ।।
ਇਸ ਤਰਾਂ ਦੇ ਪ੍ਰਭੂ ਦੇ ਸੇਵਕ ਨੂੰ, ਜਿਸ ਦੇ ਹਿਰਦੇ ਵਿੱਚ ਭਗਵਾਨ ਆਪ
ਵਸਿਆ ਹੁੰਦਾ ਹੈ, ਸਭ ਤੋਂ ਧਨਵਾਨ, ਸਭ ਤੋਂ ਉੱਚੀ ਕੁਲ ਵਾਲ਼ਾ ਅਤੇ ਸਭ ਤੋਂ ਵੱਧ ਆਦਰ ਯੋਗ ਸਮਝਣਾ
ਚਾਹੀਦਾ ਹੈ। ਅਜਿਹਾ ਜੀਵ ਜਿਸ ਦੇ ਦਿਲ ਦੇ ਅੰਦਰ ਪ੍ਰਮਾਤਮਾ ਆਪ ਵਸਦਾ ਹੈ, ਅਪਣੇ ਜੀਵਨ ਦੌਰਾਨ ਹੀ
ਮੁਕਤੀ ਪ੍ਰਾਪਤ ਕਰ ਲੈਂਦਾ ਹੈ ਕਿਉਂਕਿ ਉਹ ਸਾਰੇ ਫ਼ਜ਼ੂਲ ਦੇ ਪ੍ਰਸ਼ਨਾਂ ਤੋਂ ਉੱਪਰ ਉੱਠ ਜਾਂਦਾ ਹੈ।
ਧੰਨੁ ਧੰਨੁ ਧੰਨੁ ਜਨੁ ਆਇਆ ।। ਜਿਸੁ ਪ੍ਰਸਾਦਿ
ਸਭੁ ਜਗਤੁ ਤਰਾਇਆ ।।
ਅਜਿਹੇ ਮਹਾਂ ਪੁਰਖ ਦਾ ਸੰਸਾਰ ਤੇ ਜਨਮ ਲੈਣਾ ਧੰਨ ਹੈ, ਸਫਲ ਹੈ,
ਕਿਉਂਕਿ ਉਹ ਕੇਵਲ ਆਪ ਹੀ ਮੁਕਤੀ ਨਹੀਂ ਪਾਉਂਦਾ ਬਲਕਿ ਹੋਰ ਵੀ ਜੋ ਜੀਵ ਉਸ ਦੀ ਸੰਗਤ ਵਿੱਚ ਆਉਂਦੇ
ਹਨ, ਉਨ੍ਹਾਂ ਉੱਤੇ ਕਿਰਪਾ ਕਰ ਕੇ, ਉਨ੍ਹਾਂ ਨੂੰ ਅਪਣੇ ਬਚਨਾਂ ਰਾਹੀਂ ਸ਼ੁਭ ਸਿੱਖਿਆ ਦੇ ਕੇ, ਤਾਰ
ਦਿੰਦਾ ਹੈ, ਮੁਕਤੀ ਦੇ ਅਧਿਕਾਰੀ ਬਣਾ ਦਿੰਦਾ ਹੈ।
ਜਨ ਆਵਨ ਕਾ ਇਹੈ ਸੁਆਉ ।। ਜਨ ਕੈ ਸੰਗਿ ਚਿਤਿ
ਆਵੈ ਨਾਉ ।।
ਇਸ ਤਰਾਂ ਦੇ ਪ੍ਰਭੂ ਦੇ ਦਾਸ, ਮਨੁੱਖਤਾ ਦੇ ਸੇਵਕ, ਦੇ ਜਗਤ ਵਿੱਚ ਜਨਮ
ਲੈਣ ਦਾ, ਪ੍ਰਮਾਤਮਾ ਵੱਲੋਂ ਉਸ ਨੂੰ ਸੰਸਾਰ ਵਿੱਚ ਭੇਜੇ ਜਾਣ ਦਾ, ਇਹ ਹੀ ਮਨੋਰਥ ਹੁੰਦਾ ਹੈ ਕਿ
ਉਸ ਦੀ ਸੰਗਤ ਵਿੱਚ ਆ ਕੇ, ਉਸ ਦੀ ਸਿੱਖਿਆ ਦੇ ਪ੍ਰਭਾਵ ਅਧੀਨ, ਦੂਜੇ ਜੀਵਾਂ ਦੇ ਮਨ ਵਿੱਚ ਵੀ ਹਰੀ
ਦਾ ਨਾਮ ਵਸ ਜਾਵੇ, ਉਹ ਵੀ ਨਾਮ ਸਿਮਰਨ ਦੇ ਰਸਤੇ ਤੇ ਤੁਰ ਪੈਣ ਅਤੇ ਦੁੱਖਾਂ ਕਲੇਸ਼ਾਂ ਤੋਂ ਨਿਜਾਤ
ਹਾਸਲ ਕਰ ਲੈਣ।
ਆਪਿ ਮੁਕਤੁ ਮੁਕਤੁ ਕਰੈ ਸੰਸਾਰੁ ।। ਨਾਨਕ ਤਿਸੁ
ਜਨ ਕਉ ਸਦਾ ਨਮਸਕਾਰੁ ।। 8 ।। 23 ।।
ਇਸ ਤਰਾਂ ਦੇ ਮਹਾਨ ਗੁਰਮੁਖ ਪਿਆਰੇ ਆਪ ਵੀ
ਮੁਕਤੀ ਪ੍ਰਾਪਤ ਕਰ ਲੈਂਦੇ ਹਨ ਅਤੇ ਦੂਜਿਆਂ ਨੂੰ ਵੀ ਮੁਕਤੀ ਦਾ ਰਸਤਾ ਦਿਖਾ ਕੇ ਜੰਮਣ ਮਰਨ ਦੇ
ਗੇੜ ਤੋਂ ਮੁਕਤੀ ਦਿਵਾ ਦਿੰਦੇ ਹਨ। ਗੁਰੂ ਜੀ ਅਜਿਹੇ ਮਹਾਂ ਪੁਰਖਾਂ ਨੂੰ ਸਤਿਕਾਰ ਸਹਿਤ ਨਮਸ਼ਕਾਰ
ਕਰਦੇ ਹਨ, ਉਨ੍ਹਾਂ ਅੱਗੇ ਸਿਰ ਝੁਕਾਉਂਦੇ ਹਨ।
ਸਲੋਕ ।।
ਪੂਰਾ ਪ੍ਰਭੁ ਆਰਾਧਿਆ ਪੂਰਾ ਜਾ ਕਾ ਨਾਉ ।।
ਨਾਨਕ ਪੂਰਾ ਪਾਇਆ ਪੂਰੇ ਕੇ ਗੁਨ ਗਾਉ ।। 1 ।।
ਪ੍ਰਮਾਤਮਾ ਸੰਪੂਰਨ ਜੋਤ ਹੈ। ਉਸ ਵਿੱਚ ਕੋਈ ਕਮੀ, ਕੋਈ ਦੋਸ਼, ਕੋਈ ਘਾਟ
ਨਹੀਂ। ਉਸ ਪ੍ਰਭੂ ਦਾ ਨਾਮ ਵੀ ਸੰਪੂਰਨ ਹੈ। ਉਸ ਸੰਪੂਰਨ ਪ੍ਰਭੂ ਦੇ ਸੰਪੂਰਨ ਨਾਮ ਦੀ ਮੈਂ ਆਰਾਧਨਾ
ਕੀਤੀ ਹੈ, ਉਸ ਦਾ ਨਾਮ ਜੱਪਿਆ ਹੈ, ਧਿਆਇਆ ਹੈ। ਉਸ ਦੇ ਨਾਮ ਦਾ ਸਿਮਰਨ ਕਰ ਕਰ ਕੇ ਮੈਂ ਉਸ ਪੂਰੇ
ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ। ਮੇਰਾ ਹੁਣ ਉਸ ਨਾਲ਼ ਮਿਲਾਪ ਹੋ ਗਿਆ ਹੈ। ਹੁਣ ਮੈਂ ਨਾਮ ਰਸ ਦੇ
ਅਨੰਦ ਨਾਲ਼ ਸਰਸ਼ਾਰ ਹੋਇਆ ਹਰ ਸਮੇ ਉਸ ਪੂਰਨ ਪ੍ਰਭੂ ਦੇ ਗੁਣ ਗਾਉਂਦਾ ਰਹਿੰਦਾ ਹਾਂ।
ਅਸਟਪਦੀ ।।
ਪੂਰੇ ਗੁਰ ਕਾ ਸੁਨਿ ਉਪਦੇਸੁ ।। ਪਾਰਬ੍ਰਹਮੁ
ਨਿਕਟਿ ਕਰਿ ਪੇਖੁ ।।
ਐ ਮੇਰੇ ਮਿੱਤਰ, ਜੇ ਤੂੰ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈਂ
ਤਾਂ ਪੂਰੇ ਗੁਰੂ ਦੇ ਉਪਦੇਸ਼ ਨੂੰ ਸੁਣ ਅਤੇ ਉਸ ਤੇ ਅਮਲ ਕਰ। ਇਸ ਨਾਲ਼ ਤੈਨੂੰ ਇਸ ਗੱਲ ਦੀ ਸਮਝ ਆ
ਜਾਏਗੀ ਕਿ ਪ੍ਰਮਾਤਮਾ ਤੇਰੇ ਨੇੜੇ ਹੈ, ਤੇਰੇ ਅੰਦਰ ਵਸਦਾ ਹੈ। ਉਸ ਨੂੰ ਕਿਤੇ ਦੂਰ ਭਾਲ਼ਣ ਦੀ ਲੋੜ ਨਹੀਂ। ਫਿਰ ਤੈਨੂੰ ਅਪਣੇ ਅੰਦਰ ਬਾਹਰ ਹਰ ਥਾਂ ਉਸ
ਦੇ ਦਰਸ਼ਨ ਹੋਣ ਲੱਗ ਪੈਣਗੇ।
ਸਾਸਿ ਸਾਸਿ ਸਿਮਰਹੁ ਗੋਬਿੰਦ ।। ਮਨ ਅੰਤਰ ਕੀ
ਉਤਰੈ ਚਿੰਦ ।।
ਹਰ ਸਾਹ ਦੇ ਨਾਲ਼ ਧਰਤੀ ਦੇ ਸਮਸਤ ਜੀਵਾਂ ਦੀ ਪਾਲਣਾ ਕਰਨ ਵਾਲ਼ੇ ਸ੍ਰਿਸ਼ਟੀ
ਦੇ ਮਾਲਕ ਦਾ ਨਾਮ ਸਿਮਰਨ ਕਰ। ਇਸ ਨਾਲ਼ ਤੇਰੇ ਮਨ ਨੂੰ ਪ੍ਰੇਸ਼ਾਨ ਕਰਨ ਵਾਲ਼ੀਆਂ ਸਾਰੀਆਂ ਚਿੰਤਾਵਾਂ
ਦੂਰ ਹੋ ਜਾਣਗੀਆਂ।
ਆਸ ਅਨਿਤ ਤਿਆਗਹੁ ਤਰੰਗ ।। ਸੰਤ ਜਨਾ ਕੀ ਧੂਰਿ ਮਨ
ਮੰਗ ।।
ਅਪਣੀਆਂ ਸਾਰੀਆਂ ਤ੍ਰਿਸ਼ਨਾਵਾਂ ਦੀਆਂ, ਆਸਾਂ ਉਮੀਦਾਂ ਦੀਆਂ, ਲਹਿਰਾਂ
ਨੂੰ, ਜੋ ਤੇਰੇ ਮਨ ਨੂੰ ਭਟਕਣਾ ਵਿੱਚ ਪਾਈ ਰੱਖਦੀਆਂ ਹਨ, ਮਨ ਵਿੱਚੋਂ ਬਾਹਰ ਕੱਢ ਦੇ, ਤਿਆਗ ਦੇ। ਅਪਣੀਆਂ ਇੱਛਾਵਾਂ ਦੀ ਪੂਰਤੀ ਲਈ ਅਰਦਾਸ ਕਰਨ ਦੀ ਥਾਂ ਪ੍ਰਭੂ ਅੱਗੇ ਇਹ ਅਰਦਾਸ ਕਰਿਆ ਕਰ ਕਿ ਉਹ ਸੰਤਾਂ ਦੇ ਚਰਨਾਂ
ਦੀ ਧੂੜ ਤੇਰੀ ਝੋਲ਼ੀ ਵਿੱਚ ਪਾ ਦੇਵੇ।
ਆਪਿ ਛੋਡਿ ਬੇਨਤੀ ਕਰਹੁ ।। ਸਾਧਸੰਗਿ ਅਗਨਿ
ਸਾਗਰੁ ਤਰਹੁ ।।
ਅਪਣੀ ਹਉਮੈ ਦੀ ਭਾਵਨਾ ਨੂੰ ਤਿਆਗ ਦੇ। ਇਹ ਸੋਚਣਾ ਛੱਡ ਦੇ ਕਿ ਤੂੰ
ਅਪਣੀ ਤਾਕਤ ਦੇ ਬਲ ਬੂਤੇ ਤੇ ਕੁੱਝ ਕਰ ਸਕਦਾ ਹੈਂ। ਅਪਣੇ ਆਪ ਨੂੰ ਨਿਮਾਣਾ ਸਮਝਣ ਲੱਗ ਪੈ।
ਨਿਮਰਤਾ ਧਾਰਨ ਕਰ ਕੇ ਪ੍ਰਭੂ ਅੱਗੇ ਇਹ ਬੇਨਤੀ ਕਰ ਕਿ ਉਹ ਤੈਨੂੰ ਸੁਮੱਤ ਬਖਸ਼ਣ ਜਿਸ ਨਾਲ਼ ਤੂੰ
ਸੰਤਾਂ ਦੀ ਸੰਗਤ ਕਰਨ ਲੱਗ ਪਵੇਂ ਅਤੇ ਉਨ੍ਹਾਂ ਦੇ ਉਪਦੇਸ਼ ਤੇ ਅਮਲ ਕਰ ਕੇ ਜਗਤ ਦੇ ਅਗਨ ਵਾਂਗ
ਤਪਦੇ ਭਵ ਸਾਗਰ ਨੂੰ ਪਾਰ ਕਰ ਸਕੇਂ, ਮੁਕਤੀ ਪ੍ਰਾਪਤ ਕਰ ਸਕੇਂ।
ਹਰਿ ਧਨ ਕੇ ਭਰਿ ਲੇਹੁ ਭੰਡਾਰ ।। ਨਾਨਕ ਗੁਰ
ਪੂਰੇ ਨਮਸਕਾਰ ।। 1 ।।
ਦੁਨਿਆਵੀ ਧਨ ਦੀ ਦੌੜ ਤਿਆਗ ਦੇ ਅਤੇ ਨਾਮ ਸਿਮਰਨ ਕਰ ਕੇ ਹਰੀ ਨਾਮ ਦੇ ਧਨ
ਨਾਲ਼ ਅਪਣਾ ਖ਼ਜ਼ਾਨਾ ਭਰਪੂਰ ਕਰ ਲੈ ਜਿਹੜਾ ਪ੍ਰਲੋਕ ਵਿੱਚ ਤੇਰੇ ਨਾਲ਼ ਜਾ ਸਕੇ, ਤੇਰੇ ਕੰਮ ਆਵੇ। ਇਹ
ਧਨ ਪੂਰੇ ਗੁਰੂ ਦੀ ਦਯਾ ਨਾਲ਼ ਪ੍ਰਾਪਤ ਹੁੰਦਾ ਹੈ। ਇਸ ਲਈ ਪੂਰੇ ਗੁਰੂ ਦੀ ਸੰਗਤ ਕਰਿਆ ਕਰ, ਉਸ ਦਾ
ਸਤਿਕਾਰ ਕਰਿਆ ਕਰ, ਉਸ ਨੂੰ ਨਮਸ਼ਕਾਰ ਕਰਿਆ ਕਰ।
ਖੇਮ ਕੁਸਲ ਸਹਜ ਆਨੰਦ ।। ਸਾਧਸੰਗਿ ਭਜੁ
ਪਰਮਾਨੰਦ ।।
ਸੰਤਾਂ ਦੀ ਸੰਗਤ ਵਿੱਚ ਜਾ ਕੇ ਸਰਬ ਉੱਤਮ
ਅਨੰਦ ਦੇ ਸੋਮੇ ਪ੍ਰਮਾਤਮਾ ਦੇ ਨਾਮ ਦਾ ਭਜਨ ਕਰਿਆ ਕਰ। ਇਸ ਨਾਲ਼ ਤੈਨੂੰ ਖੇੜਾ ਪ੍ਰਾਪਤ ਹੋਵੇਗਾ,
ਸਰੀਰਕ ਤੰਦਰੁਸਤੀ, ਮਨ ਦੀ ਸ਼ਾਂਤੀ ਅਤੇ ਆਤਮਿਕ ਅਨੰਦ ਮਿਲਣਗੇ ਅਤੇ ਤੇਰਾ ਕਲਿਆਣ ਹੇ ਜਾਵੇਗਾ।
ਨਰਕ ਨਿਵਾਰਿ ਉਧਾਰਹੁ ਜੀਉ ।। ਗੁਨ ਗੋਬਿੰਦ
ਅੰਮ੍ਰਿਤ ਰਸੁ ਪੀਉ ।।
ਉਸ ਧਰਤੀ ਦੇ ਮਾਲਕ ਦੇ ਗੁਣ ਗਾਇਆ ਕਰ। ਉਸ ਦੇ ਗੁਣਾਂ ਦਾ ਗਾਇਨ
ਅੰਮ੍ਰਿਤ ਪੀਣ ਦੀ ਤਰਾਂ ਹੈ। ਇਸ ਨੂੰ ਪੀ ਕੇ ਬਹੁਤ ਅਨੰਦ ਆਉਂਦਾ ਹੈ। ਇਸ ਰਸ ਨੂੰ ਪੀ ਕੇ ਨਰਕ ਦਾ
ਡਰ ਦੂਰ ਹੋ ਜਾਵੇਗਾ ਅਤੇ ਤੇਰੀ ਆਤਮਾ ਦਾ ਕਲਿਆਣ ਹੋ ਜਾਵੇਗਾ, ਤੈਨੂੰ ਮੁਕਤੀ ਮਿਲ ਜਾਵੇਗੀ।
ਚਿਤਿ ਚਿਤਵਹੁ ਨਾਰਾਇਣ ਏਕ ।। ਏਕ ਰੂਪ ਜਾ ਕੇ
ਰੰਗ ਅਨੇਕ ।।
ਉਸ ਇੱਕੋ ਇੱਕ ਨਾਰਾਇਣ ਨੂੰ ਸਦਾ ਅਪਣੇ ਮਨ ਵਿੱਚ ਯਾਦ ਰੱਖਿਆ ਕਰ ਜਿਸ
ਦਾ ਕੇਵਲ ਇੱਕ ਹੀ ਰੂਪ ਹੈ ਪਰ ਜਿਹੜਾ ਇੱਕ ਹੋਣ ਦੇ ਬਾਵਜੂਦ ਵੀ ਅਨੇਕਾਂ ਰੰਗਾਂ ਅਤੇ ਅਕਾਰਾਂ
ਰਾਹੀਂ ਅਪਣੇ ਆਪ ਨੂੰ ਪ੍ਰਗਟ ਕਰਦਾ ਹੈ। ਕਦੇ ਇੱਕ ਪਲ ਲਈ ਵੀ ਉਸ ਨੂੰ ਮਨ ਤੋਂ ਵਿਸਾਰਿਆ ਨਾ ਕਰ।
ਗੋਪਾਲ ਦਾਮੋਦਰ ਦੀਨ ਦਇਆਲ ।। ਦੁਖ ਭੰਜਨ ਪੂਰਨ
ਕਿਰਪਾਲ ।।
ਉਹ ਨਾਰਾਇਣ ਦਾਮੋਦਰ ਅਰਥਾਤ ਜੀਵਾਂ ਨੂੰ ਪੇਟ ਲਾਉਣ ਵਾਲ਼ਾ ਹੈ, ਗੋਪਾਲ ਅਰਥਾਤ
ਧਰਤੀ ਦੇ ਜੀਵਾਂ ਦੀ ਪਾਲਣਾ ਕਰਨ ਵਾਲ਼ਾ ਹੈ ਅਤੇ ਦੀਨ ਦਇਆਲ ਅਰਥਾਤ ਗਰੀਬਾਂ ਅਤੇ ਕਮਜ਼ੋਰਾਂ ਤੇ ਦਯਾ
ਕਰਨ ਵਾਲ਼ਾ ਹੈ। ਉਹ ਦੁੱਖਾਂ ਦਾ ਨਾਸ਼ ਕਰਨ ਵਾਲ਼ਾ ਹੈ ਅਤੇ ਪਰਮ ਕ੍ਰਿਪਾਲੂ ਹੈ, ਸਭ ਤੇ ਤਰਸ ਖਾਂਦਾ
ਹੈ।
ਸਿਮਰਿ ਸਿਮਰਿ ਨਾਮੁ ਬਾਰੰ ਬਾਰ ।। ਨਾਨਕ ਜੀਅ ਕਾ
ਇਹੈ ਅਧਾਰ ।। 2 ।।
ਗੁਰੂ ਜੀ ਤਾਕੀਦ ਕਰਦੇ ਹਨ ਕਿ ਐ ਜੀਵ, ਉਸ ਪ੍ਰਭੂ ਦੇ ਨਾਮ ਨੂੰ ਵਾਰ
ਵਾਰ ਸਿਮਰਦਾ ਰਿਹਾ ਕਰ। ਉਸ ਦਾ ਨਾਮ ਹੀ ਤੇਰੇ ਜੀਵਨ ਦਾ ਇੱਕੋ ਇੱਕ
ਸਹਾਰਾ ਹੈ। ਹੋਰ ਕੋਈ ਸ਼ਕਤੀ ਤੈਨੂੰ ਸਹਾਰਾ ਨਹੀਂ ਦੇ ਸਕਦੀ।
ਉਤਮ ਸਲੋਕ ਸਾਧ ਕੇ ਬਚਨ ।। ਅਮੁਲੀਕ ਲਾਲ ਏਹਿ
ਰਤਨ ।।
ਸੰਤਾਂ ਦੇ ਕਹੇ ਬੋਲ ਬਹੁਤ ਉੱਤਮ ਹੁੰਦੇ ਹਨ ਕਿਉਂਕਿ ਉਨ੍ਹਾਂ ਵਿੱਚ
ਪ੍ਰਮਾਤਮਾ ਦੇ ਜਸ ਦਾ ਗਾਇਨ ਹੁੰਦਾ ਹੈ। ਸੰਤਾਂ ਦੇ ਬਚਨ ਪ੍ਰਭੂ ਦੀ ਕੀਰਤੀ ਦੇ ਗੀਤ ਹੁੰਦੇ ਹਨ।
ਇਹ ਉਨ੍ਹਾਂ ਕੀਮਤੀ ਹੀਰੇ ਜਵਾਹਰਾਤ ਦੀ ਤਰਾਂ ਹੁੰਦੇ ਹਨ ਜਿਹੜੇ ਅਨਮੋਲ ਹੁੰਦੇ ਹਨ, ਜਿਨ੍ਹਾਂ ਦੀ
ਕੀਮਤ ਕੋਈ ਤਾਰ ਨਹੀਂ ਸਕਦਾ।
ਸੁਨਤ ਕਮਾਵਤ ਹੋਤ ਉਧਾਰ ।। ਆਪਿ ਤਰੈ ਲੋਕਹ
ਨਿਸਤਾਰ ।।
ਸੰਤਾਂ ਦੇ ਕਹੇ ਬੋਲਾਂ ਨੂੰ ਸੁਣ ਕੇ ਅਤੇ ਉਨ੍ਹਾਂ ਨੂੰ ਕਮਾ ਕੇ,
ਉਨ੍ਹਾਂ ਉੱਤੇ ਅਮਲ ਕਰ ਕੇ, ਜੀਵ ਦਾ ਕਲਿਆਣ ਹੋ ਜਾਂਦਾ ਹੈ। ਉਹ ਆਪ ਵੀ ਤਰ ਜਾਂਦਾ ਹੈ ਅਤੇ
ਦੂਜਿਆਂ ਨੂੰ ਵੀ ਤਾਰ ਦਿੰਦਾ ਹੈ।
ਸਫਲ ਜੀਵਨੁ ਸਫਲੁ ਤਾ ਕਾ ਸੰਗੁ ।। ਜਾ ਕੈ ਮਨਿ
ਲਾਗਾ ਹਰਿ ਰੰਗੁ ।।
ਜਿਹੜੇ ਜੀਵਾਂ ਦੇ ਮਨ ਵਿੱਚ ਹਰੀ ਦਾ ਪਿਆਰ ਵਸ ਗਿਆ ਹੋਵੇ, ਜਿਨ੍ਹਾਂ ਦਾ
ਪੋਟਾ ਪੋਟਾ ਹਰੀ ਦੇ ਰੰਗ ਵਿੱਚ ਰੰਗਿਆ ਹੋਇਆ
ਹੋਵੇ, ਉਨ੍ਹਾਂ ਦਾ ਜੀਵਨ ਸਫਲ ਹੁੰਦਾ ਹੈ ਕਿਉਂਕਿ ਉਹ ਜੀਵਨ ਦੇ ਉਦੇਸ਼ ਨੂੰ ਪ੍ਰਾਪਤ ਕਰ ਲੈਂਦੇ
ਹਨ। ਕੇਵਲ ਉਨ੍ਹਾਂ ਦਾ ਅਪਣਾ ਜੀਵਨ ਹੀ ਸਫਲ ਨਹੀਂ ਹੁੰਦਾ ਬਲਕਿ ਜਿਹੜੇ ਲੋਕ ਉਨ੍ਹਾਂ ਦੀ ਸੰਗਤ
ਕਰਦੇ ਹਨ ਉਨ੍ਹਾਂ ਦਾ ਜੀਵਨ ਵੀ ਸਫਲ ਹੋ ਜਾਂਦਾ ਹੈ।
ਜੈ ਜੈ ਸਬਦੁ ਅਨਾਹਦੁ ਵਾਜੈ ।। ਸੁਨਿ ਸੁਨਿ ਅਨਦ
ਕਰੇ ਪ੍ਰਭੁ ਗਾਜੈ ।।
ਈਸ਼ਵਰ ਦੀ ਜੈ ਜੈ ਕਾਰ ਦੇ ਧ੍ਵਨੀ ਰਹਿਤ ਸੰਗੀਤ ਦੀ ਆਵਾਜ਼ ਉਨ੍ਹਾਂ ਨੂੰ
ਬ੍ਰਹਿਮੰਡ ਵਿੱਚ ਗੂੰਜਦੀ ਸੁਣਾਈ ਦੇਣ ਲੱਗ ਪੈਂਦੀ ਹੈ। ਉਸ
ਨੂੰ ਸੁਣ ਸੁਣ ਕੇ ਅਨੰਦ ਦੀ ਮਸਤੀ ਵਿੱਚ ਆ ਕੇ ਉਹ ਆਪ ਵੀ ਉਸ ਪ੍ਰਭੂ ਦੀ ਜੈ ਜੈ ਕਾਰ ਦੇ
ਗੀਤ ਗਾਉਣ ਲੱਗ ਪੈਂਦੇ ਹਨ।
ਪ੍ਰਗਟੇ ਗੁਪਾਲ ਮਹਾਂਤ ਕੈ ਮਾਥੇ ।। ਨਾਨਕ ਉਧਰੇ ਤਿਨ ਕੈ ਸਾਥੇ ।। 3 ।।
ਗੁਰੂ ਜੀ ਦੱਸਦੇ ਹਨ ਕਿ ਪ੍ਰਭੂ ਦੀ ਜੈ ਜੈ ਕਾਰ ਦੇ ਗੀਤ ਗਾਉਂਦਿਆਂ
ਉਨ੍ਹਾਂ ਦੇ ਮਸਤਕ ਉੱਤੇ ਪ੍ਰਭੂ ਦੇ ਪ੍ਰਕਾਸ਼ ਦਾ ਜਲੌਅ (ਚਮਕ) ਦਿਖਾਈ ਦੇਣ ਲੱਗ ਪੈਂਦਾ ਹੈ। ਜੋ ਜੋ
ਵੀ ਉਨ੍ਹਾਂ ਦੀ ਸੰਗਤ ਵਿੱਚ ਆਉਂਦਾ ਹੈ, ਉਸ ਦਾ ਵੀ ਕਲਿਆਣ ਹੋ ਜਾਂਦਾ ਹੈ, ਉਹ ਵੀ ਭਵ ਸਾਗਰ ਨੂੰ
ਪਾਰ ਕਰ ਜਾਂਦਾ ਹੈ।
ਸਰਨਿ ਜੋਗ ਸੁਨਿ ਸਰਨੀ ਆਏ ।। ਕਰਿ ਕਿਰਪਾ ਪ੍ਰਭ
ਆਪ ਮਿਲਾਏ ।।
ਇਹ ਸੁਣ ਕੇ ਕਿ ਪ੍ਰਭੂ ਬੇਸਹਾਰਿਆਂ ਨੂੰ ਸਹਾਰਾ ਦੇਣ ਦੇ ਸਮਰਥ ਹੈ,
ਅਸੀਂ ਵੀ ਉਸ ਦੀ ਸ਼ਰਨ ਵਿੱਚ ਆ ਗਏ ਹਾਂ। ਅਸਲ ਵਿੱਚ ਅਸੀਂ ਆਪ ਕੁੱਝ ਨਹੀਂ ਕੀਤਾ। ਪ੍ਰਭੂ ਨੇ ਸਾਡੇ ਤੇ ਕਿਰਪਾ ਕਰ ਕੇ
ਆਪ ਹੀ ਸਾਨੂੰ ਅਪਣੇ ਨਾਲ਼ ਮਿਲਾ ਲਿਆ ਹੈ।
ਮਿਟਿ ਗਏ ਬੈਰ ਭਏ ਸਭ ਰੇਨ ।। ਅੰਮ੍ਰਿਤ ਨਾਮੁ
ਸਾਧਸੰਗਿ ਲੈਨ ।।
ਜਦੋਂ ਤੋਂ ਅਸੀਂ ਉਸ ਪ੍ਰਭੂ ਦੀ ਸ਼ਰਨ ਵਿੱਚ
ਆਏ ਹਾਂ, ਸਾਡੇ ਮਨ ਵਿੱਚ ਕਿਸੇ ਲਈ ਵੀ ਵੈਰ ਦੀ ਭਾਵਨਾ ਨਹੀਂ ਰਹੀ। ਸਾਰਾ ਸੰਸਾਰ ਮਿੱਤਰ ਜਾਪਣ
ਲੱਗ ਗਿਆ ਹੈ। ਹੁਣ ਸਾਨੂੰ ਕੋਈ ਵੀ ਅਪਣਾ ਵੈਰੀ ਨਹੀਂ ਲੱਗਦਾ। ਸਾਡੇ ਅੰਦਰੋਂ ਹਉਮੈ ਅਲੋਪ ਹੋ ਗਈ
ਹੈ ਅਤੇ ਉਸ ਦੀ ਥਾਂ ਨਿਮਰਤਾ ਵਸ ਗਈ ਹੈ। ਅਸੀਂ ਸਭ ਦੇ ਚਰਨਾਂ ਦੀ ਧੂੜ ਬਣ ਗਏ ਹਾਂ। ਇਹ ਚਮਤਕਾਰ ਸੰਤਾਂ ਦੀ ਸੰਗਤ
ਵਿੱਚ ਆ ਕੇ ਪ੍ਰਭੂ ਦਾ ਅੰਮ੍ਰਿਤ ਵਰਗਾ ਨਾਮ ਜੱਪਣ ਦੀ ਬਰਕਤ ਦਾ ਸਦਕਾ ਹੋਇਆ ਹੈ।
ਸੁਪ੍ਰਸੰਨ ਭਏ ਗੁਰਦੇਵ ।। ਪੂਰਨ ਹੋਈ ਸੇਵਕ
ਕੀ ਸੇਵ ।।
ਸਾਡੇ ਅੰਦਰ ਆਈ ਤਬਦੀਲ਼ੀ ਨੂੰ ਦੇਖ ਕੇ,
ਸਾਡੇ ਨਿਮਰਤਾ ਭਰੇ, ਵੈਰ ਮੁਕਤ ਵਿਵਹਾਰ ਨੂੰ ਦੇਖ ਕੇ ਸਾਡੇ ਗੁਰਦੇਵ ਪ੍ਰਸੰਨ ਹੋ ਗਏ ਹਨ ਅਤੇ
ਸਾਨੂੰ ਇੰਝ ਮਹਿਸੂਸ ਹੋਣ ਲੱਗ ਪਿਆ ਹੈ ਕਿ ਸਾਡੀ ਸੇਵਾ ਸਫਲ ਹੋ ਗਈ ਹੈ, ਉਸ ਨੂੰ ਫਲ਼ ਲੱਗ ਗਿਆ
ਹੈ।
ਆਲ ਜੰਜਾਲ ਬਿਕਾਰ ਤੇ ਰਹਤੇ ।। ਰਾਮ ਨਾਮ ਸੁਨਿ ਰਸਨਾ ਕਹਤੇ ।।
ਹੁਣ ਅਸੀਂ ਸਾਰੇ ਝਮੇਲਿਆਂ ਤੋਂ, ਪ੍ਰੇਸ਼ਾਨੀਆਂ ਤੋਂ, ਫਾਲਤੂ ਰੁਝੇਵਿਆਂ
ਤੋਂ ਅਤੇ ਸਾਰੇ ਵਿਕਾਰਾਂ ਤੋਂ ਮੁਕਤ ਹੋ ਗਏ ਹਾਂ। ਸੰਤਾਂ ਦੀ ਸੰਗਤ ਵਿੱਚ ਰਾਮ ਨਾਮ ਦਾ ਜਾਪ
ਸੁਣਦੇ ਰਹਿੰਦੇ ਹਾਂ ਅਤੇ ਸੁਣ ਸੁਣ ਕੇ ਆਪ ਵੀ ਅਪਣੀ ਰਸਨਾ (ਜੀਭ) ਤੋਂ ਰਾਮ ਨਾਮ ਦਾ ਸਿਮਰਨ ਕਰਦੇ
ਰਹਿੰਦੇ ਹਾਂ।
ਕਰਿ ਪ੍ਰਸਾਦੁ ਦਇਆ ਪ੍ਰਭਿ ਧਾਰੀ ।। ਨਾਨਕ ਨਿਬਹੀ
ਖੇਪ ਹਮਾਰੀ ।। 4।।
ਗੁਰੂ ਜੀ ਖੁਸ਼ੀ ਵਿੱਚ ਗਦਗਦ ਹੋਏ ਸਾਨੂੰ ਦੱਸਦੇ ਹਨ ਕਿ ਪ੍ਰਭੂ ਨੇ ਸਾਡੇ
ਤੇ ਕ੍ਰਿਪਾਲ ਹੋ ਕੇ ਸਾਡੇ ਉੱਤੇ ਅਪਣੀ ਮਿਹਰ ਦੀ ਨਜ਼ਰ ਕਰ ਦਿੱਤੀ ਹੈ। ਉਸ ਦੀ ਦਯਾ ਨਾਲ਼ ਅਸੀਂ
ਨਾਮ ਧਨ ਦੀ ਦੌਲਤ ਇਕੱਠੀ ਕਰ ਲਈ ਹੈ ਜਿਹੜੀ ਪ੍ਰਲੋਕ ਵਿੱਚ ਸਾਡਾ ਸਾਥ ਦੇਵੇਗੀ।
ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ ।। ਸਾਵਧਾਨ ਏਕਾਗਰਚੀਤ ।।
ਸਾਡੇ ਉੱਤੇ ਮਿਹਰਬਾਨ ਹੇ ਕੇ ਗੁਰੂ ਜੀ ਸਾਨੂੰ ਅਪਣੇ ਮਿੱਤਰ ਕਹਿ ਕੇ
ਸੰਬੋਧਨ ਕਰਦੇ ਹੋਏ ਉਪਦੇਸ਼ ਕਰਦੇ ਹਨ ਕਿ ਗੁਰਮੁਖ ਪਿਆਰਿਓ, ਤੁਸੀਂ ਵੀ ਆਲਸ ਤਿਆਗ ਕੇ ਅਤੇ ਇੱਕ ਮਨ
ਇੱਕ ਚਿੱਤ ਹੋ ਕੇ ਪ੍ਰਭੂ ਦੀ ਵਡਿਆਈ ਦੇ, ਉਸ ਦੀ ਉਸਤਤਿ ਦੇ ਗੀਤ ਗਾਇਆ ਕਰੋ।
ਸੁਖਮਨੀ ਸਹਜ ਗੋਬਿੰਦ ਗੁਨ ਨਾਮ ।। ਜਿਸੁ ਮਨਿ
ਬਸੈ ਸੁ ਹੋਤ ਨਿਧਾਨ ।।
ਗੁਰੂ ਜੀ ਹੁਣ ਦੱਸਦੇ ਹਨ ਕਿ ਸੁਖਮਨੀ ਸਿਰਲੇਖ ਵਾਲ਼ੀ ਇਸ ਬਾਣੀ ਵਿੱਚ
ਬਿਨਾ ਅਤਿਕਥਨੀ ਤੋਂ ਪਰਮਾਤਮਾ ਦਾ ਗਿਆਨ ਅੰਕਿਤ ਕੀਤਾ ਗਿਆ ਹੈ, ਉਸ ਦੇ ਗੁਣਾਂ ਦਾ ਵਰਨਣ ਕੀਤਾ
ਗਿਆ ਹੈ ਅਤੇ ਉਸ ਦੇ ਨਾਮ ਦੀ ਮਹਿਮਾ ਦਰਸਾਈ ਗਈ ਹੈ। ਜਿਸ ਦੇ ਮਨ ਵਿੱਚ ਇਹ ਗਿਆਨ ਵਸ ਜਾਵੇ, ਉਹ
ਨਿਹਾਲ ਹੋ ਜਾਂਦਾ ਹੈ, ਗੁਣਾਂ ਦਾ ਖ਼ਜ਼ਾਨਾ ਬਣ ਜਾਂਦਾ ਹੈ।
ਸਰਬ ਇਛਾ ਤਾ ਕੀ ਪੂਰਨ ਹੋਇ ।। ਪ੍ਰਧਾਨ ਪੁਰਖੁ
ਪ੍ਰਗਟੁ ਸਭ ਲੋਇ ।।
ਉਸ ਜੀਵ ਦੀਆਂ ਸਾਰੀਆਂ ਮਨੋ-ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ। ਉਹ
ਸਮਸਤ ਸੰਸਾਰ ਵਿੱਚ ਹੀ ਨਹੀਂ, ਸਾਰੇ ਲੋਕਾਂ (ਤਿੰਨਾ ਹੀ ਲੋਕਾਂ) ਵਿੱਚ ਇੱਕ ਉੱਤਮ ਇਨਸਾਨ ਦੇ ਤੌਰ
ਤੇ ਜਾਣਿਆਂ ਜਾਣ ਲੱਗ ਪੈਂਦਾ ਹੈ।
ਸਭ ਤੇ ਊਚ ਪਾਏ ਅਸਥਾਨੁ ।। ਬਹੁਰਿ ਨ ਹੋਵੈ ਆਵਨ ਜਾਨੁ ।।
ਉਸ ਇਨਸਾਨ ਨੂੰ ਸਭ ਤੋਂ ਉੱਚੀ ਪਦਵੀ ਪ੍ਰਾਪਤ ਹੋ ਜਾਂਦੀ ਹੈ ਅਤੇ ਉਹ
ਆਵਾਗਮਨ ਦੇ ਚੱਕਰ ਤੋਂ ਮੁਕਤ ਹੋ ਜਾਂਦਾ ਹੈ। ਉਹ ਨਾ ਮੁੜ ਕੇ ਜੰਮਦਾ ਹੈ, ਨਾ ਮਰਦਾ ਹੈ।
ਹਰਿ ਧਨੁ ਖਾਟਿ ਚਲੈ ਜਨੁ ਸੋਇ ।। ਨਾਨਕ ਜਿਸਹਿ
ਪਰਾਪਤਿ ਹੋਇ ।। 5 ।।
ਗੁਰੂ ਜੀ ਦ੍ਰਿੜ੍ਹ ਕਰਵਾਉਂਦੇ ਹਨ ਕਿ ਹਰੀ ਦੇ ਨਾਮ ਦਾ ਇਹ ਧਨ ਉਹ ਜੀਵ
ਹੀ ਇਕੱਠਾ ਕਰ ਕੇ ਲੈ ਕੇ ਜਾਂਦਾ ਹੈ ਜਿਸ ਤੇ ਖੁਸ਼ ਹੋ ਕੇ ਪ੍ਰਭੂ ਹਰੀ ਨਾਮ ਦੇ ਇਸ ਧਨ ਦੀ ਮਹੱਤਤਾ
ਦਾ, ਇਸ ਦੇ ਵਡਮੁੱਲੇ ਹੋਣ ਦਾ, ਗਿਆਨ ਬਖ਼ਸ਼ਿਸ਼ ਕਰ ਦੇਵੇ। ਇਸ ਗਿਆਨ ਤੋਂ ਵਿਹੂਣਾ ਜੀਵ ਤਾਂ ਬੱਸ
ਦੁਨਿਆਵੀ ਝਮੇਲਿਆਂ ਵਿੱਚ ਹੀ ਉਲ਼ਝਿਆ ਰਹਿੰਦਾ ਹੈ।
ਖੇਮ ਸਾਂਤਿ ਰਿਧਿ ਨਵ ਨਿਧਿ ।। ਬੁਧਿ ਗਿਆਨੁ ਸਰਬ
ਤਹ ਸਿਧਿ ।।
ਹੁਣ ਗੁਰੂ ਜੀ ਸੁਖਮਨੀ ਸਾਹਿਬ ਵਿੱਚ ਅੰਕਿਤ ਕੀਤੇ ਗਏ ਈਸ਼ਵਰ ਦੇ ਗਿਆਨ
ਅਤੇ ਨਾਮ ਦੀ ਮਹੱਤਤਾ ਨੂੰ ਮਨ ਵਿੱਚ ਵਸਾਉਣ ਦੇ ਲਾਭਾਂ ਦਾ ਵਰਨਣ ਕਰਦੇ ਹਨ। ਜੋ ਜੀਵ ਇਸ ਉਪਦੇਸ਼
ਨੂੰ ਮਨ ਵਿੱਚ ਵਸਾ ਕੇ ਇਸ ਉੱਤੇ ਅਮਲ ਕਰਦਾ ਹੈ ਉਸ ਨੂੰ ਅਟੱਲ ਸਦੀਵੀ ਸੁਖ (ਮੁਕਤੀ), ਮਾਨਸਿਕ
ਅਤੇ ਆਤਮਿਕ ਸ਼ਾਂਤੀ, ਜੀਵਨ ਗੁਜ਼ਰਾਨ ਲਈ ਲੋੜੀਂਦੀਆਂ ਸਭ ਵਸਤਾਂ ਅਤੇ ਨੌਂ ਦੇ ਨੌਂ ਖ਼ਜ਼ਾਨੇ ਹਾਸਲ ਹੋ
ਜਾਂਦੇ ਹਨ । ਸ੍ਰੇਸ਼ਟ ਬੁੱਧੀ, ਉੱਤਮ ਗਿਆਨ ਅਤੇ ਜੋਗੀਆਂ ਵਾਲ਼ੀਆਂ ਸਾਰੀਆਂ ਚਮਤਕਾਰੀ ਸ਼ਕਤੀਆਂ ਉਸ
ਦੀ ਝੋਲ਼ੀ ਵਿੱਚ ਪੈ ਜਾਂਦੀਆਂ ਹਨ।
ਬਿਦਿਆ ਤਪੁ ਜੋਗੁ ਪ੍ਰਭ ਧਿਆਨੁ ।। ਗਿਆਨੁ
ਸ੍ਰੇਸਟ ਊਤਮ ਇਸਨਾਨੁ ।।
ਉੱਤਮ ਵਿੱਦਿਆ ਦਾ ਫਲ਼, ਤਪੱਸਿਆ ਦਾ ਫਲ਼, ਪ੍ਰਭੂ ਦੇ ਨਾਲ਼ ਮਿਲਾਪ ਅਤੇ
ਪ੍ਭੂ ਦਾ ਧਿਆਨ ਧਰਨ ਦੀ ਸਮਰਥਾ, ਇਹ ਸਭ ਉਸ ਨੂੰ ਅਪਣੇ ਆਪ ਮਿਲ ਜਾਂਦੇ ਹਨ। ਵਧੀਆ ਤੋਂ ਵਧੀਆ
ਆਤਮਿਕ ਗਿਆਨ ਅਤੇ ਪਵਿੱਤਰ ਤੋਂ ਪਵਿੱਤਰ ਤੀਰਥਾਂ ਦੇ ਇਸ਼ਨਾਨ ਦਾ ਫਲ਼ ਵਾਹਿਗੁਰੂ ਉਸ ਨੂੰ ਬਖਸ਼ਿਸ਼ ਕਰ
ਦਿੰਦੇ ਹਨ।
ਚਾਰਿ ਪਦਾਰਥ ਕਮਲ ਪ੍ਰਗਾਸ ।। ਸਭ ਕੈ ਮਧਿ ਸਗਲ
ਤੇ ਉਦਾਸ ।।
ਧਰਮ, ਅਰਥ, ਕਾਮ ਅਤੇ ਮੋਕਸ਼ ਚਾਰੇ ਪਦਾਰਥਾਂ
ਦੀ ਦਾਤ, ਜਿਸ ਦੀ ਹਰ ਇਨਸਾਨ ਕਾਮਨਾ ਕਰਦਾ ਹੈ, ਉਸ ਨੂੰ ਪ੍ਰਾਪਤ ਹੋ ਜਾਂਦੀ ਹੈ। ਉਸ ਦਾ ਹਿਰਦਾ
ਕਮਲ ਦੇ ਫੁੱਲ ਦੀ ਤਰਾਂ ਖੇੜੇ ਵਿੱਚ ਆ ਜਾਂਦਾ ਹੈ। ਉਹ ਸਾਰੇ ਸੰਸਾਰਕ ਪਦਾਰਥਾਂ ਅਤੇ ਝਮੇਲਿਆਂ ਦੇ
ਵਿੱਚ ਰਹਿਂਦਾ ਹੋਇਆ ਵੀ ਉਨ੍ਹਾਂ ਤੋਂ ਨਿਰਲੇਪ ਰਹਿਣ ਦੇ ਸਮਰਥ ਹੋ ਜਾਂਦਾ ਹੈ, ਗ੍ਰਹਿਸਤ ਦੇ ਵਿੱਚ
ਰਹਿੰਦਾ ਹੋਇਆ ਵੀ ਵੈਰਾਗਮਈ ਜੀਵਨ ਬਤੀਤ ਕਰ ਸਕਦਾ ਹੈ।
ਸੁੰਦਰੁ ਚਤੁਰੁ ਤਤ ਕਾ ਬੇਤਾ ।। ਸਮਦਰਸੀ ਏਕ
ਦ੍ਰਿਸਟੇਤਾ ।।
ਮਾਨਸਿਕ ਖੇੜੇ ਦੇ ਸਿੱਟੇ ਵਜੋਂ ਉਸ ਤੇ
ਸਰੀਰਕ ਸੁੰਦਰਤਾ ਦੀ ਬਖਸ਼ਿਸ਼ ਵੀ ਹੋ ਜਾਂਦੀ ਹੈ, ਉਸ ਦਾ ਚਿਹਰਾ ਮੋਹਰਾ ਸੋਹਣਾ ਲੱਗਣ ਲੱਗ ਪੈਂਦਾ
ਹੈ। ਉਹ ਸਿਆਣਾ, ਸਮਝਦਾਰ ਅਤੇ ਤੱਤ ਗਿਆਨ ਦਾ ਧਾਰਨੀ ਬਣ ਜਾਂਦਾ ਹੈ। ਉਹ ਸਾਰੇ ਜੀਵਾਂ ਨੂੰ ਇੱਕ
ਨਜ਼ਰ ਨਾਲ਼ ਦੇਖਣ ਲੱਗ ਪੈਂਦਾ ਹੈ, ਬਰਾਬਰ ਸਮਝਣ ਲੱਗ ਪੈਂਦਾ ਹੈ। ਉਸ ਨੂੰ ਸ੍ਰਿਸ਼ਟੀ ਦੇ ਸਾਰੇ ਜੀਵਾਂ ਦੇ
ਅੰਦਰ ਉਸ ਇੱਕ ਪ੍ਰਭੂ ਦੇ ਦਰਸ਼ਨ ਹੋਣ ਲੱਗ ਪੈਂਦੇ ਹਨ।
ਇਹ ਫਲ ਤਿਸੁ ਜਨ ਕੈ ਮੁਖਿ ਭਨੇ ।। ਗੁਰ ਨਾਨਕ
ਨਾਮ ਬਚਨ ਮਨਿ ਸੁਨੇ ।। 6 ।।
ਪਰ ਗੁਰੂ ਜੀ ਸਪਸ਼ਟ ਕਰਦੇ ਹਨ ਕਿ ਇਹ ਫਲ਼
ਉਸ ਪ੍ਰਾਣੀ ਨੂੰ ਪ੍ਰਾਪਤ ਹੁੰਦੇ ਹਨ ਜਿਹੜਾ ਸਤਿਗੁਰਾਂ ਦੀ ਇਸ ਬਾਣੀ (ਸੁਖਮਨੀ) ਵਿੱਚ ਕਹੇ ਗਏ
ਬਚਨਾਂ ਨੂੰ ਮਨ ਲਾ ਕੇ ਸੁਣਦਾ ਹੈ, ਸਮਝਦਾ ਹੈ ਅਤੇ ਉਨ੍ਹਾਂ ਤੇ ਅਮਲ ਕਰਦਾ ਹੈ।
ਇਹੁ ਨਿਧਾਨੁ ਜਪੈ ਮਨਿ ਕੋਇ ।। ਸਭ ਜੁਗ ਮਹਿ ਤਾ
ਕੀ ਗਤਿ ਹੋਇ ।।
ਜੋ ਵੀ ਜੀਵ ਗੁਣਾਂ ਦੇ ਇਸ ਖ਼ਜ਼ਾਨੇ ਦਾ ਮਨ ਇਕਾਗਰ ਕਰ ਕੇ, ਪੂਰੇ ਧਿਆਨ
ਨਾਲ਼, ਪਾਠ ਕਰੇਗਾ ਉਸ ਦਾ ਕੇਵਲ ਇਸ ਜੁਗ ਵਿੱਚ ਹੀ ਨਹੀਂ, ਹਰ ਜੁਗ ਵਿੱਚ ਕਲਿਆਣ ਹੋਵੇਗਾ। ਇਹ
ਖ਼ਜ਼ਾਨਾ ਉਸ ਤੋਂ ਬਾਦ ਸਦਾ ਲਈ ਉਸ ਦੇ ਨਾਲ਼ ਰਹੇਗਾ।
ਗੁਣ ਗੋਬਿੰਦ ਨਾਮ ਧੁਨਿ ਬਾਣੀ ।। ਸਿਮ੍ਰਿਤਿ
ਸਾਸਤ੍ਰ ਬੇਦ ਬਖਾਣੀ ।।
ਇਸ ਬਾਣੀ ਦਾ ਪਾਠ ਕਰਨ ਨਾਲ਼ ਗੋਬਿੰਦ ਦੇ ਗੁਣ ਗਾਉਣ ਦਾ ਅਤੇ ਪ੍ਰਭੂ ਦੇ
ਨਾਮ ਦਾ ਸਿਮਰਨ ਕਰਨ ਦਾ ਸੰਗੀਤ ਦੀ ਤਰਾਂ ਰਸ ਆਉਣ ਲੱਗ ਪੈਂਦਾ ਹੈ। ਇਸ ਵਿੱਚ ਪਰਮ ਪਿਤਾ
ਪ੍ਰਮਾਤਮਾ ਬਾਰੇ ਉਹ ਹੀ ਗੱਲਾਂ ਅੰਕਿਤ ਕੀਤੀਆਂ ਗਈਆਂ ਹਨ ਜਿਨ੍ਹਾਂ ਦਾ ਵਰਨਣ ਸਿੰਮ੍ਰਿਤੀਆਂ,
ਸ਼ਾਸ਼ਤਰਾਂ ਅਤੇ ਵੇਦਾਂ ਵਿੱਚ ਵੀ ਕੀਤਾ ਗਿਆ ਹੈ। ਪ੍ਰਭੂ ਦੇ ਨਾਮ ਦੀ ਮਹਾਨਤਾ ਅਤੇ ਇਸ ਦੇ ਸਿਮਰਨ
ਦਾ ਮਹੱਤਵ ਇਸ ਬਾਣੀ ਵਿੱਚ ਬਿਆਨ ਕੀਤਾ ਗਿਆ ਹੈ।
ਸਗਲ ਮਤਾਂਤ ਕੇਵਲ ਹਰਿ ਨਾਮ ।। ਗੋਬਿੰਦ ਭਗਤ ਕੈ
ਮਨਿ ਬਿਸ੍ਰਾਮ ।।
ਸਾਰੇ ਮਤਾਂ ਮਤਾਂਤਰਾਂ ਵਿੱਚ ਹੀ ਕੇਵਲ ਹਰੀ ਦੇ ਨਾਮ ਨੂੰ ਹੀ ਉੱਤਮ
ਮੰਨਿਆਂ ਗਿਆ ਹੈ। ਇਹ ਹਰੀ
ਦਾ ਨਾਮ ਹਰੀ ਦੇ ਭਗਤ ਦੇ ਮਨ ਵਿੱਚ ਹਮੇਸ਼ਾ ਟਿਕਿਆ ਰਹਿੰਦਾ ਹੈ। ਕਦੇ ਇੱਕ ਪਲ ਲਈ ਵੀ ਭਗਤ ਨੂੰ
ਪ੍ਰਭੂ ਦਾ ਨਾਮ ਮਨ ਤੋਂ ਨਹੀਂ ਵਿਸਰਦਾ।
ਕੋਟਿ ਅਪ੍ਰਾਧ ਸਾਧਸੰਗਿ ਮਿਟੈ ।। ਸੰਤ ਕ੍ਰਿਪਾ
ਤੇ ਜਮ ਤੇ ਛੁਟੈ ।।
ਗੋਬਿੰਦ ਦੇ ਐਸੇ ਅਨਿੰਨ ਭਗਤ ਦੀ ਸੰਗਤ ਕਰਨ ਦੇ ਸਿੱਟੇ ਵਜੋਂ ਜੀਵ ਦੇ
ਕੀਤੇ ਹੋਏ ਕ੍ਰੋੜਾਂ ਪਾਪ ਦੂਰ ਹੋ ਜਾਂਦੇ ਹਨ। ਜੇ ਇਸ ਤਰਾਂ ਦੇ ਪਹੁੰਚੇ ਹੋਏ ਸੰਤ ਪੁਰਖ ਦੀ ਮਿਹਰ
ਦੀ ਨਿਗਾਹ ਹੋ ਜਾਵੇ ਤਾਂ ਜੀਵ ਜਮਾਂ ਦੇ ਡਰ ਤੋਂ ਵੀ ਛੁਟਕਾਰਾ ਪਾ ਲੈਂਦਾ ਹੈ। ਉਸ ਨੂੰ ਮੌਤ ਦਾ ਅਤੇ ਜਮਾਂ ਦੀ ਮਾਰ ਦਾ ਕੋਈ ਡਰ ਨਹੀਂ ਰਹਿੰਦਾ। ਇੱਕ ਤਰਾਂ ਉਹ ਮੌਤ ਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ।
ਜਾ ਕੈ ਮਸਤਕਿ ਕਰਮ ਪ੍ਰਭਿ ਪਾਏ ।। ਸਾਧਿ ਸਰਣਿ
ਨਾਨਕ ਤੇ ਆਏ ।। 7 ।।
ਪਰ ਅਜਿਹੇ ਸੰਤ ਪੁਰਖਾਂ ਦੀ ਸ਼ਰਨ ਵਿੱਚ ਉਹ ਜੀਵ ਹੀ ਆਉਂਦਾ ਹੈ ਜਿਸ ਦੇ
ਮੱਥੇ ਤੇ ਪ੍ਰਮਾਤਮਾ ਨੇ ਚੰਗੀ ਕਿਸਮਤ ਨਾਲ਼ ਅਜਿਹਾ ਕਰਨਾ ਲਿਖਿਆ ਹੋਵੇ। ਹਰ ਕੋਈ ਏਨਾ ਭਾਗਸ਼ਾਲੀ
ਨਹੀਂ ਹੁੰਦਾ ਕਿ ਉਹ ਸੰਤਾਂ ਦੀ ਸੰਗਤ ਵਿੱਚ ਆ ਕੇ ਉਨ੍ਹਾਂ ਦੀ ਸ਼ਰਨ ਲੈ ਸਕੇ ਅਤੇ ਉਨ੍ਹਾਂ ਦੀ
ਸਿੱਖਿਆ ਦਾ ਲਾਹਾ ਲੈ ਸਕੇ।
ਜਿਸੁ ਮਨਿ ਬਸੈ ਸੁਨੈ ਲਾਇ ਪ੍ਰੀਤਿ ।। ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ ।।
ਜਿਹੜਾ ਜੀਵ ਹਰੀ ਦੀ ਮਹਿਮਾ ਕਰਨ ਵਾਲ਼ੀ ਇਸ ਬਾਣੀ ਨੂੰ ਪਿਆਰ ਨਾਲ਼ ਸ੍ਰਵਣ
ਕਰਦਾ ਹੈ ਅਤੇ ਜਿਸ ਦੇ ਮਨ ਵਿੱਚ ਇਸ ਵਿਚਲਾ ਉਪਦੇਸ਼ ਵਸ ਜਾਂਦਾ ਹੈ, ਉਸ ਦੇ ਮਨ ਵਿੱਚ ਪ੍ਰਭੂ ਆਪ ਵਸ
ਜਾਂਦਾ ਹੈ, ਉਹ ਉਸ ਦੇ ਨਾਮ ਦਾ ਸਿਮਰਨ ਕਰ ਲੱਗ ਪੈਂਦਾ ਹੈ। ਪਾਪ ਹਰਨ ਵਾਲ਼ੇ ਹਰੀ ਦਾ ਨਾਮ ਉਸ ਜੀਵ ਦੇ ਮਨ ਵਿੱਚ ਹੀ ਵਸਦਾ ਹੈ ਜਿਹੜਾ
ਇਸ ਰੱਬੀ ਬਾਣੀ ਨੂੰ ਪਿਆਰ ਨਾਲ਼ ਸੁਣਦਾ ਹੈ, ਸਮਝਦਾ ਹੈ ਅਤੇ ਇਸ ਵਿੱਚ ਦਿੱਤੀ ਗਈ ਸਿੱਖਿਆ ਤੇ ਅਮਲ
ਕਰਦਾ ਹੈ।
ਜਨਮ ਮਰਨ ਤਾ ਕਾ ਦੂਖੁ ਨਿਵਾਰੈ ।। ਦੁਲਭ ਦੇਹ
ਤਤਕਾਲ ਉਧਾਰੈ ।।
ਪ੍ਰਮਾਤਮਾ ਦੀ ਉਸ ਜੀਵ ਤੇ ਕਿਰਪਾ ਹੋ ਜਾਂਦੀ ਹੈ ਅਤੇ ਉਹ ਉਸ ਜੀਵ ਦਾ
ਜਨਮ ਮਰਨ ਦਾ ਦੁੱਖ ਮਿਟਾ ਦਿੰਦਾ ਹੈ ਅਤੇ ਬੜੀ ਮੁਸ਼ਕਲ ਨਾਲ਼ ਮਿਲਣ ਵਾਲ਼ੀ ਉਸ ਦੀ ਇਸ ਮਨੁੱਖਾ ਦੇਹੀ
ਦਾ ਝੱਟ ਪੱਟ ਉਧਾਰ ਕਰ ਦਿੰਦਾ ਹੈ।
ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਨੀ ।। ਏਕੁ
ਨਾਮੁ ਮਨਿ ਮਾਹਿ ਸਮਾਨੀ ।।
ਸੁਖਮਨੀ ਦੇ ਪ੍ਰਭਾਵ ਦੇ ਨਤੀਜੇ ਵਜੋਂ ਉਸ ਜੀਵ ਦੀ ਨੇਕ ਜੀਵ ਦੇ ਤੌਰ ਤੇ ਸ਼ੋਭਾ ਬਣ ਜਾਂਦੀ ਹੈ, ਲੋਕ ਭਲਾ ਪੁਰਖ ਜਾਣ
ਕੇ ਉਸ ਨੂੰ ਸਤਿਕਾਰ ਦੇਣ ਲੱਗ ਪੈਂਦੇ ਹਨ ਅਤੇ ਉਸ ਦੀ ਬੋਲ ਚਾਲ ਅੰਮ੍ਰਿਤ ਵਰਗੀ ਮਿੱਠੀ ਹੋ ਜਾਂਦੀ
ਹੈ। ਕੇਵਲ ਇੱਕ ਪ੍ਰਮਾਤਮਾ ਦਾ ਨਾਮ ਹਰ ਵਕਤ
ਉਸ ਦੇ ਮਨ ਵਿੱਚ ਵਸਿਆ ਰਹਿੰਦਾ ਹੈ।
ਦੂਖ ਰੋਗ ਬਿਨਸੇ ਭੈ ਭਰਮ ।। ਸਾਧ ਨਾਮ ਨਿਰਮਲ ਤਾ
ਕੇ ਕਰਮ ।।
ਉਸ ਦੇ ਸਾਰੇ ਦੁੱਖਾਂ ਅਤੇ ਰੋਗਾਂ ਦਾ ਨਾਸ਼ ਹੋ ਜਾਂਦਾ ਹੈ ਅਤੇ ਉਸ ਦੇ
ਮਨ ਵਿੱਚ ਵਸੇ ਸਾਰੇ ਡਰ ਅਤੇ ਭੁਲੇਖੇ ਦੂਰ ਹੋ ਜਾਂਦੇ ਹਨ ਜਿਨ੍ਹਾਂ ਦੀ ਵਜ੍ਹਾ ਕਰਕੇ ਇਹ ਦੁੱਖ
ਅਤੇ ਰੋਗ ਆਉਂਦੇ ਹਨ। ਉਸ ਦੀ ਮਹਿਮਾ ਇੱਕ ਸੰਤ ਪੁਰਖ ਵਾਲ਼ੀ ਬਣ ਜਾਂਦੀ ਹੈ ਕਿਉਂਕਿ ਉਸ ਦੇ ਕਾਰਜ
ਪਵਿੱਤਰ ਹੋ ਜਾਂਦੇ ਹਨ। ਉਹ ਬੁਰੇ ਕਰਮਾਂ ਤੋਂ ਦੂਰ ਹੋ ਜਾਂਦਾ ਹੈ। ਉਹ ਸ਼ੈਤਾਨ ਉੱਤੇ ਜਿੱਤ ਪਾ ਲੈਂਦਾ ਹੈ ਅਤੇ
ਉਸ ਦੇ ਸਾਰੇ ਕਰਮ ਨਿਰਮਲ ਹੋ ਜਾਂਦੇ ਹਨ। ਉਹ ਮੁਕੰਮਲ ਤੌਰ ਤੇ ਅਤੇ ਸਹੀ ਅਰਥਾਂ ਵਿੱਚ ਇੱਕ ਨੇਕ
ਇਨਸਾਨ ਬਣ ਜਾਂਦਾ ਹੈ।
ਸਭ ਤੇ ਊਚ ਤਾ ਕੀ ਸੋਭਾ ਬਨੀ ।। ਨਾਨਕ ਇਹ ਗੁਣਿ
ਨਾਮੁ ਸੁਖਮਨੀ ।।
ਸੁਖਮਨੀ ਸਾਹਿਬ ਨਾਂ ਦੀ ਬਾਣੀ ਦਾ ਇਹ ਗੁਣ ਹੈ, ਇਹ ਵਡਿਆਈ ਹੈ, ਕਿ ਇਸ
ਦੇ ਉਪਦੇਸ਼ ਤੇ ਅਮਲ ਕਰਨ ਨਾਲ਼ ਉਸ ਜੀਵ ਦੀ ਸ਼ੋਭਾ ਸਭ ਤੋਂ ਉੱਚੀ ਬਣ ਜਾਂਦੀ ਹੈ, ਉਸ ਦਾ ਸਮਾਜ ਵਿੱਚ
ਸਭ ਤੋਂ ਵੱਧ ਸਤਿਕਾਰ ਹੋਣ ਲੱਗ ਪੈਂਦਾ ਹੈ।
Comments
Post a Comment