ਅਸਟਪਦੀ - 15
ਅਸਟਪਦੀ - 15
ਸਲੋਕ ।।
ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨਹਾਰ ।।
ਜਾ ਕੈ ਸਿਮਰਨਿ ਉਧਰੀਐ ਨਾਨਕ ਤਿਸੁ ਬਲਿਹਾਰ ।। 1
।।
ਪ੍ਰਮਾਤਮਾ ਸਰਬ ਸ਼ਕਤੀਮਾਨ ਹੈ। ਉਹ ਜੋ ਚਾਹੇ ਕਰ ਸਕਦਾ ਹੈ। ਉਹ ਸਰਬ ਗਿਆਤਾ ਵੀ ਹੈ। ਸਗਲ ਸ੍ਰਿਸ਼ਟੀ ਦੇ ਦਰਦ ਨੂੰ ਉਹ ਬਿਨਾਂ
ਦੱਸਿਆਂ ਹੀ ਜਾਣਦਾ ਹੈ, ਸਮਝਦਾ ਹੈ। ਗੁਰੂ ਜੀ ਉਸ ਪ੍ਰਭੂ ਤੋਂ ਬਲਿਹਾਰ ਜਾਂਦੇ ਹਨ ਜਿਸ ਦੇ
ਨਾਮ ਦਾ ਸਿਮਰਨ ਕਰ ਕੇ ਜੀਵ ਭਵ ਸਾਗਰ ਨੂੰ ਪਾਰ ਕਰ ਲੈਂਦਾ ਹੈ।
ਅਸਟਪਦੀ ।।
ਟੂਟੀ ਗਾਢਨਹਾਰ ਗੋਪਾਲ ।। ਸਰਬ ਜੀਆ ਆਪੇ
ਪ੍ਰਤਿਪਾਲ ।।
ਜਿਹੜੇ ਜੀਵ ਪ੍ਰਮਾਤਮਾ ਨਾਲ਼ੋਂ ਟੁੱਟ
ਜਾਂਦੇ ਹਨ ਉਨ੍ਹਾਂ ਨੂੰ ਮੁੜ ਅਪਣੇ ਨਾਲ਼ ਮਿਲਾ ਲੈਣ ਵਾਲ਼ਾ ਪ੍ਰਮਾਤਮਾ ਆਪ ਹੀ ਹੈ। ਇਸ ਦਾ ਇਹ ਅਰਥ
ਵੀ ਕੀਤਾ ਜਾਂਦਾ ਹੈ ਕਿ ਪ੍ਰਮਾਤਮਾ ਟੁੱਟੀ ਉਮਰ ਨੂੰ ਵੀ ਗੰਢ ਸਕਦਾ ਹੈ, ਮਰਦੇ ਨੂੰ ਜੀਵਾਲ਼ ਸਕਦਾ
ਹੈ। ਸਾਰੇ ਜੀਵਾਂ ਦੀ ਸਾਂਭ ਸੰਭਾਲ਼ (ਭਾਵੇਂ ਉਹ ਉਸ ਦੇ ਸੇਵਕ ਹੋਣ ਜਾਂ ਨਾ ਹੋਣ) ਪ੍ਰਮਾਤਮਾ ਆਪ
ਹੀ ਕਰਦਾ ਹੈ। ਅਜਿਹਾ ਨਹੀਂ ਕਿ ਉਹ ਕੇਵਲ ਅਪਣੇ ਸੇਵਕਾਂ ਦੀ ਹੀ ਦੇਖ ਭਾਲ਼ ਕਰਦਾ ਹੈ।
ਸਗਲ ਕੀ ਚਿੰਤਾ ਜਿਸੁ ਮਨ ਮਾਹਿ ।। ਤਿਸ ਤੇ
ਬਿਰਥਾ ਕੋਈ ਨਾਹਿ ।।
ਸ੍ਰਿਸ਼ਟੀ ਦੇ ਸਾਰੇ ਜੀਵਾਂ ਦੀ ਪ੍ਰਿਤਪਾਲ ਕਰਨ ਦਾ ਫਿਕਰ ਉਸ ਪ੍ਰਮਾਤਮਾ
ਦੇ ਮਨ ਵਿੱਚ ਹੈ। ਕੋਈ ਵੀ ਜੀਵ ਉਸ ਦੀਆਂ ਦਾਤਾਂ ਤੋਂ ਵਾਂਝਾ ਨਹੀਂ ਰਹਿੰਦਾ। ਸਰਬ ਗਿਆਤਾ ਹੋਣ
ਕਰਕੇ ਉਹ ਸਾਰੇ ਜੀਵਾਂ ਦੇ ਦੁੱਖ ਦਰਦ ਬਿਨਾਂ ਦੱਸਿਆਂ ਹੀ ਜਾਣਦਾ ਹੈ। ਕਿਸੇ ਦਾ ਦਰਦ ਉਸ ਤੋਂ
ਛੁਪਿਆ ਹੋਇਆ ਨਹੀਂ। ਇਸ ਕਰਕੇ ਉਹ ਸਭ ਦੀਆਂ ਲੋੜਾਂ ਪੂਰੀਆਂ ਕਰਦਾ ਹੈ।
ਰੇ ਮਨ ਮੇਰੇ ਸਦਾ ਹਰਿ ਜਾਪਿ ।। ਅਬਿਨਾਸੀ ਪ੍ਰਭੁ
ਆਪੇ ਆਪਿ ।।
ਅਪਣੇ ਮਨ ਨੂੰ ਸੰਬੋਧਨ ਕਰ ਕੇ ਗੁਰੂ ਜੀ ਜੀਵ ਨੂੰ ਸਮਝਾਉਂਦੇ ਹਨ ਕਿ ਉਸ
ਨੂੰ ਸਦਾ ਹੀ ਹਰੀ ਨਾਮ ਦਾ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ। ਉਹ ਵਿਨਾਸ਼ ਰਹਿਤ ਪ੍ਰਭੂ ਅਪਣੇ ਵਰਗਾ
ਕੇਵਲ ਆਪ ਹੀ ਹੈ। ਉਸ ਦੇ ਬਰਾਬਰ ਦਾ ਸ਼ਕਤੀਮਾਨ ਅਤੇ ਉਸ ਵਰਗਾ ਦਿਆਲੂ ਹੋਰ ਕੋਈ ਨਹੀਂ। ਨਾ ਹੀ ਉਹ
ਕਿਸੇ ਹੋਰ ਸ਼ਕਤੀ ਦੇ ਅਧੀਨ ਹੈ।
ਆਪਨ ਕੀਆ ਕਛੂ ਨ ਹੋਇ ।। ਜੇ ਸਉ ਪ੍ਰਾਨੀ ਲੋਚੈ
ਕੋਇ ।।
ਬੰਦਾ ਜਿੰਨਾ ਮਰਜ਼ੀ ਚਾਹੇ, ਜਿੰਨੀ ਮਰਜ਼ੀ ਕੋਸ਼ਿਸ਼ ਕਰੇ, ਉਸ ਦਾ ਕਰਿਆ
ਕੁੱਝ ਨਹੀਂ ਹੁੰਦਾ। ਅਸੀਂ ਐਵੇਂ ਭੁਲੇਖੇ ਵਿੱਚ ਰਹਿੰਦੇ ਹਾਂ ਕਿ ਅਸੀਂ ਅਪਣੀ ਮਰਜ਼ੀ ਦੇ ਮਾਲਕ ਹਾਂ
ਅਤੇ ਜੋ ਚਾਹੁੰਦੇ ਹਾਂ, ਉਹ ਕਰਦੇ ਹਾਂ। ਇਲਸਾਨ ਸੌ ਚਾਹ ਕੇ ਵੀ ਅਪਣੀ ਮਰਜ਼ੀ ਨਾਲ਼ ਕੁੱਝ ਨਹੀਂ ਕਰ
ਸਕਦਾ
ਤਿਸੁ ਬਿਨੁ ਨਾਹੀ ਤੇਰੈ ਕਿਛੁ ਕਾਮ ।। ਗਤਿ ਨਾਨਕ ਜਪਿ ਏਕ ਹਰਿ ਨਾਮ ।। 1 ।।
ਗੁਰੂ ਜੀ ਇਹ ਸਿੱਖਿਆ ਦਿੰਦੇ ਹਨ ਕਿ ਉਸ
ਹਰੀ ਦੇ ਨਾਮ ਦੇ ਸਿਮਰਨ ਤੋਂ ਬਿਨਾਂ ਹੋਰ ਕੋਈ ਕੰਮ ਜੀਵ ਦਾ ਸਾਥ ਨਹੀਂ ਦਿੰਦਾ। ਉਸ ਦੇ ਕੀਤੇ
ਦੁਨਿਆਵੀ ਕੰਮ ਅੰਤ ਵੇਲ਼ੇ ਉਸ ਦਾ ਸਾਥ ਨਹੀਂ ਦਿੰਦੇ। ਸਿਰਫ ਇੱਕ ਹਰੀ ਦੇ ਨਾਮ ਦਾ ਸਿਮਰਨ ਹੀ ਹੈ ਜਿਹੜਾ ਜੀਵ ਨੂੰ ਪਾਰ ਲੰਘਾ
ਸਕਦਾ ਹੈ, ਉਸ ਨੂੰ ਮੁਕਤ ਕਰ ਸਕਦਾ ਹੈ।
ਰੂਪਵੰਤੁ ਹੋਇ ਨਾਹੀ ਮੋਹੈ ।। ਪ੍ਰਭ ਕੀ ਜੋਤਿ
ਸਗਲ ਘਟ ਸੋਹੈ ।।
ਜੇ ਕੋਈ ਇਨਸਾਨ ਸੋਹਣਾ ਹੋਵੇ ਅਤੇ ਲੋਕ ਉਸ ਨੂੰ ਪਸੰਦ ਕਰਨ ਤਾਂ ਕਈ ਵਾਰ
ਉਹ ਇਸ ਗਲਤ ਫਹਿਮੀ ਦਾ ਸ਼ਿਕਾਰ ਹੋ ਜਾਂਦਾ ਹੈ ਕਿ ਉਹ ਅਪਣੀ ਸੁੰਦਰਤਾ ਨਾਲ਼ ਦੁਨੀਆਂ ਨੂੰ ਮੋਹ ਰਿਹਾ
ਹੈ। ਉਹ ਇਹ ਗੱਲ ਭੁੱਲ ਜਾਂਦਾ ਹੈ ਕਿ ਉਸ ਦੀ ਸੁੰਦਰਤਾ ਅਸਲ ਵਿੱਚ ਪ੍ਰਮਾਤਮਾ ਦੀ ਉਸ ਜੋਤ ਦੀ
ਸੁੰਦਰਤਾ ਹੈ ਜਿਹੜੀ ਉਸ ਦੇ ਅੰਦਰ ਟਿਕੀ ਹੋਈ ਹੈ। ਉਹ ਇਹ ਵੀ ਭੁੱਲ ਜਾਂਦਾ ਹੈ ਕਿ ਉਹ ਸੁੰਦਰ ਜੋਤ
ਹਰ ਜੀਵ ਦੇ ਅੰਦਰ ਮੌਜੂਦ ਹੈ, ਇਸ ਲਈ ਹਰ ਜੀਵ ਹੀ
ਸੁੰਦਰ ਹੈ। ਇਸ ਲਈ ਦੁਨੀਆਂ ਨੂੰ ਮੋਹਣ ਲਈ ਉਸ ਨੂੰ ਹਰੀ ਦਾ ਨਾਮ ਜੱਪ ਕੇ ਅਪਣੇ ਵਿਉਹਾਰ
ਵਿੱਚ ਸੁੰਦਰਤਾ ਲਿਆਉਣ ਦੀ ਲੋੜ ਹੈ।
ਧਨਵੰਤਾ ਹੋਇ ਕਿਆ ਕੋ ਗਰਬੈ ।। ਜਾ ਸਭੁ ਕਿਛੁ
ਤਿਸ ਕਾ ਦੀਆ ਦਰਬੈ ।।
ਧਨਵਾਨ ਹੋਣ ਤੇ ਅਪਣੀ ਦੌਲਤ ਦਾ ਮਾਣ ਕਰਨਾ ਵੀ ਗਲਤ ਹੈ ਕਿਉਂਕਿ ਸਾਡਾ
ਇਹ ਧਨ ਦੌਲਤ ਅਤੇ ਹੋਰ ਸਾਰੇ ਪਦਾਰਥ ਪ੍ਰਮਾਤਮਾ ਦੀ ਦਾਤ ਹਨ। ਇਹ ਸਾਡੇ ਕੋਲ਼ ਓਨਾ ਚਿਰ ਹੀ ਹਨ
ਜਿੰਨਾ ਚਿਰ ਉਸ ਦੀ ਦਯਾ ਦ੍ਰਿਸ਼ਟੀ ਸਾਡੇ ਉੱਤੇ ਹੈ। ਉਹ ਚਾਹੇ ਤਾਂ ਇੱਕ ਪਲ ਵਿੱਚ ਸਭ ਕੁੱਝ ਖੋਹ
ਸਕਦਾ ਹੈ। ਫਿਰ ਮਾਣ ਕਿਸ ਗੱਲ ਦਾ?
ਅਤਿ ਸੂਰਾ ਜੇ ਕੋਊ ਕਹਾਵੈ ।। ਪ੍ਰਭ ਕੀ ਕਲਾ
ਬਿਨਾ ਕਹ ਧਾਵੈ ।।
ਕਈ ਵਾਰ ਇਨਸਾਨ ਅਪਣੀ ਬਹਾਦਰੀ ਦਾ ਮਾਣ ਕਰਨ ਲੱਗ ਪੈਂਦਾ ਹੈ ਜੋ ਕਿ
ਬੇ-ਬੁਨਿਆਦ ਹੈ। ਸਾਡੀ ਬਹਾਦਰੀ ਉਸ ਪ੍ਰਭੂ ਦੀ ਹੀ ਦੇਣ ਹੈ। ਇਹ ਓਨਾ ਚਿਰ ਹੀ ਕੰਮ ਕਰਦੀ ਹੈ
ਜਿੰਨਾ ਚਿਰ ਇਸ ਦੇ ਪਿੱਛੇ ਉਸ ਮਾਲਕ ਦੀ ਸ਼ਕਤੀ ਹੈ, ਜਿੰਨਾ ਚਿਰ ਸਾਡੀ ਪਿੱਠ ਤੇ ਉਸ ਦਾ ਹੱਥ ਰਹੇ।
ਉਸ ਮਾਲਕ ਦੀ ਮਿਹਰ ਤੋਂ ਬਿਨਾ ਅਪਣੀ ਬਹਾਦਰੀ ਨਾਲ਼ ਅਸੀਂ ਕੁੱਝ ਪ੍ਰਾਪਤ ਨਹੀਂ ਕਰ ਸਕਦੇ ਭਾਵੇਂ
ਜਿੰਨੀ ਮਰਜ਼ੀ ਭੱਜ ਦੌੜ ਕਰ ਲਈਏ।
ਜੇ ਕੋ ਹੋਇ ਬਹੈ ਦਾਤਾਰੁ ।। ਤਿਸੁ ਦੇਨਹਾਰੁ
ਜਾਨੈ ਗਾਵਾਰੁ ।।
ਜੇ ਕੋਈ ਅਪਣੇ ਆਪ ਨੂੰ
ਬਹੁਤ ਵੱਡਾ ਦਾਨੀ ਸਮਝਣ ਲੱਗ ਪਵੇ ਤਾਂ ਇਹ ਵੀ ਮੂਰਖਤਾ ਹੈ ਕਿਉਂਕਿ ਜੋ ਧਨ ਦੌਲਤ ਅਸੀਂ ਦਾਨ ਕਰਦੇ
ਹਾਂ ਉਹ ਤਾਂ ਈਸ਼ਵਰ ਦਾ ਦਿੱਤਾ ਹੋਇਆ ਹੈ। ਉਸ ਦੀ ਦਿੱਤੀ ਹੋਈ ਦੌਲਤ ਨੂੰ ਦਾਨ ਕਰਨ ਵਿੱਚ ਸਾਡੀ ਕੀ
ਵਡਿਆਈ ਹੋਈ? ਅਜਿਹੇ ਹੰਕਾਰੀ ਇਨਸਾਨ ਨੂੰ ਦੇਣਹਾਰ ਪ੍ਰਭੂ ਗਵਾਰ (ਬੇਅਕਲ) ਸਮਝਦਾ ਹੈ।
ਜਿਸੁ ਗੁਰਪ੍ਰਸਾਦਿ ਤੂਟੈ ਹਉ ਰੋਗੁ ।। ਨਾਨਕ ਸੋ
ਜਨੁ ਸਦਾ ਅਰੋਗੁ ।। 2 ।।
ਗੁਰੂ ਜੀ ਇਹ ਦ੍ਰਿੜ੍ਹ ਕਰਵਾਉਂਦੇ ਹਨ ਕਿ ਗੁਰੂ ਦੀ ਕਿਰਪਾ ਨਾਲ਼ ਜਿਸ
ਇਨਸਾਨ ਦਾ ਹਉਮੈ ਦਾ ਰੋਗ ਦੂਰ ਹੋ ਜਾਵੇ ਉਹ ਸਦਾ ਹੀ ਅਰੋਗ ਰਹਿੰਦਾ ਹੈ। ਕਿਸੇ ਵੀ ਕਿਸਮ ਦਾ ਕੋਈ
ਰੋਗ, ਸਰੀਰਕ, ਮਾਨਸਿਕ ਜਾਂ ਆਤਮਿਕ, ਆਧਿ, ਬਿਆਧਿ ਜਾਂ ਉਪਾਧਿ ਉਸ ਨੂੰ ਛੂਹ ਨਹੀਂ ਸਕਦਾ।
ਜਿਉ ਮੰਦਰ ਕਉ ਥਾਮੈ ਥੰਮਨੁ ।। ਤਿਉ ਗੁਰ ਕਾ ਸਬਦੁ ਮਨਹਿ ਅਸਥੰਮਨੁ ।।
ਜਿਸ ਤਰਾਂ ਕਿਸੇ ਵੀ ਛੋਟੀ ਜਾਂ ਵੱਡੀ ਇਮਾਰਤ ਨੂੰ ਥੰਮ੍ਹਾਂ ਦੇ ਸਹਾਰੇ
ਦੀ ਲੋੜ ਹੁੰਦੀ ਹੈ, ਉਸੇ ਤਰਾਂ ਇਨਸਾਨ ਦੇ ਮਨ ਨੂੰ ਵੀ ਗੁਰੂ ਦੇ ਬਖਸ਼ੇ ਹੋਏ ਸ਼ਬਦ ਦੇ ਸਹਾਰੇ ਦੀ
ਲੋੜ ਹੁੰਦੀ ਹੈ। ਥੰਮ੍ਹਾਂ ਤੋਂ ਬਿਨਾਂ ਇਮਾਰਤ ਖੜ੍ਹੀ ਨਹੀਂ ਰਹਿ ਸਕਦੀ। ਇਸੇ ਤਰਾਂ ਇਨਸਾਨ ਵੀ
ਗੁਰ ਉਪਦੇਸ਼ ਰਾਹੀਂ ਗੁਰੂ ਦੇ ਬਖਸ਼ੇ ਹੋਏ ਸ਼ਬਦ ਦੀ ਤਾਕਤ ਤੋਂ ਬਿਨਾਂ ਸੁਖੀ ਜੀਵਨ ਨਹੀਂ ਜੀ ਸਕਦਾ।
ਜਿਉ ਪਾਖਾਣੁ ਨਾਵ ਚੜ੍ ਤਰੈ ।। ਪ੍ਰਾਣੀ ਗੁਰ ਚਰਣ
ਲਗਤੁ ਨਿਸਤਰੈ ।।
ਪੱਥਰ ਪਾਣੀ ਵਿੱਚ ਤੈਰ ਨਹੀਂ ਸਕਦਾ, ਡੁੱਬ ਜਾਂਦਾ ਹੈ। ਪਰ ਜੇ ਪੱਥਰ
ਨੂੰ ਬੇੜੀ ਵਿੱਚ ਚੜ੍ਹਾ ਲਈਏ ਤਾਂ ਉਹ ਵੀ ਬੇੜੀ ਦੇ ਸਹਾਰੇ ਤੈਰ ਕੇ ਦਰਿਆ ਨੂੰ ਪਾਰ ਕਰ ਲੈਂਦਾ
ਹੈ। ਜਿਵੇਂ ਬੇੜੀ ਵਿੱਚ ਚੜ੍ਹ ਕੇ ਪੱਥਰ ਤਰ ਜਾਂਦਾ ਹੈ, ਉਸੇ ਤਰਾਂ ਇਨਸਾਨ ਵੀ ਗੁਰੂ ਦੇ ਚਰਨਾਂ
ਦਾ ਸਹਾਰਾ ਲੈ ਕੇ ਭਵ ਸਾਗਰ ਨੂੰ ਪਾਰ ਕਰ ਸਕਦਾ ਹੈ, ਇਸ ਵਿੱਚ ਡੁੱਬਣ ਤੋਂ ਬਚ ਸਕਦਾ ਹੈ।
ਜਿਉ ਅੰਧਕਾਰ ਦੀਪਕ ਪਰਗਾਸੁ ।। ਗੁਰ ਦਰਸਨੁ ਦੇਖਿ ਮਨਿ ਹੋਇ ਬਿਗਾਸੁ ।।
ਜਿਵੇਂ ਦੀਵਾ ਜਗਾਉਣ ਨਾਲ਼ ਹਨ੍ਹੇਰਾ ਦੂਰ
ਹੋ ਜਾਂਦਾ ਹੈ ਅਤੇ ਦੀਵੇ ਦਾ ਆਲ਼ਾ ਦੁਆਲ਼ਾ ਰੋਸ਼ਨੀ ਨਾਲ਼ ਭਰ ਜਾਂਦਾ ਹੈ, ਉਸੇ ਤਰਾਂ ਗੁਰੂ ਦੇ ਦਰਸ਼ਨ
ਕਰ ਕੇ ਇਨਸਾਨ ਦਾ ਮਨ ਵੀ ਖੁਸ਼ੀ ਅਤੇ ਖੇੜੇ ਨਾਲ਼ ਭਰ ਜਾਂਦਾ ਹੈ, ਉਸ ਤੇ ਛਾਇਆ ਹੋਇਆ ਉਦਾਸੀ ਦਾ ਹਨ੍ਹੇਰਾ
ਦੂਰ ਹੋ ਜਾਂਦਾ ਹੈ।
ਜਿਉ ਮਹਾ ਉਦਿਆਨ ਮਹਿ ਮਾਰਗੁ ਪਾਵੈ ।। ਤਿਉ ਸਾਧੂ
ਸੰਗਿ ਮਿਲਿ ਜੋਤਿ ਪ੍ਰਗਟਾਵੈ ।।
ਜਿਵੇਂ ਜੰਗਲ਼ ਵਿੱਚ ਰਸਤੇ ਤੋਂ ਭਟਕੇ ਹੋਏ ਆਦਮੀ ਨੂੰ ਜਦੋਂ ਕੋਈ ਰਾਹ
ਦੱਸਣ ਵਾਲ਼ਾ ਮਿਲ ਜਾਵੇ ਤਾਂ ਉਹ ਠੀਕ ਰਸਤਾ ਲੱਭ ਲੈਂਦਾ ਹੈ ਅਤੇ ਅਪਣੇ ਘਰ ਪਹੁੰਚ ਜਾਂਦਾ ਹੈ, ਉਸੇ
ਤਰਾਂ ਜੇ ਜ਼ਿੰਦਗੀ ਦੇ ਮਾਰਗ ਤੇ ਭਟਕੇ ਹੋਏ ਇਨਸਾਨ ਨੂੰ ਕਿਸੇ ਪੂਰਨ ਸੰਤ ਦੀ ਸੰਗਤ ਪ੍ਰਾਪਤ ਹੋ
ਜਾਵੇ ਤਾਂ ਉਸ ਦੀ ਸਿੱਖਿਆ ਸਦਕਾ ਉਸ ਨੂੰ ਅਪਣੇ ਅੰਦਰ ਵਸਦੇ ਹਰੀ ਪ੍ਰਭੂ ਦੀ ਹੋਂਦ ਦਾ ਅਹਿਸਾਸ ਹੋ
ਜਾਂਦਾ ਹੈ ਅਤੇ ਇਸ ਤਰਾਂ ਉਸ ਦਾ ਪ੍ਰਮਾਤਮਾ ਨਾਲ਼ ਮਿਲਾਪ ਹੋ ਜਾਂਦਾ ਹੈ, ਉਹ ਅਪਣੇ ਘਰ ਪਹੁੰਚ
ਜਾਂਦਾ ਹੈ।
ਤਿਨ ਸੰਤਨ ਕੀ ਬਾਛਉ ਧੂਰਿ ।। ਨਾਨਕ ਕੀ ਹਰਿ
ਲੋਚਾ ਪੂਰਿ ।। 3 ।।
ਗੁਰੂ ਜੀ ਅਜਿਹੇ ਗੁਰਮੁਖ ਪਿਆਰਿਆਂ ਦੇ ਚਰਨਾਂ ਦੀ ਧੂੜ ਮੰਗਦੇ ਹਨ ਅਤੇ
ਵਾਹਿਗੁਰੂ ਅੱਗੇ ਬੇਨਤੀ ਕਰਦੇ ਹਨ ਕਿ ਉਹ ਉਨ੍ਹਾਂ ਦੀ ਇਹ ਇੱਛਾ ਪੂਰੀ ਕਰ ਦੇਣ।
ਮਨ ਮੂਰਖ ਕਾਹੇ ਬਿਲਲਾਈਐ ।। ਪੁਰਬ ਲਿਖੇ ਕਾ
ਲਿਖਿਆ ਪਾਈਐ ।।
ਐ ਮੇਰੇ ਮੂਰਖ ਮਨ, ਤੂੰ ਕਿਉਂ ਰੋਂਦਾ
ਕੁਰਲਾਉਂਦਾ ਹੈਂ? ਜੋ ਕੁੱਝ ਤੈਨੂੰ ਮਿਲ ਰਿਹਾ ਹੈ, ਉਹ ਤੇਰੇ ਪਿਛਲੇ ਕਰਮਾਂ ਦਾ ਫਲ਼ ਹੈ ਅਤੇ
ਪਹਿਲਾਂ ਤੋਂ ਤੇਰੇ ਮੁਕੱਦਰ ਵਿੱਚ ਲਿਖਿਆ ਹੋਇਆ ਹੈ। ਇਸ ਨੂੰ ਹਸ ਕੇ ਪ੍ਰਵਾਨ ਕਰ ਲੈ। ਜੇ ਕੋਈ
ਇੱਛਤ ਵਸਤ ਤੈਨੂੰ ਨਹੀਂ ਮਿਲ ਰਹੀ ਤਾਂ ਇਸ ਦਾ ਅਰਥ ਹੈ ਕਿ ਤੂੰ ਅਪਣੇ ਪੂਰਬਲੇ ਜਨਮ ਵਿੱਚ ਅਜਿਹੇ
ਚੰਗੇ ਕਰਮ ਨਹੀਂ ਕੀਤੇ ਜਿਨ੍ਹਾਂ ਦੇ ਫਲ਼ ਵਜੋਂ ਤੂੰ ਉਸ ਦਾ ਪਾਤਰ ਬਣ ਸਕੇਂ।
ਦੂਖ ਸੂਖ ਪ੍ਰਭ ਦੇਵਨਹਾਰੁ ।। ਅਵਰ ਤਿਆਗਿ ਤੂ
ਤਿਸਹਿ ਚਿਤਾਰੁ ।।
ਦੁੱਖ ਅਤੇ ਸੁਖ ਦੇਣ ਵਾਲ਼ਾ ਈਸ਼ਵਰ ਆਪ ਹੈ। ਇਸ ਕਰਕੇ ਤੂੰ ਹੋਰ ਸਭ ਨੂੰ
ਛੱਡ ਕੇ ਕੇਵਲ ਉਸ ਪ੍ਰਮਾਤਮਾ ਦਾ ਧਿਆਨ ਧਰਿਆ ਕਰ, ਉਸ ਨੂੰ ਚੇਤੇ ਕਰਿਆ ਕਰ, ਉਸ ਦਾ ਨਾਮ ਸਿਮਰਿਆ
ਕਰ। ਅਪਣੇ ਦੁੱਖਾਂ ਨੂੰ ਨਿਵਾਰਨ ਲਈ ਕਿਸੇ ਹੋਰ ਤਾਕਤ ਅੱਗੇ ਅਰਦਾਸਾਂ ਨਾ ਕਰਿਆ ਕਰ।
ਜੋ ਕਛੁ ਕਰੈ ਸੋਈ ਸੁਖੁ ਮਾਨੁ ।। ਭੂਲਾ ਕਾਹੇ
ਫਿਰਹਿ ਅਜਾਨ ।।
ਐ ਜੀਵ, ਜੋ ਕੁੱਝ ਵੀ ਉਹ ਕਰਦਾ ਹੈ ਉਸ ਨੂੰ ਹੀ ਭਲਾ ਮੰਨਿਆਂ ਕਰ ਅਤੇ ਜੇ
ਉਹ ਦਿੰਦਾ ਹੈ ਲੈ ਕੇ ਖੁਸ਼ ਹੋ ਜਾਇਆ ਕਰ। ਐਵੇਂ ਮੂਰਖਾਂ ਵਾਂਗ ਲਾਲਚ ਵਸ ਹੋ ਕੇ ਥਾਂ ਥਾਂ ਕਿਉਂ
ਭਟਕਦਾ ਫਿਰਦਾ ਹੈਂ?
ਕਉਨ ਬਸਤੁ ਆਈ ਤੇਰੈ ਸੰਗ ।। ਲਪਟਿ ਰਹਿਓ ਰਸਿ
ਲੋਭੀ ਪਤੰਗ ।।
ਜਦੋਂ ਤੂੰ ਦੁਨੀਆਂ ਤੇ ਆਇਆ ਸੀ, ਕੀ ਨਾਲ਼ ਲੈ ਕੇ ਆਇਆ ਸੀ? ਤੂੰ ਖਾਲੀ
ਹੱਥ ਏਥੇ ਆਇਆ ਸੀ। ਤੇ ਹੁਣ ਤੂੰ ਇਨ੍ਹਾਂ ਸੰਸਾਰਿਕ ਪਦਾਰਥਾਂ ਨੂੰ ਚਿੰਬੜਿਆ ਬੈਠਾ ਹੈਂ, ਇਨ੍ਹਾਂ
ਨੂੰ ਅਪਣੇ ਸਮਝੀ ਬੈਠਾ ਹੈਂ। ਇਸ ਨਾਲ਼ੋਂ ਵੱਧ ਮੂਰਖਤਾ ਵਾਲ਼ੀ ਗੱਲ ਹੋਰ ਕੋਈ ਨਹੀਂ ਹੋ ਸਕਦੀ।
ਰਾਮ ਨਾਮ ਜਪਿ ਹਿਰਦੇ ਮਾਹਿ ।। ਨਾਨਕ ਪਤਿ ਸੇਤੀ
ਘਰਿ ਜਾਹਿ ।। 4 ।।
ਇਨ੍ਹਾਂ ਦੁਨਿਆਵੀ ਪਦਾਰਥਾਂ ਦਾ ਮੋਹ ਤਿਆਗ ਦੇ ਅਤੇ ਰਾਮ ਦੇ ਨਾਮ ਨੂੰ
ਅਪਣੇ ਹਿਰਦੇ ਵਿੱਚ ਵਸਾ ਲੈ। ਇਹ ਦੁਨੀਆਂ ਤੇਰਾ ਘਰ ਨਹੀਂ। ਤੇਰਾ ਅਸਲੀ ਘਰ ਪ੍ਰਮਾਤਮਾ ਦਾ ਘਰ ਹੈ।
ਇਸ ਤਰਾਂ ਕਰਨ ਨਾਲ਼ ਤੂੰ ਇੱਜ਼ਤ ਸਹਿਤ ਵਾਪਸ ਅਪਣੇ ਘਰ ਪ੍ਰਮਾਤਮਾ ਕੋਲ਼ ਜਾ ਸਕੇਂਗਾ।
ਜਿਸੁ ਵਖਰ ਕਉ ਲੈਨਿ ਤੂ ਆਇਆ ।। ਰਾਮ ਨਾਮੁ ਸੰਤਨ
ਘਰਿ ਪਾਇਆ ।।
ਜਿਸ ਵਸਤੂ ਨੂੰ, ਜਿਸ ਸੌਦੇ ਨੂੰ, ਲੈਣ ਤੂੰ ਇਸ ਸੰਸਾਰ ਵਿੱਚ ਆਇਆ ਹੈਂ,
ਉਹ ਰਾਮ ਦਾ ਨਾਮ ਹੈ। ਉਹ ਸੌਦਾ ਸੰਤਾਂ ਦੀ ਸੰਗਤ
ਵਿੱਚੋਂ ਮਿਲਦਾ ਹੈ, ਕਿਸੇ ਸੰਸਾਰਿਕ ਦੁਕਾਨ ਤੋਂ ਨਹੀਂ ਮਿਲਦਾ। ਇਸ ਕਰਕੇ ਤੂੰ ਸੰਤਾਂ ਦੀ ਸੰਗਤ
ਕਰਿਆ ਕਰ।
ਤਜਿ ਅਭਿਮਾਨੁ ਲੇਹੁ ਮਨ ਮੋਲਿ ।। ਰਾਮ ਨਾਮੁ
ਹਿਰਦੇ ਮਹਿ ਤੋਲਿ ।।
ਤੂੰ ਅਪਣੀ ਹਉਮੈ ਤਿਆਗ ਦੇ, ਅਪਣਾ ਮਨ ਕੀਮਤ ਦੇ ਤੌਰ ਤੇ ਪ੍ਰਮਾਤਮਾ ਦੇ
ਹਵਾਲੇ ਕਰ ਦੇ ਅਤੇ ਰਾਮ ਨਾਮ ਦਾ ਵਡਮੁੱਲਾ ਸੌਦਾ ਖਰੀਦ ਲੈ। ਫਿਰ ਇਸ ਕੀਮਤੀ ਵਸਤ ਨੂੰ ਸਦਾ ਅਪਣੇ
ਮਨ ਦੇ ਵਿੱਚ ਸੰਭਾਲ਼ ਕੇ ਰੱਖ।
ਲਾਦਿ ਖੇਪ ਸੰਤਹਿ ਸੰਗਿ ਚਾਲੁ ।। ਅਵਰ ਤਿਆਗਿ
ਬਿਖਿਆ ਜੰਜਾਲ ।।
ਇਸ ਮਹਿੰਗੇ ਮੁੱਲ ਖਰੀਦੇ ਸੌਦੇ ਦੇ ਭੰਡਾਰ ਨੂੰ ਅਪਣੇ ਦਿਲ ਦੇ ਵਾਹਨ
ਉੱਤੇ ਲੱਦ ਲੈ ਅਤੇ ਸੰਤਾਂ ਦਾ ਕਾਫਲੇ ਨਾਲ਼ ਰਲ਼ ਜਾ। ਸੰਤਾਂ ਦੀ ਸੰਗਤ ਵਿੱਚ ਅਪਣਾ ਜੀਵਨ ਗੁਜਾਰਨਾ
ਸ਼ੁਰੂ ਕਰ ਦੇ। ਬਾਕੀ ਦੁਨੀਆਂ ਦੇ ਝਮੇਲੇ ਅਤੇ ਸੰਸਾਰਿਕ ਵਸਤਾਂ ਦਾ ਮੋਹ, ਤੇਰੇ ਲਈ ਜ਼ਹਿਰ ਦੇ
ਬਰਾਬਰ ਹਨ। ਇਸ ਵਿਹੁ ਦੇ ਜਾਲ਼ ਵਿੱਚੋਂ ਨਿਕਲ਼ ਜਾ।
ਧੰਨਿ ਧੰਨਿ ਕਹੈ ਸਭੁ ਕੋਇ ।। ਮੁਖ ਊਜਲ ਹਰਿ
ਦਰਗਹ ਸੋਇ ।।
ਜੇ ਤੂੰ ਇਹ ਕਰ ਲਵੇਂ ਤਾਂ ਇਸ ਦੁਨੀਆਂ ਦੇ ਸਭ ਲੋਕ ਤੇਰੀ ਧੰਨ ਧੰਨ
ਕਰਨਗੇ, ਹਰ ਕੋਈ ਤੈਨੂੰ ਸਲਾਹੇਗਾ ਅਤੇ ਮੌਤ ਤੋਂ ਬਾਦ ਪ੍ਰਮਾਤਮਾ ਦੀ ਦਰਗਾਹ ਵਿੱਚ ਵੀ ਤੈਨੂੰ
ਸਤਿਕਾਰ ਮਿਲੇਗਾ, ਤੇਰਾ ਮੁੱਖ ਉੱਜਲਾ ਹੋਵੇਗਾ।
ਇਹੁ ਵਾਪਾਰੁ ਵਿਰਲਾ ਵਾਪਾਰੈ ।। ਨਾਨਕ ਤਾ ਕੈ ਸਦ
ਬਲਿਹਾਰੈ ।। 5 ।।
ਪਰ ਹਰੀ ਦੇ ਨਾਮ ਦਾ ਇਹ ਵਪਾਰ ਇਹੋ ਜਿਹਾ ਵਪਾਰ ਹੈ ਜਿਹੜਾ ਬਹੁਤ ਥੋੜੇ
ਲੋਕ ਕਰਦੇ ਹਨ। ਗੁਰੂ ਜੀ ਕਹਿੰਦੇ ਹਨ ਕਿ ਜਿਹੜੇ ਮੁੱਠੀ ਭਰ ਲੋਕ ਇਹ ਨੇਕ ਵਪਾਰ ਕਰਦੇ ਹਨ, ਉਹ
ਉਨ੍ਹਾਂ ਤੋਂ ਸਦਾ ਹੀ ਕੁਰਬਾਨ ਜਾਂਦੇ ਹਨ।
ਚਰਨ ਸਾਧ ਕੇ ਧੋਇ ਧੋਇ ਪੀਉ ।। ਅਰਪਿ ਸਾਧ ਕਉ
ਅਪਨਾ ਜੀਉ ।।
ਕਿਉਂਕਿ ਰਾਮ ਨਾਮ ਦਾ ਸੌਦਾ ਕੇਵਲ ਸੰਤਾਂ ਕੋਲ਼ੋਂ ਪ੍ਰਾਪਤ ਹੁੰਦਾ ਹੈ,
ਇਸ ਲਈ ਸੰਤ ਪੁਰਖਾਂ ਦਾ ਸਤਿਕਾਰ ਕਰਿਆ ਕਰੋ। ਉਨ੍ਹਾਂ ਦੇ ਚਰਨ ਧੋ ਧੋ ਕੇ ਪੀਆ ਕਰੋ। ਅਪਣਾ ਮਨ ਪੂਰੀ
ਤਰਾਂ ਸੰਤਾਂ ਦੇ ਹਵਾਲੇ ਕਰ ਦੇਵੋ। ਅਪਣੇ ਆਪ ਨੂੰ ਪੂਰੀ ਤਰਾਂ ਸੰਤਾਂ ਦੇ ਅੱਗੇ ਸਮਰਪਿਤ ਕਰ ਦੇਵੋ
ਅਤੇ ਉਨ੍ਹਾਂ ਦੀ ਦਿੱਤੀ ਸਿਖਿਆ ਤੇ ਅਮਲ ਕਰਿਆ ਕਰੋ।
ਸਾਧ ਕੀ ਧੂਰਿ ਕਰਹੁ ਇਸਨਾਨੁ ।। ਸਾਧ ਊਪਰਿ ਜਾਈਐ
ਕੁਰਬਾਨੁ ।।
ਏਨੀ ਨਿਮਰਤਾ ਧਾਰਨ ਕਰ ਲਵੋ ਕਿ ਸੰਤਾਂ ਦੇ ਚਰਨਾਂ ਦੀ ਧੂੜ ਨਾਲ਼ ਇਸ਼ਨਾਨ
ਕਰਿਆ ਕਰੋ। ਸੰਤਾਂ ਦੇ ਉੱਤੋਂ ਕੁਰਬਾਨ ਜਾਇਆ ਕਰੋ।
ਸਾਧ ਸੇਵਾ ਵਡਭਾਗੀ ਪਾਈਐ ।। ਸਾਧਸੰਗਿ ਹਰਿ
ਕੀਰਤਨੁ ਗਾਈਐ ।।
ਸੰਤਾਂ ਦੀ ਸੇਵਾ ਬਹੁਤ ਚੰਗੇ ਭਾਗਾਂ ਨਾਲ਼ ਨਸੀਬ ਹੁੰਦੀ ਹੈ। ਸੰਤਾਂ ਦੀ
ਸੰਗਤ ਵਿੱਚ ਜਾ ਕੇ, ਉਨ੍ਹਾਂ ਦੇ ਨਾਲ਼ ਰਲ਼ ਕੇ ਪ੍ਰਮਾਤਮਾ ਦੀ ਵਡਿਆਈ ਦੇ ਗੀਤ ਗਾਇਆ ਕਰੋ।
ਅਨਿਕ ਬਿਘਨ ਤੇ ਸਾਧੂ ਰਾਖੈ ।। ਹਰਿ ਗੁਨ ਗਾਇ
ਅੰਮ੍ਰਿਤ ਰਸੁ ਚਾਖੈ ।।
ਸੰਤ ਜਨ ਅਨੇਕਾਂ ਮੁਸ਼ਕਲਾਂ ਤੋਂ ਜੀਵ ਨੂੰ ਬਚਾਉਣ ਦੇ ਸਮਰਥ ਹੁੰਦੇ ਹਨ।
ਉਨ੍ਹਾਂ ਦੀ ਸੰਗਤ ਵਿੱਚ ਜਾ ਕੇ ਜੀਵ ਹਰੀ ਦੇ ਗੁਣ ਗਾਉਣ ਦਾ ਅੰਮ੍ਰਿਤ ਵਰਗਾ ਮਿੱਠਾ ਅਤੇ ਮੁਰਦਿਆਂ
ਨੂੰ ਜੀਵਨ ਦੇਣ ਵਾਲ਼ਾ ਰਸ ਮਾਣ ਸਕਦਾ ਹੈ।
ਓਟ ਗਹੀ ਸੰਤਹ ਦਰਿ ਆਇਆ ।। ਸਰਬ ਸੂਖ ਨਾਨਕ ਤਿਹ
ਪਾਇਆ ।। 6 ।।
ਗੁਰੂ ਜੀ ਉਪਦੇਸ਼ ਕਰਦੇ ਹਨ ਕਿ ਜਿਹੜੇ ਲੋਕ
ਸੰਤਾਂ ਦੇ ਦਰ ਤੇ ਆ ਕੇ ਉਨ੍ਹਾਂ ਦਾ ਓਟ ਆਸਰਾ ਲੈ ਲੈਂਦੇ ਹਨ, ਉਨ੍ਹਾਂ ਨੂੰ ਦੁਨੀਆਂ ਦੇ ਸਾਰੇ
ਸੁਖ ਪ੍ਰਾਪਤ ਹੋ ਜਾਂਦੇ ਹਨ।
ਮਿਰਤਕ ਕਉ ਜੀਵਾਲਨਹਾਰ ।। ਭੂਖੇ ਕਉ ਦੇਵਤ
ਅਧਾਰ ।।
ਪ੍ਰਮਾਤਮਾ ਦਾ ਨਾਮ ਮੁਰਦਿਆਂ ਨੂੰ ਜਿੰਦਾ
ਕਰਨ ਦੇ ਸਮਰਥ ਹੁੰਦਾ ਹੈ। ਉਸ ਦੇ ਨਾਮ ਦਾ ਸਿਮਰਨ ਕਰਨ ਨਾਲ਼ ਜੀਵ ਦੀ ਹਰ ਤਰਾਂ ਦੀ ਭੁੱਖ ਪੂਰੀ
ਤਰਾਂ ਮਿਟ ਜਾਂਦੀ ਹੈ। ਰਾਮ ਨਾਮ ਭੁਖਿਆਂ ਨੂੰ ਰਜਾ ਦਿੰਦਾ ਹੈ, ਉਨ੍ਹਾਂ ਦੀ ਭੁੱਖ ਨੂੰ ਸੰਤੁਸ਼ਟ
ਕਰ ਦਿੰਦਾ ਹੈ। ਇਸ ਦਾ ਇਹ ਅਰਥ ਵੀ ਕਰਦੇ ਹਨ ਕਿ ਪ੍ਰਮਾਤਮਾ ਧਰਤੀ (ਭੂ) ਅਤੇ ਆਕਾਸ਼ (ਖੇ) ਦੋਹਾਂ
ਨੂੰ ਸਹਾਰਾ ਦੇਣ ਵਾਲ਼ਾ ਹੈ।
ਸਰਬ ਨਿਧਾਨ ਜਾ ਕੀ ਦ੍ਰਿਸਟੀ ਮਾਹਿ ।। ਪੁਰਬ
ਲਿਖੇ ਕਾ ਲਹਣਾ ਪਾਹਿ ।।
ਦੁਨੀਆਂ ਦੇ ਹਰ ਤਰਾਂ ਦੇ ਖਜ਼ਾਨੇ ਪ੍ਰਮਾਤਮਾ ਦੀ ਦਯਾ ਦ੍ਰਿਸ਼ਟੀ ਅੰਦਰ
ਛੁਪੇ ਹੋਏ ਹਨ। ਜਿਸ ਤੇ ਉਸ ਦੀ ਕਿਰਪਾ ਹੋ ਜਾਵੇ, ਉਸ ਨੂੰ ਸਭ ਕੁੱਝ ਹਾਸਲ ਹੋ ਜਾਂਦਾ ਹੈ। ਇਨਸਾਨ
ਨੂੰ ਜੋ ਕੁੱਝ ਮਿਲਦਾ ਹੈ ਉਹ ਉਸ ਦੇ ਪਿਛਲੇ ਕਰਮਾਂ ਦਾ ਫਲ਼ ਹੁੰਦਾ ਹੈ। ਉਸ ਦੀ ਦਯਾ ਦ੍ਰਿਸ਼ਟੀ ਨੇਕ
ਅਮਲਾਂ ਨਾਲ਼ ਹੀ ਹਾਸਲ ਕੀਤੀ ਦਾ ਸਕਦੀ ਹੈ।
ਸਭੁ ਕਿਛੁ ਤਿਸ ਕਾ ਓਹੁ ਕਰਨੈ ਜੋਗੁ ।। ਤਿਸੁ
ਬਿਨੁ ਦੂਸਰ ਹੋਆ ਨ ਹੋਗੁ ।।
ਸੰਸਾਰ ਦੇ ਸਾਰੇ ਪਦਾਰਥ ਹਰੀ ਪ੍ਰਭੂ ਦੇ ਹੱਥ ਵਿੱਚ ਹਨ। ਉਹ ਸਭ ਕੁੱਝ
ਕਰਨ ਦੇ ਸਮਰਥ ਹੈ। ਉਸ ਵਰਗਾ ਸਮਰਥ ਪੁਰਖ ਅੱਜ ਤੱਕ ਨਾ ਕੋਈ ਹੋਇਆ ਹੈ ਅਤੇ ਨਾ ਹੀ ਕਦੇ ਹੋ
ਸਕੇਗਾ। ਸੰਸਾਰ ਵਿੱਚ ਜੀਵਾਂ ਨੂੰ ਹਰ ਤਰਾਂ ਦੀਆਂ ਦਾਤਾਂ ਦੇਣ ਦੀ ਸ਼ਕਤੀ ਕੇਵਲ ਉਸ ਕੋਲ਼ ਹੀ ਹੈ,
ਹੋਰ ਕਿਸੇ ਕੋਲ਼ ਨਹੀਂ।
ਜਪਿ ਜਨ ਸਦਾ ਸਦਾ ਦਿਨੁ ਰੈਣੀ ।। ਸਭ ਤੇ ਊਚ
ਨਿਰਮਲ ਇਹ ਕਰਣੀ ।।
ਐ ਜੀਵ, ਹਮੇਸ਼ਾ ਹੀ ਦਿਨ ਰਾਤ ਉਸ ਈਸ਼ਵਰ ਦਾ ਨਾਮ ਜੱਪਿਆ ਕਰ। ਜੀਵ ਸੰਸਾਰਿਕ ਸੁਖ ਪ੍ਰਾਪਤ ਕਰਨ ਲਈ ਤਰਾਂ ਤਰਾਂ
ਦੇ ਯਤਨ ਕਰਦਾ ਹੈ। ਪਰ ਨਾਮ ਸਿਮਰਨ ਦੀ ਇਹ ਕਿਰਤ ਹਰ ਤਰਾਂ ਦੀ ਕਿਰਤ ਨਾਲ਼ੋਂ ਉੱਤਮ ਅਤੇ ਪਵਿੱਤਰ
ਹੈ।
ਕਰਿ ਕਿਰਪਾ ਜਿਸ ਕਉ ਨਾਮੁ ਦੀਆ ।। ਨਾਨਕ ਸੋ ਜਨੁ
ਨਿਰਮਲੁ ਥੀਆ ।। 7 ।।
ਗੁਰੂ ਜੀ ਸਿੱਖਿਆ ਦਿੰਦੇ ਹਨ ਕਿ ਜਿਸ ਜੀਵ
ਨੂੰ ਅਪਣੀ ਦਯਾ ਕਰ ਕੇ ਪ੍ਰਮਾਤਮਾ ਅਪਣੇ ਨਾਮ ਸਿਮਰਨ ਦੀ ਦਾਤ ਬਖਸ਼ ਦੇਵੇ, ਉਹ ਜੀਵ ਪਵਿੱਤਰ ਹੋ
ਜਾਂਦਾ ਹੈ। ਉਸ ਦੇ ਸਾਰੇ ਬੁਰੇ ਕਰਮ ਧੋਤੇ ਜਾਂਦੇ ਹਨ।
ਜਾ ਕੈ ਮਨਿ ਗੁਰ ਕੀ ਪਰਤੀਤਿ ।। ਤਿਸੁ ਜਨ ਆਵੈ
ਹਰਿ ਪ੍ਰਭੁ ਚੀਤਿ ।।
ਜਿਸ ਜੀਵ ਨੂੰ ਗੁਰੂ ਦੇ ਉੱਤੇ ਭਰੋਸਾ ਹੋਵੇ, ਉਸੇ ਨੂੰ ਹੀ ਪ੍ਰਮਾਤਮਾ
ਦਾ ਨਾਮ ਯਾਦ ਆਉਂਦਾ ਹੈ, ਉਹ ਹੀ ਨਾਮ ਸਿਮਰਨ ਵਿੱਚ ਜੁੜ ਸਕਦਾ ਹੈ।
ਭਗਤੁ ਭਗਤੁ ਸੁਨੀਐ ਤਿਹੁ ਲੋਇ ।। ਜਾ ਕੈ ਹਿਰਦੈ
ਏਕੋ ਸੋਇ ।।
ਜਿਸ ਇਨਸਾਨ ਦੇ ਹਿਰਦੇ ਵਿੱਚ ਉਹ ਇੱਕੋ
ਇੱਕ ਪ੍ਰਮਾਤਮਾ ਵਸਿਆ ਹੋਇਆ ਹੋਵੇ ਉਸ ਨੂੰ ਤਿੰਨਾਂ ਹੀ ਲੋਕਾਂ ਵਿੱਚ ਭਗਤ ਕਰ ਕੇ ਜਾਣਿਆ ਜਾਂਦਾ
ਹੈ। ਭਗਤ ਦੇ ਤੌਰ ਤੇ ਉਸ ਦੀ ਸ਼ੋਭਾ ਤਿੰਨਾਂ ਲੋਕਾਂ ਵਿੱਚ ਫੈਲ ਜਾਂਦੀ ਹੈ।
ਸਚੁ ਕਰਣੀ ਸਚੁ ਤਾ ਕੀ ਰਹਤ ।। ਸਚੁ ਹਿਰਦੈ ਸਤਿ
ਮੁਖਿ ਕਹਤ ।।
ਉਸ ਦੀ ਕਹਿਣੀ ਅਤੇ ਕਰਨੀ, ਉਸ ਦੀ ਜੀਵਨ ਸ਼ੈਲੀ, ਉਸ ਦੀ ਸੋਚ ਸਭ ਸੱਚ
(ਹਰੀ ਦੇ ਹੁਕਮ) ਤੇ ਆਧਾਰਿਤ ਹੋ ਜਾਂਦੀ ਹੈ। ਉਹ ਕਦੇ ਕਿਸੇ ਕੰਮ ਵਿੱਚ ਵੀ ਝੂਠ ਦਾ ਸਹਾਰਾ ਨਹੀਂ
ਲੈਂਦਾ। ਉਸ ਦੇ ਦਿਲ ਵਿੱਚ ਅਤੇ ਜ਼ਬਾਨ ਤੇ ਹਮੇਸ਼ਾ ਸੱਚ (ਪ੍ਰਮਾਤਮਾ) ਦਾ ਪਹਿਰਾ ਰਹਿੰਦਾ ਹੈ। ਉਸ ਦੇ ਦਿਲ ਵਿੱਚ ਵੀ ਸੱਚ ਹੁੰਦਾ ਹੈ ਅਤੇ ਉਸ ਦੇ ਮੂੰਹ ਤੇ ਵੀ ਸੱਚ
ਹੀ ਹੁੰਦਾ ਹੈ।
ਸਾਚੀ ਦ੍ਰਿਸਟਿ ਸਾਚਾ ਆਕਾਰੁ ।। ਸਚੁ ਵਰਤੈ ਸਾਚਾ ਪਾਸਾਰੁ ।।
ਉਸ ਦਾ ਨਜ਼ਰੀਆ ਇਸ ਤਰਾਂ ਦਾ ਹੋ ਜਾਂਦਾ ਹੈ
ਕਿ ਉਸ ਨੂੰ ਹਰ ਪਾਸੇ ਸੱਚ (ਪ੍ਰਮਾਤਮਾ) ਹੀ ਦਿਖਾਈ ਦਿੰਦਾ ਹੈ। ਹਰ ਦ੍ਰਿਸ਼ਟਮਾਨ ਵਸਤ (ਆਕਾਰ)
ਵਿੱਚ ਉਸ ਨੂੰ ਉਸ ਸੱਚੇ ਦਾ ਵਾਸਾ ਨਜ਼ਰ ਆਉਂਦਾ ਹੈ। ਉਸ ਨੂੰ ਯਕੀਨ ਹੋ ਜਾਂਦਾ ਹੈ ਕਿ ਈਸ਼ਵਰ ਸਰਬ
ਵਿਆਪਕ ਹੈ ਅਤੇ ਇਸ ਦੁਨੀਆਂ ਦੀਆਂ ਸਭ ਵਸਤਾਂ ਉਸ ਦਾ ਹੀ ਵਿਸਥਾਰ ਹਨ।
ਪਾਰਬ੍ਰਹਮੁ ਜਿਨਿ ਸਚੁ ਕਰਿ ਜਾਤਾ ।। ਨਾਨਕ ਸੋ
ਜਨੁ ਸਚਿ ਸਮਾਤਾ ।। 8 ।। 15 ।।
ਗੁਰੂ ਜੀ ਕਹਿੰਦੇ ਹਨ ਕਿ ਜਿਸ ਵਿਅਕਤੀ ਨੇ ਇਹ ਗੱਲ ਸਮਝ ਲਈ ਕਿ ਈਸ਼ਵਰ ਸਦਾ ਸਥਿਰ ਹੈ ਅਤੇ ਸਰਬ ਵਿਆਪਕ ਹੈ, ਉਹ ਸਮਝ ਲਵੋ ਕਿ ਉਸ ਪ੍ਰਭੂ ਦੇ ਅੰਦਰ ਹੀ ਸਮਾ ਗਿਆ, ਉਸ ਦੇ ਨਾਲ਼ ਅਭੇਦ ਹੋ ਗਿਆ।
Comments
Post a Comment