ਅਸਟਪਦੀ - 7
ਅਸਟਪਦੀ - 7
ਸਲੋਕ ।।
ਅਗਮ ਅਗਾਧਿ
ਪਾਰਬ੍ਰਹਮ ਸੋਇ ।। ਜੋ ਜੋ ਕਹੈ ਸੁ ਮੁਕਤਾ ਹੋਇ ।।
ਸੁਨਿ ਮੀਤਾ ਨਾਨਕੁ ਬਿਨਵੰਤਾ ।। ਸਾਧ ਜਨਾ ਕੀ ਅਚਰਜ ਕਥਾ ।। 1 ।।
ਅਗਮ - (ਮਨ ਦੀ ) ਪਹੁੰਚ ਤੋਂ ਬਾਹਰ । ਅਗਾਧਿ - ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ । ਪਾਰਬ੍ਰਹਮ - ਪ੍ਰਮਾਤਮਾ, ਵਾਹਿਗੁਰੂ । ਸੋਇ - ੁਹ । ਕਹੈ - ਉਸ ਦਾ ਨਾਮ ਜੱਪਦਾ ਹੈ । ਮੁਕਤਾ - ਮੁਕਤ । ਮੀਤਾ - ਦੋਸਤ, ਮਿੱਤਰਾ । ਬਿਨਵੰਤਾ - ਬੇਨਤੀ ਕਰਦੇ ਹਨ । ਨਾਨਕ - ਗੁਰੂ ਜੀ, ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਜੋਤ ਗੁਰੂ ਅਰਜਨ ਦੇਵ ਜੀ । ਅਚਰਜ - ਹੈਰਾਨ ਕਰ ਦੇਣ ਵਾਲ਼ੀ । ਕਥਾ - ਵਾਰਤਾ, ਮਹਿਮਾ, ਅਵਸਥਾ ਦਾ ਬਿਆਨ । ਸਾਧ ਜਨ - ਸੰਤ ਪੁਰਖ, ਤਨੋ ਮਨੋ ਵਾਹਿਗੁਰੂ ਦਾ ਨਾਮ ਜੱਪਣ ਵਾਲ਼ੇ ਵਿਅਕਤੀ।
ਉਹ ਸਰਬ ਗਿਆਤਾ ਪ੍ਰਮਾਤਮਾ ਜੀਵਾਂ ਦੀ ਅਕਲ ਦੀ ਪਹੁੰਚ ਤੋਂ ਬਾਹਰ ਹੈ।
ਉਸ ਦੀ ਸਿਆਣਪ ਏਨੀ ਉੱਚ ਪਾਏ ਦੀ ਹੈ ਕਿ ਜੀਵਾਂ ਨੂੰ ਸਮਝ ਨਹੀਂ ਆ ਸਕਦੀ। ਜਿਹੜਾ ਜਿਹੜਾ ਜੀਵ ਵੀ
ਉਸ ਦੇ ਨਾਮ ਦਾ ਸਿਮਰਨ ਕਰਦਾ ਹੈ ਉਸ ਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਗੁਰੂ ਜੀ ਬਹੁਤ ਪਿਆਰ
ਅਤੇ ਨਿਮਰਤਾ ਸਹਿਤ ਜੀਵ ਨੂੰ ਸਮਝਾਉਂਦੇ ਹਨ ਕਿ ਸੰਤ ਪੁਰਖਾਂ ਦੀ ਮਹਿਮਾ ਬਹੁਤ ਅਸਚਰਜ-ਜਨਕ ਹੈ ਜੋ
ਕਿ ਉਹ ਬਿਆਨ ਕਰਨ ਲੱਗੇ ਹਨ।
ਅਸਟਪਦੀ ।।
ਸਾਧ ਕੈ ਸੰਗਿ ਮੁਖ ਊਜਲ ਹੋਤ ।। ਸਾਧ ਸੰਗਿ ਮਲੁ
ਸਗਲੀ ਖੋਤ ।।
ਸੰਗਿ - ਸੰਗਤ ਕਰਨ ਨਾਲ਼ । ਮੁਖ - ਮੂੰਹ, ਚਿਹਰਾ । ਊਜਲ - ਰੋਸ਼ਨ, ਚਮਕ ਭਰਪੂਰ । ਹੋਤ - ਹੋ ਜਾਂਦਾ ਹੈ । ਮਲੁ - ਮੈਲ਼ । ਸਗਲੀ - ਸਾਰੀ । ਖੋਤ - ਦੂਰ ਹੋ ਜਾਂਦੀ ਹੈ ।
ਸੰਤ ਪੁਰਖਾਂ ਦੀ ਸੰਗਤ ਕਰਨ ਨਾਲ਼ ਜੀਵ ਦਾ ਅਕਸ ਬਹੁਤ ਸੋਹਣਾ ਬਣ ਜਾਂਦਾ
ਹੈ, ਲੋਕ ਉਸ ਨੂੰ ਬਹੁਤ ਨੇਕ ਇਨਸਾਨ ਸਮਝਣ ਲੱਗ ਜਾਂਦੇ ਹਨ। ਸੰਤਾਂ ਦੀ ਸੰਗਤ ਕਰਨ ਨਾਲ਼ ਇਨਸਾਨ ਦੇ
ਮਨ ਦੀ ਸਾਰੀ ਮੈਲ਼ ਧੋਤੀ ਜਾਂਦੀ ਹੈ, ਉਸ ਦਾ ਮਨ ਨਿਰਮਲ ਹੋ ਜਾਂਦਾ ਹੈ।
ਸਾਧ ਕੈ ਸੰਗਿ ਮਿਟੈ ਅਭਿਮਾਨੁ ।। ਸਾਧ ਕੈ ਸੰਗਿ
ਪ੍ਰਗਟੈ ਸੁਗਿਆਨੁ ।।
ਮਿਟੈ - ਦੂਰ ਹੋ ਜਾਂਦਾ ਹੈ, ਮਿਟ ਜਾਂਦਾ ਹੈ । ਪ੍ਰਗਟੈ - ਪ੍ਰਗਟ ਹੋ ਜਾਂਦਾ ਹੈ, ਪੈਦਾ ਹੋ ਜਾਂਦਾ ਹੈ । ਸੁਗਿਆਨੁ - ਸ਼ੁਭ ਗਿਆਨ, ਨੇਕ ਮੱਤ ।
ਸੰਤਾਂ ਦੀ ਸੰਗਤ ਕਰਨ ਨਾਲ਼ ਜੀਵ ਦੇ ਮਨ ਵਿੱਚੋਂ ਹਉਮੈ ਅਤੇ ਹੰਕਾਰ ਦਾ
ਨਾਸ਼ ਹੋ ਜਾਂਦਾ ਹੈ। ਸੰਤਾਂ ਦੀ ਸੰਗਤ ਨਾਲ਼ ਜੀਵ ਨੂੰ ਨੇਕ ਬੁੱਧ ਅਤੇ ਸ਼ੁਭ ਆਤਮ ਗਿਆਨ ਪ੍ਰਾਪਤ
ਹੁੰਦੇ ਹਨ, ਉਸ ਦੇ ਅੰਦਰੋਂ ਦੁਰਮਤ ਦਾ ਨਾਸ਼ ਹੋ ਜਾਂਦਾ ਹੈ।
ਸਾਧ ਕੈ ਸੰਗਿ ਬੁਝੈ ਪ੍ਰਭੁ ਨੇਰਾ ।। ਸਾਧਸੰਗਿ
ਸਭੁ ਹੋਤ ਨਿਬੇਰਾ ।।
ਬੁਝੈ - ਲੱਗਣ ਲੱਗ ਪੈਂਦਾ ਹੈ । ਨੇਗਾ - ਨੇੜੇ । ਸਭੁ - ਸਾਰਾ, ਸਾਰੀਆਂ ਉਲ਼ਝਣਾ ਦਾ । ਨਿਬੇਰਾ - ਫੈਸਲਾ, ਹੱਲ । ਹੋਤ - ਹੋ ਜਾਂਦਾ ਹੈ ।
ਸੰਤਾਂ ਦੀ ਸੰਗਤ ਕਰ ਕੇ ਇਹ ਸਮਝ ਆ ਜਾਂਦੀ ਹੈ ਕਿ ਪ੍ਰਮਾਤਮਾ ਸਚਮੁੱਚ
ਸਾਡੇ ਬਹੁਤ ਨੇੜੇ ਹੈ। ਸੰਤਾਂ ਦੀ ਸੰਗਤ ਕਰਨ ਨਾਲ਼ ਜੀਵ ਦੇ ਮਨ ਅੰਦਰਲੇ ਸਾਰੇ ਸ਼ੰਕੇ ਨਵਿਰਤ ਹੋ
ਜਾਂਦੇ ਹਨ, ਉਸ ਦੀਆਂ ਸਾਰੀਆਂ ਅਧਿਆਤਮਕ ਉਲ਼ਝਣਾ ਦੂਰ ਹੋ ਜਾਂਦੀਆਂ ਹਨ। ਜੀਵ ਸਮਝ ਜਾਂਦਾ ਹੈ ਕਿ
ਕੇਵਲ ਪ੍ਰਮਾਤਮਾ ਹੀ ਸੱਚ ਹੈ, ਬਾਕੀ ਸਭ ਮਾਇਆ ਹੈ।
ਸਾਧ ਕੈ ਸੰਗਿ ਪਾਏ ਨਾਮ ਰਤਨੁ ।। ਸਾਧ ਕੈ ਸੰਗਿ
ਏਕ ਊਪਰਿ ਜਤਨੁ ।।
ਨਾਮ ਰਤਨੁ - ਪ੍ਰਭੂ ਦਾ ਨਾਮ ਜੋ ਕਿ ਹੀਰੇ ਜਵਾਹਰਾਤ (ਰਤਨਾਂ) ਦੀ ਮਰਾਂ ਕੀਮਤੀ ਹੈ । ਜਤਨੁ - ਭਰੋਸਾ, ਵਿਸ਼ਵਾਸ਼ । ਏਕ - ਇੱਕ ਪ੍ਰਮਾਤਮਾ ।
ਸੰਤਾਂ ਦੀ ਸੰਗਤ ਦਾ ਸਦਕਾ ਜੀਵ ਨੂੰ ਪ੍ਰਮਾਤਮਾ ਦਾ ਨਾਮ ਰੂਪੀ ਕੀਮਤੀ
ਰਤਨ ਪਪ੍ਤ ਹੋ ਜਾਂਦਾ ਹੈ। ਸੰਤਾਂ ਦੀ ਸੰਗਤ ਦੇ ਨਤੀਜੇ ਵਜੋਂ ਜੀਵ ਇੱਕ ਪ੍ਰਮਾਤਮਾ ਦੀ ਓਟ
ਰੱਖਣਾ ਸਿੱਖ ਜਾਂਦਾ ਹੈ, ਉਹ ਦਰ ਦਰ ਭਟਕਣਾ ਛੱਡ ਦਿੰਦਾ ਹੈ।
ਸਾਧ ਕੀ ਮਹਿਮਾ ਬਰਨੈ ਕਉਨੁ ਪ੍ਰਾਨੀ ।। ਨਾਨਕ
ਸਾਧ ਕੀ ਸੋਭਾ ਪ੍ਰਭ ਮਾਹਿ ਸਮਾਨੀ ।। 1 ।।
ਬਰਨੈ - ਵਰਨਣ ਕਰਨਾ । ਕਉਨੁ - ਕਿਹੜਾ । ਪ੍ਰਾਨੀ - ਜੀਵ, ਇਨਸਾਨ । ਸੋਭਾ - ਵਡਿਆਈ । ਮਾਹਿ - ਵਿੱਚ ਅੰਦਰ ਹੀ । ਸਮਾਨੀ - ਸਮਾਨ ਹੁੰਦੀ ਹੈ । (ਸਾਧ ਵਿੱਚ ਅਤੇ ਪ੍ਰਮਾਮਤਮਾ ਵਿੱਚ ਕੋਈ ਫ਼ਰਕ ਨਹੀਂ ਹੁੰਦਾ, ਦੋਵੇਂ ਇੱਕ ਹੀ ਚੀਜ਼ ਹੁੰਦੇ ਹਨ)
ਸੰਤ ਪੁਰਖਾਂ ਦੀ ਵਡਿਆਈ ਨੂੰ ਬਿਆਨ ਕਰਨਾ ਕਿਸੇ ਜੀਵ ਦੇ ਵਸ ਦਾ ਕੰਮ
ਨਹੀਂ। ਉਨ੍ਹਾਂ ਦੀ ਮਹਿਮਾ ਏਨੀ ਉੱਚੀ ਹੈ ਕਿ ਉਸ ਨੂੰ ਸ਼ਬਦਾਂ ਵਿੱਚ ਦੱਸਣਾ ਸੰਭਵ ਹੀ ਨਹੀਂ। ਗੁਰੂ
ਜੀ ਤਾਂ ਇਹ ਕਹਿੰਦੇ ਹਨ ਕਿ ਸੰਤ ਪੁਰਖਾਂ ਦੀ ਮਹਿਮਾ ਆਪ ਪ੍ਰਮਾਤਮਾ ਦੀ ਮਹਿਮਾ ਦੇ ਬਰਾਬਰ ਹੁੰਦੀ
ਹੈ ਅਰਥਾਤ ਸੰਤ ਅਤੇ ਪ੍ਰਮਾਤਮਾ ਵਿੱਚ ਕੋਈ ਫਰਕ ਨਹੀਂ ਹੁੰਦਾ। ਸੰਤ ਲੋਕ ਓਨੇ ਹੀ ਮਹਾਨ ਹੁੰਦੇ ਹਨ
ਜਿੰਨਾ ਖ਼ੁਦ ਪ੍ਰਮਾਤਮਾ।
ਸਾਧ ਕੈ ਸੰਗਿ ਅਗੋਚਰੁ ਮਿਲੈ ।। ਸਾਧ ਕੈ ਸੰਗਿ
ਸਦਾ ਪਰਫੁਲੈ ।।
ਉਗੋਚਰੁ - ਜਿਹੜਾ ਇੰਦ੍ਰੀਆਂ ਦੀ ਪਹੁੰਟ ਤੋਂ ਬਾਹਰ ਹੈ । ਮਿਲੈ - ਮਿਲ ਜਾਂਦਾ ਹੈ, ਨਾਲ਼ ਮਿਲਾਪ ਹੋ ਜਾਂਦਾ ਹੈ । ਪਰਫੁਲੈ - (ਆਤਮਿਕ) ਵਿਕਾਸ ਹੁੰਦਾ ਰਹਿੰਦਾ ਹੈ ।
ਸੰਤਾਂ ਦੀ ਸੰਗਤ ਕਰਨ ਨਾਲ਼ ਉਸ ਪ੍ਰਮਾਤਮਾ ਨਾਲ਼ ਮਿਲਾਪ ਹੋ ਜਾਂਦਾ ਹੈ
ਜਿਹੜਾ ਜੀਵ-ਇੰਦ੍ਰੀਆਂ ਦੀ ਪਕੜ ਤੋਂ ਬਾਹਰ ਹੈ। ਸੰਤਾਂ ਦੀ ਸੰਗਤ ਕਰਨ ਵਾਲ਼ੇ ਜੀਵ ਦਾ ਸਦਾ ਹੀ
ਵਿਕਾਸ ਹੁੰਦਾ ਰਹਿੰਦਾ ਹੈ, ਉਸ ਦੀ ਆਤਮਿਕ ਤਰੱਕੀ ਹੁੰਦੀ ਰਹਿੰਦੀ ਹੈ ਜਿਸ ਦੇ ਸਿੱਟੇ ਵਜੋਂ ਉਸ
ਦਾ ਹਿਰਦਾ ਖਿੜਿਆ ਰਹਿੰਦਾ ਹੈ।
ਸਾਧ ਕੈ ਸੰਗਿ ਆਵਹਿ ਬਸਿ ਪੰਚਾ ।। ਸਾਧ ਸੰਗਿ
ਅੰਮ੍ਰਿਤ ਰਸੁ ਭੁੰਚਾ ।।
ਆਵਹਿ ਬਸਿ - ਵਸ ਵਿੱਚ ਆ ਜਾਂਦੇ ਹਨ । ਪੰਚਾ - ਪੰਜ ਵਿਕਾਰ (ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ) । ਅੰਮ੍ਰਿਤ ਰਸੁ - ਵਾਹਿਗੁਰੂ ਦੇ ਨਾਮ ਦਾ ਅੰਮ੍ਰਿਤ ਵਰਗਾ ਸੁਆਦ । ਭੁੰਚਾ - ਆਉਣ ਲੱਗ ਪੈਂਦਾ ਹੈ ।
ਸੰਤਾੰ ਦੀ ਸੰਗਤ ਕਰਨ ਨਾਲ਼ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਪੰਜੇ
ਹੀ ਵਿਕਾਰ ਵਸ ਵਿੱਚ ਆ ਜਾਂਦੇ ਹਨ। ਸੰਤਾਂ ਦੀ ਸੰਗਤ ਕਰਨ ਨਾਲ਼ ਜੀਵ ਵਾਹਿਗੁਰੂ ਦੇ ਨਾਮ ਦੇ
ਅੰਮ੍ਰਿਤ ਰਸ ਦਾ ਸੁਆਦ ਮਾਣਨ ਲੱਗ ਪੈਂਦਾ ਹੈ।
ਸਾਧ ਸੰਗਿ ਹੋਇ ਸਭ ਕੀ ਰੇਨ ।। ਸਾਧ ਕੈ ਸੰਗਿ
ਮਨੋਹਰ ਬੈਨ ।।
ਹੋਇ - ਹੋ ਜਾਈਦਾ ਹੈ । ਰੇਨ - ਪੈਰਾਂ ਦੀ ਧੂੜ । ਮਨੋਹਰ - ਮਿੱਠੇ, ਮਨ ਨੂੰ ਮੋਹ ਲੈਣ ਵਾਲ਼ੇ । ਬੈਨ - ਬੋਲ, ਬਚਨ ।
ਸੰਤਾਂ ਦੀ ਸੰਗਤ ਕਰਨ ਨਾਲ਼ ਇਨਸਾਨ ਵਿੱਚ ਨਿਮਰਤਾ ਆ ਜਾਂਦੀ ਹੈ. ਉਹ ਸਭ
ਦੇ ਪੈਰਾਂ ਦੀ ਧੂੜ ਬਣ ਜਾਂਦਾ ਹੈ। ਸੰਤ ਸੰਗਤ ਦਾ ਸਦਕਾ ਉਸ ਦੀ ਬੋਲੀ ਵਿੱਚ ਮਿਠਾਸ ਭਰ ਜਾਂਦੀ ਹੈ,
ਉਸ ਦੇ ਬਚਨ ਸੁੰਦਰ ਹੋ ਜਾਂਦੇ ਹਨ।
ਸਾਧ ਕੈ ਸੰਗਿ ਨ ਕਤਹੂੰ ਧਾਵੈ ।। ਸਾਧ ਸੰਗਿ
ਅਸਥਿਤਿ ਮਨੁ ਪਾਵੈ ।।
ਕਤਹੂੰ - ਕਿਤੇ, ਥਾਂ ਥਾਂ । ਧਾਵੈ - ਦੌੜਨਾ । ਅਸਥਿਤ - ਅਡੋਲ, ਟਿਕਾਓ ਵਿੱਚ ਰਹਿਣ ਵਾਲ਼ਾ ।
ਸੰਤਾਂ ਦੀ ਸੰਗਤ ਸਦਕਾ
ਜੀਵ ਦਾ ਇੱਕ ਪ੍ਰਮਾਤਮਾ ਵਿੱਚ ਵਿਸ਼ਵਾਸ਼ ਦ੍ਰਿੜ੍ਹ ਹੋ ਜਾਂਦਾ ਹੈ ਅਤੇ ਉਹ ਥਾਂ ਥਾਂ ਭਟਕਣਾ ਛੱਡ
ਦਿੰਦਾ ਹੈ। ਇਸ ਤਰਾਂ ਹੋਣ ਦੇ ਸਿੱਟੇ ਵਜੋਂ ਉਸ ਦਾ ਮਨ ਟਿਕਾਅ ਵਿੱਚ ਆ ਜਾਂਦਾ ਹੈ, ਡੋਲਣਾ ਛੱਡ ਦਿੰਦਾ
ਹੈ।
ਸਾਧ ਕੈ ਸੰਗਿ ਮਾਇਆ ਤੇ ਭਿੰਨ ।। ਸਾਧ ਸੰਗਿ
ਨਾਨਕ ਪ੍ਰਭ ਸੁਪ੍ਰਸੰਨ ।। 2 ।।
ਭਿੰਨ - ਦੂਰ ਹੋ ਜਾਂਦਾ ਹੈ । ਸੁਪ੍ਰਸੰਨ - ਖੁਸ਼ ਹੋ ਜਾਂਦਾ ਹੈ
ਸੰਤਾਂ ਦੀ ਸੰਗਤ ਦੇ ਨਤੀਜੇ ਵਜੋਂ ਜੀਵ ਦਾ ਮਾਇਆ ਨਾਲ਼ ਮੋਹ ਖਤਮ ਹੋ
ਜਾਂਦਾ ਹੈ, ਉਹ ਮਾਇਆ ਦੇ ਮੋਹ ਤੋਂ ਮੁਕਤ ਹੋ ਜਾਂਦਾ ਹੈ ਅਤੇ ਉਸ ਦਾ ਪ੍ਰਭੂ ਨਾਲ਼ ਪਿਆਰ ਬਣ ਜਾਂਦਾ
ਹੈ। ਗੁਰੂ ਜੀ ਫੁਰਮਆਉਂਦੇ ਹਨ ਕਿ ਸੰਤ ਪੁਰਖਾਂ ਦੀ ਸੰਗਤ ਕਰਨ ਨਾਲ਼ ਜੀਵ ਨੂੰ ਪ੍ਰਭੂ ਦੀ ਖੁਸ਼ੀ
ਪ੍ਰਾਪਤ ਹੋ ਜਾਂਦੀ ਹੈ।
ਸਾਧ ਸੰਗਿ ਦੁਸਮਨ ਸਭਿ ਮੀਤ ।। ਸਾਧੂ ਕੈ ਸੰਗਿ
ਮਹਾ ਪੁਨੀਤ ।।
ਮੀਤ - ਮਿੱਤਰ । ਮਹਾ ਪੁਨੀਤ - ਅਤਿਅੰਤ ਪਵਿੱਤਰ ।
ਸੰਤ ਜਨਾਂ ਦੀ ਸੰਗਤ ਕਰਨ ਨਾਲ਼ ਸਾਰੇ ਦੁਸ਼ਮਨ ਦੁਸ਼ਮਨੀ ਭੁੱਲ ਕੇ ਮਿੱਤਰ
ਬਣ ਜਾਂਦੇ ਹਨ ਜਾਂ ਇੰਝ ਕਹਿ ਲਵੋ ਕਿ ਇਨਸਾਨ ਨੂੰ ਕੋਈ ਵੀ ਦੁਸ਼ਮਨ ਨਜ਼ਰ ਨਹੀਂ ਆਉਂਦਾ, ਦੁਸ਼ਮਨ ਵੀ ਮਿੱਤਰ ਹੀ ਲੱਗਦੇ ਹਨ ਕਿਉਂਕਿ ਉਸ ਦੇ ਅੰਦਰੋਂ ਦੁਸ਼ਮਨੀ ਭਾਵ ਖ਼ਤਮ ਹੋ ਜਾਂਦਾ ਹੈ। ਸੰਤ ਪੁਰਖਾਂ ਦੀ ਸੰਗਤ ਕਰ ਕੇ ਮਨ
ਅਤਿ ਪਵਿੱਤਰ ਹੋ ਜਾਂਦਾ ਹੈ ਅਤੇ ਕਦੇ ਵੀ ਕੋਈ ਬੁਰਾ ਖਿਆਲ ਉਸ ਵਿੱਚ ਨਹੀਂ ਆਉਂਦਾ।
ਸਾਧ ਸੰਗਿ ਕਿਸ ਸਿਉ ਨਹੀ ਬੈਰੁ ।। ਸਾਧ ਕੈ ਸੰਗਿ ਨ
ਬੀਗਾ ਪੈਰੁ ।।
ਕਿਸ ਸਿਉ - ਕਿਸੇ ਨਾਲ਼ ਵੀ । ਬੈਰੁ - ਦੁਸ਼ਮਣੀ । ਬੀਗਾ - ਵਿੰਗਾ, ਗਲਤ । ਨ ਬੀਗਾ ਪੈਰੁ - ਪੈਰ ਗਲਤ ਰਸਤੇ ਤੇ ਨਹੀਂ ਜਾਂਦੇ ।
ਸੰਤ ਪੁਰਖਾਂ ਦੀ ਸੰਗਤ ਕਰਨ ਸਦਕਾ ਇਨਸਾਨ ਸਮਸਤ ਸੰਸਾਰ ਨੂੰ ਮਿੱਤਰ
ਸਮਝਣ ਲੱਗ ਪੈਂਦਾ ਹੈ, ਉਸ ਦੇ ਅੰਦਰੋਂ ਦੁਸ਼ਮਣੀ ਦੀ ਭਾਵਨਾ ਖਤਮ ਹੋ ਜਾਂਦੀ ਹੈ। ਸੰਤਾਂ ਦੀ ਸੰਗਤ
ਕਰਨ ਦਾ ਇਹ ਅਸਰ ਹੁੰਦਾ ਹੈ ਕਿ ਇਨਸਾਨ ਕਦੇ ਵੀ ਗਲਤ ਰਸਤੇ ਤੇ ਨਹੀਂ ਪੈਂਦਾ, ਉਹ ਹਮੇਸ਼ਾ ਨੇਕ
ਰਸਤਾ ਚੁਣਦਾ ਹੈ।
ਸਾਧ ਕੈ ਸੰਗਿ ਨਾਹੀ ਕੋ ਮੰਦਾ ।। ਸਾਧ ਸੰਗਿ ਜਾਨੇ
ਪਰਮਾਨੰਦਾ ।।
ਨਾਹੀ ਕੋ ਮੰਦਾ - ਕੁੱਝ ਬਰਾ ਨਹੀਂ ਹੁੰਦਾ । ਪਰਮਾਨੰਦਾ - ਸਭ ਤੋਂ ਉੱਤਮ ਖੁਸ਼ੀ ਜਾਂ ਆਨੰਦ, ਸਰਬ ਉੱਚ ਸ਼ਕਤੀ ਪ੍ਰਮਾਤਮਾ, ਪ੍ਰਮਾਤਮਾ ਨਾਲ਼ ਮਿਲਾਪ ਦੀ ਸਭ ਤੋਂ ਵੱਡੀ ਖੁਸ਼ੀ । ਜਾਨੇ - ਮਿਲ ਜਾਂਦੀ ਹੈ ।
ਸੰਤਾਂ ਦੀ ਸੰਗਤ ਕਰਨ ਵਾਲ਼ੇ ਜੀਵ ਦਾ ਕਦੇ ਵੀ ਕੁੱਝ ਵੀ ਬੁਰਾ ਨਹੀਂ
ਹੁੰਦਾ ਅਤੇ ਨਾ ਹੀ ਉਹ ਕੋਈ ਬੁਰਾ ਕੰਮ ਕਰਦਾ ਹੈ। ਸੰਤਾਂ ਦੀ ਸੰਗਤ ਦੇ ਸਿੱਟੇ ਵਜੋਂ ਜੀਵ ਨੂੰ ਪਰਮ
ਅਨੰਦ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ।
ਸਾਧ ਕੈ ਸੰਗਿ ਨਾਹੀ ਹਉ ਤਾਪੁ ।। ਸਾਧ ਕੈ ਸੰਗਿ
ਤਜੈ ਸਭੁ ਆਪ ।।
ਹਉ - ਹਉਮੈ, ਹੰਕਾਰ ਦੀ ਭਾਵਨਾ । ਤਾਪੁ - ਬੁਖਾਰ, ਬੀਮਾਰੀ, ਰੋਗ । ਤਜੈ - ਤਜ ਦਿੰਦਾ ਹੈ, ਉਸ ਦੇ ਅੰਦਰੋਂ ਖ਼ਤਮ ਹੋ ਜਾਂਦੀ ਹੈ । ਸਭੁ - ਸਾਰੀ । ਆਪ - ਹਉਮੈ ਦੀ ਭਾਵਨਾ ।
ਸੰਤ ਪੁਰਖਾਂ ਦੀ ਸੰਗਤ ਜੀਵ ਦੇ ਅੰਦਰੋਂ ਹਉਮੈ ਨੂੰ ਖਤਮ ਕਰ ਦਿੰਦੀ ਹੈ। ਸੰਤਾਂ ਦੀ ਸੰਗਤ ਕਰਨ ਨਾਲ਼ ਇਨਸਾਨ ਆਪਾ ਭਾਵ ਤੋਂ ਮੁਕਤ ਹੋ ਜਾਂਦਾ ਹੈ,
ਉਸ ਦੇ ਅੰਦਰੋਂ ਮੈਂ ਮੇਰਾ ਦੀ ਭਾਵਨਾ ਦਾ ਨਾਸ ਹੋ ਜਾਂਦਾ ਹੈ।
ਆਪੇ ਜਾਨੈ ਸਾਧ ਬਡਾਈ ।। ਨਾਨਕ ਸਾਧ ਪ੍ਰਭੂ ਬਨ
ਆਈ ।। 3 ।।
ਆਪੇ - ਪ੍ਰਮਾਤਮਾ ਆਪ ਹੀ । ਜਾਨੈ - ਜਾਣਦਾ ਹੈ । ਬਨ ਆਈ - ਵੇੜਤਾ ਬਣ ਜਾਂਦੀ ਹੈ, ਇੱਕ ਦੂਜੇ ਨੂੰ ਪਿਆਰ ਕਰਨ ਲੱਗ ਪੈਂਦੇ ਹਨ ।
ਸੰਤਾਂ ਦੀ ਮਹਿਮਾ ਨੂੰ ਪ੍ਰਮਾਤਮਾ ਆਪ ਹੀ ਜਾਣਦਾ ਹੈ, ਅਸੀਂ ਨਹੀਂ ਸਮਝ
ਸਕਦੇ। ਗੁਰੂ ਜੀ
ਤਾਂ ਇੱਥੋਂ ਤੱਕ ਕਹਿੰਦੇ ਹਨ ਕਿ ਸੰਤਾਂ ਦੀ ਪ੍ਰਮਾਤਮਾ ਨਾਲ਼ ਬਣ ਆਉਂਦੀ ਹੈ, ਉਸ ਨਾਲ਼ ਮਿੱਤਰਤਾ ਹੋ
ਜਾਂਦੀ ਹੈ, ਉਹ ਉਸ ਦੇ ਬਹੁਤ ਨੇੜੇ ਹੋ ਜਾਂਦੇ ਹਨ।
ਸਾਧ ਕੈ ਸੰਗਿ ਨ ਕਬਹੂ ਧਾਵੈ ।। ਸਾਧ ਕੈ ਸੰਗਿ
ਸਦਾ ਸੁਖੁ ਪਾਵੈ ।।
ਕਬਹੂ - ਕਦੇ ਵੀ । ਨ ਧਾਵੈ - (ਮਨ) ਡੋਲਦਾ ਨਹੀਂ, ਭਟਕਦਾ ਨਹੀਂ ।
ਸੰਤਾਂ ਦੀ ਸੰਗਤ ਕਰਨ ਵਾਲ਼ੇ ਜੀਵ ਦਾ ਮਨ ਇੱਧਰ ਉੱਧਰ ਨਹੀਂ ਭਟਕਦਾ,
ਟਿਕਾਅ ਵਿੱਚ ਰਹਿੰਦਾ ਹੈ। ਇਸ ਨੂੰ ਮਾਨਸਿਕ ਸਥਿਰਤਾ ਪ੍ਰਾਪਤ ਹੋ ਜਾਂਦੀ ਹੈ। ਸੰਤਾਂ ਦੀ ਸੰਗਤ
ਨਾਲ਼ ਜੀਵ ਨੂੰ ਸਦੀਵੀ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ, ਉਸ ਦੀ ਜ਼ਿੰਦਗੀ ਵਿੱਚੋਂ ਦੁੱਖ ਸਦਾ ਲਈ
ਖਤਮ ਹੋ ਜਾਂਦਾ ਹੈ।
ਸਾਧ ਸੰਗਿ ਬਸਤੁ ਅਗੋਚਰ ਲਹੈ ।। ਸਾਧ ਕੈ ਸੰਗਿ
ਅਜਰੁ ਸਹੈ ।।
ਬਸਤੁ - ਵਸਤੂ, ਪਦਾਰਥ । ਅਗੋਚਰ - ਜੋ ਪਹੁੰਚ ਤੋਂ ਬਾਹਰ ਹੈਵੇ । ਲਹੈ - ਮਿਲ ਜਾਂਦੀ ਹੈ । ਅਜਰੁ - ਅਸਹਿ, ਨਾ ਜਰਨ ਯੋਗ ।
ਸੰਤਾਂ ਦੀ ਸੰਗਤ ਨਾਲ਼ ਜੀਵ ਨੂੰ ਉਸ ਵਸਤ ਦੀ ਪ੍ਰਾਪਤੀ ਹੋ ਜਾਂਦੀ ਹੈ ਜੋ
ਕਿ ਆਮ ਇਨਸਾਨਾਂ ਦੀ ਪਹੁੰਚ ਤੋਂ ਬਾਹਰ ਹੈ। ਉਨ੍ਹਾਂ ਨੂੰ ਆਤਮ ਗਿਆਨ ਪ੍ਰਾਪਤ ਹੋ ਜਾਂਦਾ ਹੈ।
ਸੰਤਾਂ ਦੀ ਸੰਗਤ ਸਦਕਾ ਜੀਵ ਅਸਹਿ ਦੁੱਖਾਂ ਨੂੰ ਵੀ ਸਹਿਣ ਕਰਨ ਦੇ ਯੋਗ ਹੋ ਜਾਂਦਾ ਹੈ।
ਸਾਧ ਕੈ ਸੰਗਿ ਬਸੈ ਥਾਨਿ ਊਚੈ ।। ਸਾਧ ਕੈ ਸੰਗਿ
ਮਹਲਿ ਪਹੂਚੈ ।।
ਬਸੈ - ਵਸਦਾ ਹੈ, ਜਿਉਂਦਾ ਹੈ । ਥਾਨਿ - ਮੁਕਾਮ, ਸਥਾਨ । ਮਹਲਿ - ਅਸਲੀ ਘਰ ਜੋ ਪ੍ਰਮਾਤਮਾ ਦਾ ਘਰ ਹੈ । ਪਹੂਚੈ - ਪਹੁੰਚ ਜਾਂਦਾ ਹੈ ।
ਸੰਤ ਪੁਰਖਾਂ ਦੀ ਸੰਗਤ ਕਰਨ ਨਾਲ਼ ਜੀਵ ਦਾ ਰੁਤਬਾ ਬਹੁਤ ਉੱਚਾ ਹੋ ਜਾਂਦਾ
ਹੈ, ਉਸ ਨੂੰ ਬਹੁਤ ਸਤਿਕਾਰ ਪ੍ਰਾਪਤ ਹੋਣ ਲੱਗ ਪੈਂਦਾ ਹੈ। ਸੰਤਾਂ ਦੀ ਸੰਗਤ ਦੇ ਪ੍ਰਭਾਵ ਸਦਕਾ
ਜੀਵ ਅਪਣੇ ਅਸਲੀ ਘਰ ਪਹੁੰਚ ਜਾਂਦਾ ਹੈ, ਉਸ ਦਾ ਪ੍ਰਮਾਤਮਾ ਨਾਲ਼ ਮੇਲ ਹੋ ਜਾਂਦਾ ਹੈ।
ਸਾਧ ਕੈ ਸੰਗਿ ਦ੍ਰਿੜੈ ਸਭਿ ਧਰਮ ।। ਸਾਧ ਕੈ
ਸੰਗਿ ਕੇਵਲ ਪਾਰਬ੍ਰਹਮ ।।
ਦ੍ਰਿੜੈ - ਦ੍ਰਿੜ੍ਹ ਹੋ ਜਾਂਦਾ ਹੈ, ਪੱਕਾ ਹੋ ਜਾਂਦਾ ਹੈ । ਸਭਿ ਧਰਮ - ਧਰਮ ਦੇ ਸਾਰੇ ਫ਼ਰਜ਼ਾਂ ਨੂੰ ਪੂਰੇ ਕਰਨ ਵਿੱਚ ।
ਸੰਤਾਂ ਦੀ ਸੰਗਤ ਕਰਨ ਨਾਲ਼ ਜੀਵ ਅਪਣੇ ਧਰਮ ਵਿੱਚ ਪੱਕਾ ਹੋ ਜਾਂਦਾ ਹੈ, ਉਹ ਅਪਣੇ ਸਾਰੇ ਫ਼ਰਜ਼ਾਂ ਨੂੰ ਸਮਝ ਜਾਂਦਾ ਹੈ ਅਤੇ ਬਾਖੂਬੀ ਨਿਭਾਉਣ ਲੱਗ ਪੈਂਦਾ ਹੈ। ਸੰਤਾਂ ਦੀ ਸੰਗਤ ਦਾ ਇਹ ਅਸਰ ਹੁੰਦਾ ਹੈ ਕਿ ਜੀਵ ਦਾ ਕੇਵਲ ਇੱਕ ਪ੍ਰਮਾਤਮਾ ਦੀ ਹੋਂਦ ਵਿੱਚ ਵਿਸ਼ਵਾਸ਼ ਪੱਕਾ ਹੋ ਜਾਂਦਾ ਹੈ, ਉਹ ਉਸ ਇੱਕ ਪ੍ਰਭੂ ਤੋਂ ਬਿਨਾਂ ਹੋਰ ਕਿਸੇ ਦਾ ਆਸਰਾ ਤੱਕਣਾ ਬੰਦ ਕਰ ਦਿੰਦਾ ਹੈ।
ਸਾਧ ਕੈ ਸੰਗਿ ਪਾਏ ਨਾਮ ਨਿਧਾਨ ।। ਨਾਨਕ ਸਾਧੂ
ਕੈ ਕੁਰਬਾਨ ।। 4 ।।
ਪਾਏ - ਪਾ ਲਈਦਾ ਹੈ, ਮਿਲ ਜਾਂਦਾ ਹੈ । ਨਾਮ ਨਿਧਾਨ - ਨਾਮ ਦਾ ਖ਼ਜ਼ਾਨਾ ।
ਸੰਤਾਂ ਦੀ ਸੰਗਤ ਕਰਨ ਨਾਲ਼ ਜੀਵ ਨੂੰ ਪ੍ਰਮਾਤਮਾ ਦੇ ਨਾਮ ਦਾ ਖ਼ਜ਼ਾਨਾ
ਹਾਸਲ ਹੋ ਜਾਂਦਾ ਹੈ, ਉਹ ਨਾਮ ਸਿਮਰਨ ਨਾਲ਼ ਜੁੜ ਜਾਂਦਾ ਹੈ। ਗੁਰੂ ਜੀ ਅਜਿਹੇ ਮਹਾਨ ਸੰਤ ਪੁਰਖਾਂ
ਤੋਂ ਕੁਰਬਾਨ ਜਾਂਦੇ ਹਨ।
ਸਾਧ ਕੈ ਸੰਗਿ ਸਭ ਕੁਲ ਉਧਾਰੈ ।। ਸਾਧ ਸੰਗਿ ਸਾਜਨ
ਮੀਤ ਕੁਟੰਬ ਨਿਸਤਾਰੈ ।।
ਸਭ ਕੁਲ - ਖ਼ਾਨਦਾਨ ਦੀਆਂ ਸਾਰੀਆਂ ਪੁਸ਼ਤਾਂ । ਉਧਾਰੈ - ਕਲਿਆਣ ਕਰ ਦਿੰਦਾ ਹੈ । ਸਾਜਨ ਮੀਤ - ਦੋਸਤ ਮਿੱਤਰ । ਕੁਟੰਬ - ਪਰਿਵਾਰ । ਨਿਸਤਾਰੈ - ਮੁਕਤੀ ਪ੍ਰਾਪਤ ਹੋ ਜਾਂਦੀ ਹੈ ।
ਸੰਤ ਪੁਰਖਾਂ ਦੀ ਸੰਗਤ ਦੀ ਕਿਰਪਾ ਨਾਲ਼ ਜੀਵ ਕੇਵਲ ਅਪਣਾ ਹੀ ਨਹੀਂ,
ਅਪਣੇ ਪੂਰੇ ਖਾਨਦਾਨ ਦਾ ਭਲਾ ਕਰਨ ਵਿੱਚ ਸਫਲ ਹੋ ਜਾਂਦਾ ਹੈ, ਕੇਵਲ ਉਹ ਹੀ ਨਹੀਂ, ਉਸ ਦੇ ਪਰਿਵਾਰ
ਦੇ ਪਿਤਰ, ਪੁੱਤਰ, ਪੋਤਰੇ ਵੀ ਤਰ ਜਾਂਦੇ ਹਨ। ਉਸ ਦੇ ਦੋਸਤ, ਮਿੱਤਰ ਅਤੇ ਉਸ ਦਾ ਸਾਰਾ ਖਾਨਦਾਨ
ਮੁਕਤੀ ਪ੍ਰਾਪਤ ਕਰ ਲੈਂਦਾ ਹੈ।
ਸਾਧੂ ਕੈ ਸੰਗਿ ਸੋ ਧਨੁ ਪਾਵੈ ।। ਜਿਸੁ ਧਨ ਤੇ ਸਭੁ ਕੋ ਵਰਸਾਵੈ ।।
ਵਰਸਾਵੈ - ਬਖ਼ਸ਼ਿਸ਼ਾਂ ਕਰਨ ਦੇ ਯੋਗ ਹੋ ਜਾਂਦਾ ਹੈ ।
ਸੰਤਾਂ ਦੀ ਸੰਗਤ ਕਰਨ ਨਾਲ਼ ਜੀਵ ਨੂੰ ਉਸ ਵਡਮੁੱਲੇ ਧਨ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਸ ਨੂੰ ਪਾ ਕੇ ਉਹ ਕੇਵਲ ਆਪ ਹੀ ਤ੍ਰਿਪਤ ਨਹੀਂ ਹੁੰਦਾ ਬਲਕਿ ਹੋਰ ਅਪਣੀ ਸੰਗਤ ਵਿੱਚ ਆਉਣ ਵਾਲ਼ੇ ਲੋਕਾਂ ਤੇ ਵੀ ਬਖ਼ਸ਼ਿਸ਼ਾਂ ਕਰ ਕੇ ਉਨ੍ਹਾਂ ਨੂੰ ਤ੍ਰਿਪਤ ਕਰਨ ਦੇ ਯੋਗ ਹੋ ਜਾਂਦਾ ਹੈ ।
ਸਾਧ ਸੰਗਿ ਧਰਮਰਾਇ ਕਰੇ ਸੇਵਾ ।। ਸਾਧ ਕੈ ਸੰਗਿ ਸੋਭਾ ਸੁਰਦੇਵਾ ।।
ਸੋਭਾ - ਵਡਿਆਈ ਕਰਨ ਲੱਗ ਪੈਂਦਾ ਹੈ । ਸੁਰਦੇਵਾ - ਦੇਵਤਿਆਂ ਦਾ ਰਾਜਾ ਇੰਦਰ ।
ਸੰਤਾਂ ਦੀ ਸੰਗਤ ਕਰਨ ਵਾਲ਼ੇ ਨੇਕ ਪੁਰਖਾਂ ਦੀ ਧਰਮ ਰਾਜ ਵੀ ਸੇਵਾ ਕਰਦਾ
ਹੈ। ਸੰਤਾਂ ਦੀ ਸੰਗਤ ਸਦਕਾ ਦੇਵਤਿਆਂ ਦਾ ਰਾਜਾ ਇਂਦਰ ਵੀ ਜੀਵ ਦੀ ਸੋਭਾ ਕਰਨ ਲੱਗ ਜਾਂਦਾ ਹੈ, ਉਸ
ਨੂੰ ਇਸ ਲੋਕ ਵਿੱਚ ਹੀ ਨਹੀਂ, ਉਸ ਲੋਕ ਵਿੱਚ ਵੀ ਸਤਿਕਾਰ ਮਿਲਣ ਲੱਗ ਪੈਂਦਾ ਹੈ।
ਸਾਧੂ ਕੈ ਸੰਗਿ ਪਾਪ ਪਲਾਇਨ ।। ਸਾਧ ਸੰਗਿ
ਅੰਮ੍ਰਿਤ ਗੁਨ ਗਾਇਨ ।।
ਕੈ ਸੰਗਿ - ਸੰਗਤ ਕਰਨ ਨਾਲ਼ । ਪਲਾਇਨ - ਦੂਰ ਹੋ ਜਾਂਦੇ ਹਨ, ਛੱਡ ਜਾਂਦੇ ਹਨ । ਅੰਮ੍ਰਿਤ - ਅੰਮ੍ਰਿਤ ਵਰਗੇ । ਗੁਨ ਗਾਇਨ - ਗੁਣ ਗਾਉਣ ਲੱਗ ਪਈਦਾ ਹੈ ।
ਸੰਤਾਂ ਦੀ ਸੰਗਤ ਕਰਨ ਨਾਲ਼ ਜੀਵ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ।
ਸੰਤਾਂ ਦੀ ਸੰਗਤ ਦਾ ਪ੍ਰਭਾਵ ਕਬੂਲ ਕੇ ਜੀਵ ਪ੍ਰਮਾਤਮਾ ਦੇ ਅੰਮ੍ਰਿਤਮਈ ਗੁਣਾਂ ਦਾ ਗਾਇਨ ਕਰਨ ਲੱਗ
ਪੈਂਦਾ ਹੈ।
ਸਾਧ ਕੈ ਸੰਗਿ ਸ੍ਰਬ ਥਾਨ ਗੰਮਿ ।। ਨਾਨਕ ਸਾਧ ਕੈ
ਸੰਗਿ ਸਫਲ ਜਨੰਮ ।। 5 ।।
ਸ੍ਰਬ - ਸਾਰੇ । ਥਾਨ - ਥਾਂ, ਲੋਕ ਜਿਵੇਂ ਆਕਾਸ਼ ਲੋਕ, ਪਾਤਾਲ਼ ਲੋਕ, ਮਾਤ ਲੋਕ ਆਦਿ । ਗੰਮਿ - ਗਿਆਨ ਹੋ ਜਾਂਦਾ ਹੈ ।
ਸੰਤਾਂ ਜੀ ਸੰਗਤ ਦੀ ਮਿਹਰ ਸਦਕਾ ਜੀਵ ਨੂੰ
ਸਾਰੀਆਂ ਥਾਂਵਾਂ ਦਾ ਅਰਥਾਤ ਸਮਸਤ ਲੋਕਾਂ ਦਾ ਗਿਆਨ ਹੋ ਜਾਂਦਾ ਹੈ। ਸੰਤਾਂ ਦੀ ਸੰਗਤ ਦੇ ਫਲ਼ਸਵਰੂਪ ਜੀਵ ਦਾ
ਜਨਮ ਸਫਲ ਹੋ ਜਾਂਦਾ ਹੈ, ਉਸਦੇ ਮਨੁੱਖੀ ਜਾਮੇ ਵਿੱਚ ਆਉਣ ਦਾ ਮਨੋਰਥ ਪੂਰਾ ਹੋ ਜਾਂਦਾ ਹੈ।
ਸਾਧ ਕੈ ਸੰਗਿ ਨਹੀ ਕਛੁ ਘਾਲ ।। ਦਰਸਨੁ ਭੇਟਤ ਹੋਤ ਨਿਹਾਲ ।।
ਕਛ - ਕੋਈ । ਘਾਲ - ਮਿਹਨਤ । ਦਰਸ਼ਨ - ਧਰਸ਼ਨ ਕਰ ਕੇ । ਭੇਟਤ - ਮਿਲ ਕੇ ।ਨਿਹਾਲ - ਸੰਤੁਸ਼ਟ, ਪੂਰਨ ਤੌਰ ਤੇ ਖੁਸ । ਹੋਤ - ਹੋ ਜਾਈਦਾ ਹੈ ।
ਸੰਤਾਂ ਦੀ ਸੰਗਤ ਦਾ ਸਦਕਾ ਜੀਵ ਸੁਭਾਵਕ ਹੀ ਨੇਕ ਗੁਣਾਂ ਦਾ ਧਾਰਨੀ ਹੋ
ਜਾਂਦਾ ਹੈ, ਉਸ ਨੂੰ ਉੱਤਮ ਇਨਸਾਨ ਬਣਨ ਲਈ ਬਹੁਤ ਮਿਹਨਤ ਨਹੀਂ ਕਰਨੀ ਪੈਂਦੀ। ਉਹ ਸੰਤ ਪੁਰਖਾਂ ਦੇ
ਦਰਸ਼ਨ ਕਰ ਕੇ ਅਤੇ ਉਨ੍ਹਾਂ ਨਾਲ਼ ਮਿਲ ਕੇ ਹੀ ਨਿਹਾਲ ਹੋ ਜਾਂਦਾ ਹੈ। ਉਸ ਵਿੱਚ ਖ਼ੁਦ ਬਖ਼ੁਦ ਹੀ ਨੇਕ ਗੁਣ
ਸਮਾ ਜਾਂਦੇ ਹਨ।
ਸਾਧ ਕੈ ਸੰਗਿ ਕਲੂਖਤ ਹਰੈ ।। ਸਾਧ ਕੈ ਸੰਗਿ ਨਰਕ
ਪਰਹਰੈ ।।
ਕਲੂਖਤ - ਪਾਪ । ਹਰੈ - ਦੂਰ ਹੋ ਦਾਂਦੇ ਹਨ, ਧੋਤੇ ਜਾਂਦੇ ਹਨ । ਪਰਹਰੈ - ਦੂਰ ਹੋ ਜਾਂਦਾ ਹੈ, ਜੀਵ ਨਰਕ ਵਿੱਚ ਜਾਣ ਤੋਂ ਬਚ ਜਾਂਦਾ ਹੈ ।
ਸੰਤਾਂ ਦੀ ਸੰਗਤ ਦੇ ਫਲ਼ ਵਜੋਂ ਇਨਸਾਨ ਦੇ ਸਾਰੇ ਪਾਪ ਧੋਤੇ ਜਾਂਦੇ ਹਨ
ਅਤੇ ਉਹ ਨਰਕ ਵਿੱਚ ਜਾਣ ਤੋਂ ਬਚ ਜਾਂਦਾ ਹੈ।
ਸਾਧ ਕੈ ਸੰਗਿ ਈਹਾ ਊਹਾ ਸੁਹੇਲਾ ।। ਸਾਧਸੰਗਿ
ਬਿਛੁਰਤ ਹਰਿ ਮੇਲਾ ।।
ਈਹਾ - ਇਹ ਦੁਨੀਆਂ, ਹਲਤ । ਊਹਾ - ਅਗਲੀ ਦੁਨੀਆਂ ਜਿੱਥੇ ਮੌਤ ਤੋਂ ਬਾਦ ਜਈਦਾ ਹੈ, ਪਲਤ । ਸੁਹੇਲਾ - ਸੁਖਮਈ ।
ਸੰਤਾਂ ਦੀ ਸੰਗਤ ਕਰਨ ਨਾਲ਼ ਇਨਸਾਨ ਦਾ ਜੀਵਨ ਇਸ ਦੁਨੀਆਂ ਵਿੱਚ ਵੀ ਅਤੇ
ਅਗਲੀ ਦੁਨੀਆਂ ਵਿੱਚ ਵੀ ਸੁਖਮਈ ਬਣ ਜਾਂਦਾ ਹੈ। ਸੰਤਾਂ ਦੀ ਸੰਗਤ ਕਰਨ ਸਦਕਾ ਪਰਮਾਤਮਾ ਤੋਂ ਵਿਛੜੇ
ਹੋਏ ਜੀਵ ਦਾ ਮੁੜ ਉਸਦੇ ਨਾਲ਼ ਮੇਲ ਹੋ ਜਾਂਦਾ ਹੈ।
ਜੋ ਇਛੈ ਸੋਈ ਫਲੁ ਪਾਵੈ ।। ਸਾਧ ਕੈ ਸੰਗਿ ਨ
ਬਿਰਥਾ ਜਾਵੈ ।।
ਇੱਛੈ - ਚਾਹੁੰਦਾ ਹੈ । ਪਾਵੈ - ਪਾ ਲੈਂਦਾ ਹੈ । ਬਿਰਥਾ - ਬੇਅਰਥ, ਅਕਾਰਥ ।
ਸੰਤਾਂ ਦੀ ਸੰਗਤ ਦਾ ਇਹ ਲਾਭ ਹੁੰਦਾ ਹੈ ਕਿ ਜੀਵ ਜੋ ਵੀ ਫਲ਼ ਚਾਹੁੰਦਾ
ਹੈ, ਉਹ ਉਸ ਨੂੰ ਪ੍ਰਪਤ ਹੋ ਜਾਂਦਾ ਹੈ। ਸੰਤਾਂ ਦੀ ਸੰਗਤ ਕਰਨ ਨਾਲ਼ ਜੀਵ ਦਾ ਜਨਮ ਅਕਾਰਥ ਨਹੀਂ
ਜਾਂਦਾ, ਸਫਲ ਹੋ ਜਾਂਦਾ ਹੈ।
ਪਾਰਬ੍ਰਹਮੁ ਸਾਧ ਰਿਦ ਬਸੈ ।। ਨਾਨਕ ਉਧਰੈ ਸਾਧ
ਸੁਨਿ ਰਸੈ ।। 6 ।।
ਰਿਦ - ਹਿਰਦੇ ਵਿੱਚ, ਦਿਲ ਵਿੱਚ । ਬਸੈ - ਵਸਦਾ ਹੈ । ਉਧਰੈ - ਉਧਾਰ (ਕਲਿਆਣ) ਹੋ ਜਾਂਦਾ ਹੈ । ਸਾਧ - ਸੰਤ ਪੁਰਖ ਨੂੰ । ਸੁਨਿ - (ਗੁਣ ਗਾਉਂਦੇ) ਸੁਣ ਕੇ । ਰਸੈ - ਪ੍ਰਮਾਤਮਾ ਦੇ ਪਿਆਰ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ।
ਪ੍ਰਮਾਤਮਾ ਆਪ ਸੰਤ ਪੁਰਖਾਂ ਦੇ ਦਿਲ ਵਿੱਚ ਵਸਦਾ ਹੈ। ਗੁਰੂ ਜੀ ਕਹਿੰਦੇ
ਹਨ ਕਿ ਉਨ੍ਹਾਂ ਦੀ ਰਸਨਾ ਤੋਂ ਹਰੀ ਦਾ ਨਾਮ ਸੁਣ ਸੁਣ ਕੇ ਜੀਵ ਆਪ ਵੀ ਪ੍ਰਮਾਤਮਾ ਦੇ ਰੰਗ ਵਿੱਚ
ਰੰਗਿਆ ਜਾਂਦਾ ਹੈ ਅਤੇ ਉਹ ਭਵ ਸਾਗਰ ਵਿੱਚ ਡੁੱਬਣ ਤੋਂ ਬਚ ਜਾਂਦਾ ਹੈ।
ਸਾਧ ਕੈ ਸੰਗਿ ਸੁਨਉ ਹਰਿ ਨਾਉ ।। ਸਾਧ ਸੰਗਿ ਹਰਿ
ਕੇ ਗੁਨ ਗਾਉ ।।
ਸੁਨਉ - ਸੁਣਦੇ ਹਾਂ । ਹਰਿ - ਹਰੀ ਦਾ, ਪ੍ਰਮਾਤਮਾ ਦਾ । ਨਾਉ - ਨਾਮ । ਗਾਉ - ਗਾਈਦੇ ਹਨ ।
ਸੰਤਾਂ ਦੀ ਸੰਗਤ ਵਿੱਚ ਜਾ ਕੇ ਜੀਵ ਹਰੀ ਦੇ ਗੁਣਾਂ ਦਾ ਗਾਇਨ ਸੁਣਦਾ ਹੈ
ਅਤੇ ਸੁਣ ਸੁਣ ਕੇ ਆਪ ਵੀ ਉਸ ਦੇ ਗੁਣਾਂ ਦਾ ਗਾਇਨ ਕਰਨ ਲੱਗ ਪੈਂਦਾ ਹੈ। ਹਰੀ ਦੇ ਗੁਣ
ਸੁਣਨ ਅਤੇ ਗਾਉਣ ਨਾਲ਼ ਉਸ ਦਾ ਜੀਵਨ ਸਫਲ ਹੋ ਜਾਂਦਾ ਹੈ।
ਸਾਧ ਕੈ ਸੰਗਿ ਨ ਮਨ ਤੇ ਬਿਸਰੈ ।। ਸਾਧ ਸੰਗਿ ਸਰਪਰ
ਨਿਸਤਰੈ ।।
ਨ ਬਿਸਰੈ - ਭੁੱਲਦਾ ਨਹੀਂ । ਸਰਪਰ - ਯਕੀਨਨ, ਜ਼ਰੂਰ ਹੀ, ਨਿਸ਼ਚਿਤ ਤੌਰ ਤੇ । ਨਿਸਤਰੈ - ਕਲਿਆਣ ਹੋ ਜਾਂਦਾ ਹੈ ।
ਸੰਤਾਂ ਦੀ ਸੰਗਤ ਦਾ ਜੀਵ ਦੇ ਉੱਤੇ ਇਹ ਅਸਰ ਹੁਂਦਾ ਹੈ ਕਿ ਉਸ ਦੇ ਮਨ
ਤੋਂ ਪਲ ਭਰ ਲਈ ਵੀ ਪ੍ਰਮਾਤਮਾ ਦਾ ਨਾਮ ਨਹੀਂ ਵਿਸਰਦਾ। ਇਸ ਲਈ ਸੰਤਾਂ ਦੀ ਸੰਗਤ ਕਰਨ ਕਰਕੇ
ਨਿਸ਼ਚਿਤ ਤੌਰ ਤੇ ਜੀਵ ਦਾ ਕਲਿਆਣ ਹੋ ਜਾਂਦਾ ਹੈ।
ਸਾਧ ਕੈ ਸੰਗਿ ਲਗੈ ਪ੍ਰਭੁ ਮੀਠਾ ।। ਸਾਧੂ ਕੈ
ਸੰਗਿ ਘਟਿ ਘਟਿ ਡੀਠਾ ।।
ਘਟਿ ਘਟਿ - ਹਰ ਇੱਕ ਜੀਵ ਵਿੱਚ । ਡੀਛਾ - ਦਿਸਣ ਲੱਗ ਪੈਂਦਾ ਹੈ ।
ਸੰਤਾਂ ਦੀ ਸੰਗਤ ਦੇ ਸਿੱਟੇ ਵਜੋਂ ਪ੍ਰਭੂ ਦਾ ਨਾਮ ਪਿਆਰਾ ਲੱਗਣ ਲੱਗ
ਪੈਂਦਾ ਹੈ। ਸੰਤਾਂ ਦੀ ਸੰਗਤ ਸਦਕਾ ਜੀਵ ਨੂੰ ਹਰ ਇੱਕ ਜੀਵ ਦੇ ਵਿੱਚੋਂ ਹਰੀ ਦਾ ਦੀਦਾਰ
ਹੋਣ ਲੱਗ ਪੈੰਦਾ ਹੈ।
ਸਾਧ ਸੰਗਿ ਭਏ ਆਗਿਆਕਾਰੀ ।। ਸਾਧ ਸੰਗਿ ਗਤਿ ਭਈ
ਹਮਾਰੀ ।।
ਭਏ - ਹੋ ਜਾਈਦਾ ਹੈ । ਗਤਿ - ਮੁਕਤੀ । ਭਈ - ਹੋ ਜਾਂਦੀ ਹੈ ।
ਸੰਤਾਂ ਦੀ ਸੰਗਤ ਦਾ ਸਦਕਾ ਜੀਵ ਪ੍ਰਭੂ ਦੇ ਹੁਕਮ ਵਿੱਚ ਚੱਲਣਾ ਸਿੱਖ
ਜਾਂਦਾ ਹੈ, ਹਰੀ ਦੇ ਹੁਕਮ ਨੂੰ ਖੁਸ਼ੀ ਖੁਸ਼ੀ ਪ੍ਰਵਾਨ ਕਰਨ ਲੱਗ ਪੈੰਦਾ ਹੈ। ਸੰਤ ਪੁਰਖਾਂ ਦੀ ਸੰਗਤ
ਕਰਨ ਨਾਲ਼ ਸਾਡਾ ਕਲਿਆਣ ਹੋ ਜਾਂਦਾ ਹੈ, ਸਾਨੂੰ ਮੁਕਤੀ ਮਿਲ ਜਾਂਦੀ ਹੈ।
ਸਾਧ ਕੈ ਸੰਗਿ ਮਿਟੇ ਸਭਿ ਰੋਗ ।। ਨਾਨਕ ਸਾਧ
ਭੇਟੇ ਸੰਜੋਗ ।। 7 ।।
ਭੇਟੇ - ਮਿਲਣ ਨਾਲ਼, ਸੰਗਤ ਕਰਨ ਨਾਲ਼ । ਸੰਜੋਗ - ਪ੍ਰਭੂ ਨਾਲ ਮਿਲਾਪ ।
ਸੰਤਾਂ ਦੀ ਸੰਗਤ ਦੇ ਸਿੱਟੇ ਵਜੋਂ ਸਾਰੇ ਰੋਗ ਦੂਰ ਹੋ ਜਾਂਦੇ ਹਨ, ਸਰੀਰ
ਅਤੇ ਮਨ ਅਰੋਗ ਦੋਵੇਂ ਅਰੋਗ ਹੋ ਜਾਂਦੇ ਹਨ। ਸੰਤਾਂ ਦੀ ਸੰਗਤ ਦੀ ਮਿਹਰ ਨਾਲ਼ ਜੀਵ ਦਾ ਪ੍ਰਭੂ ਨਾਲ਼
ਮਿਲਾਪ ਹੋ ਜਾਂਦਾ ਹੈ, ਜੀਵ ਅਤੇ ਪ੍ਰਭੂ ਵਿਚਲੀ ਦੂਰੀ ਖਤਮ ਹੋ ਜਾਂਦੀ ਹੈ।
ਸਾਧ ਕੀ ਮਹਿਮਾ ਬੇਦ ਨ ਜਾਨਹਿ ।। ਜੇਤਾ ਸੁਨਹਿ
ਤੇਤਾ ਬਖਿਆਨਹਿ ।।
ਮਹਿਮਾ - ਵਟਿਆਈ । ਜੇਤਾ - ਜਿੰਨਾ । ਸੁਨਹਿ - ਸੁਣਦੇ ਹਨ । ਤੇਤਾ - ਓਨਾ ਹੀ । ਬਖਿਆਨਹਿ - ਬਿਆਨ ਕਰਦੇ ਹਨ ।
ਸੰਤ ਦੀ ਵਡਿਆਈ ਦਾ ਗਿਆਨ ਤਾਂ ਵੇਦਾਂ ਨੂੰ
ਰਚਣ ਵਾਲ਼ੇ ਮਹਾਂ ਮੁਨੀਆਂ ਨੂੰ ਭੀ ਨਹੀਂ ਸੀ। ਇਨ੍ਹਾਂ ਗ੍ਰੰਥਾਂ ਵਿੱਚ ਵੀ ਉਨ੍ਹਾਂ ਦੇ ਲਿਖਣ ਵਾਲ਼ਿਆਂ ਨੇ ਓਨਾ ਹੀ
ਲਿਖਿਆ ਹੈ ਜਿੰਨਾ ਉਨ੍ਹਾਂ ਨੇ ਕਿਸੇ ਤੋਂ ਸੁਣਿਆਂ ਸੀ।
ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰਿ ।। ਸਾਧ ਕੀ
ਉਪਮਾ ਰਹੀ ਭਰਪੂਰਿ ।।
ਉਪਮਾ - ਵਡਿਆਈ । ਤਿਹੁ - ਤਿੰਨ । ਤਿਹੁ ਗੁਣ - ਤਿੰਨਾਂ ਹੀ ਗੁਣਾ (ਰਜੋ ਗੁਣ, ਤਮੋ ਗੁਣ, ਸਤੋ ਗੁਣ), । ਦੂਰਿ - ਬਾਹਰ । ਭਰਪੂਰਿ - ਸਾਰੀ ਦੁਨੀਆਂ ਵਿੱਚ ਭਰੀ ਪਈ ਹੈ ।
ਸੰਤਾਂ ਦੀ ਵਡਿਆਈ ਸਤੋ, ਰਜੋ ਅਤੇ ਤਮੋ ਤਿੰਨਾਂ ਹੀ ਗੁਣਾ ਤੋਂ ਬਾਹਰ
ਹੁੰਦੀ ਹੈ, ਇਸ ਕਰਕੇ ਇਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਸੰਤ ਪੁਰਖਾਂ ਦੀ ਮਹਿਮਾ ਨਾਲ਼ ਜਗਤ
ਭਰਿਆ ਪਿਆ ਹੈ, ਇਹ ਹਰ ਥਾਂ ਸੁਣਨ ਨੂੰ ਮਿਲਦੀ ਹੈ।
ਸਾਧ ਕੀ ਸੋਭਾ ਕਾ ਨਾਹੀ ਅੰਤ ।। ਸਾਧ ਕੀ ਸੋਭਾ
ਸਦਾ ਬੇਅੰਤ ।।
ਬਅਂਤ - ਅੰਤ ਤੋਂ ਬਾਹਰ, ਜੋ ਬਿਆਨ ਨਹੀਂ ਕਾਤਾ ਜਾ ਸਕਦੀ ।
ਸੰਤਾਂ ਦੀ ਸੋਭਾ ਦਾ ਕੋਈ ਅੰਤ ਨਹੀਂ। ਸੰਤਾਂ ਦੀ ਸੋਭਾ ਬੇਅਂਤ ਹੈ, ਇਸ
ਨੂੰ ਮਾਪਣਾ ਜਾਂ ਬਿਆਨ ਕਰਨਾ ਸੰਭਵ ਨਹੀਂ।
ਸਾਧ ਕੀ ਸੋਭਾ ਊਚ ਤੇ ਊਚੀ ।। ਸਾਧ ਕੀ ਸੋਭਾ ਮੂਚ
ਤੇ ਮੂਚੀ ।।
ਊਚ ਤੇ ਊਚੀ - ਮਹਾਨ ਤੋਂ ਵੀ ਮਹਾਨ । ਮੂਚ - ਵੱਡਾ, ਮਹਾਨ । ਮੂਚੀ - ਮਹਾਨ, ਵੱਡੀ ।
ਸੰਤਾਂ ਦੀ ਸੋਭਾ ਉੱਚੀ ਤੋਂ ਵੀ ਉੱਚੀ ਹੈ,
ਇਸ ਦਾ ਅੰਦਾਜ਼ਾ ਲਾਉਣਾ ਮੁਮਕਿਨ ਨਹੀਂ। ਸੰਤਾਂ ਦੀ ਸੋਭਾ ਵੱਡੀ ਤੋਂ ਵੀ ਵੱਡੀ ਹੁੰਦੀ ਹੈ, ਏਨੀ
ਵੱਡੀ ਕਿ ਦੱਸੀ ਨਹੀਂ ਜਾ ਸਕਦੀ।
ਸਾਧ ਕੀ ਸੋਭਾ ਸਾਧ ਬਨਿ ਆਈ ।। ਨਾਨਕ ਸਾਧ ਪ੍ਰਭ
ਭੇਦੁ ਨ ਭਾਈ ।। 8 ।। 7 ।।
ਬਨਿ ਆਈ - ਸੋਭਦੀ ਹੈ । ਸਾਧ ਪ੍ਰਭ - ਸਾਧੂ ਵਿੱਚ ਅਤੇ ੍ਪਰਮਾਤਮਾ ਵਿੱਚ ਭੇਦ - ਫ਼ਰਕ ।
ਸੰਤਾਂ ਦੀ ਵਡਿਆਈ ਏਨੀ ਮਹਾਨ ਹੈ ਕਿ ਇਹ ਸਿਰਫ ਉਨ੍ਹਾਂ ਨੂੰ ਹੀ ਫੱਬਦੀ
ਹੈ, ਹੋਰ ਕੋਈ ਇਸ ਦੇ ਲਾਇਕ ਨਹੀਂ। ਗੁਰੂ ਜੀ ਤਾਂ ਇੱਥੋਂ ਤੱਕ ਕਹਿੰਦੇ ਹਨ ਕਿ ਸੰਤ ਆਪ ਰੱਬ ਦਾ
ਰੂਪ ਹੁੰਦੇ ਹਨ, ਉਨ੍ਹਾਂ ਵਿੱਚ ਅਤੇ ਰੱਬ ਵਿੱਚ ਕੋਈ ਫਰਕ ਨਹੀਂ ਹੁੰਦਾ।
Comments
Post a Comment