ਅਸਟਪਦੀ - 5
ਅਸਟਪਦੀ - 5
ਸਲੋਕੁ ।।
ਦੇਨਹਾਰੁ ਪ੍ਰਭ ਛੋਡਿ ਕੈ ਲਾਗਹਿ ਆਨ ਸੁਆਇ ।।
ਨਾਨਕ ਕਹੂ ਨ ਸੀਝਈ ਬਿਨੁ ਨਾਵੈ ਪਤਿ ਜਾਇ ।। ੧ ।।
ਸੁਆਇ - ਮਨੋਰਥ, ਪ੍ਰਯੋਜਨ। ਕਹੂ - ਕਿਤੇ ਵੀ । ਸੀਝਣਾ - ਪ੍ਰਾਪਤ ਹੋਣਾ, ਸਫ਼ਲਤਾ ਮਿਲਣੀ। ਪਤਿ - ਇਜ਼ਤ,।
ਇਹ ਜੀਵ ਦਾਤਾਂ ਦੀ ਬਖ਼ਸ਼ਿਸ਼ ਕਰਨ ਵਾਲ਼ੇ ਮਾਲਕ ਨੂੰ ਭੁੱਲ ਕੇ ਹੋਰ ਹੋਰ
ਵਸਤਾਂ ਦੇ ਮੋਹ ਵਿੱਚ ਫਸ ਕੇ ਉਨ੍ਹਾਂ ਨੂੰ ਹਾਸਲ ਕਰਨ ਦੀ ਦੌੜ ਵਿੱਚ ਲੱਗ ਜਾਂਦਾ ਹੈ। ਇਸ ਨੂੰ
ਮਾਇਆ ਤੋਂ ਬਿਨਾਂ ਹੋਰ ਕੁੱਝ ਦਿਖਾਈ ਹੀ ਨਹੀਂ ਦਿੰਦਾ। ਇਸ ਤਰਾਂ ਕਰਨ ਵਾਲ਼ਾ ਮਨੁੱਖ ਕੁੱਝ ਵੀ ਹਾਸਲ ਨਹੀਂ ਕਰ ਸਕਦਾ। ਨਾਮ ਸਿਮਰਨ ਨਾ
ਕਰਨ ਕਰਕੇ ਸਗੋਂ ਉਹ ਅਪਣੀ ਇੱਜ਼ਤ ਵੀ ਗੁਆ ਬੈਠਦਾ ਹੈ।
ਅਸਟਪਦੀ ।।
ਦਸ ਬਸਤੂ ਲੇ ਪਾਛੈ ਪਾਵੈ ।। ਏਕ ਬਸਤੁ ਕਾਰਨਿ
ਬਿਖੋਟਿ ਗਵਾਵੈ ।।
ਪਾਛੇ ਪਾਵੈ - ਭੁੱਲ ਜਾਂਦਾ ਹੈ, ਪਿੱਛੇ ਸੁਟ ਦਿੰਦਾ ਹੈ। ਬਿਖੋਟਿ - ਵਿਸ਼ਵਾਸ਼, ਭਰੋਸਾ।
ਮਨੁੱਖ ਉਹ ਬਹੁਤ ਸਾਰੀਆਂ ਦਾਤਾਂ ਜੋ ਮਾਲਕ ਨੇ ਉਸ ਨੂੰ ਦਿੱਤੀਆਂ ਹਨ
ਭੁੱਲ ਜਾਂਦਾ ਹੈ। ਇੱਕ ਵਸਤ ਜੋ ਉਹ ਚਾਹੁੰਦਾ ਹੈ ਜਦ ਉਸ ਨੂੰ
ਨਹੀਂ ਮਿਲਦੀ ਤਾਂ ਉਹ ਪਹਿਲਾਂ ਮਿਲੀਆਂ ਦਸ ਦਾਤਾਂ ਨੂੰ ਭੁੱਲ ਜਾਂਦਾ ਹੈ ਅਤੇ ਮਾਲਕ ਵਿੱਚ ਅਪਣਾ
ਭਰੋਸਾ ਗੁਆ ਬੈਠਦਾ ਹੈ।
ਏਕ ਭੀ ਨ ਦੇਇ ਦਸ ਭੀ ਹਿਰਿ ਲੇਇ ।। ਤਉ ਮੂੜਾ
ਕਹੁ ਕਹਾ ਕਰੇਇ ।।
ਹਿਰਿ ਲੇਇ - ਖੋਹ ਲਵੇ। ਮੂੜਾ - ਮੂਰਖ । ਕਹਾ - ਕੀ।
ਉਹ ਇਹ ਨਹੀਂ ਸੋਚਦਾ ਕਿ ਜੇ ਮਾਲਕ ਉਹ ਇੱਕ ਵਸਤ ਵੀ ਨਾ ਦੇਵੇ ਅਤੇ ਜੋ
ਅਨੇਕਾਂ ਦਾਤਾਂ ਉਸ ਨੇ ਦਿੱਤੀਆਂ ਹਨ ਉਹ ਵੀ ਖੋਹ ਲਵੇ ਤਾਂ ਉਹ ਕੀ ਕਰ ਲਵੇਗਾ?
ਜਿਸੁ ਠਾਕੁਰ ਸਿਉ ਨਾਹੀ ਚਾਰਾ ।। ਤਾ ਕਉ ਕੀਜੈ ਸਦ ਨਮਸਕਾਰਾ ।।
ਠਾਕੁਰ - ਮਾਲਕ । ਚਾਰਾ - ਉਪਾਓ, ਤਰੀਕਾ ।
ਜੀਵ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ
ਕਿ ਜਿਸ ਮਾਲਕ ਦੇ ਅੱਗੇ ਕੋਈ ਜ਼ੋਰ ਨਹੀਂ ਚੱਲਦਾ ਉਸ ਦੇ ਅੱਗੇ ਖੁਸ਼ੀ ਖੁਸ਼ੀ ਸਿਰ ਝੁਕਾ ਦੇਣਾ ਹੀ
ਸਿਆਣਪ ਹੈ, ਜੋ ਉਹ ਕਰੇ ਉਸ ਨੂੰ ਖਿੜੇ ਮੱਥੇ ਸਵੀਕਾਰ ਕਰ ਲੈਣਾ ਚਾਹੀਦਾ ਹੈ।
ਜਾ ਕੈ ਮਨਿ ਲਾਗਾ ਪ੍ਰਭੁ ਮੀਠਾ ।। ਸਰਬ ਸੂਖ
ਤਾਹੂ ਮਨਿ ਵੂਠਾ ।।
ਜਾ ਕੈ - ਜਿਸ ਦੇ । ਮਨਿ - ਮਨ ਨੂੰ । ਤਾਹੂ - ਉਸ ਦੇ । ਵੂਠਾ - ਵਸ ਜਾਂਦੇ ਹਨ, ਪ੍ਰਾਪਤ ਹੋ ਜਾਂਦੇ ਹਨ ।
ਜਿਸ ਜੀਵ ਨੂੰ ਮਾਲਕ ਨਾਲ਼ ਪਿਆਰ ਹੋ ਜਾਂਦਾ ਹੈ ਅਤੇ ਉਹ ਮਲਕ ਦੇ ਕੀਤੇ
ਨੂੰ ਖੁਸ਼ੀ ਖੁਸ਼ੀ ਪ੍ਰਵਾਨ ਕਰ ਲੈਂਦਾ ਹੈ ਉਸ ਦੇ ਮਨ ਵਿੱਚ ਸਾਰੇ ਸੁਖ ਵਸ ਜਾਂਦੇ ਹਨ, ਉਸ ਨੂੰ
ਸੰਸਾਰ ਦੇ ਸਭ ਸੁਖ ਮਿਲ ਜਾਂਦੇ ਹਨ।
ਜਿਸ ਜਨ ਅਪਨਾ ਹੁਕਮੁ ਮਨਾਇਆ ।। ਸਰਬ ਥੋਕ ਨਾਨਕ ਤਿਨਿ ਪਾਇਆ ।। ੧ ।।
ਜਨ - ਮਨੁਖ ਨੂੰ, ਜੀਵ ਨੂੰ । ਥੋਕ - ਵਸਤਾਂ, ਪਦਾਰਥ । ਤਿਨਿ - ਉਸ ਨੇ ।
ਜਿਸ ਜੀਵ ਨੂੰ ਪ੍ਰਮਾਤਮਾ ਮਿਹਰ ਕਰ ਕੇ ਅਪਣਾ ਹੁਕਮ ਮੰਨਣ ਦੀ ਸਮਝ ਦੇ
ਦਿੰਦਾ ਹੈ ਉਸ ਨੂੰ ਸਾਰੇ ਹੀ ਪਦਾਰਥ ਮਿਲ ਜਾਂਦੇ ਹਨ, ਕਿਸੇ ਚੀਜ਼ ਦੀ ਘਾਟ ਨਹੀਂ ਰਹਿੰਦੀ।
ਅਗਨਤੁ ਸਾਹੁ ਅਪਨੀ ਦੇ ਰਾਸਿ ।। ਖਾਤ ਪੀਤ ਬਰਤੈ
ਅਨਦ ਉਲਾਸਿ ।।
ਅਗਨਤ - ਅਣਗਿਣਤ, ਅਥਾਹ, ਬੇਅੰਤ । ਸਾਹੁ - ਸ਼ਾਹ, ਸ਼ਾਹੂਕਾਰ । ਰਾਸਿ - ਪੂੰਜੀ, ਰੁਪਿਆ ਪੈਸਾ । ਬਰਤੈ - ਵਰਤਦਾ ਹੈ । ਅਨਦ ਉਲਾਸਿ - ਮੌਜ ਕਰਦਾ ਹੈ, ਅਨੰਦ ਮਾਣਦਾ ਹੈ ।
ਕਈ ਵਾਰ ਕੋਈ ਬੇਅੰਤ ਧਨ ਦਾ ਮਾਲਕ ਅਪਣੀ
ਸਾਰੀ ਦੌਲਤ ਕਿਸੇ ਜੀਵ ਨੂੰ ਦੇ ਕੇ ਕਿਤੇ ਬਾਹਰ ਚਲਿਆ ਜਾਂਦਾ ਹੈ। ਜੀਵ ਉਸ ਦੌਲਤ ਦੇ ਸਿਰ ਤੇ ਰੱਜ
ਰੱਜ ਕੇ ਖਾਂਦਾ ਪੀਂਦਾ ਹੈ ਅਤੇ ਹਰ ਤਰਾਂ ਦਾ ਅਨੰਦ ਮਾਣਦਾ ਹੈ। ਇਸੇ ਤਰਾਂ ਪ੍ਰਮਾਤਮਾ ਨੇ ਬੇਅਂਤ
ਦੌਲਤ ਇਨਸਾਨ ਨੂੰ ਬਖਸ਼ਿਸ਼ ਕੀਤੀ ਹੋਈ ਹੈ ਅਤੇ ਉਹ ਉਸ ਦਾ ਅਨੰਦ ਮਾਣ ਰਿਹਾ ਹੈ।
ਅਪੁਨੀ ਅਮਾਨ ਕਛੁ ਬਹੁਰਿ ਸਾਹੁ ਲੇਇ ।। ਅਗਿਆਨੀ
ਮਨਿ ਰੋਸਿ ਕਰੇਇ ।।
ਅਮਾਨ - ਅਮਾਨਤ । ਬਹੁਰਿ - ਮੁੜ ਕੇ, ਵਾਪਸ ਆ ਕੇ । ਕਛੁ - ਕੁੱਝ, ਥੋੜੀ ਜਿਹੀ । ਰੋਸਿ - ਗੁੱਸਾ ।
ਪਰ ਜੇ ਮਾਲਕ ਵਾਪਸ ਆ ਕੇ ਅਪਣੀ ਹੀ ਦਿੱਤੀ ਦੌਲਤ ਵਿੱਚੋਂ ਥੋੜੀ ਜਿਹੀ
ਵਾਪਸ ਲੈ ਲਵੇ ਤਾਂ ਇਸ ਦਾ ਮੂਰਖ ਜੀਵ ਗੁੱਸਾ ਕਰਦਾ ਹੈ, ਬੁਰਾ ਮਨਾਉਂਦਾ ਹੈ। ਇਸੇ ਤਰਾਂ ਜੇ
ਪ੍ਰਮਾਤਮਾ ਅਪਣੇ ਬਖਸ਼ੇ ਖ਼ਜ਼ਾਨਿਆਂ ਵਿੱਚੋਂ ਥੋੜਾ ਜਿਹਾ ਹਿੱਸਾ ਵੀ ਵਾਪਸ ਲੈ ਲਵੇ ਤਾਂ ਇਨਸਾਨ ਬੁਰਾ
ਮਨਾਉਂਦਾ ਹੈ।
ਅਪਨੀ ਪਰਤੀਤਿ ਆਪ ਹੀ ਖੋਵੈ ।। ਬਹੁਰਿ ਉਸ ਕਾ
ਬਿਸ੍ਵਾਸੁ ਨ ਹੋਵੈ ।।
ਪਰਤੀਤਿ - ਭਰੋਸਾ, ਵਿਸ਼ਵਾਸ਼ । ਬਹੁਰਿ - ਮੁੜ ਕੇ, ਦੁਬਾਰਾ ।
ਇਸ ਤਰਾਂ ਕਰ ਕੇ ਇਨਸਾਨ ਅਪਣਾ ਵਿਸ਼ਵਾਸ਼ ਆਪ
ਹੀ ਗੁਆ ਲੈਂਦਾ ਹੈ। ਮੁੜ ਕੇ ਮਾਲਕ ਉਸ ਤੇ ਭਰੋਸਾ ਨਹੀਂ ਕਰਦਾ।
ਜਿਸ ਕੀ ਬਸਤੁ ਤਿਸੁ ਆਗੈ ਰਾਖੈ ।। ਪ੍ਰਭ ਕੀ
ਆਗਿਆ ਮਾਨੈ ਮਾਥੈ ।।
ਪ੍ਰਭ - ਮਾਲਕ ।
ਸਿਆਣਪ ਇਸ ਗੱਲ ਵਿੱਚ ਹੈ ਕਿ ਇਹ ਦੌਲਤ ਜਿਸ ਦੀ ਦਿੱਤੀ ਹੋਈ ਹੈ, ਖੁਸ਼ੀ
ਖੁਸ਼ੀ ਉਸ ਦੇ ਅੱਗੇ ਰੱਖ ਦੇਣੀ ਚਾਹੀਦੀ ਹੈ। ਉਸ ਦੇ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕਰ ਲੈਣਾ
ਚਾਹੀਦਾ ਹੈ।
ਉਸ ਤੇ ਚਉਗੁਨ ਕਰੈ ਨਿਹਾਲੁ ।। ਨਾਨਕ ਸਾਹਿਬੁ ਸਦਾ ਦਇਆਲੁ ।। ੨ ।।
ਚਉਗੁਨ - ਚੌਗਣਾ । ਨਿਹਾਲੁ - ਖੁਸ਼, ਅਨੰਦਿਤ । ਦਇਆਲੁ - ਕ੍ਰਿਪਾਲੂ, ਮਿਹਰਬਾਨ ।
ਜਦੋਂ ਜੀਵ ਇਸ ਤਰਾਂ ਕਰਦਾ ਹੈ ਤਾਂ ਮਾਲਕ ਖੁਸ਼ ਹੋ ਕੇ ਪਹਿਲਾਂ ਨਾਲ਼ੋਂ
ਵੀ ਕਿਤੇ ਵੱਧ ਦਾਤਾਂ ਉਸ ਦੀ ਝੋਲ਼ੀ ਵਿੱਚ ਪਾ ਕੇ ਉਸ ਨੂੰ ਨਿਹਾਲ ਕਰ ਦਿੰਦਾ ਹੈ। ਗੁਰੂ ਜੀ ਇਹ
ਸਿੱਖਿਆ ਦਿੰਦੇ ਹਨ ਕਿ ਉਸ ਮਾਲਕ ਦਾ ਸੁਭਾਅ ਤਾਂ ਸਦਾ ਹੀ ਦਿਆਲਤਾ ਭਰਪੂਰ ਹੈ। ਉਹ ਤਾਂ ਦਾਤਾਂ ਦੇ
ਕੇ ਖੁਸ਼ ਹੁੰਦਾ ਹੈ।
ਅਨਿਕ ਭਾਤਿ ਮਾਇਆ ਕੇ ਹੇਤ ।। ਸਰਪਰ ਹੋਵਤ ਜਾਨੁ
ਅਨੇਤ ।।
ਹੇਤ - ਮੋਹ, ਪਿਆਰ । ਸਰਪਰ - ਜ਼ਰੂਰ ਹੀ, ਯਕੀਨਨ । ਹੋਵਤ - ਹੋਣਾ ਹੈ ।ਜਾਨੁ - ਜਾਣਦਾ ਹੈ, ਸਮਝਦਾ ਹੈ । ਅਨੇਤ - ਨਾ ਹੋਣ ਵਾਲ਼ਾ, ਜੋ ਕਦੇ ਨਹੀਂ ਹੁੰਦਾ।
ਇਹ ਜੀਵ ਸੰਸਾਰ ਵਿੱਚ ਆ ਕੇ ਮਾਇਆ ਦੇ ਅਨੇਕਾਂ ਰੂਪਾਂ ਦੇ ਮੋਹ ਵਿੱਚ ਫਸ
ਜਾਂਦਾ ਹੈ। ਜੋ ਯਕੀਨਨ ਹੋਣਾ ਹੈ ਉਸ ਉੱਤੇ ਸ਼ੰਕਾ ਕਰਨ ਲੱਗ ਪੈਂਦਾ ਹੈ ਅਰਥਾਤ ਇਹ ਗੱਲ ਭੁੱਲ
ਜਾਂਦਾ ਹੈ ਕਿ ਇੱਕ ਦਿਨ ਇਸ ਮਾਇਆਵੀ ਸੰਸਾਰ ਨੂੰ ਉਸ ਨੇ ਛੱਡ ਜਾਣਾ ਹੈ।
ਬਿਰਖ ਕੀ ਸਾਇਆ ਸਿਉ ਰੰਗੁ ਲਾਵੈ ।। ਓਹ ਬਿਨਸੈ ਉਹੁ
ਮਨਿ ਪਛੁਤਾਵੈ ।।
ਰੰਗੁ ਪਿਆਰ । ਬਿਨਸੈ - ਬਿਣਸ ਜਾਂਦੀ ਹੈ, ਖਤਮ ਹੋ ਜਾਂਦੀ ਹੈ ।
ਜੀਵ ਮਾਇਆ ਨਾਲ਼ ਪਿਆਰ ਪਾ ਕੇ ਬੈਠ ਜਾਂਦਾ ਹੈ ਜਿਹੜੀ ਦਰਖਤ ਦੀ ਛਾਂ ਦੀ
ਤਰਾਂ ਹੈ। ਜਿਸ ਤਰਾਂ ਦਰਖਤ ਦੀ ਛਾਂ ਦਿਨ ਢਲ਼ਨ ਨਾਲ਼ ਢਲ਼ ਜਾਂਦੀ ਹੈ, ਉਸੇ ਤਰਾਂ ਮਾਇਆ ਵੀ ਇਨਸਾਨ ਕੋਲ਼ ਸਦਾ ਨਹੀਂ ਰਹਿਂਦੀ, ਸਮਾਂ ਪੈਣ ਨਾਲ਼
ਹੱਥੋਂ ਨਿਕਲ਼ ਜਾਂਦੀ ਹੈ। ਜਦੋਂ ਇਹ ਮਾਇਆ ਉਸ ਨੂੰ ਛੱਡ ਜਾਂਦੀ ਹੈ ਤਾਂ ਉਹ ਅਪਣੇ ਮਨ ਅੰਦਰ ਅਪਣੇ
ਕੀਤੇ ਤੇ ਦੁਖੀ ਹੁੰਦਾ ਹੈ ਅਤੇ ਪਛਤਾਉਂਦਾ ਹੈ।
ਜੋ ਦੀਸੈ ਸੋ ਚਾਲਨਹਾਰੁ ।। ਲਪਟਿ ਰਹਿਓ ਤਹ ਅੰਧ
ਅੰਧਾਰੁ ।।
ਚਾਲਨਹਾਰੁ - ਨਾਸ਼ਵਾਨ, ਚਲਿਆ ਜਾਣ ਵਾਲ਼ਾ । ਲਪਟ ਰਹਿਓ - ਚਿੰਬੜਿਆ ਹੋਇਆ ਹੈ, ਪਿਆਰ ਪਾਈ ਬੈਠਾ ਹੈ।
ਇਸ ਸੰਸਾਰ ਵਿੱਚ ਜੋ ਕੁੱਝ ਵੀ ਦ੍ਰਿਸ਼ਟਮਾਨ ਹੈ ਉਹ ਟਿਕਾਊ ਨਹੀਂ,
ਚੱਲਣਹਾਰ ਹੈ। ਪਰ ਇਹ ਅਕਲ ਦਾ ਅੰਨ੍ਹਾ ਮਨੁੱਖ ਇਸ ਸਚਾਈ ਨੂੰ ਨਹੀਂ ਸਮਝਦਾ ਅਤੇ ਚੱਲਣਹਾਰ ਨੂੰ
ਚੰਬੜਿਆ ਬੈਠਾ ਹੈ।
ਬਟਾਊ ਸਿਉ ਜੋ ਲਾਵੈ ਨੇਹ ।। ਤਾ ਕਉ ਹਾਥਿ ਨ ਆਵੈ
ਕੇਹ ।।
ਬਟਾਊ - ਮਹਿਮਾਨ, ਪ੍ਹਾਹੁਣਾ । ਤਾ ਕਉ - ਉਸ ਦੇ । ਕੇਹ - ਕੁੱਝ ਵੀ ।
ਮੁਸਾਫ਼ਰ ਕਦੇ ਵੀ ਇੱਕ ਥਾਂ ਤੇ ਟਿਕ ਕੇ ਨਹੀਂ ਬੈਠਦਾ, ਥੋੜੀ ਦੇਰ ਰੁਕਣ
ਤੋਂ ਬਾਦ ਅੱਗੇ ਚਲਿਆ ਜਾਂਦਾ ਹੈ। ਜਿਹੜਾ ਇਨਸਾਨ ਮੁਸਾਫ਼ਰ ਨਾਲ਼ ਪਿਆਰ ਪਾਉਂਦਾ ਹੈ ਉਸ ਦੇ ਕੁੱਝ
ਹੱਥ ਨਹੀਂ ਆਉਂਦਾ, ਉਸ ਨੂੰ ਅੰਤ ਪਛਤਾਉਣਾ ਪੈਂਦਾ ਹੈ। ਇਸੇ ਤਰਾਂ ਮਾਇਆ ਵੀ ਕਦੇ ਇੱਕ ਥਾਂ ਟਿਕ
ਕੇ ਨਹੀਂ ਰਹਿੰਦੀ, ਆਉਂਦੀ ਜਾਂਦੀ ਰਹਿੰਦੀ ਹੈ। ਇਸ ਨਾਲ਼ ਪਿਆਰ ਪਾਉਣ ਵਾਲ਼ੇ ਦੇ ਹੱਥ ਦੁੱਖ ਅਤੇ ਪਛਤਾਵੇ ਤੋਂ ਬਿਨਾਂ ਹੋਰ
ਕੁੱਝ ਨਹੀਂ ਆਉਂਦਾ।
ਮਨ ਹਰਿ ਕੇ ਨਾਮ ਕੀ ਪ੍ਰੀਤਿ ਸੁਖਦਾਈ ।। ਕਰਿ
ਕਿਰਪਾ ਨਾਨਕ ਆਪਿ ਲਏ ਲਾਈ ।। ੩ ।।
ਗੁਰੂ ਜੀ ਅਪਣੇ ਮਨ ਨੂੰ ਸੰਬੋਧਿਤ ਹੋ ਕੇ ਸਾਨੂੰ ਸਿੱਖਿਆ ਦਿੰਦੇ ਹਨ ਕਿ
ਪ੍ਰਮਾਤਮਾ ਦੇ ਨਾਮ ਦਾ ਪਿਆਰ ਸਦਾ ਹੀ ਸੁਖਾਂ ਦਾ ਸੋਮਾ ਹੈ, ਇਸ ਕਰ ਕੇ ਮਾਇਆ ਨੂੰ ਛੱਡ ਕੇ
ਪ੍ਰਮਾਤਮਾ ਨਾਲ਼ ਪਿਆਰ ਕਰਨਾ ਸਿੱਖੋ। ਜਿਸ ਤੇ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਉਸ ਨੂੰ ਉਹ ਆਪ
ਹੀ ਅਪਣੇ ਨਾਲ਼ ਜੋੜ ਲੈਂਦਾ ਹੈ।
ਮਿਥਿਆ ਤਨੁ ਧਨੁ ਕੁਟੰਬੁ ਸਬਾਇਆ ।। ਮਿਥਿਆ ਹਉਮੈ
ਮਮਤਾ ਮਾਇਆ ।।
ਮਿਥਿਆ - ਝੂਠ, ਨਾ ਰਹਿਣ ਵਾਲ਼ਾ । ਕੁਟੰਬੁ - ਪਰਿਵਾਰ । ਸਬਾਇਆ - ਸਾਰਾ ਹੀ ।
ਸੰਸਾਰ ਵਿੱਚ ਸਾਡਾ ਇਹ ਸਰੀਰ, ਧਨ ਦੌਲਤ, ਅਤੇ ਪਰਿਵਾਰ ਸਭ ਝੂਠ ਹੈ,
ਅਸਥਾਈ ਹੈ। ਸਾਡਾ ਹੰਕਾਰ, ਸਾਡੀ ਮਮਤਾ ਅਤੇ ਮਾਇਆ ਸਭ ਝੂਠ ਹਨ। ਇਹ ਸਾਰੀਆਂ ਚੀਜ਼ਾਂ ਸਮੇ ਦੇ ਨਾਲ਼
ਖ਼ਤਮ ਹੋ ਜਾਂਦੀਆਂ ਹਨ, ਸਦਾ ਲਈ ਨਹੀਂ ਰਹਿੰਦੀਆਂ ਅਤੇ ਨਾ ਹੀ ਮੌਤ ਤੋਂ ਬਾਦ ਸਾਡਾ ਸਾਥ ਦਿੰਦੀਆਂ
ਹਨ।
ਮਿਥਿਆ ਰਾਜ ਜੋਬਨ ਧਨ ਮਾਲ ।। ਮਿਥਿਆ ਕਾਮ ਕ੍ਰੋਧ ਬਿਕਰਾਲ ।।
ਬਿਕਰਾਲ - ਭਿਆਨਕ, ਡਰਾਵਣਾ ।
ਸਾਡਾ ਰਾਜ ਭਾਗ ਅਰਥਾਤ ਜੋ ਦੂਜਿਆਂ ਉੱਤੇ ਸਾਨੂੰ ਤਾਕਤ ਹਾਸਲ ਹੈ, ਸਾਡੀ ਜਵਾਨੀ ਅਤੇ ਧਨ ਸੰਪਦਾ ਸਭ ਝੂਠ ਹਨ, ਚਲਾਇਮਾਨ ਹਨ। ਕਾਮ
ਅਤੇ ਕ੍ਰੋਧ ਦੇ ਭਿਆਨਕ ਜਜ਼ਬੇ ਵੀ ਝੂਠ ਹਨ, ਸਥਾਈ ਨਹੀਂ। ਇਹ ਸਭ ਵਸਤਾਂ ਭੁਲੇਖਾ ਪਾਉਣ ਵਾਲ਼ੀਆਂ
ਹਨ। ਸਾਨੂੰ ਲੱਗਦਾ ਹੈ ਕਿ ਇਹ ਸਾਨੂੰ ਖੁਸ਼ੀ ਦਿੰਦੀਆਂ ਹਨ ਪਰ ਅਸਲ ਵਿੱਚ ਇਹ ਕੋਈ ਖੁਸ਼ੀ ਨਹੀਂ ਦੇ
ਸਕਦੀਆਂ।
ਮਿਥਿਆ ਰਥ ਹਸਤੀ ਅਸ੍ਵ ਬਸਤ੍ਰਾ ।। ਮਿਥਿਆ ਰੰਗ ਸੰਗਿ ਮਾਇਆ ਪੇਖਿ ਹਸਤਾ ।।
ਹਸਤੀ - ਹਾਥੀ । ਅਸ਼੍ਵ - ਘੋੜੇ । ਬਸਤ੍ਰਾ - ਕੱਪੜੇ । ਰੰਗਿ - ਰੰਗ ਤਮਾਸ਼ੇ । ਸੰਗਿ - ਸੰਗੀ ਸਾਥੀ, ਦੋਸਤ ਮਿੱਤਰ । ਪੇਖਿ - ਦੇਖ ਕੇ । ਹਸਤਾ - ਹਸਦਾ ਹੈ, ਖੁਸ਼ ਹੁੰਦਾ ਹੈ ।
ਸਾਡੀ ਮਲਕੀਅਤ ਦੀਆਂ ਸਭ ਚੀਜ਼ਾਂ ਜਿਵੇਂ ਰਥ, ਹਾਥੀ, ਘੋੜੇ ਅਤੇ ਸੋਹਣੇ
ਸੋਹਣੇ ਕੱਪੜੇ ਸਭ ਝੂਠ ਹਨ, ਛਲਾਵਾ ਹਨ, ਚਾਰ ਦਿਨਾਂ ਦੀ ਖੇਡ ਹਨ। ਦੁਨੀਆਂ ਦੇ ਸੁੰਦਰ ਨਜ਼ਾਰੇ,
ਸੰਗੀ ਸਾਥੀ ਅਤੇ ਮਾਇਆ ਜਿਨ੍ਹਾਂ ਨੂੰ ਵੇਖ ਵੇਖ ਕੇ ਅਸੀਂ ਖੁਸ਼ ਹੁੰਦੇ ਹਾਂ ਸਭ ਝੂਠ ਹਨ, ਚਾਰ
ਦਿਨਾਂ ਦੀ ਚਾਨਣੀ ਹਨ। ਇਹ ਸਭ ਕੁੱਝ ਇੱਕ ਧੋਖਾ ਹੈ ਜਿਸ ਨੂੰ ਅਸੀਂ ਸੱਚ ਮੰਨੀ ਬੈਠੇ ਹਾਂ।
ਮਿਥਿਆ ਧ੍ਰੋਹ ਮੋਹ ਅਭਿਮਾਨੁ ।। ਮਿਥਿਆ ਆਪਸ
ਊਪਰਿ ਕਰਤ ਗੁਮਾਨੁ ।।
ਧ੍ਰੋਹ - ਧੋਖਾ, ਵਲ਼ ਛਲ਼ । ਆਪਸ - ਅਪਣੇ ।
ਸਾਡਾ ਵਲ ਛਲ, ਮੋਹ ਮਮਤਾ ਅਤੇ ਅਭਿਮਾਨ ਸਭ ਝੂਠ ਹਨ। ਅਪਣੇ ਆਪ ਉੱਤੇ,
ਅਪਣੀ ਤਾਕਤ, ਦੌਲਤ, ਸੁੰਦਰਤਾ ਆਦਿ ਜਿਨ੍ਹਾਂ ਉੱਤੇ ਅਸੀਂ ਹੰਕਾਰ ਕਰਦੇ ਹਾਂ ਉਹ ਸਭ ਵੀ ਝੂਠ ਹਨ,
ਇੱਕ ਧੋਖਾ ਹਨ, ਇੱਕ ਛਲ ਹਨ।
ਅਸਥਿਰ ਭਗਤਿ ਸਾਧ ਕੀ ਸਰਨ ।। ਨਾਨਕ ਜਪਿ ਜਪਿ
ਜੀਵੈ ਹਰਿ ਕੇ ਚਰਨ ।। ੪ ।।
ਅਸਥਿਰ - ਸਦੀਵੀ । ਭਗਤਿ - ਭਗਤੀ ।
ਕੇਵਲ ਸੰਤ ਪੁਰਖਾਂ ਦੀ ਸ਼ਰਨ ਵਿੱਚ ਆ ਕੇ ਪ੍ਰਭੂ ਦੀ ਭਗਤੀ ਕਰਨਾ ਹੀ
ਸਦੀਵੀ ਤੌਰ ਤੇ ਸਾਡਾ ਸਾਥ ਦੇਣ ਵਾਲ਼ੀ ਚੀਜ਼ ਹੈ। ਇਸ ਕਰਕੇ ਹਰੀ ਦੇ ਸੇਵਕ ਹਰ ਵੇਲ਼ੇ ਹਰੀ ਦੇ
ਚਰਨਾ ਦਾ ਧਿਆਨ ਧਰ ਕੇ ਉਸ ਦੇ ਨਾਮ ਦਾ ਸਿਮਰਨ ਕਰਦੇ ਹੋਏ ਹੀ ਅਪਣਾ ਜੀਵਨ ਬਤੀਤ ਕਰਦੇ ਹਨ। ਸਦਾ
ਪ੍ਰਭੂ ਦੇ ਚਰਨਾਂ ਨਾਲ਼ ਜੁੜੇ ਰਹਿਣ ਕਰਕੇ ਉਹ ਕਦੇ ਨਹੀਂ ਡੋਲਦੇ।
ਮਿਥਿਆ ਸ੍ਰਵਨ ਪਰ ਨਿੰਦਾ ਸੁਨਹਿ ।। ਮਿਥਿਆ ਹਸਤ
ਪਰ ਦਰਬ ਕਉ ਹਿਰਹਿ ।।
ਸ੍ਰਵਨ - ਕੰਨ । ਹਸਤ - ਹੱਥ । ਪਰ - ਪਰਾਇਆ । ਦਰਬ - ਧਨ । ਕਉ - ਨੂੰ । ਹਿਰਹਿ - ਚੁਰਾਉਂਦੇ ਹਨ ।
ਉਹ ਕੰਨ ਬੇਕਾਰ ਹਨ ਜਿਹੜੇ ਦੂਜੇ ਦੀ ਨਿੰਦਿਆ ਸੁਣ ਕੇ ਖੁਸ਼ ਹੁੰਦੇ ਹਨ।
ਉਹ ਹੱਥ ਬੇਕਾਰ ਹਨ ਜਿਹੜੇ ਪਰਾਏ ਧਨ ਨੂੰ ਚੁਰਾ ਕੇ ਖੁਸ਼ ਹੁੰਦੇ ਹਨ।
ਮਿਥਿਆ ਨੇਤ੍ਰ ਪੇਖਤ ਪਰ ਤ੍ਰਿਅ ਰੂਪਾਦਿ ।। ਮਿਥਿਆ ਰਸਨਾ ਭੋਜਨ ਅਨ ਸ੍ਵਾਦ ।।
ਪੇਖਤ - ਵੇਖਣਾ । ਪਰ - ਬਿਗਾਨੀ । ਤ੍ਰਿਅ - ਇਸਤਰੀ । ਰੂਪਾਦਿ - ਸੁੰਦਰਤਾ, ਹੁਸਨ । ਰਸਨਾ - ਜੀਭ । ਅਨ - ਹੋਰ ।
ਉਹ ਅੱਖਾਂ ਬੇਕਾਰ ਹਨ ਜਿਹੜੀਆਂ ਪਰਾਈ ਇਸਤਰੀ ਦੀ ਸੁੰਦਰਤਾ ਨੂੰ ਵੇਖ ਕੇ
ਖੁਸ਼ ਹੁੰਦੀਆਂ ਹਨ। ਉਹ ਜੀਭ ਵੀ ਬੇਕਾਰ ਹੈ ਜਿਹੜੀ ਤਰਾਂ ਤਰਾਂ ਦੇ ਭੋਜਨ ਪਦਾਰਥਾਂ ਅਤੇ ਹੋਰ ਖਾਣ
ਦੀਆਂ ਵਸਤਾਂ ਦੇ ਸੁਆਦ ਮਾਣਨ ਵਿੱਚ ਗ੍ਰਸਤ ਰਹਿੰਦੀ ਹੈ।
ਮਿਥਿਆ ਚਰਨ ਪਰ ਬਿਕਾਰ ਕਉ ਧਾਵਹਿ ।। ਮਿਥਿਆ ਮਨ
ਪਰ ਲੋਭ ਲੁਭਾਵਹਿ ।।
ਚਰਨ - ਪੈਰ । ਬਿਕਾਰ - ਬੁਰੇ ਕੰਮ । ਕਉ - ਨੂੰ । ਧਾਵਹਿ - ਭੱਜ ਕੇ ਜਾਂਦੇ ਹਨ । ਲੋਭ - ਧਨ
ਉਹ ਪੈਰ ਵੀ ਬੇਕਾਰ ਹਨ ਜੋ ਕਿਸੇ ਦੂਜੇ ਦਾ ਬੁਰਾ ਕਰਨ ਲਈ ਦੌੜ ਕੇ
ਜਾਂਦੇ ਹਨ। ਉਹ ਮਨ ਵੀ ਬੇਕਾਰ ਹੈ ਜਿਹੜਾ ਪਰਾਏ ਧਨ ਨੂੰ
ਵੇਖ ਕੇ ਉਸ ਨੂੰ ਹਥਿਆਉਣ ਲਈ ਲਲਚਾਉਂਦਾ ਹੈ।
ਮਿਥਿਆ ਤਨ ਨਹੀ ਪਰਉਪਕਾਰਾ ।। ਮਿਥਿਆ ਬਾਸੁ ਲੇਤ
ਬਿਕਾਰਾ ।।
ਪਰਉਪਕਾਰਾ - ਦੂਜੇ ਦੀ ਭਲਾਈ । ਬਾਸੁ - ਨੱਕ, ਸੁੰਘਣ ਸ਼ਕਤੀ । ਲੇਤ ਬਿਕਾਰਾ - ਵਿਕਾਰਾਂ ਨੂੰ ਜਨਮ ਦਿੰਦਾ ਹੈ।
ਉਹ ਸਰੀਰ ਬੇਕਾਰ ਹੈ ਜਿਹੜਾ ਕਿਸੇ ਦੂਜੇ ਦਾ ਭਲਾ ਨਹੀਂ ਕਰਦਾ। ਉਹ ਨੱਕ
ਵੀ ਬੇਕਾਰ ਹੈ ਜਿਹੜਾ ਵਿਕਾਰਾਂ ਨੂੰ ਜਨਮ ਦੇਣ ਵਾਲ਼ੀਆਂ ਵਸਤਾਂ ਦੀ ਵਾਸ਼ਨਾ ਵਿੱਚ ਖੁਭਿਆ
ਰਹਿੰਦਾ ਹੈ।
ਬਿਨ ਬੂਝੇ ਮਿਥਿਆ ਸਭ ਭਏ ।। ਸਫਲ ਦੇਹ ਨਾਨਕ ਹਰਿ
ਹਰਿ ਨਾਮ ਲਏ ।। ੫ ।।
ਬਿਨ ਬੂਧੇ - ਬਿਨਾਂ ਪ੍ਰਮਾਤਮਾ ਨੂੰ ਸਮਝੇ । ਦੇਹ - ਸਰੀਰ ।
ਸਰੀਰ ਦੇ ਸਾਰੇ ਅੰਗ ਹੀ ਬੇਕਾਰ ਹਨ ਜੇ ਉਹ ਪ੍ਰਮਾਤਮਾ ਦੀ ਸਮਝ ਹਾਸਲ ਕਰ
ਕੇ ਉਸ ਦੀ ਸੇਵਾ ਵਿੱਚ ਨਹੀਂ ਲੱਗਦੇ। ਇਹ ਸਾਡਾ ਸਰੀਰ ਤਾਂ ਹੀ ਸਫਲ ਹੈ ਜੇ ਅਸੀਂ ਇਸ ਨੂੰ ਹਰੀ ਦੇ
ਨਾਮ ਦੇ ਸਿਮਰਨ ਅਤੇ ਉਸ ਦੀ ਸੇਵਾ ਵਿੱਚ ਲਾਈਏ।
ਬਿਰਥੀ ਸਾਕਤ ਕੀ ਆਰਜਾ ।। ਸਾਚ ਬਿਨਾ ਕਹ ਹੋਵਤ
ਸੂਚਾ ।।
ਸਾਕਤ - ਪ੍ਰਮਾਤਮਾ ਵਿੱਚ ਵਿਸ਼ਵਾਸ਼ ਨਾ ਰੱਖਣ ਵਾਲ਼ਾ ਮਨੁੱਖ, ਮਨਮੁਖ । ਆਰਜਾ - ਸਾਚ - ਸਦਾ ਰਹਿਣ ਵਾਲ਼ਾ ਪ੍ਰਮਾਤਮਾ (ਲੰਮੀ) ਉਮਰ । ਕਹ - ਕਿਵੇਂ । ਸੂਚਾ - ਪਵਿੱਤਰ ।
ਮਨਮੁਖ ਇਨਸਾਨ ਦੀ ਲੰਮੀ ਉਮਰ ਵੀ ਬੇਕਾਰ ਹੈ। ਜੇ ਇਨਸਾਨ ਅਪਣੇ ਆਪ ਨੂੰ ਪ੍ਰਮਾਤਮਾ
ਦੀ ਸੇਵਾ ਵਿੱਚ ਲਾ ਕੇ ਉਸ ਨਾਲ਼ ਅਭੇਦਤਾ ਪ੍ਰਾਪਤ ਨਹੀਂ ਕਰਦਾ ਤਾਂ ਲੰਮੀ ਉਮਰ ਪਾਉਣ ਦੇ ਬਾਵਜੂਦ
ਉਹ ਪਵਿੱਤਰ ਜਾਂ ਮਹਾਨ ਨਹੀਂ ਬਣ ਸਕਦਾ, ਮੁਕਤੀ ਨਹੀਂ ਪਾ ਸਕਦਾ।
ਬਿਰਥਾ ਨਾਮ ਬਿਨਾ ਤਨੁ ਅੰਧ ।। ਮੁਖਿ ਆਵਤ ਤਾ ਕੈ
ਦੁਰਗੰਧ ।।
ਤਨੁ - ਸਰੀਰ । ਤਾ ਕੈ - ਉਸ ਦੇ ।
ਅਸੀਂ ਅੰਨ੍ਹੇ ਹਾਂ, ਮੂਰਖ ਹਾਂ ਜੇ ਅਸੀਂ ਨਾਮ ਨਹੀਂ ਜੱਪਦੇ। ਨਾਮ ਜੱਪਣ
ਤੋਂ ਬਿਨਾ ਸਾਡਾ ਸਰੀਰ ਹੀ ਬੇਕਾਰ ਹੈ। ਨਾਮ ਤੋਂ ਵਿਹੂਣੇ ਇਲਸਾਨ ਦੇ ਮੂੰਹ ਵਿੱਚੋਂ ਬਦਬੂ ਆਉਂਦੀ
ਹੈ।
ਬਿਨੁ ਸਿਮਰਨ ਦਿਨੁ ਰੈਨਿ ਬ੍ਰਿਥਾ ਬਿਹਾਇ ।। ਮੇਘ
ਬਿਨਾ ਜਿਉ ਖੇਤੀ ਜਾਇ ।।
ਰੈਨਿ - ਰਾਤ । ਬਿਹਾਇ - ਬੀਤਦਾ ਹੈ । ਮੇਘ - ਬੱਦਲ਼ ।
ਨਾਮ ਜੱਪਣ ਤੋਂ ਬਿਨਾ ਸਾਡੇ ਦਿਨ ਅਤੇ ਰਾਤਾਂ ਬੇਕਾਰ ਬੀਤਦੇ ਹਨ, ਸਾਡਾ
ਸਮਾਂ ਕਿਸੇ ਅਰਥ ਨਹੀਂ ਲੱਗਦਾ। ਸਾਡਾ ਜੀਵਨ ਬੇਅਰਥ ਬਰਬਾਦ ਹੁੰਦਾ ਰਹਿੰਦਾ ਹੈ ਜਿਵੇਂ ਬੱਦਲ਼ ਦੇ
ਬਰਸਣ ਤੋਂ ਬਿਨਾ ਖੇਤੀ ਬਰਬਾਦ ਹੋ ਜਾਂਦੀ ਹੈ।
ਗੋਬਿੰਦ ਭਜਨ ਬਿਨੁ ਬ੍ਰਿਥੇ ਸਭ ਕਾਮ ।। ਜਿਉ
ਕਿਰਪਨ ਕੇ ਨਿਰਾਰਥ ਦਾਮ ।।
ਬ੍ਰਿਥੇ - ਬੇਅਰਥ । ਜਿਉ - ਜਿਵੇਂ । ਕਿਰਪਨ - ਕੰਜੂਸ । ਦਾਮ - ਧਨ, ਪੈਸਾ ।
ਪ੍ਰਮਾਤਮਾ ਦੇ ਭਜਨ ਤੋਂ ਬਿਨਾ ਬਾਕੀ ਸਾਰੇ ਕੰਮ ਫ਼ਜ਼ੂਲ ਹਨ, ਉਨ੍ਹਾਂ ਦਾ
ਕੋਈ ਲਾਭ ਨਹੀਂ। ਸਾਡੇ ਕੀਤੇ ਹੋਰ ਸਾਰੇ ਕੰਮ ਉਸੇ ਤਰਾਂ ਸਾਡੀ ਕੋਈ ਸਹਾਇਤਾ ਨਹੀਂ ਕਰ ਸਕਦੇ ਜਿਵੇਂ
ਕੰਜੂਸ ਦਾ ਧਨ ਉਸ ਦੇ ਕਿਸੇ ਕੰਮ ਦਾ ਨਹੀਂ ਆਉਂਦਾ।
ਧੰਨਿ ਧੰਨਿ ਤੇ ਜਨ ਜਿਹ ਘਟਿ ਬਸਿਓ ਹਰਿ ਨਾਉ ।।
ਨਾਨਕ ਤਾ ਕੈ ਬਲਿ ਬਲਿ ਜਾਉ ।। ੬ ।।
ਘਟਿ - ਸਰੀਰ, ਹਿਰਦਾ । ਜਨ - ਇਨਸਾਨ ।
ਉਹ ਇਨਸਾਨ ਧੰਨ ਹਨ, ਮਹਾਨ ਹਨ, ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਮਤਾ
ਦਾ ਨਾਮ ਵਸਿਆ ਹੋਇਆ ਹੈ। ਗੁਰੂ ਜੀ ਅਜਿਹੇ ਮਹਾਨ ਇਨਸਾਨਾਂ ਦੇ ਵਾਰੇ ਵਾਰੇ ਜਾਂਦੇ ਹਨ।
ਰਹਤ ਅਵਰ ਕਛੁ ਅਵਰ ਕਮਾਵਤ ।। ਮਨਿ ਨਹੀ ਪ੍ਰੀਤਿ
ਮੁਖਹੁ ਗੰਢ ਲਾਵਤ ।।
ਰਹਤ - ਰਹਿਣੀ, ਦਿਖਾਵੇ ਦਾ ਜੀਵਨ ਢੰਗ । ਅਵਰ - ਹੋਰ । ਕਮਾਵਤ - ਕਰਨੀ । ਮੁਖਹੁ - ਮੂੰਹ ਤੋਂ, ਜ਼ਬਾਨੀ ਜ਼ਬਾਨੀ। ਗੰਢ - ਪਿਆਰ । ਲਾਵਤ - ਲਾਉਂਦੇ ਹਨ, ਦਿਖਾਉਂਦੇ ਹਨ ।
ਬਹੁਤੇ ਇਨਸਾਨਾਂ ਦੇ ਬਾਹਰਲੇ ਦਿਖਾਵੇ ਦੇ ਰਹਿਣ ਢੰਗ ਵਿੱਚ ਅਤੇ ਅਸਲ ਕਰਮਾਂ
ਵਿੱਚ ਬਹੁਤ ਫਰਕ ਹੁੰਦਾ ਹੈ। ਉਨ੍ਹਾਂ ਦਾ ਜੀਵਨ ਢੰਗ ਕੁੱਝ ਹੋਰ ਹੁੰਦਾ ਹੈ ਅਤੇ ਉਹ ਦਾਅਵੇ ਕੁੱਝ
ਹੋਰ ਕਰਦੇ ਹਨ। ਦਿਲੋਂ ਉਨ੍ਹਾਂ ਦੀ ਪ੍ਰਮਾਤਮਾ ਨਾਲ਼ ਕੋਈ ਪ੍ਰੀਤ ਨਹੀਂ ਹੁੰਦੀ ਪਰ ਵਿਖਾਵਾ ਉਹ ਇਹ
ਕਰਦੇ ਹਨ ਕਿ ਉਨ੍ਹਾਂ ਦਾ ਪ੍ਰਮਾਤਮਾ ਨਾਲ਼ ਬਹੁਤ ਪਿਆਰ ਹੈ। ਉਨ੍ਹਾਂ ਦਾ ਪ੍ਰਭੂ ਪਿਆਰ ਕੇਵਲ ਗੱਲਾਂ
ਤੱਕ ਸੀਮਿਤ ਹੁੰਦਾ ਹੈ।
ਜਾਨਨਹਾਰ ਪ੍ਰਭੂ ਪਰਬੀਨ ।। ਬਾਹਰਿ ਭੇਖ ਨ
ਕਾਹੂ ਭੀਨ ।।
ਪਰਬੀਨ - ਸਮਝਦਾਰ, ਸਿਆਣਾ । ਬਾਹਰਿ - ਬਾਹਰ ਦਾ, ਵਿਖਾਵੇ ਦਾ । ਕਾਹੂ - ਕਿਸੇ ਤਰਾਂ ਵੀ । ਭੀਨ - ਭਰਮਾਉਂਦਾ, ਖੁਸ਼ ਕਰਦਾ ।
ਪ੍ਰੰਤੂ ਜਾਣੀ ਜਾਣ ਪ੍ਰਮਾਤਮਾ ਏਨਾ ਸਮਝਦਾਰ ਹੈ ਕਿ ਉਹ ਸਭ ਕੁੱਝ ਜਾਣਦਾ
ਹੈ, ਸਮਝਦਾ ਹੈ। ਇਸ ਕਰਕੇ ਉਹ ਬਾਹਰਲੇ ਵਿਖਾਵੇ ਤੇ ਨਹੀਂ ਰੀਝਦਾ। ਝੂਠੇ ਪਾਖੰਡ ਕਰ ਕੇ
ਇਨਸਾਨ ਉਸ ਨੂੰ ਖੁਸ਼ ਨਹੀਂ ਕਰ ਸਕਦਾ। ਉਹ ਤਾਂ ਸੱਚੇ ਦਿਲੋਂ ਕੀਤੇ ਪਿਆਰ ਦਾ ਕਾਇਲ ਹੈ। ਬਾਹਰਲੇ
ਦਿਖਾਵੇ ਨਾਲ਼ ਅਸੀਂ ਦੁਨੀਆਂ ਨੂੰ ਧੋਖਾ ਦੇ ਸਕਦੇ ਹਾਂ, ਪ੍ਰਮਾਤਮਾ ਨੂੰ ਨਹੀਂ।
ਅਵਰ ਉਪਦੇਸੈ ਆਪਿ ਨ ਕਰੈ ।। ਆਵਤ ਜਾਵਤ ਜਨਮੈ
ਮਰੈ ।।
ਅਵਰ - ਹੋਰਾਂ ਨੂੰ । ਉਪਦੇਸੈ - ਸਿਖਿਆ ਦਿੰਦਾ ਹੈ ।
ਜੀਵ ਦੂਜਿਆਂ ਨੂੰ ਉਪਦੇਸ਼ ਦਿੰਦਾ ਰਹਿੰਦਾ ਹੈ ਪਰ ਆਪ ਉਨ੍ਹਾਂ ਸਿਖਿਆਵਾਂ
ਤੇ ਅਮਲ ਨਹੀਂ ਕਰਦਾ ਜਿਹੜੀਆਂ ਉਹ ਹੋਰਾਂ ਨੂੰ ਦਿੰਦਾ ਹੈ। ਅਜਿਹਾ ਇਨਸਾਨ ਜੰਮਣ ਮਰਨ ਦੇ ਚੱਕਰ ਵਿੱਚ
ਫਸਿਆ ਰਹਿੰਦਾ ਹੈ। ਵਾਰ ਵਾਰ ਜੰਮਦਾ ਹੈ ਅਤੇ ਮਰਦਾ ਹੈ।
ਜਿਸ ਕੈ ਅੰਤਰਿ ਬਸੈ ਨਿਰੰਕਾਰੁ ।। ਤਿਸ ਕੀ ਸੀਖ
ਤਰੈ ਸੰਸਾਰੁ ।।
ਸੀਖ - ਸਿਖਿਆ ਨਾਲ਼।
ਜਿਸ ਇਨਸਾਨ ਦੇ ਅੰਦਰ ਨਿਰੰਕਾਰ ਪ੍ਰਮਾਤਮਾ ਆਪ ਵਸਦਾ ਹੈ, ਜਿਸ ਦੀ
ਕਹਿਣੀ ਅਤੇ ਕਥਨੀ ਇੱਕੋ ਜਿਹੀ ਹੁੰਦੀ ਹੈ, ਉਸ ਦੀ ਦਿੱਤੀ ਹੋਈ ਸਿੱਖਿਆ ਦੁਨੀਆਂ ਨੂੰ ਸਿੱਧੇ ਰਾਹ
ਤੇ ਪਾਉਂਦੀ ਹੈ, ਲੋਕਾਂ ਦਾ ਪਾਰ ਉਤਾਰਾ ਕਰਦੀ ਹੈ।
ਜੋ ਤੁਮ ਭਾਨੇ ਤਿਨ ਪ੍ਰਭੁ ਜਾਤਾ ।। ਨਾਨਕ ਉਨ ਜਨ
ਚਰਨ ਪਰਾਤਾ ।। ੭ ।।
ਭਾਨੇ - ਚੰਗੇ ਲੱਤਦੇ ਹਨ । ਜਾਤਾ - ਜਾਣ ਲੈਂਦੇ ਹਨ । ਉਨ - ਉਨ੍ਹਾਂ ਦੇ । ਪਰਾਤਾ - ਪੈਂਦਾ ਹੈ ।
ਪ੍ਰਮਾਤਮਾ ਦਾ ਗਿਆਨ ਅਤੇ ਉਸ ਦੇ ਨਾਲ਼ ਮੇਲ ਉਨ੍ਹਾਂ ਜੀਵਾਂ ਨੂੰ ਹੀ
ਨਸੀਬ ਹੁੰਦਾ ਹੈ ਜਿਹੜੇ ਪ੍ਰਮਾਤਮਾ ਨੂੰ ਭਾ ਜਾਂਦੇ ਹਨ, ਉਸ ਨੂੰ ਪਿਆਰੇ ਲੱਗਦੇ ਹਨ। ਗੁਰੂ ਜੀ
ਕਹਿੰਦੇ ਹਨ ਕਿ ਇਹ ਲੋਕ ਬਹੁਤ ਮਹਾਨ ਹੁੰਦੇ ਹਨ ਅਤੇ ਉਹ ਅਜਿਹੇ ਲੋਕਾਂ ਦੇ ਚਰਨੀ ਲੱਗਦੇ ਹਨ।
ਕਰਉ ਬੇਨਤੀ ਪਾਰਬ੍ਰਹਮੁ ਸਭੁ ਜਾਨੈ ।। ਅਪਨਾ ਕੀਆ
ਆਪਹਿ ਮਾਨੈ ।।
ਅਪਨਾ ਕੀਆ - ਅਪਣੀ ਕੀਤੀ ਹੋਈ ਬੇਨਤੀ । ਮਾਨੈ - ਪ੍ਰਵਾਨ ਕਰਦਾ ਹੈ ।
ਮੈਂ ਜੋ ਵੀ ਚਾਹੁੰਦਾ ਹਾਂ ਉਸ ਲਈ ਪ੍ਰਮਾਤਮਾ ਅੱਗੇ ਬੇਨਤੀ ਕਰਦਾ ਹਾਂ
ਪ੍ਰੰਤੂ ਪ੍ਰਮਾਤਮਾ ਤਾਂ ਜਾਣੀ ਜਾਣ ਹੈ। ਜੋ ਮੈਂ ਚਾਹੁੰਦਾ ਹਾਂ ਉਹ ਪਹਿਲਾਂ ਹੀ ਜਾਣਦਾ ਹੈ। ਅਸਲ
ਵਿੱਚ ਉਹ ਆਪ ਹੀ ਜੀਵ (ਸਰਗੁਣ) ਰੂਪ ਵਿੱਚ ਬੇਨਤੀ ਕਰਦਾ ਹੈ ਅਤੇ ਆਪ ਹੀ ਅਪਣੇ ਨਿਰਗੁਣ ਰੂਪ ਵਿੱਚ
ਉਸ ਬੇਨਤੀ ਨੂੰ ਪ੍ਰਵਾਨ ਕਰਦਾ ਹੈ।
ਆਪਹਿ ਆਪ ਆਪਿ ਕਰਤ ਨਿਬੇਰਾ ।। ਕਿਸੈ ਦੂਰਿ
ਜਨਾਵਤ ਕਿਸੈ ਬੁਝਾਵਤ ਨੇਰਾ ।।
ਆਪਹਿ ਆਪ - ਬੇਨਤੀ ਕਰਨ ਵਾਲ਼ਾ ਵੀ ਅਤੇ ਮੰਨਣ ਵਾਲ਼ਾ ਵੀ ਦੋਵੇਂ ਉਹ ਆਪ ਹੀ ਹੈ । ਨਿਬੇਰਾ - ਫੈਸਲਾ । ਕਿਸੈ - ਕਿਸੇ ਨੂੰ । ਜਨਾਵਤ - ਦੱਸਦਾ ਹੈ । ਬੁਝਾਵਤ - ਦੱਸਦਾ ਹੈ ।
ਸਾਰੇ ਜੀਵਾਂ ਵਿੱਚ ਉਹ ਆਪ ਹੀ ਵਸਦਾ ਹੈ ਅਤੇ ਉਹ ਆਪ ਹੀ ਇਨਸਾਨ ਨੂੰ ਇਹ
ਸਮਝ ਦਿੰਦਾ ਹੈ ਕਿ ਪ੍ਰਮਾਤਮਾ ਨੇੜੇ ਹੈ ਜਾਂ ਦੂਰ। ਕੁੱਝ ਲੋਕਾਂ ਨੂੰ ਉਹ ਅਜਿਹੀ ਸਮਝ ਦਿੰਦਾ ਹੈ
ਕਿ ਉਨ੍ਹਾਂ ਨੂੰ ਬਹੁਤ ਨੇੜੇ ਲੱਗਦਾ ਹੈ ਅਤੇ ਕਈਆਂ ਨੂੰ ਅਜਿਹੀ ਮੱਤ ਦਿੰਦਾ ਹੈ ਕਿ ਉਹ ਉਸ ਨੂੰ
ਬਹੁਤ ਦੂਰ ਸਮਝਦੇ ਹਨ।
ਉਪਾਵ ਸਿਆਨਪ ਸਗਲ ਤੇ ਰਹਤ ।। ਸਭੁ ਕਛੁ ਜਾਨੈ
ਆਤਮ ਕੀ ਰਹਤ ।।
ਉਪਾਵ - ਤਰੀਕੇ, ਯਤਨ । ਸਗਲ - ਸਾਰੇ । ਰਹਤ - ਪਹੁੰਚ ਤੋਂ ਬਾਹਰ । ਆਤਮ ਕੀ ਰਹਤ - ਅੰਤਰੀਵ ਵਿਚਾਰ, ਮਨ ਅੰਦਰ ਚੱਲ ਰਹੇ ਵਿਚਾਰ ।
ਸਾਡੇ ਅਪਣੀ ਅਕਲ ਨਾਲ਼ ਕੀਤੇ ਯਤਨਾ ਨਾਲ਼ ਉਸ ਨੂੰ ਮਿਲਿਆ ਨਹੀਂ ਜਾ ਸਕਦਾ।
ਉਹ ਸਾਡੀ ਅਕਲ ਦੀ ਅਤੇ ਸਾਡੇ ਕੀਤੇ ਸਾਰੇ ਯਤਨਾਂ ਦੀ ਪਹੁੰਚ ਤੋਂ ਬਾਹਰ ਹੈ। ਸਾਡੇ ਅੰਤਰੀਵ ਭਾਵ
ਕੀ ਹਨ, ਸਾਡੇ ਮਨ ਵਿੱਚ ਕੀ ਚੱਲ ਰਿਹਾ ਹੈ, ਉਹ ਸਭ ਜਾਣਦਾ ਹੈ।
ਜਿਸੁ ਭਾਵੈ ਤਿਸੁ ਲਏ ਲੜਿ ਲਾਇ ।। ਥਾਨ ਥਨੰਤਰਿ
ਰਹਿਆ ਸਮਾਇ ।।
ਜਿਸੁ - ਜਿਸ ਨੂੰ । ਭਾਵੈ - ਚਾਹੁੰਦਾ ਹੈ ।ਤਿਸੁ - ਉਸ ਨੂੰ । ਲਰਿ ਲਾਇ ਡ ਲੜ ਲਾ ਲੈਂਦਾ ਹੈ, ਅਪਣੇ ਨਾਲ਼ ਪਿਆਰ ਕਰਨ ਲਾ ਲੈਂਦਾ ਹੈ। ਥਾਨ ਥਨੰਤਰ - ਹਰ ਥਾਂ ਤੇ, ਹਰ ਸ਼ੈ ਵਿੱਚ। ਰਹਿਆ ਸਮਾਇ - ਸਮਾਇਆ ਹੋਇਆ ਹੈ।
ਜਿਸ ਨੂੰ ਉਹ ਚਾਹੁੰਦਾ ਹੈ, ਜਿਹੜਾ ਉਸ ਨੂੰ ਪਿਆਰਾ ਲੱਗਦਾ ਹੈ, ਉਸ ਨੂੰ
ਉਹ ਅਪਣੇ ਲੜ ਲਾ ਲੈਂਦਾ ਹੈ, ਉਸ ਦੇ ਮਨ ਵਿੱਚ
ਅਪਣੇ ਲਈ ਪਿਆਰ ਪੈਦਾ ਕਰ ਦਿੰਦਾ ਹੈ। ਉਸ ਜੀਵ ਨੂੰ ਇਹ ਸਮਝ ਆ ਜਾਂਦੀ ਹੈ ਕਿ ਉਹ ਹਰ ਥਾਂ ਤੇ
ਵਸਿਆ ਹੋਇਆ ਹੈ। ਕੋਈ ਅਜਿਹੀ ਥਾਂ ਨਹੀਂ ਜਿੱਥੇ ਉਹ ਮੌਜੂਦ ਨਹੀਂ।
ਸੋ ਸੇਵਕੁ ਜਿਸੁ ਕਿਰਪਾ ਕਰੀ ।। ਨਿਮਖ ਨਿਮਖ ਜਪਿ
ਨਾਨਕ ਹਰੀ ।। ੮ ।। ੫ ।।
ਜਿਸੁ - ਜਿਸ ਤੇ । ਨਿਮਖ - ਪਲ ।
ਜਿਸ ਤੇ ਉਹ ਅਪਣੀ ਕਿਰਪਾ ਕਰ ਦਿੰਦਾ ਹੈ
ਉਹ ਉਸ ਦਾ ਸੇਵਕ ਬਣ ਜਾਂਦਾ ਹੈ। ਇਸ ਕਰਕੇ ਗੁਰੂ ਜੀ ਸਾਨੂੰ ਇਹ ਉਪਦੇਸ਼ ਬਖ਼ਸ਼ਿਸ਼ ਕਰਦੇ ਹਨ ਕਿ ਅਸੀਂ
ਅਪਣੀ ਜ਼ਿੰਦਗੀ ਦਾ ਹਰ ਪਲ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਵਿੱਚ ਲਗਾਈਏ।
Comments
Post a Comment