ਅਸਟਪਦੀ - 11

 ਅਸਟਪਦੀ - 11

ਸਲੋਕ ।।

ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ ।।

ਨਾਨਕ ਤਿਸੁ ਬਲਿਹਰਣੈ ਜਲਿ ਥਲਿ ਮਹੀਅਲਿ ਸੋਇ ।। 1 ।।

ਇਸ ਬ੍ਰਹਿਮੰਡ ਨੂੰ ਸਿਰਜਣ ਵਾਲ਼ਾ ਅਕਾਲ ਪੁਰਖ ਅਤੇ ਉਸ ਦੀ ਸਿਰਜੀ ਸ੍ਰਿਸ਼ਟੀ ਦੋਵਾਂ ਵਿੱਚ ਕੋਈ ਅੰਤਰ ਨਹੀਂ। ਕਰਤਾ ਕੁਦਰਤ ਵਿੱਚ ਹੈ ਅਤੇ ਕੁਦਰਤ ਕਰਤੇ ਵਿੱਚ ਹੈ। ਇਹ ਸਭ ਜਗਤ ਅਕਾਲ ਪੁਰਖ ਦਾ ਹੀ ਪਸਾਰਾ ਹੈ। ਗੁਰੂ ਜੀ ਦੱਸਦੇ ਹਨ ਕਿ ਧਰਤੀ ਉੱਤੇ, ਸਮੁੰਦਰ ਵਿੱਚ ਅਤੇ ਆਕਾਸ਼ ਵਿੱਚ ਹਰ ਥਾਂ ਤੇ ਉਹ ਅਕਾਲ ਪੁਰਖ ਹੀ ਵਸਦਾ ਹੈ। ਧਰਤੀ ਉੱਤੇ ਰਹਿਣ ਵਾਲ਼ੇ, ਸਮੁੰਦਰ ਵਿੱਚ ਰਹਿਣ ਵਾਲ਼ੇ ਅਤੇ ਅਸਮਾਨ ਵਿੱਚ ਰਹਿਣ ਵਾਲ਼ੇ ਸਾਰੇ ਜੀਵਾਂ ਦੇ ਅੰਦਰ ਉਹ ਹੀ ਪ੍ਰਮਾਮਤਾ ਵਸਦਾ ਹੈ। ਗੁਰੂ ਜੀ ਉਸ ਕਰਤਾ ਪੁਰਖ ਦੇ ਵਾਰੇ ਵਾਰੇ ਜਾਂਦੇ ਹਨ।

ਅਸਟਪਦੀ ।

ਕਰਨ ਕਰਾਵਨ ਕਰਨੈ ਜੋਗੁ ।। ਜੋ ਤਿਸੁ ਭਾਵੈ ਸੋਈ ਹੋਗੁ ।।

ਸ੍ਰਿਸ਼ਟੀ ਵਿੱਚ ਸਭ ਕੁੱਝ ਕਰਨ ਵਾਲ਼ਾ ਅਤੇ ਜੀਵਾਂ ਤੋਂ ਸਭ ਕੁੱਝ ਕਰਵਾਉਣ ਵਾਲ਼ਾ ਈਸ਼ਵਰ ਆਪ ਹੀ ਹੈ। ਇਸ ਸੰਸਾਰ ਵਿੱਚ ਉਹ ਹੀ ਹੁੰਦਾ ਹੈ ਜੋ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ ਜੋ ਹੁੰਦਾ ਹੈ, ਉਸ ਦੇ ਹੁਕਮ ਦੇ ਅੰਦਰ ਹੀ ਹੁੰਦਾ ਹੈ। ਉਸ ਦੇ ਹੁਕਮ ਤੋਂ ਬਾਹਰ ਕੁੱਝ ਨਹੀਂ ਹੁੰਦਾ।

ਖਿਨ ਮਹਿ ਥਾਪਿ ਉਥਾਪਨਹਾਰਾ ।। ਅੰਤੁ ਨਹੀ ਕਿਛੁ ਪਾਰਾਵਾਰਾ ।।

ਉਹ ਪ੍ਰਮਾਤਮਾ ਇੱਕ ਪਲ ਵਿੱਚ ਸ੍ਰਿਸ਼ਟੀ ਦੀ ਰਚਨਾ ਕਰ ਸਕਦਾ ਹੈ ਅਤੇ ਇੱਕ ਪਲ ਵਿੱਚ ਹੀ ਇਸ ਦਾ ਵਿਨਾਸ਼ ਕਰਨ ਦੇ ਵੀ ਸਮਰੱਥ ਹੈ। ਉਸ ਦੀ ਤਾਕਤ ਦਾ ਕੋਈ ਹਿਸਾਬ ਕਿਤਾਬ ਨਹੀਂ ਲਾਇਆ ਜਾ ਸਕਦਾ। ਉਸ ਦਾ ਕੋਈ ਅੰਤ ਨਹੀਂ ਪਾ ਸਕਦਾ।

ਹੁਕਮੇ ਧਾਰਿ ਅਧਰ ਰਹਾਵੈ ।। ਹੁਕਮੇ ਉਪਜੈ ਹੁਕਮਿ ਸਮਾਵੈ ।।

ਪ੍ਰਮਾਤਮਾ ਨੇ ਆਪ ਇਸ ਸੰਸਾਰ ਨੂੰ ਸਿਰਜਿਆ ਹੈ ਅਤੇ ਆਪ ਹੀ ਇਸ ਨੂੰ ਬਿਨਾਂ ਕਿਸੇ ਸਹਾਰੇ ਦੇ ਖਲਾਅ ਵਿੱਚ ਟਿਕਾ ਕੇ ਰੱਖਿਆ ਹੋਇਆ ਹੈ। ਉਸ ਦੇ ਹੁਕਮ ਦੇ ਅਨੁਸਾਰ ਹੀ ਸੰਸਾਰ ਦੇ ਜੀਵਾਂ ਦੀ ਉਤਪਤੀ ਹੁੰਦੀ ਹੈ ਅਤੇ ਉਸ ਦੇ ਹੁਕਮ ਦੇ ਅਨੁਸਾਰ ਹੀ ਉਨ੍ਹਾਂ ਦੀ ਹੋਂਦ ਖਤਮ ਹੋ ਜਾਂਦੀ ਹੈ।

ਹੁਕਮੇ ਊਚ ਨੀਚ ਬਿਉਹਾਰ ।। ਹੁਕਮੇ ਅਨਿਕ ਰੰਗ ਪਰਕਾਰ ।।

ਉਸ ਦੇ ਹੁਕਮ ਦੇ ਅਧੀਨ ਹੀ ਜੀਵਾਂ ਦਾ ਸੁਭਾਅ ਅਤੇ ਵਤੀਰਾ ਨਿਰਧਾਰਿਤ ਹੁੰਦਾ ਹੈਕੋਈ ਚੰਗੇ ਕਰਮ ਕਰਦਾ ਹੈ ਅਤੇ ਕੋਈ ਬੁਰੇਉਸ ਦੀ ਇੱਛਾ ਅਨੁਸਾਰ ਹੀ ਵੱਖ ਵੱਖ ਜੀਵਾਂ ਦਾ ਰੂਪ, ਰੰਗ, ਸੋਚ ਅਤੇ ਵਤੀਰਾ ਵੱਖ ਵੱਖ ਤਰਾਂ ਦਾ ਹੈ।

ਕਰਿ ਕਰਿ ਦੇਖੈ ਅਪਨੀ ਵਡਿਆਈ ।। ਨਾਨਕ ਸਭ ਮਹਿ ਰਹਿਆ ਸਮਾਈ ।। 1 ।।

ਭਾਂਤ ਭਾਂਤ ਦੇ ਜੀਵ ਸਿਰਜ ਕੇ ਅਤੇ ਉਨ੍ਹਾਂ ਦੀ ਪਾਲਣਾ ਕਰ ਕਰ ਕੇ ਉਹ ਅਪਣੀ ਵਡਿਆਈ ਨੂੰ, ਅਪਣੀ ਸ਼ਕਤੀ ਨੂੰ ਆਪ ਹੀ ਵੇਖਦਾ ਰਹਿੰਦਾ ਹੈ। ਸਭ ਨੂੰ ਸਿਰਜਣ ਵਾਲ਼ਾ ਉਹ ਕਰਤਾਰ ਅਪਣੇ ਸਿਰਜੇ ਸਾਰੇ ਜੀਵਾਂ ਦੇ ਅੰਦਰ ਆਪ ਹੀ ਸਮਾਇਆ ਹੋਇਆ ਹੈ, ਸਭ ਦੇ ਅੰਦਰ ਵਸਦਾ ਹੈ।

ਪ੍ਰਭ ਭਾਵੈ ਮਾਨੁਖ ਗਤਿ ਪਾਵੈ ।। ਪ੍ਰਭ ਭਾਵੈ ਤਾ ਪਾਥਰ ਤਰਾਵੈ ।।

ਜੇ ਈਸ਼ਵਰ ਚਾਹੇ ਤਾਂ ਮਨੁੱਖ ਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਜੇ ਉਹ ਚਾਹੇ ਤਾਂ ਪੱਥਰ ਨੂੰ ਵੀ ਪਾਣੀ ਉੱਤੇ ਤਾਰ ਸਕਦਾ ਹੈ।

ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ ।। ਪ੍ਰਭ ਭਾਵੈ ਤਾ ਹਰਿ ਗੁਣ ਭਾਖੈ ।।

ਜੇ ਈਸ਼ਵਰ ਚਾਹੇ ਤਾਂ ਬਿਨਾਂ ਸਾਹ ਦੇ ਵੀ ਜੀਵ ਨੂੰ ਜਿੰਦਾ ਰੱਖ ਸਕਦਾ ਹੈ। ਜੇ ਉਹ ਚਾਹੇ ਤਾਂ ਹੀ ਜੀਵ ਹਰੀ ਦੇ ਗੁਣ ਗਾਉਂਦਾ ਹੈ, ਉਸ ਦੀ ਵਡਿਆਈ ਕਰਦਾ ਹੈ।

ਪ੍ਰਭ ਭਾਵੈ ਤਾ ਪਤਿਤ ਉਧਾਰੈ ।। ਆਪਿ ਕਰੈ ਆਪਨ ਬੀਚਾਰੈ ।।

ਜੇ ਪ੍ਰਭੂ ਚਾਹੇ ਤਾਂ ਪਾਪੀ ਦਾ ਵੀ ਪਾਰ ਉਤਾਰਾ ਕਰ ਸਕਦਾ ਹੈ। ਉਸ ਦੀ ਮਰਜ਼ੀ ਹੋਵੇ ਤਾਂ ਪਾਪੀ ਵੀ ਤਰ ਜਾਂਦੇ ਹਨ, ਉਨ੍ਹਾਂ ਦੇ ਉਧਾਰ ਦਾ ਵੀ ਕੋਈ ਨਾ ਕੋਈ ਬਹਾਨਾ ਬਣ ਜਾਂਦਾ ਹੈ। ਉਹ ਆਪ ਹੀ ਸਭ ਕੁੱਝ ਕਰਦਾ ਹੈ ਅਤੇ ਆਪ ਹੀ ਵਿਚਾਰ ਕਰ ਕੇ ਉਸ ਦੇ ਚੰਗੇ ਜਾਂ ਮਾੜੇ ਹੋਣ ਦਾ ਫੈਸਲਾ ਕਰਦਾ ਹੈ।

ਦੁਹਾ ਸਿਰਿਆ ਕਾ ਆਪਿ ਸੁਆਮੀ  ।। ਖੇਲੈ ਬਿਗਸੈ ਅੰਤਰਜਾਮੀ ।।

ਜੀਵਾਂ ਦੇ ਦੋਹਾਂ ਸਿਰਿਆਂ ਦਾ, ਹਲਤ ਦਾ ਅਤੇ ਪਲਤ ਦਾ, ਲੋਕ ਦਾ ਅਤੇ ਪ੍ਰਲੋਕ ਦਾ, ਮਾਲਕ ਪ੍ਰਮਾਤਮਾ ਆਪ ਹੀ ਹੈ। ਉਹ ਸਭ ਦੇ ਅਂਦਰ ਦੀ ਜਾਨਣ ਵਾਲ਼ਾ ਹੈ। ਆਪ ਹੀ ਉਹ ਸਾਰੀ ਖੇਡ ਰਚਾਉਂਦਾ ਹੈ ਅਤੇ ਆਪ ਹੀ ਉਸ ਨੂੰ ਵੇਖ ਵੇਖ ਕੇ ਖੁਸ਼ ਹੁੰਦਾ ਰਹਿੰਦਾ ਹੈ।

ਜੋ ਭਾਵੈ ਸੋ ਕਾਰ ਕਰਾਵੈ ।। ਨਾਨਕ ਦ੍ਰਿਸਟੀ ਅਵਰੁ ਨ ਆਵੈ ।। 2 ।।

ਜੋ ਕੁੱਝ ਵੀ ਉਸ ਦੇ ਮਨ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ, ਉਹ ਕੁੱਝ ਹੀ ਉਹ ਜੀਵਾਂ ਤੋਂ ਕਰਵਾਉਂਦਾ ਹੈ। ਗੁਰੂ ਜੀ ਫੁਰਮਾਉਂਦੇ ਹਨ ਕਿ ਉਸ ਸਰਬ ਸ਼ਕਤੀਮਾਨ ਈਸ਼ਵਰ ਵਰਗੀ ਹੋਰ ਕੋਈ ਸ਼ਕਤੀ ਉਨ੍ਹਾਂ ਨੂੰ ਨਜ਼ਰ ਨਹੀਂ ਆਉਂਦੀ।

ਕਹੁ ਮਾਨੁਖ ਤੇ ਕਿਆ ਹੋਇ ਆਵੈ ।। ਜੋ ਤਿਸੁ ਭਾਵੈ ਸੋਈ ਕਰਾਵੈ ।।

ਭਲਾ ਦੱਸੋ, ਮਨੁੱਖ ਵਿਚਾਰਾ ਕੀ ਕਰਨ ਦੇ ਯੋਗ ਹੈ? ਵਾਹਿਗੁਰੂ ਦੀ ਮਰਜ਼ੀ ਤੋਂ ਬਿਨਾਂ ਇਨਸਾਨ ਕੁੱਝ ਵੀ ਨਹੀਂ ਕਰ ਸਕਦਾ। ਜੋ ਸਿਰਜਣਹਾਰ ਚਾਹੁੰਦਾ ਹੈ ਉਸ ਕੋਲ਼ੋਂ ਉਹ ਹੀ ਕਰਵਾਉਂਦਾ ਹੈ। ਅਪਣੀ ਮਰਜ਼ੀ ਨਾਲ਼ ਉਹ ਕੁੱਝ ਵੀ ਨਹੀਂ ਕਰ ਸਕਦਾ।

ਇਸ ਕੈ ਹਾਥਿ ਹੋਇ ਤਾ ਸਭੁ ਕਿਛੁ ਲੇਇ ।। ਜੋ ਤਿਸੁ ਭਾਵੈ ਸੋਈ ਕਰੇਇ ।।

ਜੇ ਬੰਦੇ ਦੇ ਵਸ ਹੋਵੇ ਤਾਂ ਉਹ ਦੁਨੀਆਂ ਦੇ ਸਾਰੇ ਪਦਾਰਥਾਂ ਉੱਤੇ ਕਬਜ਼ਾ ਕਰ ਲਵੇ, ਸਾਰੀ ਦੁਨੀਆਂ ਦੀ ਦੌਲਤ ਹਥਿਆ ਲਵੇ। ਇਨਸਾਨ ਉਹ ਹੀ ਕਰਦਾ ਹੈ ਜੋ ਈਸ਼ਵਰ ਚਾਹੁੰਦਾ ਹੈ, ਜੋ ਪ੍ਰਭੂ ਉਸ ਤੋਂ ਕਰਵਾਉਂਦਾ ਹੈਉਸ ਮਾਲਕ ਦੀ  ਮਰਜ਼ੀ ਦੇ ਖਿਲਾਫ ਉਹ ਕੁੱਝ ਨਹੀਂ ਕਰ ਸਕਦਾ।

ਅਨਜਾਨਤ ਬਿਖਿਆ  ਮਹਿ ਰਚੈ ।। ਜੇ ਜਾਨਤ ਆਪਨ ਆਪ ਬਚੈ ।।

ਅਗਿਆਨਤਾ ਵਸ ਜੀਵ ਬੁਰੇ ਕੰਮਾਂ ਵਿੱਚ ਖਚਤ ਹੋਇਆ ਰਹਿੰਦਾ ਹੈ ਜਿਹੜੇ ਉਸ ਦੇ ਆਤਮਿਕ ਜੀਵਨ ਦੇ ਲਈ ਜ਼ਹਿਰ ਦੇ ਬਰਾਬਰ ਹਨ। ਜੇ ਉਸ ਨੂੰ ਏਨੀ ਸਮਝ ਹੋਵੇ ਕਿ ਇਹ ਬੁਰੇ ਕੰਮ ਉਸ ਲਈ  ਵਿਨਾਸ਼ਕਾਰੀ ਹਨ ਤਾਂ ਉਹ ਅਪਣੇ ਆਪ ਨੂੰ ਇਨ੍ਹਾਂ ਤੋਂ ਬਚਾ ਲਵੇ।

ਭਰਮੇ ਭੂਲਾ ਦਹ ਦਿਸਿ ਧਾਵੈ ।। ਨਿਮਖ ਮਾਹਿ ਚਾਰਿ ਕੁੰਟ ਫਿਰਿ ਆਵੈ ।।

ਇਸ ਭੁਲੇਖੇ ਵਿੱਚ ਕਿ ਉਹ ਸਭ ਕੁੱਝ ਕਰ ਸਕਦਾ ਹੈ ਉਹ ਦਸਾਂ ਦਿਸ਼ਾਵਾਂ ਵਿੱਚ ਭੱਜਿਆ ਫਿਰਦਾ ਰਹਿੰਦਾ ਹੈ। ਇੱਕ ਪਲ ਵਿੱਚ ਹੀ ਉਸ ਦਾ ਮਨ ਚਾਰਾਂ ਹੀ ਦਿਸ਼ਾਵਾਂ ਵਿੱਚ ਘੁੰਮ ਆਉਂਦਾ ਹੈ।

ਕਰਿ ਕਿਰਪਾ ਜਿਸੁ ਅਪਨੀ ਭਗਤਿ ਦੇਇ ।। ਨਾਨਕ ਤੇ ਜਨ ਨਾਮਿ ਮਿਲੇਇ ।। 3 ।।

ਜਿਸ ਜੀਵ ਤੇ ਤਰਸ ਖਾ ਕੇ, ਮਿਹਰਬਾਨ ਹੋ ਕੇ, ਈਸ਼ਵਰ ਉਸ ਨੂੰ ਅਪਣੇ ਨਾਲ਼ ਜੋੜ ਲਵੇ, ਉਸ ਉੱਤੇ ਅਪਣੀ ਭਗਤੀ ਦੀ ਬਖਸ਼ਿਸ਼ ਕਰ ਦੇਵੇ, ਉਸ ਨੂੰ ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਬਿਨਾਂ ਉਸ ਦੀ ਕਿਰਪਾ ਹੋਏ ਜੀਵ ਇੱਧਰ ਉੱਧਰ ਭਟਕਦਾ ਰਹਿੰਦਾ ਹੈ।

ਖਿਨ ਮਹਿ ਨੀਚ ਕੀਟ ਕਉ ਰਾਜ ।। ਪਾਰਬ੍ਰਹਮ ਗਰੀਬ ਨਿਵਾਜ ।।

ਉਹ ਮਾਲਕ ਜੇ ਚਾਹੇ ਤਾਂ ਇੱਕ ਪਲ ਵਿਚ ਦੁਨੀਆਂ ਦੇ ਸਭ ਤੋਂ ਕਮਜ਼ੋਰ ਇਨਸਾਨ ਨੂੰ ਬਾਦਸ਼ਾਹ ਬਣਾ ਸਕਦਾ ਹੈ। ਪ੍ਰਮਾਤਮਾ ਸਦਾ ਗਰੀਬਾਂ ਨੂੰ ਨਿਵਾਜਦਾ ਹੈ, ਉਨ੍ਹਾਂ ਦੀ ਸਹਾਇਤਾ ਕਰਦਾ ਹੈ।

ਜਾ ਕਾ ਦ੍ਰਿਸਟਿ ਕਛੂ ਨ ਆਵੈ ।। ਤਿਸੁ ਤਤਕਾਲ ਦਹ ਦਿਸ ਪ੍ਰਗਟਾਵੈ ।।

ਪ੍ਰਮਾਤਮਾ ਉਸ ਇਨਸਾਨ ਨੂੰ ਜਿਸ ਦਾ ਕੁੱਝ ਵੀ ਨਜ਼ਰ ਨਹੀਂ ਆਉਂਦਾ, ਅੱਖ ਦੇ ਫੋਰੇ ਵਿੱਚ ਦਸਾਂ ਦਿਸ਼ਾਵਾਂ ਵਿੱਚ ਪ੍ਰਗਟ ਕਰ ਸਕਦਾ ਹੈ। ਭਾਵ ਕਿ ਮਾਲਕ ਜੇ ਚਾਹੇ ਤਾਂ ਇੱਕ ਮਾਮੂਲੀ ਇਨਸਾਨ ਨੂੰ, ਜਿਸ ਨੂੰ ਦੁਨੀਆਂ ਵਿੱਚ ਕੋਈ ਨਹੀਂ ਜਾਣਦਾ, ਅੱਖ ਝਪਕਣ ਜਿੰਨੇ ਸਮੇ ਵਿੱਚ ਸੰਸਾਰ ਦਾ ਸਭ ਤੋਂ ਪ੍ਰਸਿੱਧ ਵਿਅਕਤੀ ਬਣਾ ਸਕਦਾ ਹੈ।

ਜਾ ਕਉ ਅਪੁਨੀ ਕਰੈ ਬਖਸੀਸ ।। ਤਾ ਕਾ ਲੇਖਾ ਨ ਗਨੈ ਜਗਦੀਸ ।।

ਜਿਸ ਇਨਸਾਨ ਉੱਤੇ ਉਸ ਮਾਲਕ ਦੀ ਮਿਹਰ ਦੀ ਨਿਗਾਹ ਹੋ ਜਾਵੇ, ਉਸ ਦਾ ਫਿਰ ਉਹ ਲੇਖਾ ਨਹੀਂ ਪੁੱਛਦਾ। ਜਿਸ ਤੇ ਮਾਲਕ ਦਿਆਲ ਹੋ ਜਾਵੇ ਉਸ ਦਾ ਪਾਰ ਉਤਾਰਾ ਕਰਨ ਲੱਗਿਆ ਉਹ ਉਸ ਦੇ ਕੀਤੇ ਚੰਗੇ ਮੰਦੇ ਕਰਮਾਂ ਦਾ ਹਿਸਾਬ ਕਿਤਾਬ ਨਹੀਂ ਕਰਦਾ।

ਜੀਉ ਪਿੰਡੁ ਸਭ ਤਿਸ ਕੀ ਰਾਸਿ ।। ਘਟਿ ਘਟਿ ਪੂਰਨ ਬ੍ਰਹਮ ਪ੍ਰਗਾਸ ।।

ਸਾਡਾ ਇਹ ਸਰੀਰ ਅਤੇ ਮਨ ਉਸ ਹਰੀ ਪ੍ਰਭੂ ਦੀ ਹੀ ਪੂੰਜੀ ਹਨ ਜੋ ਸਾਡੇ ਕੋਲ਼ ਉਸ ਦੀ ਅਮਾਨਤ ਹਨ। ਉਹ ਪੂਰਨ ਪ੍ਰਮਾਤਮਾ ਹਰ ਜੀਵ ਦੇ ਸਰੀਰ ਦੇ ਅੰਦਰ ਵਸਦਾ ਹੈ। ਹਰ ਸਰੀਰ ਦੇ ਅੰਦਰ ਉਸ ਦਾ ਪ੍ਰਕਾਸ਼ ਹੈ।

ਅਪਨੀ ਬਣਤ ਆਪਿ ਬਨਾਈ ।। ਨਾਨਕ ਜੀਵੈ ਦੇਖਿ ਬਡਾਈ ।। 4 ।।

ਅਪਣਾ ਸਿਰਜਣਹਾਰਾ ਉਹ ਆਪ ਹੈ। ਉਸ ਨੂੰ ਕਿਸੇ ਹੋਰ ਸ਼ਕਤੀ ਨੇ ਨਹੀਂ ਬਣਇਆ। ਅਪਣੀ ਸਿਰਜੀ ਇਸ ਸ੍ਰਿਸ਼ਟੀ ਦੀ ਸਾਰੀ ਵਿਉਂਤਬੰਦੀ ਵੀ ਉਸ ਨੇ ਆਪ ਹੀ ਕੀਤੀ ਹੈ। ਉਸ ਤੋਂ ਵੱਡੀ ਹੋਰ ਕੋਈ ਤਾਕਤ ਨਹੀਂ ਜਿਸ ਦੇ ਅਧੀਨ ਉਹ ਕੰਮ ਕਰਦਾ ਹੋਵੇ। ਗੁਰੂ ਜੀ ਕਹਿੰਦੇ ਹਨ ਕਿ ਉਹ ਉਸ ਮਾਲਕ ਦੀ ਵਡਿਆਈ ਨੂੰ ਦੇਖ ਦੇਖ ਕੇ ਜਿਉਂਦੇ ਹਨ।

ਇਸ ਕਾ ਬਲੁ ਨਾਹੀ ਇਸੁ ਹਾਥ ।। ਕਰਨ ਕਰਾਵਨ ਸਰਬ ਕੋ ਨਾਥ ।।

ਉਹ ਤਾਕਤ ਜਿਸ ਦਾ ਇਨਸਾਨ ਮਾਣ ਕਰਦਾ ਹੈ ਇਸ ਦੀ ਅਪਣੀ ਨਹੀਂ ਹੈ। ਇਸ ਦੀ ਤਾਕਤ ਪ੍ਰਮਾਤਮਾ ਦੇ ਹੱਥ ਵਿੱਚ ਹੈ। ਜੇ  ਉਹ ਚਾਹੇ ਤਾਂ ਤਾਕਤ ਹੈ, ਜੇ ਨਾ ਚਾਹੇ ਤਾਂ ਇਹ ਸਾਰੀ ਤਾਕਤ ਹਵਾ ਵਿੱਚ ਉਡ ਜਾਂਦੀ ਹੈ। ਜੋ ਕੰਮ ਬੰਦਾ ਸਮਝਦਾ ਹੈ ਕਿ ਉਹ ਅਪਣੇ ਜ਼ੋਰ ਨਾਲ਼ ਕਰਦਾ ਹੈ, ਅਸਲ ਵਿੱਚ ਪ੍ਰਭੂ ਆਪ ਹੀ ਉਸ ਕੋਲ਼ੋਂ ਕਰਵਾਉਂਦਾ ਹੈ। ਸਭ ਕੁੱਝ ਕਰਨ ਕਰਵਾਉਣ ਵਾਲ਼ਾ ਈਸ਼ਵਰ ਆਪ ਹੀ ਹੈ। ਇਨਸਾਨ ਨੂੰ ਕੇਵਲ ਭੁਲੇਖਾ ਹੈ ਕਿ ਉਹ ਬਹੁਤ ਕੁੱਝ ਕਰ ਸਕਦਾ ਹੈ।

ਆਗਿਆਕਾਰੀ ਬਪੁਰਾ ਜੀਉ ।। ਜੋ ਤਿਸੁ ਭਾਵੈ ਸੋਈ ਫੁਨਿ ਥੀਉ ।।

ਬੰਦਾ ਵਿਚਾਰਾ ਤਾਂ ਉਸ ਦੇ ਹੁਕਮ ਦੀ ਪਾਲਣਾ ਕਰਨ ਵਾਲ਼ਾ ਹੈ। ਹੁੰਦਾ ਉਹ ਹੀ ਹੈ ਜੋ ਈਸ਼ਵਰ ਚਾਹੁੰਦਾ ਹੈ।

ਕਬਹੂ ਊਚ ਨੀਚ ਮਹਿ ਬਸੈ ।। ਕਬਹੂ ਸੋਗ ਹਰਖ ਰੰਗਿ ਬਸੈ ।।

ਇਹ ਜੀਵ ਕਦੇ ਅਪਣੇ ਆਪ ਨੂੰ ਬਹੁਤ ਉੱਚਾ ਸਮਝਣ ਲੱਗ ਪੈਂਦਾ ਹੈ ਅਤੇ ਕਦੇ ਇਸ ਨੂੰ ਅਪਣਾ ਆਪ ਬਹੁਤ ਛੋਟਾ ਲੱਗਣ ਲੱਗ ਪੈਂਦਾ ਹੈ। ਕਦੇ ਇਹ ਗ਼ਮ ਵਿੱਚ ਡੁੱਬ ਕੇ ਰੋਣ ਲੱਗ ਪੈਂਦਾ ਹੈ ਅਤੇ ਕਦੇ ਖੁਸ਼ੀ ਵਿੱਚ ਹੱਸਣ ਲੱਗ ਪੈਂਦਾ ਹੈ।

ਕਬਹੂ ਨਿੰਦ ਚਿੰਦ ਬਿਉਹਾਰ ।। ਕਬਹੂ ਊਭ ਅਕਾਸ ਪਇਆਲ ।।

ਕਦੇ ਇਸ ਜੀਵ ਨੂੰ ਕਿਸਾ ਦੀ ਨਿੰਦਾ ਕਰਨਾ ਚੰਗਾ ਲੱਗਦਾ ਹੈ ਅਤੇ ਕਦੇ ਵਡਿਆਈ ਕਰਨਾ। ਕਦੇ ਇਹ ਵਡਿਆਈ ਦੇ ਅਹਿਸਾਸ

ਨਾਲ਼ ਉੱਚੇ ਅਸਮਾਨ ਵਿੱਚ ਉਡਣ ਲੱਗਦਾ ਹੈ ਅਤੇ ਕਦੇ ਹੀਣਤਾ ਭਾਵ ਵਿੱਚ ਆ ਕੇ ਪਤਾਲ਼ ਵਿੱਚ ਧਸ ਜਾਂਦਾ ਹੈ।

ਕਬਹੂ ਬੇਤਾ ਬ੍ਰਹਮ ਬੀਚਾਰ ।। ਨਾਨਕ ਆਪਿ ਮਿਲਾਵਣਹਾਰ ।। 5 ।।

ਕਦੀ ਇਹ ਅਪਣੇ ਆਪ ਨੂੰ ਏਨਾ ਗਿਆਨਵਾਨ  ਸਮੜਣ ਲੱਗ ਪੈਂਦਾ ਹੈ ਕਿ  ਪ੍ਰਮਾਤਮਾ ਦੇ ਹੋਣ ਅਤੇ ਨਾ ਹੋਣ ਬਾਰੇ ਹੀ ਸਵਾਲ

ਖੜ੍ਹੇ ਕਰਨ ਲੱਗ ਪੈਂਦਾ ਹੈ, ਉਸ ਦੇ ਸਰੂਪ, ਸ਼ਕਤੀ ਅਤੇ ਸੁਭਾਅ ਬਾਰੇ ਚਰਚਾ ਕਰਨ ਲੱਗ ਪੈਂਦਾ ਹੈ। ਇਸ ਨੂੰ ਲੱਗਦਾ ਹੈ ਕਿ ਇਹ

ਪ੍ਰਮਾਤਮਾ ਬਾਰੇ ਸਭ ਕੁੱਝ ਜਾਣਦਾ ਹੈ। ਪਰ ਇਹ ਸਭ ਕੁੱਝ ਇਨਸਾਨ ਨੇ ਅਪਣੇ ਆਪ ਬਾਰੇ ਭਰਮ ਪਾਲ਼ਿਆ ਹੋਇਆ ਹੈ। ਗੁਰੂ

ਜੀ ਦਾ ਕਥਨ ਹੈ ਕਿ ਜੀਵ ਨੂੰ ਅਪਣੇ ਆਪ ਨਾਲ਼ ਮਿਲਾਉਣ ਵਾਲ਼ਾ ਅਸਲ ਵਿੱਚ ਉਹ ਪ੍ਰਮਾਤਮਾ ਆਪ ਹੀ ਹੈ।

ਕਬਹੂ ਨਿਰਤਿ ਕਰੈ ਬਹੁ ਭਾਤਿ ।। ਕਬਹੂ ਸੋਇ ਰਹੈ ਦਿਨੁ ਰਾਤਿ ।।

ਕਦੀ ਇਨਸਾਨ ਬਹੁਤ ਜ਼ਿਆਦਾ ਕਰਮਸ਼ੀਲ ਹੋ ਜਾਂਦਾ ਹੈ, ਤਰਾਂ ਤਰਾਂ ਦੇ ਨਾਚ ਕਰਦਾ ਹੈ, ਇੱਧਰ ਉੱਧਰ ਭੱਜਿਆ ਫਿਰਦਾ ਹੈ।

ਕਦੀ ਉੱਕਾ ਹੀ ਆਲਸੀ ਬਣ ਜਾਂਦਾ ਹੈ, ਦਿਨ ਰਾਤ ਸੁੱਤਾ ਰਹਿੰਦਾ ਹੈ

ਕਬਹੂ ਮਹਾ ਕ੍ਰੋਧ ਬਿਕਰਾਲ ।। ਕਬਹੂੰ ਸਰਬ ਕੀ ਹੋਤ ਰਵਾਲ ।।

ਕਦੀ ਇਨਸਾਨ ਅਤਿਅੰਤ ਗੁੱਸੇ ਵਿੱਚ ਆ ਕੇ ਡਰਾਵਣਾ ਰੂਪ ਧਾਰਨ ਕਰ ਲੈਂਦਾ ਹੈ ਅਤੇ ਕਦੀ ਐਨੀ ਨਿਮਰਤਾ ਧਾਰਨ ਕਰ ਲੈਂਦਾ ਹੈ ਕਿ ਸਭ ਦੇ ਪੈਰਾਂ ਦੀ ਧੂੜ ਬਣ ਜਾਂਦਾ ਹੈ।

ਕਬਹੂ ਹੋਇ ਬਹੈ ਬਡ ਰਾਜਾ ।। ਕਬਹੂ ਭੇਖਾਰੀ ਨੀਚ ਕਾ ਸਾਜਾ ।।

ਕਦੀ ਜੀਵ ਵਡੱਪਣ ਦੀ ਭਾਵਨਾ ਦਾ ਸ਼ਿਕਾਰ ਹੋ ਕੇ ਅਪਣੇ ਆਪ ਨੂੰ ਮਹਾਰਾਜਾ ਸਮਝਣ ਲੱਗ ਪੈਂਦਾ ਹੈ ਅਤੇ ਕਦੀ ਹੀਣ ਭਾਵਨਾ ਅਧੀਨ ਅਪਣੇ ਆਪ ਨੂੰ ਅਤਿ ਗਰੀਬ ਭਿਖਾਰੀ ਕਰ ਕੇ ਵੇਖਣ ਲੱਗ ਪੈਂਦਾ ਹੈ।

ਕਬਹੂ ਅਪਕੀਰਤਿ ਮਹਿ ਆਵੈ ।। ਕਬਹੂ ਭਲਾ ਭਲਾ ਕਹਾਵੈ ।।

ਕਦੀ ਜੀਵ ਅਪਣਾ ਅਪਜਸ, ਅਲੋਚਨਾ ਜਾਂ ਨਿੰਦਾ ਸੁਣ ਕੇ ਖੁਸ਼ ਹੁੰਦਾ ਹੈ ਅਤੇ ਕਦੀ ਅਪਣੀ ਤਾਰੀਫ ਸੁਣ ਕੇ, ਵਾਰ ਵਾਹ ਕਰਵਾ ਕੇ ਉਸ ਨੂੰ ਖੁਸ਼ੀ ਹੁੰਦੀ ਹੈ।

ਜਿਉ ਪ੍ਰਭੁ ਰਾਖੈ ਤਿਵ ਹੀ ਰਹੈ ।। ਗੁਰਪ੍ਰਸਾਦਿ ਨਾਨਕ ਸਚੁ ਕਹੈ ।। 6 ।।

ਅਸਲ ਵਿੱਚ ਇਨਸਾਨ ਉਸੇ ਹਾਲਤ ਵਿੱਚ ਰਹਿੰਦਾ ਹੈ ਜਿਸ ਵਿੱਚ ਮਾਲਕ ਉਸ ਨੂੰ ਰੱਖਦਾ ਹੈ। ਗੁਰੂ ਜੀ ਫੁਰਮਾਉਂਦੇ ਹਨ ਕਿ ਹਰੀ ਪ੍ਰਭੂ ਦੀ ਅਪਣੀ ਮਿਹਰ ਜਦੋਂ ਇਨਸਾਨ ਉੱਤੇ ਹੋ ਜਾਵੇ ਤਦ ਹੀ ਉਹ ਉਸ ਸੱਚੇ ਅਤੇ ਸਦਾ ਰਹਿਣ ਵਾਲ਼ੇ ਮਾਲਕ ਦਾ ਨਾਮ ਲੈਂਦਾ ਹੈ।

ਕਬਹੂ ਹੋਇ ਪੰਡਿਤੁ ਕਰੇ ਬਖ੍ਯਾਨੁ ।। ਕਬਹੂ ਮੋਨਿਧਾਰੀ ਲਾਵੈ ਧਿਆਨੁ ।।

ਕਦੀ ਇਨਸਾਨ ਸ਼ਾਸ਼ਤਰਾਂ ਦਾ ਅਧਿਅਨ ਕਰ ਕੇ ਅਪਣੇ ਆਪ ਨੂੰ ਬਹੁਤ ਵੱਡਾ ਵਿਦਵਾਨ ਸਮਝਣ ਲੱਗ ਪੈਂਦਾ ਹੈ ਅਤੇ ਦੂਜਿਆਂ ਨੂੰ ਉਪਦੇਸ਼ ਦੇਣ ਲੱਗ ਪੈਂਦਾ ਹੈ ਅਤੇ ਕਦੀ ਚੁੱਪ ਧਾਰਨ ਕਰ ਕੇ, ਮੌਨ ਵਰਤ ਰੱਖ ਕੇ ਧਿਆਨ ਲਾ ਕੇ ਬੈਠ ਜਾਂਦਾ ਹੈ।

ਕਬਹੂ ਤਟ ਤੀਰਥ ਇਸਨਾਨ ।। ਕਬਹੂ ਸਿਧ ਸਾਧਿਕ ਮੁਖਿ ਗਿਆਨ ।।

ਕਦੀ ਤੀਰਥ ਸਥਾਨਾਂ ਤੇ ਜਾ ਕੇ ਦਰਿਆਵਾਂ ਅਤੇ ਤਾਲਾਬਾਂ ਦੇ ਕਿਨਾਰਿਆਂ ਤੇ ਇਸ਼ਨਾਨ ਕਰਨ ਲੱਗ ਪੈਂਦਾ ਹੈ। ਕਦੀ ਅਲੌਕਿਕ ਸ਼ਕਤੀਆਂ ਦਾ ਮਾਲਕ ਬਣ ਬੈਠਦਾ ਹੈ, ਕਦੀ ਅਪਣੇ ਇੰਦਰਿਆਂ ਤੇ ਨਿਯੰਤਰਣ ਕਰ ਕੇ ਸਾਧਕ ਬਣ ਕੇ ਬੈਠ ਜਾਂਦਾ ਹੈ ਅਤੇ ਮੂੰਹ ਤੋਂ ਗਿਆਨ ਦੀਆਂ ਗੱਲਾਂ ਕਰਨ ਲੱਗ ਪੈਂਦਾ ਹੈ।

ਕਬਹੂ ਕੀਟ ਹਸਤਿ ਪਤੰਗ ਹੋਇ ਜੀਆ ।। ਅਨਿਕ ਜੋਨਿ ਭਰਮੈ ਭਰਮੀਆ ।।

ਜਨਮ ਮਰਨ ਦੇ ਚੱਕਰ ਵਿੱਚ ਫਸਿਆ ਜੀਵ ਵਾਰ ਵਾਰ ਜੰਮਦਾ ਮਰਦਾ ਰਹਿੰਦਾ ਹੈ ਅਤੇ ਭਾਂਤ ਭਾਂਤ ਦੀਆਂ ਜੂਨਾਂ ਵਿੱਚ ਪੈਂਦਾ ਰਹਿੰਦਾ ਹੈ। ਕਦੀ ਉਹ ਕੋਈ ਕੀੜਾ ਮਕੌੜਾ ਬਣ ਜਾਂਦਾ ਹੈ, ਕਦੀ ਹਾਥੀ ਦੀ ਜੂਨ ਵਿੱਚ ਪੈਂਦਾ ਹੈ ਅਤੇ ਕਦੀ ਕੋਈ ਪਤੰਗਾ ਬਣ ਜਾਂਦਾ ਹੈ।

ਨਾਨਾ ਰੂਪ ਜਿਉ ਸ੍ਵਾਗੀ ਦਿਖਾਵੈ ।। ਜਿਉ ਪ੍ਰਭ ਭਾਵੈ ਤਿਵੈ ਨਚਾਵੈ ।।

ਜਿਸ ਤਰਾਂ ਕੋਈ ਨਾਟਕ ਕਰਨ ਵਾਲ਼ਾ ਕਈ ਤਰਾਂ ਦੇ ਰੂਪ ਧਾਰਨ ਕਰਦਾ ਰਹਿੰਦਾ ਹੈ, ਉਸੇ ਤਰਾਂ ਜੀਵ ਵੀ ਈਸ਼ਵਰ ਦੇ ਹੁਕਮ ਅਨੁਸਾਰ, ਉਸ ਦੀ ਇੱਛਾ ਅਨੁਸਾਰ, ਵੱਖ ਵੱਖ ਰੂਪ ਧਾਰਨ ਕਰਦਾ ਰਹਿੰਦਾ ਹੈ। ਜਿਸ ਤਰਾਂ ਵਾਹਿਗੁਰੂ ਉਸ ਨੂੰ ਨਚਾਉਂਦਾ ਹੈ, ਉਹ ਉਸੇ ਤਰਾਂ ਨੱਚਦਾ ਰਹਿੰਦਾ ਹੈ।

ਜੋ ਤਿਸੁ ਭਾਵੈ ਸੋਈ ਹੋਇ ।। ਨਾਨਕ ਦੂਜਾ ਅਵਰੁ ਨ ਕੋਇ ।। 7 ।।

ਜੋ ਉਸ ਕਰਤਾ ਪੁਰਖ ਦੀ ਇੱਛਾ ਹੁੰਦੀ ਹੈ, ਉਹ ਹੀ ਸੰਸਾਰ ਵਿੱਚ ਵਰਤਦਾ ਹੈ। ਗੁਰੂ ਜੀ ਦਾ ਫੈਸਲਾ ਇਹ ਹੈ ਕਿ ਉਸ ਪ੍ਰਭੂ ਤੋਂ ਬਿਨਾ ਹੋਰ ਕੋਈ ਤਾਕਤ ਇਸ ਦੁਨੀਆਂ ਵਿੱਚ ਹੈ ਹੀ ਨਹੀਂ ਜੋ ਇਸ ਦੇ ਕਾਰਜ ਨੂੰ ਚਲਾਵੇਕੇਵਲ ਉਹ ਮਾਲਕ ਹੀ ਇਸ ਦੁਨੀਆਂ ਦੇ ਸਾਰੇ ਕਾਰੋਬਾਰ ਨੂੰ ਅਪਣੀ ਇੱਛਾ ਮੁਤਾਬਿਕ ਚਲਾਉਂਦਾ ਹੈ।   

ਕਬਹੂ ਸਾਧਸੰਗਤਿ ਇਹੁ ਪਾਵੈ ।। ਉਸੁ ਅਸਥਾਨ ਤੇ ਬਹੁਰਿ ਨ ਆਵੈ ।।

ਕਦੀ ਇਹ ਇਨਸਾਨ ਸਾਧ ਸੰਗਤ ਵਿੱਚ ਆਉਣ ਲੱਗ ਪੈਂਦਾ ਹੈ ਤੇ ਫਿਰ ਸਾਧ ਸੰਗਤ ਦਾ ਇਸ ਤੇ ਅਜਿਹਾ ਅਸਰ ਹੁੰਦਾ ਹੈ ਕਿ ਮੁੜ ਕੇ ਉਸ ਬੁਰੀ ਸੰਗਤ ਵੱਲ ਕਦੀ ਨਹੀਂ ਜਾਂਦਾ ਜੋ ਕਦੀ ਉਸ ਨੂੰ ਚੰਗੀ ਲੱਗਦੀ ਸੀ

ਮਨ ਤਨ ਨਾਮਿ ਰਤੇ ਇਕ ਰੰਗਿ ।। ਸਦਾ ਬਸਹਿ ਪਾਰਬ੍ਰਹਮ ਕੈ ਸੰਗਿ ।।

ਸਾਧ ਸੰਗਤ ਵਿੱਚ ਆਉਣ ਨਾਲ਼ ਜਿਸ ਇਨਸਾਨ ਦਾ ਮਨ ਅਤੇ ਤਨ ਉਸ ਇੱਕ ਹਰੀ ਦੇ ਰੰਗ ਵਿੱਚ ਰੰਗੇ ਜਾਂਦੇ ਹਨ, ਉਹ ਸਦਾ ਹੀ ਪਾਰਬ੍ਰਹਮ ਪ੍ਰਮਾਤਮਾ ਦੇ ਨੇੜੇ ਰਹਿੰਦਾ ਹੈ, ਕਦੇ ਉਸ ਤੋਂ ਦੂਰ ਨਹੀਂ ਜਾਂਦਾ, ਉਸ ਦੀ ਹੋਂਦ ਨੂੰ ਨਹੀਂ ਭੁੱਲਦਾ

ਜਿਉ ਜਲ ਮਹਿ ਜਲੁ ਆਇ ਖਟਾਨਾ ।। ਤਿਉ ਜੋਤੀ ਸੰਗਿ ਜੋਤਿ ਸਮਾਨਾ ।।

ਜਿਸ ਤਰਾਂ ਪਾਣੀ ਪਾਣੀ ਦੇ ਵਿੱਚ ਮਿਲ ਜਾਂਦਾ ਹੈ ਉਸੇ ਤਰਾਂ ਉਸ ਇਨਸਾਨ ਦੀ ਜੋਤ ਪ੍ਰਮਾਤਮਾ ਦੀ ਜੋਤ ਨਾਲ਼ ਮਿਲ ਜਾਂਦੀ ਹੈ। ਉਸ ਦੀ ਆਤਮਾ ਅਤੇ ਪ੍ਰਮਾਤਮਾ ਇੱਕ ਹੋ ਜਾਂਦੇ ਹਨ

ਮਿਟਿ ਗਇ ਗਵਨ ਪਾਏ ਬਿਸ੍ਰਾਮ ।। ਨਾਨਕ ਪ੍ਰਭ ਕੈ ਸਦ ਕੁਰਬਾਨ ।। 8 ।। 11 ।।

ਆਤਮਾ ਪ੍ਰਮਾਤਮਾ ਦਾ ਮੇਲ ਹੋ ਜਾਣ ਤੋਂ ਬਾਦ ਉਸ ਦਾ ਆਵਾਗਮਨ ਦਾ ਚੱਕਰ ਖਤਮ ਹੋ ਜਾਂਦਾ ਹੈ ਅਤੇ ਉਸ ਦਾ ਪ੍ਰਭੂ ਚਰਨਾ ਵਿੱਚ ਪੱਕੇ ਤੌਰ ਤੇ ਨਿਵਾਸ ਹੋ ਜਾਂਦਾ ਹੈ। ਗੁਰੂ ਜੀ ਆਖਦੇ ਹਨ ਕਿ ਉਹ ਸਦਾ ਹੀ ਉਸ ਪ੍ਰਭੂ ਤੋਂ ਕੁਰਬਾਨ ਜਾਂਦੇ ਹਨ ਜੋ ਜੀਵ ਨੂੰ ਇਸ ਤਰਾਂ ਅਪਣੇ ਚਰਨਾ ਵਿੱਚ ਥਾਂ ਦੇ ਦਿੰਦਾ ਹੈ


Comments

Popular posts from this blog

ਅਸਟਪਦੀ - 20

ਅਸਟਪਦੀ - 23

ਅਸਟਪਦੀ - 9