ਅਸਟਪਦੀ 1

 ਗਉੜੀ ਸੁਖਮਨੀ ਮ: 5

ਗਉੜੀ ਸੁਖਮਨੀ ਮ: ।।

ਇਹ ਬਾਣੀ ਸੁਖਮਨੀ ਸਾਹਿਬ ਜਿਸ ਦਾ ਅਰਥ ਹੈ ਸੁਖਾਂ ਦੀ ਮਣੀ ਜਾਂ ਸੁਖਾਂ ਦਾ ਖ਼ਜ਼ਾਨਾ ਗਉੜੀ ਰਾਗ ਵਿੱਚ ਪੰਜਵੀਂ ਪਾਤਸ਼ਾਹੀ, ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਚਾਰਣ ਕੀਤੀ ਹੋਈ ਹੈ।   

ਸਲੋਕੁ ।।

ਸਤਿਗੁਰ ਪ੍ਰਸਾਦਿ ।।

 

ਆਦਿ ਗੁਰਏ ਨਮਹ ।।

ਜੁਗਾਦਿ ਗੁਰਏ ਨਮਹ ।।

ਸਤਿਗੁਰਏ ਨਮਹ ।।

ਸ੍ਰੀ ਗੁਰਦੇਵਏ ਨਮਹ ।। ।।

ਆਦਿ - ਪਹਿਲੇ। ਗੁਰਏ - ਗੁਰੂ ਜੀ ਨੂੰ। ਨਮਹ - ਨਮਸ਼ਕਾਰ  ਹੈ। ਜੁਗਾਦਿ - ਦੂਜੇ। ਸਤਿਗੁਰਏ - ਤੀਜੇ ਗੁਰੂ ਗੁਰੂ ਅਮਰਦਾਸ ਜੀ ਜਿਨ੍ਹਾਂ ਨੂੰ ਗੁਰੂ ਰਾਮਦਾਸ  ਜੀ ਨੇ ਵਾਰ ਗਉੜੀ ਮਹਲਾ 4 - 17 ਵਿੱਚ  ਸਤਿਗੁਰੁ ਕਿਹਾ ਹੈ। ਸ਼੍ਰੀ ਗੁਰਦੇਵਏ - ਤੀਜੇ ਗੁਰੂ ਜੀ ਨੂੰ ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਜੀ ਨੇ ਬਿਲਾਵਲ ਮਹਲਾ 5 - 67  ਵਿੱਚ ਗੁਰਦੇਵ ਕਿਹਾ ਹੈ।

ਪ੍ਰਮਾਤਮਾ ਇੱਕ ਹੈ ਅਤੇ ਉਸ ਦੀ ਸੋਝੀ ਸੱਚੇ ਗੁਰੂ ਦੀ ਮਿਹਰ ਨਾਲ਼ ਪ੍ਰਾਪਤ ਹੁੰਦੀ ਹੈ।

ਆਦਿ (ਪਹਿਲੇ) ਗੁਰੂ, ਗੁਰੂ ਨਾਨਕ ਦੇਵ ਜੀ, ਨੂੰ ਮੇਰਾ ਨਮਸ਼ਕਾਰ ਹੈ। ਦੂਜੇ ਗੁਰੂ, ਗੁਰੂ ਅੰਗਦ ਦੇਵ ਜੀ, ਨੂੰ ਮੇਰਾ ਨਮਸ਼ਕਾਰ ਹੈ (ਜੁਗ ਦਾ ਅਰਥ ਹੁੰਦਾ ਹੈ ਦੋ। ਇਸ ਲਈ ਜੁਗਾਦਿ ਗੁਰਏ ਦਾ ਅਰਥ ਹੈ ਦੂਜੇ ਗੁਰੂ ਨੂੰ)। ਸਤਿਗੁਰੂ, ਗੁਰੂ ਅਮਰ ਦਾਸ ਜੀ, ਨੂੰ ਮੇਰਾ ਨਮਸ਼ਕਾਰ ਹੈ (ਗੁਰੂ ਰਾਮਦਾਸ ਜੀ ਨੇ ਗਉੜੀ ਮ: 4 ਵਿੱਚ ਅੰਗ 310 ਤੇ ਗੁਰੂ ਅਮਰ ਦਾਸ ਜੀ ਲਈ ਸਤਿਗੁਰੁ ਸ਼ਬਦ ਵਰਤਿਆ ਹੈ) ਚੌਥੇ ਗੁਰੂ ਗੁਰਦੇਵ ਰਾਮਦਾਸ ਜੀ ਨੂੰ ਮੇਰਾ ਨਮਸ਼ਕਾਰ ਹੈ (ਗੁਰੂ ਅਰਜਨ ਦੇਵ ਜੀ ਨੇ ਬਿਲਾਵਲ ਮ: 5 ਵਿੱਚ ਅੰਗ 817 ਤੇ ਗੁਰੂ ਰਾਮਦਾਸ ਜੀ ਲਈ ਗੁਰਦੇਵ ਸ਼ਬਦ ਦੀ ਵਰਤੋਂ ਕੀਤੀ ਹੈ)

ਅਸਟਪਦੀ ।।

ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ ।। ਕਲਿ ਕਲੇਸ ਤਨ ਮਾਹਿ ਮਿਟਾਵਉ ।।

ਸਿਮਰਉ -  ਸਿਮਰਦਾ ਹਾਂ। ਪਾਵਉ -  ਪਾਉਂਦਾ ਹਾਂ। ਮਿਟਾਵਉ -  ਮਿਟਾਉਂਦਾ ਹਾਂ।

 ਮੈਂ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਹਾਂ। ਉਸ ਦੇ ਨਾਮ ਦਾ ਸਿਮਰਨ ਕਰਨ ਨਾਲ਼ ਮੈਨੂੰ ਸਾਰੇ ਸੁਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਉਸ ਦੇ ਨਾਮ ਦਾ ਸਿਮਰਨ ਕਰਨ ਨਾਲ਼ ਸ਼ਰੀਰ ਦੇ ਸਾਰੇ ਕਸ਼ਟਾਂ ਅਤੇ ਕਲ਼ੇਸ਼ਾਂ ਤੋਂ ਛੁਟਕਾਰਾ ਪਾ ਮਿਲ ਜਾਂਦਾ ਹੈ।

ਸਿਮਰਉ ਜਾਸੁ ਬਿਸੁੰਭਰ ਏਕੈ ।। ਨਾਮੁ ਜਪਤੁ ਅਗਨਤ ਅਨੇਕੈ ।।

ਬਿਸੁੰਭਰ - ਸੰਸਾਰ ਨੂੰ ਪੈਦਾ ਕਰਨ ਵਾਲ਼ਾ ਅਤੇ ਇਸ ਦੀ ਪਾਲਣਾ ਕਰਨ ਵਾਲ਼ਾ ਪ੍ਰਮਾਤਮਾ

ਮੈਂ ਉਸ ਇੱਕ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਹਾਂ ਅਤੇ ਜਸ ਗਾਉਂਦਾ ਹਾਂ ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਅਤੇ ਜਿਹੜਾ ਸਾਰੇ ਸੰਸਾਰ ਦਾ ਮਾਲਕ ਹੈ ਇਸ ਦੀ ਸਿਰਜਣਾ ਕਰਨ ਵਾਲ਼ਾ ਹੈ ਅਤੇ ਇਸ ਦੀ ਸਾਂਭ ਸੰਭਾਲ਼ ਅਤੇ ਪਾਲਣਾ ਕਰਦਾ ਹੈ। ਅਣਗਿਣਤ ਲੋਕ ਹਰ ਵੇਲ਼ੇ ਉਸ ਦੇ ਅਨੇਕਾਂ ਹੀ ਨਾਮਾਂ ਦਾ ਸਿਮਰਨ ਕਰਦੇ ਹਨ।

ਬੇਦ ਪੁਰਾਨ ਸਿੰਮ੍ਰਿਤਿ ਸੁਧਾਖ੍ਯਰ ।। ਕੀਨੇ ਰਾਮ ਨਾਮ ਇੱਕ ਆਖ੍ਯਰ ।।

ਸੁਧਾਖ੍ਯਰ - ਪਵਿੱਤਰ ਗ੍ਰੰਥ ਮੰਨੇ ਜਾਂਦੇ ਹਨ। ਕੀਨੇ - ਕੀਤਾ ਹੈ। ਆਥ੍ਯਰ - ਅੱਖਰ ਜਾਂ ਸ਼ਬਦ।

ਵੇਦ ਪੁਰਾਣ ਅਤੇ ਸਿਮਰਤੀਆਂ ਨੂੰ ਪਵਿੱਤਰ ਗ੍ਰੰਥ ਮੰਨਿਆਂ ਜਾਂਦਾ ਹੈ। ਉਨ੍ਹਾਂ ਨੂੰ ਕਿਸ ਚੀਜ਼ ਨੇ ਪਵਿੱਤਰ ਬਣਾਇਆ ਹੈ? ਸਿਰਫ਼ ਇੱਕ ਸ਼ਬਦ ਦੀ ਹੋਂਦ ਨੇ ਹੀ ਉਨ੍ਹਾਂ ਨੂੰ ਪਵਿੱਤਰਤਾ ਬਖ਼ਸ਼ੀ ਹੈ ਅਤੇ ਉਹ ਸ਼ਬਦ ਹੈ ਰਾਮ ਦਾ ਨਾਮਕੇਵਲ ਪ੍ਰਮਾਤਮਾ ਦੇ ਨਾਮ ਦੀ ਮੌਜੂਦਗੀ ਨੇ ਉਨ੍ਹਾਂ ਨੂੰ ਪਵਿੱਤਰ ਬਣਾ ਦਿੱਤਾ ਹੈ।

ਕਿਨਕਾ ਏਕ ਜਿਸੁ ਜੀਅ ਬਸਾਵੈ ।। ਤਾ ਕੀ ਮਹਿਮਾ ਗਨੀ ਨ ਆਵੈ ।।

ਜੀਅ - ਜੀਵ ਦੇ ਮਨ ਵਿੱਚ। ਬਸਾਵੈ - ਵਸਾਉਂਦਾ ਹੈ। ਮਹਿਮਾ - ਵਡਿਆਈ। 

ਪ੍ਰਮਾਤਮਾ ਕਿਰਪਾ ਕਰ ਕੇ ਅਪਣੇ ਨਾਮ ਦਾ ਇੱਕ ਕਿਣਕਾ ਮਾਤਰ ਵੀ ਜਿਸ ਜੀਵ ਦੇ ਮਨ ਵਿੱਚ ਵਸਾ ਦਿੰਦਾ ਹੈ ਉਹ ਏਨਾ ਮਹਾਨ ਬਣ ਜਾਂਦਾ ਹੈ ਕਿ ਉਸ ਦੀ ਵਡਿਆਈ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ, ਬਿਆਨ ਨਹੀਂ ਕੀਤਾ ਜਾ ਸਕਦਾ।

ਕਾਂਖੀ ਏਕੈ ਦਰਸ ਤੁਹਾਰੋ ।। ਨਾਨਕ ਉਨ ਸੰਗਿ ਮੋਹਿ ਉਧਾਰੋ ।। ।।

ਕਾਂਖੀ - ਇੱਛਾਵਾਨ ਹਨ

ਹੇ ਪ੍ਰਮਾਤਮਾ, ਕੁਝ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਕੇਵਲ ਤੇਰੇ ਦਰਸ਼ਨਾਂ ਦੀ ਇੱਛਾ ਹੁੰਦੀ ਹੈ, ਹੋਰ ਕੋਈ ਤਾਂਘ ਨਹੀਂ ਹੁੰਦੀਅਜਿਹੇ ਮਹਾਨ ਲੋਕਾਂ ਦਾ ਉਧਾਰ ਹੋ ਜਾਂਦਾ ਹੈ। ਗੁਰੂ ਜੀ ਬੇਨਤੀ ਕਰਦੇ ਹਨ ਕਿ ਹੇ ਪ੍ਰਭੂ, ਮੈਨੂੰ ਉਨ੍ਹਾਂ ਮਹਾਂ ਪੁਰਖਾਂ ਦੀ ਸੰਗਤ ਬਖ਼ਸ਼ੋ ਤਾਂ ਕਿ ਉਨ੍ਹਾਂ ਦੇ ਨਾਲ਼ ਨਾਲ਼ ਮੇਰਾ ਵੀ ਕਲਿਆਣ ਹੋ ਜਾਵੇ

ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ।ਭਗਤ ਜਨਾ ਕੈ ਮਨਿ ਬਿਸ੍ਰਾਮ ।। ਰਹਾਉ ।।

ਸੁਖਮਨੀ - ਸੁਖਾਂ ਦਾ ਖ਼ਜ਼ਾਨਾ। ਬਿਸ੍ਰਾਮ - ਵਸਦਾ ਹੈ।

ਪ੍ਰਮਾਤਮਾ ਦਾ ਨਾਮ ਅਜਿਹਾ ਅੰਮ੍ਰਿਤ ਹੈ ਜਿਹੜਾ ਦੁਨੀਆਂ ਦੇ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ। ਉਸ ਦੇ ਨਾਮ ਦਾ ਸਿਮਰਨ ਜੀਵ ਨੂੰ ਸਦੀਵੀ ਜੀਵਨ ਬਖ਼ਸ਼ ਦਿੰਦਾ ਹੈ। ਇਹ ਨਾਮ ਦਾ ਖ਼ਜ਼ਾਨਾ ਭਗਤਾਂ ਦੇ ਮਨਾਂ ਵਿੱਚ ਵਸਦਾ ਹੈ। ਉਨ੍ਹਾਂ ਦੀ ਸੰਗਤ ਕਰਨ ਨਾਲ਼ ਇਹ ਕੀਮਤੀ ਖ਼ਜ਼ਾਨਾ ਪ੍ਰਾਪਤ ਕੀਤਾ ਜਾ ਸਕਦਾ ਹੈ।(ਵਿਸ਼੍ਰਾਮ)।

ਪ੍ਰਭ ਕੈ ਸਿਮਰਨਿ ਗਰਭਿ ਨ ਬਸੈ ।। ਪ੍ਰਭ ਕੈ ਸਿਮਰਨਿ ਦੂਖੁ ਜਮੁ ਨਸੈ ।।

ਜਮੁ - ਜਮਾਂ ਦਾ, ਮੈਤ ਦਾ।

ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਨਾਲ਼ ਜਨਮ ਮਰਨ ਦੇ ਦੁੱਖ ਤੋਂ ਛੁਟਕਾਰਾ ਮਿਲ ਜਾਂਦਾ ਹੈ, ਮੁੜ ਮੁੜ ਕੇ ਗਰਭ ਜੂਨ ਵਿੱਚ ਨਹੀਂ ਆਉਣਾ ਪੈਂਦਾ। ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਨਾਲ਼ ਜਮਾਂ ਦਾ ਡਰ ਦੂਰ ਹੋ ਜਾਂਦਾ ਹੈ, ਮੌਤ ਦਾ ਖ਼ੌਫ਼ ਖਤਮ ਹੋ ਜਾਂਦਾ ਹੈ। ਇਨਸਾਨ ਇਹ ਸਮਝ ਜਾਂਦਾ ਹੈ ਕਿ ਮੌਤ ਕੇਵਲ ਸਰੀਰ ਨੂੰ ਖ਼ਤਮ ਕਰ ਸਕਦੀ ਹੈ, ਆਤਮਾ ਨੂੰ ਨਹੀਂ ਛੂਹ ਸਕਦੀ। ਇਸ ਕਰਕੇ ਉਹ ਮੌਤ ਤੋਂ ਡਰਨਾ ਛੱਡ ਦਿੰਦਾ ਹੈ।

ਪ੍ਰਭ ਕੈ ਸਿਮਰਨਿ ਕਾਲੁ ਪਰਹਰੈ ।। ਪ੍ਰਭ ਕੈ ਸਿਮਰਨਿ ਦੁਸਮਨੁ ਟਰੈ ।।

 ਕਾਲੁ - ਮੌਤ ਦਾ ਡਰ। ਪਰਹਰੈ - ਦੂਰ ਹੋ ਜਾਂਦਾ ਹੈ। ਚਰੈ - ਟਲ਼ ਜਾਂਦਾ ਹੈ। 

ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਨਾਲ਼ ਇਨਸਾਨ ਨੂੰ ਮੌਤ ਤੋਂ ਮੁਕਤੀ ਮਿਲ ਜਾਂਦੀ ਹੈ, ਉਸ ਤੇ ਮੌਤ ਦਾ ਕੋਈ ਅਸਰ ਨਹੀਂ ਹੁੰਦਾ। ਸ਼ਰੀਰਕ ਤੌਰ ਤੇ ਮੌਤ ਹੋ ਜਾਣ ਦੇ ਬਾਵਜੂਦ ਇਨਸਾਨ ਦਾ ਨਾਂ ਅਮਰ ਹੋ ਜਾਂਦਾ ਹੈ। ਨਾਮ ਸਿਮਰਨ ਨਾਲ਼ ਵੈਰੀ ਵੀ ਦੋਸਤ ਬਣ ਜਾਂਦੇ ਹਨ ਜਾਂ ਉਨ੍ਹਾਂ ਦਾ ਨਾਸ਼ ਹੋ ਜਾਂਦਾ ਹੈ। ਸੋ ਦੁਸ਼ਮਣਾਂ ਦਾ ਡਰ ਦੂਰ ਹੋ ਜਾਂਦਾ ਹੈ।

ਪ੍ਰਭ ਸਿਮਰਤ ਕਛੁ ਬਿਘਨੁ ਨ ਲਾਗੈ ।। ਪ੍ਰਭ ਕੈ ਸਿਮਰਨਿ ਅਨਦਿਨੁ ਜਾਗੈ ।।

ਬਿਘਨੁ  ਰੁਕਾਵਟ। ਅਨਦਿਨੁ - ਹਰ ਦਿਨ, ਸਦਾ ਹੀ। ਜਾਗੈ - ਸੁਚੇਤ ਰਹਿਂਦਾ ਹੈ।

ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਵਾਲ਼ੇ ਇਨਸਾਨ ਦੇ ਕਿਸੇ ਵੀ ਕੰਮ ਦੇ ਰਸਤੇ ਵਿੱਚ ਕੋਈ ਵੀ ਰੁਕਾਵਟ ਨਹੀਂ ਆਉਂਦੀ। ਉਹ ਸੌਖੇ ਹੀ ਅਪਣੀ ਮੰਜ਼ਿਲ ਹਾਸਲ ਕਰ ਲੈਂਦਾ ਹੈ। ਪ੍ਰਮਾਤਮਾ ਦਾ ਸਿਮਰਨ ਕਰਨ ਵਾਲ਼ਾ ਇਨਸਾਨ ਦਿਨ ਪ੍ਰਤੀ ਦਿਨ ਹਮੇਸ਼ਾਂ ਪ੍ਰਮਾਤਮਾ ਪ੍ਰਤੀ ਅਪਣੇ ਫ਼ਰਜ਼ ਬਾਰੇ ਸੁਚੇਤ ਰਹਿੰਦਾ ਹੈ, ਉਸ ਨੂੰ ਹਰ ਵੇਲ਼ੇ ਪ੍ਰਭੂ ਯਾਦ ਰਹਿੰਦਾ ਹੈ।

ਪ੍ਰਭ ਕੈ ਸਿਮਰਨਿ ਭਉ ਨ ਬਿਆਪੈ ।। ਪ੍ਰਭ ਕੈ ਸਿਮਰਨਿ ਦੁਖੁ ਨ ਸੰਤਾਪੈ ।।

ਬਿਆਪੈ - ਮਹਿਸੂਸ ਨਹੀਂ ਹੁੰਦਾ। ਨ ਸੰਤਾਪੈ - ਤੰਗ ਨਹੀਂ ਕਰਦਾ।

ਪ੍ਰਮਾਤਮਾ ਦਾ ਨਾਮ ਸਿਮਰਨ ਕਰਨ ਨਾਲ਼ ਡਰ ਦਾ ਨਾਸ਼ ਹੋ ਜਾਂਦਾ ਹੈ, ਡਰ ਨਾਂ ਦੀ ਚੀਜ਼ ਇਨਸਾਨ ਦੇ ਨੇੜੇ ਵੀ ਨਹੀਂ ਢੁੱਕਦੀ। ਨਾਮ ਦਾ ਸਿਮਰਨ ਜੀਵ ਨੂੰ ਨਿਰਭੈ ਬਣਾ ਦਿੰਦਾ ਹੈ। ਪ੍ਰਮਾਤਮਾ ਦਾ ਨਾਮ ਸਿਮਰਨ ਨਾਲ਼ ਦੁੱਖ ਦਰਦ ਅਤੇ ਕਲੇਸ਼ ਵੀ ਬੰਦੇ ਦੇ ਨੇੜੇ ਨਹੀਂ ਆਉਂਦੇ, ਉਹ ਆਦਮੀ ਨੂੰ ਤੰਗ ਨਹੀਂ ਕਰਦੇ। ਜੇ ਦੁੱਖ ਆਵੇ ਵੀ ਤਾਂ ਉਸ ਨੂੰ ਵੀ ਜੀਵ ਪ੍ਰਮਾਤਮਾ ਦੀ ਦਾਤ ਸਮਝ ਕੇ ਖੁਸ਼ੀ ਖੁਸ਼ੀ ਸਹਿਣ ਕਰ ਲੈਂਦਾ ਹੈ।

ਪ੍ਰਭ ਕਾ ਸਿਮਰਨੁ ਸਾਧ ਕੈ ਸੰਗਿ ।। ਸਰਬ ਨਿਧਾਨੁ ਨਾਨਕ ਹਰਿ ਰੰਗਿ ।। ।।

ਸੰਗਿ - ਸੰਗਤ ਵਿੱਚ। ਨਿਧਾਨ - ਖ਼ਜ਼ਾਨੇ। ਹਰਿ - ਹਰੀ ਦਾ, ਪ੍ਰਮਾਤਮਾ ਦਾ। ਰੰਗਿ - ਪਿਆਰ ਨਾਲ਼।

ਪ੍ਰਮਾਤਮਾ ਦੇ ਸਿਮਰਨ ਦੀ ਦਾਤ ਸੰਤ ਪੁਰਸ਼ਾਂ ਦੀ ਸੰਗਤ ਤੋਂ ਪ੍ਰਾਪਤ ਹੁੰਦੀ ਹੈ। ਇਹ ਨੇਕ ਇਨਸਾਨ ਜੋ ਖ਼ੁਦ ਰੱਬ ਦੇ ਰੰਗ ਵਿੱਚ ਰੰਗੇ ਹੁੰਦੇ ਹਨ ਦੂਜਿਆਂ ਨੂੰ ਵੀ ਉਸ ਦੇ ਰੰਗ ਵਿੱਚ ਰੰਗ ਦਿੰਦੇ ਹਨ। ਰੱਬ ਦੇ ਰੰਗ ਵਿੱਚ ਰੰਗੇ ਜਾਣ ਨਾਲ਼ ਇਨਸਾਨ ਨੂੰ ਸੰਸਾਰ ਦੇ ਸਾਰੇ ਹੀ ਖ਼ਜ਼ਾਨੇ ਹਾਸਲ ਹੋ ਜਾਂਦੇ ਹਨ, ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਰਹਿੰਦੀ।

ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ ।। ਪ੍ਰਭ ਕੈ ਸਿਮਰਨਿ ਗਿਆਨੁ ਧਿਆਨੁ ਤਤੁ ਬੁਧਿ ।।

ਤਤੁ - ਜਗਤ ਦੇ ਮੂਲ਼ ਪ੍ਰਮਾਤਮਾ ਦਾ ਗਿਆਨ, ਬ੍ਰਹਮ ਗਿਆਨ। ਬੁਧਿ - ਵਿਵੇਕ ਸ਼ਕਤੀ ਰਿਧਿ - ਦੁਨਿਆਵੀ ਪਦਾਰਥ। ਸਿਧਿ - ਕਰਾਮਾਤੀ ਜਾਂ ਅਲੌਕਿਕ ਸ਼ਕਤੀਆਂ। ਨਉ - ਨੌਂ। ਨਿਧਿ - ਖ਼ਜ਼ਾਨੇ। 

ਪ੍ਰਮਾਤਮਾ ਦੇ ਸਿਮਰਨ ਨਾਲ਼ ਸਾਰੀਆਂ ਦੁਨਿਆਵੀ ਵਸਤਾਂ (ਰਿੱਧੀਆਂ) ਪ੍ਰਾਪਤ ਹੋ ਜਾਂਦੀਆਂ ਹਨ, ਕਰਾਮਾਤੀ ਸ਼ਕਤੀਆਂ (ਸਿੱਧੀਆਂ) ਪ੍ਰਾਪਤ ਹੋ ਜਾਂਦੀਆਂ ਹਨ ਅਤੇ ਨੌਂ ਖ਼ਜ਼ਾਨੇ ਹਾਸਲ ਹੋ ਜਾਂਦੇ ਹਨ। ਸਿਮਰਨ ਦੇ ਸਿੱਟੇ ਵਜੋਂ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ, ਪ੍ਰਭੂ ਦੇ ਨਾਲ਼ ਧਿਆਨ ਜੋੜਨ ਦੀ ਜੁਗਤੀ ਸਮਝ ਵਿੱਚ ਆ ਜਾਂਦੀ ਹੈ ਅਤੇ ਸ੍ਰਿਸ਼ਟੀ ਦੇ ਮੂਲ਼ ਬ੍ਰਹਮ ਦੇ ਗਿਆਨ ਨੂੰ ਸਮਝਣ ਦੀ ਵਿਵੇਕ ਬੁੱਧੀ ਵਿਕਸਿਤ ਹੋ ਜਾਂਦੀ ਹੈ।

ਪ੍ਰਭ ਕੈ ਸਿਮਰਨਿ ਜਪ ਤਪ ਪੂਜਾ ।। ਪ੍ਰਭ ਕੈ ਸਿਮਰਨਿ ਬਿਨਸੈ ਦੂਜਾ ।।

ਬਿਨਸੈ - ਨਸ਼ਟ ਹੋ ਜਾਂਦਾ ਹੈ। ਦੂਜਾ - ਮਾਇਆ ਦਾ ਪਿਆਰ।

ਪ੍ਰਭੂ ਦੇ ਨਾਮ ਦਾ ਸਿਮਰਨ ਹਰ ਤਰਾਂ ਦੇ ਮੰਤਰਾਂ ਦੇ ਜਾਪ ਦੇ ਬਰਾਬਰ ਹੈ। ਇਸ ਨਾਲ਼ ਹਰ ਤਰਾਂ ਦੀ ਤਪੱਸਿਆ ਅਤੇ ਪੂਜਾ ਦਾ ਫਲ਼ ਮਿਲ ਜਾਂਦਾ ਹੈ, ਕਿਸੇ ਤਰਾਂ ਦੀ ਹੋਰ ਤਪੱਸਿਆ ਜਾਂ ਪੂਜਾ ਕਰਨ ਦੀ ਜ਼ਰੂਰਤ ਨਹੀਂ ਰਹਿੰਦੀ। ਉਸ ਦੇ ਨਾਮ ਦੇ ਸਿਮਰਨ ਨਾਲ਼ ਦੂਜੇ ਭਾਵ ਮਾਇਆ ਦੇ ਪਿਆਰ ਦਾ ਨਾਸ਼ ਹੋ ਜਾਂਦਾ ਹੈ, ਇਨਸਾਨ ਕੇਵਲ ਪ੍ਰਮਾਤਮਾ ਦੇ ਨਾਲ਼ ਜੁੜ ਜਾਂਦਾ ਹੈ

ਪ੍ਰਭ ਕੈ ਸਿਮਰਨਿ ਤੀਰਥ ਇਸਨਾਨੀ ।। ਪ੍ਰਭ ਕੈ ਸਿਮਰਨਿ ਦਰਗਹ ਮਾਨੀ ।।

ਦਰਗਹ - ਪ੍ਰਮਾਤਮਾ ਦਾ ਦਰਬਾਰ ਮਾਨੀ - ਸਤਿਕਾਰ ਮਿਲਦਾ ਹੈ।

ਪ੍ਰਭੂ ਦੇ ਨਾਮ ਦੇ ਸਿਮਰਨ ਨਾਲ਼ ਸਾਰੇ ਹੀ ਤੀਰਥਾਂ ਦੇ ਇਸ਼ਨਾਨ ਦਾ ਫਲ਼ ਪ੍ਰਾਪਤ ਹੋ ਜਾਂਦਾ ਹੈ, ਕਿਸੇ ਤੀਰਥ ਦਾ ਇਸ਼ਨਾਨ ਕਰਨ ਦੀ ਲੋੜ ਨਹੀਂ ਰਹਿੰਦੀ। ਉਸ ਦੇ ਨਾਮ ਦਾ ਸਿਮਰਨ ਕਰਨ ਵਾਲ਼ੇ ਵਿਅਕਤੀ ਨੂੰ ਪ੍ਰਭੂ ਦੇ ਦਰਬਾਰ ਵਿੱਚ ਵੀ ਸਤਿਕਾਰ ਮਿਲਦਾ ਹੈ, ਉਸ ਦੀ ਇੱਜ਼ਤ ਕੀਤੀ ਜਾਂਦੀ ਹੈ, ਮਾਣ ਬਖ਼ਸ਼ਿਆ ਜਾਂਦਾ ਹੈ।

ਪ੍ਰਭ ਕੈ ਸਿਮਰਨਿ ਹੋਇ ਸੁ ਭਲਾ ।। ਪ੍ਰਭ ਕੈ ਸਿਮਰਨਿ ਸੁਫਲ ਫਲਾ ।।

ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਵਾਲ਼ਾ ਇਨਸਾਨ ਜਿੰਦਗੀ ਵਿੱਚ ਕਦੇ ਵੀ ਬੁਰਾ ਕੰਮ ਨਹੀਂ ਕਰਦਾ, ਉਸ ਦੇ ਹੱਥੋਂ ਜੋ ਵੀ ਹੋਵੇ ਉਹ ਚੰਗਾ ਹੀ ਹੁੰਦਾ ਹੈ ਕਿਉਂਕਿ ਸਭ ਦਾ ਭਲਾ ਲੋਚਣਾ ਉਸ ਦਾ ਸੁਭਾਅ ਬਣ ਜਾਂਦਾ ਹੈ। ਉਸ ਦੇ ਕੀਤੇ ਹਰ ਕੰਮ ਨੂੰ ਸ਼ੁਭ ਫਲ਼ ਹੀ ਲੱਗਦੇ ਹਨ, ਅਰਥਾਤ ਉਹ ਕਦੇ ਕਿਸੇ ਦਾ ਬੁਰਾ ਨਹੀਂ ਕਰਦਾ। ਇਹ ਅਰਥ ਵੀ ਕਰ ਸਕਦੇ ਹਾਂ ਕਿ ਉਸ ਦੀ ਜ਼ਿੰਦਗੀ  ਵਿੱਚ ਜੋ ਵੀ ਹੁੰਦਾ ਹੈ, ਉਹ ਉਸ ਨੂੰ ਭਲਾ ਹੀ ਸਮਝਦਾ ਹੈ ਕਿਉਂਕਿ ਉਹ ਪ੍ਰਮਾਤਮਾ ਦੀ ਰਜ਼ਾ ਹੈ। ਉਸ ਦੇ ਕੀਤੇ ਕਰਮਾਂ ਦਾ ਜੋ ਵੀ ਫਲ਼ ਉਸ ਨੂੰ ਮਿਲਦਾ ਹੈ ਉਹ ਉਸ ਨੂੰ ਚੰਗਾ ਹੀ ਸਮਝਦਾ ਹੈ। ਜੋ ਵੀ ਵਾਹਿਗੁਰੂ ਕਰਦਾ ਹੈ, ਉਹ ਉਸ ਨੂੰ ਖੁਸ਼ੀ ਖੁਸ਼ੀ ਪ੍ਰਵਾਨ ਕਰਦਾ ਹੈ।

ਸੇ ਸਿਮਰਹਿ ਜਿਨ ਆਪਿ ਸਿਮਰਾਏ ।। ਨਾਨਕ ਤਾ ਕੈ ਲਾਗਉ ਪਾਏ ।। ।।

ਲਾਗਉ - ਲੱਗਦਾ ਹੈ। ਪਾਏ - ਪੈਰਾਂ ਤੇੇ।

ਪ੍ਰੰਤੂ ਉਸ ਦੇ ਨਾਮ ਦਾ ਸਿਮਰਨ ਉਨ੍ਹਾਂ ਲੋਕਾਂ ਨੂੰ ਨਸੀਬ ਹੁੰਦਾ ਹੈ ਜਿਨ੍ਹਾਂ ਨੂੰ ਉਹ ਆਪ ਅਜਿਹਾ  ਕਰਨ ਦੀ ਸੁਮੱਤ ਬਖ਼ਸ਼ਦਾ ਹੈ। ਗੁਰੂ ਜੀ ਕਹਿੰਦੇ ਹਨ ਕਿ ਇਹੋ ਜਿਹੇ ਇਨਸਾਨ ਬਹੁਤ ਮਹਾਨ ਹੁੰਦੇ ਹਨ ਅਤੇ ਉਹ ਅਜਿਹੀਆਂ ਪਵਿੱਤਰ ਰੂਹਾਂ ਦੇ ਪੈਰਾਂ ਤੇ ਨਮਸ਼ਕਾਰ ਕਰਦੇ ਹਨ।

ਪ੍ਰਭ ਕਾ ਸਿਮਰਨੁ ਸਭ ਤੇ ਊਚਾ ।। ਪ੍ਰਭ ਕੈ ਸਿਮਰਨਿ ਉਧਰੈ ਮੂਚਾ ।।

ਉਧਰੈ - ਕਲਿਆਣ ਹੋ ਜਾਂਦਾ ਹੈ। ਮੂਚਾ - ਮਹਾਨ, ਅਨੇਕਾਂ ਹੀ।

ਪ੍ਰਭੂ ਦਾ ਸਿਮਰਨ ਸੰਸਾਰ ਦੀ ਸਭ ਤੋਂ ਉੱਤਮ ਅਤੇ ਕੀਮਤੀ ਵਸਤੂ ਹੈ, ਇਸ ਤੋਂ ਵੱਧ ਕੀਮਤੀ ਅਤੇ ਚੰਗੀ ਵਸਤੂ ਹੋਰ ਕੋਈ ਨਹੀਂ ਹੋ ਸਕਦੀ। ਉਸ ਦੇ ਨਾਮ ਦਾ ਸਿਮਰਨ ਕਰਨ ਨਾਲ਼ ਜੀਵ ਮਹਾਨ ਬਣ ਜਾਂਦਾ ਹੈ ਅਤੇ ਉਸ ਦਾ ਉਧਾਰ ਹੋ ਜਾਂਦਾ ਹੈ, ਉਸ ਦਾ ਜੀਵਨ ਸਫ਼ਲ ਹੋ ਜਾਂਦਾ ਹੈ। ਅਨੇਕਾਏ ਹੀ ਲੋਕ ਉਸ ਦੇ ਨਾਮ ਦਾ ਸਿਮਰਨ ਕਰਨ ਦੇ ਸਿੱਟੇ ਵਜੋਂ ਤਰ ਜਾਂਦੇ ਹਨ।

ਪ੍ਰਭ ਕੈ ਸਿਮਰਨਿ ਤ੍ਰਿਸਨਾ ਬੁਝੈ ।। ਪ੍ਰਭ ਕੈ ਸਿਮਰਨਿ ਸਭੁ ਕਿਛੁ ਸੁਝੈ ।।

ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਨਾਲ਼ ਤ੍ਰਿਸ਼ਨਾ  ਖ਼ਤਮ ਹੋ ਜਾਂਦੀ ਹੈ, ਕਿਸੇ ਵੀ ਸੰਸਾਰਕ ਪਦਾਰਥ ਦੀ ਇੱਛਾ ਨਹੀਂ  ਰਹਿੰਦੀ, ਜੀਵ ਸੰਪੂਰਨ ਤੌਰ ਤੇ ਸੰਤੁਸ਼ਟ ਹੋ ਜਾਂਦਾ ਹੈ। ਉਸ ਦੇ ਨਾਮ ਦਾ ਸਿਮਰਨ ਕਰਨ ਨਾਲ਼ ਸਾਰੇ ਹੀ ਮਸਲਿਆਂ ਨੂੰ ਹੱਲ ਕਰਨ ਦੀ ਸਮਝ ਆ ਜਾਂਦੀ ਹੈ। ਸਿਮਰਨ ਕਰਨ ਵਾਲ਼ੇ ਇਨਸਾਨ ਦੇ ਜੀਵਨ ਦੀਆਂ ਸਭ ਮੁਸ਼ਕਲਾਂ ਹੱਲ ਹੋ ਜਾਂਦੀਆਂ ਹਨ

ਪ੍ਰਭ ਕੈ ਸਿਮਰਨਿ ਨਾਹੀ ਜਮ ਤ੍ਰਾਸਾ ।। ਪ੍ਰਭ ਕੈ ਸਿਮਰਨਿ ਪੂਰਨ ਆਸਾ ।।

ਤ੍ਰਾਸਾ - ਡਰ।

ਪ੍ਰਭੂ ਦਾ ਸਿਮਰਨ ਕਰਨ ਨਾਲ਼ ਜਮ ਦਾ ਡਰ ਖ਼ਤਮ ਹੋ ਜਾਂਦਾ ਹੈ, ਉਸ ਦਾ ਸਿਮਰਨ ਕਰਨ ਵਾਲ਼ੇ ਨੂੰ ਮੌਤ ਤੋਂ ਡਰ ਨਹੀਂ ਲੱਗਦਾ। ਸਿਮਰਨ ਕਰਨ ਵਾਲ਼ੇ ਦੀਆਂ ਸਮਸਤ ਇੱਛਾਵਾਂ ਪੂਰੀਆਂ ਹੁੰਦੀਆਂ ਹਨ, ਉਸ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ।

ਪ੍ਰਭ ਕੈ ਸਿਮਰਨਿ ਮਨ ਕੀ ਮਲੁ ਜਾਇ ।। ਅੰਮ੍ਰਿਤ ਨਾਮੁ ਰਿਦ ਮਾਹਿ ਸਮਾਇ ।।

ਪ੍ਰਭੂ ਦੇ ਨਾਮ ਦੇ ਸਿਮਰਨ ਨਾਲ਼ ਮਨ ਤੋਂ ਵਿਕਾਰਾਂ ਦੀ ਸਾਰੀ ਮੈਲ਼ ਦੂਰ ਹੋ ਜਾਂਦੀ ਹੈ, ਮਨ ਪਵਿੱਤਰ ਹੋ ਜਾਂਦਾ ਹੈ ਅਤੇ ਪ੍ਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਹਿਰਦੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਸਿਮਰਨ ਕਰਨ ਵਾਲ਼ਾ ਇਨਸਾਨ ਹਰ ਵੇਲ਼ੇ ਉਸ ਦੇ ਨਾਮ ਨਾਲ਼ ਜੁੜਿਆ ਰਹਿੰਦਾ ਹੈ, ਵਿਸ਼ੇ ਵਿਕਾਰਾਂ ਵੱਲ ਉਸ ਦਾ ਧਿਆਨ ਹੀ ਨਹੀਂ ਜਾਂਦਾ। ਉਸ ਦਾ ਧਿਆਨ ਤਾਂ ਹਰ ਵਕਤ ਪ੍ਰਮਾਤਮਾ ਦੇ ਪਾਕ ਨਾਮ ਨਾਲ਼ ਹੀ ਜੁੜਿਆ ਰਹਿੰਦਾ ਹੈ।

ਪ੍ਰਭ ਜੀ ਬਸਹਿ ਸਾਧ ਕੀ ਰਸਨਾ ।। ਨਾਨਕ ਜਨ ਕਾ ਦਾਸਨਿ ਦਸਨਾ ।। ।।

ਰਸਨਾ - ਜ਼ਬਾਨ, ਜੀਭ। ਦਾਸਨਿ ਦਸਨਾ - ਦਾਸਾਂ ਦਾ ਦਾਸ।

ਇਹ ਪ੍ਰਮਾਤਮਾ ਦਾ ਨਾਮ ਸੰਤ ਪੁਰਸ਼ਾਂ ਦੀ ਰਸਨਾ ਤੇ ਵਸਦਾ ਹੈ। ਉਨ੍ਹਾਂ ਦੀ ਜ਼ੁਬਾਨ ਉੱਤੇ ਹਰ ਵੇਲ਼ੇ ਰਾਮ ਦਾ ਨਾਮ ਹੀ ਹੁੰਦਾ ਹੈ, ਉਹ ਕਦੇ ਵੀ ਕਿਸੇ ਹੋਰ ਵਸਤ ਬਾਰੇ ਨਹੀਂ ਸੋਚਦੇ, ਕੋਈ ਇੱਛਾ ਨਹੀਂ ਰੱਖਦੇ। ਗੁਰੂ ਜੀ ਅਰਜ਼ ਕਰਦੇ ਹਨ ਕਿ ਉਹ ਅਜਿਹੇ ਮਹਾਂ ਪੁਰਖਾਂ ਦੇ ਦਾਸਾਂ ਦੇ ਵੀ ਦਾਸ ਬਣ ਕੇ ਰਹਿਣਾ ਚਾਹੁੰਦੇ ਹਨ, ਉਨ੍ਹਾਂ ਦਾ ਬੇਹੱਦ ਸਤਿਕਾਰ ਕਰਦੇ ਹਨ।

ਪ੍ਰਭ ਕਉ ਸਿਮਰਹਿ ਸੇ ਧਨਵੰਤੇ ।। ਪ੍ਰਭ ਕਉ ਸਿਮਰਹਿ ਸੇ ਪਤਿਵੰਤੇ ।।

ਪਤਿਵੰਤੇ - ਇੱਜ਼ਤਦਾਰ, ਇੱਜ਼ਤ ਪਾਉਣ ਦੇ ਹੱਕਦਾਰ।

ਦੁਨਿਆਵੀ ਦੌਲਤ ਕਿਸੇ ਨੂੰ ਅਮੀਰ ਨਹੀਂ ਬਣਾਉਂਦੀ, ਜਿਹੜੇ ਇਨਸਾਨ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਹਨ ਉਹ ਹੀ ਸਹੀ ਅਰਥਾਂ ਵਿੱਚ ਅਮੀਰ ਹੁੰਦੇ ਹਨ। ਸਿਮਰਨ ਕਰਨ ਵਾਲ਼ੇ ਲੋਕ ਹੀ ਸਮਾਜ ਵਿੱਚ ਉੱਤਮ ਇਨਸਾਨ ਮੰਨੇ ਜਾਂਦੇ ਹਨ, ਸਤਿਕਾਰੇ ਜਾਂਦੇ ਹਨ, ਇੱਜ਼ਤ ਦੇ ਪਾਤਰ ਹੁੰਦੇ ਹਨ ।

ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ ।। ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ ।।

ਪ੍ਰਧਾਨ - ਪ੍ਰਮੁਖ, ਮੋਹਰੀ।

ਜਿਹੜੇ ਇਨਸਾਨ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਹਨ ਉਹ ਹੀ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੁੰਦੇ ਹਨ, ਉਸ ਦੇ ਦਰਬਾਰ ਵਿੱਚ ਉਨ੍ਹਾਂ ਨੂੰ ਹੀ ਸਨਮਾਨ ਮਿਲਦਾ ਹੈ। ਸਿਮਰਨ ਕਰਨ ਵਾਲ਼ੇ ਵਿਅਕਤੀ ਮਹਾਨ ਹੁੰਦੇ ਹਨ ਅਤੇ ਸਮਾਜ ਦੇ ਮੋਹਰੀ ਮੰਨੇ ਜਾਂਦੇ ਹਨ। ਉਹ ਸਮਾਜ ਨੂੰ ਸੇਧ ਦੇਣ ਦਾ ਕੰਮ ਕਰਦੇ ਹਨ।

ਪ੍ਰਭ ਕਉ ਸਿਮਰਹਿ ਸਿ ਬੇਮੁਹਤਾਜੇ ।। ਪ੍ਰਭ ਕਉ ਸਿਮਰਹਿ ਸਿ ਸਰਬ ਕੇ ਰਾਜੇ ।।

ਪ੍ਰਭੂ ਦਾ ਸਿਮਰਨ ਕਰਨ ਵਾਲ਼ੇ ਲੋਕ ਕੇਵਲ ਪ੍ਰਮਾਤਮਾ ਤੇ ਟੇਕ ਰੱਖਦੇ ਹਨ। ਉਹ ਕਿਸੇ ਦੇ ਮੁਹਤਾਜ ਨਹੀਂ ਹੁੰਦੇ, ਉਨ੍ਹਾਂ ਨੂੰ ਕਿਸੇ ਸੰਸਾਰੀ ਮਨੁੱਖ ਤੋਂ ਕੋਈ ਸਹਾਇਤਾ ਮੰਗਣ ਦੀ, ਕਿਸੇ ਅੱਗੇ ਹੱਥ ਅੱਡਣ ਦੀ ਕਦੇ ਲੋੜ ਨਹੀਂ ਪੈਂਦੀ। ਸਿਮਰਨ ਕਰਨ ਵਾਲ਼ੇ ਸੰਸਾਰ ਦੀਆਂ ਸਾਰੀਆਂ ਦਾਤਾਂ ਦੇ ਮਾਲਕ ਹੁੰਦੇ ਹਨ। ਉਹ ਸਹੀ ਅਰਥਾਂ ਵਿੱਚ ਸਾਰੇ ਸੰਸਾਰ ਦੇ ਰਾਜੇ ਹੁੰਦੇ ਹਨ।

ਪ੍ਰਭ ਕਉ ਸਿਮਰਹਿ ਸੇ ਸੁਖ ਵਾਸੀ ।। ਪ੍ਰਭ ਕਉ ਸਿਮਰਹਿ ਸਦਾ ਅਬਿਨਾਸੀ ।।

ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਵਾਲ਼ੇ ਸਦਾ ਹੀ ਸੁਖੀ ਜੀਵਨ ਬਤੀਤ ਕਰਦੇ ਹਨ, ਉਨ੍ਹਾਂ ਨੂੰ ਕਦੇ ਕੋਈ ਦੁੱਖ ਤਕਲੀਫ ਨਹੀਂ ਆਉਂਦਾ। ਸਿਮਰਨ ਕਰਨ ਵਾਲ਼ੇ ਜੀਵਾਂ ਦਾ ਕਦੇ ਵਿਨਾਸ਼ ਨਹੀਂ ਹੁੰਦਾ, ਉਹ ਅਮਰ ਪਦਵੀ ਪ੍ਰਾਪਤ ਕਰ ਲੈਂਦੇ ਹਨ।

ਸਿਮਰਨ ਤੇ ਲਾਗੇ ਜਿਨ ਆਪਿ ਦਇਆਲਾ ।। ਨਾਨਕ ਜਨ ਕੀ ਮੰਗੈ ਰਵਾਲਾ ।। ।।

ਤੇ - ਉਹ ਜੀਵ। ਲਾਗੇ - ਲੱਗਦੇ ਹਨ। ਜਿਨ - ਜਿਨ੍ਹਾਂ ਤੇ। ਦਇਆਲਾ - ਦਿਆਲ ਹੁੰਦਾ ਹੈ। ਜਨ ਕੀ - ਉਨ੍ਹਾਂ ਪ੍ਰਭੂ ਦੇ ਸੇਵਕਾਂ ਦੀ। ਰਵਾਲਾ - ਚਰਨਾਂ ਦੀ ਧੂੜ।

ਪ੍ਰੰਤੂ ਪ੍ਰਭੂ ਦੇ ਸਿਮਰਨ ਵਿੱਚ ਉਹ ਇਨਸਾਨ ਹੀ ਜੁੜ ਸਕਦੇ ਹਨ ਜਿਨ੍ਹਾਂ ਤੇ ਵਾਹਿਗੁਰੂ ਆਪ ਮਿਹਰਬਾਨ ਹੁੰਦੇ ਹਨ ਗੁਰੂ ਜੀ ਕਹਿੰਦੇ ਹਨ ਕਿ ਉਹ ਅਜਿਹੇ ਨੇਕ ਪੁਰਖਾਂ ਦੇ ਚਰਨਾ ਦੀ ਧੂੜ ਦੇ ਜਾਚਕ ਹਨ, ਜੇ ਅਜਿਹੇ ਮਹਾਂ ਪੁਰਖਾਂ ਦੇ ਚਰਨਾ ਦੀ ਧੂੜ ਉਨ੍ਹਾਂ ਨੂੰ ਮਿਲ ਜਾਵੇ ਤਾਂ ਉਹ ਅਪਣੇ ਆਪ ਨੂੰ ਖੁਸ਼ਕਿਸਮਤ ਸਮਝਣਗੇ।

ਪ੍ਰਭ ਕਉ ਸਿਮਰਹਿ ਸੇ ਪਰਉਪਕਾਰੀ ।। ਪ੍ਰਭ ਕਉ ਸਿਮਰਹਿ ਤਿਨ ਸਦ ਬਲਿਹਾਰੀ

ਸੇ - ਉਹ ਇਨਸਾਨ। ਤਿਨ - ਉਨ੍ਹਾਂ ਤੋਂ। ਬਲਿਹਾਰੀ - ਕੁਰਬਾਨ ਜਾਂਦਾ ਹਾਂ।

ਪ੍ਰਭੂ ਦਾ ਸਿਮਰਨ ਕਰਨ ਵਾਲ਼ੇ ਲੋਕ ਸਵਾਰਥੀ ਨਹੀਂ ਹੁੰਦੇ, ਉਹ ਸਦਾ ਦੂਜਿਆਂ ਦਾ ਭਲਾ ਸੋਚਦੇ ਹਨ ਅਤੇ ਕਰਦੇ ਹਨ। ਗੁਰੂ ਜੀ ਕਹਿੰਦੇ ਹਨ ਕਿ ਉਹ ਅਜਿਹੇ ਇਨਸਾਨਾਂ ਤੋਂ ਸਦਾ ਹੀ ਕੁਰਬਾਨ ਜਾਂਦੇ ਹਨ।

ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ ।। ਪ੍ਰਭ ਕਉ ਸਿਮਰਹਿ ਤਿਨ ਸੂਖਿ ਬਿਹਾਵੈ ।।

ਸੂਖਿ ਬਿਹਾਵੈ - ਸੁਖ ਵਿੱਚ ਜੀਵਨ ਬੀਤਦਾ ਹੈ।

ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਵਾਲ਼ੇ ਬੰਦਿਆਂ ਦੇ ਮੁੱਖ ਸੋਹਣੇ ਹੁੰਦੇ ਹਨ, ਉਨ੍ਹ ਦੇ ਚਿਹਰੇ ਉੱਤੇ ਹਮੇਸ਼ਾ ਜਲਾਲ ਬਣਿਆਂ ਰਹਿੰਦਾ ਹੈ। ਸਿਮਰਨ ਕਰਨ ਵਾਲ਼ੇ ਇਨਸਾਨਾਂ ਦਾ ਜੀਵਨ ਸਦਾ ਸੁਖ ਅਤੇ ਸ਼ਾਂਤੀ ਵਿੱਚ ਬਤੀਤ ਹੁੰਦਾ ਹੈ, ਉਹ ਕਦੇ ਵੀ ਮਾਨਸਿਕ ਕਲਪਣਾ ਦਾ ਸ਼ਿਕਾਰ ਨਹੀਂ ਹੁੰਦੇ।

ਪ੍ਰਭ ਕਉ ਸਿਮਰਹਿ ਤਿਨ ਆਤਮੁ ਜੀਤਾ ।। ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ ।।

ਤਿਨ ਉਨ੍ਹਾਂ ਨੇ। ਆਤਮ - ਅਪਣੇ ਮਨ ਨੂੰ। ਜੀਤਾ - ਜਿੱਤ ਲਿਆ। ਰੀਤਾ - ਜੀਵਨ ਦਾ ਢੰਗ।

ਪ੍ਰਭੂ ਦਾ ਸਿਮਰਨ ਕਰਨ ਵਾਲ਼ੇ ਵਿਅਕਤੀ ਅਪਣੇ ਮਨ ਉੱਤੇ ਜਿੱਤ ਪ੍ਰਾਪਤ ਕਰ ਲੈਂਦੇ ਹਨ, ਉਹ ਮਾਨਸਿਕ ਵਿਕਾਰਾਂ ਦੇ ਗੁਲਾਮ ਹੋਣ ਦੀ ਥਾਂ ਉਨ੍ਹਾਂ ਤੋਂ ਉੱਪਰ ਉੱਠ ਕੇ ਪ੍ਰਮਾਤਮਾ ਨਾਲ਼ ਜੁੜੇ ਰਹਿੰਦੇ ਹਨ। ਸਿਮਰਨ ਕਰਨ ਵਾਲ਼ੇ ਲੋਕਾਂ ਦਾ ਜੀਵਨ ਢੰਗ ਪਾਕ, ਪਵਿੱਤਰ ਹੁੰਦਾ ਹੈ, ਉਹ ਕਦੇ ਵੀ ਕੋਈ ਗ਼ਲਤ ਕੰਮ ਨਹੀਂ ਕਰਦੇ।

ਪ੍ਰਭ ਕਉ ਸਿਮਰਹਿ ਤਿਨ ਅਨਦ ਘਨੇਰੇ ।। ਪ੍ਰਭ ਕਉ ਸਿਮਰਹਿ ਬਸਹਿ ਹਰਿ ਨੇਰੇ ।।

ਅਨਦ - ਖੁਸ਼ੀਆਂ। ਨੇਰੇ - ਨਜ਼ਦੀਕ, ਨੇੜੇ।

ਸਿਮਰਨ ਕਰਨ ਵਾਲ਼ੇ ਲੋਕਾਂ ਦੇ ਜੀਵਨ ਵਿੱਚ ਖੁਸ਼ੀਆਂ ਅਤੇ ਖੇੜਿਆਂ ਦੀ ਭਰਮਾਰ ਹੁੰਦੀ ਹੈ, ਉਹ ਸਦਾ ਹੀ ਅਨੰਦਮਈ ਜੀਵਨ ਬਤੀਤ ਕਰਦੇ ਹਨ। ਸਿਮਰਨ ਕਰਨ ਵਾਲ਼ੇ ਇਨਸਾਨ ਸਦਾ ਹੀ ਪ੍ਰਮਾਤਮਾ ਨਾਲ਼ ਨੇੜਤਾ ਬਣਾਈ ਰੱਖਦੇ ਹਨ, ਉਸ ਤੋਂ ਦੂਰ ਨਹੀਂ ਹੁੰਦੇ। ਉਹ ਹਮੇਸ਼ਾਂ ਹੀ ਪ੍ਰਮਾਤਮਾ ਨੂੰ ਅਪਣੇ ਅੰਗ ਸੰਗ ਮਹਿਸੂਸ ਕਰਦੇ ਹਨ।

ਸੰਤ ਕ੍ਰਿਪਾ ਤੇ ਅਨਦਿਨੁ ਜਾਗਿ ।। ਨਾਨਕ ਸਿਮਰਨੁ ਪੂਰੈ ਭਾਗਿ ।। ।।

ਅਨਦਿਨੁ - ਦਿਨ ਪ੍ਰਤੀ ਦਿਨ, ਹਰ ਰੋਜ਼, ਹਰ ਵੇਲ਼ੇ। ਜਾਗਿ - ਜਾਗਦੇ ਜਾਂ ਸੁਚੇਤ ਰਹਿੰਦੇ ਹਨ।

ਸੰਤ ਪੁਰਖਾਂ ਦੀ ਮਿਹਰ ਦੇ ਨਾਲ਼ ਪ੍ਰਮਾਤਮਾ ਦਾ ਸਿਮਰਨ ਕਰਨ ਵਾਲ਼ੇ ਲੋਕਾਂ ਨੂੰ ਇਹ ਸਮਰਥਾ ਪ੍ਰਾਪਤ ਹੋ ਜਾਂਦੀ ਹੈ ਕਿ ਉਨ੍ਹਾਂ ਦਾ ਮਨ ਸਦਾ ਸਾਵਧਾਨ ਰਹਿੰਦਾ ਹੈ, ਉਹ ਹਰ ਦਿਨ, ਹਰ ਵੇਲ਼ੇ ਪ੍ਰਭੂ ਭਗਤੀ ਦੇ ਅਪਣੇ ਫ਼ਰਜ਼ ਪ੍ਰਤੀ ਸੁਚੇਤ ਰਹਿੰਦੇ ਹਨ, ਇੱਕ ਪਲ ਲਈ ਵੀ ਉਸ ਨੂੰ ਨਹੀਂ ਭੁੱਲਦੇ। ਪ੍ਰੰਤੂ ਨਾਮ ਸਿਮਰਨ ਦੀ ਇਹ ਦਾਤ ਵੱਡੇ ਭਾਗਾਂ ਨਾਲ਼ ਪ੍ਰਾਪਤ ਹੁੰਦੀ ਹੈ। ਇਹ ਬਖ਼ਸ਼ਿਸ਼ ਕੇਵਲ ਉਨ੍ਹਾਂ ਤੇ ਹੁੰਦੀ ਹੈ ਜਿਨ੍ਹਾਂ ਦੀ ਕਿਸਮਤ ਬਹੁਤ ਚੰਗੀ ਹੁੰਦੀ ਹੈ।

ਪ੍ਰਭ ਕੈ ਸਿਮਰਨਿ ਕਾਰਜ ਪੂਰੇ ।। ਪ੍ਰਭ ਕੈ ਸਿਮਰਨਿ ਕਬਹੁ ਨ ਝੂਰੇ ।।

ਸਿਮਰਨਿ - ਸਿਮਰਨ ਕਰਨ ਨਾਲ਼। ਕਬਹੂ - ਕਦੇ ਵੀ।

ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਵਾਲ਼ੇ ਜੀਵਾਂ ਦੇ ਜੀਵਨ ਦੇ ਸਾਰੇ ਕਾਰਜ ਨਿਰਵਿਘਨ ਨੇਪਰੇ ਚੜ੍ਹ ਜਾਂਦੇ ਹਨ। ਕਦੇ ਵੀ ਕਿਸੇ ਕੰਮ ਵਿੱਚ ਕੋਈ ਰੁਕਾਵਟ ਨਹੀਂ ਆਉਂਦੀਜੇ ਇਨਸਾਨ ਪ੍ਰਭੂ ਦੇ ਨਾਮ ਦਾ ਸਿਮਰਨ ਕਰਦਾ ਰਹੇ ਤਾਂ ਉਸ ਨੂੰ ਜ਼ਿੰਦਗੀ ਵਿੱਚ ਕਦੇ ਵੀ ਪਛਤਾਉਣਾ ਨਹੀਂ ਪੈਂਦਾ।

ਪ੍ਰਭ ਕੈ ਸਿਮਰਨਿ ਹਰਿ ਗੁਨ ਬਾਨੀ ।। ਪ੍ਰਭ ਕੈ ਸਿਮਰਨਿ ਸਹਿਜਿ ਸਮਾਨੀ ।।

ਹਰਿ - ਹਰੀ ਦੇ, ਪ੍ਰਮਾਤਮਾ ਦੇ। ਗੁਨ - ਗੁਣ। ਬਾਨੀ - ਉਚਾਰਦਾ ਰਹਿੰਦਾ ਹੈ। ਸਹਿਜਿ - ਸਹਿਜ ਅਵਸਥਾ ਵਿੱਚ ਜਿਸ ਵਿੱਚ ਇਨਸਾਨ ਦੁੱਖ ਸੁਖ ਤੋਂ ਉੱਪਰ ਉੱਠ ਜਾਂਦਾ ਹੈ। ਸਮਨੀ - ਸਮਾ ਜਾਈਦਾ ਹੈ।

ਪ੍ਰਮਾਤਮਾ ਦਾ ਸਿਮਰਨ ਕਰਨ ਨਾਲ਼ ਇਨਸਾਨ ਨੂੰ ਏਨੀ ਸੁਮੱਤ ਆ ਜਾਂਦੀ ਹੈ ਕਿ ਉਹ ਹਰ ਵੇਲ਼ੇ ਉਸ ਮਾਲਕ ਦੇ ਗੁਣਾਂ ਦਾ ਗਾਇਨ ਅਪਣੀ ਰਸਨਾ ਤੋਂ ਕਰਦਾ ਰਹਿੰਦਾ ਹੈ। ਪ੍ਰਭੂ ਦਾ ਸਿਮਰਨ ਕਰਨ ਨਾਲ਼ ਇਨਸਾਨ ਦਾ ਮਨ ਸਦਾ ਸਹਿਜ ਅਵਸਥਾ ਵਿੱਚ ਟਿਕਿਆ (ਸਮਾਇਆ) ਰਹਿੰਦਾ ਹੈ, ਇਧਰ ਉਧਰ ਭਟਕਦਾ ਨਹੀਂ, ਡਿਕ ਡੋਲੇ ਨਹੀਂ ਖਾਂਦਾ, ਕਦੇ ਕੋਈ ਤੇ ਕਦੇ ਕੋਈ ਸਹਾਰਾ ਨਹੀਂ ਭਾਲ਼ਦਾ।

ਪ੍ਰਭ ਕੈ ਸਿਮਰਨਿ ਨਿਹਚਲ ਆਸਨੁ ।। ਪ੍ਰਭ ਕੈ ਸਿਮਰਨਿ ਕਮਲ ਬਿਗਾਸਨੁ ।।

ਨਿਹਚਲ - ਅਡੋਲ। ਆਸਨ - ਅਵਸਥਾ। ਬਿਗਾਸਨੁ - ਖਿੜਿਆ ਰਹਿੰਦਾ ਹੈ।

ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਨਾਲ਼ ਜੀਵ ਨੂੰ ਅਡੋਲ ਅਵਸਥਾ ਦੀ ਪਰਾਪਤੀ ਹੋ ਜਾਂਦੀ ਹੈ। ਉਸ ਦਾ ਇਰਾਦਾ ਦ੍ਰਿੜ੍ਹ ਹੋ ਜਾਂਦਾ ਹੈ ਅਤੇ ਉਸ ਦਾ ਪ੍ਰਮਾਤਮਾ ਵਿੱਚ ਵਿਸ਼ਵਾਸ਼ ਕਦੇ ਨਹੀਂ ਡੋਲਦਾ। ਸਿਮਰਨ ਦੀ ਸ਼ਕਤੀ ਦੇ ਨਾਲ਼ ਇਨਸਾਨ ਦਾ ਮਨ ਹਮੇਸ਼ਾਂ ਕਮਲ ਦੇ ਫੁੱਲ ਦੀ ਤਰਾਂ ਖਿੜਿਆ ਰਹਿੰਦਾ ਹੈ, ਉਸ ਦੀ ਜ਼ਿੰਦਗੀ ਖੁਸ਼ੀਆਂ ਨਾਲ਼ ਭਰਪੂਰ ਹੋ ਜਾਂਦੀ ਹੈ।

ਪ੍ਰਭ ਕੈ ਸਿਮਰਨਿ ਅਨਹਦ ਝੁਨਕਾਰ ।। ਸੁਖ ਪ੍ਰਭ ਸਿਮਰਨ ਕਾ ਅੰਤੁ ਨ ਪਾਰ ।।

ਅਨਹਦ - ਦੈਵੀ, ਬਿਨਾਂ ਥਰਥਰਾਹਟ ਤੋਂ ਪੈਦਾ ਹੋਣ ਵਾਲ਼ਾ। ਝੁਨਕਾਰ - ਸੰਗੀਤ ਦੀਆਂ ਧੁਨਾਂ।

ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਨਾਲ਼ ਆਦਮੀ ਨੂੰ ਦੈਵੀ ਸੰਗੀਤ, ਅਜਿਹਾ ਸੰਗੀਤ ਜਿਸ ਨੂੰ ਪੈਦਾ ਕਰਨ ਲਈ ਕਿਸੇ ਮਾਧਿਅਮ ਵਿੱਚ ਕੋਈ ਥਰਥਰਾਹਟ ਪੈਦਾ ਕਰਨ ਦੀ ਲੋੜ ਨਹੀਂ ਹੁੰਦੀ, ਸੁਣਾਈ ਦੇਣ ਲੱਗ ਪੈਂਦਾ ਹੈ ਜਿਸ ਦਾ ਅਨੁਭਵ ਕੰਨਾਂ ਨੂੰ ਨਹੀਂ ਬਲਕਿ ਮਨ ਅਤੇ ਆਤਮਾ ਨੂੰ ਹੁੰਦਾ ਹੈ। ਉਸ ਦਾ ਸਿਮਰਨ ਕਰਨ ਨਾਲ਼ ਅਨੰਤ ਖੁਸ਼ੀ ਪ੍ਰਾਪਤ ਹੁੰਦੀ ਹੈ ਜਿਸ ਦਾ ਕੋਈ ਹਿਸਾਬ ਕਿਤਾਬ ਨਹੀਂ ਲਗਾਇਆ ਜਾ ਸਕਦਾ, ਜਿਸ ਦੀ ਕੋਈ ਸੀਮਾ ਨਹੀਂ।

ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਇਆ ।। ਨਾਨਕ ਤਿਨ ਜਨ ਸਰਨੀ ਪਇਆ ।। ।।

ਜਿਨ ਕਉ - ਜਿਨ੍ਹਾਂ ਉੱਤੇ। ਮਇਆ - ਕਿਰਪਾ, ਮਿਹਰ।

ਪ੍ਰੰਤੂ ਉਸ ਮਾਲਕ ਦੇ ਨਾਮ ਦੇ ਸਿਮਰਨ ਦੀ ਦਾਤ ਉਨ੍ਹਾਂ ਨੂੰ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਤੇ ਉਸ ਦੀ ਕ੍ਰਿਪਾ ਹੋ ਜਾਂਦੀ ਹੈ। ਪ੍ਰਮਾਤਮਾ ਦੀ ਮਿਹਰ ਤੋਂ ਬਿਨਾਂ ਇਹ ਦਾਤ ਕਿਸੇ ਨੂੰ ਪ੍ਰਾਪਤ ਨਹੀਂ ਹੁੰਦੀ। ਗੁਰੂ ਜੀ ਕਹਿੰਦੇ ਹਨ ਕਿ ਜਿਨ੍ਹਾਂ ਨੂੰ ਇਹ ਦਾਤ ਪ੍ਰਾਪਤ ਹੋ ਜਾਂਦੀ ਹੈ ਉਹ ਲੋਕ ਧੰਨ ਹੁੰਦੇ ਹਨ ਅਤੇ ਮੈਂ ਅਜਿਹੇ ਮਹਾਨ ਪੁਰਖਾਂ ਦੀ ਸ਼ਰਨ ਦਾ ਜਾਚਕ ਹਾਂ, ਮੈਂ ਅਪਣੇ ਧੰਨ ਭਾਗ ਸਮਝਾਂਗਾ ਜੇ ਉਹ ਮੈਨੂੰ ਅਪਣੀ ਸ਼ਰਨ ਵਿੱਚ ਲੈ ਲੈਣ।

ਹਰਿ ਸਿਮਰਨੁ ਕਰਿ ਭਗਤ ਪ੍ਰਗਟਾਏ ।। ਹਰਿ ਸਿਮਰਨਿ ਲਗਿ ਬੇਦ ਉਪਾਏ ।।

ਪ੍ਰਗਟਾਏ - ਪ੍ਰਗਟ ਹੋਏ ਹਨ। ਉਪਾਏ - ਰਚਨਾ ਕੀਤੀ ਗਈ ਹੈ।

ਹਰੀ ਦੇ ਨਾਮ ਦਾ ਸਿਮਰਨ ਕਰ ਕੇ ਹੀ ਭਗਤ ਪ੍ਰਗਟ ਹੋਏ ਹਨ ਅਰਥਾਤ ਹਰੀ ਦੇ ਨਾਮ ਦਾ ਸਿਮਰਣ ਕਰਨ ਨੇ ਹੀ ਕੁਝ ਇਨਸਾਨਾਂ ਨੂੰ ਭਗਤ ਹੋਣ ਦਾ ਦਰਜਾ ਦਿੱਤਾ ਹੈ। ਹਰੀ ਦੇ ਨਾਮ ਦਾ ਸਿਮਰਨ ਕਰ ਕਰ ਕੇ ਹੀ ਰਿਸ਼ੀਆਂ ਮੁਨੀਆਂ ਨੇ ਵੇਦਾਂ ਦੀ ਰਚਨਾ ਕੀਤੀ ਹੈ ਭਾਵ ਹਰੀ ਦੇ ਨਾਮ ਦਾ ਸਿਮਰਨ ਕਰਨ ਨਾਲ਼ ਹੀ ਉਨ੍ਹਾਂ ਨੂੰ ਉਹ ਗਿਆਨ ਪ੍ਰਾਪਤ ਹੋਇਆ ਹੈ ਜਿਹੜਾ ਉਨ੍ਹਾਂ ਨੇ ਵੇਦਾਂ ਵਿੱਚ ਅੰਕਿਤ ਕੀਤਾ ਹੈ।

ਹਰਿ ਸਿਮਰਨਿ ਭਏ ਸਿਧ ਜਤੀ ਦਾਤੇ ।। ਹਰਿ ਸਿਮਰਨਿ ਨੀਚ ਚਹੁ ਕੁੰਟ ਜਾਤੇ ।।

ਸਿੱਧ - ਕਰਾਮਾਤੀ ਸ਼ਕਤੀਆਂ ਵਾਲ਼ੇ ਇਨਸਾਨ। ਜਤੀ - ਉਹ ਇਨਸਾਨ ਜਿਨ੍ਹਾੰ ਨੇ ਇੰਦ੍ਰਿਆਂ ਉੱਤੇ ਜਿੱਤ ਪ੍ਰਾਪਤ ਕਰ ਲਈ ਹੈ। ਦਾਤੇ - ਦਾਨੀ ਪੁਰਸ਼। ਭਏ - ਪੈਦਾ ਹੋਏ ਹਨ। ਜਾਤੇ - ਜਾਣੇ ਗਏ ਹਨ, ਪ੍ਰਸਿੱਧ ਹੋ ਗਏ ਹਨ।

ਹਰੀ ਦੇ ਨਾਮ ਦਾ ਸਿਮਰਨ ਕਰਨ ਨਾਲ਼ ਹੀ ਕੁਝ ਮਹਾਂ ਪੁਰਖਾਂ ਨੂੰ ਕਰਾਮਾਤੀ ਸ਼ਕਤੀਆਂ ਪ੍ਰਾਪਤ ਹੋਈਆਂ ਹਨ। ਹਰੀ ਦੇ ਨਾਮ ਦੀ ਬਰਕਤ ਸਦਕਾ ਹੀ ਕੁਝ ਮਹਾਂ ਪੁਰਖ ਅਪਣੇ ਇੰਦਰਿਆਂ ਨੂੰ ਵਸ ਕਰਨ ਵਿੱਚ ਕਾਮਯਾਬ ਹੋਏ ਹਨ। ਉਸ ਦੇ ਨਾਮ ਦੀ ਦਿੱਤੀ ਹੋਈ ਸ਼ਕਤੀ ਦਾ ਸਦਕਾ ਹੀ ਕੁਝ ਲੋਕ ਮਹਾਂ ਦਾਨੀ ਬਣ ਸਕੇ ਹਨ। ਹਰੀ ਦੇ ਨਾਮ ਦਾ ਸਿਮਰਨ ਕਰਨ ਦਾ ਸਦਕਾ ਹੀ ਸਮਾਜ ਵਿੱਚ ਨੀਂਵੇਂ ਵਰਗ ਦੇ ਕਹੇ ਜਾਣ ਵਾਲ਼ੇ ਲੋਕ ਵੀ ਏਨੇ ਮਹਾਨ ਬਣ ਜਾਂਦੇ ਹਨ ਕਿ ਉਨ੍ਹਾਂ ਦੀ ਮਹਿਮਾ ਚਹੁੰਆਂ ਦਿਸ਼ਾਵਾਂ ਵਿੱਚ ਹੋਣ ਲੱਗ ਪੈਂਦੀ ਹੈ

ਹਰਿ ਸਿਮਰਨਿ ਧਾਰੀ ਸਭ ਧਰਨਾ ।। ਸਿਮਰਿ ਸਿਮਰਿ ਹਰਿ ਕਾਰਨ ਕਰਨਾ ।।

ਧਾਰੀ - ਕਾਇਮ ਹੈ। ਧਰਨਾ - ਧਰਤੀ, ਪ੍ਰਿਥਵੀ। ਹਰੀ - ਹਰੀ ਨੇ। ਕਾਰਨ - ਪ੍ਰਮਾਤਮਾ ਦੀ ਸਿਰਜੀ ਸ੍ਰਿਸ਼ਟੀ।

ਹਰੀ ਦੇ ਨਾਮ ਦੇ ਸਿਮਰਨ ਦੇ ਸਹਾਰੇ ਹੀ ਇਸ ਸ੍ਰਿਸ਼ਟੀ ਦੇ ਸਾਰੇ ਕਾਰਜ ਚੱਲਦੇ ਹਨ। ਸਮੁੱਚੀ ਸ੍ਰਿਸ਼ਟੀ ਦੇ ਜੀਵਨ ਦਾ ਸਹਾਰਾ ਹਰੀ ਦੇ ਨਾਮ ਦਾ ਸਿਮਰਨ ਹੀ ਹੈ।  ਹਰੀ ਦੇ ਨਾਮ ਦਾ ਸਿਮਰਨ ਕਰ ਕਰ ਕੇ ਹੀ ਕਰਤਾ ਪੁਰਖ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ।

ਹਰਿ ਸਿਮਰਨਿ ਕੀਓ ਸਗਲ ਅਕਾਰਾ ।। ਹਰਿ ਸਿਮਰਨ ਮਹਿ ਆਪਿ ਨਿਰੰਕਾਰਾ ।।

ਕੀਓ - ਸਿਰਜੇ ਹਨ। ਸਗਲ - ਸਾਰੇ। ਅਕਾਰਾ - ਦ੍ਰਿਸ਼ਟਮਾਨ ਪਦਾਰਥ। ਮਹਿ - ਵਿੱਚ।

ਹਰੀ ਦੇ ਨਾਮ ਦੇ ਸਿਮਰਨ ਰਾਹੀਂ ਹੀ ਸਿਰਜਣਹਾਰ ਨੇ ਸ੍ਰਿਸ਼ਟੀ ਦੇ ਵਿੱਚ ਦੇਖੇ ਜਾਣ ਵਾਲ਼ੇ ਸਾਰੇ ਦ੍ਰਿਸ਼ਟਮਾਨ ਪਦਾਰਥਾਂ ਦੀ ਰਚਨਾ ਕੀਤੀ ਹੈ। ਹਰੀ ਦੇ ਨਾਮ ਦੇ ਸਿਮਰਨ ਵਿੱਚ ਨਿਰੰਕਾਰ ਪਾਰਬ੍ਰਹਮ ਆਪ ਵਸਦਾ ਹੈ।

ਕਰਿ ਕਿਰਪਾ ਜਿਸੁ ਆਪਿ ਬੁਝਾਇਆ ।। ਨਾਨਕ ਗੁਰਮੁਖਿ ਹਰਿ ਸਿਮਰਨੁ ਤਿਨਿ ਪਾਇਆ ।। ।। ।।

ਕਰਿ ਕਿਰਪਾ - ਕਿਰਪਾ ਕਰ ਕੇ। ਜਿਸੁ - ਜਿਸ ਨੂੰ। ਬੁਝਾਇਆ - ਸਮਝਣ ਦੇ ਸਮਰਥ ਬਣਾ ਦਿੱਤਾ। ਗੁਰਮੁਖਿ - ਗੁਰੂ ਦੇ ਉਪਦੇਸ਼ ਰਾਹੀਂ।

ਜਿਸ ਇਨਸਾਨ ਦੇ ਉੱਤੇ ਪਰਮ ਪਿਤਾ ਪ੍ਰਮਾਤਮਾ ਆਪ ਕਿਰਪਾ ਕਰ ਕੇ ਉਸ ਨੂੰ ਸੱਚਾ ਗੁਰੂ ਮਿਲਾ ਦਿੰਦਾ ਹੈ ਉਸ ਨੂੰ ਗੁਰੂ ਦੇ ਉਪਦੇਸ਼ ਰਾਹੀਂ ਹਰੀ ਦੇ ਨਾਮ ਦਾ ਸਿਮਰਨ ਕਰਨ ਦਾ ਮਹੱਤਵ ਸਮਝ ਆ ਜਾਂਦਾ ਹੈ ਅਤੇ ਉਹ ਸਿਮਰਨ ਕਰਨ ਲੱਗ ਪੈਂਦਾ ਹੈ। ਬਿਨਾਂ ਸੱਚੇ ਗੁਰੂ ਨਾਲ਼ ਮਿਲਾਪ ਦੇ ਇਨਸਾਨ ਨੂੰ ਇਹ ਸੋਝੀ ਨਹੀਂ ਆਉਂਦੀ ਅਤੇ ਸੱਚੇ ਗੁਰੂ ਦਾ ਮਿਲਾਪ ਵਾਹਿਗੁਰੂ ਦੀ ਮਿਹਰ ਸਦਕਾ ਹੁੰਦਾ ਹੈ। ਇੰਝ ਕਹਿ ਲਵੋ ਕਿ ਹਰੀ ਦੇ ਸਿਮਰਨ ਦੀ ਪ੍ਰਾਪਤੀ ਵੀ ਪ੍ਰਮਾਤਮਾ ਦੀ ਬਖ਼ਸ਼ਿਸ਼ ਰਾਹੀਂ ਹੀ ਹੁੰਦੀ ਹੈ।


Comments

Popular posts from this blog

ਅਸਟਪਦੀ - 20

ਅਸਟਪਦੀ - 23

ਅਸਟਪਦੀ - 9